Punjabi Poetry : Manpreet Aulakh

ਪੰਜਾਬੀ ਕਵਿਤਾਵਾਂ : ਮਨਪ੍ਰੀਤ ਔਲਖ

ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ

ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ
ਭੁੱਖ ਨਾਲ ਮਰਦੇ ਬਾਲ ਦੇਖੇ ਨੇ

ਤੈਥੋਂ ਹੱਸ ਕੇ ਹੰਝੂ ਲੁਕਣੇ ਨਹੀਂ
ਤੇਰੀ ਅੱਖ ਦੇ ਡੋਰੇ ਲਾਲ ਦੇਖੇ ਨੇ

ਉਨ੍ਹੇ ਦੁੱਖਾਂ ਨੂੰ ਸੀ ਗੁੰਦਿਆ ਹੋਇਆ
ਅੱਜ ਜਦ ਮੈਂ ਉਹਦੇ ਵਾਲ ਦੇਖੇ ਨੇ

ਆਹ ਰੌਣਕ, ਖੁਸ਼ੀਆਂ, ਖੇੜੇ, ਹਾਸੇ
ਮੈਂ ਤੇ ਜਦ ਵੀ ਦੇਖੇ ਤੇਰੇ ਨਾਲ ਦੇਖੇ ਨੇ

ਕਾਲੀਆਂ ਰਾਤਾਂ ਵਿੱਚ ਤੈਨੂੰ ਮੈਂ ਤੱਕਿਆ ਏ

ਕਾਲੀਆਂ ਰਾਤਾਂ ਵਿੱਚ ਤੈਨੂੰ ਮੈਂ ਤੱਕਿਆ ਏ
ਬੱਚਿਆਂ ਵਾਗੂੰ ਨੀ ਤੈਨੂੰ ਸਾਂਭ ਕੇ ਰੱਖਿਆ ਏ

ਗਿੱਲੇ ਗਿੱਲੇ ਪੋਟਿਆਂ ਦਾ ਸਵਾਦ ਮੈਂ ਚੱਖਿਆ ਏ

ਚੀਕਾਂ ਤੇਰੀਆਂ ਕੰਨੀ ਸੁਣੀਆਂ ਨੇ
ਤੇਰੇ ਹੌਕਿਆਂ ਨੂੰ ਮੁੱਠੀਆਂ ਵਿੱਚ ਦੱਬਿਆ ਏ

ਅੱਖ ਤੇਰੀ ਵਿੱਚ ਅੱਖ ਪਾਈ ਏ
ਹਾਸੇ ਪਿੱਛਲਾ ਹੰਝੂ 'ਮੈਂ' ਲੱਭਿਆ ਏ

ਹਾਣੀ ਤੇਰਾ ਬਣ ਕੇ ਤੁਰਿਆਂ ਵਾਂ
ਤੇ ਬੇਗਾਨਾ ਤੈਨੂੰ ਕਰ ਰੱਖਿਆ ਏ

ਵੈਸੇ ਤਾਂ ਮੈਂ ਜਿਸਮ ਤੇਰੇ ਦਾ ਭੁੱਖਾ ਵਾਂ
ਪਰ ਥਾਈਂ ਮਰਜਾਂ ਜੇ ਜਿਸਮ ਤੇਰੇ ਨੂੰ ਤੱਕਿਆ ਏ

ਹੋਰ ਕੋਈ ਅੰਬਰੋਂ ਤਾਰੇ ਤੋੜੇ ਨਹੀ
ਔਲਖ ਤੇ ਗੱਲਾਂ ਵਾਲਾ ਏ ਤੇ ਗੱਲਾਂ ਵਿੱਚ ਲਾ ਰੱਖਿਆ ਏ

ਕਰ ਮੇਰੇ ਵੱਲ ਅੱਖਾਂ, ਮੇਰਾ ਹਾਲ ਤੇ ਵੇਖ

ਕਰ ਮੇਰੇ ਵੱਲ ਅੱਖਾਂ, ਮੇਰਾ ਹਾਲ ਤੇ ਵੇਖ...
ਕੰਮ ਕਾਰ ਸਭ ਛੱਡ, ਆ ਮੇਰੇ ਨਾਲ, ਤੇ ਵੇਖ..

ਹਾਲੇ ਤਾਂ ਮੈਂ ਇੱਕ ਵੀ ਦਰਦ ਸੁਣਾਇਆ ਨਈਂ
ਤੈਨੂੰ ਜਾਣ ਦੀ ਪਈ ਹੋਈ ਏ ਕਾਹਲ ਤੇ ਵੇਖ..

ਮੈਂ ਸਭ ਖੁਸ਼ੀਆਂ ਰੀਝਾਂ ਸੁਪਨੇ ਚਾਵਾਂ ਦਾ
ਹੱਥੀਂ ਬੁਣਕੇ ਕੱਟਿਆ ਜਿਹੜਾ ਜਾਲ ਤੇ ਵੇਖ..

ਕਿੰਨੀਆਂ ਰਾਤਾਂ ਜਾਗ ਲੰਘਾਈਆਂ ਰੋ ਰੋ ਕੇ
ਅੱਖਾਂ ਵਿੱਚ ਜੋ ਭਰਿਆ ਏ ਰੰਗ ਲਾਲ ਤੇ ਵੇਖ...

ਮੇਰੇ ਸਿਰ 'ਚੋਂ ਪੀੜ ਅਵੱਲੀ ਜਾਂਦੀ ਨਈਂ
ਆਕੇ ਬੈਠ ਸਿਰਹਾਣੇ ਮੇਰੇ ਵਾਲ ਤੇ ਵੇਖ...

ਚੰਗਾ ਏ ਜਾਂ ਮਾੜਾ

ਚੰਗਾ ਏ ਜਾਂ ਮਾੜਾ
ਵੇਲਾ ਮੈ ਸੰਭਾਲ ਰੱਖਾਂਗਾ

ਤੇਰੇ ਹੰਝੂ, ਰੀਝਾਂ, ਸੁਪਨੇ ਸਾਰੇ
ਉਮਰਾਂ ਤਾਈਂ ਪਾਲ ਰੱਖਾਂਗਾ

ਕੱਲਿਆਂ ਤੈਨੂੰ ਹੋਣ ਨਹੀਂ ਦਿੰਦਾ
ਤੈਨੂੰ ਆਪਣੇ ਨਾਲ ਰੱਖਾਂਗਾ

ਇਸ਼ਕ ਨੂੰ ਠੰਢਾ ਪੈਣ ਨਹੀ ਦਿੰਦਾ
ਸੀਨੇ ਵਿੱਚ ਉਬਾਲ ਰੱਖਾਂਗਾ

ਤੇਰੇ ਸ਼ੀਸ਼ੇ 'ਚ ਤਰੇੜਾਂ ਆਈਆਂ ਹੋਈਆਂ ਨੇ

ਤੇਰੇ ਸ਼ੀਸ਼ੇ 'ਚ ਤਰੇੜਾਂ ਆਈਆਂ ਹੋਈਆਂ ਨੇ
ਦੋ ਤੁਪਕੇ ਖੂਨ ਦੇ ਮੈਂ ਥੱਲੇ ਡਿੱਗੇ ਦੇਖੇ ਨੇ

ਜਾਂ ਤੇ ਤੂੰ ਤਿਆਰ ਹੁੰਦੀ ਪਈ ਸੀ
ਜਾਂ ਖੌਰੇ ਮੈਨੂੰ ਈ ਭੁੱਲੇਖੇ ਨੇ

ਆ ਬਾਰੀ ਕੋਲ ਜਿੱਥੇ ਹੁਣੇ ਈ ਤੂੰ ਬੈਠੀ ਸੀ
ਮੈਂ ਏਥੇ ਅੰਬਰਾਂ ਦੇ ਤਾਰੇ ਪਏ ਵੇਖੇ ਨੇ

ਜੀਦ੍ਹੀ ਜੀਦ੍ਹੀ ਅੱਖ ਵਿੱਚ ਤੂੰ ਅੱਖ ਪਾਈ ਏ
ਬਾਹਰੋਂ ਆਉਦੇਂ ਹੋਏ ਮੈਂ ਸਾਰੇ ਰੋਂਦੇ ਵੇਖੇ ਨੇ

ਔਲਖ ਰੋਂਦਾ ਰੋਂਦਾ ਚੁੱਪ ਹੋ ਜਾਵੇ ਏ ਕਿੱਦਾਂ ਹੋ ਸਕਦਾ ਏ
ਅੱਖ ਨਹੀ ਸੱਜਣਾ ਏ ਦੇਗੇ ਨੇ.....

ਜੋਰ ਲਾ ਲਿਆ ਲੱਖਾਂ ਨੇ

ਜੋਰ ਲਾ ਲਿਆ ਲੱਖਾਂ ਨੇ
ਭੇਦ ਨਹੀ ਦਿੱਤਾ ਅੱਖਾਂ ਨੇ

ਮੌਤ ਵਿਹੜੇ ਵਿੱਚੋਂ ਹੋ-ਹੋ ਮੁੜਦੀ ਰਹੀ
ਤੇਰੇ ਮਰਨ ਨਹੀ ਦਿੱਤਾ ਹੱਥਾਂ ਨੇ

ਰੇਤੇ ਨੂੰ ਖੰਡ ਬਣਾ ਛੱਡਿਆ
ਤੇਰੇ ਪੋਲੇ ਪੋਲੇ ਪੱਬਾਂ ਨੇ

ਤੇਰੇ ਮੁੱਖ ਤੋਂ ਪਰਦਾ ਲਾਹ ਕੇ

ਤੇਰੇ ਮੁੱਖ ਤੋਂ ਪਰਦਾ ਲਾਹ ਕੇ ਮੈਂ ਰੱਬ ਤੇ ਵੇਖਾਂ

ਚੱਲ ਤੇਰੇ ਉੱਤੇ ਹੁਣ ਮੈਂ
ਆਪਣਾ ਹੱਕ ਤੇ ਵੇਖਾਂ

ਮੇਰੇ ਬਾਝੋਂ ਰੋ-ਰੋ ਗਿੱਲੀ ਕਰਲੀ ਹੋਣੀ
ਹੰਝੂਆਂ ਨਾਲ ਭਰੀ ਉਹ ਅੱਖ ਤੇ ਵੇਖਾਂ

ਮੰਨਿਆ ਮੈਂ ਸਦੀਆਂ ਤੋਂ ਚੁੱਪ ਨਾ ਤੋੜੀ
ਚਲੋ ਖੈਰ ਅੱਜ ਤੇ ਵੇਖਾਂ

ਮੇਰੇ ਜਾਣ ਪਿੱਛੋਂ ਜੋ ਤੂੰ ਸਿੱਖੇ ਨੇ
ਚੱਲ ਉਹ ਚੱਜ ਤੇ ਵੇਖਾਂ

ਤੇਰੇ ਵਿਹੜੇ ਦੇ ਵਿੱਚ ਹੋਈ ਜਿਹੜੀ
ਪਾਸੇ ਹੋ ਉਹ ਟੁੱਟ-ਭੱਜ ਤੇ ਵੇਖਾਂ

ਅਸੀਂ ਤੇਰੇ ਪਿਆਰ ਨੂੰ ਵੇ ਸਾਂਭ ਸਾਂਭ ਰੱਖਿਆ

ਅਸੀਂ ਤੇਰੇ ਪਿਆਰ ਨੂੰ ਵੇ ਸਾਂਭ ਸਾਂਭ ਰੱਖਿਆ
ਇਸ਼ਕੇ ਦੇ ਵਿਹੜੇ ਵੱਡੀ ਹੋਈ ਜੋ ਤਾਂਘ ਵਾਂਗ ਰੱਖਿਆ

ਜਦੋਂ ਜਦੋਂ ਦੇਖਿਆ ਏ ਤੇਰੇ ਵੱਲ ਸੋਹਣਿਆਂ
ਤੇਰੀ ਸੌਂਹ ਮੈਂ ਉਦੋਂ ਤੈਨੂੰ ਰੱਬ ਵਾਂਗ ਤੱਕਿਆ

ਜਿਹੜੇ ਵੇਲੇ ਚਿੜੀਆਂ ਦੀ ਅੱਖ ਲੱਗੀ ਹੁੰਦੀ
ਉਸ ਵੇਲੇ ਤੈਨੂੰ ਅਸਾਂ ਜਾਗ ਜਾਗ ਤੱਕਿਆ

ਪੋਟਿਆਂ ਤੇ ਪੋਟੇ ਰੱਖ ਨਾ ਕਦੇ ਤੈਨੂੰ ਆਖਿਆ
ਅਸਾਂ ਸਾਡਾ ਪਿਆਰ ਸਦਾ ਆਸ ਵਾਂਗ ਰੱਖਿਆ

ਉਹ ਕਮਲਾ ਖੌਰੇ ਕੀ ਕਰਦਾ ਰਹਿੰਦਾ ਏ

ਉਹ ਕਮਲਾ ਖੌਰੇ ਕੀ ਕਰਦਾ ਰਹਿੰਦਾ ਏ
ਹੁਣ ਇੱਕਲਾ ਬੈਠਾ ਗੱਲਾਂ ਕਰਦਾ ਰਹਿੰਦਾ ਏ
ਤਾਪ ਚੜ੍ਹਦੇ ਤੇ ਜਿਸਨੂੰ ਰੋਂਦੇ ਸੀ ਦੇਖਿਆ
ਅੱਜ ਕੱਲ੍ਹ ਮੋਇਆ ਹੋਇਆ ਫਿਰਦਾ ਏ
ਪਰ ਤਾਂਵੀਂ ਹੱਸਦਾ ਰਹਿੰਦਾ ਏ
ਨੈਣਾਂ ਦੀ ਲਾਲੀ ਦੱਸਦੀ ਏ
ਕਿ ਰਾਤੀਂ ਸੁੱਤੇ ਨਹੀਂ ਜਨਾਬ ਜੀ
ਕਾਲੀਆਂ ਰਾਤਾਂ ਤੇ ਲੰਮੀ ਚੁੱਪ
ਸੱਜਣ ਕੁੱਝ ਤੇ ਕਰਦਾ ਰਹਿੰਦਾ ਏ
ਕਾਫਿਲੇ ਲੈ ਕੇ ਚੱਲਿਆ ਸੀ ਨਾਲ ਜੋ ਲੋਕਾਂ ਦੇ
ਔਲਖ ਹੁਣ ਆਪਣੇ ਪਰਛਾਵੇਂ ਤੋਂ ਵੀ ਡਰਦਾ ਰਹਿੰਦਾ ਏ

ਮੈਂ ਲੱਭ ਕੇ ਲੱਕੜ ਲਿਆਉਂਦਾ ਵਾਂ

ਮੈਂ ਲੱਭ ਕੇ ਲੱਕੜ ਲਿਆਉਂਦਾ ਵਾਂ
ਤੂੰ ਚੁੱਲ੍ਹਾ ਚੌਂਕਾ ਤਿਆਰ ਰੱਖੀਂ

ਬਾਹਰ ਝੱਖੜ ਝੁੱਲਿਆ ਫਿਰਦਾ ਏ
ਵਿਹੜੇ ਦੀ ਫੇਰੀ ਵਾੜ ਰੱਖੀਂ

ਭਾਵੇਂ ਪੈਰੀਂ ਕੰਡੇ ਵੱਜਦੇ ਹੋਵਣ
ਪਰ ਮੈਨੂੰ ਆਪਣੇ ਨਾਲ ਰੱਖੀਂ

ਦੇਖੀਂ ਢਿੱਲਾ ਪੈ ਨਾ ਜਾਵੀਂ
ਕਦਮਾਂ ਦੇ ਵਿੱਚ ਕਾਹਲ ਰੱਖੀਂ

ਮੈਂ ਤੇ ਦੁਨੀਆਂ ਜਿੱਤ ਲੈਂਦਾ

ਮੈਂ ਤੇ ਦੁਨੀਆਂ ਜਿੱਤ ਲੈਂਦਾ
ਜੇ ਤੂੰ ਮੈਨੂੰ ਕੱਲਾ ਨਾ ਕਰਦਾ

ਅੱਜ ਤੇ ਸੂਰਜ ਸੜ ਜਾਣਾ ਸੀ
ਜੇ ਤੂੰ ਅੱਜ ਪੱਲਾ ਨਾ ਕਰਦਾ

ਮੈਂ ਤੇ ਬੰਦਾ ਬਣ ਚੱਲਿਆ ਸੀ
ਜੇ ਤੂੰ ਮੈਨੂੰ ਅੱਲਾ ਨਾ ਕਰਦਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ