Punjabi Poetry : Malkiat Sohal

ਪੰਜਾਬੀ ਕਵਿਤਾਵਾਂ : ਮਲਕੀਅਤ 'ਸੁਹਲ'


1. ਗ਼ਜ਼ਲ-ਦਰਦ ਭਰੀ ਹੈ ਦਾਸਤਾਂ

ਦਰਦ ਭਰੀ ਹੈ ਦਾਸਤਾਂ ਯਾਰੋ ਸੁਣਾਵਾਂ ਕਿਸ ਤਰਾਂ ? ਪੀੜਾਂ ਪ੍ਰੋਤੇ ਜਿਸਮ ਨੂੰ ਦਸੋ ਵਿਖਾਵਾਂ ਕਿਸ ਤਰ੍ਹਾਂ ? ਕਾਵਾਂ ਦੀ ਨਜ਼ਰ ਖਾ ਗਈ ਘੁੱਗੀਆਂ ਦੇ ਟੁੱਟੇ ਆਲ੍ਹਣੇ । ਸ਼ੇਰਾਂ ਦੇ ਝੁੰਡ 'ਚੋਂ ਆਕੇ ਭੇਡਾਂ ਬਚਾਵਾਂ ਕਿਸ ਤਰ੍ਹਾਂ ? ਖਾਵਾਂ ਤਾਂ ਪੈਦਾ ਕੋਹੜ ਹੈ ਛੱਡਾਂ ਤਾਂ ਲਾਹਨਤ ਆਖਦੇ, ਸੰਸਾਰ ਦੇ ਸੰਤਾਪ ਨੂੰ ਹੱਸਕੇ ਹੰਢਾਵਾਂ ਕਿਸ ਤਰ੍ਹਾਂ ? ਬੁਰਕੇ ਮਜ਼ਬਾਂ ਦੇ ਪਾ ਜੋ ਖੂਨ ਪੀਂਦੇ ਵਤਨ ਦਾ, ਮਨੁੱਖਤਾ ਦੇ ਵੈਰੀਆਂ ਨੂੰ ਮੈਂ ਹਟਾਵਾਂ ਕਿਸ ਤਰ੍ਹਾਂ ? “ਸੁਹਲ” ਤੇਰੇ ਸ਼ਹਿਰ ਵਿਚ ਕਿਉਂ ਸਹਿਮੀਆਂ ਨੇ ਕੰਜਕਾਂ ? ਮੌਤ ਦਾ ਡਰ ਚੰਦਰਾ ਏਥੋਂ ਉਡਾਵਾਂ ਕਿਸ ਤਰ੍ਹਾਂ ?

2. ਏਥੇ ਰੱਖ

ਹੁਣ ਹੱਕ ਅਸਾਡਾ ਏਥੇ ਰੱਖ। ਜਾਲਮ ਦੀ ਹੈ ਕਾਣੀ ਅੱਖ। ਏਕੇ ਵਿਚ ਹੈ ਬਰਕਤ ਹੁੰਦੀ ਮਾਸ-ਨਹੁੰ ਹੋਣੇ ਨਹੀਂ ਵੱਖ। ਜਿਹੜਾ ਸਾਡੀ ਕ੍ਰਿਤ ਖੋਹੇਗਾ ਉਦ੍ਹਾ ਵੀ ਨਹੀਂ ਰਹਿਣਾ ਕੱਖ। ਮਜਦੂਰ 'ਤੇ ਕਿਸਾਨ ਮੋਰਚਾ ਦਿਨੋਂ- ਦਿਨ ਰਿਹਾ ਹੈ ਭੱਖ। 'ਸੁਹਲ' ਸਾਡੀ ਜਿੱਤ ਹੋਏਗੀ ਐਵੇਂ ਨਾ ਹੁਣ ਮੌਹੁਰਾ ਚੱਖ਼।

3. ਜੁਗ ਜੁਗ ਜੀਵੇ ਕਿਸਾਨ

ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆਂ ਦੇ ਇਸ ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ। ਅਸਲ ਵਿੱਚ ਕ੍ਰਿਸਾਨ ਹੀ, ਧਰਤੀ ਮਾਂ ਦਾ ਜਾਇਆ ਹੈ। ਲੋਕੋ ਇਸ ਦੀ ਮਿਹਨਤ ਦਾ, ਮੁੱਲ ਕਿਸੇ ਨਾ ਪਾਇਆ ਹੈ। ਢਿੱਡ ਭਰਦਾ ਹੈ ਦੁਨੀਆਂ ਦਾ ‘ਤੇ ਉੱਚੀ ਇਸ ਦੀ ਸ਼ਾਨ, ਜੀਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ। ਖਾਣ-ਪੀਣ ਨੂੰ ਦੇਸ਼ ਹੈ ਸਾਰਾ, ‘ਤੇ ਡਾਂਗਾਂ ਖਾਏ ਕਿਸਾਨ। ਹੱਕ ਆਪਣੇ ਲਈ ਵਾਰ ਕੇ ਜਾਨਾਂ, ਹੋ ਜਾਵਣ ਕੁਰਬਾਨ। ਕਿਸਾਨ ਮਾਰੂ ਬਿੱਲ ਬਣਾ ਕੇ, ਫਿਰ ਝੂਠੇ ਦੇਣ ਬਿਆਨ, ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤਾ ਦਾ, ਰੁੱਤਬਾ ਬੜਾ ਮਹਾਨ। ਵਿਕਣ ਵਾਲਾ ਹੈ ਦੇਸ਼ ਰਹਿ ਗਿਆ, ਕੀ ਕੀਤਾ ਸਰਕਾਰਾਂ। ਅਮੀਰਾਂ ਤੇ ਰਜਵਾੜਿਆਂ ਰਲ ਕੇ, ਖਾਧਾ ਦੇਸ਼ ਗ਼ਦਾਰਾਂ। ‘ਅਨੀਂ ਪ੍ਹੀਵੇ ਤੇ ਕੁੱਤੇ ਚੱਟਣ, ਸਿਆਸਤ ਬੜੀ ਸ਼ੈਤਾਨ, ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤਾ ਦਾ, ਰੁੱਤਬਾ ਬੜਾ ਮਹਾਨ। ‘ਸੁਹਲ’ ਦੇਸ਼ ਬਚਾਵਣ ਤੁਰ ਪਏ, ਭਾਰਤ ਦੇ ਅੰਨਦਾਤੇ। ਕੁਰਬਾਨੀਆਂ ਦੇ ਕੇ ਖ੍ਹੋਲ ਦੇਣਗੇ, ਨਵੇਂ ਯੁਗ ਦੇ ਖਾਤੇ। ਕਾਰਪੋਰੇਟ ਘਰਾਣਿਆਂ ਵਾਲੀ, ਹੋ ਜਾਊ ਬੰਦ ਦੁਕਾਨ, ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ-ਜੁਗ ਜੀਵੇ ਕਿਸਾਨ। ਦੁਨੀਆ ਦੇ ਇਸ ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ।

4. ਦਿੱਲੀ ਦੀ ਹਿੱਕ ਉੱਤੇ

ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। ਪੈਰਾਂ ਥੱਲੇ ਸੱਪਾਂ ਦੀਆਂ, ਸਿਰੀਆਂ ਜੋ ਨੱਪਦੇ। ਟੱਪ ਕੇ ਉਹ ਦਿੱਲੀ ਦਿਆਂ, ਬਾਡਰਾਂ ਤੇ ਨੱਚਦੇ। ਹੁਣ ਦੇਸ਼ ਦੇ ਹਾਕਮ ਵੀ, ਹੋ ਗਏ ਨੇ ਹੈਰਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। ਕੈਸਾ ਹਾਲ ਹੋਇਆ ਹੈ, ਅੱਜ ਅੰਨਦਾਤੇ ਦਾ। ਦਰਦ ਨਾ ਸੁਣੇ ਕੋਈ, ਜੱਗ ਦੇ ਵਿਧਾਤੇ ਦਾ। ਸੀਸ ਨਿਵਾਈਏ ਜਿਹੜੇ , ਹੋ ਗਏ ਕੁਰਬਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। ਪੋਹ ਦੇ ਮਹੀਨੇ ਵਿਚ, ਧੁੰਦ ਦੀਆਂ ਛਾਵਾਂ ਜੀ। ਲੰਗਰ ਪਕਾਉਂਦੀਆਂ ਨੇ, ਭੈਣਾ ਤੇ ਮਾਵਾਂ ਜੀ। ਮਜ਼ਦੂਰਾਂ ਅਤੇ ਬੱਚਿਆਂ ਦਾ, ਚੜ੍ਹਿਆ ਤੂਫ਼ਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ। “ਸੁਹਲ” ਇਹ ਕਨੂੰਨ ਕਾਲੇ, ਵਾਪਿਸ ਕਰਾਂਵਾਂਗੇ ਲੈ ਕੇ ਹੱਕ ਆਪਣੇ, ਤਾਂ ਹੀ ਘਰ ਜਾਵਾਂਗੇ। ਇਹ ਝੂਠੀਆਂ ਬੁਝਾਰਤਾਂ ਨਹੀਂ ਸਾਨੂੰ ਪ੍ਰਵਾਨ, ਦਿੱਲੀ ਦੀ ਹਿੱਕ ਉੱਤੇ ਬੈਠਾ ਹੈ ਕਿਸਾਨ। ਧਰਨੇ ਤੇ ਬੈਠਾ ਬਾਪੂ, ਜਾਪਦੈ ਜਵਾਨ।

5. ਆਪਣੀ ਹੀ ਕੁੱਲੀ

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਮਜ਼ਾ ਬੜਾ ਆਉਂਦਾ ਹੈ ਆਪਣੀ ਕਮਾਈ ਦਾ। ਆਪਣਾ ਹੀ ਕਰੀਦਾ ਆਪਣਾ ਹੀ ਖਾਈਦਾ। ਰੁੱਖੀ-ਸੁੱਕੀ ਰੋਟੀ ਦਿਓ ਅੱਜ਼ਬ ਹੀ ਨਜ਼ਾਰਿਉ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਬਾਲੜੀ ਦੇ ਸਿਰ ਉਤੇ ਚੁੰਨੀ ਲੀਰੋ- ਲੀਰ ਹੈ। ਹੱਥ ਅੱਡ ਮੰਗਣੇ ਦੀ ਪੈਰਾਂ ‘ਚ ਜੰਜੀਰ ਹੈ। ਕਿਹਨੂੰ ਹਾਲ ਦਸਾਂ ਮੈਂ ਇਹ ਰੰਗਲੇ ਚੁਬਾਰਿਓ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਭੁੱਖਾ- ਭਾਣਾਂ ਵੇਖੋ ਅੱਜ ਸੁੱਤਾ ਪਰਵਾਰ ਹੈ। ਪੀ ਕੇ ਸਾਡਾ ਖ਼ੂਨ ਕੋਈ ਮਾਰਦਾ ਡੱਕਾਰ ਹੈ। ਕੱਡਿਉ ਨਾ ਗਾਲਾਂ ਕੋਈ ਝਿੱੜਕਾਂ ਨਾ ਮਾਰਿਓ, ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਬੜਾ ਕੁਝ ਆਖਿਆ ਹੈ ਇਹਨਾਂ ਸਰਕਾਰਾਂ ਨੂੰ। ਕੌਣ ਪੁੱਛਦਾ ਹੈ ਏਥੇ ਦੇਸ਼ ਦੇ ਗ਼ਦਾਰਾਂ ਨੂੰ। ਲਹੂ ਸਾਡਾ ਪੀਣਾ ਛੱਡੋ ਵੇ ਖ਼ੂਨੀ ਹੱਤਿਆਰਿਓ, ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਔਹ!ਬੰਗਲਾ ਬਣਾਇਆ ਜਦ ਵਢੇ੍ਹ ਸ਼ਾਹੂਕਾਰ ਦਾ। ਉਹੀ “ਸੁਹਲ” ਉਤੇ ਵੇਖੋ ਜੁਲਮ ਗੁਜ਼ਾਰਦਾ। ਹਾਮੀਂ ਮੇਰੀ ਭਰੋ ਤੁਸੀਂ ਚੰਨ ਤੇ ਸਿਤਾਰਿਓ, ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

6. ਆਪਣੀ ਬਾਤ

ਸੁਣੋ- ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਕਰਨੀ- ਕਥਨੀ ਦਾ ਹੈ ਅੰਤਰ। ਝੂੱਠ- ਸੱਚ ਦਾ ਮਾਰ ਕੇ ਮੰਤਰ। ਉਨ੍ਹਾਂ ਦੀ ਕੈਸੀ ਹੈ ਔਕਾਤ, ਸੁਣੋ- ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਵਿਚ ਮੈਦਾਨੇ ਜਿੱਤਣਾ ਹਰਨਾ। ਗਲੀਂ-ਬਾਤੀਂ ਨਹੀਂ ਜੇ ਸਰਨਾ। ਕਿਦ੍ਹੇ ਘਰ ਵਿਚ ਆਊ ਸੁਗਾਤ, ਸੁਣੋ -ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਸਮੇਂ-ਸਮੇਂ ਸਰਕਾਰਾਂ ਆਈਆਂ। ਲੋਕਾਂ ਨੇ ਬੜੀਆਂ ਅਜ਼ਮਾਈਆਂ। ਜਨਤਾ ਦੇ ਮਾੜੇ ਕਿਉਂ ਹਾਲਾਤ, ਸੁਣੋ -ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਵੋਟਰ ਦਾ ਹੈ, ਲੀਡਰ ਨੂੰ ਮਿਹਣਾ। ਇਨ੍ਹਾਂ ਦੋਸ਼ ਹੈ ਕਿਸ ਨੂੰ ਨੂੰ ਦੇਣਾ। ਕਿਰਤੀ ਘਰ ਕਾਹਦੀ ਪਰਭਾਤ; ਸੁਣੋ -ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਵੋਟਾਂ ‘ਚ ਨੇਤਾ, ਦੇਣ ਸਫਾਈਆਂ। ਥੱਕਣ ਨਾ ਕਰਦੇ ਵਡਿਆਈਆਂ। ਸਿਆਸਤ ਦੀ ਨਾ ਕੋਈ ਜਮਾਤ, ਸੁਣੋ -ਸੁਣਾਵੋਂ ਆਪਣੀ ਬਾਤ। ਪਰ!ਪਹਿਲਾਂ ਮਾਰੋ ਅੰਦਰ ਝਾਤ। ਕਈ ਛੱੜੇ ਜਾਂ ਰੰਡੇ ਫਿਰਦੇ ਨੇਤਾ। ਕਿਉ ਜਨਤਾ ਦਾ ਭੁਲਿਆ ਚੇਤਾ। ਕੁਰਸੀ ਦੀ ਉਹ ਰਖਣ ਚਾਹਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਕਿਸਾਨ ਅਤੇ ਮਜ਼ਦੂਰ ਹੀ ਮਰਦੇ। ਜੋ ਖੁਦਕਸ਼ੀਆਂ ਕਿਉਂ ਨੇ ਕਰਦੇ। ਉਹਨਾਂ ਦੇ ਘਰ ਦੇ ਸੁਣੋ ਹਾਲਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਸ਼ੌਂਕਣ ਵਾਂਗ ਪਏ ਲੜਦੇ ਲੀਡਰ। ਕੜੱਛੀ-ਚਮਚੇ ਉਨ੍ਹਾਂ ਦੇ ਰੀਡਰ। ਸਿਆਸਤ ਸਭ ਤੋਂ ਮਾੜੀ ਜਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਭਾਸ਼ਨ ‘ਚ ਇਨ੍ਹਾਂ ਦੇ ਨਖ਼ਰੇ ਵੇਖੋ। ਇਹ ਮਜ਼੍ਹਮੇਂ ਲਾਉਂਦੇ ਵੱਖਰੇ ਵੇਖੋ। ਤਾਂ ਨ੍ਹਾਰਿਆਂ ਦੀ ਹੁੰਦੀ ਬਰਸਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਇਕ ਦੂਜੇ ਤੇ ਨੇ ਦੋਸ਼ ਲਗਾਉਂਦੇ। ਜੋ ਭਲਾ ਦੇਸ਼ ਦਾ ਨਹੀਂਉਂ ਚਹੁਂਦੇ। ਵਿਰੋਧੀ ਧਿਰ ਉਹੋ ਜਿਹੀ ਜਮਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ। ਇਹ ਭਾਰਤ ਦੇਸ਼ ਮਹਾਨ ਬੜਾ ਹੈ। ਪਰ! ਲੀਡਰ ਵੀ, ਸ਼ੈਤਾਨ ਬੜਾ ਹੈ। ‘ਸੁਹਲ’ ਵਿਖਾਉਂਦੇ ਨੇ ਕਰਾਮਾਤ, ਸੁਣੋ - ਸੁਣਾਵੋਂ ਆਪਣੀ ਬਾਤ। ਪਰ! ਪਹਿਲਾਂ ਮਾਰੋ ਅੰਦਰ ਝਾਤ।

7. ਅਵਗਤ ਰੂਹਾਂ

ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਸੱਸੀ ਮਾਰੂਥਲ ‘ਚ ਸੜ ਗਈ। ਪੁਨੂੰ-ਪਨੂੰ ਕਰਦੀ ਮਰ ਗਈ। ਬੇ-ਮੁੱਖ ਹੋਈਆਂ ਸਭੇ ਰਾਹਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਫਰੀਆਦ ਨੇ ਤੋੜ ਨਿਭਾਈ। ਸ਼ੀਰੀਂ ਪ੍ਰੇਮ ਦੀ ਬਾਜੀ ਲਾਈ। ਰਾਜੇ-ਰੰਕ ਨੇ ਇਸ਼ਕ ਗਾਥਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਮਹੀਂਵਾਲ ਪੱਟ ਚੀਰ ਕੇ ਰੱਖੇ। ਸੋਹਣੀ ਤੋਂ ਫਿਰ ਗਏ ਨਾ ਚੱਖੇ। ਹੁਣ ਕਿਦਾਂ ਕੱਚੇ ਘੜੇ ਤੇ ਆਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਮਿਰਜੇ ਯਾਰ ਦੀ ਹਿੱਣਕੇ ਬੱਕੀ। ਸਾਹਿਬਾਂ ਤਰਲੇ ਕਰ-ਕਰ ਥੱਕੀ। ਤਰਸ ਨਾ ਕੀਤਾ ਸਕੇ ਭਰਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਔਖਾ ਹੁੰਦਾ ਇਸ਼ਕ ਨਿਭਾਉਣਾਂ। ਸੌਖਾ ਨਹੀ ਹੈ ਸਿਰੇ ਚੜ੍ਹਾਉਣਾਂ। ਕਿਹੜੇ ਇਸ਼ਕ ਦਾ ਗੀਤ ਸੁਣਾਵਾਂ ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਹੁਣ ਤਾਂ ਕਬਰਾਂ ਰਾਜ ਨਾ ਖੋਲ੍ਹਣ। ਪਰਬਤ-ਟਿੱਲੇ ਕੁਝ ਨਾ ਬੋਲਣ। ਸੁਖੀ ਨਾ ਧੀਆਂ, ਭੈਣਾਂ, ਮਾਵਾਂ। ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਮਾਰ ਵਗੀ ਹੈ ਸਮੇਂ ਨੂੰ ਐਸੀ। ਖ਼ੁਦਕਸ਼ੀਆਂ ਦੀ ਗੱਲ ਹੈ ਕੈਸੀ। ਪਈਆਂ ਨੇ ਗਲ ਕਈ ਬਲਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ਸੱਚਾ ਪਿਆਰ ਕਿਤੇ ਨਾ ਲੱਭੇ। ਵੇਖ ਲਿਆ ਸਭ ਸੱਜੇ - ਖੱਬੇ। ਮੌਤ ਨਾਲ ਕਿਉਂ ਲੈਂਦੇ ਲਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਜਿਥੇ ਵਗਦੀਆਂ ਗੈਰ ਹਵਾਵਾਂ। ‘ਸੁਹਲ’ਸੋਚਾਂ ਖੂਹ ‘ਚ ਪਈਆਂ। ਸ਼ਰਮ-ਹਯਾਵਾਂ ਸਿਰਤੋਂ ਲਹੀਆਂ। ਹੋਰ ਨਾ ਰੱਬਾ! ਦਈਂ ਸਜ਼ਾਵਾਂ, ਅਵਗਤ ਰੂਹਾਂ ਸੁੱਨੀਆਂ ਥਾਵਾਂ। ਵਗਣ ਨਾ ਏਥੇ ਗੈਰ ਹਵਾਵਾਂ।

8. ਬਾਗਾਂ ਦੇ ਮਾਲੀ

ਸੁਣ ਬਾਗਾਂ ਦੇ ਪਿਆਰੇ ਮਾਲੀ, ਫੁੱਲ ਤੇਰੇ ਦਰ ਖੜੇ ਸਵਾਲੀ। ਫੁੱਲਾਂ ਨੂੰ ਤੂੰ ਪਾ ਕੇ ਪਾਣੀ, ਬਣ ਗਿਉਂ ਫੁੱਲਾਂ ਦਾ ਵਾਲੀ। ਧੰਨ ਹੈ ਤੇਰਾ ਠੰਢਾ ਜਿਗਰਾ, ਜਿਸ ਨੇ ਕੀਤੀ ਹੈ ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ ਜਦ ਫੁੱਲਾਂ ‘ਤੇ ਲਾਲੀ। ਕੁਦਰਤ ਨੇ ਹੈ ਮਾਣ ਵਧਾਇਆ, ਝੂਮ ਰਹੀ ਹੈ ਡਾਲੀ - ਡਾਲੀ। ਇਸ ਧਰਤੀ ‘ਤੇ ਕਿਰਤੀ ਬੰਦੇ, ਹੋਏ ਅਮਰ ਜਿਨ੍ਹਾਂ ਜਿੰਦ ਘਾਲੀ। “ਸੁਹਲ”ਫੁੱਲ ਨਾ ਮਿੱਧੇ ਜਾਵਣ, ਭਰ ਦੇ ਸਭ ਦੀ ਝੋਲੀ ਖਾਲੀ।

9. ਬੰਦਾ ਮਰਵਾਇਆ

ਧਰਮ ਦੇ ਨਾਂ ਤੇ ਹੋਣ ਡਰਾਮੇਂ। ਲੋਕਾਂ ਤੋਂ ਕਰਵਾਉਣ ਹੰਗਾਮੇਂ। ਭਾੜੇ-ਖੋਰੇ ਅੱਗ ਲਗਾਉਂਦੇ ਉਹ ਇਨ੍ਹਾਂ ਦੇ, ਜੀਜੇ- ਮਾਮੇਂ। ਇਹ ਨੇ ‘ਸ਼ੀਹ ਮੁੱਕਦਮ ਰਾਜੇ’ ਅੱਜ ਵੀ ਲੀਡਰ ਨੇ ਸ਼ਹਿਜ਼ਾਦੇ। ਪੁੱਠੀ ਗਿਣਤੀ ਰਹੇ ਸਿਖਾਉਂਦੇ ਬਾਬੇ - ਲੀਡਰ ਨੇ ਮਹਾਰਾਜੇ। ਮਾਂ ਬੋਲੀ ਨੂੰ ਭੁੱਲ ਗਏ ਜਿਹੜੇ ਕਿਵੇਂ ਪੈਣਗੇ ਮਾਂ ਦੇ ਚਰਨੀਂ। ਪੜ੍ਹਿਆ ਨਾ ਜੇ ਊੱੜਾ- ਐੜਾ ਉਨ੍ਹਾਂ ਨੇ ਪੈਂਤੀ ਕਿਥੋਂ ਪੜ੍ਹਨੀ। ਜੀਊਂਦੀ ਮਾਂ ਦਾ ਸੁੱਖ ਬੜਾ ਹੈ। ਮਾਂ ਮਰ ਜਾਵੇ ਦੁੱਖ ਬੜਾ ਹੈ। ਕਰਦਾ ਜੋ ਵੀ ਮਾਂ ਦੀ ਸੇਵਾ ਉਹ ਸਮਝਦਾਰ ਮਨੁੱਖ ਬੜਾ ਹੈ ਝਗੜੇ ਕਈ ਨੇ ਹੁਣ ਮਾਵਾਂ ਦੇ। ਕੁਝ ਝਗੜੇ ਨੇ ਦਰਿਆਵਾਂ ਦੇ। ਹਿੰਦੂ, ਮੁਸਲਮ ਅਤੇ ਈਸਾਈ ਹੁਣ ਦੰਗੇ ਸੂਰਾਂ, ਗਾਵਾਂ ਦੇ। ਇਹ ਗੱਲ ਸਭ ਨੂੰ ਕਹਿਣੀ ਹੈ। ਹੁਣ ਨੀਤ ਬਦਲਣੀਂ ਪੈਣੀ ਹੈ। ਪਰ! ਧਰਮ ਦੇ ਠੇਕੇਦਾਰਾਂ ਦੀ ਅਜੇ ਅੰਦਰੋਂ ਸੋਚ ਪੁਰਣੀ ਹੈ। ਹਿੰਦੂ-ਮੁਸਲਮ ਸੀ ਦੋਵੇਂ ਰੋਏ। ਉਹ ਨਹੀਂ ਭਾਂਬੜ ਮੱਠੇ ਹੋਏ। ਜੋ ਸੰਨ ਸੰਤਾਲੀ ਭਰੇ ਗਵਾਹੀ ਘਰ ਲੋਕਾਂ ਦੇ ਸੀ, ਢੱਠੇ ਹੋਏ। ਮਿਤੱਰਤਾ ਦੀ ਲਹਿਰ ਬਣਾਓ। ਖ਼ੁਦ ਵੀ ਸਮਝੋ ਤੇ ਸਮਝਾਓ। ਇਵੇਂ ਬੇੜੀ ਪਾਰ ਨਹੀਂ ਹੋਣੀ ਰਲ- ਮਿਲ ਸਾਰੇ ਚੱਪੂ ਲਾਓ। “ਸੁਹਲ”ਜੋ ਸੰਤਾਪ ਹੰਡਾਇਆ। ਨਹੀਉਂ ਜਾਣਾ ਕਦੇ ਭੁਲਾਇਆ। ਜਨੂਨੀਂ ਰਾਜਨੀਤਕ ਨੇ ਚਾਲਾਂ ਬੰਦੇ ਤੋਂ ਬੰਦਾ ਮਰਵਾਇਆ।

10. ਬਾਪੂ ਜਦ ਸ਼ਹਿਰ ਨੂੰ ਜਾਵੇ

ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਬੱਚਿਆਂ ਨੂੰ ਕਈ ਲਾਰੇ ਲਾਵੇ। ਪੋਤਾ ਕਹੇ ਜਹਾਜ਼ ਹੈ ਲੈਣਾ ਤੇ ਪੋਤੀ ਵੰਗਾਂ ਨੂੰ ਕੁਰਲਾਵੇ। ਸੋਚਾਂ ਦੇ ਵਿਚ ਪੈ ਗਿਆ ਬਾਪੂ, ਇਹ ਕੀ ਕਹਾਣੀ ਬਣ ਗਈ। ਪਾਣੀ ਪੀ ਕੇ ਬੈਠ ਗਿਆ, ਕੋਈ ਦਿਲ ਉਤੇ ਗੱਲ ਠੱਣ ਗਈ। ਪਰ! ਬਾਪੂ ਲਾਰੇ-ਬੁੱਤੇ ਲਾ ਕੇ, ਨਿੱਕਿਆਂ ਬਾਲਾਂ ਨੂੰ ਪਰਚਾਵੇ, ਪੋਤਾ ਕਹੇ ਜਹਾਜ਼ ਹੈ ਲੈਣਾ, ਤੇ ਪੋਤੀ ਵੰਗਾਂ ਨੂੰ ਕੁਰਲਾਵੇ। ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਬੱਚਿਆਂ ਨੂੰ ਕਈ ਲਾਰੇ ਲਾਵੇ। ਨਿੱਕੀ ਜਿਹੀ ਉਹ ਕਰ ਸ਼ਰਾਰਤ, ਪਉਂਦੇ ਮੈਨੂੰ ਨਵੀਂ ਬੁਝਾਰਤ। ਬਾਪੂ ਨੂੰ ਹੈ ਪੜ੍ਹਨੇ ਪਾਇਆ, ਨਿੱਤ ਲਿਖਾਉਂਦੇ ਨਵੀਂ ਇਬਾਰਤ। ਮੋਬਾਇਲ ਫੋਨ ਤੇ ਮਾਰੇ ਉਂਗਲੀ, ਬੱਬਲੂ ਮੈਨੂੰ ਇਉਂ ਸਮਝਾਵੇ, ਕਿ ਬਾਪੂ, ਜੈੱਟ ਜਹਾਜ਼ ਮੈਂ ਲੈਣਾ ਤੇ ਪੋਤੀ, ਵੰਗਾਂ ਨੂੰ ਕੁਰਲਾਵੇ। ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਤਾਂ ਬੱਚਿਆਂ ਨੂੰ ਕਈ ਲਾਰੇ ਲਾਵੇ। ਤੋਤਲੀਆਂ ਉਹ ਗੱਲਾਂ ਕਰਦੇ, ਝਿੱੜਕ ਮਾਰਿਆਂ ਨਹੀਉਂ ਡਰਦੇ। ਗੁੱਸੇ ਵਿਚ ਜਦੋਂ ਵੀ ਆਵਾਂ, ਉਹ ਦੌੜ ਕੇ ਮੇਰੀਆਂ ਲੱਤਾਂ ਫੜਦੇ। ਕਹਿੰਦੇ ਬਾਪੂ ਨੂੰ ਕੀ ਹੋਇਆ, ਦੋਵਾਂ ਚੋਂ ਨਾ ਕੋਈ ਸ਼ਰਮਾਵੇ, ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਤਾਂ ਬੱਚਿਆਂ ਨੂੰ ਕਈ ਲਾਰੇ ਲਾਵੇ। ਪੋਤਾ ਕਹੇ ਜਹਾਜ਼ ਹੈ ਲੈਣਾ ਤੇ ਪੋਤੀ ਵੰਗਾਂ ਨੂੰ ਕੁਰਲਾਵੇ। ਖਾਣ-ਪੀਣ ਦੀ ਆਏ ਨਾ ਤੰਗੀ, ਇਹੋ ਗੱਲ ਕੁਦਰਤ ਤੋਂ ਮੰਗੀ। ਬਜ਼ਰੁਗਾਂ ਦਾ ਮੰਨ ਖ਼ੁਸ਼ ਹੋ ਜਾਂਦਾ, ਵਿਹੜੇ ਖੇਡਣ ਜਦੋਂ ਭੁਝੰਗੀ। “ਸੁਹਲ” ਬੱਚੇ ਮਿੱਠਾ ਮੇਵਾ, ਹਰ ਕੋਈ ਸੀਨੇ ਨਾਲ ਲਗਾਵੇ, ਬਾਪੂ ਜਦੋਂ ਸ਼ਹਿਰ ਨੂੰ ਜਾਵੇ, ਤਾਂ ਬੱਚਿਆਂ ਨੂੰ ਕਈ ਲਾਰੇ ਲਾਵੇ। ਪੋਤਾ ਕਹੇ ਜਹਾਜ਼ ਹੈ ਲੈਣਾ ਤੇ ਪੋਤੀ ਵੰਗਾਂ ਨੂੰ ਕੁਰਲਾਵੇ।

11. ਬੜਾ ਤੰਗ ਕੀਤਾ

ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ, ਬੜਾ ਤੰਗ ਕੀਤਾ। ਘੋਟ - ਘੋਟ ਪੀਤੇ ਬੜੇ ਪੱਤੇ ਨਿੰਮ ਦੇ। ਪੰਸਾਰੀ ਤੋਂ ਲਿਆ ਕੇ ਖਾਧੇ ਬੀਜ ਕਿੰਮ ਦੇ। ਮੇਥੇ, ਅਜਵਾਇਣ ਨੂੰ ਵੀ ਢੰਗ ਨਾਲ ਪੀਤਾ, ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ, ਬੜਾ ਤੰਗ ਕੀਤਾ। ਰਗੜ ਧਤੂਰੇ ਦੀਆਂ, ਪੱਤੀਆਂ ਵੀ ਪੀਤੀਆਂ। ਦੇਸੀ ਚਾਹਾਂ ਤੱਤੀਆਂ-ਠੰਡੀਆਂ, ਵੀ ਪੀਤੀਆਂ। ਚੋੱਟੀ ਦੇ ਹੱਕੀਮਾਂ ਦਾ ਵੀ ਬੜਾ ਸੰਗ ਕੀਤਾ, ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ, ਬੜਾ ਤੰਗ ਕੀਤਾ। ਮਹਿੰਗੀ ਤੋਂ ਮਹਿੰਗੀ, ਦਵਾਈ ਖਾਧੀ ਰੱਜ ਕੇ। ਸੁੰਢ, ਕੱਚੀ ਹਲਦੀ ਵੀ, ਖਾਧੀ ਚੱਬ-ਚੱਬ ਕੇ। ਭੰਗ-ਬੀਜ, ਮੂਸਲੀ ਨੂੰ, ਚਾਲੀ ਡੰਗ ਪੀਤਾ, ਖੰਡ ਬੰਦ ਕੀਤੀ, ਕਿਸੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ, ਬੜਾ ਤੰਗ ਕੀਤਾ। ਟੀ.ਵੀ ਤੇ ਮੋਬਾਇਲ ਉਤੇ, ਇਹੋ ਮਸ਼ਹੂਰੀਆਂ। ਮੈਗੀ, ਪੀਜ਼ਾ, ਬਰਗ਼ਰ, ਨਾ ਖਾਉ ਛੋਲੇ ਪੂਰੀਆਂ। ਚਾਟ-ਮਸਾਲਿਆਂ ਦੇ ਨਾਲ ਬੜਾ ਜੰਗ ਕੀਤਾ, ਖੰਡ ਬੰਦ ਕੀਤੀ, ਕਦੇ ਲੂਣ ਬੰਦ ਕੀਤਾ। ਮੋਟਾਪੇ ਦੀ ਬੀਮਾਰੀ ਨੇ ਹੈ, ਬੜਾ ਤੰਗ ਕੀਤਾ।

12. ਬਾਣੀ ਨਾਨਕ ਦੀ

ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਉ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ ਨਾਨਕ ਦੀ ਬੜੀ ਪਰਤੱਖ ਲੋਕੋ, ਜੇ ਸੱਚਾ ਤਾਂ, ਬਾਣੀ ਦਾ ਅੱਦਬ ਸੱਚਾ। ਘੋਰ ਪਾਪ ‘ਤੇ ਕੂੜ ਨੇ ਅੱਤ ਚੁੱਕੀ, ਹਨੇਰੀ ਕਹਿਰ ਦੀ ਚੱੜ੍ਹੀ ਹਰ ਪਾਸੇ। ਮਨ ਮੈਲੇ, ਦਿਲਾਂ ‘ਚ ਦੂਜ ਵਧ ਗਈ, ਬਾਬਰ ਬਾਣੀ ਪੜ੍ਹੀ ਗਈ ਹਰ ਪਾਸੇ। ਊਚ-ਨੀਚ ਦਾ ਹਰ ਥਾਂ ਬੋਲ-ਬਾਲਾ, ਝੁੱਰੀ ਫੜੀ ਕਿਸਾਈਆਂ ਹਰ ਪਾਸੇ। ਦੁੱਖ-ਦਰਦ ਨਾ ਕਿਸੇ ਦਾ ਕੋਈ ਜਾਣੇ, ਨਫ਼ਰਤ ਦਿਲਾਂ ‘ਚ ਘੜੀ ਹਰ ਪਾਸੇ। ਰਾਇ ਭੋਇ ਤਲਵੰਡੀ ਦੀ ਜੂਹ ਅੰਦਰ, ਤ੍ਰਿਪਤਾ ਮਾਤਾ ਨੇ, ਜੱਗ ਨੂੰ ਭਾਗ ਲਾਏ। ਗੁਰੁ ਨਾਨਕ ਜੀ ਪਰਗਟੇ ਜੱਗ ਅੰਦਰ, ਅੰਬਰ ਵਿਚ, ਹਵਾਵਾਂ ਨੇ ਰਾਗ ਗਾਏ। ਭੈਣ ਨਾਨਕੀ ਚਾਵਾਂ ‘ਚ ਹੋਈ ਦੂਣੀ, ਪਿਤਾ ਕਾਲੂ ਦੀ ਹੋਈ ਸੀ ਆਸ ਪੂਰੀ। ਪਰੀਆਂ, ਦੇਵਤੇ, ਪੀਰ ਪੈਗੰਬਰਾਂ ਦੀ, ਵਾਹਿਗੁਰੂ ਨੇ ਕੀਤੀ ਅਰਦਾਸ ਪੂਰੀ । ਤੇਰਾਂ-ਤੇਰਾਂ ਹੀ ਕਰ ਉਹ ਤੋਲਦਾ ਸੀ, ਗਰੀਬਾਂ ਵਾਸਤੇ ਹੋਈ ਸੀ ਰਾਸ ਪੂਰੀ। ਬਾਬਰ ਬਾਣੀ ਦਾ ਭੋਗ ਸੀ ਪੈਣ ਲੱਗਾ, ਲਿਤੜੇ ਲੋਕਾਂ ਦੀ ਹੋਈ, ਖ਼ਾਹਿਸ਼ ਪੂਰੀ। ਚਾਨਣ ਪਰੇਮ ਦਾ, ਵੰਡਿਆ ਹਰ ਪਾਸੇ, ਸਿੱਧੇ ਰਾਹੇ ਸੀ, ਪਾਂਵਦੇ, ਭੁੱਲਿਆਂ ਨੂੰ। ਭਾਈ ਲਾਲੋ ਦੇ ਘਰ ਨੂੰ , ਭਾਗ ਲਾਏ, ਛੱਡਕੇ ਮਲਕ ਦੇ ਖਾਣੇ, ਵਡਮੁਲਿਆਂ ਨੂੰ। ਚੜ੍ਹਦੇ, ਲਹਿੰਦੇ ਤੇ ਦੱਖਣ-ਪਹਾੜ ਵੱਲੇ, ਕਈ ਕੌਤਕ ਸੀ ਕਰਦਾ ਰਿਹਾ ਨਾਨਕ। ਸੱਚਾ ਸੌਦਾ ਸੀ, ਭੁੱਖਿਆਂ ਸਾਧੂਆਂ ਲਈ ਪੇਟ ਭੁੱਖਿਆਂ ਦੇ ਭਰਦਾ ਰਿਹਾ ਨਾਨਕ। ਜ਼ਬਰ-ਜੁਲਮ ਦੀ ਚੱਕੀ ਨੂੰ ਪੀਸਦੇ ਰਹੇ, ਜੋਖ਼ਮ ਜੇਹਲ ਦੇ ਜਰਦਾ ਰਿਹਾ ਨਾਨਕ। ਹੰਕਾਰ ਵਲੀ ਕੰਧਾਰੀ ਦਾ ਤੋੜਿਆ ਸੀ, ਸੱਚੀ ਸੋਚ ‘ਤੇ, ਖੜ੍ਹਦਾ ਰਿਹਾ ਨਾਨਕ। ਚਾਰੇ ਕੂੰਟਾਂ ਦੀ ਯਾਤਰਾ, ਕਰਨ ਪਿਛੋਂ, ਕਰਤਾਰਪੁਰ ਵਿਚ ਆ ਕੇ ਕਰੀ ਖੇਤੀ। ‘ਸੁਹਲ’ ਕਿਰਤ ਕਮਾਈ ਰਹੇ ਕਰਦੇ, ਤਾਂ ਹੀ ਉਨ੍ਹਾਂ ਦੀ, ਸੀ ਹਰੀ-ਭਰੀ ਖੇਤੀ।

13. ਭਾਂਬੜ ਬਲਦੇ

ਭਾਂਬੜ ਬਲਦੇ ਮੱਠੇ ਹੋ ਗਏ, ਸੁੱਤੀ ਅਲਖ਼ ਜਗਾਵੋ ਨਾ। ਜਾਣ ਬੁੱਝ ਕੇ ਬਲਦੀ ਉੱਤੇ, ਤੇਲ ਦੇ ਬਾਟੇ ਪਾਵੋ ਨਾ। ਬੀਤ ਗਿਆ ਜੋ ਬੀਤ ਗਿਆ ਕਿਉਂ ਉਹਨੂੰ ਪਛਤਾਉਂਦੇ ਹੋ, ਸੂਲਾਂ ਵਿੰਨੇ ਸ਼ਬਦਾਂ ਵਾਲਾ ਗੀਤ ਹੋਰ ਕੋਈ ਗਾਵੋ ਨਾ। ਪੱਥਰ ਦਿਲ ਜਿਨ੍ਹਾਂ ਵੀ ਕੀਤੇ ਉਹ ਵੀ ਏਥੋਂ ਤੁਰ ਗਏ ਨੇ, ਅੰਗਿਆਰਾਂ ਦੇ ਫ਼ੁੱਲਾਂ ਵਾਲੀ ਅਰਥੀ ਹੋਰ ਸਜਾਵੋ ਨਾ। ਬੰਦਾ ਗ਼ਲਤੀ ਦਾ ਹੈ ਪੁਤਲਾ ਸੱਭ ਫ਼#39;ਤੋਂ ਗ਼ਲਤੀ ਹੋ ਜਾਂਦੀ, ਭੁੱਲ ਕੇ ਗ਼ਲਤੀ ਹੋ ਜਾਏ ਤਾਂ ਉਸਦੇ ਸ਼ਗਨ ਮਨਾਵੋ ਨਾ। ਦੋਸ਼ਾਂ ਨੂੰ ਤਾਂ ਦੋਸ਼ ਦਿਉਗੇ ਕੀ ਕਹਿਣਾ , ਨਿਰਦੋਸ਼ਾਂ ਨੂੰ, ਜੱਗ ਤੇ ਕੋਈ ਨਿਰਦੋਸ਼ ਨਹੀ ਤਾਂ ਆਪਣੇ ਦੋਸ਼ ਲੁਕਾਵੋ ਨਾ। ਆਪਣੇ ਤੇ ਨਾ ਛਿੱਟੇ ਪੈ ਜਾਣ ਏਨਾਂ ਵੀ ਤਾਂ ਸੋਚ ਲਵੋ, ਛੱਜ‘ਚ ਪੈ, ਨਾ ਛੱਟੇ ਜਾਇਉ ਐਸਾ ਕਰਮ ਕਮਾਵੋ ਨਾ। “ਸੁਹਲ”ਬੰਦ ਕਰੋ ਇਹ ਰਾਗ ਜਿਗਰਾ ਫਟਦਾ ਜਾਂਦਾ ਏ, ਸਮਝਦਾਰ ਨੂੰ ਬੜਾ ਇਸ਼ਾਰਾ ਬਹੁਤਾ ਵੀ ਸਮਝਾਵੋ ਨਾ।

14. ਭੈੜੀਆਂ ਅਲਾਮਤਾਂ

ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਸੱਚੀ ਗੱਲ ਸੱਜਣੋਂ, ਜਹਾਨ ਸਾਰਾ ਕਹਿੰਦਾ। ਸਿਰ ਫਿਰੇ ਬੰਦੇ ਨਾਲ, ਪੰਗਾ ਕਦੇ ਲਉ ਨਾ। ਚੋਰ- ਉਚੱਕੇ ਲਾਗੇ, ਭੁੱਲ ਕੇ ਵੀ ਬਹੁ ਨਾ। ਮਾੜਿਆਂ ਕੰਮਾਂ ਦਾ ਫ਼ਲ ਭੁਗਤਣਾ ਪੈਂਦਾ, ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਇਹ ਗੱਲ ਸੱਜਣੋਂ, ਜਹਾਨ ਸਾਰਾ ਕਹਿੰਦਾ। ਬੇਈਮਾਨ ਬੰਦੇ ਨਾਲੋਂ ਖਾਣਾ-ਪੀਣਾ ਛੱਡ ਦਿਉ। ਉਹਦੀਆਂ ਚਲਾਕੀਆਂ, ਦਿਲ ਵਿਚੋਂ ਕਢ੍ਹ ਦਿਉ। ਜੋ ਸਦਾ ਬੁਰਾ ਸੋਚਦਾ ਹੈ, ਉੱਠਦਾ ਤੇ ਬਹਿੰਦਾ, ਇਹ ਗੱਲ ਸੱਜਣੋਂ, ਜਹਾਨ ਸਾਰਾ ਕਹਿੰਦਾ। ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਯਾਰ-ਮਾਰ ਤਾਈਂ ਕਦੇ, ਭੁੱਲਕੇ ਬੁਲਾਇਉ ਨਾ। ਹੱਥ ਅਗੇ ਕਰੇ ਤਾਂ, ਹੱਥ ਵੀ ਮਿਲਾਇਉ ਨਾ। ਢਿੱਡੋਂ ਤੇਰੇ ਨਾਲ ਸਦਾ, ਰਹਿੰਦਾ ਹੈ ਜੋ ਖਹਿੰਦਾ, ਭੈੜੀਆਂ ਅਲਾਮਤਾਂ ‘ਚ ਕੁਝ ਵੀ ਨਾ ਰਹਿੰਦਾ। ਇਹ ਗੱਲ ਸਜਣੋਂ, ਜਹਾਨ ਸਾਰਾ ਕਹਿੰਦਾ। ਚੁਗਲਖੋਰ ਕਦੇ ਮਿੱਤ, ਹੁੰਦਾ ਨਹੀਂ ਪਿਆਰਿਉ। ਰੱਬੀ-ਰੂਪ ਬੰਦਿਆਂ ਨੂੰ, ਭੁੱਲ ਕੇ ਨਾ ਮਾਰਿਉ। “ਸੁਹਲ” ਝੂਠਾ ਬੰਦਾ ਸਦਾ, ਦੁੱਖੜੇ ਹੈ ਸਹਿੰਦਾ, ਸੱਚੀ ਗੱਲ ਸੱਜਣੋ, ਜਹਾਨ ਸਾਰਾ ਕਹਿੰਦਾ। ਭੈੜੀਆਂ ਅਲਾਮਤਾਂ ‘ਚ, ਕੁਝ ਵੀ ਨਾ ਰਹਿੰਦਾ।

15. ਬੁੱਢੇ ਬਾਪੂ ਨੂੰ

ਕੁਝ ਤਾਂ ਕਰ ਪਿਆਰ, ਬੁੱਢੇ ਬਾਪੂ ਨੂੰ। ਨਾ ਕਰ ਖੱਜਲ-ਖੁਆਰ, ਬੁੱਢੇ ਬਾਪੂ ਨੂੰ। ਧੁੱਪਾਂ- ਕੋਰੇ ਜਿਸ ਨੇਂ ਤੰਨ ਹੰਡਾਏ ਨੇ ਕਿਉਂ ਰਿਹੈਂ ਦਰਕਾਰ, ਬੁੱਢੇ ਬਾਪੂ ਨੂੰ। ਕ੍ਰਿਤ -ਕਮਾਈ ਕਰਕੇ, ਬੱਚੇ ਪਾਲੇ ਨੇ ਤੂੰ ਪੂਰਾ ਦੇ ਸਤਿਕਾਰ, ਬੁੱਢੇ ਬਾਪੂ ਨੂੰ। ਲੱਕੋਂ ਕੁੱਬਾ, ਅੰਨ੍ਹਾ- ਬੋਲਾ ਹੋਇਆ ਹੈ ਕਰ ਨਾ ਅਵਾਜ਼ਾਰ, ਬੁੱਢੇ ਬਾਪੂ ਨੂੰ। ਖੇਤਾਂ ਵਿਚ ਤਾਂ ਗੋਡੀ-ਟਾਪੀ ਕਰਦਾ ਸੀ ਹੁਣ ਐਵੇਂ ਨਾ ਦੁਰਕਾਰ, ਬੁੱਢੇ ਬਾਪੂ ਨੂੰ। ਅਨਪੜ੍ਹ ਬਾਪੂ ਗੱਲ ਸਿਆਣੀ ਕਰਦਾ ਏ ਕਿਉਂ ਤੂੰ ਰਿਹੋਂ ਵਿਸਾਰ, ਬੁੱਢੇ ਬਾਪੂ ਨੂੰ। ਪਿੱਟ-ਸਿਆਪਾ ਐਵੇਂ ਉਹਦਾ ਕਰਦੇ ਹੋ ਪਾਵੋ ਨਾ ਫ਼ਿਟਕਾਰ, ਬੁੱਢੇ ਬਾਪੁ ਨੂੰ। ਹੁਣ ਖਾਣਾ-ਪੀਣਾ ਬਾਪੂ, ਛੱਡੀ ਜਾਂਦਾ ਏ ਨਿੱਤ ਚੜ੍ਹਿਆ ਰਹੇ ਬੁਖ਼ਾਰ, ਬੁੱਢੇ ਬਾਪੂ ਨੂੰ। “ਸੁਹਲ” ਸੌਖੇ ਹੋ ਕੇ ਸਭ ਨੇ ਬਹਿ ਜਾਣਾ ਜਦ ਚੁੱਕ ਲਊ ਕਰਤਾਰ, ਬੁੱਢੇ ਬਾਪੂ ਨੂੰ

16. ਚੰਨ ਚੜ੍ਹਾਏਗਾ

ਕੋਈ ਰਾਣੀ ਖ਼ਾਂ ਦਾ ਸਾਲਾ ਚੰਨ ਚੜ੍ਹਾਵੇਗਾ। ਲੋਕਾਂ ਵਿਚ ਉਹ ਆਪਣਾ ਨਾਂ ਚਮਕਾਵੇਗਾ। ਉਸ ਨੂੰ ਯਾਰੋ! ਗੱਲ ਬਣਾਉਣੀ ਆਉਂਦੀ ਹੈ ਉਹ ਗਲੀਂ- ਬਾਤੀਂ ਤਾਰੇ ਤੋੜ ਲਿਆਵੇਗਾ। ਹੱਥ ਜੋੜ ਕੇ ਗੱਲਾਂ ਵਿਚ ਭਰਮਾ ਲੈਂਦਾ ਬੇੜੀ ਨਾ ਉਹ ਪਾਰ ਕਿਸੇ ਦੀ ਲਾਵੇਗਾ। ਸੱਚ ਕਦੇ ਨਾ ਬੋਲੇ ਉਹਦੀ ਫ਼ਿਦਰਤ ਹੈ ਫਸ ਗਿਆ ਜੋ ਉਸ ਨੂੰ ਪੜ੍ਹਨੇ ਪਾਵੇਗਾ। ਪੜ੍ਹਿਆ ਭਾਵੇਂ ਘੱਟ, ਹੈ ਵੱਧ ਵਕੀਲਾਂ ਤੋਂ ਝੱੂਠੀ ਗੱਲ ਨੂੰ ਸੱਚੀ ਕਰ ਵਿਖਾਵੇਗਾ। ਯਾਰਾਂ ਤੇ ਰਿਸਤੇਦਾਰਾਂ , ਤੋਬਾ ਕਰ ਦਿਤੀ ਜਿਹੜਾ ਅੜਿੱਕੇ ਚੱੜ੍ਹਿਆ, ਕਿਥੇ? ਜਾਵੇਗਾ। ਸੱਜਣ- ਮਿੱਤਰ ਮੂੰਹ ਫੇਰ ਕੇ ਲੰਘ ਜਾਂਦੇ ਹੁਣ ਫਿਰ ਉਹਨੂੰ ਕਿਹੜਾ ਕੋਲ ਬਿਠਾਵੇਗਾ। ਤਰ ਗਿਆ ਜੋ ਨਸ਼ਿਆਂ ਦੇ ਦਰਿਆਵਾਂ ਨੂੰ ਉਹ ਆਪਣੀ ਨੀਤੇ, ਆਪੇ ਗੋਤੇ ਖਾਵੇਗਾ। ਰੱਸੀ ਭਾਵੇਂ ਸੜ ਜਾਏ, ਵਲ ਨਾ ਜਾਂਦਾ ਹੈ “ਸੁਹਲ” ਕਿਥੋਂ -ਕਿਥੋਂ ਜਾਨ ਛੁਡਾਵੇਗਾ।

17. ਚੰਨ ਤਾਰਿਆਂ ਦੀ ਗੱਲ

ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ ਗੱਲ। ਕਰੇ ਨਾ ਗਰੀਬ ਦਿਆਂ, ਢਾਰਿਆਂ ਦੀ ਗੱਲ। ਬੰਦਾ ਕਰੇ ਮਜ਼ਦੂਰੀ, ਤਾਂ ਵੀ ਪੈਂਦੀ ਨਹੀਂ ਪੂਰੀ ਕਰਦਾ ਉਹ ਸਦਾ, ਥੱਕੇ ਹਾਰਿਆਂ ਦੀ ਗੱਲ। ਜ੍ਹਿਦੇ ਬਾਲ ਭੁੱਖੇ ਭਾਣੇਂ ਦਿਲ ਉਸ ਦਾ ਜਾਣੇ ਕਰੇ ਉਹ ਹਮੇਸ਼ਾਂ ਹੀ, ਗੁਜ਼ਾਰਿਆਂ ਦੀ ਗੱਲ। ਮਹਿੰਗਾਈ ਦੀਆਂ ਸਿਖ਼ਰਾਂ, ਘਰ ਦਿਆਂ ਫਿਕਰਾਂ ਘਰ ਵਿਚ ਹੁੰਦੀ ਨਾ, ਫੁਹਾਰਿਆਂ ਦੀ ਗੱਲ। ਲੀਡਰਾਂ ਦੀ ਬੰਬੀ ਉਤੇ, ਬਿਜਲੀ ਨਾ ਗੁੱਲ ਹੋਵੇ ਕਰਾਂ ਕਿਵੇਂ ਉਹਨਾਂ, ਰਜਵਾੜਿਆਂ ਦੀ ਗੱਲ। ਬੇ ਰੁਜ਼ਗਾਰ ਤੁਰੇ, ਨਸ਼ਿਆਂ ਦੇ ਦੌਰ ਵਲ ਸਰਕਾਰ ਵੀ ਨਾ ਸੋਚਦੀ, ਗੁਜ਼ਾਰਿਆਂ ਦੀ ਗੱਲ। “ਸੁਹਲ”ਅੱਜ ਸੱਬਰਾਂ ‘ਤੇ ਜ਼ਬਰ ਦੀ ਸੱਟ ਵੱਜੀ ਸੁਣੇ ਨਾ ਕੋਈ ਏਥੇ, ਭੁੱਖ- ਮਾਰਿਆਂ ਦੀ ਗੱਲ।

18. ਬਿਰਹੋਂ ਦੀਆਂ ਪੀੜਾਂ

ਬਿਰਹੋਂ ਦੀਆਂ ਪੀੜਾਂ ਵਾਲੇ ਜ਼ਖ਼ਮਾਂ ‘ਤੇ ਲੂਣ ਸੁੱਟ, ਬੁਲ੍ਹਾਂ ਉਤੇ ਸਾਹਾਂ ਤਾਈਂ ਬਹੁਤਾ ਤੜਪਾਉ ਨਾ । ਹਿਜ਼ਰਾਂ ਦੀ ਮਾਰੀ ਹੋਈ ਮੁਕ ਚੱਲੀ ਜਿੰਦ ਮੇਰੀ, ਕਰ ਕੇ ਹੱਲਾਕ ਰੀਝਾਂ ਝੋਲੀ ਮੇਰੀ ਪਾਓ ਨਾ। ਹੋ ਨਾ ਜਾਣ ਗੁੰਗੇ ਬੋਲੇ ਗੀਤ ਮੇਰੇ ਸਬਰਾਂ ਦੇ, ਜੀਊਂਦੇ ਜੀਅ ਮੇਰੇ ‘ਤੇ ਇਹ ਕਹਿਰ ਕਮਾਉ ਨਾ। ਸੂਹੀ ਫ਼ੁੱਲਕਾਰੀ ਅੱਜ ਚਿੱਟੀ- ਚਿੱਟੀ ਜਾਪਦੀ ਏ, ਮਹਿੰਦੀ ਰੰਗੇ ਹੱਥਾਂ ਕੋਲੋਂ ਵਾਸਤੇ ਪਵਾਉ ਨਾ। ਸ਼ਗਨਾ ਦੀ ਡੋਲੀ ਅੱਡੀ ਗਮਾਂ ਦੀਆਂ ਚੂੜੀਆਂ ਨੇ, ਮਰ - ਮੁੱਕੀ ਝਾਂਜਰ ਨੂੰ “ਸੁਹਲ” ਦਫ਼ਨਾਉ ਨਾ।

19. ਬਿਰਹੋਂ ਦਾ ਸੁਲਤਾਨ

ਬਿਰਹੋਂ ਪੀੜਾਂ ਵਿਚ ਨਹੀਂ ਮੋਇਆ ਬਿਰਹੋਂ ਦਾ ਸੁਲਤਾਨ। ਸੀਨੇ ਵਿਚ ਸੀ ਦਰਦ ਇਸ਼ਕ ਦਾ ਗ਼ਮ ਤੋਂ ਸ਼ਿਵ ਕੁਰਬਾਨ। ਰੋਮ - ਰੋਮ ਵਿਚ ਉੱਠਣ ਪੀੜਾਂ ਸੀ ਪੀੜਾਂ ਦਾ ਵਰਦਾਨ। ਹਿਜ਼ਰ ਦਾ ਨਾਹੀਂ ਸੁਰਜ ਡੁੱਬਿਆ ਗ਼ਮ ਨੇ ਕੀਤਾ ਸੀ ਪ੍ਰੇਸ਼ਾਨ। ‘ਸੁਹਲ’ ਜਿੱਤ ਕੇ ਇਸ਼ਕ ਦੀ ਬਾਜੀ ਹੋ ਗਿਆ ਸ਼ਿਵ ਮਹਾਨ।

20. ਬੋਲੀ ਪਉਣ ਦਿਉ

ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਦਿਉਰ ਦਾ ਵਿਆਹ ਅੱਜ ਗਿੱਧੇ ਵਿਚ ਨੱਚਣਾ। ਬਣ ਕੇ ਮੈਂ ਅੱਗ ਦਾ ਭਬੂਕਾ ਵੇਖੀਂ ਮੱਚਣਾ। ਬੋਲੀ ਵਿਚ ਲੰਮੀ ਹੇਕ ਲਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਦਰਾਣੀਆਂ-ਜਠਾਣੀਆਂ ਵੀ ਮੇਰੇ ਨਾਲ ਨੱਚੀਆਂ। ਨਣਾਨਾਂ ਅੱਜ ਨੱਚੀਆਂ ਜੋ ਗੰਦਲਾਂ ਤੋਂ ਕੱਚੀਆਂ। ਹਾਣ ਦੀਆਂ ਕੁੜੀਆਂ ਨੂੰ ਅਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਨੀਂ ਕੋਠੇ ਉਤੇ ਚੜ੍ਹ ਮੁੰਡੇ ਸੀੱਟੀਆਂ ਸੀ ਮਾਰਦੇ। ਟੁੱਟ ਪੈਣੇ ਦਿਉਰ ਉਤੋਂ ਗੀਟੀਆਂ ਸੀ ਮਾਰਦੇ। ਅੱਜ ਝਾਂਜਰਾਂ ਦੇ ਬੋਲ ਪੁਗਾਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ। ਨੀਂ ਗਿੱਧੇ ਵਿਚ ਹਾਣ ਦੀਆਂ ਨੱਚੀਆਂ ਬਥੇਰੀਆਂ। ਪਰ! ਮੈਂ ਲਿਆਂਦੀਆਂ ਸੀ ਗਿੱਧੇ ‘ਚ ਹਨੇਰੀਆਂ। ਗੀਤ ਮੈਨੂੰ ‘ਸੁਹਲ’ ਦੇ ਗਉਣ ਦਿਉ, ਮੈਨੂੰ ਗਿੱਧੇ ਵਿਚ ਬੋਲੀ ਪਉਣ ਦਿਉ। ਨੱਚ-ਨੱਚ ਕੇ ਧਰਤ ਹਿੱਲਾਉਣ ਦਿਉ।

21. ਚਿੱਟੀ ਚਾਨਣੀ

ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ। ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ। ਆਪਾਂ ਜ਼ਿੰਦਗੀ, ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਕਾਲੀ ਰਾਤ ਮਸਿੱਆ ਦੀ ਕਦੀ ਆਵੇ ਨਾ। ਸੁੱਤੀ ਹਿਜ਼ਰਾਂ ਦੀ ਪੀੜ ਨੂੰ ਜਗਾਵੇ ਨਾ। ਉਹ ਕਿਤੇ ਕਰ ਨਾ ਕਲੇਜਾ ਦੇਵੇ ਛਾਨਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਮੈਂ ਰਾਤੀਂ ਉੱਠ -ਉੱਠ ਲੋ ਵੇਖਾਂ ਚੰਨ ਦੀ। ਯਾਦਾਂ ਵਿਚ ਅੰਗੜਾਈਆਂ ਰਵਾਂ ਭੰਨਦੀ। ਉੱਭੇ-ਉੱਭੇ ਸਾਹਾਂ ਜਿੰਦ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। “ਸੁਹਲ’ ਬੱਦਲਾਂ ਦੇ ਉਹਲੇ ਚੰਨ ਹੋਵੇ ਨਾ। ਅੱਖਾਂ ਭਰ-ਭਰ ਯਾਦਾਂ ‘ਚ ਕੋਈ ਰੋਵੇ ਨਾ। ਹੌਕਿਆਂ ਦੀ ਅੱਗ ਨਹੀਂ ਬਾਲਣੀ ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।

22. ਛੱਲੀਆਂ

ਭੁੱਨਾਂ ਛੱਲੀਆਂ, ਧੂਏਂ ਨੇ ਮੱਤ ਮਾਰੀ, ਵੇ ਚੱਬ ਲੈ ਤੂੰ ਆ ਕੇ ਛੱਲੀਆਂ। ਰੋਹੀ ਵਾਲੇ ਖ਼ੇਤ ਵਿਚ, ਦੂਰੋਂ ਲੱਭੇ ਤੂਤ ਵੇ। ਮੱਕੀ ਦੇ ਟਾਂਢ੍ਹਿਆਂ ਨੇ, ਕੱਤ ਲਿਆ ਸੂਤ ਵੇ। ਮੈਂ ਰਾਖੀ ਕਰਨ ਮੱਕੀ ਦੀ, ਘਰੋਂ ਚੱਲੀ ਆਂ, ਵੇ ਚੱਬ ਲੈ ਤੂੰ ਆ ਕੇ ਛੱਲੀਆਂ…………। ਦੋਧੀ ਛੱਲੀ ਖੇਤ ਵਿਚੋਂ, ਸੱਜਣਾ ਵੇ ਤੋੜ ਕੇ। ਮੈਂ ਰੱਬ ਕੋਲੋਂ ਖੈਰ ਮੰਗਾਂ, ਦੋਵੇਂ ਹੱਥ ਜੋੜ ਕੇ। ਅਸਾਂ ਰੱਾਖ਼ੀ ਕਰਦੇ, ਮਸੀਬਤਾਂ ਵੀ ਝੱਲੀਆਂ, ਵੇ ਚੱਬ ਲੈ ਤੂੰ ਆ ਕੇ ਛੱਲੀਆਂ………… । ਬੰਨੇਂ-ਬੰਨੇਂ ਆਵੀਂ ਚੰਨਾਂ, ਹੋਏ ਨਾ ਖੜਾਕਾ ਵੇ। ਨਿਕਲ ਨਾ ਜਾਏ ਮੇਰੇ, ਦਿੱਲ ਦਾ ਧੱੜਾਕਾ ਵੇ। ਬੈਠੀ ਮਣ੍ਹੇਂ ‘ਤੇ ਮੈਂ, ਸੋਹਣਿਆਂ ਵੇ ਕੱਲ੍ਹੀ ਆਂ, ਵੇ ਚੱਬ ਲੈ ਤੂੰ ਆ ਕੇ ਛੱਲੀਆਂ………… । ਤੇਰੇ ਲਈ ਤਾਂ ਮੇਰੇ ਕੋਲ, ਛੱਲੀਆਂ ਸੁਗਾਤ ਨੇ। ‘ਸੁਹਲ’ ਕੋਲੋਂ ਪੁੱਛ ਲੈਣਾਂ, ਮੇਰੇ ਕੀ ਹਾਲਾਤ ਨੇ। ਤੇਰੀਆਂ ਉੱਡੀਕਾਂ ‘ਚ, ਦੁਪਹਿਰਾਂ ਅੱਜ ਢਲੀਆਂ, ਵੇ ਚੱਬ ਲੈ ਤੂੰ, ਆ ਕੇ ਛੱਲੀਆਂ………… ।

23. ਤਨ ਤੋਂ ਨੰਗੇ

ਜਿਹੜੇ ਵੱਡੇ ਸ਼ਾਹੁਕਾਰ ਸਿ, ਤੁਰ ਗਏ ਤਨ ਤੋਂ ਨੰਗੇ ਲੋਕ। ਉਨ੍ਹਾਂ ਤਾਂ ਮਿੱਠੇ ਬੋਲ ਬੋਲਕੇ, ਪਰਦੇ ਪਿੱਛੇ ਨੇ ਡੰਗੇ ਲੋਕ। ਇਕ-ਦੂਜੇ ਦੇ ਸਿੰਗ ਫਸਾ ਕੇ ਪਿਛੋਂ ਸੁਲ੍ਹਾ ਕਰਾਉਂਦੇ ਰਹੇ, ਖ਼ੂਨ ਉਨ੍ਹਾਂ ਦਾ ਚਿੱਟਾ ਜਾਪੇ ਜੋ ਨਿੱਤ ਕਰਾਉਂਦੇ ਦੰਗੇ ਲੋਕ। ਕੰਜਕਾਂ ਦੇ ਉਹ ਪੈਰ ਪੂਜਦੇ ਬਲੀ ਚੜਾਉਂਦੇ ਕੰਜਕਾਂ ਨੂੰ, ਉਹਨਾਂ ਦੀ ਜੋ ਰੱਤ ‘ਚ ਰੰਗੇ ਜਾਪਣ ਉਹ ਬੇ- ਰੰਗੇ ਲੋਕ। ਆਪਣੇ ਜੰਮੇ ਸਿਰ ਤੇ ਚੁਕਣ ਦੂਜਿਆਂ ਦੇ ਲਈ ਪੁੱਟਣ ਖੂਹ, ਜਿਨ੍ਹਾਂ ਸਿਰ ਤੋਂ ਲਾਹੀ ਲੋਈ ਉਹ ਹੁੰਦੇ ਨੇ ਬੇ- ਸੰਗੇ ਲੋਕ। ਬਣ ਕੇ ਠੇਕੇਦਾਰ ਧਰਮ ਦੇ ਤਿੱਖ਼ੀ ਛੁਰੀ ਚਲਾਉਂਦੇ ਰਹੇ, ਲੋਕਾਂ ਨੂੰ ਉਹ ਕਰਦੇ ਨਫ਼ਰਤ “ਸੁਹਲ” ਜੋ ਬੇ- ਢੰਗੇ ਲੋਕ।

24. ਚਿੰਤਾ

ਚਿੰਤਾ ਮੰਨ ਨੂੰ ਢੋਰੇ ਵਾਂਗਰ ਖਾ ਜਾਂਦੀ ਹੈ। ਚੰਗੇ- ਭਲੇ ਨੂੰ ਰੋਗ ਅਵੱਲਾ ਲਾ ਜਾਂਦੀ ਹੈ। ਸੁੱਖ ਦੀ ਨੀਂਦਰ ਜਿਨ੍ਹਾਂ, ਉਮਰ ਗੁਜ਼ਾਰੀ ਹੋਵੇ, ਉਨ੍ਹਾਂ ਦੀ ਵੀ ‘ਚਿੰਤਾ’ ਨੀਂਦ, ਉੱਡਾ ਜਾਂਦੀ ਹੈ। ਗਮ ਦੇ ਸਾਗਰ ਗੋਤੇ ਖਾਂਦਾ ਰਹਿੰਦਾ ਜੋ ਫਿਰ, ‘ਚਿੰਤਾ’ ਘੁੱਮਣ ਘੇਰੀ ਵਿਚ, ਫਸਾ ਜਾਂਦੀ ਹੈ। ਕੈਂਸਰ ਬਣ ਕੇ ਖਾ ਜਾਏ ‘ਚਿੰਤਾ’ ਅੰਦਰ ਦੀ, ਪਤਾ ਨਹੀਂ ਉਹ ਕਿਹੜੇ ਰਸਤੇ, ਆ ਜਾਂਦੀ ਹੈ। ਪਾਠੁ-ਪੂਜਾ ਤੇ ਨਿੱਤ ਨੇਮ ਦੀ ਥਾਂ ਤੇ ‘ਚਿੰਤਾ’ ਦਹਿਸ਼ਤ ਭਰਿਆ ਗੀਤ ਨਵਾਂ ਹੀ, ਗਾ ਜਾਂਦੀ ਹੈ। ਸੱਭ ਖ਼ੁਸ਼ੀਆਂ ਹੱਾਸੇ , ਖੰਭ ਲਗਾ ਕੇ ਉੱਡ ਜਾਂਦੇ, ਜਿਹੜੇ ਘਰ ਵੀ ‘ਚਿੰਤਾ’ ਫੇਰਾ ਪਾ ਜਾਂਦੀ ਹੈ। ਜੇ ‘ਚਿੰਤਾ’ ਰੋਗ ਦਾ ਫੇਰਾ ਘਰ ‘ਚ ਪੈ ਜਾਵੇ, ਅਮੀਰਾਂ ਨੂੰ ਵੀ ਪੁੱਠਾ ਰਾਹ ਦਿਖਲਾ ਜਾਂਦੀ ਹੈ। ਹੋ ਜਾਏ ਤਰਲੋ - ਮੱਛੀ ਬੰਦਾ ‘ਚਿੰਤਾ’ ਵਿਚ, ਅੱਬੜ- ਵਾਹੇ ਸੁਪਨੇ ਵਿਚ ਉਠਾ ਜਾਂਦੀ ਹੈ। “ਸੁਹਲ” ‘ਚਿੰਤਾ’ ਚਿਖਾ ਬਰਾਬਰ ਕਹਿੰਦੇ ਨੇ, ਬੰਦੇ ਨੂੰ ਉਹ ਤਾਰੇ ਦਿਨੇਂ ਵਿਖਾ ਜਾਂਦੀ ਹੈ।

25. ਚੋਣਵੇਂ ਸ਼ੇਅਰ

ਉੱਠੋ!ਜਾਗੋ!ਹੋਸ਼ ਕਰੋ ਕਲਮਾਂ ਵਾਲਿਓ। ਜ਼ੁਲਮ ਤੋਂ ਨਾ ਡਰੋ ਕਲਮਾਂ ਵਾਲਿਓ। **** ਜੰਗ ਜਨੂਨੀ ਮੁਕ ਜਾਂਦੀ ਹੈ, ਸਾਂਝਾਂ ਦੀ ਜੇ ਪਾਈਏ ਬਾਤ। ਦਿਲ ਮਿਲੇ ਤਾਂ ਮੁਰਸ਼ਦ ਮਿਲਦਾ ਕੁਦਰਤ ਦੀ ਕਰਾਮਾਤ। **** ਕੋਈ ਧੀ ਨੂੰ ਪੱਥਰ ਕਹਿੰਦਾ, ਕਹਿੰਦਾ ਕੋਈ ਕੁਲਹਿਣੀ। ਇਉਂ ਜਾਪੇ ਜਿਉਂ ਲੋਕਾਂ ਤਾਈਂ, ਹੋ ਗਈ ਹੈ ਸੰਗ੍ਰਹਿਣੀ। **** ਧੀ ਮਾਰ ਕੇ ਆਪਣੇ ਹੱਥੀਂ, ਕਈ ਮਾਂਵਾਂ ਦੁੱਖ ਪਾਇਆ। ਉਨ੍ਹਾਂ ਨੂੰ ਫ਼ਲ ਮਿਲ ਜਾਂਦਾ ਹੈ, ਜਿਨ੍ਹਾਂ ਕਹਿਰ ਕਮਾਇਆ। **** ਮਰਦਾ ਬੰਦਾ ਯਾਦ ਹੈ ਕਰਦਾ, ਮੰਗੇ ਮਾਂ ਤੋਂ ਪਾਣੀਂ। ਧਰਤੀ, ਰੁੱਖ ਤੇ ਹਵਾ ਪਿਆਰੀ, ਧੀ ਹੈ ਘਰ ਦੀ ਰਾਣੀ। **** ਨਸ਼ਿਆਂ ਦਾ ਵਗਦਾ ਦਰਿਆ, ਇਹਦੇ ਵਿਚ ਨਾ ਗੋਤੇ ਖਾ। ਨਸ਼ਿਆਂ ਦੀ ਥਾਂ ਕਰੋ ਪੜ੍ਹਾਈ, ਉੱਚੀ ਮੰਜ਼ਿਲ ਚੜ੍ਹਦਾ ਜਾ। **** ਛਾਂਵਾਂ ਦੀ ਜੋ ਠੰਡ ਭੁਲਾਵੇ, ਉਹਦੀ ਹੈ ਮੱਤ ਮਾਰੀ। ਘਰ ‘ਚ ਅੰਮੜੀ ਦੇ ਬੂਟੇ ਨੂੰ, ਫੇਰੋ ਨਾ ਕਦੇ ਆਰੀ। **** ਮਾਂ ਤੇ ਧੀ ਦਾ ਗੂੜ੍ਹਾ ਰਿਸ਼ਤਾ, ਇਹ ਸਾਡੀ ਜ਼ਿੰਦਗਾਨੀਂ। ਵਸਦਾ ਰਹੇ ਮਾਂਵਾਂ ਦਾ ਵਿਹੜਾ, ਧੀਆਂ ਧਰਮ ਨਿਸ਼ਾਨੀਂ। **** ਗੀਤ ਮੇਰੇ ਨੇ ਬਾਪੂ ਵਰਗੇ, ਮਾਂ ਜਿਹੀਆਂ ਕਵਿਤਾਵਾਂ। ਸੱਚ ਸਿੳਾਣੇ ਕਹਿ ਗਏ ਲੋਕੀਂ, ਮਾਂਵਾਂ ਠੰਡੀਆਂ ਛਾਂਵਾਂ। **** ਮਾਪਿਆਂ ਦੀ ਸੇਵਾ ਏਥੇ, ਕੁਝ ਹੀ ਲੋਕੀਂ ਕਰਦੇ ਨੇ। ਜਿਹੜੇ ਲੋਕੀਂ ਪੱੂਜਣ ਮਾਪੇ, ਜੱਗ ‘ਤੇ ਉਹੀ ਤਰਦੇ ਨੇ। **** ਮਾਪੇ ਗੁਰੁ ਨੇ ਹੁੰਦੇ ਪਹਿਲਾਂ , ਦੂਜੇ ਗੁਰੁ ਅਧਿਆਪਕ ਨੇ। ਸਭ ਨੂੰ ਰਾਹ ਵਿਖਾਵਣ ਵਾਲੇ, ਇਹ ਦੋਵੇਂ ਸੰਥਾਪਕ ਨੇ। **** ਵਿਦਿਆ ਦਾ ਦਾਨ ਕਿਤੇ, ਐਵੇਂ ਨਾ ਗਵਾ ਦਿਉ। ਮਾਂ ਬੋਲੀ ਆਪਣੀ ਨੂੰ , ਐਵੇਂ ਨਾ ਭੁਲਾ ਦਿਉ।

26. ਚੁੱਪ ਕਰ ਜਾ

ਇਹ ਭੈੜਾ ਬੜਾ ਜਮਾਨਾ, ਸੁਣਕੇ ਚੁੱਪ ਕਰ ਜਾ। ਆਪਣਾ ਚਾਹੇ ਬੇਗਾਨਾ, ਸੁਣਕੇ ਚੁੱਪ ਕਰ ਜਾ। ਅੱਜ ਤਕ ਚਿੱਟਾ ਲਹੂ, ਕਿਸੇ ਨਾ ਡਿੱਠਾ ਹੈ ਯੁੱਗ ਪਲਟੇ ਦੀਨ ਇਮਾਨਾਂ, ਸੁਣਕੇ ਚੁੱਪ ਕਰ ਜਾ। ਸ਼ੀਸ਼ੇ ਵਰਗੇਦਿਲਟੁੱਟਣ, ਤਾਂ ਮਾੜਾ ਹੈ ਚਾਹੇ ਸੜਦਾ ਰਹੇ ਪਰਵਾਨਾ, ਸੁਣਕੇ ਚੁੱਪ ਕਰ ਜਾ। ਜੀਭਾਂ ਗੁੰਗੀਆਂ ਹੋਈਆਂਸੱਚ ਪੁਕਾਰਨ ਤੋਂ ਕੋਈ ਗਉਂਦਾ ਰਹੇ ਤਰਾਨਾਂ, ਸੁਣਕੇ ਚੁੱਪ ਕਰ ਜਾ। ਸ਼ਨੀ ਮੰਗਲ ਗ੍ਰਹਿ ਤਾਂ ਕੋਈ ਮਾੜੇ ਨਹੀਂ ਜੇ ਕੀਤੀ ਗੱਲ ਨਾਦਾਨਾ, ਸੁਣਕੇ ਚੁੱਪ ਕਰ ਜਾ। ਸੂਰਜ ਨੂੰ ਵੀਚੜ੍ਹਣਾਪੈ ਜਾਊਰਾਤਾਂ ਨੂੰ ਇਹ ਕੀਤੀ ਗੱਲ ਸ਼ੈਤਾਨਾਂ, ਸੁਣਕੇ ਚੁੱਪ ਕਰ ਜਾ। “ਸੁਹਲ” ਸਬਰ-ਪਿਆਲਾ ਪੀ ਕੇ ਤੁਰ ਜਾਵੀਂ ਹੁਣ ਰੱਬਾ ਤੇ ਭਗਵਾਨਾਂ, ਸੁਣਕੇ ਚੁੱਪ ਕਰ ਜਾ।

27. ਡਰੀਂ ਨਾ ਬੇਗ਼ਾਨਿਆਂ ਤੋਂ

ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। ਮੈਂ ਆਪਣਾ ਹੀ ਸਮਝ ਕੇ, ਬੜਾ ਸਮਝਾਇਆ ਸੀ। ਗਲ ਵਿਚ ਲੈ ਕੇ ਉਹਨੂੰ, ਕੋਲ ਵੀ ਬਿਠਾਇਆ ਸੀ। ਤਾਂ ਸਮਝ ਨਾ ਆਵੇ ਉਹਦੇ, ਗੁੱਸੇ ਦੇ ਤਰਾਨਿਆਂ ਤੋਂ, ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਉਹ ਝੂੱਠਾ ਜਿਹਾ ਨਾਟਕ , ਬਣਾ ਕੇ ਸੱਚ ਆਖਦੇ। ਤਾਂ ਇਹੋ ਜਿਹੇ ਨਾ ਬੱਚੇ ਹੋਣ, ਲੋਕੋ! ਮਾਂ ਬਾਪ ਦੇ। ਲੋਕ ਹੈਰਾਨ ਰਹਿ ਗਏ ਉਹਦੇ ਕਾਰਨਾਮਿਆਂ ਤੋਂ, ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। ਇਸ਼ਕੇ ‘ਚ ਦਿਤੀਆਂ ਸੀ ਜਿਹਨਾਂ ਕੁਰਬਾਨੀਆਂ। ਹੁਣ! ਪਿਆਰ ਵਿਚ ਗਾਲੀ ਜਾਂਦੇ ਨੇ ਜਵਾਨੀਆਂ। ਅਸ਼ਕੇ ਮੈਂ ਵਾਰੀ ਜਾਵਾਂ , ਭੂੰਡ ਪਰਵਾਨਿਆਂ ਤੋਂ, ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ ਉਨ੍ਹਾਂ ਦੇ ਨਿਸ਼ਾਨਿਆਂ ਤੋਂ। “ਸੁਹਲ” ਨੇ ਬੁਢਾਪੇ ਤਕ, ਹੈ ਬੜਾ ਕੁਝ ਸਿੱਖਣਾ। ਮਰੀ ਹੋਈ ਮੈਂ ‘ਗ਼ਜ਼ਲ’ ਦਾ, ਕਿਵੇਂ ਦੁੱਖ਼ ਲਿਖਣਾ। ਇਹ ਸ਼ੀਸ਼ਾ ਸੱਚ ਬੋਲਦਾ ਹੈ, ਪੁਛੋ ਜ਼ਿੰਦਗਾਨੀਆਂ ਤੋਂ. ਆਪਣਿਆਂ ਮਾਰਨਾ ਹੈ ਡਰੀਂ ਨਾ ਬੇਗਾਨਿਆਂ ਤੋਂ। ਬਚ ਕੇ ਤੂੰ ਰਵ੍ਹੀਂ ਹੁਣ, ਉਨ੍ਹਾਂ ਦੇ ਨਿਸ਼ਾਨਿਆਂ ਤੋਂ।

28. ਦੇਸ਼ ਮੇਰੇ ਦੇ ਨੇਤਾ

ਇਕ ਦੂਜੇ ਤੇ ਚਿੱਕੜ ਸੁੱਟਣ, ਦੇਸ਼ ਮੇਰੇ ਦੇ ਨੇਤਾ। ਕੁਰਸੀ ਖਾਤਰ ਮਿੱਟੀ ਪੁੱਟਣ, ਦੇਸ਼ ਮੇਰੇ ਦੇ ਨੇਤਾ। ਪੜ੍ਹੇ- ਲਿਖੇ ਤੇ ਬੜੇ ਸਿਆਣੇ ਬੋਲਣ ਊਟ-ਪੁਟਾਂਗ ਗੱਲਾਂ-ਗੱਲਾਂ ਵਿਚ ਹੀ ਕੁੱਟਣ, ਦੇਸ਼ ਮੇਰੇ ਦੇ ਨੇਤਾ। ਸ਼ੌਂਕਣ ਵਾਂਗਰ ਮਿਹਣੇ ਦਿੰਦੇ ਕਰਦੇ ਬੜੀ ਲੜਾਈ ਬਣ ਕੇ ਮੰਤਰੀ ਮੌਜਾਂ ਲੁੱਟਣ, ਦੇਸ਼ ਮੇਰੇ ਦੇ ਨੇਤਾ। ਧਰਮ ਦੇ ਨਾਂ ਤੇ ਮੰਗਣ ਵੋਟਾਂ ਲੋਕਾਂ ਨੂੰ ਭੜਕਾਉਂਦੇ ਬਾੱਬਿਆ ਦੇ ਉਹ ਗੋਡੇ ਘੁੱਟਣ, ਦੇਸ਼ ਮੇਰੇ ਦੇ ਨੇਤਾ। ‘ਸੁਹਲ’ ਜਿੱਤਣ ਦੇ ਲਈ ਐਵੇਂ ਝੂਠੇ ਲਾਰੇ ਲਉਂਦੇ ਸੱਚੀ ਗੱਲ ਨਾ ਮੂਹੋਂ ਚੋਂ ਫੁੱਟਣ, ਦੇਸ਼ ਮੇਰੇ ਦੇ ਨੇਤਾ।

29. ਦਿਲ ‘ਚ ਪਿਆਰ

ਮਿਲਣੇ ਦਾ ਕੋਈ ਤਾਂ ਬਹਾਨਾ ਚਾਹੀਦਾ। ਦਿਲ ‘ਚ ਪਿਆਰ ਦਾ ਤਰਾਨਾ ਚਾਹੀਦਾ। ਅੱਖਾਂ ਬੰਦ ਹੁੰਦੀਆਂ ਨਾ, ਜਾਗਦਾ ਜਹਾਨ ਹੈ। ਇਸ਼ਕ ਨਿਮਾਣਾ ਕਹਿੰਦੇ ਬੜਾ ਬਈਮਾਨ ਹੈ। ਮੁਹੱਬਤਾਂ ਦਾਕੋਈ ਤਾਂ ਦੀਵਾਨਾ ਚਾਹੀਦਾ, ਦਿਲ ਵਿਚ ਪਿਆਰ ਦਾ, ਤਰਾਨਾ ਚਾਹੀਦਾ। ਕਬੂਤਰਾਂ ਦੇ ਕੋਲ ਪਹਿਲੋਂ ਭੇਜਦੇ ਸੀ ਚਿੱਠੀਆਂ। ਲੱਗਦੀਆਂ ਸੱਜਣਾ ਨੂੰ ਬੜੀਆਂ ਹੀ ਮਿੱਠੀਆਂ। ਕੋਠੇ ਉਤੋਂ ਕਾਗ ਨਹੀਉਡਾਣਾ ਚਾਹੀਦਾ, ਦਿਲ ਵਿਚ ਪਿਆਰ ਦਾ ਤਰਾਨਾ ਚਾਹੀਦਾ। ਪ੍ਰੇਮ ‘ਚ ਉਮਰਾਂ ਦਾ, ਕੋਈ ਵੀ ਹਿਸਾਬ ਨਹੀ। ਖ਼ੂਨ ਵਾਲਾ ਰਿਸ਼ਤਾ , ਕਦੇ ਲਾ- ਜਵਾਬ ਨਹੀਂ। ਆਪਣੀ ਉਕਾਤ ‘ਚ ਹੀ ਰਹਿਣਾ ਚਾਹੀਦਾ. ਦਿਲ ਵਿਚ ਪਿਆਰ ਦਾ ਤਰਾਨਾ ਚਾਹੀਦਾ। “ਸੁਹਲ” ਵਾਂਗ ਰਿਸ਼ਤੇ, ਨਿਭਾਉਣੇ ਸਿੱਖ ਲਉ। ਗੱਲਾ ਸੱਚੀਆਂ ਨੂੰ, ਦਿਲਾਂ ਉੱਤੇ ਲਿਖ ਲਉ। ਖ਼ਾਨਦਾਨ ਵਿਚਨਹੀਂ , ਯਰਾਨਾਚਾਹੀਦਾ, ਦਿਲ ਵਿਚ ਪਿਆਰ ਦਾ ਤਰਾਨਾ ਚਾਹੀਦਾ।

30. ਦਿਲ ਦਾ ਮਹਿਰਮ

ਹੁਣ ਸੱਚੇ ਦਿਲ ਦੇ ਮਹਿਰਮ ਦੀ ਪਿਆਰ ਦੀ ਜੋਤ ਜਗਾ ਬੈਠੈ ਹਾਂ। ਜਿਸ ਤਨ ਲਾਗੇ , ਸੋਈਉ ਜਾਣੇ ਅਸੀਂ ਤਾ ਨਿਉਂ ਲਗਾ ਬੈਠੈ ਹਾਂ। ਕਿਸਮਤ ਦਾ ਸੀ ਬੰਦ ਦਰਵਾਜਾ ਰੋਸ਼ਨਦਾਨਤਾਂਖੁਲ੍ਹੇ ਨੇ , ਫਿਰ ਵੀ ਕਰਮਾਂ ਦੀਆਂ ਲਕੀਰਾਂ ਹੱਥਾਂ ਉਤੇ ਅਜ਼ਮਾ ਬੈਠੈ ਹਾਂ। ਇਸ਼ਕ ਦਾ ਨਾਂ ਤਾਂ ਹੈ ਕੁਰਬਾਨੀ ਕੁਰਬਾਨ ਵੀ ਹੋਣਾ ਚਹੁੰਦੇ ਹਾਂ, ਸੂਲੀ ਤੇ ਕਈਚੜ੍ਹਦੇ ਵੇਖੇ ਅਸੀਂ ਸੂਲਾਂ ਨੂੰ ਠੁੱਕਰਾ ਬੈਠੈ ਹਾਂ। ਜਿਤ ਲਉ ਬਾਜ਼ੀ ਜ੍ਹਿਨੇ ਜਿਤਣੀ ਇਸ਼ਕ ਦੀ ਖੇਡ ਅੱਵਲੀ ਹੈ, ਪਰੇਮ ਖੇਲਣ ਦਾਂ ਸਾਨੂੰ ਚਾਅ ਤਲੀ ਤੇ ਸੀਸ ਟਿਕਾ ਬੈਠੇ ਹਾਂ। ਇਕ ਬੇੜੀ ਤੇ ਪੈਰ ਜੋ ਰਖੋ ਤਾਂ ਪਾਰ ਉਤਾਰਾ ਹੋ ਜਾਂਦੈ, ਬਰੇਤੇ ਲਗੀ ਬੇੜੀ ਨੂੰ ਵੀ ਪ੍ਰੇਮ ਦਾ ਚੱਪੂ ਲਾ ਬੈਠੇ ਹਾਂ। ਸਮਝੋ ਗ਼ੈਰ, ਜਾਂ ਕਰੋ ਮੁਹੱਬਤ ਇਹ, ਤੁਸਾਂ ਦੀ ਮਰਜ਼ੀ ਹੈ, ਪਰ ਆਪਾਂ ਤਾਂ, ਸੱਜਣ ਬਦਲੇ ਆਪਣਾ ਆਪ ਲੁਟਾ ਬੈਠੇ ਹਾਂ। ਪਾਣੀ ਤੇ ਪਾ ਗਿਆ ਲਕੀਰਾਂ ਜੋ ਦਿਲ ਦਾ ਸੱਚਾ ਮਹਿਰਮ ਸੀ, "ਸੁਹਲ" ਉਸ ਦੀਆਂ ਯਾਦਾਂ ਨੂੰ ਸੀਨੇ ਵਿਚ ਲੁਕਾ ਬੈਠੇ ਹਾਂ।

31. ਦੀਵਾਲੀ ਦੀ ਵਧਾਈ

ਦੀਵਾਲੀ ਦੀ ਵਧਾਈ ਨਾ, ਤੂੰ ਕੀਤੀ ਮਨਜ਼ੂਰ ਵੇ। ਦੱਸ ਚੰਨਾ ਸੋਹਣਿਆਂ ਤੂੰ, ਮੇਰਾ ਕੀ ਕਸੂਰ ਵੇ। ਤੇਰੀਆਂ ਅਦਾਬੱਤਾਂ ਮੈਂ, ਕਰ-ਕਰ ਥੱਕੀ ਆਂ। ਸੱਬਰਾਂ ਦੇ ਘੁੱਟ ਵੇ ਮੈਂ, ਪੀ-ਪੀ ਕੇ ਰੱਜੀ ਆਂ। ਬਿਰਹੋਂ ਦੇ ਡੰਗ ਦਾ ਹੈ , ਚੜ੍ਹਿਆ ਸਰੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। ਤੁਰ ਗਿੳਂੁ ਸੁਪਨੇ ‘ਚ , ਨਾਗ ਡੰਗ ਮਾਰ ਕੇ। ਕੀਤੇ ਜਗਰਾਤੇ ਤੇਰੇ, ਬਹਿ ਗਈ ਮੈਂ ਹਾਰ ਕੇ। ਕਿਹੋ ਜਿਹਾ ਪਿਆਰ ਦਾ ਹੈ ਲੋਕੋ! ਦਸਤੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….। “ਸੁਹਲ ਮਲਕੀਅਤ ਸਿਆਂ’ ਸੁਣ ਅਰਜੋਈ ਵੇ। ਤੇਰੇ ਬਾਝੋਂ ਸੱਜਣਾ ਮੈਂ, ਹੋਈ ਅੱਧਮੋਈ ਵੇ। ਸੱਜਣਾ ਦੇ ਬਾਝੋਂ ਕਿਸੇ ਕੰਮ ਦੀ ਨਾ ਹੂਰ ਵੇ, ਦੀਵਾਲੀ ਦੀ ਵਧਾਈ ਨਾ ਤੂੰ……………….।

32. ਦੋ ਸ਼ਿਕਾਰੀ

ਨੇਤਾ ਆਪਣੀ ਕੁਰਸੀ ਨਿੱਤ ਬਚਾਉਂਦੇ ਨੇ। ਲੋਕਾਂ ਨੂੰ ਤਾਂ ਦੰਗਿਆਂ ਵਿਚ ਮਰਵਾਉਂਦੇ ਨੇ। ਜੱਦੀ- ਪੁਸ਼ਤੀ ਮਾਣ ਹੈ ਜਿਸ ਨੂੰ ਗੱਦੀ ਤੇ ਜੋ ਪਿਤਾ ਪੁਰਖ਼ੀ ਅਪਣਾਂ ਹੱਕ ਜਮਾਉਂਦੇ ਨੇ। ਮਨਿਸਟਰ ਜੀ ਦਾ ਬੱਚਾ ਵੀ ਤਾਂ ਘੱਟ ਨਹੀਂ ਉਹ ਸਿੱਧੇ-ਸੱਾਦੇ ਲੋਕਾਂ ਨੂੰ ਦਬਕਾਉਂਦੇ ਨੇ। ਛਾੱਤੀ ਕਢ ਕੇ ਫਿਰਦੇ ਚਮਚੇ ਲੀਡਰ ਦੇ, ਕਤਲੇਆਮ ਤੇ ਅੱਗਾਂ ਇਹ ਹੀ ਲਉਂਦੇ ਨੇ। ਫਿਰ! ਦੂਜੇ ਪਾਸੇ ਗੱਦੀ ਵੇਖੋ ਬਾਬੇ ਦੀ, ਸੇਵਕ ਨੂੰ ਵੀ ਪੁੱਠਾ- ਪਾਠ ਪੜ੍ਹਾਉਂਦੇ ਨੇ। ਪਰ! ਗੱਦੀ ਦਾ ਹੈ ਮਾਲਕ ਪੁੱਤਰ ਬਾਬੇ ਦਾ ਸੇਵਕ ਤੇ ਵੀ, ਆਪਣਾ ਰੋਹਬ ਰਖਾਉਂਦੇ ਨੇ। ਸ਼ਰਧਾ ਦਾ ਦਸਵੰਧ ਹੈ ਮੌਜ-ਬਹਾਰਾ ਲਈ, ਬੱਕਰੇ ਬੋਹਲ ਦੇ ਰਾਖੇ, ਲੋਕ ਬਿਠਾਉਂਦੇੇ ਨੇ, ਮਿਲ ਕੇ ਕਰਨ ਹਲਾਲ ‘ਤੇ ਝਟਕਾਉਂਦੇ ਵੀ, ਇਹ ਤਾਂ ਹੇਠੋਂ-ਉੱਤੋਂ ਛੁਰੀ ਚਲਾਉਂਦੇ ਨੇ। “ਸੁਹਲ” ਦੋਵੇਂ ਸ਼ਿਕਾਰੀ, ਮਾਲਕ ਤੱਖ਼ਤਾਂ ਦੇ, ਘੁੱਗੀਆਂ ਤੇ ਵੀ ਹੱਥੀਂ ਜਾਲ ਵਿਛਾਉਂਦੇ ਨੇ।

33. ਦੂਰ ਨਹੀਂ ਨਨਕਾਣਾ

ਸੰਗਤੇ ਨਨਕਾਣੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਹੁਣ ਦੂਰ ਨਹੀਂ ਨਨਕਾਣਾ, …………………। ਗੁਰੁ ਨਾਨਕ ਅਵਤਾਰ ਧਾਰਿਆ, ਰਾਇ ਭੋਏ ਤਲਵੰਡੀ। ‘ਸਭੇ ਸਾਂਝੀਵਾਲ ਸਦਾਇਨ’ ਕੀਤੀ ਨਾ ਕੋਈ ਭੰਡੀ। ਮਾਂ ਤ੍ਰਿਪਤਾ ਤੇ ਮਹਿਤਾ ਕਾਲੂ, ਜੀ ਨੂੰ ਸੀਸ ਨਿਵਾਣਾਂ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਗੁਰੁ ਨਾਨਕ ਨੇ ਜਨਮ ਲਿਆ, ਸੰਨ ਚੌਦਾਂ ਸੌ ਉੱਨ੍ਹਤਰ। ਕਰਤਾਰਪੁਰ ਜੋਤੀ ਜੋਤ ਸਮਾਏ, ਕਰਕੇ ਉਮਰਾਂ ਸੱਤਰ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਸਭ ਨੂੰ ਸ਼ਬਦ ਸੁਨਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਬਾਬਾ ਨਾਨਕ ਪ੍ਰਗਟਿਆ, ਦੁਨੀਆਂ ਦਾ ਸਤਿਕਰਤਾਰ। ‘ਏਕ ਨੂਰ ਤੇ ਸਭੁ ਜਗੁ ਉੁਪਜਿਆ’ ਬੋਲੋ ੴ ਕਾਰ। ਬਾਣੀ ਪੜ੍ਹਦੇ- ਪੜ੍ਹਦੇ ਸਭ ਨੇ, ਨਾਨਕ ਨਾਮ ਧਿਆਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਕਰਤਾਰਪੁਰ ਦਾ ਖੁਲ੍ਹਾ ਲਾਂਘਾ, ਸੰਗਤਾਂ ਦਰਸ਼ਨ ਕਰਨੇ। ਅਸੀਂ ਮੱਥਾ ਟੇਕਣ ਜਾਣਾ ਜਿੱਥੇ, ਨਾਨਕ ਜੀ ਦੇ ਘਰ ਨੇ। ਨਨਕਾਣੇ ਸਾਹਿਬ ਸੰਗਤਾਂ ਲੰਗਰ, ਛੱਕਣਾ ਅਤੇ ਛੱਕਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ‘ਆਪੇ ਬੀਜਿ ਆਪੇ ਹੀ ਖਾਹੁ’ ਗੁਰੂ ਨਾਨਕ ਦੇ ਗੁਣ ਗਾਉ ਕ੍ਰਿਤ ਕਮਾਈ ਕਰਕੇ ਲੋਕੋ “ਮੰਨ ਚਿੰਦਿਆ ਫਲੁ” ਪਾਉ। “ਸੁਹਲ” ਨਸ਼ਹਿਰੇ ਵਾਲੇ ਨੇ ਵੀ, ਸੰਗਤ ਦੇ ਨਾਲ ਜਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਆਉ ਸੰਗਤੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੁਰ ਨਹੀਂ ਨਨਕਾਣਾ, ਹੁਣ……………… ।

34. ਦੋਸ਼ੀ

ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ ਦੋਸ਼ ਦਿਉ ਨਾ ਹੋਰਾਂ ਨੂੰ। ਨੇਤਾ ਜੀ ਵੀ ਬੱਚ ਨਹੀਂ ਸਕਦੇ ਮੋਰ ਜੇ ਪੈ ਗਏ ਚੋਰਾਂ ਨੂੰ। ਜਨਤਾ ਨੇ ਜੋ ਮਾਣ ਬਖ਼ਸ਼ਿਆ ਉਸ ਤੇ ਕੁਝ ਵਿਚਾਰ ਕਰੋ। ਸਭ ਲੋਕੀਂ ਸਤਿਕਾਰ ਨੇ ਕਰਦੇ ਤੁਸੀਂ ਵੀ ਤਾਂ ਸਤਿਕਾਰ ਕਰੋ। ਇਹ ਗੱਲ ਮੈਂ, ਸਚੋ-ਸੱਚ ਸੁਣਾਈ ਹੁਣ ਤੂੰ ਪੁੱਛ ਲੈ ਹੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ਜੇ ਮਾਣ ਕਰੋ, ਸਨਮਾਨ ਮਿਲੇਗਾ ਗੁਰੁ-ਪੀਰਾਂ ਫ਼ੁਰਮਾਇਆ। ਕੋਈ ਵੀ ਕਿਸੇ ਦਾ ਹੱਕ ਨਾ ਖਾਵੇ ਦੁਨੀਆਂ ਨੂੰ ਸਮਝਾਇਆ। ਤੂੰ ਫ਼ੁੱਲਾਂ ਦੀ ਖ਼ੁਸ਼ਬੋਈ ਨੂੰ ਛਡ ਕੇ ਕਿਉਂ ਗਲ ਲਾਵੇਂ ਥੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ਹੁਣ ਕਰੀਂ ਭਲਾ ਤੂੰ ਸਭ ਲੋਕਾਂ ਦਾ ਲਾਲਚ ਦੇ ਵਿਚ ਆਵੀਂ ਨਾ। ਵੇਲਾ ਲੰਘਿਆ ਹੱਥ ਨਹੀਂ ਆਉਣਾ ਫਿਰ ਸੱਜਣਾਂ ਪਛਤਾਵੀਂ ਨਾ। ਹੁਣ ਸਿੱਧੇ ਰਾਹ ‘ਤੇ ਤੁਰਿਆ ਚੱਲ ਤੂੰ ਛੱਡ ਦੇ ਮਤਲਬਖ਼ੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ਤੱਕ ਲਉ ਜੇ ਆਪਣਾ ਪਰਛਾਵਾਂ ਲੋਕੀਂ ਕਰਨਗੇ ਹੱਥੀ ਛਾਵਾਂ। ਗਰੀਬ ਕੋਈ ਆਪਣਾਂ ਦੁੱਖ਼ ਸੁਣਾਵੇਂ ਉਹਨੰ੍ਹੂ ਆਪਣਾ ਦੇ ਸਿਰਨਾਵਾਂ। ਤੁਸੀਂ ਲੋਕਾਂ ਦੇ ਜੇ ਕੰਮ ਨਹੀਂ ਕਰਨੇ ਕੀ ਕਰਨਾਂ ਅਸੀਂ ਟੌਹਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ, ਦੋਸ਼ ਦਿਉ ਨਾ ਹੋਰਾਂ ਨੂੰ। ‘ਸੁਹਲ’ ਸਾਧਾਂ ਨੇ ਡੇਰਿਆਂ ਅੰਦਰ ਬੰਬ-ਬੰਦੂਕਾਂ ਤੇ ਰਖੇ ਖ਼ੰਜਰ। ਅੱਜ ਵੇਖੋ, ਤੁਸੀਂ ਬਨਾਉਟੀ ਬਾਬੇ ਪਹਿਰੇਦਾਰ ਵੀ ਰਖੇ ਅੰਦਰ। ਲੀਡਰ ਤੇ ਬਾਬੇ , ਹੁਣ ਪਰਖੇ ਜਾਣੇਂ, ਜੋ ਖਾਂਦੇ ਰਹੇ ਕਮਜੋਰਾਂ ਨੂੰ। ਤੂੰ ਵੀ ਦੋਸ਼ੀ ਤੇ ਮੈਂ ਵੀ ਦੋਸ਼ੀ ਦੋਸ਼ ਦਿਉ ਨਾ ਹੋਰਾਂ ਨੂੰ। ਨੇਤਾ ਜੀ ਵੀ ਬੱਚ ਨਹੀਂ ਸਕਦੇ ਮੋਰ ਜੇ ਪੈ ਗਏ ਚੋਰਾਂ ਨੂੰ।

35. ਗ਼ਜ਼ਲ-ਸੱਜਣ, ਮਿੱਤਰ, ਰਿਸ਼ਤੇਦਾਰ

ਸੱਜਣ, ਮਿੱਤਰ, ਰਿਸ਼ਤੇਦਾਰ । ਯਾਰ ਮਾਰ ਕਈ ਕਰਦੇ ਯਾਰ। ਸਿਰ ਤੋਂ ਪਾਣੀ ਲੰਘਣ ਲਗਾ, ਆਉ ਕਰੀਏ ਸੋਚ ਵੀਚਾਰ। ਆਪਣਾ ਬਣਦਾ ਟਾਂਵਾਂ ਟਾਂਵਾਂ, ਯਾਰ ਹੁੰਦੇ ਨੇ ਬੇ-ਸ਼ੁਮਾਰ। ਸਿਫ਼ਤਾਂ ਦੇ ਪੁਲ ਬੰਨ੍ਹੀ ਜਾਂਦੇ, ਭਾਵੇਂ ਡੋਬਣ ਅੱਧ-ਵਿਚਕਾਰ। ਚੁੱਲ੍ਹੇ ਅੱਡੋ-ਅੱਡੀ ਹੋ ਜਾਣ, ਇਕ ਦੂਜੇ ਤੋਂ ਖਾਂਦੇ ਖ਼ਾਰ। ਭੁੱਲਾ-ਚੁੱਕਾ ਆਏ ਪ੍ਰਾਹੁਣਾ, ਹੋ ਜਾਏ ਇਕ ਸੌ ਚਾਰ ਬੁਖ਼ਾਰ। ਦੋਸ਼ ਕਿਸੇ ਨੂੰ ਕੀ ਹੈ ਦੇਣਾ, ਪਹਿਲੋਂ ਆਪਣਾ ਆਪ ਸੁਆਰ।

36. ਜ਼ਿੰਦਗ਼ੀ ਦਾ ਸਫਰ

ਜ਼ਿੰਦਗ਼ੀ ਦੇ ਸਫਰ ਨੂੰ ਕਿਵੇਂ ਸੁਣਾਵਾਂ ਦੋਸਤੋ। ਮੇਰੇ ਸੰਗ ਜੋ ਬੀੱਤੀਆਂ ਕਿਵੇਂ ਲੁਕਾਵਾਂ ਦੋਸਤੋ। ਸੰਗਰਸ਼ ਦੇ ਰਾਹ ਤੇ ਉਮਰ ਸਾਰੀ ਤੁਰਨਾ ਪਿਆ ਹੁੰਦੀ ਰਹੀ ਸੀ ਚਰਚਾ ਗਲੀਆਂ ਗਰਾਵਾਂ ਦੋਸਤੋ। ਜ਼ਿੰਦਗ਼ੀ ‘ਚ ਮਿਲਿਆ ਨਾ ਕੋਈ ਰਾਹ ਦਸੇਰਾ ਹੱਥ ਰਖ ਕੇ ਵੀ ਕਿਸ ਨੂੰ ਦੇਵਾਂ ਦੁਆਵਾਂ ਦੋਸਤੋ। ਜ਼ਿੰਦਗ਼ੀ ਵਿਚ ਰਹੀਆਂ ਮਿਹਨਤਾਂ -ਮਜ਼ਬੂਰੀਆਂ ਇਨਕਲਾਬ ਦੇ ਨਾਹਰੇ ਨੂੰ ਕਿਵੇਂ ਛੁਪਾਵਾਂ ਦੋਸਤੋ। ਰੋਟੀ ਰੋਜੀ ਵਾਸਤੇ ਪੱਥਰਾਂ ਨੂੰ ਸੀਨੇ ਲਾ ਲਿਆ ਦਰਦ ਆਪਣੇ ਦਿਲ ਦਾ ਕਿਸਨੂੰ ਵਿਖਾਵਾਂ ਦੋਸਤੋ ਝੱਖੜਾਂ-ਤੂਫ਼ਾਨਾਂ ਸੰਗ ਵੀ, ਯਾਰੀ ਲਗਾਈ ਹੱਸ ਕੇ ਪਰ! ਆਪਣੇ ਸਿੱਦਕ ਨੂੰ, ਕਿਵੇਂ ਹਰਾਵਾਂ ਦੋਸਤੋ। ਹਿਮਤਾਂ ਤੋਂ ਜਾਚ ਸਿੱਖੀ, ਜ਼ਿੰਦਗ਼ੀ ਜੀਊਣ ਦੀ ਕਿਉਂ ਫਿਰ ਜ਼ਿੰਦਗ਼ੀ ਦੀ ਕਸਮ ਖਾਵਾਂ ਦੋਸਤੋ। ‘ਸੁਹਲ’ ਦੀ ਮਲਕੀਅਤ ਹੈ, ਬੱਸ!ਇਹੋ ਜ਼ਿੰਦਗ਼ੀ ਸਬਰ ਤੇ ਵਿਸ਼ਵਾਸ ਦੇ ਹੀ, ਗੀਤ ਗਾਵਾਂ ਦੋਸਤੋ।

37. ਆਪਣੀ ਮੰਜ਼ਿਲ ‘ਤੇ

ਮੈਂ ਆਪਣੀ ਮੰਜ਼ਿਲ ਤੇ ਚੱਲਦਾ ਰਿਹਾ ਹਾਂ। ਦੁੱਖ ਸੁੱਖ ਸਾਰੇ ਹੀ ਝੱਲਦਾ ਰਿਹਾ ਹਾਂ। ਮਿਹਨਤ, ਮਜ਼ੂਰੀ ਜਾਂ ਮਿਲ ਜਾਏ ਦਿਹਾੜੀ ਬੱਚਿਆਂ ਦੀ ਖਾਤਰ ਕਰਦਾ ਰਿਹਾ ਹਾਂ। ਕਾਮੇਂ ਦੀ ਮਿਹਨਤ ਨੂੰ ਭੁੱਲ ਜਾਂਦੇ ਲੋਕੀਂ ਮੈਂ ਏਸੇ ਹੀ ਦੁੱਖ ਵਿਚ ਮਰਦਾ ਰਿਹਾ ਹਾਂ। ਅਮੀਰਾਂ ਦੀ ਹਰ ਦਿਨ ਵਿਸਾਖੀ ਦੀਵਾਲੀ ਹਨੇਰੇ ‘ਚ ਹੌਕੇ ਮੈਂ ਭਰਦਾ ਰਿਹਾ ਹਾਂ। “ਸੁਹਲ” ਜੋ ਲੜਦੇ ਨੇ ਹੱਕਾਂ ਦੀ ਖਾਤਰ ਕੋਰੇ ਕੱਕਰ ‘ਚ ਉਨ੍ਹਾਂ ਸੰਗ ਠਰਦਾ ਰਿਹਾ ਹਾਂ।

38. ਬਚ ਕੇ ਰਹਿ ਯਾਰਾ

ਭੈੜਾ ਬੜਾ ਜਮਾਨਾ ਬਚ ਕੇ ਰਹਿ ਯਾਰਾ। ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ। ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ ਟਿੰਡ ‘ਚ ਪਉਂਦੇ ਕਾਨਾਂ, ਬਚ ਕੇ ਰਹਿ ਯਾਰਾ। ਸ਼ਰੀਫ਼ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ ਫਿਰ ਪਉਂਦੇ ਚੋਗਾ-ਦਾਣਾ, ਬਚਕੇ ਰਹਿ ਯਾਰਾ। ਲੂੰਬੜ ਚਾਲਾਂ ਖੇਡ ਰਹੇ ਨੇ ਰਾਣੀ ਖ਼ਾਂ ਦੇ ਸਾਲੇ ਖਰਾਬ ਕਰਨਗੇ ਖਾਨਾਂ, ਬਚ ਕੇ ਰਹਿ ਯਾਰਾ। ਮੋਮੋ-ਠੱਗਣੀਆਂ ਕਰ ਗਲਾਂ, ਵੈਰ ਪੁਆਉਂਦੇ ਨੇ ਅੱਗ ਲਉਣੀ ਖੱਬੀਖਾਨਾਂ, ਬਚ ਕੇ ਰਹਿ ਯਾਰਾ। “ਸੁਹਲ” ਉਹ ਗੰਦੇ ਬੰਦੇ ਜੋ ਕਰਦੇ ਦੰਗੇ ਨੇ, ਨਿਭਾਉਂਦੇ ਨਹੀਂ ਯਰਾਨਾ, ਬਚ ਕੇ ਰਹਿ ਯਾਰਾ।

39. ਬਚਾ ਕੇ ਰਖੀਂ

ਧੁਰ ਅੰਦਰੋਂ ਰਚਨਾਵਾਂ ਲਿਖੀਆਂ, ਦਿਲ ਦੇ ਵਿਚ ਟਿਕਾ ਕੇ ਰਖੀਂ। ਐਵੇਂ ਨਾ ਕਿਤੇ ਗੁੱਮ ਹੋ ਜਾਵਣ, ਪੜ੍ਹ ਕੇ ਅਤੇ ਸੁਣਾ ਕੇ ਰਖੀਂ। ਇਹ ਤੇਰਾ ਅਨਮੋਲ ਖ਼ਜ਼ਾਨਾ ਵੇਖੀਂ ਕਿਧਰੇ ਗੁੰਮ ਨਾ ਜਾਵੇ, ਕੀੜ-ਪਤੰਗੇ ਖਾ ਨਾ ਜਾਵਣ ਚੰਗੀ ਤਰ੍ਹਾਂ ਬਚਾ ਕੇ ਰਖੀਂ। ਚੰਗੀਆਂ ਲਿਖਤਾਂ ਪੜ੍ਹਕੇ ਲੋਕੀਂ ਚੰਗੇ ਵੀ ਤਾਂ ਬਣ ਸਕਦੇ ਨੇ, ਤੂੰ ਸੁਤੇ ਹੋਇਆਂ ਲੋਕਾਂ ਤਾਈਂ ਕਵਿਤਾ ਪੜ੍ਹੀਂ, ਜਗਾ ਕੇ ਰਖੀਂ। ਕਲਮ ਤੇਰੀ ਨੇ ਸ਼ਬਦ ਲਿਖੇ ਜੋ ਪੜ੍ਹ ਕੇ ਲੋਕੀਂ ਕਰਨ ਵਿਚਾਰਾਂ, ਵੇਖੀਂ ਜੇ ਤੂੰ ਮਾੜਾ ਲਿਖਿਆ ਤਾਂ ਫਿਰ ਨਜ਼ਰ ਝੁਕਾ ਕੇ ਰਖੀਂ। ਕੱਚੀਆਂ ਸੋਚਾਂ, ਫੋਕੀਆਂ ਲਿਖਤਾਂ, ਐਸੀਆਂ ਲਿਖਤਾ ਦਾ ਕੀ ਲਿਖਣਾ ਆਪਣੇ ਹਰ ਇਕ ਅੱਖ਼ਰ ਤਾਈਂ ਚੰਗੀ ਤਰਾਂ ਪਕਾਕੇ ਰਖੀਂ। ਸੱਚੀਆਂ ਸੁੱਚੀਆਂ ਲਿਖਤਾਂ ਲਿਖ, ਮਾਨਵਤਾ ਦਾ ਕੱਦ ਵਧਾਈਂ, ਸ਼ੋਹਰਤ ਬਦਲੇ ਵਿਕ ਨਾ ਜਾਵੀਂ ਆਪਣਾ ਦਿਲ ਸਮਝਾ ਕੇ ਰਖੀਂ। ਥੋੜੇ ਵਿਚ ਗੁਜ਼ਾਰਾ ਕਰ ਲਈਂ ਮੰਨ ਦੀ ਭਟਕਣ ਛਡ ਕੇ ਰਖੀਂ, ਅੱਰਥ ਬੜੇ ਨੇ ਛੋਟੀ ਗਲ ਦੇ ਬਹੁਤੀ ਨਾ ਲਮਕਾ ਕੇ ਰਖੀਂ। ਬਈਮਾਨ ਤੇ ਚੁਗਲਖ਼ੋਰ ਨੂੰ ਵੇਖੀਂ ਕਿਧਰੇ ਮੂੰਹ ਨਾ ਲਾਵੀਂ ਅਕ੍ਰਿਤਘਣ ਜਿਹੇ ਬੰਦੇ ਤਾਈਂ ਥੋੜਾ ਕੁ ਧੱਮਕਾ ਕੇ ਰਖੀਂ। ਸੁੱਤੇ ਨੇ ਜੋ ਕਲਮਾਂ ਵਾਲੇ ਨੀਂਦ ਉਨ੍ਹਾਂ ਦੀ ਖੋ੍ਹਲ ਜ਼ਰਾ ਤੂੰ, ਗੀਤ ਲਿਖੇ ਜੋ ਲੱਚਰਤਾ ਦੇ ਉਹਨਾਂ ਨੂੰ ਸਮਝਾ ਕੇ ਰਖੀਂ। ਗੀਤ, ਗ਼ਜ਼ਲ, ਕਵਿਤਾਵਾਂ ਲਿਖ “ਸੁਹਲ” ਨੇਕ ਸਲ੍ਹਾਵਾਂ ਲਿਖ, ਸ਼ਬਦਾਂ ਦੀ ਟਕਸਾਲ ਦੇ ਉਤੇ ਹਰ ਸ਼ਿਅਰ ਟੁਣਕਾ ਕੇ ਰਖੀਂ।

40. ਬਦੀ ਦਾ ਰਾਵਣ

ਬਦੀ ਦੇ ਦਰਵਾਜੇ ਅੱਜ ਵੀ ਖੁੱਲ੍ਹੇ ਨੇ। ਪੜ੍ਹ ਕੇ ਵੇਦ-ਗਰੰਥਾਂ ਨੂੰ ਵੀ ਭੁੱਲੇ ਨੇ। ਜਨਤਾ ਅਤੇ ਹਕੂਮਤ ਵਿਚ ਵੀ ਪਾੜਾ ਹੈ ਰਾਵਣ ਦੇ ਤਾਂ , ਹੁਣ ਵੀ ਝੰਡੇ ਝੁੱਲੇ ਨੇ। ਭੁੱਲ ਗਏ ਕੁਰਬਾਨੀ ਯੋਧੇ ਸ਼ੇਰਾਂ ਦੀ ਖ਼ੂਨ ਜਿਨ੍ਹਾਂ ਦੇ ਕੌਮਾਂ ਖਾਤਰ ਡੁੱਲ੍ਹੇ ਨੇ। ਬਦੀ ਦੀ ਅੱਗ ‘ਚ, ਰਾਵਣ ਸੜਿਆ ਸੀ ਭੇਤ ਬਦੀ ਦੇ , ਅਗਨੀ ਅੰਦਰ ਖੁੱਲ੍ਹੇ ਨੇ। “ਸੁਹਲ’ ਠੰਡ ਕਲੇਜੇ ਕਿਹੜਾ ਪਾਵੇਗਾ ਪ੍ਰਵਚਨ ਪਾਖੰਡੀ ਸਾਧਾਂ ਦੇ ਬੇ-ਮੁੱਲੇ ਨੇ।

41. ਚਿੱਟੀ ਚਾਨਣੀ

ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ। ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ। ਆਪਾਂ ਜ਼ਿੰਦਗੀ, ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਕਾਲੀ ਰਾਤ ਮਸਿੱਆ ਦੀ ਕਦੀ ਆਵੇ ਨਾ। ਸੁੱਤੀ ਹਿਜ਼ਰਾਂ ਦੀ ਪੀੜ ਨੂੰ ਜਗਾਵੇ ਨਾ। ਉਹ ਕਿਤੇ ਕਰ ਨਾ ਕਲੇਜਾ ਦੇਵੇ ਛਾਨਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਮੈਂ ਰਾਤੀਂ ਉੱਠ -ਉੱਠ ਲੋ ਵੇਖਾਂ ਚੰਨ ਦੀ। ਯਾਦਾਂ ਵਿਚ ਅੰਗੜਾਈਆਂ ਰਵਾਂ ਭੰਨਦੀ। ਉੱਭੇ-ਉੱਭੇ ਸਾਹਾਂ ਜਿੰਦ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। “ਸੁਹਲ’ ਬੱਦਲਾਂ ਦੇ ਉਹਲੇ ਚੰਨ ਹੋਵੇ ਨਾ। ਅੱਖਾਂ ਭਰ-ਭਰ ਯਾਦਾਂ ‘ਚ ਕੋਈ ਰੋਵੇ ਨਾ। ਹੌਕਿਆਂ ਦੀ ਅੱਗ ਨਹੀਂ ਬਾਲਣੀ ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ।

42. ਏਧਰ ਵੀ ਤੇ ਓਧਰ ਵੀ

ਧੀਆਂ ਆਪਣਾ ਫ਼ਰਜ ਨਿਭਾਵਣ, ਏਧਰ ਵੀ ਤੇ ਓਧਰ ਵੀ। ਕਿਉਂ ਨਾ ਸਾਰੇ ਖ਼ੁਸ਼ੀ ਮਨਾਵਣ, ਏਧਰ ਵੀ ਤੇ ਓਧਰ ਵੀ। ਮਾਂ ਬਾਪ ਤੇ ਭੈਣ ਭਰਾ, ਰੱਜ ਕੇ ਤੈਨੂੰ ਕਰਨ ਪਿਆਰ। ਉਹ ਤੈਥੋਂ ਸਦਕੇ-ਵਾਰੀ ਜਾਵਣ, ਏਧਰ ਵੀ ਤੇ ਓਧਰ ਵੀ। ਆਪਣੇ ਪੁਰਖ਼ਾਂ ਦੇ ਸੰਦੇਸ਼, ਦਿਲ ‘ਚ ਬੀਬਾ!ਸਾਂਭ ਕੇ ਰਖੀਂ। ਫਿਰ ਠੰਡ੍ਹੀ ਵਾ ਦੇ ਬੁੱਲੇ ਆਵਣ, ਏਧਰ ਵੀ ਤੇ ਓਧਰ ਵੀ। ਧੀਏ ਸਾਡੀਆਂ ਏਹੋ ਰੀਝਾਂ, ਜਿਥੇ ਜਾਵੀਂ ਮਾਣ ਵਧਾਵੀਂ। ਵਰ੍ਹਦਾ ਰਹੇ ਸੁੱਖਾਂ ਦਾ ਸਾਵਣ, ਏਧਰ ਵੀ ਤੇ ਓਧਰ ਵੀ। ਸੌ-ਹੱਥ ਰੱਸਾ, ਗੰਢ ਸਿਰੇ ਤੇ ਵੇਖੀਂ ਕਿਧਰੇ ਖੁਲ੍ਹ ਨਾ ਜਾਵੇ। “ਸੁਹਲ” ਤੇਰੇ ਸੋਹਲੇ ਗਾਵਣ, ਏਧਰ ਵੀ ਤੇ ਓਧਰ ਵੀ। ਧੀਆਂ ਆਪਣਾ ਫ਼ਰਜ ਨਿਭਾਵਣ ਏਧਰ ਵੀ ਤੇ ਓਧਰ ਵੀ।

43. ਇਲੈਕਸ਼ਨ

ਇਲੈਕਸ਼ਨ ਆਈ ਤਾਂ ਖੁੰਬਾਂ ਵਾਂਗਰ , ਉੱਗ ਪਏ ਮੇਰੇ ਪਿਆਰੇ ਨੇਤਾ। ਕਾਰਾਂ ਦੇ ਨਾਲ ਬੰਨ੍ਹ ਕੇ ਝੰਡੀਆਂ , ਹੁਣ ਫਿਰਦੇ, ਮਾਰੇ - ਮਾਰੇ ਨੇਤਾ। ਹਰ ਗਲੀ ਹਰ ਮੋੜ ਦੇ ਉਤੇ , ਥਾਂ - ਥਾਂ ਲੱਗੇ ਇਸ਼ਤਿਹਾਰ । ਲੋਹੜੀ ਅਤੇ ਵਿਸਾਖੀ ਲੰਘੀ , ਆਇਆ ਵੋਟਾਂ ਦਾ ਤਿਉਹਾਰ। ਜਿੱਧਰ ਵੇਖੋ , ਤਾਂ ਓਧਰ ਲੱਭੇ , ਸੱਭ ਸੜਕਾਂ 'ਤੇ ਉੱਡਦੀ ਧੂੜ । ਪਤਾ ਨਹੀਂ, ਇਸ ਦੌੜ ਦੇ ਅੰਦਰ , ਵਢ੍ਹਿਆ ਜਾਣਾਂ ਕਿਸ ਦਾ ਜੂੜ। ਸੋਚਾਂ ਦੇ ਵਿਚ ਡੁੱਬਾ ਰਹਿੰਦਾ , ਸੌਣਾ ਵੀ ਹੋ ਗਿਆ ਹਰਾਮ । ਸੁੱਤਾ ਪਿਆ ਵੀ ਬੋਲੀ ਜਾਵੇ , ਸਤਿ ਸ੍ਰੀ ਆਕਾਲ , ਜੈ-ਜੈ ਰਾਮ । ਨੇਤਾ ਜੀ ਦੇ ਚਮਚੇ - ਕੱੜਛੇ , ਉੱਚੀ - ਉੱਚੀ ਲਉਂਦੇ ਨਾਹਰੇ । ਗੱਭਰੂ , ਬੁੱਢੇ ਤੇ ਮੁਟਿਆਰਾਂ , ਵਿਚੇ ਫਿਰਦੇ ਛੱੜੇ ਕੁਆਰੇ । ਲਾੜੇ ਵਾਂਗਰ ਸੱਜਿਆ ਹੋਇਆ , ਗਲ ਵਿਚ ਹਾਰ ਪਵਾਈ ਜਾਂਦਾ । ਸ਼ਹਿਰਾਂ ਵਾਂਗਰ ਪਿੰਡ ਹੋਣਗੇ , ਸਭ ਨੂੰ ਲਾਰੇ ਲਾਈ ਜਾਂਦਾ । ਸਵਾਹ ਦਾ ਇਹਨੇ ਸਵਰਗ ਬਣਾਉਣਾ! ਗਰਾਂਟਾਂ ਪਹਿਲਾਂ ਰੱਜ ਕੇ ਖਾਊ । ਚੰਡੀਗੜ 'ਚ ਮਿਲ ਜਾਊ ਕੋਠੀ , ਪਿੰਡਾਂ ਵਿਚ ਕੀ ਮਿਲਣਾਂ ਭਾਊ? ਨੌਕਰ - ਚਾੱਕਰ ਅੱਗੇ - ਪਿੱਛੇ , ਤੇ ਅਫਸਰ ਮਾਰਨ ਪਏ ਸਲੂਟ। ਪਾਉਂਦਾ ਸੀ ਉਹ ਦੇਸੀ ਜੁੱਤੀ , ਪਰ!ਅੱਜ ਉਸ ਦੇ ਲਿਸ਼ਕਣ ਬੂਟ । ਚਿੱਟੀ ਕਾਰ ਤੇ ਬਾਣਾਂ ਚਿੱਟਾ , ਕਾਰ ਦੇ ਉੇੱਤੇ ਬੱਤੀ ਲਾਲ । ਸਿਰ ਉਹਦਾ ਸੀ ਚਿੱਟਾ ਝਾਟਾ , ਵੇਖੋ ਉੱਗ ਪਏ ਕਾਲੇ ਵਾਲ । ਆਪ ਤਾਂ ਦਸਵੀਂ ਫੇਲ੍ਹ ਸੁਣੀਂਦਾ, ਰੋਹਬ ਉਸਦਾ ਜਿਉਂ ਹੈ ਬੀ. ਏ। ਚਿੱਠੀ-ਪੱਤਰ ਸਮਝ ਨਾ ਆਵੇ, ਜੋ ਕੁਝ ਕਰਦਾ ਸੋ ਕਰਦੈ ਪੀ. ਏ। ਖ਼ੁੱਦਗ਼ਰਜ਼ ਜਿਹੇ ਲੀਡਰ ਬਾਝੋਂ, ਕੀ ਥੁੜਿਆ ਹੈ ? ਮੇਰੇ ਯਾਰ । ਇਹੋ ਜਿਹੇ ਮਲਾਹ ਦੇ ਹੱਥੋਂ , ਨਹੀਂ ਜੇ ਹੋਣਾਂ ਬੇੜਾ ਪਾਰ । ਅੰਨ੍ਹਾਂ - ਬੋਲਾ ਹੋ ਕੇ ਵੋਟਰ , ਉਂਗਲੀ ਫੜ ਕੇ ਤੁਰਿਆ ਜਾਵੇ। ਭਾਵੇਂ ਅੱਗੋਂ ਧੱਕੇ ਪੈ ਜਾਣ , ਤਾਂ ਵੀ ਉਹਨੂੰ ਸ਼ਰਮ ਨਾ ਆਵੇ। ਇਹ ਮੇਲਾ ਮੁੜ ਪੰਜੀਂ ਸਾਲੀਂ , ਹਰ ਗਲੀ ਹਰ ਮੋੜ ਤੇ ਲੱਗੂ। ਚੌਂਕ , ਬਜ਼ਾਰਾਂ ਦੇ ਵਿਚ ਵੇਖੀਂ , ਫਿਰ ਨੱਚੇਗਾ, ਉਹ ਜੱਗੂ ਫੱਗੂ। ਹੱਥ ਜੋੜ ਮਲਕੀਅਤ ਕਹਿੰਦਾ , ਇਨ੍ਹਾਂ ਤੋਂ ਕੋਈ ਜਾਨ ਛੁਡਾਵੇ । ਕੋਈ ਧੋਖ਼ੇਬਾਝ ਫਰੇਬੀ ਲੀਡਰ , ਨਾ ਕੋਈ "ਸੁਹਲ" ਦੇ ਵਿਹੜੇ ਆਵੇ।

44. ਦੂਰ ਨਹੀਂ ਨਨਕਾਣਾ

ਸੰਗਤੇ ਨਨਕਾਣੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਹੁਣ ਦੂਰ ਨਹੀਂ ਨਨਕਾਣਾ, …………………। ਗੁਰੁ ਨਾਨਕ ਅਵਤਾਰ ਧਾਰਿਆ, ਰਾਇ ਭੋਏ ਤਲਵੰਡੀ। ‘ਸਭੇ ਸਾਂਝੀਵਾਲ ਸਦਾਇਨ’ ਕੀਤੀ ਨਾ ਕੋਈ ਭੰਡੀ। ਮਾਂ ਤ੍ਰਿਪਤਾ ਤੇ ਮਹਿਤਾ ਕਾਲੂ, ਜੀ ਨੂੰ ਸੀਸ ਨਿਵਾਣਾਂ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਗੁਰੁ ਨਾਨਕ ਨੇ ਜਨਮ ਲਿਆ, ਸੰਨ ਚੌਦਾਂ ਸੌ ਉੱਨ੍ਹਤਰ। ਕਰਤਾਰਪੁਰ ਜੋਤੀ ਜੋਤ ਸਮਾਏ, ਕਰਕੇ ਉਮਰਾਂ ਸੱਤਰ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਸਭ ਨੂੰ ਸ਼ਬਦ ਸੁਨਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਬਾਬਾ ਨਾਨਕ ਪ੍ਰਗਟਿਆ, ਦੁਨੀਆਂ ਦਾ ਸਤਿਕਰਤਾਰ। ‘ਏਕ ਨੂਰ ਤੇ ਸਭੁ ਜਗੁ ਉੁਪਜਿਆ’ ਬੋਲੋ ਫ਼ਲਟ; ਕਾਰ। ਬਾਣੀ ਪੜ੍ਹਦੇ- ਪੜ੍ਹਦੇ ਸਭ ਨੇ, ਨਾਨਕ ਨਾਮ ਧਿਆਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਕਰਤਾਰਪੁਰ ਦਾ ਖੁਲ੍ਹਾ ਲਾਂਘਾ, ਸੰਗਤਾਂ ਦਰਸ਼ਨ ਕਰਨੇ। ਅਸੀਂ ਮੱਥਾ ਟੇਕਣ ਜਾਣਾ ਜਿੱਥੇ, ਨਾਨਕ ਜੀ ਦੇ ਘਰ ਨੇ। ਨਨਕਾਣੇ ਸਾਹਿਬ ਸੰਗਤਾਂ ਲੰਗਰ, ਛੱਕਣਾ ਅਤੇ ਛੱਕਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ‘ਆਪੇ ਬੀਜਿ ਆਪੇ ਹੀ ਖਾਹੁ’ਗੁਰੂ ਨਾਨਕ ਦੇ ਗੁਣ ਗਾਉ ਕ੍ਰਿਤ ਕਮਾਈ ਕਰਕੇ ਲੋਕੋ “ਮੰਨ ਚਿੰਦਿਆ ਫਲੁ”ਪਾਉ। “ਸੁਹਲ” ਨਸ਼ਹਿਰੇ ਵਾਲੇ ਨੇ ਵੀ, ਸੰਗਤ ਦੇ ਨਾਲ ਜਾਣਾ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ। ਆਉ ਸੰਗਤੇ ਚਲੀਏ, ਹੁਣ ਦੂਰ ਨਹੀਂ ਨਨਕਾਣਾ, ਕੋਈ ਦੂਰ ਨਹੀਂ ਨਨਕਾਣਾ, ਹੁਣ……………… ।

45. ਗੁਰੁ ਦੇ ਲਾਲਾਂ

ਸਮਝ ਕੋਈ ਨਾ ਆਈ, ਗੁਰਾਂ ਦੇ ਲਾਲਾਂ ਦੀ। ਪੋਹ ਮਹੀਨਾ ਠੰਡ ਕਹਿਰ ਦੀ। ਸਾਖ਼ੀ ਹੈ ਸਰਹਿੰਦ ਸ਼ਹਿਰ ਦੀ। ਪ੍ਰਵਾਰ ਵਿਛੋਵਾ ਪੈ ਗਿਆ ਜਦ, ਕੈਸੀ ਬਣਤ ਬਣਾਈ, ਗੁਰਾਂ ਦੇ ਲਾਲਾਂ ਦੀ। ਠੰਡਾ ਬੁਰਜ ਬੜਾ ਸੀ ਉੱਚਾ। ਸਤਿਗੁਰਾਂ ਦਾ ਨਾਂ ਵੀ ਸੁੱਚਾ। ਪਿਤਾ ਗੋਬਿੰਦ ਸਿੰਘ ਤੇ ਵੀਰੇ, ਪੈ ਗਈ ਜਦੋਂ ਜੁਦਾਈ, ਗੁਰਾਂ ਦੇ ਲਾਲਾਂ ਦੀ। ਕੀ ਪਤਾ, ਕੀ ਆਫ਼ਤ ਗੁਜਰੀ। ਨਾਲ ਉਨ੍ਹਾਂ ਦੇ ਦਾਦੀ ਗੁਜਰੀ। ਸਾਖੀਆਂ ਦਾਦੀ ਪਈ ਸੁਣਾਵੇ, ਪੋਤੇ ਗੋਦੀ ਵਿਚ ਬਿਠਾਈ ਗੁਰਾਂ ਦੇ ਲਾਲਾਂ ਦੀ। ਜੋਰਾਵਰ ਸਿੰਘ ਨੌਂ ਸਾਲਾਂ ਦੇ। ਫ਼ਤਹਿ ਸਿੰਘ ਜੋ ਸੱਤ ਸਾਲਾਂ ਦੇ ‘ਸੁਹਲ’ ਦਾਦੀ-ਪੋਤਰਿਆਂ ਦੀ ਕਿਵੇਂ ਕਰਾਂ ਵਡਿਆਈ, ਗੁਰਾਂ ਦੇ ਲਾਲਾਂ ਦੀ।

46. ਗੰਗੂ ਰਸੋਈਆ

ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਗੁਰਾਂ ਦੇ ਰਸੋਈਏ ਨੇ ਜੋ ਜ਼ੁਲਮ ਕਮਾਇਆ ਸੀ। ਮਾਤਾ ਗੁਜਰੀ ਦੇ ਪੋਤੇ ਸਾਹਿਬਜ਼ਾਦੇ ਗੁਰਾਂ ਦੇ। ਤੋੜ ਨਾ ਨਿਭਾਏ ਗੰਗੂ ਵਾਇਦੇ ਕੀਤੇ ਗੁਰਾਂ ਦੇ। ਰੋਟੀ ਪਾਣੀ, ਲੰਗਰ ‘ਚ ਬੜਾ ਅਜ਼ਮਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਜ਼ੋਰਾਵਰ , ਫ਼ਤਹਿ ਸਿੰਘ ਨਾਲ ਮਾਤਾ ਗੁਜਰੀ ਸੀ। ਗੰਗੂ , ਘਰ ਲੈ ਗਿਆ ਤੇ ਨੀਤ ਉਦ੍ਹੀ ਗੁਜਰੀ ਸੀ। ਗਹਿਣਾ-ਗੱਟਾ, ਧਨ ਸਾਰਾ ਗੰਗੂ ਨੇ ਲੁਕਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਹਨੇਰੇ ਵਿਚ ਉੱਠ ਗੰਗੂ ਪਹੁੰਚਾ ਸੂਬੇਦਾਰ ਕੋਲ। ਗੁਜਰੀ ਤੇ ਸਾਹਿਬਜ਼ਾਦੇ ਅੱਜ ਸੁੱਤੇ ਸੇਵਾਦਾਰ ਕੋਲ। ਦਾਦੀ ਤੇ ਦੋਵੇਂ ਪੋਤੇ ਫੜ ਠੰਡੇਬੁਰਜ ਬਿਠਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਪੋੱਤਿਆਂ ਨੂੰ ਗੋਦੀ ਵਿਚ ਸੁਣਾਉਂਦੀ ਸੀ ਸਾਖ਼ੀਆਂ। ਧਰਮ ਤੋਂ ਨਹੀਂ ਡੋਲਣਾ ਤੇ ਮੰਗਿਉ ਨਾ ਮਾਫ਼ੀਆਂ। ਛਾੱਤੀ ਨਾਲ ਲਾ ਕੇ ਦਾਦੀ ਬੜਾ ਸਮਝਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ। ਮੋਤੀ ਰਾਮ ਮਹਿਰਾ ਵੇਖੋ ਸੇਵਾ ਸੀ ਕਮਾ ਗਿਆ। ਹਨੇਰੀ ਰਾਤ, ਚੋਰੀ ਚੋਰੀ ਦੁੱਧ ਉਹ ਪਿਆ ਗਿਆ। ‘ਸੁਹਲ’ ਮਾਤਾ ਗੁਜਰੀ ਨੇ ਬੜਾ ਦੁੱਖ਼ ਪਾਇਆ ਸੀ, ਗੰਗਾ ਰਾਮ, ਗੰਗੂ ਬੜਾ ਕਹਿਰ ਕਮਾਇਆ ਸੀ।

47. ਗੁਰ ਨਾਨਕ ਪਰਗਟਿਆ

ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਤ੍ਰਿਪਤਾ ਮਾਂ ਨੂੰ ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ ਮੱਥਾ ਟੇਕਣ, ਸੂਰਜ ਰਿਸ਼ਮਾਂ ਪਾਈਆਂ। ਮਹਿਤਾ ਕਾਲੂ ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਦੇਵੀ - ਦੇਵਤਿਆਂ ਸਭ ਮਿਲ ਕੇ, ਰੱਬ ਦਾ ਸ਼ੁਕਰ ਮਨਾਇਆ। ਕੱਤਕ ਦੀ ਪੂਰਨਮਾਸ਼ੀ ਨੂੰ ਫਿਰ, ਸਭ ਨੇ ਸੀਸ ਝੁਕਾਇਆ। ਖ਼ੁਸ਼ੀਆਂ ਵਿਚ ਹੀ ਭੈਣ ਨਾਨਕੀ; ਤੇਲ ਬੂਹੇ ਤੇ ਚੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਉਹ ਸੱਚਾਸੌਦਾ ਕਰਨ ਗਏ ਤਾਂ, ਭੁੱਖਿਆਂ ਤਾਈਂ ਰੱਜਾਇਆ। ਸੱਭ ਤੇਰਾ-ਤੇਰਾ, ਹੀ ਤੋਲਣ ਵਾਲਾ, ਘੱਾਟਾ ਨਜ਼ਰ ਨਾ ਆਇਆ। ਨਾਨਕ ਜਾਣੀ - ਜਾਣ ਗੁਰਾਂ ਨੇ; ਕੁਝ ਨਾ ਆਪ ਲਕੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ‘ਸੁਹਲ’ ਸਿੱਖੀ ਦਾ ਬੂਟਾ ਜੱਗ ਤੇ, ਗੁਰੁ ਨਾਨਕ ਨੇ ਲਾਇਆ। ਊਚ - ਨੀਚ ਦਾ, ਭੇਤ ਮਿਟਾ ਕੇ, ਸਭ ਨੂੰ ਗਲੇ ਲਗਾਇਆ। ਉਨ੍ਹਾਂ ਰੱਥੀਂ ਕਰਕੇ-ਕਿਰਤ ਕਮਾਈ: ਕਰਤਾਰਪੁਰੇ ਹੱਲ ਜੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। (ਵਿਸੇਸ਼- ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ)

48. ਹਿੰਦ ਦੀ ਚਾਦਰ

ਨੌਵੇਂ ਗੁਰੁ ਸਨ, ਤੇਗ ਬਹਾਦਰ। ਬਣ ਗਏ ਜੋ ਹਿੰਦ ਦੀ ਚਾਦਰ। ਚਾਰ ਸੌ ਸਾਲ ਦੀ ਸੁਣੋ ਕਹਾਣੀ ਸ਼ਹੀਦੀ ਗਾਥਾ ਹੈ, ਬੜੀ ਪੁਰਾਣੀ। ਜੋ ਹਰਗੋਬਿੰਦ ਸਾਹਿਬ ਦੇ ਪੁੱਤਰ ਜਿਨ੍ਹਾਂ ਦੇ ਗੋਬਿੰਦ ਸਿੰਘ ਸਪੁੱਤਰ। ਕਸ਼ਮੀਰੀ ਹਿੰਦੂ ਸੀ ਮੁਸਲਮ ਹੋਏ ਹੱਥ ਜੋੜਕੇ ਗੁਰਾਂ ਦੇ ਪਾਸ ਖਲੋਏ। ਅੱਜ ਡੁੱਬਦਾ ਹਿੰਦੂ ਧਰਮ ਬਚਾਉ ਹੁਣ ਸਾਡੇ ਤੇ ਵੀ, ਕਰਮ ਕਮਾਉ। ਹਿੰਦੂ ਧਰਮ ਦੀ ਲਾਜ ਬਚਾਉਣੀ ਔਰੰਗਜੇਬ ਨੂੰ ਗੱਲ ਸਮਝਾਉਣੀ। ਪੰਡਤਾਂ ਨਾਲ ਸੀ ਤੁਰ ਪਏ ਦਿੱਲੀ ਇਹ ਜਬਰ ਵੇਖ ਕੇ ਦਿੱਲੀ ਹਿੱਲੀ। ਹੁਣ ਹਿੰਦੂ ਨਹੀਂ ਬਣਨੇ ਮੁਸਲਮਾਨ ਤੂੰ ਬੇਸ਼ਕ ‘ਰੰਗਿਆ ਕਢ ਲੈ ਜਾਨ। ਔਰੰਗਜੇਬ ਸੀ ਹੁਕਮ ਸੁਣਾਇਆ ਦਿੱਲੀ ਦੇ ਵਿਚ ਸੀਸ ਕਟਾਇਆ। ਚਾਂਦਨੀ ਚੌਕ ਵਿਚ ਹੋਏ ਕੁਰਬਾਨ ਰਹੇਗਾ ਜੱਗ ਤੇ ‘ਸੁਹਲ’ ਨਿਸ਼ਾਨ।

49. ਨਾਨਕ ਦਾ ਉਪਦੇਸ਼

ਗੁਰੁ ਨਾਨਕ ਦਾ ਉਪਦੇਸ਼ ਦੁਨੀਆਂ ਤੇ ਹੈ ਨਿਆਰਾ। ਸੰਦੇਸ਼ ਗੁਰੂ ਦੀ ਬਾਣੀ ਦਾ ਲਗਦਾ ਬੜਾ ਪਿਆਰਾ। ਰੱਬ ਤੋਂ ਸੋਹਣੀ ਤਸਵੀਰ ਜੋ ਸੀ ਨਾਨਕੀ ਦਾ ਵੀਰ। ਮਹਿਤਾ ਕਾਲੂ ਨਾ ਸਮਝੇ ਕਿਉਂ ਰਹਿੰਦਾ ਦਿਲਗ਼ੀਰ। ਤ੍ਰਪਿਤਾ ਮਾਂ ਭੋਲੀ -ਭਾਲੀ ਘਰ ‘ਚ ਰਹੇ ਖੁਸ਼ਹਾਲੀ। ਜੋ ਦਰ ਉਹਦੇ ਆਇਆ ਜਾਵੇ ਨਾ ਕਦੇ ਵੀ ਖਾਲੀ। ਨਾਨਕ ਦੀ ਸੂਰਤ ਸੋਹਣੀ ਲਗੇ ਮੰਨ ਨੂੰ ਮਨਮੋਹਣੀ। ਸੂਰਜ ਦੇ ਵਾਂਗ ਮੁੱਖੜਾ ਕਿਸ ਨਾ ਨਜ਼ਰ ਲਾਉਣੀ। ਜੋ ਸੱਚਾ ਸੀ ਸੌਦਾ ਕਰਦੇ ਭੁੱਖੇ ਦਾ ਢਿੱਡ ਸੀ ਭਰਦੇ। ਬਾਬਰ ਦੀ ਚੱਕੀ ਪੀਂਹਦੇ ਜੁਲਮ ਤੋਂ ਨਾ ਉਹ ਡਰਦੇ। ਮੱਝਾਂ ਸੀ ਚਾਰਨ ਤੁਰਿਆ ਆਪਾ ਸਵਾਰਨ ਤੁਰਿਆ। ਸਤਿਨਾਮ-ਵਾਹਿਗੁਰੂ ਦੀ ਬਾਣੀ ਉਚਾਰਨ ਤੁਰਿਆ। ਵਹਿਮਾਂ-ਭਰਮਾਂ ਤੋਂ ਦੂਰ ਨਾਹੀਂ ਕਰਾਮਾਤ ਮਨਜ਼ੂਰ। ਪੂਰਬ, ਪੱਛਮ, ਉੱਤਰ, ਦੱਖਣ ਪੈਂਡਾ ਕੀਤਾ ਸੀ ਕੋਹਾਂ ਦੂਰ। ਬਾਣੀ ਹੈ ਅਪਰ- ਅਪਾਰ ਮਨੁੱਖਤਾ ਦਾ ਕਰੇ ਸੁਧਾਰ। ਨਾਨਕ ਹੈ ਸੱਚਾ ਅਵਤਾਰ ਜੱਪਦੇ ਰਹੇ ਸਤਿਕਰਤਾਰ। ਕ੍ਰਿਤ ਕਰਨੀ, ਵੰਡ ਛਕਣਾਂ ਪ੍ਰਮੇਸ਼ਰ ਦਾ ਨਾਮ ਜੱਪਣਾ। ਖੇਤੀ ਵੀ ਕਰਦੇ- ਕਰਦੇ ਬਾਣੀ ਨਾ ਪੜ੍ਹਦੇ ਥੱਕਣਾ। ‘ਸੁਹਲ’ਸਭ ਸੀਸ ਝੁਕਾਉ ਗੁਰਬਾਣੀ ਨੂੰ ਮਨ ਵਸਾਉ। ਬਾਣੀ ਨੂੰ ਸਮਝਣ ਖਾਤਰ ਆਪਣਾ ਵੀ ਮਨ ਬਣਾਉ।

50. ਜਦ ਲਾਗੋਂ ਦੀ ਲੰਘੇ

‘ਵਾ ਪੁਰੇ ਦੀ ਗੀਤ ਸੁਣਾਵੇਂ ਜਦ ਲਾਗੋਂ ਦੀ ਲੰਘੇ। ਕੁੜੀ ਕੋਈ ਵੰਗਾਂ ਛਣਕਾਵੇ ਜਦ ਲਾਗੋਂ ਦੀ ਲੰਘੇ। ਉੱਡਦਾ ਪੰਛੀ ਰੰਗ- ਬੇਰੰਗਾ ਚੂੰ- ਚੂੰ ਕਰਕੇ ਬੋਲੇ ਜਿਉਂ ਕਵੀ ਕੋਈ ਗੁਣਗੁਣਾਵੇ ਜਦ ਲਾਗੋਂ ਦੀ ਲੰਘੇ। ਕੂੰਜ ਡਾਰ ਤੋਂ ਵਿੱਛੜੀ ਹੋਈ ਵਾਂਗ ਸ਼ੁਦੈਣਾ ਜਾਪੇ ਚੀਕ-ਚਿਹਾੜਾ ਪਾ ਕੁਰਲਾਵੇ ਜਦ ਲਾਗੋਂ ਦੀ ਲੰਘੇ। ਕੋਈ ਪ੍ਰਦੇਸੀ ਰਾਹੀ ਭੁੱਲਾ, ਜਾਪ ਰਿਹਾ ਉਹ ਪਾਗ਼ਲ ਖਿੱੜ-ਖਿੱੜ ਹੱਸੇ ਅਤੇ ਹੱਸਾਵੇ ਜਦ ਲਾਗੋਂ ਦੀ ਲੰਘੇ। “ਸੁਹਲ”ਵੇਖੇ ਇਸ ਦੁਨੀਆਂ ਤੇ ਬੜੇ ਅਜ਼ਬ ਨਜ਼ਾਰੇ ਸੱਜਣ ਵੀ ਹੁਣ ਪਿੱਠ ਵਿਖਾਵੇ ਜਦ ਲਾਗੋਂ ਦੀ ਲੰਘੇ।

51. ਚੁੱਪ ਕਰ ਕੇ ਬਹਿ ਜਾ

ਕਿਉਂ ਕਰਦਾ ਏਂ ਤਕਰਾਰ, ਚੁੱਪ ਕਰਕੇ ਬਹਿ ਜਾ। ਤੂੰ ਪਰਖ਼ੀਂ ਸਾਡਾ ਪਿਆਰ, ਚੁੱਪ ਕਰਕੇ ਬਹਿ ਜਾ। ਬਣਕਿਸ਼ਤੀ ਦਾ ਮੈਂ ਚੱਪੂ ਮੈਂ ਜਾਨ ਤਲੀ ‘ਤੇ ਰੱਖੀ ਤੂੰ ਡੋਬੇਂ ਅੱਧ ਵਿਚਕਾਰ, ਚੁੱਪ ਕਰਕੇ ਬਹਿ ਜਾ। ਸੋਹਣੀ ਦੀ ਜੇ ਰੀਸ ਕਰੇਂ, ਏਡੀ ਤੂੰ ਨਹੀਂ ਸੋਹਣੀ ਦਸ ਕਿਵੇਂ ਕਰਾਂ ਇਤਬਾਰ, ਚੁੱਪ ਕਰਕੇ ਬਹਿ ਜਾ। ਸੱਸੀ ਦਾ ਨਾ ਲੈ ਪ੍ਰਛਾਵਾਂ, ਜੋ ਥਲਾਂ ਵਿਚ ਸੜ ਗਈ ਉਹਦੇ ਦਿਲ ਦਾ ਪੁਨੂੰ ਯਾਰ, ਚੁੱਪ ਕਰਕੇ ਬਹਿ ਜਾ। ਸ਼ੀਰੀਂ ਸ਼ੀਸ਼ੇ ਵਿਚੋਂ ਤੱਕੇ, ਉਹਨੂ ਭੁੱਲੇ ਨਾ ਫਰਿਆਦ ਉਹਦੇ ਸੱਚੇ ਕੌਲ ਇਕਰਾਰ, ਚੁੱਪ ਕਰਕੇ ਬਹਿ ਜਾ। ਹੀਰ ਵਿਚਾਰੀ ਚੂਰੀ ਕੁਟ ਕੇ, ਰਾਂਝੇ ਤਾਈਂ ਖੁਆਏ ਕੈਦੋ ਸੀ ਚਾਚਾ ਚੁਗਲੀਮਾਰ, ਚੁੱਪ ਕਰਕੇ ਬਹਿ ਜਾ। ਸਾਹਿਬਾਂ ਤਾਂ ਬੇੜੀ ਗਈ, ਬੱਸ!ਗਲੀਂ ਬਾਤੀਂ ਸਾਰ ਕੇ ਮਿਰਜ਼ਾ ਵੀ ਹਾਰ ਖਾ ਗਿਆ, ਚੁੱਪ ਕਰਕੇ ਬਹਿ ਜਾ। ‘ਸੁਹਲ’ ਇਨ੍ਹਾਂ ਦੇ ਕਾਰੇ, ਯਾਰੋ! ਢੱਕੇ ਰਹਿਣ ਦਉ ਸੱਚ ਲਿਖਿਆ ਕਾਦਰਯਾਰ, ਚੁੱਪ ਕਰਕੇ ਬਹਿ ਜਾ।

52. ਘਰ-ਘਰ ਪਾਏ ਸਿਆਪੇ

ਧੀਆਂ ਗੱਲ ਨਾ ਮੰਨਣ, ਤਾਂ ਕਾਹਦੇ ਮਾਪੇ ਨੇ। ਪੁੱਤਾਂ ਨੇ ਵੀ ਘਰ- ਘਰ ਪਾਏ ਸਿਆਪੇ ਨੇ। ਕਦਰ ਰਹੀ ਨਾ ਘਰ ਵਿਚ ਬੁਢ੍ਹੇ ਬਾਪੂ ਦੀ ਆਪੋ-ਆਪਣੇ ਸਭ ਨੇ ਰਾਗ ਅਲਾਪੇ ਨੇ। ਇਸ ਨਵੇਂ ਯੁਗ ਦਾ ਭੋਗ, ਛੇਤੀ ਪੈ ਜਾਣਾ ਬੱਚਿਆਂ ਦੇ ਮੂੰਹ ਜਾਪਣ, ਤਾੱਪੇ-ਤਾੱਪੇ ਨੇ। ਉਹ ਲੱਖ ਵਾਰੀ ਵੀ ਹੋਣ ਸਿਆਣੇ, ਚੰਗਾ ਹੈ ਪਰ! ਗ਼ੈਰਤ ਬਦਲੇ, ਬੇ-ਗੈਰਤ ਹੀ ਜਾਪੇ ਨੇ। ਕਈ ਅੱਖੋਂ ਅੰਨੇਂ, ਕੁਝ ਬੋਲੇ ਗੁੰਗੇ ਹੋ ਜਾਣੇ ਜੋ ਵਾਇਰਸ ਦੀਆਂ ਤਚੰਗਾਂ, ਮਾਰੇ ਛਾੱਪੇ ਨੇ। ‘ਸੁਹਲ’ ਨਸ਼ਿਆਂ ਨੇ, ਕਚੂੰਬਰ ਕਢ ਦੇਣਾਂ ਤਾਂ ਇਲਾਜ ਕਰਾਉਣਾਂ ਦਸੋ! ਕਿਦ੍ਹੇ ਭਾਪੇ ਨੇ।

53. ਹਮ-ਯਾਰ ਦੀ ਭਾਲ

ਹਮ-ਯਾਰ ਦੀ ਭਾਲ, ਸੀ ਮੈਂ ਕਰਦਾ ਰਿਹਾ। ਉਹ ਨਾ ਲੱਭਾ, ਮੈਂ ਤੜਫਦਾ, ਮਰਦਾ ਰਿਹਾ। ਅਹਿਸਾਨਾਂ ਦਾ ਅੱਰਥ, ਖਤਮ ਹੋ ਗਿਆ ਜੋ ਉਹ ਆਕੱੜ ਕੇ ਫਿਰਦਾ, ਮੈਂ ਡਰਦਾ ਰਿਹਾ। ਅਸਾਂ ਜ਼ਿੰਦਗ਼ੀ ‘ਚ ਬਹੁਤੇ ਨਾ ਸੱਜਣ ਬਣਾਏ ਤਾਂ ਫਿਰ ਵੀ ਸੱਜਣ ਬਿਨ, ਹੈ ਸਰਦਾ ਰਿਹਾ। ਹੁਣ ਮੌਸਮਾਂ ਵਾਂਗਰ ਵੀ, ਯਾਰ ਬਦਲ ਗਏ ਮੈਂ ਜਿਨ੍ਹਾਂ ਖਾਤਰ ਸੜਦਾ, ਤੇ ਠਰਦਾ ਰਿਹਾ। ‘ਸੁਹਲ’ ਸਬਰ ਦਾ ਜੇ, ਮੁੱਲ ਕੋਈ ਨਾ ਪਾਵੇ ਨਾ ਉਹ ਯਾਰ ਦਾ ਰਿਹਾ, ਨਾ ਘਰ ਦਾ ਰਿਹਾ।

54. ਹਾਰ ਗਿਆ

ਉਹ ਜਿੱਤੇ ਮੈਂ ਹਾਰ ਗਿਆ। ਮੈਂ ਜ਼ਿੰਦਗ਼ਾਨੀ ਵਾਰ ਗਿਆ। ਅੱਣਖ਼ ਆਪਣੀ ਵੇਚਣ ਖਾਤਰ ਹਰ ਹੱਟੀ , ਬਜ਼ਾਰ ਗਿਆ। ਦਿਲ ਮੇਰੇ ਦਾ ਕਾਤਿਲ ਕੋਈ ਸਿਰ ਤੋਂ ਪੱਗ ਉਤਾਰ ਗਿਆ। ਰੀਝਾਂ ਮੇਰੀਆਂ ਸਾੜ ਦੁਪਹਿਰੇ ਝੋਲੀ ਪਾ ਅੰਗਿਆਰ ਗਿਆ। ਵਿਧਵਾ ਧੀ ਦੇ ਅੱਖੋਂ ਹੰਝੂ ਦਿਲ ਤੇ ਖੰਜਰ ਮਾਰ ਗਿਆ। ਮੋਹ- ਮੱਮਤਾ ਦੇ ਪਿੱਛੇ ਬੰਦਾ ਆਖਰ ਛੱਡ ਸੰਸਾਰ ਗਿਆ। ਖ਼ੁਸ਼ੀਆਂ, ਮੌਜ, ਬਹਾਰਾਂ ਗਈਆਂ ਉਹ ਆਦਰ- ਸਤਿਕਾਰ ਗਿਆ। ਥਾਂ-ਥਾਂ ਸੁਣ ਕੇ ਰਾਮ-ਕਹਾਣੀ ਬਾਪੂ ਚੁੱਪੀ ਧਾਰ ਗਿਆ। “ਸੁਹਲ” ਫ਼ੁੱਲਾਂ ਵਰਗਾ ਪੱਥਰ ਚੁੱਪ ਕਰਕੇ ਕੋਈ ਮਾਰ ਗਿਆ।

55. ਹੁੰਦੀ ਏ ਹੁਣ ਚਰਚਾ

ਹੁੰਦੀ ਏ ਹੁਣ ਚਰਚਾ ਉਹਦੀ ਸ਼ਹਿਰਾਂ ਅਤੇ ਗਰਾਵਾਂ ਵਿਚ। ਸੰਭਲ-ਸੰਭਲ ਪੈਰ ਧਰੀਂ ਹੁਣ ਬਿਖੜੇ ਪੈਂਡੇ ਰ੍ਹਾਵਾਂ ਵਿਚ। ਰੱਬ ਦੀ ਮੂਰਤ ਵਰਗੀ ਸੂਰਤ ਇਹ ਦਾਗ਼ੀ ਨਾ ਹੋ ਜਾਵੇ, ਰੰਗ ਵਿਚ ਭੰਗ ਨਾ ਪੈ ਜਾਵੇ ਤੇਰੇ ਸੱਜਰੇ ਚਾਵਾਂ ਵਿਚ। ਰੂਹ ਹੋਵੇ ਅਸਮਾਨੀ ਉੱਡਦੀ ਪੈਰ ਜਿਮੀਂ ਤੇ ਰਖਿਆ ਕਰ, ਪ੍ਰੇਮ- ਮੁਹੱਬਤ ਵੰਡਦਾ ਰਹੀਂ ਸੱਜਣਾਂ, ਭੈਣਭਰਾਵਾਂ ਵਿਚ। ਗ਼ੈਰਾਂ ਸੰਗ ਨਾ ਯਾਰੀ ਲਾਵੀਂ ਉੁਹ ਅੱਧ ਵਿਚਾਲੇ ਡੋਬਣਗੇ, ਆਪਣੇ ਫਿਰ ਬਚਾਵਣਗੇ ਕਲਾਵੇ ਭਰਕੇ ਬਾਹਾਂ ਵਿਚ। ‘ਸੁਹਲ’ ਕਦੇ ਨਾ ਦਿਲ ਦੁਖਾਓ ਧਰਮੀਂ ਦਾ ਜਾਂ ਨਾਸਤਕ ਦਾ, ਵੇਖ ਰਹੋ ਹੋ, ਜੋ ਕੁਝ ਹੁੰਦਾ ਧਰਮਾਂ ਦੀਆਂ ਸਰਾਵਾਂ ਵਿਚ।

56. ਹੂੱਟਰ ਮਾਰ ਕੇ ਲੰਘੇ

ਹੂੱਟਰ ਮਾਰ ਕੇ ਲੰਘ ਗਏ ਨੇਤਾ ਲੋਕੀਂ ਹੱਥ ਹਿਲਾਉਂਦੇ ਰਹਿ ਗਏ। ਕਿਸੇ ਨਾ ਪੁੱਛਿਆ ਹਾਲ ਅਸਾਡਾ ਐਵੇਂ ਵੋਟਾਂ ਪਾਉਂਦੇ ਰਹਿ ਗਏ। ਘਰ - ਘਰ ਜਾ ਕੇ ਤਰਲੇ ਕੀਤੇ ਉਸ ਨੂੰ ਵੋਟਾਂ ਪਾਵਣ ਖਾਤਰ, ਹਰ ਗੱਲ ਸੱਚੀ ਸਮਝ ਕੇ ਉਹਦੀ ਸੋਹਲੇ ਉਹਦੇ ਗਉਂਦੇ ਰਹਿ ਗਏ। ਹੱਥ ਜੋੜ ਜਦ ਨੇਤਾ ਜੀ ਨੇ ਸਿਫ਼ਤਾਂ ਦੇ ਪੁਲ ਬੜੇ ਉਸਾਰੇ, ਉਹ ਸਭ ਝੂਠੇ ਵਾਇਦੇ ਕਰ ਕੇ ਲੋਕਾਂ ਨੁੰ ਭਰਮਾਉਂਦੇ ਰਹਿ ਗਏ। ਬਣ ਜਾਵੇ ਸਰਕਾਰ ਜੇ ਸਾਡੀ ਨੌਕਰੀ ‘ਤੇ ਰੁਜ਼ਗਾਰ ਦਿਆਂਗੇ, ਰਿਸ਼ਵਤਖ਼ੋਰੀ ਵੀ ਖਤਮ ਕਰਾਂਗੇ ਇਹੋ ਗੱਲ ਦਹਰਾਉਂਦੇ ਰਹਿ ਗਏ। ਸਿਆਸਤ ਨੇ ਘਰ ਪਾੜੇ ਲੋਕੋ! ਫਿਰ ਵੀ ਸਾਨੂੰ ਸਮਝ ਨਾ ਆਈ, ਕਈ ਸਾਲਾਂ ਤੋਂ ਅੱਜ ਤਕ ਲੀਡਰ ਕੁਰਸੀ ਤਾਈਂ ਬਚਾਉਂਦੇ ਰਹਿ ਗਏ ਵੋਟਰ ਤਾਂ ਪਰੇਸ਼ਾਨ ਹੈ ‘ਸੁਹਲ’ ਮੱਥੇ ‘ਤੇ ਹੱਥ ਮਾਰ ਕੇ ਆਖੇ ਨੇਤਾ ਜਿੱਤ ਕੇ ਭੁੱਲ ਜਾਂਦੇ ਨੇ ਵੋਟਰ ਦੇ ਹੁਣ ਦਿਲ ਤੋਂ ਲਹਿ ਗਏ।

57. ਇਨਸਾਨ ਜੀ

ਇਸ਼ਕ ਦੇ ਮਾਰਿਆਂ ਨੂੰ ਬਹੁਤੇ ਹੰਕਾਰਿਆਂ ਨੂੰ। ਲਗਦਾ ਨਹੀਂ ਚੰਗਾ ਲੋਕੋ ਐਸਾ ਇਨਸਾਨ ਜੀ। ਟੁੱਟੇ ਹੋਏ ਤਾਰਿਆਂ ਨੂੰ ਅੱਗ ਦੇ ਅੰਗਾਰਿਆਂ ਨੂੰ। ਹੱਥਾਂ ਵਿਚ ਫੜਨਾ, ਤਾਂ ਕੰਮ ਨਹੀਂ ਆਸਾਨ ਜੀ। ਮਸੂਮਾਂ ਵਿਚਾਰਿਆਂ ਨੂੰ ਅਪ੍ਹਾਜਾਂ ਪਿਆਰਿਆਂ ਨੂੰ। ਹਿੱਕ ਨਾਲ ਲਾਏ ਜਿਹੜਾ ਉਹ ਹੈ ਭਗਵਾਨ ਜੀ। ਵਿਦਿਆ ਦਾ ਦਾਨ ਦੇ ਕੇ ਜੋ ਕਰੇ ਨਾ ਜਨੂੰਨੀ ਦੰਗੇ। ਸੱਚ ਲਈ ਲੜਣਾ ਤਾਂ ਉਹਦਾ ਹੈ ਈਮਾਨ ਜੀ। ਜੋ ਹੱਕ ਦੀ ਕਮਾਈ ਕਰੇ ਨਾ ਉਹ ਬੇ-ਵਫ਼ਾਈ ਕਰੇ। ਇਹੋ ਜਿਹਾ ਬੰਦਾ ਹੁੰਦਾ ਰੱਬ ਤੋਂ ਮਹਾਨ ਜੀ। ਪਾਖੰਡਾਂ ਤੋਂ ਜੋ ਦੂਰ ਹੋਵੇ ਨਾ ਕਦੇ ਮਗ਼ਰੁਰ ਹੋਵੇ। ਹਰ ਥਾਂ ‘ਤੇ ਉਹਦਾ ਵੇਖੋ ਹੁੰਦਾ ਸਨਮਾਨ ਜੀ। “ਸੁਹਲ” ਸਲਾਹ ਇਕ ਜਾਂ ਬੇੜੀ ਮਲਾਹ ਇਕ। ਝੂੱਠੀ ਜੋ ਵੀ ਬਹਿਸ ਕਰੇ ਉਹ ਬੰਦਾ ਹੈ ਸ਼ੈਤਾਨ ਜੀ।

58. ਇਸ਼ਕ ਦੀਆਂ ਫੁਹਾਰਾਂ

ਇਸ਼ਕ ਦੀਆਂ ਜੇ ਪੈਣ ਫੁਹਾਰਾਂ। ਪੌਣਾਂ ਤੇ ਵੀ ਆਉਣ ਬਹਾਰਾਂ। ਹਵਾ ਪੁਰੇ ਦੀ ਜਦ ਵੀ ਆਵੇ, ਉਹ ਸੀਨੇਂ ਲਗੇ ਨਾ ਸ਼ਰਮਾਵੇ। ਤੜਫ ਰਹੀ ਜੋ ਬਿਰਹੋਂ ਮਾਰੀ, ਉਹ ਲੋਕੋ! ਜਾਪੇ ਕਰਮਾਂ ਹਾਰੀ। ਮਾਰੂਥਲ ਵਿਚ ਸੜਦਾ-ਬੱਲਦਾ, ਰਹਿੰਦਾ ਸੇਕ ਹਿਜ਼ਰ ਦਾ ਝੱਲਦਾ। ਜਦ ਰੋਵੇ-ਪਿੱਟੇ ਤੇ ਚੀਕਾਂ ਮਾਰੇ, ਜਾਪਣ ਉਹਨੂੰ ਫੁੱਲ ਅੰਗਿਆਰੇ। ਦਿਲ ਵਿਚ ਵਾਸ ਸੱਜਣ ਦਾ ਹੋਵੇ, ਉਹ ਕਿਉਂ ਕੋੱਠੇ, ਚੜ੍ਹ ਕੇ ਰੋਵੇ। ‘ਸੁਹਲ’ਸਬਰ ਦੀਆਂ ਤਰਕਾਲਾਂ, ਚੰਨ ਚੜ੍ਹੇ ਖਿੱੜੀਆਂ ਗੁਲਜ਼ਾਰਾਂ।

59. ਜੰਗ ਵਿਚ ਲੈ ਜਾ ਫੌਜੀਆ

ਤੇਰਾ ਲੱਖ-ਲੱਖ ਸ਼ੁਕਰ ਮਨਾਵਾਂ। ਜੰਗ ਵਿਚ ਲੇ ਜਾ ਫੌਜੀਆ ਤੇਰਾ ਲੱਖ-ਲੱਖ ਸ਼ੁਕਰ ਮਨਾਵਾਂ। ਵੇ ਜੰਗ ਵਿਚ ਲੈ ਜਾ ਫੌਜੀਆ। ਚੜ੍ਹਦੀ ਜਵਾਨੀ ਤੇਰੇ ਨਾਲ ਲਾਵਾਂ ਲਈਆਂ ਵੇ। ਪੈ ਗਈ ਜੁਦਾਈ ਗਲਾਂ ਸਹਿਣੀਆਂ ਪਈਆਂ ਵੇ। ਭਰ ਮੈਗਜ਼ੀਨ ਗੋਲੀਆਂ ਚਲਾਵਾਂ, ਤੂੰ ਜੰਗ ਵਿਚ ਲੈ ਜਾ ਫੌਜੀਆ; ਤੇਰਾ ਲੱਖ-ਲੱਖ ਸ਼ੁਕਰ ਮਨਾਵਾਂ। ਮੈਂ ਤਾਂ ਪੜ੍ਹੀ-ਲਿਖੀ ਹਾਂ ਪਰੇਡ ਸਿੱਖ ਜਾਊਂਗੀ। ਵੇ ਕਰ ਕੇ ਰੰਗੂਟੀ ਤੇਰੇ ਕੋਲ ਚੰਨਾਂ ਆਊਂਗੀ। ਮੈਂ ਸਟੇਨਗੰਨ ਮੌਢੇ ਤੇ ਸਜਾਵਾਂ, ਤੂੰ ਜੰਗ ਵਿਚ ਲੈ ਜਾ ਫੌਜੀਆ; ਤੇਰਾ ਲੱਖ-ਲੱਖ ਸ਼ੁਕਰ ਮਨਾਵਾਂ। ਡੀਊਟੀ ਤੇਰੇ ਨਾਲ ਮਾਹੀਆ, ਮੋਰਚੇ ਚ ਕਰਾਂਗੀ। ਮੈਂ ਤੇਰੇ ਨਾਲ ਜੀਊਂਗੀ ਵੇ, ਤੇਰੇ ਨਾਲ ਮਰਾਂਗੀ। ਜੰਗ ਜਿੱਤ ਕੇ ਮੈਂ ਤੇਰੇ ਨਾਲ ਆਵਾਂ, ਤੂੰ ਜੰਗ ਵਿਚ ਲੈ ਜਾ ਫੌਜੀਆ; ਤੇਰਾ ਲੱਖ-ਲੱਖ ਸ਼ੁਕਰ ਮਨਾਵਾਂ। ਜਿੱਤ ਕੇ ਲੜਾਈ ਝੰਡਾ, ਉੱਚੀ ਥਾਂ ਝੁੱਲਾਵਾਂਗੇ। “ਨੋਸ਼ਹਿਰੇ ਵਾਲੇ ਸੁਹਲ”ਦਾ ਵੀ ਨਾਂ ਚਮਕਾਵਾਂਗੇ। ਭੈਣਾਂ ਫੌਜਣਾਂ ਦਾ ਮਾਣ ਮੈਂ ਵਧਾਵਾਂ; ਤੂੰ ਜੰਗ ਵਿਚ ਲੈ ਜਾ ਫੌਜੀਆ; ਤੇਰਾ ਲੱਖ-ਲੱਖ ਸ਼ੁਕਰ ਮਨਾਵਾਂ। ਵੇ ਜੰਗ ਵਿਚ ਲੈ ਜਾ ਫੌਜੀਆ।

60. ਜਵਾਨੀਆਂ ਵੀ ਆਈਆਂ

ਬਚਪਨ ਲੰਘਿਆ ਜਵਾਨੀਆਂ ਵੀ ਆਈਆਂ। ਬਾਪੂ ਨਾਲ ਮਿਲ ਕੇ ਸੀ ਕਰਦੇ ਕਮਾਈਆਂ। ਛੋਟੇ ਹੁੰਦੇ ਅਸੀਂ ਵੀ ਸਕੂਲ ਜਦੋਂ ਜਾਂਦੇ ਸੀ। ਰਾਹ ਵਿਚ ਮ੍ਹਲਿਆਂ ਤੋਂ ਬੇਰ ਤੋੜ ਖਾਂਦੇ ਸੀ। ਕਈ ਵਾਰ ਪੈਰਾਂ ਵਿਚ ਜੁੱਤੀਆਂ ਨਾ ਪਾਈਆਂ ਬੱਚਪਨ ਲੰਘਿਆ ਜਵਾਨੀਆਂ ਵੀ ਆਈਆਂ। ਬਾਪੂ ਨਾਲ ਮਿਲ ਕੇ ਸੀ ਕਰਦੇ ਕਮਾਈਆਂ। ਕਰ ਕੇ ਪੜ੍ਹਾਈਆਂ ਕੰਮ ਬਾਪੂ ਨਾਲ ਕਰ ਕੇ। ਦੁੱਧ ਦਾ ਗਲਾਸ ਸਾਰੇ ਪੀਂਦੇ ਭਰ-ਭਰ ਕੇ। ਤੰਦੂਰ ਤੇ ਪਕਾ ਕੇ ਮਾਂ ਨੇ ਰੋਟੀਆਂ ਖੁਆਈਆਂ ਬੱਚਪਨ ਲੰਘਿਆ ਜਵਾਨੀਆਂ ਵੀ ਆਈਆਂ। ਬਾਪੂ ਨਾਲ ਮਿਲ ਕੇ ਸੀ ਕਰਦੇ ਕਮਾਈਆਂ। ਸਰ੍ਹੋਂ ਦਾ ਸਾਗ, ਰੋਟੀ ਮੱਕੀ ਦੀ ਸਾਂ ਖਾਂਵਦੇ। ਘਿਉ-ਚੂਰੀ ਖਾ ਕੇ ਸਾਰੇ, ਖੁਸ਼ੀਆਂ ਮਨਾਂਵਦੇ। ਜੁਗ-ਜੁਗ ਜੀਊਣ ਉਹ ਦਾਦੀਆਂ ਤੇ ਮਾਈਆਂ, ਬੱਚਪਨ ਲੰਘਿਆ ਜਵਾਨੀਆਂ ਵੀ ਆਈਆਂ। ਬਾਪੂ ਨਾਲ ਮਿਲ ਕੇ ਸੀ ਕਰਦੇ ਕਮਾਈਆਂ। ਵਢੇ- ਵਢੇਰੇ ਰਹਿੰਦੇ ਨਸ਼ਿਆਂ ਤੋਂ ਦੁਰ ਸੀ। ਮਿਹਨਤਾਂ ਦਾ ਉਨ੍ਹਾਂ ਨੂੰ, ਚੜ੍ਹਿਆ ਸਰੂਰ ਸੀ। ਰਹਿਣ ਸਦਾ ‘ਕੱਠੀਆਂ ਚਾਚੀਆਂ ਤੇ ਤਾਈਆਂ, ਬੱਚਪਨ ਲੰਘਿਆ ਜਵਾਨੀਆਂ ਵੀ ਆਈਆਂ। ਬਾਪੂ ਨਾਲ ਮਿਲ ਕੇ ਸੀ ਕਰਦੇ ਕਮਾਈਆਂ। ਮਾਂ-ਪਿਉ ਅੱਗੇ ਕੋਈ ਉੱਚੀ ਨਹੀਂ ਸੀ ਬੋਲਦਾ। ਮੰਦਾ ਕੋਈ ਬੋਲਦਾ ਤਾਂ ਕਾਲਜਾ ਸੀ ਡੋਲਦਾ। ਧੀਆਂ-ਭੈਣਾ ਪਿੰਡ ਦੀਆਂ ਹੋਣ ਨਾ ਪਰਾਈਆਂ, ਬੱਚਪਨ ਲੰਘਿਆ ਜਵਾਨੀਆਂ ਵੀ ਆਈਆਂ। ਬਾਪੂ ਨਾਲ ਮਿਲ ਕੇ ਸੀ ਕਰਦੇ ਕਮਾਈਆਂ। “ਸੁਹਲ” ਕਹਾਣੀ ਸੱਚੀ ਸਾਰੇ ਪਰਵਾਰਾਂ ਦੀ। ਉਲਝੀ ਹੈ ਤਾਣੀਂ ਜਿਉਂ, ਦੇਸ਼ ਦੇ ਗ਼ਦਾਰਾਂ ਦੀ। ਪੈਸੇ ਪਿੱਛੇ ਪਿਉ -ਪੁੱਤਾਂ, ਗੋਲੀਆਂ ਚਲਾਈਆਂ, ਬੱਚਪਨ ਲੰਘਿਆ ਜਵਾਨੀਆਂ ਵੀ ਆਈਆਂ। ਬਾਪੂ ਨਾਲ ਮਿਲ ਕੇ ਸੀ ਕਰਦੇ ਕਮਾਈਆਂ।

61. ਕਲਮ ਤੇ ਕਵਿਤਾ

“ਕਲਮ ਤੇ ਕਵਿਤਾ” ਦੀ, ਸਾਂਝ ਹੈ ਪੱਕੀ, ਤੈਨੂੰ ਕਿਵੇਂ ਸੁਣਾਵਾਂ, ਤੂੰ ਦਸ ਮੇਰੇ ਯਾਰ। ਕਲਮ ਦੇ ਹੰਝੂ ਮੇਰੀ, ਕਵਿਤਾ ‘ਚ ਰੋ ਪਏ, ਤਾਂ ਦੋਵਾਂ ਦੀ ਲਿਖਦਾ, ਰਿਹਾ ਹਾਂ ਪੁਕਾਰ। ਜੋ ਵੇਖਣ ਨੂੰ ਲਗਦੀ ਹੈ, ਸੁੱਕੀ ਹੋਈ ਕਾਨੀਂ, ਪਰ!ਕਵਿਤਾ ਮੇਰੀ ਦਾ, ਬਣ ਗਈ ਸ਼ਿੰਗਾਰ। ਸਿਆਹੀ ਕਲਮ ਦੀ , ਮੈਂ ਸੁੱਕਣ ਨਾ ਦੇਵਾਂ, ਮੈਂ ਇਹਦੇ ਜ਼ਜ਼ਬਾਤਾਂ ਦੀ, ਕਰਾਂ ਇੰਤਜ਼ਾਰ। ਕਵਿਤਾ ਦੇ ਸਿਰ ਉਤੇ, ਕਲਮ ਦੀ ਕਲਗੀ, ਮੈਂ ਦੋਵਾਂ ਨੂੰ ਕਰਦਾ ਹਾਂ, ਰੱਜ ਕੇ ਪਿਆਰ। ਜੇ ਕਲਮ ਨਾ ਝਿੱਜਕੇ, ਕਵਿਤਾ ਲਿਖਣ ਤੋਂ, ਫਿਰ ਕਵਿਤਾ ਦਾ ਕਿਉਂ ਨਾ, ਲਗੇ ਦਰਬਾਰ। ਕਲਮ ਨੇ ਕਵਿਤਾ ਨੂੰ, ਤੁਰਨਾ ਸਿਖਾਇਆ, ਇਹ ਜ਼ਿੰਦਗ਼ੀ ਨੂੰ ਕਲਮ ਨੇ, ਦਿਤਾ ਸ਼ਿੰਗਾਰ। ਦੋਵਾਂ ਦੀ ਜ਼ਿੰਦਗੀ ਚੋਂ, ਬੜਾ ਕੁਝ ਸਿਖਿਆ, ਆਉ ਲੱਚਰਤਾ ਨੂੰ ਸਾਰੇ ਪਾਈਏ ਫਿਟਕਾਰ। “ਕਲਮ ਤੇ ਕਵਿਤਾ” ਦੋ ਸਕੀਆਂ ਨੇ ਭੈਣਾਂ, ਇਨ੍ਹਾਂ ਦਾ ‘ਸੁਹਲ’ ਸਿਰ, ਕਰਜ਼ ਬੇ-ਸ਼ੁਮਾਰ।

62. ਕਰ ਲੈ ਮੌਜ ਬਹਾਰਾਂ

ਕਰ ਲੈ ਮੌਜ ਬਹਾਰਾਂ, ਮੁੜ ਕੇ ਆਉਣਾ ਨਹੀਂ। ਵਾਰ-ਵਾਰ ਤੂੰ ਲੰਮੀ ਨੀਂਦਰ ਸਉਣਾ ਨਹੀਂ। ਸਿਰ ਚੜ੍ਹ ਆਪੇ ਬੋਲੇਂਗਾ , ਜੋ ਕੀਤਾ ਹੈ ਤੈਨੂੰ ਤੇਰੇ ਜਾਇਆਂ ਵੀ ਸਮਝਾਉਣਾ ਨਹੀਂ। ਦਿਲ-ਲਗੀਆਂ ਕਰਕੇ ਚੰਨਾ, ਏਥੋਂ ਤੁਰ ਜਾਣਾ ਖ਼ੁੱਸ਼ੀਆਂ ਵਾਲਾ ਵਾਜਾ ਕਿਸੇ ਵਜਾਉਣਾ ਨਹੀਂ। ਤੂੰ ਠੱਗੀ- ਠੋਰੀ, ਧੋਖੇਬਾਜੀ ਨਿੱਤ ਕਰਦੈਂ ਕਰ ਲਈਂ ਲੱਖਾਂ ਚਾਰੇ, ਕਿਸੇ ਬਚਾਉਣਾ ਨਹੀਂ। ਉਲਫ਼ਤ ਖਾਤਰ, ਦਲਦਲ ਅੰਦਰ ਫਸਿਆਂ ਏਂ ਫਿਰ ਅੱਗ ਜਨੂੰਨੀ ਲਾ ਕੇ, ਕਿਥੇ ਜਾਵੇਂਗਾ ਤੇਰੇ ਯਾਰਾਂ - ਮਿੱਤਰਾਂ, ਤੈਨੂੰ ਚਹੁਣਾਂ ਨਹੀਂ। “ਸੁਹਲ” ਆ ਜਾਉ ਬਾਜ, ਅਜੇ ਵੀ ਮੌਕਾ ਹੈ ਮੜ੍ਹੀ ਤੇਰੀ ‘ਤੇ ਦੀਵਾ ਕਿਸੇ ਜਗਾਉਣਾ ਨਹੀਂ।

63. ਕਰ ਲੈ ਤੂੰ ਸੇਵਾ

ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ। ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ। ਤੂੰ ਠੋਕਰਾਂ ਨਾ ਮਾਰੀਂ ਕਿਤੇ, ਮਾਣ ਸਤਿਕਾਰ ਨੂੰ ਦਿਲ ‘ਚ ਵਸਾ ਕੇ ਰਖੀਂ, ਇਨ੍ਹਾਂ ਦੇ ਪਿਆਰ ਨੂੰ। । ਇਹੋ ਜਿਹੀ ਜੋਤ ਮੁੜ, ਘਰ ‘ਚ ਨਹੀਂ ਜਗਣੀ; ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ। ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ। ਮਾਂ ਦੀਆਂ ਲੋਰੀਆਂ ਤੂੰ, ਚੰਨਾ ਭੁੱਲ ਜਾਵੀਂ ਨਾ। ਬਾਪ ਦੀ ਕਮਾਈ ਨੂੰ, ਮਿੱਟੀ ‘ਚ ਮਿਲਾਵੀਂ ਨਾ। ਤੂੰ ਸ਼ਗਨ ਮਨਾਵੀਂ ਸਾਰੇ, ਕਰੀਂ ਨਾ ਬੇ-ਸ਼ਗਨੀਂ; ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ। ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ। ਸੁੱਖਾਂ ਦੀਆਂ ਲੜੀਆਂ ਜੋ, ਮਾਪਿਆਂ ਨੇਂ ਗੁੰਦੀਆਂ। ਕਈ ਆਸਾਂ ਬੱਚਿਆਂ ਤੇ, ਰਖੀਆਂ ਨੇਂ ਹੁੰਦੀਆਂ। ਮਾੱਪਿਆਂ ਦੀ ਰੀਝ ਨਾ ਤੂੰ, ਮਿੱਟੀ ਵਿਚ ਦੱਬਣੀ; ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ। ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ। ਤੇਰੇ ਘਰ ਰੱਬ ਤੋਂ , ਪਿਆਰੇ ਮਾਂ - ਬਾਪ ਨੇ। ਕਿਉਂ ਹੁਣ ਬੁਢ੍ਹੇ ਮਾਪੇ, ਤੇਰੇ ਲਈ ਸਰਾਪ ਨੇ। ਕਰੋ ਮਾਪਿਆ ਦੀ ਸੇਵਾ, ਤੱਤੀ ਵਾ ਨਹੀ ਲਗਣੀਂ, ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ। ਕਰ ਲੈ ਤੂੰ ਸੇਵਾ ਫਿਰ, ਮਾਂ ਨਹੀਉਂ ਲੱਭਣੀ। ਮਾਤਾ-ਪਿਤਾ ਨੂੰ ਕਦੇ, ਦਿਲ ਚੋਂ ਭੁੱਲਾਇਉ ਨਾ। ਬਜ਼ੁਰਗਾਂ ਤੇ ਭੁੱਲ ਕੇ ਵੀ, ਕਹਿਰ ਕਮਾਇਉ ਨਾ। ਮਾਪਿਆਂ ਤੋਂ ਠੰਡੀ “ਸੁਹਲ” ਵਾ ਨਹੀ ਵਗਣੀ, ਵਿਹੜੇ ਵਿਚ ਬੈਠੀ ਤੈਨੂੰ, ਮਾਂ ਨਹੀਉਂ ਲੱਭਣੀ। ਬਾਪੂ ਦੀ ਵੀ ਸਿਰ ਉਤੇ, ਛਾਂ ਨਹੀਉਂ ਲੱਭਣੀ।

64. ਕਰਵੇ ਚੌਥ ਦਾ ਵਰਤ

ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਸਾ੍ਹਵਾਂ ਤੋਂ ਜੋ ਵੱਧ ਪਿਆਰਾ। ਪਤੀ - ਪੂਜਣ ਦਾ ਤਿਉਹਾਰ। ਕਰਦੀ ਔਰਤ ਹਾਰ ਸ਼ਿੰਗਾਰ। ਸੁੱਖੀ-ਸਾਂਦੀ ਹੈ ਦਿਨ ਆਇਆ, ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਸਾ੍ਹਵਾਂ ਤੋਂ ਜੋ ਵਧ ਪਿਆਰਾ। ਪਤੀ ਨੂੰ ਮੈਡਮ ਕਹੇ ਮਨਖ਼ਟੂ। ਕਦੀ ਕਹਿੰਦੀ, ਭਾੜੇ ਦਾ ਟੱਟੂ। ਪੀ ਕੇ ਨਿੱਤ ਕੁਟਾਪਾ ਚਾੜ੍ਹੇ, ਕਰਦਾ ਨਹੀਂ ਸਾਡਾ ਛੁਟਕਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਸਾ੍ਹਵਾਂ ਤੋਂ ਜੋ ਵੱਧ ਪਿਆਰਾ। ਮੈਂ ਤਾਂ ਲੋਕੋ ! ਜੀਊਂਦੀ ਮੋਈ। ਲਾਈਲਗ ਪਤੀ ਨਾ ਹੋਵੇ ਕੋਈ। ਇਹ ਗੰਦੇ ਬੰਦੇ ਦੀ ਗੱਲ ਛਡੋ, ਤਾਂ ਵੀ ਕਰਨਾ ਪਊ ਗੁਜ਼ਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਸਾ੍ਹਵਾਂ ਤੋਂ ਜੋ ਵੱਧ ਪਿਆਰਾ। ਘਰ ‘ਚ ਕਰਦਾ ਰਹਿੰਦਾ ਦੰਗੇ। ਲੋਕਾਂ ਨਾਲ ਵੀ ਲੈਂਦਾ ਪੰਗੇ। ਕਿਸੇ ਨਾਲ ਨਾ ਬਣਦੀ ਉਹਦੀ, ਮੇਰੇ ਘਰ ਵਿਚ ਸੰਕਟ ਭਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਜਾਂ ਫਿਰ ਕਰ ਜਾਂ ਮੈਂ ਕਿਨਾਰਾ। ਉਹ ਨਾ ਸੁਣੇ ਮੇਰੀ ਅਰਜੋਈ। ਮੈਂ ਤਾਂ ਜਾਪਾਂ ਜੀਊਂਦੀ ਮੋਈ। ਬੱਚਿਆਂ ‘ਤੇ ਵੀ ਤਰਸ ਨਾ ਖਾਏ ਉਹ ਤਾਂ ਹੋਇਆ ਫਿਰੇ ਆਵਾਰਾ; ਕਰਵੇ ਚੌਥ ਦਾ ਵਰਤ ਪਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਮੇਰੇ ਪ੍ਰਾਣਾ ਤੋਂ ਜੋ ਪਿਆਰਾ। ਜੇ ਤੁਰ ਜਾਵਾਂ, ਮੈਂ ਛਡ ਜਹਾਨ। ਛੁੱਟ ਜਾਏ, ਸੱਸ ਸਹੁਰੇ ਤੋਂ ਜਾਨ। ਬੁੜ-ਬੁੜ ਕਰਦੇ ਕਹਿੰਦੇ ਰਹਿਂਦੇ ਚੰਗਾ ਨਹੀਂ ਇਹਦਾ ਵਰਤਾਰਾ। ਕੜਵੇ ਚੌਥ ਦਾ ਵਰਤ ਨਿਆਰਾ। ਮੈਂ ਮਰ ਜਵਾਂ ਜਾਂ ਉਹ ਮਰ ਜਾਏ, ਕੋਈ ਨਾ ਲਗੇ ਮੈਨੂੰ ਪਿਆਰਾ। ਫਿਰ ਵੇਖੋ! ਕੈਸੇ ਵਰਤੇ ਭਾਣੇ। ਸੁੱਤੇ ਛੱਡ ਗਈ ਪੰਜ ਨਿਆਣੇ। ਕੋਈੇ ਨਵਾਂ ਪਤੀ ਪਰਮੇਸ਼ਰ ਲਭਾ, ਕਰ ਗਈ ਅੱਜ ਨਵਾਂ ਹੀ ਕਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਮੈਂ ਭੈੜੇ ਤੋਂ ਜਾਨ ਛੁਡਾਈ, ਨਵਾਂ ਲਭ ਲਿਆ ਪਤੀ ਪਿਆਰਾ। ਇਹ ਵੀ ਪਤੀ ਨਾ ਭਾਇਆ ਮੈਨੂੰ। ਜਿਸੇ ਗਹਿਣੇ ਜੂਏ ਪਾਇਆ ਮੈਨੂੰ। “ਸੁਹਲ” ਕੀਤਾ ਬੜਾ ਹੀ ਚਾਰਾ, ਵਰਤ ਮੇਰੇ ‘ਤੇ ਪੈ ਗਿਆ ਭਾਰਾ; ਕੰਨਾ ਨੂੰ ਹੱਥ ਲਾ ਕੇ ਆਖਾਂ, ਰੱਬਾ! ਮਿਲ ਜਾਏ ਨਵਾਂ ਸਹਾਰਾ। ਭੈੜਾ ਪਤੀ - ਪਰਮੇਸ਼ਰ ਛਡਕੇ, ਲਿਉ ਨਾ ਕੋਈੇ ਪਤੀ ਹੁਧਾਰਾ।

65. ਕਰਤਾਰਪੁਰੇ ਗੁਰੂ ਨਾਨਕ

ਕਰਤਾਰਪੁਰੇ ਗੁਰੁ ਨਾਨਕ ਜੀ। ਹਲ ਵਾਹੁੰਦੇ ਖੇਤੀ ਕਰਦੇ ਸੀ। ਦੁਨੀਆਂ ਦੇ ਨਕਸ਼ੇ ‘ਤੇ ਨਾਨਕ, ਏਸੇ ਹੀ ਕਰਕੇ ਆਇਆ ਸੀ। ਚਾਰੇ ਕੂੰਟਾਂ ਫਿਰ ਕੇ ਉੇਹਨਾਂ, ਜੀਵਨ ਸਫਲ ਬਣਾਇਆ ਸੀ। ਕਿਰਤ ਕਰਨੀ, ਵੰਡ ਕੇ ਛੱਕਣਾ ਸੱਚ ਦਾ ਹੋਕਾ ਲਾਇਆ ਸੀ। ‘ਏਤੀ ਮਾਰ ਪਈ ਕਰਲਾਣੇ’ ਲੋਕਾਂ ਦਰਦ ਸਣਾਇਆ ਸੀ। ਤੇਰਾਂ - ਤੇਰਾਂ ਤੋਲ ਕੇ ਨਾਨਕ ਗਰੀਬਾਂ ਦੀ ਝੋਲੀ ਭਰਦੇ ਸੀ। ਕਰਤਾਰਪੁਰੇ ਗੁਰੁ ਨਾਨਕ ਜੀ ਹਲ ਵਾਹੁੰਦੇ ਖੇਤੀ ਕਰਦੇ ਸੀ। ਊਚ-ਨੀਚ ਦਾ ਭੇਤ ਮਿਟਾ ਕੇ, ਗੁਰਾਂ ਕਿਸੇ ਨੂੰ ਕਿਹਾ ਨਾ ਮੰਦੇ। ਹੱਕ ਪਰਾਇਆ ਖਾਵਣ ਵਾਲੇ ਮਲਕ ਭਾਗੋ ਜਿਹੇ ਕੂੜੇ ਬੰਦੇ। ਸਦਾ ਉਨ੍ਹਾਂ ਨੂੰ ਰਾਹੇ ਪਾਉਂਦੇ, ਜੋ ਕਰਦੇ ਸਨ ਮਾੜੇ ਧੰਦੇ। ਕੌਡੇ ਰਾਖਸ਼ ਦੇ ਤਪੇ ਕੜਾਹੇ, ਗੁਰਾਂ ਪਲ ਵਿਚ ਕਰਤੇ ਠੰਡੇ। ਸੱਜਣ ਠੱਗ ਵਰਗੇ ਜੋ ਪਾਪੀ, ਗੁਰ ਚਰਨੀਂ ਸਿਰ ਧਰਦੇ ਸੀ। ਕਰਤਾਰਪੁਰੇ ਗੁਰੁ ਨਾਨਕ ਜੀ, ਹਲ ਵਾਹੁੰਦੇ ਖੇਤੀ ਕਰਦੇ ਸੀ। ‘ਮਿਟੀ ਧੁੰਦ ਜਗ ਚਾਨਣ ਹੋਆ’ ਗੁਰੂ ਨਾਨਕ ਸੀ ਤਾਰਨਹਾਰਾ। ਤ੍ਰਿਪਤਾ ਮਾਂ ਦੇ ਦਿਲ ਦਾ ਟੋਟਾ, ਕਾਲੂ ਪਿਤਾ ਦਾ ਨੂਰ ਦੁਲਾਰਾ। ਸਭ ਚਾਅ ਭੈਣ ਦੇ ਪੂਰੇ ਹੋਏ, ਨਾਨਕੀ ਦਾ ਸੀ ਵੀਰ ਪਿਆਰਾ ਪੀਰਾਂ ਦਾ ਵੀ ਪੀਰ ਸੀ ਨਾਨਕ, ਜੱਗ ਤੇ ਜ੍ਹਿਦਾ ਰਾਹ ਨਿਆਰਾ। ਕ੍ਰਿਤ ਕਰਨੀ, ਵੰਡ ਕੇ ਛਕਣਾ, ਉਪਦੇਸ਼ ਨਾਨਕ ਘਰ ਦੇ ਸੀ। ਕਰਤਾਰਪੁਰੇ ਗੁਰੁ ਨਾਨਕ ਜੀ, ਹਲ ਵਾਹੁੰਦੇ ਖੇਤੀ ਕਰਦੇ ਸੀ। ਗੁਰੁਾਂ ਬੜਾ ਉਪਦੇਸ਼ ਹੈ ਦਿਤਾ, ਉਸ ਦੀ ਰਜ਼ਾ ‘ਚ ਰਹਿਣਾ ਹੈ। ‘ਬਾਣੀ ਗੁਰੁ ਗੁਰੁ ਹੈ ਬਾਣੀ’ ਗੁਰਬਾਣੀ ਉੱਤਮ ਗਹਿਣਾ ਹੈ। ਬਾਣੀ ਤੇ ਵਿਸ਼ਵਾਸ਼ ਹੈ ਕਰਨਾ, ਗੁਰੁ ਚਰਨਾ ਵਿਚ ਬਹਿਣਾ ਹੈ। ਗੁਰੁ ਨਾਨਕ ਦੀ ਮਿਹਰ ਹੋਏਗੀ, ਏਥੋਂ ਹੀ ਸਭ ਕੁਝ ਹੈ ਲੈਣਾ ਹੈ। “ਸੁਹਲ” ਬਾਣੀ ਨਾਨਕ ਦੀ ਨੂੰ, ਭਵਸਾਗਰ, ਪੜ੍ਹ ਕੇ ਤਰਦੇ ਸੀ। ਕਰਤਾਰਪੁਰੇ ਗੁਰੁ ਨਾਨਕ ਜੀ, ਹਲ ਵਾਹੁੰਦੇ ਖੇਤੀ ਕਰਦੇ ਸੀ।

66. ਖ਼ੁਸ਼ੀ

ਖ਼ੁਸ਼ੀ ਕਿਸੇ ਨੂੰ ਜਨਮਾਂ ਦੀ, ਕਿਸੇ ਨੂੰ ਹੁੰਦੀ ਕਰਮਾਂ ਦੀ। ਕਿਸੇ ਨੂੰ ਸਾਦੇ ਜੀਵਨ ਦੀ, ਕਿਸੇ ਨੂੰ ਦਾਰੂ ਪੀਵਣ ਦੀ। ਖ਼ੁਸ਼ੀ ਕਿਸ ਨੂੰ ਬੰਬਾਂ ਦੀ, ਕਿਸੇ ਨੂੰ ਮਿੱਠੇ ਅੰਬਾਂ ਦੀ। ਕਿਸੇ ਨੂੰ ਪੰਛੀ ਮਾਰਨ ਦੀ, ਕਿਸੇ ਨੂੰ ਰਹੇ ਬਚਾਵਣ ਦੀ। ਕਿਸੇ ਨੂੰ ਰੱਜ ਹੰਡਾਵਣ ਦੀ, ਕਿਸੇ ਨੂੰ ਚੰਗਾ ਖਾਵਣ ਦੀ। ਕਿਸੇ ਨੂੰ ਘਰ ਉਜਾੜਨ ਦੀ, ਕਿਸੇ ਨੂੰ ਰਹੇ ਸਵਾਰਨ ਦੀ। ਖ਼ੁਸ਼ੀ ਹੈ ਕਿਸੇ ਨੂੰ ਮੰਦਰ ਦੀ, ਕਿਸੇ ਨੂੰ ਹੱਥ ‘ਚ ਖੰਜਰ ਦੀ। ਖ਼ੁਸ਼ੀ ਗੁਰਾਂ ਦੇ ਦਰਸ਼ਨ ਦੀ, ਕਿਸੇ ਨੂੰ ਪੈਰ ਹੈ ਪਰਸਨ ਦੀ। ਕਿਸੇ ਨੂੰ ਖ਼ੁਸ਼ੀ ਹੈ ਯਾਰਾਂ ਦੀ, ਕਿਸੇ ਨੂੰ ਹੈ ਖੂੰ- ਖਾਰਾਂ ਦੀ। ਕਿਸੇ ਨੂੰ ਹੱਥ ‘ਚ ਮਾਲਾ ਦੀ, ਕਿਸੇ ਨੂੰ ਖ਼ੂਸ਼ੀ ਜਵਾਲ਼ਾ ਦੀ। ਹੈ ਖ਼ੁਸ਼ੀ ਕਿਸੇ ਨੂੰ ਜੰਗਾਂ ਦੀ, ਕਿਸੇ ਨੂੰ ਖ਼ੁਸ਼ੀ ਉਮੰਗਾਂ ਦੀ। ਕਿਸੇ ਨੂੰ ਕ੍ਰਿਤ-ਕਮਾਈ ਦੀ, ਕਿਸੇ ਨੂੰ ਹੈ ਵਡਿਆਈ ਦੀ। ‘ਸੁਹਲ’ ਖ਼ੁਸ਼ੀਆਂ ਬੇ-ਸ਼ੁਮਾਰ, ਸਭੇ ਖ਼ੁਸ਼ੀਆਂ ਹੱਥ ਕਰਤਾਰ। ਇੱਜ਼ਤ ਸਭ ਦੀ ਸਦਾ ਬਚਾਉ, ਜੱਗ ‘ਤੇ ਚੰਗਾ ਕਰਮ ਕਮਾਉ।

67. ਕੀ ਬਣੂ ਬੱਚਿਆਂ ਦਾ

ਡੁੱਬੇ ਨਸ਼ੇ ਵਿਚ ਵੱਡੇ-ਵੱਡੇ ਤਾਰੂ, ਕੀ ਬਣੂੰ ਬੱਚਿਆਂ ਦਾ ਬੱਚਿਆਂ ਨੂੰ ਤੱਕ ਲੈ। ਤੂੰ ਮੇਰੇ ਵਲੋਂ ਚੰਨਾ ਭਾਵੇਂ, ਡੋਡੇ ਫੀਮ ਛਕ ਲੈ। ਤੂੰ ਨਸ਼ਿਆਂ ‘ਚ ਹੋ ਗਿਉਂ ਉੱਡਾਰੂ ਕੀ ਬਣੂ ਬੱਚਿਆਂ ਦਾ। ਪੀਣੀ ਛੱਡ ਦੇ ਚੰਦਰਿਆ ਦਾਰੂ, ਕੋਠੇ ਜਿਡੀ ਧੀ ਹੋ ਗਈ, ਤੂੰ ਫਿਕਰ ਨਾ ਕੀਤਾ। ਉਹਦੀ ਜ਼ਿੰਦਗ਼ੀ ਦੇ ਬਾਰੇ ਤੂੰ , ਕਦੇ ਜ਼ਿਕਰ ਨਾ ਕੀਤਾ। ਪੀਣੀ ਛੱਡ ਦੇ ਚੰਦਰਿਆ ਦਾਰੂ। ਗਲਾਸ ‘ਚ ਸ਼ਰਾਬ ਦੀ ਥਾਂ, ਮਾਂ ਬੱਚਿਆਂ ਦਾ ਕਿਵੇਂ ਕੰਮ ਸਾਰੂ, ਕੀ ਬਣੂੰ ਬੱਚਿਆਂ ਦਾ ਪੀਣੀ ਛੱਡ ਦੇ ਚੰਦਰਿਆ ਦਾਰੂ। ਚੰਨਾ! ਤੈਨੂੰ ਰੱਬ ਨੇ ਹੈ ਦਿਤਾ, ਸੋਹਣਾ ਪੁੱਤ ਵੇ। ਉਹ ਵੀ ਕਿਤੇ ਬਣ ਜਾਏ ਨਾ , ਪੁੱਤ ਤੋਂ ਕਪੁੱਤ ਵੇ। ਮਹਿਲ ਤੇਰੇ ਵਾਂਗ ਰੇਤਾ ਦੇ ਉਸਾਰੂ, ਕੀ ਬਣੂ ਬੱਚਿਆਂ ਦਾ ਪੀਣੀ ਛੱਡ ਦੇ ਚੰਦਰਿਆ ਦਾਰੂ। “ਸੁਹਲ” ਰਹਿੰਦਾ ਝੂਰਦਾ ਹੈ, ਬੁਢ੍ਹਾ ਤੇਰਾ ਬਾਪ ਵੇ। ਤੂੰ ਨਸ਼ੇ ਵਿਚ ਭੁੱਲ ਗਿਉਂ, ਜਾਤ ਤੇ ਔਕਾਤ ਵੇ। ਦੱਸ!ਕੌਣ ਤੇਰੀ ਜ਼ਿੰਦਗ਼ੀ ਸਵਾਰੂ? ਕੀ ਬਣੂ ਬੱਚਿਆਂ ਦਾ ਪੀਣੀ ਛੱਡ ਦੇ ਚੰਦਰਿਆ ਦਾਰੂ

68. ਕਿਰਤੀ ਕਾਮੇਂ

ਕਿਰਤੀ ਕਾਮੇਂ ਮਿਹਨਤ ਕਰਦੇ ਫਿਰ ਵੀ ਕਰਦੇ ਜੀ ਹਜ਼ੁਰੀ। ਢਿਡੋਂ ਭੁੱਖੇ ਤੰਨ ਤੋਂ ਨੰਗੇ, ਬੱਚਿਆਂ ਦੀ ਹੈ ਮਜ਼ਬੂਰੀ। ਇੱਟਾਂ, ਗਾਰਾ, ਬੱਜਰੀ, ਪੱਥਰ ਸਾਰਾ ਦਿਨ ਜੋ ਢੋਂਦੇ ਰਹਿੰਦੇ, ਇਕ ਪਾਸੇ ਨੇ, ਪੇਟ ਤੋਂ ਭੁੱਖੇ ਦੂਜੇ ਪਾਸੇ ਮੁਰਗ-ਤੰਦੂਰੀ। ਨੰਗਾ ਸਿਰ ਤੇ ਪਾਟੀ ਕੁੱੜਤੀ ਪੈਰਾਂ ਤੋਂ ਵੀ ਟੁੱਟੀ ਜੁੱਤੀ, ਧੀਆਂ-ਪੁੱਤਰ, ਮੀਆਂ-ਬੀਵੀ ਸਾਰੇ ਕਰਦੇ ਰਹੇ ਮਜ਼ਦੂਰੀ। ਸੱਤਮੰਜ਼ਿਲੀ ਕੋਠੀ ਬਣ ਗਈ ਓਥੋਂ ਉਹਨਾਂ ਚੁੱਕ ਲਏ ਡੇਰੇ, ਮਿਹਨਤ ਨੇ ਹੈ ਰੰਗ ਵਿਖਾਵੇ ਕੋਠੀ ਨੂੰ ਰੰਗ ਚੜ੍ਹੇ ਸੰਧੂਰੀ। ਢਿਡੋਂ ਭੁੱਖੇ ਵਿੱਲਕਣ ਬੱਚੇ ਬਾਪੂ ਨੂੰ ਚੜ੍ਹ ਗਿਆ ਬੁਖ਼ਾਰ, ‘ਸੁਹਲ’ਦਵਾਈ ਤੋਂ ਵੀ ਔਖੇ ਜ਼ਿੰਦਗ਼ੀ ਵੇਖੋ!ਰਹੀ ਅਧੂਰੀ। *************** ਮਿਤੀ 21-10-2018 ਨੂੰ ਜਾਗਰਣ ਵਿਚ ਛਪੀ

69. ਕਿਸਾਨ

ਜਦ ਕਿਸਾਨ ਖੇਤਾਂ ਨੂੰ ਵੇਖੇ ਚਾਰੇ ਪਾਸੇ, ਸੋਨਾ ਹੀ ਸੋਨਾ, ਮੰਡੀ ਵਿਚ ਜਦ ਲ਼ੈ ਕੇ ਜਾਵੇ ਓਥੇ, ਸ਼ਾਹੂਕਾਰ ਦਾ ਰੋਣਾ। ਭੋਂ ਆਪਣੀਂ, ਗਹਿਣੇ ਪਾ ਕੇ ਫਸਲਾਂ ਬੀਜੇ ਕਰਜ਼ਾ ਲੈ ਕੇ, ਐਸੀ ਚੁੱਕੀ ਪੰਡ ਕਰਜ਼ ਦੀ ਭਾਰ ਨਾ ਜ੍ਹਿਦਾ ਹੌਲਾ ਹੋਣਾ। ਬਰਸਾਤ ਹੋਈ ਘਰ ਵੀ ਢੱਠਾ ਬ ਤਾਂ ਬੱਚੇ ਰੋਂਦੇ ਜਾਣ ਨਾ ਵੇਖੇ, ਸਾਰੇ ਪੱਲ ‘ਚ ਸਾਰੇ ਟੱਬਰ ਨੂੰ ਹੀ ਪੈ ਗਿਆ ਲੋਕੋ ਰੋਣਾਂ-ਧੌਣਾਂ। ਮਾਂ- ਬਾਪ ਵੀ ਬੁੱਢੇ ਹੋ ਗਏ ਉਨ੍ਹਾਂ ਤੋਂ ਨਾ ਹੋਏ ਦਿਹਾੜੀ, ਸਾਰੀ ਉਮਰਾਂ ਕੰਮ ਕਰੇਂਦੇ ਟੁੱਟੇ ਗਏ ਨੇ ਮੋਢ੍ਹੇ - ਧੌਣਾ। ਕਹਿੰਦੇ ਖੇਤੀ ਦੂਣੀਂ ਹੋਣੀ ਸੌਖਾ ਹੋ ਜਾਊਗਾ ਕਿਰਸਾਨ, ਵੋਟਾਂ ਖਾਤਰ ਨੇਤਾ ਜੀ ਨੇ ਲੋਕਾਂ ਨੂੰ ਹੈ ਲਾਰਾ ਲਉਣਾ। ‘ਸੁਹਲ’ਖ਼ੁਦਕਸ਼ੀਆਂ ਨਾ ਹੋਣ ਜੇ ਸਰਕਾਰਾਂ ਦੇਵਣ ਸਾਥ, ਹੱਕਾਂ ਖਾਤਰ ਮਰ ਮਿਟਾਂਗੇ ਆਓ ਸਾਨੂੰ ਜਿਸ ਦਬਾਉਣਾ।

70. ਕੋਈ ਸੋਹਣਾ ਰੁੱਖ

ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਇਕ ਰੁੱਖ ਦੀ ਗਲ ਸੁਣਾਵਾਂ। ਸਾਡੇ ਸਿਰ ਜੋ ਕਰਦਾ ਛਾਵਾਂ। ਉਹ ਸਜਣੋਂ ਮੇਰੇ ਹੈ ਸਨਮੁਖ, ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਇਸ਼ਕ ਦੀਆਂ ਨਾ ਬਾਤਾਂ ਪਾਵੇ। ਬਾਤ ਉਸ ਦੀ ਸਮਝ ਨਾ ਆਵੇ। ਵੇਖ ਕੇ ਆਉਂਦਾ ਬੜਾ ਹੀ ਦੁੱਖ, ਜੰਗਲ ਵਿਚ ਕੋਈ ਸੁਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਅਮ੍ਰਿਤ ਵੇਲੇ ਤਰੇਲ ਦੇ ਤੁੱਪਕੇ। ਝੱੂਮ ਰਹੇ ਜਿਉਂ ਕੰਨੀਂ ਝੁੱਮਕੇ। ਵੇਖ ਕੇ ਯਾਰੋ ਲਹਿ ਜਾਏ ਭੁੱਖ, ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਧਰਤੀ ‘ਤੇ ਉਹ ਨੰਗ-ਮੁਨੰਗਾ। ਫਿਰ ਵੀ ਲੋਕੀਂ ਆਖਣ ਚੰਗਾ। ਜ੍ਹਿਦੀ ਕਿਸਮਤ ਕੋਈ ਨਾ ਸੁੱਖ, ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਨਾ ਕੋਈ ਰੁੱਖ ਦਾ ਸੱਜਣ ਬੇਲੀ। ਨਾ ਕੋਈ ਉਹਦੀ ਜ਼ੈਲ-ਹਵੇਲੀ। ਭਾਗ-ਭਰੀ ਜਿਉਂ ਮਾਂ ਦੀ ਕੁੱਖ, ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਜ੍ਹਿਨੂੰ ਕੋਈ ਨਾ ਡਰ ਕਿਸੇ ਦਾ। ਨਾ ਉਹ ਚਾਹੇ ਵਰ ਕਿਸੇ ਦਾ। ਗਮ ਅੰਦਰ ਉਹ ਜਾਵੇ ਧੁੱਖ, ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਜੇ ਰੁਖਾਂ ਵਰਗੇ ਬੰਦੇ ਹੋਵਣ। ਤਾਂ ਕਦੇ ਨਾ ਅੱਖੋਂ ਹੰਝੂ ਚੋਵਣ। ਜਿਉਂ ਹੱਸਦਾ ਹੈ ਰੁੱਖ ਦਾ ਮੁੱਖ। ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਕੁਦਰਤ ਦੇ ਵੀ ਰੰਗ ਨਿਆਰੇ। ਕਈ ਰੰਗਾਂ ਨੇ ਪਾਏ ਖਿਲਾਰੇ। ਜੀਵਨ ਵਿਚ ਨੇ ਰੁੱਖ ਪਰਮੁੱਖ, ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ। ਵੰਡਣ ਰੁੱਖ ‘ਸੁਹਲ’ ਖ਼ੁਸ਼ਬੋਆਂ। ਜੀ ਕਰਦਾ ਮੈਂ ਰੁੱਖ਼ ਹੀ ਹੋਵਾਂ। ਹੁਣ ਬਣੀਏਂ ਰੁੱਖਾਂ ਜਿਹੇ ਮਨੁੱਖ, ਜੰਗਲ ਵਿਚ ਕੋਈ ਸੋਹਣਾ ਰੁੱਖ। ਉਸ ਦੇ ਦਿਲ ‘ਤੇ ਲੱਖਾਂ ਦੁੱਖ।

71. ਕੁਦਰਤ

ਕੁਦਰਤ ਦੇ ਕੰਪੀਊਟਰ ਦਾ ਭੇਤ ਜਿਸੇ ਨਾ ਪਾਇਆ। ਸੱਭ ਧਰਮਾਂ ਤੋਂ, ਉੱਚਾ-ਸੁੱਚਾ ਕੁਦਰਤ ਦਾ ਸਰਮਾਇਆ। ਇਸਦੇ ਕੌਤਕ ਰੰਗ-ਬਰੰਗੇ ਮਾਰੂਥਲ ਜਾਂ ਫਿਰ ਸਾਗਰ। ਕੁਦਰਤ ਰਹੇ ਸਦਾ ਜਾਗਦੀ ਸੱਭ ਨੂੰ ਕਰੇ ਉਜਾਗਰ। ਕੁਦਰਤ ਦਾ ਇਕ ਨਹੀਂ ਰੰਗ ਇਹ ਕਈ ਰੰਗਾਂ ਵਿਚ ਰੰਗੀ। ਲੋਕਾਂ ਆਪਣੇ ਰੱਬ ਬਣਾ ਕੇ ‘ਕੁਦਰਤ’ ਛਿੱਕੇ ਟੰਗੀ। ਜਨਮ-ਮਰਨ ਕੁਦਰਤ ਜਾਣੇ ਹੋਰ ਤਾਂ ਸੱਭ ਅਣਜਾਣੇ। ਕੁਦਰਤ ਤੋਂ ਜੋ ਭੱਜ ਰਿਹੈ ਉਹ ਆਪਣਾ ਮੂਲ ਪਛਾਣੇਂ। ਜੀਅ-ਜੰਤ ਤੇ ਕੀੜ-ਪਤੰਗੇ ਜੋ, ਕੁਦਰਤ ਦਾ ਵਰਦਾਨ। ਪਰ!ਧਰਮਾਂ ਦੇ ਚੱਕਰ ਅੰਦਰ ਹੈ, ਪਿੱਸ ਰਿਹਾ ਇਨਸਾਨ। ਜ੍ਹਿਦੀ ਬੋੱਲ਼ੀ ਉਹੀਉ ਜਾਣੇ ਇਹ ਭੇਤ ਬੜਾ ਹੈ ਡਾਢ੍ਹਾ। ਪੰਛੀ ਆਪਣੀ ਬੋਲੀ ਬੋਲਣ ਤੇ, ਗੀਤ ਨਾ ਗਾਵਣ ਸਾਡਾ। ਧਰਤ ਏਸ ‘ਤੇ ਜੰਗਲ ਜੂਹਾਂ ਚਸ਼ਮੇਂ ਤੇ ਝੀਲਾਂ ਪਰਬੱਤ। ਮੌਜ-ਮਸਤੀ ਕਰਦੇ ਕਿਹਿੰਦੇ ਹੈ ‘ਕੁਦਰਤ’ਮਿੱਠਾ ਸ਼ਰਬੱਤ। “ਸੁਹਲ”ਕੁਦਰਤ ਦਾ ਭਾਣਾ ਜੋ ਢਾਰਸ, ਮੰਨ ਨੂੰ ਦੇਵੇ। ਤਾਂ ਹੀ ਸਾਰੀ ਦੁਨੀਆਂ ਆਖੇ ਇਹ ਸੱਭ ‘ਕੁਦਰਤ’ਦੇ ਮੇਵੇ।

72. ਲਾਈਏ ਤੋੜ ਨਿਭਾਈਏ

ਜੇਕਰ ਲਾਈਏ ਤੋੜ ਨਿਭਾਈਏ। ਝੂਠਾ ਕਦੇ ਪਿਆਰ ਨਾ ਪਾਈਏ। ਕਦੇ ਨਾ ਭੁੱਲ ਕੇ ਮਾੜਾ ਸੋਚੋ, ਮਾੜੇ ਨੂੰ ਵੀ ਕੋਲ ਬਿਠਾਈਏ। ਪੁੰਨ-ਦਾਨ ਜੇ ਕਰ ਨਹੀਂ ਹੁੰਦਾ, ਪਾਪਾਂ ਦੀ ਨਾ ਪੀਂਘ ਚੜਾ੍ਹਈਏ। ਮਰ ਜਾਵੇ ਕੋਈ ਆਂਢ-ਗੁਆਂਢ, ਆਪਣੇ ਘਰ ਨਾ ਖ਼ੁਸ਼ੀ ਮਨਾਈਏ। ਜੇ ਦਿਲਦਾਰ ਦੀ ਸੋਭ੍ਹਾ ਹੋਏ, ਹੱਸ ਕੇ ਉਹਨੂੰ ਗਲੇ ਲਗਾਈਏ। ਸੰਗਤ ਦੀ ਹੈ ਰੰਗਤ ਚੜ੍ਹਦੀ, ਚੁਗਲਖ਼ੋਰ ਨੂੰ ਦੂਰ ਭਜਾਈਏ। ਕਰ ਖ਼ੂਨਦਾਨ ਹੈ ਉੱਤਮ ਦਾਨ, ਮਰਦੀ ਜਾਂਦੀ ਜਾਨ ਬਚਾਈਏ। ਜਿਹੜਾ ਬੰਦਾ ਪਿਆ ਕੁਰਾਹੇ, ਉਸ ਨੂੰ ਚੰਗਾ ਰਾਹ ਵਿਖਾਈਏ। ਹੱਥੀਂ ਬੂਟਾ ਜੋ ਵੀ ਲਾਇਆ, ਉਸ ਉਤੇ ਨਾ ਕਹਿਰ ਕਮਾਈਏ। ਸੁੱਤਾ ਹੋਇਆ ਜਾਗ ਪਵੇਗਾ, ਜਾਗ ਰਹੇ ਨੂੰ ਕਿਵੇਂ ਜਗਾਈਏ। ਚੋਰ - ਉਚੱਕੇ ਸਾਧ ਨੇ ਜਿਥੇ ਉਸ ਦੇ ਡੇਰੇ ਕਦੇ ਨਾ ਜਾਈਏ।

73. ਲੂਣਾ ਦੀ ਤਾਂਘ

ਮਾਣ ਲੈ ਸੇਜ ਸੁਹਣੇ ਪੁਰਨਾ ਪਿਆਰਿਆ। ਅੱਜ ਲੂਣਾ ਤੇਰੇ ਤੋਂ ਹੈ ਸਭ ਕੁਝ ਵਾਰਿਆ। ਤੂੰ ਮੇਰੇ ਹਾਣ ਦਾ ‘ਤੇ ਮੈਂ ਵੀ ਤੇਰੇ ਹਾਣ ਦੀ। ਮੈਂ ਰਾਜੇ ਸਲਵਾਨ ਤਾਈਂ, ਚੰਗੀ ਤਰ੍ਹਾਂ ਜਾਣਦੀ। ਤੂੰ ਗੱਲ ਸੁਣ ਇੱਛਰਾਂ ਦੇ ਪੁੱਤਰਾ ਕੁਆਰਿਆ, ਅੱਜ ਲੂਣਾਂ ਤੇਰੇ ਤੋਂ ਹੈ ਸਭ ਕੁਝ ਵਾਰਿਆ ਮਾਣ ਲੈ ਸੇਜ ਸੋਹਣੇ ਪੂਰਨਾ ਪਿਆਰਿਆ। ਮਹਿੰਦੀ ਰੰਗੇ ਹੱਥ ਮੇਰੇ, ਮੁੱਖ਼ੜਾ ਗੁਲਾਬ ਦਾ। ਪੂਰਨਾ ਵੇ! ਚੜ੍ਹਿਆ ਹੈ, ਰੂਪ ਬੇ-ਹਿਸਾਬ ਦਾ। ਮੈਂ ਰੰਗ-ਰੂਪ ਤੇਰੇ ਲਈ, ਪੂਰਨਾ ਸ਼ਿੰਗਾਰਿਆ, ਅੱਜ ਲੂਣਾਂ ਤੇਰੇ ਤੋਂ ਹੈ, ਸਭ ਕੁਝ ਵਾਰਿਆ। ਮਾਣ ਲੈ ਸੇਜ ਸੁਹਣੇ ਪੂਰਨਾ ਪਿਆਰਿਆ। ਘੜੀ-ਮੁੜੀ ਧਰਮ ਦੀ, ਗੱਲ ਨਾ ਤੁੰ ਕਰ ਵੇ। ਮੇਰੇ ਕੋਲ ਰਿਹਾ ਕਰ ਜਾਵੀਂ ਨਾ ਤੂੰ ਘਰ ਵੇ। ਰੋਜ ਉੱਡ ਆਇਆ ਕਰ ਲੂਣਾ ਦੇ ਗ਼ੁੱਬਾਰਿਆ, ਮਾਣ ਲੈ ਸੇਜ ਸੋਹਣੇ, ਪੂਰਨਾ ਪਿਆਰਿਆ। ਅੱਜ ਲੂਣਾ ਤੇਰੇ ਤੋਂ ਹੈ, ਸਭ ਕੁਝ ਵਾਰਿਆ। “ਸੁਹਲ”ਇਨਕਾਰ ਜੇ ਤੂੰ, ਕੀਤਾ ਇਕ ਵਾਰ ਵੇ। ਸੁੱਨਾਂ ਹੋ ਜਾਊ ਇੱਛਰਾਂ ਦਾ, ਸਾਰਾ ਸੰਸਾਰ ਵੇ। ਮਾਂ ਨਾ ਮਤ੍ਰੇਈ ਹੋਵੇ, ਪੂਰਨ ਨੇ ਵੰਗਾਰਿਆ, ਸਿੱਦਕੋਂ ਨਾ ਡੋਲਿਆ ਤੇ ਮੌਤ ਤੋਂ ਨਾ ਹਾਰਿਆ। ਗੋਰਖ਼ ਨੇ ਜੋਗ ਦੇ ਕੇ, ਪੂਰਨ ਨੂੰ ਤਾਰਿਆ।

74. ਮਾਂ ਜਿਹੀਆਂ ਕਵਿਤਾਵਾਂ

ਗੀਤ ਮੇਰੇ ਨੇ ਬਾਪੂ ਵਰਗੇ, ਮਾਂ ਜਿਹੀਆਂ ਕਵਿਤਾਵਾਂ। ਸੱਚ ਸਿਆਣੇ ਕਹਿੰਦੇ ਲੋਕੀਂ ਕਿ, ਮਾਂਵਾਂ ਠੰਡੀਆਂ ਛਾਂਵਾਂ। ਇਹ ਨਿੱਕੇ-ਨਿੱਕੇ ਸੁਪਨੇ ਮੇਰੇ ਦਾਦੀ ਜੀ ਦੀ ਪਾਉਂਦੇ ਬਾਤ। ਸੁਣ ਕੇ ਬਾਤਾਂ ਭਰੇ ਹੰਗੂਰੇ, ਬਾਤ ਨਾ ਮੁੱਕੀ, ਸੌਂ ਗਏ ਰਾਤ। ਝਿੱਲ-ਮਿਲ ਕਰਦੇ ਤਾਰੇ ਵੇਖਾਂ ਵੇਖ -ਵੇਖ ਕੇ ਮਨ ਪਰਚਾਵਾਂ, ਗੀਤ ਮੇਰੇ ਨੇ ਬਾਪੂ ਵਰਗੇ ਮਾਂ ਜਿਹੀਆਂ ਕਵਿਤਾਵਾਂ। ਪੜਦਾਦੇ ਦੀ ਪੋਥੀ ਪੜ੍ਹਕੇ ਮਨ ਨੂੰ ਆਉਂਦਾ ਬੜਾ ਸਕੂਨ। ਵਿਚ ਕਿਤਾਬਾਂ ਪੜ੍ਹ ਲੈਂਦੇ ਹਾਂ ਪੁਸ਼ਤਾਂ ਤੋਂ ਲਿਖਿਆ ਮਜ਼ਮੂਨ। ਬਜ਼ੁਰਗਾਂ ਦੇ ਮੈਂ ਪੂਰਨਿਆਂ ਨੂੰ ਲੱਖ਼ਾਂ ਵਾਰੀਂ ਸੀਸ ਝੁਕਾਵਾਂ। ਗੀਤ ਮੇਰੇ ਨੇ ਬਾਪੂ ਵਰਗੇ ਮਾਂ ਜਿਹੀਆਂ ਕਵਿਤਾਵਾਂ। ਰੋਟੀ ‘ਤੇ ਮੱਖਣ, ਦਹੀਂ ਸਵੇਰੇ, ਜਦ ਦਾਦੀ ਮਾਂ ਵਰਤਾਵੇ। ਹਰ ਕੌਲੀ ਵਿਚ ਭਰਕੇ ਕੜਛੀ, ਉਹ ਸਭ ਨੂੰ ਪਾਉਂਦੀ ਜਾਵੇ। ਜੀ ਕਰੇ ਮੈਂ ਦੁੱਧ ਦਾ ਛੰਨਾਂ ਅੱਜ ਬਾਪੂ ਤਾਈਂ ਪਿਆਵਾਂ। ਗੀਤ ਮੇਰੇ ਨੇ ਬਾਪੂ ਵਰਗੇ ਮਾਂ ਜਿਹੀਆਂ ਕਵਿਤਾਵਾਂ। ਰੋਟੀ ‘ਤੇ ਮੱਖਣ, ਦਹੀਂ ਸਵੇਰੇ ਜਦ ਮਾਂ ਦਾਦੀ ਵਰਤਾਵੇ। ਹਰ ਕੌਲੀ ਵਿਚ ਭਰ ਕੇ ਕੜਛੀ, ਉਹ ਸਭ ਨੂੰ ਪਾਉਂਦੀ ਜਾਵੇ। ਜੀ ਕਰੇ ਹੁਣ ਦੁੱਧ ਦਾ ਛੰਨਾਂ ਹੁਣ ਬਾਪੂ ਤਾਈਂ ਪਿਆਵਾਂ। ਗੀਤ ਮੇਰੇ ਨੇ ਬਾਪੂ ਵਰਗੇ ਮਾਂ ਜਿਹੀਆਂ ਕਵਿਤਾਵਾਂ। ਸੱਚ ਸਿਆਣੇ ਕਹਿ ਗਏ ਲੋਕੀਂ ਮਾਂਵਾਂ ਠੰਡ੍ਹੀਆਂ ਛਾਂਵਾਂ। ਮੋਢ੍ਹੇ ਝੋਲਾ , ਹੱਥ ‘ਚ ਫ਼ੱਟੀ ਦੂਜੇ ਹੱਥ ‘ਚ ਪਾਟੀ ਬੋਰੀ। ਕੈਦਾ ਅਤੇ ਸਲੇਟ ਮੇਰੀ ਦੀ ਕਦੇ ਨਾ ਹੋਈ ਸਕੂਲੇ ਚੋਰੀ। ਸਕੂਲ ਮੇਰੇ ਦੇ ਕਮਰੇ ਵਾਲਾ, ਚੇਤੇ ਆਉਂਦਾ ਹੈ ਪਰਛਾਂਵਾਂ। ਗੀਤ ਮੇਰੇ ਨੇ ਬਾਪੂ ਵਰਗੇ ਮਾਂ ਜਿਹੀਆਂ ਕਵਿਤਾਵਾਂ। ਕੰਮ ਤੋਂ ਵਿਹਲਾ ਹੋ ਕੇ ਬਾਪੂ ਮੋਢੇ ਤੇ ਚੁੱਕ ਝੂਟੇ ਦੇਵੇ। ਗੁਣ-ਗੁਣਾ ਕੇ ਗੀਤ ਸੁਣਾਵੇ ਕਿ ਮਾਪੇ ਹੁੰਦੇ ਮਿੱਠੇ ਮੇਵੇ। “ਸੁਹਲ” ਮੇਰੇ ਪਿੰਡ ਨਸ਼ਹਿਰੇ, ਮਾਣ ਵਧਾਇਆ ਭੈਣ-ਭਰਾਵਾਂ। ਗੀਤ ਮੇਰੇ ਨੇ ਬਾਪੂ ਵਰਗੇ ਮਾਂ ਜਿਹੀਆਂ ਕਵਿਤਾਵਾਂ। ਸੱਚ ਸਿਆਣੇ ਕਹਿ ਗਏ ਲੋਕੀਂ, ਮਾਂਵਾਂ ਹੁੰਦੀਆਂ ਠੰਡੀਆਂ ਛਾਂਵਾਂ।

75. ਮਾਂ-ਬਾਪ

ਮਾਂ ਤੋਂ ਵਧਕੇ ਦੁਨੀਆਂ ਉੇਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜ਼ਾਂ ਕਰੇ ਪੂਰੀਆਂ, ਉਹਦੀ ਹੈ ਕੁਰਬਾਨੀ। ਜੇਕਰ ਮਾਂ ਨੂੰ ਪੂਜੋਗੇ ਤਾਂ, ਬਾਪੂ ਦੀ ਸਰਦਾਰੀ। ਰਹਿਨੁਮਾਂ ਨੇ ਦੋਵੇਂ ਸਾਡੇ, ਜਾਈਏ ਸਦ ਬਲਿਹਾਰੀ। ਬੱਚਿਆਂ ਨੂੰ ਇਹ ਪਾਲਣ ਵਾਲੇ, ਪਰਵਾਰਾਂ ਦੇ ਬਾਨੀ ਮਾਂ ਤੋਂ ਵਧਕੇ ਦੁਨੀਆਂ ਉੇਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜ਼ਾਂ ਕਰੇ ਪੂਰੀਆਂ, ਉਹਦੀ ਹੈ ਕੁਰਬਾਨੀ। ਮਾਂ-ਬਾਪ ਦੀ ਕਰਕੇ ਸੇਵਾ, ਕਰ ਲਉ ਜਨਮ ਸੁਹੇਲਾ। ਤੁਰ ਗਏ ਤਾਂ ਕਿਥੋਂ ਲਭਣੇਂ, ਚਾਰ ਦਿਨਾਂ ਦਾ ਮੇਲਾ। ਕੋਈ ਨਾ ਜਾਣੇ ਪੀੜ ਪਰਾਈ, ਮਾਪੇ ਦਿਲ ਦੇ ਜਾਨੀਂ ਮਾਂ ਤੋਂ ਵਧਕੇ ਦੁਨੀਆਂ ਉੇਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜ਼ਾਂ ਕਰੇ ਪੂਰੀਆਂ, ਉਹਦੀ ਹੈ ਕੁਰਬਾਨੀ। ਜੇ ਬੱਚੇ ਪੈਰੀਂ ਕੰਡਾ ਚੁੱਭ ਜਾਏ, ਪੀੜ ਮਾਂ ਨੂੰ ਹੋਵੇ। ਮੋਢੇ ਤੇ ਚੁੱਕ ਬਾਪੂ ਦੌੜੇ ਤਾਂ ਸਿਰੋਂ ਪਸੀਨਾਂ ਚੋਵੇ। ਧੀਆਂ-ਪੁੱਤਰ ਰਹਿਣ ਜੀਊਂਦੇ ਇਹੋ ਜੱਗ ਨਿਸ਼ਾਨੀਂ ਮਾਂ ਤੋਂ ਵਧਕੇ ਦੁਨੀਆਂ ਉੇਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜ਼ਾਂ ਕਰੇ ਪੂਰੀਆਂ, ਉਹਦੀ ਹੈ ਕੁਰਬਾਨੀ। “ਸੁਹਲ”ਸੱਭ ਦੇ ਉੱਤਮ ਮਾਪੇ, ਕਰ ਇਨ੍ਹਾਂ ਦੀ ਸੇਵਾ। ਵੇਖੀਂ ਤੈਨੂੰ ਆਪੇ ਮਿਲ ਜਾਊ, ਇਹ ਸੇਵਾ ਦਾ ਮੇਵਾ। ਤੇਰੇ ਘਰ‘ਚ ਰੱਬ ਹੈ ਵਸਦਾ, ਨਾ ਉਹ ਮੜੀਂ ਮਸਾਣੀਂ ਮਾਂ ਤੋਂ ਵਧਕੇ ਦੁਨੀਆਂ ਉੇਤੇ, ਕੋਈ ਨਾ ਲੋਕੋ ਸਾਨੀ। ਬਾਪੂ ਗਰਜ਼ਾਂ ਕਰੇ ਪੂਰੀਆਂ, ਉਹਦੀ ਹੈ ਕੁਰਬਾਨੀ।

76. ਮਾਂ ਬੋਲੀ ਤੇ ਮਾਂ ਪਿਆਰੀ

ਮਾਂ ਬੋਲੀ ਤੇ ਸਾਡੀ, ਮਾਂ ਪਿਆਰੀ। ਇਸ ਤੋਂ ਜਾਈਏ, ਸਦ-ਬਲਿਹਾਰੀ। ਇਹ ਨੇ ਸਕੀਆਂ ਦੋਵੇਂ ਮਾਵਾਂ। ਇਨ੍ਹਾਂ ਦਾ ਜੀਊਂਦਾ ਸਿਰਨਾਵਾਂ। ਚੜ੍ਹ ਜਾਏ ਇ੍ਹਨਾਂ ਦੀ ਨਾਮ ਖ਼ੁਮਾਰੀ। ਮਾਂ ਬੋਲੀ ਤੇ ਸਾਡੀ ਮਾਂ ਪਿਆਰੀ। ਇਸ ਤੋਂ ਜਾਈਏ, ਸਦ-ਬਲਿਹਾਰੀ। ਮਾਂ ਬੋਲੀ ਤੋਂ, ਮਾਂ ਨੇ ਸਿੱਖਿਆ। ਊੱੜਾ-ਐੜਾ, ਕੈਦੇ ਤੇ ਲਿਖਆ। ਮਾਂ ਤੋਂ ਹੀ ਸਿੱਖੀ, ਸਿਹਾਰੀ-ਬਿਹਾਰੀ। ਮਾਂ ਬੋਲੀ ਤੇ ਸਾਡੀ ਮਾਂ ਪਿਆਰੀ। ਇਸ ਤੋਂ ਜਾਈਏ, ਸਦ ਬਲਿਹਾਰੀ। ਇਹਨਾਂ ਦਾ ਹੈ, ਜਨਮ ਸੁਹੇਲਾ। ਮੇਰੀ ਮਾਂ ਗੁਰੂ ਤੇ, ਮੈਂ ਹਾਂ ਚੇਲਾ। ਸਿੱਖਿਆਂ ਦੀ ਇਨ੍ਹਾਂ ਭਰੀ ਪਟਾਰੀ। ਮਾਂ ਬੋਲੀ ਤੇ ਸਾਡੀ ਮਾਂ ਪਿਆਰੀ। ਇਸ ਤੋਂ ਜਾਈਏ, ਸਦ- ਬਲਿਹਾਰੀ। ਮਾਂ ਨੂੰ ਉਂਗਲ, ਕਰ ਕੋਈ ਵੇਖੇ। ਤਾਂ ਦੇਣੇ ਪੈਣਗੇ, ਉਸ ਨੂੰ ਲੇਖੇ। ਮਾਵਾਂ ਨੇ ਜਿੰਦ , ਸਾਡੇ ਤੋਂ ਵਾਰੀ। ਮਾਂ ਬੋਲੀ ਤੇ ਸਾਡੀ, ਮਾਂ ਪਿਆਰੀ। ਇਸ ਤੋਂ ਜਾਈਏ, ਸਦ- ਬਲਿਹਾਰੀ। ਧਰਤੀ ਮਾਂ ਦੀਆਂ ਨੇ ਜਾਈਆਂ। ਸੱਚ ਪੁੱਛੋ ਤਾਂ, ਰੱਬ ਰਜਾਈਆਂ। ਕਦੇ ਨਾ ਥੱਕੀ ਤੇ, ਨਾ ਇਹ ਹਾਰੀ। ਮਾਂ ਬੋਲੀ ਤੇ ਸਾਡੀ ਮਾਂ ਪਿਆਰੀ। ਇਸ ਤੋਂ ਜਾਈਏ, ਸਦ- ਬਲਿਹਾਰੀ। ਬਾਪੂ ਦਾਦੇ ਦੀ ਵੀ, ਮਾਂ ਸੀ। ਦੋਵਾਂ ਦੀ ਘਰ ‘ਚ, ਠੰਡੀ ਛਾਂ ਸੀ। ਸੱਭ ਗੁਰੂਆਂ- ਪੀਰਾਂ ਮਾਂ ਸਤਿਕਾਰੀ। ਮਾਂ ਬੋਲੀ ਤੇ ਸਾਡੀ ਮਾਂ ਪਿਆਰੀ। ਇਸ ਤੋਂ ਜਾਈਏ, ਸਦ- ਬਲਿਹਾਰੀ। ਮਾਂ ਦਾ ਕਰਜ਼, ਚੁੱਕਾ ਨਹੀਂ ਹੋਣਾ। ਮਾਂਵਾਂ ਤੋਂ ਕੁਝ, ਲੁਕਾ ਨਹੀਂ ਹੋਣਾ। ‘ਸੁਹਲ’ ਹੁੰਦੀ ਮਾਂ, ਸਤਿ- ਕਰਤਾਰੀ। ਮਾਂ ਬੋਲੀ ਤੇ ਸਾਡੀ ਮਾਂ ਪਿਆਰੀ। ਇਸ ਤੋਂ ਜਾਈਏ, ਸਦ- ਬਲਿਹਾਰੀ।

77. ਰੱਬ ਤੋਂ ਉੱਚਾ ਰਿਸ਼ਤਾ

ਮਾਂ ਦਾ ਰੱਬ ਤੋਂ ਉੱਚਾ ਰਿਸ਼ਤਾ, ਮਾਂ ਦੀ ਪੂਜਾ ਕਰਿਆ ਕਰ। ਮਾਂ ਦੀ ਸੇਵਾ ਦਾ ਫਲ ਮਿੱਠਾ, ਇਹਦੇ ਤੋਂ ਨਾ ਡਰਿਆ ਕਰ। ਸਾਰੇ ਜੱਗ ਤੇ, ਮਾਂ ਤੋਂ ਉੱਚਾ, ਕੋਈ ਨਾ ਰਿਸ਼ਤਾ ਹੋਵੇਗਾ। ਜਿਹੜਾ ਕਰੇਗਾ ਮਾਂ ਦੀ ਸੇਵਾ, ਮੈਲ ਉਹ ਮਨ ਦੀ ਧੋਵੇਗਾ। ਮਾਂ ਦੇ ਗੁੱਸੇ ਤੋਂ ਨਾ ਡਰਨਾ, ਇਸ ਗੁੱਸੇ ਨੂੰ ਜਰਿਆ ਕਰ, ਮਾਂ ਦਾ ਰੱਬ ਤੋਂ ਉੱਚ ਰਿਸ਼ਤਾ, ਮਾਂ ਦੀ ਪੂਜਾ ਕਰਿਆ ਕਰ। ਮਾਂ ਦੀ ਸੇਵਾ ਦਾ ਫਲ ਮਿੱਠਾ, ਇਹਦੇ ਤੋਂ ਨਾ ਡਰਿਆ ਕਰ। ਦੂਜੀ ਤੇਰੀ ਧਰਤੀ ਮਾਂ ਹੈ, ਜਿਥੋਂ ਸਭ ਕੁਝ ਪਾਉਨਾ ਏਂ। ਜੀ-ਜੰਤ ਸਭ ਧਰਤੀ ਮਾਂ ਦੇ, ਗੀਤ ਜਿਨ੍ਹਾਂ ਦੇ ਗਉਨਾ ਏਂ। ਹਰ ਥਾਂ ਤੇਰੀ ਜਿੱਤ ਹੋਵੇਗੀ, ਦੁੱਖਾਂ ਤੋਂ ਨਾ ਡਰਿਆ ਕਰ। ਮਾਂ ਦਾ ਰੱਬ ਤੋਂ ਉੱਚਾ ਰਿਸ਼ਤਾ ਮਾਂ ਦੀ ਪੂਜਾ ਕਰਿਆ ਕਰ। ਮਾਂ ਦੀ ਸੇਵਾ ਦਾ ਫਲ ਮਿੱਠਾ, ਇਹਦੇ ਤੋਂ ਨਾ ਡਰਿਆ ਕਰ। ਬੱਸ ਫਿਰ ਤੀਜੀ, ਮਾਂ ਬੋਲੀ ਨੂੰ, ਸੀਸ ਝੁਕਾ ਕੇ ਵੇਖ ਲਵੋ। ਇਹ ਪਰਉਪਕਾਰੀ ਮਾਂ ਹੁੰਦੀ ਸਭ ਸੇਵ ਕਮਾ ਕੇ ਵੇਖ ਲਵੋ। ਮਾਂ ਬੋਲੀ, ਗਿਆਨ ਦਾ ਸਾਗਰ, ਇਸ ਨੂੰ ਪੜ੍ਹਕੇ ਤਰਿਆ ਕਰ। ਰੱਬ ਤੋਂ ਨਾਂ ਹੈ ਮਾਂ ਦਾ ਉੱਚਾ, ‘ਸੁਹਲ’ ਇ੍ਹਨੂੰ ਪੜ੍ਹਿਆ ਕਰ। ਸਭ ਨੂੰ ਫਲ ਮਿਲੇਗਾ ਮਿੱਠਾ, ਇਹਦੇ ਤੋਂ ਨਾ ਡਰਿਆ ਕਰ।

78. ਮਾਂ ਦਾ ਵਿਹੜਾ

ਮੈਨੂੰ ਰੱਬ ਦੇ ਵਿਹੜੇ ਵਰਗਾ, ਮਾਂ ਦਾ ਵਿਹੜਾ ਜਾਪੇ ਜਿਉਂ ਅਰਸ਼ਾਂ ਵਿਚ ਹੈਨ ਸਿਤਾਰੇ, ਕੋਈ ਵੱਡਾ ਕੋਈ ਛੋਟਾ। ਇਸ ਤਰਾਂ ਹੀ ਘਰ ਵਿਚ ਬੱਚਾ, ਮਾਂ ਦੇ ਦਿਲ ਦਾ ਟੋਟਾ। ਲੋਕੋ ! ਸੱਭ ਜੀਆਂ ਨੂੰ ਲੱਗਦੇ, ਘਰ ਵਿਚ ਸੋਹਣੇ ਮਾਪੇ, ਮੈਨੂੰ ਰੱਬ ਦੇ ਵਿਹੜੇ ਵਰਗਾ, ਮਾਂ ਦਾ ਵਿਹੜਾ ਜਾਪੇ। ਬੱਚੇ ਨੱਚ- ਨੱਚ ਧਰਤੀ ਪੁੱਟਣ, ਦਿਨ ਖ਼ੁਸ਼ੀਆਂ ਦਾ ਆਵੇ। ਭੰਗੜਾ- ਗਿੱਧਾ, ਵਿਹੜੇ ਪੈਂਦਾ, ਜਦ ਢੋਲੀ, ਢੋਲ ਵਜਾਵੇ। ਬੱਚਿਆਂ ਦੇ ਨਾਲ ਵੇਖੋ ਨੱਚਣ , ਚਾਚੇ - ਤਾਏ ਤੇ ਭਾਪੇ, ਮੈਨੂੰ ਰੱਬ ਦੇ ਵਿਹੜੇ ਵਰਗਾ, ਮਾਂ ਦਾ ਵਿਹੜਾ ਜਾਪੇ। ਬੁੱਢ-ਸੁਹਾਗਣ ਸਾਡੀਆਂ ਮਾਵਾਂ, ਮੰਗਣ ਸਭ ਦੀਆਂ ਖ਼ੈਰਾਂ। ਬੱਚਿਆਂ ਨੂੰ ਤੱਤੀ ਵਾ ਨਾ ਲੱਗੇ, ਰੱਬ ਦਾ ਸ਼ੁਕਰ ਗੁਜ਼ਾਰਾਂ। ਪਰਦੇਸੋਂ ਸੁੱਖੀਂ-ਸਾਂਦੀ ਬੱਚੇ, ਮੁੜ ਘਰਾਂ ਨੂੰ ਆਉਂਦੇ ਆਪੇ ਮੈਨੂੰ ਰੱਬ ਦੇ ਵਿਹੜੇ ਵਰਗਾ, ਮਾਂ ਦਾ ਵਿਹੜਾ ਜਾਪੇ। ਬਾਬੇ ਮਿਲਖ਼ਾ ਸਿੰਘ ਦੇ ਵਿਹੜੇ, ਕਿੱਰਪੀ ਮਾਂ ਦਾ ਵਾਸਾ। ਘਰ ਖ਼ੈਰ ਕੋਈ ਮੰਗਣ ਆ ਜਾਏ, ਉਹ ਨਾ ਜਾਏ ਨਿਰਾਸਾ। ‘ਸੁਹਲ’ ਬਜ਼ੁਰਗ਼ਾਂ ਦੀ ਖ਼ੁੱਸ਼ੀਆਂ ਦੇ, ਡੁਲ-ਡੁਲ ਪੈਂਦੇ ਹਾੱਸੇ, ਮੈਨੂੰ ਰੱਬ ਦੇ ਵਿਹੜੇ ਵਰਗਾ, ਮਾਂ ਦਾ ਵਿਹੜਾ ਜਾਪੇ।

79. ਮਾਪੇ

ਮਾਪੇ ਨੇ ਮੇਵੇ ਮਿੱਠੇ, ਹੋਰ ਕਿਤੇ ਨਹੀਂ ਡਿੱਠੇ ਮਾਪੇ ਸਵਰਗ ਦਾ ਬੂੱਟਾ, ਜ੍ਹਿਦਾ ਹੈ ਮਿੱਠਾ ਝੂਟਾ। ਦੁੱਧ ਮਾਂ ਦਾ ਪੀ ਕੇ ਫਿਰ ਵੀ ਚੁੰਘਦੇ ਰਹੇ ਅੰਗੂਠਾ। ਦਿਲ ਸਾਫ ਹੁੰਦੇ ਸੀ ਲੋਕੋ! ਦੁੱਧ ਵਾਂਗਰਾਂ ਚਿੱਟੇ, ਮਾਪੇ ਨੇ ਮੇਵੇ ਮਿੱਠੇ, ਹੋਰ ਕਿਤੇ ਨਹੀਂ ਡਿੱਠੇ। ਮਾਪੇ ਜ੍ਹਿਨਾਂ ਨਾਂ ਡਿੱਠੇ, ਉਹਨਾ ਲਈ ਲੱਖ਼ ਸਿਆਪੇ। ਮਾਂਵਾਂ ਦੇ ਸੁਪਨੇ ਵੇਖੋ, ਅਉਂਦੇ ਨੇ ਰਾਤੀਂ ਆਪੇ। ਮਾਪੇ ਨਾ ਜੱਗ ਤੇ ਮਿਲਦੇ, ਚਾਹੇ ਹੋਵਣ ਕਾਲੇ-ਚਿੱਟੇ, ਮਾਪੇ ਨੇ ਮੇਵੇ ਮਿੱਠੇ, ਹੋਰ ਕਿਤੇ ਨਹੀਂ ਡਿੱਠੇ। ਮਾਂ ਦੀ ਗਾਲ ਕੋਈ ਵੀ, ਵੈਰੀ ਤੋਂ ਨਹੀਂ ਹੈ ਖਾਂਦਾ। ਬਾਪੂ ਦੀ ਅੱਣਖ਼ ਉਤੇ, ਹਰ ਬੰਦਾ ਹੈ ਮਰ ਜਾਂਦਾ। ਮਾਪੇ ਨੇ ਰੱਬ ਤੋਂ ਉੱਚੇ, ਪੜ੍ਹ ਲਉ ਪੁਰਾਣੇ ਚਿੱਠੇ, ਮਾਪੇ ਨੇ ਮੇਵੇ ਮਿੱਠੇ, ਹੋਰ ਕਿਤੇ ਨਹੀਂ ਡਿੱਠੇ। ‘ਸੁਹਲ ਨੋਸ਼ਹਿਰੇ ਵਾਲਾ’ਵਿਚਾਰਾਂ ਰਿਹਾ ਹੈ ਕਰਦਾ। ਮਾਪਿਆਂ ਦੀ ਸੇਵਾ ਬਾਝੋਂ, ਜੀਊਂਦਾ ਹੈ ਬੰਦਾ ਮਰਦਾ। ਬਜ਼ੁਰਗਾਂ ਦੀ ਸੇਵਾ ਕਰ ਲਉ, ਨਾ ਮਾਰੋ ਇੱਟਾਂ-ਵੱਟੇ, ਮਾਪੇ ਨੇ ਮੇਵੇ ਮਿੱਠੇ, ਹੋਰ ਕਿਤੇ ਨਹੀਂ ਡਿੱਠੇ।

80. ਮੱਕਈ ਦੀਆਂ ਛੱਲੀਆਂ

ਦੋਧੀਆਂ ਮੱਕਈ ਦੀਆਂ ਛੱਲੀਆਂ, ਵੇ ਰਾਖ਼ੀ ਚੰਨਾਂ ਨਿੱਤ ਕਰਦੀ। ਉੱਡ- ਉੱਡ ਖੇਤ ਵਿਚ, ਕਾਂ ਤੋਤੇ ਆਂਵਦੇ। ਛੱਲੀਆਂ ਨੂੰ ਫੋਲ-ਫੋਲ ਦਾਣੇਂ ਪਏ ਖਾਂਵਦੇ। ਠੂੱਠਾ ਪਾਣੀ ਦਾ ਮੈਂ ਇਨ੍ਹਾਂ ਲਈ ਭਰਦੀ, ਮੈਂ ਰਾਖ਼ੀ ਚੰਨਾਂ ਨਿੱਤ ਕਰਦੀ। ਦੋਧੀਆਂ ਮੱਕਈ ਦੀਆਂ ਛੱਲੀਆਂ…….। ਮਣ੍ਹੇਂ ਉਤੇ ਚੜ੍ਹ ਜਦੋਂ, ਪੀਪਾ ਖੜਕਾਵਾਂ ਮੈਂ। ਕਾਂ ਉੱਡ ਜਾਣ ਜਦ, ਤਾੜੀਆਂ ਵਜਾਵਾਂ ਮੈਂ। ਜਾਨਵਰਾਂ ਦਾ ਵੀ, ਦੁੱਖ ਰਹਾਂ ਜਰਦੀ, ਵੇ ਰਾਖ਼ੀ ਚੰਨਾਂ ਨਿੱਤ ਕਰਦੀ। ਦੋਧੀਆਂ ਮੱਕਈ ਦੀਆਂ ਛੱਲੀਆਂ…….। ਹਰੇ-ਭਰੇ ਖੇਤ ਮੈਨੂੰ, ਬੜੇ ਸੋਹਣੇ ਲੱਗਦੇ। ਪੈਂਦੇ ਨੇ ਭੁਲੇਖੇ ਮੈਨੂੰ, ਸੋਨੇ ਰੰਗੀ ਪੱਗ ਦੇ। ਰਾਹ - ਗਲੀ ਨਾ ਬੁਲਾਵਾਂ, ਤੈਨੂੰ ਡਰਦੀ, ਮੈਂ ਰਾਖ਼ੀ ਚੰਨਾਂ ਨਿੱਤ ਕਰਦੀ। ਦੋਧੀਆਂ ਮੱਕਈ ਦੀਆਂ ਛੱਲੀਆਂ…….। ਭੁੰਨਕੇ ਸੱਜਣ ਲਈ ਛੱਲੀਆਂ ਮੈਂ ਰੱਖੀਆਂ। ਰਾਹ ਤੇਰਾ ਤੱਕਦੀ, ਅੱਖੀਆਂ ਵੀ ਥੱਕੀਆਂ। ਯਾਦਾਂ ਤੇਰੀਆਂ ‘ਚ ‘ਸੁਹਲ’ ਹੌਕੇ ਭਰਦੀ, ਵੇ ਰਾਖ਼ੀ ਚੰਨਾਂ ਨਿੱਤ ਕਰਦੀ। ਦੋਧੀਆਂ ਮੱਕਈ ਦੀਆਂ ਛੱਲੀਆਂ………।

81. ਮਾਪਿਆਂ ਦੀ ਕੱਲੀ-ਕੱਲੀ ਧੀ

ਮੈਂ ਮਾਪਿਆਂ ਦੀ ਕੱਲੀ-ਕੱਲੀ ਧੀ। ਮੇਰਾ ਮਾਪਿਆਂ ਦੇ ਘਰ ਲੱਗੇ ਜੀ। ਮੈਂ ਰੱਖ਼ੜੀ ਹਾਂ, ਸੋਹਣੇ ਜਿਹੇ ਵੀਰ ਦੀ। ਖੇਡਾਂ ਕੁੜੀਆਂ ‘ਚ ਕਿੱਕਲੀ ਕਲੀਰ ਦੀ। ਮੈਲੀ ਅੱਖ ਨਾਲ, ਜੇ ਕੋਈ ਮੈਨੂੰ ਵੇਖਦਾ ਸਾਹ ਸੁਤ ਕੇ ਮੈਂ ਉਹਦੇ ਲਵਾਂ ਪੀ, ਮੈਂ ਮਾਪਿਆਂ ਦੀ ਕੱਲੀ-ਕੱਲੀ ਧੀ। ਮੇਰਾ ਮਾਪਿਆਂ ਦੇ ਘਰ ਲੱਗੇ ਜੀ। ਚੁੰਨੀ ਸਿਰ ਉਤੇ ਹੈ ਲੋਕੋ! ਮੇਰੀ ਮਾਂ ਦੀ। ਮੈਨੂੰ ਜ਼ਿੰਦਗ਼ੀ ‘ਚ, ਲੋੜ ਮਾਂ ਦੀ ਛਾਂ ਦੀ। ਘਰ ਪੇਕਿਆਂ ਦੇ ਪਾਵਾਂ, ਮੋਰ- ਘੁੱਗੀਆਂ ਮੇਰੀ ਅੰਮੜੀ ਦੇ ਘਰ ਨਹੀਂ ਕੀਹ, ਮੈਂ ਮਾਪਿਆਂ ਦੀ ਕੱਲੀ-ਕੱਲੀ ਧੀ। ਮੇਰਾ ਮਾਪਿਆਂ ਦੇ ਘਰ ਲੱਗੇ ਜੀ। ਉੱਚਾ ਤੁਰਲ੍ਹਾ ਮੈਂ, ਬਾਪੂ ਜੀ ਦੀ ਪੱਗ ਦਾ। ਮੈਨੂੰ ਸਾਰਾ ਪਿੰਡ, ਪੇਕਿਆਂ ਦਾ ਲੱਗਦਾ। ਮਾਪਿਆਂ ਦੇ ਘਰ ਸਾਡੇ ਰਿਜ਼ਕ ਬਥੇਰਾ ਘਰ ਬੂਰੀਆਂ ਮੱਝਾਂ ਦਾ ਦੁੱਧ-ਘੀ। ਮੈਂ ਮਾਪਿਆਂ ਦੀ ਕੱਲੀ-ਕੱਲੀ ਧੀ। ਮੇਰਾ ਮਾਪਿਆਂ ਦੇ ਘਰ ਲੱਗੇ ਜੀ। ਪੇਕਿਆਂ ਦੇ ਘਰ ਮੇਰੀ, ਇਹੋ ਪਹਿਚਾਣ ਹੈ। ਘਰ ਵਿਚ ਗੁੱਡੀਆਂ-ਪਟੋਲੇ ਮੇਰੀ ਜਾਨ ਹੈ। ਪੇਕੇ ਘਰ ਧੀਆਂ ਨਂੇ ‘ਸੁਹਲ’ ਸਰਦਾਰੀਆਂ ਜਿਥੇ ਪਿਆਰ ਕਰਨ ਸਾਰੇ ਜੀ। ਮੈਂ ਮਾਪਿਆਂ ਦੀ ਕੱਲੀ-ਕੱਲੀ ਧੀ। ਮੇਰਾ ਮਾਪਿਆਂ ਦੇ ਘਰ ਲੱਗੇ ਜੀ।

82. ਮਸਲੇ ਬੇ-ਸ਼ੁਮਾਰ

ਬੁੱਧ ਮੰਦਿਰ ਤੇ ਹਰਿਮੰਦਿਰ ਦੇ ਮਸਲੇ ਬੇ ਸ਼ੁਮਾਰ ਖੜੇ ਨੇ। ਮੰਗਣ ਲਈ ਇਨਸਾਫ ਵਿਚਾਰੇ ਲੋਕੀਂ ਦਫ਼ਤਰ ਬਾਹਰ ਖੜੇ ਨੇ। ਲਾਲ ਖ਼ੂਨ ਵੀ ਹੋਇਆ ਚਿੱਟਾ ਪਈਆਂ ਧਰਮਾਂ ਵਿਚ ਤਰੇੜਾਂ, ਮਸਜ਼ਿਦ, ਮੰਦਰ, ਗੁਰੂ-ਦੁਆਰੇ ਸੇਵਕ ਲੈ ਹਥਿਆਰ ਖੜੇ ਨੇ। ਕੋਈ ਧਰਮ ਨਹੀਂ ਸਿਖਾਉਂਦਾ ਸ਼ਰਧਾਲੂ ਨੂੰ ਵੀ ਮਾਰੋ ਗੋਲੀ, ਆਪਣਿਆਂ ‘ਤੇ ਫੜ ਕੇ ਖ਼ੰਜਰ ਵੇਖੋ ਤਾ ਅਹਿਲਕਾਰ ਖੜੇ ਨੇ। ਧੋਤੀ, ਟੋਪੀ, ਪਗੜੀ ਵਾਲਾ ਦੱਸੋ! ਏਥੇ ਬਚਿਆ ਕਿਹੜਾ, ਝੂਠ ਗਵਾਹੀਆਂ ਦੇਵਣ ਵਾਲੇ ਏਥੇ ਵੀ ਦਾਵੇਦਾਰ ਖੜੇ ਨੇ। ਹੁਕਮਰਾਨ ਦਾ ਜਿੱਥੇ ਪਹਿਰਾ ਜੱਜਾਂ ਨੇ ਇਨਸਾਫ਼ ਕੀ ਕਰਨਾ, ਜੋ ਹੱਕਾਂ ਖਾਤਰ ਧੱਕੇ ਖਾਂਦੇ ਭਾਰਤ ਵਿਚ ਪਰਿਵਾਰ ਬੜੇ ਨੇ। ਇਕ ਦੂਜੇ ਦੀ ਮਿੱਟੀ ਪੁੱਟਣ ਬਣਦੇ ਨੇ ਸ਼ੁਭ-ਚਿੰਤਕ ਨੇਤਾ, ਅੰਦਰੋਂ ਕਾਲੇ ਬਾਹਰੋਂ ਚਿੱਟੇ ਜਾਪ ਰਹੇ ਦਿਲਦਾਰ ਬੜੇ ਨੇ। ਪੁੱਛੇ ਨਾ ਕੋਈ ਕਾਤਿਲ ਤਾਈਂ ਰਹੀ ਨਾ ਕਦਰ ਕਨੂੰਨਾਂ ਦੀ, “ਸੁਹਲ”ਕਈ ਪੁਸ਼ਤਾਂ ਤੋਂ ਹੀ ਰਾਜੇ ਦੇ ਦਰਬਾਰ ਖੜੇ ਨੇ।

83. ਮਸਜ਼ਿਦ-ਮੰਦਰ ਤੇ ਹਰਿਮੰਦਰ

ਇਕ ਪਾਸੇ ਝਗੜਾ ਮਸਜ਼ਿਦ ਦਾ, ਤੇ ਦੂਜੇ ਪਾਸੇ ਮੰਦਰ ਦਾ। ਦੁਨੀਆਂ ਸਾਰੀ ਜਾਣ ਗਈ ਏ, ਹਮਲਾ ਜੋ ਹਰਿਮੰਦਰ ਦਾ। ਦੇਸ਼ ਮੇਰੇ ਵਿਚ ਥਾਂ -ਥਾਂ ਝਗੜੇ ਮ੍ਹਜ਼ਬਾਂ ਖਾਤਰ ਹੁੰਦੇ ਨੇ, ਜੋ ਲੋਕਾਂ ਨੂੰ ਭੁੜਕਾਵੇ ਲੀਡਰ ਕਰੀਏ ਪਤਾ ਪਤੰਦਰ ਦਾ। ਹਿੰਦੂ, ਮੁਸਲਿਮ, ਸਿੱਖ, ਈਸਾਈ ਭਾਈ-ਭਾਈ ਕਹਿੰਦੇ ਨੇ, ਇਹ ਸਾਰੇ ਜੰਗ ਜਨੂਨੀ ਲੜਦੇ ਭੇਤ ਨਾ ਦਿੰਦੇ ਅੰਦਰ ਦਾ। ਖ਼ੂਨ-ਖਰਾਬਾ, ਫਿਰਕੂ ਦੰਗਿਆਂ ਲੋਕਾਂ ਦਾ ਦੰਮ ਘੁੱਟਿਆ ਹੈ, ਨਿਰਦੋਸ਼ਾਂ ਨੂੰ ਉਹ ਦੇਣ ਡਰਾਵਾ ਖ਼ੂਨ ‘ਚ ਰੰਗੇ ਖ਼ੰਜਰ ਦਾ। ‘ਸੁਹਲ’ ਸਾਡੇ ਮੁਲਕ ਦੇ ਅੰਦਰ ਏਦਾਂ ਹੀ ਜੇ ਚਲਦਾ ਰਹੂ, ਤਾਂ ਫਿਰ ਕੌਣ ਕਰੇਗਾ ਆਦਰ ਗੁਰੁ ਤੇ ਪੀਰ ਪੈਗੰਬਰ ਦਾ।

84. ਮੌਜ ਬਹਾਰਾਂ

ਕਰ ਲੈ ਮੌਜ ਬਹਾਰਾਂ, ਮੁੜ ਕੇ ਆਉਣਾ ਨਹੀਂ। ਵਾਰ-ਵਾਰ ਤੁੰ ਲੰਮੀ ਨੀਂਦਰ ਸਉਣਾ ਨਹੀਂ। ਸਿਰ ਚੜ੍ਹ ਆਪੇ ਬੋਲੇਂਗਾ ਜੋ ਕਾਰਾ ਕੀਤਾ ਹੈ ਤੈਨੂੰ ਏਥੇ ਤੇਰੇ ਜਾਇਆਂ ਵੀ ਸਮਝਾਉਣਾ ਨਹੀਂ। ਦਿਲ-ਲਗੀਆਂ ਕਰਦੇ-ਕਰਦੇ ਏਥੋਂ ਤੁਰ ਜਾਣਾ ਖ਼ੁਸ਼ੀਆਂ ਵਾਲਾ ਵਾਜਾ ਕਿਸੇ ਵਜਾਉਣਾ ਨਹੀਂ। ਸਭ ਠੱਗੀ-ਠੋਰੀ, ਧੋਖੇਬਾਜੀ, ਕਰ ਕੇ ਵੇਖ ਲਈ ਕਰ ਲੈ ਲਖਾਂ ਚਾਰੇ ਤੈਨੂੰ ਕਿਸੇ ਬਚਾਉਣਾ ਨਹੀਂ। ਉਲਫ਼ਤ ਖਾਤਰ, ਦਲਦਲ ਅੰਦਰ ਫਸਿਆ ਏਂ ਤੇਰੇ ਆਪਣਿਆਂ ਵੀ ਪਾਰ ਲਗਾਉਣਾ ਨਹੀਂ। ਕਿਉਂ? ਸਾਧਾਂ ਵਾਲਾ ਭੇਸ ਬਣਾ ਕੇ ਲੁੱਟ ਰਿਹੈਂ ਤੇਰੇ ਝੂੱਠੇ-ਠੂੱਠੇ ਖੈਰ ਕਿਸੇ ਵੀ ਪਉਣਾ ਨਹੀਂ। ਉਹ ਤਾਂ ਅੱਗ ਜਨੂਨੀ ਲਾ ਕੇ ਕਿਧਰੇ ਦੌੜ ਗਿਆ ਲੱਭ ਗਿਆ ਤਾਂ ਕਿਸੇ ਵੀ ਤੈਨੂੰ ਚਹੁਣਾ ਨਹੀਂ। “ਸੁਹਲ” ਆ ਜਾਉ ਬਾਜ ਅਜੇ ਵੀ ਮੌਕਾ ਹੈ ਮੜ੍ਹੀ ਤੇਰੀ ਤੇ ਦੀਵਾ ਕਿਸੇ ਜਗਾਉਣਾ ਨਹੀਂ।

85. ਉਮਰਾਂ ਦਾ ਰਸਤਾ

ਮੌਸਮ ਤੇ ਉਮਰਾਂ ਦਾ, ਵਧੀਆ ਹੈ ਰਸਤਾ। ਯਾਦਾਂ ਦੀ ਫੁਲਵਾੜੀ, ਸੀ ਮੋਢੇ ਤੇ ਬਸਤਾ। ਜਮਾਨੇ ਦੇ ਨਾਲ-ਨਾਲ, ਚਲਣਾ ਹੀ ਪੈਣਾ, ਇਹ ਹੋਵੇ ਜਮਾਨਾ, ਮਹਿੰਗਾ ਜਾਂ ਸਸਤਾ। ਠੰਡ੍ਹੀਆਂ ਜਾਂ ਤੱਤੀਆਂ, ਹਵਾਵਾਂ ਦੀ ਛਾਂ ਛਾਂ ਜ਼ਿੰਦਗ਼ੀ ਨੂੰ ਇਸ ਤੋਂ, ਸਮਝੋ ਨਾ ਖ਼ਸਤਾ। ਇਹ ਝਗੜੇ ਜਨੂੰਨੀਂ , ਜੋ ਕਤਲਾਂ ਦੇ ਸੌਦੇ, ਖੂਨ ‘ਚ ਲੱਥ-ਪੱਥ ਹੋਇਆ ਗ਼ੁਲਦਸਤਾ। ਸੱਤਾਂ-ਸਮੁੰਦਰਾਂ ਤੋਂ ‘ਸੁਹਲ’ ਜੋ ਪਰਤਣ ਕਦੇ ਨਾ ਉਹ ਭੁੱਲਣ, ਪਿੰਡ ਦਾ ਚੌਰਸਤਾ।

86. ਮੌਤ ਲਾੜੀ

ਮੌਤ ਲਾੜੀ ਹੈ ਵਿਆਉਣੀਂ, ਗੱਲ ਸੁਣ ਦਾਦੀਏ। ਜਿੰਦ ਮੁੜ ਨਹੀਂ ਥਿੱਆਉਣੀਂ, ਗੱਲ ਸੁਣ ਦਾਦੀਏ। ਰਗਾਂ ਸਾਡੀਆਂ ‘ਚ ਖ਼ੂਨ, ਸਿੱਖੀ ਦਾ ਹੈ ਖੌਲਦਾ। ਬੂੱਟਾ ਖ਼ੂਨ ਨਾਲ ਸਿੰਜਿਆ ਹੈ, ਵੇਖੀਂ ਮੌਲਦਾ। ਪਾਣੀ ਵਾਰ ਕੇ ਤੂੰ ਪੀਣਾਂ ਘੋੜੀ ਦੁਨੀਆਂ ਨੇ ਗਾਉਣੀਂ, ਮੌਤ ਲਾੜੀ ਹੈ ਵਿਆਉਣੀਂ, ਗੱਲ ਸੁਣ ਦਾਦੀਏ। ਜਿੰਦ ਮੁੜ ਨਹੀਂ ਥਿੱਆਉਣੀਂ, ਗੱਲ ਸੁਣ ਦਾਦੀਏ। ਉਹ ਠੰਡੇ ਬੁਰਜ ਦੇ ਵਲ, ਦਾਦੀ ਸਾਡੇ ਮੁੱਖ ਹੋਣੇਗੇ। ਨੀਝ ਲਾ ਕੇ ਤੱਕੀਂ ਦਾਦੀ, ਹੰਝੂ ਵੀ ਨਾ ਚੋਣਗੇ। ਤਾਂ ਸਾਡੇ ਸਿਹਰੇ ਦੀ ਝਲਕ ਤੈਥੋਂ, ਝੱਲ ਵੀ ਨਹੀਂ ਹੋਣੀ, ਮੌਤ ਲਾੜੀ ਹੈ ਵਿਆਉਣੀਂ, ਗੱਲ ਸੁਣ ਦਾਦੀਏ। ਜਿੰਦ ਮੁੜ ਨਹੀਂ ਥਿੱਆਉਣੀਂ, ਗੱਲ ਸੁਣ ਦਾਦੀਏ। ਜੋਰਾਵਰ ਸਿੰਘ ਫਤਹਿ ਦੀਆਂ, ਲਾਵਾਂ ਵਲ ਵੇਖੀਂ। ਫਿਰ, ਸਾਡੇ ਵਲੋਂ ਅਉਂਦੀਆਂ, ਹਵਾਵਾਂ ਵਲ ਵੇਖੀਂ। ‘ਤੇ ਅਸੀਂ ਛਡ ਕੇ ਜੈਕਾਰੇ ਰੀਤ ਸਿੱਖੀ ਦੀ ਨਿਭਾਉਣੀ, ਮੌਤ ਲਾੜੀ ਹੈ ਵਿਆਉਣੀਂ, ਗੱਲ ਸੁਣ ਦਾਦੀਏ। ਜਿੰਦ ਮੁੜ ਨਹੀਂ ਥਿੱਆਉਣੀਂ, ਗੱਲ ਸੁਣ ਦਾਦੀਏ। ਸਾਡੇ ਦਾਦੇ-ਪੜਦਾਦੇ, ਵਢੇ ਵੀਰਾਂ ਨੇ ਵੀ ਤੱਕਣਾਂ। ਫ਼ਰਜ ਨਿਭਾ ਕੇ ਅਸੀਂ, ਉਹਨਾਂ ਨੂੰ ਹੈ ਦਸਣਾਂ। ਇਹੋ ਜਿਹੀ ‘ਮੌਤ ਲਾੜੀ‘ ਜੱਗ ‘ਤੇ ਨਹੀਂ ਹੋਣੀ, ਮੌਤ ਲਾੜੀ ਹੈ ਵਿਆਉਣੀਂ, ਗੱਲ ਸੁਣ ਦਾਦੀਏ। ਜਿੰਦ ਮੁੜ ਨਹੀਂ ਥਿੱਆਉਣੀਂ, ਗੱਲ ਸੁਣ ਦਾਦੀਏ।

87. ਮਾਵਾਂ ਰਹਿਣ ਜੀਊਂਦੀਆਂ

ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ। ਮਾਂ ਦੀ ਰੀਸ , ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ ਵੇਖੀ ਆਪਣੀ ਮਾਂ, ਮਾਵਾਂ ਰਹਿਣ ਜੀਊਂਦੀਆਂ ਜੱਗ ‘ਤੇ, ਮਾਂ ਹੁੰਦੀ ਹੈ ਰੱਬ ਦਾ ਨਾਂ ਬੱਚਿਆਂ ਨੂੰ ਜੋ ਪਾਲਣਹਾਰੀ, ਸਾਰੇ ਜੱਗ ਤੋਂ ਮਾਂ ਪਿਆਰੀ। ਰਾਜੇ, ਪੀਰ-ਪੈਗੰਬਰ ਪੂਜਣ , ਮਾਂ ਹੁੰਦੀ ਏ ਪਰ-ਉੋਪਕਾਰੀ। ਮਾਂ ਬੇਸ਼ਕ ਮਾਰੇ, ਝਿੜਕੇ, ਮੈਂ ਉਹਦੇ ਪੈਰ ਦੀ ਮਿੱਟੀ ਹਾਂ, ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ, ਮਾਂ ਹੁੰਦੀ ਏ ਰੱਬ ਦਾ ਨਾਂ ਬੱਚਿਆਂ ਦਾ ਮਲ-ਮੂਤਰ ਧੋਂਦੀ, ਤਾਂ ਵੀ ਖੁਸ਼ੀ ਮਨਾਉਂਦੀ ਮਾਂ। ਬਚਿੱਆਂ ਨੂੰ ਸੁੱਕੇ ਥਾਂ ਪਾ ਕੇ, ਗਿੱਲੇ ਥਾਂ ‘ਤੇ ਸਉਂਦੀ ਮਾਂ। ਵੇਖੇ ਮੰਦਰ, ਗੁਰੁ-ਦੁਆਰੇ, ਮਾਂ ਵਰਗੀ ਨਾ ਲੱਭੀ ਥਾਂ, ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ, ਮਾਂ ਹੁੰਦੀ ਏ ਰੱਬ ਦਾ ਨਾਂ ਬੱਚੇ ਦਾ ਕੰਨ ਤੱਤਾ ਹੋਵੇ, ਮਾਵਾਂ ਲੱਖ-ਲੱਖ ਕਰਨ ਦੁਆਵਾਂ। ਰੱਬਾ! ਮੇਰੇ ਬੱਚਿਆਂ ਤਾਈਂ, ਸੁੱਖਾਂ ਭਰੀਆਂ ਆਉਣ ਹਵਾਵਾਂ। ਔਖੇ ਵੇਲੇ ਮਾਂ ਹੀ ਆਪਣੇ, ਬੱਚਿਆਂ ਦੀ ਹੈ ਫੜਦੀ ਬਾਂਹ, ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ, ਮਾਂ ਹੁਦੀ ਹੈ ਰੱਬ ਦਾ ਨਾਂ ਸਾਰੀ ਜ਼ਿੰਦਗੀ ਸੇਵਾ ਕਰਕੇ, ਮਾਂ ਦਾ ਕਰਜ਼ ਮੁਕਾ ਨਹੀਂ ਹੁੰਦਾ। ਜੱਗ ਤੋਂ ਦੁੱਖ ਲੁਕਾ ਲਵਾਂਗੇ, ਮਾਂ ਤੋਂ ਦੁੱਖ ਲੁਕਾ ਨਹੀਂ ਹੁੰਦਾ। “ਸੁਹਲ” ਛਾਵਾਂ ਲੱਖਾਂ ਹੋਵਣ, ਮਾਂ ਵਰਗੀ ਨਹੀਂ ਠੰਡੀ ਛਾਂ। ਮਾਵਾਂ ਰਹਿਣ ਜੀਊਂਦੀਆਂ ਜੱਗ ‘ਤੇ, ਮਾਂ ਹੁੰਦੀ ਹੈ ਰੱਬ ਦਾ ਨਾਂ

88. ਮੇਲੇ ਮਿੱਤਰਾਂ ਦੇ

ਖ਼ਿੜ ਗਈਆਂ ਗੁਲਜ਼ਾਰਾਂ, ਮੇਲੇ ਮਿੱਤਰਾਂ ਦੇ। ਪੈਂਦੀਆਂ ਸਉਣ ਫੁਹਾਰਾਂ, ਮੇਲੇ ਮਿੱਤਰਾਂ ਦੇ। ਸੱਜਣ ਦੀ ਜਦ ਯਾਦ ਹੈ ਆਉਂਦੀ। ਕੰਧਾਂ ਤੇ ਫਿਰ ਔਂਸੀਆਂ ਪਉਂਦੀ। ਅੱਜ ਸੱਜਣ ਮੈਨੂੰ ਮੁੱਖ ਵਿਖਾ ਜਾਣ, ਕਦੇ ਨਾ ਦਿਲੋਂ ਵਿਸਾਰਾਂ, ਮੇਲੇ ਮਿੱਤਰਾਂ ਦੇ ………………। ਬੱਚਪਨ ਦੇ ਜਦ ਮਿਲ ਜਾਣ ਯਾਰ। ਗਲਵਕੜੀ ਪਾ ਕੇ ਕਰੀਏ ਪਿਆਰ। ਛੋਟੇ ਹੁੰਦੇ ਜਿਉਂ ਪਿਆਰ ਸੀ ਕਰਦੇ, ਮੁੜ ਆਉਣ ਫਿਰ ਬਹਾਰਾਂ, ਮੇਲੇ ਮਿੱਤਰਾਂ ਦੇ……………….। ਤੀਆਂ ਵਿਚ ਜਦ ਪੀਂਘ ਚੜ੍ਹਾਈ। ਤਾਂ ਮਚ ਗਈ ਮੇਲੇ ਵਿਚ ਦੁਹਾਈ। ਚੱੂੜਾ ਤੇ ਝਾਂਜਰ, ਜਦ ਵੀ ਛਣਕਣ, ਕਿੱਕਲੀ ਪਾਉਣ ਮੁਟਿਆਰਾਂ, ਮੇਲੇ ਮਿੱਤਰਾਂ ਦੇ………………। ਕੋਈ ਰੁੱਤ ਸਉਣ ਦੀ ਐਸੀ ਆਵੇ। ਚਿਰਾਂ ਤੋਂ ਵਿਛੜੇ ਯਾਰ ਮਿਲਾਵੇ। ‘ਸੁਹਲ’ ਮੇਲੇ ਵਿਚ ਨੱਚਣ ਨਢੀਆਂ, ਹੁਸਨ ਦੀਆਂ ਸਰਕਾਰਾਂ, ਮੇਲੇ ਮਿੱਤਰਾਂ ਦੇ……………….।

89. ਮੇਰੀ ਪਿਆਰੀ ਮਾਂ

ਮੇਰੀ ਪਿਆਰੀ-ਪਿਆਰੀ ਮਾਂ। ਰੱਬ ਤੋਂ ਵੱਧ, ਸਤਿਕਾਰੀ ਮਾਂ। ਮਾਂ ਦਾ ਨਿੱਘਾ-ਨਿੱਘਾ ਪਿਆਰ, ਮਿਲਦਾ ਨਹੀਂ ਜੋ ਵਿਚ ਬਜ਼ਾਰ। ਮਿੱਠੀਆਂ ਲੋਰੀਆਂ ਦੇ ਅੰਬਾਰ, ਵੈਰ - ਵਿਰੋਧ ਤੇ ਨਾ ਹੰਕਾਰ। ਭਲਾ ਸਦਾ ਸਰਬੱਤ ਦਾ ਮੰਗੇ, ਉਹ ਜੀਵੇ ਰਾਜ-ਦੁਲਾਰੀ ਮਾਂ। ਮੇਰੀ ਪਿਆਰੀ-ਪਿਆਰੀ ਮਾਂ। ਰੱਬ ਤੋਂ ਵੱਧ ਸਤਿਕਾਰੀ ਮਾਂ। ਭਰਾ-ਭੈਣ ਰਲ ਖੇਡਣ ਸਾਰੇ, ਮਾਂ ਦੇ ਵਿਹੜੇ ਚੱਮਕਣ ਤਾਰੇ। ਘਰ ਵਿਚ ਮਾਂ ਦੇ ਬੜੇ ਸਹਾਰੇ, ਤਾਹੀਉਂ ਆਪਾਂ ਖੰਭ ਕਿਲਾਰੇ। ਬਾਤਾਂ ਸੁਣਦੇ ਸਾਰੇ ਸੌਂ ਗਏ, ਸਾਡੇ ‘ਤੇ ਦਏ ਫ਼ੁਲਕਾਰੀ ਮਾਂ। ਮੇਰੀ ਪਿਆਰੀ-ਪਿਆਰੀ ਮਾਂ। ਰੱਬ ਤੋਂ ਵੱਧ ਸਤਿਕਾਰੀ ਮਾਂ। ਮਾਂ ਦੇ ਜਿੰਨੇ, ਹੋਣ ਨਿਆਣੇ, ਸਭ ਨੂੰ ਮਾਂ ਬਰਾਬਰ ਜਾਣੇ। ਸਉਣ ਨਾ ਦਿੰਦੀ ਭੁੱਖੇ-ਭਾਣੇਂ, ਸਾਲੋ ਸਾਲ ਹੋ ਜਾਣ ਸਿਆਣੇ। ਰੱਜ-ਰੱਜ ਕੇ , ਲਾਡ ਲਡਾਉਂਦੀ, ਲ਼ੋਕੋ! ਪਰ - ਉਪਕਾਰੀ ਮਾਂ। ਮੇਰੀ ਪਿਆਰੀ ਪਿਆਰੀ ਮਾਂ। ਰੱਬ ਤੋਂ ਵੱਧ ਸਤਿਕਾਰੀ ਮਾਂ। ਸਭ ਨੂੰ ਕੋਲ ਬਿਠਾਉਂਦੀ ਮਾਂ, ਪਿਆਰ ਨਾਲ ਸਮਝਾਉਂਦੀ ਮਾਂ ਜਦੋਂ ਪੁੱਤਰ ਦੀ ਘੋੜੀ ਸੁਣਦੀ, ਮੰਨ ‘ਚ ਖ਼ੁਸ਼ੀ ਮਨਾਉਂਦੀ ਮਾਂ। ਕਿਸੇ ਨਾਲ ਨਾ ਕਰੇ ਵਿਤਕਰਾ, ਹੈ, ਆਸਾਂ ਭਰੀ ਪੱਟਾਰੀ ਮਾਂ। ਸਾਡੀ ਪਿਆਰੀ ਪਿਆਰੀ ਮਾਂ। ਰੱਬ ਤੋਂ ਵੱਧ ਸਤਿਕਾਰੀ ਮਾਂ। ਉੱਠ ਅਮ੍ਰਤ ਵੇਲੇ ਬਾਣੀ ਪੜ੍ਹਦੀ, ਫਿਰ ਉਹ ਚੁੱਲੇ- ਚੌਂਕੇ ਚੜ੍ਹਦੀ। ਕਿਸੇ ਨਾਲ ਨਾ ਵੇਖੀ ਲੜਦੀ, ਸੱਚ ਅੱਗੇ ਉਹ ਵੇਖੀ ਅੱੜਦੀ। ਜੀਵਨ- ਜਾਚ ਸਿਖਾ ਕੇ ਸਾਨੂੰ, ਸਭ ਦੀ ਜੂਨ ਸਵਾਰੀ ਮਾਂ। ਸਾਡੀ ਪਿਆਰੀ ਪਿਆਰੀ ਮਾਂ। ਰੱਬ ਤੋਂ ਵੱਧ ਸਤਿਕਾਰੀ ਮਾਂ। ਕਿਵੇਂ ਮਾਂ ਦਾ ਕਰਜ ਉਤਾਰਾਂ, ਸਾਰੀ ਜ਼ਿੰਦਗ਼ੀ ਮਾਂ ਤੋਂ ਵਾਰਾਂ। ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਵੀ ਮਾਂ ਪੁਕਾਰਾਂ। ਮਾਂ ਦੇ ਚਰਨੀਂ ਸੀਸ ਝੁਕਾਈਏ, ਜੱਗ -ਜਨਣੀ , ਕੁੱਲਤਾਰੀ ਮਾਂ। ਸਾਡੀ ਪਿਆਰੀ ਪਿਆਰੀ ਮਾਂ। ਰੱਬ ਤੋਂ ਵੱਧ ਸਤਿਕਾਰੀ ਮਾਂ। ਜੁੱਗੋ-ਜੁੱਗ ਜੀਣ ਜੱਗ ਤੇ ਮਾਵਾਂ, ਮਾਂ ਦੇ ਗੀਤ ਸਦਾ ਹੀ ਗਾਵਾਂ। ਮਾਂਵਾਂ ਹੁੰਦੀਆਂ ਠੰਡੀਆਂ ਛਾਵਾਂ, ਮਾਂ ਦਾ ਲਭੱਣਾ ਨਹੀਂ ਪਰਛਾਵਾਂ। ਮਾਂ ਦੀ ਪੂਜਾ, ਹੈ ਰੱਬ ਦੀ ਪੂਜਾ, ‘ਸੁਹਲ’ਦੀ ਸਤ-ਕਰਤਾਰੀ ਮਾਂ। ਮੇਰੀ ਪਿਆਰੀ -ਪਿਆਰੀ ਮਾਂ। ਰੱਬ ਤੋਂ ਵੱਧ, ਸਤਿਕਾਰੀ ਮਾਂ।

90. ਨੱਚ ਲੈਣ ਦਉ

ਮੈਨੂੰ ਗਿੱਧੇ ਵਿਚ ਕੁੜੀਉ, ਨੱਚ ਲੈਣ ਦਉ। ਚੜ੍ਹਦੀ ਜਵਾਨੀ ਮੇਰੀ ਸਰੂ ਜਿਹਾ ਕੱਦ ਨੀਂ। ਗਿੱਧੇ ‘ਚ ਨੱਚੇ ਨਾ ਕੋਈ ਮੇਰੇ ਨਾਲੋਂ ਵੱਧ ਨੀਂ। ਅੱਜ ਅੱਗ ਦਾ ਭਬੂੱਕਾ ਬਣ ਮੱਚ ਲੈਣ ਦਉ, ਮੈਨੂੰ ਗਿੱਧੇ ਵਿਚ ਕੁੜੀਉ , ਨੱਚ ਲੈਣ ਦਉ। ਮੇਰੇ ਨਾਲ ਨੱਚੀਆਂ ਦਰਾਣੀਆਂ-ਜਠਾਣੀਆਂ। ਗਿੱਧੇ ਵਿਚ ਛਿੱੜੀਆਂ ਸੀ ਮੇਰੀਆਂ ਕਹਾਣੀਆਂ ਮੇਰਾ ਸੂਟ ਇੰਗਲੈਂਡ ਵਾਲਾ , ਜੱਚ ਲੈਣ ਦਉ, ਮੈਨੂੰ ਗਿੱਧੇ ਵਿਚ ਕੁੜੀਉ , ਨੱਚ ਲੈਣ ਦਉ। ਦਿਉਰ ਦਾ ਵਿਆਹ ਹੁਣ ਸਾਰੀਆਂ ਹੀ ਨੱਚਣਾ। ਬੁੱਢੀਆਂ ਨਣਾਨਾਂ ‘ਤੇ ਕੁਆਰੀਆਂ ਵੀ ਨੱਚਣਾ। ਗਿੱਧੇ ਵਿਚ ਧੱੂੜ “ਸੁਹਲ” ਪੱਟ ਲੈਣ ਦਉ, ਮੈਨੂੰ ਗਿੱਧੇ ਵਿਚ ਕੁੜੀਉ , ਨੱਚ ਲੈਣ ਦਉ।

91. ਨੈਣਾ ’ਚ ਸਵਾਲ ਨੇ

ਹਿਜ਼ਰਾਂ ਦੀ ਪੀੜ ਵਾਲੇ, ਨੈਣਾ ‘ਚ ਸਵਾਲ ਨੇ। ਅੱਖ਼ੀਆਂ ‘ਚ ਹੰਝੂ ਵੀ ਬੜੇ ਬੇ- ਮਿਸਾਲ ਨੇ। ਅੰਬਰ ਚੋਂ ਟੁੱਟਾ ਤਾਰਾ ਦਿਲ ਸੀ ਅਕਾਸ਼ ਦਾ। ਸੁਪਨੇ ‘ਚ ਮਿਲ ਜਾ ਪਤਾ ਨਹੀਂ ਸਵਾਸ ਦਾ। ਇਕ ਵਾਰੀ ਪੁੱਛ ਮੈਨੂੰ ਤੇਰੇ ਵੀ ਕੀ ਹਾਲ ਨੇ। ਹਿਜ਼ਰਾਂ ਦੀ ਪੀੜ ਵਾਲੇ ਨੈਣਾ ‘ਚ ਸਵਾਲ ਨੇ। ਨੀਂਦ ਨਾ ਆਵੇ ਚੰਨਾ ਲਵਾਂ ਅੰਗੜਾਈਆਂ ਵੇ। ਵੰਗਾਂ ਸਤਰੰਗੀਆਂ ਵੀ ਦਿੰਦੀਆਂ ਦੁਹਾਈਆਂ ਵੇ। ਦਿਲ ਵਿਚ ਹੌਕਿਆਂ ਦੇ ਉੱਠਦੇ ਉਬਾਲ ਨੇ। ਅੱਖੀਆਂ ‘ਚ ਹੰਝੂ ਵੀ ਬੜੇ ਬੇ- ਮਿਸਾਲ ਨੇ। ਬਿਰਹੋਂ ਦੀ ਪੀੜ ਹੁਣ ਝੱਲੀ ਨਹੀਉਂ ਜਾਂਵਦੀ। ਸੱਜਣਾ ਵੇ ਯਾਦ ਤੇਰੀ ਵੱਢ੍ਹ - ਵੱਢ੍ਹ ਖਾਂਵਦੀ। ਇਕ- ਇਕ ਦਿਨ ਕਰ ਬੀਤ ਗਏ ਸਾਲ ਨੇ। ਨੈਣਾਂ ਵਿਚ ਹੰਝੂ ਵੀ ਤਾਂ ਬੜੇ ਬੇ- ਮਿਸਾਲ ਨੇ। ਮੱਸਿਆ ਦੀ ਰਾਤ ਵਾਂਗ ਪੈ ਗਿਆ ਹਨੇਰਾ ਵੇ। ਮਿਲ ਜਾ ਆ ਕੇ ਚੰਨਾਂ, ਹੋ ਜਾਊਗਾ ਸਵੇਰਾ ਵੇ। “ਸੁਹਲ” ਤੇਰੇ ਲਾਰੇ ਵੇਖੇ ਬੜੇ ਹੀ ਕਮਾਲ ਨੇ। ਹਿਜ਼ਰਾਂ ਦੀ ਪੀੜ ਵਾਲੇ ਨੈਣਾ ‘ਚ ਸਵਾਲ ਨੇ। ਅੱਖੀਆਂ ‘ਚ ਹੰਝੂ ਵੀ ਬੜੇ ਬੇ- ਮਿਸਾਲ ਨੇ।

92. ਨਸ਼ੇ ਦਾ ਬਿਉਪਾਰ

ਲੋਕਾਂ ਤੋਂ ਪੁੱਛਦੀ ਸਰਕਾਰ। ਨਸ਼ੇ ਦਾ ਕਿਦ੍ਹਾ ਹੈ ਕਾਰੋਬਾਰ। ਵਿਗਿਆਪਣ ਕੀ ਅਖ਼ਬਾਰਾਂ ਦੇ ਟੀ.ਵੀ ‘ਤੇ ਵੀ ਕਰਨ ਪੁਕਾਰ। ਇਹ ਤਾਂ ਕੰਮ, ਜ਼ਖ਼ੀਰੇਦਾਰਾਂ ਦਾ ਇਸ ਉਤੇ ਕੋਈੇ ਕਰੋ ਵੀਚਾਰ। ਪਿੰਡ ਦੀਆਂ ਪੰਚਾਇਤਾਂ ਨੂੰ ਵੀ ਪੁਲਸ ਨੇ ਦਿਤੇ ਅਖ਼ਤਿਅਰ। ਹੁਣ ਵਾੜ ਖੇਤ ਨੂੰ ਖਾਈ ਜਾਵੇ ਬੱਕਰੇ ਬਹਿ ਗਏ ਬੋ੍ਹਲ ਤੇ ਯਾਰ। ਇਹ ਮਾੜੇ ਬੰਦੇ ਦਾ ਕੰਮ ਨਾਹੀਂ ਐਵੇਂ ਉਸ ਤੇ ਪਾਉ ਨਾ ਭਾਰ। ਸਰਕਾਰ ਨੇ ਸੈਮੀਂਨਾਰ ਲਗਾਏ ਫਿਰ ਵੀ ਲੱਭਦਾ ਨਹੀਂ ਸੁਧਾਰ। ਖ਼ਬਰਾਂ ਸੁਣ ਕੇ ਹਾੱਸਾ ਅਉਂਦਾ ਕਿਹੜੀ ਪੜ੍ਹੀਏ ਹੁਣ ਅਖ਼ਬਾਰ। ਲੋਕ ਜਿਹੜੇ ਵੀ, ਨਸ਼ਾ ਵੇਚਦੇ ਉਹ ਨਹੀਂ ਕਰਦੇ ਕਦੇ ਹੁਦਾਰ। ਰਲ ਜਾਵਣ ਜਦ, ਚੋਰ ਤੇ ਕੁੱਤੀ ਫਿਰ ਕੀ ਕਰੇਗਾ ਪਹਿਰੇਦਾਰ। ‘ਸੁਹਲ’ ਨਸ਼ੇ ਤੇ ਕਾਬੂ ਪਾਈਏ ਵੇਖ ਰਿਹਾ ਹੈ, ਸੱਤ- ਕਰਤਾਰ।

93. ਨਵੇਂ ਸਾਲ ‘ਤੇ

ਨਵੇਂ ਸਾਲ ਤੇ ਨਵੀਆਂ ਆਸਾਂ। ਪੂਰਨ ਹੋਵਣ ਸਭ ਅਰਦਾਸਾਂ। ਵਸਦਾ ਰਹੇ ਸੱਜਣ ਦਾ ਵਿਹੜਾ, ਇਹੋ ਮੰਗਿਆ ‘ਸੁਹਲ’ਸਵਾਸਾਂ। ਹੱਥੀਂ ਮਹਿੰਦੀ, ਪੈਰਾਂ ਨੂੰ ਝਾਂਜਰ, ਤੂੰ ਮਾਹੀਆ ਲੈ ਕੇ ਆਵੀਂ। ਨਵੇਂ ਸਾਲ ਦਾ ਅੱਧੀ ਰਾਤੀਂ, ਗੀਤ ਪਿਆਰ ਦਾ ਗਾਵੀਂ। ਬੀਤੇ ਸਾਲ ਵਾਂਗ ਦਿਲਦਾਰਾਂ, ਤੂੰ ਭੁੱਲ ਜਾਈਂ ਸਾਰੇ ਰੋਸੇ। ਸਾਂਝਾਂ ਦੀ ਗਲਵਕੜੀ ਪਾਈਏ, ਨਾ ਕੋਈ ਕਿਸੇ ਨੂੰ ਕੋਸੇ। ਨਵੇਂ ਸੁਰਜ ਦੀ ਨਵੀਂ ਕਹਾਣੀ ਅੱਜ ‘ਕਠੇ ਬਹਿ ਕੇ ਲਿਖੀਏ। ਬਜ਼ੁਰਗਾਂ ਨੇ ਜੋ ਦਿਤੀ ਗੁੱੜ੍ਹਤੀ, ਕੁਝ ਤਾਂ ਉਸ ਤੋਂ ਸਿੱਖੀਏ। ਜੋ ਹੋਈਆਂ ਸੋ ਭੁੱਲ ਜਾ ਯਾਰਾ ਨਾ ਤੂੰ ਸੁੱਤੀਆਂ ਕਲਾਂ ਜਗਾਵੀਂ। “ਸੁਹਲ”ਨਵਾਂ ਸਾਲ ਮੁਬਾਰਕ, ਘਰ ਹੱਸਦਾ- ਹੱਸਦਾ ਆਵੀਂ।

94. ਨਸ਼ੇ ਦੇ ਸੌਦਾਗਰ

ਨਸ਼ੇ ਦੇ ਸੁਦਾਗਰਾਂ ਨੇ, ਰੋਲੀਆਂ ਜਵਾਨੀਆਂ ਨਸ਼ਿਆਂ ਦੇ ਆੱਦੀ ਕੀਤੇ, ਮੁੰਡੇ ਜੋ ਪੰਜਾਬ ਦੇ। ਚੜ੍ਹਦੀ ਜਵਾਨੀ ਸੁਹਣੇ, ਫੁੱਲ ਸੀ ਗੁਲਾਬ ਦੇ। ਧੋੱਤੀਆਂ ਨਾ ਜਾਣ ਜੱਗ ਉਤੋਂ ਬਦਨਾਮੀਆਂ, ਨਸ਼ੇ ਦੇ ਸੁਦਾਗਰਾਂ ਨੇ, ਰੋਲੀਆਂ ਜਵਾਨੀਆਂ। ਬਾਪੂ ਦਾ ਜਵਾਨ ਪੁੱਤ, ਚਿੱਟੇ ਨੇ ਹੈ ਖਾ ਲਿਆ। ਹੈਰੋਇਨ ਜਿਹਾ ਨਸ਼ਾ ਕਿਥੋਂ ਇਨ੍ਹਾਂ ਲਾ ਲਿਆ। ਮਰੇ ਪੁੱਤ ਮਾਪਿਆਂ ਦੇ, ਰਹੀਆਂ ਨਾ ਨਿਸ਼ਾਨੀਆਂ ਨਸ਼ੇ ਦੇ ਸੁਦਾਗਰਾਂ ਨੇ, ਰੋਲੀਆਂ ਜਵਾਨੀਆਂ। ਨਸ਼ੇ ਦਾ ਬਿਉਪਾਰ ਛੱਡੋ, ਸੋਚ ਉੱਚੀ ਸੋਚ ਕੇ। ਭੋਲੇ - ਭਾਲੇ ਗੱਭਰੂ ਦੀ, ਮੌਤ ਕਿਉਂ ਹੋ ਲੋਚਦੇ। ਵਿਧਵਾ ਨਾ ਕਰੋ, ਧੀਆਂ- ਭੈਣਾਂ ਤੇ ਜਨਾਨੀਆਂ, ਨਸ਼ੇ ਦੇ ਸੁਦਾਗਰੋ ਵੇ , ਰੋਲੋ ਨਾ ਜਵਾਨੀਆਂ। ਵੇਲਾ ਹੁਣ ਆ ਗਿਆ ਏ, ਸਾਂਝੇ ਇਨਕਲਾਬ ਦਾ। ਤਾਂ, ਨਸ਼ੇ ਨਾਲ ਮਰੇ ਨਾ ਕੋਈ, ਗਭਰੂ ਪੰਜਾਬ ਦਾ। ਆਖੇ ਲੱਗੋ ‘ਸੁਹਲ’ ਦੇ, ਨਾ ਕਰੋ ਮੰਨ-ਮਾਨੀਆਂ ਨਸ਼ੇ ਦੇ ਸੁਦਾਗਰੋ ਇਹ, ਰੋਲੋ ਨਾ ਜਵਾਨੀਆਂ।

95. ਉਹ ਸਾਡੀ ਸਰਕਾਰ

ਜੋ ਦੰਗੇ- ਕਤਲ ਕਰਾਵੇ, ਉਹ ਸਾਡੀ ਸਰਕਾਰ। ਅੱਗ ਲਾ ਕੇ ਨਾ ਬੁਝਾਵੇ, ਉਹ ਸਾਡੀ ਸਰਕਾਰ। ਕਾਤਿਲ ‘ਤੇ ਪੜਦੇ ਪਾਵੇ, ਉਹ ਸਾਡੀ ਸਰਕਾਰ। ਜੋ, ਦੋਸ਼ੀ ਤਾਈਂ ਬਚਾਵੇ, ਉਹ ਸਾਡੀ ਸਰਕਾਰ। ਜੀਊਂਦੇ ਜੀਅ ਮਰਵਾਵੇ, ਉਹ ਸਾਡੀ ਸਰਕਾਰ। ਅੱਗ ਤੇ ਤੇਲ ਛਿੜਕਾਵੇ, ਉਹ ਸਾਡੀ ਸਰਕਾਰ। ਹਤਿਆਰੇ ਨੂੰ, ਵਡਿਆਵੇ, ਉਹ ਸਾਡੀ ਸਰਕਾਰ। ਤੇ ਜਨਤਾ ਤਾਈਂ ਡਰਾਵੇ, ਉਹ ਸਾਡੀ ਸਰਕਾਰ। ਲਾਰੇ ਲਾ ਕੇ, ਤੋੜੀ ਜਾਵੇ, ਉਹ ਸਾਡੀ ਸਰਕਾਰ। ਵਾਇਦੇ ਨਾ ਕਰ ਨਿਭਾਵੇ, ਉਹ ਸਾਡੀ ਸਰਕਾਰ। ਜੋ ਵੋਟਾਂ ਲਈ ਭਰਮਾਵੇ, ਉਹ ਸਾਡੀ ਸਰਕਾਰ। ਨਸ਼ਿਆਂ ਦੀ ਅੱਤ ਮਚਾਵੇ, ਉਹ ਸਾਡੀ ਸਰਕਾਰ। ਸਕੀਮਾਂ ਨਿੱਤ ਬਣਾਵੇ, ਉਹ ਸਾਡੀ ਸਰਕਾਰ। ਸਿਰੇ ਨਾ ਕੋਈ ਚੜ੍ਹਾਵੇ, ਉਹ ਸਾਡੀ ਸਰਕਾਰ। ਟਿੰਡ ‘ਚ ਕਾਨਾਂ ਪਾਵੇ, ਉਹ ਸਾਡੀ ਸਰਕਾਰ। ਧਰਮਾਂ ਦੀ ਟੱਕਰ ਲਾਵੇ, ਉਹ ਸਾਡੀ ਸਰਕਾਰ। ਜੋ ਅੱਖਾਂ ਕਢ ਵਿਖਾਵੇ, ਉਹ ਸਾਡੀ ਸਰਕਾਰ। ਆਪਣੇ ਹੀ ਸੋਹਲੇ ਗਾਵੇ, ਉਹ ਸਾਡੀ ਸਰਕਾਰ। ਜਿਹੜੀ ਕਾਲਾ ਧੰਨ ਲੁਕਾਵੇ, ਉਹ ਸਾਡੀ ਸਰਕਾਰ ਵਿਦੇਸ਼ੀਂ ਅਕਾਉਂਟ ਖੁਲ੍ਹਾਵੇ, ਉਹ ਸਾਡੀ ਸਰਕਾਰ। ਜੋ ਮੰਨ ਕੀ ਬਾਤ ਛਿੱਪਾਵੇ ਉਹ ਸਾਡੀ ਸਰਕਾਰ। ਬੇੜੀ ਨਾ ਪਾਰ ਲਗਾਵੇ, ਉਹ ਸਾਡੀ ਸਰਕਾਰ। ਖੁੱਦਕਸ਼ੀਆਂ ਜੋ ਚਾਹਵੇ, ਉਹ ਸਾਡੀ ਸਰਕਾਰ। ਹੜਤਾਲਾਂ ਹੀ ਕਰਵਾਵੇ, ਉਹ ਸਾਡੀ ਸਰਕਾਰ। ਜੋ ਝੂਠੀਆਂ ਕਸਮਾਂ ਖਾਵੇ, ਉਹ ਸਾਡੀ ਸਰਕਾਰ। ‘ਸੁਹਲ’ ਤਾਈਂ ਨਾ ਭਾਵੇ, ਇਹੋ ਸਾਡੀ ਸਰਕਾਰ।

96. ਕਿਹੜੀ ਚੁਣਾਂ ਸਰਕਾਰ

ਕਿਹੜੀ ਚੁਣਾਂ ਸਰਕਾਰ ਸਮਝ ਕੋਈ ਆਉਂਦੀ ਨਹੀਂ। ਦਸ!ਕੀ ਕਰਾਂ ਮੇਰੇ ਯਾਰ ਸਮਝ ਕੋਈ ਆਉਂਦੀ ਨਹੀਂ। ਹੁਣ ਦੇਸ਼ ਮੇਰੇ ਵਿਚ ਬੜੇ ਘੁਟਾਲੇ ਵਧ ਗਏ ਨੇ ਹੋਏ ਨੇਤਾ ਸ਼ਰਮਸ਼ਾਰ, ਸਮਝ ਕੋਈ ਆਉਂਦੀ ਨਹੀਂ। ਜੁਤੀਆਂ ਲਾਹ ਕੇ ਗਾਲਾਂ ਕਢਦੇ, ਦੋ ਸੰਸਦ ਵਿਚ ਲੜਦੇ ਜਿਵੇਂ ਗ਼ਦਾਰ, ਸਮਝ ਕੋਈ ਆਉਂਦੀ ਨਹੀਂ। ਸਭ ਤਾਣਾ- ਬਾਣਾ ਦੇਸ਼ ਮੇਰੇ ਦਾ ਵਿਗੜ ਗਿਆ ਹਿੰਦੂ, ਮੁਸਲਿਮ ਤੇ ਸ੍ਰਦਾਰ, ਸਮਝ ਵੀ ਆਉਂਦੀ ਨਹੀਂ। ਹੁਣ ਗੁੰਡਾ- ਗਰਦੀ ਤੇ ਚੋਰ- ਬਾਜ਼ਾਰੀ ਸਿਖਰਾਂ ਤੇ ਪੱਤ ਲੁਟਣ ਸ਼ਰੇ ਬਜ਼ਾਰ, ਸਮਝ ਵੀ ਆਉਂਦੀ ਨਹੀਂ। ਅਜ਼ਾਦੀ ਤੋਂ ਬਰਬਾਦੀ ਵਲ ਨੂੰ ਤੁਰ ਪਏ ਹਾਂ ਕੀ ਬਣੇਗਾ ਆਖਰਕਾਰ, ਸਮਝ ਤਾਂ ਆਉਂਦੀ ਨਹੀਂ। 'ਸੁਹਲ' ਦੇਸ਼ ਦੇ ਆਗੂ, ਹੀ ਅੱਗ ਲਗਾਉਂਦੇ ਰਹੇ ਕੁਝ ਧਰਮ ਦੇ ਠੇਕੇਦਾਰ, ਸਮਝ ਤਾਂ ਆਉਂਦੀ ਨਹੀਂ।

97. ਪ੍ਰਛਾਵੇਂ ਦੇ ਨਾਲ ਨਾਲ

ਪ੍ਰਛਾਵੇਂ ਦੇ ਨਾਲ ਨਾਲ, ਤੁਰਦਾ ਹੈ ਆਦਮੀ। ਆਪਣੇ ਹੀ ਆਪ ਤੇ , ਝੁਰਦਾ ਹੈ ਆਦਮੀ। ਖੁਦੀ ਅੰਦਰ ਜ਼ਿੰਦਗ਼ੀ ਦੇ ਗੀਤ ਗਉਂਦਾ ਹੈ ਕਦੇ ਸ਼ੁਪਨੇ ‘ਚ ਕਈ ਫ਼ੁਰਨੇ, ਫ਼ੁਰਦਾ ਹੈ ਆਦਮੀ। ਯਾਦ ਕਰਕੇ ਪਾਪ ਆਪਣੇ, ਸੋਚਾਂ ਜਦ ਸੋਚਦੈ ਆਪ ਹੀ ਰੇਤ ਵਾਂਗਰਾਂ, ਖੁਰਦਾ ਹੈ ਆਦਮੀ। ਜਾਣ ਬੁੱਝ ਕੇ ਆਦਮੀ, ਜੋ ਕਰਦਾ ਹੈ ਗਲਤੀਆਂ ਫਿਰ ਪਤਾਸੇ ਵਾਂਗ ਹੀ, ਭੁਰਦਾ ਹੈ ਆਦਮੀ। “ਸੁਹਲ” ਉੱਚੀ ਸੋਚ ਦੀ ਕਦਰ ਕਰਦਾ ਰਹੇਗਾ ਪਿਆਰ ਦੇ ਰੰਗ ਬਾਝੋਂ, ਮੁਰਦਾ ਹੈ ਆਦਮੀ।

98. ਪੀੜ ਬਿਰਹੋਂ ਦੀ

ਸੱੜਦੀ ਰੇੱਤਾ ਭੱਖੜੇ ਚੁੱਭੇ ਪੀੜ ਬਿਰਹੋਂ ਦੀ ਹੋਈ। ਜਿਸ ਨੂੰ ਲੱਗੇ ਉਹੀ ਜਾਣੇ ‘ਤੇ ਹੋਰ ਨਾ ਜਾਣੇ ਕੋਈ। ਚੀਸਾਂ, ਪੀੜਾਂ, ਦਰਦਾਂ ਚੋਂ ਜੋ ਹਿਜ਼ਰਾਂ ਦੇ ਪਰਛਾਵੇਂ। ਕ੍ਹਿਦੇ ਗਲੇ, ਲਗ ਕੇ ਰੋਵਾਂ ਲਭਦੇ ਨਹੀਂ ਸਿਰਨਾਵੇਂ। ਹੌਕੇ ਮੈਨੂੰ ਦੇਣ ਦਿਲਾਸੇ ਝੱਾਸ ਇਸਕ ਦੀ ਕਰਦੇ, ਉਹਵੀ ਸਾਡੇ ਵਰਗੇ ਹੋਏ ਨਾ ਜੀਊਂਦੇ, ਨਾ ਮਰਦੇ। ਕੱਚੀ ਜਿਹੀ ਆਵੇ ਤ੍ਰੇਲੀ ਸਮਝਣ ਲੋਕ ਪਸੀਨਾਂ। ਅਖੀਉਂ ਇਵੇਂ ਹੰਝੂ ਚੋਂਦੇ ਜਿਉਂ ਵਰ੍ਹੇ ਸੌਣ ਮਹੀਨਾਂ। ਸੀਨੇ ਸਾਡੇ ਸੂਲਾਂ ਚੁੱਭਣ ਕਿਹਨੂੰ ਦਰਦ ਸੁਣਾਈਏ। ਜਿੱਤੀ ਬਾਜ਼ੀ ਹਾਰੇ ਨੇ ਜੋ ਉਹਨੂੰ ਕਿਉਂ ਤੜਫਾਈਏ। ਧੁੱਖ਼ ਰਹੀ ਬ੍ਰਿਹੋਂ ਜਵਾਲਾ ਪੌਣਾਂ ਪਾਉਣ ਨਾ ਪਾਣੀਂ। ਸਾਡੇ ਦਰਦਾਂ ਦੀ ਐਵੇਂ ਹੀ ਪਾਉ ਨਾ ਹੋਰ ਕਹਾਣੀ। ‘ਸੁਹਲ’ ਜਿਵੇਂ ਖੰਡਰ ਰੂਹਾਂ ਆਪਣਾ ਦਰਦ ਫਰੋਲਣ। ਮੈਨੂੰ ਸਮਝ ਕੋਈ ਨਾ ਆਵੇ ਸੁਪਨੇ ਵਿਚ ਕੀ ਬੋਲਣ।

99. ਪਿਆਰੀ ਤਿੱਤਲੀ

ਤਿੱਤਲੀ ਪਾ ਕੇ ਸੂਟ ਸੁਨਹਿਰੀ, ਫ਼ੁਲਾਂ ਉੱਤੇ ਆ ਬਹਿੰਦੀ। ਪਤਾ ਨਹੀਂ ਉਹ ਖੰਭ੍ਹ ਹਿਲਾ ਕੇ, ਕੀ ਕੁਝ ਮੈਨੂੰ ਕਹਿੰਦੀ। ਫੁੱਲ ਦੀ ਪੱਤੀ ਨਾਲੋਂ ਕਿਧਰੇ, ਭਾਰ ਹੈ ਉਹਦਾ ਹੌਲਾ। ਕਿਥੋਂ! ਉਹਨੂੰ ਚੜ੍ਹ ਗਿਆ ਏ, ਹੁਸਨਾ ਦਾ ਇਹ ਲੋੜ੍ਹਾ। ਰੰਗ ਬਰੰਗੇ ਸੂਟਾਂ ਦੀ ਉਹ, ਸੋਹਣੀ ਸੁੰਦਰ ਰਾਣੀ। ਛੁਪੀ ਹੋਈ ਕੋਈ ਉਹਦੇ ਅੰਦਰ, ਮੇਰੀ ਅਜ਼ਬ ਕਹਾਣੀ। ਗਮਲੇ ਵਿਚ ਮੈਂ ਉਹਦੀ ਖਾਤਰ, ਸੁੰਦਰ ਫ਼ੁੱਲ ਲਗਾਵਾਂ। ਮੈਂ ਉੱਠ ਸਵੇਰੇ ਸਭ ਤੋਂ ਪਹਿਲਾਂ, ਦਰਸ਼ਨ ਉਹਦੇ ਪਾਵਾਂ। ਜੀ ਕਰਦਾ ਹੈ ਕਿ ਵੇਖੀ ਜਾਵਾਂ, ਉਹਦੇ ਸੋਹਣੇ ਖੰਭ੍ਹਾਂ ਨੂੰ। ਐਪਰ! ਦਿਲ ਵੀ ਰੋ ਪੈਂਦਾ ਹੈ, ਵੇਖ ਕੇ ਟੁੱਟੇ ਫੰਬਾਂਹ ਨੂੰ। ਮੇਰੇ ਵੱਲਉਹ ਤੱਕੀ ਜਾਵੇ, ਮੈਂ ਉਡਾਵਾਂ ਉਡਦੀ ਨਹੀਂ। ਕਦੀ ਉਹ ਮੇਰੇ ਮੋਢ੍ਹੇ ‘ਤੇ ਬਹਿ, ਖੰਭ੍ਹ ਹਿਲਾ ਕੇ ਮੁੜਦੀ ਨਹੀਂ। “ਸੁਹਲ”ਗੁਲਾਬੀ ਫ਼ੁੱਲਾਂ ‘ਤੇ ਆ, ਨਿੱਤ ਸਵੇਰੇ ਬਹਿ ਜਾਂਦੀ। ‘ਗ਼ਜ਼ਲ’ ਜਿਹੀ ਸੀ ਉਹ ਤਿੱਤਲੀ, ਕੀ ਪਤਾ, ਕੀ ਕਹਿ ਜਾਂਦੀ।

100. ਪਿਆਰ ਦੀ ਤੰਦ

ਤੰਦ ਪਿਆਰ ਦੀਕੱਚੀ ਟੁੱਟ ਨਾ ਜਾਵੇ। ਮੁੱਖੜਾ ਸੁੱਰਖ਼ ਗੁਲਾਬੀ ਕੋਈ ਲੁੱਟ ਨਾ ਜਾਵੇ। ਸ਼ੀਸ਼ੇ ਵਾਂਗਰ ਨਾ, ਤਿੱੜਕਣ ਇਹ ਰਿਸ਼ਤੇ ਨੱਾਤੇ ਪ੍ਰੀਤ ਦਾ ਸੂਖ਼ਮਬੂੱਟਾ , ਸੁੱਕ ਨਾ ਜਾਵੇ। ਦੋ ਬੇੜੀਆਂ ‘ਤੇ ਰਖੀਂ ਨਾ, ਪੈਰ ਮੇਰੇ ਯਾਰਾ ਕੋਈ ਡੂਘੇ ਪਾਣੀ ਧੱਕਾ ਦੇ ਕੇ, ਸੁੱਟ ਨਾ ਜਾਵੇ। ਜੋ ਅੱਖਾਂ ਅੰਦਰ ਸੂਰਤ ਘੁੰਮਦੀ ਕਹਿੰਦੀ ਹੈ ਕੋਈ ਘਰ ‘ਚੋਂ ਰਾਤ ਦੀ ਰਾਣੀ ਪੁੱਟ ਨਾ ਜਾਵੇ। ਕੋਇਲ ਦੇ ਬੋਲਾਂ ਦੀ ਹੈ ਗੀਤਾਂ ਦੀ ਟੁਣਕਾਰ ਸੁਣ ਕੇ ਵੈਰੀ ਸੰਘ ਤੇਰੇ ਨੂੰ ਘੁੱਟ ਨਾ ਜਾਵੇ। ਸਤਰੰਗੀ ਪੀਂਘ ਚੜ੍ਹਾਕੇ, ਅਰਸ਼ਾਂ ਨੂੰ ਟਕਰਾਵੇਂ ਬੇ - ਗੈਰਤ ਕੋਈ ਤੈਨੂੰ , ਲੁੱਟ-ਪੁੱਟ ਨਾ ਜਾਵੇ। ਚਾਰੇ ਤਰਫੋਂ ਆਵਣ “ਸੁਹਲ” ਮਸਤ ਹਵਾਵਾਂ ਕੱਚਾ ਦੁੱਧ ਅਮ੍ਰਿਤ ਹੂੰਦੈ , ਕਿਤੇ ਫੁੱਟ ਨਾ ਜਾਵੇ} ਕੋਈ ਕੱਚੇ ਦੁੱਧ ਦਾ ਚਸ਼ਮਾ ਕਿਤੇ ਫੁੱਟ ਨਾ ਆਵੇ} ਜਵਾਰਭਾਟੇ ਜਿਹਾ ਲਾਵਾ ਕਿਤੇ ਫੁੱਟ ਨਾ ਜਾਵੇ}

  • Next......(101- )
  • ਮੁੱਖ ਪੰਨਾ : ਕਾਵਿ ਰਚਨਾਵਾਂ, ਮਲਕੀਅਤ 'ਸੁਹਲ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ