Punjabi Poetry : Karanbir Singh Amber

ਪੰਜਾਬੀ ਕਵਿਤਾਵਾਂ : ਕਰਨਬੀਰ ਸਿੰਘ ਅੰਬਰ



ਸਾਹਵਾਂ ਦਾ ਕੋਈ ਭਾਰ ਨਹੀਂ ਹੁੰਦਾ

ਸਾਹਵਾਂ ਦਾ ਕੋਈ ਭਾਰ ਨਹੀਂ ਹੁੰਦਾ ਮਾੜੇ ਦਾ ਕੋਈ ਯਾਰ ਨੀ ਹੁੰਦਾ ਵੇਖਣ ਵਾਲੀ ਅੱਖ ਦੀ ਗੱਲ ਏ ਹੁਸਣ ਕੋਈ ਹਥਿਆਰ ਨਹੀਂ ਹੁੰਦਾ ਤੂੰ ਕਰਦਾ ਏ ਵੱਖਰੀ ਗੱਲ ਏ ਪਿਆਰ ਚ ਉਂਝ ਵਪਾਰ ਨਹੀਂ ਹੁੰਦਾ ਰੱਬ ਦੇ ਅੱਗੇ ਜ਼ੋਰ ਨਹੀਂ ਚਲਦਾ ਚਾਅ ਕੇ ਕੋਈ ਖ਼ਵਾਰ ਨਹੀਂ ਹੁੰਦਾ ਕਰ ਜਾਵੀਂ ਕੁੱਝ ਜੱਗ ਤੇ ਅੰਬਰ ਜੰਮਣਾ ਬਾਰ ਬਾਰ ਨਹੀਂ ਹੁੰਦਾ

ਮਾੜਿਆਂ ਦਾ ਹੱਕ ਖੋਹ ਕੇ

ਮਾੜਿਆਂ ਦਾ ਹੱਕ ਖੋਹ ਕੇ ਦਾਨ ਦੇਣ ਵਾਲਿਓ ਰੋਲੇ ਦੀ ਜ਼ਮੀਨ ਪਿੱਛੇ ਜਾਨ ਦੇਣ ਵਾਲਿਓ ਖੌਰੇ ਕਿਸ ਭਾਅ ਤੇ ਜ਼ਮੀਰ ਵੇਚ ਦਿੰਦੇ ਓ ਪੈਸਿਆਂ ਦੇ ਬਦਲੇ ਇਮਾਨ ਦੇਣ ਵਾਲਿਓ ਆਪਣੇ ਵੀ ਮਰਨਗੇ ਨਸ਼ਿਆਂ ਦੇ ਨਾਲ ਹੀ ਦੂਜਿਆਂ ਨੂੰ ਮੌਤ ਦਾ ਸਮਾਨ ਦੇਣ ਵਾਲਿਓ ਥੋਡੀ ਵੀ ਔਕਾਤ ਕਿਸੇ ਕੁੱਤੇ ਨਾਲੋਂ ਵੱਧ ਨਹੀਂ ਅਖੌਤੀ ਲੀਡਰਾਂ ਨੂੰ ਸਨਮਾਨ ਦੇਣ ਵਾਲਿਓ ਬੰਦੇ ਦਾ ਕੋਈ ਦੀਨ ਈਮਾਨ ਵੀ ਤੇ ਹੁੰਦਾ ਏ ਸਟੇਜਾਂ ਉਤੇ ਖੜ ਕੇ ਜ਼ੁਬਾਨ ਦੇਣ ਵਾਲਿਓ

ਕੋਈ ਗੱਲ ਸੁਣਾ ਝਨਾਬ ਦੀ

ਕੋਈ ਗੱਲ ਸੁਣਾ ਝਨਾਬ ਦੀ ਮੇਰੇ ਲਹਿੰਦੇ ਵਾਲੇ ਪੰਜਾਬ ਦੀ ਕੈਸੀ ਖੁਸ਼ਬੂ ਹੈ ਉਸ ਮਿੱਟੀ ਦੀ ਕੈਸੀ ਧਰਤ ਹੈ ਮੇਰੇ ਖਵਾਬ ਦੀ ਕੋਈ ਗੱਲ ਸੁਣਾ ਝਨਾਬ ਦੀ ਮੇਰੇ ਲਹਿੰਦੇ ਵਾਲੇ ਪੰਜਾਬ ਦੀ ਕੋਈ ਗੱਲ ਸੁਣਾ ਹਵਾਵਾਂ ਦੀ ਜਿੱਥੇ ਖੇਡਦੇ ਸਾਂ ਉਨ੍ਹਾਂ ਰਾਹਵਾਂ ਦੀ ਸਾਡੇ ਵਿਛੜ ਗਏ ਭਰਾਵਾਂ ਦੀ ਸਾਡੇ ਅਧੂਰੇ ਰਹਿ ਗਏ ਚਾਹਵਾਂ ਦੀ ਉਮਰਾਂ ਦੇ ਪਏ ਅਜ਼ਾਬ ਦੀ ਮੇਰੇ ਲਹਿੰਦੇ ਵਾਲੇ ਪੰਜਾਬ ਦੀ ਕੋਈ ਗੱਲ ਸੁਣਾ ਉਸ ਖੂਹ ਦੀ ਸਾਡੀ ਦੇਹ ਤੋਂ ਵਿਛੜੀ ਰੂਹ ਦੀ ਜੋ ਛੱਡ ਆਇਆਂ ਉਸ ਜੂਹ ਦੀ ਉਸ ਪਾਕ ਪਵਿੱਤਰ ਛੂਹ ਦੀ ਉਸ ਸਾਂਝੇ ਲਾਏ ਗੁਲਾਬ ਦੀ ਮੇਰੇ ਲਹਿੰਦੇ ਵਾਲੇ ਪੰਜਾਬ ਦੀ

ਤੇਰੀਆਂ ਦਿੱਤੀਆਂ ਪੀੜਾਂ ਹੱਸ ਕੇ

ਤੇਰੀਆਂ ਦਿੱਤੀਆਂ ਪੀੜਾਂ ਹੱਸ ਕੇ ਜਰ ਸਕਦਾ ਵਾਂ ਮੈਂ ਤੇਰੇ ਲਈ ਫਿਰ ਇਨਾਂ ਕੋ ਤੇ ਕਰ ਸਕਦਾ ਵਾਂ ਮੈਂ ਵੇਖੀ ਕਿਤੇ ਦਰਦ ਦੇਣ ਦੀ ਆਦਤ ਨਾ ਪਾ ਲਈ ਐਨਾ ਵੀ ਮਜ਼ਬੂਤ ਨਹੀਂ ਆ ਮਰ ਸਕਦਾ ਵਾਂ ਮੈਂ ਮੈਨੂੰ ਡੋਬਣ ਵਾਲੇ ਨੂੰ ਤੁਸੀਂ ਕਾਤਲ ਨਾ ਆਖੋ ਸ਼ਾਇਦ ਉਹਨੂੰ ਭੁਲੇਖਾ ਸੀ ਕੇ ਤਰ ਸਕਦਾ ਵਾਂ ਮੈਂ ਮੇਰੇ ਹਿੱਸੇ ਇੱਕ ਕਲ਼ਮ ਕੁੱਝ ਗ਼ਜ਼ਲਾਂ ਆਈਆਂ ਨੇ ਇਨ੍ਹਾਂ ਵਿਚੋਂ ਤੇਰੇ ਨਾਂਅ ਕੀ ਕਰ ਸਕਦਾ ਵਾਂ ਮੈਂ? ਫਾਇਦਾ ਕੀ ਜੇ ਪੜ੍ਹਨ ਵਾਲੇ ਦੇ ਦਿਲ ਨੂੰ ਨਾ ਲੱਗੇ ਉਂਝ ਤੇ ਬੈਠਾ ਕਈ ਸੋ ਪੰਨੇ ਭਰ ਸਕਦਾ ਵਾਂ ਮੈਂ

ਬੰਦੇ ਟੁੱਟਦੇ ਵੇਖੇ ਤੇ ਮੈਂ ਤਾਰੇ ਵੀ

ਬੰਦੇ ਟੁੱਟਦੇ ਵੇਖੇ ਤੇ ਮੈਂ ਤਾਰੇ ਵੀ ਜਿੰਨੇ ਸੁਪਣੇ ਵੇਖੇ ਉਹਨੇ ਮਾਰੇ ਵੀ ਕੀ ਦੱਸਾਂ ਮੈਂ ਜ਼ਿੰਦਗੀ ਦਾਅ ਤੇ ਲੱਗੀ ਸੀ ਇਸ਼ਕ ਦੀ ਬਾਜ਼ੀ ਖੇਡੇ ਵੀ ਤੇ ਹਾਰੇ ਵੀ ਜਾਂ ਤੇ ਮੈਨੂੰ ਝੂਠੇ ਲਾਰੇ ਲਾਉਂਦਾ ਨਾ ਵਾਅਦਾ ਕੀਤਾ ਤੇ ਹੁਣ ਜਿੰਦਗੀ ਵਾਰੇ ਵੀ ਪੈਸਾ ਸ਼ੋਹਰਤ ਕੁੱਝ ਵੀ ਨਾਲ ਤੇ ਜਾਣਾ ਨੀ ਰਹਿ ਜਾਣੇ ਨੇ ਇੱਥੇ ਮਹਿਲ ਚੁਬਾਰੇ ਵੀ ਲਗਦੈ ਮੈਨੂੰ ਲੋਕ ਪਛਾਣਨ ਲੱਗੇ ਨੇ ਕਾਫੀ ਮੰਦਾ ਸੁਣਿਆ ਆਪਣੇ ਬਾਰੇ ਵੀ

ਪਿੱਪਲ ਪੱਥਰ ਜੰਡ ਤੇ ਗਾਵਾਂ

ਪਿੱਪਲ ਪੱਥਰ ਜੰਡ ਤੇ ਗਾਵਾਂ ਲੋਕੀ ਅੱਜਕਲ੍ਹ ਕੀ ਨਹੀਂ ਮੰਨਦੇ ਸਾਰਿਆਂ ਨੂੰ ਹੀ ਰੱਬ‌ ਮੰਨਦੇ ਨੇ ਬੱਸ ਇੱਕ ਰੱਬ ਨੂੰ ਹੀ ਨਹੀਂ ਮੰਨਦੇ ਜਿਹੜੇ ਰੱਬ ਨੂੰ ਰੱਬ ਮੰਨਦੇ ਨੇ ਉਸ ਰੱਬ ਦੀ ਵੀ ਨਹੀਂ ਮੰਨਦੇ ਛੱਡੋ ਰੱਬ ਦੀ ਗੱਲ ਕਰਦੇ ਓ ਲੋਕ ਤੇ ਨੂੰਹ ਨੂੰ ਧੀ ਨਹੀਂ ਮੰਨਦੇ ਮੈਂ ਸਮਝਾਵਾਂ ਮੰਨ ਜਾਂਦੇ ਨੇ? ਜੀ ਨਹੀਂ ਮੰਨਦੇ ਜੀ ਨਹੀਂ ਮੰਨਦੇ

ਡਿੱਗਦੀ ਢਹਿੰਦੀ ਕਿਸਮਤ ਮੇਰੀ

ਡਿੱਗਦੀ ਢਹਿੰਦੀ ਕਿਸਮਤ ਮੇਰੀ ਹੌਲੀ ਹੌਲੀ ਬਣਦੀ ਪਈ ਏ ਦਿਲ ਚੰਦਰੇ ਨੂੰ ਪੈਸਾ ਸ਼ੋਹਰਤ ਭੁੱਖੇ ਢਿੱਡ ਨੂੰ ਅੰਨ ਦੀ ਪਈ ਏ ਇੱਥੇ ਜਾਣ ਦੇ ਲਾਲੇ ਪਏ ਨੇ ਤੈਨੂੰ ਅਜੇ ਵੀ ਧੰਨ ਦੀ ਪਈ ਏ ਧਰਤੀ ਉੱਤੇ ਰਹਿਣ ਵਾਲਿਓ ਫ਼ਿਕਰ ਤੁਹਾਨੂੰ ਚੰਨ ਦੀ ਪਈ ਏ ਜੱਦ ਵੀ ਸੱਚ ਨੂੰ ਸੱਚ ਲਿਖਿਆ ਮੈਂ ਖੱਲ ਲਵਾਉਣੀ ਤਨ ਦੀ ਪਈ ਏ

ਮਾਂ ਦੇ ਦਿਲ ਤੇ ਚੀਰ ਨਾ ਮਾਰੇ

ਮਾਂ ਦੇ ਦਿਲ ਤੇ ਚੀਰ ਨਾ ਮਾਰੇ ਵੀਰ ਨੂੰ ਹੱਥੀਂ ਵੀਰ ਨਾ ਮਾਰੇ ਬੰਦਾ ਭਾਅ ਜੀ ਕਿੱਥੇ ਭਰਦੈ ਜਦੋਂ ਤੱਕ ਤਕਦੀਰ ਨਾ ਮਾਰੇ ਜਿਹਨੇ ਮਰਣੋ ਬਾਅਦ ਵੀ ਜੀਣੈ ਉਹ ਆਪਣੀ ਜ਼ਮੀਰ ਨਾ ਮਾਰੇ ਆਖ ਸੂ ਵੱਡੇ ਵੀਰ ਨੂੰ ਮਾਂ ਵਿਹੜੇ ਵਿੱਚ ਲਕੀਰ ਨਾ ਮਾਰੇ ਜਾਂ ਤੇ ਜੱਗ ਤੇ ਇਸ਼ਕ ਨਾ ਹੋਵੇ ਜਾਂ ਫਿਰ ਕੈਦੋਂ ਹੀਰ ਨਾ ਮਾਰੇ

ਸਾਰੀਆਂ ਹੱਦਾਂ ਲੰਘ ਬਦਲੇ ਨੇ

ਸਾਰੀਆਂ ਹੱਦਾਂ ਲੰਘ ਬਦਲੇ ਨੇ ਅਸੂਲ ਮੈਂ ਹੋ ਕੇ ਤੰਗ ਬਦਲੇ ਨੇ ਗੈਰ ਬਦਲਦੇ ਹੱਕ ਸੀ ਪੂਰਾ ਆਪਣਿਆਂ ਕਾਹਤੋਂ ਰੰਗ ਬਦਲੇ ਨੇ ਜ਼ਖਮਾਂ ਉੱਤੇ ਮਰਮ ਨਾ ਲਾਇਓ ਇਹ ਹੱਕਾਂ ਦੀ ਮੰਗ ਬਦਲੇ ਨੇ

ਮੈਂ ਗਲ ਵਾਲਾ ਹਾਰ ਬਣਾਈ ਬੈਠਾ ਸਾਂ

ਮੈਂ ਗਲ ਵਾਲਾ ਹਾਰ ਬਣਾਈ ਬੈਠਾ ਸਾਂ ਸੱਪਾਂ ਨੂੰ ਵੀ ਯਾਰ ਬਣਾਈ ਬੈਠਾ ਸਾਂ ਉਹਨੇਂ ਬੜੀ ਹੀ ਬੇਦਰਦੀ ਨਾਲ ਕੱਡਿਆ ਏ ਜਿਹਦੇ ਦਿਲ ਵਿੱਚ ਠਾਹਰ ਬਣਾਈ ਬੈਠਾ ਸਾਂ ਇੱਕ ਨਾ ਇੱਕ ਦਿਨ ਉੱਚਿਆਂ ਆ ਕੇ ਢਾਹੁਣਾ ਸੀ ਘਰ ਹਸਤੀ ਤੋਂ ਬਾਹਰ ਬਣਾਈ ਬੈਠਾ ਸਾਂ ਪਿਆਰ ਮੇਰਾ ਡੁੱਬਿਆਂ ਵਿੱਚ ਝਨਾਂ ਯਾਰੋ ਮਹਿਰਮ ਨਦੀਉਂ ਪਾਰ ਬਣਾਈ ਬੈਠਾ ਸਾਂ ਮਹਿਫ਼ਲ ਵਿੱਚੋਂ ਧੱਕੇ ਖਾ ਕੇ ਆਇਆ ਵਾਂ ਖੁੱਦ ਨੂੰ ਸ਼ਿਵ ਕੁਮਾਰ ਬਣਾਈ ਬੈਠਾ ਸਾਂ

ਇੱਕ ਇੱਕ ਕਰਕੇ ਸਾਰੇ ਦੱਸਾਂ?

ਇੱਕ ਇੱਕ ਕਰਕੇ ਸਾਰੇ ਦੱਸਾਂ? ਮੇਰਾ ਮਤਲਬ ਲਾਰੇ ਦੱਸਾਂ ? ਹੁਣ ਜੇ ਤੂੰ ਚੁੱਪ ਕਰੇ ਤੇ ਮੈਂ ਕੁੱਝ ਆਪਣੇ ਬਾਰੇ ਦੱਸਾਂ ? ਕਿੰਨ੍ਹੇ ਦੁੱਖ ਨੇ ਦਿਲ ਦੇ ਅੰਦਰ ਕਰਕੇ ਕਿੰਝ ਇਸ਼ਾਰੇ ਦੱਸਾਂ? ਦੇਖਣ ਤੇ ਜੁਰਮਾਨਾ ਲੱਗੇ ਜੇ ਅੱਖਾਂ ਦੇ ਕਾਰੇ ਦੱਸਾਂ ਕਾਤਿਲ ਹਾਂ ਮੈਂ ਆਪਣੇ ਹੱਥੀਂ ਕਿੰਨ੍ਹੇ ਸੁਪਣੇ ਮਾਰੇ ਦੱਸਾਂ ?

ਗਲ ਨੂੰ ਆ ਕੇ ਗੈਰ ਪਿਆ ਏ

ਗਲ ਨੂੰ ਆ ਕੇ ਗੈਰ ਪਿਆ ਏ ਇਸੇ ਲਈ ਤੇ ਵੈਰ ਪਿਆ ਏ ਦੁਸ਼ਮਣ ਵੱਲ ਸੀ ਛਾਤੀ ਮੇਰੀ ਪਿੱਠ ਦੇ ਵੱਲੋਂ ਪੈਰ ਪਿਆ ਏ ਸੌਖਾ ਨਹੀਂ ਸੀ ਤੈਨੂੰ ਲੱਭਣਾ ਘੁੰਮਣਾ ਸਾਰਾ ਸ਼ਹਿਰ ਪਿਆ ਏ ਤੇਰੀ ਖ਼ਾਤਰ ਸ਼ਹਿਦ ਜਿਹਾ ਵੇ ਮੈਨੂੰ ਪੀਣਾ ਜ਼ਹਿਰ ਪਿਆ ਏ ਉਹਨੂੰ ਲਿਖਣਾ ਕਿੰਝ ਨਾ ਆਵੇ ਜਿਹਨੂੰ ਝੱਲਣਾ ਕਹਿਰ ਪਿਆ ਏ

ਸੰਘਣੇ ਰੁੱਖ ਦੀ ਛਾਂ ਤੇ ਮੈਂ

ਸੰਘਣੇ ਰੁੱਖ ਦੀ ਛਾਂ ਤੇ ਮੈਂ ਬਿਲਕੁਲ ਜਿਸਰਾਂ ਮਾਂ ਤੇ ਮੈਂ ਜਿੱਥੋਂ ਜ਼ਿੰਦਗੀ ਸ਼ੁਰੂ ਸੀ ਕੀਤੀ ਖੜਾ ਵਾਂ ਉਸੇ ਥਾਂ ਤੇ ਮੈਂ ਰੋਵਾਂ ਤਾਂ ਵੀ ਰੱਬ ਨਹੀਂ ਸੁਣਦਾ ਚੁੱਪ ਹੀ ਰਹਿਣਾ ਤਾਂ ਤੇ ਮੈਂ ਤੇਰੀ ਰਾਹ ਉਡੀਕਣ ਲੱਗੇ ਸਰਦਲ ਉੱਤੇ ਕਾਂ ਤੇ ਮੈਂ ਜਿਸ ਵੇਲੇ ਉਸ ਨਾਂਹ ਕੀਤੀ ਸੂ ਮਰਿਆਂ ਉਸੇ ਥਾਂ ਤੇ ਮੈਂ ਜਾਂ ਫਿਰ ਮੈਨੂੰ ਪਾਗਲ ਆਖੋ ਸ਼ਾਇਰ ਹੋਇਆ ਜਾਂ ਤੇ ਮੈਂ

ਗਰੀਬ ਕਿਸੇ ਦੀ ਹਾਅ ਨਹੀਂ ਚਾਹੀਦੀ

ਗਰੀਬ ਕਿਸੇ ਦੀ ਹਾਅ ਨਹੀਂ ਚਾਹੀਦੀ ਫੋਕੀ ਵਾਹ ਵਾਹ ਨਹੀਂ ਚਾਹੀਦੀ ਸਿਰ ਤੇ ਭਾਵੇਂ ਕਰਜਾ ਹੋਵੇ ਲੈਣੀ ਫਿਰ ਵੀ ਫਾਹ ਨਹੀਂ ਚਾਹੀਦੀ ਮਾਂ ਬਾਪ ਤੋਂ ਬਾਝੋਂ ਰੱਬਾ ਮੈਨੂੰ ਇੱਕ ਵੀ ਸਾਹ ਨਹੀਂ ਚਾਹੀਦੀ ਮੈਂ ਤੇ ਮੰਨ ਬਣਾਕੇ ਤੁਰਿਆ ਮੁੱਕਣੀ ਬੱਸ ਇਹ ਰਾਹ ਨਹੀਂ ਚਾਹੀਦੀ ਜਿੰਨੇਂ ਜਾਣਾ ਜਾ ਸਕਦਾ ਏ ਮੈਨੂੰ ਕੋਈ ਵਜਾਹ ਨਹੀਂ ਚਾਹੀਦੀ

ਕਿਸਮਤ ਅੱਗੇ ਹਰ ਕੇ ਰੋਇਆਂ

ਕਿਸਮਤ ਅੱਗੇ ਹਰ ਕੇ ਰੋਇਆਂ ਰੱਬ ਨਾਲ ਸ਼ਿਕਵੇ ਕਰਕੇ ਰੋਇਆਂ ਐਨਾ ਵੀ ਕਮਜ਼ੋਰ ਨਹੀਂ ਸਾਂ ਕਾਫੀ ਕੁੱਝ ਮੈਂ ਜਰ ਕੇ ਰੋਇਆਂ ਸੁੱਕ ਗਏ ਸਨ ਮੁੱਦਤਾਂ ਤੋਂ ਹੰਝੂ ਅੱਜ ਪਰ ਅੱਖਾਂ ਭਰਕੇ ਰੋਇਆਂ ਖ਼ਬਰੇ ਕੱਦ ਸੁਧਰਨਗੇ ਮੇਰੇ ਮੈਂ ਹਾਲਾਤੋਂ ਡਰ ਕੇ ਰੋਇਆਂ

ਦੁਨੀਆਂ ਨਾਲੋਂ ਵੱਖ ਤੇ ਕੱਲਾ ਕੀਤਾ ਏ

ਦੁਨੀਆਂ ਨਾਲੋਂ ਵੱਖ ਤੇ ਕੱਲਾ ਕੀਤਾ ਏ ਚੰਗੇ ਭਲੇ ਨੂੰ ਚੰਗਾ ਝੱਲਾ ਕੀਤਾ ਏ ਰੱਬ ਜਾਣਦੈ ਪਤਾ ਨਹੀਂ ਕਿਵੇਂ ਬਚਿਆ ਵਾਂ ਯਾਦ ਤੇਰੀ ਨੇ ਦੂਜਾ ਹੱਲਾ ਕੀਤਾ ਏ ਐਵੇਂ ਤੇ ਨਹੀਂ ਕਾਇਲ ਇਸ ਨਜ਼ਾਕਤ ਦਾ ਵੇਖ ਹਾਂ ਮੂੰਹ ਤੇ ਕਿੱਦਾਂ ਪੱਲਾ ਕੀਤਾ ਏ ਮੇਰੀ ਕਾਹਤੋਂ ਜਾਨ ਦੇ ਉੱਤੇ ਬਣ ਗਈ ਏ ਮੈਂ ਕਿਹੜਾ ਕੋਈ ਇਸ਼ਕ ਅਵੱਲਾ ਕੀਤਾ ਏ

ਜੇ ਉਹਨੇ ਸੁਣ ਲਈ ਤੇ ਪੂਰੀ ਦੱਸਾਂਗਾ

ਜੇ ਉਹਨੇ ਸੁਣ ਲਈ ਤੇ ਪੂਰੀ ਦੱਸਾਂਗਾ ਰਹਿ ਗਈ ਸੀ ਜੋ ਗੱਲ ਅਧੂਰੀ ਦੱਸਾਂਗਾ ਖ਼ਬਰੇ ਮੈਨੂੰ ਛੱਡਕੇ ਸੱਜਣ ਨਾ ਜਾਵੇ ਹੱਥ ਜੋੜ ਕੇ ਜੱਦ ਮਜਬੂਰੀ ਦੱਸਾਂਗਾ ਰੱਬਾ ਮੈਨੂੰ ਰੁੱਖੀ ਮਿੱਸੀ ਦਿੰਦਾ ਰਹੀ ਲੋਕਾਂ ਜੇ ਪੁੱਛਿਆ ਤੇ ਚੂਰੀ ਦੱਸਾਂਗਾ

ਜਦ ਉਹ ਹੈ ਤੋਂ ਸੀ ਲਗਦਾ ਏ

ਜਦ ਉਹ ਹੈ ਤੋਂ ਸੀ ਲਗਦਾ ਏ ਦਿਲ ਨੂੰ ਗਮ ? ਜੀ ਲਗਦਾ ਏ ਅੱਖ ਵੀ ਚੰਦਰੀ ਭਰੀ ਭਰੀ ਏ ਅੱਜ ਤੇ ਪੈਣਾ‌ ਮੀਂਹ ਲਗਦਾ ਏ ਹਸ਼ਰ ਦੇ ਦਿਨ ਸੋਚਿਉ ਬਹਿਕੇ ਕਿਹੜਾ ਕਿਸਦਾ ਕੀ ਲਗਦਾ ਏ ਜਿਨ੍ਹਾਂ ਤੁਹਾਡਾ ਰੱਬ ਏ ਸ਼ਾਹ ਜੀ ਉਨ੍ਹਾਂ ਸਾਡਾ ਵੀ ਲਗਦਾ ਏ

ਦਿਲ ਚੋਂ ਤੈਨੂੰ ਕੱਢ ਨਹੀਂ ਹੋਣਾ

ਦਿਲ ਚੋਂ ਤੈਨੂੰ ਕੱਢ ਨਹੀਂ ਹੋਣਾ ਜਿਉਂਦੇ ਜੀਅ ਤਾਂ ਛੱਡ ਨਹੀਂ ਹੋਣਾ ਇਹ ਦੁੱਖ ਮੇਰੇ ਨਾਲ ਜਾਏਗਾ ਹੁਣ ਇਹ ਮੈਥੋਂ ਅੱਡ ਨਹੀਂ ਹੋਣਾ ਹਰ ਰੁੱਖ ਮੇਰੀ ਮਾਂ ਵਰਗਾ ਏ ਮੇਰੇ ਕੋਲੋਂ ਵੱਢ ਨਹੀਂ ਹੋਣਾ ਆਖਰ ਨੂੰ ਬੱਸ ਰਾਖ ਮਿਲੂਗੀ ਲਹੂ ਮਾਸ ਜਾਂ ਹੱਡ ਨਹੀਂ ਹੋਣਾ

ਹੱਕਾਂ ਖਾਤਰ ਡੁੱਲਣ ਵਾਲੇ

ਹੱਕਾਂ ਖਾਤਰ ਡੁੱਲਣ ਵਾਲੇ ਲਹੂ ਦਾ ਪਾਇਆ ਮੁੱਲ ਨਹੀਂ ਜਾਂਦਾ ਮਤਲਬ ਲਈ ਜੁੜਦੇ ਨੇ ਰਿਸ਼ਤੇ ਕੋਈ ਕਿਸੇ ਤੇ ਡੁੱਲ ਨਹੀਂ ਜਾਂਦਾ ਪਿੱਛੇ ਮਾੜੇ ਕਰਮ ਹੁੰਦੇ ਨੇ ਬੰਦਾ ਐਵੇਂ ਰੁੱਲ ਨਹੀਂ ਜਾਂਦਾ ਉਹ ਜੋ ਸੱਚ ਦੀ ਗੱਲ ਨਹੀਂ ਕਰਦਾ ਲਿਖਣਾ ਕਾਹਤੋਂ ਭੁੱਲ ਨਹੀਂ ਜਾਂਦਾ

ਮੇਰੀ ਝੋਲੀ ਫਿੱਕੇ ਨੇ

ਮੇਰੀ ਝੋਲੀ ਫਿੱਕੇ ਨੇ ਜਿੰਨੇ ਰੰਗ ਹਯਾਤੀ ਦੇ ਫ਼ਸਲ ਮੇਰੀ ਨੂੰ ਘੂਰਦੇ ਨੇ ਦੰਦੇ ਤੇਰੀ ਦਾਤੀ ਦੇ ਸਿਰ ਤੇ ਤਾਜ਼ ਨੂੰ ਦੇਖ ਰਿਹੈ ਜ਼ਖ਼ਮ ਨਹੀਂ ਦਿਸਦੇ ਛਾਤੀ ਦੇ? ਮੈਂ ਵੀ ਸ਼ਾਇਰ ਬਣਨਾ ਏ ਰੱਬਾ ਇਸ਼ਕ ਖੈਰਾਤ ਹੀ ਦੇ

ਖੁਦ ਦੀ ਕਰਦੇ ਭਾਲ ਨਹੀਂ ਸੌਂਦੇ

ਖੁਦ ਦੀ ਕਰਦੇ ਭਾਲ ਨਹੀਂ ਸੌਂਦੇ ਅਸੀਂ ਰਾਤਾਂ ਦੇ ਨਾਲ ਨਹੀਂ ਸੌਂਦੇ ਮੈਂ ਤੇ ਫਿਰ ਵੀ ਸੋ ਜਾਣਾ ਵਾਂ ਕਈ ਤੇ ਕਿੰਨੇ ਸਾਲ ਨਹੀਂ ਸੌਂਦੇ ਲੋਕ ਮੇਰਾ ਹਾਲ ਨਹੀਂ ਪੁੱਛਦੇ ਪੁੱਛ ਲੈਣ ਜੇ ਹਾਲ ਨਹੀਂ ਸੌਂਦੇ ਮੈਂ ਦੇਖੇ ਨੇ ਧੀਆਂ ਵਾਲੇ ਕਮਾਲ ਯਾਰ ਕਮਾਲ ਨਹੀਂ ਸੌਂਦੇ ਬੱਚੇ ਭੁੱਖੇ ਮਾਂ ਨਹੀਂ ਸੌਂਦੀ ਮਾਂ ਭੁੱਖੀ ਤੇ ਬਾਲ ਨਹੀਂ ਸੌਂਦੇ ਕਿਸਮਤ ਸੁੱਤੀ ਫਿਰ ਕੀ ਹੋਇਆ ਅਸੀ ਤੇ ਫ਼ਿਲਹਾਲ ਨਹੀਂ ਸੌਂਦੇ

ਦਿਲ ਦੇ ਉੱਤੇ ਆ ਲੱਗੀ ਏ

ਦਿਲ ਦੇ ਉੱਤੇ ਆ ਲੱਗੀ ਏ ਲੱਗਦੈ ਕਿਸੇ ਦੀ ਹਾਅ ਲੱਗੀ ਏ ਦਿਲ ਨੇ ਕੁੱਝ ਦਿਨ ਉੱਡਣੈ ਹਾਲੇ ਨਵੀਂ ਨਵੀਂ ਜੋ ਵਾਅ ਲੱਗੀ‌ ਏ ਹੋਰ ਤਾਂ ਕੋਈ ਐਬ ਨਹੀਂ ਪਰ ਨਸ਼ਿਆਂ ਵਾਂਗ ਹੀ ਚਾਹ ਲੱਗੀ ਏ ਜਾ ਨਹੀਂ ਲਿਖਦਾ ਜੋ ਤੂੰ ਚਾਉਣੈ ਸਾਨੂੰ ਕਿਹੜੀ ਫਾਹ ਲੱਗੀ ਏ ਵਿਕਣ ਆਈ ਮੁਹੱਬਤ ਅੰਬਰ ਪੁੱਛੀ ਕਿਹੜੇ ਭਾਅ‌ ਲੱਗੀ ਏ?

ਗਲਤ ਹੁੰਦਾ ਜੋ ਸਿਆਸੀ ਦਰਬਾਰਾਂ ਦੇ ਅੰਦਰ

ਗਲਤ ਹੁੰਦਾ ਜੋ ਸਿਆਸੀ ਦਰਬਾਰਾਂ ਦੇ ਅੰਦਰ ਅਕਸਰ ਨਹੀਂ ਛਪਦਾ ਅਖ਼ਬਾਰਾਂ ਦੇ ਅੰਦਰ ਨਾ ਨਾ ਮੇਰਾ ਤਜੁਰਬਾ ਨਾ ਪੁੱਛੋ ਮੈਂ ਦੁਸ਼ਮਣ ਵੀ ਦੇਖੇ ਨੇ ਯਾਰਾਂ ਦੇ ਅੰਦਰ ਨਿੱਤ ਹੀ ਵੇਹਣਾ ਮੈਂ ਟੁੱਟਦੇ ਹੋਏ ਸੁਪਨੇ ਮੇਰੇ ਵਰਗੀਆਂ ਅੱਖਾਂ ਹਜ਼ਾਰਾਂ ਦੇ ਅੰਦਰ

ਮੁੱਦਤ ਮਗਰੋਂ ਖੈਰ ਦੇ ਨਾਲ

ਮੁੱਦਤ ਮਗਰੋਂ ਖੈਰ ਦੇ ਨਾਲ ਹਰਫ਼ ਮਿਲੇ ਨੇ ਬਹਿਰ ਦੇ ਨਾਲ ਕਿੱਥੋਂ ਤੱਕ ਏ ਲਿਖਣਾ ਵਾਜਿਬ? ਕਲਮਾਂ ਭਰਕੇ ਜ਼ਹਿਰ ਦੇ ਨਾਲ ਮੈਂ ਜੇ ਰਾਹ ਦਾ ਰੋੜਾ ਲੱਗਾਂ ਪਾਸੇ ਕਰ ਦਿਉ ਪੈਰ ਦੇ ਨਾਲ ਉਹ ਵੀ ਅੰਬਰ ਡੁੱਬ ਜਾਂਦੇ ਨੇ ਤੈਰਣ ਵਾਲੇ ਲਹਿਰ ਦੇ ਨਾਲ ਤੇਰੇ ਨਾਲ ਹੀ ਮੁੱਕ ਜਾਣੀ ਏ ਸਾਂਝ ਜੋ ਤੇਰੇ ਸ਼ਹਿਰ ਦੇ ਨਾਲ ਆਪਣਿਆਂ ਨਾਲੋਂ ਜ਼ਿਆਦਾ ਅੱਜਕਲ੍ਹ ਬਣਦੀ ਪਈ ਏ ਗੈਰ ਦੇ ਨਾਲ ਸਾਰੀ ਜਿੰਦਗੀ ਪਿਆਸ ਨਾ ਮੁੱਕੀ ਭਾਵੇਂ ਘਰ ਸੀ ਨਹਿਰ ਦੇ ਨਾਲ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ