Punjabi Poetry : Manjit Indira

ਪੰਜਾਬੀ ਕਵਿਤਾਵਾਂ : ਮਨਜੀਤ ਇੰਦਰਾ



ਚੰਦਰੇ ਹਨੇਰੇ

ਸਾਡਾ ਸੂਰਜ ਵੀ ਮੋੜੋ ਸਾਡਾ ਚਾਨਣ ਵੀ ਮੋੜੋ ਕਿਤੇ ਖਾ ਨਾ ਜਾਣ ਚੰਦਰੇ ਹਨੇਰੇ ਕੱਟ ਬੇੜੀਆਂ, ਪੈਰਾਂ 'ਚ ਅਸਾਂ ਬਿਜਲੀ ਸੀ ਬੱਧੀ ਸਾਡੇ ਪੈਰਾਂ 'ਚੋਂ ਹਟਾਓ ਕਾਲੇ ਪੰਧ ਇਹ ਲੰਮੇਰੇ ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ ਅਸੀਂ ਜ਼ੁਲਮਾਂ ਦੇ ਵੈਰੀ ਅਸਾਂ ਵੰਡਣੇ ਸਵੇਰੇ ਸਾਡੇ ਨੈਣਾਂ ਵਿੱਚ ਭਖਦੇ ਨੇ ਰੋਹ ਦੇ ਚਿੰਗਾੜੇ ਅਸੀਂ ਹਿੰਮਤਾਂ ਦੇ ਜਾਏ ਸਾਡੇ ਪਰਬਤਾਂ ਦੇ ਜੇਰੇ। ਸਾਡੇ ਪੈਰਾਂ ਨਾਲ਼ ਕਾਲ਼ ਜਿਹੜਾ ਬੰਨ੍ਹਿਆ ਤੁਸਾਂ ਨੇ ਤੁਹਾਡੇ ਸਿਰਾਂ ਉੱਤੇ ਕੂਕੂ ਜਦੋਂ ਹੋਣਗੇ ਨਿਬੇੜੇ। ਸਾਡਾ ਸੂਰਜ ਵੀ ਮੋੜੋ ਸਾਡਾ ਚਾਨਣ ਵੀ ਮੋੜੋ ਕਿਤੇ ਖਾ ਨਾ ਜਾਣ ਚੰਦਰੇ ਹਨੇਰੇ।

ਹਾਇ ਧੀਆਂ ਦੇ ਦੁੱਖ

(ਹਾਥਰਸ 'ਚ ਬਲਾਤਕਾਰ ਪੀੜਤਾ ਕੁੜੀ ਦੇ ਨਾਮ) ਪੋਠੋਹਾਰਨ ਕੁੜੀ ਵਾਂਗਰਾਂ ਹਾਥਰਸ ਦੀ ਛੈਲ-ਛਬੀਲੀ ਸਿਰ ਤੇ ਚੁੱਕੀ ਪੰਡ ਘਾਹ ਦੀ ਪੈਲਾਂ ਪਾਂਦੀ ਝੋਲੇ ਖਾਂਦੀ ਓਭੜ ਖਾਬ੍ਹੜ ਰਾਹੀਂ ਟੁਰਦੀ ਮਾਂ ਆਪਣੀ ਤੋਂ ਪਛੜ ਗਈ ਸੀ ਵੀਰੇ ਤੋਂ ਰਹਿ ਗਈ ਸੀ ਪਿੱਛੇ ਠਾਕੁਰਾਂ ਦੇ ਵਿਗੜੇ ਕਾਕੇ ਨਸ਼ਿਆਂ ਡੰਗੇ ਕਾਮੀ ਕੀੜੇ ਓਸ ਲਗਰ ਦੀ ਚਾਈ ਸਿਰ ਤੇ ਗਠੜੀ ਘਾਹ ਦੀ ਸੁੱਟ ਵਗਾਹ ਕੇ ਉਸ ਨਾਜੋ ਨੂੰ ਖਿੱਚ ਧਰੂਅ ਕੇ ਸੰਘਣੇ ਖੇਤੀਂ ਚਹੁੰ ਬੱਬਰਾਂ ਨੇ ਮਸਲ਼ ਮਧੋਲ਼ ਅਧਮੋਈ ਕੀਤੀ… ਕੁਝ ਨਾ ਬੋਲੇ ਪੋਲ ਨਾ ਖੋਲ੍ਹੇ ਜੀਭ ਵਿਹੁਣੀ ਕੀਤੀ ਸ਼ੋਧੀ… ਨਸ਼ੇ ਦੇ ਭੰਨੇ ਜਾਨ ਬਚਾਉਂਦੇ ਲੁਕ ਗਏ ਕਿਸੇ ਹਵੇਲੀ ਜਾ ਕੇ ਜਿਸ ਦੇਵੀ ਦੀ ਪੂਜਾ ਕਰਦੇ ਜਾ ਜਾ ਮੰਦਰੀਂ ਉਸੇ ਦੇਵੀ ਦਾ ਚੀਰ ਹਰਨ ਕਰ ਬੜ੍ਹਕਾਂ ਮਾਰਨ… ਕਿਹੜਾ ਸ਼ਾਸਨ ਪ੍ਰਸ਼ਾਸ਼ਨ ਤੇ ਕਿਹੜੇ ਨੇਤਾ ਦਾਗ਼ਦਾਰ ਨੇ ਵਰਦੀਆਂ ਵਾਲ਼ੇ ਵੱਡੇ ਅਹੁਦੇ ਵੱਡਿਆਂ ਮੂਹਰੇ ਪਾਣੀ ਭਰਦੇ… ਛੰਨਾ ਢਾਰੇ ਹੰਝੂ ਹੰਝੂ ਚੀਖ਼ ਰੁਦਨ ‘ਤੇ ਪਹਿਰੇ ਲੱਗੇ… ਚਿੱਟੇ ਭਗਵੇਂ ਤੇ ਮਟਮੈਲੇ਼ ਗੱਡੀਆਂ ਕਿੰਝ ਭਜਾਈ ਫਿਰਦੇ ਆਪੋ-ਧਾਪ ਮਚਾਈ ਫਿਰਦੇ ਵੋਟ ਬੈਂਕ ਲਈ ਝੱਗਾਂ ਛੱਡਦੇ ਬਾਹਾਂ ਉਲਾਰ ਝੂਠੀ ਹਮਦਰਦੀ ਦੀ ਰਾਸ ਰਚਾਉਂਦੇ… ਟੀਵੀ ਮੀਡੀਆ ਚੀਖ਼-ਚੀਖ਼ ਕੇ ਟੀ.ਆਰ.ਪੀ ਲਈ ਰੌਲ਼ਾ ਪਾਉਂਦੇ ਜਿਨ੍ਹਾਂ ਆਪਣੀ ਧੀ ਗਵਾਈ ਇਜ਼ਤ ਪੈਰਾਂ ਹੇਠ ਰੁਲਾਈ ਖ਼ਾਕੀ ਨੇ ਡਰਾਏ ਦਬਕਾਏ ਕੁੱਟ-ਮਾਰ ਵੀ ਰੱਜ-ਰੱਜ ਕੀਤੀ ਅਸਲ ਨਸ਼ਰ ਮੂਲ਼ ਨਾ ਹੋਵੇ ਰਾਸ਼ਟਰਪਤੀ ਵਾਂਗ ਸੁਰੱਖਿਆ ਦੇ ਕੇ ਉਸ ਕੁੱਲੀ ਨੂੰ ਘੇਰਾ ਘੱਤਿਆ ਟੀਵੀ, ਰੇਡੀਓ, ਫੋ਼ਨ ਮੋਬਾਇਲ ਸਭ ਖੋਹ ਖੱਸ ਕੇ ਡਰਾ ਧਮਕਾ ਗਰੀਬੜੇ ਅੰਦਰ ਵਾੜੇ ਡਰ ਕਿਉਂ ? ਕਿਸ ਲਈ ? ਏਸ ਲਈ ਕਿ ਉੱਚੀ ਜਾਤ ਹਵੇਲੀ ਵੱਡੀ “ਵੱਡੇ ਲੋਕ ਇਜ਼ਤਾਂ ਵਾਲ਼ੇ” ਓਸ ਹਵੇਲੀ ਦੇ ਇਹ ਕਾਕੇ ਨਸ਼ਰ ਨਾ ਹੋਵਣ… ਕੁਝ ਦਮੜੇ ਇਵਜ਼ਾਨਾ ਦੇਕੇ ਮੂੰਹ ਬੰਦ ਕਰਦੇ ਹਉਕਿਆਂ ਦੇ ਇੰਜ ਮੁੱਲ ਨੇ ਤਰਦੇ… ਵਾਹ ਸਰਕਾਰੇ ਤੇਰੇ ਕਾਰੇ !! ਨਿੱਤ ਦਿਹਾੜੇ ਨਿਭੈਯਾ, ਮਨੀਸ਼ਾ, ਚੰਪਾ, ਬੇਲਾ ਕਦੇ ਦਾਮਨੀ ਕਦੇ ਰੁਕਮਣੀ ਲੁੱਟੀਆਂ ਜਾਵਣ ਦਿਨ ਦਿਹਾਡ਼ੇ ਸਿਤਮ-ਜ਼ਰੀਫੀ ਵੇਖ ਵੇ ਲੋਕਾ ਜਿਸ ਕੁੱਖੋਂ ਇਹ ਜੰਮੇ-ਜਾਏ ਓਸੇ ਕਵਾਰੀ ਕੁੱਖ ਨੂੰ ਜਾਰਵਰਾਂ ਵਾਂਗ ਚੀਣਾ-ਚੀਣਾ ਕਰਦੇ… ਇਹ ਕੈਸੀ ਮਰਦਾਨਗੀ ਲੋਕਾਂ ! ਹਾਇ! ਧੀਆਂ ਦਾ ਦੁੱਖ ਵੇ ਲੋਕਾ !!

ਅਸਾਂ ਕਦ ਸੋਚਿਆ

ਅਸਾਂ ਦਿੱਤੀਆਂ ਕੁਰਬਾਨੀਆਂ ਇਸ ਲਈ ਤਾਂ ਨਹੀਂ ਕਿ ਤੁਸੀਂ ਨਾਮ ਸਾਡੇ ’ਤੇ ਘਿਨੌਣੀ ਖੇਡ ਕੋਈ ਖੇਡੋ... ਅਸਾਂ ਜਦ ਸੀਸ ਦਿੱਤਾ ਸੀ ਵਤਨ ਦੀ ਸ਼ਾਨ ਦੀ ਖ਼ਾਤਰ ਅਸਾਂ ਕਦ ਸੋਚਿਆ ਸੀ ਤਦ ਕਿ ਇਸ ਦਾ ਮੁੱਲ ਵੱਟੋਗੇ!! ਤੁਸਾਂ ਤਾਂ ਹੱਦ ਕਰ ਦਿੱਤੀ ਵਤਨ ਨੂੰ ਵੇਚ-ਵੱਟ ਖਾਧਾ ਤੁਸਾਂ ਤਾਂ ਸ਼ਰਮ ਕੀਤੀ ਨਾ ਅਸਾਡੇ ਨਾਮ ਨੂੰ ਹੀ ਢਾਲ ਕਰ ਬੈਠੇ ਬੜੇ ਭੋਲੇ ਤੇ ਸਿੱਧੜ ਨੇ ਅਸਾਡੇ ਮੁਲਕ ਦੇ ਵਾਸੀ ਇਨ੍ਹਾਂ ਨੂੰ ਆੜ ਸਾਡੀ ਲੈ ਕਈ ਹਿੱਸਿਆਂ ’ਚ ਵੰਡ ਬੈਠੇ... ਬੜੀ ਤਕਲੀਫ਼ ਹੁੰਦੀ ਹੈ ਬੜਾ ਹੀ ਤਾਓ ਚੜ੍ਹਦਾ ਹੈ ਅਥਾਹ ਹੀ ਖ਼ੌਲਦਾ ਹੈ ਖ਼ੂਨ ਮੁੱਠੀਆਂ ਵੀਟੀਆਂ ਜਾਵਣ... ਅਸੀਂ ਤਾਂ ਦੇਖ ਸਕਦੇ ਹਾਂ ਸਿਰਫ਼ ਮਹਿਸੂਸ ਸਕਦੇ ਹਾਂ ਅਸਾਡੇ ਤਨ ਨਹੀਂ ਜੀਊਂਦੇ ਅਸੀਂ ਰੂਹਾਂ ਹੀ ਹੋ ਗਏ ਹਾਂ!! ਕਦੋਂ ਤੱਕ ਝੂਠ ਦਾ ਵਿਓਪਾਰ ਕਰੋਗੇ ਵਤਨ ਸਾਡੇ ਨਾਲ ਕਦੋਂ ਤੱਕ ਮੁੱਲ ਪਾਓਗੇ ਪਰਾਏ ਬੀਜੇ ਵੱਢੇ ਦਾ?? ਓ ਜਰਵਾਣਿਓ! ਲਹੂਆਂ ਦੇ ਪਿਆਸੇ ਭੇੜੀਏ ਵਾਂਗੂੰ ਕਦੋਂ ਤੱਕ ਖ਼ੂਨ ਦੀ ਖੇਡੋਗੇ ਹੋਲੀ ਕਦੋਂ ਤੱਕ ਸਿਦਕ ਸਾਡੇ ਦੀ ਲਗਾਉਂਦੇ ਰਹੋਗੇ ਬੋਲੀ?? ਨਹੀਂ ਹੁਣ ਹੋਰ ਨਹੀਂ ਜਰਨਾ ਭਗਤ,ਕਰਤਾਰ ਜਾਂ ਰਾਜ ਬਣਕੇ ਪਰਤ ਆਵਾਂਗੇ ਵਤਨ ਸਾਡਾ ਅਸਾਡੀ ਆਨ ਜੋ ਇਸ ਨੂੰ ਬਚਾਵਾਂਗੇ!!!

ਮੇਰੇ ਕੁਝ ਲਗਦਿਓ

ਕਾਰ ਦੇ ਸ਼ੀਸ਼ੇ ’ਤੇ ਲਾ ਤਸਵੀਰ ਮੇਰੀ ਕਿਓਂ ਕਰਦੇ ਹੋ ਬਾਰ-ਬਾਰ ਜ਼ਲੀਲ ਮੈਨੂੰ... ਮੈਂ ਪੰਜਾਬ ਦਾ ਪੁੱਤਰ ਮੈਂ ਆਪਣੇ ਧਰਮ ਦਾ ਪੱਕਾ ਪਗੜੀ ਤਾਜ ਸੀ ਮੇਰਾ ਮੇਰਾ ਸ਼ਿੰਗਾਰ ਸੀ ਪਗੜੀ ਕੇਸ ਜਦ ਕਤਲ ਕੀਤੇ ਸਨ ਗੁਰੂ ਦੇ ਚਰਨ ਪਰਸੇ ਸੀ ਇਹ ਕਹਿ ਕੇ ਭੁੱਲ ਬਖਸ਼ਾਈ ‘ਵਤਨ-ਪ੍ਰਸਤੀ ਧਰਮ ਹੈ ਮੇਰਾ ਧਰਮ ਤੋਂ ਕੋਈ ਵੱਡਾ ਨਹੀਂ’ ‘ਐ ਮੇਰੇ ਕਲਗੀਆਂ ਵਾਲੇ! ਮੈਂ ਤੇਰੀ ਪਹੁਲ ਪੀ ਕੇ ਵਤਨ ਲੇਖੇ ਲੱਗਣ ਚਲਿਆ ਹਾਂ...’ ਮੇਰੇ ਦਾਤੇ ਦੀ ਮਿਹਰ ਸਦਕਾ ਅਸਾਂ ਪਾ ਲਈ ਸੀ ਆਪਣੀ ਮੰਜ਼ਿਲ ਜਰਵਾਣਿਆਂ ਦੇ ਚੁੰਗਲ ਵਿੱਚੋਂ ਆਪਣੀ ਮਾਂ-ਭੂਮੀ ਦੀ ਆਨ ਬਚਾਈ... ਪਰ ਸ਼ੋਧਿਓ! ਤੁਹਾਡੀ ਕਾਰ ਦੇ ਸ਼ੀਸ਼ੇ ’ਚੋਂ ਮੈਂ ਸਭ ਕੁਝ ਦੇਖ ਸਕਦਾਂ ਤੁਹਾਡੇ ਕਾਰਿਆਂ ਦੀ ਲਿਸਟ ਲੰਮੀ ਹੋਰ ਲੰਮੇਰੀ ਹੋ ਰਹੀ ਅਜੇ ਵੀ ਸੰਭਲ ਜਾਓ ਬਾਜ਼ ਆਓ ਵਹਿਸ਼ੀ ਕਾਰਿਆਂ ਤੋਂ ਤੁਹਾਡੀ ਕਾਰ ਦੇ ਸ਼ੀਸ਼ੇ ਇਹ ਸਭ ਕੁਝ ਦੇਖਦੇ ਨੇ... ਮੇਰੀ ਮਿੱਟੀ ਮੇਰੀ ਧਰਤੀ ਮੇਰੀ ਮਾਤਾ ਮੈਂ ਜਿਸ ਦੀ ਆਨ ਖਾਤਰ ਚੁੰਮਿਆ ਸੀ ਫਾਂਸੀ ਦਾ ਰੱਸਾ ਉਸੇ ਮਿੱਟੀ ਦੇ ਜਾਇਓ ਮੇਰੇ ਕੁਝ ਲਗਦਿਓ ਮੇਰੇ ਮੁਲਕ ਦੀ ਆਨ-ਬਾਨ ਮਿੱਟੀ ਨਾ ਕਰੀ ਜਾਓ ਆਜ਼ਾਦੀ ਮਹਿੰਗੇ ਮੁੱਲ ਦੀ ਸਾਂਭ ਰੱਖੋ ਕਿਤੇ ਕੋਈ ਹੋਰ ਭਾਣਾ ਨਾ ਵਰਤ ਜਾਵੇ ਅਜੇ ਵੀ ਸੰਭਲ ਜਾਓ...

ਅੱਖ ਮਛਲੀ ਦੀ

ਮੇਰੇ ਪੁੱਤਰ ਮੇਰੀ ਧਰਤੀ ਦੇ ਜਾਏ ਤੂੰ ਮੇਰੇ ਪਿੰਡ ਆਇਓਂ ਜੀਓ ਆਇਆਂ! ਖ਼ੁਸ਼-ਆਮਦੀਦ!! ਮੇਰੇ ਪੁਸ਼ਤੈਨੀ ਪਿੰਡ ਦੇ ਆਂਗਣ ਜਿੱਥੇ ਬੁੱਤ ਬਣਿਆ ਮੈਂ ਖੜ੍ਹਾ ਹਾਂ ਮੇਰੇ ਸੱਜੇ ਤੇ ਖੱਬੇ ਯਾਰ ਮੇਰੇ ਇਸੇ ਤ੍ਰਿਕੜੀ ਦੇ ਪੱਥਰ ਰੂਪ ਸਾਹਵੇਂ ਲੋਕ-ਤਾਕਤ ਨਾਲ ਲੈ ਕੇ ਤੂੰ ਆਇਓਂ ਨਾਓਂ ਮੇਰੇ ਦੀ ਹੇਕ ਲਾ ਕੇ ਮੇਰੇ ਜਜ਼ਬਿਆਂ ਦੇ ਮੇਚ ਆਵਣ ਮੁਲਕ ਵਿੱਚ ਸੋਚ ਮੇਰੀ ਨੂੰ ਪ੍ਰਚਾਰਣ... ਭਲਾ, ਵਰ੍ਹਿਆਂ ਤੋਂ ਇਹ ਕੀ ਹੋ ਰਿਹਾ ਹੈ? ਮੈਂ ਹੈਰਾਨ ਹਾਂ ਪਰੇਸ਼ਾਂ ਨੇ ਮਿੱਤਰ ਕਰਦਾਂ ਯਾਦ ਮੈਂ ਹੁਣ ਉਸ ਸਮੇਂ ਨੂੰ ਜਦੋਂ ਸੀ ਦੇਸ਼ ਪ੍ਰੇਮ ਦੀ ਪਹੁਲ ਪੀਤੀ ਵਰਨ ਲਈ ਲਾੜੀ ਆਜ਼ਾਦੀ ਬਸੰਤੀ ਚੋਲਾ ਤੇ ਦਸਤਾਰ ਪਹਿਨ ਕੇ ਬੋਲੀ ਇਨਕਲਾਬੀ ਮੈਂ ਸੀ ਬੋਲੀ ਕੁੱਲ ਖ਼ਲਕਤ ਸੀ ਪਹੁੰਚੀ ਨਾਲ ਮੇਰੇ ਗੁਲਾਮੀ ਦੇ ਜੰਗਾਲੇ ਸੰਗਲ ਤੋੜਨ ਖਾਤਰ ਨਾਅਰੇ ਸਨ ਇਨਕਲਾਬੀ ਅਸਾਂ ਲਾਏ ਕਿਤੇ ਤਾਂ ਬੰਬ ਸੁੱਟਿਆ ਕਿਤੇ ਲਲਕਾਰ ਲਾਈ ਕਿਤੇ ਮੋੜੀ ਸੀ ਭਾਜੀ ਕਿਤੇ ਨਵੀਂ ਰੀਤ ਪਾਈ ਸਿੱਧਾ ਨਿਸ਼ਾਨਾ ਅੱਖ ਮਛਲੀ ਦੀ ਮੁਲਕ ਦੀ ਆਜ਼ਾਦੀ ਕਦੇ ਭਟਕੇ ਨਹੀਂ ਸਾਂ ਨਿਸ਼ਾਨੇ ਮਿਥੇ ਤੋਂ ਆਪਣੇ ਸਾਡੇ ਸਾਹ ਆਜ਼ਾਦੀ ਸਾਡੀ ਨਜ਼ਰ ਆਜ਼ਾਦੀ ਸਾਡੇ ਦਿਨ ਆਜ਼ਾਦੀ ਸਾਡੀ ਰਾਤ ਆਜ਼ਾਦੀ ਅਸਾਡੀ ਨੀਂਦ ਆਜ਼ਾਦੀ ਅਸਾਡੀ ਜਾਗ ਆਜ਼ਾਦੀ ਆਜ਼ਾਦੀ ਤੇ ਕੇਵਲ ਆਜ਼ਾਦੀ ਅੱਜ ਮੈਂ ਸੋਚਦਾਂ ਮੇਰੇ ਅਲਬੇਲੇ ਪੁੱਤਰ ਇਹ ਜੰਗ ਦਾ ਬਿਗਲ ਜੋ ਤੂੰ ਫੂਕ ਬੈਠੋਂ ਕੀ ਇਹ ਵੀ ਓਡਾ ਪਾਵਨ ਜੀਕਰ ਵਾਕ ਲੈ ਕੇ ਅਸੀਂ ਤੁਰੇ ਸਾਂ? ਵਰਨ ਲਈ ਆਜ਼ਾਦੀ ਲਾਹੁਣ ਸੰਗਲ ਗੁਲਾਮੀ ਭਲਾ ਇੱਕ ਸ਼ੱਕ ਕਿਓਂ ਹੁੰਦਾ ਤੇਰੇ ਇਸ ਕਾਰਨਾਮੇ ’ਤੇ ਭਲਾ ਇਹ ਸੋਚ ਕਿਓਂ ਆਉਂਦੀ ਕਿਤੇ ਤੂੰ ਵੀ ਓਹੋ ਜਿਹਾ ਤਾਂ ਨਹੀਂ ਜਿਨ੍ਹਾਂ ਆਜ਼ਾਦੀ ਪਿੱਛੋਂ ਕੁੱਲ ਵਤਨ-ਪ੍ਰਸਤ ਵਿਸਾਰੇ ਤੇ ਇਤਿਹਾਸ ਦਿਆਂ ਪੰਨਿਆਂ ’ਚ ਉਤਾਰੇ ਉਨ੍ਹਾਂ ਦੇ ਨਾਓਂ ’ਤੇ ਸਿੰਘਾਸਨ ਉਸਾਰੇ ਆਪਣੇ ਘਰ-ਬਾਰ ਸਵਾਰੇ ਤੇ ਚਾਹੇ ਅਣਚਾਹੇ ਇੱਕ ਮਿਥੇ ਦਿਨ ਤਿਰੰਗਾ ਲਹਿਰਾਇਆ ਮਮਟੀਆਂ ’ਤੇ ਦੀਵਾ ਜਗਾਇਆ ਬਸ, ਲੁੱਟਿਆ ਆਪਣਾ ਦੇਸ਼ ਤੇ ਦੇਸ਼-ਵਾਸੀ... ਗਾਲ੍ਹਾਂ ਦੇ ਪੱਥਰ ਇੱਕ ਦੂਏ ’ਤੇ ਵਰ੍ਹਾਉਂਦੇ ਪੰਜ ਵਰ੍ਹਿਆਂ ਬਾਦ ਕੁਟਲਨੀਤੀਆਂ ਸਾੜਾ-ਕੀਨਾ ਬਦਲੇ ਖੋਰੀਆਂ ਭਾਵਨਾਵਾਂ... ਕਿਤੇ ਤੂੰ ਵੀ ਇਨ੍ਹਾਂ ਵਰਗਾ ਇਨ੍ਹਾਂ ਦਾ ਰੂਪ ਹੈਂ ਕੋਈ ਜਾਂ ਇਨ੍ਹਾਂ ਤੋਂ ਵੱਧ ਤੇਜ਼-ਤਰਾਰ ਕਟਾਰ ਹੈਂ ਕੋਈ ਤੇਰੇ ਮਨ ਦੀ ਤਾਂ ਚੰਨਾ ਤੂੰ ਹੀ ਜਾਣੇ ਤੂੰ ਹੀ ਦੱਸ ਤੇਰੇ ’ਤੇ ਕਿਵੇਂ ਇਤਬਾਰ ਕਰੀਏ ਕਿਤੇ ਹੋਈਏ ਨਾ ਸ਼ਰਮਿੰਦਾ ਫਿਰ ਵੀ ਮੇਰੇ ਬੱਚੇ ਸਿਰਫ਼ ਆਸੀਸ ਹੈ ਸਾਡੀ ਇਮਾਨ ਵੇਚ ਨਾ ਬੈਠੀਂ ਜੋ ਤੇਰੇ ਵੱਡੇ-ਵਡੇਰੇ ਭਾਈਆਂ ਨੇ ਕੀਤਾ ਪਿਤਾ-ਪੁਰਖੀ ਨਾ ਦੁਹਰਾਵੀਂ ਮੇਰੇ ਬੱਚਿਆ! ਮੇਰੇ ਪੁਸ਼ਤੈਨੀ ਪਿੰਡ ਜਿੱਥੇ ਬੁੱਤ ਬਣਿਆ ਮੈਂ ਖੜ੍ਹਾ ਹਾਂ ਮੇਰੇ ਸੱਜੇ ਤੇ ਖੱਬੇ ਯਾਰ ਮੇਰੇ ਇਸੇ ਤ੍ਰਿਕੜੀ ਦੇ ਪੱਥਰ ਰੂਪ ਸਾਹਵੇਂ ਲੋਕ-ਸ਼ਕਤੀ ਨਾਲ ਲੈ ਕੇ ਤੂੰ ਆਇਓਂ ਨਾਓਂ ਮੇਰੇ ਦੀ ਹੇਕ ਲਾ ਕੇ...

ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ

ਮਾਪੇ ਵੀ ਜਿਉਂਦੇ ਹੋਣ ਭੈਣ ਭਾਈ ਆਉਂਦੇ ਹੋਣ ਲੋਕ ਵੀ ਸਲੌਂਹਦੇ ਹੋਣ ਆਵੇ ਨਾ ਉਲਾਂਭਾ ਧੀ ਹੋਈ ਮੁਟਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਸੋਹਣਾ ਜੇ ਮਕਾਨ ਹੋਵੇ ਪੱਕੀ ਜੇ ਜਬਾਨ ਹੋਵੇ ਪਿੰਡ ਮਾਣ ਤਾਣ ਹੋਵੇ ਟੌਹਰ ਜੇ ਇਲਾਕੇ ਵਿੱਚ ਹੋਵੇ ਸਰਦਾਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਚੰਗੇ ਅੰਗ ਸਾਕ ਹੋਣ ਸਾਊ ਜੇ ਜਵਾਕ ਹੋਣ ਭਾਈਆਂ ਚ ਇਥਫਾਕ ਹੋਣ ਡਾਂਗਾਂ ਜਹੇ ਯਾਰ ਕੀ ਏ ਕੰਮ ਹਥਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਕਰਜਾ ਨਾ ਕੱਖ ਹੋਵੇ ਪੈਲੀ ਵੀ ਜੇ ਫੱਕ ਹੋਵੇ ਇੱਕੋ ਥਾਂ ਤੇ ਟੱਕ ਹੋਵੇ ਆਉਂਦਾ ਏ ਨਜ਼ਾਰਾ ਜਦੋਂ ਖੇਤ ਗੇੜਾ ਮਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਘਰੇ ਨਾ ਬਿਮਾਰੀ ਹੋਵੇ ਜੌਬ ਸਰਕਾਰੀ ਹੋਵੇ ਉੱਪਰ ਵਾਲੇ ਦੀ ਮੇਹਰ ਜੋ ਆਪੇ ਗੁੱਡੀ ਚਾੜ੍ਹਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਪੈਸੇ ਦੀ ਨਾ ਰੇਸ ਹੋਵੇ ਘਰੇ ਨਾ ਕਲੇਸ਼ ਹੋਵੇ ਚਲਦਾ ਨਾ ਕੇਸ ਹੋਵੇ ਇੱਕੋ ਹੀ ਸੁਨੇਹਾ ਦੇਈਏ ਸਭ ਨੂੰ ਪਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ