Punjabi Poetry : Maninder Singh Shair

ਪੰਜਾਬੀ ਕਵਿਤਾਵਾਂ : ਮਨਿੰਦਰ ਸਿੰਘ ਸ਼ਾਇਰ



ਰੁੱਖੀਆਂ ਰੁੱਤਾਂ

ਰੁੱਤਾਂ ਆਈਆਂ ਰੁੱਖੀਆਂ ਵੇ ਅੰਦਰੋਂ ਅੰਦਰੀਂ ਧੁੱਖੀ ਹਾਂ ਵੇ ਕੰਮ ਨਾ ਕਿਸੇ ਵੀ ਆਈਆਂ ਸੁਖਾਂ ਸੌ ਸੌ ਸੁੱਖੀਆਂ ਵੇ ਪੈਰੋਂ ਨੰਗੀ, ਥਲ ਤਪੇਂਦੇ ਟੁਟ ਗਈਆਂ ਜੁੱਤੀਆਂ ਵੇ ਸਾਡੇ ਨਾਲੋਂ ਚੰਗੀਆਂ ਤੇਰੇ ਸ਼ਹਿਰ ਦੀਆਂ ਕੁੱਤੀਆਂ ਵੇ ਨਜ਼ਰਾਂ ਤੈਂ ਫੇਰ ਲਈਆਂ ਮੈਂ ਤੇ ਗਈ ਲੁੱਟੀਆਂ ਵੇ ਗਮ ਬਹਿੰਦੇ ਨੇੜੇ ਹੋ ਹੋ ਕੋਹਾਂ ਦੂਰ ਖੁਸ਼ੀਆਂ ਵੇ ਜਿਸਮਾਂ ਦੇ ਭੁੱਖਿਉ ਮਰਦੋ ਅੱਤਾਂ ਕਾਹਨੂੰ ਚੁੱਕੀਆਂ ਵੇ ਮਨਿੰਦਰਾ ਤੇਰੇ ਨਾਲ ਲਾ ਕੇ ਕਿਸਮਤਾਂ ਫੁੱਟੀਆਂ ਵੇ

ਬਹੁੜਿਆ ਨਾ

ਜੀ ਉਹ ਇੰਨੇ ਰੁੱਖੇ ਬੋਲੇ, ਮੈਨੂੰ ਕੁਝ ਔਹੁੜਿਆ ਨਾ ਓਹ ਪੂਰਾ ਮਨ ਬਣਾ ਕੇ ਗਿਆ, ਤਾਹੀਉਂ ਤਾਂ ਬਹੁੜਿਆ ਨਾ ਐਸੀ ਪੱਟੀ ਇਸ਼ਕ ਨੇ ਬੰਨੀਂ ਅੱਖਾਂ ਤੇ ਸਾਹਮਣੇ ਸਭ ਕੁਝ ਹੋਇਆ ਤਾਂ ਵੀ ਦੌੜਿਆ ਨਾ ਮੈਨੂੰ ਤਾਂ ਇਹ ਸੀ ਕਿ ਇਹ ਦਿਨ ਇਦਾਂ ਹੀ ਚੱਲੀ ਜਾਣੇ ਨੇ ਬਸ ਏਸ ਭੁਲੇਖੇ ਇੱਕ ਵੀ ਪੈਸਾ ਜੋੜਿਆ ਨਾ ਉਹ ਆਪਣੀ ਮਰਜੀ ਦੇ ਨਾਲ ਆਇਆ ਸੀ ਤੇ ਟੁਰ ਚਲਿਆ ਮੈਂ ਤਾਂ ਆਪਣੇ ਦਿਲ ਚੋਂ ਵੀ ਉਹਨੂੰ ਟੋਰਿਆ ਨਾ ਆਪਣਾ ਦਿਤਾ ਹੋਇਆ ਛੱਲਾ ਤਾਂ ਲੈ ਤੁਰਗੀ ਮੇਰਾ ਦਿਤਾ ਹੋਇਆ ਸਮਾਨ ਇੱਕ ਵੀ ਮੋੜਿਆ ਨਾ

ਹੰਝੂਆਂ ਦੀਆਂ ਬੁਛਾੜਾਂ

ਅਸੀਂ ਹੰਝੂਆਂ ਦੀਆਂ ਬੁਛਾੜਾਂ ਦੇ ਵਿੱਚ ਨੈਣ ਧੋਏ ਤਰਲੇ ਮਿੰਨਤਾਂ ਕੀਤੀਆਂ ਕਿ ਤੂੰ ਆਜਾ ਲੋਏ ਲੋਏ ਸਦਕੇ ਜਾਈਏ ਸੱਜਣਾਂ ਦੀ ਚਤੁਰਾਈਆਂ ਦੇ ਆਪੇ ਦੇ ਕੇ ਜਖ਼ਮ, ਆਪੇ ਧਰਨ ਫੋਹੇ ਇੱਕ ਹੰਝੂ ਨਾ ਉਸ ਨੈਣਾਂ ਵਿਚੋਂ ਡੋਲ੍ਹਿਆ ਰੱਬ ਜਾਣੇ ਕਿ ਕਿਸ ਮਿੱਟੀ ਦੇ ਬਣੇ ਹੋਏ ਐਸੇ ਸਾਕ ਸਹੇੜੇ ਦਿਲ ਨੇ ਨਾ ਜਿਉਂਦੇ ਨਾ ਮੋਏ ਸਭਨੂੰ ਅੱਗਾਂ ਲਾ ਤੁਰ ਚੱਲਿਆ ਸੀ ਸੁਪਨੇ ਲੱਖ ਸੰਜੋਏ ਮਾਰ ਚੰਨ ਦੀ ਬੁੱਕਲ "ਸ਼ਾਇਰ" ਤਾਰਿਆਂ ਛਾਵੇਂ ਰੋਏ

ਆਹ ਫੜ ਸਾਂਭ

ਆਹ ਫੜ ਸਾਂਭ ਕੇ ਰੱਖ ਦਿਲ ਆਪਣਾ ਮੈਂ ਅੱਖੀਂ ਦੇਖਿਆ, ਨਾ ਕਿ ਸੁਪਨਾ ਜੇ ਤੂੰ ਧੋਖੇ ਹੀ ਦੇਣੇ ਨੇ ਛੱਡ ਦੇ ਨਾਮ ਖ਼ੁਦਾ ਦਾ ਜਪਣਾ ਮੌਹਰਾ ਸਾਨੂੰ ਦੇਣ ਵਾਲਿਆ ਮੈਂ ਨਹੀਉਂ ਬਚਣਾ, ਮੈਂ ਨਹੀਉਂ ਬਚਣਾ ਜਿਸਮ ਹੰਢਾ ਕੇ ਕੰਡ ਕਰ ਚੱਲਿਐਂ ਦੇਖੀਂ ਤੂੰ ਵੀ ਮਰੇਂਗਾ ਸੱਖਣਾ ਜਿਹੜਾ ਰੱਖੇ ਵਿਚ ਹਨੇਰੇ ਐਸੇ ਯਾਰ ਨੂੰ ਵੀ ਕੀ ਚੱਟਣਾ ਤੂੰ ਕੀ ਸੋਚਦੈਂ, ਸੌਖਾ ਛੁਟਜੂ ਲੇਖਾ ਦੇਣਾ ਪੈਣਾ ਮੱਖਣਾ ਪਿੰਡ ਆਪਣੇ ਨੂੰ ਚੱਲਿਆ "ਸ਼ਾਇਰ" ਸ਼ਹਿਰ ਤੇਰੇ ਦੀ ਕਰ ਪਰਦੱਖਣਾ

ਡੰਗ ਸੱਜਣ ਦਾ

ਮਾਰ ਗਿਆ ਇੱਕੋ ਡੰਗ ਸੱਜਣ ਦਾ ਕੀ ਕਰਦੇ ਗੋਰਾ ਰੰਗ ਸੱਜਣ ਦਾ ਤਰਲੇ ਮਿੰਨਤਾਂ ਕਰਦਾ ਮਰਗਿਆ ਪਰ ਨਾ ਗਿਆ ਘਮੰਡ ਸੱਜਣ ਦਾ ਰੰਗ ਬਰੰਗੀ ਚੀਜ਼ਾਂ ਵੇਖ ਕੇ ਬਦਲ ਗਿਆ ਰੰਗ ਢੰਗ ਸੱਜਣ ਦਾ ਖੇੜਿਆਂ ਦੇ ਵੀ ਖੇੜੇ ਮੱਲ ਲਏ ਕੀ ਕਰਾਂ ਸਿਆਲ ਤੇ ਝੰਗ ਸੱਜਣ ਦਾ ਗੈਰ ਮਿਲੇ ਤਾਂ ਜ਼ਹਿਰ ਹੋ ਗਏ ਸੁਭਾਅ ਤਾਂ ਸੀ ਉਂਝ ਖੰਡ ਸੱਜਣ ਦਾ ਰੰਗੇ ਹੱਥੀਂ ਕਾਬੂ ਕਰਿਆ ਸੁੱਕ ਗਿਆ ਸੀ ਸੰਘ ਸੱਜਣ ਦਾ

ਜੋਬਨ ਰੁੱਤ

ਜੋਬਨ ਰੁੱਤ, ਨੈਣ ਸੁਰਮਈ, ਮੁਸਤੈਦੀ ਕੌਣ ਕਰੇ ? ਫੁੱਲਾਂ ਵਿਚੋਂ ਖੁਸ਼ਬੂ 'ਲਹਿਦੀ ਕੌਣ ਕਰੇ ? ਵੱਸ ਨਹੀਂ ਚੱਲਦਾ ਕਿਸੇ ਦਾ ਦਿਲਾਂ ਦਿਮਾਗਾਂ ਉਤੇ ਖੁਆਬਾਂ ਦੇ ਪੰਛੀ ਸੱਜਣਾ ਕੈਦੀ ਕੌਣ ਕਰੇ? ਪੁੱਛ ਪੜਤਾਲਾਂ ਹੋਵਣ ਵਸਦੇ ਘਰਾਂ ਦੀਆਂ ਖੰਡਰਾਂ ਦੇ ਵਿਚ ਯਾਰ ਸਫ਼ੈਦੀ ਕੌਣ ਕਰੇ? ਦਿਲ ਟੁੱਟਣ ਤੋਂ ਬਾਅਦ ਪੁਆੜੇ ਪੈਂਦੇ ਨੇ "ਮਨਿੰਦਰਾ" ਆਪਣੇ ਆਪ ਨੂੰ ਐਬੀ ਕੌਣ ਕਰੇ ?

ਸ਼ਮਸ਼ਾਨ ਲੱਗੇ ਰਮਣੀਕ

ਸ਼ਮਸ਼ਾਨ ਲੱਗੇ ਰਮਣੀਕ ਵੇ ਮੈਂ ਮੌਤ ਦੀ ਮੰਗਾਂ ਭੀਖ ਵੇ ਮੇਰੇ ਹੱਥੀਂ ਪੈਰੀਂ ਲਾ ਦਿਉ, ਪੀੜਾਂ ਦੀ ਮਹਿੰਦੀ ਪੀਸ ਵੇ ਮੈਨੂੰ ਅਧ ਮੋਇਆ ਕਰ ਛੱਡਿਆ ਬਿਰਹੋਂ ਨੇ ਘਸੀਟ ਘਸੀਟ ਵੇ ਮੇਰੀ ਕਬਰ ਵਿੱਚ ਦਫ਼ਨਾ ਦਿਉ ਕੋਈ "ਦੇਬੀ ਸਾਹਿਬ"ਦੇ ਗੀਤ ਵੇ ਨਾਲੇ ਮਾਰਿਉ ਤੋਹਮਤਾਂ ਮੈਨੂੰ ਦੇਣਾ ਨਾ ਆਸੀਸ ਵੇ ਮੱਲ੍ਹਮ ਲਗਾਏ ਲੱਖ ਵੇ ਫਿਰ ਵੀ ਗਈ ਨਾ ਚੀਸ ਵੇ ਮੋਇਆਂ ਦੀ ਦੱਸ ਦੇ ਸੱਜਣਾਂ ਕਰਦਾ ਕੌਣ ਉਡੀਕ ਵੇ

ਕਦੇ ਪੁੱਛ ਕੇ ਵੇਖੀਂ ਸੱਜਣਾ

ਕਦੇ ਪੁੱਛ ਕੇ ਵੇਖੀਂ ਸੱਜਣਾ ਇਸ਼ਕ ਵਿੱਚ ਲੁੱਟਿਆਂ ਤੋਂ ਕਦ ਹੋਣ ਕਬੂਲ ਦੁਆਵਾਂ ਤਾਰੇ ਟੁੱਟਿਆਂ ਤੋਂ ਸਾਨੂੰ ਵੇਖ ਕੇ ਮਹਿਫ਼ਲ 'ਚੋਂ ਜੋ ਭੱਜ ਉਠੇ ਜਾਂਦੇ ਸੀ ਕੁਰਬਾਨ ਕਦੇ ਸਾਡੇ ਜੁਤਿਆਂ ਤੋਂ ਜਲਕੇ ਵੀ ਕਿਥੇ ਯਾਦਾਂ ਖਹਿੜੇ ਛੱਡਦੀਆਂ ਬੰਦੇ ਬੇਸ਼ੱਕ ਮੁੱਕ ਜਾਂਦੇ ਨੇ ਫੁੱਕਿਆਂ ਤੋਂ ਪਹਿਲਾਂ ਪੈਰਾਂ ਵਿੱਚ ਲਿਤਾੜ ਕੇ ਲੰਘ ਗਿਉਂ ਹੁਣ ਫਿਰੇਂ ਭਾਲਦੀ ਖੁਸ਼ਬੂ ਫੁੱਲਾਂ ਸੁਕਿਆਂ ਤੋਂ ਤੇਰਾ ਛੱਲਾ, ਖ਼ਤ, ਰੁਮਾਲ ਤੇ ਇੱਕ ਗਾਨੀ ਗਲ ਦੀ ਇਹੀ ਕੁਝ ਸੀ ਮਿਲਿਆ "ਸ਼ਾਇਰ" ਦਿਆਂ ਖਿੱਸਿਆਂ ਚੋਂ

ਰੂਹ ਦੇ ਰੁੱਖ

ਟਾਹਲੀ ਟਾਹਲੀ ਛਾਂਗ ਕੇ ਰੂਹ ਦਿਆਂ ਰੁੱਖਾਂ ਦੀ ਹੁਣ ਕਰਦੀ ਐਂ ਗੱਲ ਮੇਰੀਆਂ ਸੁੱਖਾਂ ਦੀ ਐਸੇ ਝੱਖੜ ਝੁੱਲੇ ਸਭ ਕੁਝ ਬਿਖਰ ਗਿਆ ਕੀ ਗੱਲ ਕਰੀਏ ਯਾਰ ਜੋਬਨ ਰੁੱਤਾਂ ਦੀ ਚੰਨ ਤਾਰੇ ਤੇ ਡੰਗਰ ਹੋਏ ਬੰਦੇ ਦੇ ਪਰ ਨਾ ਬਦਲੀ ਫਿਤਰਤ ਅਜੇ ਮਨੁੱਖਾਂ ਦੀ ਕਾਮ ਮੱਤੀਆਂ ਰੂਹਾਂ ਕਿੱਥੇ ਟਲਦੀਆਂ ਨੇ ਸੇਕਣ ਚਿਤਾਵਾਂ ਬਾਲ ਬਿਗਾਨੇ ਪੁੱਤਾਂ ਦੀ 'ਸ਼ਾਇਰ' ਤੱਕੇ ਹਾਦਸੇ ਜਦੋਂ ਮੁਹੱਬਤਾਂ ਦੇ ਯਾਦ ਆਉਂਦੀ ਹੈ ਸ਼ਿਵ ਕੁਮਾਰ ਦੀਆਂ ਤੁੱਕਾਂ ਦੀ

ਚਾਨਣ ਸੁੱਤੇ ਗਲੀ਼ਏ ਗਲੀ਼ਏ

ਚਾਨਣ ਸੁੱਤੇ ਗਲੀ਼ਏ ਗਲੀ਼ਏ ਸ਼ਾਇਦ ਅਸੀਂ ਹੁਣ ਕਦੇ ਨਾ ਮਿਲੀਏ ਸੱਜਣਾ ਇਸ਼ਕ ਦੀਆਂ ਰਾਹਾਂ ਉਤੇ ਸ਼ਾਇਦ ਅਸੀਂ ਹੁਣ ਹੋਰ ਨਾ ਚੱਲੀਏ ਤੋੜ ਜੜ੍ਹਾਂ ਤੋਂ ਖ਼ਾਬ ਸੁਕ ਗਏ ਦੱਸ ਕਿੰਝ ਵਧੀਏ, ਦੱਸ ਕਿੰਝ ਖਿਲੀਏ ਦਿਲ ਤੇ ਮਨ ਨਾ ਮਿਲੇ ਅਸਾਡੇ ਰੰਗਾਂ ਵਾਂਗੂੰ ਦੱਸ ਕਿੰਝ ਮਿਲੀਏ ਸਿਧੇ ਮੂੰਹ ਦੇ ਗੱਲ ਨਹੀਂ ਕਰਨੀ ਇਸ ਤੋਂ ਚੰਗਾ ਏਦਾਂ ਹੀ ਜਲੀਏ ਮੁਹੱਬਤ ਨਾ ਦੇ ਸਕੇਂ 'ਸ਼ਾਇਰ'ਨੂੰ ਕਾਹਤੋਂ ਫੇਰ ਨਫ਼ਰਤਾਂ ਘੱਲੀਏ

ਤੇਰੀ ਗੋਰੀ ਹਿੱਕ

ਤੇਰੀ ਗੋਰੀ ਹਿੱਕ ਤੇ ਕਾਲਾ ਤਿਲ ਇੰਜ ਜਚਦਾ ਏ ਜਿਵੇਂ ਵਿਚ ਪਹਾੜਾਂ ਨਾਗ ਦਮੂੰਹਾ ਲਿਸ਼ਕ ਰਿਹਾ ਖੌਰੇ ਕੀ ਤਿਲਿਸਮੀ ਜਾਦੂ ਤੇਰਿਆਂ ਨੈਣਾਂ ਵਿਚ ਜਦੋਂ ਦਾ ਤੱਕਿਆ, ਪਾ ਪੈਲਾਂ ਦਿਲ ਵਿੱਚ ਇਸ਼ਕ ਰਿਹਾ ਤੇਰੇ ਹੱਥਾਂ ਵਿਚ ਬਰਕਤਾਂ ਝੂਮਰ ਪਾਉਂਦੀਆਂ ਨੇ ਤੇਰਾ ਰੂਪ ਵੇਖ ਦਿਲ ਹੂਰਾਂ ਦਾ ਵੀ ਖਿਸਕ ਰਿਹਾ ਤੇਰੀ ਜੁਲਫਾਂ ਜਿਕਣ ਵਾਦੀਆਂ ਹੋਣ ਕਸ਼ਮੀਰ ਦੀਆਂ ਚੰਨ ਅੰਬਰਾਂ ਤੋਂ ਤੱਕ ਕੇ ਬਾਲਾਂ ਵਾਂਗੂੰ ਮਟਕ ਰਿਹਾ ਤੇਰੇ ਪੈਰਾਂ ਵਿਚੋਂ ਖੁਲਦੇ ਬੂਹੇ ਜੰਨਤ ਦੇ ਤੈਨੂੰ ਤੱਕ ਤੱਕ ਸ਼ਾਇਰ ਦਾ ਮਨ ਭਟਕ ਰਿਹਾ

ਮਨ ਦਾ ਮਿਰਗ

ਮਨ ਦਾ ਮਿਰਗ, ਖਿਆਲਾਂ ਦੇ ਜੰਗਲ ਚਰ ਰਿਹਾ ਜੇਠ ਮਹੀਨੇ ਦਿਲ ਨੂੰ ਕਾਂਬਾ ਚੜ੍ਹ ਰਿਹਾ ਨਦੀਉਂ ਪਾਰ ਜੋ ਧੂੰਆਂ ਉੱਠ ਰਿਹਾ ਇੰਜ ਜਾਪੇ ਕਿਸੇ ਆਸ਼ਕ ਦਾ ਦਿਲ ਸੜ ਰਿਹਾ ਜਦੋਂ ਕਿਸਮਤ ਦੇ ਵਿਚ ਸੂਲਾਂ, ਮਹਿਕਾਂ ਆੳਣ ਕਿਥੋਂ ਇਹ ਕਿਹੜਾ ਹੈ ਜੋ ਦੋਸ਼ ਨੈਣਾਂ ਸਿਰ ਮੜ੍ਹ ਰਿਹਾ ਬਾਟੀਆਂ ਭਰ ਭਰ ਖੂਨ ਪਿਲਾ ਕੇ ਹਾਰ ਗਿਆ ਇਹ ਦੈਂਤ ਗ਼ਮਾਂ ਦਾ ਫਿਰ ਵੀ ਪਿਆਸਾ ਮਰ ਰਿਹਾ ਖੌਰੇ ਕਿਹੜਾ ਦੋਸ਼ ਹੈ ਪਿਛਲੇ ਜਨਮਾਂ ਦਾ ਇਸ ਜਨਮ ਤਾਂ ਸਾਹ ਸਾਹ ਕਲਮਾ ਪੜ੍ਹ ਰਿਹਾ ਰੱਬ ਦਾ ਵਾਸਤਾ ਸਜਣਾ ਹੁਣ ਤਾਂ ਮੰਨ ਜਾ ਵੇ ਗੱਲ ਗੱਲ ਉੱਤੇ ਨਾਲ ਮੇਰੇ ਕਿਉਂ ਵਿਗੜ ਰਿਹਾ ਬੜਾ ਜ਼ਾਲਮ ਹੈ ਜੀ ਇਸ ਇਸ਼ਕ ਦਾ ਸ਼ਾਸਕ ਮੈਂ ਹੱਥ ਅੱਡਾਂ ਤਾਂ ਪੀੜਾਂ ਤਲੀਏ ਧਰ ਰਿਹਾ ਰਾਸ ਆਉਂਣੇ ਸੀ ਉਸ ਨੂੰ ਸਾਡੇ ਸਾਕ ਕਿਥੇ? 'ਸ਼ਾਇਰ' ਦੇ ਘਰ ਦਾ ਪਲਸਤਰ ਵੀ ਹੈ ਝੜ ਰਿਹਾ

ਦਰਦਾਂ ਨੂੰ ਝਾੜ ਝੰਬ ਕੇ

ਦਰਦਾਂ ਨੂੰ ਝਾੜ ਝੰਬ ਕੇ, ਦਿਲ ਦੇ ਵਿਚ ਟੰਗ ਲਿਆ ਝਾੜੋ ਕੋਈ ਰੂਹ ਮੇਰੀ ਨੂੰ, ਮੋਰਾਂ ਦੇ ਖੰਭ ਲਿਆ ਮੜੀਆਂ ਚੋਂ ਰਾਖ ਮੇਰੀ ਨੂੰ ਚੁੱਕ ਕੇ ਨਾ ਸੁੱਟ ਦੇਣਾ ਗੰਗਾ ਚੋਂ ਜਲ ਲਿਆ ਕੇ ਸਿਵੇ ਵਿਚ ਦੇਣਾ ਪਾ ਆਪਣੀ ਮੌਤ ਨਈਂ ਮਰਿਆ, ਮੇਰਾ ਕਤਲ ਹੋਇਆ ਸੱਜਣਾ ਨੇ ਮਾਰਿਐ ਸਾਨੂੰ, ਗੁੱਠੇ ਗਲ ਵਿੱਚ ਅੜਾ ਪਰਦਾ ਨਹੀਂ ਮੈਂ ਪਾਉਣਾ, ਉਸਦੀ ਬੇਵਫ਼ਾਈਆਂ ਤੇ ਛੱਲਾ ਇਹ ਬੇਕਦਰਾਂ ਦਾ, ਦੋਸਤੋ‌ ਦੇਣਾ ਲਾਹ ਜ਼ੁਲਫ਼ਾਂ ਵਿਚ ਇੱਤਰ ਡੋਲ੍ਹ ਮਨਿੰਦਰ ਸ਼ਾਇਰ ਦੇ ਇਕ ਮਿੰਟ ਲਈ ਰੱਖਣਾ ਅਰਥੀ, ਉਹ ਦੇ ਘਰ ਮੁਹਰੇ ਜਾ

ਗਮ ਦਾ ਤੋਲਾ਼

ਪੀਸ ਕੇ ਪੀਤਾ ਗਮ ਦਾ ਤੋਲਾ਼ ਫਿਰ ਵੀ ਦਿਲ ਨਾ ਹੋਇਆ ਹੌਲਾ ਕਿਹੜੀ ਗੱਲੋਂ ਬੇਮੁੱਖ ਹੋਇਉਂ ਦੱਸ ਤਾਂ ਸਹੀ ਕਿਸ ਗੱਲ ‌ਦਾ ਰੌਲਾ ਮੇਰੇ ਦਿਲ ਦੀਆਂ ਮੈਂ ਜਾਣਦਾ ਤੇਰੇ ਦਿਲ ਦੀਆਂ ਜਾਣੇ ਮੌਲਾ ਖਿਆਲਾਂ ਦੇ ਠੀਕਰ ਸੁੱਟ ਸੁੱਟ ਕੇ ਭਰ ਲਿਆ ਮੈਂ ਦਿਲ ਦਾ ਖੋਲਾ਼ ਉਮਰ ਤਾਂ ਮਸਾਂ ਹੈ ਵਰ੍ਹੇ ਅਠਾਈ ਪੀ ਪੀ ਹੰਝੂ ਹੋਇਆ ਧੌਲਾ ਪਿੱਟ ਪਿੱਟ ਮਰਿਆ ਮਨਿੰਦਰ ਸ਼ਾਇਰ ਮੌਤ ਨਾ ਆਵੇ, ਰੱਬ ਵੀ ਬੋਲਾ

ਤੇਰੇ ਬਾਗ਼ਾਂ ਦੇ ਵਿੱਚ

ਤੇਰੇ ਬਾਗ਼ਾਂ ਦੇ ਵਿੱਚ ਨੱਚਣ ਤੋਤੇ ਤਿਤਲੀਆਂ ਰਾਗ ਭੈਰਵੀ ਗਾਉਣ ਗੁਟਾਰਾਂ ਭੌਰ ਫੁੱਲਾਂ ਦੀ ਮਾਰ ਕੇ ਬੁੱਕਲ ਉੱਡ ਉੱਡ ਜਾਂਦੇ ਮੀਲ ਹਜ਼ਾਰਾਂ ਜੀ ਤੇਰੇ ਪੈਰਾਂ ਵਿਚ ਹਰਿਆਵਲ ਤੈਂਡਿਆਂ ਬੋਲਾਂ ਵਿਚ ਗੁਲਜ਼ਾਰਾਂ ਇਕ ਤਸਵੀਰ ਪਈ ਹੈ ਸਾਂਭੀ ਦਿਨ ਵਿਚ ੧੦੦ ੧੦੦ ਵਾਰ ਨਿਹਾਰਾਂ ਗੁਲਾਬ, ਚਮੇਲੀ, ਮੋਤੀਆਂ, ਮਰੂਆ ਗੁਲਮੋਹਰ, ਗੈਂਦਾ ਤੇ ਕਚਨਾਰਾਂ ਕੂੰਜਾਂ ਵਾਂਗ ਪਈ ਕੁਰਲਾਵਾਂ ਚੇਤੇ ਕਰ ਕੋਈ ਵਿਚ ਪਹਾੜਾਂ ਤੇਰੇ ਬਿਨ ਸਾਨੂੰ ਰੋਗ ਨੇ ਡਾਢੇ ਜੇ ਤੂੰ ਮਿਲੇਂ ਤਾਂ ਸੁੱਖ ਹਜ਼ਾਰਾਂ ਹੱਥ ਵਿਚ ਤਸਬੀ ਫੜ ਕੇ ਮਾਹੀਆ ਰੱਬ ਵਾਂਗੂੰ ਤੇਰਾ ਨਾਮ ਪੁਕਾਰਾਂ ਆ ਮਨਿੰਦਰਾ ਤੇਰੇ ਬਾਝੋਂ ਸਭ ਪਾਸੇ ਮੈਨੂੰ ਦਿਸਣ‌ ਉਜਾੜਾਂ

ਸਜਣਾ ਵੇ ਮੰਜੇ ਬਾਣ ਦੇ

ਸਜਣਾ ਵੇ ਮੰਜੇ ਬਾਣ ਦੇ ਮੈਨੂੰ ਵਿਚ ਵਿਹੜੇ ਦੇ ਡਾਹੁਣ ਦੇ ਖੜਜਾ ਮੈਂ ਇੱਕ ਮਿੰਟ ਆ ਗਈ ਚਾਦਰ ਫੁੱਲਾਂ ਦੀ ਵਿਛਾਉਣ ਦੇ ਬੜੀ ਮੁਦਤ ਮਗਰੋਂ ਬਹੁੜਿਆ ਘੱਲੇ ਸੀ ਬਹੁਤ ਪੈਗ਼ਾਮ ਵੇ ਚਾਨਣੀ ਆਪਣੇ ਰੂਪ ਦੀ ਦਿਆਂ ਮੁਖ ਤੇਰੇ ਤੇ ਤਾਣ ਵੇ ਅੱਜ ਰੁਮਕਣ ਝੱਲੀਆਂ ਪੌਣਾਂ ਗੀਤ ਖੁਸ਼ੀ ਦੇ ਗਾਉਣ ਵੇ ਔਹ ਵੇਖ ਵੇ ਗਰਸੱਲ੍ਹੀਆਂ ਪਾਈਆਂ ਨੈਣ ਮਟਕਾਉਣ ਵੇ ਵੇ ਸੁਰਮਈ ਨੈਣਾਂ ਵਾਲਿਆ ਤੇਰੇ ਵਿਚ ਵਸਦੀ ਜਾਨ ਵੇ

ਪੀੜ ਤੇਰੀ ਦਾ ਭੱਠ

ਵੇ ਤੂੰ ਨਿਕਲਿਉਂ ਚੋਰ-ਉਚੱਕ ਤੇਰੇ ਗ਼ਮਾਂ ਤੋੜਿਆ ਲੱਕ ਸਾਰੀ ਜ਼ਿੰਦਗੀ ਪੀੜ ਤੇਰੀ ਦਾ ਮਰੇ ਝੋਕਦੇ ਭੱਠ ਧਰਤੀ ਸੁੱਜੀ ਅੰਬਰ ਸੁੱਜੇ ਰੋਗ ਦਿਲਾਂ ਦੇ ਕਿਹੜਾ ਬੁੱਝੇ ਦਿਲ ਦੇ ਵਿਹੜੇ ਦੇ ਵਿੱਚ ਚੰਨਾ ਉੱਗੇ ਕੱਖੋ ਕੱਖ ਪੀੜ ਤੇਰੀ ਦੇ ਲਾਵਾਂ ਵਟਣੇ ਝੂਠੇ ਵਾਅਦੇ ਮੈਂ ਕੀ ਚੱਟਣੇ ਹਰ ਸੰਗਰਾਂਦ ‌ਨੂੰ ਯਾਦ ਤੇਰੀ ਰੱਖ ਜਾਂਦੀ ਪੀੜਾਂ ਢੱਕ ਮੂੰਹ ਵੀ ਕਾਲੇ ਦਿਲ ਵੀ ਕਾਲੇ ਬੋਲਦਾ ਨਹੀਂ? ਮੁੰਹ ਵਿੱਚ ਛਾਲੇ? ਮਨਿੰਦਰਾ ਤੇਰਾ ਭਰੋਸਾ ਨਹੀਂ ਕੋਈ ਮਿੰਨਤਾਂ ਕਰਲੈ ਲੱਖ ਵੇ ਤੂੰ ਨਿਕਲਿਉਂ ਚੋਰ-ਉਚੱਕ ਤੇਰੇ ਗ਼ਮਾਂ ਤੋੜਿਆ ਲੱਕ ਸਾਰੀ ਜ਼ਿੰਦਗੀ ਪੀੜ ਤੇਰੀ ਦਾ ਮਰੇ ਝੋਕਦੇ ਭੱਠ

ਦਿਲ ਦੇ ਮੰਦਰ

ਦਿਲ ਦੇ ਮੰਦਰ ਹੋਏ ਖੰਡਰ ਸਧਰਾਂ ਕਰਨ ਡੰਡੌਤ ਵੇ ਲਾ ਗਈ ਟਾਲੇ਼ ਇੰਨੇ ਸਾਰੇ ਪਰ ਨਾ ਆਈ ਮੌਤ ਦੇ ਸਿਵ ਜਿਹੇ ਸ਼ਿਅਰ ਮਿਲੇ ਨਾ ਫੇਰ ਪੜ੍ਹੇ ਗਾਲਿਬ ਮੀਰ ਤੇ ਜ਼ੌਕ਼ ਵੇ ਲੱਗੀ ਅੱਗ ਗਈ ਕਸਰਾਂ ਕੱਢ ਸੜੇ ਆਲ੍ਹਣਿਆਂ ਵਿੱਚ ਬੋਟ ਵੇ ਕਿਸਮਤ ਫੂਹੜੀ ਮਿਟੀ ਨਾ ਦੂਰੀ ਸੁਖੇ ਪੀਰਾਂ ਰੋਟ ਵੇ ਦਿਲ ਬੇਰੰਗ ਚੜ੍ਹੇ ਨਾ ਰੰਗ ਲਾਈਆ ਮਹਿੰਦੀਆਂ ਘੋਟ ਘੋਟ ਵੇ ਪੂਰ ਪਏ ਨਾ ਸੁੱਖ ਰਹੇ ਨਾ ਐਸੀ ਲੱਗੀ ਟੋਕ ਵੇ ਸ਼ਹਿਰ ਤੇਰੇ ਵਿੱਚ ਪਾਪ ਬਥੇਰੇ ਕੋਈ ਨਾ ਚੁੱਕੇ ਲੋਥ ਵੇ

ਸ਼ੱਕਰ ਵੰਡਾਂ

ਦੀਦ ਤੇਰੀ ਤਪਦੀ ਰੋਹੀ ਵਿੱਚ ਸੱਜਣਾ ਵੇ ਵਰਤਾਵੇ ਠੰਢਾਂ ਤੂੰ ਆਵੇਂ ਤੇ ਸ਼ੱਕਰ ਵੰਡਾਂ ਖੈਰ ਸੁਖ ਤੇਰੀ ਰਹਾਂ ਲੋਚਦੀ ਮਾਹੀਆ ਮੈਂ ਕੁਝ ਹੋਰ ਨਾ ਮੰਗਾਂ ਤੂੰ ਆਵੇਂ ਤੇ ਸ਼ੱਕਰ ਵੰਡਾਂ ਜਿਸ ਗਲੀ ਵਿਚ ਘਰ ਨਹੀਂ ਤੇਰਾ ਉਸ ਗਲ਼ੀ ਚੋਂ ਕਦੀ ਨਾ ਲੰਘਾਂ ਤੂੰ ਆਵੇਂ ਤੇ ਸ਼ੱਕਰ ਵੰਡਾਂ ਚੌਲ ਤੇਰੀ ਵੇ ਯਾਦਾਂ ਵਾਲੇ ਮੁਹੱਬਤਾਂ ਦੇ ਛੱਜ ਪਾ ਪਾ ਛੰਡਾਂ ਤੂੰ ਆਵੇਂ ਤੇ ਸ਼ੱਕਰ ਵੰਡਾਂ ਤੇਰੇ ਵਸਲ ਦੀ ਅੱਗ 'ਚ ਧੁਖਦੀ ਮਨਿੰਦਰਾ ਖੋਲ੍ਹ ਦਈਂ ਤੂੰ ਗੰਢਾਂ ਤੂੰ ਆਵੇਂ ਤੇ ਸ਼ੱਕਰ ਵੰਡਾਂ

ਹੌਲੀ ਬੋਲ

ਮਿਠੜੇ ਬੋਲ ਮਿਸ਼ਰੀ ਦੇ ਘੋਲ ਵੇਖ ਸੁਣ ਨਾ ਲਏ ਕੋਈ ਹੌਲੀ ਬੋਲ ਮੇਰੀ ਗੱਲ ਮੰਨ ਕੰਧਾਂ ਦੇ ਕੰਨ ਹੁੰਦੇ ਨੇ ‌ਚੰਨ ਆ ਬਹਿ ਕੋਲ ਕੋਲ ਵੇ ਸੁਣ ਨਾ ਲਏ ਕੋਈ ਹੌਲੀ ਬੋਲ ਨੈਣਾਂ ਦੇ ਯੁੱਧ ਭੁੱਲੇ ਸੁੱਧ ਬੁੱਧ ਕਾੜ੍ਹਿਆ ਦੁੱਧ ਦਈਂ ਨਾ ਡੋਲ੍ਹ ਵੇ ਸੁਣ ਨਾ ਲਏ ਕੋਈ ਹੌਲੀ ਬੋਲ ਗੱਲਾਂ ਗੂੜ੍ਹੀਆਂ ਮਿਟੀਆਂ ਦੂਰੀਆਂ ਟੁੱਟੀਆਂ ਚੂੜੀਆਂ ਸੀਨੇ ਪਏ ਹੌਲ ਵੇ ਸੁਣ ਨਾ ਲਏ ਕੋਈ ਹੌਲੀ ਬੋਲ ਵੇਖਦੇ ਤਾਰੇ ਚੰਨ ਨਿਹਾਰੇ ਹਵਾ ਦੇ ਫੁਹਾਰੇ ਪੱਖੀ ਰਹੇ ਝੋਲ ਹੌਲੀ ਬੋਲ ਮਨਿੰਦਰ ਸ਼ਾਇਰ ਹੋਏ ਤੇਰੀ ਖ਼ੈਰ ਚੁੰਮਾਂ ਤੇਰੇ ਪੈਰ ਫੁੱਲਾਂ ਤੋਂ ਸੋਹਲ ਵੇਖ ਸੁਣ ਨਾ ਲਏ ਕੋਈ ਹੌਲੀ ਬੋਲ

ਦਿਲ ਦੀ ਜੂਹ 'ਚੋਂ ਲੰਘਿਆ ਮਹਿਰਮ

ਕਬੂਤਰ ਗੋਲੇ ਖੰਭ ਨੇ ਖੋਲ੍ਹੇ ਦਿਲ ਦੀ ਜੂਹ ਚੋਂ ਲੰਘਿਆ ਮਹਿਰਮ ਪੈਰ ਧਰੇਂਦਾ ਪੋਲੇ ਪੋਲੇ ਵੇਖ ਕੇ ਤੋਰ ਗਰਕਦੇ ਮੋਰ ਸੁਣ ਕੇ ਉਸਦੀ ਲੰਮੀ ਹੇਕ ਕੋਇਲਾਂ ਨੇ ਪਾਇਆ ਹੈ ਸ਼ੋਰ ਕੋਹ ਕਾਫ਼ ਦੀਆਂ ਪਰੀਆਂ ਉਸਨੂੰ ਵੇਖ ਕੇ ਹੋਈਆਂ ਕੋਲੇ ਕੋਲੇ ਦਿਲ ਦੀ ਜੂਹ ਚੋਂ ਲੰਘਿਆ ਮਹਿਰਮ ਪੈਰ ਧਰੇਂਦਾ ਪੋਲੇ ਪੋਲੇ ਰੇਸ਼ਮ ਸਰੀਰ ਦੇਸ਼ ਕਸ਼ਮੀਰ ਪਿਛਲੇ ਜਨਮਾਂ ਵਿੱਚ ਇੰਝ ਲਗਦੈ ਤੂੰ ਹੋਣੀ ਸਿਆਲਾਂ ਦੀ ਹੀਰ ਫੁੱਲਾਂ ਵਰਗਾ ਰੂਪ ਉਸਦਾ ਹੱਥ ਰੇਸ਼ਮ ਨੇ ਹੌਲ਼ੇ ਹੌਲ਼ੇ ਦਿਲ ਦੀ ਜੂਹ ਚੋਂ ਲੰਘਿਆ ਮਹਿਰਮ ਪੈਰ ਧਰੇਂਦਾ ਪੋਲੇ ਪੋਲੇ ਹਾਏ ਉਏ ਰੱਬਾ ਹੀਰਾ ਕਿਥੋਂ ਲੱਭਾ ਦੋਵੇਂ ਹੱਥਾਂ ਵਿਚ ਨਾ ਆਵੇ ਉਸ ਦੀਆਂ ਜ਼ੁਲਫ਼ਾਂ ਦਾ ਥੱਬਾ ਮਨਿੰਦਰਾ ਜਿੰਦ ਕੁਰਬਾਨ ਸੱਜਣ ਤੋਂ ਦੁਨੀਆਂ ਤੋਂ ਕੀ ਲੈਣੇ ਛੋਲੇ ਦਿਲ ਦੀ ਜੂਹ ਚੋਂ ਲੰਘਿਆ ਮਹਿਰਮ ਪੈਰ ਧਰੇਂਦਾ ਪੋਲੇ ਪੋਲੇ

ਕੁਦਰਤ ਨਾਲ ਗੱਲਾਂ

ਮੈਨੂੰ ਸੰਗੀਤ ਸੁਣਾਂਦੇ ਰੁੱਖਾਂ ਦੇ ਪੱਤੇ ਇਹ ਬਹੁਤ ਰੌਣਕੀ ਚਿੜੀਆਂ ਦੇ ਬੱਚੇ ਛੱਡੋ ਏ ਸੀ, ਕੂਲਰ ਤੇ ਪੱਖੇ ਸਾਨੂੰ ਸਮਝਾਂ ਨਾ ਆਈਆਂ ਘਸ ਗਏ ਮੱਥੇ ਕਦੀ ਹੱਥ ਛਾਵਾਂ ਦੇ ਫੜਕੇ ਤਾਂ ਦੇਖੋ ਕਦੇ ਕੁਦਰਤ ਨਾਲ ਗੱਲਾਂ, ਕਰਕੇ ਤਾਂ ਦੇਖੋ ਤੱਕੋ ਮੱਸਿਆ ਦੀ ਰਾਤ ਤੇ ਪੂਨਮ ਦਾ ਚੰਨ ਕਦੀ ਪੜ੍ਹ ਕੇ ਦੇਖੋ ਤਾਰਿਆਂ ਦੇ ਮਨ ਕਦੀ ਖਾ ਕੇ ਨਾ ਦੇਖੇ ਤੁਸੀੰ ਰਿਸ਼ਮਾਂ ਦੇ ਕੰਨ ਕਦੀ ਬਾਰਿਸ਼ਾਂ ਵਿਚ ਨੁਹਾਏ ਨਾ ਤਨ ਕਦੀ ਅਸਮਾਨ ਦੇ ਥੱਲੇ ਖੜ੍ਹ ਕੇ ਤਾਂ ਦੇਖੋ ਕਦੀ ਕੁਦਰਤ ਨਾਲ ਗੱਲਾਂ ਕਰਕੇ ਤਾਂ ਦੇਖੋ ਕਦੀ ਡੌਲਾਂ, ਪਹਿਆਂ ਨਾਲ ਕਰੋ ਦੁਖ ਸਾਂਝੇ ਕਦੀ ਧੋ ਕੇ ਫੜਾਓ ਵੇ ਧੁੱਪਾਂ ਦੇ ਭਾਂਡੇ ਹਾਏ ਕਹੀਆਂ ਤੇ ਦਾਤੀਆਂ ਨੂੰ ਚਿਰ ਹੋਏ ਸਾਂਭੇ ਵੇ ਬੇਲਿਆਂ ਦੀ ਧੂੜ ਥੋਨੂੰ ਮਾਰੇ ਉਲਾਂਭੇ ਵੇ ਕਾਹਤੋਂ ਨੀ ਨਿਆਈਂ ਵਾਲ਼ੇ ਖੇਤਾਂ ਨੂੰ ਜਾਂਦੇ ਜਮੀਨਾਂ ਆਪਣੀਆਂ ਖੜ੍ਹ ਕੇ ਤਾਂ ਦੇਖੋ ਕਦੀ ਕੁਦਰਤ ਨਾਲ ਗੱਲਾਂ ਕਰਕੇ ਤਾਂ ਦੇਖੋ ਵੇ ਮਿੱਟੀ ਤੋਂ ਇੰਨਾ ਭੈ ਕਿਉਂ ਹੋ ਖਾਂਦੇ ਨਾ ਚਾਦਰੇ ਨਾ ਖੁੱਸੇ ਨਾ ਸੱਗੀਆਂ ਪਰਾਂਦੇ ਨਾ ਕਲੀਆਂ ਨਾ ਵਾਰਾਂ ਕੀ ਗੰਦ ਮੰਦ ਗਾਂਦੇ ਵੇ ਥੋਡੇ ਸੱਭਿਆਚਾਰ ਤੇ ਝੁੱਲ ਗਏ ਨੇ ਝਾਂਜੇ ਕਦੀ ਨਾਨਕ, ਗੁਰਦਾਸ ਨੂੰ ਪੜ੍ਹਕੇ ਤਾਂ ਦੇਖੋ ਖਫਾ ਥੋਤੋਂ ਪਾਣੀ ਖਫਾ ਥੋਤੋਂ ਰੁੱਤਾਂ ਵੇ ਨੰਦਪੁਰ ਬਖਸ਼ਾਲੋ ਭੁੱਲਾਂ ਤੇ ਚੁੱਕਾਂ ਕਟਾ ਕੇ ਬਹਿ ਗਏ ਜੂੜੇ ਤੇ ਗੁੱਤਾਂ ਵੇ ਤੁਸੀੰ ਮੁੱਲ ਵੱਟ ਲਾਏ ਦੁੱਧ ਤੇ ਪੁੱਤਾਂ ਕਿਥੋਂ ਭਾਲਦੇ ਪਏ ਹੋ ਸੁਖਾਂ ਤੁਸੀੰ ਆਪਾ ਗੁਰਾਂ ਨੂੰ ਹਰਕੇ ਤਾਂ ਦੇਖ ਕਦੀ ਕੁਦਰਤ ਨਾਲ ਗੱਲਾਂ ਕਰਕੇ ਤਾਂ ਦੇਖੋ

ਮਾਏ ਨੀ ਮੈਂ ਨੈਣ ਕਰ ਲਏ ਖਾਰੇ

ਮਾਏ ਨੀ ਮੈਂ ਨੈਣ ਕਰ ਲਏ ਖਾਰੇ ਗਮ ਖਾ ਖਾ ਕੇ ਕਰਾਂ ਗੁਜ਼ਾਰੇ ਮਾਏ ਨੀ ਮੈਂ ਨੈਣ ਕਰ ਲਏ ਖਾਰੇ ਰੇਤ ਥਲਾਂ ਦੀ ਅੱਖਾਂ ਭੰਨੇ ਨਾਲੇ ਕੇਸ਼ ਸ਼ਿੰਗਾਰੇ ਮਾਏ ਨੀ ਮੈਂ ਨੈਣ ਕਰ ਲਏ ਖਾਰੇ ਫੁੱਟ ਗਏ ਸਾਡੇ ਲੇਖ ਕੁਲਹਿਣੇ ਕੀ ਕਰਨਗੇ ਝਾੜੇ ਮਾਏ ਨੀ ਮੈਂ ਨੈਣ ਕਰ ਲਏ ਖਾਰੇ ਇਸ਼ਕ ਦੇ ਬੂਟੇ ਸਿੰਝਦੀ ਮਰ ਗਈ ਹੋਣ ਦਿਨੋ ਦਿਨ ਮਾੜੇ ਮਾਏ ਨੀਂ ਮੈਂ ਨੈਣ ਕਰ ਲਏ ਖਾਰੇ ਫੁੱਲ ਖੁਸ਼ਬੋਈ ਕੁੱਖ ਵਿਚ ਉੱਗੇ ਅੰਦਰ ਵੱਜਦੇ ਤਾੜੇ ਮਾਏ ਨੀ ਮੈਂ ਨੈਣ ਕਰ ਲਏ ਖਾਰੇ ਐਸੇ ਇੱਸ਼ਕ ਦੇ ਵਣਜ ਕਮਾਏ ਸੱਜਣ ਮਾਰ ਗਏ ਧਾੜੇ ਮਾਏ ਨੀ ਮੈਂ ਨੈਣ ਕਰ ਲਏ ਖਾਰੇ ਮੌਤ ਵੀ ਸੌਕਣ ਆਈ ਬੈਠੀ ਲਾ ਲਾ ਰੋਕੀ ਲਾਰੇ ਮਾਏ ਨੀ ਮੈਂ ਨੈਣ ਕਰ ਲਏ ਖਾਰੇ ਮਰਿਆ ਮੇਰਾ ਮਨਿੰਦਰ ਸ਼ਾਇਰ ਸਾਹ ਦੇ ਨਾ ਸਕੀ ਉਧਾਰੇ ਮਾਏ ਨੀ ਮੈਂ ਨੈਣ ਕਰ ਲਏ ਖਾਰੇ

ਬੰਦੇ ਤਾਂ ਬੰਦਿਆਂ ਨੇ ਡੰਗੇ

ਆ ਗਿਆ ਸਵਾਦ ਹੁਣ, ਲੈ ਕੇ ਪੰਗੇ ਪਹਿਲਾਂ ਕਿਹਾ ਸੀ ਕੱਲੇ ਚੰਗੇ ਲੋਕ ਤਾਂ ਸਭ ਰਲ ਮਿਲ ਕੇ ਰਹਿੰਦੇ ਖਬਰੇ ਕੌਣ ਕਰਾਉਂਦਾ ਦੰਗੇ ਉਹ ਪੁੱਛਦੇ ਨੇ ਕੇ ਰੋਟੀ ਖਾ ਲਈ ? ਸਾਡੇ ਤਾਂ ਪਾਣੀ ਨਾ ਲੰਘੇ ਫੁੱਲ ਵੀ ਕਿਹੜਾ ਘੱਟ ਨੇ ਸੱਜਣਾ ਬੱਸ ਓਦਾਂ ਗੁਨਾਹਗਾਰ ਨੇ ਕੰਡੇ ਮੁਸੀਬਤਾਂ ਦੇ ਨਾਲ ਲੜਨਾ ਸਿੱਖੋ ਕੀਹਨੇ ਕਿਹਾ ਗੱਲ ਪਾਓ ਫੰਧੇ ? ਪਿਆਰ ਵਿਚ ਤਾਂ ਸਭ ਕੁਝ ਜਾਇਜ਼ ਕੀ ਗੁਲਾਬ, ਕੀ ਮਰੂਏ ਚੰਬੇ ਸੱਪ ਤਾਂ ਐਵੇਂ ਬਦਨਾਮ ਨੇ ਮਾਨਾ ਬੰਦੇ ਤਾਂ ਬੰਦਿਆਂ ਨੇ ਡੰਗੇ

ਰੂਹ ਦਾ ਚਰਖਾ

ਗ਼ਮ ਪਏ ਰੂਹ ਦਾ ਚਰਖਾ ਕੱਤਣ ਪੀੜਾਂ ਵੇਖ ਵੇਖ ਕੇ ਹੱਸਣ ਜਿਨ੍ਹਾਂ ਨੇ ਸਾਡੇ ਬੇੜੇ ਡੋਬੇ ਰੱਬਾ ਰਾਜ਼ੀ ਖੁਸ਼ੀ ਵੱਸਣ ਚਾਰ ਚੁਫ਼ੇਰੇ ਦਿਸਦਾ ਸੱਜਣ ਪੂਰਬ ਪੱਛਮ ਉੱਤਰ ਦੱਖਣ ਐਸੇ ਇਸ਼ਕ ਦੇ ਝੱਖੜ ਝੁੱਲੇ ਰੁੜ੍ਹ ਗਏ ਚਾਵਾਂ ਦੇ ਪੱਤਣ ਤੂੰਹੀਂ ਕਦਰ ਨਾ ਪਾਈ ਸੱਜਣਾ ਆਸ਼ਿਕ ਦੱਸ ਕੀ ਧੋਖੇ ਚੱਟਣ ਪਹਿਲਾਂ ਹੀ ਨਹੀਂ ਸੰਭਲਦੇ ਮੈਥੋਂ ਆ ਆ ਦਰਦ ਪਏ ਦਿਲ ਮਲੱਕਣ ਮਾਨਾ ਚੜ੍ਹਨ ਜੋ ਇਸ਼ਕ਼ ਦੇ ਧੱਕੇ ਉਹ ਬਹੁਤੇ ਦਿਨ ਨਾ ਕੱਟਣ

ਮਹਿਰਮ ਦੀ ਸਿਫਤ

ਗੱਲ ਨਹੀਂ ਕਰਦਾ ਅੱਜ ਕੱਲ ਲਾਈ ਰੱਖਦਾ ਹੈ ਮੈਂ ਤੱਕਿਆ ਉਸਦੇ ਨੈਣਾਂ ਵਿਚ ਰੱਬ ਵੱਸਦਾ ਹੈ ਉਹ ਮਾਰ ਕੇ ਤਾੜੀ ਸ਼ਾਂਤ ਕਰੇ ਦਰਿਆਵਾਂ ਨੂੰ ਮੈਂ ਪਾਣੀ ਛਿੜਕਾਂ ਤੇ ਸੁੰਭਰਾਂ ਉਹਦੇ ਰਾਹਾਂ ਨੂੰ ਪਾਰਦਰਸ਼ੀ ਉਹ ਪੌਣਾਂ ਤੋਂ ਤੇ ਹਲਕਾ ਫੁੱਲਾਂ ਤੋਂ ਗੁਲਾਬ ਚੁਰਾਉਂਦੇ ਕੋਮਲਤਾ ਉਹਦੇ ਬੁੱਲ੍ਹਾਂ ਚੋਂ ਖੜ ਪੱਤਣਾਂ ਤੇ ਹੇਕ ਜਦੋਂ ਉਹ ਲਾ ਦੇਵੇ ਕੁਲ ਕਾਇਨਾਤ ਨੂੰ ਚੱਕਰਾਂ ਦੇ ਵਿਚ ਪਾ ਦੇਵੇ ਪਾਰਸ ਵਰਗੀ ਲੋਹਾ ਸੋਨਾ ਕਰ ਦਿੰਦੀ ਉਹ ਕੀਲ ਦੇਵੇ ਨਾਗਾਂ ਨੂੰ ਮੰਤਰ ਪੜ੍ਹ ਦਿੰਦੀ ਉਹ ਹੱਥ ਲਗਾ ਕੇ ਪਾਣੀ ਇਤਰ ਕਰ ਦੇਵੇ ਉਡਦੇ ਹੋਏ ਪਰਿੰਦਿਆਂ ਦੇ ਗਿਣ ਪਰ ਦੇਵੇ ਜਿਥੇ ਉਹ ਦੇਵੇ ਠੰਢ ਸ਼ਾਮ ਸਵੇਰਿਆਂ ਨੂੰ ਉਦਾਂ ਹੀ ਬਖਸ਼ਦਾ ਨਿੱਤ ਹਨੇਰਿਆਂ ਨੂੰ ਲੱਖਾਂ ਹੱਜ ਬਰੋਬਰ ਜਿਸਦੇ ਦੀਦਾਰੇ ਨੇ ਉਹਦੇ ਹੁਕਮ‌ ਵਿਚ ਮਾਏ, ਸੂਰਜ ਚੰਦ ਤੇ ਤਾਰੇ ਨੇ ਮਿਲੇ 'ਸ਼ਾਇਰ' ਨੂੰ ਗੱਲਾਂ ਛੇੜੇ ਪਰਲੇ ਪਾਰ ਦੀਆਂ ਕਿੰਝ ਕਰਾਂ ਮੈਂ ਸਿਫ਼ਤਾਂ ਮਾਏ ਸੋਹਣੇ ‌ਯਾਰ ਦੀਆਂ

ਦੇਸ਼ ਦੀ ਹਾਲਤ

ਉਲਝੇ ਇਸ਼ਕ ਦੇ ਤਾਣੇ-ਬਾਣੇ ਮੁੰਦਰਾਂ ਪਾਈ ਫਿਰਨ ਨਿਆਣੇ ਕਹਿੰਦੇ ਮੁਲਕ ਤਰੱਕੀ ਕਰ ਗਿਆ ਖਾਣ ਨੂੰ ਉਂਜ ਨਾ ਲੱਭਦੇ ਦਾਣੇ ਬੰਦਾ ਕਿਧਰੇ ਵੀ ਨਹੀਂ ਰਾਜ਼ੀ ਕਿੱਥੇ ਸੌਖੇ ਮੰਨਣੇ ਭਾਣੇ ਹਾਂ ਵਿਚ ਹਾਂ ਕਰੀਏ ਤਾਂ ਠੀਕ ਹੈ ਕਹਿੰਦੇ ‌ਨਹੀਂ ਤਾਂ ਲਾਉ ਟਿਕਾਣੇ ਮਨ ਵਿੱਚ ਕੂੜ ਕਬਾੜ ਹੈ ਭਰਿਆ ਉਪਰੋ ਉਪਰੋਂ ਨਾ ਲਏ ਬਾਣੇ ਤਕੜੇ ਦੀ ਕੋਈ ਪੁੱਛ ਗਿੱਛ ਨਹੀਂ ਮਾੜੇ ਲਈ ਕੋਰਟ ਕਚਹਿਰੀ ਥਾਣੇ ਕੀ ਦੁਨੀਆਂ ਨੂੰ ਸੇਧ ਦੇਣਗੇ ਅਮਲੀ ਗਾਇਕ ਤੇ ਗੰਦੇ ਗਾਣੇ ਵੋਟਾਂ ਵੇਲੇ ਮੂੰਹ ਦਿਖਾਉਂਦੇ ਇਸ ਮੁਲਕ ਦੇ ਰਾਜੇ ਰਾਣੇ ਲੀਡਰ ਵੀ ਤਾਂ ਚੁਣ ਲਏ ਆਪਾਂ ਯਾਰੋ ਅੰਨ੍ਹਿਆਂ ਵਿਚੋਂ ਕਾਣੇ ਕਹਿਣ ਨੂੰ ਔਰਤ ਮਰਦ ਬਰੋਬਰ ਸੜਕਾਂ ਉਪਰ ਜੰਮਦੀ ਨਿਆਣੇ

ਹੰਝੂ ਕੋਸੇ ਕੋਸੇ

ਹੰਝੂ ਕੋਸੇ ਕੋਸੇ ਪੀੜਾ ਦੇ ਪਰੋਸੇ ਛੱਡ ਕੇ ਗਿਉਂ ਵੇ ਕਿਸਦੇ ਭਰੋਸੇ ਚੰਨਾ ਮੇਰੇ ਨੈਣ ਬੜਾ ਕੁਝ ਕਹਿਣ ਦੂਰੋਂ ਦਿਸਦਾ ਜੇ ਕੋਈ ਭੁਲੇਖੇ ‌ਤੇਰੇ ਪੈਣ ਦਿਨ ਰਾਤ ਖੁਲੇ ਰਹਿਣ, ਨੈਣਾਂ ਦੇ ਝਰੋਖੇ ਹੰਝੂ ਕੋਸੇ ਕੋਸੇ ਆਏ ਹੁਸਨਾਂ ਨੂੰ ਬੂਰ ਕਾਹਤੋਂ ਹੋਇਆ ਦੂਰ ਸੌਖੀ ਮਰ ਜਾਂਦੀ ਦੱਸ ਜਾਂਦੋਂ ਕਸੂਰ ਤੇਰੇ ‌ਦਿਲੋਂ ਕਿੰਝ ਲਹਿ ਗਏ ਰੰਗ ਇਸ਼ਕ ਦੇ ਚੋਖੇ ਵੇ ਮਨਿੰਦਰਾ ਤੇਰੀ ਫਿਤਰਤ ਚ ਧੋਖੇ ਹੰਝੂ ਕੋਸੇ ਕੋਸੇ

ਦਿਲ ਉਦਾਸ

ਦਿਲ ਉਦਾਸ, ਰਾਤਾਂ ਘੋਰ ਸਿਆਹ ਮੰਜ਼ਿਲ ਦੂਰ, ਨਿਖੁਟੇ ਰਾਹ ਨੈਣ ਤਿਹਾਏ, ਬੁੱਲ ਸੁੱਕਦੇ ਜਿੰਦੇ ਮਰ ਮਰ ਜਾਂਦੇ ਚਾਅ ਬੇਚੈਨੀ ਜਿਹੀ ਲੱਗੀ ਰੂਹ ਨੂੰ ਖੁਸ਼ੀਆਂ ਸੁਟਦੀ ਪਈ ਲਾਹ ਲਾਹ ਐਸਾ ਗਮ ਦੇ ਧੱਕੇ ਚੜ੍ਹਿਆ ਗਿਰਵੀ ਰੱਖੇ ਗਏ ਨੇ ਸਾਹ

ਖਿਆਲ ਮੇਰੇ ਹਾਏ ਮਰਦੇ ਪਏ ਨੇ

ਆਜਾ ਵੇ ਮਾਹੀ, ਮੁੜ ਓਹਨਾ ਰਾਹਾਂ ਤੇ ਖਿਆਲ ਮੇਰੇ ਹਾਏ ਮਰਦੇ ਪਏ ਨੇ ਕਿੱਦਾਂ ਮੈਂ ਫੜਲਾਂ, ਵੇ ਮੂੰਹ ਲੋਕਾਂ ਦੇ ਸਾਡੀਆਂ ਗੱਲਾਂ ਕਰਦੇ ਪਏ ਨੇ ਫਿੱਕੀਆਂ ਹੋਈਆਂ ਲਾਲੀਆਂ ਚੰਨਾ ਬਿਲਕਣ ਮੇਰੀਆਂ ਵਾਲੀਆਂ ਆਕੇ ਬੁਝਾ ਦੇ, ਵੇ ਅੱਗ ਦਿਲੇ ਦੀ ਚਾਅ ਅਧੂਰੇ ਸੜਦੇ ਪਏ ਨੇ ਫ਼ੋਨ ਨਾ ਲੱਗੇ, ਦਿਲ ਨਾ ਲੱਗੇ ਅੱਖ ਮਾਹੀ ਤੇਰੇ ਸੂਰਤ ਲਭੇ ਟੁੱਟ ਟੁੱਟ ਜਾਵੇ ਪੈਰਾਂ ਦੀ ਝਾਂਜਰ ਬੋਰ ਵੀ ਚੰਦਰੇ ਉਖੜਦੇ ਪਏ ਨੇ ਸੁਣ ਮੇਰਿਆ ਮਾਨਾ ਬਚਾ ਲੈ ਵੇ ਜਾਨਾਂ ਆਉਣ ਤੇਰੇ ਵਿੱਚ ਕਿਉਂ ਹੋਈ ਵੇ ਦੇਰੀ ਸਾਹ ਵੀ ਰੁਕਨੋ ਮੁਕਰਦੇ ਪਏ ਨੇ

ਤੇਰੇ ਆਉਣ ਦਾ ਭਰਮ

ਤੇਰੇ ਆਉਣ ਦਾ ਭਰਮ ਰੱਖਦਾ ਹਾਂ ਅੱਖਾਂ ਆਪਣੀਆਂ ਨਮ ਰੱਖਦਾ ਹਾਂ ਜਿਵੇਂ ਲੋਕ ਸੰਭਾਲਣ ਗਹਿਣੇ ਸੰਭਾਲ ਕੇ ਤੇਰੇ ਗਮ ਰੱਖਦਾ ਹਾਂ ਟੁੱਟ ਨਾ ਜਾਵੇ ਦਿਲ ਕਿਸੇ ਦਾ ਆਪਣੇ ਬੋਲ ਨਰਮ ਰੱਖਦਾ ਹਾਂ ਇੱਕ ਤਰਫੇ ਵਿੱਚ ਕੱਢ ਦਿਊਂ ਜ਼ਿੰਦਗੀ ਇੰਨਾ ਤਾਂ ਮੈਂ ਵੀ ਦਮ ਰੱਖਦਾ ਹਾਂ ਪੀ ਪੀ ਕੇ ਗੁਜ਼ਰੇਗੀ ਸਾਰੀ ਮਹਿਕਸ਼ੀ ਦਾ ਆਲਮ ਰੱਖਦਾ ਹਾਂ ਮੈਥੋਂ ਪਹਿਲਾਂ ਮੇਰੇ ਚਰਚੇ ਪਹੁੰਚਣ ਜਿੱਥੇ ਵੀ ਜਾ, ਕਦਮ ਰੱਖਦਾ ਹਾਂ ਰੋਟੀ ਖਾਵਾਂ ਜਾਂ ਨਾ ਖਾਵਾਂ ਵਿੱਚ ਦੁਆਵਾਂ ਸ਼ਾਮਿਲ ਰੱਖਦਾ ਹਾਂ ਸ਼ਹਿਰ ਤੇਰੇ ਮੈਂ ਆ ਤਾਂ ਸਕਦਾਂ ਪਰ ਨੈਣਾਂ ਵਿੱਚ ਸ਼ਰਮ ਰੱਖਦਾ ਹਾਂ ਤੇਰੇ ਆਉਣ ਦਾ ਭਰਮ ਰੱਖਦਾ ਹਾਂ ਤੇਰੇ ਯਾਦ ਕਥਨ ਰੱਖਦਾ ਹਾਂ

ਸ਼ਾਇਰ ਦਾ ਖਿਆਲ

ਜੇ ਉਹਦੇ ਨਾਲ ਗੱਲ ਹੋ ਜਾਏ ਮੁਸ਼ਕਿਲ ਸਾਰੀ ਹੱਲ ਹੋ ਜਾਏ ਦੁਨੀਆਂ ਨੂੰ ਮੈਂ ਕਰਨਾ ਕੀ ਐ? ਜੇ ਉਹ ਮੇਰੇ ਵੱਲ ਹੋ ਜਾਏ ਜੇ ਉਹ ਆਪਣੇ ਹੱਥੀਂ ਪੂੰਝੇ ਹੰਝੂ ਗੰਗਾ ਜਲ ਹੋ ਜਾਏ ਯਾਦ ਉਸਦੀ ਜੇ ਰਹੇ ਨਾ ਦਿਲ ਵਿਚ ਦਿਲ ਇਹ ਮਾਰੂਥਲ ਹੋ ਜਾਏ ਸ਼ਾਇਦ ਉਹ ਮੁੜਕੇ ਆ ਹੀ ਜਾਵਣ ਜੇ ਸੁਨੇਹਾ ਘੱਲ ਹੋ ਜਾਏ ਉਸਦੀ ਛੋਹ ਵਿੱਚ ਜਾਦੂ ਐਸਾ ਖੱਦਰ ਵੀ ਮਖਮਲ ਹੋ ਜਾਏ ਲਿਬਾਸ ਉਹ ਦੇ ਵਿਚੋ ਮਹਿਕਾਂ ਆਵਣ ਮਹਿਫ਼ਲ ਵਿਚ ਹਲਚਲ ਹੋ ਜਾਏ ਸੁਣ ਗੱਲ ਯਾਰ ਮਨਿੰਦਰ ਸ਼ਾਇਰ ਅੱਜ ਉਸ ਉਤੇ ਇੱਕ ਗ਼ਜ਼ਲ ਹੋ ਜਾਏ ਜੇ ਉਹਦੇ ਨਾਲ ਗੱਲ ਹੋ ਜਾਏ ਅੱਜ ਨਹੀਂ ਤਾਂ ਕੱਲ੍ਹ ਹੋ ਜਾਏ

ਕੁਆਰੀ ਕੁੜੀ ਦੀ ਚਾਹਤ

ਸੋਇਆ ਦੇ ਫੁੱਲਾਂ ਵਾਕਣਾ ਜੁਲਫਾਂ ਹੋਈਆਂ ਖੁਸਬੁਨੁਮਾ ਅੱਜ ਚੰਨ ਦੀ ਚੂਰੀ ਰੁੜ੍ਹ ਗਈ ਤਾਰੇ ਟੁੱਟੇ ਵਿਚ ਕਹਿਕਸ਼ਾਂ ਜਿਓਂ ਆਏ ਬਟੇਰੇ ਪੈਰਾਂ ਹੇਠ ਵੇ ਆ ਸੱਜਣ ਸਾਡੇ ਮੇਚ ਦੇ ਅਸਮਾਨੋਂ ਦੇਵੀ ਦੇਵਤੇ ਤੈਨੂੰ ਖੜ੍ਹ ਖੜ੍ਹ ਕੇ ਨੇ ਵੇਖਦੇ ਅੱਜ ਗੇਂਦੇ ਦੇ ਫੁੱਲ ਤੋੜ ਕੇ ਤੇਰੇ ਰਾਹਾਂ ਵਿਚ ਵਿਛਾ ਦਏ ਤੂੰ ਪਾਣੀ ਬਿਆਸ ਚਨਾਬ ਦੇ ਹੱਥ ਲਾ ਕੇ ਇਤਰ ਬਣਾ ਦਏ ਚੱਲ ਬਹੀਏ ਤੁੱਤਾਂ ਹੇਠ ਵੇ ਆ ਸੱਜਣ ਸਾਡੇ ਮੇਚ ਦੇ ਅਸਮਾਨੋਂ ਦੇਵੀ ਦੇਵਤੇ ਤੈਨੂੰ ਖੜ ਖੜ ਕੇ ਨੇ ਵੇਖਦੇ ਕੋਕਾ ਬਣਾਕੇ ਕਿੱਕਰ ਦੇ ਫੁੱਲ ਦਾ ਨੱਕ ਦੇ ਵਿਚ ਲਿਆ ਪਾ ਕੈਸਾ ਜਾਦੂ ਕੀਤਾ ਤੇਰੇ ਚੁੰਮਣਾਂ ਸੌਂਫੀ ਸੌਂਫੀ ਹੋਏ ਸਾਹ ਸਾਨੂੰ ਰੇਸ਼ਮ ਜਾਪਣ ਰੇਤ ਵੇ ਆ ਸੱਜਣ ਸਾਡੇ ਮੇਚ ਦੇ ਅਸਮਾਨੋਂ ਦੇਵੀ ਦੇਵਤੇ ਤੈਨੂੰ ਖੜ੍ਹ ਖੜ੍ਹ ਕੇ ਨੇ ਵੇਖਦੇ ਅਸੀਂ ਦੁੱਧ ਚ ਕੇਸਰ ਘੋਲੇਯਾ ਮਾਨਾ ਬੁੱਲ੍ਹਾਂ ਨੂੰ ਲਾ ਅਸੀਂ ਤੇਰੇ ਚੋਂ ਰੱਬ ਤੱਕਦੇ ਸਾਨੂੰ ਦੁਨੀਆ ਦਾ ਕਿ ਭਾਅ ਮੁਲ ਲਵਾਂ ਮਾਨ, ਜਿੰਦ ਵੇਚ ਵੇ ਆ ਸੱਜਣ ਸਾਡੇ ਮੇਚ ਦੇ ਅਸਮਾਨੋਂ ਦੇਵੀ ਦੇਵਤੇ ਤੈਨੂੰ ਖੜ੍ਹ ਖੜ੍ਹ ਕੇ ਨੇ ਵੇਖਦੇ

ਆਉ ਨੀ

ਆਓ ਕਿ ਤਲੀਏ ਪੀੜ ਧਰੋ ਆਓ ਗਮ ਦੇ ਬੱਦਲੋ ਆਣ ਵਰੋ ਮੇਰੇ ਨੈਣੀਂ ਪਾਓ ਚੀਸਾਂ ਦਾ ਸੁਰਮਾ ਨੀ ਅੜੀਓ ਸੱਧਰੋ, ਇੱਧਰ ਮਰੋ ਉਬਾਲੋ ਕੋਈ ਮੇਰੇ ਨੈਣਾਂ ਦੇ ਪਾਣੀ ਹੱਡਾਂ ਮੇਰਿਆਂ ਦੀ ਟਕੋਰ ਕਰੋ ਨੀ ਖੁਸ਼ੀਓ ਥੋਡੇ ਮੂਹਰੇ ਹੱਥ ਬੰਨੇ ਦੇਖੋ ਨਾ ਆਪਸ ਵਿੱਚ ਲੜੋ ਪੀ ਕੇ ਯਾਰ ਦੇ ਝੂਠੇ ਪਾਣੀ ਆਓ ਇਸ਼ਕ ਦੇ ਕਲਮੇ ਪੜ੍ਹੋ ਆਓ ਲਿਖੀਏ ਕੋਈ ਮੁਹੱਬਤੀ ਨਜ਼ਮਾਂ ਆਓ ਸਮਿਆਂ ਦੇ ਕਲਮ ਘੜੋ ਮਨਿੰਦਰ ਨੂੰ ਰੋਂਦਾ ਛੱਡ ਕੇ ਨਾ ਜਾਓ ਨੀ ਯਾਦੋ ਥੋੜ੍ਹਾ ਤੇ ਤਰਸ ਕਰੋ

ਪੀੜ ਮਰਜਾਣੀ

ਸਾਨੂੰ ਅੱਖਾਂ ਕੱਢ ਕੱਢ ਵੇਖਦੀ, ਤੇਰੀ ਪੀੜ ਮਰਜਾਣੀ ਸਾਡੇ ਹੰਝੂਆਂ ਦੀ ਥਾਂ ਰੱਤ ਆਏ ਕੋਇਆਂ ਦੇ ਥਾਣੀ ਸਾਡੀ ਰੂਹ ਨੇ ਰੱਖੇ ਰੋਜੜੇ ਨਾ ਪੀਂਦੀ ਪਾਣੀ ਸਾਨੂੰ ਵਿਚ ਗ਼ਮਾਂ ਦੇ ਪੈ ਗਈ ਹਯਾਤੀ ਲੰਘਾਣੀ ਉਮਰਾਂ ਦੇ ਸਰਵਰ ਸੁੱਕੇ ਰੇਤ ਸਾਹਾਂ ਨੇ ਛਾਣੀ ਖੁਸ਼ੀਆਂ ਦੇ ਚਾਨਣ ਰੁੜ੍ਹ ਗਏ ਕਿਸ ਪੀੜ ਵੰਡਾਉਣੀ ਚਾਵਾਂ ਦੀਆਂ ਚੁੰਝਾਂ ਗਲ ਗਈਆਂ ਪੀ ਸੋਗ ਦੇ ਪਾਣੀ ਮਾਨਾ ਗਏ ਨਾ ਤੇਰੇ ਉਲਾਂਭੜੇ ਹੁਣ ਖਤਮ ਕਹਾਣੀ

ਤੂੰ ਜਾਹ ਤੇਰੇ ਵੱਸ ਦੀ ਨਹੀ ਗੱਲ

ਤੂੰ ਜਾਹ ਤੇਰੇ ਵੱਸ ਦੀ ਨਹੀ ਗੱਲ ਕਿਉਂ ਪਰਦੇ ਵਿਚ ਰੱਖਦੀ ਨਹੀ ਗੱਲ ? ਤੂੰ ਜਾਹ ਤੇਰੇ ਵੱਸ ਦੀ ਨਹੀ ਗੱਲ ਐਵੇਂ ਰੌਲਾ ਪਾ ਦਿੱਤਾ ਈ ਤੇਰੇ ਅੰਦਰ ਵੀ ਖਪਦੀ ਨਹੀਂ ਗੱਲ ਜਦ ਮੋੜ ਮੁੜਾਈਆਂ ਹੋ ਈ ਗਈਆਂ ਫੇਰ ਪਿੱਛੇ ਕੋਈ ਬਚਦੀ ਨਹੀਂ ਗੱਲ ਤੂੰ ਜਿਹੜੀਆਂ ਆਕੜਾਂ ਦੇ ਵਿਚ ਫਿਰਦੀ ਇੰਝ ਸੰਭਵ ਹੋ ਸਕਦੀ ਨਹੀ ਗੱਲ ਮੂੰਹ ਤੇ ਕੁਝ ਤੇ ਪਿੱਠ ਤੇ ਕੁਝ ਮਨਿੰਦਰ ਨੂੰ ਇਹ ਜੱਚਦੀ ਨਹੀਂ ਗੱਲ ਛੱਲਾ ਮੇਰਾ, ਹਿੱਕ ਕਿਸੇ ਦੀ ਇਹ ਤਾਂ ਯਾਰ ਇਸ਼ਕ ਦੀ ਨਹੀ ਗੱਲ ਤੂੰ ਜਾਹ ਤੇਰੇ ਵੱਸ ਦੀ ਨਹੀ ਗੱਲ

ਆਓ ਕਦੀ

ਆਓ ਕਦੀ, ਬੈਠੋ ਤਾਂ ਸਹੀ ਸਾਡੇ ਦਿਲ ਦਾ ਹਾਲ, ਦੇਖੋ ਤਾਂ ਸਹੀ ਕਦੀ ਸਾਡੀ ਚਾਹ ਵੀ ਪੀ ਕੇ ਦੇਖੋ ਸਾਡੀ ਚਾਹਤ ਦੀ ਅੱਗ ਸੇਕੋ ਤਾਂ ਸਹੀ ਆਓ ਉਡੀਏ ਅਸਾਂ ਦੋਵੇਂ ਬਣਕੇ ਪਰਿੰਦੇ ਕਦੀ ਬੋਲ ਮੁਹੱਬਤੀ ਚੇਹਕੋ ਤਾਂ ਸਹੀ ਕਿਉਂ ਕੰਡਿਆਂ ਵਾਂਗੂੰ ਚੁੱਭਦੇ ਹੋ ਹੱਥੀਂ ਕਦੀ ਗੁਲ ਬਣਕੇ, ਮਹਿਕੋ ਤਾਂ ਸਹੀ ਮਨਿੰਦਰ ਮਾਨ ਦਾ ਹੱਥ ਫੜ ਕਿਸੇ ਦਿਨ ਬਾਗ ਗੁਲਾਬਾਂ ਦੇ ਟਹਿਲੋ ਤਾਂ ਸਹੀ

ਦਿਲ ਪਤੰਦਰ

ਅਜੇ ਵੀ ਤੇਰੀ ਯਾਦ, ਦਿਲ ਪਤੰਦਰ ਵਿਚ ਹੈ ਆਹ ਵੇਖ ਲੈ ਤੇਰਾ ਛੱਲਾ ਅੱਜ ਵੀ ਉਂਗਲ ਵਿਚ ਹੈ ਓਹ ਐਵੇਂ ਇਧਰ ਉਧਰ ਹੱਥ ਪੈਰ ਮਾਰ ਰਹੇ ਮੈਂ ਸੁਣਿਆ ਹਤਿਆਰਾ ਅਜੇ ਵੀ ਜੰਗਲ ਵਿਚ ਹੈ ਕਣ ਕਣ ਦੇ ਵਿਚ ਰੱਬ ਵਸਦਾ ਏ ਸੱਜਣਾ ਵੈ ਕਿੱਸਤੋਂ ਸੁਣਿਆ ਕੇ ਉਹ ਬੈਠਾ ਮੰਦਰ ਵਿੱਚ ਹੈ ਕਦੀ ਫੇਰ ਕਰਾਂਗੇ ਗੱਲਾਂ ਪਰਲੇ ਪਾਰ ਦੀਆਂ ਅਜੇ ਤਾਂ ਮੇਰੀ ਕਿਸ਼ਤੀ ਯਾਰ ਸਮੁੰਦਰ ਵਿਚ ਹੈ ਇਕ ਪਾਗਲ ਸ਼ਾਇਰ ਮਾਨ ਮਾਨ ਓਹਨੂੰ ਕਹਿੰਦੇ ਨੇ ਓਹ ਕੱਲਾ ਹੀ ਰਹਿੰਦਾ ਹੁਣ ਇਸ ਖੰਡਰ ਵਿਚ ਹੈ ਰਸ ਪੀਤੀ ਤੇ ਉੱਡ ਗਿਆ ਮੁੜ ਨਾ ਸਾਰ ਲਈ ਦੇਖੋ ਕਿੰਨੀ ਆਕੜ ਯਾਰੋ ਭੰਵਰ ਵਿਚ ਹੈ

ਤੇਰਾ ਮੇਰਾ ਹਾਲ

ਤੇਰਾ ਵੀ ਮੇਰੇ ਵਾਲਾ ਹਾਲ ਏ ਕੀ ਤੇਰੇ ਵੀ ਮਨ ਚ ਕੋਈ ਸਵਾਲ ਏ ਮੈਂ ਮੁਹੱਬਤ ਦੇ ਕਸ਼ ਲਾਉਣਾ ਚਾਹੁੰਦਾ ਤੇਰਾ ਖਿਆਲ ਏ? ਕਸ਼ਮੀਰੀ ਸ਼ਾਵਲ ਦੀਆਂ ਡੋਰਾਂ ਵਰਗਾ ਤੇਰਾ ਕੱਲਾ ਕੱਲਾ ਵਾਲ ਏ ਆ ਹਾ, ਤੁਸੀ ਵੀ ਸੁਣਦੇ ਹੋ ਨਫਾਕ? ਕਮਾਲ ਦਾ ਕਵਾਲ ਏ ਹੁਸਨ ਦੀ ਤਰੀਫ ਕਿ ਦੱਸਾਂ ਨਾਯਾਬ, ਖੂਬਸੂਰਤ ਤੇ ਬੇਮਿਸਾਲ ਏ ਮਾਨ ਵਫ਼ਾ ਦਾ ਵਾਦਾ ਨਹੀ ਕਰਦਾ, ਨਿਭਾਵੇਗਾ ਵਫ਼ਾ ਦਾ ਪਿਆ ਕਾਲ ਏ

ਖਸਤਾ ਦਿਲ

ਕੈਸਾ ਮੁਹੱਬਤਾਂ ਦਾ ਚਸਕਾ ਹੈ ਕਿ ਦਿਲ ਦੀ ਹਾਲਤ ਖਸਤਾ ਹੈ ਰਕੀਬ ਨੇ ਉਸਦਾ ਘਰ ਪੁੱਛਿਆ ਮੈਂ ਕਿਹਾ ਇਥੋਂ ਸਿੱਧਾ ਰਸਤਾ ਹੈ ਤੇਰੇ ਇਸ਼ਕ ਨੇ ਬੰਧਵੇ ਕੀਤੇ ਤਨ ਰੋਟੀ ਤੋਂ ਸਸਤਾ ਹੈ ਮੈਂ ਰੋ ਰੋ ਕੇ ਹਾਲ ਦੱਸਿਆ ਓਹ ਪਾਗਲ ਅੱਗਿਓਂ ਹੱਸਦਾ ਹੈ ਸਾਰੀ ਜ਼ਿੰਦਗੀ ਕੌਣ ਕਿਸੇ ਨੂੰ ਮਾਨਾ ਦਿਲ ਵਿੱਚ ਰੱਖਦਾ ਹੈ

ਦਿਲ ਸੂ ਦਿਲ ਮਨ ਸੂ ਮਨ

ਦਿਲ ਸੂ ਦਿਲ ਮਨ ਸੂ ਮਨ ਉੱਤਰੇ ਨਾ ਦਿਲ ਦਾ ਪਾਗਲਪਨ ਨੈਣਾਂ ਨੂੰ ਚੁੰਮਣ ਪੀੜਾਂ ਦੇ ਚਾਨਣ ਦਿਲ ਸੂ ਦਿਲ ਮਨ ਸੂ ਮਨ ਝੂਠੇ ਕਰ ਜਿਸਮ ਦੇ ਪਾਣੀ ਗਰਕ ਰਿਹਾ ਹੈ ਵਿਚਲਾ ਆਲਮ ਦਿਲ ਸੂ ਦਿਲ ਮਨ ਸੂ ਮਨ ਅੱਖ ਹੰਝੂਆਂ ਨੂੰ ਸੂੰਦੀ ਹਾਰੀ ਸਾਉਣ ਵਰ੍ਹਦਾ ਛਮ ਛਮ ਦਿਲ ਸੂ ਦਿਲ ਮਨ ਸੂ ਮਨ ਸੱਪਾਂ ਨਾਲ ਯਰਾਨੇ ਪਾਏ ਜੋਗੀਆਂ ਕਢੇ ਦਮ ਦਿਲ ਸੂ ਦਿਲ ਮਨ ਸੂ ਮਨ ਬਸੰਤੀ ਫੁੱਲਾਂ ਦੀ ਚਾਦਰ ਪਾਟੀ ਮੋਏ ਮੇਰੇ ਬਾਲਮ ਦਿਲ ਸੂ ਦਿਲ ਮਨ ਸੂ ਮਨ ਸਾਨੂੰ ਮਾਰੀ ਮਾਰ ਉਨੀਂਦਰੇ ਤੇ ਗਮ ਸਾੜੇ ਤਨ ਦਿਲ ਸੂ ਦਿਲ ਮਨ ਸੂ ਮਨ ਮਾਨ ਨੂੰ ਮਾਣ ਸੀ ਪੀੜਾਂ ਉਤੇ ਉਹ ਮਾਰੇ ਪਿੱਛੇ ਕੰਨ ਦਿਲ ਸੂ ਦਿਲ ਮਨ ਸੂ ਮਨ

ਸੁੱਤੇ ਸੁੱਤੇ ਸਾਹ

ਮੋਈਆਂ ਮੋਈਆਂ ਸੱਧਰਾਂ ਤੇ ਰੋਈਆਂ ਰੋਈਆਂ ਅੱਖੀਆਂ ਸੁੱਤੇ ਸੁੱਤੇ ਮਾਏ ਸਾਡੇ ਸਾਹ ਕਿੱਦਾਂ ਬੇੜਾ ਪਾਰ ਹੋਊ ਮਾਏ ਨੀ ਹਯਾਤੀਆਂ ਦਾ ਮੋਏ ਸਾਡੀ ਜਿੰਦ ਦੇ ਮਲਾਹ ਬਿਲਕਣ ਰੂਹਾਂ ਬਹਿ ਕੇ ਦਿਲਾਂ ਦੇ ਪੱਤਣਾਂ ਤੇ ਖੁਸ਼ੀਆਂ ਦੇ ਪੁੱਛਦੀਆਂ ਭਾਅ ਧੜਕ ਧੜਕ ਮੇਰੀ ਵੱਜਦੀ ਏ ਛਾਤੀ ਮਾਏ ਜਿਵੇਂ ਬਾਂਸਾਂ ਚੋਂ ਲੰਘਦੀ ਹਵਾ ਤਾਰਿਆਂ ਨਾਲ ਰਲ ਮਾਏ ਹੱਸੇ ਸਾਡੇ ਹਾਲ ਉਤੇ ਚੰਨ ਬੱਦਲਾਂ ਦੇ ਓਹਲੇ ਹੈ ਖੜਾ ਉਂਗਲਾਂ ਨੂੰ ਛੱਲੇ ਨਾਲੇ ਪੈਰਾਂ ਨੂੰ ਪੰਜੇਬਾਂ ਪਾਵਾਂ ਜਿਹੜਾ ਲਏ ਸਾਡੀ ਪੀੜ ਨੂੰ ਵੰਡਾ ਚੰਦਰਾ ਜਿਹਾ ਜੱਗ ਅੱਖ ਜਿਸਮਾਂ ਤੇ ਰੱਖਦਾ ਐ ਦੁੱਖ ਅਸਾਂ ਫੋਲਣੇ ਸਵਾਹ ਗਮ ਓਹਦਾ ਗੰਗਾਜਲ ਗਮ ਹੀ ਬਨਾਰਸ ਕਾਸ਼ੀ ਗਮ ਓਹਦਾ ਕਾਅਬਾ ਕੀਬਲਾ ਭੁੱਲਦਾ ਨਹੀ ਮਾਏ ਮੁੰਡਾ ਬਟਾਲਵੀ ਦੇ ਗੀਤ ਜਿਹਾ ਮਾਨ ਮਾਨ ਜੱਪਦੀ ਫਿਰਾਂ

ਸੱਜਣ ਦਿਲ ਦੇ ਕਾਲੇ ਨਿਕਲੇ

ਸੱਜਣ ਦਿਲ ਦੇ ਕਾਲੇ ਨਿਕਲੇ ਨੈਣਾਂ ਚੋਂ ਘਰਾਲੇ ਨਿਕਲੇ ਜਿੰਨੇ ਵੀ ਮੈਂ ਯਾਰ ਬਣਾਏ ਸਾਰੇ ਹੀ ਮਤਵਾਲੇ ਨਿਕਲੇ ਆਖਰੀ ਮੇਰਾ ਸਾਹ ਨਿਕਲਿਆ ਗਮ ਵੀ ਤੇਰੇ ਨਾਲੇ ਨਿਕਲੇ ਇਸ਼ਕ ਨੇ ਤਖਤ ਹਜ਼ਾਰਿਉਂ ਕੱਢਿਆ ਕੰਨਾਂ ਚੋਂ ਨਾ ਵਾਲ਼ੇ ਨਿਕਲੇ ਮਸਾਂ ਸੀ ਲੱਭਿਆ ਘਰ ਸੱਜਣਾ ਦਾ ਮਾਨਾ ਲੱਗੇ ਤਾਲੇ ਨਿਕਲੇ

ਆਫਤ

ਗਮ ਤੋਂ ਅੱਕ ਕੇ ਜੇ ਘੁੱਟ ਲਾ ਲਈ ਐਡੀ ਕਿਹੜੀ ਆਫਤ ਆ ਗਈ? ਤੂੰ ਆਪਣੇ ਛੱਲੇ ਨੂੰ ਰੋਂਦਾ ਮੇਰਾ ਖੌਰੇ ਕੀ ਕੁਝ ਖਾ ਗਈ ਸਾਡੀ ਤਾਂ ਫੇਰ ਹਸਤੀ ਕੀ ਐ? ਮੈਂ ਸੁਣਿਆ ਉਹ ਰੱਬ ਭੁਲਾ ਗਈ ਚੰਗਾ ਰਹਿ ਗਿਓਂ ਪਿੱਛੇ ਹਟ ਗਿਓਂ ਅੱਜ ਨਵਾਂ ਉਹ ਚੰਨ ਚੜ੍ਹਾ ਗਈ ਮੈਨੂੰ ਕੀ ਐ ? ਪਾਈ ਜਾਵੇ ਮੇਰਾ ਥਾਂ ਥਾਂ ਤੇ ਰੌਲਾ ਪਾ ਗਈ

ਪੈਰ ਤੇਰੀਆਂ ਪੀੜਾਂ ਦੇ

ਧੋ ਧੋ ਪੀਵਾਂ ਪੈਰ ਤੇਰੀਆਂ ਪੀੜਾਂ ਦੇ ਸੱਜਣ ਲੋਭੀ ਨਿਕਲੇ ਜਿਸਮ ਸਰੀਰਾਂ ਦੇ ਕੁੜੀਆਂ ਨਾਲ ਜੋ ਕਰਦੇ ਉਸਨੂੰ ਕੌਣ ਲਿਖੂ ਐਵੇਂ ਰੌਲੇ ਪਾਏ, ਮਿਰਜ਼ੇ ਦੇ ਤੀਰਾਂ ਦੇ ਮੈਂ ਅੱਜ ਵੀ ਕਰ ਕਰ ਸਾਫ ਉਹਨਾਂ ਨੂੰ ਰੱਖਦੀ ਹਾਂ ਰੰਗ ਫਿੱਕੇ ਹੋਏ ਯਾਰ ਤੇਰੀ ਤਸਵੀਰਾ ਦੇ ਤੂੰ ਐਸਾ ਸੌਦਾ ਕੀਤਾ ਮੇਰੀ ਜਿੰਦਗੀ ਦਾ ਬਣਕੇ ਰੇਹਗਏ ਖਿਡੌਣੇ ਯਾਰ ਅਮੀਰਾਂ ਦੇ ਧੋਖੇਬਾਜ਼ ਮਨਿੰਦਰਾ ਮਰਜ਼ੇਂ ਸੱਪ ਲੜਕੇ ਕੱਖ ਨਾ ਪੱਲੇ ਰਹੇ ਤੇਰੀਆਂ ਹੀਰਾਂ ਦੇ

ਕਬਰਿਸਤਾਨ ਦੀ ਮਿੱਟੀ

ਮੈਂ ਕਬਰਿਸਤਾਨ ਦੀ ਮਿੱਟੀ ਹਾਂ ਨਾ ਸੁੰਭਰੀ ਕਿਸੇ, ਨਾ ਲਿੱਪੀ ਹਾਂ ਮੈਂ ਸੂਲੀ ਚੜ੍ਹਦਾ ਸੂਰਜ ਹਾਂ ਮੈਂ ਅੰਬਰੋਂ ਟੁੱਟਿਆ ਤਾਰਾ ਮੈਂ ਸੁਕਿਆ ਦਰਿਆ ਸੱਜਣ ਟੁੱਟਿਆ ਭੱਜਿਆ ਢਾਰਾ ਮੈਂ ਰੇਗਿਸਤਾਨ ਦਾ ਰੁੱਖ ਹਾਂ ਜੀ ਜੋ ਬਾਰਿਸ਼ ਦੇ ਲਈ ਤਰਸ ਰਿਹਾ ਮੈਂ ਕਰਮਾਂ ਮਾਰਾ ਆਸ਼ਕ ਹਾਂ ਮਹਿਬੂਬ ਦੇ ਪਿੰਡੋਂ ਪਰਤ ਰਿਹਾ ਮੈਂ ਕਿਸੇ ਦੀ ਵਿਧਵਾ ਰੁੱਤ ਹਾਂ ਕਿਸੇ ਦੀ ਬੰਜਰ ਕੁੱਖ ਹਾਂ ਮੈਂ ਸ਼ਹਿਰ ਦੇ ਬਾਹਰਵਾਰ ਮਿੱਟੀ ਨਾਲ ਲਥਪਥ ਬੁੱਤ ਹਾਂ ਮੈਂ ਟੁਟਿਆ ਹੋਇਆ ਇਤਬਾਰ ਹਾਂ ਮੈਂ ਅਧੂਰਾ ਪਿਆਰ ਹਾਂ ਮੈਂ ਪਥਰੀਲਾ ਰਸਤਾ ਹਾਂ ਮੈਂ ਫੁੱਲ ਨਹੀਂ ਮੈਂ ਖ਼ਾਰ ਹਾਂ ਮੈਂ ਅਜੇ ਨਾ ਜੱਗ ਜ਼ਾਹਰ ਹਾਂ ਮੈਂ ਮਨਿੰਦਰ ਸ਼ਾਇਰ ਹਾ

ਸੱਧਰਾਂ ਜਲੀਆਂ ਜਲੀਆਂ

ਲਹੂ ਲਾ ਲਿਆ ਉਤੇ ਤਲੀਆਂ ਮੂੰਹਾਂ ਉਤੇ ਕਾਲਖਾਂ ਮਲੀਆਂ ਇਸ਼ਕ ਬਾਜ਼ਾਰ ਚੋਂ ਲੈ ਮੁੜੇ ਅਸੀਂ ਸੱਧਰਾਂ ਜਲੀਆਂ ਜਲੀਆਂ ਲੇਖ ਰਹੇ ਪੁੱਠੇ ਦੇ ਪੁੱਠੇ ਚੂਰੀਆ ਕੁਟੀਆਂ, ਰੋਟ ਵੀ ਸੁੱਖੇ ਖਬਰੇ ਕੈਸੇ ਫੁੱਲ ਸੀ ਮਾਏ ਗਏ ਭੋਰਿਆਂ ਦੇ ਬੁੱਲ ਟੁੱਕੇ ਬੂਹੇ ਸੁੱਟ ਗਿਆ ਕੋਈ ਕਾਲੀਆਂ ਕਲੀਆਂ ਕੇਹੇ ਭੈੜੇ ਦਿਨ ਇਹ ਆਏ ਕਾਲੀਆਂ ਰੂਹਾਂ ਕਾਲੇ ਸਾਏ ਅੱਗ ਲੱਗ ਗਈ ਦਿਲ ਮੇਰੇ ਨੂੰ ਪੌਣਾਂ ਕਰਦੀਆਂ ਹਾਏ ਹਾਏ ਉੱਡਣ ਭੰਬੀਰੀਆਂ ਹੋ ਹੋ ਝੱਲੀਆਂ ਨਜ਼ਰਾਂ ਹੋਈਆਂ ਪਾਰ ਜਿਗਰ ਦੇ ਬਾਹਲੇ ਡਾਢੇ ਰੋਗ ਨਜ਼ਰ ਦੇ ਹਨੇਰੀਆਂ ਨੂੰ ਵੀ ਹੁਣੇ ਸੀ ਆਉਣਾ ਬੁਝਦੇ ਜਾਣ ਚਿਰਾਗ ਕਬਰ ਦੇ ਤੇਲ ਸੀ ਪਾਏ ਭਰ ਭਰ ਪਲੀਆਂ

ਕਦੋਂ ਪਰਿੰਦੇ ਸੀਸ ਝੁਕਾਵਣ

ਕਦੋਂ ਪਰਿੰਦੇ ਸੀਸ ਝੁਕਾਵਣ ਆਦਮ ਜ਼ਾਤ ਦੇ ਅੱਗੇ ਰੱਬ ਤੇ ਯਾਰ ਮਿਲੇ ਨਾ ਸਾਨੂੰ ਵਾਲ ਹੋ ਗਏ ਬੱਗੇ ਟੁਟੇ ਪੱਤਰ ਝੋਲੀ ਪਾ ਕੇ ਕੀ ਕਰਨੇ ਕੁਲ ਆਲਮ ਸਾਨੂੰ ਉਜੜਿਆ ਲੱਗੇ ਆਸ਼ਕ ਅੱਜ ਕੱਲ ਗਲ ਚੋਂ ਗਾਰਾ ਉਤਾਰਨ ਇੱਕ ਵਾਰੀ ਛੱਡ ਕੌਣ ਕਿਸੇ ਨੂੰ ਲੱਭੇ ਕਿੰਝ ਸੁਣਾਵਾਂ ਕਿੱਸਾ ਯਾਰ ਮੁਹੱਬਤ ਦਾ ਇਸ਼ਕ ਨੇ ਹੱਥਾਂ ਪੈਰਾਂ ਵਿੱਚ ਕਿੱਲ ਗੱਡੇ ਇੱਕ ਨਾ ਮੰਨੀ ਚੰਦਰੇ ਮਨਿੰਦਰ ਸ਼ਾਇਰ ਨੇ ਉਹ ਨੂੰ ਪਾਉਣ ਦੀ ਖਾਤਿਰ ਕਿੰਨੇ ਸੀ ਅੱਕ ਚੱਬੇ

ਵਾਰੋ ਪੀੜਾਂ ਦੇ ਸਿਰ ਤੋਂ ਪਾਣੀ

ਵਾਰੋ ਪੀੜਾਂ ਦੇ ਸਿਰ ਤੋਂ ਪਾਣੀ ਫਿਰ ਆਈ ਇੱਕ ਯਾਦ ਪੁਰਾਣੀ ਚੀਸ ਮੇਰੇ ਨਾਲ ਇੰਜ ਬਹਿਸਦੀ ਜਿੱਦਾਂ ਲਗਦੀ ਹੋਏ ਜਿਠਾਣੀ ਜੋਬਨ ਰੁੱਤੇ ਹੱਡੀਆਂ ਖੁਰੀਆਂ ਐਸੀ ਬੁੱਕਲ ਦੀ ਨਿੱਘ ਮਾਣੀ ਦਿਲ ਦੀ ਸ਼ਾਖ ਤੇ ਆ ਆ ਬਹਿੰਦੀ ਨਿੱਤ ਤੇਰੇ ਗ਼ਮਾਂ ਦੀ ਢਾਣੀ ਸੂਤਕ ਰੁੱਤ ਤੋਂ ਜੋਬਨ ਰੁੱਤ ਤੱਕ ਪਈ ਮਨਿੰਦਰਾ ਦਰਦ ਹੰਢਾਉਣੀ

ਸਧਰਾਂ ਕੱਟਣ ਰੰਡੇਪੇ

ਸਾੜ੍ਹ ਸਤੀਆਂ ਚਲ ਰਹੀਆਂ ਤੇ ਸਧਰਾਂ ਕੱਟਣ ਰੰਡੇਪੇ ਜੋ ਗੱਲਾਂ ਸਾਡੇ ਵਿੱਚ ਹੋਈਆਂ ਇੱਕ ਨਾ ਤੈਨੂੰ ਚੇਤੇ ਮੁਹੱਬਤ ਦਾ ਮੂੰਹ ਰੱਖਣ ਖਾਤਰ ਸਾਹ ਵੀ ਆਪਣੇ ਵੇਚੇ ਅਸੀਂ ਆਪਣੀ ਮੌਤ ਨੂੰ ਆਪਣੇ ਦੇ ਕੇ ਆਏ ਮੇਚੇ ਬਾਲ ਬਾਲ ਨੈਣਾਂ ਦੇ ਪਾਣੀ ਹੱਡ ਆਪਣੇ ਸੇਕੇ ਜਿੰਦ ਮੇਰੀ ਨਾਲ ਲੜਕੇ ਮੇਰੀ ਰੂਹ ਤੁਰ ਗਈ ਪੇਕੇ ਬਸ ਕਰ ਯਾਰ ਮਨਿੰਦਰ ਸ਼ਾਇਰ ਤੇਰੇ ਜਿਹੇ ਲੱਖ ਦੇਖੇ

ਦਿਲ ਲੱਗੇ ਨਾ ਵਿਚ ਨਮਾਜ਼ ਵੇ

ਪੀੜਾਂ ਨਾ ਕਰਨ ਲਿਹਾਜ਼ ਵੇ ਨਿੱਤ ਆ ਬਹਿੰਦੀ ਤੇਰੀ ਯਾਦ ਵੇ ਅੱਲ੍ਹਾ ਜਾਣੇ ਹੁਣ ਕੀ ਬਣਨਾ ਦਿਲ ਲੱਗੇ ਨਾ ਵਿਚ ਨਮਾਜ਼ ਵੇ ਪਹਾੜ ਗ਼ਮਾਂ ਦਾ ਚੁੱਕਿਆ ਗਿਆ ਖੁਸ਼ੀਆਂ ਦਾ ਬੁੱਲ੍ਹ ਟੁੱਕਿਆ ਹੈ ਖੂਨ ਜਿਗਰ ਦਾ ਸੁੱਕਿਆ ਛਾਇਆ ਮੂੰਹ ਤੇ ਵੈਰਾਗ ਦੇ ਤਸਬੀਆਂ ਗਈਆਂ ਛੁੱਟ ਵੇ ਰੂਹ ਲਾਪਤਾ, ਸੱਖਣਾ ਬੁੱਤ ਵੇ ਸਾਥੋਂ ਖ਼ਫ਼ਾ ਖ਼ਫ਼ਾ ਨੇ ਸੁੱਖ ਵੇ ਪਏ ਜਿੰਦੜੀ ਨੂੰ ਅਜ਼ਾਬ ਵੇ ਗੱਲ ਸੁਣ ਮਨਿੰਦਰ ਸੱਜਣਾ ਮੈਂ ਸਾਹਾਂ ਨੂੰ ਹੈ ਛੱਡਣਾ ਹੁਣ ਤੇਰਾ ਹੀ ਨਾਂ ਵੱਜਣਾ ਰੋੜੀਂ ਅੱਥਰੂ ਨਾ ਮਾਇਨਾਜ਼ ਵੇ

ਨੈਣੋਂ ਨੀਰ ਵਹੇ

ਦਰਦਾਂ ਭਰੀ ਰਾਤ ਏ ਪੀੜਾਂ ਨੂੰ ਮੇਰੀ ਤਾਕ ਏ ਦਿਲ ਖਾਣ ਦੀ ਫਿਰਾਕ ਏ ਅਣਹੋਣੀ ਤੈ ਕੀਤੀ ਮੇਰੇ ਕੱਲੇ ਕੱਲੇ ਖ਼ਾਬ ਨਾਲ ਨੈਣੋਂ ਨੀਰ ਵਹੇ ਵੇ ਸੱਜਣਾ ਲੀਟਰਾਂ ਦੇ ਹਿਸਾਬ ਨਾਲ ਨੀਂਦਾਂ ਖ਼ਫ਼ਾ ਨੇ ਮੁਹੱਬਤਾਂ ਸੁਆਹ ਨੇ ਡੁੱਬ ਗਏ ਮਲਾਹ ਨੇ ਨਾ ਔੜਦੇ ਰਾਹ ਨੇ ਅੱਛਾ ਮੋੜ ਜਾਈਂ ਨਿਸ਼ਾਨੀਆਂ ਬੇਗੈਰਤਾ ਵੇ ਯਾਦ ਨਾਲ ਨੈਣੋਂ ਨੀਰ ਵਹੇ ਵੇ ਸੱਜਣਾ ਲੀਟਰਾਂ ਦੇ ਹਿਸਾਬ ਨਾਲ ਫਿਟ ਚਲੇ ਰੰਗ ਵੇ ਸੁਕਦੇ ਨੇ ਸੰਘ ਵੇ ਹੋਏ ਜ਼ਹਿਰ ਗੁਲਕੰਦ ਵੇ ਖਾਣਾ ਪੀਣਾ ਬੰਦ ਵੇ ਮਨਿੰਦਰ ਨੂੰ ਮਿਲਦੀ ਸੀ ਬੜੇ ਹੀ ਸਵਾਦ ਨਾਲ ਨੈਣੋਂ ਨੀਰ ਵਹੇ ਵੇ ਸੱਜਣਾ ਲੀਟਰਾਂ ਦੇ ਹਿਸਾਬ ਨਾਲ

ਤਾਰਾ ਕੋਈ ਕੋਈ

ਅੱਧੀ ਰਾਤ ਅਸਮਾਨ ਤੇ ਤਾਰਾ ਕੋਈ ਕੋਈ ਇੱਕ ਸੱਜਣ ਨਾਲ ਕਰੇ ਗੁਜ਼ਾਰਾ ਕੋਈ ਕੋਈ ਜਿੰਨੇ ਮਿਲੇ ਸਭ ਮਿਲੇ ਸਾਨੂੰ ਦੁਖ ਦੇਣ ਵਾਲੇ ਟੁੱਟੇ ਦਿਲ ਨੂੰ ਦਵੇ ਸਹਾਰਾ ਕੋਈ ਕੋਈ ਭੁੱਲ ਭੁਲਾ ਗਿਆ ਬਹੁਤ ਸਾਰੇ ਹੁਣ ਤੱਕ ਤਾਂ ਮੈਂ ਪਰ ਅਜੇ ਵੀ ਸੁਲਗੇ ਦਿਲ ਵਿੱਚ ਲਾਰਾ ਕੋਈ ਕੋਈ ਤੋੜ ਮੁਹੱਬਤਾਂ ਕੌਣ ਕਿਸੇ ਨੂੰ ਪੁੱਛਦਾ ਹੈ ਕਰਮਾਂ ਵਾਲਾ ਮਿਲੇ ਦੁਬਾਰਾ ਕੋਈ ਕੋਈ ਤੜਪਦਿਆਂ ਨੂੰ ਦੇਖ ਬਹੁਤੇ ਖੁਸ਼ ਹੋਣ ਵਾਲੇ ਮਾਰੇ ਹੱਕ ਵਿੱਚ ਹਾਅ ਦਾ ਨਾਅਰਾ ਕੋਈ ਕੋਈ

ਦਸਤਕ

ਦਿਲ ਦੇ ਬੂਹੇ ਸੋਨਚਿੜੀ ਨੇ ਆ ਕੇ ਦਸਤਕ ਦਿੱਤੀ ਏ ਇਹ ਖੁਮਾਰ ਉਹਦੇ ਨੈਣਾਂ ਦਾ ਹੈ, ਮੈਂ ਕਿਹੜਾ ਘੁੱਟ ਪੀਤੀ ਏ ਤਾਜ਼ੀਆਂ ਤਾਜ਼ੀਆਂ ਰੁਮਕਣ ਪੌਣਾਂ ਅੱਖ ਲੱਗ ਗਈ, ਹੁਣ ਕੀ ਸੌਂਣਾ ਮਹਿਕੇ ਦਿਲ ਦਾ ਕੋਨਾ ਕੋਨਾ ਚਾਵਾਂ ਦੀ ਧਰਤੀ ਲਿੱਪੀ ਏ ਦਿਲ ਦੇ ਬੂਹੇ ਸੋਨਚਿੜੀ ਨੇ ਆ ਕੇ ਦਸਤਕ ਦਿੱਤੀ ਏ ਇਹ ਖੁਮਾਰ ਉਹਦੇ ਨੈਣਾਂ ਦਾ ਹੈ, ਮੈਂ ਕਿਹੜਾ ਘੁੱਟ ਪੀਤੀ ਏ ਨੈਣਾਂ ਨਾਲ ਸੁਨੇਹੇ ਘੱਲੇ ਜ਼ੁਲਫ਼ਾਂ ਦੇ ਬਣਦੇ ਨੇ ਛੱਲੇ ਵੇਖ ਕੇ ਹੋ ਗਏ ਝੱਲੇ ਮੱਲੇ ਬੱਦਲਾਂ ਤੋਂ ਵੀ ਚਿੱਟੀ ਏ ਦਿਲ ਦੇ ਬੂਹੇ ਸੋਨਚਿੜੀ ਨੇ ਆ ਕੇ ਦਸਤਕ ਦਿੱਤੀ ਏ ਇਹ ਖੁਮਾਰ ਉਹਦੇ ਨੈਣਾਂ ਦਾ ਹੈ, ਮੈਂ ਕਿਹੜਾ ਘੁੱਟ ਪੀਤੀ ਏ ਨੱਕ ਬੁੱਲ੍ਹ ਰੱਬ ਨੇ ਖੂਬ ਤਰਾਸ਼ੇ ਭੋਰੇ ਅੱਡੀਆਂ ਨਾਲ ਪਤਾਸੇ ਮਿੰਨੇ ਮਿੰਨੇ ਹੱਸਦੀ ਹਾਸੇ ਥੋੜੀ ਤਿੱਖੀ ਥੋੜੀ ਮਿੱਠੀ ਏ ਮਨਿੰਦਰ ਨਾਲ ਪਈ ਪ੍ਰੀਤੀ ਏ ਦਿਲ ਦੇ ਬੂਹੇ ਸੋਨਚਿੜੀ ਨੇ ਆ ਕੇ ਦਸਤਕ ਦਿੱਤੀ ਏ ਇਹ ਖੁਮਾਰ ਉਹਦੇ ਨੈਣਾਂ ਦਾ ਹੈ, ਮੈਂ ਕਿਹੜਾ ਘੁੱਟ ਪੀਤੀ ਏ

ਪਿਆਰ ਦੀ ਗੱਲ

ਤੇਰੇ ਮੇਰੇ ਪਿਆਰਾਂ ਦੀ ਗੱਲ ਸੁੱਚੇ ਕੌਲ ਕਰਾਰਾਂ ਦੀ ਗੱਲ ਸ਼ੁਭ ਸ਼ੁਭ ਬੋਲ, ਵੇ ਦਿਲਬਰ ਜਾਨੀ ਕਿੳਂ ਕਰਦਾ ਐਂ ਉਜਾੜਾਂ ਦੀ ਗੱਲ ਪਹਿਲੇ ਪਿਆਰ ਦੀ ਪਹਿਲੀ ਰੁੱਤ ਦੇ ਕਰ ਕੋਈ ਮੌਜ ਬਹਾਰਾਂ ਦੀ ਗੱਲ ਬਾਹਾਂ ਵਿਚ ਲੈ, ਤੋੜਦੇ ਦੁੱਖੜੇ ਵੇ ਮੰਨਲੈ ਇਸ਼ਕ ਬਿਮਾਰਾਂ ਦੀ ਗੱਲ ਮਨਿੰਦਰਾ ਤੇਰੇ ਲਈ ਮੌਹਰਾ ਸੀ ਪੀਤਾ ਯਾਦ ਹੈ 2018 ਦੀ ਗੱਲ?

ਜੂਨ ਚੁਰਾਸੀ

ਦਰਬਾਰ ਸਾਹਿਬ ਉਤੇ ਹਮਲੇ ਲਈ ਜਦ ਫੌਜਾਂ ਹੋਈਆਂ ਕਾਹਲੀਆਂ ਨੇ ਸੰਤਾਂ ਦੇ ਇੱਕ ਇਸ਼ਾਰੇ ਤੇ ਫਾਇਰ ਖੋਲ੍ਹ ਦਿੱਤੇ ਸੰਤਾਲੀਆਂ ਦੇ ਫਾਇਰ ਕਿਥੋਂ ਕਿਥੋਂ ਆ ਰਿਹਾ ਚੱਲੇ ਪਤਾ ਨਾ ਵੱਡੇ ਜਰਵਾਣਿਆਂ ਨੂੰ ਸਿੰਘ ਖੂਨ ਨਾਲ ਤਾਂ ਰੰਗ ਗਏ ਲਾਏ ਦਾਗ਼ ਨਾ ਨੀਲਿਆਂ ਬਾਣਿਆਂ ਨੂੰ ਟੈਂਕਾਂ ਤੋਪਾਂ ਸਭ ਖਿਲਾਰ ਦਿੱਤੇ ਫੌਜੀ ਬੱਕਰਿਆਂ ਵਾਂਗੂੰ ਰੀਂਗ ਰਹੇ ਲੋਥਾਂ ਦੇ ਢੇਰ ਲਗਾ ਦਿੱਤੇ ਹਜ਼ਾਰਾਂ ਫੱਟੜ ਹਸਪਤਾਲ ਪਏ ਸੌ ਸਵਾ ਸੌ ਸਿੰਘ ਗੁਰਾਂ ਦੇ ਮੋਰਚੇ ਸਾਂਭੀ ਬੈਠੇ ਨੇ ਕਰਨਲ ਜਰਨਲ ਕਹਿੰਦੇ ਸੁਣੇ ਐਸੇ ਜਾਂਬਾਜ਼ ਕਦੇ ਨਾ ਦੇਖੇ ਨੇ ਗਿੱਟੇ, ਗੋਡੇ, ਸਿਰ ਵੈਰੀਆਂ ਦੇ ਸਣੇ ਹੈਲਮਟਾਂ ਖੋਪਰ ਪਾੜ ਦਿੱਤੇ ਮਨਿੰਦਰਾ ਅੱਜ ਜੁਝਾਰੂਆਂ ਨੇ ਵੈਰੀ ਧਰਤੀ ਵਿੱਚ ਨਿਘਾਰ ਦਿਤੇ ਚਮਕੌਰ ਸਾਹਿਬ ਦਾ ਜੰਗ ਸੂਰਮੇ ਮੁੜ ਤੋਂ ਕਰ ਦਿਖਲਾ ਗਏ ਨੇ ਆਖਿਰ ਸਾਹ ਤੱਕ ਜੂਝਦੇ ਜੂਝਦੇ ਅੰਤ ਸ਼ਹੀਦੀਆਂ ਪਾ ਗਏ ਨੇ

ਦਿਲ ਦਾ ਕੋਰਾ

ਸੱਜਣ ਦਿਲ ਦਾ ਨਿਕਲਿਆ ਕੋਰਾ ਬਿਲਕੇ ਦੋ ਨੈਣਾਂ ਦਾ ਜੋੜਾ ਇਕ ਤੂੰ ਹੀ ਨਾ ਮਿਲਿਆ ਸਾਨੂੰ ਨਹੀਂ ਤਾਂ ਕਿਸ ਗੱਲ ਦਾ ਸੀ ਤੋੜਾ ਮੈਂ ਹੱਥ ਜੋੜਾਂ, ਤੂੰ ਅੱਖਾਂ ਕੱਢਦੈਂ ਦੇਖੋ ਨੀ ਕੀ ਆ ਗਿਆ ਲੋਹੜਾ ਹੱਸਣਾ ਸਿਹਤ ਲਈ ਚੰਗਾ ਹੁੰਦਾ ਬਹੁਤਾ ਨਹੀਂ ਤੇ ਥੋੜ੍ਹਾ ਥੋੜ੍ਹਾ ਚੰਨ ਵੇ ਮਤਲਬ ਬਦਲ ਜਾਂਦੇ ਨੇ ਜੇ ਕੰਨੇ ਦੀ ਥਾਂ ਲੱਗਜੇ ਹੋੜਾ ਜੇ ਰਾਹ ਦੇ ਫੁੱਲ ਬਣ ਨਹੀਂ ਸਕਦੇ ਫਿਰ ਬਣੀਏ ਵੀ ਨਾ ਸੱਜਣਾ ਰੋੜਾ ਮਨਿੰਦਰਾ ਜਾਹ, ਕੀਤੋ ਰੱਬ ਹਵਾਲੇ ਰੱਖਦਾ ਰਹੀਂ ਪਿੰਡ ਫੇਰਾ ਤੋਰਾ

ਗਮ ਝੂਮਰ ਪਾਉਂਦੇ

ਔਹ ਵੇਖ ਗਮ ਝੂਮਰ ਪਾਉਂਦੇ ਪੀੜਾਂ ਪਾਵਣ ਗਿੱਧੇ ਮਾਲੀ ਮਰ ਗਏ ਪਾਣੀ ਪਾਉਂਦੇ ਫੁੱਲ ਕਿਸੇ ਨੇ ਮਿੱਧੇ ਪੁੱਠੇ ਪੈ ਗਏ ਲੇਖ ਵੇ ਖੌਰੇ ਕਿਸ ਚੰਦਰੀ ਦੇ ਸਿੱਧੇ ਪੌਣਾਂ ਰੋਣ, ਜਿਉਂ ਵਿਧਵਾ ਰੋਵੇ ਬਹਿ ਬਹਿ ਉਚੇ ਟਿੱਬੇ

ਕਬੂਤਰੀ ਵਰਗੀਆਂ ਅੱਖਾਂ

ਜਿਸ ਨੂੰ ਮੈਂ ਦਿਲ ਦੇ ਵਿਚ ਰੱਖਾਂ ਐਨ ਕਬੂਤਰੀ ਵਰਗੀਆਂ ਅੱਖਾਂ ਹੋਰ ਕਿਸੇ ਨੂੰ ਉਹ ਨਾ ਪੜਦੀ ਮਾਣੇ ਮੇਰੀਆਂ ਗ਼ਜ਼ਲਾਂ ਦਾ ਨਿੱਘ ਉਹ ਦੇ ਲਈ ਤਾਂ, ਕੀ ਮੈਂ ਦੱਸਾਂ ਮੈਂ ਹੀ ਸ਼ਿਵ ਤੇ ਮੈਂ ਹੀ ਗਾਲਿਬ ਭਾਵੇਂ ਸ਼ਾਇਰ ਦੁਨੀਆਂ ਤੇ ਲੱਖਾਂ ਜਿਸ ਨੂੰ ਮੈਂ ਦਿਲ ਦੇ ਵਿਚ ਰੱਖਾਂ ਐਨ ਕਬੂਤਰੀ ਵਰਗੀਆਂ ਅੱਖਾਂ ਇਕ ਗੱਲ ਹੋਰ ਵੀ ਖਾਸ ਹੈ ਉਸਦੀ ਆਸ਼ਕ ਕੁਲ ਕਾਇਨਾਤ ਹੈ ‌ਉਸਦੀ ਸੂਰਤ ਉਸਦੀ ਮਾਸ਼ਾ ਅੱਲ੍ਹਾ ਬੋਲੀ ਵੀ ਕਯਾ ਬਾਤ ਹੈ ਉਸਦੀ ਨਾ ਸਿਫ਼ਤਾਂ ਕਰਦਾ ਥੱਕਾਂ ਜਿਸ ਨੂੰ ਮੈਂ ਦਿਲ ਦੇ ਵਿਚ ਰੱਖਾਂ ਐਨ ਕਬੂਤਰੀ ਵਰਗੀਆਂ ਅੱਖਾਂ ਵਿੱਚ ਹਨੇਰੇ ਚਾਨਣ ਕਰਦੀ ਪੌਣਾਂ ਦੇ ਨਾਲ ਗੱਲਾਂ ਕਰਦੀ ਧਰਤੀ ਫੁੱਲਾਂ ਨਾਲ ਲੱਦ ਜਾਵੇ ਜਿਥੇ ਜਿਥੇ ਪੈਰ ਹੈ ਧਰਦੀ ਜਿਸ ਨੂੰ ਮੈਂ ਦਿਲ ਦੇ ਵਿਚ ਰੱਖਾਂ ਐਨ ਕਬੂਤਰੀ ਵਰਗੀਆਂ ਅੱਖਾਂ

ਰਾਂਝਾ ਜੋਗੀ

ਜਾੳ ਨੀ ਚਲੀਆਂ ਜਾੳ ਤੁਸੀਂ ਕੀ ਜੋਗੀ ਤੋਂ ਲੈਣਾ ਵੱਡੀਆਂ ਸਾਨੂੰ ਮਾਵਾਂ ਥੀਸਣ ਹਾਣ ਬਰੋਬਰ ਭੈਣਾਂ ਛੋਟੀਆਂ ਸਾਨੂੰ ਧੀਆਂ ਥੀਸਣ ਕਿੳਂ ਬਣੀਆਂ ਦੰਦੈਣਾਂ ਆਟਾ ਟੁਕਰ ਮੰਗ ਕੇ ਟਿਲੇ ਗੋਰਖ ਦੇ ਜਾ ਬਹਿਣਾ ਸਿਰ ਮੁੰਨਵਾ ਕੇ ਮੁੰਦਰਾਂ ਪਾਈਆ ਹੋਰ ਨਾ ਕੋਈ ਗਹਿਣਾ ਮਸ਼ਕਰੀਆਂ ਨਾ ਕਰੋ ਅਸਾਨੂੰ ਮੰਨਲੋ ਮੇਰਾ ਕਹਿਣਾ ਜਿਸ ਰੂਪ ਦਾ ਮਾਣ ਕਰੇਂਦੀਆਂ ਰੂਪ ਸਦਾ ਨਾ ਰਹਿਣਾ ਜੋਗੀ ਆਪਣੇ ਰਾਹ ਤੁਰ ਜਾਣੇ ਫਿਰ ਲੱਭਦੀ ਫਿਰੋਂਗੀਆਂ ਪੈੜਾਂ ਆਸ਼ਕ, ਨਾਗ ਫ਼ਕੀਰ ਨਾਲ ਕਦੇ ਭੁੱਲ ਨਾ ਪੰਗਾ ਲੈਣਾ ਪੱਗ ਬਾਬਲ ਦੀ ਸਾਂਭੋ ਨਹੀਂ ਤਾਂ ਸਾਰੀ ਉਮਰ ਦਾ ਮਹਿਣਾ ਇਸ਼ਕ ਨੇ ਰਾਂਝੇ ਜੋਗੀ ਕੀਤੇ ਕੀਤੀਆਂ ਹੀਰ ਸ਼ੁਦੈਣਾਂ ਜਿਥੋਂ ਆਏ ਉਥੇ ਜਾਣਾ ਬੈਠ ਕਿਸੇ ਨਹੀਂ ਰਹਿਣਾ ਜੋਗੀ ਇਹ ਝੱਲਾ ਮੱਲ੍ਹਾ ਬੋਲਦਾ ਅੱਲ੍ਹਾ ਅੱਲ੍ਹਾ ਜਾਣਾ ਪੈਣਾ ਕੱਲਾ ਕਿਸੇ ਨੀ ਫੜਨਾ ਪੱਲਾ

ਮੁਹੱਬਤ ਦਾ ਕਸ਼

ਆ ਅੱਖਾਂ ਵਿੱਚ ਅੱਖਾਂ ਪਾਈਏ ਮੁਹੱਬਤਾਂ ਦਾ ਕਸ਼ ਲਾਈਏ ਚੂਰੀਆਂ ਵੰਡ ਪਾ ਸੀਨੇ ਠੰਡ ਛੋਹ ਤੇਰੀ ਨਾਲ ਮਹਿਕੇ ਅੰਗ ਅੰਗ ਆ ਪੌਣਾਂ ਦੇ ਰਥ ੳਪਰ, ਮਾਰ ਛਲਾਂਗਾਂ ਚੜ੍ਹ ਜਾਈਏ ਮੁਹੱਬਤਾਂ ਦਾ ਕਸ਼ ਲਾਈਏ ਕੱਢਦੇ ਸੰਗ ਮਾਰ ਨੈਣੀਂ ਡੰਗ ਪਾਵੇਂ ਜਿਸ ਧਰਤ ਤੇ ਪੈਰ, ਲਗ ਜਾਂਦੇ ਨੇ ਉਥੇ ਰੰਗ ਆ ਚੁੰਮਣਾਂ ਦੇ ਚਾਨਣ ਚੁਗੀਏ ਆ ਵਸਲਾਂ ਦੇ ਨਾਗ ਜਗਾਈਏ

ਸੁਲਗਦਾ ਦਿਲ

ਸੁਲਗਦਾ ਦਿਲ, ਬੋਲ ਤਪੇਂਦੇ ਗੱਲ ਨਹੀਂ ਕਰਦੇ ਹੋ ਗਏ ਮਹਿੰਗੇ ਕਿੰਨਾ ਸਬਰ? ਗਈ ਗੁਜ਼ਰ ਹੋਏ ਨਸ਼ਰ ਗਮ ਸਹਿੰਦੇ ਸਹਿੰਦੇ ਮੌਤ ਮੇਰੀ ਤੇ ਯਾਦ ਤੇਰੀ ਨੂੰ ਦਿਉਂ ਸਿਲਕ ਦੇ ਸਵਾ ਕੇ ਲਹਿੰਗੇ ਮਨੋਂ ਲਹਿ ਗਏ ਫਰਕ ਪੈ ਗੲਏ ਵੇਖ ਵੇ ਮਾਹੀਆ ਪੈਂਦੇ ਪੈਂਦੇ ਕੌਣ ਰੋਏਗਾ ਮੌਤ ਮੇਰੀ ਤੇ ਖੁਸ਼ ਸੀ ਵੇਖ ਕੇ ਡਿਗਦੇ ਢਹਿੰਦੇ ਕਬਰ ਮੇਰੀ ਤੇ ਦੀਪ ਨਾ ਬਾਲਿਉ ਗੁਲਾਬ ਦੇ ਫੁੱਲ ਨਾ ਧਰਿਓ ਗੈਂਦੇ ਸੁਣ ਵੇ ਸ਼ਾਇਰ ਮੁਕਦਮੇ ਦਾਇਰ ਜਾਨ ਗਈ ਵੇ ਵਿਚ ਗ਼ਮ ਤੈਂਡੇ

ਲੱਪ ਕੁ ਹੰਝੂ

ਲੱਪ ਕੁ ਹੰਝੂ, ਮੁੱਠ ਕੁ ਪੀੜਾਂ ਰੱਤ ਦਿਲ ਦੀ, ਪਾ ਕਾਹੜੀਆਂ ਖੀਰਾਂ ਇਹ ਕਿਸ ਦਿਤੀ ਸੂਹ ਰੂਹਾਂ ਨੂੰ? ਦਿਲ ਦੇ ਪੱਤਣਾਂ ਤੇ ਜੁੜੀਆਂ ਭੀੜਾਂ ਇੰਨੇ ਸ਼ਿਅਰ ਲਿਖੇ ਤੇਰੇ ਗ਼ਮ ਵਿਚ ਜੇ ਹੁੰਦੇ ਨੋਟ, ਛਪਵਾਉਂਦਾ ਬੀੜਾਂ ਮੌਤ ਵੀ ਲਾਰੇ ਲਾ ਲਾ ਲੰਘੇ ਆ ਆ ਨਿੱਤ ਕਢਾਉਂਦੀ ਚੀੜਾਂ ਮਨ ਦੀ ਕੌਡੀ ਕਦਰ ਨਹੀਂ ਕਰਦੇ ਲੱਗੇ ਹੋਏ ਮਗਰ ਸਰੀਰਾਂ ਸੌਖੇ ਸਾਹ ਨਾ ਮਿਲੇ ਮਨਿੰਦਰਾ ਲਾਵਾਂ ਅੱਗ ਐਸੀ ਤਕਦੀਰਾਂ

ਦਿਲ ਦੇ ਅੰਬਰ

ਭਾਵੇਂ ਦਿਲ ਦੇ ਅੰਬਰ ਚੋਂ, ਪੀੜਾਂ ਦਾ ਬੱਦਲ ਛੱਟ ਗਿਆ ਸ਼ਾਹ ਕਾਲਾ ਇਕ ਨਾਗ ਯਾਦਾਂ ਦਾ, ਜੂਹਾਂ ਦੇ ਵਿਚ ਨੱਚ ਰਿਹਾ ਪਤਾ ਨਹੀਂ ਉਹ ਕਿਓ ਨੀ ਮਰਦਾ, ਹਰ ਰੋਜ਼ ਨਿਰੰਤਰ ਡੱਸ ਰਿਹਾ ਮੁਹੱਬਤਾਂ ਦੀ ਪੂੰਜੀ ਵਿਚ ਸੱਜਣਾ, ਅੱਧ ਫਟਿਆ ਇਕ ਖ਼ਤ ਪਿਆ ਜਿਸ ਦਿਨ ਦਾ ਛੱਡ ਤੁਰ ਗਿਆ, ਚੜ ਸਾੜ੍ਹ ਸੱਤ ਗਿਆ ਮੈਂ ਵੀ ਮਰਨਾ ਚਾਹੁੰਦਾ ਹਾਂ ਹੁਣ, ਜ਼ਿੰਦਗੀ ਤੋਂ ਦਿਲ ਅੱਕ ਗਿਆ ਸ਼ਾਇਰ ਕੋਈ ਕੀ ਕਰ ਸਕਦਾ, ਜਦ ਦਾਣਾ ਪਾਣੀ ਘੱਟ ਗਿਆ

ਤਾਰਾ ਮੰਡਲ

ਚੱਲ ਜਿੰਦੇ ਫੁੱਲ ਚੁਗਣ ਚੱਲੀਏ ਚੱਲ ਆਜਾ ਪੌਣਾਂ ਨਾਲ ਰਲੀਏ ਆਜਾ ਬੱਦਲਾਂ ‌ਦੇ ਮੋਢੇ ਚੜ੍ਹ ਕੇ ਲਾਈਏ ਗੇੜਾ ਮਾਨਸਰਾਂ ਦਾ ਉਥੇ ਕੋਈ ‌ਵੀ ਨਹੀਂ ਹੋਣਾ ਤੇਰੇ ਜਾਂ ਮੇਰੇ ਗਰਾਂ ਦਾ ਅਮ੍ਰਿਤਾਂ ਦੀ ਚੁੰਝਾਂ ਭਰਾ ਕੇ ਪੰਛੀਆਂ ਤੋਂ ‌ਸਿਖਾਗੇ ਰਾਗ ਕੋਈ ਨੰਗੇ ਪੈਰੀਂ ਤੁਰਾਂਗੇ ਆਪਾਂ ਬੰਦਾ ਨਾ ਜਾਵੇ ਜਾਗ ਕੋਈ ਚੰਦਰਮਾ ‌ਕੋਲ ਰੋਟੀ ਖਾ ਕੇ ਕੁਝ ‌ਰਿਸਮਾਂ ਮੰਗ ਲਿਆਵਾਂਗੇ ਸੂਰਜ ਸੁਨਿਆਰੇ ਕੋਲੋਂ ਗਹਿਣੇ ਤੇਰੇ ਲਈ ਬਣ ਵਾਵਾਗੇ ਲਵਾਂਗੇ ਸੁਰਮਾ ਰਾਤਾਂ ਤੋਂ ਤੇਰੇ ਨੈਣਾਂ ਦੇ ਵਿਚ ਪਾਉਣ ਲਈ ਮੈਂ ਲੈਣੇ ਇੱਤਰ ਪੁਰੀਆਂ ਚੋਂ ਜਿਸਮਾਂ ਨੂੰ ਮਹਿਕਾੳਣ ਲਈ ਨਾਲੇ ਕੋਲ ਬਵਾਂਗੇ ਤਾਰਿਆਂ ਦੇ ਫਿਰ ਸਪਤਰਿਸੀ ਤੋਂ ਵਰ ਲੈਣਾ ਘੁੰਮ ਘੁੰਮਾ ਕੇ‌ ਅੰਬਰ ਉੱਤੇ ਫੇਰ ਰਾਹ ਧਰਤੀ ਦਾ ਫੜ ਲੈਣਾ

ਇਕ ਪੱਤਰ ਖੁਸ਼ੀਆਂ ਦਾ

ਇਕ ਪੱਤਰ ਖੁਸ਼ੀਆਂ ਦਾ, ਸੈਂਕੜੇ ਸੂਲਾਂ ਹਿਜਰ ਦੀਆਂ ਜੇ ਹੁੰਦਾ ਉਹਨੂੰ ਫ਼ਿਕਰ, ਮੁਹੱਬਤਾਂ ਕਾਹਨੂੰ ਵਿਗੜ ਦੀਆਂ ਮਾਘ ਮਹੀਨੇ, ਪੈਣ ਪਸੀਨੇ, ਜਿਉਂ ਹੋਣ ਦੁਪਹਿਰਾਂ ਸਿਖ਼ਰ ਦੀਆਂ ਮੌਤ ਮੇਰੀ ਤੇ ਗੱਲਾਂ ਛਿੜੀਆਂ, ਸੱਜਣਾ ‌ਤੇਰੇ ਜ਼ਿਕਰ ਦੀਆਂ ਖੂਨ ਦਿਲਾਂ ਦੇ ਪੀ ਪੀ ਸੁਣਿਆ, ਡਾਗਾਂ ਹੋਰ ਵੀ ਨਿੱਖਰ ਦੀਆਂ ਸਮਝ ਕੇ ਗੋਲ੍ਹਾਂ ‌ਖਾ ਲਏ ਭੱਖੜੇ, ਔਖੀਆਂ ਸਾਹਾਂ ਨਿਕਲ ਦੀਆਂ ਗ਼ਜ਼ਲਾਂ ਦੇ ਵਿਚ ਲਿਖਦਾ 'ਸ਼ਾਇਰ', ਗੱਲਾਂ ਆਪਣੇ ਹਸ਼ਰ ਦੀਆਂ

ਹੁਸਨ ਦੀ ਸਿਫਤ

ਨਾਗਾਂ ਵਰਗੇ ਨੈਣ ਕੁੜੀ ਦੇ ਸਾਉਣ ਘਟਾਵਾਂ ਕੇਸ ਬੋਲੀ ਦੇ ਵਿਚ ਘੁਲੀ ਹੈ ਮਿਸ਼ਰੀ ਪੰਜਾਬ ਸੁਣੀਂਦਾ ਦੇਸ਼ ਸਾਹਾਂ ਵਿੱਚ ਮੌਲਦੇ ਚੰਦਨ ਜਿਸਮ ਤੰਦੁਰ ਦਾ ਸੇਕ ਨੈਣਾਂ ਵਿਚ ਉਹਦੇ ਸਤਲੁਜ ਜਿਹਲਮ ਰਾਵੀ ਕਦਮਾਂ ਹੇਠ ਅੱਡੀਆਂ ਮਾਰ ਕੇ ਪੱਤਣ ਪਾੜੇ ਹੱਥੋਂ ਕਿਰੇ ਜਿਉਂ ਰੇਤ ਹਿੱਕ ਹਿਮਾਲਿਆ ਪਰਬਤ ਵਰਗੀ ਹਾਸੇ ਸੌਫਾਂ ਦੇ ਖੇਤ ਦੰਦ ਚਿੱਟੇ ਮੋਤੀਆਂ ਦੀ ਤਸਬੀ ਪੌਣਾਂ ਵਰਗੀ ਹੇਕ ਗੱਲ੍ਹਾਂ ਜਿਉਂ ਦੁੱਧ ਘੁਲਿਆ ਕੇਸਰ ਸਭ ਕਾਇਲ ਇੰਦਰ ਸਮੇਤ ਨੱਕ ਜਿਵੇਂ ਹੋਏ ਤੋਤੇ ਦੀ ਚੂੰਝ ਡਿੱਗਣ ਪਰਿੰਦੇ ਵੇਖ

ਕਬਰ ਦੇ ਦੀਵੇ

ਕਬਰ ਮੇਰੀ ਦੇ ਸਾਰੇ ਦੀਵੇ ਬੁਝ ਗਏ ਗੋਡੇ ਗੋਡੇ ਘਾਹ ਦੇਖੋ ਉੱਗ ਗਏ ਦੱਸੋ ਸਹਾਰੇ ਖ਼ਿਜ਼ਰ ਦੇ ਮੈਂ ਕੀ ਕਰਦਾ ਡੁੱਬ ਗਏ ਸਨ ਮੇਰੇ ਬੇੜੇ ਡੁੱਬ ਗਏ ਤੇਰੇ ਭਰੋਸੇ ਤੇ ਜ਼ਿੰਦਗੀ ਦਾਅ ਤੇ ਲਾ ਛੱਡੀ ਤੂੰ ਰਿਹਾ ਕਿਨਾਰੇ ਖੜਿਆ ਤੇ ਅਸੀਂ ਕੁੱਦ ਗਏ ਉਲਫਤ ਮੇਰੀ ਕਦ ਤੱਕ ਰੱਖਦੀ ਹੌਸਲੇ ਅਸੀਂ ਤੇਰੀਆਂ ਸਿਆਸਤਾਂ ਨੂੰ ਸੀ ਬੁੱਝ ਗਏ ਕੁਝ ਅਸਾਂ ਵੀ ਆਪਣੇ ਮਾਰੇ ਪੈਰ ਕੁਹਾੜੇ ਸੀ ਸ਼ਹਿਰ ਪੱਥਰਾਂ ਦੇ ਵੀ ਤਾਂ ਅਸੀਂ ਖ਼ੁਦ ਗਏ ਸੁਣਿਐ ੳਉਹਨੇ ਸਭਨੂੰ ਕੋਹ ਕੋਹ ਮਾਰਿਐ ਜਿਹੜਾ ਵੀ ਸੀ ਉਸਦੇ ਹੋ‌ ਵਿਰੁੱਧ ਗਏ ਬਚੇ ਖੁਚੇ ਅਰਮਾਨ ਸੀ ਜਿਹੜੇ 'ਸ਼ਾਇਰ' ਦੇ ਗ਼ਮ ਦੇ ਕਾਫਲੇ ਉਹਨਾਂ ਨੂੰ ਵੀ ਰੁੱਧ ਗਏ

ਕੁੱਤ ਖਾਨਾ

ਇਹ ਕੈਸੀ ਵਿਧਵਾ ਜਿਹੀ ਰੁੱਤ ਹੈ ਪਾਣੀ ਪੀਣਾ ਵੀ ਜ਼ਹਿਰ ਦਾ ਘੁੱਟ ਹੈ ਨਾ ਕੋਈ ਹਾਂ ਦਾ ਨਾਅਰਾ ਮਾਰੇ ਜਿਸ ਨੂੰ ਦੇਖੋ ਉਹੀ ਚੁਪ ਹੈ ਵਿੱਚ ਘਰਾਂ ਦੇ ਕੈਦ ਹੋ ਗਏ ੧੦੦ ਦੁਖਾਂ ਤੋਂ ਵੱਡਾ ਦੁਖ ਹੈ ਰੱਬ ਦੇ ਘਰਾਂ ਨੂੰ ਮਾਰ ਕੇ ਜ਼ਿੰਦਰੇ ਕਹਿੰਦੇ ਠੀਕ ਦਾਰੂ ਦਾ ਘੁੱਟ ਹੈ ਕੈਸਾ ਰਾਮ ਰਾਜ ਵੇ ਤੇਰਾ ਮਾਰ ਰਹੀ ਕੰਮੀਆਂ ਨੂੰ ਭੁੱਖ ਹੈ ਭਾਂਡੇ ਖੜਕਾਉ, ਦੀਵੇ ਜਗਾਉ ਦੱਸੋ ਇਹ ਕੀ ਬਣਦਾ ਤੁੱਕ ਹੈ ਭੁੱਖਣ ਭਾਣੇ ਤੁਰ ਪਏ ਪੈਦਲ ਖਾਣ ਨੂੰ ਲੱਭ ਰਿਹਾ ਨਾ ਟੁੱਕ ਹੈ ਐਡੇ ਸੰਕਟ ਵਿਚ ਵੀ ਨੇਤੇ ਧਰਮਾਂ ਵਿੱਚ ਕਿਉਂ ਪਾ ਰਹੇ ਫੁੱਟ ਹੈ ਕੈਸੇ ਵੇਖ ਜ਼ਮਾਨੇ ਆਏ ਭਾਲਿਆਂ ਵੀ ਨਾ‌ ਲੱਭਦਾ ਸੁੱਖ ਹੈ ਸਭ ਕੁਝ ਬੰਦ ਕਰਾ ਕੇ ਬਹਿ ਗਏ ਨਾ ਪੜਤਾਲ ਤੇ ਨਾ ਕੋਈ ਪੁੱਛ ਹੈ ਰੱਬ ਵੀ ਹੱਸਦਾ ਹੋਣਾ "ਸਾਇਰਾ" ਦੁਨੀਆਂ ਹੋਈ ਕੈਸੀ ਖਾਨਾਕੁੱਤ ਹੈ

ਵਫਾ ਦਾ ਦੋਸ਼

ਮੇਰੇ ਤੇ ਵਫਾ ਦਾ ਦੋਸ਼ ਹੈ ਹਜ਼ੂਰ, ਜੋਂ ਦਰਦ ਸਹਾਰ ਰਿਹਾ ਹਾਂ ਮੈਂ ਤਾਂ ਜੀ ਹੱਸਣ ਦੇ ਕਰਜ਼ ਉਤਾਰ ਰਿਹਾ ਹਾਂ ਤੜਕੇ ਤੜਕੇ ਨਿਕਲ ਜਾਵਾਂਗਾ, ਮੈਨੂੰ ਹੋਰ ਨਾ ਮਾਰੋ, ਮੈਂ ਅੱਜ ਆਖਰੀ ਰਾਤ ਇਸ ਸ਼ਹਿਰ ਵਿਚ ਗੁਜ਼ਾਰ ਰਿਹਾ ਹਾਂ

ਮੁਹੱਬਤ ਉਸਦੀ

ਮੁਹੱਬਤ ਉਸਦੀ ਭਾਗ ਬਣਾਈ ਫਿਰਦੇ ਹਾਂ ਅਸੀਂ ਇਸ਼ਕ ਨੂੰ ਸਿਰ ਦਾ ਤਾਜ ਬਣਾਈ ਫਿਰਦੇ ਹਾਂ ਉਹ ਬੋਲੇ, ਕੰਨਾਂ ਦੇ ਵਿਚ ਮਿਸ਼ਰੀ ਘੁਲਦੀ ਏ ਬੋਲੀ ਉਸਦੀ ਰਾਗ ਬਣਾਈ ਫਿਰਦੇ ਹਾਂ ਅੱਲ੍ਹਾ ਕਰੇ ਆ ਜਾਵੇ ਮਾਹੀ ਘਰ ਮੇਰੇ ਅਸੀਂ ਤਰ੍ਹਾਂ ਤਰ੍ਹਾਂ ਦੇ ਖ਼ਾਬ ਸਜਾਈ ਫਿਰਦੇ ਹਾਂ ਉਹ ਰਾਜ ਕਰਨ ਨੂੰ ਮੰਨੇ ਉਹਦੇ ਸਦਕੇ ਮੈਂ ਰੂਹ ਦਾ ਉਹਨੂੰ ਨਵਾਬ ਬਣਾਈ ਫਿਰਦੇ ਹਾਂ

ਪੰਜਾਬ ਦੀ ਵੰਡ

ਅਸੀਂ ਨਫ਼ਰਤਾਂ ਦੇ ਹੜ੍ਹ ਵਿਚ ਇਦਾਂ ਵਹਿ ਤੁਰੇ ਮੁੜਕੇ ਸਾਨੂੰ ਖਾਣ ਲਈ ਨਾ ਟੁੱਕ ਜੁੜੇ ਖੂਨ ਨਾ ਲੱਥੇ ਅਜੇ ਵੀ ਸਾਡੇ ਦਿਲਾਂ ਤੋਂ ਗਾਟੇ ਲਾਹ ਲਾਹ ਸੁੱਟੇ ਆਏ ਜੋ ਮੂਹਰੇ ਧੀਆਂ ਭੈਣਾਂ ਰੰਡੀਆਂ ਤੇ ਬੇਪੱਤ ਹੋਈਆਂ ਸਿਰ ਤੋਂ ਚੁੰਨੀ ਲੱਥੀਆਂ, ਭੰਨ ਗਏ ਚੂੜੇ ਸਿੱਖ ਮੁਸਲਮਾਨ ਦਾ ਲਹੂ ਸਾਂਝਾ ਡੁੱਲ੍ਹਿਆ ਆਪ ਬਣ ਗਏ ਸੇਠ ਤੇ ਸਾਨੂੰ ਵੇਖ ਕੇ ਘੂਰੇ ਪੱਠਿਆਂ ਵਾਂਗੂੰ ਬੰਦਿਆਂ ਦੇ ਟੋਕੇ ਕੀਤੇ ਅਸਾਂ ਆਪਣਿਆਂ ਨੂੰ ਸੱਲ ਲਾਏ ਫੇਰ ਗਏ ਨਾ ਸੀਤੇ ਸਾਡੇ ਭਾਂਡੇ ਠੀਕਰ ਵੰਡਿਆ, ਘਰ ਬਾਰ ਵੀ ਮੱਲੇ ਸਾਨੂੰ ਆਜ਼ਾਦੀ ਬਦਲੇ, ਮਿਲ ਗਏ ਹੱਲੇ ਮਚ ਗਈ ਹਾਹਾਕਾਰ ਸੀ ਬਰਸਾਤਾਂ ਹੋਈਆਂ ਪੰਜਾਬ ਦੇ ਦਰਿਆਵਾਂ ਦੀਆਂ ਮਾਵਾਂ ਰੋਈਆਂ ਖਾ ਖਾ ਜੁੱਤੇ ਚੌਧਰੀ, ਨਾ ਸਾਨੂੰ ਅਕਲਾਂ ਆਈਆਂ ਸਾਡੀ ਆਪਣੀਆਂ ਹੀ ਪੈਲੀਆਂ ਹੋ ਗਈ ਪਰਾਈਆਂ ਗੱਡੇ ਲੱਦ ਸਮਾਨ ਦੇ, ਅਸਾਂ ਬੰਨ੍ਹੀਆਂ ਲਾਈਨਾਂ ਗਿਰਝਾਂ ਬੰਦੇ ਖਾਣੀਆਂ, ਹੋ ਗਈਆਂ ਸ਼ੁਦੈਣਾਂ ਬੜੇ ਬੰਦਿਆ ਵਿਚ ਹੈਵਾਨ ਸੀ, ਹੱਥ ਪੈਰਾਂ ਦੀ ਪੈ ਗਈ ਜੋ ਸੂਣੇ ਵਾਲੀ ਮੱਝ ਸੀ ਕਿੱਲੇ ਤੇ ਰਹਿ ਗਈ ਅਸੀਂ ਸੁਪਨੇ ਲੈ ਕੇ ਜੰਨਤਾਂ ਦੇ, ਦੋਜਖ਼ ਨੂੰ ਭੱਜੇ ਲਾਸ਼ਾਂ ਛੱਡ ਕੇ ਤੁਰ ਗਏ, ਨਾ ਫੂਕੇ ਦੱਬੇ ਅਸਾਂ ਵਿਚੋਂ ਤਾਰਾਂ ਕਢ ਕੇ, ਵੱਖ ਮੁਲਕ ਬਣਾਏ ਆਪਣੇ ਢਿੱਡ ਤੇ ਲੱਤ ਮਾਰੀ, ਗੱਲਾਂ ਵਿਚ ਆਏ ਸਾਡੇ ਆਪਣਿਆਂ ਹੀ ਲੀਡਰਾਂ ਨੇ ਬੀਜੇ ਕੰਡੇ ਸੀ ਸਿੱਖ ਤੇ ਮੁਸਲਮਾਨ ਤਾਂ ਰਲ ਮਿਲ ਕੇ ਰਹਿੰਦੇ ਸਾਡੀ ਗਈਆਂ ਸਾਹਾਂ ਟੁੱਟੀਆਂ, ਅਸੀਂ ਬਿਲਕੇ ਰੋਏ ਅਸੀਂ ਬੱਚੇ ਬੁੱਢੇ ਸਾਂਭਦੇ, ਦਿਨ ਰਾਤ ਨਾ ਸੋੲੇ ਸਾਡੇ ਖੇਤਾਂ, ਘਰਾਂ ਤੇ ਟੱਬਰਾਂ ਦੀ ਹੋਈ ਬਰਬਾਦੀ ਲੋਕਾਂ ਦੀਵੇ ਬਾਲ ਕੇ ਮਨਾਈ ਆਜ਼ਾਦੀ ਹਾਏ ਓਏ ਰੱਬਾ ਮੇਰਿਆ ਕੀ ਵਰਤੇ ਭਾਣੇ ਮਾਨਾ ਅੰਨ੍ਹਿਆਂ 'ਚੋਂ ਚੁਣ ਲਏ ਸੀ ਰਾਜੇ ਕਾਣੇ

ਤੇਰੇ ਸਿਰ ਤੋਂ ਸੂਰਜ ਵਾਰ ਦਿਆਂ

ਤੇਰੇ ਸਿਰ ਤੋਂ ਸੂਰਜ ਵਾਰ ਦਿਆਂ ਤੇ ਚੰਨ ਮੱਥੇ ਤੇ ਲਾਵਾਂ ਕੱਲਾ ਕੱਲਾ ਤਾਰਾ ਤੇਰੀ ਗੁੱਤੜੀ ਵਿਚ ਜੜਾਵਾਂ ਜਦ ਕੋਇਲਾਂ ਲੈਵਣ ਵਾਕ ਵੇ ਮਾਹੀ ਤੜਕੇ ਉੱਠ ਪ੍ਰਭਾਤੀਂ ਜਦ ਮਾਵਾਂ ਬਾਲਾਂ ਖਾਤਿਰ ਆਪਣੀ ਭਰ ਲੈਂਦੀਆਂ ਛਾਤੀ ਉਸ ਰੁੱਤੇ ਫੁੱਲ ਮੋਤੀਆ ਤੇਰੇ ਮੱਥੇ ਮਾਰ ਜਗਾਵਾਂ ਪੂਰਨਮਾਸ਼ੀ ਦਾ ਚੰਨ ਜਿਦਾਂ ਵਿਚ ਨਦੀ ਦੇ ਤੈਰੇ ਤੇਰੇ ਨੈਣਾਂ ਵਿਚ ਮੈਂ ਤੈਰਾਂ ਤੋੜ ਠੀਕਰੀ ਪਹਿਰੇ ਤੇਰੇ ਕੰਨਾਂ ਵਿਚ ਰਫ਼ੀ ਦੇ ਗੀਤ ਘੋਲ਼ ਕੇ ਪਾਵਾਂ ਆਥਣ ਵੇਲੇ ਸੂਰਜ ਜਦ ਕੰਧ ਮੇਰੀ ਤੇ ਬਹਿੰਦਾ ਮਹਿਬੂਬ ਮੇਰੇ ਓਹ ਤੇਰੇ ਵਾਂਗੂੰ ਬਾਹਾਂ ਦੇ ਵਿੱਚ ਲੈਂਦਾ ਮੈਂ ਉਸਨੂੰ ਸਾਡੇ ਇਸ਼ਕ ਦੀ ਮਹਿਰਮ ਧੁੱਪ ਦਿਖਾਵਾਂ

ਚੱਲ ਯਾਰ

ਚੱਲ ਯਾਰ, ਅੱਜ ਮੇਰੇ ਨਾਲ ਚੱਲ ਖਬਰੇ ਤੇਰੀ ਕਦ ਆਵੇਗੀ ਕੱਲ੍ਹ ਚੱਲ ਯਾਰ ਅੱਜ ਮੇਰੇ ਨਾਲ ਚੱਲ ਤੇਰੀ ਖਾਤਿਰਦਾਰੀ ਦੇ ਵਿਚ ਕਮੀ ਆਉਣ ਨਹੀਂ ਦੇਣੀ ਬਾਕੀ ਦੀ ਛੱਡ ਦੇ ਗੱਲ ਚੱਲ ਯਾਰ ਅੱਜ ਮੇਰੇ ਨਾਲ ਚੱਲ ਅਸੀਂ ਕੁੱਲੀਆਂ ਵਿਚ ਜੰਮੇ ਜਾਏ ਸੱਚੇ ਪਿਆਰ ਅਸਾਡੇ ਤੇਰੇ ਉੱਚੇ ਮਹੱਲ ਚੱਲ ਯਾਰ ਅੱਜ ਮੇਰੇ ਨਾਲ ਚੱਲ ਸ਼ਾਮਾਂ ਪਈਆਂ ਤੈਨੂੰ ਪਿੰਡ ਮੇਰੇ ਹਾੜਾ ਖੁਦਾ ਦਾ ਮੰਨ ਜਾ ਦੇ ਸ਼ਹਿਰ ਸੁਨੇਹਾ ਘੱਲ ਚੱਲ ਯਾਰ ਅੱਜ ਮੇਰੇ ਨਾਲ ਚੱਲ

ਕੱਲਮ ਕੱਲੇ

ਪਏ ਰੂਹ ਨੂੰ ਹੱਲੇ ਕੱਖ ਨਾ ਪੱਲੇ ਮੈਂ ਕੀ ਕਰਨੇ ਤੇਰੇ ਛੱਲੇ ਚੰਗਾ ਲੱਗਦਾ ਰਹਿਣਾ ਹੁਣ ਤਾਂ ਦੂਰ ਦੁਰਾਡੇ ਕੱਲਮ ਕੱਲੇ ਯਾਦ ਜਿਹੀ ਰੜਕੇ ਦਿਲ ਪਿਆ ਫੜਕੇ ਅੰਬਰ ਉੱਤੇ ਬਿਜਲੀ ਕੜਕੇ ਤੜਕੇ ਆਵਣ ਖਾਬ ਅਵੱਲੇ ਚੰਗਾ ਲੱਗਦਾ ਰਹਿਣਾ ਹੁਣ ਤਾਂ ਦੂਰ ਦੁਰਾਡੇ ਕੱਲਮ ਕੱਲੇ ਲਾਈ ਨੈਣਾਂ ਨੇ ਛਬੀਲ ਪਏ ਪੈਰਾਂ ਵਿਚ ਨੀਲ ਹਾਰੇ ਸਾਹਾਂ ਦੇ ਵਕੀਲ ਪਏ ਰਿਸਦੇ ਜਖਮ ਅਵੱਲੇ ਚੰਗਾ ਲੱਗਦਾ ਰਹਿਣਾ ਹੁਣ ਤਾਂ ਦੂਰ ਦੁਰਾਡੇ ਕੱਲਮ ਕੱਲੇ

ਵੇ ਨੀਲੇ ਨੈਣਾਂ ਵਾਲਿਆ

ਪੀੜਾਂ ਔਤਰ ਜਾਣੀਆਂ ਅਸਾਂ ਜੋਬਨ ਰੁੱਤੇ ਮਾਣੀਆਂ ਸਾਨੂੰ ਅੱਗਾਂ ਲਾਈਆਂ ਪਾਣੀਆਂ ਤੇਰੇ ਰੁੜ੍ਹ ਜਾਣੇ ਗ਼ਮਾਂ ਨੇ ਸਾਡੇ ਲਹੂ 'ਚ ਪਾਈਆਂ ਮਧਾਣੀਆਂ ਹੰਝੂ ਨਾ ਸਾਥੋਂ ਸੰਭਲਦੇ ਨੈਣਾਂ ਵਿਚ ਪਾੜਾ ਪਾ ਲਿਆ ਵੇ ਨੀਲੇ ਨੈਣਾਂ ਵਾਲਿਆ ਵੇ ਦੁੱਧਾਂ ਨਾਲੋਂ ਚਿਟਿਆ ਸਾਡਾ ਜਿਸਮ ਗਿਆ ਹੈ ਭਿੱਟਿਆ ਲੇਖਾਂ ਵਿਚ ਕਾਲਖ ਲਿਖਿਆ ਮੈ ਕਰਦੀ ਨਿੱਤ ਇਬਾਦਤਾਂ ਤੇ ਮੰਗਾਂ ਮੌਤ ਦੀ ਭਿਖਿਆ ਫਨੀਅਰ ਕਾਲ਼ਾ ਸੋਗ ਦਾ ਅਸਾਂ ਜੀਭ ਦੇ ਉਤੇ ਲੜਾ ਲਿਆ ਵੇ ਨੀਲੇ ਨੈਣਾਂ ਵਾਲਿਆ ਨੈਣਾਂ ਵਿਚ ਲਾਲੀ ਤੈਰਦੀ ਸਾਨੂੰ ਚੇਟਕ ਲਾ ਕੇ ਜ਼ਹਿਰ ਦੀ ਤੜਪਣ ਅਠੇ ਪਹਿਰ ਦੀ ਸਾਡੇ ਗੱਲ ਵਿਚ ਖੱਡੇ ਪੈ ਗਏ ਖਾ ਰੋਟੀ ਤੇਰੇ ਸ਼ਹਿਰ ਦੀ ਅਸੀਂ ਜਿੰਦ ਦੇ ਅੰਨ੍ਹੇ ਹਾਲ੍ਹੀਆਂ ਤੋਂ ਸਾਹੀਂ ਜ਼ਹਿਰ ਬੁਆ ਲਿਆ ਵੈ ਮਾਨਾ ਦਿਲ ਦਿਆ ਕਾਲਿਆ

ਰੂਹ ਦੇ ਕਪੜੇ

ਮੀਂਹ ਗ਼ਮਾ ਦੇ ਹੰਝੂਆਂ ਦੀ ਬਾਛੜ ਭਿੱਜ ਗਏ ਨੇ ਰੂਹ ਮੇਰੀ ਦੇ ਕੱਪੜੇ ਸੂਲੀ ਚੜ੍ਹਦੀ, ਰੋਜ਼ ਮੈਂ ਪੜ੍ਹਦੀ ਸੱਜਣਾ ਤੇਰੇ ਮੁਹੱਬਤੀ ਪੱਤਰੇ ਦੁੱਖ ਫੋਲਾਂ, ਮੈਂ ਦਿਲ ਖੋਲ੍ਹਾਂ ਬੰਜਰ ਨਿਗ੍ਹਾ ਨਾਲ ਤੈਨੂੰ ਟੋਹਲਾਂ ਇਸ਼ਕ ਦੇ ਰਾਹਾਂ ਤੇ ਜੇ ਮੁੜ ਟੱਕਰੇ ਨਾ ਕੁੱਝ ਪੀਵਾਂ ਨਾ ਕੁਝ ਖਾਵਾਂ ਲਾਈਆਂ ਪੀੜ ਤੇਰੀ ਨਾਲ ਲਾ ਫ਼ਜ਼ਾਵਾਂ ਭੱਜ ਗਏ ਨੇ, ਖੁਸ਼ੀਆਂ ਦੇ ਝੱਕਰੇ ਚੂਰੀਆਂ ਪਾਵਾਂ, ਕਾਗ ਉਡਾਵਾਂ ਯਾਦ ਤੇਰੀ 'ਚ ਡੁੱਬ ਡੁੱਬ ਜਾਵਾਂ ਪੀਰਾਂ ਦੇ ਦਰ ਟੇਕਾਂ ਮਥੜੇ

ਗੁੱਸਾ ਇਸ਼ਕ ਤੇ

ਸਿਰ ਵਿਚ ਮਾਰਾਂ, ਇਸਕ ਤੇਰੇ ਨੂੰ ਪਾੜ ਕੇ ਰੱਖਤਾ, ਦਿਲ ਮੇਰੇ ਨੂੰ ਕੋਈ ਵੀ ਤਾਂ ਰੋਕ ਨਹੀਂ ਸਕਿਆ ਕਰਮਾਂ ਦੇ ਪੁੱਠੇ ਗੇੜੇ ਨੂੰ ਮੇਰੇ ਘਰ ਹੁਣ ਕੋਈ ਨਹੀਂ ਆਉਂਦਾ ਕਿਉਂ ਸੁੰਭਰਾਂ ਮੈਂ ਵਿਹੜੇ ਨੂੰ ਮਰ ਚੱਲਿਆ ਈ ਰਾਂਝਾ ਤੇਰਾ ਜਾਹ ਜਾ ਕੇ ਵੇਖ ਖੇੜੇ ਨੂੰ

ਅਰਜੋਈ

ਯਾਰ ਵੈ ਕੀ ਤੱਕਿਆ ਤੈਨੂੰ ਮਾਤ ਪਿਤਾ ਸਭ ਭੁੱਲੇ ਇਨ ਨੈਣਾਂ ਵਿਚ ਤੇਰੇ ਈ ਸੁਪਨੇ ਬੰਦ ਹੋਣ ਯ ਖੁੱਲ੍ਹੇ ਬਲੀ ਕੰਧਾਰੀ ਤਾਰਨ ਵਾਲਿਆਂ ਸਾਡਾ ਵੀ ਤਾਂ ਉਧਾਰ ਕਰੋ ਕੌਡੇ ਨੂੰ ਜਿਉਂ ਤਾਰਿਆ ਮਹਿਰਮ ਮੇਰਾ ਵੀ ਬੇੜਾ ਪਾਰ ਕਰੋ ਲਾਲੋ ਵਾਂਗੂੰ ਮੇਰੀ ਰੋਟੀ ਖਾਓ ਨਿੱਤ ਮਘਾਵਾਂਵਾਂ ਚੁੱਲ੍ਹੇ ਯਾਰ ਵੈ ਕੀ ਤੱਕਿਆ ਤੈਨੂੰ ਮਾਤ ਪਿਤਾ ਸਭ ਭੁੱਲੇ ਪਟਕਾ ਰੱਖਿਆ ਲਈ ਕੇ ਮਹਿਰਮ ਸਿਰ ਤੇਰੇ ਤੇ ਬੰਨਣ ਨੂੰ ਖੀਰ ਪਕਾਈ, ਚਟਨੀ ਕੁੱਟੀ ਦਹੀਂ ਰੱਖੀ ਮੈਂ ਜੰਮਣ ਨੂੰ ਸਾਰੀ ਦੁਨੀਆ ਭੁੱਲੀ ਮੈਨੂੰ ਨਾਂ ਤੇਰਾ ਨਾ ਭੁੱਲੇ ਪਖੇ ਫੇਰਾ , ਪਾਣੀ ਢੋਵਾਂ ਨਾਲੇ ਚੋਉਰਾਂ ਝੱਲਾਂ ਸਾਰੀ ਰਾਤ ਵੈ ਪ੍ਰੀਤਮ ਤੇਰੀ ਸੁਣਾ ਮੈਂ ਬਹਿ ਕੇ ਗੱਲਾਂ ਸਭ ਦਾ ਰਹਿਬਰ ਮਾਹੀ ਮੇਰਾ ਕੀ ਪੰਡਤ ਕਾਜ਼ੀ ਮੁੱਲੇ ਨਾਮ ਤੇਰੇ ਦੀ ਤਸਬੀ ਫੇਰਾਂ ਚਰਨ ਕਮਲ ਨੂੰ ਲੋਚਾਂ ਨੈਣ ਮੇਰਿਆਂ ਨੂੰ ਸੁਚਿਆਂ ਕਰਦੇ ਜਿੰਦ ਪਾਪਣ ਨੂੰ ਕੋਸਾਂ ਤੇਰੇ ਸਰੋਵਰ ਚੋਂ ਮੈਂ ਪ੍ਰੀਤਮ ਪੀਵਾਂ ਭਰ ਭਰ ਚੁੱਲੇ ਮੇਰੇ ਰੀਠੇ ਮਿੱਠੇ ਕਰਦੇ ਦਿਲਬਰ ਮੈਂ ਅੰਧੁਲੀ ਮੈਂ ਬੌਰੀ ਰਾਗ ਤੇਰੇ ਚੋਂ ਜ਼ਿੰਦਗੀ ਲਭੀ ਸੀ ਅਕਲਾਂ ਤੋਂ ਕੋਰੀ ਮੈਨੂੰ ਵੀ ਪਾਈਆ ਗਰੀਬੀ ਦੇਜਾ ਨਾਲੇ ਦਰਸ ਅਮੁੱਲੇ ਸਿਆਤੋ ਵਾ ਮੇਰੇ ਪ੍ਰੀਤਮ ਨਾਨਕ ਮੇਰਾ ਜਾਮਨ ਬਣਕੇ ਆਜਾ ਖੜ੍ਹਾਮ ਤੇਰੀ ਬੁੱਲ੍ਹਾਂ ਨੂੰ ਲਾਵਾਂ ਮੇਰੇ ਅੱਲਾਹ ਪੀਰ ਖਵਾਜ਼ਾ ਵਸਤਰ ਧੋਕੇ ਸੁੱਕਣੇ ਪਾਵਾਂ ਸੁਕਾਣ ਹਵਾ ਦੇ ਬੁੱਲੇ ਨਨਕਾਣਾ ਮੈਨੂੰ ਦੂਰ ਵੈ ਪ੍ਰੀਤਮ ਹਸਨਪੁਰੀ ਵਿਚ ਡੇਰਾ ਕੀ ਭਰੋਸਾ ਸਾਹਾਂ ਦਾ ਇੱਥੇ ਬੋਹਰ ਨਾ ਹੋਈ ਗੋ ਫੇਰਾ ਪੈਰ ਦਵਾਵਾਂ , ਮੱਥਾ ਘੁੱਟਾਂ ਬੂਹੇ ਰਖਾਂ ਖੁੱਲ੍ਹੇ

ਉਸਦੀ ਗਲ਼ੀ ਚ ਜਾ ਕੇ ਸਾਡੇ ਸਾਹ ਨਿਕਲੇ

ਉਸਦੀ ਗਲ਼ੀ ਚ ਜਾ ਕੇ ਸਾਡੇ ਸਾਹ ਨਿਕਲੇ ਜਿੰਨੇ ਯਾਰ ਬਣਾਏ ਲਾ ਕੇ ਦਾਅ ਨਿਕਲੇ ਅਸੀਂ ਜਿਨ੍ਹਾਂ ਨੂੰ ਆਪਣੇ ਜਾਮਨ ਸਮਝਿਆ ਉਹ ਗੈਰਾਂ ਦੇ ਖੈਰ ਖਵਾ ਨਿਕਲੇ ਰਾਤ ਰਹਿਣ ਲਈ ਜਿਸਨੂੰ ਸਾਧ ਨੇ ਥਾਂ ਦਿੱਤੀ ਤੜਕੇ ਤੜਕੇ ਕੁੱਲੀ ਨੂੰ ਅੱਗ ਲਾ ਨਿਕਲੇ ਮੈਨੂੰ ਵੀ ਮਤਲਬ ਉੰਝ ਤਾਂ ਜਿਸਮਾਂ ਤੱਕ ਹੀ ਸੀ ਅਸੀਂ ਵੀ ਕਰਕੇ ਕਈਆਂ ਨੂੰ ਗੁੰਮਰਾਹ ਨਿਕਲੇ ਦੁੱਧ ਦੇ ਧੋਤੇ ਸੱਜਣ ਮਿਲਣੇ ਮੁਸ਼ਕਿਲ ਨੇ ਅੱਜ ਕੱਲ੍ਹ ਹਰ ਕੋਈ ਘਰੋਂ ਮੁਖੌਟੇ ਪਾ ਨਿਕਲੇ ਫਾਂਸੀ ਦੇਣ ਤੋਂ ਬਾਦ ਦਹਾਕੇ ਪਤਾ ਚੱਲਿਆ ਬੇਕਸੂਰ ਸੀ ਬੰਦਾ ਝੂਠ ਗਵਾਹ ਨਿਕਲੇ

ਭੌਰਿਆਂ ਨੂੰ ਵੀ ਟੁੱਲ੍ਹ ਜਾਵਣ ਦੇ

ਭੌਰਿਆਂ ਨੂੰ ਵੀ ਟੁੱਲ੍ਹ ਜਾਵਣ ਦੇ ਤਿਤਲੀਆਂ ਦੇ ਟੁੱਕ ਬੁੱਲ੍ਹ ਜਾਵਣ ਦੇ ਬਾਅਦ ਚ ਹੋਰ ਬਣਾਈ ਸੱਜਣ ਪਹਿਲਾਂ ਇੱਕ ਨੂੰ ਭੁੱਲ ਜਾਵਣ ਦੇ ਸ਼ਹਿਰ ਓਹਦੇ ਵਿੱਚ ਮਾਰਨਾ ਗੇੜਾ ਬਸ ਇਹ ਕਰਫਿਊ ਖੁੱਲ੍ਹ ਜਾਵਣ ਦੇ ਮੈਂ ਉਸਨੂੰ ਹੁਣ ਮੂੰਹ ਨਹੀਂ ਲਾਉਂਦਾ ਰੁਲ੍ਹਦੀ ਏ ਤਾਂ ਰੁਲ੍ਹ ਜਾਵਣ ਦੇ ਮੈਂ ਨਹੀਂ ਪੀਂਦਾ ਯਾਰ 'ਸਾਬਰਾ' ਡੁੱਲਦੀ ਏ ਤਾਂ ਡੁੱਲ ਜਾਵਣ ਦੇ ਕਦਰ ਚਾਂਦੀ ਦੀ ਪਏਗੀ ਮਾਨਾ ਬੱਸ ਸੋਨੇ ਦੇ ਮੁੱਲ ਜਾਵਣ ਦੇ ('ਸਾਬਰਾ'=ਉਸਤਾਦ ਸਾਬਰ ਅਲੀ ਸਾਬਰ)

ਇਹ ਕਿਹੋ ਜਿਹੇ ਕੰਮ ਤੂੰ ਮੇਰੇ ਯਾਰ ਫੜੇ ?

ਇਹ ਕਿਹੋ ਜਿਹੇ ਕੰਮ ਤੂੰ ਮੇਰੇ ਯਾਰ ਫੜੇ ? ਮੁਹੱਬਤ ਹੀ ਨਹੀਂ , ਹੋਰ ਵੀ ਕਾਰੋਬਾਰ ਬੜੇ ਟ੍ਰਿਬਿਊਨ ਦੇ ਚੋਥੇ ਪੰਨੇ ਤੇ ਸੁਸਾਇਡ ਪੜ੍ਹੀਂ ਸੁਣਿਐ ਕਿ ਤੂੰ ਪੜ੍ਹਦਾ ਏਂ ਅਖ਼ਬਾਰ ਬੜੇ ਰੱਬ ਵੀ ਪਿੱਠ ਕਰ ਲੈਂਦਾ ਸਿਆਣੇ ਕਹਿੰਦੇ ਨੇ ਚਾਰ ਪੈਸੇ ਆਉਣ 'ਤੇ ਜਦ ਅੰਦਰ ਹੰਕਾਰ ਬੜੇ ਕਲਮਾਂ ਨਾਲ਼ ਵੀ ਬੰਦੇ ਮਾਰੇ ਜਾਂਦੇ ਨੇ ਉੰਝ ਹੋਰ ਵੀ ਭਾਵੇਂ ਮਾਰੂ ਨੇ ਹਥੀਆਰ ਬੜੇ ਨਿਆਂ ਖਰੀਦੇ ਜਾਂਦੇ ਕੋਰਟ ਕਚਿਹਰੀ ਵਿੱਚ ਲੁੱਟ ਕੇ ਬਹਿ ਗਏ ਹੋਏ ਖੱਜਲ ਖੁਆਰ ਬੜੇ ਐਵੇਂ ਭੀੜਾਂ ਕੱਠੀਆਂ ਕਰਕੇ ਕੀ ਕਰਨਾ ? ਅੰਤ ਨੂੰ ਯਾਰਾ ਬੰਦੇ ਹੁੰਦੇ ਚਾਰ ਬੜੇ

ਤੂੰ ਤਾਂ ਮੇਰੀ ਤਲੀ 'ਤੇ ਹੰਝੂ ਧਰ ਦਿੱਤੇ

ਤੂੰ ਤਾਂ ਮੇਰੀ ਤਲੀ 'ਤੇ ਹੰਝੂ ਧਰ ਦਿੱਤੇ ਮੁਹੱਬਤ ਦੇਖੋ ਕਿਹੋ ਜਿਹੇ ਮੈਨੂੰ ਵਰ ਦਿੱਤੇ ਲਿਖਣਾ ਨਹੀਓਂ ਆਇਆ ,ਨਾ ਆਮਦ ਹੋਈ, ਲਿਖਣ ਲਈ ਸ਼ਾਇਰਾਂ ਦੇ ਸ਼ਾਇਰ ਪੜ੍ਹ ਦਿੱਤੇ ਨਾ ਨਾ ਮੈਂ ਨਹੀਂ ਰੱਖਿਆ ਇੱਕ ਵੀ ਖ਼ਤ ਤੇਰਾ ਸਾਰੇ ਦੇ ਸਾਰੇ ਅੱਗ ਹਵਾਲੇ ਕਰ ਦਿੱਤੇ ਕੀ ਕਰਦਾ ਮੈਂ ਸ਼ਹਿਰ ਤੇਰੇ ਵਿੱਚ ਕਿੰਜ ਰੁੱਕਦਾ? ਤੂੰ ਐਡੇ ਐਡੇ ਦੋਸ਼ ਮੇਰੇ ਸਿਰ ਮੜ੍ਹ ਦਿੱਤੇ ਮੈਂ ਨਹੀਂ ਸੋਗ ਮਨਾਏ ਨਾ ਦਾਰੂ ਪੀਤੀ ਦੁੱਖ ਤੇਰੇ ਕੱਢ ਦਿਲ ਵਿੱਚੋਂ ਬਾਹਰ ਦਿੱਤੇ ਐਸਾ ਦਾਅ 'ਤੇ ਲੱਗਿਆ ਮਾਨ ਮੁਹੱਬਤ 'ਚ ਕਿ ਆਪਣੇ ਝੁੱਗੇ ਝੌਂਪੜੇ ਵੀ ਹਰ ਦਿੱਤੇ

ਅੱਜ ਕੱਲ ਪਿਆਰ ਦਾ ਨਾਟਕ ਏ

ਅੱਜ ਕੱਲ ਪਿਆਰ ਦਾ ਨਾਟਕ ਏ ਜਿਹਨੂੰ ਦੇਖੋ ਆਸ਼ਿਕ ਏ ਚਾਰ ਕਿਤਾਬਾਂ ਪੜ੍ਹ ਕੇ ਹਰ ਕੋਈ ਬਣਿਆਂ ਕਥਾ ਵਾਚਕ ਏ ਬਿਨ ਅਣਖਾਂ ਤੋਂ ਜੀਣਾ ਸੱਜਣਾ ਮੌਤ ਨਾਲੋਂ ਵੀ ਘਾਤਕ ਏ ਰਾਮ ਰਾਜ ਦਾ ਰੌਲਾ ਪਾਉਂਦੇ ਓਦਾ ਰਾਵਣ ਸ਼ਾਸ਼ਕ ਏ ਮੰਦਿਰ ਮਸਜਿਦ ਦੱਸ ਕਿਉੰ ਜਾਈਏ ਜਦ ਹਰ ਥਾਂ ਓਹ ਵਿਆਪਕ ਏ ਕਿਤਾਬ ਬਣਾ ਕੇ ਕੀ ਕਰਨਾ ਜੀ? ਅੱਜ ਕੱਲ੍ਹ ਕਿੱਥੇ ਪਾਠਕ ਏ ? ਲੋਕਤੰਤਰ ਨਾ ਸੁਣੇ ਲੋਕਾਂ ਦੀ ਕਿਹੋ ਜਿਹੀ ਸਿਆਸਤ ਏ ਵੱਧ ਘੱਟ ਹੈ ਕਹਿ ਗਿਆ ਹੋਵਾਂ ਮਾਨ ਖ਼ਿਮਾ ਦਾ ਜਾਚਕ ਏ

ਉਂਜ ਤਾਂ ਚਾਰੇ ਪਾਸੇ ਮੇਰੇ ਭੀੜ ਰਹੀ

ਉਂਜ ਤਾਂ ਚਾਰੇ ਪਾਸੇ ਮੇਰੇ ਭੀੜ ਰਹੀ ਚੰਦਰੀ ਫਿਰ ਵੀ ਖਵਰੇ ਕਿਉਂ ਤਕਦੀਰ ਰਹੀ ਪੀੜਾਂ ਨੇ ਮੇਰਾ ਛੱਡਿਆ ਨਹੀਓਂ ਖਹਿੜਾ ਅੱਖ ਮੇਰੀ ਤਾਂ ਸਦਾ ਹੀ ਨੀਰੋ ਨੀਰ ਰਹੀ ਪੱਕੇ ਪੰਜ ਨਮਾਜ਼ੀ ਸੱਜਣਾ ਮੱਕੇ ਪਾਏ ਫੇਰੇ ਰੂਹ ਫਿਰ ਵੀ ਅੰਦਰੋਂ ਟੁੱਟੀ ਮੇਰੇ ਵੀਰ ਰਹੀ ਲੋਕ ਮਨਾਉਂਦੇ ਪਏ ਜਨਮ ਦਿਨ ਜਸ਼ਨਾਂ ਵਿੱਚ ਮੌਤ ਦਿਨੋਂ ਦਿਨ ਯਾਰੋ ਘੱਤ ਵਹੀਰ ਰਹੀ ਲੱਖ ਕੋਸ਼ਿਸ਼ਾਂ ਕਰੀਆਂ ਸੱਜਣ ਭੁੱਲ ਜਾਈਏ ਵਿੱਚ ਦਿਲੇ ਦੇ ਮਾਲਕ ਬਣਕੇ ਪੀੜ ਰਹੀ

ਕਿੱਧਰੇ ਮੇਰੀਆਂ ਲਿਖਤਾਂ ਤਾਂ ਨਹੀਂ ਪੜ੍ਹ ਲਈਆਂ ?

ਕਿੱਧਰੇ ਮੇਰੀਆਂ ਲਿਖਤਾਂ ਤਾਂ ਨਹੀਂ ਪੜ੍ਹ ਲਈਆਂ ? ਤੂੰ ਅੱਖਾਂ ਕਾਹਤੋਂ ਪਾਣੀ ਦੇ ਨਾਲ ਭਰ ਲਈਆਂ ? ਸਾਡੇ ਧਾਣ ਖੁਸ਼ੀ ਦੇ ਚੁੱਗ ਕੇ ਚਿੜੀਆਂ ਗਮ ਦੀਆਂ ਓਹ ਵੇਖ ਲੈ ਉੱਚੇ ਅਸਮਾਨੀ ਚੜ੍ਹ ਪਈਆਂ ਸਾਡੀ ਕੁੱਲੀ ਨੂੰ ਅੱਗ ਲਾ ਕੇ ਬੇਕਦਰੇ ਤੂੰ ਨਜ਼ਰਾਂ ਉੱਚੇ ਮਹਿਲਾਂ ਉਪਰ ਧਰ ਲਈਆਂ ਸੁਣਿਆ ਪਰਸੋਂ ਮਰ ਗਿਆ ਜੌ ਮੇਰੇ ਬਾਦ ਬਣਾਇਆ ਸਾਡੇ ਦਿਲ ਤਾਂ ਜਿੱਦਾਂ ਕਿੱਦਾਂ ਜਰ ਲਈਆਂ ਦੱਸ ਕੀ ਲਾਟਰੀ ਨਿਕਲੀ ਜਾਂ ਫਿਰ ਸੋਨਾ ਹੱਥ ਲੱਗਿਆ ? ਛੱਡ ਕੇ ਸੱਜਣ ਕਿੱਥੇ ਝੋਲੀਆਂ ਭਰ ਲਈਆਂ ? ਅਸੀਂ ਛਾਪ ਬਣਵਾਉਂਦੇ ਰਹਿ ਗਏ ਸੀ ਸੁਨਿਆਰੇ ਤੋਂ ਤੂੰ ਉਤੋਂ ਉਤੋਂ ਹੋਰ ਸਕੀਮਾਂ ਘੜ ਲਈਆਂ

ਹੰਝੂਆਂ ਕੀਤੀ ਲੁਪਰੀ ਕੋਸੀ ਕੋਸੀ ਏ

ਹੰਝੂਆਂ ਕੀਤੀ ਲੁਪਰੀ ਕੋਸੀ ਕੋਸੀ ਏ ਅੱਜ ਯਾਦ ਤੇਰੀ ਨੇ ਮੈਨੂੰ ਪੀੜ ਪਰੋਸੀ ਏ ਮੇਰੇ ਨੈਣ ਤੂੰ ਪੜ੍ਹ ਲੈ ਜੇਕਰ ਪੜ੍ਹ ਸਕਦਾ ਬੁੱਲਾਂ ਉਤੇ ਸਾਲਾਂ ਤੋਂ ਖਾਮੋਸ਼ੀ ਏ ਤੇਰੇ ਮੇਰੇ ਚਰਚੇ ਹੋਏ ਥਾਂ ਥਾਂ ਉੱਤੇ ਸੋਚ ਜਮਾਨੇ ਦੀ ਦੇਖੋ ਕਿੰਨੀ ਛੋਟੀ ਏ ਵੇਖ ਸੱਜਣ ਕਿੰਜ ਧੁੱਪਾਂ ਦੇ ਵਿੱਚ ਮੀਂਹ ਵਰ੍ਹੇ ਗਾਉਂਦੀ ਕੋਇਲ ਖਬਰੇ ਕਿਸਨੇ ਟੋਕੀ ਏ ? ਲੜਖੜਾਉਂਦੇ ਸਾਹ ਤੇ ਧੁੰਦਲੀ ਨਿਗ੍ਹਾ ਬਚੀ ਹਿੰਮਤ ਵੀ ਹੁਣ ਯਾਰਾ ਮਾੜੀ ਮੋਟੀ ਏ ਜੇਕਰ ਮਰਨਾ ਔਖਾ ਹੁੰਦਾ ਸੱਜਣ ਜੀ ਦੱਸੋ ਭਲਾ ਫੇਰ ਜ਼ਿੰਦਗੀ ਕਿਹੜਾ ਸੌਖੀ ਏ ? (ਲੁਪਰੀ=ਟਕੋਰ)

ਕੁਝ ਤੇਰੇ ਉਤੇ ਸ਼ੇਅਰ ਲਿਖੇ ਨੇ

ਕੁਝ ਤੇਰੇ ਉਤੇ ਸ਼ੇਅਰ ਲਿਖੇ ਨੇ ਨੈਣਾਂ ਦੇ ਬੂਹੇ ਭੇੜ ਲਿਖੇ ਨੇ ਮੈਂ ਡਾਇਰੀ ਨੂੰ ਅੱਗ ਲਾ ਦਿੱਤੀ ਸੀ ਚੇਤੇ ਕਰਕੇ ਫੇਰ ਲਿਖੇ ਨੇ ਜੌ ਸ਼ੇਅਰਾਂ ਬਦਲੇ ਦਿੰਦੀ ਸੀ ਤੂੰ ਓਹ ਖੱਟੇ ਮਿੱਠੇ ਬੇਰ ਲਿਖੇ ਨੇ ਕੁਝ ਲਿਖੇ ਸ਼ਰਾਬ ਤੇ ਸੁਲਫੇ ਪੀ ਤੇ ਕੁਝ ਅੱਥਰੂ ਕੇਰ ਲਿਖੇ ਨੇ ਕੁਝ ਰਾਤਾਂ ਵਿੱਚ ਲਿਖੇ ਨੇ ਮਾਹੀਆ ਤੇ ਕੁਝ ਸੁਬਹ ਸਵੇਰ ਲਿਖੇ ਨੇ

ਇਹ ਜੋ ਰੋਗ ਲਗਾਏ ਨੇ

ਇਹ ਜੋ ਰੋਗ ਲਗਾਏ ਨੇ , ਇਹਨਾਂ ਦੇ ਇਲਾਜ ਕਿੱਥੇ ਨੇ ? ਜੋ ਸਾਹਾਂ ਵਿੱਚ ਛਣਕਦੇ ਸੀ , ਓਹ ਤੰਤੀ ਸਾਜ ਕਿੱਥੇ ਨੇ ? ਜੋ ਰੰਗ ਉੱਡ ਗਏ ਮੁਖੜੇ ਤੋਂ , ਬੁੱਲਾਂ ਤੇ ਸਿੱਕੜੀ ਹੈ ਆਈ ਨੈਣਾਂ ਚੋਂ ਸੁਰਮਾ ਰੁੜ੍ਹ ਚੱਲਿਆ , ਜੁਲਫਾਂ ਦੇ ਨਾਗ ਕਿੱਥੇ ਨੇ? ਕੁੜੱਤਣ ਬੋਲਾਂ ਵਿੱਚ ਹੈ ਕਿਉਂ , ਹਾਸੇ ਨੂੰ ਸੱਪ ਕੀ ਸੁੰਘਿਆ ? ਜੋ ਸਾਡੇ ਆਉਣ ਤੇ ਛਿੱੜਦੇ ਸੀ, ਮੁਹੱਬਤੀ ਰਾਗ ਕਿੱਥੇ ਨੇ ? ਮੇਰਾ ਤਾਂ ਇੱਕ ਸੁਨੇਹਾ ਵੀ ਤੇਰੇ ਤੱਕ ਲੈ ਕੇ ਨਾ ਆਏ ਦੱਸ ਓਹ ਤੇਰੇ ਸ਼ਹਿਰ ਦੇ ਚੰਦਰੇ ਕਾਗ ਕਿੱਥੇ ਨੇ ? ਮੈਂ ਮਨਿੰਦਰ ਨਹੀਂ , ਮੈਂ ਤਾਂ ਉਸਦੀ ਰੂਹ ਬੋਲਦੀ ਹਾਂ ਪੁੱਛੀਂ ਹਸਨਪੁਰ ਜਾ ਕੇ , ਪਿੰਡ ਦੇ ਸਮਾਧ ਕਿੱਥੇ ਨੇ ?

ਰੋਗ ਹੋਰ, ਦਵਾਈਆਂ ਹੋਰ

ਰੋਗ ਹੋਰ, ਦਵਾਈਆਂ ਹੋਰ ਸਿਆਣੇ ਲੈ ਬੈਠੇ ਦਿਮਾਗ ਤੋਂ ਪੈਦਲ ਲੈ ਬੈਠੇ ਅਕਲ ਤੋਂ ਕਾਣੇ ਲੈ ਬੈਠੇ ਕੀ ਦਸੀਏ ਤਬਿਬਾਂ ਦੀ ਸਮਝ ਤੋਂ ਬਾਹਰ ਸੀ ਰੋਗੀ ਤਜ਼ੁਰਬੇ ਸਾਨੂੰ ਨਵੇਂ ਪੁਰਾਣੇ ਲੈ ਬੈਠੇ ਮਹੂਰਤ ਤੇ ਮਸੀਹੇ ਕੀ ਕਰਦੇ, ਮੰਜਿਲ ਤੇ ਮਿਲ ਹੀ ਜਾਣੀ ਸੀ ਮੌਜ ਮਸਤੀ ਤੇ ਪੱਟਾਂ ਦੇ ਸਿਰਹਾਣੇ ਲੈ ਬੈਠੇ ਮੇਰੀ ਜ਼ਿੰਦਗੀ ਦੀ ਕਸ਼ਤੀ ਨੇ ਪਾਰ ਦੱਸ ਕਿੱਥੇ ਸੀ ਹੋਣਾ ਸਾਨੂੰ ਮਲਾਹ, ਤੂਫ਼ਾਨ ਤੇ ਨਾਲ ਮੁਹਾਣੇ ਲੈ ਬੈਠੇ ਤੇਰੇ ਵਾਦੇ ਬਿਆਨਾਂ ਦਾ ਕੀ ਦੱਸ ਇਤਬਾਰ ਕਰੇ ਮਨਿੰਦਰ ਸਾਨੂੰ ਤਾਂ ਬਸ ਕਚਹਿਰੀਆਂ ਥਾਣੇ ਲੈ ਬੈਠੇ

ਨੈਣ ਕਿਸੇ ਦੇ ਤੜਫਦੇ ਤੜਫਦੇ ਰੋਏ ਨੇ

ਨੈਣ ਕਿਸੇ ਦੇ ਤੜਫਦੇ ਤੜਫਦੇ ਰੋਏ ਨੇ ਖਬਰੇ ਕਿਸਦੇ ਬੁੱਲ ਜ਼ਰਜ਼ਰੇ ਹੋਏ ਨੇ ਪਤਾ ਨਹੀਂ ਇਹਨਾ ਚੋਂ ਕੀ ਕੀ ਲੰਘ ਗਿਆ ਐਵੇਂ ਤਾਂ ਨਹੀਂ ਹੱਥ ਖਰਦਰੇ ਹੋਏ ਨੇ ਸਭ ਦੇ ਰਿਜ਼ਕ ਦੀ ਫ਼ਿਕਰ ਹੈ ਸੱਜਣਾ ਰੱਬ ਜੀ ਨੂੰ ਖੌਰੇ ਫੇਰ ਕਿਉੰ ਬੰਦੇ ਫੜਕਦੇ ਹੋਏ ਨੇ ? ਸੰਤਾਂ ਭਗਤਾਂ ਕਰਕੇ ਦੁਨੀਆਂ ਵਸਦੀ ਹੈ ਦੁਨੀਆਂ ਸੰਤਾਂ ਸਿਰ ਧਰੇ ,ਚਰਖੜੇ ਹੋਏ ਨੇ ਸੱਜਣ ਮੈਨੂੰ ਜ਼ਹਿਰ ਲਿਆ ਕੇ ਧਰ ਦਿੱਤਾ ਮੰਗਿਆ ਸੀ ਮੈਂ ਪਾਣੀ , ਤੜਫਦੇ ਹੋਏ ਨੇ ਨਾ ਖਸਮ ਨੂੰ ਚੇਤੇ ਕੀਤਾ ਕਦੀ ਮਨਿੰਦਰ ਨੇ ਪੂੰਜੀ ਸਾਹਾਂ ਦੀ ਖਰਚਦੇ ਹੋਏ ਨੇ

ਅੱਖਾਂ ਨਾਲ਼ ਮਿਲਾ ਕੇ ਅੱਖਾਂ ਗੱਲ ਕਰੋ

ਅੱਖਾਂ ਨਾਲ਼ ਮਿਲਾ ਕੇ ਅੱਖਾਂ ਗੱਲ ਕਰੋ ਤੇਰੀ ਬੇਵਫ਼ਾਈ ਕਿੱਥੇ ਰੱਖਾਂ ਗੱਲ ਕਰੋ ਤੂੰ ਗੱਲ ਕੀ ਕਰਦੈਂ ਸੱਜਣਾ ਚਾਰ ਸੌ ਵੀਹਾਂ ਦੀ ਇਥੇ ਹੀ ਮਿਲ ਜਾਣਗੇ ਲੱਖਾਂ ਗੱਲ ਕਰੋ ਸੱਚ ਬੋਲਣਾ ਸੂਲੀ ਚੜ੍ਹਨ ਬਰਾਬਰ ਹੈ ਦੇਖ ਲਓ ਜੇ ਤੁੜਵਾਉਣੀਆ ਲੱਤਾਂ ਗੱਲ ਕਰੋ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ