Punjabi Poetry : Kuldeep Sirsa

ਪੰਜਾਬੀ ਕਵਿਤਾਵਾਂ : ਕੁਲਦੀਪ ਸਿਰਸਾ


ਗੀਤ

ਕੰਨਾਂ ਦੇ ਵਿੱਚ ਭਗਤ ਸਿੰਹਾਂ ਤੇਰੇ ਬੋਲ ਗੂੰਜਦੇ ਨੇ। ਹਵਾ ਦੇ ਵਿੱਚ ਖਿਆਲ ਤੇਰੇ ਅਨਮੋਲ ਗੂੰਜਦੇ ਨੇ। ਆਖਿਆ ਸੀ ਤੂੰ ਗੋਰੇ ਇਕ ਦਿਨ ਚਲੇ ਹੀ ਜਾਵਣਗੇ। ਕਾਲੇ ਪਾਪੀ ਆਕੇ ਇਥੇ ਜੁਲਮ ਕਮਾਵਣਗੇ। ਕੱਲੇ ਕੱਲੇ ਲਫ਼ਜ਼ ਵਾਂਗਰਾਂ ਢੋਲ ਗੂੰਜਦੇ ਨੇ। ਇੰਕਲਾਬ ਨਾ ਜਿੰਨੀ ਦੇਰ ਲਿਆਉਣਾ ਕਮੇਰਿਆਂ ਨੇ। ਕਿਰਤ ਸਾਡੀ ਨੂੰ ਲੁੱਟਣਾ ਓਨੀ ਦੇਰ ਲੁਟੇਰਿਆਂ ਨੇ। ਲੋਟੂਆਂ ਦੇ ਸੁਣ ਸ਼ਬਦ ਕ੍ਰਾਂਤੀ ਹੌਲ ਗੂੰਜਦੇ ਨੇ। ਫਾਂਸੀ ਚੜ੍ਹਨ ਤੋਂ ਪਹਿਲਾਂ ਜਿਹੜਾ ਪੇਜ ਮੋੜਿਆ ਸੀ। ਆਉਣ ਵਾਲੀਆਂ ਨਸਲਾਂ ਨੂੰ ਕ੍ਰਾਂਤੀ ਵੱਲ ਤੋਰਿਆ ਸੀ। ਨਾਲ ਅਦਾਲਤਾਂ ਕੀਤੇ ਜਿਹੜੇ ਕਲੋਲ ਗੂੰਜਦੇ ਨੇ। ਕਰਦੈਂ ਜੋ ਅਰਦਾਸਾਂ ਕੰਮ ਤੇਰੇ ਆਉਣ ਜੋਗੀਆਂ ਨਹੀਂ । ਗਰਮੀ-ਸਰਦੀ ਤੋਂ ਵੀ ਤੈਨੂੰ ਬਚਾਉਣ ਜੋਗੀਆਂ ਨਹੀਂ । ਨਾਸਤਿਕ ਬਣਕੇ ਖੋਲ੍ਹੇ ਜਿਹੜੇ ਪੋਲ ਗੂੰਜਦੇ ਨੇ।

ਗੀਤ-ਥੋਡੇ ਕੋਲ਼ ਬੰਦੂਕਾਂ

ਥੋਡੇ ਕੋਲ ਬੰਦੂਕਾਂ, ਸਾਡੇ ਕੋਲ਼ੇ ਸੀਨੇ ਐ ਥੋਡੇ ਕੋਲ਼ ਸਿਆਸਤ ,ਸਾਡੇ ਕੋਲ਼ ਪਸੀਨੇ ਐ ਥੋਨੂੰ ਮਿਲੀ ਵਜ਼ੀਰੀ, ਸਾਨੂੰ ਧੱਕੇ ਮਿਲਦੇ ਰਹੇ ਥੋਡੇ ਕੋਲੇ ਬਾਦਸ਼ਾਹ, ਸਾਨੂੰ ਯੱਕੇ ਮਿਲਦੇ ਰਹੇ ਥੋਡੀ ਜਾਤ ਗਦਾਰੀ, ਸਾਡੇ ਸਿਰੜੀ ਦੀਨੇ ਐ ਤੁਸੀਂ ਵੰਡੀਆਂ ਪਾਉਂਦੇ ,ਅਸੀਂ ਏਕਾ ਕਰਦੇ ਰਹੇ ਤੁਸੀਂ ਗਵਾਹੀਆਂ ਦਿੰਦੇ, ਅਸੀਂ ਫਾਂਸੀ ਚੜਦੇ ਰਹੇ ਤੁਸੀਂ ਜੋੜਦੇ ਕਾਲਖ਼, ਸਾਡੇ ਕੋਲ ਨਗੀਨੇ ਐ ਥੋਨੂੰ ਕੁਰਸੀ ਪਿਆਰੀ,ਸਾਨੂੰ ਰਿਜ਼ਕ ਪਿਆਰਾ ਏ ਥੋਨੂੰ ਚਮਚੀ ਪਿਆਰੀ,ਸਾਨੂੰ ਸਿਦਕ ਪਿਆਰਾ ਏ ਤੁਸੀਂ ਥਾਲੀ ਦੇ ਲੱਡੂ, ਸਾਡੇ ਪੱਕੇ ਕਰੀਨੇ ਐ

ਗੀਤ-ਸਾਡੇ ਘਰ ਪੁੱਤ ਜੰਮਦੇ

ਸਾਡੇ ਘਰ ਪੁੱਤ ਜੰਮਦੇ ਨੇ ਸਰਹੱਦਾਂ ਲਈ ਥੋਡੇ ਘਰ ਪੁੱਤ ਜੰਮਦੇ ਪੱਬ-ਕਲੱਬਾਂ ਲਈ। ਥੋਡੇ ਬਾਰ 'ਚ ਨੱਚਦੇ, ਸਾਡੇ ਹੱਦਾਂ 'ਤੇ ਲੜਦੇ ਨੇ। ਥੋਡੇ ਮਖ਼ਮਲ ਉੱਤੇ ਸੌਂਦੇ,ਸਾਡੇ ਰਾਖੀਆਂ ਕਰਦੇ ਨੇ। ਸਾਡੇ ਭੋਲ਼ੇ ਪੁੱਤਰ ਮਰਦੇ, ਥੋਡੇ ਸਲੱਗਾਂ ਲਈ। ਸਾਡੇ ਘਰ ਸੱਥਰ ਵਿਛਦੇ,ਥੋਡੀ ਰਿਆਸਤ ਫਲਦੀ ਹੈ ਸਾਡੇ ਘਰ ਚੂੜੇ ਟੁੱਟਦੇ,ਥੋਡੀ ਸਿਆਸਤ ਚਲਦੀ ਹੈ ਸਾਡੇ ਭੁੱਖੇ ਜਾਨਾਂ ਵਾਰਦੇ, ਥੋਡੇ ਠੱਗਾਂ ਲਈ। ਥੋਡੇ ਹਥਿਆਰ ਵੇਚਦੇ,ਸਾਡੇ ਹਥਿਆਰ ਚਲਾਉਂਦੇ ਨੇ ਥੋਡੇ ਪੁੱਤ ਨਫ਼ਾ ਕਮਾਉਂਦੇ,ਸਾਡੇ ਜਾਨ ਗਵਾਉਂਦੇ ਨੇ। ਅਸੀਂ ਬਾਲਣ ਬਣਦੇ ਆਏ, ਥੋਡੀਆਂ ਅੱਗਾਂ ਲਈ।

ਗੀਤ-ਦੇਸ਼ ਦੇ ਚਰਖੇ

ਰੋਜ-ਰੋਜ ਦੇ ਜੁਮਲੇ ਸੁਣ-ਸੁਣ ਹੋ ਗਿਆ ਮੰਦੜਾ ਹਾਲ। ਜਾਲਮਾ ਦੇ ਪੰਜੇ ਦੇਖਕੇ ਆਉਂਦੇ ਬੁਰੇ ਖਿਆਲ। ਫੁੱਟ ਪਾਉ ਤੇ ਰਾਜ ਕਰੋ ਚਲਦੇ ਨੀਤੀ ਨਾਲ। ਦੇਸ਼ ਦੇ ਚਰਖੇ ਦੀ ਢਿੱਲੀ ਕਰਤੀ ਮਾਲ੍ਹ। ਕਿਰਤੀ-ਕਾਮੇ ਰੁਲਦੇ ਫਿਰਦੇ ਜੀਓ ਮਾਲੋਮਾਲ। ਬੰਦਾ ਇੱਥੇ ਸਸਤਾ ਹੋਇਆ ਮਹਿੰਗੀ ਹੋਗੀ ਦਾਲ। ਪੰਜ ਸਾਲਾਂ ਤੋਂ ਅਥਰੂ ਪੂੰਝਣ ਆ ਗਏ ਘਰੇ ਰੁਮਾਲ। ਸੱਚੀਆਂ-ਸੁੱਚੀਆਂ ਕਲਮਾਂ ਨੂੰ ਇਹ ਜਾਂਦੇ ਕਰੀ ਹਲਾਲ। ਭਗਵੇ ਰੰਗ ਨੇ ਧਰਤੀ ਨੂੰ ਕਰ ਦਿੱਤਾ ਲਾਲੋ-ਲਾਲ। ਗੋਦੀ ਦੇ ਵਿੱਚ ਬੈਠਾ ਮੀਡੀਆ ਗਾਵੇ ਤਾਲ-ਬੇਤਾਲ। ਚਿੱਟੇ ਰੰਗ ਦਾ ਚੋਲਾ ਪਾਕੇ ਚਲਦੇ ਕਾਲੀ ਚਾਲ। ਰੱਬ ਦਾ ਘਰ ਸੋਨੇ ਦਾ ਹੋਇਆ ਕਿਰਤੀ ਹੋਏ ਕੰਗਾਲ। ਨਾਮ ਜਪੋ ਭਾਈ ਨਾਮ ਜਪੋ ਧਰਮ ਲੁਟੇਰਿਆਂ ਨਾਲ। ਜੋਕਾਂ ਇੱਥੇ ਖੂਨ ਪੀਂਦੀਆਂ ਸੱਤਾ ਬਣੀ ਦਲਾਲ। ਸਾਡੇ ਚੁੱਲੇ ਠੰਡੇ ਹੋ ਗਏ ਸ਼ੇਅਰ ਵਿੱਚ ਉਛਾਲ | ਕੁਲਦੀਪ ਕਮਲਿਆ ਗਾ-ਗਾ ਕੇ ਤੂੰ ਕਰਦਾ ਰਹੀਂ ਸਵਾਲ।

ਗੀਤ-ੳ ਅ ੲ

ੳ ਅ ੲ ਅਨਮੋਲ ਭੋਲ਼ਿਆ । ਬੋਲ ਤੂੰ ਪੰਜਾਬੀ ਮੁੱਖੋਂ ਬੋਲ ਭੋਲ਼ਿਆ। ਮਾਂ-ਬੋਲੀ ਜਿਹੜੇ ਲੋਕ ਭੁੱਲ ਜਾਂਦੇ ਨੇ । ਗਲ਼ੀਆਂ ਦੇ ਕੱਖਾਂ ਵਾਂਗੂੰ ਰੁਲ਼ ਜਾਂਦੇ ਨੇ। ਭੁੱਲ ਜਾਂਦੇ ਆਪਣਾ ਉਹ ਵਿਰਸਾ ਮਹਾਨ। ਜੱਗ ਵਿੱਚ ਮੁੱਕ ਜਾਂਦੀ ਉਨ੍ਹਾਂ ਦੀ ਪਛਾਣ। ਹੀਰਾ ਮਾਂ-ਬੋਲੀ ਦਾ ਨਾ ਰੋਲ਼ ਭੋਲ਼ਿਆ। ਜਿਹੜੇ ਬਾਲ ਮਾਂ-ਬੋਲੀ ਵਿੱਚ ਪੜਦੇ। ਕਲਾ ਦੀਆਂ ਰਮਝਾਂ ਨੂੰ ਉਹੀ ਫੜਦੇ । ਸੱਥਰਾਂ ਤੇ ਗਿੱਧਿਆਂ 'ਚ ਇਹੀ ਬੋਲਦੀ। ਦੂਜੀਆਂ ਭਾਸ਼ਾਂਵਾਂ ਦੇ ਦੁਆਰ ਖੋਲਦੀ। ਕੀਮਤੀ ਖ਼ਜ਼ਾਨਾ ਤੇਰੇ ਕੋਲ਼ ਭੋਲ਼ਿਆ। ਵੇਖ ਲੈ ਤੂੰ ਚੀਨ ਚਾਹੇ ਵੇਖ ਲੈ ਜਾਪਾਨ। ਮਾਂ-ਬੋਲੀ ਸਿਰਤੇ ਹੀ ਬਣ ਗਏ ਮਹਾਨ। ਅੱਜ ਸਾਰੀ ਦੁਨੀਆਂ ਵਪਾਰ ਹੋ ਗਈ। ਮਾਂ-ਬੋਲੀ ਮੰਡੀ ਦਾ ਸ਼ਿਕਾਰ ਹੋ ਗਈ। ਉੱਠ ਜਰਾ ਉੱਠ ਅੱਖਾਂ ਖੋਲ਼ ਭੋਲ਼ਿਆ । ਐਵੇਂ ਹੋਇਆ ਫਿਰੇਂ ਡਾਵਾਂ-ਡੋਲ ਭੋਲਿਆ।

ਗੀਤ-ਬੱਚੇ ਤੰਗ ਨਹੀਂ ਕਰਦੇ

ਫੁੱਲਾਂ ਉੱਤੇ ਭਾਰ ਜਿਹੜੇ, ਸੱਧਰਾਂ ਦਾ ਧਰਦੇ ਨੇ। ਬੱਚੇ ਤੰਗ ਨਹੀਂ ਕਰਦੇ, ਤੰਗ ਤਾਂ ਮਾਪੇ ਕਰਦੇ ਨੇ। ਜਿਹਨਾਂ ਘਰਾਂ ਦੇ ਵਿੱਚ ਜਮਹੂਰੀ ਕਦਰਾਂ ਹੁੰਦੀਆਂ ਨੇ ਸੂਝ-ਬੂਝ ਨਾਲ ਭਰੀਆਂ ਉੱਥੇ, ਲਗਰਾਂ ਹੁੰਦੀਆਂ ਨੇ ਬੂਟੇ ਫਲ ਨ ਦਿੰਦੇ, ਜਿਹੜੇ ਡਰ ਨਾਲ ਪਲਦੇ ਨੇ ਗੱਲ-ਗੱਲ ਉੱਤੇ ਮਿਲਦੀ ਜਿਹੜੀ ਘੂਰ ਮਾਪਿਆਂ ਤੋਂ ਹੌਲੀ ਹੌਲੀ ਕਰ ਦਿੰਦੀ ਮਨ ਦੂਰ ਮਾਪਿਆਂ ਤੋਂ ਫੁਲ ਗੁਲਾਬ ਦੇ ਗੁੱਸੇ ਵਿੱਚ ਗੋਲੇ ਬਣ ਵਰ੍ਹਦੇ ਨੇ ਬੱਚਿਆਂ ਦੇ ਨਾਲ ਹੱਸਣਾ ਖੇਡਣਾਂ ਗਾਉਣਾ ਚਾਹੀਦਾ ਗਲਤੀ ਹੋਣ 'ਤੇ ਭਾਸ਼ਣ ਨਹੀਂ, ਸੁਣਾਉਣਾ ਚਾਹੀਦਾ ਸਿਆਣੇ ਮਾਪੇ ਸਦਾ ਹੀ, ਬਾਲ-ਮਨਾਂ ਨੂੰ ਪੜ੍ਹਦੇ ਨੇ ਜਾਨਵਰ-ਪੰਛੀ ਰਾਜੇ-ਰਾਣੀ ਪਰੀ ਦੀਆਂ ਬਾਤਾਂ ਨੂੰ ਬੁੱਕਲ ਵਿੱਚ ਬੈਠਾਕੇ ਭਾਈ ਸੁਣਾਈਏ ਰਾਤਾਂ ਨੂੰ ਸੋਚਾਂ ਨੂੰ ਖੰਭ ਲਗਦੇ, ਬੱਚੇ ਉਡਾਰੀਆਂ ਭਰਦੇ ਨੇ ਕੁਲਦੀਪ ਦਾ ਲਿਖਿਆ ਥੋਨੂੰ ਬੱਚੇ ਗੀਤ ਸੁਨਾਵਣਗੇ ਸਮਝ ਲਿਓ ਭਾਈ ਜਿਹੜੀ ਥੋਨੂੰ ਗੱਲ ਸਮਝਾਵਣਗੇ ਮੇਚਾ ਇਕ ਹੋ ਜਾਵੇ ਫੇਰ ਨ ਰਹਿੰਦੇ ਪਰਦੇ ਨੇ

ਗੀਤ-ਫਾਸੀਵਾਦ ਵੋਟਾਂ ਨਾਲ

ਦੱਸੇ ਇਤਿਹਾਸ ਨੁਕਤਾ ਵਿਚਾਰ ਦਾ ਫਾਸੀਵਾਦ ਵੋਟਾਂ ਨਾਲ ਨਹੀਂਉ ਹਾਰਦਾ ਮਨੁੱਖਤਾ ਦੇ ਧਾਗੇ ਵਿੱਚ ਪਾਉਂਦਾ ਗੰਢੀਆਂ ਬੀਜਦਾ ਹੈ ਨਫਰਤ ਪਾਉਂਦਾ ਵੰਡੀਆਂ ਫੁੱਟ ਪਾਉ ਰਾਜ ਕਰੋ ਹਥਿਆਰ ਦਾ ਪੂੰਜੀ ਦਾ ਦਲਾਲ ਲੋਕਾਂ ਨੂੰ ਨਿਚੋੜਦਾ ਕਿਰਤੀਆਂ-ਕਾਮਿਆਂ ਦੇ ਹੱਡ ਤੋੜਦਾ ਚੱਲ ਦਾ ਨਾ ਸੱਚ ਤਾਹੀਓਂ ਝੂਠ ਮਾਰਦਾ ਹਾਰ ਸਾਂਝੀਵਾਲਤਾ ਕਦੇ ਨਾ ਮੰਨਦੀ ਲੋਕ-ਏਕਤਾ ਹੀ ਇਹਦਾ ਮੂੰਹ ਭੰਨਦੀ ਫੇਰ ਹੁੰਦਾ ਫੈਸਲਾ ਹੈ ਆਰ-ਪਾਰ ਦਾ

ਗੀਤ-ਠੇਕਿਆਂ ਤੇ ਹੁੰਦੇ ਨੇ

ਠੇਕਿਆਂ ਤੇ ਹੁੰਦੇ ਨੇ ਬਿਮਾਰ ਪੈਦਾ ਜੀ ਕਿਤਾਬਾਂ ਨਾਲ ਹੁੰਦੇ ਨੇ ਵਿਚਾਰ ਪੈਦਾ ਜੀ ਨਸ਼ਾ ਮਾਰੇ ਮੱਤ, ਗਿਆਨ ਦੇਵੇ ਰੰਦ ਬਈ ਤਾਂਹੀਂਉ ਠੇਕੇ ਖੁਲ੍ਹਦੇ, ਸਕੂਲ ਬੰਦ ਬਈ। ਧਰਮਾਂ ਦੀ ਅੱਖਾਂ ਉੱਤੇ ਬੰਨ੍ਹ ਪੱਟੀ ਬਈ ਰੱਬ ਦੀ ਦੁਕਾਨ ਵਿੱਚ ਖੂਬ ਖੱਟੀ ਬਈ ਲੋਕ ਚੇਤਨਾ ਨੂੰ ਇਹ ਪਾਉਂਦੇ ਮੰਦ ਬਈ ਤਾਂਹੀਂਉ ਡੇਰੇ ਖੁੱਲ੍ਹਦੇ, ਸਕੂਲ਼ ਬੰਦ ਬਈ। ਹਕੂਮਤਾਂ ਨੂੰ ਅਕਲਾਂ ਤੋਂ ਨੰਗ ਚਾਹੀਦੇ ਹੱਕਾਂ ਤੋਂ ਅਵੇਸਲੇ ਮਲੰਗ ਚਾਹੀਦੇ ਸੂਰਜ ਨਾ ਹੋਣ ਬੱਸ ਹੋਣ ਚੰਦ ਬਈ ਤਾਂਹੀਂਉ ਹੋਣ ਰੈਲੀਆਂ, ਸਕੂਲ ਬੰਦ ਬਈ।

ਗੀਤ-ਗੋਦੀ ਜਿੱਤਿਆ

ਗੋਦੀ ਜਿੱਤਿਆ ਤੇ ਮਿਲਣ ਵਧਾਈਆਂ ਅੱਜਕਲ੍ਹ ਦੇਸ਼ ਵੇਚਦਾ ਲੋਕੋ ਫੁੱਟ ਪਾਕੇ ਰਾਜ ਕਰਦਾ ਇਹਨੂੰ ਰੋਕੋ ਲਾਈਨਾਂ ਲੱਗੀਆਂ ਤੇ ਨੋਟਬੰਦੀ ਹੋ ਗਈ ਸਾਡੇ ਰੋਜਗਾਰ ਖੁੱਸ ਗਏ ਬੱਲਿਆ ਮੀਡੀਆ ਦੇ ਸੰਗ ਰਲਕੇ ਝੂਠ ਚੱਲਿਆ ਫਕੀਰ ਬਣਦਾ ਤੇ ਸੂਟ ਅੱਠ ਲੱਖ ਦਾ ਦੇਸ਼ ਨੂੰ ਲੁੱਟ ਖਾ ਗਿਆ ਹਾਣੀਆਂ ਆਖਰਾਂ ਨੂੰ ਠੱਲ੍ਹ ਪਾਈ ਪੰਜਾਂ ਪਾਣੀਆਂ ਬਾਤਾਂ ਮਨ ਦੀਆਂ ਪਾਉਂਦਾ ਸਾਡੀ ਸੁਣੇ ਨਾ ਸੱਤ ਸੌ ਦੀ ਮੌਤ ਹੋ ਗਈ ਪੂਰਨਾ ਕਿਸਾਨਾਂ ਨੇ ਅੱਗੇ ਲਾ ਲਿਆ ਵੱਡਾ ਸੂਰਮਾ

ਗੀਤ-ਤੁਸੀਂ ਜ਼ਮੀਰਾਂ ਵੇਚਦੇ

ਤੁਸੀਂ ਜ਼ਮੀਰਾਂ ਵੇਚਦੇ, ਅਸੀਂ ਪਸੀਨਾ ਵੇਚਦੇ ਹਾਂ ਤੁਸੀਂ ਫਾਸਲ਼ੇ ਪਾਉਂਦੇ, ਅਸੀਂ ਲਕੀਰਾਂ ਮੇਟਦੇ ਹਾਂ। ਤੁਸੀਂ ਮਾਫੀਆਂ ਮੰਗੀਆਂ, ਅਸੀਂ ਜਾਨਾਂ ਵਾਰਦੇ ਰਹੇ ਤੁਸੀਂ ਦੇਸ਼ ਨੂੰ ਲੁੱਟਦੇ, ਅਸੀਂ ਕਰਜ਼ ਉਤਾਰਦੇ ਰਹੇ। ਤੁਸੀਂ ਜਾਮ ਟਕਰਾਉਂਦੇ, ਅਸੀਂ ਲਾਂਬੂ ਸੇਕਦੇ ਹਾਂ। ਥੋਡੇ ਥੱਲੇ ਮਖ਼ਮਲ , ਅਸੀਂ ਕੰਡਿਆਂ 'ਤੇ ਸੌਂਦੇ ਰਹੇ ਥੋਡੇ ਖੂਨ ਵਿੱਚ ਗਦਾਰੀ,ਅਸੀਂ ਵਫਾ ਨਿਭਾਉਂਦੇ ਰਹੇ। ਤੁਸੀਂ ਦਿੱਲੀ ਦੇ ਰਾਜੇ , ਅਸੀਂ ਯੋਧੇ ਬੇਟ ਦੇ ਹਾਂ। ਥੋਡੇ ਕੋਲ ਚਤੁਰਾਈਆਂ, ਸਾਡੇ ਕੋਲ ਦਲੇਰੀ ਸੀ ਗੈਰਤ ਥੋਡੀ ਮਰ ਗਈ, ਸਾਡੇ ਕੋਲ ਬਥੇਰੀ ਸੀ। ਤੁਸੀਂ ਫਾਂਸੀਆਂ ਲਾਉਂਦੇ, ਅਸੀਂ ਚੜ੍ਹਕੇ ਵੇਖਦੇ ਹਾਂ। ਸਾਡੀ ਕੀਮਤ ਕੋਈ ਨਾ, ਤੁਸੀਂ ਹਮੇਸ਼ਾ ਵਿੱਕਦੇ ਰਹੇ ਥੋਡੇ ਕਫ਼ਨ ਵਿੱਕਦੇ ਰਹੇ ਤੇ ਸਾਡੇ ਸੱਥਰ ਵਿੱਛਦੇ ਰਹੇ। ਤੁਸੀਂ ਅੱਗਾਂ ਦੇ ਦਰਿਆ, ਅਸੀਂ ਤਰਕੇ ਵੇਖਦੇ ਹਾਂ । ਤੁਸੀਂ ਗਵਾਹੀਆਂ ਦਿੰਦੇ ,ਅਸੀਂ ਲੜਕੇ ਦੇਖਦੇ ਹਾਂ

ਗੀਤ-ਬਾਬਲ ਮੇਰਾ ਹਿੱਸਾ

ਬਾਬਲ ਮੇਰਾ ਹਿੱਸਾ ਤੇਰੇ ਘਰ ਰਹਿ ਗਿਆ ਤੂੰ ਲਿਖੀ ਜਦੋਂ ਵਸੀਅਤ ਪੱਖ ਵੀਰੇ ਦਾ ਲੈ ਗਿਆ। ਵੀਰ ਜੰਮੇ ਤੋਂ ਖੁਸ਼ੀ ਮਨਾਈ ਮੈਂ ਜੰਮੀ ਤਾਂ ਰੋਇਆ ਫਿਰ ਵੀ ਤੇਰੀ ਪੱਗ ਦਾ ਬਾਬਲਾ ਭਾਰ ਅਸਾਂ ਨੇ ਢੋਇਆ ਡਰ ਤੇਰੀ ਪਗੜੀ ਦਾ ਸਾਡੀ ਸੋਚ ਤੇ ਭਾਰੀ ਪੈ ਗਿਆ। ਝੂਠੀ ਅਣਖ ਤੇ ਗੈਰਤ ਦਾ ਤੂੰ ਪੱਲਾ ਬਾਬਲਾ ਫੜਿਆ ਧੀ ਦੇ ਹੱਕ ਲਈ ਲੜਨਾਂ ਸੀ ਪਰ ਤੂੰ ਰਸਮਾਂ ਤੋਂ ਡਰਿਆ ਅਰਸ਼ਾਂ ਉਤੇ ਉੱਡਣ ਦਾ ਸੁਪਨਾ ਦਿਲ ਵਿੱਚ ਰਹਿ ਗਿਆ। ਦਿਲ ਦੀਆਂ ਸੱਧਰਾਂ ਬਾਬਲਾ ਅਸੀਂ ਦਿਲ ਦੇ ਵਿੱਚ ਲਕੋਈਆਂ ਖੁੱਲ੍ਹੇ ਹਾਸੇ ਕਦੇ ਨਾ ਹੱਸੀਆਂ ਕੱਲੀਆਂ ਬਹਿ ਬਹਿ ਰੋਈਆਂ ਧੀਆਂ ਨਾਲ ਵਿਤਕਰੇ ਵਾਲੇ ਤੂੰ ਵੀ ਕੁਰਾਹੇ ਪੈ ਗਿਆ। ਮੈਂ ਵੀ ਤੇਰੇ ਨਾਲ ਬਾਬਲਾ ਖੇਤੋਂ ਪੱਠੇ ਲਿਆਉਂਦੀ ਸਾਂ ਰੋਟੀ-ਟੁੱਕਰ ਭਾਂਡਾ-ਟੀਂਡਾ ਸਾਰੇ ਕੰਮ ਕਰਾਂਉਦੀ ਸਾਂ ਤੇਰੀ ਪਿੱਤਰ ਸੋਚ ਤੇ ਵੀਰਾ ਕਬਜ਼ਾ ਕਰਕੇ ਬਹਿ ਗਿਆ

ਗੀਤ-ਸਾਰਾ ਦਿਨ ਪੋਚੇ ਲਾਉਂਦੀ ਹਾਂ

ਸਾਰਾ ਦਿਨ ਪੋਚੇ ਲਾਉਂਦੀ ਹਾਂ ਮੈਂ ਸ਼ਾਹੂਕਾਰਾਂ ਦੇ ਬਾਪੂ ਪੜ੍ਹਨ ਸਕੂਲੇ ਪਾ ਦੇ ਮੰਦੜੇ ਹਾਲ ਗਵਾਰਾਂ ਦੇ ਖੇਤਾਂ ਦੇ ਵਿਚ ਵੀਰਾ ਦੇਹੋਂ ਟੁੱਟਿਆ ਰਹਿੰਦਾ ਹੈ ਪਸ਼ੂਆਂ ਦੇ ਵਿਚ ਪਸ਼ੂਆਂ ਵਾਂਗੂੰ ਜੁੱਟਿਆ ਰਹਿੰਦਾ ਹੈ ਕੋਲੇ ਬੈਠੇ ਦੁੱਧ ਪੀਂਦੇ ਲਾਣੇ ਸਰਦਾਰਾਂ ਦੇ ਮਾਂ ਮੇਰੀ ਵੀ ਗੋਹਾ ਸੁੱਟਦੀ ਬੁੱਢੀ ਹੋ ਗਈ ਹੈ ਚੌਧਰੀਆਂ ਦੀਆਂ ਫਰਸ਼ਾਂ ਧੋਂਦੀ ਕੁੱਬੀ ਹੋ ਗਈ ਹੈ ਕੀਹਨੂੰ ਜਖਮ ਦਿਖਾਵਾਂ ਸੀਨੇ ਫਿਰਦੀਆਂ ਆਰਾਂ ਦੇ ਤੂੰ ਵੀ ਬਾਪੂ ਸਾਰਾ ਦਿਨ ਦੇ ਖੇਤਾਂ ਵਿੱਚ ਖੱਪਦਾ ਏਂ ਉਹਨਾਂ ਮਹਿਲ ਉਸਾਰ ਲਏ ਤੂੰ ਇੱਟਾਂ ਥੱਪਦਾ ਏਂ ਪੜ੍ਹ-ਲਿਖ ਕੇ ਮੁੰਹ ਮੋੜਾਂਗੇ ਇਹਨਾਂ ਬਦਕਾਰਾਂ ਦੇ ਜੁਲਮ ਤੇ ਧੱਕਾ ਸਾਰੀ ਜਿੰਦਗੀ ਆਪਾਂ ਸਹਿੰਦੇ ਹਾਂ ਡੰਗਰਾਂ ਤੋਂ ਵੀ ਮਾੜੀਆਂ ਥਾਵਾਂ ਤੇ ਰਹਿੰਦੇ ਹਾਂ ਸਾਰੀ ਜਿੰਦਗੀ ਤੁਰਦੇ ਹਾਂ ਨੰਗੀਆਂ ਤਲਵਾਰਾਂ ਤੇ

ਬੋਲੀਆਂ-ਭਗਤ ਸਿੰਘ

ਕੰਨਾਂ ਵਿਚ ਨੱਤੀਆਂ ਪਈਆਂ ਬੁਲੇਟ ਤੇ ਲਿਆਵੇ ਨ੍ਹੇਰੀਆਂ ਪੱਗ ਬੰਨ੍ਹ ਲਈ ਭਗਤ ਸਿੰਘ ਵਰਗੀ ਗਲੀਆਂ 'ਚ ਲਾਉਂਦਾ ਗੇੜੀਆਂ| ਚੜ੍ਹ ਕੇ ਟਰਾਲੀ ਉੱਤੇ ਸੋਹਣਿਆ ਸੇਵਾ ਕਰਨ ਜਾਵੇਂਗਾ ਹੈਟ ਲੈ ਲਿਆ ਭਗਤ ਸਿੰਘ ਵਰਗਾ ਸਿਰ ਕਿਥੋਂ ਲਿਆਵੇਂਗਾ | ਜਾਕੇ ਐਤਵਾਰ ਸੇਵਾ ਕਰਦਾ ਸਾਧਾਂ ਨੂੰ ਰੱਬ ਮੰਨਿਆਂ ਗੱਲਾਂ ਦੇਸ਼ ਦੀ ਕ੍ਰਾਂਤੀ ਦੀਆਂ ਕਰਦਾ ਡੌਲ਼ੇ ਤੇ ਤਵੀਤ ਬੰਨ੍ਹਿਆਂ| ਦੇਸੀ ਗਾਂਵਾਂ ਨੂੰ ਪੇੜੇ ਪਾਉਂਦਾ ਕਾਲੇ ਕੁੱਤਿਆਂ ਨੂੰ ਰੋਟੀਆਂ ਕਾਕਾ ਮੈਡੀਕਲ ਸਾਇੰਸ ਵਿੱਚ ਪੜ੍ਹਦਾ ਬਾਬਿਆਂ ਦੇ ਲਾਉਂਦਾ ਚੌਂਕੀਆਂ | ਕਾਲੇ ਕਪੜੇ 'ਚ ਨਾਰੀਅਲ ਬੰਨ੍ਹ ਕੇ ਵਗਦੀ ਨਦੀ 'ਚ ਧਰਦਾ ਟੀ-ਸ਼ਰਟ ਉੱਤੇ ਇਨਕਲਾਬ ਲਿਖਿਆ ਸਵੇਰੇ ਰਾਸ਼ੀਫਲ ਪੜ੍ਹਦਾ ਤੇਰੇ ਪਿੰਡ 'ਚ ਰੱਬ ਦਾ ਘਰ ਵੱਖਰਾ ਜਿੰਨ੍ਹਾਂ ਮਜਬੂਰਾਂ ਦਾ ਭਗਤ ਸਿੰਘ ਸੀ ਰਾਜ ਲਿਆਉਣਾ ਚਾਹੁੰਦਾ ਉਹਨਾਂ ਦਾ ਮਜਦੂਰਾਂ ਦਾ।

ਗਿੱਧਾ ਬੋਲੀਆਂ-ਭਗਤ ਸਿੰਘ

ਭਗਤ ਸਿੰਘ ਸਾਡਾ ਭਗਤ ਨਹੀਂ ਸੀ ਤਰਕ ਸੀ ਉਹਦੇ ਕੋਲੇ ਕਲਮ ਬੰਦੂਕਾਂ ਵਾਂਗ ਚਲਾਈ ਲੋਟੂਆਂ ਦੇ ਪੱਜ ਖੋਲ੍ਹੇ ਨਾਲ ਮੌਤ ਦੇ ਮਸ਼ਕਰੀ ਕੀਤੀ ਰੱਤੀ ਭਰ ਨਾ ਡੋਲੇ ਸਭਾ ਵਿੱਚ ਬੰਬ ਸੁੱਟਕੇ ਬੋਲਿਆਂ ਦੇ ਕੰਨ ਖੋਲ੍ਹੇ। ਨਾ ਭਗਤ ਸਿੰਘ ਦੇ ਮੁੱਛਾਂ ਕੁੰਢੀਆਂ ਨਾ ਹੀ ਵੱਟ ਚੜਾਏ ਨਾ ਟਰੈਕਟਰ ਤੇ ਬੂਫਰ ਲਾਇਆ ਨਾ ਪਟਾਕੇ ਬੋਲਟ ਦੇ ਪਾਏ ਨ ਭਗਤ ਸਿੰਘ ਨੇ ਫੁਕਰੀ ਮਾਰੀ ਨਾ ਚੱਕਵੇਂ ਗਾਣੇ ਗਾਏ ਕ੍ਰਾਂਤੀਕਾਰੀ ਦੁਨੀਆਂ ਦਾ ਕੱਲ੍ਹਾ-ਕੱਲ੍ਹਾ ਪੜਿਆ ਜੰਗ ਵਿਚਾਰਾਂ ਦੀ ਵਿਚਾਰਾਂ ਦੇ ਨਾਲ ਲੜਿਆ ਪੱਗ ਤੇਰੀ ਹੈ ਭਗਤ ਸਿੰਘ ਦੀ ਪਰ ਸੋਚ ਹਾਲੇ ਤੇਰੀ ਨਿੱਕੀ ਭਗਤ ਸਿੰਘ ਵਾਂਗ ਕਿਤਾਬਾਂ ਪੜ੍ਹ ਕੇ ਸੋਚ ਨੂੰ ਕਰ ਲੈ ਤਿੱਖੀ ਭਗਤ ਸਿੰਘ ਕੋਈ ਫੈਸ਼ਨ ਨਹੀਂ ਸੀ ਨਾ ਪਗੜੀ ਨਾ ਟੋਪ ਭਗਤ ਸਿੰਘ ਸੀ ਮਿੱਤਰਾ ਇਨਕਲਾਬ ਦੀ ਸੋਚ ਭਗਤ ਸਿੰਘ ਸਾਨੂੰ ਅੱਜ ਵੀ ਮਿਲਜੂ ਲਾਇਬਰੇਰੀ ਜਾਂ ਧਰਨੇ ਪੀੜਤ ਧਿਰ ਦੇ ਨਾਲ ਖੜੋਂਦਾ ਹੱਕਾਂ ਲਈ ਜਾਂਦਾ ਲੜਨੇ ਕ੍ਰਾਂਤੀਕਾਰੀ ਗੀਤ ਗਾਉਂਦਾ ਤੇ ਲੋਕਾਂ ਨੂੰ ਲਾਉਂਦਾ ਪੜ੍ਹਨੇ ਭਗਤ ਸਿੰਘ ਤਾਂ ਅੱਜ ਵੀ ਮਿੱਤਰਾ ਜ਼ੁਲਮਾਂ ਦੇ ਨਾਲ ਖਹਿੰਦਾ ਡਾਂਗਾਂ ਪੁਲਸ ਦੀਆਂ ਮੌਰਾਂ ਉੱਤੇ ਸਹਿੰਦਾ ਨਾ ਤਾਂ ਗੋਰੇ ਖੰਘੇ ਸੀ ਨਾ ਸੂਲੀ ਉੱਤੇ ਟੰਗੇ ਸੀ ਬਸਤੀਵਾਦ ਸੀ ਲੁੱਟ ਕਰੇਂਦਾ ਕਿਰਤੀਆਂ ਨੇ ਹੱਕ ਮੰਗੇ ਸੀ ਨਾ ਭਗਤ ਸਿੰਘ ਕਾਤਲ ਸੀ ਨ ਕਤਲ ਹੋਣਾ ਚਾਹੁੰਦਾ ਸੀ ਉਹ ਤਾਂ ਵਰਗ ਕਮੇਰੇ ਦਾ ਰਾਜ ਲਿਆਉਣਾ ਚਾਹੁੰਦਾ ਸੀ ਵਿਚਾਰਾਂ ਵਿੱਚ ਕ੍ਰਾਂਤੀ ਕਲਮਾਂ ਵਿੱਚ ਉਸਦੇ ਸਿਆਹੀ ਸੀ ਭਗਤ ਸਿੰਘ ਤਾਂ ਮਿੱਤਰਾ ਸਮਾਜਵਾਦ ਦਾ ਰਾਹੀ ਸੀ

ਗਿੱਧਾ ਬੋਲੀਆਂ-ਤਰਕਸ਼ੀਲ

ਆਰੀ ਆਰੀ ਆਰੀ ਜਿਹੜੀ ਗੱਲ ਮੈਂ ਆਖਣੀ ਆਖਣੀ ਬੜੀ ਕਰਾਰੀ। ਚੋਰ ਇੱਥੇ ਸਾਧ ਬਣ ਗਏ ਸਾਧ ਬਣ ਗਏ ਇੱਥੇ ਵਪਾਰੀ। ਵਪਾਰੀ ਤਾਂ ਵਿਦੇਸ਼ ਭੱਜ ਗਏ ਲੈਕੇ ਬੈਂਕਾਂ ਕੋਲੋਂ ਉਧਾਰੀ। ਬਾਬੇ ਕਲਾਕਾਰ ਬਣਗੇ ਹੁਣ ਕਰਨ ਲੱਗੇ ਕਲਾਕਾਰੀ। ਚੋਰ-ਕੁੱਤੀ 'ਕੱਠੇ ਖਾਂਦੇ ਖਾਂਦੇ ਮਾਲ਼ ਸਰਕਾਰੀ। ਉਹ ਮੰਡੀ ਪੈਸੇ ਦੀ ਜਾਂਦੀ ਲਿਸ਼ਕਾਂ ਮਾਰੀ ਭੋਲਿਆ ਪੰਛੀਆ ਲੁੱਟੀ ਜਾਂਦੇ ਤੇਰੀ ਕਿਰਤ ਕਮਾਈ। ਟੱਬਰ ਤੇਰਾ ਭੁੱਖਾ ਮਰਦਾ ਤੈਨੂੰ ਸਮਝ ਨਾ ਆਈ। ਨਰਕਾਂ ਦਾ ਡਰ ਦੇਕੇ ਤੈਨੂੰ ਸੁਰਗਾਂ ਦੇ ਵਿੱਚ ਰਹਿੰਦਾ। ਮਿਊਜ਼ਿਕ ਬਾਬੇ ਦਾ ਸੌਂ ਜਾ ਸੌਂ ਜਾ ਕਹਿੰਦਾ। ਥਾਂ-ਥਾਂ ਉੱਤੇ ਡੇਰੇ ਖੁੱਲਗੇ ਥਾਂ-ਥਾਂ ਖੁੱਲਗੇ ਠੇਕੇ। ਬੰਦੇ ਨੂੰ ਬਈ ਸਮਝ ਨ ਆਵੇ ਮੱਥਾ ਕੀਹਨੂੰ ਟੇਕੇ। ਭਲਿਆ ਲੋਕਾ ਲਾਅ ਨਾ ਬੈਠੀਂ ਚੰਦਰੀ ਇਹ ਬਿਮਾਰੀ। ਇਹਨਾਂ ਸਾਧਾਂ ਨੇ ਲੁੱਟ ਲਈ ਖਲਕਤ ਸਾਰੀ। ਘਰ ਵਾਲੀ ਤਾਂ ਸਾਇੰਸ ਪੜ੍ਹਦੀ ਘਰ ਵਾਲਾ ਮਾਲਾ ਫੇਰੇ। ਘਰਵਾਲੀ ਤਾਂ ਟੀਚਰ ਬਣ ਗਈ ਘਰ ਵਾਲਾ ਸਾਧਾਂ ਦੇ ਡੇਰੇ। ਘਰਵਾਲੀ ਤਾਂ ਬੱਚੇ ਪੜ੍ਹਾਵੇ ਘਰਵਾਲਾ ਜੋਤਾਂ ਲਾਉਂਦਾ। ਮਾਲਾ ਫੇਰੀ ਤੋਂ ਗਿਆਨ ਕਦੇ ਨਹੀਂ ਆਉਂਦਾ। ਡੇਰਾ-ਡੇਰਾ ਨ ਕਰਿਆ ਕਰ ਨੀਂ ਵੇਖ ਡੇਰੇ ਦੇ ਕਾਰੇ। ਕੋਰਟ-ਕਚਹਿਰੀਆਂ ਕੇਸ ਨੇ ਚਲਦੇ ਸਾਧਾਂ ਉੱਤੇ ਭਾਰੇ। ਅੱਜ ਤੱਕ ਕਿਸੇ ਨੂੰ ਰੱਬ ਨਹੀਂ ਮਿਲਿਆ ਲੱਗੀ ਜਾਂਦੇ ਲਾਰੇ। ਇਹਨਾਂ ਸਾਧਾਂ ਤੋਂ ਬਚਕੇ ਰਹਿ ਮੁਟਿਆਰੇ। ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮਾੜੀ। ਮਾੜੀ ਦਾ ਇੱਕ ਸਾਧ ਸੁਣੀਂਦਾ ਸੰਗਤ ਲਾਉਂਦਾ ਭਾਰੀ। ਵੱਡੇ-ਵੱਡੇ ਉਹਨੇ ਚੇਲੇ ਪੱਟ ਲਏ ਕੀ ਮਾਸਟਰ-ਪਟਵਾਰੀ। ਜ਼ੈਡ-ਪਲੱਸ ਸੁਰੱਖਿਆ ਲੈਕੇ ਬਣ ਗਿਆ ਉਹ ਸਰਕਾਰੀ। ਮੌਜਾਂ ਲੁੱਟਦਾ ਏ ਬਾਬੇ ਦੀ ਸਰਦਾਰੀ। ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਖੋਭਾ। ਉਰਲੇ ਪਾਸੇ ਢਾਬ ਸੁਣੀਂਦੇ ਪਰਲੇ ਪਾਸੇ ਢੋਭਾ। ਢੋਭੇ ਦੇ ਵਿਚ ਸਾਧੂ ਰਹਿੰਦਾ ਦੂਰ-ਦੂਰ ਤੱਕ ਸੋਭਾ। ਸੰਗਤਾਂ ਕੋਲੋਂ ਆਲੂ ਪਟਾਉਂਦਾ ਨਾਲੇ ਮਾਰਦਾ ਗੋਡਾ। ਬੱਚ ਜਾ ਨੀਂ ਬੀਬਾ ਪੱਟ-ਦੂਗਾ ਘਰ ਥੋਡਾ। ਨਾ ਮੈਂ ਜਾਂਦਾ ਮੰਦਰ-ਮਸੀਤੀਂ ਨਾ ਮੈਂ ਜਾਂਦਾ ਡੇਰੇ। ਵਿੱਚ ਸਕੂਲ ਦੇ ਖਾਲੀ ਕਦੇ ਨਾ ਰਹਿੰਦੇ ਪੀਰੀਅਡ ਮੇਰੇ। ਤਰਕਸ਼ੀਲ ਮੈਂ ਨਜ਼ਮਾਂ ਲਿਖਦਾ ਲਿਖਦਾ ਸ਼ਾਮ-ਸਵੇਰੇ। ਬੋਲੀਆਂ ਮੈਂ ਪਾਵਾਂ ਤੂੰ ਦੇਦੇ ਸ਼ੌਂਕ ਦੇ ਗੇੜੇ। ਬੋਲੀਆਂ ਮੈਂ.....

ਜੇ ਦੁਨੀਆਂ ਤੇ ਰੱਬ ਨ ਹੁੰਦਾ

ਜੇ ਦੁਨੀਆਂ ਤੇ ਰੱਬ ਨਾ ਹੁੰਦਾ ਬੰਦਾ ਲਾਈ-ਲੱਗ ਨਾ ਹੁੰਦਾ। ਸੁਭਾ-ਸਵੇਰੇ ਠੰਡ 'ਚ ਨਹਾ ਕੇ ਨਾਮ ਜਪਣ ਦਾ ਜੱਭ ਨਾ ਹੁੰਦਾ। ਨਾ ਹੀ ਹੁੰਦੇ ਰੱਬ-ਦੁਆਰੇ ਨਾ ਚੀਕ-ਚਿਹਾੜਾ ਪਾਉਂਦੇ ਸਾਰੇ। ਨਾ ਨਰਕਾਂ ਦਾ ਭੈਅ ਕੋਈ ਹੁੰਦਾ ਨਾ ਸੁਰਗਾਂ ਦੇ ਹੁੰਦੇ ਲਾਰੇ। ਜਿਹੜਾ ਸਾਨੂੰ ਨਾਮ ਜਪਾਉਂਦਾ ਏਦਾਂ ਦਾ ਕੋਈ ਠੱਗ ਨਾ ਹੁੰਦਾ। ਆਪਾਂ ਸਾਰੇ ਬੰਦੇ ਹੁੰਦੇ ਨਾ ਦੁਨੀਆਂ ਵਿੱਚ ਦੰਗੇ ਹੁੰਦੇ। ਪੁੱਠਾ-ਸਿੱਧਾ ਬਾਣਾਂ ਪਾਕੇ ਨਾ ਆਪਸ ਵਿੱਚ ਵੰਡੇ ਹੁੰਦੇ। ਨੰਗੇ-ਗੰਜੇ ਪਗੜੀਧਾਰੀ ਝੂਠ ਦਾ ਐਨਾ ਫਲੱਡ ਨਾ ਹੁੰਦਾ। ਟੀਵੀ ਉੱਤੇ ਪਖੰਡ ਨਾ ਆਉਂਦੇ। ਤੋਤਾ-ਰਟਣ ਨਾ ਰੋਜ਼ ਚਲਾਉਂਦੇ। ਬੱਚਿਆਂ ਦਾ ਨਾ ਸਾਹ ਕੋਈ ਘੁੱਟਦਾ ਮਨਮਰਜ਼ੀ ਦਾ ਰੌਲਾ ਪਾਉਂਦੇ। ਬੇਬੇ ਦੀ ਬਿਰਤੀ ਨ ਟੁੱਟਦੀ ਬਾਪੂ ਅੱਖਾਂ ਕੱਢ ਨਾ ਹੁੰਦਾ। ਕੱਟੜਪੰਥੀ ਭਾਈ-ਭਾਈ ਦੋਨੋਂ ਪਾਸੇ ਜਹਿਰ ਫੈਲਾਈ। ਗਰੀਬ,ਔਰਤਾਂ,ਬੱਚੇ ਮਰਦੇ ਇਨ੍ਹਾਂ ਨੂੰ ਕਦੇ ਆਂਚ ਨਾ ਆਈ। ਨਫਰਤ ਵਾਲਾ ਹਲਕ ਨਾ ਉਠਦਾ ਕੋਈ ਕਿਸੇ ਨੂੰ ਵੱਢ ਨਾ ਹੁੰਦਾ।

ਦਲਾਲ ਪੂੰਜੀ ਦਾ

ਇਹ ਮਦਾਰੀ ਵੋਟਾਂ ਦਾ ਇਹ ਦਲਾਲ ਹੈ ਪੂੰਜੀ ਦਾ ਤੋੜਕੇ ਲੋਕ-ਏਕਤਾ ਨੂੰ ਰੱਖਦਾ ਖਿਆਲ ਹੈ ਪੂੰਜੀ ਦਾ ਲਾਸ਼ਾਂ ਨਾਲ ਖੇਡਣ ਦੇ ਇਹ ਤਰੀਕੇ ਜਾਣਦਾ ਏ ਕਬਰਾਂ ਵਿੱਚ ਨੱਚਣ ਦੇ ਇਹ ਸਲੀਕੇ ਜਾਣਦਾ ਏ ਪੂੰਜੀ ਆਦਮਖੋਰੀ ਹੈ ਇਹ ਤਾਂ ਬਾਲ ਹੈ ਪੂੰਜੀ ਦਾ ਨਾਗਪੁਰੀ ਜ਼ਹਿਰ ਵਾਲਾ ਇਹ ਤਾਂ ਇੱਕ ਚਾਤਰ ਹੈ ਨਾਟਕ ਕੋਈ ਹੋਰ ਲਿਖੇ ਇਹ ਤਾਂ ਇੱਕ ਪਾਤਰ ਹੈ ਮਛੇਰਾ ਕਿਤੇ ਹੋਰ ਬੈਠਾ ਇਹ ਤਾਂ ਜਾਲ਼ ਹੈ ਪੂੰਜੀ ਦਾ ਇਹਦੀ ਧਿਰ ਹੀ ਵੱਖਰੀ ਹੈ ਤੁਸੀਂ ਕੋਈ ਆਸ ਨ ਕਰਿਓ ਇਹ ਸੱਪ ਹੈ ਬੁੱਕਲ ਦਾ ਐਵੇਂ ਧਰਵਾਸ ਨ ਧਰਿਓ ਕਾੜ੍ਹਾ ਕਿਤੇ ਹੋਰ ਬਣੇ ਇਹ ਤਾਂ ਨਾਲ਼ ਹੈ ਪੂੰਜੀ ਦਾ

ਮੈਂ ਗੋਦੀ ਦਾ ਫੈਨ ਹੋ ਗਿਆ

ਮੈਂ ਗੋਦੀ ਦਾ ਫੈਨ ਹੋ ਗਿਆ ਲੋਕੀਂ ਪਾਗਲ ਕਹਿਣ ਹੋ ਗਿਆ। ਪੰਦਰਾਂ ਲੱਖ ਮੇਰੇ ਖਾਤੇ ਆਇਆ ਸਮਾਰਟ ਸਿਟੀ ਵਿੱਚ ਘਰ ਮੈਂ ਪਾਇਆ। ਆਮਦਨ ਮੇਰੀ ਹੋ ਗਈ ਦੁੱਗਣੀ ਰੋਜਗਾਰ ਮੈਨੂੰ ਪੱਕਾ ਥਿਆਇਆ। ਦਿਲ ਮੇਰੇ ਨੂੰ ਚੈਨ ਹੋ ਗਿਆ। ਵਿਰੋਧੀ-ਪਾਰਟੀ ਹੋ ਗਈ ਖਸਤਾ ਗੈਸ-ਤੇਲ ਵੀ ਹੋ ਗਿਆ ਸਸਤਾ। ਕਰੋਨਾ ਨਾਲ ਖ਼ੂਬ ਕਰੀ ਲੜਾਈ ਦੀਵੇ ਜਗਾਏ ਕਦੇ ਥਾਲੀ ਵਜਾਈ। ਬੰਜਰ ਦਿਲ 'ਤੇ ਰੈਨ ਹੋ ਗਿਆ। ਅੱਤਵਾਦ ਨੂੰ ਜੜ੍ਹੋਂ ਮੁਕ਼ਾਤਾ ਪਕਿਸਤਾਨ ਨਕਸ਼ੇ ਤੋਂ ਮਿਟਾਤਾ। ਜਦੋਂ ਰਫੇਲ੍ਹ 'ਤੇ ਨਿੰਬੂ ਟੰਗਿਆ ਮੁੜਕੇ ਕਦੇ ਚੀਨ ਨਾ ਖੰਘਿਆ। ਟਿਕਟੋਕ ਉਹਦਾ ਬੈਨ ਹੋ ਗਿਆ।

ਵੀਰ ਬੁਲੇਟ ਦੇ ਪਟਾਕੇ

ਵੀਰ ਬੁਲੇਟ ਦੇ ਪਟਾਕੇ ਫਿਰੇ ਪਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਪੀਂਦਾ ਦਾਰੂ, ਖੰਡਾ ਗੱਡੀ 'ਤੇ ਬਣਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਵੀਰ ਮੋਟਰ 'ਤੇ ਮਹਿਫਲਾਂ ਸਜਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਗੈਲਰੀ ਫੋਨ ਦੀ ਨੂੰ ਪਾਸਵਰਡ ਲਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਲੰਡੀ ਜੀਪ ਉੱਤੇ ਪੀਜੀ ਦੇ ਗੇੜੇ ਲਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਵੀਰ ਚਿੱਟਾ ਖਾਕੇ ਜਾਨ ਗਵਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਖੁੱਲੇ ਸਾਹਨ ਵਾਂਗੂੰ ਫਿਰੇ ਖੌਰੂ ਪਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਲੰਘਦੀਆਂ ਕੁੜੀਆਂ ਨੂੰ ਪੁਰਜੇ ਬੁਲਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਵੀਰ ਗਲੀ ਵਿੱਚ ਬੂਫਰ ਵਜਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਐਸਾ ਦੋਗਲਾ ਪੰਜਾਬ ਵਿੱਚ ਜਿਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ।

ਗੀਤ-ਵੇ ਮੈਂ ਗਿਰਗਿਟ ਵਰਗੀ

ਟੈਕਸ ਲਾਕੇ ਖੂਨ ਨਿਚੋੜਾਂ, ਨਾਂ ਮੇਰਾ ਸਰਕਾਰ। 'ਪਾੜੋ ਤੇ ਰਾਜ ਕਰੋ' ਦਾ, ਕੋਲ ਮੇਰੇ ਹਥਿਆਰ। ਦੁਸ਼ਮਣ ਮੇਰੇ ਕਿਰਤੀ-ਕਾਮੇ, ਲੋਟੂ ਮੇਰੇ ਯਾਰ। ਸੱਚ ਦੀ ਮੈਂ ਸੰਘੀ ਘੁੱਟਾਂ, ਝੂਠ ਨੂੰ ਕਰਾਂ ਪਿਆਰ। ਹਾਥੀ ਵਾਂਗੂੰ ਮੇਰੇ ਕੋਲੇ ਦੋ ਤਰਾਂ ਦੇ ਦੰਦ। ਵੇ ਮੈਂ ਗਿਰਗਿਟ ਵਰਗੀ ਨਵੇਂ ਨਵੇਂ ਮੇਰੇ ਰੰਗ। ਸੋਨੇ ਵਰਗੇ ਪੁੱਤ ਮਾਂਵਾਂ ਦੇ, ਮੈਂ ਹੱਦਾਂ ‘ਤੇ ਝੋਕਾਂ। ਮੇਰੇ ਸਿਰ ਤੇ ਲੈਣ ਨਜਾਰੇ, ਖੂਨ ਪੀਣੀਆਂ ਜੋਕਾਂ। ਦੰਗੇ ਮੇਰਾ ਸ਼ੁਗਲ ਪੁਰਾਣਾ, ਕ੍ਰਾਂਤੀ ਹੋਣ ਤੋਂ ਰੋਕਾਂ। ਥੋਡੇ ਕੋਲੋਂ ਲਵਾਂ ਸਹਿਮਤੀ, ਪੰਜ ਸਾਲਾਂ ਤੋਂ ਵੋਟਾਂ। ਜਿਹੜੇ ਮੈਨੂੰ ਉਂਗਲ ਕਰਦੇ, ਸੂਲੀ ਦੇਵਾਂ ਟੰਗ। ਪੂੰਜੀ ਦੀ ਮੈਂ ਕਰਾਂ ਦਲਾਲੀ, ਲੈਂਦੀ ਫਿਰਾਂ ਨਜ਼ਾਰੇ। ਧਰਮ-ਬਾਬੇ-ਮੀਡੀਆ ਸਭ, ਮੇਰੇ ਯਾਰ ਪਿਆਰੇ। ਥੰਮ ਜੋ ਮੇਰੀ ਰਾਖੀ ਕਰਦੇ, ਲੋਕਰਾਜ ਦੇ ਚਾਰੇ। ਲੋਕਾਂ ਦੇ ਜੋ ਸੱਚੇ ਦਰਦੀ, ਮੈਂ ਜੇਲ੍ਹਾਂ ਵਿੱਚ ਤਾੜੇ। ਮਾਲਦਾਰ ਮਲਾਈ ਖਾਂਦੇ, ਲੋਕ ਟਪਾਉਂਦੇ ਡੰਗ।

ਗੀਤ-ਗਰਮ ਹਵਾਵਾਂ

ਖੂਨ ਪੀਣੀਆਂ ਨਸਲਾਂ ਦੇ ਵਿੱਚ ਸਾਹਵਾਂ ਚੱਲੀਆਂ ਨੇ। ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ। ਗਲੀਆਂ ਹੋਗੀਆਂ ਸੁੰਨੀਆਂ ਰੌਣਕ ਹੋਗੀ ਕਬਰਾਂ 'ਚ। ਲਾਸ਼ਾਂ 'ਤੇ ਸਾਜ਼ ਵਜਾਉਂਦਾ ਨੀਰੋ ਦਿਸਦਾ ਖ਼ਬਰਾਂ 'ਚ। ਕਾਂਵਾਂ ਨੇ ਬਸ ਲੋਥੜਿਆਂ ‘ਤੇ ਦਾਵਾਂ ਚੱਲੀਆਂ ਨੇ। ਅੱਗਾਂ ਸੇਕਣ ਵਾਲਿਆਂ ਦੇ ਹੱਥਾਂ ਵਿੱਚ ਆਰੀ ਐ। ਛਾਂਵਾਂ ਵੰਡ ਦੇ ਰੁੱਖਾਂ ਨੂੰ ਵੱਢਣ ਦੀ ਤਿਆਰੀ ਐ। ਚਿੜੀਆਂ ਬਾਜਾਂ ਕੋਲੇ ਕਰਨ ਦੁਆਵਾਂ ਚੱਲੀਆਂ ਨੇ। ਦੇਖ ਢਲਦੀਆਂ ਸ਼ਾਮਾਂ ਉੱਲੂ ਜਸ਼ਨ ਮਨਾਉਂਦੇ ਨੇ। ਬੀਂਡੇ ਵੀ ਖੁਸ਼ ਹੁੰਦੇ ਮਾਰੂ ਰਾਗ ਸੁਣਾਉਂਦੇ ਨੇ। ਗਿਰਝਾਂ ਨੇ ਜਾ ਮੜ੍ਹੀਆਂ ਦੇ ਵਿੱਚ ਥਾਂਵਾਂ ਮੱਲੀਆਂ ਨੇ। ਚੋਗਾ ਮੰਗਦੇ ਬੋਟਾਂ 'ਤੇ ਇਹ ਕਹਿਰ ਕਮਾਉਂਦੇ ਨੇ। ਦੁਖ ਵੰਡਾਉਂਦੀਆਂ ਕਲਮਾਂ ਨੂੰ ਇਹ ਮਾਰ ਮੁਕਾਉਂਦੇ ਨੇ। ਮਹਿਕਾਂ ਵੰਡਦੇ ਫੁੱਲਾਂ ਉੱਤੇ ਬਲਾਵਾਂ ਚੱਲੀਆਂ ਨੇ। ਜਦ ਰੁੱਖ ਤੇ ਪੰਛੀ ‘ਕੱਠੇ ਹੋਕੇ ਗੱਲ ਵਿਚਾਰਦੇ ਨੇ। ਦਫ਼ਨ ਮਿੱਟੀ ਵਿੱਚ ਹੁੰਦੇ ਜਿਹੜੇ ਅੱਗਾਂ ਬਾਲਦੇ ਨੇ। ਕੁਲਦੀਪ ਹੌਂਸਲਾ ਰੱਖ ਤੂੰ ਕਾਤੋਂ ਹਾਵਾਂ ਚੱਲੀਆ ਨੇ।

ਗੀਤ-ਦੇਸ਼ ਦੇ ਸੱਤਾ ਧਾਰੀਓ

ਮੇਰੇ ਦੇਸ਼ ਦੇ ਸੱਤਾਧਾਰੀਓ ਉਹ ਕੁਰਸੀ ਦੇ ਪੁਜਾਰੀਓ ਮਨੁੱਖਤਾ ਦੇ ਸ਼ਿਕਾਰੀਓ ਥੋੜਾ ਜਿਹਾ ਕਰਜ਼ ਉਤਾਰ ਦਿਓ ਕੋਈ 'ਹਾਅ ਦਾ ਨਾਅਰਾ' ਮਾਰ ਦਿਓ ਕੋਈ ਟੁੱਟਿਆ ਦਿਲ ਧਰਵਾਸ ਦਿਓ ਕਿਸੇ ਰੋਂਦੀ ਅੱਖ ਨੂੰ ਆਸ ਦਿਓ ਕੁੱਝ ਚੰਗੇ ਬਚਨ ਬਿਲਾਸ ਦਿਓ ਸਾਡਾ ਤੱਪਦਾ ਸੀਨਾ ਠਾਰ ਦਿਓ ਕੋਈ...... ਇਹ ਜੋ ਥੋਡੇ ਹੱਥ ਵਿੱਚ ਡੋਰੀਆਂ ਨੇ ਤੁਸੀਂ ਕੀਤੀਆਂ ਸੀਨਾ-ਜੋਰੀਆਂ ਨੇ ਉਂਝ ਸਾਡੀਆਂ ਹੀ ਕਮਜ਼ੋਰੀਆਂ ਨੇ ਕਦੇ ਲੁੱਟ ਦਾ ਖਿਆਲ ਵਿਸਾਰ ਦਿਓ ਕੋਈ ...........

ਗੀਤ-ਜਾਗਣ ਦੀ ਰੁੱਤ

ਖੇਤਾਂ ਵਿੱਚ ਕਿਸਾਨ ਨੇ ਮਰਦੇ ਹੱਦਾਂ ਉੱਤੇ ਸਿਪਾਈ। ਕਿਰਤੀ ਸੜਕਾਂ ਉੱਤੇ ਆ ਗਏ ਸੱਤਾ ਵਿੱਚ ਕਸਾਈ। ਜਾਗਣ ਦੀ ਰੁੱਤ ਆਈ ਵੇ ਲੋਕੋ! ਜਾਗਣ ਦੀ ਰੁੱਤ ਆਈ। ਚਰਾਗ ਘਰਾਂ ਚੋਂ ਬੁੱਝਦੇ ਜਾਂਦੇ ਕਬਰਾਂ ਵਿੱਚ ਰੁਸ਼ਨਾਈ। ਗਲੀਏ-ਗਲੀਏ ਮਾਤਮ ਹੋਇਆ ਨੀਰੋ ਹੱਥ ਸ਼ਹਿਨਾਈ। ਜਾਗਣ........ ਜੇਲ੍ਹਾਂ ਦੇ ਮੂੰਹ ਖੁਲ੍ਹੇ ਹੋ ਗਏ ਬੰਦ ਹੋਈ ਸੁਣਵਾਈ। ਰੋਜੀ-ਰੋਟੀ ਔਖੀ ਜੁੜਦੀ ਰੁਲਦੀ ਫਿਰੇ ਲੁਕਾਈ। ਜਾਗਣ ......... ਕਿਰਤੀ-ਕਾਮੇ ਭੁੱਖੇ ਸੌਂਦੇ ਲੋਟੂਆਂ ਲੁੱਟ ਮਚਾਈ। ਹੱਥ ਜਿੰਨ੍ਹਾਂ ਦੇ ਭੌਰੀਆਂ ਵਾਲੇ 'ਕੱਠੇ ਹੋ ਜਾਉ ਭਾਈ। ਜਾਗਣ .......

ਗੀਤ- ਸਾਹ ਹੋਣਗੇ ਬਜਾਰ ਦੇ

ਸਾਹ ਹੋਣਗੇ ਬਜਾਰ ਦੇ ਹਵਾਲੇ ਦੋਸਤੋ ਆਉਣ ਵਾਲੇ ਦਿਨ ਬੜੇ ਕਾਲੇ ਦੋਸਤੋ ਇੱਕ ਪਾਸੇ ਪੂੰਜੀ ਦੇ ਅੰਬਾਰ ਹੋਣਗੇ ਦੂਜੇ ਪਾਸੇ ਲੋਕੀਂ ਬੇ-ਕਾਰ ਹੋਣਗੇ ਉਹਨਾਂ ਕੋਲ ਚਾਬੀ ਸਾਡੇ ਤਾਲੇ ਦੋਸਤੋ ਵੱਡੀ ਪੂੰਜੀ ਹੁੰਦੀ ਹੈ ਬੜੀ ਕਰੂਰ ਜੀ ਲੁੱਟ ਕੇ ਵੀ ਕੱਢਦੀ ਸਾਡਾ ਕਸੂਰ ਜੀ ਫਸ ਜਾਂਦੇ ਲੋਕ ਭੋਲੇ-ਭਾਲੇ ਦੋਸਤੋ ਮਾਲ ਹੋਊ ਬੜਾ ਕੋਈ ਖਰੀਦ ਹੋਣਾ ਨੀ ਦੂਰੋਂ ਦੇਖ ਲਾਂਗੇ ਜਾ ਕਰੀਬ ਹੋਣਾ ਨੀ ਮਹਿਲਾਂ ਨਾਲ ਖਹਿਣਗੇ ਮੁਨਾਰੇ ਦੋਸਤੋ।

ਸਾਡੇ ਦੇਸ਼ ਦੀ ਸਚਾਈ

ਕਾਮਿਆਂ ਨੇ ਚਮੜੀ ਲੁਹਾਈ ਮਿੱਤਰਾ ਲੋਟੂਆਂ ਨੇ ਖਾ ਲਈ ਮਲਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਮਾੜੇ ਬੰਦੇ ਦੀ ਨਾ ਹੁੰਦੀ ਸੁਣਵਾਈ ਮਿੱਤਰਾ ਜਿੱਦ ਤਕੜੇ ਨੇ ਹਰ ਥਾਂ ਪੁਗਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਜਿਹੜੇ ਕਰਦੇ ਨੇ ਸਾਡੀ ਅਗਵਾਈ ਮਿੱਤਰਾ ਅੱਗ ਘਰ-ਘਰ ਵਿੱਚ ਉਨ੍ਹਾਂ ਲਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਜੀਹਨੇ ਹਵਾ ਵਿੱਚ ਝੂਠ ਟਿਕਾਈ ਮਿੱਤਰਾ ਉਸ ਧਰਮ ਵਿੱਚ ਪੂਰੀ ਹੈ ਕਮਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਸੱਤਾ, ਪੂੰਜੀ ਨੇ ਜੇਭ ਵਿੱਚ ਪਾਈ ਮਿੱਤਰਾ ਮੁਨਾਫੇ ਨੇ ਬਣਾਤੇ ਕਈ ਕਸਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਜਦੋਂ ਸੜਕਾਂ 'ਤੇ ਆਊਗੀ ਲੁਕਾਈ ਮਿੱਤਰਾ ਬੱਸ ਉਸੇ ਦਿਨ ਹੋਵੇਗੀ ਸਫਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ

ਗੀਤ-ਰਾਜ ਦਿੱਲੀ ਦਾ

ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਦੁੱਖ ਘੁੱਗੀਆਂ-ਤੋਤੇ ਜਰਦੇ ਨੇ ਨਿੱਤ ਤਿੱਤਰ-ਬਟੇਰੇ ਮਰਦੇ ਨੇ ਹੱਕ ਚਿੜੀਆਂ ਨੂੰ ਵੀ ਪੂਰੇ ਨੇ ਇੱਥੇ ਬਾਜ ਰਾਖੀਆਂ ਕਰਦੇ ਨੇ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਇੱਥੇ ਉੱਲੂ ਰਾਜ ਚਲਾਉਂਦੇ ਨੇ ਫਿਰ ਬੀਂਡੇ ਜਸ਼ਨ ਮਨਾਉਂਦੇ ਨੇ ਬਿਜੜਿਆਂ ਦੇ ਆਲ੍ਹਣਿਆਂ ਨੂੰ ਨਿੱਤ ਹੀ ਬਾਂਦਰ ਢਹਾਉਂਦੇ ਨੇ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਗਿੱਦੜ ਨੇ ਪਾ ਲਈ ਮਾਲਾ ਏ ਮੱਕੜੀ ਦਾ ਬੁਣਿਆ ਜਾਲਾ ਏ ਇੱਥੇ ਬਗਲੇ ਸੰਗਤਾਂ ਲਾਉਂਦੇ ਨੇ ਸੱਪ, ਡੱਡੂਆਂ ਦਾ ਰਖਵਾਲਾ ਏ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਕੋਇਲਾਂ ਨੂੰ ਪਿੰਜਰੇ ਪਾਇਆ ਏ ਕਨਫੋੜਿਆਂ ਸ਼ੋਰ ਮਚਾਇਆ ਏ ਮਗਰਮੱਛ ਹੰਝੂ ਵਹਾਉਂਦੇ ਨੇ ਗਿਰਗਿਟ ਨੇ ਰੰਗ ਵਟਾਇਆ ਏ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ

ਗੀਤ-ਦੇਸ਼ ਨੂੰ ਪੈ ਗਏ ਚੋਰ

ਝੂਠਾਂ ਦੇ ਇੱਥੇ ਪੱਕਣ ਪਕੌੜੇ ਜੁਮਲਿਆਂ ਦੀ ਤਰਕਾਰੀ। ਅੱਛੇ ਦਿਨਾਂ ਨੇ ਕੰਮ ਖੋਹ ਲਏ ਵੱਧ ਗਈ ਬੇਰੁਜਗਾਰੀ। ਬੰਦਾ ਇੱਥੇ ਹੌਲਾ ਹੋ ਗਿਆ,ਧਰਮ ਹੋ ਗਿਆ ਭਾਰੀ। ਮੁਲਕ ਤਰੱਕੀ ਦੇ ਰਾਹ ਤੁਰਿਆ,ਚੈਨਲ ਹੋਏ ਦਰਬਾਰੀ। ਕਿਰਤੀ-ਕਾਮੇ ਲੋਕੀਂ ਦਿੱਤੇ ਨਿੰਬੂ ਵਾਂਗ ਨਿਚੋੜ ਓਇ। ਮੇਰੇ ਦੇਸ਼ ਨੂੰ ਪੈ ਗਏ ,ਦੇਸ਼ ਨੂੰ ਪੈ ਗਏ ਚੋਰ ਓਇ। ਧਰਤੀ ਮਾਂ ਦੇ ਟੁਕੜੇ ਕਰਕੇ,ਟੁੱਕੜ-ਬਾਜਾਂ ਕਾਵਾਂ। ਭਾਰਤ ਮਾਤਾ ਪਾਕ ਮਾਤਾ,ਕਈ ਬਣਾਤੀਆਂ ਮਾਵਾਂ। ਰੋਟੀ ਦੇ ਲਈ ਹੱਦਾਂ ਉੱਤੇ ਜਾਂਦੇ ਜਾਨ ਗਵਾਈ। ਦੋਨੇਂ ਪਾਸੇ ਗਰੀਬ ਨੇ ਮਰਦੇ ਕਾਹਦੀ ਏਹੇ ਲੜਾਈ। ਲਾਸ਼ਾਂ ਉੱਤੇ ਰਾਜ ਪਏ ਕਰਦੇ ਦਿੱਲੀ ਅਤੇ ਲਹੌਰ ਓਇ। ਪੁੱਠਾ-ਸਿੱਧਾ ਬਾਣਾ ਪਾਕੇ,ਧਰਮ ਦੀ ਹੱਟੀ ਪਾਈ। ਲੋਕ-ਚੇਤਨਾ ਕੁੰਢੀ ਕਰਕੇ, ਕੀਤੀ ਬੜੀ ਕਮਾਈ। ਐਤਵਾਰ ਨੂੰ ਸੇਵਾ ਹੁੰਦੀ, ਭੱਜੀ ਫਿਰੇ ਲੋਕਾਈ। ਏਸੀ ਗੁਫਾ ਦੀਆਂ ਖਬਰਾਂ ਆਈਆਂ,ਹੁੰਦੀ ਰਾਸ ਰਚਾਈ। ਭੋਲੀ ਸੰਗਤ ਭੁੱਖੀ ਸੌਂਦੀ,ਰੱਬ ਦੀ ਸ਼ਾਹੀ ਟੌਹਰ ਓਇ। ਪੰਜ ਸਾਲਾਂ ਤੋਂ ਉੱਨ ਲਹੁਣ ਦੀ,ਬਦਲ ਜਾਂਦੀ ਐ ਵਾਰੀ। ਸਿਆਸਤ ਦੇ ਵਿੱਚ ਗੁੰਡਾ-ਗਰਦੀ,ਹੋਵੇ ਕਾਲਾ-ਬਜਾਰੀ। ਬੋਲੀ ਉੱਤੇ ਵਿੱਕਣ ਲੱਗੀਆਂ ਥਾਪੇ-ਬਾਲ ਦੀਆਂ ਟੀਮਾਂ। ਛੋਟੇ ਪਊਚ ਦੇ ਵੱਡੇ ਫਾਇਦੇ ਕੰਪਨੀ ਦੀਆਂ ਸਕੀਮਾਂ। ਕਾਲਾ ਪਾਣੀ ਪੀਂਦੇ ਲੋਕੀਂ,ਦਿਲ ਮਾਂਗੇ ਮੋਰ ਓਇ।

ਗੀਤ-ਸਾਈਕਲ ਦੀ ਕਾਠੀ

ਸਾਈਕਲ ਦੀ ਕਾਠੀ ਤਾਂ ਗਰੀਬਾਂ ਲਈ ਜਹਾਜ਼ ਹੈ। ਹੱਥ ਪਾ ਲੈ ਘੁੱਟ ਕੇ ਚੋਰਾਂ ਦਾ ਬਿੱਲੋ ਰਾਜ ਹੈ। ਅਸੀਂ ਮਰ ਜਾਈਏ ਤਾਂ ਖ਼ਬਰ ਵੀ ਨਾ ਬਣਦੀ। ਸਾਡੀ ਕਦੋਂ ਸੁਣਦਾ ਜੋ ਸੁਣਾਉਂਦਾ ਫਿਰੇ ਮਨ ਦੀ। ਲੋਕ ਹੁਣ ਚਿੜੀਆਂ ਇਹਨਾਂ ਦੇ ਕੋਲ ਬਾਜ ਹੈ। ਹੱਥ........ ਜੀਹਦਾ ਲੱਗੇ ਦਾਅ ਇੱਥੇ ਉਹੀ ਜਾਂਦਾ ਲੁੱਟੀ ਨੀਂ। ਹੋ ਜਾਈਏ ਬਿਮਾਰ ਔਖੀ ਮਿਲਦੀ ਹੈ ਛੁੱਟੀ ਨੀਂ। ਨਕਲੀ ਦਵਾਈਆਂ ਬੜਾ ਮਹਿੰਗਾ ਇਲਾਜ਼ ਹੈ। ਹੱਥ ...... ਧਰਮਾਂ ਦੇ ਨਾਮ 'ਤੇ ਜੋ ਲੋਕਾਂ ਨੂੰ ਲੜਾਉਂਦੇ ਨੀਂ। ਰੋਟੀ ਰੁਜਗਾਰ ਦੀ ਇਹ ਬਾਤ ਵੀ ਨਾ ਪਉਂਦੇ ਨੀਂ। ਮੀਡੀਆ ਦਲਾਲ ਸਾਡਾ ਬੜਾ ਚਾਲਬਾਜ ਹੈ। ਹੱਥ....... ਕਿਹੜੀ ਗੱਲੋਂ ਲੱਗ ਪਈ ਰੱਬ-ਰੱਬ ਕਹਿਣ ਨੀਂ। ਕੀੜੀਆਂ ਦੀ ਦੱਸ ਕਦੋਂ ਸੁਣਦਾ ਨਰਾਇਣ ਨੀਂ। ਝੂਠ ਦਾ ਪੁਲੰਦਾ ਸਾਰਾ ਨਾਮ ਦਾ ਜਹਾਜ ਹੈ। ਹੱਥ.....

ਦਿਨ ਆ ਗਏ ਚੰਗੇ

ਦੇਖੋ ਬਈ ਦਿਨ ਆ ਗਏ ਚੰਗੇ। ਦੇਸ਼ ਮੇਰੇ ਵਿੱਚ ਹੋ ਗਏ ਦੰਗੇ । ਜਿੱਧਰ ਦੇਖੋ ਅੱਗਾਂ ਲੱਗੀਆਂ । ਹਵਾਵਾਂ ਖੂਨ-ਪੀਣੀਆਂ ਵਗੀਆਂ। ਭਾਈ ਤੇ ਭਾਈ-ਜਾਨ 'ਚ ਦੰਗੇ। ਬਗਲੇ-ਭਗਤ ਕਈ ਹੋਗੇ ਨੰਗੇ। ਕਈ ਮਰਗੇ ਕਈ ਜਾ ਗੁਆਚੇ। ਕੋਈ ਬੱਚੇ ਲੱਭਦਾ ਤੇ ਕੋਈ ਮਾਪੇ। ਅੱਗਾਂ ਲਾਉਣ ਵਾਲੇ ਤਾਂ ਤਰਗੇ। ਕਿਰਤੀ-ਕਾਮੇ ਫਿਰ ਤੋਂ ਮਰਗੇ। ਦਾਗਦਾਰ ਹੋ ਗਈ ਹੈ ਖਾਕੀ । ਨਿਆਂ-ਪ੍ਰਣਾਲੀ ਰਹੀ ਨਾ ਬਾਕੀ। ਸਦੀਆਂ ਦਾ ਇਹ ਛੱਡੋ ਭੁਲੇਖਾ। ਧਰਮ ਦੇ ਹੁੰਦੇ, ਨਾ ਹੋਣਾ ਏਕਾ।

ਦੇਸ਼ ਮੇਰੇ ਦਾ ਪਾਣੀ

ਦੇਸ਼ ਮੇਰੇ ਦਾ ਪਾਣੀ ਹੁਣ ਜਹਿਰੀਲਾ ਹੈ। ਨਾ ਰੋਟੀ ਰੁਜਗਾਰ ਨਾ ਕੋਈ ਵਸੀਲਾ ਹੈ। ਕਾਂ ਦੀਆਂ ਨਜਰਾਂ ਕਈ ਦਿਨਾਂ ਤੋਂ ਵੇਖਦੀਆਂ ਘੁੱਗੀ ਜੋੜੀ ਜਾਂਦੀ ਤੀਲਾ ਤੀਲਾ ਹੈ‍‍। ਪੈਰਾਂ ਦੇ ਵਿਚ ਛਾਲੇ ਹੋ ਗਏ ਕਈਆਂ ਦੇ ਰਾਹ ਇਨਸਾਫ਼ ਦਾ ਹੋਇਆ ਪਿਆ ਕੰਡੀਲਾ ਹੈ ਲੁੱਟਣ ਵਾਲਿਆਂ ਲੁੱਟਕੇ ਮਹਿਲ ਉਸਾਰ ਲਏ ਕਾਮਿਆਂ ਦਾ ਤਾਂ ਖਾਲੀ ਹੋਇਆ ਪਤੀਲਾ ਹੈ। ਜੋਰਾਵਰਾਂ ਦੇ ਹੱਥ ‘ਚ ਆਕੇ ਮੁੜ ਜਾਂਦਾ ਧੋਣ ਕੋਲੋਂ ਸੰਵਿਧਾਨ ਜਰਾ ਲਚਕੀਲਾ ਹੈ। ਹੱਕ ਲਈ ਲੜਦੇ ਲੋਕਾਂ ਦੇ ਸੱਥਰ ਵਿੱਛ ਜਾਂਦੇ ਲੋਟੂਆਂ ਦਾ ਤਾਂ ਜੀਵਨ ਰੰਗ-ਰੰਗੀਲਾ ਹੈ। ਉਹ ਵੀ ਰੱਬ ਦੇ ਘਰ ਲਈ ਚੰਦਾ ਮੰਗਦੇ ਨੇ ਜਿਹੜੇ ਕਹਿੰਦੇ ਦੁਨੀਆਂ ਰੱਬ ਦੀ ਲੀਲਾ ਹੈ। ਕਿਰਤੀ ਧਰਮਾਂ-ਭਰਮਾਂ ਵਿਚ ਨੇ ਵੰਡ ਦਿੱਤੇ ਲੁੱਟਣ ਵਾਲਿਆਂ ਦਾ ਤਾਂ ਇਕ ਕਬੀਲਾ ਹੈ। ‘ਕੱਲੇ-‘ਕੱਲੇ ਲੜਦੇ ਆਪਾਂ ਮਰਜਾਂਗੇ ‘ਕੱਠੇ ਹੋਕੇ ਕਰਨਾ ਪੈਣਾ ਹੀਲਾ ਹੈ। ਬਸੰਤੀ ਰੰਗ ਦਾ ਝੰਡਾ ਜੇਕਰ ਝੁੱਲਿਆ ਨਾ ਭਗਵੇ ਰੰਗ ਨੇ ਹੋ ਜਾਣਾ ਭੜਕੀਲਾ ਹੈ।

ਅਲਵਿਦਾ

ਅਲਵਿਦਾ ਦੋਸਤੋ! ਜੰਗ ਜਾਰੀ ਰਹੇਗੀ। ਥੋਡੇ ਖ਼ਾਬਾਂ ਵਾਲੀ ਫੈਲਦੀ, ਕਿਆਰੀ ਰਹੇਗੀ। ਤੁਸੀਂ ਛੱਡ ਗਏ ਜਿੱਥੇ, ਉਥੋਂ ਅੱਗੇ ਚਲਾਂਗੇ ਘੋੜਾ ਰੁਕਣਾ ਨਹੀਂ, ਕੋਈ ਅਸਵਾਰੀ ਰਹੇਗੀ। ਹਨੇਰਿਆਂ ਦੀ ਮੌਣ ਉੱਤੇ ਚਿਰਾਗ ਧਰਾਂਗੇ ਗੀਤ ਬੰਦ ਨਹੀਂਓ ਹੋਣੇ, ਫਨਕਾਰੀ ਰਹੇਗੀ। ਲੋਕ ਲੜਦੇ ਹੀ ਆਏ, ਲੋਕ ਲੜਦੇ ਹੀ ਰਹਿਣੇ ਜਬਰ ਜਿੰਨੀ ਦੇਰ ਰਹੂ,ਸਾਡੀ ਤਿਆਰੀ ਰਹੇਗੀ।

ਕਬਿੱਤ

ਕਰੋਨਾ ਵੇਲੇ ਜੋਸ਼ ਚੰਗਾ, ਹਿੰਮਤ ਤੇ ਹੋਸ਼ ਚੰਗਾ, ਘਰ 'ਚ ਸੰਤੋਸ਼ ਚੰਗਾ, ਜਿੱਤਾਂਗੇ ਜਰੂਰ ਬਈ। ਮੂੰਹ ਤੇ ਰੁਮਾਲ ਚੰਗਾ, ਰੱਖਿਆ ਖਿਆਲ ਚੰਗਾ, ਸਾਸਰੀਆ 'ਕਾਲ ਚੰਗਾ, ਦੋ-ਗਜ ਦੂਰ ਬਈ। ਮਿੱਤਰਾਂ ਨੂੰ ਚੇਅਰ ਕਰੋ, ਝੂਠ ਨਾ ਸ਼ੇਅਰ ਕਰੋ, ਆਪਣਾ ਕੇਅਰ ਕਰੋ, ਸੁਣ ਲਓ ਹਜੂਰ ਬਈ। ਕਰੋਨਾ ਮਹਾਮਾਰੀ ਹੈ, ਚੰਦਰੀ ਬਿਮਾਰੀ ਹੈ, ਨਾ ਪੁੱਛ ਸਰਕਾਰੀ ਹੈ, ਕਰੋ ਨ ਫਤੂਰ ਬਈ। ਲੋਟੂਆਂ 'ਚ ਜੁੱਟ ਮਾੜੀ, ਦਵਾ ਵਿੱਚ ਲੁੱਟ ਮਾੜੀ, ਗਰੀਬਾਂ ਦੀ ਕੁੱਟ ਮਾੜੀ,ਮਾੜਾ ਏ ਗਰੂਰ ਬਈ। ਮੀਡੀਆ ਡਰਾਵੇ ਜਦੋਂ, ਝੂਠ ਹੀ ਦਿਖਾਵੇ ਜਦੋਂ, ਸੱਚ ਨੂੰ ਛੁਪਾਵੇ ਜਦੋਂ, ਭੈੜਾ ਇਹ ਕਸੂਰ ਬਈ। ਲਾਸ਼ਾਂ ਤੇ ਵੋਟ ਮੰਗੇ, ਆਪਦਾ 'ਚ ਨੋਟ ਮੰਗੇ, ਭੁੱਖਿਆ ਤੋਂ ਰੋਟ ਮੰਗੇ, ਹਕੂਮਤ ਕਰੂਰ ਬਈ। ਗੋਦੀ ਹੋਇਆ ਫੇਲ ਜੀ, ਜਹਾਜ ਰਫੇਲ੍ਹ ਜੀ, ਮੂਰਤੀ ਪਟੇਲ ਦੀ,ਨਾ ਸਾਨੂੰ ਮਨਜੂਰ ਬਈ।

ਬੇਅਦਬੀ

ਨਿੱਤ ਜਹਾਜ ਚੜਦੀ ਜਵਾਨੀ ਵੀਜ਼ੇ ਲਈ ਤਰਲੇ ਲੈਂਦੇ ਮੁੰਡੇ-ਕੁੜੀਆਂ ਪੁਲਿਸ ਦੇ ਡੰਡੇ ਖਾਂਦੀ ਬੇਰੁਜ਼ਗਾਰੀ ਭੂਸਰੇ ਸਰਪੰਚ ਤੋਂ ਥੱਪੜ ਖਾਂਦੀਆਂ ਅਧਿਆਪਕਾਵਾਂ ਸਾਡੀ ਬੇਅਦਬੀ ਹੀ ਤਾਂ ਕਰਦੀਆਂ ਹਨ ਘਰੋਂ ਨਿਕਲਣ ਤੋਂ ਡਰਦੀਆਂ ਕੁੜੀਆਂ ਨਸ਼ਾ ਵੇਚ ਕੇ ਮੰਤਰੀ ਬਣਿਆ ਪਿੰਡ ਦਾ ਦੱਲਾ ਰੱਬ ਦੀ ਦੁਕਾਨ ਖੋਲ੍ਹੀ ਬੈਠਾ ਬਲਾਤਕਾਰੀ ਸਾਧ ਬੰਦ ਹੁੰਦੇ ਸਕੂਲ, ਖੁੱਲ੍ਹਦੇ ਠੇਕੇ ਟੁੱਟੇ ਛਿੱਤਰ ਵਾਂਗ ਵਧਦੀਆਂ ਕੀਮਤਾਂ ਚਿੱਟੇ ਨਾਲ ਮਰੇ ਪੁੱਤ ਨੂੰ ਮੋਢਾ ਦਿੰਦਾ ਬੁਢਾਪਾ ਸਾਡੀ ਬੇਅਦਬੀ ਹੀ ਤਾਂ ਕਰਦੇ ਹਨ ਜਵਾਨੀ ਨੂੰ ਕੁਰਾਹੇ ਪਾਉਂਦੀ ਕਲਾਕਾਰੀ ਅਸ਼ਲੀਲਤਾ ਪਰੋਸਦਾ ਮੀਡੀਆ ਵਿਸ਼ਵ ਭੁੱਖਮਰੀ ਵਿੱਚ ਡਿਗਦਾ ਪੱਧਰ ਵੱਧ ਰਹੀ ਵੇਸਵਾਗਮਨੀ ਲੁੱਟੇ ਜਾ ਰਹੇ ਕਿਰਤੀ ਸਾਡੀ ਬੇਅਦਬੀ ਹੀ ਤਾਂ ਕਰਦੇ ਹਨ ਜੇ ਬੇਅਦਬੀਆਂ ਦੇ ਅਰਥ ਨ ਸਮਝੇ ਜੇ ਅਸੀਂ ਬੇ-ਅਦਬ ਹੀ ਰਹੇ ਤਾਂ ਕਾਰਪੋਰੇਟ ਘਰਾਣਿਆਂ ਸਾਡੀ ਛਾਤੀ 'ਤੇ ਮੂੰਗ ਦਲਕੇ ਸਾਨੂੰ ਬੇਅਦਬੀਆਂ ਦੀ ਦਲਦਲ ਵਿੱਚ ਸੁੱਟ ਦੇਣਾਂ ਹੈ

15 ਅਗਸਤ

ਵੱਡੀ ਪੂੰਜੀ ਛੋਟੀ ਪੂੰਜੀ ਨੂੰ ਲੁੱਟਣ ਵਿੱਚ ਮਸਤ ਹੈ ਧਰਮ ਨੇ ਧਰਮ-ਨਿਰਪੱਖਤਾ ਨੂੰ ਦਿੱਤੀ ਸ਼ਿਕਸਤ ਹੈ ਗਰੀਬੀ ਬੇਰੁਜ਼ਗਾਰੀ ਮਹਿੰਗਾਈ ਤੋਂ ਦੇਸ਼ ਪਸਤ ਹੈ ਅਮੀਰਾਂ ਦਾ 'ਅਜਾਦੀ-ਦਿਹਾੜਾ' ਗਰੀਬਾਂ ਦਾ '15 ਅਗਸਤ' ਹੈ

ਪੁੱਤ ਦੀਪਿਆ!

ਪੁੱਤ ਦੀਪਿਆ !ਇਹ ਐਨਾ ਰੌਲਾ ਕਿਉਂ ਪਾਇਆ ਜਾ ਰਿਹੈ ਟੀਵੀ 'ਤੇ ਸੜਕਾਂ 'ਤੇ ਜਿੱਥੇ ਦੇਖੋ ਤਿੰਨ-ਰੰਗਾ ਝੰਡਾ ਕਿਉਂ ਲਹਰਾਇਆ ਜਾ ਰਿਹੈ ਲੈ ਦੱਸ ਬਾਪੂ ! ਤੈਨੂੰ ਨਹੀਂ ਪਤਾ ਇਹ ਤਾਂ ਆਜ਼ਾਦੀ-ਦਿਹਾੜਾ ਮਨਾਇਆ ਜਾ ਰਿਹੈ ਅੱਜ ਦੇਸ਼ ਆਜ਼ਾਦ ਹੋਇਆ ਸੀ ਇਸੇ ਲਈ ਗਿੱਧਾ-ਭੰਗੜਾ ਪਾਇਆ ਜਾ ਰਿਹੈ ਪੁੱਤ ਦੀਪਿਆ ! ਅੱਜ ਦੇ ਦਿਨ ਔਰਤਾਂ ਦੀਆਂ ਛਾਤੀਆਂ ਤੇ ਬੰਦਿਆਂ ਸਿਰ ਲਹਿ ਗਏ ਸੀ ਪੁੱਤ ਦਸ ਲੱਖ ਮਰ ਗਏ ਸੀ ਬਾਕੀ ਲਾਸ਼ਾਂ ਰਹਿ ਗਏ ਸੀ ਹਾਂ ਬਾਪੂ ਹਾਂ ! ਜਿਹਨੂੰ ਦਾਦਾ ਜੀ 'ਰੌਲਾ' ਸੀ ਕਹਿੰਦੇ ਅਸੀਂ ਅੱਜਕੱਲ ਉਸੇ ਨੂੰ ਆਜ਼ਾਦੀ ਹਾਂ ਕਹਿੰਦੇ ਪੁੱਤ ਦੀਪਿਆ ! ਜਿਉਂਦਾ ਰਹਿ ਰੱਬ ਤੈਨੂੰ ਭਾਗ ਲਾਵੇ ਪੁੱਤ ਜੇ ਇਹੀ ਆਜ਼ਾਦੀ ਸੀ ਤਾਂ ਦੁਬਾਰਾ ਨਾ ਆਵੇ

ਤਾਲੀਬਾਨੀ

ਮੂਲਵਾਦੀ ਹੋਣਾ ਤਾਲੀਬਾਨੀ ਹੋਣਾ ਹੈ ਗਰੀਬ ਨੂੰ ਘੋੜੀ ਨਾ ਚੜ੍ਹਨ ਦੇਣਾ ਸ਼ੂਦਰਾਂ ਲਈ ਰੱਬ ਦੇ ਦਰਵਾਜੇ ਬੰਦ ਕਰਨਾ ਜਾਂ ਵੱਖਰੇ ਬਣਾਉਣਾ ਆਪਣੇ ਭੇਖ ਨੂੰ ਉੱਚਾ ਸਮਝਣਾ ਦੂਸਰੇ ਦੇ ਭੇਖ ਨੂੰ ਨਵਿਆਉਣਾ ਤਾਲੀਬਾਨੀ ਹੋਣਾ ਹੈ ਧਰਮਾਂ ਦੇ ਭੂਸੇ ਨਾਲ ਸਿਰ ਭਰ ਲੈਣਾ ਜਾਤ ਦੇ ਹੰਕਾਰ ਵਿੱਚ ਛਾਤੀਆਂ ਫੁਲਾਅ ਲੈਣਾ ਨਾਂ ਨਾਲ ਗੋਤ ਲਾਕੇ ਪਛਾਣ ਦੱਸਣਾ ਔਰਤ ਨੂੰ ਪੈਰ ਦੀ ਜੁੱਤੀ ਤੱਕ ਮਹਿਦੂਦ ਕਰਨਾ ਸਵਾਲਾਂ ਦੇ ਜਵਾਬ ਗੋਲੀ ਨਾਲ ਦੇਣਾ ਵਿਗਿਆਨਕ ਚੇਤਨਾ ਤੋਂ ਡਰ ਜਾਣਾ ਤਾਲੀਬਾਨੀ ਹੋਣਾ ਹੈ

ਲਾਸ਼

ਦਿਲ ਧੜਕ ਰਿਹਾ ਹੋਵੇ ਕੰਨ ਸੁਣ ਰਹੇ ਹੋਣ ਅੱਖਾਂ ਦੇਖ ਰਹੀਆਂ ਹੋਣ ਖਿਆਲ ਮਚਲ ਰਹੇ ਹੋਣ ਉਬਾਲ ਦਹਿਕ ਰਹੇ ਹੋਣ ਸਵਾਲ ਉਠ ਰਹੇ ਹੋਣ ਪੁਤਲੀਆਂ ਫੈਲ ਰਹੀਆਂ ਹੋਣ ਰੌਂਗਟੇ ਖੜੇ ਹੋਣ ਪਰ ਕਰਾਮਾਤ ਦਾ ਇੰਤਜਾਰ ਹੋਵੇ ਰੱਬ ਤੇ ਉਮੀਦ ਹੋਵੇ ਅਵਤਾਰ ਦੀ ਉਡੀਕ ਹੋਵੇ ਮਦਦ ਦੀ ਲੋੜ ਹੋਵੇ ਹੱਥ ਫੈਲਾਏ ਹੋਣ ਜੁਬਾਨ ਬੰਦ ਹੋਵੇ ਜਰੂਰ ਕੋਈ ਲਾਸ਼ ਹੋਵੇਗੀ।

ਮੁਰਦੇ

ਮੁਰਦੇ ਬੋਲਦੇ ਨਹੀਂ ਉਦੋਂ ਵੀ ਨਹੀਂ, ਜਦੋਂ ਉਹ ਬੋਲ ਸਕਦੇ ਹੋਣ ਮੁਰਦੇ, ਸਿਰਫ 'ਜੀ ਹਜੂਰ' ਬੋਲਦੇ ਹਨ ਮੁਰਦੇ, ਬਿਨਾਂ ਕਿਸੇ ਖਾਹਸ਼ ਤੋਂ ਲੰਬਾ ਜਿਉਂਦੇ ਹਨ ਮੁਰਦੇ ਜਿੰਦਗੀ ਭਰ ਇੰਤਜ਼ਾਰ ਕਰਦੇ ਹਨ ਸਿਰਫ ਮੌਤ ਦਾ ਮੁਰਦਿਆਂ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਹੁੰਦਾ ਮੌਤ ਦਾ ਡਰ ਹੁੰਦਾ ਹੈ ਮੁਰਦੇ ਸ਼ਹਾਦਤਾਂ ਨਹੀਂ ਆਪਣੀ 'ਬਲੀ' ਦਿੰਦੇ ਹਨ ਮੁਰਦਿਆਂ ਦਾ ਇਤਿਹਾਸ ਨਹੀਂ ਹੁੰਦਾ, ਖਬਰਾਂ ਹੁੰਦੀਆਂ ਨੇ ਮੁਰਦਿਆਂ ਦੀਆਂ ਪੁਤਲੀਆਂ ਸੁੰਗੜਦੀਆਂ-ਫੈਲਦੀਆਂ ਨਹੀਂ ਮੁਰਦੇ ਤੈਰਦੇ ਨਹੀਂ, ਵਹਿੰਦੇ ਹਨ ਕਵਿਤਾ, ਮੁਰਦਿਆਂ ਲਈ ਕੋਈ ਬੇਸਵਾਦ ਜਿਹੀ ਚੀਜ਼ ਹੁੰਦੀ ਹੈ। ਜਿੰਦਗੀ, ਮੁਰਦਿਆਂ ਲਈ ਕੋਈ ਭਾਰ ਢੋਣ ਵਾਲੀ ਸ਼ੈਅ ਹੈ

ਸ਼ਾਂਤੀ

ਧੜਕਦੇ ਦਿਲਾਂ ਵਿੱਚ ਫਰਕਦੇ ਡੌਲਿਆਂ ਵਿੱਚ ਸਹਿਕਦੇ ਜਜਬਾਤਾਂ ਵਿੱਚ ਉਬਲਦੇ ਖਿਆਲਾਤਾਂ ਵਿੱਚ ਪੱਟਾਂ ਦੀਆਂ ਲਹਿਰਾਂ ਵਿੱਚ ਪਹਾੜਾਂ ਦੀਆਂ ਨਹਿਰਾਂ ਵਿੱਚ ਸ਼ਾਂਤੀ ਨਹੀਂ ਹੁੰਦੀ ਸ਼ਾਂਤੀ, ਸਿਰਫ ਲਾਸ਼ਾਂ ਵਿੱਚ ਹੁੰਦੀ ਹੈ ਗੁਲਾਮੀ ਦੀਆਂ ਲਕੀਰਾਂ ਸ਼ਾਂਤੀ ਦੇ ਮੱਥੇ ਉੱਤੇ ਡਰ ਤੇ ਖੌਫ਼ ਸ਼ਾਂਤੀ ਦੀਆਂ ਅੱਖਾਂ ਵਿਚ ਹਨੇਰੇ ਦਾ ਬੋਝ ਸ਼ਾਂਤੀ ਦੇ ਮੋਢਿਆਂ 'ਤੇ ਸਮੇਂ ਦੀਆਂ ਲਾਸਾਂ ਸ਼ਾਂਤੀ ਦੇ ਪਿੰਡੇ ਉੱਤੇ ਬੇਬਸੀ ਤੇ ਲਚਾਰੀ ਸ਼ਾਂਤੀ ਦੇ ਬੁੱਲ੍ਹਾਂ ਉੱਤੇ ਸ਼ਾਂਤੀ ਬਿੱਲੀ ਅੱਗੇ ਕਬੂਤਰ ਵਰਗੀ ਹੁੰਦੀ ਹੈ ਸੂਰਜ ਦੀ ਧੁੱਪ ਵਿੱਚ ਕਾਮਿਆਂ ਦੀ ਚੁੱਪ ਵਿੱਚ ਧਰਤੀ ਦੀ ਕੁੱਖ ਵਿੱਚ ਪੇਟ ਦੀ ਭੁੱਖ ਵਿੱਚ ਮਾਂਵਾਂ ਦੇ ਦੁੱਧ ਵਿੱਚ ਇਨਸਾਫ ਦੇ ਯੁੱਧ ਵਿੱਚ ਸ਼ਾਂਤੀ ਨਹੀਂ ਹੁੰਦੀ ਸ਼ਾਂਤੀ ਸਿਰਫ ਲਾਸ਼ਾਂ ਵਿੱਚ ਹੁੰਦੀ ਹੈ

ਕਵਿਤਾ ਕੋਈ ਜਾਂਘੀਆ ਨਹੀਂ

ਕਵਿਤਾ ਕੋਈ ਜਾਂਘੀਆ ਨਹੀਂ ਹੁੰਦੀ ਹੱਥਾਂ ਉੱਤੇ ਪਿਆ ਰਟਨਾ ਹੁੰਦੀ ਹੈ ਨਿਚੋੜੇ ਖੂਨ ਵਿਚੋਂ ਨਿਕਲੀ 'ਹਾਅ' ਹੁੰਦੀ ਹੈ ਸੁੱਕੀਆਂ ਛਾਤੀਆਂ ਚੁੰਘਦਾ ਕੋਈ ਬੱਚਾ ਹੁੰਦੀ ਹੈ ਸੜਕਾਂ ਉੱਤੇ ਭਟਕਦੀ ਬੇਰੁਜ਼ਗਾਰੀ ਹੁੰਦੀ ਹੈ ਮਜਦੂਰ ਦੀ ਗਵਾਚ ਗਈ ਜਰਦੇ ਦੀ ਪੁੜੀ ਹੁੰਦੀ ਹੈ ਘਸ ਗਏ ਕੱਪੜਿਆਂ ਨੂੰ ਚੁੰਨੀ ਹੇਠਾਂ ਲੁਕਾਉਂਦੀ ਧੀ ਹੁੰਦੀ ਹੈ ਕੋਈ ਖਿੜਨ ਤੋਂ ਪਹਿਲਾਂ ਮਸਲ ਦਿੱਤੀ ਗਈ ਕਲੀ ਹੁੰਦੀ ਹੈ ਕੋਈ ਟੁੱਟ ਗਿਆ ਸੁਫਨਾ ਹੁੰਦੀ ਹੈ ਇਨਸਾਫ ਦੀ ਹਿੱਕ ਵਿੱਚ ਵੱਜੀ ਗੋਲੀ ਹੁੰਦੀ ਹੈ ਸੜਕ ਉੱਤੇ ਡੁੱਲ੍ਹਿਆ ਲਹੂ ਹੁੰਦੀ ਹੈ ਪੁਲਸ ਦੀ ਡਾਂਗ ਵੱਜੀ ਥਾਂ ਤੋਂ ਉੱਠਦੀ ਕੋਈ ਚੀਸ ਹੁੰਦੀ ਹੈ ਨਸ਼ੇੜੀ ਪਤੀ ਲਈ ਭੁੱਕੀ ਲੈਣ ਗਈ ਸੰਤੋ ਹੁੰਦੀ ਹੈ ਨਸ਼ਾ-ਛੁਡਾਓ ਸੈਂਟਰ ਵੱਲ ਤੱਕਦੀ ਕੋਈ ਆਸ ਹੁੰਦੀ ਹੈ ਕੋਈ ਮਰ ਚੁੱਕੀ ਖਵਾਹਿਸ਼ ਹੁੰਦੀ ਹੈ ਕੜਾਪਾ ਹੁੰਦੀ ਹੈ, ਜਾਪਾ ਹੁੰਦੀ ਹੈ ਕਵਿਤਾ ਕੋਈ ਜਾਂਘੀਆ ਨਹੀਂ ਹੁੰਦੀ

ਮਗਰਮੱਛ

ਅਸੀਂ ਕਹਿ ਦੇਣਾ ਚਾਹੁੰਦੇ ਹਾਂ ਉਹ ਮਗਰਮੱਛ ਹੈ ਉਹ ਮਾਸਖੋਰਾ ਹੈ ਉਹ ਪੂੰਜੀ ਦੀ ਰਾਖੀ ਕਰਦਾ ਕੁੱਤਾ ਹੈ ਉਹ ਵੋਟਾਂ ਦਾ ਅਧਾਰ ਖਿਸਕਦਾ ਦੇਖ ਕੇ ਰੋਂਦਾ ਹੈ ਹਨੇਰੇ ਦਾ ਪਸਾਰ ਘਟਦਾ ਦੇਖ ਕੇ ਚੀਕਦਾ ਹੈ ਝੂਠ ਦਾ ਆਕਾਰ ਸੁੰਗੜਦਾ ਦੇਖ ਕੇ ਡਰ ਜਾਂਦਾ ਹੈ ਬਜਾਰ ਅਖਬਾਰ ਸ਼ਾਹੂਕਾਰ ਮੀਡੀਆ-ਦਰਬਾਰ ਸਾਰੇ ਉਸਦੇ ਯਾਰ ਹਨ ਉਹ ਸਾਡੀਆਂ ਫਸਲਾਂ ਨਸਲਾਂ ਅਕਲਾਂ ਦਾ ਦੁਸ਼ਮਣ ਹੈ ਉਹ ਖਬਰਾਂ ਵਿੱਚ ਰਹਿਣਾ ਚਾਹੁੰਦਾ ਹੈ ਅਸੀਂ ਉਸਨੂੰ ਕਬਰਾਂ ਵਿੱਚ ਦੇਖਣਾ ਚਾਹੁੰਦੇ ਹਾਂ ਉਹ ਪਿੱਠ ਤੇ ਵਾਰ ਕਰ ਰਿਹੈ ਅਸੀਂ ਜੰਗ ਦਾ ਐਲਾਨ ਕਰ ਰਹੇ ਹਾਂ ਉਸ ਕੋਲ ਹਿਲਟਰ ਦੀ ਸਿਆਸਤ ਹੈ ਸਾਡੇ ਕੋਲ ਲੜਨ ਦੀ ਵਿਰਾਸਤ ਹੈ

ਜਿੰਦਗੀ

ਲੇਲੜੀਆਂ ਦਾ ਸੂਤ ਕੱਤਣਾਂ ਜਿੰਦਗੀ ਨਹੀਂ ਹੁੰਦਾ ਤਰਲਿਆਂ ਦੇ ਤਮਾਸ਼ੇ ਕਰਨਾ ਜਿੰਦਗੀ ਨਹੀਂ ਹੁੰਦਾ ਚੂਲੀ ਭਰ ਪਾਣੀ ਲੱਭਦੇ ਰਹਿਣਾ ਜਿੰਦਗੀ ਨਹੀਂ ਹੁੰਦਾ ਸਬਰ ਦਾ ਘੁੱਟ ਭਰ ਲੈਣਾ ਜਿੰਦਗੀ ਨਹੀਂ ਹੁੰਦਾ ਬਿਗਾਨੀਆਂ ਫੌਹੜੀਆਂ ਤੇ ਨੱਚਣਾ ਜਿੰਦਗੀ ਨਹੀਂ ਹੁੰਦਾ ਕਚੀਚੀ ਵੱਟ ਕੇ ਮੁੱਠੀ ਖੋਲ੍ਹ ਲੈਣਾ ਜਿੰਦਗੀ ਨਹੀਂ ਹੁੰਦਾ ਮੌਤ, ਜਿੰਦਗੀ ਦਾ ਸ਼ਾਨਦਾਰ ਅੰਤ ਕਦੇ ਵੀ ਨਹੀਂ ਹੁੰਦੀ ਸਿਰ 'ਤੇ ਕਫ਼ਨ, ਜਿੰਦਗੀ ਦੀ ਸ਼ਾਨਦਾਰ ਸ਼ੁਰੂਆਤ ਹੋ ਸਕਦੀ ਹੈ

ਸੱਤਾ ਦਾ ਪਲੜਾ

ਬੜਾ ਸੌਖਾ ਹੁੰਦਾ ਹੈ ਸੱਤਾ ਦੇ ਪਲੜੇ ਵਿੱਚ ਬੈਠ ਜਾਣਾ ਬੜਾ ਸੌਖਾ ਹੁੰਦਾ ਹੈ ਪੂਛ ਮਾਰਨੀ ਟੁੱਕੜ ਬੋਚਣੇ ਸੁੰਘਦੇ ਫਿਰਨਾ ਲਾਲਾਂ ਸੁੱਟਣੀਆਂ ਦੀਵੇ ਜਗਾਉਣੇ ਥਾਲੀਆਂ ਖੜਕਾਉਣੀਆਂ ਇਸ਼ਾਰਾ ਮਿਲਣ ਤੇ ਭੌਂਕਣਾ ਆਈ ਟੀ ਸੈੱਲ ਦੀਆਂ ਪੋਸਟਾਂ ਸ਼ੇਅਰ ਕਰਨਾ ਬੜਾ ਸੌਖਾ ਹੁੰਦਾ ਹੈ ਕਿਰਮਚੀ ਅੱਖਾਂ ਵਾਲੇ ਤੁਮੇ-ਧਤੂਰੇ ਨੂੰ ਧੀ ਜਵਾਈ ਵਾਂਗ ਸਤਿਕਾਰ ਦੇਣਾ ਬੜਾ ਔਖਾ ਹੁੰਦਾ ਹੈ ਵਿਰੋਧ ਦਾ ਝੰਡਾ ਚੁੱਕਣਾ ਸਿਰ 'ਤੇ ਕਫ਼ਨ ਬੰਨ੍ਹਣਾ ਲੜਦੇ ਲੋਕਾਂ ਦੇ ਨਾਲ ਖੜਨਾ ਜਿੰਦਗੀ ਦਾਅ ਤੇ ਲਾਉਣਾ ਗੋਲੀਆਂ ਅੱਗੇ ਛਾਤੀ ਡਾਹੁਣਾ ਬੜਾ ਔਖਾ ਹੁੰਦਾ ਉਸਨੂੰ ਟਾਰਗੇਟ ਕਰਨਾ ਜਿਸ ਕੋਲ ਪੂਛ-ਹਿਲਾਉਂਦੀ ਭੀੜ ਹੋਵੇ

ਔਰਤ ਕਦੇ ਬੇਵਫਾ ਨਹੀਂ ਹੁੰਦੀ

ਔਰਤ ਕਦੇ ਬੇਵਫ਼ਾ ਨਹੀਂ ਹੁੰਦੀ ਕੋਈ ਕਵਿਤਾ ਖਰੀਦ ਲਵੇ ਅਤੇ ਕਹੇ ਕਿ ਇਹ ਮੇਰੀ ਹੋ ਗਈ ਕੋਈ ਸਾਜ਼ ਖਰੀਦ ਲਵੇ ਅਤੇ ਕਹੇ ਕਿ ਇਹ ਮੇਰਾ ਹੋ ਗਿਆ ਕੋਈ ਫੁੱਲ ਖਰੀਦ ਲਵੇ ਅਤੇ ਕਹੇ ਕੇ ਇਹ ਮੇਰਾ ਹੋ ਗਿਆ ਪਰ ਨਹੀਂ ਕਵਿਤਾ ਕਦੇ ਖਰੀਦਣ ਵਾਲੇ ਦੀ ਨਹੀਂ ਹੁੰਦੀ ਸਾਜ਼ ਕਦੇ ਖਰੀਦਣ ਵਾਲੇ ਦਾ ਨਹੀਂ ਹੁੰਦਾ ਫੁੱਲ ਕਦੇ ਖਰੀਦਣ ਵਾਲੇ ਦਾ ਨਹੀ ਹੁੰਦਾ ਕਵਿਤਾ ਉਸਦੀ ਹੁੰਦੀ ਹੈ ਜੋ ਉਸਨੂੰ ਇਕ ਚਿੱਤ ਹੋ ਕੇ ਗਾਉਂਦਾ ਹੈ ਸਾਜ਼ ਉਸਦਾ ਹੁੰਦਾ ਹੈ ਜੋ ਉਸ ਵਿਚੋਂ ਖ਼ੂਬਸੂਰਤ ਤਰਜ਼ਾਂ ਬਣਾਉਂਦਾ ਹੈ ਫੁੱਲ ਉਸਦਾ ਹੁੰਦਾ ਹੈ ਜੋ ਉਸਦੀ ਮਹਿਕ ਨੂ ਮਾਣਦਾ ਹੈ ਔਰਤ ਕਵਿਤਾ ਵਰਗੀ ਹੁੰਦੀ ਹੈ ਸਾਜ਼ ਵਰਗੀ ਹੁੰਦੀ ਹੈ ਫੁੱਲ ਵਰਗੀ ਹੁੰਦੀ ਹੈ ਔਰਤ ਕਦੇ ਬੇਵਫ਼ਾ ਨਹੀਂ ਹੁੰਦੀ।

ਰੱਥ

ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਉਹਨਾਂ ਦਾ ਰੱਥ ਦਿਨ-ਬਦਿਨ ਉੱਚਾ ਹੋ ਰਿਹਾ ਸੀ ਭਗਵੇ ਰੰਗ ਦਾ ਝੰਡਾ ਮੁੱਦਤਾਂ ਤੋਂ ਰੱਥ ਦੇ ਪਹੀਏ ਦਰੜ ਰਹੇ ਸਨ ਉਹਨਾਂ ਨੂੰ ਜੋ ਉਹਨਾਂ ਵਰਗੇ ਨਹੀਂ ਸਨ ਪਰ ਉਹ ਹੋਰ ਤੇਜ਼ ਦੌੜਨਾ ਚਹੁੰਦੇ ਸਨ ਉਹਨਾਂ ਰੱਥ ਦੇ ਪਹੀਏ ਸਾਫ਼ ਕੀਤੇ ਦਰੜਿਆਂ 'ਚੋਂ ਕੁੱਝ ਨੂੰ ਰੱਥ ਤੇ ਬਿਠਾਇਆ ਬਾਕੀਆਂ ਨੂੰ ਘੋੜਿਆਂ ਥਾਂਵੇਂ ਜੋੜ ਲਿਆ ਹੁਣ ਅਸਮਾਨ ਦਾ ਰੰਗ ਨੀਲਾ ਨਹੀਂ ਰਿਹਾ ਭਗਵਾ ਹੁੰਦਾ ਜਾ ਰਿਹਾ ਸੀ

ਦਾਨੀ

ਬੜੇ ਖਤਰਨਾਕ ਨੇ ਜੋ ਸਿਰਫ ਦਾਨ ਕਰਦੇ ਨੇ ਅਤੇ ਸੁਰਖੁਰੂ ਹੋ ਜਾਂਦੇ ਨੇ ਮਨੁੱਖਤਾ ਦੀਆਂ ਸਮੱਸਿਆਂ ਦੇ ਅਸਲੀ ਕਾਰਨਾਂ ਤੋਂ ਸੇਵਾ ਕਰਦੇ ਨੇ ਗਰੀਬਾਂ ਦੀ ਲੋੜਵੰਦਾਂ ਦੀ ਪਰ ਦੂਰੀ ਬਣਾ ਕੇ ਰੱਖਦੇ ਨੇ ਗਰੀਬੀ ਦੇ ਕਾਰਨਾਂ ਤੋਂ ਆਰਥਿਕ ਅਸਮਾਨਤਾ ਦੇ ਸਿਧਾਂਤਾਂ ਤੋਂ ਲੱਭਦੇ ਰਹਿੰਦੇ ਨੇ ਤਰਸ ਦਾ ਪਾਤਰ ਰਹਿਮ ਦਾ ਪੁਤਲਾ ਕੋਈ ਨਵਾਂ ਸ਼ਿਕਾਰ ਆਪਣੇ ਦਾਨ ਦੇ ਤੀਰ ਨਾਲ ਫੁੰਡਣ ਲਈ ਖੁਸ਼ ਹੁੰਦੇ ਹਨ ਦਾਨੀ ਦਾਨ ਕਰਕੇ ਮਨੁੱਖਤਾ ਦਾ ਗੌਰਵ ਦਾਨ ਦੇ ਖੁਰੜਿਆਂ ਹੇਠਾਂ ਕੁਚਲ ਕੇ ਸਿਰ ਉਠਾ ਕੇ ਜਿਉਣ ਦੀ ਇੱਛਾ ਮਸਲ ਦਿੰਦਾ ਹੈ ਦਾਨੀਆ ਦਾ ਦਾਨ ਸੱਤਾ ਦੇ ਸਾਂਢ ਦੁਆਰਾ ਦਰੜੇ ਪੂੰਜੀ ਦੀ ਕਾਣੀ ਵੰਡ ਦੇ ਜਖਮੀਆਂ ਨੂੰ ਪਲੋਸਦੇ-ਮੱਲ੍ਹਮ ਲਉਂਦੇ ਨੇ ਦਾਨੀ ਬੜੇ ਖਤਰਨਾਕ ਹੁੰਦੇ ਨੇ ਉਹ ਜੋ ਸਿਰਫ ਦਾਨ ਕਰਦੇ ਨੇ

ਉੱਠ ਕਵੀਆ!

ਉੱਠ ਕਵੀਆ ! ਰਿੜਕ ਕੋਈ ਕਵਿਤਾ ਸਮੇਂ ਸਿਰ ਨਾ ਰਿੜਕਣਾਂ ਜੀਵਨ ਦੇ ਜਾਗ ਨੂੰ ਖੱਟਾ ਕਰਨਾ ਹੈ ਧੋਖਾ ਹੈ ਕੁਰਬਾਨੀ ਦੇ ਗਏ ਜੀਵ-ਅਣੂਆਂ ਨਾਲ ਕਵੀਆ ਅੱਧ-ਰਿੜਕਿਆ ਵੀ ਜਿੰਦਗੀ ਦੇ ਮੱਖਣ ਤੋਂ ਹੱਥ ਧੋਣਾਂ ਹੈ ਉੱਠ ਕਵੀਆ ! ਲਿੱਖ ਕੋਈ ਰਚਨਾਂ ਸਮੇਂ ਦੇ ਹਾਣ ਦੀ ਮਾਂ ਦੇ ਦੁੱਧ ਵਰਗੀ ਲਹਿਰਾਉਂਦੀਆਂ ਫਸਲਾਂ ਵਰਗੀ ਉੱਡਦੇ ਪੰਛੀਆਂ ਵਰਗੀ ਟਿਮ-ਟਿਮਾਉਂਦੇ ਤਾਰਿਆਂ ਵਰਗੀ ਸਾਉਣ ਦੇ ਬੱਦਲਾਂ ਵਰਗੀ ਚੇਤ ਦੇ ਫੁੱਲਾਂ ਵਰਗੀ ਨਹੀਂ ਤਾਂ ਰਹਿਣ ਦੇ ਕਵੀਆ ! ਕਾਗਜ਼ਾਂ ਦਾ ਗਰਭਪਾਤ ਨਾ ਕਰ ਤਰਸ ਖਾ ਕਾਗਜ਼ਾਂ ਦੀ ਜਿੰਦਗੀ 'ਤੇ ਤਰਸ ਖਾ ਰੁੱਖਾਂ 'ਤੇ ਬੜਾ ਔਖਾ ਮਿਲਦਾ ਹੈ ਕਾਗਜ਼ੀ-ਜੀਵਨ ਕਵੀਆ ! ਅੱਜ ਕਵਿਤਾ ਵੀ ਗੁੰਝਲਦਾਰ ਹੋ ਗਈ ਹੈ ਪੀਜ਼ੇ-ਬਰਗਰਾਂ ਵਾਂਗ ਹੁਣ ਇਹ ਰੋਟੀ ਵਰਗੀ ਨਹੀਂ ਰਹੀ ਹੁਣ ਇਸ ਵਿਚੋਂ ਮਿੱਟੀ ਦੀ ਨਹੀਂ ਜੰਕ-ਫੂਡ ਦੀ ਬੋ ਆਉਂਦੀ ਹੈ ਕਵੀਆ ! ਕਵਿਤਾ ਵੀ ਉਲਝ ਗਈ ਹੈ ਕੋਈ ਧਿਰ ਨਹੀਂ ਮੱਲ ਪਾ ਰਹੀ ਕਵੀਆ ! ਇਹ ਡਾਕਟਰ ਲਾਲਚ ਦੇ ਚਸ਼ਮਿਆਂ ਵਾਲੇ ਮੁੱਲ ਦੀਆਂ ਡਿਗਰੀਆਂ ਵਾਲੇ ਇਹ ਕਵਿਤਾ ਦਾ ਮਰਜ਼ ਨਹੀਂ ਲੱਭ ਸਕਦੇ ਇਹ ਤਾਂ ਮਾਰ ਦੇਣਗੇ ਕਵਿਤਾ ਨੂੰ ਇਹਨਾਂ ਦੇ ਵੱਡੇ ਹਸਪਤਾਲ ਮਹਿੰਗੀਆਂ ਲੈਬੋਰਟਰੀਆਂ ਨਿਚੋੜ ਲੈਣਗੇ ਕਵਿਤਾ ਨੂੰ ਕਵੀਆ ! ਤੂੰ ਕਵਿਤਾ ਨੂੰ ਲੋਕਾਂ ਕੋਲ ਲੈ ਜਾ ਕਿਰਤਆਂ-ਕਾਮਿਆਂ ਕੋਲ ਲੈ ਜਾ ਔਰਤਾਂ-ਬੱਚਿਆਂ ਕੋਲ ਲੈ ਜਾ ਹੁਣ ਤਾਂ ਬੱਸ ਉੱਥੇ ਹੀ ਬਚ ਸਕਦੀ ਹੈ ਤੇਰੀ ਕਵਿਤਾ।

ਧਰਮ

ਅੱਖ਼ਾਂ ਉੱਤੇ ਬੰਨ੍ਹੀ ਹੋਈ ਪੱਟੀ ਹੁੰਦਾ ਹੈ ਧਰਮ ਤਰਕ ਦੇ ਦਰਵਾਜੇ ਤੇ ਲੱਗਾ ਹੋਇਆ ਤਾਲਾ ਹੈ ਧਰਮ ਵਿਗਿਆਨਿਕ ਵਿਚਾਰਾਂ ਦੇ ਵੇਗ ਨੂੰ ਰੋਕਣ ਵਾਲੀ ਕੱਚੀ ਕੰਧ ਹੈ ਧਰਮ ਚਾਨਣ ਅਤੇ ਹਨੇਰੇ ਭਵਿੱਖ਼ ਵਿੱਚ ਘਸ ਚੁੱਕਿਆ ਪਰਦਾ ਹੈ ਧਰਮ ਵਿਗਿਆਨ ਦੇ ਚਾਨਣ ਤੋਂ ਡਰਦਾ ਇੱਕ ਉੱਲੂ ਹੈ ਧਰਮ ਕਿਰਤ ਨੂੰ ਲੁੱਟਣ ਵਾਲਾ ਸੰਦ ਹੈ ਧਰਮ ਸਮਾਜ ਦੀ ਜੜ੍ਹਾਂ ਨੂੰ ਲੱਗਾ ਹੋਇਆ ਘੁਣ ਹੈ ਧਰਮ ਚੋਪੜੀ ਖ਼ਾਣਿਆਂ ਲਈ ਵਰਦਾਨ ਹੈ ਧਰਮ ਮਨੁਖ਼ਤਾ ਨੂੰ ਤੋੜਨ ਵਾਲਾ ਘਣ ਹੈ ਧਰਮ ਖ਼ੂਹ ਦਾ ਡੱਡੂ ਹੈ ਧਰਮ ਨਾਮ ਦੀ ਖੁਮਾਰੀ ਹੈ ਧਰਮ

ਸ਼ਹੀਦ ਮਾਰੇ ਗਏ

ਅੱਜ ਫੇਰ ਕੁੱਝ ਸ਼ਹੀਦ ਮਾਰੇ ਗਏ ਉਹਨਾਂ ਨਾਲ ਲੜਦੇ ਹੋਏ ਜੋ ਝੰਡੇ ਨੂੰ ਰੋਟੀ ਵਿੱਚ ਬਦਲਣਾ ਚਹੁੰਦੇ ਸਨ ਉਹਨਾਂ ਦੀਆਂ ਔਰਤਾਂ ਜੋ ਰੰਡੇਪਾ ਕੱਟਦੀਆਂ ਸਨ ਵਿਧਵਾ ਹੋ ਗਈਆਂ ਉਹਨਾਂ ਦੇ ਬੱਚੇ ਜਿਹੜੇ ਅਨਾਥ ਸਨ ਯਤੀਮ ਹੋ ਗਏ ਉਹਨਾਂ ਦੀਆਂ ਲਾਸ਼ਾਂ ਨੂੰ ਝੰਡੇ ਵਿੱਚ ਲਪੇਟਿਆ ਗਿਆ ਝੰਡਾ ਰੋਟੀ ਦਾ ਬਦਲ ਨਹੀਂ ਹੋ ਸਕਦਾ

ਮੇਰਾ ਬੱਚਾ

ਮੇਰਾ ਬੱਚਾ ਬਿਮਾਰ ਸੀ ਰੱਬ ਦੇ ਘਰ ਦੀ ਗੋਲਕ ਭਰੀ ਹੋਈ ਸੀ ਉਸਨੂੰ ਦੁਆ ਨਹੀਂ ਦਵਾ ਦੀ ਜਰੂਰਤ ਸੀ ਦਵਾ ਡਾਕਟਰ ਦਾ ਤਜਰਬਾ ਹੀ ਦੇ ਸਕਦਾ ਸੀ ਉਹ ਆਪਣੇ ਕੀਮਤੀ ਤਜਰਬੇ ਦੀ ਕੀਮਤ ਚਾਹੁੰਦਾ ਸੀ ਕੀਮਤ ਉਸ ਗੋਲਕ ਵਿਚ ਪਈ ਹੋਈ ਸੀ ਗੱਲ ਸਿਰਫ ਮੇਰੇ ਬੇਟੇ ਦੀ ਨਹੀਂ ਸੀ ਗੱਲ ਮਨੁਖ-ਜਾਤੀ ਦੇ ਜਿਓੰਦੇ ਰਹਿਣ ਦੇ ਅਧਿਕਾਰ ਦੀ ਸੀ ਜਿਓਂਦੇ ਰਹਿਣ ਦਾ ਅਧਿਕਾਰ ਸਭ ਨੂੰ ਅਤੇ ਸਭ ਤੋਂ ਉੱਪਰ ਹੈ, ਗੋਲਕ ਤੋਂ ਵੀ ਮੈ ਇਸ ਅਧਿਕਾਰ ਦਾ ਕਤਲ ਨਹੀਂ ਹੋਣ ਦੇ ਸਕਦਾ ਸੀ ਉਹ ਵੀ ਸਭ-ਕੁਝ ਹੁੰਦਿਆਂ-ਸੁੰਦਿਆਂ ਰੱਬ ਦੇ ਘਰ ਵੀ ਤਾਂ ਅਸੀਂ ਬਣਾਏ ਨੇ ਗੋਲਕ ਵੀ ਅਸੀਂ ਬਣਾਏ ਨੇ ਅਤੇ ਉਸ ਵਿਚ ਵੀ ਤਾਂ ਸਾਡੀ ਲੁੱਟੀ ਹੋਈ ਕਿਰਤ ਹੀ ਸੀ ਲੁੱਟੀ ਹੋਈ ਕਿਰਤ,ਲੁੱਟ ਲੈਣਾ ਲੁੱਟ ਨਹੀਂ ਹੁੰਦਾ ਕ੍ਰਾਂਤੀ ਹੁੰਦਾ ਹੈ ਅਤੇ ਮੈ ਆਪਣੇ ਹਿੱਸੇ ਦੀ ਕ੍ਰਾਂਤੀ ਕਰ ਦਿੱਤੀ ਹੁਣ ਉਹ, ਉਹਨਾ ਦਾ ਤਾਮ-ਝਾਮ ਪਗਲਾਇਆ ਫਿਰਦਾ ਹੈ ਗੋਲਕ ਕਰਕੇ ਨਹੀਂ ਮੇਰੇ "ਚੋਂ ਖਤਮ ਹੋਗੇ ਰੱਬ ਦੇ ਡਰ ਕਰਕੇ

ਧਰਤੀ ਮਾਂ

ਇਹ ਧਰਤੀ ਦੀ ਹਿੱਕ ਤੇ ਲਕੀਰਾਂ ਮਾਵਾਂ ਨਹੀਂ ਹਨ ਇਹ ਤਾਂ ਕਾਂਵਾਂ ਦੇ ਵੰਡੇ ਹੋਏ ਲੋਥੜੇ ਹਨ ਟੁੱਕੜਬਾਜਾਂ ਦੇ ਕੀਤੇ ਟੁਕੜੇ ਹਨ ਹੱਦਾਂ 'ਚ ਬੰਦ ਅਕਲ ਦੀਆਂ ਹੱਦਾਂ ਹਨ ਨਫਰਤ ਦੀ ਰੇਤ ਤੇ ਉੱਗੇ ਹੋਏ ਕੰਡੇ ਹਨ ਧਰਤੀ ਨੂੰ ਲੱਗਿਆ ਹੋਇਆ ਗ੍ਰਹਿਣ ਹੈ ਦਿਮਾਗਾਂ 'ਚ ਭਰੇ ਬਰੂਦਾਂ ਦੇ ਨਤੀਜੇ ਹਨ ਕਿਰਤ ਦੇ ਜਿਸਮ 'ਤੇ ਚੁੰਬੜੇ ਚਿੱਚੜ ਹਨ ਬਗਲਿਆਂ ਦੇ ਕਬਜ਼ੇ ਹੇਠਾਂ ਛੱਪੜੀਆਂ ਹਨ ਇਨਸਾਨੀਅਤ ਦੇ ਰਾਹ ਵਿਚ ਕੀਤਾ ਘਾਣ ਹੈ ਕਿਰਤੀਆਂ ਦੇ ਸਿਰਾਂ 'ਤੇ ਪਲਦੀਆਂ ਜੂਆਂ ਹਨ ਮਨੁਖਤਾ ਦੇ ਸ਼ੀਸ਼ੇ ਵਿਚ ਪਾਈਆਂ ਤਰੇੜਾਂ ਹਨ

ਜੋਕ-ਸਭਾ

ਇਹ ਜੋਕ-ਸਭਾ ਹੈ ਇਹ ਇੱਜੜ ਹੈ ਜੋ ਚਰ ਜਾਂਦਾ ਹੈ ਕਿਰਤੀਆਂ ਦੇ ਅਰਮਾਨਾਂ ਦੀ ਫ਼ਸਲ ਸਾਡੀ ਵੋਟ ਦੇ ਚਿਰਾਗ 'ਚੋਂ ਪੈਦਾ ਹੋਇਆ ਜਿੰਨ ਹੈ ਜਿਹੜਾ ਆਪਣੇ ਆਕਾ ਦਾ ਖੂਨ ਪੀਂਦਾ ਹੈ ਇਹ ਅਰਾਮ-ਗਾਹ ਹੈ ਜਿੱਥੇ ਮਗਰਮੱਛ ਹੰਝੂ ਵਹਾਉਂਦੇ ਨੇ ਸੱਪ-ਬਿੱਛੂ ਅਰਾਮ ਫਰਮਾਉਂਦੇ ਨੇ ਇਹ ਕਲਬੂਤ ਹੈ ਮਨੁੱਖ 'ਚੋ ਮਨਫ਼ੀ ਹੋ ਗਈ ਮਨੁੱਖਤਾ ਦਾ ਇਹ ਉਹ ਜੁਗਾੜ ਹੈ ਜੋ ਵੇਲ਼ਾ ਵਿਹਾ ਚੁੱਕਾ ਹੈ ਇਹ ਨਾਟਕ ਹੈ ਜਿਹੜਾ ਸਾਡੀ ਧੌਣ ਉੱਤੇ ਪੈਰ ਰੱਖ ਕੇ ਖੇਡਿਆ ਜਾਂਦਾ ਹੈ ਇਹ ਤਮਾਸ਼ਾ ਹੈ ਜਿੱਥੇ ਅਸੀਂ ਤਾੜੀ ਮਾਰ ਸਕਦੇ ਹਾਂ ਚੀਕਾਂ ਨਹੀਂ ਇਹ ਜਲੂਸ ਹੈ ਜਿੱਥੇ ਚੀਕਾਂ ਦੀ ਆਵਾਜ਼ ਤਾੜੀਆਂ ਦੇ ਸ਼ੋਰ ਵਿੱਚ ਗੁੰਮ ਜਾਂਦੀ ਹੈ ਉਹ ਫੁਲਵਾੜੀ ਹੈ ਜਿਥੋਂ ਜਾਗਦੀਆਂ ਜ਼ਮੀਰਾਂ ਨੂੰ ਮਰ ਚੁੱਕੀਆਂ ਆਤਮਾਵਾਂ ਦੀ ਸੜਾਂਦ ਆਉਂਦੀ ਹੈ

ਭਾਵਨਾਵਾਂ

ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂ ਵਹਿ ਜਾਂਦੀਆਂ ਨੇ ਜੜ੍ਹਵਾਦੀਆਂ ਦੇ ਗਟਰ ਵਿੱਚ ਨਾਜ਼ੁਕ ਹੋ ਜਾਂਦੀਆਂ ਹਨ ਵੋਟਾਂ ਦੇ ਸਾਨ-ਭੇੜ ਤਮਾਸ਼ੇ ਤੋਂ ਪਹਿਲਾਂ ਖੇਡਿਆ ਜਾਂਦਾ ਹੈ ਇਹਨਾਂ ਦੇ ਰੇਂਗਦੇ ਜਿਸਮ 'ਤੇ ਕੋਟਲਾ-ਛਪਾਕੀ ਪਚਾ ਦਿੱਤਾ ਜਾਂਦਾ ਹੈ ਇਹਨਾਂ ਦੇ ਬਿਮਾਰ ਮਿਹਦੇ ਵਿੱਚ ਮਿਥਿਹਾਸ ਦਾ ਕਚਰਾ ਉਬਾਲਿਆ ਜਾਂਦਾ ਹੈ ਦੰਗਿਆਂ ਦੇ ਬਾਲਣ ਤੇ ਧਰਮ ਦੀ ਅੱਗ ਤੇ ਜਾਤਾਂ ਦੇ ਪਤੀਲੇ ਵਿੱਚ ਪਾ ਕੇ ਬੜਾ ਨੱਚਦੀਆਂ ਨੇ ਰੂੜ੍ਹੀਵਾਦੀਆਂ-ਪਰੰਪਰਾਵਾਦੀਆਂ ਦੇ ਢੋਲ-ਢਮਕਿਆਂ 'ਤੇ ਨਿਚੋੜ ਲਿਆ ਜਾਂਦਾ ਹੈ ਭੁੱਖੀਆਂ ਨਸਾਂ 'ਚੋਂ ਰੁਖੀਆਂ ਰੋਟੀਆਂ ਦਾ ਲਹੂ ਵਿਸ਼ਵੀਕਰਨ ਦੇ ਬਾਜ਼ਾਰ ਵਿੱਚ ਵੇਚ ਦਿੱਤੀ ਜਾਂਦੀ ਹੈ ਇਹਨਾਂ ਦੇ ਜਿਸਮ ਦੀ ਉੱਨ ਹਰ ਵਾਰੀ ਦਰੜ ਕੇ ਲੰਘ ਜਾਂਦਾ ਹੈ ਲਹੂ ਰੰਗੀਆਂ ਬੱਤੀਆਂ ਦਾ ਕੁਰਲਾਹਟ ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂ

ਸਰਕਾਰ ਦੇ ਕੰਮ

ਸਰਕਾਰ ਦੇ ਕੰਮ ਘੋਸ਼ਣਾਵਾਂ ਦੀ ਬੰਜਰ ਜ਼ਮੀਨ 'ਤੇ ਆਪਣੀਆਂ ਲਾਲਸਾਵਾਂ ਦੇ ਅੱਕਾਂ ਨੂੰ ਡੂੰਘੀਆਂ ਜੜ੍ਹਾਂ ਫੜਾਉਣਾਂ ਹੈ ਜਨਤਾ ਦੇ ਪਸੀਨੇ ਦਾ ਸੂਤ ਵਿਸ਼ਵੀਕਰਨ ਦੇ ਬਾਜ਼ਾਰ 'ਚ ਵੇਚਣ ਲਈ ਰਾਹਾਂ ਦੀਆਂ ਅਟਕਲਾਂ ਹਟਾਉਣਾ ਹੈ ਸਿਰ ਚੁਕਦੇ ਹੱਕ ਮੰਗਦੇ ਸਿਰਾਂ ਦਾ ਫ਼ੰਨ ਕੁੱਟਣਾ ਹੈ ਮੁਸੀਬਤਾਂ ਦੀ ਅੱਗ ਉੱਪਰ ਉੱਬਲਦੀ ਲੋਕਾਈ ਤੇ ਜਨਹਿੱਤ ਦੇ ਫੈਸਲਿਆਂ ਦੀਆਂ ਕਣੀਆਂ ਵਰਸਾਉਣਾ ਹੈ ਨਿਗਰਾਨੀ ਕਰਨਾ ਹੈ ਕਿਤੇ ਗੁਬਾਰ ਫੱਟ ਨਾ ਜਾਵੇ ਇੱਕ ਰੰਗ ਦੇ ਝੰਡੇ ਥੱਲੇ ਭੀੜ ਵਧ ਨਾ ਜਾਵੇ ਡੁਗਡੁਗੀ ਵਜਾ ਕੇ ਸੰਮੋਹਿਤ ਕਰਕੇ ਵਕਤ ਲੰਘਾਉਣਾ ਹੈ ਇੱਕ ਅਜਿਹਾ ਮੈਨੀਫੈਸਟੋ ਜਾਰੀ ਕਰਨਾ ਹੈ ਤਾਂਕਿ ਆਸਾਂ-ਉਮੀਦਾਂ ਦਾ ਦੀਵਾ ਜਗਦਾ ਰਹੇ ਬਸ ਜਗਦਾ ਹੀ ਰਹੇ।

ਜਿੱਥੇ ਕਵਿਤਾ ਨਹੀਂ ਹੁੰਦੀ

ਜਿੱਥੇ ਕਵਿਤਾ ਨਹੀਂ ਹੁੰਦੀ ਉੱਥੇ ਪਹਾੜ ਨਹੀਂ- ਪੱਥਰ ਹੁੰਦੇ ਹਨ ਵਾਦੀਆਂ ਨਹੀਂ- ਖੁੱਡਾਂ ਹੁੰਦੀਆਂ ਹਨ ਫ਼ੁੱਲ ਸਿਰਫ ਪੌਦੇ ਹੁੰਦੇ ਹਨ ਪੰਛੀ ਚਹਿਕਦੇ ਨਹੀਂ- ਸ਼ੋਰ ਕਰਦੇ ਹਨ ਕਵਿਤਾ ਕਵੀ ਦਾ ਐਕਸਰੇ ਹੁੰਦੀ ਹੈ ਸਿਟੀਸਕੈਨ ਹੁੰਦੀ ਹੈ ਕਵੀ ਦੀ ਸਮੁੱਚਤਾ ਦਾ ਨਿਚੋੜ ਹੁੰਦੀ ਹੈ ਪਾਠਕਾਂ ਲਈ ਤੀਸਰੀ ਅੱਖ ਹੁੰਦੀ ਹੈ ਕਵਿਤਾ ਕਵੀ ਕਦੇ ਇੱਕਲਾ ਨਹੀਂ ਹੁੰਦਾ ਥੋੜੀ-ਬਹੁਤ ਕਵਿਤਾ ਹਰ ਸੰਵੇਦਨਸ਼ੀਲ ਕੋਲ ਹੁੰਦੀ ਹੈ ਹਰ ਸੰਵੇਦਨਸ਼ੀਲ ਨੂੰ ਮਿਲਣ ਆਉਂਦੀ ਹੈ ਕਵਿਤਾ ਜੋ ਬੱਚਿਆਂ ਨੂੰ ਪਿਆਰਦਾ ਹੈ ਜਿਸਨੂੰ ਬੱਚੇ ਪਿਆਰਦੇ ਹੋਣ ਉਹ ਵੱਡਾ ਕਵੀ ਹੈ ਕੁੱਝ ਕਵਿਤਾਵਾਂ ਲਿਖਦੇ ਹਨ ਕੁੱਝ ਕਵਿਤਾਵਾਂ ਸੋਚਦੇ ਹਨ ਕੁੱਝ ਕਵਿਤਾਵਾਂ ਜਿਉਂਦੇ ਹਨ ਕਵਿਤਾ ਜੀਵਨ ਦੀ ਰੰਗਤ ਹੈ ਜੀਵਨ ਦਾ ਸੁਆਦ ਹੈ ਕਵਿਤਾ ਕਵਿਤਾ ਜੀਵਨ ਦੀ ਉਡਾਣ ਹੈ ਜੀਵਨ ਦਾ ਸ਼ਿਖਰ ਹੈ ਕਵਿਤਾ ਜੀਵਨ ਦਾ ਝੂਟਾ ਹੈ ਕਵਿਤਾ ਕਵਿਤਾ ਪਿਆਰ ਦੀ ਜੱਫੀ ਹੈ ਦੋਸਤ! ਕਵੀ ਬਣ ਕਵਿਤਾ ਦਾ ਅਭਿਨੇਤਾ ਨਹੀਂ ਕਵਿਤਾ ਲਿਖ ਜਿਸਨੂੰ ਤੂੰ ਪੜ੍ਹ ਸਕੇਂ ਜਾਂ ਉਹ ਪੜ੍ਹ ਸਕੇ ਜਿਸ ਬਾਰੇ ਲਿਖੀ ਹੈ

ਕਵਿਤਾ ਕੋਈ ਸ਼ੁਗਲ ਨਹੀਂ

ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ ਕਵਿਤਾ ਲਿਖਣਾ ਤਲਵਾਰ ਚਲਾਉਣਾ ਹੈ ਸਮਤਲ ਕਰਨਾ ਹੈ ਟੋਇਆਂ ਟਿਬਿਆਂ ਨੂੰ ਅੱਗ ਲਉਣਾ ਹੈ ਕਚਰੇ ਨੂੰ ਸੰਭਾਲਣਾਂ ਹੈ ਰਾਹੀਆਂ ਦੇ ਰਾਹਾਂ ਨੂੰ ਨਵੇਂ ਰਾਹ ਬਣਾਉਣਾ ਹੈ ਬਚਾਉਣਾ ਹੈ ਮਨੁਖਤਾ ਦੇ ਨਕਸ਼ੇ ਨੂੰ ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ ਜਿੰਮੇਵਾਰੀ ਹੈ ਅਹਿਸਾਸ ਹੈ ਧੜਕਦੇ ਦਿਲਾਂ ਦਾ ਫਰਕਦੇ ਡੌਲਿਆਂ ਦਾ ਸਹਿਕਦੇ ਜ਼ਜ਼ਬਾਤਾਂ ਦਾ ਉਬਲਦੇ ਖਿਆਲਾਤਾਂ ਦਾ ਜਾਗਦੀ ਜ਼ਮੀਰ ਦਾ ਸੂਚਕ ਹੈ ਤੁਰਦੇ ਰਹਿਣ ਦਾ ਫਤਵਾ ਹੈ ਦੋਖੀਆਂ ਦੀ ਮੌਤ ਦਾ ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ ਕਾਗਜਾਂ ਦਾ ਕਤਲ ਕਰਨਾ ਨਹੀਂ ਹੈ ਜਿੰਦਗੀ ਦੇਣਾ ਹੈ ਜੀਣਾ ਸਿਖਾਉਣਾ ਹੈ ਜੁਗਨੂੰ ਬਣਾਉਣਾ ਹੈ ਦੀਵੇ ਬਣਾਉਣਾ ਹੈ ਮਸ਼ਾਲਾਂ ਬਣਾਉਣਾ ਹੈ ਸੂਰਜ ਬਣਾਉਣਾ ਹੈ ਵਾਰ ਜਾਣਾ ਸਿਖਾਉਣਾ ਹੈ ਮਰ ਜਾਣਾ ਸਿਖਾਉਣਾ ਹੈ ਮਰ ਕਿ ਜਿਉਂਦੇ ਰਹਿਣਾ ਸਿਖਾਉਣਾ ਹੈ ਵਹਿੰਦੇ ਰਹਿਣਾ ਸਿਖਾਉਣਾ ਹੈ ਫੈਲਦੇ ਰਹਿਣਾ ਸਿਖਾਉਣਾ ਹੈ ਕਵਿਤਾ ਲਿਖਣਾ ਕੋਈ ਮਜ਼ਾਕ ਨਹੀਂ ‘ਹੈ ਅੱਗ ਚਬਾਉਣਾ ਹੈ ਅੱਗ 'ਤੇ ਸੌਣਾ ਹੈ ਅੱਗ ਨਾਲ ਖੇਡਣਾ ਹੈ ਅੱਗ ਪਰਨਾਉਣਾ ਹੈ ਖੂਨ 'ਚ ਨਹਾਉਣਾ ਹੈ ਖੂਨ ਬਚਾਉਣਾ ਹੈ ਸੜਾਂਦ ਨੂੰ ਰੋਕਣਾ ਹੈ ਸਾਹਾਂ ਦਾ ਅਉਣਾ ਹੈ ਕਵਿਤਾ ਲਿਖਣਾ ਫਰਿਆਦ ਕਰਨਾ ਨਹੀਂ ‘ਹੈ ਕਵਿਤਾ ਲਿਖਣਾ ਬਰਬਾਦ ਕਰਨਾ ਨਹੀਂ ‘ਹੈ ਕਵਿਤਾ ਲਿਖਣਾ ਮੋਇਆਂ 'ਚ ਜਾਨ ਪਉਣਾ ‘ਹੈ ਕਵਿਤਾ ਲਿਖਣਾ ਸਿਰਫ ਯਾਦ ਕਰਨਾ ਨਹੀਂ ‘ਹੈ ਕਵਿਤਾ ਲਿਖਣਾ ਸੁਪਨੇ ਲੈਣਾ ਨਹੀਂ ‘ਹੈ ਕਵਿਤਾ ਲਿਖਣਾ ਸੁਪਨੇ ਦਿਖਾਉਣਾ ਨਹੀਂ ‘ਹੈ ਕਵਿਤਾ ਲਿਖਣਾ ਸੁਪਨੇ ਜਿਉਣਾ ‘ਹੈ ਕਵਿਤਾ ਲਿਖਣਾ ਸੁਪਨੇ ਹੰਢਾਉਣਾ ‘ਹੈ ਕਵਿਤਾ ਲਿਖਣਾ ਸੁਪਨੇ ਮਨਾਉਣਾ ‘ਹੈ ਕਵਿਤਾ ਲਿਖਣਾ ਜੀਭ-ਰਸ ਕਰਨਾ ਨਹੀਂ ‘ਹੈ ਰਸੀਆ ਜੀਭਾਂ 'ਤੇ ਤੁੰਮਾਂ ਲਉਣਾ ਹੈ ਕਵਿਤਾ ਸੁਣਾਉਣਾ ਕੰਨ-ਰਸ ਕਰਨਾ ਨਹੀਂ ਹੈ ਰਿਸਦੇ ਕੰਨਾਂ 'ਚੋਂ ਰੇਸ਼ਾ ਕੱਢਣਾ ਹੈ ਕਵਿਤਾ ਸੁਣਾਉਣਾ ਤਾੜੀ-ਝਾਕ ਕਰਨਾ ਨਹੀਂ ਹੈ ਵਿਚਾਰ ਦੇਣਾ ਹੈ ਹਥਿਆਰ ਦੇਣਾ ਹੈ ਕਵਿਤਾ ਸੁਣਾਉਣਾ ਉਪਦੇਸ਼ ਦੇਣਾ ਨਹੀਂ ਹੈ ਚਾਨਣ ਫੈਲਾਉਣਾ ਹੈ ਹਨੇਰਾ ਮਿਟਾਉਣਾ ਹੈ ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ ਤੁਰਦੇ ਰਹਿਣਾ ਹੈ ਤੁਰਦੇ ਰਹਿਣਾ ਹੈ ਆਖੀਰ ਤੱਕ ਤੁਰਦੇ ਰਹਿਣਾ ਹੈ ਆਖੀਰ ਤੋਂ ਬਾਅਦ ਵੀ ਤੁਰਦੇ ਰਹਿਣਾ ਹੈ

ਭਗਤ ਸਿੰਘ-ਇੱਕ ਵਿਚਾਰ

ਭਗਤ ਸਿੰਘ ਇੱਕ ਵਿਚਾਰ ਹੈ ਹਨੇਰੇ ਦੇ ਖਿਲਾਫ ਦਰਿਦਰਤਾ ਦੇ ਖਿਲਾਫ ਭੁੱਖ-ਮਰੀ ਦੇ ਖਿਲਾਫ ਗੁਲਾਮ ਜ਼ਹਿਨੀਅਤ ਦੇ ਖਿਲਾਫ ਕਿਰਤ ਦੀ ਲੁੱਟ ਦੇ ਖਿਲਾਫ ਅਤੇ ਫੈਲ ਰਿਹਾ ਹੈ ਬੋਹੜ ਵਾਂਗੂ ਜਿੱਥੇ ਉਸਦੀ ਜਰੂਰਤ ਹੈ ਜਿੱਥੇ ਜ਼ਮੀਨ ਉਪਜਾਊ ਹੈ ਜਿੱਥੇ ਵੱਤਰ ਆ ਚੁੱਕਾ ਹੈ ਕੁੱਝ ਵਿਚਾਰ ਹਨ ਜਿਹਨਾਂ ਨੂੰ ਬੋਹੜ ਦੀ ਛਾਂ ਪਸੰਦ ਨਹੀਂ ਹੈ ਉਹ ਆਪਣੇ ਲਾਮ-ਲਸ਼ਕਰ ਨਾਲ ਬੋਹੜ ਦੀ ਜੜ੍ਹ ਕੱਟ ਦੇਣੀ ਚਾਹੁੰਦੇ ਹਨ ਪਰ ਉਹ ਨਹੀਂ ਜਾਣਦੇ ਬੋਹੜ ਦੀ ਇੱਕ ਜੜ੍ਹ ਨਹੀਂ ਹੁੰਦੀ ਬੋਹੜ ਦੀ ਹਰ ਸ਼ਾਖਾ ਉਸਦੀ ਜੜ ਹੁੰਦੀ ਹੈ

ਕਵਿਤਾ ਸ਼ਬਦਾਂ ਦਾ ਜੰਗਲ ਨਹੀਂ

ਕਵਿਤਾ ਸ਼ਬਦਾਂ ਦਾ ਜੰਗਲ ਨਹੀਂ ਹੁੰਦੀ ਸੁਹਜ ਦੀ ਕਿਆਰੀ ਹੁੰਦੀ ਹੈ ਸੁਹਜ ਖਿੜੇ ਫੁੱਲਾਂ ਵਿੱਚ ਉੱਡਦੀਆਂ ਤਿਤਲੀਆਂ ਵਿੱਚ ਟਿਮਟਿਮਾਉਂਦੇ ਤਾਰਿਆਂ ਵਿੱਚ ਪੁੰਨਿਆਂ ਦੇ ਚੰਨ ਵਿੱਚ ਹੀ ਨਹੀਂ ਹੁੰਦਾ ਸੁਹਜ ਸੜਕ 'ਤੇ ਡੁੱਲ੍ਹੇ ਲਹੂ ਵਿੱਚ ਵੀ ਹੁੰਦਾ ਹੈ ਲਹਿਰਾਉਂਦੀਆਂ ਮੁੱਠੀਆਂ ਮੁੱਠੀਆਂ 'ਚ ਫੜੇ ਝੰਡੇ ਝੰਡਿਆਂ ਤੋਂ ਉੱਚੀਆਂ ਅਵਾਜਾਂ ਅਵਾਜ਼ਾਂ 'ਚ ਝਲਕਦੀਆਂ ਪੀੜਾਂ ਸੁਹਜ ਦਾ ਖਜ਼ਾਨਾ ਹੁੰਦੀਆਂ ਨੇ ਉਹ ਖਜ਼ਾਨਾ ਜਿਸਨੇ ਭਵਿੱਖ ਦੀ ਕਵਿਤਾ ਲਿਖਣੀ ਹੁੰਦੀ ਹੈ

ਕਿੱਸਾ ਕੌਲੀ ਚੱਟ ਦਾ

ਹਰ ਗਲੀ-ਮੁਹਲੇ ਪਿੰਡਾਂ-ਸ਼ਹਿਰਾਂ ਵਿਚ ਹੁੰਦੇ ਹਨ ਕੁਝ ਕੌਲੀ ਚੱਟ ਰੌਲਾ ਜਿਆਦਾ ਅਤੇ ਕੰਮ ਘੱਟ। ਇਹਨਾਂ ਦੀ ਕਾਰ ਦੇ ਅੱਗੇ ਅਤੇ ਕੋਠੀ ਦੇ ਉੱਪਰ ਇੱਕ ਡੰਡਾ ਹੁੰਦਾ ਨੇ ਮੌਸਮ ਵੇਖ ਕੇ ਝੰਡਾ ਹੁੰਦਾ ਹੈ। ਇਹ ਸੁੱਕੇ ਨਿੰਬੂਆਂ ਤੇ ਕਾਣੇ-ਗੰਨਿਆਂ ਵਿਚੋਂ ਵੀ ਰਸ ਨਿਚੋੜ ਲੈਂਦੇ ਨੇ। ਕੂਹਣੀਆਂ ਤੱਕ ਹੱਥ ਜੋੜ ਲੈਂਦੇ ਨੇ। ਇਹ ਆਪਣੇ ਨੇਤਾ ਦੇ ਗਲ ਵਿਚ ਨੋਟਾਂ ਦੀ ਮਾਲਾ ਪਾਉਂਦੇ ਨੇ ਫਿਰ ਖੂਬ ਨੋਟ ਕਮਾਉਂਦੇ ਨੇ। ਇਹ ਆਪਣੇ ਨੇਤਾ ਦੀ ਬਚੀ ਹੋਈ ਬਰਫੀ-ਕਾਜੂ ਚਾਅ ਨਾਲ ਖਾਂਦੇ ਨੇ ਫਿਰ ਭੱਜ ਕੇ ਨਾਲ ਰਲ ਜਾਂਦੇ ਨੇ। ਇਹ ਸੜਕਾਂ 'ਤੇ ਫਲੈਕਸ ਲਾਕੇ ਵਧਾਈਆਂ ਦਿੰਦੇ, ਧੰਨਵਾਦ ਕਰਦੇ ਨੇ ਆਪਣੀ ਬੰਜਰ ਖੇਤੀ ਆਬਾਦ ਕਰਦੇ ਨੇ। ਇਹਨਾਂ ਦੀ ਪਹੁੰਚ ਸੰਤਰੀ-ਮੰਤਰੀ ਤੋਂ ਠਾਣੇ ਦੀ ਮੇਜ਼ ਹੁੰਦੀ ਹੈ ਕਿਸੇ ਬੇਬਸ ਦੀ ਜੇਭ ਹੁੰਦੀ ਹੈ। ਨਵਾਂ ਥਾਨੇਦਾਰ ਹੋਵੇ ਜਾਂ ਮੁਨਸ਼ੀ ਇਹ ਜਾ ਕੇ ਫਤਿਹ ਬੁਲਾਉਂਦੇ ਨੇ ਮੋਬਾਈਲ ਨੰਬਰ ਲੈ ਕੇ ਆਉਂਦੇ ਨੇ। ਇਹ ਪਿੰਡ ਦੀਆਂ ਚੋਣਾਂ ਵਿੱਚ ਆਪਣਾ ਅਸਲੀ ਰੰਗ ਦਿਖਾਉਂਦੇ ਨੇ ਘਰ-ਘਰ ਵਿੱਚ ਅੱਗ ਲਾਉਂਦੇ ਨੇ। ਇਹ ਜਨਤਾ ਨੂੰ ਵਿਕਾਸ ਅਤੇ ਭਲਾਈ ਦੀਆਂ ਸਕੀਮਾਂ ਸੁਣਾਈ ਰੱਖਦੇ ਨੇ ਲੋਕਰਾਜ ਦਾ ਦੀਵਾ ਜਗਾਈ ਰੱਖਦੇ ਨੇ। ਇਹ ਨਾ ਅਕਦੇ ਨੇ, ਨਾ ਥਕਦੇ ਨੇ, ਨਾ ਕਦੇ ਹਾਰ ਮੰਨਦੇ ਨੇ ਗਾਲ੍ਹ ਘਿਓ ਦੀ ਨਾਲ ਮੰਨਦੇ ਨੇ। ਇਹਨਾਂ ਦਾ ਤੋਰੀ ਫੁਲਕਾ ਚਲਦਾ ਹੈ ਜਨਤਾ ਦੀ ਮਜਬੂਰੀ 'ਤੇ ਅੱਗ ਲੱਗੀ ਡੱਬੂ ਰੂੜੀ 'ਤੇ। ਇਹ ਧਰਮਾਂ ਦੀਆਂ ਲੜਾਈਆਂ, ਦੰਗੇ-ਫਸਾਦਾਂ ਦੀ ਜੜ੍ਹ ਹੁੰਦੇ ਨੇ ਲਾਂਬੂ ਲਗਾਕੇ ਘਰ ਹੁੰਦੇ ਨੇ। ਇਹ ਹਰ ਸਾਲ ਆਪਣੇ ਘਰ ਕੋਈ ਪੂਜਾ-ਪਾਠ ਵੀ ਰਖਦੇ ਨੇ ਲੋਕ-ਪ੍ਰਲੋਕ ਦੇ ਪਰਦੇ ਢੱਕਦੇ ਨੇ। ਇਹਨਾਂ ਦੀ ਪੰਚਾਇਤ ਦੇ ਫੈਸਲੇ ਪ੍ਰੇਮੀ ਜੋੜਿਆਂ ਦੇ ਰੱਖੜੀ ਬਨ੍ਹਾ ਦਿੰਦੇ ਨੇ ਭਾਰਤ ਦੀ ਸੰਸਕ੍ਰਿਤੀ ਬਚਾ ਦਿੰਦੇ ਨੇ। ਇਹ ਪਿੰਡ ਦੀਆਂ ਨੂੰਹਾਂ-ਕੁੜੀਆਂ ਨੂੰ ਬੜਾ ਧੀਏ-ਭੈਣੇ ਕਹਿੰਦੇ ਨੇ ਉਂਝ ਟੇਡੀ ਅੱਖ ਨਾਲ ਵਿਹੰਦੇ ਨੇ ਇਹ ਦਿੱਲੀ ਦਾ ਕਚਰਾ ਪਿੰਡਾਂ ਦੀਆਂ ਗਲੀਆਂ ਵਿਚ ਖਿਲਾਰ ਰਹੇ ਨੇ ਠੱਗ-ਚੋਰ ਪੈਰ ਪਸਾਰ ਰਹੇ ਨੇ। ਇਹ ਲੁਟੇਰੇ ਅਤੇ ਕਮੇਰੇ ਲੋਕਾਂ ਵਿੱਚ ਸਮਤੋਲ ਦਾ ਕੰਮ ਕਰਦੇ ਨੇ ਫੈਵੀਕੋਲ ਦਾ ਕੰਮ ਕਰਦੇ ਨੇ। ਇਹ ਮੰਦਰ-ਮਸਜ਼ਿਦ ਦੇ ਝਗੜਿਆਂ 'ਚੋਂ ਨਫ਼ਾ ਕਮਾ ਲੈਂਦੇ ਨੇ ਲਾਸ਼ਾਂ 'ਤੇ ਰੋਟੀਆਂ ਪਕਾ ਲੈਂਦੇ ਨੇ। ਇਹ ਡਰਾਉਣਾ ਧਮਕਾਉਣਾ ਭੜਕਾਉਣਾ ਗੱਜਣਾ ਜਾਣਦੇ ਨੇ ਪਤਲੀ ਗਲੀ ਚੋਂ ਭੱਜਣਾ ਜਾਣਦੇ ਨੇ। ਇੱਜਤ ਅਣਖ਼ ਗੈਰਤ ਅਦਬ ਆਦਰ ਪੱਤ ਇਸਮਤ ਖੁਦੀ ਸਵੈਮਾਣ ਕੁਰਸੀ ਲਈ ਸਭ ਕੁਰਬਾਨ ਲੋਕੋ!ਦੁਖੀ ਰਹੋ,ਬੇਬਸ ਰਹੋ,ਚਾਹੇ ਲੱਖ ਮਜਬੂਰ ਰਹੋ ਕੌਲੀ ਚੱਟਾਂ ਕੋਲੋਂ ਦੂਰ ਰਹੋ।

ਜਿਹੜਾ ਲੋਕਾਂ ਨੂੰ ਦੰਦੀਆਂ ਕੱਢਦਾ ਸੀ

ਜਿਹੜਾ ਲੋਕਾਂ ਨੂੰ ਦੰਦੀਆਂ ਕੱਢਦਾ ਸੀ ਉਹਦੇ ਲੋਕਾਂ ਨੇ ਕੱਢ ਦਿੱਤੇ ਦੰਦ ਮੀਆਂ ਕਦੇ ਸਾਡੀਆਂ ਵੀ ਸੜਕਾਂ ਰੋਕੀਆਂ ਸੀ ਅਸੀਂ ਰੋਕ ਦਿੱਤੀ ਤਾਂ ਕਰੇ ਪਖੰਡ ਮੀਆਂ ਸਾਡੇ ਰਾਹਾਂ ਵਿੱਚ ਕੰਢੇ ਵਿਛਾਉਣ ਵਾਲਾ ਸਾਥੋਂ ਮੰਗਦਾ ਹੈ ਫੁੱਲਾਂ ਦੀ ਪੰਡ ਮੀਆਂ ਸਾਂਝੀਵਾਲਤਾ ਦੀ ਫਸਲ ਤਿਆਰ ਕਰਕੇ ਝੂਠ-ਨਫਰਤ ਨੂੰ ਕਰਾਂਗੇ ਕਰੰਡ ਮੀਆਂ

ਬਿਰਸਾ ਮੁੰਡਾ ਬਣਜੇ ਨਾ ਭਗਵਾਨ

ਬਿਰਸਾ ਮੁੰਡਾ ਬਣਜੇ ਨਾ ਭਗਵਾਨ ਓਏ ਲੋਕੋ। ਕਬਜਾ ਕਰਨ ਨੂੰ ਫਿਰਦੇ ਨੇ ਸ਼ੈਤਾਨ ਓਏ ਲੋਕੋ। ਲੋਕ-ਨਾਇਕ ਨੂੰ ਲੋਕਾਂ ਦਾ ਨਾਇਕ ਰਹਿਣ ਦਿਓ ਲੜਿਆ ਸੀ ਉਹ ਅੰਦੋਲਨ ਉਲਗੁਲਾਨ ਵੇ ਲੋਕੋ।

ਰਾਜਾ ਖੁਸ਼ ਸੀ

ਰਾਜਾ ਖੁਸ਼ ਸੀ ਵਜ਼ੀਰ ਖੁਸ਼ ਸੀ ਨੀਤੀਵਾਨ ਖੁਸ਼ ਸੀ ਧਰਮ-ਗੁਰੂ ਖੁਸ਼ ਸੀ ਲੋਕਾਂ ਲਈ ਧਰਮ ਹੀ ਜੀਵਨ ਸੀ ਲੋਕਾਂ ਲਈ ਰਾਜੇ ਦੀ ਕੁਰਸੀ 'ਤਖਤ' ਸੀ ਲੋਕਾਂ ਲਈ ਰਾਜੇ ਦੀ ਟੋਪੀ 'ਤਾਜ਼' ਸੀ ਲੋਕਾਂ ਲਈ ਰਾਜੇ ਦਾ ਭਾਸ਼ਣ 'ਜਵਾਬ' ਸੀ ਪੂਰੇ ਰਾਜ ਵਿੱਚ ਹਨੇਰੇ ਵਰਗੀ ਸ਼ਾਂਤੀ ਸੀ ਹੁਣ ਰਾਜਾ ਪ੍ਰੇਸ਼ਾਨ ਸੀ ਵਜ਼ੀਰ ਵੀ ਪ੍ਰੇਸ਼ਾਨ ਸੀ ਨੀਤੀਵਾਨ ਵੀ ਪ੍ਰੇਸ਼ਾਨ ਸੀ ਧਰਮ-ਗੁਰੂ ਵੀ ਪ੍ਰੇਸ਼ਾਨ ਸੀ ਹੁਣ ਲੋਕਾਂ ਲਈ ਜੀਵਨ ਹੀ ਧਰਮ ਸੀ ਹੁਣ ਲੋਕ ਰਾਜੇ ਦੇ ਤਖਤ ਨੂੰ 'ਕੁਰਸੀ' ਸਮਝਦੇ ਸਨ ਹੁਣ ਲੋਕ ਰਾਜੇ ਦੇ ਤਾਜ਼ ਨੂੰ 'ਟੋਪੀ' ਸਮਝਦੇ ਸਨ ਹੁਣ ਲੋਕ ਰਾਜੇ ਦੀ ਚੁੱਪ 'ਤੇ 'ਸਵਾਲ' ਕਰਦੇ ਸਨ ਹੁਣ ਰਾਜ ਵਿੱਚ ਰੌਸ਼ਨੀ ਵਰਗੀ ਅਸ਼ਾਂਤੀ ਸੀ

ਸਰਕਾਰ ਤੇ ਦਬਾਅ

ਜਿਵੇਂ ਜਿਵੇਂ ਸਰਕਾਰ ਤੇ ਦਬਾਅ ਪੈਂਦਾ ਓਵੇਂ ਓਵੇਂ ਹੀ ਮਾਰਦੀ ਹੈ ਮੋਕ ਮੀਆਂ। ਇਹ ਔਲਾਦ ਹੈ ਹਿਟਲਰ-ਮੁਸੋਲਿਨੀ ਦੀ ਬਣਦੇ ਸ਼ੇਰ ਨੇ ਵਿਚੋਂ ਡਰਪੋਕ ਮੀਆਂ। ਫਿਰ ਗੱਲਬਾਤ ਦੀ ਅਪੀਲ ਕਰਦੀ ਹੈ ਜਦੋਂ ਦਿੱਤੀ ਜਾਵੇ ਮੰਜੀ ਠੋਕ ਮੀਆਂ। ਹਿੰਸਾ ਹਮੇਸ਼ਾ ਹੀ ਹੈ ਸਰਕਾਰ ਕਰਦੀ ਹਿੰਸਕ ਹੁੰਦੇ ਨਹੀਂ ਕਦੇ ਵੀ ਲੋਕ ਮੀਆਂ। ਸੱਤਾ, ਕਿਰਤੀਆਂ ਦੇ ਹੈ ਪਕੌੜੇ ਤਲਦੀ ਪੂੰਜੀਪਤੀਆਂ ਨੂੰ ਦਿੰਦੀ ਪਰੋਸ ਮੀਆਂ। ਇਹ ਇਤਿਹਾਸ ਦਾ ਫ਼ੈਸਲਾਕੁਨ ਦੌਰ ਹੈ ਇੱਕ ਪਾਸੇ ਕਿਰਤੀ ,ਦੂਜੇ ਪਾਸੇ ਜੋਕ ਮੀਆਂ। ਲੋਕ-ਲਹਿਰਾਂ ਜਦੋਂ ਵੀ ਉੱਠਦੀਆਂ ਨੇ ਫੇਰ ਪਹਾੜ ਵੀ ਨਾ ਸਕਦੇ ਰੋਕ ਮੀਆਂ।

ਟੱਪੇ

ਖੂਹ ਉੱਤੇ ਆ ਮਾਹੀਆ ਤੇਰੇ ਨਾਂ ਨਾਲ ਗੋਤ ਲੱਗਿਆ ਇਹਨੂੰ ਪਰ੍ਹਾਂ ਵਗਾਹ ਮਾਹੀਆ ਚਿੱਟਾ ਕੁੱਕੜ ਬਨੇਰੇ ਤੇ ਝੂਠਾਂ ਦੇ ਗੱਫੇ ਮਿਲਦੇ ਜਾਕੇ ਸਾਧਾਂ ਦੇ ਡੇਰੇ ਤੇ ਪੈਰ ਵਿੱਚ ਮੋਚ ਮਾਹੀਆ ਮੈਂ ਦੁਨੀਆਂ ਦੀ ਗੱਲ ਕਰਦੀ ਤੇਰੀ ਠੇਕੇ ਤੱਕ ਸੋਚ ਮਾਹੀਆ ਛੱਡ ਗੱਲਾਂ ਦਾ ਕੜਾਹ ਮਾਹੀਆ ਅੱਲ੍ਹਾ ਤੇ ਰਾਮ ਵੱਖੋ-ਵੱਖਰੇ ਸਾਡਾ ਹੋਣਾ ਨਾ ਨਿਕਾਹ ਮਾਹੀਆ ਮੰਦੇ ਹਾਲ ਕਮੇਰਿਆਂ ਦੇ ਗੋਦੀ ਵਿੱਚ ਬੈਠਾ ਮੀਡੀਆ ਗੁਣ ਗਾਉਂਦਾ ਲੁਟੇਰਿਆਂ ਦੇ ਦੋ ਪੱਤਰ ਅਨਾਰਾਂ ਦੇ ਧੰਨਾ ਸੇਠ ਮੌਜਾਂ ਕਰਦਾ ਲੋਕ ਗੁਲਾਮ ਨੇ ਬਜਾਰਾਂ ਦੇ ਰਾਵੀ ਤੇ ਝਨਾਬ ਵਗਦਾ ਜਿੰਦਗੀ ਨਰਕ ਕਰਕੇ ਉਹ ਜੰਨਤ 'ਚ ਹੂਰਾਂ ਲੱਭਦਾ ਉਹ ਪੁੱਤ ਨੇ ਗਦਾਰਾਂ ਦੇ ਪਿੰਡਾਂ ਵਿੱਚ ਪਾਉਂਦੇ ਵੰਡੀਆਂ ਜੁੱਤੀ-ਚੱਟ ਸਰਕਾਰਾਂ ਦੇ

ਸਾਜਨ ਆਏ

ਸਾਡੇ ਘਰ ਸਾਜਨ ਆਏ ਸਭ ਮਿਲਕੇ ਜਸ਼ਨ ਮਨਾਏ ਚਿੜੀਆਂ ਦੇ ਚੰਬੇ ਰੀਬਨ ਉੱਤੇ ਜੀ ਆਇਆਂ ਨੂੰ ਲਿਖਿਆ ਕਾਂਵਾਂ-ਬਾਜਾਂ ਦਾ ਇੱਕ ਟੋਲਾ ਵੇਖ-ਵੇਖ ਲਲਚਾਏ ਵਿਚੋਲਾ ਆਪਣੀ ਮੁੰਦਰੀ ਦੇਖੇ ਲਾੜਾ ਕਾਰ ਦੀ ਚਾਬੀ ਰਾਗੀ ਨੇ ਵੀ ਰਾਗ ਉਚਾਰਿਆ ਪੂਰੇ ਮੇਲ਼ ਮਿਲਾਏ ਆਰਕੈਸਟਰਾ ਨੱਚਦੀ ਫਿਰਦੀ ਜਿਵੇਂ ਗਰੀਬੀ ਨਚਾਵੇ ਹੱਥ ਫੜ-ਫੜ ਕੇ ਨੱਚਦੇ ਉਸਦਾ ਫੁਫੜ ਮਾਮੇ ਤਾਏ ਮਲਕ ਭਾਗੋ ਖੁਸ਼ੀ ਮਨਾਵੇ ਭਾਈ ਲਾਲੋ ਕਰੇ ਦਿਹਾੜੀ ਜੂਠਾ ਮਾਲਕ ਭਾਗੋ ਦਾ ਭਾਈ ਲਾਲੋ ਪਿਆ ਉਠਾਏ ਲੈਣ-ਦੇਣ ਦਾ ਸੌਦਾ ਹੋਇਆ ਪੱਲੇ ਤੇਰੇ ਲਾਗੀ ਵੇਖੋ ਮਿਹਰਾਂ ਦਾਤੇ ਦੀਆਂ ਪੱਕੇ ਕਾਜ਼ ਰਚਾਏ ਜਾਇਦਾਦ ਆਈ ਪੁੱਤਰ ਹਿੱਸੇ ਧੀ ਨੂੰ ਮਿਲ਼ੀ ਫੁਲਕਾਰੀ ਧਰਮੀਂ ਬਾਬਲ ਸਦੀਆਂ ਤੋਂ ਏਦਾਂ ਹੀ ਫਰਜ਼ ਨਿਭਾਏ

ਟੈਂਕੀ ਫੁੱਲ ਕਰਾਈ

ਇਕ ਦਿਨ ਟੈਂਕੀ, ਫੁੱਲ ਕਰਾਈ ਪਿੱਛੇ ਲੱਗ ਗਈ, ਸੀਬੀਆਈ ਈਡੀ ਵਾਲਿਆਂ, ਮਾਰਿਆ ਛਾਪਾ ਘਰ 'ਚ ਪੈ ਗਿਆ,ਨਵਾਂ ਸਿਆਪਾ ਗੁੱਸੇ ਵਿੱਚ ਬੋਲੀ, ਮੇਰੀ ਜਨਾਨੀ ਸਾਨੂੰ ਕਦੇ ਨਾ, ਦਿੱਤੀ ਦੁਆਨੀ ਟੈਂਕੀਆ ਫੁੱਲ ਕਰਾਉਂਦਾ ਫਿਰਦੈਂ ਪੈਸਿਆਂ ਨੂੰ ਅੱਗ ਲਾਉਂਦਾ ਫਿਰਦੈਂ ਸ਼ਰੀਕੇ ਵਾਲੇ ਲੈਣ ਨਜਾਰੇ 'ਚੰਗਾ ਹੋਇਆ' ਕਹਿੰਦੇ ਸਾਰੇ ਚਾਰ-ਚੁਫੇਰੇ, ਹੋ ਗਈ ਚਰਚਾ ਚਾਰ ਸੌ ਵੀਹ ਦਾ, ਠੋਕਿਆ ਪਰਚਾ ਸਣੇ ਸਕੂਟਰ, ਚੁੱਕ ਕੇ ਲੈ ਗਏ ਮੀਡੀਆ ਵਾਲੇ, ਪਿੱਛੇ ਪੈ ਗਏ ਪੁਲਿਸ ਦੀ ਮੰਨੀ, ਗਈ ਡਿਮਾਂਡ ਚੌਦਾਂ ਦਿਨ ਦਾ, ਹੋਇਆ ਰਿਮਾਂਡ ਅੱਠ ਲੀਟਰ ਦੀ, ਰਿਸ਼ਵਤ ਦਿੱਤੀ ਤਿੰਨ ਲੀਟਰ ਦੀ, ਪਾਰਟੀ ਕੀਤੀ ਸੱਤ ਲੀਟਰ ਦਾ ਪਾਠ ਕਰਾਇਆ ਫਿਰ ਜਾਕੇ, ਪਿੱਛਾ ਛੁਡਵਾਇਆ ਸਕੂਟਰ ਵੇਚ ਕੇ ਖੋਤਾ ਲੈ ਲਿਆ ਟਰੈਕਟਰ ਵੇਚ ਕੇ ਬੋਤਾ ਲੈ ਲਿਆ ਭਗਵਾ-ਭਗਵਾ ਦਿਲ ਪਿਆ ਗਾਉਂਦਾ ਵਿਸ਼ਵਗੁਰੂ ਮੇਰਾ ਦੇਸ਼ ਕਹਾਉਂਦਾ

ਪੂੰਜੀ ਦਾ ਕੁੱਤਾ

ਪੂੰਜੀ ਨੇ ਇੱਕ ਪਾਲਿਆ ਕੁੱਤਾ ਲੋਕਾਂ ਉਸਦੇ ਮਾਰਿਆ ਜੁੱਤਾ ਕੁੱਝ ਲੋਕਾਂ ਨੇ ਕੀਤਾ ਰੱਫੜ ਕਹਿੰਦੇ ਕੁੱਤਾ ਸਾਡਾ ਫੁੱਫੜ ਜਨਤਾ-ਭੂਆ ਨੂੰ ਦੇਵੇ ਦੁੱਖੜ ਮਾਰੋ ਥੱਪੜ, ਕਾਹਦਾ ਫੁੱਫੜ ਕੁੱਝ ਭੂਆ ਦੇ ਨਾਲ ਖੜੋਗੇ ਬੇਗੈਰਤ ਫੁੱਫੜ ਦੇ ਹੋ ਗਏ

ਹਰ ਮੁਸੀਬਤ ਦਾ ਹੱਲ

ਹਰ ਮੁਸੀਬਤ ਦਾ ਹੱਲ ਹੁੰਦਾ ਏ ਅੱਜ ਨਹੀਂ ਤਾਂ ਕੱਲ੍ਹ ਹੁੰਦਾ ਏ ਬੂੰਦ-ਬੂੰਦ ਨਾਲ ਸਾਗਰ ਬਣਦੇ ਬੂੰਦ-ਬੂੰਦ ਨਾਲ ਸੱਲ ਹੁੰਦਾ ਏ ਮੰਜਲ ਉਹੀ ਸਰ ਨੇ ਕਰਦੇ ਹੌਂਸਲਾ ਜਿਸਦਾ ਅਟੱਲ ਹੁੰਦਾ ਏ ਪਾਣੀ ਦੇ ਨਾਲ ਕਦੇ ਨ ਵਹਿੰਦਾ ਤੈਰਨ ਦਾ ਜਿਸਨੂੰ ਵੱਲ ਹੁੰਦਾ ਏ

ਸਮਝੋ ਆਪ ਜਨਾਬ

ਪਾਣੀ ਵਿੱਚ ਝੱਟ ਡੁੱਬ ਗਈ ਜੋ ਭਵਜਲ ਤਾਰੇ ਕਿਤਾਬ ਬਾਕੀ ਤੁਸੀਂ ਸਿਆਣੇ ਹੋ ਸਮਝੋ ਆਪ ਜਨਾਬ ਕੰਡਿਆਂ ਨੇ ਬਚਾ ਲਿਆ ਮਾਲੀ ਕੋਲੋਂ ਗੁਲਾਬ ਉਸਦੇ ਭੱਥੇ ਤੀਰ ਨੇ ਸਾਡੇ ਕੋਲ ਰਬਾਬ ਬਾਕੀ..... ਉਹ ਧਰਮੀ ਦਾਤਾ ਦਾਨੀ ਦਿੰਦਾ ਨਹੀਂ ਹਿਸਾਬ ਮਕਤੂਲਾਂ ਨੂੰ ਖੁਸ਼ ਰੱਖਦਾ ਉਹ ਕਾਤਿਲ ਲਾਜਵਾਬ ਬਾਕੀ..... ਹਕੀਕਤ ਦੀਆਂ ਹਨੇਰੀਆਂ ਦਿੰਦੀਆਂ ਤੋੜ ਖ਼ੁਆਬ ਕਮਲ ਤਾਂ ਹੀ ਉੱਗਦਾ ਚਿੱਕੜ ਹੋਵੇ ਤਲਾਬ ਬਾਕੀ.....

ਲੋਕ ਮੇਰੇ ਸ਼ਹਿਰ ਦੇ

ਬੜੇ ਬਦਨਾਮ ਨੇ ਲੋਕ ਮੇਰੇ ਸ਼ਹਿਰ ਦੇ ਰੁੱਖ ਲਾ ਦਿੰਦੇ ਨੇ, ਖਿਲਾਫ ਦੁਪਹਿਰ ਦੇ। ਹਾਕਮਾ ਦੀ ਅੱਖ ਵਿੱਚ ਰਹਿੰਦੇ ਨੇ ਚੁਭਦੇ ਸਾਥੀ ਬਣ ਜਾਂਦੇ ਜਦੋਂ ,ਹਰ ਲੋਕ-ਲਹਿਰ ਦੇ। ਮਜਲੂਮਾਂ ਦੀ ਰਾਖੀ ਲਈ, ਜਿੰਦ ਵਾਰ ਦਿੰਦੇ ਗਾਉਂਦੇ ਨੇ ਤਰਾਨੇ, ਸ਼ਹਾਦਤਾਂ ਦੀ ਬਹਿਰ ਦੇ। ਚੁੱਕ ਲੈਂਦੇ ਝੰਡਾ ਜਦੋਂ, ਲਾਲ-ਸੂਹੇ ਰੰਗ ਦਾ ਫਿਕੇ ਪਾ ਦਿੰਦੇ ਰੰਗ, ਜ਼ਾਲਮਾਂ ਦੇ ਕਹਿਰ ਦੇ।

ਖਾਕੀ ਨਿਕਰ

ਖਾਕੀ ਨਿੱਕਰ,ਕਾਲੀ ਟੋਪੀ ਹੱਥ 'ਚ ਸਾਡੇ ਡੰਡੇ ਨਾ ਰੰਨ, ਨਾ ਕੰਨ ਸਾਡੇ ਅਸੀਂ ਰੰਡੇ ਦੇ ਰੰਡੇ ਸੱਤਰ ਸਾਲ ਦਾ ਬੀਜਿਆ ਕਰਤਾ ਅਸੀਂ ਕਰੰਡ। ਦੁਨੀਆਂ ਸਾਡੇ ਛਿੱਤਰ ਮਾਰੇ ਅਸੀਂ ਕੱਢਦੇ ਦੰਦ। ਲੋਕਾਂ ਸਾਨੂੰ ਲਾਹਨਤ ਪਾਈ ਅਸੀਂ ਪਾਇਆ ਗੰਦ। ਨਫ਼ਰਤ ਦਾ ਔਜਾਰ ਚਲਾਕੇ ਖ਼ਲਕਤ ਦੇਈਏ ਵੰਡ। ਮੂਰਖ ਸਾਡੀ ਤਾਕਤ ਬਣਦੇ ਪੂੰਜੀ ਦਿੰਦੀ ਫੰਡ। ਧਰਮ-ਵਰਣ ਸਾਡੇ ਲਈ ਚੋਣਾਂ ਵੇਲੇ ਦਾ ਸੰਦ। ਕੂੜ-ਮਿੱਥ ਵਿਰਾਸਤ ਸਾਡੀ ਸੱਤਾ ਸਾਡੀ ਘਮੰਡ। ਅਣਖ ਗੈਰਤ ਅਤੇ ਜ਼ਮੀਰਾਂ ਸਾਨੂੰ ਸਮਝ ਨ ਆਏ। ਹੱਥ ਜੋੜਕੇ ਮਾਫ਼ੀ ਮੰਗੀ ਫਿਰ ਵੀ 'ਵੀਰ' ਕਹਾਏ।

ਛੰਦ ਬੈਂਤ-ਲੋਕੀਂ ਆਖਦੇ ਗੋਦੀਆ

ਲੋਕੀਂ ਆਖਦੇ ਵੇ ਗੋਦੀਆ ਝੂਠ ਬੋਲੇਂ ਕਿਉਂ ਸਾਡੇ ਕੋਲੋਂ ਸੱਚ ਛੁਪਾਂਵਦਾ ਈ। ਉਸਦੇ ਕਰੋਨਾ ਨਾਲ ਵਿਛੜੇ ਕੌਣ ਮੇਲੂ ਜਿਹੜਾ ਤੇਰੇ ਪਿੱਛੇ ਥਾਲ ਖੜਕਾਂਵਦਾ ਈ। ਜਿਸਦੇ ਸਾਹਾਂ ਦੀ ਲੜੀ ਹੋਵੇ ਟੁੱਟ ਰਹੀ ਉਹਨੂੰ ਬੁੱਤ ਨਾ 'ਪਟੇਲ' ਦਾ ਭਾਂਵਦਾ ਈ। ਜਿਸ ਦੇਸ਼ 'ਚ ਦਵਾਈ ਦੀ ਦਰਕਾਰ ਹੋਵੇ ਉੱਥੇ 'ਸੇਂਟਰਲ-ਵਿਸਟਾ' ਨ ਸੁਹਾਂਵਦਾ ਈ। ਸਕੂਲ,ਹਸਪਤਾਲ ਨਾ ਤੂੰ ਸਾਂਭ ਸਕਦਾ ਲੋਕ ਲੜਵਾਵਣਾ ਹੀ ਤੈਨੂੰ ਆਂਵਦਾ ਈ। ਸਾਡੀ 'ਮਨ ਕੀ ਬਾਤ' ਨ ਤੂੰ ਸੁਣੇਂ ਕਦੇ ਆਪਣੇ ਹੀ 'ਮਨ ਕੀ ਬਾਤ' ਸੁਣਾਂਵਦਾ ਈ। 'ਪੰਦਰਾਂ-ਲੱਖ' ਦੇ ਲਾਰਿਆਂ ਨੇ ਨੰਗ ਕੀਤੇ ਹਰ ਇੱਕ ਵੋਟਰ ਪਿਆ ਕੁਰਲਾਂਵਦਾ ਈ। 'ਕੁਲਦੀਪ' ਉਹ ਯਾਰ ਹੈ ਮਾਲਦਾਰਾਂ ਦਾ ਬਸ ਗਰੀਬਾਂ ਦਾ ਮਨ ਪਰਚਾਂਵਦਾ ਈ।

ਮਨ ਕੀ ਬਾਤ

ਅੱਜ ਫੇਰ ਬਕਵਾਸ ਹੋਵੇਗੀ ਉਹੀ 'ਮਨ ਕੀ ਬਾਤ' ਹੋਵੇਗੀ ਸਾਂਡ ਨੂੰ ਬਾਪ ਕਦੇ ਨ ਕਹਿੰਦਾ ਗਊ ਵਿਚਾਰੀ ਮਾਤ ਹੋਵੇਗੀ। ਜੁਮਲੇਬਾਜ ਭਕਾਈ ਹੋਣੀ ਹਸਪਤਾਲ ਨ ਦਵਾਈ ਹੋਣੀ ਸ਼ੈਤਾਨੀ ਵਿੱਚ ਰਲਾਈ ਹੋਣੀ ਝੂਠੀ ਜਿਹੀ ਧਰਵਾਸ ਹੋਵੇਗੀ।

ਚੰਦਾ ਮੰਦਰ ਲਈ

ਗਲੀ ਗਲੀ ਵਿੱਚ ਚੰਦਾ ਮੰਗਦਾ ਫਿਰਦਾ ਸੀ ਜੋ ਮੰਦਰ ਲਈ ਹਸਪਤਾਲ 'ਚ ਕੱਲ੍ਹ ਮੈਂ ਦੇਖਿਆ ਰੋਂਦਾ ਉਹ ਸਿਲੰਡਰ ਲਈ।

ਤੇਰੇ ਸ਼ਹਿਰ ਵਿੱਚ ਕਤਲ

ਰੋਜ ਤੇਰੇ ਸ਼ਹਿਰ ਵਿੱਚ ਜੋ ਕਤਲ ਹੁੰਦੇ ਨੇ ਇੱਕ ਛੁਰੀ ਤੇ ਤੇਰਾ ਵੀ ਆ ਨਾਂ ਮਿੱਤਰਾ। ਜਿੰਨਾ ਕੋਲੋਂ ਤੂੰ ਪਿੱਠ ਕਰਕੇ ਲੰਘਦਾ ਏਂ ਇਹਨਾਂ ਕਬਰਾਂ ਵਿੱਚ ਤੇਰੀ ਵੀ ਥਾਂ ਮਿੱਤਰਾ। ਅੱਗ ਲੱਗੀ ਜੰਗਲ ਨੂੰ ਰੁੱਖ ਸੜਦੇ ਜਾਂਦੇ ਨੇ ਬਹੁਤੀ ਦੇਰ ਨਾ ਰਹਿਣੀ ਤੇਰੀ ਛਾਂ ਮਿੱਤਰਾ। ਧੌਲ ਦੇ ਸਿੰਙ ਬਦਲਿਆਂ ਧਰਤੀ ਹਿੱਲੇਗੀ ਕਿਉਂ ਨਾ ਹਿਲੂ ਤੇਰਾ ਸ਼ਹਿਰ-ਗਰਾਂ ਮਿੱਤਰਾ।

ਥਾਂ ਉਹਨਾਂ ਦੀ ਘਟਦੀ

ਥਾਂ ਉਨ੍ਹਾਂ ਦੀ ਘਟਦੀ ਜਾਵੇ ਸਾਡਾ ਵਧੇ ਆਧਾਰ ਇਹ ਵੀ ਇੱਕ ਰਣਨੀਤੀ ਹੈ ਇਹ ਵੀ ਇੱਕ ਹਥਿਆਰ ਧਰਮ ਸੱਤਾ ਤੇ ਸੰਪਤੀ ਢਾਹੁੰਦੇ ਸਦਾ ਹੀ ਕਹਿਰ ਜਿੰਨਾ ਇਹ ਤਿੰਨੋ ਫੈਲਦੇ ਓਨਾਂ ਫੈਲਦਾ ਜ਼ਹਿਰ ਸਾਰੇ ਕਦੇ ਵੀ ਸਹਿਮਤ ਹੁੰਦੇ ਨਹੀਂ ਥੋਡੇ ਨਾਲ ਵੈਰੀ ਵੀ ਉਹ ਨਹੀ ਹੁੰਦੇ ਉਹਨਾਂ ਦਾ ਰੱਖੀਏ ਖ਼ਿਆਲ ਜਿਹੜਾ ਸਾਡੇ ਵਰਗ ਦਾ ਹੁੰਦਾ ਨਹੀਂ ਵਿਚਾਰ ਉਹ ਤਾਂ ਸਾਡਾ ਦੁਸ਼ਮਣ ਹੈ ਮਲੀਏ ਸਖਤੀ ਨਾਲ

ਸਾਡਾ ਏਕਾ

ਏਕਾ ਸਾਡੀ ਜਿੱਤ ਹੈ ਟੁਕੜੇ ਸਾਡੀ ਹਾਰ ਹੋਰ ਕੋਈ ਨਾ ਰਾਸਤਾ ਦੋਹਾਂ ਦੇ ਵਿਚਕਾਰ ਲੰਬੇ ਦੌਰ 'ਚ ਉੱਠਦੀ ਸਾਂਝਾ ਦੀ ਕੋਈ ਲਹਿਰ ਔਖੇ ਬੜੇ ਨੇ ਜਮਦੇ ਅੰਗਦ ਵਾਂਗੂੰ ਪੈਰ ਓਨਾਂ ਹੀ ਪੈਰ ਪੁੱਟੀਏ ਜਿੰਨੀ ਹੋਵੇ ਤਿਆਰੀ ਅਸੂਲ ਕਦੇ ਨਾ ਛੱਡੀਏ ਕਰੀਏ ਚੋਟ ਕਰਾਰੀ ਫਾਇਦਾ ਹੋਵੇ ਲਹਿਰ ਦਾ ਘੱਟ ਤੋਂ ਘੱਟ ਨੁਕਸਾਨ ਰਣਨੀਤੀ ਹੋਵੇ ਐਸੀ ਵਿਰੋਧੀ ਨੱਸਦੇ ਜਾਣ ਵੈਰੀ ਉੱਠ ਸਕੇ ਨਾ ਐਸੀ ਕਰੀਏ ਚੋਟ ਦੂਜਾ ਵਾਰ ਵੀ ਕਰ ਦਿਉ ਹੋਣ ਨਾ ਦਿਉ ਲੋਟ ਲੋਕ-ਲਹਿਰਾਂ ਪੜ੍ਹ ਕੇ ਰੰਦ ਲਈਏ ਵਿਚਾਰ ਵਿਚਾਰਾਂ ਦੀ ਤਲਵਾਰ ਹੀ ਕਰੇ ਟਿਕਾਣੇ ਵਾਰ ਜਦੋਂ ਵੀ ਗਲਤੀ ਹੋਜੇ ਤੁਰੰਤ ਕਰੋ ਸੁਧਾਰ ਦੂਜੀ ਵਾਰ ਨਾ ਚਲਦਾ ਇੱਕੋ ਹੀ ਹਥਿਆਰ ਇਕੋ ਵੇਰ 'ਚ ਕਦੇ ਨਾ ਜਿੱਤੀ ਜਾਂਦੀ ਜੰਗ ਵਰਗਾਂ ਦੇ ਇਸ ਭੇੜ 'ਚ ਕਈ ਤਰਾਂ ਦੇ ਰੰਗ ਅਰਜੁਨ ਵਾਂਗੂ ਜਿਹੜੇ ਰੱਖ ਲੈਂਦੇ ਨੇ ਧੀਰ ਚਿੜੀ ਦੀ ਅੱਖ ਤੇ ਉਹੀ ਲਾਉਣ ਨਿਸ਼ਾਨਾਂ ਤੀਰ

ਕਿਰਤੀ ਬੈਠੇ ਠੰਡ

ਕਿਰਤੀ ਬੈਠੇ ਠੰਡ 'ਚ ਕੰਬੀ ਜਾਵੇ ਸਰਕਾਰ ਲੋਕਰਾਜ ਅਤੇ ਲੋਕਾਂ 'ਚ ਇੱਕ ਕੰਡਿਆਲੀ ਤਾਰ ਉਹਨਾਂ ਕਿੱਲਾਂ ਬੀਜੀਆਂ ਅਸੀਂ ਬੀਜਦੇ ਫੁੱਲ ਉਹਨਾਂ ਕੀਮਤ ਰੱਖਤੀ ਅਸੀਂ ਤਾਰਤਾ ਮੁੱਲ ਬੇਸ਼ਕ ਔਖੀ ਘੜੀ ਹੈ ਪਰ ਹੈ ਸੁਨਹਿਰੀ ਦੌਰ ਜਦੋਂ ਤਿੱਤਲੀਆਂ ਆ ਗਈਆਂ ਭੱਜ ਜਾਣਗੇ ਭੌਰ ਉਹ ਚਲਾਉਦਾ ਆ ਰਿਹਾ ਧੋਖੇ ਦੀ ਸਰਕਾਰ ਸਾਡੇ ਵੀ ਵਿਚਾਰਾਂ ਦੀ ਹੁਣ ਤਿੱਖੀ ਹੋ ਗਈ ਧਾਰ ਹਿੱਕ ਚ ਗੋਲੀ ਖਾਵਾਂਗੇ ਫਾਂਸੀ 'ਤੇ ਚੜ੍ਹ ਜਾਵਾਂਗੇ ਆਤਮ-ਹੱਤਿਆ ਕਰਦੇ ਨਹੀਂ ਲੜਦੇ ਹੋਏ ਮਰਜਾਵਾਂਗੇ

ਸਿੱਖ

ਭਾਈ ਲਾਲੋਆਂ ਦੀ ਏਕਤਾ ਤੋੜਨ ਵਾਲਾ ਸਿੱਖ ਕਿਵੇਂ ਹੋ ਸਕਦਾ ਹੈ ਮਲਿਕ ਭਾਗੋਆਂ ਦਾ ਦੁਲਾਰਾ ਸਿੱਖ ਕਿਵੇਂ ਹੋ ਸਕਦਾ ਹੈ ਸਿੱਖ ਨੂੰ ਅੱਜ ਵੀ ਪੂਰੀਆਂ ਚੋਂ ਲਹੂ ਦਿਖਦਾ ਹੈ ਕੋਧਰੇ ਦੀ ਰੋਟੀ ਚੋਂ ਦੁੱਧ ਦਿਖਦਾ ਹੈ ਇਤਿਹਾਸ ਗਵਾਹ ਹੈ ਗੁਰੂ ਗੋਬਿੰਦ ਨੇ ਪੰਜ-ਪਿਆਰਿਆਂ ਨੂੰ ਪੰਚਾਇਤ ਮੰਨਿਆ ਪੰਚਾਇਤ ਦੀ ਨਾ ਮੰਨਣ ਵਾਲਾ ਸਿੱਖ ਕਿਵੇਂ ਹੋ ਸਕਦਾ ਹੈ ਇਤਿਹਾਸ ਗਵਾਹ ਹੈ ਸਿੱਖ ਝੰਡਾ ਗੱਡ ਕੇ ਭੱਜਿਆ ਕਦੇ ਨਹੀਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਰਹੀ ਹੈ ਦੁਸ਼ਮਣ ਦੀ ਇੱਜਤ ਨੂੰ ਇੱਜਤ ਦਿੱਤੀ ਹੈ ਸਿੱਖੀ ਦੀ ਵਿਰਾਸਤ ਜੋੜਨਾਂ ਹੈ ਤੋੜਨਾ ਨਹੀਂ ਹੱਦਾਂ ਮਿਟਾਉਣਾਂ ਹੈ ਹੱਦਾਂ ਪਉਣਾਂ ਨਹੀਂ ਸਿੱਖ ਤੇ ਸਿੱਖੀ ਦੀ ਕੋਈ ਹੱਦ ਨਹੀਂ ਸਿੱਖੀ ਦਾ ਕਿਰਦਾਰ ਬੜਾ ਉੱਚਾ ਹੈ ਸ਼ਬਦ ਸਰਦਾਰ ਬੜਾ ਉੱਚਾ ਹੈ

ਸੰਘੀਆਂ ਦੀ ਸੰਘੀ ਵਿੱਚ

ਜਿਉਂਦਾ ਰਹਿ ਉਹ ਦੇਸ਼ ਨੂੰ ਜਗਾਉਣ ਵਾਲਿਆ ਸੰਘੀਆਂ ਦੀ ਸੰਘੀ 'ਚ ਹੱਥ ਪਾਉਣ ਵਾਲਿਆ ਅੰਤਾਂ ਨੂੰ ਤਾਨਾਸ਼ਾਹੀ ਕਬਰਾਂ 'ਚ ਸੌਂਦੀ ਹੈ ਉਸ ਇਤਿਹਾਸ ਨੂੰ ਦੁਹਰਾਉਣ ਵਾਲਿਆ ਸੜ੍ਹ ਜਾਵੇ ਪੂੰਜੀਵਾਦ ਤਾਂ ਜ਼ੁਲਮ ਕਰਦਾ ਉਹਦੇ ਜੁਲਮਾਂ ਦੇ ਨਾਲ ਟਕਰਾਉਣ ਵਾਲਿਆ ਲੋਕ-ਲਹਿਰਾਂ ਲੋਕਾਂ ਦੀ ਉਮੀਦ ਹੁੰਦੀਆਂ ਤੇਰਾ ਬਣਦਾ ਜੋ ਰੋਲ ਨਿਭਾਉਣ ਵਾਲਿਆ 'ਕੱਠ ਲੋਹੇ ਦੀ ਲੱਠ ਉਹ ਤੋੜ ਨਾ ਸਕੇ ਅੰਗਦ ਦੇ ਵਾਂਗ ਪੈਰ ਜਮਾਉਣ ਵਾਲਿਆ।

ਹਿਟਲਰ-ਮੁਸੋਲਿਨੀ

ਮੁੱਢ ਬੰਨ੍ਹਿਆ ਸੀ ਮੁਸੋਲਿਨੀ ਨੇ ਘੜਾ ਪਾਪ ਦਾ ਭਰਿਆ। ਫੇਰ ਗੁਰੂ ਥੋਡਾ ਹਿਲਟਰ ਆਇਆ ਆਪਣੀ ਮੌਤੇ ਮਰਿਆ। ਟਰੰਪ ਯਾਰ ਤੇਰਾ ਚੂਹਾ ਨਿਕਲਿਆ ਜਲਦੀ ਖੁੱਡ ਵਿੱਚ ਵੜਿਆ। ਹੁਣ ਅਗਲਾ ਨੰਬਰ ਤੇਰਾ ਬੇਲੀਆ ਤੈਨੂੰ ਨਸ਼ਾ ਸੱਤਾ ਦਾ ਚੜ੍ਹਿਆ।

ਜੱਜ ਗਗੋਈ ਵਰਗੇ

ਜਿੱਥੇ ਜੱਜ ਗੋਗੋਈ ਵਰਗੇ ਉੱਥੇ ਕੀ ਅਪੀਲ ਕਰੇ। ਜਿੱਥੇ ਕਾਠ ਦੇ ਉੱਲੂ ਬੈਠੇ ਉੱਥੇ ਕੀ ਦਲੀਲ ਕਰੇ। ਜਿੱਥੇ ਫੈਸਲੇ ਉੱਤੋਂ ਹੁੰਦੇ ਉੱਥੇ ਕੀ ਵਕੀਲ ਕਰੇ। ਜਿੱਥੇ ਸੱਤਾ ਜੋਕਾਂ ਕੋਲੇ ਲੋਕਾਂ ਨੂੰ ਜਲੀਲ ਕਰੇ।

ਆਜੋ ਆਪਾਂ ਦਿੱਲੀ ਚੱਲੀਏ

ਆਜੋ ਆਪਾਂ ਦਿੱਲੀ ਚੱਲੀਏ ਸਾਂਝੀਵਾਲਤਾ 'ਵਾਜਾਂ ਮਾਰੇ। ਫਿੱਕ ਪਾਉਣ ਤੇ ਵੰਡਣ ਵਾਲੇ ਜਿੱਥੇ ਝਗੜੇ ਮੁੱਕ ਗਏ ਸਾਰੇ। ਮਰ ਜਾਂਦੇ ਨੇ ਉਸੇ ਵੇਲੇ ਜੋ ਡਰਦੇ ਅੰਦਰ ਵੜਦੇ ਲੋਕ-ਵਿਰਾਸਤ ਬਣ ਜਾਂਦੇ ਜੋ ਹਿੱਕਾਂ ਤਾਣ ਕੇ ਖੜ੍ਹਦੇ।

ਮੂਲਾ-ਕਿਰਪਾਲ

ਮੂਲਾ ਸਿੰਘ, ਕ੍ਰਿਪਾਲ ਤੇ ਨਵਾਬ ਵਾਂਗੂ ਸੰਨੀ,ਸਦੀਕ ਤੇ ਹੰਸ ਤਾਂ ਹੋਗੇ ਗਦਾਰ ਲੋਕੋ। ਮੋਦੀ ਓਡਵਾਇਰ,ਖੱਟਰ ਡਾਇਰ ਬਣਿਆ ਈਸਟ ਇੰਡੀਆ ਕੰਪਨੀ ਬਣੀ ਸਰਕਾਰ ਲੋਕੋ। ਅੰਗਰੇਜ਼ਾਂ ਵੇਲੇ ਵੀ ਲੋਕਾਂ ਨੂੰ ਵੰਡਦੇ ਸੀ ਖਾਕੀ ਨਿੱਕਰਾਂ ਦਾ ਉਹੀ ਦੁਸ਼ਟ-ਪ੍ਰਚਾਰ ਲੋਕੋ। ਗਦਰੀ ਬਾਬਿਆਂ ਵਰਗੇ ਨੇ ਬਜ਼ੁਰਗ ਸਾਰੇ ਨੌਜਵਾਨ ਭਗਤ-ਸਰਾਭੇ ਹੋ ਗਏ ਤਿਆਰ ਲੋਕੋ। ਵਿਰੋਧ ਨੇ ਹਮੇਸ਼ਾ ਹੀ ਵਿਕਾਸ ਨੂੰ ਜਨਮ ਦਿੱਤਾ ਇਤਿਹਾਸ ਦੁਹਰਾਉਂਦਾ ਖੁਦ ਨੂੰ ਵਾਰ-ਵਾਰ ਲੋਕੋ।

ਨੈਤਿਕ ਜਿੱਤ

ਨੈਤਿਕ ਤੌਰ ਤੇ ਲੋਕ ਜਿੱਤ ਗਏ ਨੇ ਬਸ ਮੰਗਾਂ ਮਨਵਾਉਣਾਂ ਬਾਕੀ ਹੈ। ਤਾਨਾਸ਼ਾਹੀ ਦੇ ਗਲ਼ ਸੰਗਲੀ ਪਾ ਲਈ ਇਹਨੂੰ ਕਬਰੀਂ ਦਫ਼ਨਾਉਣਾਂ ਬਾਕੀ ਹੈ। ਇਸ ਸਾਂਝੀਵਾਲਤਾ ਦੇ ਦੀਵੇ ਨੂੰ ਹਨੇਰੀਆਂ ਤੋਂ ਬਚਾਉਣਾਂ ਬਾਕੀ ਹੈ। ਕੋਈ ਕਿਸੇ ਦੀ ਜਿੱਥੇ ਕਿਰਤ ਨਾ ਲੁੱਟੇ ਰਾਜ ਕਿਰਤੀਆਂ ਦਾ ਲਿਆਉਣਾਂ ਬਾਕੀ ਹੈ।

ਵੱਡੀ ਲੜਾਈ

ਜਦੋਂ ਵੱਡੀ ਲੜਾਈ ਲੜਦੇ ਹੋਈਏ ਛੋਟੇ ਝਗੜਿਆਂ ਦੀ ਉਦੋਂ ਨਾ ਗੱਲ ਕਰੀਏ। ਛੋਟੇ ਮਸਲਿਆਂ ਨੂੰ ਲਾਂਭੇ ਰੱਖ ਕੇ ਪਹਿਲਾਂ ਵੱਡੀ ਮੁਸੀਬਤ ਦਾ ਹੱਲ ਕਰੀਏ। ਜਦੋਂ ਜੰਗ ਲੁਟੇਰਿਆਂ ਨਾਲ ਹੋਵੇ ਸਾਰੇ ਕਮੇਰਿਆਂ ਨੂੰ ਆਪਣੇ ਵੱਲ ਕਰੀਏ। ਪੀੜਤਾਂ ਦੀ ਚੇਤਨਾ 'ਚ ਬਰੂਦ ਭਰਕੇ ਲੁਟੇਰੇ ਵਰਗ ਦੀ ਲੁੱਟ ਦਾ ਠੱਲ੍ਹ ਕਰੀਏ।

ਪੰਜਾਬੀਆਂ ਨੂੰ ਨਸ਼ੇੜੀ

ਜਿਹਨਾਂ ਪੰਜਾਬੀਆਂ ਨੂੰ ਨਸ਼ੇੜੀ ਕਹਿੰਦੇ ਸੀ ਅੱਜ ਹੱਕ ਸੱਚ ਦੀ ਆਵਾਜ਼ ਉਠਾ ਰਹੇ ਨੇ। ਜਿਹਨਾਂ ਦਾ ਕਹਿੰਦੇ ਸੀ ਜਮੀਰ ਮਰ ਗਿਆ ਅੱਜ ਦੇਸ਼ ਦਾ ਜਮੀਰ ਜਗਾ ਰਹੇ ਨੇ। ਰੂਸ ਸ਼ਰਾਬੀ ਤੇ ਚੀਨ ਵੀ ਕਦੇ ਅਫ਼ੀਮਚੀ ਸੀ ਉਸੇ ਇਤਿਹਾਸ ਨੂੰ ਪੰਜਾਬੀ ਦੁਹਰਾਅ ਰਹੇ ਨੇ। 'ਸ਼ਾਹ ਮੁਹੰਮਦਾ'ਓਦੋਂ ਪੂਰੀਆਂ ਨਹੀਂ ਸੀ ਪਾ ਸਕੇ ਪਰ ਅੱਜਕਲ੍ਹ ਉਹ ਪੂਰੀਆਂ ਪਾ ਰਹੇ ਨੇ।

ਅਸਲੀ ਦੇਸ਼-ਭਗਤ

ਅਸਲੀ ਦੇਸ਼-ਭਗਤ ਤਾਂ ਉਹੀ ਹੁੰਦੇ ਸਰਕਾਰ ਕਹੇ ਜਿਨ੍ਹਾਂ ਨੂੰ ਗਦਾਰ ਲੋਕੋ। ਜਦੋਂ ਕੋਈ ਹਿੱਕ 'ਤੇ ਆਣ ਕੇ ਬਹਿ ਜਾਵੇ ਸੱਤਾ ਚਲਾਉਂਦੀ ਏ ਇਹੋ ਹਥਿਆਰ ਲੋਕੋ। ਜਨਤਾ ਹਾਥੀ ਤੇ ਪੂੰਜੀਪਤੀ ਸਾਨ੍ਹ ਹੁੰਦੇ ਲੂੰਬੜੀ ਵਰਗੀ ਹੁੰਦੀ ਹੈ ਸਰਕਾਰ ਲੋਕੋ। ਹਾਥੀ ਸ਼ਾਂਤ ਰਹੇ, ਸਾਨ੍ਹ ਲੁੱਟਦਾ ਰਹੇ ਐਨਾ ਲੂੰਬੜੀ ਦਾ ਹੁੰਦੈ ਕੰਮਕਾਰ ਲੋਕੋ। ਬੀਤ ਚੁੱਕੇ ਤੋਂ ਲੜਨ ਦਾ ਸਬਕ ਲਈਏ ਤੇ ਭਵਿੱਖ ਵਿਚੋਂ ਲਈਏ ਵਿਚਾਰ ਲੋਕੋ। ਪੁਰਾਣੇ ਵਿਚਾਰਾਂ ਨਾਲ, ਨਵੇਂ ਦੁਸ਼ਮਣ ਤੇ ਕਦੇ ਹੁੰਦਾ ਨਹੀਂ ਡੱਟਵਾਂ ਵਾਰ ਲੋਕੋ। ਪੂੰਜੀਪਤੀ ਹੀ ਅਸਲੀ ਦੁਸ਼ਮਣ ਸਾਡੇ ਭਗਤ ਸਿੰਘ ਦੀ ਸੁਣੋ ਪੁਕਾਰ ਲੋਕੋ। 'ਸੱਤਾ' ਆਪਣੇ ਹੱਥਾਂ ਵਿੱਚ ਲੈਕੇ ਹੀ ਕਿਰਤੀ-ਕਾਮੇ ਦਾ ਹੋਣਾ ਬੇੜਾ ਪਾਰ ਲੋਕੋ। ਲੋਕ ਪਹਿਲੇ ਹੱਲੇ ਜੇ ਜਿੱਤਦੇ ਨਾ ਦੂਜੀ ਵਾਰ ਫਿਰ ਹੁੰਦੇ ਨੇ ਤਿਆਰ ਲੋਕੋ। ਹਾਰ ਗਏ ਤਾਂ ਰਾਤਾਂ ਨੂੰ ਸੌਂਦੇ ਨਾ ਤਿੱਖੀ ਕਰਦੇ ਰਹਿੰਦੇ ਨੇ ਕਟਾਰ ਲੋਕੋ। ਜਿੰਨੀ ਦੇਰ ਜਿੱਤ ਨਾ ਨਸੀਬ ਹੁੰਦੀ ਯੋਧੇ ਮੈਦਾਨ 'ਚ ਆਉਂਦੇ ਵਾਰ-ਵਾਰ ਲੋਕੋ। ਜਿਵੇਂ-ਜਿਵੇਂ ਲੋਕ ਅੱਗੇ ਵਧਦੇ ਗਏ ਉੱਚਾ ਹੁੰਦਾ ਗਿਆ ਉਨ੍ਹਾਂ ਦਾ ਕਿਰਦਾਰ ਲੋਕੋ।

ਚੱਕਲੋ-ਚੱਕਲੋ

ਚੱਕਲੋ-ਚੱਕਲੋ ਚੰਗੀ ਨਾ ਕਦੇ ਹੁੰਦੀ ਜਥੇਬੰਦੀ ਨੂੰ ਕਰਦੀ ਹੈ ਕਮਜ਼ੋਰ ਸਾਥੀ। ਜਿਹੜੇ ਵੱਢਣ-ਟੁੱਕਣ ਦੀਆਂ ਗੱਲਾਂ ਕਰਦੇ ਉਹ ਹੁੰਦੇ ਨੇ 'ਲਾਈਲੱਗ' ਜਾਂ 'ਚੋਰ' ਸਾਥੀ। ਲੋਕ-ਲਹਿਰ ਵਿੱਚ ਜਿਹੜੇ ਕਾਹਲ ਕਰਦੇ ਲੁੱਟੀ ਜਾਂਦੀ ਹੈ ਉਹਨਾਂ ਦੀ ਡੋਰ ਸਾਥੀ। ਕੱਲ੍ਹ ਦੀ ਭੂਤਨੀ, ਸਿਵਿਆਂ ਵਿੱਚ ਅੱਧ ਭਾਲੇ ਕਰਦੀ ਰੌਲਾ ਅਤੇ ਪਾਉਂਦੀ ਹੈ ਸ਼ੋਰ ਸਾਥੀ। ਰਾਤੋ-ਰਾਤ ਉੱਗਣ ਵਾਲੇ ਹੀ ਵਿਕਦੇ ਨੇ ਲੰਬਾ ਲੜਨ ਵਾਲੇ ਹੁੰਦੇ ਨੇ ਹੋਰ ਸਾਥੀ। ਛੋਟੀ ਸੋਚ ਖਰਗੋਸ਼ ਵਾਂਗ ਛਾਲਾਂ ਮਾਰੇ ਲੰਬੀ ਸੋਚ 'ਕੱਛੂ' ਦੀ ਤੁਰਦੀ ਹੈ ਤੋਰ ਸਾਥੀ। ਸੂਝ,ਸਿਆਣਪ,ਸਬਰ,ਨਿਮਰਤਾ,ਦਲੇਰੀ ਦੁਸ਼ਮਣ ਦੀ ਧੌਣ ਦਿੰਦੀ ਹੈ ਤੋੜ ਸਾਥੀ। ਇਹ ਲੋਕ-ਰਾਜ ਹੈ, ਰਾਜ-ਸ਼ਾਹੀ ਨਹੀਂ 'ਅਕਲ' ਜਿਆਦਾ ਤੇ ਘੱਟ ਲਈਏ ਜੋਰ ਸਾਥੀ। ਅਸੀਂ ਹਮਲਾਵਰ ਨਹੀਂ, ਪੀੜਤ ਹਾਂ ਇਹ ਸੋਚ ਲੋਕਾਂ ਨੂੰ ਸਾਡੇ ਨਾਲ ਦੇਵੇ ਜੋੜ ਸਾਥੀ।

ਨਜਾਇਜ਼ ਔਲਾਦ ਹਿਟਲਰ ਦੀ

ਇੱਕ ਪਾਸੇ ਨਜਾਇਜ਼ ਔਲਾਦ ਹੈ ਹਿਟਲਰ ਦੀ ਦੂਜੇ ਪਾਸੇ ਭਗਤ ਸਿੰਘ ਦੇ ਖੜੇ ਨੇ ਫਰਜ਼ੰਦ ਮੀਆਂ। ਕਦੇ ਅੰਗਰੇਜ਼ਾਂ ਦੇ ਤਲਵਿਆਂ ਨੂੰ ਜੋ ਚੱਟਦੇ ਰਹੇ ਅੱਜ ਬਣੇ ਫਿਰਦੇ ਨੇ ਦੇਸ਼ ਦੇ ਮੁਕੰਦ ਮੀਆਂ। ਇਹ ਤਾਂ ਚਿੱਠੀਆਂ ਲਿਖ-ਲਿਖ ਮਾਫੀਆਂ ਮੰਗਦੇ ਸੀ ਇਤਿਹਾਸ ਵਿੱਚ ਦਿਖਾਉਂਦੇ ਰਹੇ ਨੇ ਕੰਡ ਮੀਆਂ। ਆਪ ਉੱਡਦੇ ਨੇ ਜੋ ਜੈਟ ਅਡਾਨੀਆਂ ਦੇ ਵਿੱਚ ਉਹ ਸਾਡੇ ਕੱਟਣ ਨੂੰ ਫਿਰਦੇ ਨੇ ਖੰਭ ਮੀਆਂ। ਉਮਰ ਥੋੜੀ ਹੁੰਦੀ ਹੈ,ਬੇਸ਼ੱਕ ਹੈ ਤੇਜ਼ ਦੌੜਦਾ ਬਹੁਤੀ ਦੂਰ ਨਾ ਜਾਂਦਾ, ਝੂਠ ਤੇ ਪਖੰਡ ਮੀਆਂ। ਪਰਿਵਾਰ ਹੋਵੇ ਤਾਂ ਭਾਵਨਾਵਾਂ ਵੀ ਹੋਣ ਪੈਦਾ ਇਹ ਤਾਂ ਇਕੱਠੇ ਹੋ ਗਏ ਨੇ ਸਾਰੇ ਸ਼ਿਖੰਡ ਮੀਆਂ। ਗੋਡਸੇ ਦੇ ਬੈਰੀਕੇਟ ਨਾ ਉਹਨਾਂ ਨੂੰ ਰੋਕ ਸਕਦੇ ਜਿਹਨਾਂ ਨੂੰ ਰੋਕ ਸਕਿਆ ਨਾ ਕਦੇ ਸਰਹੰਦ ਮੀਆਂ। ਜ਼ੁਲਮ ਅੱਗੇ ਜੋ ਸੰਘਰਸ਼ ਦੀ ਅਲਖ ਜਗਾਉਂਦੇ ਉਹੀ ਰਚਦੇ ਨੇ ਇਤਿਹਾਸ ਦਾ ਨਵੇਕਲਾ ਖੰਡ ਮੀਆਂ। ਇਸਨੂੰ ਇਸਦੀ ਜੁੰਡਲੀ ਸਮੇਤ ਹੈ ਦਫ਼ਨ ਕਰਨਾ ਫਾਸੀਵਾਦ ਦੀ ਲਹੁਣੀ-ਪੈਣੀ ਹੈ ਝੰਡ ਮੀਆਂ। ਲੋਕ-ਲਹਿਰ, ਲੋਕ-ਰਾਜ ਨੂੰ ਹੈ ਜਨਮ ਦਿੰਦੀ 'ਕੁਲਦੀਪ' ਪੁਰੀ ਤਰ੍ਹਾਂ ਹੈ ਆਸਾਵੰਦ ਮੀਆਂ।

ਜੰਗ-ਹਿੰਦ

ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ ਇੱਧਰ ਕਾਮੇ ਤੇ ਉੱਧਰ ਫੌਜਾਂ ਸਰਕਾਰੀਆਂ ਨੀ। ਇੱਧਰ ਉਹ ਜੋ ਇਤਿਹਾਸ ਵਿੱਚ ਰਹੇ ਲੜਦੇ ਉੱਧਰ ਉਹ ਜਿਹਨਾਂ ਕੀਤੀਆਂ ਗਦਾਰੀਆਂ ਨੀ। ਇੱਕ ਪਾਸੇ ਦਲਾਲ ਨੇ ਅੰਬਾਨੀਆਂ ਦੇ ਦੂਜੇ ਪਾਸੇ ਜਿਹਨਾਂ ਨੂੰ ਜ਼ਮੀਰਾਂ ਪਿਆਰੀਆਂ ਨੀ। 'ਕੁਲਦੀਪ' ਤਾਨਾਸ਼ਾਹੀ ਦਫ਼ਨ ਹੈ ਹੁੰਦੀ ਆਈ ਲੋਕ-ਏਕਤਾ ਨੇ ਸਦਾ ਹੀ ਮੱਲਾਂ ਮਾਰੀਆਂ ਨੀ।

ਅੰਦਰ ਬੈਠੇ ਕਵੀ ਜੀ

ਏਸੀ ਵਿੱਚ ਬੈਠੇ ਕਵੀ ਜੀ,ਲਿਖ ਰਹੇ ਸੀ ਨਜ਼ਮ। ਕੋਰੇ-ਕੋਰੇ ਕਾਗਜ਼ਾਂ 'ਤੇ,ਚਲਦੀ ਪਈ ਸੀ ਕਲਮ । ਵਿੱਚ ਰਸੋਈ ਘਰਵਾਲੀ, ਰੋਟੀਆਂ ਰਹੀ ਬਣਾ। ਬੱਚੇ ਟੀਵੀ ਦੇਖਦੇ, ਝੁਰਮਟ ਰਹੇ ਸੀ ਪਾ। ਬੂਹਿਓਂ ਲੰਘਦੀ ਸੜਕ ਤੋਂ,ਕਾਰਾਂ ਰਹੀਆਂ ਜਾ। ਕਦੇ ਕੋਈ ਰੇਹੜੀ ਵਾਲਾ, ਦਿੰਦਾ ਆਵਾਜ ਲਗਾ। ਚੌਦਾਂ ਇੱਟਾਂ ਸਿਰਾਂ 'ਤੇ, ਹੋਏ ਚਕਨਾ-ਚੂਰ। ਸਾਹਮਣੇ ਬਣਦੀ ਕੋਠੀ, ਲੱਗੇ ਹੋਏ ਮਜਦੂਰ। ਥੋੜੀ ਦੂਰ ਚੱਲ ਕੇ, ਇਕ ਨਾਲਾ ਜਾਂਦਾ ਆ। ਮੱਖੀਆਂ ਵਰਗੇ ਲੋਕ ਉੱਥੇ, ਝੁੱਗੀਆ ਰਹੇ ਬਣਾ । ਬਿਲਡਿਗਾਂ ਨੇ ਉਚੀਆਂ, ਕੋਈ ਕਿਤੇ ਨਾ ਰੋਕ। ਪੁਲਾਂ ਦੇ ਹੇਠਾਂ ਬੈਠੇ, ਕੁੱਝ ਜੁਤੀਆਂ ਗੰਢਦੇ ਲੋਕ। ਸਿਖਰ ਦੁਪਹਿਰੇ ਸੜਕ ਤੇ ਪਾਉਂਦੇ ਪਏ ਸੀ ਲੁਕ। ਬੱਚੇ ਰੋਂਦੇ ਛਡਕੇ, ਕੁੱਝ ਬਜਰੀ ਰਹੀਆਂ ਕੁੱਟ। ਰਿਕਸ਼ੇ ਵਾਲਾ ਲੰਘਿਆ, ਪਸੀਨਾ ਰਿਹਾ ਸੀ ਪੂੰਝ। ਸੀ.ਐਮ.ਨੇ ਅੱਜ ਆਉਣਾ, ਸੜਕਾਂ ਰਹੇ ਸੀ ਹੂੰਝ। ਕਿਸਾਨ ਦਫਤਰਾਂ ਅੱਗੇ, ਬੈਠੇ ਸੀ ਧਰਨਾ ਮਾਰ। ਨਾਅਰੇ ਮਾਰਦੇ ਆ ਰਹੇ, ਸੀ ਮੁੰਡੇ ਬੇਰੁਜਗਾਰ। ਲਾਠੀਚਾਰਜ ਹੋ ਗਿਆ, ਉੱਤੋਂ ਆਈ ਮੇਲ । ਦੋ ਮਰ ਗਏ,ਸੌ ਜਖਮੀ, ਬਾਕੀ ਭੇਜਤੇ ਜੇਲ। ਸੁਭਾ ਸਵੇਰੇ ਉੱਠ ਕੇ, ਪੜੀ ਜਦੋਂ ਅਖਬਾਰ। ਲਿਖਿਆ ਨਕਸਲਬਾੜੀਏ, ਦਿਤੇ ਗਏ ਨੇ ਮਾਰ। ਟੀ ਵੀ ਉੱਤੇ ਦੇਖਿਆ, ਪ੍ਰਵਚਨ ਰਿਹਾ ਸੀ ਚਲ। ਸੰਗਤਾਂ ਸਿਮਰਨ ਕਰਦੀਆਂ, ਵਜਦੇ ਪਏ ਸੀ ਟਲ। ਕਵੀ ਅਸਾਡੇ ਪਿਆਰ ਤੇ ਕਰਕੇ ਨਜਮ ਤਿਆਰ। ਝੋਲਾ ਚੁੱਕ ਕੇ ਤੁਰ ਪਏ ਵੱਲ ਕਵੀ ਦਰਬਾਰ।

ਇਹ ਦਿਨ ਨਹੀਂ ਪੁੱਛਦਾ

ਇਹ ਦਿਨ ਨਹੀਂ ਪੁੱਛਦਾ ਇਹ ਰਾਤ ਨਹੀਂ ਪੁੱਛਦਾ। ਜ਼ੁਲਮ ਦਾ ਆਰਾ ਐਸਾ ਹੈ ਕਿਸੇ ਦੀ ਜਾਤ ਨਹੀਂ ਪੁੱਛਦਾ। ਕੁੱਝ ਬਹੁਤੇ ਸਿਆਣੇ ਨੇ,ਪੱਬ ਬੋਚ-ਬੋਚ ਧਰਦੇ ਵਾਰੀ ਸਭ ਦੀ ਆਉਂਦੀ ਹੈ ਇਹ ਔਕਾਤ ਨਹੀਂ ਪੁੱਛਦਾ। ਅੱਗ ਲੱਗੀ ਗੁਆਂਢੀਆਂ ਦੇ, ਜੋ ਖੜ-ਖੜ ਵੇਖਦੇ ਸੀ ਕਦੋਂ ਕੰਧ ਟੱਪ ਆ ਜਾਵੇ, ਇਹ ਹਾਲਾਤ ਨਹੀਂ ਪੁੱਛਦਾ। ਕੰਡੇ ਕਈਆਂ ਦੇ ਚੁੱਭਗੇ ਨੇ, ਕਈਆਂ ਦੇ ਚੁੱਭਣੇ ਬਾਕੀ ਨੇ ਕੰਡੇ ਕਿੱਧਰ ਨੂੰ ਫੈਲਣ ,ਕਦੇ ਜੰਗਲਾਤ ਨਹੀਂ ਪੁੱਛਦਾ।

ਸਾਜ ਬੇੜੀਆਂ ਬਣਾਕੇ

ਸਾਜ ਬੇੜੀਆਂ ਬਣਾਕੇ, ਗੀਤ ਗਾਏ ਲੋਕਾਂ ਨੇ ਗੋਤੇ ਖੂਨ ਦੀਆਂ ਨਦੀਆਂ 'ਚ, ਲਾਏ ਲੋਕਾਂ ਨੇ ਜਦੋਂ-ਜਦੋਂ ਵੀ ਹਕੂਮਤੇ ਕਹਿਰ ਵਰਸਾਇਆ ਤੂੰ ਕਫ਼ਨ,ਸਿਹਰੇ ਵਾਂਗ ਸਿਰਾਂ 'ਤੇ ਸਜਾਏ ਲੋਕਾਂ ਨੇ

ਇੱਕ ਕਵੀ ਕਵਿਤਾ ਬਚਾ ਗਿਆ

ਇੱਕ ਕਵੀ ਕਵਿਤਾ ਬਚਾ ਗਿਆ ਜਿੰਦ ਵਾਰ ਕੇ ਦੂਜਾ ਕਵੀ ਬਚ ਗਿਆ ਕਵਿਤਾ ਨੂੰ ਮਾਰ ਕੇ। ਪਹਿਲਾ ਕਵੀ ਮਰ ਕੇ ਵੀ ਮਰਿਆ ਨਹੀਂ ਦੂਜਾ ਕਵੀ ਬਚਕੇ ਵੀ ਬਚਿਆ ਨਹੀਂ। ਜਿੱਥੇ ਕਵੀ ਬਚ ਜਾਵੇ ਉੱਥੇ ਕਵਿਤਾ ਨਹੀਂਓ ਬਚਦੀ ਜਿੱਥੇ ਕਵੀ ਮਰ ਜਾਵੇ ਉੱਥੇ ਕਵਿਤਾ ਨਹੀਂਓ ਮਰਦੀ। ਖੂਨ ਦੇ ਰੰਗਾਂ ਤੋਂ ਜੋ ਅਣਜਾਣ ਕਵੀ ਜੀ ਹੁੰਦੇ ਨਹੀਂਓ ਕਦੇ ਉਹ ਮਹਾਨ ਕਵੀ ਜੀ ਜਿਹੜੀ ਰਾਜ-ਦਰਬਾਰਾਂ ਵਿੱਚ ਗਾਉਂਦੀ ਕਵਿਤਾ ਬਹੁਤਾ ਚਿਰ ਨਹੀਂਓ ਉਹ ਜਿਉਂਦੀ ਕਵਿਤਾ। ਜੋ ਜ਼ਾਲਮਾਂ ਦੀ ਨੀਂਦ ਨੂੰ ਉਡਾਉਂਦੀ ਕਵਿਤਾ ਜੁੱਗਾਂ-ਜੁੱਗਾਂ ਤੱਕ ਉਹ ਜਿਉਂਦੀ ਕਵਿਤਾ। ਵੇਲਣੇ 'ਚ ਪਾਕੇ ਜਿਹੜੀ ਪਿੰਜੀ ਕਵਿਤਾ ਖੂਨ ਨਾਲ ਜਾਵੇ ਜਿਹੜੀ ਸਿੰਜੀ ਕਵਿਤਾ ਫਾਂਸੀ ਦੀਆਂ ਫ਼ੰਦਿਆਂ 'ਤੇ ਗਾਉਂਦੀ ਕਵਿਤਾ ਜੁੱਗਾਂ-ਜੁੱਗਾਂ ਤੱਕ ਉਹ..... ਖੂਨ ਦੀਆਂ ਨਦੀਆਂ 'ਚ ਨਹਾਉਂਦੀ ਕਵਿਤਾ ਹਨ੍ਹੇਰਿਆਂ ਰਾਹਾਂ ਨੂੰ ਰੁਸ਼ਨਾਉਂਦੀ ਕਵਿਤਾ ਅੱਗ ਦੇ ਲਿਬਾਸ ਜਿਹੜੀ ਪਾਉਂਦੀ ਕਵਿਤਾ ਜੁੱਗਾਂ-ਜੁੱਗਾਂ...... ਬੱਚਿਆਂ ਦਾ ਮਨ ਪਰਚਾਉਂਦੀ ਕਵਿਤਾ ਦਾਦੀ ਦੀਆਂ ਲੋਰੀਆਂ ਸੁਣਾਉਂਦੀ ਕਵਿਤਾ ਜਿਹੜੀ ਬਾਲਾਂ ਦੇ ਸੁਪਨੇ 'ਚ ਆਉਂਦੀ ਕਵਿਤਾ ਜੁੱਗਾਂ-ਜੁੱਗਾਂ...... ਮਿਹਨਤਾਂ ਦਾ ਮੁੱਲ ਜਿਹੜੀ ਪਾਉਂਦੀ ਕਵਿਤਾ ਕਾਮਿਆਂ ਦੇ ਬੁੱਲ੍ਹਾਂ ਉੱਤੇ ਜਿਉਂਦੀ ਕਵਿਤਾ ਜੋ ਖੇਤਾਂ ਦੇ ਵਿੱਚ ਲਹਿਰਾਉਂਦੀ ਕਵਿਤਾ ਜੁੱਗਾਂ-ਜੁੱਗਾਂ...... ਵਿਛੜੀਆਂ ਰੂਹਾਂ ਨੂੰ ਮਿਲਾਉਂਦੀ ਕਵਿਤਾ ਮਿਲਦਿਆਂ 'ਤੇ ਫੁਲ ਵਰ੍ਹਸਾਉਂਦੀ ਕਵਿਤਾ ਪਿਆਰਿਆਂ ਲਈ ਸੇਜ ਬਣਾਉਂਦੀ ਕਵਿਤਾ ਜੁੱਗਾਂ-ਜੁੱਗਾਂ...... ਵੇਖ-ਵੇਖ ਰੰਗ ਨਸ਼ਿਆਉਂਦੀ ਕਵਿਤਾ ਸਾਰਿਆਂ ਰੰਗਾਂ ਨੂੰ ਜਿਹੜੀ ਚਾਹੁੰਦੀ ਕਵਿਤਾ ਮੇਲ ਰੰਗਾਂ ਨੂੰ ਰੰਗ ਜੋ ਬਣਾਉਂਦੀ ਕਵਿਤਾ ਜੁੱਗਾਂ-ਜੁੱਗਾਂ.......

ਜੋ ਤੁਹਾਡਾ ਸਰਗਨਾ ਹੈ

ਜੋ ਤੁਹਾਡਾ ਸਰਗਨਾ ਹੈ, ਇਹ ਜੋ ਤੁਹਾਡਾ ਸਰਦਾਰ ਹੈ। ਲੋਕ-ਏਕਤਾ ਦੀਆਂ ਇੱਕ-ਦੋ ਮੁੱਕੀਆਂ ਦੀ ਹੀ ਮਾਰ ਹੈ। ਨਾ ਉਹ ਦਾਨੀ ਹੈ, ਨਾ ਦਾਤਾ ਹੈ, ਨਾ ਹੀ ਫ਼ਕੀਰ ਹੈ ਉਹ ਮਰੀਜ਼ ਹੈ,ਰੋਗੀ ਹੈ,ਮਾਨਸਿਕ ਤੌਰ ਤੇ ਬਿਮਾਰ ਹੈ। ਉਹ ਸਮਾਜ ਨੂੰ ਜੋੜਦਾ ਨਹੀਂ, ਤੋੜਦਾ ਹੈ, ਵੰਡਦਾ ਹੈ ਉਹ ਕੈਂਸਰ ਹੈ,ਫੋੜਾ ਹੈ,ਮਾਸ-ਫੋਬੀਆ ਦਾ ਸ਼ਿਕਾਰ ਹੈ। ਉਹ ਤੁਹਾਨੂੰ ਇਕ ਹਨੇਰੀ ਗੁਫ਼ਾ ਵਿੱਚ ਸੁੱਟ ਰਿਹਾ ਹੈ ਜਿੱਥੇ ਨਾ ਸਿੱਖਿਆ ਹੈ, ਨਾ ਰੋਟੀ ਹੈ, ਨਾ ਰੁਜ਼ਗਾਰ ਹੈ। ਉਸਨੂੰ ਫੁੱਲ, ਹਸਦੇ ਬੱਚੇ, ਚੜ੍ਹਦਾ ਸੂਰਜ ਦਿਖਾਓ ਕੁਦਰਤ ਨਾਲ ਜੋੜੋ,ਉਸਨੂੰ ਇਲਾਜ ਦੀ ਦਰਕਾਰ ਹੈ।

ਹਿੰਦੂ ਸਿੱਖ ਨਾ ਮੁਸਲਮਾਨ ਖਤਰੇ ਵਿੱਚ

ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਖ਼ਤਰੇ ਵਿੱਚ ਹੈ। 'ਅਨੇਕਤਾ 'ਚ ਏਕਤਾ' ਦੀ ਪਹਿਚਾਣ ਖ਼ਤਰੇ ਵਿੱਚ ਹੈ। ਨਰਕ-ਸੁਰਗ ਦੀਆਂ, ਸਦੀਆਂ ਤੋਂ ਪੁੜੀਆਂ ਵੇਚਦੇ ਖਾਨਦਾਨੀ ਵੈਦਾਂ ਦੀ, ਉਹ ਦੁਕਾਨ ਖ਼ਤਰੇ ਵਿੱਚ ਹੈ। ਜੋ 'ਜੀ ਹਜ਼ੂਰ' ਕਹਿਣਗੇ, ਉਹੀ ਜਿੰਦਾ ਰਹਿਣਗੇ ਬਾਦਸ਼ਾਹ ਨੂੰ ਮੁਖਾਤਿਬ,ਹਰ ਜ਼ੁਬਾਨ ਖ਼ਤਰੇ ਵਿੱਚ ਹੈ। ਔਰਤਾਂ ਦੀ ਆਬਰੂ ਅਤੇ ਬੱਚਿਆਂ ਦੇ ਸੁਪਨੇ ਸੋਚ-ਸਾਂਝੀਵਾਲਤਾ ਦਾ ਨਿਸ਼ਾਨ ਖ਼ਤਰੇ ਵਿਚ ਹੈ। ਸਕੂਲ, ਕਾਲੇਜ ਯੂਨੀਵਰਸਿਟੀ,ਲਾਇਬ੍ਰੇਰੀਆਂ ਇਤਿਹਾਸ, ਵਿਗਿਆਨਕ-ਗਿਆਨ ਖ਼ਤਰੇ ਵਿੱਚ ਹੈ। ਹੁਣ ਕਾਨੂੰਨ, ਜੱਜ, ਪ੍ਰਸ਼ਾਸਨ ਪਹਿਰਾਵਾ ਦੇਖਣਗੇ ਬੰਦੇ ਦੀ ਬੰਦਿਆਂ ਵਾਲੀ ਪਹਿਚਾਣ ਖ਼ਤਰੇ ਵਿੱਚ ਹੈ। ਪਾਕੇ ਨਕਾਬ ਫਿਰੇਂ ਆਪਣਿਆਂ ਦਾ ਸਿਰ ਪਾੜਦਾ ਤੇਰੇ ਬੱਚੇ ਦੀ ਰੋਟੀ,ਕੱਪੜਾ,ਮਕਾਨ ਖ਼ਤਰੇ ਵਿੱਚ ਹੈ।

ਨਵਾਂ ਸਾਲ ਮਨਾ ਰਿਹਾ ਹਾਂ

ਦੁੱਖਾਂ-ਭੁੱਖਾਂ ਅਤੇ ਮੁਸੀਬਤਾਂ ਤੋਂ ਅੱਖਾਂ ਚੁਰਾ ਰਿਹਾ ਹਾਂ। ਸੂਰਜ ਵੱਲ ਪਿੱਠ ਕਰਕੇ ਮੋਮਬੱਤੀਆਂ ਜਗਾ ਰਿਹਾ ਹਾਂ ਅੱਜ ਮੈਂ ਦੇਸ਼ ਦੇ ਲੋਕਾਂ ਨਾਲ ਨਵਾਂ ਸਾਲ ਮਨਾ ਰਿਹਾ ਹਾਂ।

ਤਖਤ-ਏ-ਨਸ਼ੀਂ

ਜੇ ਉਸਨੂੰ ਵਹਿਮ ਹੈ ਤਖਤ-ਏ-ਨਸ਼ੀਂ ਹੋਣ ਦਾ ਤਾਂ ਸਾਡੇ 'ਚ ਵੀ ਹੁਨਰ ਹੈ ਤਖਤੇ ਪਲਟਾਉਣ ਦਾ। ਜੇ ਉਹ ਨਹੀਂ ਮੰਨਦੇ ਸਾਨੂੰ ਬਸ਼ਿੰਦਾ-ਏ-ਨਗਰ ਸਾਡੇ 'ਚ ਦਮ ਹੈ ਬਿਨਾਂ ਬਾਦਸ਼ਾਹਾਂ ਤੋਂ ਜਿਉਣ ਦਾ। ਦੇ ਕੇ ਖੂਨ ਵਤਨ-ਪ੍ਰਸਤਾਂ ਨੇ ਸਿੰਜਿਆ ਹੈ ਏਸਨੂੰ ਅਸੀਂ ਰੱਖਦੇ ਹਾਂ ਜਿਗਰਾ ਜਾਲਿਮ ਨੂੰ ਝੁਕਾਉਣ ਦਾ।

ਅੱਜ ਇਕ ਮਸੂਮ ਮਰਿਆ ਹੈ

ਅੱਜ ਇੱਕ ਮਸੂਮ ਮਰਿਆ ਹੈ ਕੱਲ੍ਹ ਨੂੰ ਸਾਡੀ ਵਾਰੀ ਹੈ ਕੁੱਝ ਸੋਕੇ ਨਾਲ ਮਰ ਜਾਣਗੇ ਕੁੱਝ ਹੜ੍ਹਾਂ ਨਾਲ ਕੁੱਝ ਖਾਦਾਂ-ਸਪਰੇਆਂ ਖਾਕੇ ਮਰ ਜਾਣਗੇ ਕੁੱਝ ਸੜਕਾਂ 'ਤੇ ਲਾਪਰਵਾਹੀ ਨਾਲ ਕੁੱਝ ਪ੍ਰਦੂਸ਼ਣ ਨਾਲ ਮਰ ਜਾਣਗੇ ਕੁੱਝ ਗੰਦੇ ਪਾਣੀ ਨਾਲ ਕੁੱਝ ਨੂੰ ਏਜੰਟ ਮਾਰ ਦੇਣਗੇ ਕੁੱਝ ਨੂੰ ਕਰਜ਼ਾ ਕੁੱਝ ਨਸ਼ਿਆਂ ਨਾਲ ਮਰ ਜਾਣਗੇ ਕੁੱਝ ਇਲਾਜ ਖੁਣੋਂ ਪੜ੍ਹਿਆਂ ਨੂੰ ਡਿਗਰੀਆਂ ਮਾਰ ਦੇਣਗੀਆਂ ਅਨਪੜ੍ਹਾਂ ਨੂੰ ਅਨਪੜ੍ਹਤਾ ਕੁੱਝ ਨੂੰ ਧਰਮ ਮਾਰ ਦੇਵੇਗਾ ਕੁੱਝ ਨੂੰ ਸਿਆਸਤ ਫਿਰ ਵੀ ਜੋ ਬਚ ਜਾਣਗੇ ਉਹਨਾਂ ਦੀਆਂ ਜ਼ਮੀਰਾਂ ਮਰ ਜਾਣਗੀਆਂ ਕੋਈ ਨਹੀਂ ਬਚੇਗਾ

ਫੌਜੀ-ਫੌਜੀ ਭਰਾ

ਮੈਂ ਵੀ ਫੌਜੀ ਤੂੰ ਵੀ ਫੌਜੀ ਆਪਾਂ ਦੋਵੇਂ ਭਰਾ-ਭਰਾ। ਕਿਰਤੀ-ਕਾਮਿਆਂ ਦੇ ਅਸੀਂ ਜਾਏ ਕੌਣ ਅਸਾਂ ਨੂੰ ਰਿਹਾ ਲੜਾ। ਘਰ ਸਾਡੇ ਵਿਚ ਸੱਥਰ ਵਿਛਾਕੇ ਕੌਣ ਰਿਹਾ ਏ ਖੁਸ਼ੀ ਮਨਾਅ। ਸਾਡੀ ਜ਼ਿੰਦਗੀ ਦਾਅ 'ਤੇ ਲਾਕੇ ਕੌਣ ਸਾਡੇ 'ਤੇ ਲਾ ਗਿਆ ਦਾਅ। ਕੌਣ ਬੀਜਦਾ ਪਿਆ ਬੰਦੂਕਾਂ ਕੌਣ ਰਿਹਾ ਏ ਯੁੱਧ ਰਚਾ। ਸਾਡੇ ਖੂਨ ਦੀ ਖਾਦ ਬਣਾਕੇ ਕੌਣ ਗਿਆ ਏ ਝਾੜ ਵਧਾ। ਮੁਨਾਫੇ ਦੀ ਇਸ ਮੰਡੀ ਦੇ ਵਿਚ ਵੇਖੀਂ ਕੀਹਦਾ ਲੱਗ ਗਿਆ ਦਾਅ। ਦੋ ਵਕਤ ਦੀ ਰੋਟੀ ਬਦਲੇ ਸਾਨੂੰ ਦਿੱਤੇ ਹਥਿਆਰ ਫੜਾ। ਰੋਂਦੇ ਬਾਲ ਨਿਆਣੇ ਛੱਡ ਕੇ ਸਾਨੂੰ ਕਦੋਂ ਮਰਨ ਦਾ ਚਾਅ। ਜਦ ਰੁੱਤ ਆਵੇ ਚੋਣਾਂ ਦੀ ਸਾਡੀ ਜਿੰਦਗੀ ਸਸਤੇ ਭਾਅ। ਪੂਰੀਆਂ ਵਾਂਗੂੰ ਤਲਕੇ ਸਾਨੂੰ ਹਰ ਵਾਰੀ ਕੋਈ ਜਾਂਦਾ ਖਾ। ਆਪਾਂ ਤਾਂ ਹਾਂ ਕਠਪੁਤਲੀਆਂ ਕੌਣ ਰਿਹਾ ਏ ਸਾਨੂੰ ਨਚਾ। ਹੱਦਾਂ-ਬੰਨ੍ਹੇ ਤੋੜਕੇ ਦੋਵੇਂ ਆਪਾਂ ਲਈਏ ਜੱਫੀ ਪਾ। ਚੱਲ ਮਾਰੀਏ ਉਹਨੂੰ ਆਪਾਂ ਜੋ ਸਾਨੂੰ ਰਿਹਾ ਏ ਮਾਰ ਮੁਕਾ। ਮੈਂ ਵੀ ਫੌਜੀ ਤੂੰ ਵੀ ਫੌਜੀ ਆਪਾਂ ਦੋਵੇਂ ਭਰਾ-ਭਰਾ।

ਮੀਆਂ-ਬੀਵੀ ਅਤੇ ਰੱਬ

ਨਵੇਂ ਨਵੇਂ ਸੀ ਅਸੀਂ ਵਿਆਹੇ ਸਾਰਾ ਕੁੱਝ ਸੀ ਚੰਗਾ। ਮੀਆਂ-ਬੀਵੀ ਹਸਦੇ-ਖੇਡਦੇ ਘਰ 'ਚ ਹੋ ਗਿਆ ਦੰਗਾ। ਮੈਂ ਕਿਹਾ ਕਿ ਵੱਡਾ ਹੋਕੇ ਸਾਡਾ ਪੁੱਤ ਬਣੇਗਾ ਮਾਸਟਰ। ਪਤਨੀ ਤਲਖ਼ੀ ਦੇ ਵਿੱਚ ਬੋਲੀ ਸਾਡਾ ਪੁੱਤ ਬਣੇਗਾ ਡਾਕਟਰ। ਇਸੇ ਗੱਲ 'ਤੇ ਰੌਲਾ ਹੋ ਗਿਆ ਅੜ ਗਈ ਸਾਡੀ ਗਰਾਰੀ। ਘਰ ਵਾਲੀ ਨੇ ਅੱਖਾਂ ਕੱਢੀਆਂ ਮੈਂ ਗੁੱਸੇ ਦੇ ਨਾਲ ਤਾੜੀ। ਘਰਵਾਲੀ ਨੇ ਸੋਟੀ ਚੁੱਕ ਲਈ ਮੈਂ ਚੁੱਕ ਲਿਆ ਡੰਡਾ। ਘਰਵਾਲੀ ਨੇ ਘੋਟਣਾ ਚੁੱਕਿਆ ਮੈਂ ਚੁੱਕ ਲਿਆ ਟੰਬਾ। ਗੁਥਮ-ਗੁੱਥਾ ਹੋ ਗਏ ਦੋਵੇਂ ਕਸਰ ਕਿਸੇ ਨਾ ਛੱਡੀ। ਮੈਂ ਜਲੇਬੀ ਜੂੜਾ ਪੁੱਟਤਾ ਉਸਨੇ ਦੰਦੀ ਵੱਢੀ। ਆਂਢ-ਗੁਆਂਢ ਚੋਂ ਭੱਜੇ ਆਏ ਹਿੰਦੂ ਮੁਸਲਿਮ ਸਿੱਖ ਈਸਾਈ। ਪੁੱਛਣ ਲੱਗੇ ਰੌਲਾ ਕੀ ਹੈ? ਮੈਂ ਪੂਰੀ ਕਥਾ ਸੁਣਾਈ। ਕਥਾ ਸੁਣਕੇ ਹੱਸਣ ਲੱਗੇ ਹਰ ਕੋਈ ਹੱਕਾ-ਬੱਕਾ। ਕਹਿੰਦੇ 'ਐਵੇਂ ਲੜੀ ਜਾਂਦੇ ਹੋ' ਘਰ 'ਚ ਨ ਥੋਡੇ ਬੱਚਾ। ਪਹਿਲਾਂ ਕਹਿੰਦੇ ਬੱਚਾ ਜੰਮੋਂ ਕਰਿਉ ਫੇਰ ਲੜਾਈ। ਐਵੇਂ ਸਾਰੇ ਮੁਹੱਲੇ ਦੇ ਵਿਚ ਆਫ਼ਤ ਤੁਸੀਂ ਮਚਾਈ। ਸਮਝਾਵਣ ਲੱਗੇ, ਸਾਨੂੰ ਸਾਰੇ ਮੂਰਖਤਾ ਨ ਕਰੀਏ। ਜਿਹੜੀ ਚੀਜ਼ 'ਖ਼ਿਆਲੀ' ਹੋਵੇ ਉਸ ਪਿੱਛੇ ਨ ਲੜੀਏ। ਮੈਨੂੰ ਵੀ ਫਿਰ ਤਾਅ ਆ ਗਿਆ ਮੈਂ ਵੀ ਖੂਬ ਸੁਣਾਈਆਂ। ਥੋਡਾ ਵੀ ਤਾਂ ਰੱਬ ਖ਼ਿਆਲੀ ਤੁਸੀਂ ਕਿਉਂ ਹੱਟੀਆਂ ਪਾਈਆਂ? 'ਰੱਬ' ਦੇ ਨਾਂ 'ਤੇ ਲੜਦੇ ਰਹਿੰਦੇ ਰੱਬ ਦਿਖਾਓ ਕਿੱਥੇ? ਤਰਕ ਦੇ ਮੈਂ ਤੀਰ ਚਲਾਕੇ ਪਾਤੇ ਸਾਰੇ ਛਿੱਥੇ। ਦੁਨੀਆਂ ਦੇ ਵਿਚ ਨਫਰਤ ਬੀਜੀ ਘਰ ਘਰ ਅੱਗਾਂ ਲਾਈਆਂ। ਗਰੀਬ,ਔਰਤਾਂ, ਬੱਚੇ ਮਰਦੇ ਲਾਸ਼ਾਂ ਤੁਸੀਂ ਵਿਛਾਈਆਂ। ਹਰ ਵੇਲੇ ਹੀ ਬਣਿਆ ਰਹਿੰਦਾ 'ਰੱਬ' ਥੋਡੇ ਨੂੰ ਖਤਰਾ। ਵੋਟਾਂ ਜਿੱਤਕੇ ਮੰਤਰੀ ਬਣਜੇ ਹਰ ਵਾਰੀ ਕੋਈ ਚਤਰਾ। ਸਾਡਾ ਖਿਆਲ ਤਾਂ ਪੂਰਾ ਹੋਜੂ ਬੱਚਾ ਹੁੰਦਾ ਆਇਆ। ਤੁਸੀਂ ਦੱਸੋ, ਅੱਜ ਤੱਕ ਥੋਡੇ ਕੀਹਨੂੰ ਰੱਬ ਥਿਆਇਆ? ਤੱਤੀਆਂ ਸੁਣਕੇ ਮੇਰੇ ਕੋਲੋਂ ਟੇਢੇ ਝਾਕਣ ਲੱਗੇ। ਹੌਲੀ-ਹੌਲੀ ਘਰ ਨੂੰ ਤੁਰਗੇ 'ਕੁਲਦੀਪ' ਝਾੜਦੇ ਝੱਗੇ।

ਭਗਵਾ

ਜੇਕਰ ਭਗਵਾ ਆ ਗਿਆ ਤਾਂ ਬਦਲ ਦਿਊ ਤਸਵੀਰ। ਗਾਂ-ਮੂਤਰ ਲੋਕੀਂ ਪੀਣਗੇ ਬਾਂਦਰ ਖਾਣਗੇ ਖੀਰ। ਰੋਜ਼ੀ ਰੋਟੀ ਰੁਜਗਾਰ ਦਾ ਇੱਕੋ ਹੋਵੇਗਾ ਹੱਲ। ਨਸ਼ਾ ਕਰਕੇ ਧਰਮ ਦਾ ਵਜਾਈ ਚੱਲੋ ਟੱਲ। ਗੋਬਰ ਵਿੱਚ ਦਿਮਾਗ ਦੇ ਜੀਭਾਂ ਉੱਤੇ ਜਹਿਰ। ਹਵਾ 'ਚ ਰਹੂ ਤਲਖੀ ਗਰਮੀ ਅੱਠੇ ਪਹਿਰ। ਮਾਣ ਹੋਵੇਗਾ ਧਰਮ 'ਤੇ ਚੁੱਲ੍ਹੇ ਨਾ ਹੋਣੀ ਅੱਗ। ਤਿਲਕਧਾਰੀ ਰੱਬ ਹੋਣਗੇ ਬਾਕੀ ਦੇ ਲਾਈਲੱਗ। ਔਰਤ ਦੇਵੀ ਹੋਵੇਗੀ ਪਿੰਜਰੇ ਦੇ ਵਿੱਚ ਬੰਦ। ਰੱਖਿਆ ਕਰੇਗੀ ਧਰਮ ਦੀ ਬੱਚੇ ਜੰਮਣ ਦਾ ਸੰਦ। ਖੁਸ਼ ਬੜੇ ਹੀ ਹੋਣਗੇ ਧਰਮ 'ਚ ਟੱਲੀ ਲੋਕ। ਲੁੱਟ-ਪੁੱਟ ਕੇ ਖਾਣਗੇ ਫਿਰ ਵੱਡੇ-ਵੱਡੇ ਜੋਕ। ਕਿਰਤੀ ਅਤੇ ਕਾਮੇ ਦੀ ਕਿਸੇ ਨ ਲੈਣੀ ਸਾਰ। ਸਿੱਖ ਈਸਾਈ ਦਲਿਤ ਹੋਣਗੇ ਲਾਚਾਰ। ਭਗਵਾਧਾਰੀ ਗੁੰਡੇ ਹੋਣਗੇ ਭਗਵਾਨ। ਕਬਰਾਂ ਦੇ ਵਿੱਚ ਮਿਲਣਗੇ ਸੱਚੇ-ਸੁੱਚੇ ਇਨਸਾਨ। ਇਸ ਦੇਸ਼ ਨੇ ਬਣ ਜਾਣਾ ਦੂਜਾ ਪਾਕਿਸਤਾਨ ਤਰਕ ਦਲੀਲ ਨ ਹੋਵੇਗੀ ਨ ਹੋਣਾ ਵਿਗਿਆਨ ਆਖਿਰ ਇੱਕ ਦਿਨ ਅੱਕ ਕੇ ਲੋਕ ਪੈਣਗੇ ਜਾਗ। ਕਮੇਰੇ 'ਕੱਠੇ ਹੋਕੇ ਬਦਲ ਦੇਣਗੇ ਭਾਗ।

ਜੱਟਵਾਦ

ਜੱਟ ਖੱਬੀ ਖਾਨ ਪੀਂਦਾ ਪਹਿਲੇ ਤੋੜ ਦੀ ਜੱਟ ਰੱਖਦਾ ਏ ਭਰ ਕੇ ਨੀਂ ਬਾਰਾਂ ਬੋਰ ਦੀ ਜੱਟ ਸੀਨੇ ਵਿੱਚ ਮਾਰਕੇ ਨੀ ਖੂਨ ਚੱਟਦਾ ਲਾਵਾਂ ਮੌਤ ਨਾਲ ਲੈਣੀਆਂ ਹੀ ਏਮ ਜੱਟ ਦਾ ਜੱਟ ਜਿੰਨਾ ਗਾਹ ਕੋਈ ਪਾ ਨਹੀਂ ਸਕਦਾ ਜੱਟ ਫੜ ਲਵੇ ਬਾਂਹ ਕੋਈ ਛੁਡਾ ਨਹੀਂ ਸਕਦਾ। ਜੱਟ ਥਾਰ ਵਿੱਚ ਯਾਰਾਂ ਨਾਲ ਚਿੱਲ ਕਰਦਾ ਜੱਟ ਫਾਇਰ ਉੱਥੇ ਕਰੇ ਜਿੱਥੇ ਦਿੱਲ ਕਰਦਾ ਜੱਟ ਚੁੱਕ ਕੇ ਲੈ ਜਾਂਦਾ ਏ ਬਜ਼ਾਰ ਵਿਚੋਂ ਨੀਂ ਜੱਟ ਗੋਲੀ ਮਾਰ ਦਿੰਦਾ ਤਲਵਾਰ ਵਿਚੋਂ ਨੀ। ਜੱਟ ਸੀਨੇ ਉੱਤੇ ਬਹਿ ਕੇ ਛਾਤੀ ਪਾੜ ਦਿੰਦਾ ਨੀਂ ਜੱਟ ਜਦੋਂ ਦਿਲ ਕਰੇ ਬੰਦਾ ਮਾਰ ਦਿੰਦਾ ਨੀ ਜੱਟ ਲੰਘੇ ਵੈਰੀਆਂ ਦੇ ਮੂੰਹ 'ਤੇ ਥੁੱਕ ਕੇ ਜੱਟ ਕਰਕੇ ਕਤਲ ਪਾਵੇ ਫੇਸਬੁੱਕ ਤੇ ਸਾਲੇ ਮੇਰੇ ਤਾਂਹੀਂਉ ਤਾਂ ਟੰਗੇ ਰਹਿੰਦੇ ਨੇ ਮੇਰੇ ਸਾਲੇ ਜੀਜੇ ਨਾਲ ਪੰਗੇ ਲੈਂਦੇ ਨੇ ਜੱਟ ਮੋਟਰ 'ਤੇ ਕੱਢਦੇ ਡਰੰਮ ਸੋਹਣੀਏ। ਜੱਟ ਦੇ ਜੁਗਾੜੀ ਹੁੰਦੇ ਕੰਮ ਸੋਹਣੀਏ। ਜੱਟ ਲੱਲੀ-ਖੰਧੀ ਕਲਾਕਾਰ ਫਿਰੇ ਹੂੰਝਦਾ ਅੱਜਕਲ੍ਹ ਡੀਜੇ ਉੱਤੇ ਜੱਟ ਗੂੰਜਦਾ। ਮੌਤ ਜੱਟ ਨੇ ਨੀਂ ਪਾਵੇ ਨਾਲ ਬੰਨੀ ਹੋਈ ਹੈ ਜੱਟ ਦੀ ਚੜਾਈ ਸਾਰੇ ਮੰਨੀ ਹੋਈ ਐ ਜੱਟ ਕਾਲਜ ਨੂੰ ਜਾਂਦਾ ਜੰਬੂਆ ਨੀ ਟੰਗ ਕੇ ਜੱਟ ਕੋਲੋਂ ਲੰਘਦਾ ਨ ਕੋਈ ਖੰਘ ਕੇ। ਜੱਟ ਨਾਲ ਵੈਲੀਆਂ ਦੀ ਜੰਨ ਹੁੰਦੀ ਹੈ ਕਿਤਾਬ ਦੀ ਥਾਂ ਜੱਟ ਕੋਲ ਗੰਨ ਹੁੰਦੀ ਹੈ ਸੋਲਵੇਂ 'ਚ ਜੱਟ ਨੇ ਕਮਾਈ ਖੱਟ ਲਈ ਬਾਪੂ ਦੀ ਮਸ਼ੂਕ ਦੀ,ਮੈਂ ਧੀ ਪੱਟ ਲਈ ਜੱਟ ਸੀਗਾ ਨਾਨਕੇ,ਉਹ ਭੂਆ ਕੋਲ ਸੀ ਅੱਖ ਭੂਆ ਤੋਂ ਬੱਚਾਕੇ,ਕਰਦੀ ਕਲੋਲ ਸੀ ਜੱਟ ਕੇ ਐਫ ਸੀ ਦੇ ਖਾਂਦਾ ਲੈੱਗ ਸੋਹਣੀਏ ਡੀਸੀ ਜੱਟ ਨੂੰ ਬਣਾਕੇ ਦਿੰਦਾ ਪੈੱਗ ਸੋਹਣੀਏ। ਜੱਟ ਜਿੱਥੋਂ ਲੰਘਦਾ ਸਲੂਟ ਸੁੱਟ ਦੇ ਇਹ ਮਾਮੇ ਸਾਲੇ ਜੱਟ ਦੀਆਂ ਲੱਤਾਂ ਘੁੱਟਦੇ ਬਿੱਲੋ ਜੱਟ ਕੋਲੋਂ ਡਰਦੀ ਹਨੇਰ ਗਰਦੀ ਮਾਮੇ ਜੱਟ ਕੋਲੋਂ ਪੁੱਛ ਕੇ ਹੀ ਪਾਉਂਦੇ ਵਰਦੀ। ਗਾਣੇ ਉੱਚੀ-ਉੱਚੀ ਲਾਉਂਦੀ ਬੋਤਲਾਂ ਨੂੰ ਭੰਨਦੀ ਮੈਨੂੰ ਜੱਟਾਂ ਦੀ ਮੰਡੀਰ ਨੀ ਸਟਾਰ ਮੰਨਦੀ। ਬਾਪੂ ਸਾਡਾ ਪਿਸਟਲ ਬੇਬੇ ਕਰਤੂਤ ਐ। ਭੂਆ ਗਰਨੇਡ ਸਾਡੀ ਕੱਢਦੀ ਜਲੂਸ ਐ। ਜੱਟ ਤਾਏ ਕੋਲੋਂ ਸਿੱਖਿਆ ਚਪੇੜ ਛੱਡਣੀ। ਚਾਚੇ ਨੇ ਸਿਖਾਈ ਮੈਨੂੰ ਗਾਲ੍ਹ ਕੱਢਣੀ। ਨਾਗਣੀ ਦਾ ਭੋਰਾ ਜੱਟੀ ਲਾਉਣਾ ਨੂੰ ਫਿਰੇ ਜੱਟੀ ਅਮਲੀ ਨਾ ਵਿਆਹ ਕਰਵਾਉਣ ਫਿਰੇ ਗਾਲ ਧੀ ਦੀ ਜੁਬਾਨ ਉੱਤੇ ਜੱਟ ਰੱਖਦਾ ਜੱਟ ਇੱਕ-ਅੱਧਾ ਸੀਨੇ ਉੱਤੇ ਫੱਟ ਰੱਖਦਾ ਸ਼ਾਨ ਜੱਟ ਦੀ ਹੈ ਖੂਨ ਖਰਾਬੇ ਵਾਂਗ ਨੀ ਜੱਟ ਮਰੂਗਾ ਜਵਾਨੀ 'ਚ ਸਰਾਭੇ ਵਾਂਗ ਨੀ ਹਰ ਕੁੜੀ ਜੱਟ ਨੂੰ ਸ਼ਬਾਬ ਦਿਸਦੀ ਤੇਰੇ ਨੈਣਾਂ ਵਿੱਚ ਜੱਟ ਨੂੰ ਸ਼ਰਾਬ ਦਿਸਦੀ ਇਹ ਬੁੱਧੀਜੀਵੀ ਸਾਲੇ ਜੱਟ ਤੋਂ ਨੇ ਚਿੜਦੇ ਚਾਰ ਪੜ੍ਹਕੇ ਕਿਤਾਬਾਂ ਜੀਜੇ ਨਾਲ ਭਿੜਦੇ

ਟਮਾਟਰ

ਦਿਲ ਕੁੜੀ ਦਾ ਮੁੰਡੇ ਦੇ ਉੱਤੇ ਆ ਗਿਆ ਟਮਾਟਰਾਂ ਦਾ ਥੈਲਾ ਦੇਖਕੇ। ਰੁੱਸੀ ਵਹੁਟੀ ਨੂੰ ਲੈਣ ਨਾ ਜਾਵੇ ਡਰਦਾ ਟਮਾਟਰਾਂ ਤੋਂ। ਹੀਰੇ ਮੋਤੀ ਨਾ ਜਵਾਹਰਾਤ ਮੰਗਦੀ ਟਮਾਟਰਾਂ ਦਾ ਫੁੱਲ ਮੰਗਦੀ। ਮੁੰਡੇ ਵਾਲਿਆਂ ਕੁੜੀ ਤੋਂ ਦਾਜ ਮੰਗਿਆ ਚਟਨੀ ਟਮਾਟਰਾਂ ਦੀ। ਅੱਜ ਆਇਆ ਮੈਂ ਬਜਾਰ ਵਿਚੋਂ ਨੱਚਦਾ ਟਮਾਟਰਾਂ ਦੀ ਲੈਕੇ ਵਾਸ਼ਨਾਂ। ਦਿਲ ਮੰਗਿਆ ਸੀ ਤੇਰੇ ਕੋਲੋ ਰੋ ਕੇ ਕਿਹੜੇ ਮੈਂ ਟਮਾਟਰ ਮੰਗ ਲਏ। ਤਾਰੇ ਤੋੜ ਦਿਉਂ ਤੇਰੇ ਲਈ ਅਕਾਸ 'ਚੋਂ ਟਮਾਟਰ ਦੀ ਮੰਗ ਛੱਡ ਦੇ। ਜਾਨ ਵਾਰ ਦਿਉਂ ਤੇਰੇ ਲਈ ਸੋਹਣੀਏ ਟਮਾਟਰਾਂ ਨੂੰ ਹੱਥ ਨਾ ਲਾਈਂ।

ਰਾਤ ਮੇਰੇ ਕੋਲ ਕਵਿਤਾ ਆਈ

ਰਾਤ ਮੇਰੇ ਕੋਲ ਕਵਿਤਾ ਆਈ ਦੁੱਖਾਂ ਮਾਰੀ ਹੜ੍ਹਾਂ ਲਤਾੜੀ। ਅੱਖਾਂ ਵਿੱਚ ਕੁੱਝ ਸ਼ਿਕਵਾ ਲੈਕੇ ਗਿੱਲਾ ਕੁੜਤਾ, ਲਿਬੜੀ ਦਾੜੀ। ਆਖਣ ਲੱਗੀ ਗੀਤ ਸੁਣਾ ਦੇ ਸਬਰ ਸਿੱਦਕ ਤੇ ਜੇਰੇ ਵਾਲਾ। ਡੁੱਬਕੇ ਵੀ ਜੋ ਤੈਰਦਾ ਫਿਰਦਾ ਹਿੰਮਤ ਹੌਂਸਲੇ ਚਿਹਰੇ ਵਾਲਾ। ਹੜ੍ਹਾਂ 'ਚ ਹੜਦੇ,ਸੋਕੇ-ਸੜਦੇ ਫਿਰ ਵੀ ਕਰਦੇ ਫਿਰਦੇ ਛਾਵਾਂ। ਥੋੜਾ ਖਾਕੇ, ਬਹੁਤਾ ਵੰਡਦੇ ਭੁੱਖਿਆਂ ਕੋਲੋਂ ਲੈਣ ਦੁਆਵਾਂ। ਸੁਭਾ-ਸਵੇਰੇ ਸੁਪਨੇ ਡੁੱਬ ਗਏ ਰਾਤੀਂ ਫਿਰ ਉਹ ਸੁਪਨੇ ਲੈਂਦੇ। ਇੱਕ ਦੂਜੇ ਦਾ ਸਾਥ ਨ ਛੱਡਦੇ ਇਸੇ ਨੂੰ ਪੰਜ-ਆਬ ਨੇ ਕਹਿੰਦੇ।

ਨਸੂਰ

ਨਸੂਰ 'ਬੰਚ ਆਫ ਥੌਟ' ਹੈ ਨਸੂਰ ਧਰਮ ਦੇ ਨਾਮ 'ਤੇ ਰਾਸ਼ਟਰ ਦੀ ਮੰਗ ਹੈ ਨਸੂਰ ਧੰਨਿਆਂ ਦੀ ਦਲਾਲੀ ਹੈ ਨਸੂਰ ਲਾਸ਼ਾਂ 'ਤੇ ਵੋਟਾਂ ਬਟੋਰਨਾ ਹੈ ਨਸੂਰ ਮਨੀਪੁਰ 'ਤੇ ਚੁੱਪੀ ਹੈ ਨਸੂਰ ਇਜ਼ਰਾਈਲ ਦੀ ਬੁੱਕਲ ਵਿੱਚ ਸੌਣਾ ਹੈ ਨਸੂਰ ਸੜਕਾਂ 'ਤੇ ਕਿੱਲ ਗੱਡਣਾ ਹੈ ਨਸੂਰ ਹੱਕ ਦੇ ਮੱਥੇ 'ਤੇ ਗਦਾਰ ਲਿਖਣਾਂ ਹੈ ਨਸੂਰ ਰੋਟੀ ਦੇ ਸਵਾਲਾਂ ਤੋਂ ਭੱਜ ਜਾਣਾਂ ਹੈ ਨਸੂਰ ਸਮਰਾਜਵਾਦੀਆਂ ਅੱਗੇ ਗੋਡੇ ਟੇਕਣਾਂ ਹੈ ਨਸੂਰ ਬਲਾਤਕਾਰੀਆਂ ਦਾ ਜੇਤੂਆਂ ਵਾਂਗ ਸਵਾਗਤ ਕਰਨਾ ਹੈ ਨਸੂਰ ਧਰਮ ਦੀ ਵੇਦੀ 'ਤੇ ਮਾਨਵਤਾ ਦੀ ਬਲੀ ਦੇਣਾ ਹੈ ਨਸੂਰ ਥੋਡੇ ਅੰਦਰਲਾ ਜ਼ਹਿਰੀਲਾ ਨਾਗ ਹੈ ਜੋ ਵਕਤ-ਬੇਵਕਤ ਸਾਨੂੰ ਦਿਖ ਹੀ ਜਾਂਦਾ ਹੈ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ