Punjabi Poetry : Mahanbir Sandhu

ਪੰਜਾਬੀ ਕਵਿਤਾਵਾਂ : ਮਹਾਂਬੀਰ ਸੰਧੂ1. ਮੈਂ ਕਿਹਾ ਭੇਦ ਭਾਵ ਨਾ ਕਰਿਆ ਕਰ

ਮੈਂ ਕਿਹਾ ਭੇਦ ਭਾਵ ਨਾ ਕਰਿਆ ਕਰ ਖ਼ੂਨ ਇੱਕ ਹੀ ਹੁੰਦਾ ਏ ਕਹਿੰਦਾ ਚੰਮ ਤੇ ਨਹੀਂ ਨਾ। ਮੈਂ ਕਿਹਾ ਕਿਸੇ ਨਾਲ ਊਚ ਨੀਚ ਨਾ ਕਰਿਆ ਕਰ ਇੱਜਤ ਸਭ ਕੋਲ ਹੁੰਦੀ ਏ ਕਹਿੰਦਾ ਮੇਰੇ ਵਾਂਗ ਧਨ ਤੇ ਨਹੀਂ ਨਾ।

2. ਤੂੰ ਵੇਖਿਆ ਆਪਣਾ ਫਾਇਦਾ

ਤੂੰ ਵੇਖਿਆ ਆਪਣਾ ਫਾਇਦਾ, ਤੈਨੂੰ ਪਤਾ ਸੀ ਕਿ ਮੇਰਾ ਨੁਕਸਾਨ ਕਿੰਨਾ ਏ। ਅਸੀਂ ਅੱਥਰੂਆਂ ਦੀਆਂ ਛੱਲਾਂ ਵਿੱਚ ਫਸੇ ਹਾਂ, ਕਿਨਾਰੇ ਬੈਠਿਆਂ ਨੂੰ ਕੀ ਪਤਾ ਤੂਫਾਨ ਕਿੰਨਾ ਏ। ਹੱਸਦਾ ਮੁੱਖੜਾ ਨਾ ਵੇਖ! ਜਰਾ ਦਿੱਲ ਦੀ ਧੜਕਣ ਨੂੰ ਸੁਣ ਸੰਧੂ ਪ੍ਰੇਸ਼ਾਨ ਏ, ਦਿੱਲ ਟੁੱਟ ਕੇ ਵੀ ਤੇਰੇ ਨਾਲ ਜੁੜਨ ਦੀ ਸੋਚੇ, ਤੂੰ ਸੋਚ ਇਹ ਨਾਦਾਨ ਕਿੰਨਾ ਏ।

3. ਮੇਰਾ ਹਾਲ ਬੁਰਾ ਤੇ ਯਾਰਾਂ ਦਾ ਹਾਸਾ

ਮੇਰਾ ਹਾਲ ਬੁਰਾ ਤੇ ਯਾਰਾਂ ਦਾ ਹਾਸਾ। ਮੈਂ ਆਖਾਂ ਮੈਂ ਜਿੱਤ ਨੂੰ ਜਿੱਤਣਾ ਏ, ਮੈਨੂੰ ਝੇੜੇ ਵਾਰ ਵਾਰ ਹਾਰਾਂ ਦਾ ਹਾਸਾ। ਮੈਨੂੰ ਸਾਹ ਵੀ ਉਧਾਰੇ ਲਏ ਲੱਗਦੇ ਨੇ, ਤੇ ਮੈਨੂੰ ਤਾਨੇ ਮਾਰੇ ਸਾਹੂਕਾਰਾਂ ਦਾ ਹਾਸਾ। ਮੈਂ ਸੱਚਾ ਹੋ ਕੇ ਵੀ ਝੂਠਾ ਪੈ ਗਿਆਂ, ਮੇਰੇ ਦਿਲ ਨੂੰ ਖਾਵੇ ਮਕਾਰਾਂ ਦਾ ਹਾਸਾ। ਮੈਂ ਜਿਉਂਦੇ ਜੀ ਹੀ ਮਰ ਗਿਆ, ਮੈਨੂੰ ਮਾਰ ਗਿਆ ਬਿਮਾਰਾਂ ਦਾ ਹਾਸਾ। ਮੈਂ ਰੋਵਾਂ ਕੱਲਾ ਬੈਠ, ਸੰਧੂ ਨੂੰ ਰੁਆਵੇ ਮਹਿਫਿਲਾਂ ਵਿੱਚ ਯਾਰਾਂ ਦਾ ਹਾਸਾ।

4. ਨਾਗਣ ਕਦੇ ਦੁੱਧ ਨਾ ਦਿੰਦੀ

ਨਾਗਣ ਕਦੇ ਦੁੱਧ ਨਾ ਦਿੰਦੀ, ਜ਼ਹਿਰ ਨਾ ਦੇਵੇ ਗਾਂ ਬਾਜ ਕਦੇ ਹੱਡੀਆਂ ਨਾ ਚੁੱਕਦੇ, ਸ਼ਿਕਾਰ ਨਾ ਕਰਦੇ ਕਾਂ। ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਗਰੀਬ ਨੂੰ ਨਾ ਲੱਭੇ ਠੰਡੀ ਛਾਂ।

5. ਮੈਂ ਸਿੱਖ ਵੀ ਆਂ ਇਸਾਈ ਵੀ ਆਂ

ਮੈਂ ਸਿੱਖ ਵੀ ਆਂ ਇਸਾਈ ਵੀ ਆਂ ਮੈਂ ਹੈਗਾ ਮੁਸਲਮਾਨ ਰੂਹ ਤਾਂ ਮੇਰੀ ਅੰਮ੍ਰਿਤਸਰ ਵੱਸਦੀ ਕਸੂਰ ਵਿੱਚ ਵੱਸਦੀ ਏ ਜਾਨ ਉੰਝ ਤਾਂ ਅਸੀਂ ਲਾਹੌਰ ਦੇ ਸਾਂ ਪੰਜਾਬ ਦੇ ਹਾਂ ਮਹਿਮਾਨ ਸੰਧੂ ਗ਼ਜ਼ਲ ਬੋਲੇ ਪੰਜਾਬ ਵਿੱਚ ਆਵਾਜ਼ ਗੂੰਜੇ ਪਾਕਿਸਤਾਨ

6. ਤੂੰ ਵੀ ਨਾ ਹੁਣ ਜੁਲਫ਼ ਸੰਵਾਰੇ

ਤੂੰ ਵੀ ਨਾ ਹੁਣ ਜੁਲਫ਼ ਸੰਵਾਰੇ ਨਾ ਮੈਂ ਕਦੇ ਟੌਹਰ ਟਪੱਕੇ ਲਾਏ। ਮੈਂ ਵੀ ਨਾ ਹੁਣ ਸੂਰਜ ਬਣ ਰੋਹਬ ਮਾਰਾਂ ਨਾ ਤੂੰ ਸਾਵਣ ਦੀ ਬੱਦਲੀ ਬਣ ਸ਼ਰਮਾਏਂ, ਏਥੇ ਪਿਆਰ ਦੇ ਨਾ ਤੇ ਲੋਕਾਂ ਮਤਲਬ ਕੱਢੇ ਅਸੀਂ ਸੱਜਣ ਦੇ ਤਬੱਸੁਮ ਤੋਂ ਧੋਖੇ ਖਾਏ, ਨਸ਼ੀਲੀਆਂ ਅੱਖਾਂ ਵਿਚੋਂ ਲੋਕ ਸਰਾਬਾਂ ਪੀਂਦੇ ਥੱਕੀਆਂ ਅੱਖਾਂ ਦਾ ਕੋਈ ਨਾ ਦਰਦ ਵੰਡਾਏ, ਓਹਦੀ ਪਹਿਲੀ ਤੱਕਣੀ ਅੰਦਰ ਨੂਰ ਸੀ ਤੇ ਆਖਰੀ ਵਿੱਚ ਕਿੰਨਾ ਦਰਦ ਸੀ ਹਾਏ , ਸੁਣਨ ਵਾਲੇ ਵਾਹ ਵਾਹ ਕਰਦੇ ਮਹਾਂਬੀਰ ਰੋਂਦਾ ਰੋਂਦਾ ਗ਼ਜ਼ਲ ਸੁਣਾਏ।

7. ਅੱਜ ਸੁੱਤੇ ਦਰਦਾਂ ਨੂੰ ਜਗਾਇਆ ਮੈਂ

ਅੱਜ ਸੁੱਤੇ ਦਰਦਾਂ ਨੂੰ ਜਗਾਇਆ ਮੈਂ, ਰਿਸਦੇ ਹੋਏ ਜਖ਼ਮ ਤੇ ਲੂਣ ਜਿਹਾ ਪਾਇਆ ਮੈਂ, ਮੇਰੇ ਦਿਲ ਦੇ ਦਰਦ ਦਾ ਮਾਮਲਾ ਸੀ ਇਹ , ਇਹਦਾ ਮਰਹਮ ਪੁੱਛ ਆਇਆ ਮੈਂ, ਅੱਜ ਪੁੱਟ ਕਬਰ ਆਪਣੇ ਯਾਰ ਦੀ, ਓਹਦੇ ਕੋਲ ਬੈਠ ਰੋ ਆਇਆ ਮੈਂ।

8. ਮੇਰੇ ਦਿਲ ਵਿੱਚ

ਮੇਰੇ ਦਿਲ ਵਿੱਚ ਦੋ ਚਾਰ ਪੱਥਰ ਕੀ ਆਕੇ ਵੱਸ ਗਏ ਓਹਨਾ ਨੂੰ ਪੂਜਦੇ-ਪੂਜਦੇ ਦਿਲ ਮੇਰਾ ਓਹਨਾ ਲਈ ਮੰਦਿਰ ਬਣ ਗਿਆ, ਤੇ ਮੈ ਓਹਨਾਂ ਦਾ ਪੁਜਾਰੀ

9. ਔੜਾਂ ਦੀ ਮਾਰ ਝੱਲ ਰਹੇ

ਔੜਾਂ ਦੀ ਮਾਰ ਝੱਲ ਰਹੇ ਬੰਜਰ ਨਸੀਬ ਮੇਰੇ, ਤੂੰ ਮੈਨੂੰ ਦੱਸ ਚੰਗੇ ਕਰਮਾਂ ਦੀ ਕਦੋਂ ਬਰਸਾਤ ਕਰੇਂਗਾ। ਤੇਰੀ ਤਸਵੀਰ ਵਿਚੋਂ ਕਰਦਾ ਦੀਦਾਰ ਨਿੱਤ ਮੈਂ, ਤੂੰ ਮੈਨੂੰ ਦੱਸ ਕਦੋਂ ਤੇ ਕਿੱਥੇ ਮੁਲਾਕਾਤ ਕਰੇਂਗਾ । ਤੇਰੀ ਯਾਦ ਵਿੱਚ ਤੜਪਦਾ ਹੈ ਦਿਲ ਮੇਰਾ, ਤੂੰ ਮੈਨੂੰ ਦੱਸ ਹੋਰ ਕਿੰਨੇ ਖਰਾਬ ਹਾਲਾਤ ਕਰੇਂਗਾ । ਤੇਰੀ ਅਵਾਜ ਸੁਣਨੇ ਨੂੰ ਤਰਸਦੇ ਨੇ ਕੰਨ ਮੇਰੇ, ਤੂੰ ਮੈਨੂੰ ਦੱਸ ਦਿਲਾਂ ਵਾਲੀ ਕਦੋਂ ਗੱਲਬਾਤ ਕਰੇਂਗਾ । ਤੇਰੇ ਨਾਲ ਜਿੰਦਗੀ ਜਿਉਣ ਦੀ ਤਰਕੀਬ ਸੋਚਦਾ, ਤੂੰ ਦੱਸ ਮੇਰੇ ਨਾਲ ਨਵੀਂ ਜਿੰਦਗੀ ਦੀ ਕਦੋਂ ਸ਼ੁਰੂਆਤ ਕਰੇਂਗਾ। ਸੌਂ ਜਾ ਮਹਾਂਬੀਰ ਚੁੱਪ ਕਰਕੇ, ਦਿਲਾਂ ਦੇ ਜਜਬਾਤ ਲਿਖਦਾ ਲਿਖਦਾ ਹੋਰ ਕਿੰਨੀ ਰਾਤ ਕਰੇਂਗਾ।

10. ਦੁਨੀਆਂ ਫਿਰੇ ਵਿੱਚ ਹਨੇਰ ਦੇ

ਦੁਨੀਆਂ ਫਿਰੇ ਵਿੱਚ ਹਨੇਰ ਦੇ ਨਾ ਚਾਨਣ ਤੱਕੇ ਜਮੀਰਾਂ ਨੇ, ਬੁੱਲ੍ਹਾਂ ਉੱਤੇ ਤਾਲੇ ਲੱਗੇ ਤੇ ਪੈਰ ਜਕੜੇ ਜੰਜੀਰਾਂ ਨੇ, ਬਾਬਲ ਦੀ ਪੱਗ ਵੇਹੜੇ ਰੁਲਦੀ ਤੇ ਚੁੰਨੀਆਂ ਲੀਰੋ ਲੀਰਾਂ ਨੇ, ਨਾ ਕਰ ਮੰਜਿਲ ਪਾਉਣ ਦੀ ਅੜੀ ਤੈਨੂੰ ਘੇਰਿਆ ਰਾਹਗੀਰਾਂ ਨੇ।

11. ਸਾਡੇ ਵੇਹੜੇ ਉਗੀਆਂ ਬੇਰੀਆਂ

ਸਾਡੇ ਵੇਹੜੇ ਉਗੀਆਂ ਬੇਰੀਆਂ ਸਾਨੂੰ ਪੱਥਰ ਮਾਰੇ ਜੱਗ। ਤੇਰੇ ਵਿਹੜੇ ਫੁੱਲ ਗੁਲਾਬ ਦੇ ਤੇਰੇ ਅੱਗੇ ਭੌਰੇ ਰਹੇ ਨੇ ਨੱਚ। ਤੂੰ ਕੱਢੇ ਮਤਲਬ ਗ਼ੈਰਾਂ ਤੋ, ਸਾਨੂੰ ਯਾਰ ਤੋਂ ਮੰਗਣੇ ਦਾ ਨਾ ਚੱਜ। ਤੂੰ ਤਾਰੀ ਲਾਵੇਂ ਵਿੱਚ ਪਾਣੀਆਂ, ਸਾਡੇ ਸੀਨੇ ਮੱਚੇ ਅੱਗ।

12. ਮਹਾਂਬੀਰ ਦੀ ਕਲਮ ਕਿਸੇ ਕੰਮ ਦੀ ਨਹੀ

ਮਹਾਂਬੀਰ ਦੀ ਕਲਮ ਕਿਸੇ ਕੰਮ ਦੀ ਨਹੀ ਕੋਈ ਸੋਹਣਾ ਜਿਹਾ ਗੀਤ ਬਣਾਵੇ ਕੌਣ? ਸੁਰ ਇਹਦੇ ਰਲਦੇ ਨਹੀਂ ਇਹਦਾ ਲਿਖਿਆ ਗੀਤ ਗਾਵੇ ਕੌਣ? ਖੁੱਦ ਇਹ ਭੁੱਲਿਆ ਫਿਰਦਾ, ਹੁਣ ਯਾਰ ਦੀ ਖ਼ਬਰ ਲਿਆਵੇ ਕੌਣ?

13. ਯਾਰ ਮੇਰੇ ਜਨਾਬਾਂ ਵਰਗੇ

ਯਾਰ ਮੇਰੇ ਜਨਾਬਾਂ ਵਰਗੇ, ਮੈਨੂੰ ਹੁਕਮ ਸੁਣਾਉਂਦੇ ਨੇ। ਯਾਰ ਮੇਰੇ ਕਿਤਾਬਾਂ ਵਰਗੇ, ਮੈਨੂੰ ਅਕਲ ਸਿਖਾਉਂਦੇ ਨੇ। ਯਾਰ ਮੇਰੇ ਗੁਲਾਬਾਂ ਵਰਗੇ, ਹਰ ਪਾਸੇ ਮਹਿਕਾਉਂਦੇ ਨੇ। ਯਾਰ ਮੇਰੇ ਆਬਾਂ ਵਰਗੇ, ਸਭ ਪਿਆਸ ਬੁਝਾਉਂਦੇ ਨੇ। ਯਾਰ ਮੇਰੇ ਸ਼ਰਾਬਾਂ ਵਰਗੇ, ਚਿੰਤਾ ਦੂਰ ਭਜਾਉਂਦੇ ਨੇ।

14. ਚਿਰਾਂ ਤੋਂ ਮੁਰਝਾਇਆ ਸੀ

ਚਿਰਾਂ ਤੋਂ ਮੁਰਝਾਇਆ ਸੀ ਧੁੱਪਾਂ ਕਹਿਰ ਬਰਸਾਇਆ ਸੀ ਓਹ ਵਰਖਾ ਬਣ ਮਿਲ ਗਿਆ ਮੇਰੇ ਦਿਲ ਦਾ ਬੂਟਾ ਖਿਲ ਗਿਆ ਦਿਨ ਦੇ ਕੰਮ ਕਾਜ ਕਰ ਟੁੱਟੀ-ਥੱਕੀ ਸੀ ਮੈ ਤਾਰਿਆਂ ਦੀ ਛਾਵੇਂ ਸੁੱਤੀ ਸੀ ਓਹ ਬੇਚੈਨ ਸੁਪਨੇ ਵਿੱਚ ਮਿਲ ਗਿਆ ਮੇਰੇ ਦਿਲ ਦਾ ਕੋਠੜਾ ਹਿੱਲ ਗਿਆ

15. ਮੇਰਾ ਮਰਨ ਵੀ ਤੂੰ

ਮੇਰਾ ਮਰਨ ਵੀ ਤੂੰ, ਮੇਰਾ ਜਨਮ ਵੀ ਤੂੰ। ਮੇਰੀ ਕਾਪੀ ਵੀ ਤੂੰ, ਮੇਰੀ ਕਲਮ ਵੀ ਤੂੰ। ਮੇਰਾ ਵਾਇਦਾ ਵੀ ਤੂੰ, ਮੇਰੀ ਕਸਮ ਵੀ ਤੂੰ। ਮੇਰਾ ਹਾਸਾ ਵੀ ਤੂੰ, ਮੇਰਾ ਗ਼ਮ ਵੀ ਤੂੰ। ਮੇਰੀ ਰੂਹ ਵੀ ਤੂੰ, ਮੇਰਾ ਚੰਮ ਵੀ ਤੂੰ। ਮੇਰੇ ਜਖਮ ਵੀ ਤੂੰ, ਮੇਰੀ ਮਲ੍ਹਮ ਵੀ ਤੂੰ। ਮੇਰੇ ਕਾਰਜ ਵੀ ਤੂੰ, ਮੇਰੇ ਕਰਮ ਵੀ ਤੂੰ। ਮੇਰੀ ਜਾਤ ਵੀ ਤੂੰ, ਮੇਰਾ ਧਰਮ ਵੀ ਤੂੰ। ਵਾਹਿਗੁਰੂ ! ਮੈ ਕੁਝ ਨਹੀਂ ਏਥੇ, ਬੱਸ ਤੂੰ ਹੀ ਤੂੰ।

16. ਤੂੰ ਰਹਿਣ ਦੇ!

ਮੇਰੇ ਮਨ ਦੀ ਨਮੋਸ਼ੀ ਮੇਰਾ ਸ਼ੀਸ਼ਾ ਦਿਲ ਸੁਲਝਾ ਲੈਂਦਾ, ਤੂੰ ਲਵੇਂ ਸਹਾਰਾ ਪੱਥਰ ਜੇਰਿਆਂ ਦਾ। ਸਾਡੇ ਘਰਾਂ ਦੀਆਂ ਕੰਧਾਂ ਕੱਚੀਆਂ ਨੇ, ਤੂੰ ਮਾਲਕ ਏਂ ਉੱਚਿਆਂ ਬਨੇਰਿਆਂ ਦਾ। ਤੇਰੇ ਰਾਹ ਸਾਡੇ ਨਾਲੋਂ ਅੱਡ ਨੇ , ਸਾਨੂੰ ਭੇਤ ਨਹੀਂ ਆਉਣਾ ਰਾਹਾਂ ਤੇਰਿਆਂ ਦਾ। ਮੈਂ ਭਰ ਭਰ ਬੁਕਾਂ ਚਾਨਣ ਵੰਡਾ, ਤੂੰ ਕਰੇ ਵਪਾਰ ਘੁੱਪ ਹਨੇਰਿਆਂ ਦਾ।

17. ਧਰਤੀ ਤੇ ਰਹਿੰਦੀ

ਧਰਤੀ ਤੇ ਰਹਿੰਦੀ, ਅੰਬਰਾਂ ਨੂੰ ਵੀ ਲੈਂਦੀ ਏ ਹੱਥ ਪਾ। ਚੰਨ ਵੀ ਲੁਕ ਛਿਪ ਵੇਖਦਾ, ਸੂਰਜ ਦੀ ਵੀ ਦਿੰਦੀ ਏ ਹਿੱਕ ਮਚਾ। ਕੋਹਿਨੂਰ ਤੋਂ ਵੱਧ ਸੋਹਣਾ ਯਾਰ ਮੇਰਾ, ਤੂੰ ਮੇਰੇ ਯਾਰ ਨੂੰ ਨਾ ਨਿੰਦ ਕੇ ਜਾ।

18. ਖੁਸੀਆਂ ਨੂੰ ਖ਼ੋਹ ਕੇ

ਖੁਸੀਆਂ ਨੂੰ ਖ਼ੋਹ ਕੇ ਮੈਨੂੰ ਰੋਣੇ ਬਖ਼ਸ਼ ਦੀਆਂ, ਕੁਝ ਯਾਦਾਂ ਮੈਨੂੰ ਆ ਜਾਂਦੀਆਂ ਚੰਦਰੇ ਐਸੇ ਸਖਸ਼ ਦੀਆਂ । ਰਾਹ ਵਿਚ ਕਿਤੇ ਡਿੱਗ ਪਈ ਉਹ ਪੰਜੇਬ ਵਰਗਾ ਸੀ, ਰੂਹ ਮੇਰੀ ਨੂੰ ਸੀ ਰੰਗਦਾ ਓਹ ਰੰਗਰੇਜ਼ ਵਰਗਾ ਸੀ।

19. ਕੋਈ ਮਸ਼ੂਕ ਦੱਸਦਾ

ਕੋਈ ਮਸ਼ੂਕ ਦੱਸਦਾ ਕੋਈ ਦੱਸਦਾ ਬੰਦੂਕ ਵਰਗੀ, ਪਰ ਜਾਪਦੀ ਏ ਮੈਨੂੰ ਇਹ, ਬਾਗਾਂ ਵਿੱਚ ਕੋਇਲ ਦੀ ਕੂਕ ਵਰਗੀ। ਜਿਸਦੀ ਆਵਾਜ਼ ਨੂੰ ਸੁਣ ਸਕੂਨ ਮਿਲਦਾ, ਕਿਸੇ ਫ਼ਕੀਰ ਦੀ ਦਿੱਤੀ ਹੋਈ ਹੂਕ ਵਰਗੀ।

20. ਮੈਨੂੰ ਤਾਂ ਖੁਦ ਵਿੱਚ ਵੀ

ਮੈਨੂੰ ਤਾਂ ਖੁਦ ਵਿੱਚ ਵੀ ਕਮੀਆਂ ਨਹੀ ਲੱਭ ਰਹੀਆਂ ਤੇ ਕੋਈ ਹੋਰਾਂ ਵਿੱਚ ਵੀ ਖਾਮੀਆਂ ਦੱਸੀ ਜਾ ਰਿਹਾ ਏ ਮੈਨੂੰ ਤਾਂ ਆਪਣੇ ਦੋਸਤ ਤੋਂ ਵੀ ਕੰਮ ਲੈਣਾ ਨਹੀਂ ਆਉਂਦਾ ਤੇ ਕੋਈ ਦੁਸ਼ਮਣ ਤੋਂ ਵੀ ਮਤਲਬ ਕੱਢੀ ਜਾ ਰਿਹਾ ਏ।

ਫੁਟਕਲ ਸ਼ਿਅਰ

1. ਜਦ ਅਸੀਂ ਠਹਿਰੇ ਤਾਂ ਓਹ ਗੁਜਰ ਗਏ , ਜਦ ਓਹ ਗੁਜਰੇ ਤਾਂ ਅਸੀਂ ਠਹਿਰ ਗਏ। 2. ਜਮੀਨ ਸੀ ਮੈਂ ਉਪਜਾਊ ਹੁੰਦੀ , ਮੈਨੂੰ ਮੀਹਾਂ ਤੇ ਸੀ ਏਤਬਾਰ ਹੋ ਗਿਆ, ਬੱਸ ਏਸੇ ਲਈ ਬੰਜਰ ਜਮੀਨ ਤੇਰਾ ਯਾਰ ਹੋ ਗਿਆ। 3. ਕੋਈ ਜੰਗਲਾਂ ਵਿਚੋਂ ਰੱਬ ਲੱਭਦਾ ਤੇ, ਕਿਸੇ ਨੂੰ ਪਲੰਘ ਤੇ ਬੈਠੇ ਨੂੰ ਹੀ ਰੱਬੀ ਗਿਆਨ ਹੈ। ਕੋਈ ਇਕੱਲੇਪਨ ਤੋਂ ਦੁਖੀ ਆ, ਤੇ ਕੋਈ ਮਹਿਫਿਲਾਂ ਤੋਂ ਵੀ ਪ੍ਰੇਸ਼ਾਨ ਹੈ। 4. ਸਾਡੇ ਦਰੀਂ ਖਲੋਤਾ ਪਾਣੀ ਹੰਝੂਆਂ ਦਾ ਤੁਸੀਂ ਹੋ ਗਏ ਉੱਚੇ ਥੜ੍ਹੇ ਜਹੇ ਤੁਸੀਂ ਲੰਘ ਗਏ ਕੋਲ ਦੀ ਗੁਜਰੇ ਪਾਣੀ ਵਾਂਗ ਅਸੀਂ ਬਣ ਕੇ ਪੁਲ ਉਥੇ ਖੜੇ ਰਹੇ 5. ਬਹੁਤੀ ਲੰਘ ਗਈ ਤੇ ਥੋੜ੍ਹੀ ਰਹਿ ਗਈ ਆ ਮੈਨੂੰ ਖੁਸ਼ੀ ਖੁਸ਼ੀ ਜੀ ਲੈ ਜਿੰਦਗੀ ਕਹਿ ਗਈ ਆ 6. ਮੁਲਕ ਗੁਲਾਮ ਸੀ ਸਾਡਾ ਯਾਰੋ ਭਗਤ ਸਿੰਘ ਤਾਂ ਹੱਕ ਅਪਣਾ ਮੰਗਿਆ ਸੀ ਇਹ ਮਜ੍ਹਬ ਦੇ ਕਾਨੂੰਨ ਨੇ ਸਦਾ ਸੱਚ ਨੂੰ ਸੂਲੀ ਤੇ ਟੰਗਿਆ ਸੀ 7. ਮਨ ਵਿੱਚ ਕਈ ਖਿਆਲ ਸੀ, ਹੱਥ ਵਿੱਚ ਸੀ ਸੁਗਾਤ। ਆਇਆ ਸੀ ਮੈ ਜਿਸ ਕੰਮ ਲਈ, ਭੁੱਲ ਗਈ ਓਹ ਬਾਤ। 8. ਬੇਚੈਨ ਸੀ ਮੈ ਰਾਤ ਹਨੇਰੀ ਵਿੱਚ ਮੈਂ ਲਿਖਦਾ ਰਿਹਾ ਦੁੱਖ ਜਾਨ ਕੇ ਮੇਰੇ ਮੇਰਾ ਪੈਨ ਵੀ ਅੱਥਰੂ ਸੁੱਟਦਾ ਰਿਹਾ ਓ ਰਾਤ ਹਨੇਰੀ ਵਿੱਚ ਮੈਂ ਤਾਰਿਆਂ ਵਾਂਗ ਬੱਦਲਾਂ ਹੇਠਾਂ ਲੁਕਦਾ ਰਿਹਾ ਬੱਸ ਬੇਮਤਲਬ ਨਾਲ ਭਰਿਆ ਸੀ ਮੈ ਤਾਹੀਂ ਤਾਂ ਅਣਜਾਣ ਮੁਹਰੇ ਝੁਕਦਾ ਰਿਹਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ