Punjabi Poetry : Manjot Kaur Sahota

ਪੰਜਾਬੀ ਕਵਿਤਾਵਾਂ : ਮਨਜੋਤ ਕੌਰ ਸਹੋਤਾ



1. ਧੀ ਦੀ ਆਵਾਜ਼

ਸ਼ਰਮ ਹਯਾ ਦੀ ਲੋਈ ਅੰਦਰ, ਕੁੱਝ ਚਾਅ ਲਕੋਈ ਬੈਠੀ ਆਂ! ਆਪ ਪੁਰਖਾਂ ਦੀਆਂ ਪੱਗਾਂ ਦਾ, ਇੱਕ ਕਰਜ ਲਕੋਈ ਬੈਠੀ ਆਂ! ਤੇਰਾ ਆਂਗਨ ਬਾਬਲਾ ਚਿੱਟਾ ਕੋਰਾ, ਤਾਇਓ , ਪਤ ਸਮੋਈ ਬੈਠੀ ਆਂ! ਅਕਾਰਨ ਰਾਤਾਂ ਵੈਣ ਮੈਂ ਪਾਵਾਂ, ਇੱਕ ਦਰਦ ਲਕੋਈ ਬੈਠੀ ਆਂ! ਵਿੱਚ ਜਵਾਨੀ, ਕਦਮ ਨਾ ਥਿਰਕਣ , ਇੱਕ ਅਣਖ ਬੁਣਾਈ ਬੈਠੀ ਆਂ! ਇੱਜਤ ਦੇਵੇ; ਮਾਣ ਕਰੇ ਜੋ, ਇੱਕ ਰਾਹ ਸੁਲਝਾਈ ਬੈਠੀ ਆਂ! ਰੰਗ ਜੋਤ ਦੇ ਰੰਗ 'ਚ ਸੱਚੀ; ਦੁਨੀਆਂ ਰੰਗਦੀ ਦੇਖ ਲਵਾਂ, ਵੇ ਮਾਹੀ, ਤੇਰੇ ਨਾਮ 'ਚ ਝੱਲੀ , ਇੱਕ ਹਠ ਬਣਾਈ ਬੈਠੀ ਆਂ! ਖ਼ਵਾਬਾਂ ਅੰਦਰ ਜਾਨ ਕਦ ਪਾਵਾਂ, ਇੱਕ ਤਾਂਘ ਲਗਾਈ ਬੈਠੀ ਆਂ! ਰੋਡੇ ਬਾਬੇ ਦੀ ਪੀੜ੍ਹੀ ਦਾ, ਇੱਕ ਮੂਲ ਮੈਂ ਕੱਜੀ ਬੈਠੀ ਆਂ! ਭੋਲੀ ਬੀਬੀ ਦੀ ਕਹਾਣੀ ਦਾ, ਸ਼ੁਕਰ ਕਰਾਂ ਉਸ ਮਹਾਂਰਾਣੀ ਦਾ, ਇੱਕ ਲਿਖਤ ਲਿਖਾਈ ਬੈਠੀ ਆਂ! ਇੱਕ ਲਿਖਤ ਲਿਖਾਈ ਬੈਠੀ ਆਂ!!

2. ਮੰਜਿਲ

ਆਪਣੀ ''ਮੰਜਿਲ'' ਦਾ ਦੱਸ ਕਿਉਂ ਰਾਜ਼ ਦੱਸਦਾਂ, ਰਾਹਾਂ ਨੇ ਵੀ ਤਾਂ ਕਈ ਰਾਜ਼ ਰੱਖੇ!! ਜਦ ਤੁਰੀ ਸਾਂ ਕਈਆਂ ਨੇ ਰਾਹ ਡੱਕੇ, ਕੁੱਝ ਭੁੱਲੀ ਨੀ ਮਿਹਣੇ ਵੀ ਨਾਲ ਰੱਖੇ! ਜੋਤ ਰਹਿਮਤ ਕਰਤਾਰ ਦੀ, ''ਮੰਜਿਲ'' ਮਿਲ ਹੀ ਜਾਵੇ ; ਜੋ ਕੱਲ੍ਹ ਦੀ ਮਿਹਨਤ, ਅੱਜ ਬੇਮਿਸਾਲ ਰੱਖੇ! ਆਪਣੀ ''ਮੰਜਿਲ'' ਦਾ ਦੱਸ ਕਿਉਂ ਰਾਜ਼ ਦੱਸਦਾਂ, ਰਾਹਾਂ ਨੇ ਵੀ ਤਾਂ ਕਈ ਰਾਜ਼ ਰੱਖੇ!! ਵਖਤ ਨੂੰ ਬੁਰਾ ਦੱਸ ਕਿਉਂ ਆਖਾਂ, ਗੁਝੇ ਭੇਤ ਇਹਨੇ ਹੀ ਆਣ ਦੱਸੇ! ਜੀਭ ਦੀ ਮਿਠਾਸ ਹੀ ਕਰਾਰੀ ਹੋਈ, ਗੱਲਾਂ ਕਹੀਆਂ ਦੇ ਜਦੋਂ ਸੀ ਜਵਾਬ ਦੱਸੇ! ਫਿੱਕ ਪੈ ਗਏ ਕਈਆਂ ਨਾਲ ਸੱਚ ਦੱਸਾਂ, ਕਈ ਪ੍ਰੀਤ ਨਾਲ ਕਲਾਵੇ ਸੰਭਾਲ ਰੱਖੇ! ਆਪਣੀ ''ਮੰਜਿਲ'' ਦਾ ਕਿਉਂ ਰਾਜ ਦੱਸਾਂ, ਰਾਹਾਂ ਨੇ ਵੀ, ਤਾਂ ਕਈ ਰਾਜ ਰੱਖੇ!! ਮਾਂ ਦੀ ਬੁੱਕਲ ਨਾਲ ਸੀ ਮੇਰੇ, ਪਿਓ ਨੇ ਹੌਸਲੇ ਬੁਲੰਦ ਰੱਖੇ! ਭੈਣ ਭਾਈ ਨਾਲ ਸੀ ਜਿਹੜੇ, ਹਸਦੇ ਵਸਦੇ ਹਰ ਸਾਹ ਰੱਖੇ! ਨਾਮ ਕਰਤਾਰ ਦਾ, ਕਦੀ ਨਾ ਵਿਸਾਰਿਆ ਮੈਂ, ਚੰਦਰੀ ਦੁਨੀਆਂ ਤੋਂ ਜਿਹੜਾ ਬਚਾਈ ਰੱਖੇ!! ਆਪਣੀ ''ਮੰਜਿਲ'' ਦਾ ਦੱਸ ਕਿਉਂ ਰਾਜ਼ ਦਸਦਾਂ , ਰਾਹਾਂ ਨੇ ਵੀ, ਤਾਂ ਕਈ ਰਾਜ਼ ਰੱਖੇ!! ਹਾਰਨ ਦਾ ਦਰਦ ਅੱਲਾ ਸੀ ਅਜੇ, ਭਰਨ ਦਿੱਤਾ ਨਾ ਕਿਸੇ, ਸਭ ਛੇੜ ਲੰਘੇ! ਖੁਸ਼ੀ ਜਿੱਤ ਦੀ, ਕੱਲੀ ਹੀ ਮਨਾ ਜਿੰਦੇ, ਸ਼ਗਨ ਤੇਰੇ ਲਈ , ਕਿਸੇ ਨਾ ਸੰਭਾਲ ਰੱਖੇ! ਆਪਣੀ ''ਮੰਜਿਲ'' ਦਾ ਦੱਸ ਕਿਉਂ ਰਾਜ਼ ਦੱਸਦਾਂ, ਰਾਹਾਂ ਨੇ ਵੀ ਤਾਂ ਕਈ ਰਾਜ਼ ਰੱਖੇ!! ਬੋਲੀ ਮਾਈ ਦੀ ਸਦਾ ਹੀ ਭਾਗ ਲੱਗਣ, ਜੋ ਨਜਰਾਂ ਮਾੜੀਆਂ ਤੋਂ; ਖੁਸ਼ੀਆਂ ਬਚਾਈ ਰੱਖੇ! ਕਾਮਯਾਬੀ ਦਾ ਹੰਕਾਰ ਦੱਸ ਕਿੰਝ ਕਰਲਾਂ, ਮਿਹਨਤਾਂ ਨੂੰ ਮਸੀ ਤਾਂ ਭਾਗ ਲੱਗੇ! ਆਪਣੀ ''ਮੰਜਿਲ'' ਦਾ ਦੱਸ ਕਿਉਂ ਰਾਜ਼ ਦੱਸਦਾਂ, ਰਾਹਾਂ ਨੇ ਵੀ ਤਾਂ ਕਈ ਰਾਜ਼ ਰੱਖੇ!!

3. ਮਾਂ

ਖ਼ੂਬ ਹੱਸਣ ਦੀ ਕਲਾ ਸਿਖਾਈ, ਕਿਉਂ ਮਾਂ ਦੇ ਨਾ ਹਿੱਸੇ ਆਈ ? ਜੋ ਨਾਲ਼ ਤੇਰੇ ਹਰ ਥਾਂ ਖੜ੍ਹੀ , ਕਿਉਂ ਖੜ੍ਹੀ ਬੁਢੇਪੇ ਡਾਂਗ ਫੜੀ? ਲੜ ਹਾਲਾਤਾਂ ਕਲਮ ਫੜਾਈ, ਹਿੱਸੇ ਉਹਦੇ ਕਿਉਂ ਅਨਪੜ੍ਹਤਾ ਆਈ ? ਸੋਹਣੀ ਪੋਸ਼ਾਕ 'ਤੇ ਤਾਜ਼ ਬਣਵਾਏ , ਕਿਉਂ ਲੀੜੇ ਪੁਰਾਣੇ ਹੀ ਹਿੱਸੇ ਆਏ ? ਪਲਕਾਂ ਦੀ ਉਸ ਸੇਜ਼ ਸਜਾਈ, ਕਿਉਂ ਹਿੱਸੇ ਉਹਦੇ, ਮੰਦਹਾਲੀ ਪਾਈ ? ਕੁੱਖ 'ਚ ਸਾਂਭ ਦੁਨੀਆਂ ਦਿਖਾਈ, ਹੁਣ ਕਿਉਂ ਗੰਧ, ਮਾਈ ਤੋਂ ਆਈ ? ਮਾਂ ਦਏ ਮੁਹੱਬਤ ਮੱਤ ਸਿਖਾਈ , ਕਿਉਂ, ਘੂਰ ਤੇਰੀ ਹੀ ਹਿੱਸੇ ਆਈ ? ਪਹਿਲਾ ਬੋਲ ਤੇਰਾ ਮਾਂ ਸੀ ਭਾਈ, ਕਿਉਂ, ਉਸੇ ਬੋਲ ਤੋਂ ਗਾਲ ਬਣਾਈ ? ਤੈਨੂੰ ਸੁਣ - ਸੁਣ 'ਜੋਤ' ਜੋ ਹੱਸਦੀ ਮਾਈ, ਕਿਉਂ , ਉੱਚੇ ਬੋਲ ਨਾਲ਼ ਚੁੱਪ ਕਰਵਾਈ ? ਸਰੀਰ ਮਾਂ ਸਦਕੇ ਤਾਕਤ ਪਾਈ , ਕਿਉਂ, ਉਹੀ ਮਾਈ ਤੇ ਜਾ ਅਜਮਾਈ ? ਦੁਨੀਆਂ ਛੱਡ ਰੱਬ ਵੀ ਕਰਜਾਈ, ਲੱਗ ਨਾਰੀ ਸੰਗ ਕਿਉਂ ਮਾਂ ਦਬਕਾਈ ? ਭੁੱਖੀ ਰਹਿ ਪਹਿਲ ਤੈਨੂੰ ਖਵਾਈ, ਕਿਉਂ ਪਿਆਸੀ ਪਾਣੀ ਤੋਂ ਮਰਦੀ ਮਾਈ ? ਜਿਹਦੀ ਕਿਸੇ ਨੇ ਕਦਰ ਨੀ ਪਾਈ, ਕਿਉਂ ਜੰਨਤ ਵਰਗੀ ਮਾਂ ਬਣਾਈ ??

4. ਕੁਦਰਤ ਦਾ ਇੱਕ ਰਾਜ਼

ਕੁਦਰਤ ਦਾ ਇੱਕ ਰਾਜ਼ ਕਹਾਂ, ਵੱਸਦੀ ਦੁਨੀਆਂ ਨਮਾਜ਼ ਕਹਾਂ । ਬਗੀਚੇ ਖਿੱੜਦੇ ਫੁੱਲਾਂ ਦੇ, ਇੱਥੇ ਵਾਸੀ ਵੱਸਦੇ ਕੁੱਲਾਂ ਦੇ। ਕਲੀਆਂ ਵਿਚ ਵੀ ਨੂਰ ਆ ਗਿਆ , ਚੰਦਰਾ ਜਿਵੇਂ ਸਰੂਰ ਆ ਗਿਆ। ਕੁਦਰਤ ਦਾ ਇੱਕ ਰਾਜ਼ ਕਹਾਂ, ਵੱਸਦੀ ਦੁਨੀਆਂ ਨਮਾਜ਼ ਕਹਾਂ । ਕੱਜ਼ਲ ਮੇਘਾਂ ਆਪ ਸਜਾਇਆ, ਵਾਂਗ ਸੁੰਦਰੀ ਨੈਣੀਂ ਪਾਇਆ। ਰੌਣਕ ਦੱਸਦੀ ਪੌਣਾਂ ਦੀ, ਪਰਵਤੀ ਨੱਚਦੇ ਮੋਰਾਂ ਦੀ। ਕੁਦਰਤ ਦਾ ਇੱਕ ਰਾਜ਼ ਕਹਾਂ, ਵੱਸਦੀ ਦੁਨੀਆਂ ਨਮਾਜ਼ ਕਹਾਂ । ਵਿਚ ਚਟਾਨਾਂ ਪਾਣੀ ਦਾ, ਸੱਚੀਂ , ਕੀ ਸੁਰ ਸੀ ਵੱਗਦੀ ਕਹਾਣੀ ਦਾ। ਠੰਡੀ ਮਿੱਠੀ ਛਾਂ ਨਿਆਰੀ , ਜਿਵੇਂ, ਜੋਤ ਨੂੰ ਮਾਂ ਪਿਆਰੀ। ਕੁਦਰਤ ਦਾ ਇੱਕ ਰਾਜ਼ ਕਹਾਂ, ਵੱਸਦੀ ਦੁਨੀਆਂ ਨਮਾਜ਼ ਕਹਾਂ । ਸੌਣ ਸੀਤਲ ਬਰਸਾਤ ਆਈ , ਬਾਦ ਤੁਫਾਨੋਂ ਭਰਵਾਤ ਆਈ। ਹੁੱਣ ਜੇਠ ਹਾੜ੍ਹ ਵੀ ਚੁੱਪੀ ਧਾਰ ਸੀ, ਜੱਦ ਧੁੱਖਦੀ ਗਰਮੀਂ ਜਾਨ ਆਈ। ਕੁਦਰਤ ਦਾ ਇੱਕ ਰਾਜ਼ ਕਹਾਂ, ਵੱਸਦੀ ਦੁਨੀਆਂ ਨਮਾਜ਼ ਕਹਾਂ । ਕੋਇਲ ਵੀਣਾ ਸੁਰ ਪਿਆ, ਕੁਦਰਤੀ ਜੌਬਨ ਡੁੱਲ ਪਿਆ। ਅੰਮ੍ਰਿਤ ਪ੍ਰੇਮ ਦਾ ਛਲਕੀ ਜਾਵੇ, ਸੀਤਲ ਪਵਨ ਵੀ ਵੱਗਦੀ ਜਾਵੇ। ਕੁਦਰਤ ਦਾ ਇੱਕ ਰਾਜ਼ ਕਹਾਂ, ਵੱਸਦੀ ਦੁਨੀਆਂ ਨਮਾਜ਼ ਕਹਾਂ । ਕੀਟ-ਪਤੰਗੇ ਜਨਮ ਦਵਾਇਆ, ਧਰਤੀ ਮਮਤਾ ਰੂਪ ਦਿਖਾਇਆ। ਆਈ ਬਰਸਾਤ ਸਰਦ ਲਿਆਈ, ਪਤਝੱੜ੍ਹ ਬਾਅਦ ਬਸੰਤ ਆਈ। ਕੁਦਰਤ ਦਾ ਇੱਕ ਰਾਜ਼ ਕਹਾਂ, ਵੱਸਦੀ ਦੁਨੀਆਂ ਨਮਾਜ਼ ਕਹਾਂ।।

5. ਅਪਣੀ ਸੁਣਾਉਂਦਾ ਫਿਰੇ ਇਹ ਮੋਇਆ !

ਜਲ ਕੇ ਰੋਇਆ ਤਾਂ ਹੁਣ ਕਿਉਂ ਰੋਇਆ ਹੰਝੂਆਂ ਨੇ ਵੀ ਵੰਡ ਮੁੱਕਾ ਲਈ ਕੁੱਝ ਅੱਖੀਆਂ ਹਿੱਸੇ ਕੁੱਝ ਦਿੱਲ ਵੀ ਰੋਇਆ ! ਅਪਣੀ ਸੁਣਾਉਂਦਾ ਫਿਰੇ ਇਹ ਮੋਇਆ !! ਵਖਤ ਦਾ ਮਾਰਿਆ ਕਿਹਨੂੰ ਝਿੜਕੇ ਅਪਣਾ ਵੀ ਨਾ ਅਪਣਾ ਹੋਇਆ। ਪੀੜ ਦੱਸ ਵੇ ਕਿਵੇਂ ਲੁਕਾਵਾਂ ਜੋਤ ! ਬਾਪੂ ਨਹੀਂ ਅੱਜ ਰੱਬ ਵੀ ਰੋਇਆ। ਅਪਣੀ ਸੁਣਾਉਂਦਾ ਫਿਰੇ ਇਹ ਮੋਇਆ!! ਇਕੱਲੇ ਰਹਿ ਗਏ ਦੁੱਧ ਪਰਖ ਹੋ ਗਏ ਢਿੱਡਾਂ ਨੇ ਵੀ ਨਿਵਾਲੇ ਖੋਹੇ ਵੇਖ ਵੇਖ ਅੱਜ ਪੀਰ ਵੀ ਰੋਇਆ ਅਪਣੀ ਸੁਣਾਉਂਦਾ ਫਿਰੇ ਇਹ ਮੋਇਆ!! ਦਿਨ ਬੀਤ ਗਿਆ ਰਾਤ ਲੰਮੇਰੀ , ਤੂੰ ਕੀ ਜਾਣੇ ਮੈਂ ਕਿੰਨਾਂ ਕੁ ਸੋਇਆ, ਮੀਂਹ ਹਨੇਰੀ ਝੱਖੜ ਰੌਲੇ ਪਾਇਆ ਨਹੀਂ ਮੈਂ ਜਿੰਨਾਂ ਖੋਇਆ! ਅਪਣੀ ਸੁਣਾਉਂਦਾ ਫਿਰੇ ਇਹ ਮੋਇਆ!!

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ