Punjabi Poetry : Manmohan Singh Daun
ਪੰਜਾਬੀ ਕਵਿਤਾਵਾਂ : ਮਨਮੋਹਨ ਸਿੰਘ ਦਾਊਂ
ਕੀੜੀ ਅਤੇ ਕਬੂਤਰ
ਕੀੜੀ ਸੀ ਇੱਕ ਨਿੱਕੜੀ, ਰਹਿੰਦੀ ਛੱਪੜ ਕੋਲ, ਕੰਢੇ ਉਸ ਦੇ ਉੱਗਿਆ, ਪਿੱਪਲ ਇੱਕ ਅਡੋਲ। ਗਰਮੀ ਤਪਦੀ ਰੁੱਤ ਸੀ, ਕੀੜੀ ਨੂੰ ਸੀ ਪਿਆਸ, ਤੁਰਦੀ-ਤੁਰਦੀ ਪੁੱਜ ਗਈ, ਡੂੰਘੇ ਛੱਪੜ ਪਾਸ। ਤੱਕ ਕੇ ਪਾਣੀ ਖਿੜ ਗਈ, ਡਿੱਗੀ ਛੱਪੜ ਵਿੱਚ, ਪਾਣੀ ਪੀਣਾ ਭੁੱਲ ਗਈ, ਕਰੇ ਘੜਿੱਚ-ਘੜਿੱਚ। ਤਰਲੇ ਲੱਗੀ ਲੈਣ ਫਿਰ, ਕਿੰਜ ਬਚਾਏ ਜਾਨ, ਪਿੱਪਲ ਬੈਠੇ ਕਬੂਤਰ ਨੂੰ, ਆਇਆ ਝੱਟ ਧਿਆਨ। ਪੱਤਾ ਉਸ ਨੇ ਤੋੜ ਕੇ, ਸੁੱਟਿਆ ਕੀੜੀ ਕੋਲ, ਕੀੜੀ ਪੱਤੇ ਚੜ੍ਹ ਗਈ, ਲੱਗੀ ਕਰਨ ਕਲੋਲ। ਤਰਦਾ ਪੱਤਾ ਲੱਗਿਆ, ਛੱਪੜ ਕੰਢੇ ਆਣ, ਛੱਪੜ ਡਿੱਗੀ ਕੀੜੀ ਦੀ ਬਚ ਗਈ ਸੀ ਜਾਨ। ਕੀੜੀ ਕਹੇ ਕਬੂਤਰ ਨੂੰ, ਧੰਨ ਤੂੰ ਮੇਰਾ ਵੀਰ, ਰੱਖੇ ਜਿਹੜਾ ਹੌਸਲਾ, ਜਾਵੇ ਨਦੀਆਂ ਚੀਰ। ਕਿੰਨੇ ਦਿਨ ਫਿਰ ਲੰਘ ਗਏ, ਪਿੱਪਲ ਝੂਮੇ ਨਿੱਤ, ਪੰਛੀ ਮੌਜਾਂ ਮਾਣਦੇ, ਸੋਹਣੀ-ਸੋਹਣੀ ਦਿੱਖ। ਇੱਕ ਸ਼ਿਕਾਰੀ ਆਣ ਕੇ, ਪਿੱਪਲ ਮਾਰੀ ਝਾਤ, ਦੇਖ ਕਬੂਤਰ ਬੈਠਿਆ, ਲਾਉਣੀ ਸੋਚੀ ਘਾਤ। ਫੜ ਕੇ ਹੱਥ ਬੰਦੂਕ ਉਹ, ਲੱਗਾ ਨਿਸ਼ਾਨਾ ਲਾਣ, ਕੀੜੀ ਨੇ ਝੱਟ ਵੇਖਿਆ, ਕਬੂਤਰ ਹੈ ਬੇਧਿਆਨ। ਗੋਲੀ ਜੇਕਰ ਚੱਲ ਗਈ, ਮਰੂ ਕਬੂਤਰ ਹਾਏ, ਕੀੜੀ ਆਖਰ ਸੋਚਿਆ, ਵੀਰ ਨੂੰ ਕਿੰਜ ਬਚਾਏ। ਕੀੜੀ ਦੌੜ ਕੇ ਚੜ੍ਹ ਗਈ, ਸ਼ਿਕਾਰੀ ਦੇ ਸੱਜੇ ਹੱਥ, ਦੰਦੀ ਵੱਢੀ ਜ਼ੋਰ ਦੀ, ਬੰਦੂਕ ਥੱਲੇ ਡਿੱਗੀ ਝੱਟ। ਸੁਣਦੇ ਸਾਰ ਖੜਾਕ ਨੂੰ, ਉੱਡਿਆ ਕਬੂਤਰ ਅਸਮਾਨ, ਕੀੜੀ ਕਰ ਉਪਕਾਰ ਇੰਜ, ਬਖਸ਼ੀ ਉਸ ਦੀ ਜਾਨ। ਕੀੜੀ ਨਿੱਕੀ ਕੰਮ ਵੱਡਾ, ਕੀਤਾ ਫੁਰਤੀ ਨਾਲ, ਹੱਲ ਹੋ ਜਾਂਦਾ ਬੱਚਿਓ, ਇੰਜ ਔਕੜ ਵਾਲਾ ਸੁਆਲ।
ਬੱਦਲਾਂ ਮੰਨੀ ਕੂੰਜ ਦੀ ਗੱਲ
ਬੱਦਲਾਂ ਰਲ-ਮਿਲ ਕੀਤੀ ਗੱਲ, ਚੱਲੋ ਭੱਜ ਚੱਲੀਏ ਵੱਲ ਥਲ। ਨੀਲਾ ਅੰਬਰ ਹੁਣ ਸੁੰਨਾ ਲੱਗਦਾ, ਦਿਨ ਵੇਲੇ ਨਾ ਤਾਰਾ ਜਗਦਾ। ਉੱਡ-ਉੱਡ ਅਸੀਂ ਹੰਭ ਗਏ ਹਾਂ, ਕਿੰਨੇ ਉੱਚੇ ਲੰਘ ਗਏ ਹਾਂ। ਬਿਜਲੀ ਕੜਕੇ ਡਰ ਹੈ ਆਉਂਦਾ, ਹੁਣ ਨਾ ਅੰਬਰ ਸਾਨੂੰ ਭਾਉਂਦਾ। ਘੁੱਪ-ਹਨੇਰਾ ਕਦੇ ਡਰਾਏ, ਧੱਕ-ਧੱਕ ਕਰਦਾ ਦਿਲ ਘਬਰਾਏ। ਦੇਖੀਏ ਚੱਲ ਕੇ ਧਰਤੀ ਮਾਂ, ਰੁੱਖਾਂ ਦੀ ਹੈ ਜਿੱਥੇ ਛਾਂ। ਉੱਥੇ ਕੁਦਰਤ ਹੈ ਬਲਿਹਾਰੀ, ਰੰਗ-ਬਰੰਗੀ ਦੁਨੀਆਂ ਪਿਆਰੀ। ਸੋਚਣ ਲੱਗੇ ਬੱਦਲ ਭਾਰੇ, ਥੱਲੇ ਚੱਲੀਏ ਰਲ-ਮਿਲ ਸਾਰੇ। ਧੁਰ ਟੰਗਿਆ ਸਾਨੂੰ ਅਸਮਾਨੀ, ਨਾ ਕੋਈ ਸਾਡਾ ਦਰਦੀ ਜਾਨੀ। ਕੂੰਜ ਨੇ ਸੁਣ ਲਈ ਬੱਦਲਾਂ ਦੀ ਗੱਲ, ਮਸਲਾ ਕਿੰਜ ਕਰਾਂ ਮੈਂ ਹੱਲ। ਨਹੀਂ, ਨਹੀਂ ਤੁਸੀਂ ਅੰਬਰੀਂ ਸੋਂਹਦੇ, ਤੁਸੀਂ ਤਾਂ ਸਭ ਦੇ ਮਨਾਂ ਨੂੰ ਮੋਂਹਦੇ। ਇੱਥੇ ਭੀੜ-ਭੜੱਕਾ ਹੋਇਆ, ਪ੍ਰਦੂਸ਼ਣ ਕਾਰਨ, ਨਾ ਜਾਏ ਖਲੋਇਆ। ਤੁਹਾਡਾ ਕੰਮ ਹੈ ਵਰਖਾ ਕਰਨਾ, ਧਰਤੀ ਉੱਤੇ ਰਹਿੰਦੇ ਵਰ੍ਹਨਾ। ਕੂੰਜ ਨੇ ਨੁਕਤਾ ਇਹ ਸਮਝਾਇਆ, ਬੱਦਲਾਂ ਨੂੰ ਮੁੜ ਕੰਮੀਂ ਲਾਇਆ। ਬੱਦਲ ਲੱਗੇ ਛਮ-ਛਮ ਵੱਸਣ, ਨਾਲ ਖ਼ੁਸ਼ੀ ਦੇ ਲੱਗੇ ਹੱਸਣ।
ਧੁੱਪੜੀ ਦਾ ਗੀਤ
ਧੁੱਪ ਪੱਲਿਆਂ ’ਚ ਪਾਈਏ, ਗੀਤ ਧੁੱਪੜੀ ਦਾ ਗਾਈਏ। ਸਾਡੇ ਠਰਦੇ ਨੇ ਹੱਥ, ਅਸੀਂ ਬੋਲਦੇ ਹਾਂ ਸੱਚ। ਧੂਣੀ ਬਾਲ ਕੇ ਮਘਾਈਏ, ਗੀਤ ਧੁੱਪੜੀ ਦਾ ਗਾਈਏ। ਧੁੱਪ ਸੂਰਜੇ ਦੀ ਜਾਈ, ਤੱਕ ਧਰਤ ਰੁਸ਼ਨਾਈ। ਧੁੱਪ ਚੜ੍ਹੀ ਆ ਬਨੇਰੇ, ਸਾਡੇ ਜਾਗ ਉੱਠੇ ਵਿਹੜੇ। ਅਸੀਂ ਝੂਮ-ਝੂਮ ਜਾਈਏ, ਗੀਤ ਧੁੱਪੜੀ ਦਾ ਗਾਈਏ। ਧੁੱਪ ਬਰਫ਼ ਪਿਘਲਾਵੇ, ਧੁੱਪ ਫੁੱਲਾਂ ਨੂੰ ਹਸਾਵੇ। ਧੁੱਪ ਰੋਸ਼ਨੀ ਦੀ ਸਾਂਝ, ਦੇਵੇ ਨੇਰ੍ਹਿਆਂ ਨੂੰ ਭਾਂਜ। ਅੰਗੀਠੀ ਬਾਲ ਕੇ ਮਘਾਈਏ, ਗੀਤ ਧੁੱਪੜੀ ਦਾ ਗਾਈਏ। ਧੁੱਪ ਸਾਡੀ ਜਿੰਦ-ਜਾਨ, ਸੂਰਜੇ ਕਰੇ ਨਿੱਤ ਦਾਨ। ਧੁੱਪ ਫੱਟੀਆਂ ਸੁਕਾਏ, ਅਸੀਂ ਵੇਖ ਖਿੜ-ਖਿੜਾਏ। ਧੁੱਪ ਬਾਝੋਂ ਕੁਮਲਾਈਏ, ਗੀਤ ਧੁੱਪੜੀ ਦਾ ਗਾਈਏ।
ਧੁੱਪਾਂ ਨਾਲ ਦੋਸਤੀ
ਆ ਧੁੱਪ ਸੇਕੀਏ ਥੱਕ-ਥਕਾਵਟ ਲਾਹੀਏ ਸੂਰਜ ਦਾ ਸ਼ੁਕਰਾਨਾ ਕਰੀਏ। ਸੂਰਜ ਜੁਗਾਂ-ਜੁਗਾਂ ਤੋਂ ਆਪਣਾ ਕਾਰਜ ਕਰਦਾ ਆਇਆ ਚਾਨਣ, ਨਿੱਘ, ਤਪਸ਼ ਤੇ ਗਰਮੀ ਵੰਡਦਾ ਆਇਆ, ਕਦੇ ਨਾ ਸੁੱਤਾ, ਕਦੇ ਨਾ ਥੱਕਿਆ, ਆ, ਇਸ ਵਰਗਾ ਕਰਮ ਕਮਾਈਏ ਤੁਰਨ ਦੀ ਖਾਤਰ ਤਾਜ਼ਾ ਹੋਣਾ ਬਹੁਤ ਜ਼ਰੂਰੀ। ਬਿਰਖ਼ ਵੀ ਧੁੱਪਾਂ ਸੇਕਣ ਮੌਲਣ, ਹੱਸਣ ਬੱਚਿਆਂ ਵਾਂਗੂ ਤੇ ਪੱਤਰ ਕਰਨ ਕਲੋਲਾਂ। ਪੰਛੀ-ਸੂਰਜ ਉਦੈ ਹੁੰਦਿਆਂ ਆਲ੍ਹਣਿਆਂ ‘ਚੋਂ ਭਰਨ ਉਡਾਰੀ, ਧੁੱਪ ਦੀ ਕਾਤਰ ਚੁੰਝ ਪਰੋ ਕੇ ਜੀ ਆਇਆਂ ਆਖਣ ਧੁੱਪ ਨੂੰ। ਤ੍ਰੇਲ ਦੇ ਤੁਪਕੇ ਫੁੱਲਾਂ ਨੂੰ ਪੋਲੇ-ਪੋਲੇ ਚੁੰਮਣ ਦੇ ਕੇ ਧੁੱਪ ਦੀ ਚੁੰਨੀ ਲੈ ਟੁਰ ਜਾਵਣ। ਮਿੱਟੀ ਦੀ ਕੁੱਖ ਧੁੱਪ ਦੀਆਂ ਚਮਕਾਂ ਲੈ ਕਲਾਵੇ ਉਪਜਣ ਦੀ ਪ੍ਰਕਿਰਿਆ ਭੋਗੇ, ਦਾਣੇ ਉੱਗਣ ਮਿੱਟੀ, ਮਾਂ ਦੀ ਕਿਰਿਆ ਕਰਦੀ। ਵਗਦੇ ਪਾਣੀ ਧੁੱਪਾਂ ਪੀਂਦੇ ਲਗਦੇ ਲਹਿਰਾਂ ਅੰਦਰ ਚਾਂਦੀ ਘੁਲਦੀ ਜਾਪੇ ਪਾਣੀ ਵੀ ਜਿਉਂ ਧੁੱਪਾਂ ਨਾਲ ਦੋਸਤੀ-ਗੰਢਦੇ। ਆ, ਧੁੱਪ ਸੇਕੀਏ ਨਿੱਘ ਮਾਣੀਏ, ਪਿੰਡਾ ਗਰਮਾਈਏ ਅੰਦਰ ਨਿੱਘ ਜਗਾਈਏ ਕੁਝ ਕਰਨੇ ਲਈ ਮਘਦੇ ਰਹੀਏ ਸੂਰਜ ਵਾਂਗੂ, ਸੇਕ ਬਿਨਾਂ ਜਿੰਦ ਕਿਸ ਹੈ ਕਾਰੇ ਜੀਵਨ ਦੀ ਸ਼ਕਤੀ ਹੈ ਧੁੱਪਾਂ ਧੁੱਪ ਦੀ ਬੁੱਕਲ ਦਾ ਨਿੱਘ ਲਈਏ!
ਫੇਰੂ ਰਬਾਬ ਵਾਲਾ
ਦੋ ਨਦੀਆਂ ਦੇ ਵਿੱਚ-ਵਿਚਾਲੇ ਜਿੱਥੇ ਫਰਿੰਦਾ ਪਿੰਡੀਂ ਰਹਿੰਦਾ ਲੋਕੀਂ ਉਸ ਨੂੰ ਫੇਰੂ ਕਹਿ ਕੇ ਪਿਆਰ ਜਤਾਉਂਦੇ। ਹੁਨਰਵੰਦ ਕਿਰਤੀ ਸੀ ਫੇਰੂ ਕੰਮ ’ਚ ਖੁਭਿਆ ਸੁਪਨੇ ਲੈਂਦਾ ਸਾਜ਼ ਬਣਾਉਂਦਾ ਸਾਜ਼ਾਂ ਵਿੱਚੋਂ ਰਾਗ ਜਗਾਉਂਦਾ। ਇੱਕ ਦਿਨ ਉਸ ਨੇ ਇੱਕ ਰਬਾਬ ਬਣਾਉਣੀ ਚਿਤਵੀ ਜਾਂ ਇਲਹਾਮ ਹੋਇਆ ਕੋਈ ਉਸ ਨੂੰ। ਬਿਰਖ਼… ਕਿ ਜਿਸ ਦੀ ਲੱਕੜ ਵਿੱਚੋਂ ਸੁਰ-ਸੰਗੀਤ ਦੀ ਧੁਨ ਪਈ ਆਵੇ ਚਾਨਣ ਵੰਡੇ ਨ੍ਹੇਰਾ ਛੰਡੇ ਕਾਇਨਾਤ ਜਗਾਵੇ ਪੌਣਾਂ ਮਹਿਕਾਵੇ ਜਿਸ ਨੂੰ ਅੰਬਰ-ਧਰਤੀ ਜਲ-ਥਲ ਸੁਣਨਾ ਲੋਚੇ ਰਾਗ ਅਲਾਪੇ ਰੱਬ ਦੀ ਮਹਿਮਾ ਗਾਵੇ ਤੇ ਕੋਈ… ਇਲਾਹੀ ਪਿਆਰਾ ਉਸ ਦੀ ਸੁੱਚੀ ਰੂਹ ਨਸ਼ਿਆਵੇ ਅਨਹਦ ਬਾਣੀ ਗਾਵੇ ਚਹੁੰ ਕੂੰਟਾਂ ਰੁਸ਼ਨਾਵੇ। ਢੂੰਡ-ਢੂੰਡ ਕੇ ਆਖਰ ਫੇਰੂ ਚਾਨਣ ਦੀ ਲੱਕੜ ਨੂੰ ਚੁਣਿਆ। ਰਾਤ ਦਿਨੇ ਉਸ ਕਾਠ ਨੂੰ ਸੁੱਚਾ ਕਰ-ਕਰ ਹੱਥੀਂ ਘੜ-ਘੜ ਰੰਦ-ਰੰਦਾਈ ਕੀਤੀ ਤੰਦਾਂ ਤਣੀਆਂ ਤਾਰਾਂ ਟੁਣਕਾਈਆਂ ਹੱਥ, ਕੰਨ, ਲੋਇਣ ਤੇ ਰੂਹ ਥੀਂ ਸੁੰਦਰ ਸਜੀਲੀ ਇੱਕ ਰਬਾਬ ਬਣਾਈ ਤੇ ਰੱਖ ਦਿੱਤੀ ਸੁੱਚਮ-ਸੁੱਚੀ ਨਾਨਕ ਪੀਰ ਦੀ ਛੁਹ ਦੀ ਖਾਤਰ। ਓਹ ਦਿਨ ਆਇਆ ਜਦ ਨਾਨਕ ਨੇ ਰਬਾਬ ਲੈਣ ਲਈ ਮਰਦਾਨੇ ਨੂੰ ਇੱਕ ਦਿਨ ਪਿੰਡ ਨੂੰ ਘੱਲਿਆ। ਪਰ ਫੇਰੂ ਨੇ ਰਬਾਬ ਨਾ ਦਿੱਤੀ ਨਾਂਹ ਨੁੱਕਰ ਕੀਤੀ ਜਿਸ ਦੀ ਵਸਤੂ ਮਾਲਕ ਹੈ ਉਹੀ ਇਸ ਦਾ ਫੇਰੂ ਅੱਗੋਂ ਸੀ ਫੁਰਮਾਇਆ। ਆਖਰ ਉਸ ਨੇ ਨਾਨਕ ਦੇ ਆਦੇਸ਼ ਨੂੰ ਸੁਣ ਕੇ ਮਰਦਾਨੇ ਹੱਥ ਰਬਾਬ ਫੜਾਈ ਤੇ ਚਾਅ ਵਿੱਚ ਰੱਬ ਦਾ ਸ਼ੁਕਰ ਮਨਾਇਆ। ਨਾਲ ਖੁਸ਼ੀ ਮਰਦਾਨੇ ਆ ਕੇ ਨਾਨਕ ਅੱਗੇ ਸੀਸ ਝੁਕਾ ਕੇ ਆਦਰ ਨਾਲ ਰਬਾਬ ਫੜਾਈ। ਨੂਰੀ ਨੈਣਾਂ ਨੀਝ ਲਗਾ ਕੇ ਸਾਜ਼ ਨੂੰ ਤੱਕਿਆ ਫਿਰ ਪੋਟਿਆਂ ਸੰਗ ਸੁੱਚੀ ਕੀਤੀ। ਨਾਨਕ ਹੁਰਾਂ ਸਾਜ਼ ਕਲਾ ਨੂੰ ਭੈਣ ਨਾਨਕੀ ਦੇ ਸ਼ੁਭ ਹੱਥੀਂ ਲੈ ਅਸੀਸਾਂ ਮਰਦਾਨਾ ਜੀ ਦੇ ਹੱਥ ਫੜਾਇਆ। ਲੈ ਰਬਾਬ ਨਾਨਕ-ਮਰਦਾਨਾ ਸੋਧਣ ਤੁਰ ਪਏ ਧਰਤ ਲੋਕਾਈ।
ਸ਼ਾਇਰੀ ਦਾ ਅਲੰਬਰਦਾਰ ਸੁਰਜੀਤ ਪਾਤਰ
(ਸ਼ਬਦ-ਚਿੱਤਰ) ਉਹ ਜਦੋਂ ਵੀ ਬੋਲਦਾ ਹੈ ਸ਼ਬਦਾਂ ਦੇ ਅਨੰਤ ਰੰਗ ਘੋਲਦਾ ਹੈ। ਇਤਿਹਾਸ ਨੂੰ ਫਰੋਲ ਦਾ ਹੈ, ਸ਼ਬਦਾਂ ਨੂੰ ਤੋਲਦਾ ਹੈ ਉਹ ਜਦੋਂ ਵੀ ਬੋਲਦਾ ਹੈ। ਉਸ ਦੀ ਸ਼ਾਇਰੀ ਉਸ ਦੀ ਇਬਾਦਤ ਹੈ, ਮਾਂ-ਬੋਲੀ ਨੂੰ ਦਿਸਹੱਦਿਆਂ ਤੋਂ ਵੀ ਦੂਰ ਤੀਕਰ ਲੈ ਜਾਣਾ ਉਸ ਦੀ ਅਨੂਠੀ ਸ਼ਦਾਦੱਤ ਹੈ। ਉਸ ਕੋਲ ਬੋਲਾਂ ਲਈ ਰਾਗ ਹੈ, ਬੋਲਾਂ ’ਚ ਸਾਜ਼ ਹੈ। ਗ਼ਜ਼ਲ ਦਾ ਸ਼ਹਿਨਸ਼ਾਹ ਗੀਤ ਦਾ ਸ਼ਾਹ ਸੁਆਰ ਨਜ਼ਮ ਦਾ ਨਵਾਬ ਹੈ। ਉਸਦੇ ਨੈਣਾਂ ’ਚ ਨਿੱਤਰੀ-ਝੀਲ ਜਿਹੀ ਤਰਲਤਾ ਹੈ, ਉਸ ਦੇ ਹੇਠਾਂ ’ਤੇ ਕੋਈ ਸਰਗਮ ਜਦੋਂ ਲਰਜ਼ਦੀ ਹੈ ਉਹ ਇੱਕ ਬਿਰਖ਼ ਬਣਿਆ ਸਬਜ਼ ਮੰਦਰ ਜਾਪਦਾ ਹੈ। ਇਸੇ ਲਈ ਕਾਵਿ-ਹੁੱਨਰ ਉਸ ਦੇ ਅੰਦਰ ਹੈ। ਉਸ ਦੇ ਹੱਥਾਂ ’ਚ ਕਲਮ ਸਿਹਰਫ਼ੀਆਂ ਜਿਹੇ ਅੱਖਰ ਘੜਦੀ ਹੈ, ਕਦੇ ਉਸ ਦੀ ਕਲਮ ਤੇਗ ਦੇ ਜਲੌਅ ਦੀ ਕਥਾ ਕਰਦੀ ਹੈ। ਉਹ ਪੰਜਾਬ ਦਾ ਦੁਮਾਲੜਾ ਅਦੀਬ ਹੈ ਉਹ ਸਰੋਤਿਆਂ ਦੇ ਇਸੇ ਕਰ ਕੇ ਕਰੀਬ ਹੈ ਹਬੀਬ ਹੈ। ਉਸ ਦੇ ਸ਼ਿਅਰ ਜਦੋਂ ਸੁਰਾਂ ’ਚ ਨੱਚਦੇ ਹਨ ਧਰਤ-ਅੰਬਰ ਮੱਚਦੇ ਹਨ ਸਾਗਰ ਖਾਮੋਸ਼ੀ ’ਚ ਗੁੰਮ ਹੋਇਆ ਸੁਣਨ ਲਈ ਸਹਿਜ ਹੁੰਦਾ ਹੈ। ਉਹ ਸ਼ਾਇਰੀ ਦੀ ਸਿਖਰ ਦਾ ਧਰੂ-ਤਾਰਾ, ਬਹੁਤ ਪਿਆਰਾ। ਉਹ ਸ਼ਾਇਰੀ ਦਾ ਅਲੰਬਰਦਾਰ ਸਬ਼ਦ ਸਮੁੰਦ - ਸੁਰਜੀਤ ਪਾਤਰ !!