Punjabi Kavishri : Karnail Singh Paras

ਪੰਜਾਬੀ ਕਵੀਸ਼ਰੀ : ਕਰਨੈਲ ਸਿੰਘ ਪਾਰਸ


1. ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ

ਮਰ ਗਈ ਹਿੰਦੀ ਦੋਸਤੋ ਕਿਉਂ ਗੈਰਤ ਸਾਡੀ, ਗਦਰੀਆਂ ਵਾਲਾ ਫੜ ਲਵੋ ਹੁਣ ਰਸਤਾ ਗਾਡੀ, ਸਤਵੰਜਾ ਦੀ ਯਾਦ ਮੁੜ ਕਰ ਦੇਈਏ ਤਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ । ਨਬਜ਼ ਪਛਾਣੋਂ ਸਮੇਂ ਦੀ ਖੁਦ ਆਪ ਮਰੀਜੋ, ਵੈਦ, ਹਕੀਮੋਂ, ਡਾਕਟਰੋ, ਨੁਸਖਾ ਤਜਵੀਜੋ, ਭਾਰਤ ਮਾਤਾ ਮਰ ਰਹੀ ਹੈ ਬਿਨਾਂ ਇਲਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ । ਗਲਤੀ ਕੀਤੀ ਪੁੱਜ ਕੇ ਸੀ ਵੱਡੇ ਹਮਾਰਿਆਂ, ਪਾਰੋਂ ਸੱਤ ਸਮੁੰਦਰੋਂ ਆ ਕੇ ਵਣਜਾਰਿਆਂ, ਕਬਜਾ ਕੀਤਾ ਹਿੰਦ 'ਤੇ ਕਰ ਜਾਅਲਸਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ । ਸਾਮਰਾਜ ਦੇ ਬੋਹੜ ਦੀ ਜੜ੍ਹ ਮੁੱਢੋਂ ਪੁੱਟੋ, ਧਰਮ ਯੁੱਧ ਵਿੱਚ ਜੂਝਣੋਂ ਨਾ ਪਿੱਛੇ ਹਟੋ, ਆਜ਼ਾਦੀ ਦੀ ਜੰਗ ਵਿੱਚ ਨਾ ਬਣੀਏ ਪਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ । ਕਈ ਹਜ਼ਾਰਾਂ ਗੱਭਰੂ ਭਾਰਤ ਦੇ ਪੁੱਤਰ, ਵਿੱਚ ਮੈਦਾਨੇ ਜੰਗ ਦੇ ਆਏ ਹਨ ਉਤਰ, ਰਣਭੂਮੀ ਵਿੱਚ ਜੂਝੀਏ ਬਣ ਮਰਦ ਜੋ ਗਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ । ਆਜ਼ਾਦੀ ਦੀ ਜੰਗ ਨਾ ਇਉਂ ਅੱਗੇ ਸਿਰਕੂ, ਦਿੰਦਾ ਸਾਨੂੰ ਵਧਣ ਨਾ ਇਹ ਟੋਲਾ ਫਿਰਕੂ, ਨਾਲ ਗ੍ਰੰਥੀ ਦੇ ਰਲੇ ਪੰਡਤ ਤੇ ਕਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ । ਅਣਖੀਲਿਆਂ ਨੂੰ ਮਰਨ ਲਈ ਥਾਂ ਨਹੀਂ ਥਿਆਉਂਦਾ, ਮੋੜੋ ਦੋ ਸੌ ਸਾਲ ਦਾ ਗੋਰੇ ਦਾ ਨਿਉਂਦਾ, ਵਾਪਿਸ ਹੁਣ ਅੰਗਰੇਜ ਦੀ ਕਰ ਦੇਈਏ ਭਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ । ਕਹੇ ਕਰਨੈਲ ਅਜੀਤ ਸਿੰਘ ਸੁਆਹ ਖੱਟੀਆਂ ਖੱਟੀਆਂ, ਜੇ ਨਾ ਮੁਸ਼ਕਾਂ ਮਾਂ ਦੀਆਂ ਆਪਾਂ ਨੇ ਕੱਟੀਆਂ, ਐਂਵੇ ਭਾਰਤ ਬਾਪ ਨੇ ਨਾ ਹੋਣਾ ਰਾਜੀ, ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ ।

2. ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ

ਲਹੂ ਵਿੱਚ ਕਲਮ ਡੋਬ ਕੇ ਸੀ ਸਿਰਲੱਥ ਵੀਰੇ ਨੇ, ਹਲਫ ਵਫ਼ਾਦਾਰੀ ਦਾ ਲਿਖਿਆ ਦੁਆਬੇ ਦੇ ਹੀਰੇ ਨੇ, ਕਰ ਪਰਤੱਗਿਆ ਰਿਹਾ ਖਲੋਤਾ ਭਗਤ ਸਿੰਘ ਪਰਵਾਨਾ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਸੁਖਦੇਵ ਨੇ ਆਖਿਆ ਵੀਰੋ ਲਾ ਕੇ ਦੇਹੀ ਸਰਬੀ, ਆਜ਼ਾਦੀ ਦੀ ਜੋਤ ਜਗਾਉਣੀ ਪਾ ਕੇ ਥਿੰਦੀ ਚਰਬੀ, ਜੰਝ ਚੜ੍ਹਣ ਲੱਗਾ ਹੁਣ ਲਾੜਾ ਬੰਨ੍ਹ ਸ਼ਹੀਦੀ ਗਾਨਾ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਭਗਵਤੀ ਚਰਨ ਫਰਾਇਜ਼ ਵਾਲਾ ਜੂਲਾ ਧਰਿਆ ਕੰਨ੍ਹੇ, ਨਾਲ ਖੂਨ ਦੇ ਲਿਖਣੇ ਕਹਿੰਦਾ ਤਵਾਰੀਖ ਦੇ ਪੰਨੇ, ਸਿਰ 'ਤੇ ਕੱਫ਼ਨ ਲਪੇਟਿਆ ਰੱਖੇ ਕਦਮ ਵਿਚ ਸ਼ਮਸ਼ਾਨਾਂ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਗੱਭਰੂ ਕਈ ਅੱਖਾਂ ਰੋਹ ਭਰੀਆਂ ਅੱਗੇ ਹੋਏ ਵਧਕੇ, ਭਗਤ ਸਿੰਘ ਨੂੰ ਕਹਿੰਦੇ ਅੱਜ ਤੋਂ ਸਾਡੇ ਵੀ ਸਿਰ ਸਦਕੇ, ਤੁਰ ਪਏ ਸਿਰ ਤਲੀਆਂ 'ਤੇ ਧਰਕੇ ਲੜਨ ਵਾਰ ਮਰਦਾਨਾ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਚੁਣ ਲਿਆ ਦੇਸ਼ ਭਗਤਾਂ ਨੇ ਆ ਕੇ ਕੰਡਿਆਂ ਵਾਲਾ ਰਸਤਾ, ਸਾਮਰਾਜ ਦਾ ਗੜ੍ਹ ਤੋੜਨ ਲਈ ਚੱਲਿਆ ਪਹਿਲਾ ਦਸਤਾ, ਅਸਲੀ ਮੰਜ਼ਲ ਵੱਲ ਕਾਫਲਾ ਲੱਗਿਆ ਹੋਣ ਰਵਾਨਾ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਮੋੜ ਬਹਾਰ ਲਿਆਉਣੀ ਕਹਿੰਦੇ ਵਿੱਚ ਖਿਜ਼ਾਂ ਦੀ ਰੁੱਤਾਂ, ਸੋਧ ਲਿਆ ਕੌਮੀ ਅਰਦਾਸਾ ਭਾਰਤ ਮਾਂ ਦਿਆਂ ਪੁੱਤਾਂ, ਛੱਡ ਕੇ ਰਾਗ ਪੁਰਾਣੇ ਉਹਨਾਂ ਛੇੜਿਆ ਨਵਾਂ ਤਰਾਨਾ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਲੱਗੇ ਹਿੰਦ 'ਚੋਂ ਇੰਗਲੈਂਡ ਦਾ ਪੜ੍ਹਨ ਕੀਰਤਨ ਸੋਹਲਾ, ਅੰਗਰੇਜ਼ਾਂ ਦੇ ਖੂਨ 'ਚੋਂ ਖੇਡਣ ਹੋਲੀ ਦੀ ਥਾਂ ਹੋਲਾ, ਲੁੱਟ ਰਹੇ ਸਨ ਚੋਰ ਵਲਾਇਤੀ ਸਾਡਾ ਦੌਲਤਖਾਨਾ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਰਹਿਣ ਪ੍ਰਾਨ ਵਜੂਦ ਵਿੱਚ ਨਾ ਪੱਲੇ ਰਹੇ ਨਾ ਦਮੜੀ, ਸੁੱਖ ਨਾਲ ਨਾ ਬੈਠਣ ਦੇਣੀ ਕਹਿੰਦੇ ਚਿੱਟੀ ਚਮੜੀ, ਘਰ ਸਾਡੇ 'ਤੇ ਕਬਜ਼ਾ ਕੀਤਾ ਬਿਨ ਸੱਦਿਆਂ ਮਹਿਮਾਨਾਂ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਆਪੂੰ ਵਿੱਚੀਂ ਬਾਂਸਾਂ ਵਾਂਗੂੰ ਖਹਿੰਦੇ ਫਿਰਕੂ ਟੋਲੇ, ਭਾਰਤ ਮਾਂ ਦੀਆਂ ਮੁਸ਼ਕਾਂ ਬੰਨ੍ਹੀਆਂ ਕੋਈ ਨਾ ਗੰਢਾਂ ਖੋਲ੍ਹੇ, ਦੇਸ਼ ਧਰੋਹੀਆਂ ਰੋਲ ਦਿੱਤੀਆਂ ਮਿੱਟੀ ਦੇ ਵਿੱਚ ਸ਼ਾਨਾਂ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ । ਕਹੇ ਕਰਨੈਲ ਸਿੰਘ ਰਣਜੀਤਾ ਕਰੋਧ ਭਰੇ ਦਿਲ ਫਿੱਸੇ, ਸਨ ਡਰਪੋਕ ਡਰੇ ਵਿੱਚ ਬੈਠੇ ਮੁੜ ਨਾ ਓਥੇ ਦਿੱਸੇ, ਖਿਸਕ ਗਏ ਕਮਜੋਰੇ ਦਿਲ ਦੇ ਕਰ ਕੇ ਕੋਈ ਬਹਾਨਾ, ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ ।

3. ਭਗਤ ਸਿੰਘ ਸੁਣ ਅਜ਼ਲ ਦਾ ਰੂਪ ਬੜਾ ਵਿਕਰਾਲ

ਭਗਤ ਸਿੰਘ ਸੁਣ ਅਜ਼ਲ ਦਾ ਰੂਪ ਬੜਾ ਵਿਕਰਾਲ, ਮੂਸੇ ਵਰਗੇ ਭੱਜ ਗਏ ਦੇਖ ਸਾਹਮਣੇ ਕਾਲ, ਜਾਂਦੇ ਤੱਕ ਕੇ ਮੌਤ ਨੂੰ ਸ਼ੇਰਾਂ ਦੇ ਚਿੱਤ ਡੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਪਾਣੀ ਵਿੱਚ ਲਕੀਰ ਦੀ ਨਾ ਨਿਕਲਦੀ ਖੋਜ, ਨਾਜ਼ਕ ਮੋਢੇ ਚੁੱਕ ਨਾ ਸਕਣ ਐਨਾ ਬੋਝ, ਉਮਰ ਸਤਾਰਾਂ ਸਾਲ ਤੂੰ ਅੱਲੜ੍ਹ ਤੇ ਅਣਭੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਮੁਸ਼ਕਲ ਮਾਰੇ ਜਾਣਗੇ ਬਹੂਆਂ ਕੋਲੋਂ ਚੋਰ, ਖਿੰਡ ਜਾਣੇ ਕਈ ਪਈ ਤੋਂ ਭੂੰਡਾਂ ਵਾਂਗਰ ਛੋਹਰ, ਮੁੰਡੇ ਵੱਡਿਆਂ ਘਰਾਂ ਦੇ ਤੇਰੇ ਵਰਗੇ ਸੋਹਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਦੇਸ਼ ਆਜ਼ਾਦ ਕਰਾਉਣ ਦੀ ਤੈਂ ਲਈ ਘੱਤ ਸੁਗੰਧ, ਜੀਵਨ ਜੋਗਿਆ ਜਿਉਣ ਦਾ ਬਿਖੜਾ ਚੁਣਿਆ ਪੰਧ, ਖਤਰਨਾਕ ਹਨ ਮੰਜ਼ਲਾਂ ਦੇਖ ਅੱਖੀਆਂ ਖੋਲ੍ਹ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਖੂਨੀ ਇਨਕਲਾਬ ਦਾ ਨਹੀਂ ਦੇਸ਼ ਦਾ ਰਥ, ਕਿਹੜਾ ਖੂਨੀ ਸ਼ੇਰ ਦੇ ਮੂੰਹ ਵਿੱਚ ਪਾਊ ਹੱਥ, ਕਿਹੜਾ ਪੈ ਵਿੱਚ ਤੱਕੜੀ ਉਤਰੂ ਸਾਵੇਂ ਤੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਕੋਈ 'ਕੱਲਾ ਆਦਮੀ ਬੰਨ੍ਹ ਨਾ ਸਕੇ ਸਿੰਧ, ਜਾਗਰਤੀ ਵਿੱਚ ਆਇਆ ਜਿਸ ਦਿਨ ਸਾਰਾ ਹਿੰਦ, ਹੋਵੇਗਾ ਅੰਗਰੇਜ਼ ਦਾ ਤਦੋਂ ਬਿਸਤਰਾ ਗੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਉੱਤੇ ਤੱਤੀ ਤਵੀ ਦੇ ਯੋਧੇ ਕਰਨ ਕਵਾਇਦ, ਨਾ ਘਬਰਾਣਾ ਤੱਕ ਕੇ ਗੋਲੀ, ਫਾਂਸੀ, ਕੈਦ, ਕਰਨਾ ਜਿਨ੍ਹਾਂ ਅਰੰਭ ਹੈ ਆਜ਼ਾਦੀ ਦਾ ਘੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਜਿਨ੍ਹਾਂ ਡੀਂਗਾਂ ਮਾਰ ਕੇ ਸਿਰ ਚੁੱਕਿਆ ਅਸਮਾਨ, ਪਾਣੀ ਦੇ ਵਿੱਚ ਬੈਠ ਗਏ ਵੇਲੇ ਇਮਤਿਹਾਨ, ਭੀੜ ਪਈ ਤੋਂ ਉਨ੍ਹਾਂ ਦੇ ਜ਼ਾਹਿਰ ਹੋ ਗਏ ਪੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਤਲਵਾਰਾਂ ਦੀ ਛਾਂ ਥੱਲੇ ਕੌਣ ਕਰਨਗੇ ਸਫ਼ਰ, ਕਿਹੜੇ ਖਾਤਰ ਦੇਸ਼ ਦੀ ਖੁਦ ਜਾਲਣਗੇ ਜ਼ਫਰ, ਕਾਲੇ ਸੱਪ ਦੀ ਸਿਰੀ ਜੋ ਮੂੰਹ ਵਿੱਚ ਲੈਣ ਚਬੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਗਲ ਵਿੱਚ ਕਿਹੜੇ ਪਾਉਣਗੇ ਉਸਤਰਿਆਂ ਦੇ ਹਾਰ, ਦੱਸ ਲੋਹੇ ਦੇ ਥਣਾਂ 'ਚੋਂ ਕਿਹੜਾ ਕੱਢੂ ਧਾਰ, ਝੂਟੂ ਕਿਹੜਾ ਸੂਰਮਾ ਸੂਲੀ ਸਮਝ ਚੰਡੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਕਿਹੜਾ ਵਿਆਹੂ ਫਾਂਸੀਆਂ ਬੈਂਤਾਂ ਕੌਣ ਸਹੂ, ਹੇਤ ਮਾਦਰੇ ਵਤਨ ਦੀ ਡੋਲ੍ਹੇ ਸੱਜਰਾ ਲਹੂ, ਕੌਣ ਭਮੱਕੜ ਜਾਣਗੇ ਚੱਲ ਸ਼ਮਾ ਦੇ ਕੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਧਾਰਾਂ ਤੇਗਾਂ ਦੀਆਂ 'ਤੇ ਕਿਹੜਾ ਨੱਚੂ ਨਾਚ, ਸੀਸ ਤਲੀ 'ਤੇ ਧਰਨ ਦੀ ਮਰ ਕੇ ਦੱਸੂ ਜਾਚ, ਕੌਣ ਕਰੂ ਮਨਸੂਰ ਬਣ ਸੂਲੀ ਉੱਤੇ ਝੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਕਿਹੜਾ ਸੁੱਤੀ ਮੌਤ ਦੇ ਸਿਰ ਵਿੱਚ ਮਾਰੂ ਇੱਟ, ਲਊ ਆਪਣੇ ਆਪ ਨੂੰ ਬਲਦੇ ਭੱਠ ਵਿੱਚ ਸਿੱਟ, ਕੂਕੇ ਜੀਕਣ ਕਰ ਗਏ ਤੋਪਾਂ ਨਾਲ ਕਲੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਭਾਰਤ ਮਾਂ ਦੇ ਮਹਿਲ 'ਤੇ ਕਰਨ ਖੂਨ ਦੀ ਟੀਪ, ਕਿਹੜੇ ਪਾ ਕੇ ਚਰਬੀਆਂ ਜਗਾਵਣਗੇ ਦੀਪ, ਵਿੱਚ ਕੁਠਾਲੀ ਪਿਘਲ ਕੇ ਸੋਨਾ ਬਣਨ ਨਿਰੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਗੋਰੇ ਡਾਕੂ ਦੇਸ਼ ਨੂੰ ਲੁੱਟੀ ਜਾਣ ਸਰੀਂਦ, ਕੌਮ ਘੁਰਾੜੇ ਮਾਰਦੀ ਸੁੱਤੀ ਗੂੜ੍ਹੀ ਨੀਂਦ, ਕੌਣ ਜਗਾਵੇ ਆਪਣੇ ਚੰਮ ਦਾ ਮੜ੍ਹਕੇ ਢੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਕੌਣ ਨਾ ਕੰਬੂ ਤੱਕ ਕੇ ਤੂਫ਼ਾਨਾਂ ਦਾ ਸ਼ੋਰ, ਵਿੱਚ ਸਮੁੰਦਰ ਡੂੰਘਿਆਂ ਉਤਰ ਗੋਤਾਖੋਰ, ਜਾਨ ਹੀਲ ਮਰਜੀਵੜੇ ਲਿਆਉਂਦੇ ਮੋਤੀ ਰੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ । ਖੁਸ਼ੀਆਂ ਛੱਡ ਕੇ 'ਪਾਰਸਾ' ਕਿਉਂ ਪੈਂਦਾ ਵਿੱਚ ਗਮਾਂ, ਗਫ਼ਲਤ ਦੇ ਵਿੱਚ ਗੁਜ਼ਰਿਆ ਨਾ ਆਏ ਹੱਥ ਸਮਾਂ, ਸ਼ਾਦੀ ਕਰ ਕੇ ਮਾਣ ਲੈ ਲੱਭਾ ਜਨਮ ਅਮੋਲ, ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ ।

4. ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ

ਮਾਂ ਜਾਇਆ ਭਗਤ ਸਿਆਂ ਜੀਹਦੇ ਦਿਲ ਵਿੱਚ ਸੱਧਰਾਂ ਲੱਖਾਂ, ਮੈਂ ਅਮਰ ਕੌਰ ਭੈਣਾਂ ਕੋਲੇ ਭਰੀ ਖੜ੍ਹੀ ਹਾਂ ਅੱਖਾਂ, ਆਖਰ ਦੀ ਮਿਲਣੀ ਨੂੰ ਆਈ ਮੈਂ ਤੇਰੀ ਹਮਸ਼ੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਇਸ ਤੋਂ ਬਿਨਾਂ ਝੂਠੇ ਨੇ ਰਿਸ਼ਤੇ ਜਿਹੜੇ ਲੰਮੇ ਚੌੜੇ, ਆਪਣੇ ਮਾਂ ਜਾਇਆ ਵੇ ਸਾਂਝਾ ਖੂਨ ਰਗਾਂ ਵਿੱਚ ਦੌੜੇ, ਜਿਸ ਖੂਨ 'ਚੋਂ ਉਪਜੀ ਮੈਂ ਉਸੇ ਰੱਤ ਦੇ ਬਣੇ ਸਰੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਮਾਂ, ਪਿਓ ਤੇ ਭੈਣ, ਭਰਾ, ਮੁੜ ਨਾ ਮਿਲਦੇ ਪੁੱਤਰ ਧੀਆਂ, ਮੁੜ ਇਕ ਥਾਂ ਜੰਮਣਾ ਨਾ ਆਪਾਂ ਇਸ ਟੱਬਰ ਦੇ ਜੀਆਂ, ਕਰ ਯਾਦ ਵਿਛੋੜੇ ਨੂੰ ਚੰਦਰਾ ਚਿੱਤ ਨਹੀਂ ਬੰਨ੍ਹਦਾ ਧੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਤੂੰ ਪੈਦਾ ਕੀਤਾ ਹੈਂ ਜਿਸ ਸਿਪੀ ਨੇ ਮਹਿੰਗਾ ਮੋਤੀ, ਉਹ ਪਿਆਰੀ ਮਾਤਾ ਵੀ ਕੋਲੇ ਮੂਰਤ ਬਣੀ ਖਲੋਤੀ, ਸਨ ਮਾਂ ਦੀਆਂ ਸਧਰਾਂ ਵੇ ਘੋੜੀ ਚੜ੍ਹਦਾ ਬੰਨ੍ਹ ਕੇ ਚੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਰਿਹਾ ਖੂਨ ਉਬਾਲੇ ਖਾ ਜਾਣੀਂ ਬਣ ਜਾਂ ਰਾਣੀ ਝਾਂਸੀ, ਖੁਸ਼ ਹੋ ਕੇ ਥਾਂ ਤੇਰੇ ਵੀਰਾ ਆਪ ਲੱਗ ਜਾਂ ਫਾਂਸੀ, ਕੀਤਾ ਅੰਗਰੇਜ਼ਾਂ ਨੇ ਭੈੜਾ ਹੱਦੋਂ ਪਰ੍ਹੇ ਵਤੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਵਿੱਚ ਜੰਗ ਆਜ਼ਾਦੀ ਦੇ ਦਿੱਤਾ ਆਪਣਾ ਤੂੰ ਸਿਰ ਲਾ, ਮਾਵਾਂ ਪੁੱਤ ਜੰਮਦੀਆਂ ਨੇ ਕੋਈ ਤੇਰੇ ਵਰਗਾ ਵਿਰਲਾ, ਵਿੱਚ ਲੜੀ ਪਰੋਇਆ ਗਿਆ ਸੁੱਚਾ ਭਾਰਤ ਮਾਂ ਦਾ ਹੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਇਤਿਹਾਸ ਭੁਲਾਊ ਨਾ ਜੋ ਤੂੰ ਬਾਲ ਉਮਰ ਵਿੱਚ ਕੀਤਾ, ਹੈ ਗੱਭਰੂ ਤਬਕੇ ਦੇ ਦਿੱਤਾ ਦਿਲਾਂ 'ਚ ਬਾਲ ਪਲੀਤਾ, ਚੋਬਰ ਸ਼ਹਿਰਾਂ ਪਿੰਡਾਂ ਦੇ ਲੱਗੇ ਥਾਂ ਥਾਂ ਕਰਨ ਕਚੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਨੀਂਹ ਕੌਮੀ ਮੰਦਰ ਦੀ ਪਾ ਕੇ ਵਿੱਚ ਪਵਿੱਤਰ ਹੱਡੀਆਂ, ਛੋਟੀ ਜੇਹੀ ਜਿੰਦੜੀ ਨੇ ਕਰਨੀਆਂ ਕਰੀਆਂ ਕਿੰਨੀਆਂ ਵੱਡੀਆਂ, ਸਨ ਸਾਕੇ ਬੜੇ ਕਰੇ ਬਾਂਕਿਆ ਬਾਲ ਵਰੇਸ ਪਠੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਛਾਵੇਂ ਤਲਵਾਰਾਂ ਦੀ ਵਧ ਕੇ ਲੜਿਆ ਵਾਂਗ ਅਸੀਲਾਂ, ਮੈਂ ਇਹ ਵੀ ਕਹਿੰਦੀ ਨਾ ਹੁਣ ਤੂੰ ਅੰਦਰੋਂ ਕਰੇਂ ਅਪੀਲਾਂ, ਤੂੰ ਰੋਲ ਅਦਾ ਕੀਤਾ ਭਾਰਤ ਵਿੱਚੋਂ ਬੇਨਜ਼ੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ । ਕਰਨੈਲ ਕਵੀਸ਼ਰ ਵੇ ਤੇਰੀ ਲਿਖੂ ਛੰਦਾਂ ਵਿੱਚ ਸ਼ਾਵਾ, ਚੜ੍ਹ ਤਖਤੇ ਫਾਂਸੀ ਦੇ ਨਾ ਤੂੰ ਡੋਲੀਂ ਚਮਕੌਰ ਭਰਾਵਾ, ਜਾ ਵਿੱਚ ਨਿਸ਼ਾਨੇ ਦੇ ਵੱਜੀਂ ਛੁੱਟ ਕਮਾਨੋ ਤੀਰਾ, ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ ।

5. ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ

ਫੁੱਲ ਵਰ੍ਹਾਓ ਸਿਰ ਦੇ ਉੱਤੇ ਬੱਧੇ ਸੋਹਣੇ ਚੀਰੇ ਵੇ, ਛੱਡੋ ਪਰ੍ਹੇ ਗਮਾਂ ਦੀਆਂ ਗੱਲਾਂ ਸ਼ਗਨ ਮਨਾਈਏ ਵੀਰੇ ਦੇ, ਜਗ੍ਹਾ ਤੇਲ ਦੀ ਦੀਪ 'ਚ ਜਿਸਨੇ ਆਪਣੀ ਰੱਤ ਨਿਚੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਬਿੱਛੂ ਬਣੇ ਗਲੋਟੇ ਲੱਗਣ ਪੂਣੀਆਂ ਕਾਲੀਆਂ ਨਾਗਣੀਆਂ, ਚੀਕਣ ਫੁੱਟ, ਗੁੱਝ ਕੁਰਲਾਵੇ, ਗੁੱਡੀਆਂ ਰੋਣ ਨਿਭਾਗਣੀਆਂ, ਕੱਤਣ ਤੁੰਬਣ ਨਾ ਕਰਦਾ ਹੈ ਚਿੱਤ ਚੰਦਰਾ ਕੋਹੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਇਕ ਮਾਤਾ ਦੇ ਪੇਟ ਪਵਿੱਤਰ 'ਚੋਂ ਨਹੀਂ ਮੁੜ ਮੁੜ ਜੰਮੀ ਦਾ, ਜਾ ਸਾਹੁਰਿਆਂ ਦਾ ਵਾਸੀ ਹੋਇਆ ਜਾਇਆ ਮੇਰੀ ਅੰਮੀਂ ਦਾ, ਸ਼ਾਹ ਅਸਵਾਰ ਨੇ ਵਤਨਾਂ ਵੱਲੀ ਵਾਗ ਕਦੇ ਨਾ ਮੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਵੀਰ ਵਿਛੋੜਾ ਮੁਖੀ ਤੀਰ ਦੀ ਦਿਲ ਭੈਣਾਂ ਦਾ ਛੇਕੇ ਨੀ, ਬਾਝ ਭਰਾਵਾਂ ਸੁੰਨੇ ਜਾਪਣ ਵਸਦੇ ਰਸਦੇ ਪੇਕੇ ਨੀ, ਵੱਢ ਵੱਢ ਖਾਂਦਾ ਰਹੇ ਹੱਡਾਂ ਨੂੰ ਝੋਰਾ ਮਰਦਿਆਂ ਤੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਵੀਰ ਸੰਧਾਰੇ ਲੈ ਕੇ ਆਉਂਦੇ ਜਦ ਹੁੰਦੇ ਦਿਨ ਤੀਆਂ ਦੇ, ਜੋ ਮਾਪਿਆਂ ਤੋਂ ਸੱਖਣੀਆਂ ਨੇ ਕਾਹਦੇ ਧੁਰਵੇ ਧੀਆਂ ਦੇ, ਇੰਝ ਤੜਫਦੀਆਂ ਰਹਿਣ ਤੱਤੀਆਂ ਜਿਉਂ ਜਲ ਮੀਨ ਵਿਛੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਸੈਂਟਰਲ ਜੇਲ੍ਹ ਲਹੌਰ 'ਚ ਲੈ ਕੇ ਫਾਂਸੀ ਉੱਤੇ ਝੂਟਾ ਨੀ, ਦੁਨੀਆਂ ਭਰ ਵਿੱਚ ਮਹਿਕ ਖਿੰਡਾ ਗਿਆ ਸੜ ਚੰਦਨ ਦਾ ਬੂਟਾ ਨੀ, ਬੰਬ ਪਾਰਲੀਆਮੈਂਟ 'ਚ ਸਿੱਟੇ ਸੁੱਤੀ ਕੌਮ ਝੰਜੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਅਰਬ ਖਰਬ ਪਰਵਾਨੇ ਜਿਸਨੂੰ ਨਿਉਂ ਨਿਉਂ ਕਰਨ ਸਲਾਮੀ ਨੀ, ਜਾਂਦਾ ਲਾੜ੍ਹਾ ਸੇਹਰੇ ਬੰਨ੍ਹੀ ਦੋ ਜਾਨੀ ਹਨ ਲਾਹਮੀਂ ਨੀ, ਰਾਜਗੁਰੂ, ਸੁਖਦੇਵ ਸੂਰਮੇ ਸਰਬਾਲਿਆਂ ਦੀ ਜੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਐਸ਼ਾਂ ਭਰੀ ਜ਼ਿੰਦਗੀ ਕਰ ਕੇ ਆਜ਼ਾਦੀ ਤੋਂ ਸਸਤੀ ਨੀ, ਕਾਇਮ ਵਜੂਦ ਕੌਮ ਦਾ ਰੱਖਿਆ ਮੇਟ ਆਪਣੀ ਹਸਤੀ ਨੀ, ਪਿੰਡ ਸ਼ਹੀਦਾਂ ਦੇ ਜਾ ਗੱਡੀ ਸਤਲੁਜ ਕੰਢੇ ਮੋਹੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਡੁੱਲ੍ਹ ਡੁੱਲ੍ਹ ਪੈਂਦੇ ਹਾਸੇ ਸਾਡੇ ਖੁਸ਼ੀਆਂ ਵੰਡੇ ਵਿਹੜਾ ਨੀ, ਦੂਰ ਵਲੈਂਤੀ ਉੱਘਾ ਕੀਤਾ ਏਸ ਵਿਆਹ ਨੇ ਖੇੜਾ ਨੀ, ਖਟਕੜ ਕਲਾਂ ਨਗਰ ਨੂੰ ਕੋਈ ਖੁਸ਼ੀ ਨਹੀਂ ਹੈ ਥੋੜ੍ਹੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਧੀ ਵਾਲਿਆਂ ਤੋਂ ਲੈ ਖੁਸ਼ਖ਼ਬਰੀ ਲਾਗੀ ਸਾਡੇ ਆਇਆ ਨੀ, ਆਖੋ ਬਾਬਲ ਕਿਸ਼ਨ ਸਿੰਘ ਨੂੰ ਦਿਨ ਵਡਭਾਗੀ ਆਇਆ ਨੀ, ਦੇਸ਼ ਭਗਤ ਚਾਚੇ ਨਾ ਪਾਵਣ ਕੁੜਮਾਂ ਨਾਲ ਮਰੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । ਮੇਰੀ ਭਰਜਾਈ ਦੀਆਂ ਭੈਣਾਂ ਜੁੱਤੀ ਚੱਕਣ ਜੀਜੇ ਦੀ, ਕਹੁ ਬੀਬੀਏ ਕਦੋਂ ਤਾਈਂ ਮੈਂ ਭੂਆ ਬਣੂੰ ਭਤੀਜੇ ਦੀ, ਕਦੋਂ ਮਾਂ ਘਰ ਪੋਤਾ ਜੰਮੂ ਕਦ ਉਹ ਵੰਡੂ ਲੋਹੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ । 'ਪਾਰਸ' ਦੀ ਵੱਟੀ ਤੋਂ ਮਹਿੰਗਾ ਕੀਤਾ ਜਿਸ ਨੇ ਦਮੜੀ ਨੂੰ, ਜਿਸ ਦੇ ਘਰ ਸਮਾਗਮ ਐਡਾ ਦਿਓ ਵਧਾਈ ਅੰਮੜੀ ਨੂੰ, ਗਾ ਕੇ ਗੀਤ ਖੁਸ਼ੀ ਦੇ ਮੰਗੋ ਗੁੜ ਦੀ ਰੋੜੀ ਰੋੜੀ ਨੀ, ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ ।

6. ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ

ਉੱਠ ਜਗ ਮੁਸਾਫਿਰ ਤੂੰ, ਹੋਈ ਭੌਰ ਨਗਾਰੇ ਵੱਜੇ, ਜੋ ਕਰਨਾ ਅਬ ਕਰਲੈ, ਕਰਨਾ ਕੱਲ੍ਹ ਸੋ ਕਰਲੈ ਅੱਜੇ, ਗਫ਼ਲਤ ਵਿੱਚ ਬੀਤ ਗਿਆ, ਮੁੜਕੇ ਹੱਥ ਨੀ ਆਉਣਾ ਵੇਲਾ, ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ । ਫਲ ਟਹਿਣੀ ਲੱਗਣੇ ਨਾ, ਵਾਪਸ ਲਹਿਰਾਂ ਕਦੇ ਨੀ ਮੁੜੀਆਂ, 'ਕੱਠ ਨਾਲ ਸਬੱਬਾਂ ਦੇ, ਬੇੜੀ ਪੂਰ ਤਰਿੰਜਣੀ ਕੁੜੀਆਂ, ਨੱਚ ਰਹੀਆਂ ਪੂਤਲੀਆਂ, ਜਗਤ ਮਦਾਰੀ ਵਾਲਾ ਖੇਲਾ, ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ । ਪਿਆ ਘੁੰਮਰਾਂ ਪਾਉਂਦਾ ਸੀ, ਉੱਚਾ ਤਾਣ-ਤਾਣ ਕੇ ਸੀਨਾ, ਉੱਤੇ ਬੈਠ ਬਨੇਰੇ ਦੇ, ਗੁਟ ਕੂੰ ਕਹੇ ਕਬੂਤਰ ਚੀਨਾ, ਉੱਤੋਂ ਝਪਟ ਬਾਜ ਮਾਰੀ, ਪਾਸਿਉਂ ਪੋਟੇ ਪਿਆ ਗੁਲੇਲਾ, ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ । ਲੰਕਾ ਪਤਿ ਰਾਵਣ ਦੇ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਨਿੱਤ ਜਗੇ ਦੀਪ ਮਾਲਾ, ਉਸ ਘਰ ਨਾ ਦੀਵਾ ਨਾ ਬਾਤੀ, ਸਭ ਪੀਰ ਪੈਗੰਬਰਾਂ ਨੇ, ਮੰਨੀ ਮੌਤ ਗੁਰੂ ਜੱਗ ਚੇਲਾ, ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ । ਨਮਰੂਦ ਵਰਗਿਆਂ ਨੇ, ਬੰਨ੍ਹੇ ਨਾਲ ਖ਼ੁਦਾ ਦੇ ਦਾਅਵੇ, ਉੱਠ ਸ਼ਾਹ ਸਿਕੰਦਰ ਨੇ, ਕੀਤੇ ਜਗਤ ਜਿੱਤਣ ਨੂੰ ਧਾਵੇ, ਜਦ ਕਾਲ ਚਪੇੜ ਵੱਜੀ, ਰੁੜ੍ਹ ਗਏ ਜਿਉਂ ਰੋਟੀ ਤੋਂ ਡੇਲਾ, ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ । ਬੁਰੀਆਂ ਕਰਤੂਤਾਂ ਦਾ ਲੱਗਾ ਦਾਗ ਨੀ ਲਹਿਣਾ ਸਦੀਆਂ, ਆਕੇ ਵਿੱਚ ਤਾਕਤ ਦੇ, ਨਾ ਕਰ ਮਨਾਂ-ਮੂਰਖਾ ਬਦੀਆਂ, ਜੱਗ ਯਾਦ ਕਰੂ ਕਰਲੈ, ਨੇਕੀ ਖੱਟਕੇ ਜਨਮ ਸੁਹੇਲਾ, ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ । ਲੈ ਮੌਤ ਵਰੰਟ ਜਦੋਂ, ਆਊ ਅਜਰਾਈਲ ਫਰਿਸ਼ਤਾ, ਵਿੱਚ ਹੈ-ਬੂ ਪਹਿਰੇ ਦੇ, ਜਾਣਾ ਟੁੱਟ ਸੰਸਾਰੀ ਰਿਸ਼ਤਾ, ਰਣਜੀਤ ਬਗੈਰਾ 'ਚੋਂ, ਜਾਊ ਟੁਰ ਕਰਨੈਲ ਇਕੇਲਾ, ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ ।

7. ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ

ਰਲ ਸੰਗ ਕਾਫਲੇ ਦੇ, ਛੇਤੀ ਬੰਨ ਬਿਸਤਰਾ ਕਾਫਰ ਕਈ ਪਹਿਲੀ ਡਾਕ ਚੜ੍ਹੇ, ਬਾਕੀ ਟਿੱਕਟਾਂ ਲੈਣ ਮੁਸਾਫਿਰ। ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ। ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ। ਘਰ ਨੂੰਹ ਨੇ ਸਾਂਭ ਲਿਆ, ਤੁਰ'ਗੀ ਧੀ ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ। ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਹਨ ਵਿਆਹ ਤੇ ਮੁਕਲਾਵੇ। ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ। ਰਫਤਾਰ ਜ਼ਮਾਨੇ ਦੀ, ਕਰਿਆਂ ਤੇਜ਼ ਨਾ ਹੋਵੇ ਢਿੱਲੀ, ਲੱਖ ਰਾਜੇ ਬਹਿ ਤੁਰ ਗਏ, ਉਥੇ ਦੀ ਉਥੇ ਹੈ ਦਿੱਲੀ। ਗਏ ਲੁੱਟ ਵਿਚਾਰੀ ਨੂੰ, ਨਾਦਿਰ ਸ਼ਾਹ ਵਰਗੇ ਕਰ ਧਾਵੇ। ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ। ਲੱਖ ਪੰਛੀ ਬਹਿ ਉਡ ਗਏ, ਬੁੱਢੇ ਬੋਹੜ ਬਿਰਛ ਦੇ ਉਤੇ, ਸਨ ਜੇਤੂ ਦੁਨੀਆਂ ਦੇ, ਲੱਖਾਂ ਸਿਕੰਦਰ ਕਬਰੀਂ ਸੁੱਤੇ। ਬੱਸ ਇਸ ਕਚਹਿਰੀ 'ਚੋਂ, ਤੁਰ ਗਏ ਕੁੱਲ ਹਾਰ ਕੇ ਦਾਵੇ। ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ। ਰਲ ਮਾਨ ਭਰਾਵਾਂ ਨੇ, ਨਿੱਤ ਨੀ ਗਾਉਣੇ ਗੀਤ ਇਕੱਠਿਆਂ, ਕਰਨੈਲ ਕਵੀਸ਼ਰ ਨੇ, ਕਿਧਰੇ ਲੁੱਕ ਨੀ ਜਾਣਾ ਨੱਠਿਆਂ। ਵਾਂਗੂ ਇੱਲ ਭੁੱਖੀ ਦੇ, ਲੈਂਦੀ ਫਿਰਦੀ ਮੌਤ ਕਲਾਵੇ। ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ।

8. ਬੈਂਤ

(ਹੇਠਲੇ ਬੈਂਤ ਪਾਰਸ ਹੁਰਾਂ ਦੀਆਂ ਰੱਬ ਨਾਲ ਇਕਪਾਸੜ ਗੱਲਾਂ ਹਨ) ਵਾਹੇ-ਗੁਰੂ ਐ ਗਾਡ ਭਗਵਾਨ ਰੱਬਾ, ਜ਼ਰਾ ਮੁੱਖ ਦਿਖਾਅ ਖੁਦਾ ਸਾਨੂੰ ਬਾਂਗ ਸੰਖ ਘੜਿਆਲ ਤੇ ਗਿਰਗਟਾਂ ਤੂੰ, ਆਪੋ ਵਿਚ ਨਾ ਪਿਆ ਲੜਾਅ ਸਾਨੂੰ ਭਾਈਆਂ, ਪਾਦਰੀ, ਕਾਜ਼ੀਆਂ, ਬਾਹਮਣਾਂ ਦੇ, ਅੱਡੋ ਅੱਡ ਦਿਖਲਾਂਵਦਾ ਰਾਹ ਸਾਨੂੰ +++ ਤੇਰੇ ਨਾਮ ਬਕਰੀਦ 'ਤੇ ਲੱਖ ਗਊਆਂ, ਮੁਸਲਮਾਨ ਕਰ ਦੇਣ ਕਤਲੇਆਮ ਰੱਬਾ ਮੋਮਨ ਪੜ੍ਹਨ ਨਮਾਜ਼ਾਂ ਪਰ ਹਿੰਦੂਆਂ ਨੂੰ, ਜ਼ਿਬਹਾ ਕਰੀ ਜਾਂਦੇ ਤੇਰੇ ਨਾਮ ਰੱਬਾ ਖਾ ਜੇਂ ਸੂਰ ਈਸਾਈਆਂ ਦੇ ਚਰਚ ਬਹਿ ਕੇ, ਮੁਸਲਮਾਨ ਨੂੰ ਕਹੇਂ ਹਰਾਮ ਰੱਬਾ ਖੀਰ ਬਾਮ੍ਹਣਾਂ ਤੋਂ ਹਲਵਾ ਖਾਲਸੇ ਤੋਂ, ਜਾਵੇਂ ਨਿਗਲ ਤੂੰ ਕੁੱਲ-ਤਮਾਮ ਰੱਬਾ +++ ਹਿੰਦੂ ਮੁਸਲਮ ਫਸਾਦ ‘ਤੇ ਫਿਰੇਂ ਖਿੜਿਆ, ਵਾਹ ਬਈ ਵਾਹ ਖੁਦਾ ਅਲਬੇਲਿਆ ਓਇ ਜਿਨ੍ਹਾਂ ਗੁੰਡਿਆਂ ਪੱਟ ਕਰੀਰ ਸਿੱਟੇ, ਕੱਟ ਤੈਨੂੰ ਵੀ ਦੇਣਗੇ ਕੇਲਿਆ ਓਇ ਭਗਤ ਵੇਂਹਦਿਆਂ ਨੰਗ ਕੰਗਾਲ ਹੋਗੇ, ਤੇਰੇ ਨਾਮ ਦਾ ਜੂਆ ਜੇ ਖੇਲ੍ਹਿਆ ਓਏ ਚੌਵੀ ਸਾਲ ਭਗਤੀ ਹੋ ਜੇ ਇਕ ਗਲਤੀ, ਰੁੜ੍ਹ ਜੇਂ ਝੱਟ ਤੂੰ ਟੁੱਕ ਤੋਂ ਡੇਲਿਆ ਓਇ ਤੇਰੇ ਹੁੰਦਿਆਂ ਹਿੰਦ ਵਿਚ ਰਾਤ ਕਾਲੀ ਬੱਲੇ ਬੱਲੇ ਸਵੇਰ ਦਿਆ ਵੇਲਿਆ ਓਇ ਜਗ੍ਹਾ ਖਾਣ ਦੀ ਸਿਰਾਂ ਨੂੰ ਪਾੜ ਦੇਵੇਂ, ਕੌੜੇ ਬੂਟੇ ਨੂੰ ਲੱਗੇ ‘ਵੇ ਕੇਲਿਆ ਓਏ ਹਿੰਦੂ ਖਾਲਸੇ ਮੁਸਲਮਾਂ ਜਦੋਂ ‘ਕੱਠੇ, ਤੇਰੀ ਹਿੱਕ ਉਤੇ ਨਾਗ ਮੇਲ੍ਹਿਆ ਓਇ ਰਾਜਗੁਰੂ ਤੇ ਭਗਤ ਕਰਤਾਰ ਤਾਈਂ, ਤੈਂ ਕਿਉਂ ਵੇਲਣੇ ਵਿਚ ਦੀ ਵੇਲਿਆ ਓਇ। ਅੱਠੇ ਪਹਿਰ ਆਖੇਂ ਮੇਰੇ ਵੱਲ ਦੇਖੋ, ਸਾਨੂੰ ਕੰਮ ਨਾ ਕਰਨ ਦਏਂ ਵਿਹਲਿਆ ਓਇ। ਸੋਨ-ਮੋਹਰਾਂ ਨੇ ਮਣਾਂ-ਮੂੰਹ ਚਰਲੀਆਂ ਤੂੰ, ਇਹ ਕੀ ਕੀਤਾ ਹੈ ਤਾਂਬੇ ਦਿਆ ਧੇਲਿਆ ਓਇ। ਅਸੀਂ ਧੱਕ ਕੇ ਚਾੜ੍ਹੀਏ ਉਤਾਂਹ ਤੈਨੂੰ, ਉਲਟਾ ਸਾਨੂੰ ਹੀ ਦਰੜ ਦਏਂ ਠੇਲ੍ਹਿਆ ਓਇ। +++ ਹੈਜ਼ਾ ਕੋਹੜ ਸੁਜ਼ਾਕ ਤਪਦਿਕ ਲਾ ਕੇ, ਤੰਦਰੁਸਤ ਨੂੰ ਜਾ ਬੀਮਾਰ ਕਰਦਾ ਹਾੜੀ ਪੱਕੀ ਕਿਰਸਾਨ ਦੀ ਦੇਖ ਹੱਸੇ, ਲੈ ਕੇ ਕਾਕੜੇ ਫਸਲ ‘ਤੇ ਵਾਰ ਕਰਦਾ +++ ਸੋਚਣ ਦੇਖੀਏ ਜੇ ਚੜ੍ਹ ਕੇ ਜਗ੍ਹਾ ਉਚੀ, ਤੇਰੀ ਢੂੰਡ ਮੇਂ ਕਈ ਇਨਸਾਨ ਥੱਕੇ। ਘੇਸਲ ਮਾਰ ਕੇ ਰਿਹਾ ਤੂੰ ਘੂਕ ਸੁੱਤਾ, ਕਰ ਕਰ ਮੌਲਵੀ ਹਿਫਜ਼ ਕੁਰਾਨ ਥੱਕੇ। ਤੈਨੂੰ ਇਕ ਨਾ ਸੁਣੀ ਓ ਖੁਦਾਵੰਦਾ, ਬਾਂਗਾਂ ਦੇਂਦਿਆਂ ਨੇ ਮੁਸਲਮਾਨ ਥੱਕੇ। ਬਾਮ੍ਹਣ ਬਣ ਕੇ ਪੁਚਕਾਰਦਾ ਰਿਹਾ ਸਾਨੂੰ, ਦਾਨ ਦੇਂਵਦੇ ਅਸੀਂ ਜਜਮਾਨ ਥੱਕੇ।

9. ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ

ਕਿਉਂ ਪਕੜ ਮਸੂਮਾਂ ਨੂੰ ਨੀ ਇਹ ਲਈ ਪੁਲਸੀਏ ਜਾਂਦੇ ਤੱਕ ਨੂਰ ਇਲਾਹੀ ਨੂੰ ਨਿਉਂ ਨਿਉਂ ਪਰਬਤ ਸੀਸ ਨਿਵਾਂਦੇ ਨਾਲ ਹਕੂਮਤ ਦੇ ਇਨ੍ਹਾਂ ਦੀ ਕੀ ਪਈ ਮਰੋੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ ਸਮਝਣ ਵਿੱਚ ਆਉਂਦੀ ਨਾ ਗਲਤੀ ਕਰ ਬੈਠੇ ਐ ਕਾਹਦੀ ਔਹ ਪੂਜਣ ਯੋਗ ਬੁੜ੍ਹੀ ਹੋਊ ਜਾ ਨਾਨੀ ਜਾ ਦਾਦੀ ਮਨਮੋਹਣੀਆਂ ਰੂਹਾਂ ਤੇ ਤਰਸ ਨਾ ਕਰਦੇ ਹਾਕਮ ਕੋੜ੍ਹੀ ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ ਹੈ ਫੁੱਲ ਬਰਸਾ ਰਹੀਆਂ ਪਰੀਆਂ ਸੁਰਗਾਂ ਵਿੱਚੋਂ ਖੜੀਆਂ ਹੂਰਾਂ ਅਰਸ਼ਾਂ ਵਿੱਚੋਂ ਖੜੀਆਂ ਧਰਤੀ ਦੇ ਲੋਕਾਂ ਨੇ ਭੈਣੋਂ ਕਿਉਂ ਜੜੀਆਂ ਹਥਕੜੀਆਂ ਲਗਦੀ ਨਿਰਦੋਸ਼ਾਂ ਦੀ ਆਯੂ ਦਸ ਸਾਲਾਂ ਤੋਂ ਥੋੜ੍ਹੀ ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ ਲਛਮਣ ਤੇ ਰਾਮ ਕੁੜੇ ਜਾਂ ਇਹ ਰੂਪ ਬਸੰਤ ਦੋਵੇਂ ਮਾਤਾ ਮਤਰੇਈ ਨੇ ਕੱਢੇ ਘਰੋਂ ਹੋਣਗੇ ਓਵੇਂ ਰਹੇ ਕਿਧਰ ਫੁਲੇਰੇ ਜਾ ਟਹਿਣੀ ਸਣੇ ਫੁੱਲਾਂ ਦੇ ਤੋੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ ਤੱਕ ਕੇ ਤੇ ਸ਼ਕਲਾਂ ਨੂੰ ਯੂਸਫ਼ ਡਿਗਦਾ ਬਾਏਂ ਦਹਿਨੇ ਅੱਖੀਆਂ ਦੀ ਜੋਤ ਅੱਗੇ ਜਾਂਦੇ ਸੂਰਜ ਚੰਦ ਗ੍ਰਹਿਣੇ ਪਾਨਾਂ ਜਹੀਆਂ ਬੁਲ੍ਹੀਆਂ ਤੇ ਰਹੀਆਂ ਹੱਸ ਦਿਵਾਲੀ ਲੋਹੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ ਕਿਹਾ ਮੁਸਲਮ ਬੇਟੀ ਨੇ ਹੈ ਇਹ ਹਸਨ-ਹੁਸੈਨ ਅਸਾਡੇ ਪੈ ਵੈਰ ਯਜੀਦੀਆਂ ਨੇ ਮਾਰੇ ਦੇ ਕੇ ਦੁਖੜੇ ਡਾਹਢੇ ਹੈਦਰ ਦੇ ਬੇਟਿਆਂ ਦੀ ਜ਼ਾਲਮ ਲੋਕਾਂ ਰੱਤ ਨਿਚੋੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ ਆਪਣੀਆਂ ਅੱਖਾਂ ਚੋਂ ਹੰਝੂ ਮੱਲੋਮੱਲੀ ਕਿਰਦੇ ਬਾਹਰੋਂ ਅੰਗ ਥਿੜਕ ਰਹੇ ਅੰਦਰੋਂ ਕੰਬੀ ਜਾਂਦੇ ਹਿਰਦੇ ਹੁਣ ਵਾਰ ਇੱਕ ਡਾਰ ਵਿੱਚੋਂ ਜਾਂਦੇ ਹੀਰੇ ਹਰਨ ਵਿਛੋੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ

10. ਫਸਿਆ ਵਹਿਮਾਂ ਵਿੱਚ ਇਨਸਾਨ

ਕੁਝ ਹਜ਼ਾਰ ਸਾਲ ਤੋਂ ਪਹਿਲਾਂ, ਰੱਬ ਦੀ ਕੋਈ ਮਿੱਥ ਨਹੀਂ ਸੀ । ਵਣ ਮਾਨਸ ਅਤੇ ਪਸ਼ੂ ਪੱਧਰ ਵਿੱਚ, ਲੰਬੀ ਚੌੜੀ ਵਿੱਥ ਨਹੀਂ ਸੀ । ਵਣ ਮਾਨਸ ਦਾ ਮਗ਼ਜ ਫਿਤਰਤੀ, ਗਿਆਨ ਗ੍ਰਹਿਣ ਕਰਨੇ ਸਮਰੱਥ । ਰੂਹ ਚੇਤੰਨਤਾ ਉਪਜ ਏਸ ਦੀ, ਸਾਇੰਸਦਾਨਾਂ ਖੋਜਿਆ ਤੱਥ । ਜਦ ਮਾਨਵ ਕੁਝ ਵਿਕਸਿਤ ਹੋਇਆ, ਵਾਪਰਦੇ ਵਰਤਾਰੇ ਦੇਖੇ । ਕੁਦਰਤ ਮਾਂ ਦੇ ਸਹਿਜ ਰਚੇਵੇਂ, ਅਜਬੋ ਅਜ਼ਬ ਨਜ਼ਾਰੇ ਦੇਖੇ । ਬਦਲ ਗਰਜੇ ਬਿਜਲੀ ਚਮਕੀ, ਵਣ ਮਾਨਸ ਡਰ ਹੋਇਆ ਹੈਰਾਨ । ਫਸਿਆ ਵਹਿਮਾਂ ਵਿੱਚ ਇਨਸਾਨ..... ਬਾਅਦ ਭੁਚਾਲੋਂ ਸਾਗਰ ਉੱਛਲਿਆ, ਮੀਂਹ ਝੜੀ ਫਿਰ ਲੱਗ ਗਈ ਲੰਬੀ । ਪੂਰਵਜਾਂ ਨੇ ਮੀਂਹ ਦਾ ਦਿਉਤਾ, ਇੰਦਰ ਨਾਮੀ ਮਿੱਥ ਆਰੰਭੀ । ਫਿਰ ਭਾਰਤੀਆਂ ਈਸ਼ਵਰ ਸਿਰਜਿਆ, ਤਿੰਨ ਦੇਵਤੇ ਵੱਡੇ ਮੰਨੇ । ਬ੍ਰਹਮਾ ਸਿਰਜੇ, ਵਿਸ਼ਨੂੰ ਪਾਲੇ, ਸ਼ਿਵ ਜੀ ਮਾਰ ਲਗਾਵੇ ਬੰਨੇ । ਕੁਝ ਲੋਕਾਂ ਨੇ ਘੜਿਆ ਰੱਬ ਦਾ, ਭੌਤਕ ਤੱਤਾਂ ਬਿਨ ਕਲਬੂਤ । ਸਦੀਆਂ ਤੱਕ ਹੈ ਲੱਭਣਾ ਮੁਸ਼ਕਲ, ਇਸ ਦਾ ਕੋਈ ਠੋਸ ਸਬੂਤ । ਹੈ ਕੋਈ ਸ਼ਕਤੀ ਉੱਪਰ ਬੈਠੀ, ਸਿਆਣਿਆਂ ਨੇ ਲਾ ਲਿਆ ਅਨੁਮਾਨ । ਫਸਿਆ ਵਹਿਮਾਂ ਵਿੱਚ ਇਨਸਾਨ..... ਨਰਕ ਸੁਰਗ ਦੀ ਕੂੜ ਕਲਪਨਾ, ਕੀਤੀ ਭਾਰਤ ਵਰਸ਼ੀ ਰਿਖੀਆਂ । ਅਟਕਲ-ਪੱਚੂ ਜੋ ਮਨ ਆਈਆਂ, ਠੋਸ ਹਕੀਕਤ ਕਹਿ-ਕਹਿ ਲਿਖੀਆਂ । ਪੁਰਖਿਆਂ ਕੋਲ ਪ੍ਰਾਪਤ ਨਾ ਸੀ, ਅੱਜ ਵਰਗੀ ਵਿਗਿਆਨਕ ਸੂਹ । ਉਹ ਮੰਨ ਬੈਠੇ ਚੇਤੰਨਤਾ ਨੂੰ, ਜਨਮ ਕਿਸੇ ਪਿਛਲੇ ਦੀ ਰੂਹ । ਜਨਮ ਸਮੇਂ ਨ ਸਨ ਸਾਡੇ ਵਿੱਚ, ਰੂਹ ਚੇਤੰਨਤਾ ਅਕਲ ਵਜੂਦ । ਇਹ ਵੀ ਵਿਕਸਤ ਹੁੰਦੀਆਂ ਗਈਆਂ, ਜਿਉਂ-ਜਿਉਂ ਵਧਦਾ ਗਿਆ ਵਜੂਦ । ਸਾਇੰਸਦਾਨ ਬੁੱਝਣ ਲੱਗੇ, ਪ੍ਰਕ੍ਰਿਤੀ ਦਾ ਗੁਹਜ ਗਿਆਨ । ਫਸਿਆ ਵਹਿਮਾਂ ਵਿੱਚ ਇਨਸਾਨ..... ਕਹਿੰਦੇ ਰੱਬ ਨਹੀਂ ਜੂਨ 'ਚ ਆਉਂਦਾ, ਜਨਮ ਮਰਨ ਦੇ ਚੱਕਰੋਂ ਬਾਹਰ । ਓਸੇ ਮੂੰਹ ਨਾਲ ਆਖੀ ਜਾਂਦੇ, ਧਾਰ ਚੁੱਕਾ ਚੌਵੀ ਅਵਤਾਰ । ਮਹਾਂ ਕਵੀ ਇੱਕ ਲਿਖ ਗਿਆ ਰੱਬ ਹੈ, ਇੱਕ ਬੁਝਾਰਤ, ਗੋਰਖ ਧੰਦਾ । ਖੋਹਲਣ ਲੱਗਾ ਪੇਚ ਏਸ ਦੇ, ਬਣ ਜਾਂਦਾ ਹੈ ਕਾਫ਼ਰ ਬੰਦਾ । ਜੱਗ ਪ੍ਰਵਾਣਤ ਰੱਬ ਦੀ ਵਿਆਖਿਆ ਕਰ ਨਾ ਸਕੇ ਈਸਾ-ਮੂਸਾ । ਉਹਨਾਂ ਦੇ ਵੀ ਦੋ ਮਜ੍ਹਬਾਂ ਵਿਚ, ਪਸਰਿਆ ਵਾ ਹੈ ਭੰਬਲ ਭੂਸਾ । ਚਿਹਨ ਚੱਕਰ ਰੰਗ ਰੂਪ ਤੋਂ ਵਾਂਝਾ, ਲਿਖ ਗਏ ਗੁਰ ਸੋਢੀ ਸੁਲਤਾਨ । ਫਸਿਆ ਵਹਿਮਾਂ ਵਿੱਚ ਇਨਸਾਨ..... ਕਹਿਣ ਕਤੇਬਾਂ ਮੁਸਲਮਾਨੀਆਂ, ਰੱਬ ਨੇ ਦੁਨੀਆਂ ਜਦੋਂ ਬਣਾਈ । ਨਰ ਮਾਦੇ ਦਾ ਜੋੜਾ ਸਿਰਜਿਆ, ਬਾਬਾ ਆਦਮ ਹੱਵਾ ਮਾਈ । ਏਸੇ ਕੁੱਲ 'ਚੋਂ ਪੈਦਾ ਹੋਏ ਇੱਕ ਲੱਖ ਚੌਵੀ ਹਜ਼ਾਰ ਪੈਗੰਬਰ । ਆਖਰ ਵਾਰ ਮੁਹੰਮਦ ਭੇਜਿਆ, ਰੱਬ ਨੇ ਆਪਣਾ ਯਾਰ ਪੈਗੰਬਰ । ਉਸ ਦੀ ਉੱਮਤ ਦੇ ਦੋ ਫ਼ਿਰਕਿਆਂ, ਲੜਦਿਆਂ ਨੂੰ ਲੰਘ ਗਈਆਂ ਸਦੀਆਂ । ਅੱਜ ਵੀ ਉਸ ਦੇ ਪਾਕਿ ਨਾਮ 'ਤੇ, ਲਹੂ ਦੀਆਂ ਵਗ ਰਹੀਆਂ ਨਦੀਆਂ । ਸ਼ੀਆ ਸੁੰਨੀ ਕੌਮ ਇਰਾਕੀ, ਆਪੋ ਦੇ ਵਿੱਚ ਲਹੂ ਲੁਹਾਣ । ਫਸਿਆ ਵਹਿਮਾਂ ਵਿੱਚ ਇਨਸਾਨ..... ਬੁੱਤਾਂ ਅੱਗੇ ਨੱਕ ਰਗੜਦਾ, ਫਿਰਦਾ ਬੰਦਾ ਕਿਹੜੇ ਨਾਤੇ । ਤੀਰਥ ਤੀਰਥ ਫਿਰੇ ਯਬਕਦਾ, ਕਰਦਾ ਪਾਠ ਜਾਪ ਜਗਰਾਤੇ । ਕਹਿੰਦੇ ਰੱਬ ਨੂੰ ਇੱਕ ਬਰਾਬਰ, ਹੁੰਦੀ ਉਸ ਦੀ ਉਸਤਤ ਨਿੰਦਾ । ਉਸਤਤੀਏ ਨੂੰ ਨਹੀ ਸਿਰੋਪਾ, ਨਿੰਦਕ ਨੂੰ ਕੋਈ ਦੰਡ ਨਹੀਂ ਦਿੰਦਾ । ਸਾਡੇ ਅੰਦਰ ਠੋਸਿਆ ਹੋਇਆ, ਵਕਤ ਵਿਹਾਇਆ ਦ੍ਰਿਸ਼ਟੀਕੋਣ । ਸਾਨੂੰ ਹੱਕ ਹੋਵੇ ਕਿ ਕਰੀਏ, ਆਪਣੇ ਦ੍ਰਿਸ਼ਟੀਕੋਣ ਦੀ ਚੋਣ । ਕੁਦਰਤ ਮਾਂ ਤੋਂ ਬਿਨ ਜੋ ਰੱਬ ਹੈ, ਸਿਰਜਿਆ ਬੰਦੇ ਦਾ ਭਗਵਾਨ । ਫਸਿਆ ਵਹਿਮਾਂ ਵਿੱਚ ਇਨਸਾਨ..... ਨਿਰਾਕਾਰ ਹੈ ਖੁਦ ਬੇ ਦੇਹਾ, ਉਸ ਕਿਸ ਤਰ੍ਹਾਂ ਰਚ ਲਈ ਦੇਹ । ਉਹ ਕਥਨੀ ਹੈ ਮਹਿਲ ਹਵਾਈ, ਬਿਨਾ ਭੁਚਾਲੋਂ ਬਣਗੀ ਥੇਹ । ਬ੍ਰਹਿਮੰਡਾਂ ਦਾ ਮਾਲਕ ਚਾਲਕ, ਅਸੀਂ ਰੱਬ ਲਿਆ ਆਪੇ ਥਾਪ । ਜਿਸਦੀ ਆਪਣੀ ਹੋਂਦ ਨਾ ਕੋਈ, ਨਾ ਧੀ ਪੁੱਤ ਨਾ ਮਾਈ ਬਾਪ । ਈਸ਼ਵਰ, ਅੱਲਾ, ਗਾਡ, ਵਾਹਿਗੁਰੂ, ਦੇਹ ਕੋਈ ਨਾ, ਨਾਮ ਅਨੇਕ । ਪੜਦਾਦੇ ਨੇ ਜੋ ਅਪਣਾ ਲਿਆ, ਪੜਪੋਤਾ ਜਪ ਰਿਹਾ ਹਰੇਕ । ਸਿਰਜਣਹਾਰ ਹੈ ਕੰਨ-ਵਿਹੂਣਾ, ਇਸ ਗੱਲ ਵੱਲ ਬਿਨ ਧਰੇ ਧਿਆਨ । ਫਸਿਆ ਵਹਿਮਾਂ ਵਿੱਚ ਇਨਸਾਨ..... ਸਾਇੰਸਦਾਨਾਂ ਨੇ ਜੋ ਖੋਜਿਆ, ਮਾਦਾ ਮੰਨਿਆ ਗਿਆ ਅਨਾਦੀ । ਏਸੇ ਦਾ ਹੈ ਬ੍ਰਹਿਮੰਡ ਰਚਿਆ, ਏਸੇ ਦੀ ਹੈ ਧਰਤ ਆਬਾਦੀ । ਬਹੁਮੱਤਾਂ ਦੇ ਗ੍ਰੰਥ ਅਧਿਐਨਿਆ, ਸਮਝ 'ਚ ਆਉਂਦੀ ਗੱਲ ਯਥਾਰਥ । ਹੋਰ ਵਸਤ ਦੀ ਹੋਂਦ ਨਾ ਕੋਈ, ਜੋ ਦਿਸਦਾ ਸਭ ਠੋਸ ਪਦਾਰਥ । ਅੱਜ ਤੱਕ ਰੱਬ ਕਿਸੇ ਨਾ ਡਿੱਠਾ, ਨਾ ਦੇਖਣ ਦਾ ਕੀਤਾ ਦਾਅਵਾ । ਨਾ ਉਹ ਦੱਸਦਾ ਹੋਂਦ ਆਪਣੀ, ਮੂੰਹੋਂ ਬੋਲ ਮਿੱਟੀ ਦਾ ਬਾਵਾ । ਧਰਮ ਸਮੂਹ ਵਿੱਚ ਸਖ਼ਤ ਵਿਵਰਜਿਤ, ਕਿੰਤੂ ਪ੍ਰੰਤੂ ਤਰਕ ਗਿਆਨ । ਫਸਿਆ ਵਹਿਮਾਂ ਵਿੱਚ ਇਨਸਾਨ..... ਗੁਰੂ ਨਾਨਕ ਕਹਿ ਗਏ ਕਾਬਲੋਂ, ਚੜ੍ਹੀਆਂ ਪਾਪ ਜਬਰ ਦੀਆਂ ਜੰਨਾਂ । ਢਾਹ ਬ੍ਰਿਜ ਮੰਦਰ ਲੁੱਟ ਲਿਆ ਸੋਨਾ, ਇੱਕ ਮੁਗ਼ਲ ਨਾ ਹੋਇਆ ਅੰਨ੍ਹਾ । ਅੱਜ ਵੀ ਸਾਲ 'ਚ ਕੁਝ ਥਾਵਾਂ ਤੇ, ਜੁੜਦੀਆਂ ਲੱਖ ਕਰੋੜੀ ਭੀੜਾਂ । ਮਾੜੀ ਜਿਹੀ ਖਤਰੇ ਦੀ ਸੋਅ ਸੁਣ, ਭੀੜਾਂ ਦੀਆਂ ਜਦ ਪੈਣ ਪਦੀੜਾਂ । ਭਗਦੜ ਦੇ ਵਿੱਚ ਦਰੜੇ ਜਾਂਦੇ, ਸੈਂਕੜਿਆਂ ਵਿੱਚ ਬੁੱਢੇ ਠੇਰੇ । ਕਿੰਨੇ ਮਰੇ ਤੇ ਕਿੰਨੇ ਜ਼ਖਮੀ, ਛਪ ਜਾਂਦੀ ਹੈ ਖ਼ਬਰ ਸਵੇਰੇ । ਪਾਪ ਲਾਹੁਣ ਤੇ ਸਵਰਗ ਜਾਣ ਲਈ, ਦੇ ਬਹਿੰਦੇ ਅਣਮੁੱਲੀ ਜਾਨ । ਫਸਿਆ ਵਹਿਮਾਂ ਵਿੱਚ ਇਨਸਾਨ.....

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ