Punjabi Poetry : Karamjit Singh Grewal

ਪੰਜਾਬੀ ਕਵਿਤਾਵਾਂ : ਕਰਮਜੀਤ ਸਿੰਘ ਗਰੇਵਾਲ1. ਕਦੇ ਕਹੇ ਦਿਲ

ਕਦੇ ਕਹੇ ਦਿਲ ਔਹ ਚੰਨ ਤਾਰੇ ਡਿਗ ਪੈਣ ਮੇਰੇ ਪੱਲੇ ਮੇਰੇ ਅੰਦਰ ਵੀ ਬਾਲ ਨਾਦਾਨ ਬੈਠਾ ਹੈ ਕਦੇ ਕਹੇ ਦਿਲ ਮਾਰ ਕੇ ਠੱਗੀਆਂ ਭਰ ਲਾਂ ਆਪਣੇ ਗੱਲੇ ਮੇਰੇ ਅੰਦਰ ਵੀ ਬੇਈਮਾਨ ਬੈਠਾ ਹੈ ਕਦੇ ਕਹੇ ਦਿਲ ਸਾਰੀ ਦੁਨੀਆਂ ਹੋ ਜਾਏ ਪੈਰਾਂ ਥੱਲੇ ਮੇਰੇ ਅੰਦਰ ਵੀ ਇੱਕ ਹੈਵਾਨ ਬੈਠਾ ਹੈ ਕਦੇ ਕਹੇ ਦਿਲ ਸਾਰੇ ਜੱਗ ਤੇ ਰੋਹਬ ਮੇਰਾ ਹੀ ਚੱਲੇ ਮੇਰੇ ਅੰਦਰ ਵੀ ਇੱਕ ਸ਼ੈਤਾਨ ਬੈਠਾ ਹੈ ਕਦੇ ਕਹੇ ਦਿਲ ਚਾਰ ਚੁਫ਼ੇਰੇ ਹੋ ਜਾਏ ਬੱਲੇ-ਬੱਲੇ ਮੇਰੇ ਅੰਦਰ ਵੀ ਇੱਕ ਸੁਲਤਾਨ ਬੈਠਾ ਹੈ ਕਦੇ ਕਹੇ ਦਿਲ ਜਿੰਦ ਕਿਸੇ ਦੀ ਪੀੜ ਕੋਈ ਨਾ ਝੱਲੇ ਮੇਰੇ ਅੰਦਰ ਵੀ ਇੱਕ ਇਨਸਾਨ ਬੈਠਾ ਹੈ

2. ਪੈਸੇ ਦੇ ਜ਼ੋਰ ਨਾਲ਼

ਪੈਸੇ ਦੇ ਜ਼ੋਰ ਨਾਲ਼ ਸਾਜਾਂ ਦੇ ਸ਼ੋਰ ਨਾਲ਼ ਗਾਉਂਦੇ ਨੇ ਅੱਜ ਕੱਲ ਯਾਰੋ ਗਵੱਈਏ ਕਿੰਨਾ ਅਪਮਾਨ ਹੋਵੇ ਔਰਤ ਦਾ ਘਾਣ ਹੋਵੇ ਸੁੱਟਦੇ ਸ਼ਰਾਬੀ ਜਦੋਂ ਵਾਰ ਕੇ ਰੁਪਈਏ ਗੂੰਜਦਾ ਸੀ ਰਾਗ ਜਦੋਂ ਮੁੱਖੜੇ ਤੇ ਨੂਰ ਸੀ ਸੁਣਦੇ ਸਾਂ ਬਾਣੀ ਸੱਚੀ ਚੜ੍ਹਦਾ ਸਰੂਰ ਸੀ ਛੰਦ,ਬੈਂਤ,ਦੋਹੇ ਨੇ, ਇਨ੍ਹਾਂ ਸਾਥੋਂ ਖੋਹੇ ਨੇ ਦੋਹਰਾ,ਸ਼ਬਦ,ਪਾਉੜੀ, ਚੌਪਈ,ਸਵੱਯੀਏ ਸ਼ਾਇਰੀ ਗਵਾਚ ਗਈ ਜੁਗਨੀ ਵੀ ਖੋ ਗਈ ਵਾਰਾਂ ਤੇ ਕਵੀਸ਼ਰੀ ਦੀ ਗੱਲ ਦੂਰ ਹੋ ਗਈ ਗੱਲ ਨਾ ਇਹ ਚੰਗੀ ਹੋਵੇ, ਢੱਡ ਤੇ ਸਾਰੰਗੀ ਰੋਵੇ ਬਦਲੇ ਨੇ ਲੋਕਾਂ ਕਿਉਂ ਆਪਣੇ ਰਵੱਈਏ ਕਿਹੜੇ ਰਾਹੀਂ ਤੁਰੇ ਅਸੀਂ ਵਿਰਸੇ ਨੂੰ ਭੁੱਲਗੇ ਹੀਰੇ ਮੋਤੀ ਰੋਲ਼ ਦਿੱਤੇ ਕੌਡੀਆਂ ਤੇ ਡੁੱਲਗੇ ਗੈਰਾਂ ਸਵੀਕਾਰੀ ਏ, ਇਨ੍ਹਾਂ ਨੇ ਵਿਸਾਰੀ ਏ ਛੱਡਗੇ ਪੰਜਾਬੀ ਬੋਲੀ ਇਨ੍ਹਾਂ ਨੂੰ ਕੀ ਕਹੀਏ

3. ਆਖਿਰ ਮੰਜ਼ਲ ਪਾ ਲੈਂਦੇ ਨੇ

ਆਖਿਰ ਮੰਜ਼ਲ ਪਾ ਲੈਂਦੇ ਨੇ ਉਹਨਾਂ ਦੇ ਹੱਥ ਕੁੱਝ ਨਹੀਂ ਆਉਂਦਾ, ਢੇਰੀ ਜਿਹੜੇ ਢਾਹ ਲੈਂਦੇ ਨੇ ਚੱਲਦੇ-ਚੱਲਦੇ ਕਦਮ ਹਮੇਸ਼ਾ ਆਖਿਰ ਮੰਜ਼ਲ ਪਾ ਲੈਂਦੇ ਨੇ ਕੀ ਹੋਇਆ ਜੇ ਰਾਹ ਕੰਡਿਆਲ਼ੇ ਕਦ ਰੁਕਦੇ ਨੇ ਹਿੰਮਤਾਂ ਵਾਲ਼ੇ ਨੰਗੇ ਪੈਰੀਂ ਸਫ਼ਰ ਮੁਕਾਉਂਦੇ ਸਾਰੀ ਦੁਨੀਆਂ ਗਾਹ ਲੈਂਦੇ ਨੇ ਚੱਲਦੇ-ਚੱਲਦੇ ਕਦਮ ਹਮੇਸ਼ਾ ਆਖਿਰ ਮੰਜ਼ਲ ਪਾ ਲੈਂਦੇ ਨੇ ਭਾਵੇਂ ਇੱਥੇ ਥਾਂ-ਥਾਂ ਰੋਕਾਂ ਪਰ ਜੇ ਸੀਨੇ ਦੇ ਵਿੱਚ ਸੋਚਾਂ ਰਾਹ ਦੇ ਟੋਇਆਂ ਟਿੱਬਿਆਂ ਨੂੰ ਵੀ ਰਸਤਾ ਲੋਕ ਬਣਾ ਲੈਂਦੇ ਨੇ ਚੱਲਦੇ-ਚੱਲਦੇ ਕਦਮ ਹਮੇਸ਼ਾ ਆਖਿਰ ਮੰਜ਼ਲ ਪਾ ਲੈਂਦੇ ਨੇ

4. ਕਮਜ਼ੋਰੀਏ ਮੇਰੀ ਸ਼ਕਤੀਏ

ਕਮਜ਼ੋਰੀਏ ਮੇਰੀ ਸ਼ਕਤੀਏ ਮੇਰੀ ਬੰਦਗੀ ਤੇ ਭਗਤੀਏ ਮਾਂ, ਭੈਣ, ਪਤਨੀ, ਧੀ ਤੂੰ ਮੇਰੀ ਦੋਸਤੀ ਜ਼ਿੰਦਗੀ ਤੂੰ ਮੇਰੀ ਜ਼ਿੰਦਗੀ ਦਾ ਸਾਰ ਤੂੰ ਮੇਰੀ ਜਿੱਤ ਤੂੰ ਤੇ ਹਾਰ ਤੂੰ ਮੇਰੀ ਜ਼ਿੰਦਗੀ ਦਾ ਰੰਗ ਤੂੰ ਰਹਿਣਾ ਹਮੇਸ਼ਾ ਸੰਗ ਤੂੰ ਐ ਨਦੀਏ ਨੀ ਐ ਧਰਤੀਏ ਆ ਜ਼ਿੰਦਗੀ ਵੱਲ ਪਰਤੀਏ ਨੀ ਰਾਣੀਏ ਪਟਰਾਣੀਏ ਆ ਜ਼ਿੰਦਗੀ ਨੂੰ ਮਾਣੀਏ ਐ ਤਿਤਲੀਏ ਨੀ ਬੱਦਲ਼ੀਏ ਨੀ ਭੋਲ਼ੀਏ ਨੀ ਪਗਲੀਏ ਆ ਜ਼ਿੰਦਗੀ ਨੂੰ ਬਦਲੀਏ ਕਮਜ਼ੋਰੀਏ ਮੇਰੀ ਸ਼ਕਤੀਏ ਮੇਰੀ ਬੰਦਗੀ ਤੇ ਭਗਤੀਏ ਮਾਂ, ਭੈਣ, ਪਤਨੀ, ਧੀ ਤੂੰ ਮੇਰੀ ਦੋਸਤੀ ਜ਼ਿੰਦਗੀ ਤੂੰ

5. ਰੁਕ ਜਾਂਦੇ ਜਾਂ ਝੁਕ ਜਾਂਦੇ ਨੇ

ਰੁਕ ਜਾਂਦੇ ਜਾਂ ਝੁਕ ਜਾਂਦੇ ਨੇ ਜਿੱਥੇ ਆ ਕੇ ਲੋਕ ਤੈਂ ਉਸ ਕਦਮ ਤੋਂ ਅੱਗੇ ਜਾਣਾ ਇਸ ਗੱਲ ਬਾਰੇ ਸੋਚ ਝੜ ਜਾਂਦੇ ਜਾਂ ਸੜ ਜਾਂਦੇ ਨੇ ਜਿਹੜੀ ਉਮਰ’ਚ ਪੱਤੇ ਜਿਸਨੇ ਵਕਤ ਸੰਭਾਲ਼ ਕੇ ਰੱਖਿਆ ਬੈਠੀ ਪੂਣੀਆਂ ਕੱਤੇ ਰੁੜ ਜਾਂਦੇ ਜਾਂ ਮੁੜ ਜਾਂਦੇ ਨੇ ਜਿੱਥੋਂ ਆ ਕੇ ਪੈਰ ਤੈਂ ਉਹ ਸਾਗਰ ਚੀਰ ਕੇ ਜਾਣਾ ਲੱਖ ਤੂਫਾਨੀ ਲਹਿਰ ਛੱਡ ਜਾਂਦੇ ਜਾਂ ਭੱਜ ਜਾਂਦੇ ਨੇ ਜਿੱਥੋਂ ਹਿੰਮਤਾਂ ਹਾਰੇ ਸਿਦਕਵਾਨ ਦੀ ਮੰਜ਼ਲ ਨਹੀਂ ਇਹ ਉਸਨੇ ਛੂਹਣੇ ਤਾਰੇ ਖੋਹ ਲੈਂਦੀ ਜਾਂ ਮੋਹ ਲੈਂਦੀ ਏ ਦਿਲ ਨੂੰ ਜੋ ਖ਼ੁਸ਼ਬੋਈ ਦੇਖੀਂ ਮਨ ਕਿਤੇ ਭਟਕ ਨਾ ਜਾਵੇ ਫਿਰ ਜਾਵੇਂਗਾ ਰੋਈ ਨਾ ਥੱਕਦੇ ਤੇ ਨਾ ਅੱਕਦੇ ਨੇ “ਰਾਜੀ” ਜਿਹੜੇ ਰਾਹੀ ਉਨ੍ਹਾਂ ਦੀ ਹੀ ਦਿੰਦਾ ਆਇਆ ਹੈ ਇਤਿਹਾਸ ਗਵਾਹੀ

6. ਪਰਨਾ ਡੱਬੀਆਂ ਵਾਲ਼ਾ

ਕਹੀ ਮੋਢੇ ਰੱਖਦਾ ਸੀ ਸਿਰ ਤੇ ਪਰਨਾ ਡੱਬੀਆਂ ਵਾਲ਼ਾ ਕਈ ਰੋਗ ਲਵਾ ਬੈਠਾ, ਬਣਕੇ ਕਾਰਾਂ ਗੱਡੀਆਂ ਵਾਲ਼ਾ ਨਾ ਮੋਢੇ ਦੁਖਦੇ ਸੀ ਨਾ ਗੋਡੇ ਦੁਖਦੇ ਸੀ ਅੱਜ ਕੱਲ੍ਹ ਤਾਂ ਲੱਭਦਾ ਏ ਯਾਰੋ ਡਾਕਟਰ ਹੱਡੀਆਂ ਵਾਲ਼ਾ…ਕਈ ਰੋਗ.. ਜਦ ਪੱਠੇ ਵੱਢਦਾ ਸੀ ਨਾ ਬੀ.ਪੀ ਵਧਦਾ ਸੀ ਪੈਰਾਂ’ਚ ਬਿਆਈਆਂ ਨੂੰ ਮੰਨਦਾ ਗਹਿਣਾ ਅੱਡੀਆਂ ਵਾਲ਼ਾ………. ਖੋਹੇ ਖੇਤ ਦਲਾਲਾਂ ਨੇ ਨਵੀਆਂ ਹੀ ਚਾਲਾਂ ਨੇ ਭੋਲ਼ੇਪਨ ਉਸਦੇ ਨੂੰ ਖਾ ਗਿਆ ਯੁੱਗ ਇਹ ਠੱਗੀਆਂ ਵਾਲ਼ਾ……… ਰਾਜੀ ਲਲਤੋਂ ਕਹਿੰਦਾ ਏ ਇੱਕ ਡਰ ਜਿਹਾ ਰਹਿੰਦਾ ਏ ਕਿਤੇ ਗੀਤ ਨਾ ਗੁੰਮ ਜਾਵੇ ਤੇਰਾ ਹੇਕਾਂ ਵੱਡੀਆਂ ਵਾਲ਼ਾ ਕਈ ਰੋਗ ਲਵਾ ਬੈਠਾ ਬਣਕੇ ਕਾਰਾਂ ਗੱਡੀਆਂ ਵਾਲ਼ਾ

7. ਬਾਪੂ ਵੇਲੇ ਖੂਹ ਚੱਲਦੇ ਸੀ…

ਦਾਦੇ ਤੇ ਪੜਦਾਦੇ ਪਾਣੀ ਢੋਇਆ ਦੂਰੋਂ ਚੱਲ ਕੇ ਬਾਪੂ ਵੇਲੇ ਖੂਹ ਚੱਲਦੇ ਸੀ ਆਪਾਂ ਗੇੜੇ ਨਲਕੇ ਹੁਣ ਤਾਂ ਬੋਰ ਸਮਰਸੀਬਲ ਪਰ ਕੁੱਝ ਨਾ ਰਹਿਣਾ ਭਲਕੇ ਕਿੰਨਾ ਪਾਣੀ ਖਿੱਚ ਲਿਆ ਏ ਕੀ ਹੁਣ ਧਰਤੀ ਵਿੱਚ ਰਿਹਾ ਏ ਬੂੰਦ-ਬੂੰਦ ਨੂੰ ਤਰਸਾਂਗੇ ਜੇ ਕੁੱਝ ਨਾ ਕੀਤਾ ਰਲਕੇ ਬਾਪੂ ਵੇਲੇ ਦੂਸ਼ਿਤ ਹੋਏ ਨਦੀਆਂ ਨਾਲੇ ਬੇਖ਼ਬਰ ਨੇ ਸਾਂਭਣ ਵਾਲੇ ਆਖਰ ਕਦ ਤਕ ਚੁੱਪ ਬੈਠਾਂਗੇ ਏਸ ਸੱਚ ਤੋਂ ਟਲਕੇ ਬਾਪੂ ਵੇਲੇ ਪੀਣ ਲਈ ਜੇ ਰਿਹਾ ਨਾ ਪਾਣੀ ਹੋ ਜਾਣੀ ਫਿਰ ਖਤਮ ਕਹਾਣੀ ਧਰਤੀ ਉੱਤੇ ਨ੍ਹੇਰ ਹੋ ਜਾਣਾ ਛੁਪਣਾ ਸੂਰਜ ਢਲਕੇ ਬਾਪੂ ਵੇਲੇ ਖੂਹ ਚੱਲਦੇ ਸੀ ਆਪਾਂ ਗੇੜੇ ਨਲਕੇ

8. ਚਲੋ ਕੁੱਝ ਕਰੀਏ

ਵਧੇ ਤਾਪਮਾਨ ਨਾਲ ਤਨ-ਮਨ ਸੜੇਗਾ ਸਾਗਰ ਦਾ ਪਾਣੀ ਜਦੋਂ ਘਰ ਆਣ ਵੜੇਗਾ ਸਮਝ ਨਾ ਆਊ ਉਦੋਂ ਡੁੱਬੀਏ ਕਿ ਤਰੀਏ ਫੇਰ ਸਾਰੇ ਕਹਿਣਗੇ ਚਲੋ ਕੁੱਝ ਕਰੀਏ ਉਦੋਂ ਤੱਕ ਸਾਨੂੰ ਬੜੀ ਦੇਰ ਹੋ ਜਾਵੇਗੀ ਦੇਖਦੇ ਹੀ ਦੁਨੀਆਂ ਇਹ ਢੇਰ ਹੋ ਜਾਵੇਗੀ ਪਤਾ ਵੀ ਨਾ ਲੱਗੂ ਫੇਰ ਸਿਰ ਕਿੱਥੇ ਧਰੀਏ ਫੇਰ ਸਾਰੇ ਕਹਿਣਗੇ ਚਲੋ ਕੁੱਝ ਕਰੀਏ ਰੁੱਖ ਵੱਢ ਕੀਤੇ ਖਿਲਵਾੜ ਆਪਾਂ ਬੜੇ ਨੇ ਕੱਟ-ਕੱਟ ਸੁੱਟਤੇ ਪਹਾੜ ਅਸੀਂ ਬੜੇ ਨੇ ਕੁਦਰਤ ਹਿਸਾਬ ਮੰਗੂ ਸੋਚ-ਸੋਚ ਡਰੀਏ ਫੇਰ ਸਾਰੇ ਕਹਿਣਗੇ ਚਲੋ ਕੁੱਝ ਕਰੀਏ ਕਰੇ ਨੇ ਗੁਨਾਹ ਜੋ ਮੂਹਰੇ ਜਦ ਆਉਣਗੇ ਮਾਪਿਆਂ ਨੂੰ ਬੱਚੇ ਸਵਾਲ ਫੇਰ ਪਾਉਣਗੇ ਜਾਗ ਪਈਏ ਮੌਤ ਤੋਂ ਪਹਿਲਾਂ ਕਿਉਂ ਮਰੀਏ ਫੇਰ ਸਾਰੇ ਕਹਿਣਗੇ ਚਲੋ ਕੁੱਝ ਕਰੀਏ

9. ਨਸ਼ਿਆਂ ਦੇ ਇਸ ਝੱਖੜ ਅੱਗੇ, ਬੇਵਸ ਆਲ਼ਾ-ਦੁਆਲਾ

ਬੱਚਿਆਂ ਨੂੰ ਘਰੋਂ ਤੋਰਨ ਲੱਗਿਆਂ ਦਿਲ ਡਰ ਜਾਂਦਾ ਬਾਹਲ਼ਾ ਹਾਸੇ ਵਿੱਚ ਕੋਈ ਕਹਿ ਨਾ ਦੇਵੇ ਤੂੰ ਵੀ ਭੋਰਾ ਖਾ ਲਾ ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ ਕੁੱਝ ਨਸ਼ੇ ਦੇ ਦੈਂਤ ਨੇ ਨਿਗਲੇ,ਕਈ ਪਏ ਵਿੱਚ ਲੜਾਈਆਂ ਗੁਰੂਆਂ ਪੀਰਾਂ ਦੀ ਧਰਤੀ ਤੇ ਕਹਿਰ ਹੋ ਰਹੇ ਨੇ ਸਾਈਆਂ ਖੌੋਰੇ ਕਦ ਪੰਜਾਬ ਮੇਰੇ ਤੋਂ ਦੌਰ ਟਲੂ ਇਹ ਕਾਲ਼ਾ ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ ਮਾਪਿਆਂ ਦੇ ਦੁੱਖ ਸੁਣੇ ਨਾ ਜਾਂਦੇ ਰੋ-ਰੋ ਪਾਗਲ ਹੋਏ ਬੱਚਿਆਂ ਦੀ ਬੁਰੀ ਹਾਲਤ ਤੱਕ ਕੇ ਜੀਂਦੇ ਜੀ ਹੀ ਮੋਏ ਕੀਹਦੇ ਕੋਲ਼ੇ ਦੁੱਖੜੇ ਰੋਵਣ ਸਭ ਵੱਟ ਗਏ ਨੇ ਟਾਲ਼ਾ ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ ਉਂਜ ਤਾਂ੍ ਉਹ ਵੀ ਸਾਡੇ ਵਿੱਚੋਂ ਵੰਡਦੇ ਨਸ਼ੇ ਨੇ ਜਿਹੜੇ ਪਤਾ ਨਹੀਂ ਕਿਉਂ ਭੁੱਲ ਬੈਠੇ ਨੇ ਰਸਤੇ ਪੈ ਗਏ ਕਿਹੜੇ ਪਾਪ ਕਮਾ ਕੇ ਕਿੰਝ ਸੌਂ ਜਾਂਦੇ ਕਰਨ ਜੋ ਘਾਲ਼ਾ-ਮਾਲ਼ਾ ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ ਰੋਗਾਂ ਦੁੱਖਾਂ ਨੇ ਘੇਰੇ ਸਭ ਕਰਜ਼ੇ ਵਿੱਚ ਕਿਰਸਾਨੀ ਫਿਰੇ ਉਦਾਸੀ ਦੇ ਆਲਮ ਵਿੱਚ ਬੇਰੁਜ਼ਗਾਰ ਜਵਾਨੀ ਫਿਰ ਵੀ ਮੈਨੂੰ ਆਸ ਹੈ ‘ਰਾਜੀ’ ਮਾਰੂ ਖੂਨ ਉਬਾਲ਼ਾ ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ

10. ਅਸੀਂ ਆਪਣੇ ਦੇਸ਼ ਵੀ ਕੱਚੇ ਹਾਂ

ਹੱਥ ਡਿਗਰੀਆਂ ਨੇ ਰੁਜ਼ਗਾਰ ਨਹੀਂ ਸਾਡੇ ਖੁਆਬਾਂ ਦਾ ਸੰਸਾਰ ਨਹੀਂ ਕਈ ਵਾਰੀ ਆਪਣੀ ਕਿਸਮਤ ਤੇ ਕਦੇ ਰੋਏ ਤੇ ਕਦੇ ਹੱਸੇ ਹਾਂ ਉਹ ਪੱਕੇ ਹੋਏ ਵਿਦੇਸ਼ੀਂ ਜਾ ਅਸੀਂ ਆਪਣੇ ਦੇਸ਼ ਵੀ ਕੱਚੇ ਹਾਂ ਅਸੀਂ ਨੰਗੇ ਪੈਰੀਂ ਭੱਜਦੇ ਰਹੇ ਕਿਸੇ ਮੰਜ਼ਲ ਤੇ ਨਾ ਲੱਗਦੇ ਰਹੇ ਮਾਂ ਬਾਪ ਘੂਰਦੇ ਤੱਕ-ਤੱਕ ਕੇ ਅਸੀਂ ਕਿਸ ਤਰਾਂ ਦੇ ਬੱਚੇ ਹਾਂ ਉਹ ਪੱਕੇ ਹੋਏ ਵਿਦੇਸ਼ੀਂ ਜਾ ਅਸੀਂ ਆਪਣੇ ਦੇਸ਼ ਵੀ ਕੱਚੇ ਹਾਂ ਕਿੰਨੇ ਹੀ ਚਾਅ ਸਾਥੋਂ ਦੂਰ ਰਹੇ ਅਸੀਂ ਮੁਜ਼ਰਿਮ ਬੇਕਸੂਰ ਜਿਹੇ ਹੱਕ ਮੰਗਣ ਤੇ ਸਾਨੂੰ ਡਾਂਗ ਮਿਲ਼ੀ ਜੇਲਾਂ’ਚ ਫੜ ਕੇ ਡੱਕੇ ਹਾਂ ਉਹ ਪੱਕੇ ਹੋਏ ਵਿਦੇਸ਼ੀਂ ਜਾ ਅਸੀਂ ਆਪਣੇ ਦੇਸ਼ ਵੀ ਕੱਚੇ ਹਾਂ ਸਾਨੂੰ ਵੋਟਾਂ ਲਈ ਭਰਮਾ ਲੈਂਦੇ ਇਹ ਸਿਰ ਤੇ ਤਾਜ ਸਜਾ ਲੈਂਦੇ ਖਾ-ਖਾ ਕੇ ਧੱਕੇ ਜ਼ਿੰਦਗੀ ਦੇ ਕੀ ਦੱਸੀਏ ਕਿੰਨੇ ਅੱਕੇ ਹਾਂ ਉਹ ਪੱਕੇ ਹੋਏ ਵਿਦੇਸ਼ੀਂ ਜਾ ਅਸੀਂ ਆਪਣੇ ਦੇਸ਼ ਵੀ ਕੱਚੇ ਹਾਂ ਸਾਰੇ ਜੱਗ ਦਾ ਸੀ ਢਿੱਡ ਭਰਦਾ ਜੋ ਅੱਜ ਕਿਉਂ ਖੁਦਕੁਸ਼ੀਆਂ ਕਰਦਾ ਉਹ ਨਾ ਫਸਲ ਦਾ ਪੂਰਾ ਮੁੱਲ ਮਿਲਿਆ ਮੰਡੀਆਂ’ਚ ਖਾਂਦੇ ਧੱਕੇ ਹਾਂ ਉਹ ਪੱਕੇ ਹੋਏ ਵਿਦੇਸ਼ੀਂ ਜਾ ਅਸੀਂ ਆਪਣੇ ਦੇਸ਼ ਵੀ ਕੱਚੇ ਹਾਂ

11. ਉੱਡ ਜਾਣਾ ਇੱਥੋਂ ਲੋਚਦੇ

ਜਿੱਥੇ ਨਸ਼ਿਆਂ ਦੀ ਭਰਮਾਰ ਹੈ ਨਾ ਬੱਚਿਆਂ ਲਈ ਰੁਜਗਾਰ ਹੈ ਦੁੱਖ ਸਮਝਦੀ ਨਾ ਸਰਕਾਰ ਹੈ ਜਦ ਬਹਿ ਕੇ ਮਾਪੇ ਸੋਚਦੇ ਉੱਡ ਜਾਣਾ ਇੱਥੋਂ ਲੋਚਦੇ ਬੱਚਿਆਂ ਲਈ ਗੁਫ਼ਾ ਬਣਾ ਕੇ ਰੱਖ ਲਈਏ ਕਿੱਥੇ ਲੁਕਾ ਕੇ ਇੱਥੇ ਫਿਰਨ ਭੇੜੀਏ ਨੋਚਦੇ ਜਦ ਮਾਪੇ ਬਹਿ ਕੇ ਸੋਚਦੇ ਉੱਡ ਜਾਣਾ ਇੱਥੋਂ ਲੋਚਦੇ ਨਿੱਤ ਲੁੱਟਾਂ ਖੋਹਾਂ ਕਰ ਰਹੇ ਕਿਉਂ ਨਹੀਂ ਕਿਸੇ ਤੋਂ ਡਰ ਰਹੇ ਨਾ ਰੋਕਣ ਵਾਲੇ ਰੋਕਦੇ ਜਦ ਮਾਪੇ ਬਹਿ ਕੇ ਸੋਚਦੇ ਉੱਡ ਜਾਣਾ ਇੱਥੋਂ ਲੋਚਦੇ

12. ਮੇਰੇ ਪਿੰਡ ਦੀ ਜਵਾਨੀ

ਮੇਰੇ ਪਿੰਡ ਦੀ ਜਵਾਨੀ ਦੀ ਸੁਣਕੇ ਜਾਵੀਂ ਵਿਥਿਆ ਸਾਰੀ ਕੁੱਝ ਖਾ ਲਈ ਨਸ਼ਿਆਂ ਨੇ ਬਾਕੀ ਖਾ ਗਈ ਬੇਰੁਜ਼ਗਾਰੀ ਜਿਸ ਛਪੜੀ ਦੇ ਕੰਢੇ ਕਦੇ ਲੱਗਦੀਆਂ ਸਨ ਤੀਆਂ ਹੁਣ ਵੇਲੇ ਬਦਲ ਗਏ ਉਥੇ ਜਾਣ ਨਾ ਭੈਣਾਂ, ਧੀਆਂ ਹਾਲੇ ਕੱਲ੍ਹ ਦੇ ਜੰਮੇ ਵੀ ਇਥੇ ਫਿਰਦੇ ਖੰਭ ਖਿਲਾਰੀ ਕੁੱਝ ਖਾ ਲਈ ਨਸ਼ਿਆਂ ਨੇ ਬਾਕੀ ਖਾ ਗਈ ਬੇਰੁਜ਼ਗਾਰੀ ਜਿਨ੍ਹਾਂ ਖੇਤਾਂ ਵਿੱਚ ਕਦੇ ਆਪਣੀ ਫਸਲ ਹੁੰਦੀ ਸੀ ਸੋਹਣੀ ਮੁੱਕ ਗਈ ਹਰਿਆਲੀ ਏ ਉਥੇ ਬਣ ਗਈ ਨਵੀਂ ਕਲੋਨੀ ਪਾਣੀ ਗੰਧਲੇ ਹੋ ਗਏ ਨੇ ਫੈਲੀ ਘਰ-ਘਰ ਜਾਏ ਬਿਮਾਰੀ ਕੁੱਝ ਖਾ ਲਈ ਨਸ਼ਿਆਂ ਨੇ ਬਾਕੀ ਖਾ ਗਈ ਬੇਰੁਜ਼ਗਾਰੀ ਨਾ ਲੱਭਦੇ ਦੇਖਣ ਨੂੰ ਬਾਂਕੇ ਗੱਭਰੂ ਤੇ ਮੁਟਿਆਰਾਂ ਇਹ ਸੱਚ ਹੈ ਸਮਿਆਂ ਦਾ ਡੀਂਗਾਂ ਜਿੰਨੀਆਂ ਮਰਜੀ ਮਾਰਾਂ ਸੌਦੇ ਹੋਣ ਵਿਆਹਾਂ ਦੇ ਮਾਪੇ ਖੁਦ ਹੀ ਬਣੇ ਵਪਾਰੀ ਕੁੱਝ ਖਾ ਲਈ ਨਸ਼ਿਆਂ ਨੇ ਬਾਕੀ ਖਾ ਗਈ ਬੇਰੁਜ਼ਗਾਰੀ

13. ਘਰ ਫਿਰ ਹੋਇਆ ਬਹੁਤ ਉਦਾਸ

ਮਹਿਲਾਂ ਵਾਲ਼ੀ ਰਹੀ ਨਾ ਸ਼ਾਨ ਪਹਿਲਾਂ ਵਾਲ਼ੀ ਰਹੀ ਨਾ ਆਨ ਘਰ ਦੀ ਜੀਅ ਕਰ ਗਏ ਪ੍ਰਵਾਸ ਘਰ ਫਿਰ ਹੋਇਆ ਬਹੁਤ ਉਦਾਸ ਵਿਹੜੇ ਸੁਣਦੀ ਨਾ ਕਿਲਕਾਰੀ ਸੁੱਕ ਗੀ ਫੁੱਲਾਂ ਭਰੀ ਕਿਆਰੀ ਘਰ ਜੋ ਹੁੰਦਾ ਸੀ ਬੜਾ ਖਾਸ………. ਨਾ ਕੋਈ ਝਾੜੂ ਪੋਚਾ ਫੇਰੇ ਉੱਗਿਆ ਘਾਹ ਏ ਚਾਰ-ਚੁਫੇਰੇ ਕਿੱਥੇ ਖੋ ਗਏ ਉਹ ਅਹਿਸਾਸ…… ਕੀ-ਕੀ ਵਰਤੀ ਜਾਂਦੇ ਭਾਣੇ ਇੱਥੋਂ ਭੱਜੇ ਜਾਣ ਨਿਆਣੇ ਆਪੇ ਲੈ ਰਹੇ ਬਨਵਾਸ……. ਇੱਥੇ ਵੀ ਸੀ ਸੋਹਣੀ ਰੋਟੀ ਸਮਝ ਨਾ ਆਵੇ ਕੀ ਤੂੰ ਸੋਚੀ ਏਨੀ ਵੀ ਸੀ ਕਿਹੜੀ ਪਿਆਸ ਘਰ ਫਿਰ ਹੋਇਆ ਬਹੁਤ ਉਦਾਸ

14. ਯੋਗਦਾਨ ਚਾਹੀਦਾ

ਧਰਤੀ ਬਚਾਉਣ ਲਈ ਸੱਚ ਸਮਝਾਉਣ ਲਈ ਸਾਫ਼ ਜਿਹਾ ਦਿਲ ਇੱਕ ਸੂਝਵਾਨ ਚਾਹੀਦਾ ਸਾਰਿਆਂ ਦਾ ਥੋੜਾ-ਥੋੜਾ ਯੋਗਦਾਨ ਚਾਹੀਦਾ ਰਸਤਾ ਦਿਖਾਉਣ ਲਈ ਮੰਜ਼ਲ ਤੇ ਲਾਉਣ ਲਈ ਹੋਵੇ ਜੋ ਸਿਆਣਾ ਸਾਨੂੰ ਕੋਚਵਾਨ ਚਾਹੀਦਾ ਸਾਰਿਆਂ ਦਾ ਥੋੜਾ-ਥੋੜਾ ਯੋਗਦਾਨ ਚਾਹੀਦਾ ਜ਼ਿੰਦਗੀ ਜਿਉਣ ਲਈ ਸੁੱਤੇ ਨੂੰ ਜਗਾਉਣ ਲਈ ਹੌਂਸਲਾ ਦਿਖਾਵੇ ਜਿਹੜਾ ਨੌਜਵਾਨ ਚਾਹੀਦਾ ਸਾਰਿਆਂ ਦਾ ਥੋੜਾ-ਥੋੜਾ ਯੋਗਦਾਨ ਚਾਹੀਦਾ ਨ੍ਹੇਰੇ ਨੂੰ ਭਜਾਉਣ ਲਈ ਚਾਨਣ ਲਿਆਉਣ ਲਈ ਏਨਾ ‘ਰਾਜੀ’ਹਰ ਕੋਈ ਸੋਚਵਾਨ ਚਾਹੀਦਾ ਸਾਰਿਆਂ ਦਾ ਥੋੜਾ-ਥੋੜਾ ਯੋਗਦਾਨ ਚਾਹੀਦਾ

15. ਤੂੰ ਉਹਨਾਂ ਨੂੰ ਕੁੱਝ ਕਹਿੰਦਾ ਨੀ

ਜੋ ਵਾਅਦੇ ਕਰਕੇ ਮੁੱਕਰ ਗਏ ਨਾ ਆਸ ਤੇ ਪੂਰੇ ਉੱਤਰ ਰਹੇ ਕਿਉਂ ਮਹਿਲ ਉਨ੍ਹਾਂ ਦਾ ਢਹਿੰਦਾ ਨੀ ਤੂੰ ਉਹਨਾਂ ਨੂੰ ਕੁੱਝ ਕਹਿੰਦਾ ਨੀ ਉਹ ਸਾਨੂੰ ਕੁੱਟੀ ਜਾਂਦੇ ਨੇ ਮਰਜ਼ੀ ਨਾਲ਼ ਲੁੱਟੀ ਜਾਂਦੇ ਨੇ ਕੋਈ ਫਰਕ ਉਨ੍ਹਾਂ ਨੂੰ ਪੈਂਦਾ ਨੀ ਤੂੰ ਉਹਨਾਂ ਨੂੰ ਕੁੱਝ ਕਹਿੰਦਾ ਨੀ ਕੀ ਦੁੱਖ ਸਹਿਣ ਨੂੰ ਆਏ ਹਾਂ ਹਰ ਪਲ ਰਹਿੰਦੇ ਘਬਰਾਏ ਹਾਂ ਕਿਉਂ ਪੱਲੇ ਵਿੱਚ ਕੁੱਝ ਰਹਿੰਦਾ ਨੀ ਤੂੰ ਉਹਨਾਂ ਨੂੰ ਕੁੱਝ ਕਹਿੰਦਾ ਨੀ ਅਸੀਂ ਮਿਹਨਤ ਕੀਤੀ ਥੋੜੀ ਨੀ ਗਈ ਦੌਲਤ ਫਿਰ ਵੀ ਜੋੜੀ ਨੀ ਦੁੱਖ ਸੁਣ ਸਾਡੇ ਕਿਉਂ ਬਹਿੰਦਾ ਨੀ ਤੂੰ ਉਹਨਾਂ ਨੂੰ ਕੁੱਝ ਕਹਿੰਦਾ ਨੀ

16. ਰਿਸ਼ਤਿਆਂ ਦਾ ਗਣਿਤ ਤੇ ਜ਼ਿੰਦਗੀ

ਰਿਸ਼ਤਿਆਂ ਦੇ ਕਿੰਨੇ ਅਰਥ ਸਮਝਾਉਂਦਾ ਗਣਿਤ, ਬਹੁਤ ਗਹਿਰਾ ਜੁੜਿਆ ਹੈ ਸਾਡੀ ਜ਼ਿੰਦਗੀ ਨਾਲ ਕੁੱਝ ਰਿਸ਼ਤੇ ਸਾਡੀ ਜ਼ਿੰਦਗੀ ਵਿੱਚ ਜੋੜ ਵਾਂਗ ਜੁੜ ਕੇ ਜੀਣ ਦਾ ਉਤਸ਼ਾਹ ਵਧਾਉਂਦੇ ਕੁੱਝ ਰਿਸ਼ਤੇ ਘਟਾਓ ਵਾਂਗ ਬਹੁਤ ਕੁੱਝ ਜ਼ਿੰਦਗੀ ਵਿੱਚੋਂ ਘਟਾ ਕੇ ਚਲੇ ਜਾਂਦੇ ਕੁੱਝ ਰਿਸ਼ਤੇ ਵੰਡ ਵਾਂਗ ਸਾਨੂੰ ਅੰਦਰੋਂ ਕਿੰਨੇ ਹੀ ਟੁਕੜਿਆਂ ਵਿੱਚ ਵੰਡ ਜਾਂਦੇ ਕੁੱਝ ਰਿਸ਼ਤੇ ਗੁਣਾ ਵਾਂਗ ਸਾਡੇ ਸੰਗ ਗੁਣਾ ਹੋ ਕੇ ਸਾਨੂੰ ਕਈ ਗੁਣਾ ਵਧਾ ਦਿੰਦੇ ਕੁੱਝ ਰਿਸ਼ਤੇ ਸਾਡੀ ਪੂੰਜੀ ਤੇ ਲੱਗਦੇ ਵਿਆਜ ਵਰਗੇ ਜੋ ਸਾਨੂੰ ਅਮੀਰ ਕਰਦੇ ਰਹਿੰਦੇ ਕੁੱਝ ਰਿਸ਼ਤੇ ਕਰਜ਼ ਵਰਗੇ ਜੋ ਸਾਡੀ ਜ਼ਿੰਦਗੀ ਦਾ ਸੁਖ,ਚੈਨ ਆਪਣੇ ਨਾਲ਼ ਲੈ ਜਾਂਦੇ ਕੁੱਝ ਰਿਸ਼ਤੇ ਜ਼ਿੰਦਗੀ ਵਿੱਚ ਆਉਂਦੇ ਹਾਨੀ ਬਣਕੇ ਆਉਂਦੇ ਤੇ ਕੁੱਝ ਲਾਭ ਬਣ ਕੇ ਕੁੱਝ ਰਿਸ਼ਤੇ ਬਿੰਦੂ ਵਰਗੇ ਜੋ ਸਾਨੂੰ ਹਮੇਸ਼ਾ ਇਕਸੁਰ ਤੇ ਇਕਾਗਰ ਕਰਕੇ ਰੱਖਦੇ ਕੁੱਝ ਰਿਸ਼ਤਿਆਂ ਨੂੰ ਥਿਊਰਮ ਤੇ ਸਮੀਕਰਣ ਵਾਂਗ ਘੋਟਾ ਲਾ ਕੇ ਯਾਦ ਰੱਖਣਾ ਹੀ ਪੈਂਦਾ ਕੁੱਝ ਰਿਸ਼ਤੇ ਦਸ਼ਮਲਵ ਵਰਗੇ ਜੋ ਸਾਡੀ ਜ਼ਿੰਦਗੀ ਦੇ ਖੱਬੇ ਸੱਜੇ ਲੱਗ ਕੇ ਸਾਡੀ ਕੀਮਤ ਤੈਅ ਕਰਦੇ ਕੁੱਝ ਰਿਸ਼ਤੇ ਸਮਾਂਨਾਂਤਰ ਰੇਖਾਵਾਂ ਵਾਂਗ ਜੋ ਨਾਲ਼-ਨਾਲ਼ ਚੱਲਦੇ ਪਰ ਕੁੱਝ ਕਾਟਵੀਆਂ ਰੇਖਾਵਾਂ ਵਰਗੇ ਕੁੱਝ ਰਿਸ਼ਤੇ ਅਧਿਕ ਕੋਣ ਵਰਗੇ ਜੋ ਸਾਡਾ ਬਹੁਤ ਧਿਆਨ ਰੱਖਦੇ-ਕੁੱਝ ਨਿਮਰਤਾ ਭਰੇ ਨਿਊਨ ਕੋਣ ਜਾਪਦੇ ਕੁੱਝ ਰਿਸ਼ਤੇ ਸਮਕੋਣ ਵਾਂਗ ਆਕੜ ਕੇ ਖੜੇ ਅਤੇ ਕੁੱਝ ਸਰਲ ਕੋਣ ਵਾਂਗ ਸਰਲ ਤੇ ਸਿੱਧੇ ਕੁੱਝ ਰਿਸ਼ਤੇ ਸੰਪੂਰਨ ਸੰਖਿਆਵਾਂ ਵਾਂਗ ਸਾਡੇ ਲਈ ਪੂਰੇ ਪਰ ਕੁੱਝ ਪ੍ਰਕ੍ਰਿਤਕ ਤੇ ਪੂਰਨ ਸੰਖਿਆਵਾਂ ਵਾਂਗ ਅਧੂਰੇ ਕੁੱਝ ਰਿਸ਼ਤੇ ਜ਼ੀਰੋ ਵਰਗੇ ਜ਼ਿੰਦਗੀ ਦੇ ਸੱਜੇ-ਖੱਬੇ ਲੱਗ ਕੇ ਅੰਕ ਦੀ ਕੀਮਤ ਵਾਂਗ ਸਾਡੀ ਕੀਮਤ ਨਿਰਧਾਰਤ ਕਰਦੇ ਰੋਟੀ ਕਦੇ ਚੱਕਰ ਵਰਗੀ ਗੋਲ਼, ਕਦੇ ਪਰੌਂਠੇ ਦੇ ਰੂਪ ਵਿੱਚ ਵਰਗ ਤੇ ਕਦੇ ਤਿਕੋਣ ਵਰਗੀ ਜਾਪਦੀ ਘਰ,ਬਰਤਨ,ਮੰਜੇ,ਬਿਸਤਰੇ, ਅਲਮਾਰੀਆਂ--ਕਿੰਨੀਆਂ ਚੀਜ਼ਾਂ ਵਿੱਚ ਪਈਆਂ ਨੇ ਗਣਿਤ ਦੀਆਂ ਆਕ੍ਰਿਤੀਆਂ ਜ਼ਿੰਦਗੀ ਦੇ ਕਈ ਸਵਾਲ ਬੇਸ਼ੱਕ ਸਾਨੂੰ ਹੱਲ ਕਰਨੇ ਆਉਂਦੇ ਪਰ ਗਲਤ ਫਾਰਮੂਲਾ ਲਾਉਣ ਕਰਕੇ ਹੱਲ ਨਾ ਹੁੰਦੇ ਕੁੱਝ ਫਾਰਮੂਲੇ ਵੀ ਯਾਦ ਹੁੰਦੇ ਪਰ ਜ਼ਿੰਦਗੀ ਦੀ ਪ੍ਰੀਖਿਆ ਵਿੱਚ ਕਦੇ ਕੰਮ ਨਾ ਆਉਂਦੇ ਕਈ ਹਿਸਾਬ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਵਿੱਚ ਫੇਲ ਹੋ ਜਾਂਦੇ ਜ਼ਿੰਦਗੀ ਦੇ ਕਿੰਨੇ ਹੀ ਅਰਥ ਨੇ ਗਣਿਤ ਵਿੱਚੋਂ ਦਿਸਦੇ। ਕਿੰਨਾ ਰੌਚਿਕ ਵਿਸ਼ਾ ਹੈ ਹਿਸਾਬ ਕਦੇ-ਕਦੇ ਜ਼ਿੰਦਗੀ ਸੱਚਮੁੱਚ ਹਿਸਾਬ ਵਰਗੀ ਲੱਗਦੀ।ਪਰ ਫੇਰ ਵੀ ਮੈਨੂੰ ਅਜੇ ਜ਼ਿੰਦਗੀ ਦਾ ਹਿਸਾਬ ਨੀ ਆਇਆ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ