Punjabi Poetry : Maninderjit Kaur

ਪੰਜਾਬੀ ਕਵਿਤਾਵਾਂ : ਮਨਿੰਦਰਜੀਤ ਕੌਰ


ਕਸ਼ਮਕਸ਼

ਅਜੀਬ ਜਿਹੀ ਇਹ ਕਹਿਕਸ਼ਾਂ, ਹਰ ਦਿਸਹਿੱਦੇ ਦੀ ਕਸਕ ਤੋਂ, ਪੈਦਾ ਹੋਈ ਪੀੜ ਤੋਂ, ਰਿਸਦੇ ਕੋਈ ਨਾਸੂਰ ਤੋਂ, ਧੁਖਦੇ ਕੋਈ ਅੰਗਾਰ ਤੋਂ, ਰੁਲ ਰਹੀ ਤਹਿਜ਼ੀਬ ਤੋਂ, ਵਿਚਾਰਾਂ ਦੀ ਪੜਚੋਲ ਤੋਂ, ਵਜ਼ਨ, ਲੈਅ ਤੇ ਤੋਲ ਤੋਂ, ਅਜ਼ਮਤ ਦੀ ਅਜ਼ਮਾਇਸ਼ ਤੋਂ, ਲਿਖਤ ਦੀ ਲਿਖਾਇਕ ਤੋਂ, ਨਿਰਛਲ ਦੀ ਕਪਟ ਤੋਂ, ਟੁੱਟ ਰਹੀ ਇਹ ਡੋਰ, ਮੱਚ ਰਹੇ ਨੇ ਸ਼ੋਰ...।

ਤਪੱਸਵੀ

ਕੌਣ ਤਪੱਸਵੀ ਹੁੰਦਾ ਹੈ ? ਜੋ ਆਪਣੇ ਕਾਜ 'ਚ, ਰੰਮਿਆਂ, ਜਾਂ ਆਪਣੇ ਅੰਤਰੀਵ ਦਾ, ਡੰਗਿਆ, ਜਿਹਨੇ ਹਰ ਦੂਜੇ ਸ਼ਖਸ਼, ਤੋਂ ਪਾਸਾ ਵੱਟਿਆ, ਜਿਸਨੇ ਖੁਦ ਨੂੰ ਖੁਦੀ ਦੇ, ਰੰਗਣ 'ਚ ਰੰਗਿਆ, ਜਾਂ ਉਹ ਕਾਮਾ, ਜਾਂ ਉਹ ਪਰਦੇਸੀ, ਜੋ ਆਪਣੇ ਕਾਰਜ ਦੀ, ਤਾਸੀਰ 'ਚ ਰਹਿੰਦਾ, ਜਾਂ ਪਾਕ -ਪਵਿੱਤਰ, ਨੂਰਾਨੀ ਚਿਹਰਾ, ਜਿਹੜਾ ਵਾਕਿਆ 'ਉਹਦੀ', ਰਜ਼ਾ 'ਚ ਰਹਿੰਦਾ, ਸ਼ਾਇਦ ਇਹ ਸਭ, ਸੰਨਿਆਸੀ........।

ਸੁਗੰਧ

ਜੋ ਮਹਿਕ ਖਿੰਡਾਉਂਦੀ, ਜ਼ਿੰਦਗੀ ਨੂੰ, ਨਵੇਂ ਲਵਿਆਂ ਦੀ, ਤਾਣੀ ਨੂੰ, ਜੋ ਆਪਣੇ ਵਿੱਚ ਸਮਾਉਂਦੀ, ਇਹ ਉਸ ਮਿੱਟੀ ਤੋਂ, ਆਉਂਦੀ, ਜਿਸਦੀ ਤਾਸੀਰ ਪੂਰੀ, ਲਬਰੇਜ਼ ਹੈ, ਯੋਧੇ, ਸੂਰਬੀਰਾਂ ਦੀਆਂ, ਕਹਾਣੀਆਂ ਨਾਲ, ਜ਼ਰਖੇਜ਼ ਹੈ, ਉਥੋਂ ਰਣਤੱਤੇ ਵਿੱਚ ਘੁਲਦੇ, ਖੂਨ ਦੀ ਅਲੌਕਿਕ, ਸੁਗੰਧ ਹੈ ਆਉਂਦੀ,

ਪਰਵਾਜ਼

ਮੈਂ ਲੋਚਾਂ ਉਸ ਜਿੰਦੜੀ ਨੂੰ, ਜਿਸ ਵਿੱਚ ਹੋਣ ਦਿਲਾਸੇ, ਡੂੰਘੇ ਧਰਵਾਸੇ, ਇੱਕ-ਦੂਜੇ ਦੇ ਭਰਵਾਸੇ, ਜਿੱਥੇ ਸੱਧਰ ਪੁੰਗਰੇ, ਪਰ ਰਾਹ ਨਾਂ ਸੁੰਗੜੇ, ਸਗੋਂ ਫ਼ਲਕ ਦੀ ਵਿਸ਼ਾਲ, ਨੀਲੱਤਣ ਵਾਗੂੰ., ਇਹ ਹੋਰ ਵਧੇ, ਉਹ ਪੰਧ ਮੁੱਕਣ ਤੇ, ਨਾਂ ਆਵੇ, ਸਗੋਂ ਬੇਨਿਆਜ਼ ਹੀ, ਤੁਰਿਆ ਜਾਵੇ, ਕੋਈ ਮੁਖ਼ਬਰੀ ਕਰਦਾ, ਪਿੱਛੇ ਨਾਂ ਪੈਰ, ਧਰਾਵੇ, ਉਸ ਕਾਲੇ ਗੂੜੵ ਹਨੇਰ, ਦੇ ਵਿੱਚੋਂ, ਤੜਕਸਾਰ ਦੀ ਪਹੁ-ਫੁਟ , ਵਾਗੂੰ, ਚਿਣਗ ਚਾਨਣ ਦੀ ਲਾਵੇ, ਤਾਂ ਕਿ ਜਿੰਦਗਾਨੀ ਦੀ, ਪਰਵਾਜ਼ ਰੂਹ ਨੂੰ ਰੂਹ, ਤੱਕ ਰੁਸ਼ਨਾਵੇ.।

ਕੱਚੀਆਂ ਕੰਧਾਂ

ਉਹ ਕੱਚੀਆਂ ਕੰਧਾਂ ਦਾ, ਰਹਿਣ-ਬਸੇਰਾ, ਜਿੱਥੇ ਜਗਦੀ ਦੀਵੇ ਦੀ, ਨਿੰਮੀ-ਨਿੰਮੀ ਲੋਅ, ਪਾਕ-ਮੁਹੱਬਤ ਅਤਿ, ਅਸੀਮਿਤ., ਦੇ ਜਿੱਥੇ ਵਗਦੇ ਚੋਅ, ਜਿੱਥੇ ਹਸਰਤ ਚਿਹਰੇ, ਉਤੋਂ  ਝਲਕੇ, ਦੁੱਖ ਦਾ ਕੋਈ ਅੱਥਰੂ, ਨਾਂ ਡਲਕੇ, ਨਾਂ ਕੋਈ ਚੋਭਾਂ, ਨਾਂ ਕੋਈ ਲੋਭਾਂ, ਉਹ ਇਸ ਛੋਟੇ ਜਿਹੇ, ਵਰਤਾਰੇ ਵਿੱਚ ਹੀ, ਬਿਨਸਦੇ, ਵਿਗਸਦੇ, ਵਕਤ ਦੀਆਂ ਦੀਵਾਰਾਂ, ਨੂੰ ਤੋੜ ਕੇ, ਆਪਣੀ ਮਰਜ਼ੀ ਦਾ , ਪੰਧ ਮੁਕਾਉਂਦੇ, ਇਹ ਅਸਲ 'ਚ ਦਿਲ, ਰਾਜੇ ਹੁੰਦੇ।

ਅੰਤਰੀਵਤਾ ਦਾ ਮਿਲਣ

ਅੰਤਰੀਵਤਾ ਦਾ ਮਿਲਣ ਦੋ ਦਿਲਾਂ ਦਾ ਮਿਲਣਾ, ਆਪਸ 'ਚ ਘੁਲਣਾ, ਇੰਨਾ ਸੌਖਾ ਨਹੀਂ, ਕਿਉਂ? ਕਿਉਂਕਿ ਦੋਵਾਂ ਨੇ ਆਪੇ ਨੂੰ, ਟਟੋਲਣਾ, ਫਰੋਲਣਾ, ਫਿਰ ਸਾਹਵਾਂ ਦੀ ਡੋਰ, ਨੂੰ ਅੱਗੇ ਵਧਾਉਣਾ, ਇੱਕ-ਦੂਜੇ ਨੂੰ ਥਿਆਉਣਾ, ਅਣਕਿਆਸੇ ਰਾਹਾਂ ਨੂੰ, ਦੋਹਾਂ ਨੇ ਸੁਲਝਾਉਣਾ, ਸਾਵੀਆਂ ਜਿਹੀਆਂ ਰੁੱਤਾਂ, ਦੀ ਭਾਵੀ ਨੂੰ ਰੱਤਾਉਣਾ, ਪਰ ਹਰ ਕਾਜ ਆਪਣੇ ਨੂੰ, ਇੱਕ ਹਦੂਦ 'ਚ ਹੀ ਮੁਕਾਉਣਾ।

ਸੱਚ ਦਾ ਮੰਥਨ

ਕਿਵੇਂ ਦੀ ਹੋਵੇ, ਸੱਚ ਦੀ ਪਰਿਭਾਸ਼ਾ, ਤੁਰਨਾ ਇਸ ਰਾਹ ਤੇ, ਜਿਵੇਂ ਸੂਲ਼ੀ ਤੇ ਚੜੵਨਾ, ਡਰਨਾ ਫਿਰ ਆਪਣੇ ਤੋਂ, ਜਦੋਂ ਇਸਨੂੰ ਥਿਆਉਣਾ, ਕਥਾ ਇਸ ਬਾਰੇ, ਆਦਿ ਤੋਂ ਚੱਲਦੀ, ਆਈ..., ਇਸ ਬਾਰੇ ਅਕਸਰ, ਰਹਿੰਦੀ ਬੇਵਿਸਾਹੀ, ਰੁਖ਼ ਇਸਦਾ ਹੈ, ਜਿਵੇਂ ਨਿੰਮ ਦੀ, ਮਮੋਲੀ ਨੂੰ ਚੱਟਣਾ, ਜਿਵੇਂ ਅੱਕ ਦੇ ਪੱਤਿਆਂ, ਨੂੰ ਚੱਭਣਾ, ਜਿਵੇਂ ਸਰਕੜੇ ਦੇ ਕਸੀਰਾਂ, ਦਾ ਵੱਜਣਾ, ਤੁਰਦਿਆਂ-ਤੁਰਦਿਆਂ ਫਿਰ, ਜਿਵੇਂ ਸੂਲਾਂ ਦਾ ਪੈਰਾਂ , ਵਿੱਚ ਖੁੱਭਣਾ, ਸੱਚ ਦੀ ਖਾਤਰ ਈ ਤਾਂ, ਮਨਸੂਰ ਸੂਲ਼ੀ ਚੜਿਆ ਸੀ, ਸੁਕਰਾਤ ਨੇ ਜ਼ਹਿਰ ਪੀਤਾ ਸੀ, ਪਰ ਹੁਣ ਤਾਂ ਕਪਟੀ-ਕਪਟੀ, ਜਿਹਾ ਵਰਤਾਰਾ ਹੈ, ਸੱਚ ਓਹਲੇ-ਓਹਲੇ ਰਹਿੰਦਾ ਹੈ, ਛੁਪ-ਛੁਪ ਕੇ ਹੀ ਜਿਊਂਦਾ ਹੈ, ਪਰ ਕਦੇ-ਕਦੇ ਕਿਸੇ ਦੀ, ਅਣਖ ਖਾਤਰ, ਬਾਹਰ ਨਿਕਲ ਹੀ ਆਉਂਦਾ ਹੈ, ਪਰ ਨਿਤਾਰਾ ਹੋਣ ਵਿੱਚ, ਸਮਾਂ ਬੀਤ ਜਾਂਦਾ ਹੈ, ਓਨੀ ਦੇਰ ਨੂੰ ਫਿਰ, ਉਮਰਾਂ ਦਾ ਵਹਿਣ ਵਗ, ਜਾਂਦਾ ਹੈ...।

ਸੁਬਹ ਤੇ ਸ਼ਾਮ

ਫ਼ਜ਼ਰ ਦਾ ਵੇਲਾ, ਅਕਸਮਾਤ ਜਿਹੇ ਦਿਲ, ਨੂੰ ਧੂਹ ਪਾਉਂਦਾ, ਚੁੱਪ, ਟਿਕਿਆ ਹੋਇਆ, ਸ਼ਾਂਤ ਤਰੁੰਨਮ ਦੇ ਤਰਾਨੇ, ਹੈ ਗਾਉਂਦਾ, ਸਹਿਜੇ-ਸਹਿਜੇ ਪੰਛੀਆਂ, ਪਰਿੰਦਿਆਂ ਨੇ ਕਰਵਟ, ਹੈ ਲੈਣਾ, ਘੁਸਮੁਸੇ ਤੋਂ ਬਾਦ, ਸੂਰਜ ਦਾ ਉਗਮਣਾ, ਜ਼ਿੰਦਗੀ ਨੇ ਫਿਰ ਸਰਪਟ, ਹੈ ਦੌੜਨਾ, ਤਰਕਾਲਾਂ ਦਾ ਢਲਣਾ, ਲਾਲ਼ੀ ਦਾ ਬਿਖਰਨਾ, ਰਾਹੀਆਂ ਦੇ ਆਪਣੇ, ਪੰਧ ਨੂੰ ਮੁਕਾ ਕੇ ਮੰਜ਼ਿਲ, ਨੂੰ ਪਾਉਣਾ, ਫਿਰ ਰੈਣ-ਬਸੇਰੇ ਦੀ, ਪਰਤਣ ਦੀ ਕਾਹਲ਼, 'ਚ ਰਹਿਣਾ, ਨਵੀਂ ਸਵੇਰ ਦੇ ਆਗਾਜ਼, ਦੀ ਆਸ 'ਚ ਲਹਿ ਜਾਣਾ।

ਕ੍ਰਾਂਤੀਆਂ ਦਾ ਆਗਾਜ਼

ਕ੍ਰਾਂਤੀਆਂ ਦਾ ਵਾਹ, ਮੁੱਢ-ਕਦੀਮ ਤੋਂ, ਹਕੂਮਤਾਂ ਦੇ ਸਿਤਮ, ਦੇ ਉਲਟ ਪਨਪਦਾ ਰਿਹਾ, ਜਦੋਂ ਕੁਲ ਆਵਾਮ, ਰਲ ਕੇ ਜ਼ਜ਼ੀਰੇ ਨੂੰ, ਟਾਪੂ 'ਚ ਬਦਲਦੇ ਨੇ, ਲਹਿਰਾਂ ਦੇ ਰੁਖ਼ ਨੂੰ, ਆਪਣੇ ਵੱਲ ਕਰਦੇ , ਰਹੇ ਨੇ, ਫਿਰ ਡੂੰਘੇ ਸਮੁੰਦਰਾਂ, ਚੋਂ ਜਵਾਲਾ ਨੇ ਹੀ, ਫੁੱਟਣਾ ਹੈ, ਸੁਨਾਮੀ  ਨੇ ਹੀ ਉੱਠਣਾ ਹੈ, ਫਿਰ ਤੁਫ਼ਾਨਾਂ ਦਾ ਰੂਪ , ਲੈ ਕੇ, ਚਾਰੋਂ-ਤਰਫ਼ ਝੁੱਲਣਾ ਹੈ, ਖਲਕਤ ਨੂੰ ਜਗਾ ਕੇ, ਰੋਹਲੇ-ਬਾਣ ਚਲਾਉਣਾ ਹੈ, ਤਿੱਖੀ ਸ਼ਮਸ਼ੀਰ ਬਣ ਕੇ, ਜਾਂ ਫਿਰ ਮਸ਼ਾਲ ਬਣ  ਕੇ, ਰਗਾਂ ਵਿੱਚ ਦੋੜਦੇ ਖੂਨ ਨੂੰ, ਚਿਣਗ਼ ਬਣ ਕੇ ਜਲਾਉਣਾ ਹੈ।

ਉਹ ਰੁੱਖ

ਇਹ ਕਹਾਣੀ ਹੈ, ਇੱਕ ਉਸ ਰੁੱਖ ਦੀ, ਜੋ ਮੇਰੇ ਗਰਾਂ ਦੀ, ਫਿਰਨੀ ਤੇ ਸੀ, ਮੰਗਦਾ ਹਰ ਇੱਕ, ਲਈ ਦੁਆਵਾਂ ਤੇ, ਸੁੱਖ ਸੀ, ਕਦੇ ਉਸਦੀ ਛਾਵੇਂ, ਸੱਥਾਂ ਸੀ ਜੁੜਦੀਆਂ, ਤੀਆਂ ਸੀ ਲੱਗਦੀਆਂ, ਪੀਂਘਾਂ ਸੀ ਪੈਂਦੀਆਂ, ਚਿੜੀਆਂ ਸੀ ਚੂਕਦੀਆਂ, ਕੋਇਲਾਂ ਸੀ ਕੂਕਦੀਆਂ, ਮਿੱਠੜੇ ਜਿਹੇ ਬੋਲਾਂ ਦੀਆਂ, ਹੁੰਦੀਆਂ ਕਲੋਲਾਂ ਦੀਆਂ, ਬਾਤਾਂ ਸੀ ਸ਼ੂਕਦੀਆਂ, ਅਪਣੱਤ ਮੁਹਬੱਤ ਤੇ, ਸੁੱਚੜੇ ਪਿਆਰਾਂ ਦੀਆਂ, ਸਾਰੇ ਹੀ ਲਾਣੇ ਦੀਆਂ, ਗੰਢਾਂ ਸੀ ਪੀਢੀਆਂ, ਅਰਸਾਂ ਤੋਂ ਬਾਦ ਜਦ, ਮੈਂ ਉਸਨੂੰ ਤੱਕਿਆ, ਉਹ ਏਦਾਂ ਲੱਗਾ, ਜਿਵੇਂ ਹਿਰਸਾਂ, ਗ਼ਮਾਂ, 'ਚ ਥੱਕਿਆ, ਸ਼ਾਇਦ ਇਕਲਾਪੇ ਤੋਂ, ਸੀ ਅੱਕਿਆ, ਨਿੰਮੋਝੂਣਾ ਜਿਹਾ ਹੋ ਕੇ, ਲੱਗਦਾ ਸੀ ਆਪਣੇ, ਅੰਤਿਮ ਸਾਹਾਂ ਤੇ, ਪਹੁੰਚਿਆ, ਪਰ ਇੰਝ ਲੱਗਦਾ ਸੀ, ਉਹ ਦੰਦ-ਕਥਾ ਦਾ ਪਾਤਰ, ਸਦੀਵੀਂ ਰਹੇਗਾ, ਪਾਤਰ ਬਣ ਕੇ ਆਪਣੇ, ਚਰਿਤ੍ਰ ਨੂੰ ਜ਼ਰੂਰ, ਉਘਾੜੇਗਾ, ਤੇ ਕਹੇਗਾ ਮੈਂ ਉਹ, ਰੁੱਖ ਹਾਂ, ਮੈਂ ਬਾਬਾ ਬੋਹੜ ਹਾਂ..।

ਅਫ਼ਸਾਨੇ

ਜਦੋਂ ਗੁਫ਼ਤਗੂ ਜਿਹੀ ਹੁੰਦੀ ਹੈ, ਤਰਾਨੇ ਉਦੋਂ ਛਿੜਦੇ ਨੇ, ਫਿਰ ਲੈਅ, ਤੋਲ ਵਿੱਚ, ਜੁੜਦੇ ਨੇ, ਨਵੇਂ ਅਫ਼ਸਾਨੇ ਬਣਦੇ ਨੇ, ਹਰਫ਼ਾਂ ਦੀ ਲੜੀ ਪਰੋਅ, ਕੇ ਫਿਰ, ਕਿਸੇ  ਨਵੇਂ ਬਿਰਤਾਂਤ ਨੂੰ ਛੋਂਹਦੇ ਨੇ, ਕਿਸੇ ਬੀਤੇ ਵਾਕੇ ਨੂੰ, ਜਾਂ ਫਿਰ ਚਲੰਤ ਮਾਮਲੇ ਨੂੰ, ਕਲਮਬੰਦ ਕਰਵਾਉਂਦੇ ਨੇ, ਜਾਂ ਫਿਰ ਗੀਤ ਪਿਆਰ ਦਾ, ਗਾਉਂਦੇ ਨੇ, ਜਦੋਂ ਖਿਆਲ ਉਡਾਰੀ, ਲਾਉਂਦੇ ਨੇ, ਫਿਰ ਵਿਚਾਰਾਂ ਦੇ ਗਲੇਫ਼, ਵਿੱਚ ਰਲਦੇ ਨੇ, ਪੁਖ਼ਤਗੀ ਦੀ ਬਾਣ 'ਚੋਂ, ਨਿਕਲ ਕੇ ਅਸਲ ਨਿਸ਼ਾਨੇ, ਤੇ ਵੱਜਦੇ ਨੇ, ਇਹ ਅਫ਼ਸਾਨੇ ਹੁੰਦੇ ਨੇ।

ਪਰਖ

ਹਰ ਕੋਈ ਪਰਖਦਾ ਹੈ, ਇੱਕ ਦੂਜੇ ਨੂੰ, ਹਰ ਘੜੀ, ਹਰ ਮੋੜ ਤੇ..., ਇਸ ਪਰਖ ਵਿੱਚੋਂ ਲੰਘਣ ਲਈ, ਕਈ ਅਹਿਮ ਰਾਹਾਂ ਤੇ ਖੜਦੇ ਹਾ, ਕੋਈ ਪਰਖਦਾ ਜਾਤ-ਪਾਤ ਚੋਂ, ਕੋਈ ਪਰਖਦਾ ਧਰਮ ਚੋਂ, ਕੋਈ ਪਰਖਦਾ ਕਾਜ ਤੋਂ, ਹਰ ਪਰਖ ਦੀ ਆਪਣੀ ਹੀ, ਵੱਖਰੀ ਤਰ੍ਹਾਂ ਦੀ ਪੈਮਾਇਸ਼ ਹੁੰਦੀ....। ਪਰ ਹਰ ਪਰਖ ਦੇ ਵਿਚੋਂ, ਅਧਵਾਟੇ ਹੀ ਰਹਿ ਜਾਈਦਾ, ਪਰਖਣ ਦੀ ਜਦ ਜਾਚ ਨਾਂ ਹੁੰਦੀ, ਤਾਂ ਆਪਣਾ ਆਪ ਗੁਆ ਲਈ ਦਾ.....। ਭੁੱਲ ਕੇ ਵੀ ਕਦੀ ਗੂੜੀ ਪਰਖ, ਪਿੱਛੇ ਨਹੀਂ ਪੈ ਜਾਈਦਾ, ਬਹੁਤੇ ਪਿਆਰੇ "ਪਿਆਰਿਆਂ" ਨੂੰ, ਸ਼ਾਇਦ ਇਸੇ ਲਈ ਗੁਆ ਲਈ ਦਾ....। ਸ਼ਾਇਦ ਇਸੇ ਲਈ ਗੁਆ ਲਈ ਦਾ....।

ਸੰਵੇਦਨਾ

ਜਦੋਂ ਆਪੇ ਨਾਲ, ਸੰਵਾਦ ਰਚਾਈਦਾ, ਇਸੇ ਵਿੱਚ ਹੀ, ਖੋ ਜਾਈਦਾ, ਤਰਕ-ਵਿਤਰਕ ਦੀ, ਭਾਸ਼ਾ ਰਾਹੀ ਚਿੱਠੇ, ਨੂੰ ਪੜਤਾਲੀਦਾ, ਰਮਜ਼ਾਂ ਦੇ ਕਦੇ ਭੇਦ, ਨਾਂ ਛੁਪਦੇ, ਭਾਵਾਂ ਰਾਂਹੀਂ ਜਾਂ ਫਿਰ, ਅਨੁਭਵਾਂ ਰਾਂਹੀਂ, ਜਾਂ ਵਲਵਲਿਆਂ ਦੇ, ਸਿਲਸਿਲੇ ਜ਼ਰੀਏ, ਸ਼ਬਦਾਂ ਦਾ ਬਾਣਾ, ਪਾਈਦਾ, ਕਦੇ-ਕਦੇ ਇੱਦਾਂ ਵੀ , ਹੁੰਦਾ, ਲੁਕ-ਲੁਕ ਕੇ ਸਭ, ਕਾਸੇ ਕੋਲੋਂ, ਭਾਵ-ਭਿੰਨੀਆਂ ਅੱਖਾਂ, ਰਾਂਹੀਂ ਹੰਝੂਆਂ ਦਾ ਵਹਿਣ, ਵਹਾਈਦਾ, ਅਕਸਰ ਇਹ ਉਦੋਂ, ਹੁੰਦਾ, ਜਦੋਂ ਜ਼ਜ਼ਬਾਤੀ, ਜ਼ਿਆਦਾ ਹੋ ਜਾਈਦਾ, ਵੇਦਨਾ ਨੂੰ ਫਿਰ ਡੂੰਘੇ, ਮਨ ਤੋਂ ਆਪਣੇ ਗਲ਼, ਲਾਈਦਾ, ਬੇਮੌਸਮੀ ਸ਼ਰਲਾਟਿਆਂ ਦੇ, ਵਾਂਗਰ ਐਵੇਂ ਹੀ ਵਰੵ, ਜਾਈਦਾ....।

ਅੱਖਰ

ਹਰ ਅਜ਼ਮਾਇਸ਼ ਵਿੱਚੋਂ ਲੰਘ ਕੇ, ਅਸੀਂ ਅੱਖਰ-ਅੱਖਰ ਪਰੋਇਆ, ਇਹਨਾਂ ਅੱਖਰਾਂ ਦੇ ਵਿੱਚ ਅਸੀਂ, ਆਪਣਾ ਆਪ ਛੁਪਾਇਆ....। ਇਹਨਾਂ ਅੱਖਰਾਂ ਦੇ ਨਾਲ ਕੋਈ, ਕਿਸੇ ਦੇ ਦਿਲ ਨੂੰ ਬਹਿਲਾਵੇ, ਇਹਨਾਂ ਅੱਖਰਾਂ ਦੇ ਨਾਲ ਕੋਈ, ਕਿਸੇ ਨੂੰ ਰੁਲਾਵੇ.....। ਇਸ ਤਰ੍ਹਾਂ ਕਦੇ-ਕਦਾਈ ਜਾਪੇ, ਇਹਨਾਂ ਅੱਖਰਾਂ ਦੇ ਨਾਲ ਕੋਈ, ਚੁੱਕੀ ਫਿਰਦਾ ਆਪਣਾ-ਆਪਣਾ ਕਹਿਰ, ਫਿਰ ਇੰਝ ਲੱਗਦਾ ਹਰ ਇੱਕ ਦੇ, ਮੱਥੇ ਤੇ ਚਮਕੇ ਨੀਲਾ-ਨੀਲਾ ਜ਼ਹਿਰ...। ਓਪਰੀ ਝਾਤੇ ਸੱਭੇ ਜਾਣੇ...., ਪਿਆਰ-ਮੁੱਹਬਤਾਂ ਵਾਲੇ ਦੀਵੇ ਬਾਲਣ, ਅੰਦਰੋਂ- ਅੰਦਰੀ ਇੰਝ ਲੱਗਦਾ, ਜਿਵੇਂ ਸਾਰੇ ਇੱਕ ਦੂਜੇ ਲਈ, ਸੱਪ-ਸਪੋਲੀਏ ਪਾਲਣ......, ਇਹ ਵਿਸ਼ਵਾਸ ਕਦੇ ਨਾਂ ਮਰਦਾ, ਸਗੋਂ ਹੋਰ ਵਿਸ਼ੈਲਾ ਹੋ ਜਾਂਦਾ, ਬਸ ਚਾਰ ਕੁ ਅੱਖਰਾਂ ਦੀ ਗੱਲ ਹੈ, ਕੋਈ ਸੱਚੇ ਦਿਲ ਤੋਂ........, ਅਸੀਸ ਪਿਆਰ ਦੀ ਦੇ ਜਾਂਦਾ।

ਦਿਲ ਦੇ ਬੋਲ

ਉਹ ਪਰਵਦਗਾਰ, ਤੂੰ ਕਿੱਥੇ ਰਹਿੰਦਾ? ਤੇਰੀ ਕਿੱਥੇ ਹੈ, ਪਨਾਹ? ਜ਼ਰੇ-ਜ਼ਰੇ , ਕਣ-ਕਣ , ਵਿੱਚ ਸਮੋਇਆ ਬਸ, ਤੂੰ ਆਪਣਾ ਹੀ ਨਾਂ, ਤੇਰੀਆਂ ਰਮਜ਼ਾਂ, ਤੇਰੇ ਰਹੱਸ, ਤੇਰੇ ਹੀ ਬਸ ਡੂੰਘੇ ਭੇਦ, ਖੋਲ਼ ਨਾ ਸਕੇ ਇਸਨੂੰ, ਵੱਡੇ ਮਹਾਂਰਥੀ ਅਤੇ ਵੇਦ, ਫਿਰ ਸੋਚਾਂ ਵਿੱਚ ਤੂੰ, ਕਿਉਂ ਪਾਉਂਦਾ, ਇਕਾਂਤ ਵਿੱਚ ਬਹਿ ਕੇ ਹੀ, ਬੰਦਾ ਕਿਉਂ ਧਿਆਉਂਦਾ? ਜੇ ਤੂੰ ਦਿਲਾਂ 'ਚ ਰਹਿੰਦਾ, ਬੰਦਾ ਦਿਲ ਤੋਂ ਕਿਉਂ ਨੀ, ਧਿਆਉਂਦਾ, ਕਿਉਂ ਠੱਗੀਆਂ, ਤੰਗਦਿਲ਼ੀਆਂ, ਧੋਖੇਬਾਜ਼ੀਆਂ ਦੇ ਵਿੱਚ ਪੈਂਦਾ, ਕਦੇ-ਕਦੇ ਮੈਨੂੰ ਯਾਦ ਆਉਂਦੀ, ਮੋਹਨ ਸਿੰਘ ਦੀ ਕਵਿਤਾ, "ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਸ਼ਾਇਦ ਇਹੋ ਸੱਚ ਹੈ, ਪਰ ਫਿਰ ਵੀ ਆਲਮ ਵਜਦ, 'ਚ ਨੱਚਦਾ ਹੈ ਸਿਜਦੇ ਤੈਨੂੰ ਕਰਦਾ ਹੈ, ਖਾਕ ਵਿੱਚ ਮਿਲ ਕੇ ਬਸ , ਤੇਰੇ ਲਈ ਡੰਡਉਤਾਂ ਕੱਢਦਾ ਹੈ, ਪਰ ਤੂੰ ਕਿੱਥੇ ਹੈ, ਤੇਰੇ ਦਿਲ ਵਿੱਚ ਜਾਂ, ਫ਼ਿਰ ਮੇਰੇ ਦਿਲ ਵਿੱਚ, ਇਹਨਾਂ ਲੱਭਤਾਂ ' ਚ ਹੀ, ਦਿਮਾਗ ਰਹਿੰਦਾ ਹੈ।

ਸ਼ਿਕਵਾ

ਹਰ ਚਿਹਰੇ ਤੇ ਵੇਖਾਂ, ਦੁੱਖਾਂ ਦਾ ਸਿਰਨਾਵਾਂ, ਜਿਵੇਂ ਸਭ ਕੁਝ ਗਵਾ ਕੇ, ਕਰ ਰਹੇ ਨੇ ਰੁਦਨ ਨਾਲ ਹਵਾਵਾਂ, ਅਦਬੀ ਰਵਾਇਤਾਂ 'ਚ , ਸ਼ਿਕਵਾ ਹੀ ਕਹਿੰਦੇ ਨੇ, ਜੋ ਸਮੇਂ ਦੀਆਂ ਹਕੂਮਤਾਂ ਨੇ, ਸਭ ਦੇ ਗਲ਼ ਮੜੇ ਨੇ, ਕਾਰਨ ਸਭ ਥਾਂ ਅਕਾਰਨ, ਬਣ ਗਏ..., ਮੰਜ਼ਿਲ ਤੇ ਪਹੁੰਚਣ ਤੋਂ , ਪਹਿਲਾਂ ਹੀ ਭਟਕਣ ਦੀ, ਡੂੰਘੀ ਦਲਦਲ ਵਿੱਚ ਦਸ ਗਏ, ਸ਼ਿਕਵਿਆਂ ਦੀ ਗੁਲਜ਼ਾਰ, ਹੀ ਬਣ ਗਏ, ਮੁਰਝਾਈਆਂ ਕਲੀਆਂ ਦੀ ਸ਼ਾਨ, ਹੀ ਬਣ ਗਏ, ਉਪਰੋਂ ਹੱਸਦੇ ਪਰ ਵਿੱਚੋਂ, ਸ਼ਿਕਵਿਆਂ ਦੀ ਖਾਣ ਹੀ ਬਣ ਗਏ, ਲੰਮੇਰੀ ਵਾਟ ਤੇ ਚੱਲਦਿਆਂ, ਇਸਦੀਆਂ ਕਸਕਾਂ ਦੀ, ਤਰਿੰਹਦੀ ਆਵਾਜ਼ ਹੀ, ਬਣ ਗਏ।

ਜਿੱਤ ਦੀ ਚਾਹ

ਹਰ ਸ਼ਖਸ ਦੀ ਇੱਕ ਚਾਹਤ, ਅੱਗੇ ਵਧਣ ਦੀ, ਨਾਂ ਰੁਕਣ ਦੀ, ਨਾਂ ਝੁਕਣ ਦੀ, ਆਪਣੀ ਸਨਾਖ਼ਤ ਦੇ ਰੁਦਨ ਦੀ, ਜਦੋਂ ਜ਼ਜ਼ਬਾਤ ਜਾਂ ਇਹ ਵਲਵਲੇ, ਘੇਰਾ ਪਾਉਂਦੇ ਨੇ, ਤਾਂ ਜਿੱਤ ਦੇ ਯਕੀਨੀ ਵਿਚਾਰ, ਫਿਰ ਉਹ ਘੁੰਮਦੇ ਆਉਂਦੇ ਨੇ। ਚਾਹੇ ਉਹ ਖੇਡ ਸੀ ਜਾਂ, ਕੋਈ ਹੋਰ ਪਿੜ ਸੀ, ਅੱਗੇ ਹੀ ਵੱਧਦੇ ਜਾਣ ਲਈ, ਅੱਗੇ ਹੀ ਵੱਧਦੇ ਰਹਿਣ ਲਈ, ਹਰ ਪੈੜ ਤੇ ਵੱਖਰਾ ਨਿਸ਼ਾਨ, ਲਾਉਂਦੇ ਨੇ, ਟੀਚੇ ਨੂੰ ਮਿੱਥ ਕੇ ਜੀਹਨੇ, ਸਿੱਧਾ ਨਿਸ਼ਾਨਾ ਸਾਧਿਆ, ਚਿੜੀ ਦੀ ਅੱਖ ਜਦ, ਉਸ ਵੱਲ ਦੇਖਿਆ, ਤਾਂ ਅਰਜਨ ਨੇ ਮੌਕਾ, ਸਾਂਭਿਆ। ਜੋ ਜਾਗਦੇ ਹੀ ਸੁਪਨਾ, ਲੈਂਦੇ, ਉਹਨਾਂ ਨੇ ਹੀ ਆਪਣੇ, ਨਾਂ ਨੂੰ, ਤਵਾਰੀਖ ਦੇ ਪੰਨਿਆਂ ਤੇ, ਉਕਰਵਾ ਲਿਆ, ਸੁਨਹਿਰੀ ਤਗਮਿਆਂ ਨੂੰ, ਗਲ਼ ਲਾ ਲਿਆ।

ਦੋ ਅਲਫ਼ਾਜ਼

ਤੇਰੇ ਲਈ ਅਲ਼ਫ਼ਾਜ਼ਾਂ ਨੂੰ, ਅਸੀਂ ਕਹਿਣਾ ਹੈ, ਉਸ ਸੋਹਣੇ ਮੁਖੜੇ ਦੀ, ਲਾਲੀ ਨੂੰ ਦਰਸਾਉਣਾ ਹੈ, ਤੇਰੀ ਹਰ  ਸ਼ਹਿਵਤ ਦਾ ਮੁੱਲ ਪਾਉਣਾ ਹੈ, ਤੇਰੇ ਰੁਸਦੇ ਨੈਣਾਂ ਨੂੰ ਮਨਾਉਣਾ ਹੈ, ਤੇਰੀ  ਫਿਤਰਤ ਦੇ ਹਰ ਡੂੰਘੇ ਰਸ, ਨੂੰ ਚਾਹੁਣਾ ਹੈ, ਤੇਰੇ ਲਈ ਜਗਦੀਆਂ ਸੋਚਾਂ ਮੇਰੀਆਂ ਨੇ, ਜੋ  ਮੇਰੇ ਜ਼ਜ਼ਬਾਤਾਂ ਨੇ , ਤੇਰੇ ਲਈ ਹੀ, ਘੇਰੀਆਂ ਨੇ, ਤੂੰ ਮੇਰੇ ਲਈ ਹਰ ਮੰਜ਼ਰ ਦਾ ਜਾਇਆ ਹੈ, ਮੈਂ ਤੇਰੇ ਲਈ ਇਹ ਸਾਰਾ ਫ਼ਲਕ, ਵਿਛਾਇਆ ਹੈ।

ਮਸਤਕ

ਮਸਤਕ 'ਚ ਛਿਪੇ, ਹਰ ਰਾਜ਼ ਦਾ ਬੀਜ, ਦਿਲ ਦੇ ਵਿਹੜੇ ਵਿੱਚ, ਪੁੰਗਰਦਾ, ਵਿਚਾਰਾਂ ਦਾ ਫਿਰ ਜਾਮਾ, ਪਾਕੇ, ਨਵੀਂ ਦਿਸ਼ਾ ਨੂੰ ਲੋਚਦਾ, ਵਿਗਸਣ ਦੇ ਲਈ, ਹੋਰ ਫੈਲਣ ਦੇ ਲਈ, ਗਹਿਰਾਈਆਂ ਨੂੰ, ਫਿਰ ਮਾਪਦਾ, ਮਾਪਦੰਡ ਤੇ ਖਰਾ, ਉਤਰਣ ਲਈ, ਕਲਮਾਂ ਦੇ ਨਾਲ ਫਿਰ, ਸਫ਼ਿਆਂ ਦੀ ਹਿੱਕ, ਤੇ ਉਕਰਦਾ, ਦਿਲ ਦਰਿਆ ਵਿੱਚ, ਸੁੱਤੇ ਹੋਏ ਦਰਦਾਂ ਦੀ, ਬਾਤ ਹੈ ਪਾਉਂਦਾ, ਕੋਈ ਲਹਿਰ ਉਠਾਉਂਦਾ, ਸੁੱਖ ਦੀ ਸੁਨੱਖੜੀਆਂ, ਘੜੀਆਂ ਨਾਲ ਲਹਿਰਾਉਂਦਾ, ਕਿਣਕੇ ਤੋਂ ਲੈ ਕੇ ਹਰ, ਜੀਊੜੇ ਦੀ ਤਸਵੀਰਕਸ਼ੀ, ਕਰਦਾ ਹੋਇਆ ਮਸਤਕ, ਵਿੱਚ ਹੀ ਵਸ ਜਾਂਦਾ।

ਗੁਲਾਬੀ ਰੁੱਤ

ਰੁੱਤਾਂ ਦਾ ਆਉਣਾ ਤੇ, ਇਸਦਾ ਹੈ ਜਾਣਾ, ਸਮੇਂ ਦੇ ਦਸਤੂਰ ਨੂੰ, ਕਲਾਵੇ 'ਚ ਸਮਾਉਣਾ, ਅੱਸੂ ਤੇ ਕੱਤਕ ਦੇ, ਮਹੀਨੇ ਦਾ ਆਗਮਨ, ਭਾਉਂਦਾ ਹੈ ਮਨ ਨੂੰ, ਸਿਆਲ ਦੇ ਮੌਸਮ ਦੀ, ਹੁੰਦੀ ਹੈ ਦਸਤਕ, ਨਿੱਖਰੀ ਜਿਹੀ ਨੀਲੱਤਣ, ਹੁੰਦੀ ਹੈ, ਫ਼ਲਕ ਦੀ, ਚੜੵਦੇ ਤੇ ਢਲਦੇ ਸੂਰਜ, ਦੀ ਸੁਰਖ਼ ਲਾਲੀ 'ਚ, ਪਰਿੰਦਿਆਂ ਦਾ ਉੱਡਣਾ, ਤੇ ਚੁੱਭੀਆਂ ਹੈ ਲਾਉਣਾ, ਫੁੱਲਾਂ ਦਾ ਮਹਿਕਣਾ, ਤੇ ਲਰਜਾਉਣਾ, ਦੁਪਹਿਰ ਖਿੜੀ ਦਾ ਜੋਬਨ, ਤੇ ਹੋਣਾ, ਥੋੜੀ ਜਿਹੀ ਅਵਧੀ 'ਚ ਹੀ, ਡੂੰਘੀ ਛਾਪ ਲਾਉਣਾ, ਚਾਨਣੀਆਂ ਰਾਤਾਂ 'ਚ, ਚੰਨ ਨੂੰ ਹੈ ਤੱਕਣਾ, ਆਪਣੇ ਅੰਗ-ਸੰਗ  ਲਾਉਣਾ, ਡੂੰਘੇ ਵਿਸਮਾਦਾਂ ਦੇ, ਵਿੱਚੇ ਖੋਹ ਜਾਣਾ, ਰਾਤ ਦੀ ਰਾਣੀ ਦਾ, ਰਾਤਾਂ ਨੂੰ ਹੀ ਆਪਣੀ, ਖੁਸ਼ਬੂ ਦਾ ਵੰਡਣਾ, ਫਿਰ ਉਸੇ ਵਿੱਚ ਹੀ, ਰੂਹ ਨੂੰ ਹੈ ਰੰਮਣਾ।

ਅਜਬ ਨਜ਼ਾਰੇ

ਉਸ ਕਾਦਰ ਦੀ ਕੁਦਰਤ ਦੇ, ਬਹੁਤ ਹੀ ਵਿਲੱਖਣ ਨਜ਼ਾਰੇ, ਹਰ ਸ਼ੈਅ ਚੱਲਦੀ ਹੈ, ਆਪਣੇ ਸਾਹਵੇਂ, ਆਪਣੀ ਫਿਤਰਤ ਦੇ ਪਰਛਾਵੇਂ, ਦੂਰ ਪਹਾੜਾਂ ਤੇ ਚਸ਼ਮੇ, ਫੁੱਟਦੇ ਨੀਰਾਂ ਦੇ, ਜੋ ਨਿਰਛਲ, ਨਿਕਪਟ, ਇੰਝ ਲੱਗਦਾ ਹੈ, ਜਿਵੇਂ ਪਾਕ, ਪਾਕੀਜ਼ , ਕੋਈ ਰੂਹ ਪੀਰਾਂ ਦੇ, ਜਾਂ ਫਿਰ ਕੋਈ ਹਸੀਨ ਜਿਹੀ, ਫੁੱਲਾਂ ਦੀ ਵਾਦੀ ਵਰਗੇ, ਜਿਹੜੇ ਖੁਸ਼ਬੂ ਵੰਡਦੇ, ਪੌਣਾਂ ਸੰਗ, ਹਰ ਕੂਟ ਨੂੰ ਮਹਿਕਾ ਦਿੰਦੇ, ਲੰਮੀ ਵਾਟ ਨੂੰ ਸਹਿਜੇ, ਮੁਕਾ ਦਿੰਦੇ, ਉਸ ਲੋਰ 'ਚ ਗੀਤ ਜੇ, ਗਾਉਂਦੀ ਉਸ ਪਹਾੜਨ, ਨੂੰ ਨਸ਼ਿਆ ਦਿੰਦੇ, ਸਭ ਸਿਜਦੇ ਕਰਦੇ ਫਿਰ, ਕਾਦਰ ਦੀ ਕੁਦਰਤ ਦੇ, ਉਸਦੇ ਹੀ ਕੌਤਕਾਂ, ਅੱਗੇ।

ਬਾਤਾਂ 'ਚ ਤਾਰੇ

ਬਚਪਨ ਦੀਆਂ ਯਾਦਾਂ ਨੇ, ਦਾਦੀ ਕੋਲ ਬੈਠ ਹੁੰਦੇ ਸੀ, ਬੜੀਆਂ ਡੂੰਘੀਆਂ ਬਾਤਾਂ ਨੇ, ਦਾਦੀ ਕੋਲੋਂ ਪੁੱਛਦੇ ਹੁੰਦੇ ਸੀ, ਇਹ ਤਾਰੇ ਕੀ ਹੁੰਦੇ? ਇਹ ਕਿਉਂ ਚਮਕਦੇ ਦੇ ਨੇ?, ਇਹ ਰਾਤ ਨੂੰ ਕਿਉਂ ਆਉਂਦੇ...?, ਬੇਵੱਸ ਹੋਈ ਦਾਦੀ  ਨੇ, ਬਾਤਾਂ 'ਚ ਉਲਝਾ ਦੇਣਾ, ਗੱਲ ਫੇਰ ਮੁੱਦੇ ਤੇ ਆਉਣੀ, ਗੱਲ ਫੇਰ "ਬਾਤ ਪਾਵਾਂ ਬਤੌਲੀ ਪਾਵਾਂ... " ਤੇ ਮੁੱਕ ਜਾਣੀ, ਅੱਕ ਕੇ ਉਸਨੇ ਸਾਡੇ ਤੋਂ, ਇਹੀ ਕਹਿ ਛੱਡਣਾ, ਜੋ ਮਰ ਜਾਂਦੇ ਨੇ, ਉਹ ਤਾਰੇ ਬਣ ਜਾਂਦੇ ਨੇ, ਉਹ ਤਾਰੇ ਬਣ ਜਾਂਦੇ ਨੇ।

ਪੀੜਾਂ

ਪੀੜਾਂ ਨੂੰ ਹੰਢਾਉਣਾ, ਡਾਹਢੇ ਦੁੱਖਾਂ ਨੂੰ ਮੱਥਾ ਲਾਉਣਾ, ਜਿਹੜੀ ਕਸਕ ਦਾ ਅੰਦਰੋਂ ਉਠਣਾ, ਉਸ ਅਹਿਸਾਸ ਨੇ ਜ਼ਜ਼ਬਾਤਾਂ, ਹੰਢਾਉਣਾ ਹੈ, ਜਾਂ ਉਸ ਅੱਲੇ ਜ਼ਖਮ 'ਚੋਂ ਨਿਕਲੀਆਂ, ਜੋ ਲੂਣ ਪਾਇਆਂ ਦੁਖਦੀਆਂ ਨੇ, ਜੋ ਮਿਰਚਾਂ ਵਾਗੂੰ ਲੜਦੀਆਂ ਨੇ, ਨਾਸੂਰ ਵਾਗੂੰ ਹੀ ਰਿਸਦੀਆਂ ਨੇ, ਖੁਰਚਣ ਤੇ ਖਰੀਜਾਂ ਪਾਉਂਦੀਆਂ ਨੇ, ਜਾਂ ਅਰਮਾਨਾਂ ਦਾ ਕਤਲ ਹੋਵੇ, ਫਿਰ ਦਿਲ ਦੀ ਕਤਲਗਾਹ ਦੇ, ਵਿੱਚੋਂ ਚੀਸਾਂ ਨਿਕਲਦੀਆਂ ਨੇ, ਫਿਰ ਲੋਕਾਂ ਦੀਆਂ ਤਹਿਰੀਰਾਂ ਦੀਆਂ, ਦਹਿਲੀਜਾਂ ਤੇ ਆ ਡਿੱਗਦੀਆਂ ਨੇ, ਆਪਣੀ ਤਫ਼ਸੀਲ ਕਰਾਉਣ ਖਾਤਰ, ਖ਼ੁਦ ਜਾਮਨ ਆਪਣਾ ਬਣਦੀਆਂ ਨੇ, ਜਾਂ ਫਿਰ ਉਸ ਸੀਨੇ 'ਚੋਂ ਉਠਦੀਆਂ, ਜਿਸਦਾ ਮਾਹੀਆ ਪਰਦੇਸੀ ਹੈ, ਉਸਦੀ ਦੁੱਖਾਂ ਦੀ ਰਾਤ ਹੁੰਦੀ, ਹੰਦੀ ਇਹ ਪਹਾੜ ਜਿਹੀ, ਉਸਨੂੰ ਮਿਲਣੇ ਦੀ ਤਾਘ ਹੁੰਦੀ, ਹੁੰਦੀ ਰੋਹੀ, ਬੀਆਬਾਨ ਜਿਹੀ, ਜੋ ਫਿਰ ਵਿੱਚੇ ਹੀ ਦੱਬਦੀ ਹੈ, ਫਿਰ ਪੀੜਾਂ ਦੇ ਛਾਣੇ ਵਿੱਚੋਂ, ਵਸਲ਼ਾਂ ਦੀ ਉਮੀਦ ਜਹੀ, ਉੱਠਦੀ ਹੈ..., ਇਹਨਾਂ ਤੇ ਅਫ਼ਸੋਸ ਹੁੰਦਾ, ਗੱਲ ਇੱਥੇ ਹੀ ਮੁੱਕਦੀ ਹੈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ