Punjabi Poetry : Master Amrik Singh

ਪੰਜਾਬੀ ਕਵਿਤਾਵਾਂ : ਮਾ: ਅਮਰੀਕ ਸਿੰਘ



1. ਕੀਹ ਆਏ

ਤੁਰ ਗਿਆਂ ਦੇ ਬਾਦ ਜੇ ਆਏ ਤਾਂ ਕੀਹ ਆਏ, ਗ਼ਮ ਦੇ ਬੱਦਲ ਫਿਰ ਬੜੇ ਛਾਏ ਤਾਂ ਕੀਹ ਛਾਏ। ਜੀਂਦਿਆਂ ਬਿਲਕੁਲ ਕਦਰ ਕੀਤੀ ਨਹੀਂ, ਤੁਰ ਗਿਆਂ ਸੁਮਕੇ ਬੜੇ ਲਾਏ ਤਾਂ ਕੀਹ ਲਾਏ। ਅੱਜ ਤ ਕ ਰੁੱਸੇ ਰਹੇ ਹੱਸ ਕੇ ਕਦੇ ਬੋਲੇ ਨਹੀਂ, ਗੀਤ ਬਿਰਹਾ ਦੇ ਜੇ ਫਿਰ ਗਾਏ ਤਾਂ ਕੀਹ ਗਾਏ। ਕੋਲ ਹੁੰਦਿਆ ਠੰਢ ਪੁਚਾਈ ਨਾ ਕਦੇ, ਤੁਰ ਗਿਆਂ ਦੇ ਬਾਦ ਰੱਜ ਨ੍ਹਾਏ ਤਾਂ ਕੀ ਨ੍ਹਾਏ। ਬੇ-ਰੁੱਖੀ ਦੀ ਧੁੱਪ ਰਹੀ ਜਦ ਸਾੜਦੀ ਹਰਦਮ, ਲਾਸ਼ ਨੂੰ ਕੀਤੇ ਜੇ ਅਜ ਲਾਏ ਤਾਂ ਕੀਹ ਸਾਏ। ਨਫ਼ਰਤਾਂ ਦੇ ਤੀਰ ਜ਼ਹਿਰੀਲੇ ਹੀ ਮਾਰੇ ਜੀਂਦਿਆਂ, ਜ਼ਖ਼ਮਾਂ ਤੇ ਫਾਹੇ ਜੇ ਅਜ ਲਾਏ ਤਾਂ ਕੀਹ ਲਾਏ। ਹੰਗਤਾਂ ਦੇ ਪਰਬਤਾਂ ਤੇ ਸਨ ਸਦਾ ਬੈਠੇ ਰਹੇ, ਅਜ ਉਹ ਪਰਬਤ ਨੇ ਜੇ ਢਾਏ ਤਾਂ ਕੀ ਢਾਏ। ਦੂਰ ਨ ਹੋਈਆਂ ਮਨਾਂ ਤੋਂ ਸਨ ਕਦੇ ਵੀ ਦੂਰੀਆਂ, ਜਾਂਦਿਆਂ 'ਅਮਰੀਕ' ਨੂੰ ਭਾਏ ਤਾਂ ਕੀ ਭਾਏ।

2. ਕੋਲ ਰਹਿੰਦੇ ਨੇ

ਹਕੀਕਤ ਹੈ ਕਿ ਉਹ ਹਰ ਵਕਤ ਮੇਰੇ ਕੋਲ ਰਹਿੰਦੇ ਨੇ, ਮੇਰੇ ਦਿਲ ਵਿੱਚ ਜੋ ਗੱਲ ਹੈ ਉਹੀ ਗੱਲ ਕਹਿੰਦੇ ਨੇ। ਹਮੇਸ਼ਾਂ ਮਨ ਦੇ ਅਕਾਸ਼ਾਂ ਤੇ ਉਹ ਛਾਏ ਨੇ ਘਟਾ ਬਨ ਕੇ, ਮੇਰੇ ਇਸ ਦਿਲ ਦੀ ਵਾਦੀ ਵਿੱਚ ਨਦੀ ਬਨ ਕੇ ਉਹ ਵਹਿੰਦੇ ਨੇ। ਬੜੀ ਹੈਰਾਨਗੀ ਹੈ ਉਹ ਨਜ਼ਰ ਆਉਂਦੇ ਨਹੀਂ ਐਪਰ, ਮੇਰੇ ਹਰ ਦੁੱਖ ਨੂੰ ਆਪਣਾ ਦੁੱਖ ਹਮੇਸ਼ਾ ਜਾਣ ਸਹਿੰਦੇ ਨੇ। ਅਸਾਡੀ ਏਸ ਦੂਰੀ ਨੂੰ ਤੁਸੀਂ ਵੀ ਸਮਝੋ ਮਜ਼ਬੂਰੀ, ਮੈਂ ਸੁਣਿਐ ਯਾਦ ਜਦ ਕਰਦੇ ਨੇ ਅੱਥਰੂ ਆਣ ਵਹਿੰਦੇ ਨੇ। ਉਹ ਮੇਰੇ ਨਾਲ ਹੀ ਰਹਿੰਦੇ ਨੇ ਸਾਏ ਦੀ ਤਰ੍ਹਾਂ ਹਰਦਮ, ਮੇਰੇ ਦਿਲ ਤੋਂ ਕਦੇ ਵੀ ਸਮਝ ਇੱਕ ਪਲ ਨਾ ਲਹਿੰਦੇ ਨੇ। ਜਵਾਨੀ ਵਿੱਚ ਤਾਂ ਹਰ ਇਨਸਾਨ ਝਟਕੇ ਸਹਿ ਹੀ ਜਾਂਦਾ ਏ, ਬੁਢਾਪੇ ਵਿੱਚ ਮਗਰ 'ਅਮਰੀਕ' ਏਦਾਂ ਕਿਓਂ ਝਟਕਦੇ ਨੇ।

3. ਜਾਨ ਵੀ ਉਸ ਤੋਂ

ਜਾਨ ਵੀ ਉਸ ਤੋਂ ਛੁਪਾਈ ਹੈ ਨਹੀਂ, ਕਦਰ ਪਰ ਭੈੜੇ ਨੇ ਪਾਈ ਹੈ ਨਹੀਂ। ਨੁਕਸ ਮੇਰੇ ਹੀ ਸਦਾ ਗਿਣਦਾ ਰਿਹਾ, ਸਿਫ਼ਤ ਇਕ ਵੀ ਨਜ਼ਰ ਆਈ ਹੈ ਨਹੀਂ। ਕਾਸ਼ ਮੇਰਾ ਦਿਲ ਕਦੀ ਉਹ ਫੋਲਦਾ, ਸ਼ੱਕ ਦੀ ਪੂਰੀ ਉਸ ਨੇ ਖਾਈ ਹੈ ਨਹੀਂ। ਵਾਂਗ ਤੱਤੀ ਤਵੀ ਦਿਲ ਤਪਦਾ ਰਿਹਾ, ਪਿਆਰ ਦੀ ਘਟ ਇਸ ਤੇ ਛਾਈ ਹੈ ਨਹੀਂ। ਰਾਹ ਨਿਰਾਸ਼ਾ ਨੇ ਬਥੇਰਾ ਰੋਕਿਆ, ਨਾ-ਉਮੀਦੀ ਮਨ ਨੂੰ ਲਾਈ ਹੈ ਨਹੀਂ। ਸੋਚਿਆ ਸੀ ਤਰਸ ਖ਼ੌਰੇ ਖਾਏਗਾ, ਪਰ ਦਿਲੋਂ ਦੀਵਾਰ ਢਾਈ ਹੈ ਨਹੀਂ। ਤੂੰ ਵਫ਼ਾ 'ਅਮਰੀਕ' ਨ ਛਡੀਂ ਕਦੇ, ਡਰ ਨਹੀਂ ਜੇ ਉਸ ਨੂੰ ਭਾਈ ਹੈ ਨਹੀਂ।

4. ਆਵਾਜ਼ ਤੇਰੀ

ਹਰ ਸਮੇਂ ਆਵਾਜ਼ ਤੇਰੀ ਤਨ ਮੇਰੇ ਚੋਂ ਆ ਰਹੀ, ਮਹਿਕ ਤੇਰੀ ਤਨ ਬਦਨ ਮੇਰੇ ਨੂੰ ਹੈ ਮਹਿਕਾ ਰਹੀ। ਮੇਰੇ ਹਰ ਸਪਨੇ ਦੀ ਬੱਸ ਤਾਬੀਰ ਇੱਕ ਤੂੰ ਹੀ ਤਾਂ ਹੈਂ, ਹਰ ਘੜੀ ਰਗ ਰਗ ਮੇਰੀ ਬਸ ਗੀਤ ਤੇਰੇ ਗਾ ਰਹੀ। ਤੇਰੀਆਂ ਛੋਹਾਂ ਨੇ ਅੰਗ ਅੰਗ ਹੈ ਨਚਾਇਆ ਇਸ ਤਰ੍ਹਾਂ, ਹੋ ਰਿਹਾ ਮਖ਼ਮੂਰ ਮਸਤੀ ਅੱਜ ਨਾ ਸਾਂਭੀ ਜਾ ਰਹੀ। ਨਜ਼ਰ ਮੇਰੀ ਵਿੱਚ ਤੇਰੀ ਤਸਵੀਰ ਹਰ ਪਲ ਝਲਕਦੀ, ਜਿਸ ਤਰਫ਼ ਵੀ ਦੇਖਦਾਂ ਇੱਕ ਨੂਰ ਹੈ ਬਰਸਾ ਰਹੀ। ਤੂੰ ਮੇਰੇ ਹਾਲਾਤ ਤੇ ਕੀਤੀ ਏ ਇਕ ਜਾਦੂਗਰੀ, ਹੋ ਰਿਹਾਂ ਮਧਹੋਸ਼ ਮੇਰੀ ਹੋਸ਼ ਹੈ ਘਬਰਾ ਰਹੀ। ਦਿਲ ਦੀਆਂ ਗੱਲਾਂ ਤੇਰੇ ਬਿਨ ਦੱਸ ਕਰਾਂ ਕਿਸ ਨਾਲ ਮੈਂ, ਅਕਲ ਮੇਰੀ ਰਾਜ਼ ਤੇਰੇ ਦਿਲ ਦਾ ਕਦ ਹੈ ਪਾ ਰਹੀ। ਕੌਣ ਹੈ ਤੇਰੇ ਬਿਨਾਂ ਮੇਰੀ ਤਸੱਲੀ ਜੋ ਕਰੇ, ਇਹ ਹੀ ਮਜ਼ਬੂਰੀ ਤਾਂ ਬੱਸ 'ਅਮਰੀਕ' ਨੂੰ ਹੈ ਖਾ ਰਹੀ।

5. ਸੱਜਣ ਸੁਹੇਲੇ

ਦੂਰ ਵਸੰਦੇ ਸੱਜਣ ਸੁਹੇਲੇ, ਵੇਖੋ ਰੱਬ ਕਦੋਂ ਕੂ ਮੇਲੇ। ਮੁੱਦਤਾਂ ਹੋਈਆਂ ਘਰ ਨਹੀਂ ਆਏ, ਰਹਿਣ ਅਸਾਡੇ ਬਣੇ ਦੁਹੇਲੇ। ਕਿੱਥੇ ਨੇ ਉਹ ਸੂਹ ਨਹੀਂ ਮਿਲਦੀ, ਭਾਲ ਥੱਕੇ ਹਾਂ ਜੰਗਲ ਬੇਲੇ। ਆ ਜਾਵਨ ਤਾਂ ਮੁੱਕਣਗੇ ਸਭ, ਜੀਵਨ ਵਿੱਚ ਜੋ ਪਏ ਝਮੇਲੇ। ਉਹਨਾਂ ਦੇ ਮਿੱਠ ਬੋਲਾਂ ਮੂਹਰੇ, ਫਿੱਕੇ ਨੇ ਮਿਸ਼ਰੀ ਦੇ ਢੇਲੇ। ਸੱਜਣਾਂ ਬਿਨ 'ਅਮਰੀਕ' ਜਿਹਾਂ ਦੇ, ਵੱਟੇ ਜਾਣ ਨ ਜਗ ਤੇ ਧੇਲੇ।

6. ਹੁਣ ਇਤਬਾਰ ਕਰ

ਤੂੰ ਮੇਰੇ ਤੇ ਕੁਝ ਤਾਂ ਹੁਣ ਇਤਬਾਰ ਕਰ, ਇਸ ਉਮਰ ਵਿੱਚ ਹੋਰ ਨ ਬੇਜ਼ਾਰ ਕਰ। ਸਜਦੇ ਵਿੱਚ ਮੈਂ ਤਾਂ ਝੁਕਾਈ ਧੌਣ ਹੈ, ਵਾਸਤਾ ਈ ਤਰਸ ਕਰ ਨ ਵਾਰ ਕਰ। ਮੇਰੀ ਨਈਆ ਹੈ ਘਿਰੀ ਤੂਫ਼ਾਨ ਵਿੱਚ, ਨਾ ਖ਼ੁਦਾ ਪੱਕਾ ਹੈਂ ਇਸ ਨੂੰ ਪਾਰ ਕਰ। ਸ਼ੱਕੀ ਨਜ਼ਰਾਂ ਨਾਲ ਮੈਨੂੰ ਵੇਖ ਨ, ਉਲਝਨਾਂ ਦੀ ਹੋਰ ਨ ਭਰਮਾਰ ਕਰ। ਮੈਂ ਵਫ਼ਾ ਦੇ ਤੋਲ ਵਿੱਚ ਸਮਤੋਲ ਹਾਂ, ਬੇ ਵਫ਼ਾ ਕਹਿ ਕੇ ਨ ਹੌਲਾ ਭਾਰ ਕਰ। ਕਸ਼-ਮਕਸ਼ ਵਿੱਚ ਜੀ ਰਹੇ 'ਅਮਰੀਕ' ਨੂੰ, ਕਦੀ ਤਾਂ ਸ਼ਾਦਾਬ ਕਰ ਸਰਸ਼ਾਰ ਕਰ।

7. ਸੀਨਾ ਚੀਰ ਵਖਾਈਏ

ਕਿਸ ਨੂੰ ਆਪਣਾਂ ਹਾਲ ਸੁਣਾਈਏ, ਕਿਸ ਨੂੰ ਸੀਨਾ ਚੀਰ ਵਖਾਈਏ। ਪਰੇ ਪਰੇ ਸਭ ਕਹਿੰਦੇ ਰਹਿੰਦੇ, ਕਿਸ ਨੂੰ ਧਾ-ਗਲਵਕੜੀ ਪਾਈਏ। ਮਨਾਂ 'ਚ ਉੱਸਰੀਆਂ ਉੱਚੀਆਂ ਕੰਧਾਂ, ਤੂੰ ਹੀ ਦੱਸ ਕਿਵੇਂ ਹੁਣ ਢਾਈਏ। ਸੱਜਣ ਦੀ ਜੋ ਬਾਤ ਸੁਣਾਵੇ, ਸੌ ਸੌ ਵਾਰ ਸਦਕੜੇ ਜਾਈਏ। ਰੱਬ ਰੁੱਸਦੈ ਸੌ ਵਾਰੀ ਰੁੱਸ ਜੈ, ਰੁੱਸਿਐ ਯਾਰ ਜ਼ਰੂਰ ਮਨਾਈਏ। ਜਿਸ ਦੇ ਬਿਨਾਂ ਗੁਜ਼ਾਰਾ ਹੀ ਨਹੀਂ, ਉਸ ਨੂੰ ਕਿਓਂ ਫਿਰ ਦਿਲੋਂ ਭੁਲਾਈਏ। ਚਲ 'ਅਮਰੀਕ' ਸੱਜਣ ਦੇ ਕੋਲੋਂ, ਹੋਈਆਂ ਭੁੱਲਾਂ ਮਾਫ਼ ਕਰਾਈਏ।

8. ਕਿਓਂ ਹੈ ਬੂਹਾ ਢੋਇਆ

ਸਾਰਾ ਜਗ ਨਾਰਾਜ਼ ਹੈ ਹੋਇਆ, ਤੂੰ ਵੀ ਕਿਓਂ ਹੈ ਬੂਹਾ ਢੋਇਆ। ਸੱਚੀ ਗੱਲ ਜਦੋਂ ਕੋਈ ਕਹਿੰਦੈ, ਹੋ ਜਾਂਦੈ ਜਗ ਲਾਖਾ ਲੌਹਿਆ। ਲੋਕ ਤਾਂ ਮੇਰੇ ਨੁਕਸ ਹੀ ਲੱਭਦੇ, ਤੂੰ ਮੇਰਾ ਹਰ ਦੋਸ਼ ਲਕੋਇਆ। ਸਾਡੇ ਪਿਆਰ ਦੇ ਵਿੱਚ ਜਮਾਨੇ, ਤਿੱਖਾ ਸੂਆ ਇੱਕ ਚੁਭੋਇਆ। ਕਿਸੇ ਦੀ ਮੈਂ ਪਰਵਾਹ ਨਹੀਂ ਕੀਤੀ, ਜਿੱਤ ਦਾ ਨਾਦ ਸਦਾ ਮੈਂ ਛੋਹਿਆ। ਦੁਨੀਆ ਕਹੇ ਵਡੇਰਾ ਹੋਇਐ, ਮੇਰਾ ਮੱਚ ਅਜੇ ਨਹੀਂ ਮੋਇਆ। ਦਿਲ ਦੀਆਂ ਗੱਲਾਂ ਗਜ਼ਲਾਂ ਬਣੀਆਂ, ਕੈਸਾ ਇਹ ਗੁਲਦਸਤਾ ਸੋਹਿਆ। ਤੁਧ ਬਿਨ ਚੰਗਾ ਕੋਈ ਨ ਲੱਗਾ, ਐਸਾ ਤੂੰ 'ਅਮਰੀਕ' ਨੂੰ ਮੋਹਿਆ।

9. ਕਦੀ ਤਾਂ ਅੜਿਆ

ਕਦੀ ਤਾਂ ਅੜਿਆ ਅਸਾਨੂੰ ਯਾਦ ਕਰ, ਉਜੜਦੇ ਦਿਲ ਬਾਗ਼ ਨੂੰ ਆਬਾਦ ਕਰ। ਪਿਆਰ ਦੀ ਬੋਲੀ ਅਸੀਂ ਹਾਂ ਬੋਲਦੇ, ਨਫ਼ਰਤਾਂ ਵਿੱਚ ਇਸਦਾ ਨ ਅਨੁਵਾਦ ਕਰ। ਦੂਰ ਜਾਕੇ ਤੂੰ ਅਸਾਂ ਨੂੰ ਭੁੱਲ ਗਿਓਂ, ਕੀਮਤੀ ਇਹ ਉਮਰ ਨ ਬਰਬਾਦ ਕਰ। ਹਿਜਰ ਦੇ ਪਿੰਜਰੇ 'ਚ ਇਹ ਰੂਹ ਕੈਦ ਹੈ, ਮਰ ਨ ਜਾਏ ਆਣ ਕੇ ਆਜ਼ਾਦ ਕਰ। ਸਾਇੰਸਦਾਂ ਦਾ, ਵਿਛੜਿਆਂ ਤਰਲਾ ਲਿਆ, "ਜੋੜ ਦੇ ਦੋ ਦਿਲ ਉਹ ਕਲ ਈਜਾਦ ਕਰ। ਜਾਣ ਦੇ ਹੋਈ ਖ਼ਤਾ 'ਅਮਰੀਕ' ਤੋਂ, ਦੂਰ ਦਿਲ ਤੋਂ ਬੇ-ਰੁਖੀ ਦੀ ਗਾਦ ਕਰ।