Punjabi Poetry : Dr. Mandeep Kaur Randhawa

ਪੰਜਾਬੀ ਕਵਿਤਾਵਾਂ : ਡਾਃ ਮਨਦੀਪ ਕੌਰ ਰੰਧਾਵਾ


ਪੈ ਚੁਕਿਆ ਏਨਾ ਫ਼ਰਕ

ਪੈ ਚੁੱਕਿਆ ਏਨਾ ਫ਼ਰਕ ਕਿ ਹੁਣ ਫ਼ਰਕ ਨਹੀਂ ਪੈਂਦਾ। ਕਿਉਂਕਿ ਜੋ ਜਿਵੇਂ ਦਾ ਸੀ, ਉਵੇਂ ਦਾ ਨਹੀਂ ਰਹਿੰਦਾ? ਦੁਨੀਆਂ ਦੇ ਰੰਗ- ਬੜੇ ਦੇਖੇ,ਬੜੇ ਸੁਣੇ,ਬੜੇ ਹੰਢਾਏ, ਪਰ ਜੋ ਅਸਲ ਵਿੱਚ ਸੱਚ ਹੈ ਉਹ ਕਿੱਥੇ ਹੈ ਰਹਿੰਦਾ? ਪੈ ਚੁੱਕਿਆ ਏਨਾ ਫ਼ਰਕ ਕਿ ਹੁਣ ਫ਼ਰਕ ਨਹੀਂ ਪੈਂਦਾ। ਇਕ ਦਿਨ ਸੀ ਜਦੋਂ ਜਾਦੂ ਤੇ ਵੀ ਯਕੀਨ ਸੀ, ਇਕ ਅੱਜ ਦਾ ਦਿਨ ਹੈ ਜਦੋਂ ਹਕ਼ੀਕ਼ਤ ਤੇ ਵੀ ਯਕੀਨ ਨਹੀਂ ਆਉਂਦਾ । ਕਿਉਂ ਏਨੀ ਮਾਯੂਸ ਹੋ ਗਈ ਏ ਜਿੰਦ ਮੇਰੀ, ਇਹ ਖੇੜੇ ਵਿਚ ਨਹੀਂ ਆਉਂਦੀ? ਕਿਉਂ ਦਿਲ ਦੀਆਂ ਦਿਲ ਚ ਹੀ ਰੱਖਣ ਨੂੰ ਦਿਲ ਕਰਦਾ ਏ , ਕੁਝ ਜ਼ੁਬਾਨ ਤੇ ਨਹੀਂ ਆਉਂਦਾ। ਪੈ ਚੁੱਕਿਆ ਏਨਾ ਫ਼ਰਕ ਕਿ ਹੁਣ ਫ਼ਰਕ ਨਹੀਂ ਪੈਂਦਾ। ਹਰ ਇਨਸਾਨ ਦੂਜੇ ਵਿਚ ਕਮੀਆਂ ਲੱਭਦਾ ਫਿਰਦਾ ਏ, ਓਹਦੇ ਆਪਣੇ ਅੰਦਰ ਹੈ ਜੋ ਉਹ ਕਿਉਂ ਨਜ਼ਰੀਂ ਨਹੀਂ ਪੈਂਦਾ। ਇਕ ਦੌੜ ਹੈ ਪੈਸੇ ਦੀ, ਸ਼ੋਹਰਤ ਦੀ,ਨਾਮ ਦੀ, ਇਹ ਸਭ ਪਾਉਣ ਲਈ ਬੰਦਾ ਕੀ ਕੁਝ ਨਹੀਂ ਕਰਵ ਬਹਿੰਦਾ। ਪੈ ਚੁੱਕਿਆ ਏਨਾ ਫ਼ਰਕ ਕਿ ਹੁਣ ਫ਼ਰਕ ਨਹੀਂ ਪੈਂਦਾ। ਇਕ ਵਾਰੀ ਸੋਚਿਆ ਸੀ ਕਿ ਚੱਲ ਕੋਈ ਨਾ, ਦੁਨੀਆਂ ਜਿਵੇਂ ਦੀ ਹੈ ਅਸੀਂ ਵੀ ਉਵੇਂ ਦੇ ਹੋ ਜਾਂਦੇ ਹਾਂ। ਜਿਸ ਰਾਹ ਤੇ ਬਾਕੀ ਤੁਰਦੇ ਨੇ ਓਸੇ ਤੇ ਤੁਰ ਕੇ ਵੇਖ ਲੈਂਦੇ ਹਾਂ। ਇਕ ਕਦਮ ਪੁੱਟਿਆ ਤੇ ਅੰਦਰੋਂ ਆਵਾਜ਼ ਆਈ, ਜੇ ਤੂੰ ਵੀਂ ਏਦਾਂ ਹੀ ਕਰਨਾ ਸੀ ਫੇਰ ਕੀ ਲੋੜ ਸੀ ਇਥੋਂ ਤਕ ਸੱਚ ਨਾਲ ਤੁਰ ਕੇ ਆਉਣ ਦੀ? ਹੁਣ ਜੇ ਏਨੀ ਵਾਟ ਕੱਟੀ ਏ, ਤੇ ਫਿਰ ਨਿਸ਼ਚਾ ਕਰ ਕੇ ਆਉਂਦਾ । ਪੈ ਚੁੱਕਿਆ ਏਨਾ ਫ਼ਰਕ ਕਿ ਹੁਣ ਫ਼ਰਕ ਨਹੀਂ ਪੈਂਦਾ।

ਉਹ ਅਕਸਰ

ਉਹ ਅਕਸਰ ਮੈਨੂੰ ਪੁੱਛਦਾ ਹੈ। “ਤੂੰ ਮੇਰੇ ਵਿਚ ਅਜਿਹਾ ਕੀ ਵੇਖਿਆ?” ਤੇ ਮੈਂ ਉਸ ਦੀਆਂ ਅੱਖਾਂ ਵਿਚ ਵੇਖਦਿਆਂ ਜਵਾਬ ਬਾਰੇ ਸੋਚਦੀ ਹਾਂ ਤਾਂ ਮੈਨੂੰ ਨਜ਼ਰੀਂ ਆਉਂਦਾ ਉਸ ਹਾਸੇ ਦੀ ਛਣਕਾਰ ਜੋ ਉਸ ਨੇ ਮੇਰੇ ਬੁੱਲ੍ਹਾਂ ਨੂੰ ਦਿੱਤੀ ਤੇ ਕਿਹਾ ਇਸ ਦੇ ਹੁੰਦਿਆਂ ਕਿਸੇ ਹੋਰ ਕੁਝ ਲਾਉਣ ਦੀ ਲੋੜ ਨਹੀਂ। ਇਕ ਇਕ ਖਵਾਬ ਜੋ ਮੈਂ ਉਸ ਨਾਲ ਵੇਖਿਆ, ਉਹ ਇਕ ਇਕ ਪਲ ਜਿਸ ਵਿਚ ਮੈਨੂੰ ਲੱਗਾ ਕਿ ਕੋਈ ਹੈ ਜਿਸ ਤੇ ਮੈਂ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੀ ਹਾਂ, ਜਿਸ ਦਾ ਹੱਥ ਫੜ ਕੇ ਮੈਨੂੰ ਮਹਿਸੂਸ ਹੁੰਦਾ ਕਿ ਦੁਨੀਆਂ ਵਿਚ ਇਸ ਤੋਂ ਉੱਪਰ ਕੋਈ ਨਹੀਂ। ਦਿਲ ਕਰਦਾ ਹੈ ਕਹਾਂ, ਤੂੰ ਹੀ ਤੇ ਹੈਂ ਜਿਸ ਨੇ ਮੈਨੂੰ ਦੱਸਿਆ ਕਿ ਮੈਨੂੰ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਦਾ ਸੰਪੂਰਨ ਅਧਿਕਾਰ ਹੈ। ਤੂੰ ਹੀ ਤੇ ਹੈਂ ਜਿਸ ਨੇ ਮੈਨੂੰ ਮਹਿਸੂਸ ਕਰਾਇਆ ਕਿ ਪਿਆਰ ਏਦਾਂ ਵੀ ਹੁੰਦਾ ਹੈ- ਜਿਸ ਵਿਚ ਨਾ ਕੋਈ ਗਿਲਾ, ਕੋਈ ਸ਼ਿਕਵਾ, ਨਾ ਕੋਈ ਚਾਹ, ਕੋਈ ਮੰਗ, ਨਾ ਉਲਾਂਭਾ ਹੋਏ। ਹੋਵੇ ਤੇ ਬਸ ਵਿਸ਼ਵਾਸ ਕਿ ਨਾ ਹੁੰਦਿਆਂ ਹੋਇਆਂ ਵੀ ਕੋਈ ਸਦਾ ਲਈ ਸਾਡੇ ਨਾਲ ਹੈ ਜੋ ਕਿਸੇ ਵੀ ਮੋੜ ਤੇ ਸਾਨੂੰ ਇਕੱਲਿਆਂ ਨਹੀਂ ਛੱਡੇਗਾ।” ਅਹਿਸਾਸ ਦੇ ਸਮੁੰਦਰ ਤੋਂ ਅੱਗੇ ਲਫ਼ਜ਼ਾਂ ਦੀ ਬੇੜੀ ਨੂੰ ਕਿਨਾਰਾ ਕਿੱਥੋਂ ਮਿਲੇ ਤੇਰੇ ਬਗੈਰ। ਹਰ ਵਾਰ ਮੁਸਕਰਾ ਕੇ ਖ਼ੁਦ ਨੂੰ ਇਹੀ ਕਹਿ ਦੇਂਦੀ ਹਾਂ। ਮੈਨੂੰ ਪੱਕਾ ਪਤਾ ਨਹੀਂ।

ਹਾਲ ਦੀ ਘੜੀ ਸਿਰਫ਼ ਅਰਦਾਸ ਕਰੋ

ਸਫ਼ਲਤਾ ਸਿਰਫ਼ ਰੱਬ ਸਬੱਬੀਂ ਨਹੀਂ ਹੁੰਦੀ, ਇਸ ਪਿੱਛੇ ਹੁੰਦੀ ਹੈ ਸਾਲਾਂ ਬੱਧੀ ਰਾਤਾਂ ਜਾਗ ਕੇ ਕੀਤੀ ਕਠਿਨ ਕਮਾਈ। ਰੀਝਾਂ ਖ਼ਾਤਰ ਜਾਗਦੀਆਂ ਅੱਖਾਂ ਨਾਲ ਵੇਖੇ ਉਹ ਸੁਪਨੇ ਜੋ ਨੀਂਦਰਾਂ ਖੋਹ ਲੈਣ ਸਾਥੋਂ। ਕਦੇ ਨਾ ਸੌਣ ਦੇਣ ਸੰਪੂਰਨ ਹੋਣ ਤੀਕ। ਸਫ਼ਲਤਾ ਅਜਿਹਾ ਵਿਸ਼ਵਾਸ ਹੁੰਦੀ ਹੈ, ਜੋ ਮਾਪਿਆਂ,ਗੁਰੂਆਂ ਤੇ ਸ਼ੁਭਚਿੰਤਕ ਮਿੱਤਰਾਂ ਦਾ ਸਾਥ ਮਾਣਦੀ ਉਮਰ ਭਰ ਲਗਾਤਾਰ। ਉਹ ਦਾਤ ਜੋ ਮਿਹਨਤ ਦੀ ਝੋਲੀ ਆਪ ਪਾਉਂਦਾ ਅਣਦਿਸਦਾ ਸਾਈਂ। ਸਫਲਤਾ ਉਹ ਕੁੰਜੀ ਜਿਸ ਦਾ ਜੰਦਰਾ ਆਪ ਬਣਨਾ ਪੈਂਦਾ। ਕਿਸੇ ਹੱਟੀਉਂ ਨਹੀਂ ਮਿਲਦਾ ।ਯ ਉਹ ਖ਼ਜ਼ਾਨਾ ਹੈ, ਜਿਸ ਨੂੰ ਲੱਭਣ ਲਈ ਮਿੱਟੀ ਨਾਲ ਆਪ ਘੁਲਣਾ ਪੈਂਦਾ। ਮਿੱਟੀ ਹੋਣਾ ਪੈਂਦਾ ਹੈ, ਖ਼ੁਦ ਨੂੰ ਗੁੰਨ੍ਹ ਕੇ। ਦੂਰੋਂ ਨਹੀਂ ਲਿਸ਼ਕੋਰੇ ਮਾਰਦਾ ਮਿਹਨਤ ਦਾ ਮਾਣਕ ਮੋਤੀ ਆਪ ਸਿਰਜਣਾ ਪੈਂਦਾ ਮੁੜ੍ਹਕੇ ਵਿੱਚੋਂ। ਈਰਖਾ ਵਿਚ ਅੰਨ੍ਹੇ ਹੋਏ ਬੇਨਸਲ ਮਨੁੱਖਾਂ ਨੂੰ, ਅਜਿਹੇ ਸਿਰੜੀਆਂ ਦੀ ਸਫਲਤਾ ਪਿੱਛੇ ਪੌੜੀ ਨਜ਼ਰੀਂ ਆਉਂਦੀ, ਜਿਸ ਤੇ ਪੈਰ ਰੱਖ ਕੇ ਉਹ ਉੱਪਰ ਚੜ੍ਹ ਜਾਣ। ਕਿਉਂ ਨਹੀਂ ਦਿਸਦੀ ਅੰਨ੍ਹਿਆਂ ਨੂੰ ਉਹ ਪੌੜੀ ਜਿਸ ਨੂੰ ਘੜਨ ਲਈ ਲੱਗੀ ਉਮਰ। ਅਣਥੱਕ ਤੇ ਨਿਰੰਤਰ ਤਪੱਸਿਆ। ਸਭ ਕੁਝ ਅਣਗੌਲਿਆਂ ਕਰਕੇ, ਉਹ ਯਤਨ ਕਰਦੇ ਹਨ, ਤੁਹਾਡੀ ਪੌੜੀ ਨੂੰ ਖਿੱਚ ਕੇ ਡੇਗਣ ਦੀ । ਆਪਣੀ ਅੱਗ ਵਿੱਚ ਸੜ ਚੱਲੇ ਨੇ ਤੁਰਦੇ ਫਿਰਦੇ ਕਿੰਨੇ ਬਦਹਵਾਸ। ਕਿਉਂ ਨਹੀਂ ਇਹ ਲੋਕ ਸ਼ਿੱਦਤ ਤੇ ਲਗਨ ਨਾਲ ਯਤਨ ਕਰਦੇ ਅਜਿਹੀ ਪੌੜੀ ਆਪਣੇ ਲਈ ਘੜਨ ਸਿਰਜਣ ਦੀ, ਉਸਾਰਨ ਦੀ । ਫਿਰ ਇਨ੍ਹਾਂ ਨੂੰ ਵੀ ਆ ਜਾਵੇਗੀ ਜਾਚ ਕਿਰਤ ਵਡਿਆਉਣ ਦੀ, ਦੂਸਰੇ ਦਾ ਚਾਅ ਸਹਾਰਣ ਦੀ । ਫਿਰ ਨਹੀਂ ਪ੍ਰਤੀਤ ਹੋਵੇਗਾ ਇਨ੍ਹਾਂ ਨੂੰ ਹਰ ਸਫ਼ਲ ਇਨਸਾਨ ਮਹਿਜ਼ ਖੁਸ਼ਕਿਸਮਤ, ਸਿਫ਼ਾਰਸ਼ੀ ਤੇ ਮੌਕਾਪ੍ਰਸਤ। ਸਗੋਂ ਦਿਸੇਗੀ ਉਸਦੀ ਲਗਨ, ਦ੍ਰਿੜਤਾ ਤੇ ਸੰਘਰਸ਼। ਹਾਲ ਦੀ ਘੜੀ ਇਨ੍ਹਾਂ ਬੌਣਿਆਂ ਲਈ ਸੁਮੱਤ ਦੀ ਅਰਦਾਸ ਕਰੋ।

ਖ਼ਾਮੋਸ਼ੀਆਂ ਦੇ ਖ਼ਿਲਾਫ਼

ਸੁਣਿਆ ਸੀ ਕਿ ਸਿਰਫ਼ ਲਫ਼ਜ਼ ਚੁਭਦੇ ਨੇ, ਪਰ ਖ਼ਾਮੋਸ਼ੀਆਂ ਵੀ ਤਾਂ ਅੰਦਰੋਂ ਮਾਰ ਦਿੰਦਿਆਂ ਨੇ । ਹੁੰਦੇ ਨੇ ਬਹੁਤ ਅਜਿਹੇ ਸਵਾਲ, ਜਿੰਨ੍ਹਾ ਦੇ ਨਹੀਂ ਹੁੰਦੇ ਜਵਾਬ । ਫੇਰ ਵੀ ਜੇਕਰ ਕੋਈ ਲੱਭਣਾ ਚਾਹੇ ਤਾਂ ਲੱਭ ਸਕਦਾ ਹੈ, ਟਿਕਟਿਕੀ ਲਾ ਵੇਖਦੀਆਂ ਚੁੱਪ ਚੁਪੀਤੀਆਂ ਅੱਖੀਆਂ ਵਿੱਚੋਂ । ਸੀਤੀਆਂ ਹੋਈਆਂ ਬੁੱਲੀਆਂ ਵਿਚੋਂ । ਸੁੱਕ ਚੁੱਕੇ ਹੰਝੂਆਂ ਵਿੱਚੋਂ । ਹੌਂਕਿਆਂ ਤੇ ਹਾਵਾਂ ਵਿੱਚੋਂ ਮਰ ਚੁੱਕੇ ਚਾਵਾਂ ਵਿੱਚੋਂ । ਪਰ ਇਹ ਸ਼ਬਦ ਕੌਣ ਪੜ੍ਹੇ ? ਕੌਣ ਸੁਣੇ, ਕੌਣ ਵਿਚਾਰੇ? ਅੱਜ ਕੱਲ੍ਹ ਤਾਂ ਦੁਨੀਆਂ ਚੱਲਦੀ ਹੈ ਝੂਠੇ ਲਫ਼ਜ਼ਾਂ ਦੇ ਸਹਾਰੇ । ਦਿਲ ਵਿਚ ਹੋਵੇ ਭਾਵੇਂ ਲੱਖ ਦਗਾ। ਪਰ ਅਲਫ਼ਾਜ਼ ਚ ਦਿਸਣੀ ਚਾਹੀਦੀ ਵਫ਼ਾ । ਕੀ ਸੱਚਮੁੱਚ ਹੀ ਉਹ ਖਾਮੋਸ਼ੀ ਮਾਰਦੀ ਹੈ? ਜੋ ਝੂਠੇ ਨੂੰ ਮੂੰਹ ਤੇ ਝੂਠਾ ਨਹੀਂ ਕਹਿੰਦੀ । ਜੋ ਸਭ ਕੁਛ ਜਾਣਦੇ ਹੋਏ ਵੀ ਅਣਜਾਣ ਬਣੀ ਰਹਿੰਦੀ । ਜੋ ਚਾਹੁੰਦੀ ਹੈ ਕਿ ਗੱਲ ਹੋਰ ਨਾ ਵਧੇ । ਜੋ ਲੋਚਦੀ ਹੈ ਕਿ ਲੱਖ ਗਲਤੀਆਂ ਦੇ ਬਾਦ ਵੀ ਦੂਰ ਨਾ ਹੋਈਏ ਕਦੇ । ਮੈਨੂੰ ਤਾਂ ਲੱਗਦਾ ਖਾਮੋਸ਼ੀ ਨਹੀਂ, ਮਾਰਦੇ ਨੇ ਸਾਨੂੰ ਉਹ ਲਫ਼ਜ਼, ਜਿੰਨ੍ਹਾਂ ਦੀ ਗੂੰਜ ਮਨ ਦਾ ਸਕੂਨ ਖੋਹ ਲਵੇ । ਜਿੰਨਾ ਦਾ ਚੇਤਾ ਸੌਂਣ ਨਾ ਦਵੇ । ਉਹ ਇਲਜ਼ਾਮ, ਜਿੰਨ੍ਹਾਂ ਤੋਂ ਆਪਣੇ ਆਪ ਨੂੰ ਬੇਕਸੂਰ ਸਾਬਿਤ ਨਾ ਕੀਤਾ ਜਾ ਸਕੇ। ਅਣਕਹੇ, ਅਣਸੁਣੇ, ਸੀਨੇ ਵਿਚ ਲੁਕੋਏ ਲਫ਼ਜ਼ ਜਾਨਲੇਵਾ ਕਿਵੇਂ ਹੋ ਸਕਦੇ ਹਨ ? ਝੂਠੇ ਹਾਸੇ ਤੇ ਫ਼ੋਕੇ ਦਿਲਾਸੇ ਨਾਲ ਦਬਾਏ ਲਫ਼ਜ਼ ਜਾਨਲੇਵਾ ਕਿਵੇਂ ਹੋ ਸਕਦੇ ਹਨ? ਖਾਮੋਸ਼ੀ ਨੂੰ ਖਾਹਮਖਾਹ ਗੁਨਹਗਾਰ ਠਹਿਰਾਉਣਾ ਨਹੀਂ ਠੀਕ ਜਨਾਬ! ਜਾਨ ਕੱਢਦੇ ਨੇ ਬਿਨਾ ਸੋਚੇ, ਬਿਨਾ ਸਮਝੇ ਮੂੰਹ ਵਿਚੋਂ ਕੱਢੇ ਬੋਲ, ਲਗਾਏ ਦੋਸ਼, ਤੋਲਿਆ ਕੁਫ਼ਰ। ਜਿੰਨਾ ਦੀ ਚੁਭਣ ਉਮਰ ਭਰ ਨਾਲ ਰਹਿੰਦੀ ਹੈ ਤੇ ਨਹੀਂ ਛੱਡਦੀ ਸਾਥ ਦੁਨੀਆਂ ਛੱਡਣ ਤੀਕ।

ਦੁਸ਼ਮਣ ਨਹੀਂ, ਦੁਸ਼ਮਣੀ ਮਾਰੋ

ਅਕਸਰ ਉੱਠੇ ਇਹ ਸਵਾਲ ਮਨ ਅੰਦਰ। ਕੀ ਹੈ ਧਰਮ ਜਗਤ ਅੰਦਰ ? ਜਿਸ ਦੇ ਪਿੱਛੇ ਅੰਨ੍ਹੇ ਹੋਏ, ਲੋਕ ਨਾ ਵੇਖਣ ਕੋਈ ਮੋਏ ਜਾਂ ਜੀਵੇ। ਸੁਥਰਾ ਘੋਲ ਪਤਾਸੇ ਪੀਵੇ। ਉਹ ਵੱਡਾ ਕਹਿਰ ਢਾਹੁਣ ਤੋਂ ਨਾ ਪਿੱਛੇ ਰਹਿੰਦੇ, ਆਪਣੇ ਆਪ ਨੂੰ ਰੱਬ ਮੰਨ ਬਹਿੰਦੇ । ਕੀ ਧਰਮ ਇਹੀ ਕੁਝ ਸਿਖਾਉਂਦਾ ? ਕੱਟੜ, ਬੇਰਹਿਮ ਹੰਕਾਰੀ ਬਣਾਉਂਦਾ? ਕਹਿੰਦਾ ਰਹਿਮ ਨਾ ਕਰਿਓ ਉਸ ਤੇ। ਜੋ ਵੀ ਚੁੱਕੇ ਉਂਗਲ ਇਸ ਤੇ? ਚੁੱਪ ਕਰਾਓ ਹਰ ਆਵਾਜ਼। ਜੋ ਵੀ ਉੱਠੇ ਤੁਹਾਡੇ ਖ਼ਿਲਾਫ਼? ਕੀ ਸਤਿਗੁਰਾਂ ਨੇ ਸਾਨੂੰ ਇਹੀ ਸਿਖਾਇਆ ? ਕੀ ਸਾਨੂੰ ਹਿੰਸਾ, ਵੱਖਵਾਦ, ਅਸਹਿਯੋਗ ਦਾ ਪਾਠ ਪੜਾਇਆ? ਪਰ ਸਾਨੂੰ ਯਾਦ ਹੈ ਆਉਂਦਾ, ਸਭ ਭਰਮ ਭੁਲੇਖੇ ਦੂਰ ਭਜਾਉਂਦਾ- ਉਹ ਤਰਕ ਤੇ ਸੰਵਾਦ ਜਿਸ ਨਾਲ ਗੁਰੂ ਬਾਬਾ ਨਾਨਕ ਨੇ ਵਲੀ ਕੰਧਾਰੀ ਤੋਂ ਲੈ ਕੇ ਸਿੱਧਾਂ ਤਕ ਦਾ ਤੋੜਿਆ ਹੰਕਾਰ । ਉਹ ਨਿਮਰਤਾ ਤੇ ਲਿਆਕਤ ਜਿਸ ਨੇ ਬਖ਼ਸ਼ੀ ਭਾਈ ਲਹਿਣੇ ਨੂੰ ਗੁਰੂ ਅੰਗਦ ਹੋਣ ਦੀ ਬਖ਼ਸ਼ਿਸ਼ । ਉਹ ਵਿਸ਼ਵਾਸ ਤੇ ਮਾਣ ਜਿਸ ਨਾਲ “ਅਮਰੂ ਨਿਥਾਵਾਂ” ਅਖਵਾਉਣ ਤੋਂ ਬਾਅਦ ਵੀ ਬਣੇ ਨਿਥਾਵਿਆਂ ਦਾ ਥਾਂਵ ਨਿਤਾਣਿਆਂ ਦਾ ਤਾਣ ਧੰਨ ਗੁਰੂ ਅਮਰ ਦਾਸ। ਉਹ ਮਾਣ ਤੇ ਵਡਿਆਈ ਜਿਸ ਨਾਲ ਚੌਥੇ ਪਾਤਸ਼ਾਹ ਨੇ ਪਵਿੱਤਰ ਕੇਸਾਂ ਨਾਲ ਗੁਰੂ ਚਰਨ ਝਾੜਨ ਦੀ ਭਰੀ ਗਵਾਹੀ। ਉਹ ਸਿਰੜ ਤੇ ਪ੍ਰਤਾਪ ਜਿਸ ਨਾਲ ਤੱਤੀ ਤਵੀ ਤੇ ਵੀ ਗੁਰੂ ਅਰਜਨ ਸਾਹਿਬ ਨੇ ਕੀਤਾ ਤੇਰਾ ਕੀਆ ਮੀਠਾ ਲਾਗੈ ਦਾ ਜਾਪ। ਉਹ ਸਾਂਝ ਤੇ ਰਾਹ ਨੁਮਾਈ ਜਿਸ ਨਾਲ ਗੁਰੂ ਹਰਗੋਬਿੰਦ ਜੀ ਨੇ ਕਰਾਈ ਸੀ ਬਵੰਜਾਂ ਰਾਜਿਆਂ ਦੀ ਆਪਣੇ ਤੋਂ ਪਹਿਲਾਂ ਰਿਹਾਈ। ਉਹ ਸੰਤ ਸੁਭਾਈ ਲੋਕ ਭਲਾਈ ਜਿਸ ਨਾਲ ਸਤਵੇਂ ਸਤਿਗੁਰੂ ਨੇ ਦਾਰਾ ਸ਼ਿਕੋਹ ਨੂੰ ਬਖ਼ਸ਼ੀ ਸੀ ਅਗਵਾਈ। ਉਹ ਦ੍ਰਿੜ ਤੇ ਨਿਰਸਵਾਰਥੀ ਮਨ ਜਿਸ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਾਏ ਚੇਚਕ ਰੋਗੀਆਂ ਦੇ ਸਵਾਸ। ਉਹ ਨਿਰਪੱਖਤਾ ਤੇ ਆਦਰ, ਜਿਸ ਨੇ ਬਣਾਇਆ ਨੌਵੇਂ ਪਾਤਸ਼ਾਹ ਨੂੰ ਹਿੰਦ ਦੀ ਚਾਦਰ। ਉਹ ਸਾਹਸ ਤੇ ਤਿਆਗ, ਜਿਸ ਨਾਲ ਹੱਸ ਕੇ ਵਾਰ ਦਿੱਤੇ ਸਾਹਿਬੇ ਕਮਾਲ ਨੇ ਪੁੱਤਰ ਚਾਰ । ਫਿਰ ਮਿਟ ਜਾਂਦੇ ਨੇ ਸਭ ਭਰਮ ਭੁਲੇਖੇ, ਦਿਸ ਪੈਂਦੇ ਨੇ ਅਮਲੀ ਲੇਖੇ । ਧਰਮ ਦਾ ਪੰਧ ਹੈ ਬੜਾ ਹੀ ਬਿਖੜਾ ਅਜੇ ਵੀ ਸੰਭਲ ਜਾਈਏ ਕਿਓਂਕਿ ਅਜੇ ਵੀ ਹੈ ਮੌਕਾ । ਅਸੀਂ ਦੋ ਕੋਹ ਚੱਲ ਕੇ ਥੱਕ ਜਾਂਦੇ ਹਾਂ, ਆਪਣੇ ਹੀ ਰਾਹੇ ਪੈ ਜਾਂਦੇ ਹਾਂ । ਜਿਹੜੀ ਲੀਹੇ ਸਤਿਗੁਰਾਂ ਪਾਇਆ, ਅਸੀਂ ਹੈ ਉਹ ਰਾਹ ਭੁਲਾਇਆ। ਜੇ ਵਕ਼ਤ ਰਹਿੰਦਿਆਂ ਚੇਤਾ ਨਾ ਆਇਆ, ਤਾਂ ਕੁਝ ਨਾ ਲੱਭਣਾ ਮਗਰੋਂ ਹੱਥ ਮਲਿਆਂ ਪਛਤਾਇਆਂ। ਧਰਮ ਦਾ ਮੂਲ ਹੈ ਜਗਤ ਦੀ ਸੇਵਾ, ਜਗਤ ਦੀ ਸੇਵਾ ਹੀ ਰੱਬ ਦੀ ਸੇਵਾ। ਨਾ ਕਿਸੇ ਦੇ ਅਵਗੁਣ ਚਿਤਾਰੋ, ਦੁਸ਼ਮਣ ਨਹੀਂ ਦੁਸ਼ਮਣੀ ਮਾਰੋ। ਸਹੀ ਗਲਤ ਦੀ ਪਰਖ ਮਾਲਕ ਤੇ ਛੱਡੋ, ਖੁਸ਼ੀਆਂ ਬੀਜੋ, ਹਾਸੇ ਵੱਢੋ।

ਇਕੱਲੀ ਰਹਿ ਜਾਵਾਂਗੀ

ਜਦੋਂ ਤੂੰ ਫ਼ਿਕਰ ਕਰਦਾ ਏਂ, ਮੈਂ ਸੱਚੀ ਬੇਫ਼ਿਕਰ ਹੋ ਜਾਂਦੀ ਆਂ । ਮੈਨੂੰ ਚੰਗਾ ਲੱਗਦਾ ਹੈ ਤੇਰਾ ਮੇਰੇ ਬਿਨਾ ਕਹੇ ਵੀ ਸਭ ਕੁਝ ਸਮਝ ਜਾਣਾ । ਮੇਰੇ ਵੱਲ ਭਿੱਜੀ ਰੂਹ ਨਾਲ ਵੇਖਣਾ ਤੇ ਇੰਜ ਕਹਿਣਾ, ਤੂੰ ਏਨਾ ਨਾ ਸੋਚਿਆ ਕਰ। ਨਾ ਹੀ ਘਬਰਾਇਆ ਕਰ। ਜਦ ਮੈਂ ਹਾਂ ਅੰਗ ਸੰਗ ਤੇਰੇ, ਫੇਰ ਤੈਨੂੰ ਕਾਹਦਾ ਡਰ ? ਭੁੱਲ ਕੇ ਦੁਨੀਆਂ ਦਾਰੀ ਤੂੰ ਆਪਣੇ ਖ਼ਵਾਬਾਂ ਲਈ ਜੀਅ। ਮੈਂ ਆਪੇ ਵੇਖ ਲਵਾਂਗਾ ਕਿ ਕਿਸ ਨੂੰ ਕਹਿਣਾ ਹੈ ਕੀਹ? ਕਿਉਂ ਤੂੰ ਆਪਣੇ ਨਾਜ਼ੁਕ ਦਿਲ ਨੂੰ ਏਨੀਆਂ ਉਲਝਣਾਂ ਵਿਚ ਪਾਇਆ ਹੈ? ਖੁੱਲ ਕੇ ਮਾਣ ਜਿੰਦੜੀ ਨੂੰ ਤੈਨੂੰ ਕਿੰਨੀ ਵਾਰ ਤਾਂ ਸਮਝਾਇਆ ਹੈ । ਦੁਨੀਆਂ ਦੇ ਇਹ ਤਾਹਨੇ, ਮੇਹਣੇ ਏਦਾਂ ਹੀ ਚੱਲਦੇ ਰਹਿਣੇ ਨੇ । ਮੰਜ਼ਿਲ ਤੇ ਪੁੱਜਣ ਲਈ ਹੀਲੇ ਸਾਨੂੰ ਹੀ ਕਰਨੇ ਪੈਣੇ ਨੇ । ਕਦ ਕਿਸੇ ਨੇ ਚਾਹਿਆ ਹੈ ਕਿ ਘਰ ਦੀਆਂ ਕੰਧਾਂ ਚੋਂ ਨਿਕਲ ਕੇ ਕੋਈ ਔਰਤ ਪਰਵਾਜ਼ ਫੜੇ ? ਆਪਣੇ ਸੁਪਨਿਆਂ ਲਈ ਜੀਵੇ, ਆਪਣੇ ਹੱਕਾਂ ਲਈ ਲੜੇ ? ਲੋਕਾਂ ਦੇ ਬੋਲਾਂ ਨੇ ਤੈਨੂੰ ਪਿੱਛੇ ਹੀ ਬੱਸ ਧੱਕਣਾ ਏ । ਇਹ ਤੂੰ ਹੀ ਤੈਅ ਕਰਨਾ ਏਂ ਕਿ ਕੀਹ ਅਣਡਿੱਠਾ ਕਰਨਾ? ਤੇ ਕੀ ਕੁਝ ਪੱਲੇ ਬੰਨਣਾ ਏ । ਐਵੇਂ ਨਾ ਫ਼ਿਕਰਾਂ ਵਿਚ ਪੈ ਕੇ ਢੇਰੀ ਢਾਹ ਕੇ ਬਹਿ ਜਾਇਆ ਕਰ । ਮੇਰੇ ਤੇ ਭਰੋਸਾ ਰੱਖ ਲੈ ਆਪਣੇ ਦਿਲ ਦੀ ਸੁਣਿਆ ਕਰ ਰੂਹ ਦੀ ਪੁਗਾਇਆ ਕਰ। ਸੱਚ ਮੰਨੀਂ ਓਦੋਂ ਦਿਲ ਕਰਦਾ ਏ ਖੰਭ ਲਗਾ ਕੇ ਅੰਬਰ ‘ਚ ਉੱਡਣ ਨੂੰ । ਛੱਡ ਕੇ ਸਾਰੇ ਭਰਮ ਆਪਣੇ ਅੰਬਰੀਂ ਪੈੜਾਂ ਪਾਉਣ ਨੂੰ । ਤੂੰ ਏਂ ਮੇਰਾ ਹਿੰਮਤ ਹੌਸਲਾ , ਤੂੰ ਹੀਂ ਏ ਮੇਰੀ ਜਿੰਦ ਜਾਨ। ਰੱਬ ਤੋਂ ਵੀ ਵੱਡਾ ਆਸਰਾ ਤੇਰਾ, ਤੋੜ ਨਾ ਦੇਵੀਂ ਮਾਣ। ਇਕੱਲੀ ਰਹਿ ਜਾਵਾਂਗੀ।

ਲਾਰਿਆਂ ਦੀ ਰੁੱਤ

ਝੂਠੇ ਵਾਅਦਿਆਂ ਦੇ ਫੇਰ ਦਿਨ ਆ ਗਏ ਸੱਜਣਾ, ਹਰ ਮਸਲੇ ਦੇ ਝੱਟ ਪੱਟ ਹੱਲ ਨਿਕਲਣਗੇ । ਦੋਗਲੇ, ਫ਼ਰੇਬੀ ਲੋਕ ਹੁਣ, ਚਿੱਟੇ ਬਾਣੇ ਪਾ ਕੇ ਆਉਣਗੇ । ਤੈਨੂੰ ਮੈਨੂੰ ਸਭ ਨੂੰ ਭਰਮਾਉਣਗੇ। ਵੰਨ ਸੁਵੰਨੇ ਲਾਰਿਆਂ ਨਾਲ ਸਾਡਾ ਸਭ ਦਾ ਮਨ ਪਰਚਾਉਣਗੇ । ਕਹਿਣਗੇ ਦੇਵੋ ਮੌਕਾ ਫੇਰ ਸਾਨੂੰ ਨਵਾਂ ਨਕੋਰ ਸੱਜਰਾ ਸੰਸਾਰ ਸਿਰਜਾਂਗੇ । ਕਰਾਂਗੇ ਨਾ ਨਿਰਾਸ਼ ਕਿਸੇ ਨੂੰ ਖੁੱਲੀਆਂ ਖ਼ੈਰਾਇਤਾਂ ਵੰਡਾਂਗੇ । ਉਹ ਮੁੜ ਉਮੀਦਾਂ ਜਗਾਉਣਗੇ, ਰੁੱਤ ਨਵੀਂ ਲਿਆਉਣ ਦੀ । ਬਾਤ ਨਵੀਂ ਪਾਉਣ ਦੀ । ਰਾਹ ਨਵੇਂ ਖੁੱਲਣ ਦੀ । ਪਿਛਲੀਆਂ ਚਿੰਤਾਵਾਂ ਭੁੱਲਣ ਦੀ। ਜਿਥੇ ਤੇਰ ਮੇਰ ਨਹੀਂ, ਬੇਰੁਜ਼ਗਾਰੀ ਦਾ ਹਨ੍ਹੇਰ ਨਹੀਂ । ਕਲਾ ਦੀ ਕਦਰ ਪੂਰੀ ਹਰ ਇੱਕ ਸੱਧਰ। ਹਰ ਕਿੱਤੇ ਨੂੰ ਸਨਮਾਨ। ਮਿਹਨਤ ਦਾ ਭੁਗਤਾਨ। ਸਸਤੀ ਬਿਜਲੀ, ਸਸਤਾ ਪਾਣੀ। ਘਰ-ਘਰ ਦੀ ਬਸ ਇਹੀ ਕਹਾਣੀ । ਖ਼ਵਾਬਾਂ ਦੀ ਐਸੀ ਸਲਤਨਤ ਦੇ, ਹਵਾਈ ਕਿਲ੍ਹੇ ਨਿੱਤ ਉੱਸਰਣਗੇ । ਝੂਠੇ ਵਾਅਦਿਆਂ ਦੇ ਦਿਨ ਆ ਗਏ ਸੱਜਣਾ। ਹਰ ਮਸਲੇ ਦੇ ਹੱਲ ਨਿਕਲਣਗੇ । ਇਸ ਰੁੱਤ ਦੀ ਖੂਬੀ ਦੇਖੋ, ਹਰ ਮੁੱਦਾ ਹੀ ਲੱਗਦਾ ਹੱਲ ਹੋਣਾ ਸੌਖਾ । ਹੋਵੇ ਰਾਜਾ ਜਾਂ ਰੰਕ ਕੋਈ, ਬੋਲਣ ਦਾ ਮਿਲਦਾ ਸਭ ਨੂੰ ਮੌਕਾ । ਜਿੰਨਾਂ ਲਈ ਇੱਕੋ ਤੁਹਾਡਾ ਜੀਣ-ਮਰਣ, ਉਹ ਪਾਉਣਗੇ ਤੁਹਾਡੀ ਕੁੱਲੀ ਵਿਚ ਆਪਣੇ ਪਵਿੱਤਰ ਚਰਣ । ਹੱਥ ਜੋੜ ਕੇ, ਸੀਸ ਝੁਕਾ ਕੇ, ਮੰਗਣਗੇ ਸਾਥ ਦਾ ਮੱਤ ਦਾਨ । ਘੜੀ ਪਲ ਲਈ ਬਣ ਜਾਓਗੇ, ਤੁਸੀਂ ਉਨ੍ਹਾਂ ਲਈ ਭਗਵਾਨ । ਦੇ ਕੇ ਲੱਖਾਂ ਦਰਸ-ਦਿਲਾਸੇ, ਰੁੱਤ ਬਦਲਣ ਤੇ ਹੋ ਜਾਣਗੇ ਪਾਸੇ । ਫਿਰ ਤੂੰ ਕੌਣ ਤੇ ਮੈਂ ਕੌਣ। ਵਿੱਚ ਪੰਜਾਲੀ ਸਾਡੀ ਧੌਣ। ਰਹਿ ਜਾਣੇ ਸਭ ਕਸਮਾਂ ਵਾਅਦੇ, ਧਰੇ ਧਰਾਏ ਹੌਕੇ ਹਾਵੇ। ਸੁਪਨ ਦੇਸ਼ ਦੇ ਦਾਅਵੇ। ਪੰਜਾਂ ਸਾਲਾਂ ਮਗਰੋਂ ਫਿਰ ਉਹ ਨਵੇਂ ਤਰੀਕੇ ਸੱਜਰੇ ਗੁਰ ਸਿੱਖ ਕੇ ਆਉਣਗੇ। ਝੂਠੇ ਵਾਅਦਿਆਂ ਦੇ ਦਿਨ ਆ ਗਏ ਸੱਜਣਾ, ਹਰ ਮਸਲੇ ਦੇ ਹੱਲ ਤੁਰਤ ਫੁਰਤ ਨਿਕਲਣਗੇ ।

ਵਿਸ਼ਵਾਸ ਦੀ ਮੋਹਰ

ਸਭ ਕਹਿੰਦੇ ਨੇ ਇਹ ਹੱਸਦੀ ਬੜਾ ਏ । ਖਿੜ ਖਿੜਾਉਂਦਾ ਚਿਹਰਾ, ਹਰ ਦੁੱਖ ਤਕਲੀਫ਼ ਤੋਂ ਦੂਰ । ਕੀ ਮਿਲਿਆ ਏ ਐਸਾ ਇਸਨੂੰ ? ਜਿਸ ਦਾ ਹਰ ਪਲ ਚੜ੍ਹਿਆ ਰਹੇ ਸਰੂਰ । ਜਦ ਵੀ ਵੇਖੋ ਇਹਨੂੰ, ਮੁਸਕਰਾਉਂਦੀ ਰਹਿੰਦੀ ਏ । ਪਲ ਨਾ ਬੈਠੇ ਖ਼ਾਲੀ ਕਦੇ ਵੀ, ਕੁਝ ਨਾ ਕੁਝ ਕਰਦੀ ਰਹਿੰਦੀ ਏ । ਤਾਂ ਵੀ ਮੱਥੇ ਤੇ ਸ਼ਿਕਨ ਕਦੇ ਨਾ ਵੇਖੀ ਏ । ਇੰਨਾ ਸਬਰ, ਹੌਸਲਾ ਪਤਾ ਨਹੀਂ, ਇਹ ਕਿਥੋਂ ਲੈ ਕੇ ਆਉੰਦੀ ਏ ? ਕਈ ਕਹਿੰਦੇ ਇਹ ਖੁਸ਼ਕਿਸਮਤ ਹੈ, ਜੋ ਵੀ ਚਾਹਿਆ ਪਾਇਆ ਏ । ਦੁੱਖ ਦਾ ਕੋਈ ਵੀ ਪਰਛਾਵਾਂ, ਇਹਦੇ ਨੇੜੇ ਕਦੀ ਨਾ ਆਇਆ ਏ ? ਕੀ ਪਤਾ ਇਸ ਨੂੰ ਦੁਨੀਆਂ ਵਿੱਚ ਕੀ ਹੁੰਦਾ ਏ ? ਜਿਸਨੂੰ ਸਭ ਮਿਲਿਆ ਹੋਵੇ ਸੌਖਾ, ਉਹ ਤਾਂ ਹੱਸਦਾ ਹੀ ਰਹਿੰਦਾ ਏ । ਸਭ ਦੀ ਸੁਣ ਕੇ ਮੈਂ ਹਰ ਵਾਰੀ ਮੂੰਹੋਂ ਕੁਝ ਨਹੀਂ ਕਹਿੰਦੀ ਹੱਸ ਪੈਂਦੀ ਹਾਂ । ਮੋਹਰ ਲਗਾ ਕੇ ਉਹਨਾਂ ਦੇ ਅੰਦਾਜ਼ੇ ਤੇ, ਆਪਣੇ ਰਾਹੀਂ ਤੁਰ ਪੈਂਦੀ ਹਾਂ । ਨਹੀਂ ਸਮਝਾ ਸਕਦੀ ਕਿਸੇ ਨੂੰ ਉਹ ਬਲ ਜੋ ਮਾਪਿਆਂ ਬਖਸ਼ਿਆ ਏ । ਜਦ ਸਭ ਕੁਝ ਛੱਡ ਹੀ ਦਿੱਤਾ ਵਾਹਿਗੁਰੂ ਤੇ ਤਾਂ ਫੇਰ ਚਿੰਤਾ ਲਈ ਬਚਿਆ ਹੀ ਕੀ ਏ ? ਇਹ ਹੈ ਮੇਰਾ ਵਿਸ਼ਵਾਸ ਅਤੁੱਟ ਭਰੋਸਾ ਮੇਰਾ, ਜੋ ਕਿਸੇ ਨੂੰ ਨਜ਼ਰੀਂ ਨਹੀਂ ਪੈਂਦਾ। ਦਿਸਦਾ ਏ ਬਸ ਹੱਸਦਾ ਚਿਹਰਾ। ਉਹ ਦਿਲ ਨਹੀਂ, ਜੋ ਸਭ ਹੱਸ ਕੇ ਸਹਿੰਦਾ ਏ । ਮਿਹਰਾਂ ਵਾਲਾ ਮੇਰਾ ਮਾਲਕ ਜੋ ਹਰ ਪਲ ਹਰ ਸਵਾਸ ਮੇਰੇ ਤੋਂ ਵੱਧ ਮੇਰੀ ਫ਼ਿਕਰ ਕਰੇ । ਇਹ ਹਾਸੇ ਉਸੇ ਨੇ ਦਿੱਤੇ ਨੇ, ਜੋ ਹਰ ਪਲ ਰਹਿੰਦੇ ਨੇ ਅੰਗ ਸੰਗ ਮੇਰੇ । ਵਿਸ਼ਵਾਸ ਦੀ ਮੋਹਰ ਸਹਾਰੇ।

ਸੁਪਨੀਲੇ ਪੰਧ

ਸਦੀਆਂ ਤੋਂ ਇਕ ਰਾਹ ਹੀ ਮੇਰੇ, ਸੁਪਨੇ ਦੇ ਵਿਚ ਆਉਂਦਾ ਏ । ਪਰ ਅੱਜ ਤਕ ਨਾ ਜਾਣ ਸਕੀ ਮੈਂ, ਕਿੱਥੇ ਲਿਜਾਣਾ ਚਾਹੁੰਦਾ ਏ? ਹਰਿਆਂ ਭਰਿਆਂ ਖੇਤਾਂ ਦਾ ਰਾਹ ਪੁਲੀਆਂ ਉੱਤੋਂ ਲੰਘਦਾ ਏ । ਲਾਲੀ ਸੂਰਜ ਦੀ ਵਿਚ ਚਮਕੇ, ਰੂਹ ਮੇਰੀ ਨੂੰ ਰੰਗਦਾ ਏ । ਵਾਟ ਇਹ ਮੇਰੀ ਹਰ ਰਾਤ ਦੀ, ਤੂਤ ਕੋਲ ਜਾ ਕੇ ਮੁੱਕਦੀ ਏ । ਇਓਂ ਜਾਪੇ ਜਿਉਂ ਛਾਂ ਓਸ ਦੀ ਸਿਰ ਪਲੋਸਣ ਲਈ ਝੁਕਦੀ ਏ । ਸੱਜੇ ਪਾਸੇ ਜੇ ਨਜ਼ਰ ਘੁਮਾਵਾਂ, ਦਿੱਸਦਾ ਹੈ ਇਕ ਧੁੰਦਲਾ ਵਿਹੜਾ। ਅਗਿਆਤ ਬੜਾ ਅਣਜਾਣ ਜਿਹਾ, ਆਪਣਾ ਕਿਉਂ ਜਾਪੇ, ਦੱਸ ਕਿਹੜਾ? ਹਰ ਵਾਰ ਸੋਚਾਂ ਦੇ ਵਿੱਚ ਜਾ ਕੇ ਬੱਸ ਤਾਂਘ ਹੈ ਝਾਤੀ ਮਾਰਨ ਦੀ । ਉਸ ਦੀ ਮਿੱਟੀ ਨੂੰ ਛੋਹਵਕੇ ਫਿਰ ਕੋਈ ਵਿੱਸਰੀ ਯਾਦ ਚਿਤਾਰਣ ਦੀ । ਪਰ ਪੈਰ ਨਾ ਉਠਦੇ ਧਰਤੀ ਤੋਂ, ਖੌਰੇ ਕਾਹਤੋਂ ਗੱਡੇ ਰਹਿੰਦੇ ਨੇ । ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾਂ ਮੈਂ ਇਹ ਸਾਥ ਨਾ ਮੇਰਾ ਦੇਂਦੇ ਨੇ । ਤੜਕੇ ਉੱਠ ਕੇ ਇਹੀ ਖ਼ਾਬ ਮੇਰੇ ਮਨ ਮਸਤਕ ਵਿਚ ਰਹਿੰਦਾ ਏ ਕਿਓਂ ਉਹ ਰਾਹ ਦੱਸ ਹਰ ਵਾਰੀ ਬਸ ਓਥੇ ਹੀ ਲੈ ਕੇ ਜਾਂਦਾ ਏ ? ਕੀ ਹੈ ਐਸਾ ਉਸ ਵਿਹੜੇ ਵਿਚ, ਜੋ ਖਿੱਚੇ ਵੀ ਤੇ ਝਟਕੇ ਵੀ ? ਇਹ ਵਾਟ ਮੁੱਕੂ ਪਤਾ ਨਹੀਂ ਕਦ ਖ਼ਬਰੇ ਕਿਸੇ ਦਿਨ ਤਾਂ ਦਿਲ ਮੇਰੇ ਭਟਕੇ ਦੀ । ਆਸ ਹੈ ਕੋਈ ਰਾਤ ਤਾਂ ਉਹ ਪਲ ਵੀ ਲੈ ਕੇ ਆਏਗੀ, ਜਦ ਉਸ ਘਰ ਦੀ ਦਹਿਲੀਜ਼ ਮੈਨੂੰ ਆਪ ਬੁਲਾਏਗੀ । ਮੁੱਕੇਗਾ ਸਫ਼ਰ ਇਹ ਉਸ ਦਿਨ ਤਾਂ ਜਦ ਦਿਲ ਧਰਵਾਸਾ ਆਏਗਾ । ਦਿੱਸੇਗਾ ਕੋਈ ਤਾਂ ਚਿਹਰਾ , ਜੋ ਸ਼ੰਕੇ ਸਗਲ ਮਿਟਾਏਗਾ । ਪਰ ਖੌਰੇ ਉਹ ਦਿਨ ਕਦੋਂ ਕੁ ਆਏਗਾ? ਯਾਦਾਂ ਵਿੱਚ ਦਿਸਦਾ ਉਹ ਚਿਹਰਾ ਕਦ ਰੂਹ ਦੇ ਵਿੱਚ ਸਮਾਏਗਾ।

ਉਹ ਕਹਿੰਦਾ ਏ

ਉਹ ਕਹਿੰਦਾ ਏ, ਮੈਨੂੰ ਤੇਰੀ ਚੁੱਪ ਚੰਗੀ ਨਹੀਂ ਲੱਗਦੀ । ਨਾਰਾਜ਼ ਹੁੰਦੀ ਏਂ ਤਾਂ ਲੜਿਆ ਕਰ, ਅੜਿਆ ਕਰ, ਬਸ ਚੁੱਪ ਨਾ ਕਰਿਆ ਕਰ । ਤੇਰੀ ਚੁੱਪ ਮੈਨੂੰ ਤੇਰੇ ਬੋਲਾਂ ਨਾਲੋਂ ਜ਼ਿਆਦਾ ਚੁਭਦੀ ਏ, ਅੰਦਰ ਚੀਰਦੀ ਏ । ਇਓਂ ਜਾਪਦਾ ਹੈ ਜਿਵੇਂ ਤੇਰਾ ਮੋਹ ਹੀ ਉੱਠ ਗਿਆ ਹੋਵੇ । ਉਹ ਰਿਸ਼ਤਾ ਹੀ ਨਾ ਰਿਹਾ ਹੋਵੇ, ਜਿੱਥੇ ਨਾਰਾਜ਼ਗੀ ਗੁੱਸਾ ਤੇ ਗਿਲਾ ਸਭ ਪਰਵਾਨ ਏ । ਜਿੱਥੇ ਤਕਰਾਰ ਪਿਆਰ ਦਾ ਹੀ ਦੂਜਾ ਨਾਮ ਏ, ਤਾਂ ਹੀ ਬਾਰ ਬਾਰ ਕਹਿੰਦਾ ਹਾਂ ਮੈਨੂੰ ਤੇਰੀ ਚੁੱਪ ਚੰਗੀ ਨਹੀਂ ਲੱਗਦੀ । ਤੇਰੀ ਚੁੱਪ ਮੈਨੂੰ ਉਸ ਫ਼ਕੀਰ ਵਰਗੀ ਲੱਗਦੀ ਏ, ਜਿਸ ਨੂੰ ਹੁਣ ਕੋਈ ਫ਼ਰਕ ਨਹੀਂ ਪੈਂਦਾ ਕਿ ਕੀ ਹੋ ਰਿਹਾ ਤੇ ਕੀ ਹੋਣੈਂ? ਕੀ ਮਿਲ ਗਿਆ ਤੇ ਕੀ ਖੋਣੈ । ਇਹ ਸੋਚ, ਮੈਂ ਸੱਚੀ ਡਰ ਜਾਂਦਾ ਹਾ। ਕਿਤੇ ਤੂੰ ਮੈਨੂੰ ਕੱਲ੍ਹਾ ਤੇ ਨਹੀਂ ਛੱਡ ਦੇਵੇਂਗੀ ? ਰਾਹ ਵਿੱਚ ਤੁਰਦੇ ਤੁਰਦੇ ਅੱਕ ਕੇ, ਥੱਕ ਕੇ ਹੱਥ ਤੇ ਨਹੀਂ ਛੱਡ ਦੇਵੇਂਗੀ ? ਇਸੇ ਲਈ ਹੀ ਕਹਿੰਦਾ ਰਹਿੰਦਾ ਹਾਂ ਮੈਨੂੰ ਤੇਰੀ ਚੁੱਪ ਚੰਗੀ ਨੀ ਲੱਗਦੀ । ਤੇ ਮੈਂ ਜਾਣਦੀ ਹਾਂ ਕਿ ਉਹ ਡਰਦਾ ਹੈ । ਦਿਲੋਂ ਤਿਹੁ ਵੀ ਕਰਦਾ ਹੈ । ਪਰ ਉਹਨੂੰ ਕਿਵੇਂ ਸਮਝਾਵਾਂ ? ਕਿ ਉਹਦੇ ਤੇ ਆ ਕੇ, ਮੁੱਕ ਜਾਂਦੇ ਨੇ ਬੋਲ ਮੇਰੇ । ਉਹਦਾ ਪਿਆਰ ਹੈ ਬੋਲਾਂ ਤੋਂ ਪਰੇ । ਉਹਨਾਂ ਖ਼ੂਬਸੂਰਤ ਫੁੱਲਾਂ ਵਾਂਗ ਜੋ ਲਫ਼ਜ਼ਾਂ ਚ ਨਹੀਂ ਢਲਦੇ ਸਗੋਂ ਖਾਮੋਸ਼ੀ ਨਾਲ ਨਿਹਾਰੇ ਜਾ ਸਕਦੇ ਨੇ । ਤੇ ਨਾਲੇ ਜਦ ਮੈਂ ਪਿਆਰ ਦਾ ਇਜ਼ਹਾਰ ਬੋਲ ਕੇ ਨਹੀਂ ਕਰਦੀ ਤਾਂ ਗ਼ਿਲਾ ਕਿਵੇਂ ਕਰ ਸਕਦੀ ਆਂ? ਜਿਵੇਂ ਮੇਰੇ ਪਿਆਰ ਨੂੰ ਅੱਖੀਆਂ ਚੋ ਪੜ੍ਹ ਲੈਂਦਾ ਏਂ ਮੇਰੀ ਪਲ ਦੋ ਪਲ ਦੀ ਚੁੱਪ ਵੀ ਜਰ ਲਿਆ ਕਰ । ਨਜ਼ਰ ਵਿੱਚ ਪੂਰੀ ਦੀ ਪੂਰੀ ਮਹਿਕ ਸਮੇਤ ਧਰ ਲਿਆ ਕਰ।

ਸ਼ੁਕਰਾਨਾ

ਕੁਝ ਲੋਕ ਹੁੰਦੇ ਨੇ ਖ਼ਵਾਬ ਜਿਹੇ, ਮਹਿਕਾਂ ਵੰਡਦੇ ਬਾਗ਼ ਜਿਹੇ । ਵਿੱਚ ਹਨੇਰੇ ਮਹਿਤਾਬ ਜਿਹੇ, ਜਿੱਤ ਮਗਰੋਂ ਮਿਲੇ ਖ਼ਿਤਾਬ ਜਿਹੇ । ਚਿਰ ਪਿਛੋਂ ਕਬੂਲੀ ਦੁਆ ਵਰਗੇ, ਸੁਰਗਾਂ ਨੂੰ ਜਾਂਦੇ ਰਾਹ ਵਰਗੇ । ਗਵਾਚੀ ਬੇੜੀ ਲਈ ਮੱਲਾਹ ਵਰਗੇ, ਸਿਆਣੇ ਦੀ ਦਿੱਤੀ ਸਲਾਹ ਵਰਗੇ । ਦੋ ਪਲ ਦਾ ਸਾਥ ਵੀ ਉਨ੍ਹਾਂ ਦਾ, ਰੂਹ ਨੂੰ ਸੰਪੂਰਨ ਕਰ ਦੇਂਦਾ । ਨਿੰਮੋਂ ਕੌੜੀ ਜ਼ਿੰਦਗੀ ਵਿਚ ਜਿਉਂ, ਮਿੱਠੀ ਖੁਸ਼ਬੋਈ ਭਰ ਦੇਂਦਾ । ਰੱਬ ਰੱਖੇ ਸਲਾਮਤ ਓਹਨਾਂ ਨੂੰ, ਦਿਲ ਇਹੀ ਦੁਆ ਨਿੱਤ ਕਰਦਾ ਏ । ਤੇ ਸੰਗ ਅਜਿਹੀਆਂ ਰੂਹਾਂ ਦਾ, ਨਾਲ ਭਾਗਾਂ ਦੇ ਹੀ ਮਿਲਦਾ ਏ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ