Punjabi Poetry : Karamjit Kaur Kishanwal

ਪੰਜਾਬੀ ਕਵਿਤਾਵਾਂ : ਕਰਮਜੀਤ ਕੌਰ ਕਿਸ਼ਾਂਵਲ

1. ਜ਼ਹਿਰੀ ਰੱਤ ਦਾ ਫੈਲਾਅ

ਫੈਲ ਰਿਹਾ ਹੈ 'ਜ਼ਹਿਰੀ ਰੱਤ'
ਮਨੁੱਖਤਾ ਦੀਆਂ
ਕੱਟੀਆਂ-ਫਟੀਆਂ ਰਗਾਂ ਵਿਚ
ਦੌੜ ਰਿਹਾ ਹੈ ਨਿਰੰਤਰ
ਸਰਹੱਦੀ-ਰੇਖਾਵਾਂ ਵਿਚ
ਵਹਿ ਰਿਹਾ ਹੈ
ਪੂਰੀ ਊਰਜਾ ਨਾਲ
ਜਿਸ ਨਾਲ
ਜਗਾਏ ਜਾ ਸਕਦੇ ਨੇ ਬਲਬ
ਨਿਊਯਾਰਕ ਜਾਂ ਬੋਸਟਨ ਵਿਚ
ਜਿਸ ਨਾਲ ਜਗਮਗਾ ਸਕਦੈ
ਵਸ਼ਿੰਗਟਨ ਦਾ 'ਵਾਈਟ ਹਾਊਸ'

ਜਿਸ ਨਾਲ
ਬਾਲੇ ਜਾ ਸਕਦੇ ਨੇ ਭਾਂਬੜ
ਕਦੇ ਵੀ...ਕਿਤੇ ਵੀ
ਧਰਮ
ਆਸਥਾ ਜਾਂ ਆਦਰਸ਼ ਦੇ
ਛੋਟੇ ਤੋਂ ਛੋਟੇ ਫਲੀਤੇ ਵਿਚ ...
ਇੱਕ ਪਲ ਹੀ ਕਾਫ਼ੀ ਹੈ
ਇਸ ਰੱਤ ਨੂੰ 'ਐਟਮ' ਬਣਨ ਲਈ...

ਇਸ ਰੱਤ ਦੇ ਐਟਮ ਬਣਨ ਨਾਲ
ਅਲੋਪ ਨਹੀਂ ਹੋਣਗੇ
'ਲੱਕੜਬੱਘੇ'
'ਭੇੜੀਏ'
ਤੇ 'ਘੜਿਆਲ' !
ਹਰੇ-ਭਰੇ ਰਹਿਣਗੇ 'ਕੈਕਟਸ' ਤੇ 'ਥੋਹਰ' !

ਇਸ ਜ਼ਹਿਰੀ ਰੱਤ ਦੀ ਲਪੇਟ 'ਚ
ਜਦ ਵੀ ਆਏਗਾ
'ਚਹਿਚਿਹਾਉਂਦਾ ਬੋਟ' ਆਏਗਾ !
'ਮਹਿਕਾਉਂਦਾ ਗੁਲਾਬ' ਆਏਗਾ !

2. ਵਜ਼ੀਰ ਦੀ ਸਲਾਹ

ਤਾਇਨਾਤ ਕਰ ਦੇਵੋ
ਭਾਰੀ ਫੋਰਸ ਉੱਥੇ
ਜਿੱਥੇ ਹਜ਼ੂਮ ਨੂੰ
ਸ਼ਬਦਾਂ,
ਤਕਰੀਰਾਂ
ਤੇ ਜਨ ਸੰਘਰਸ਼ ਦਾ
ਪਾਠ ਪੜ੍ਹਾਇਆ ਜਾਂਦਾ ਹੋਵੇ !
ਜਿੱਥੇ
ਬੌਧਿਕਤਾ
ਤੇ ਇਨਕਲਾਬ ਦੀ
ਗੂੰਜ ਪੈਂਦੀ ਹੋਵੇ !

ਕਲਮਾਂ ਵਾਲਿਆਂ ਲਈ
ਕਵਿਤਾ ਹੁਣ ਮਹਿਜ਼
ਹੀਰ ਤੇ ਰਾਂਝੇ ਦਾ ਰੁਮਾਂਸ
ਜਾਂ ਦੁਖਾਂ ਦਾ
ਅੰਤਹੀਨ ਵਿਰਲਾਪ ਨਹੀਂ ਰਹੀ-
ਇਹ ਬਣਦੀ ਜਾ ਰਹੀ ਹੈ
ਜੁੱਗਪਲਟੀ ਲਈ
ਹਿੱਸਾ ਪਾਉਣ ਦਾ
ਖ਼ਤਰਨਾਕ ਹਥਿਆਰ !

ਇਹ ਖ਼ਤਰਾ ਬਣ
ਲੱਗੀ ਹੈ ਮੰਡਰਾਉਣ
ਸਿਆਸਤ ਦੇ ਉਨ੍ਹਾਂ ਠਿਕਾਣਿਆਂ 'ਤੇ
ਜਿੱਥੇ
ਘੜੀਆਂ ਜਾਂਦੀਆਂ ਨੇ
ਜਨਸਮੂਹ ਨੂੰ
ਕੁਚਲਣ ਦੀਆਂ ਨੀਤੀਆਂ-

ਇਹ ਕਵਿਤਾ ਹੁਣ
ਸੱਤਾ ਦੀ ਦੁਖਦੀ ਰਗ ਨਾਲ ਵੀ
ਟਕਰਾਉਣ ਲੱਗੀ ਏ
ਸਮੇਂ ਸਿਰ ਕੁਝ ਕਰੋ
ਨਹੀਂ ਤਾਂ ਇਹ ਸਮਝੋ
ਅਵਾਮ ਨੂੰ
ਚੇਤਨਾ ਦਾ ਜਾਗ
ਲਾਉਣ ਲੱਗੀ ਹੈ-

ਇਹ ਆਮ ਆਦਮੀ ਦੇ
ਖੰਡਰ ਹੋਏ
ਸੁਪਨਿਆਂ ਦੇ ਮਲਬੇ ਵਿੱਚੋਂ
ਲੱਭ ਰਹੀ ਹੈ
ਸੁਪਨਿਆਂ ਨੂੰ ਮਲਬਾ ਕਰ ਦੇਣ ਵਾਲੇ
ਤੂਫ਼ਾਨਾਂ ਦਾ ਨਿਸ਼ਾਨ !

ਬਹੁਤ ਸੌਖੀ ਏ ਇਸਦੀ ਸ਼ਨਾਖਤ-
ਦੇਖਣ ਵਿਚ ਬਹੁਤ ਸਹਿਜ
ਸੰਗੀਤਮਈ
ਤੇ ਕਲਾਤਮਕ -
ਤੁਰਦੀ ਹੈ
ਨਿਤਾਣਿਆਂ ਵੱਲ ਥੋੜ੍ਹਾ ਝੁਕ ਕੇ-
ਸੁੱਤਿਆਂ ਨੂੰ ਹਲੂਣਦੀ ਹੈ -
ਜਾਗਦਿਆਂ ਨੂੰ
ਉਂਗਲ ਫੜ ਨਾਲ ਤੋਰਦੀ ਹੈ -

ਇਸ ਲਈ
ਕਵੀਆਂ, ਚਿੰਤਕਾਂ
ਜਾਗ ਰਹੇ ਤੇ ਲੜ ਰਹੇ
ਆਮ ਲੋਕਾਂ ਨੂੰ
ਕਿਸੇ ਤਰ੍ਹਾਂ
ਸੁਆਕੇ ਰੱਖਣ ਦੀ ਮੁਹਿੰਮ
ਤੇਜ਼ ਕਰ ਦੇਵੋ !

ਹੋ ਸਕੇ ਤਾਂ
ਸ਼ਰਾਬ ਦੀਆਂ ਭੱਠੀਆਂ
ਚਿੱਟੇ ਦੇ ਗੈਰਕਨੂੰਨੀ ਅੱਡਿਆਂ ਨੂੰ
ਪੂਰੀ ਤਰਾਂ ਮੁਕਤ ਕਰ ਦੇਵੋ !
ਚੰਗਾ ਹੋਵੇ
ਜੇ ਸੱਭੇ ‘ਨਿਆਂਮਤਾਂ’
ਇਹਨਾਂ ਦੇ ਨਾਮ ਕਰ ਦੇਵੋ !
ਸਸਤੇ ਮਨੋਰੰਜਨਾਂ,
ਨਗਨ ਪ੍ਰਦਰਸ਼ਨਾਂ
ਤੇ ਅਸ਼ਲੀਲ ਫਿਲਮਾਂ ਨੂੰ
ਅੰਧਾਧੁੰਦ
ਆਪਣੀ ਰਫ਼ਤਾਰ ਚੱਲਣ ਦੇਵੋ…

ਸੰਕਟ ਦੇ ਇਸ ਔਖੇ ਸਮੇਂ ਵਿਚ
ਗੱਭਰੂਆਂ ਤੇ ਮੁਟਿਆਰਾਂ ਨੂੰ
ਇਸ ਕਵਿਤਾ ਦੇ ਪ੍ਰਭਾਵ ਤੋਂ
ਵਿਰਵਾ ਰੱਖੋ
ਸੰਵੇਦਨਸ਼ੀਲ ਠਿਕਾਣਿਆਂ ਤੋਂ ਦੂਰ
ਚੇਤਨਾ ਦੇ ਜਾਗ ਤੋਂ ਸੱਖਣੇ-

ਤਦ ਤੱਕ ਉਨ੍ਹਾਂ ਨੂੰ
ਹਕੀਕਤੋਂ ਸੱਖਣੇ
ਇਤਿਹਾਸ ਵਿੱਚ ਉਲਝਾਈ ਰੱਖੋ
ਬੇਸਿਰੇ ਤੇ ਬੇਪੈਰ
ਮੁੱਦਿਆਂ ਨੂੰ ਲਟਕਾਈ ਰੱਖੋ
ਇਹੀ ਹੈ ਕਿ ਬੱਸ
ਮੰਜ਼ਿਲ ਵੱਲ ਨੂੰ ਜਾਂਦੇ
ਰਾਹਾਂ ਤੋਂ ਭਟਕਾਈ ਰੱਖੋ

ਇਹ ਕਵਿਤਾ ਹੁਣ ਮਹਿਜ਼
'ਵਾਹ-ਵਾਹ' ਦੀ ਮੁਥਾਜ ਨਹੀਂ ਰਹੀ
ਤੁਹਾਡੇ ਸਨਮਾਨਾਂ ਨੂੰ
ਠੁਕਰਾਉਣਾ ਵੀ ਜਾਣ ਗਈ ਹੈ -

3. ਹੈ ਨਾ!

ਮਰਦ ਦੀ ਸੰਪੱਤੀ ਹੀ ਰਹੀ
ਮੁੱਦਤਾਂ ਤੋਂ ਔਰਤ ...
ਤੇ ਆਪਣੀ ਸੰਪੱਤੀ ਨੂੰ
ਮਨਚਾਹੇ ਤਰੀਕਿਆਂ ਨਾਲ
ਵਰਤਦਾ ਰਿਹਾ ਪੁਰਸ਼ ..
ਨਹੀਂ ਤਾਂ
ਖ਼ੁਦ ਨੂੰ ਦਾਅ 'ਤੇ ਲਾ
ਜੂਏ 'ਚ ਹਾਰਿਆ ਯੁਧਿਸ਼ਟਰ
ਕੀ ਹੱਕ ਰੱਖਦੈ ਕਿ
ਉਹ ਦ੍ਰੋਪਤੀ ਨੂੰ ਦਾਅ 'ਤੇ ਲਾਉਂਦਾ ?!

4. ਜ਼ਿੰਦਗੀ

ਤੂੰ ਮੈਨੂੰ
ਧਰਤੀ 'ਤੇ ਵਗਾਹ ਮਾਰਿਆ
ਮਸਲਿਆ
ਤੇ ਆਪਣੇ ਸਾਰੇ ਅਡੰਬਰਾਂ ਸਮੇਤ
ਤੇ ਗਿਰਗਟੀ ਰੰਗਾਂ ਦੀ ਓਟ 'ਚ
ਵਿਚਰਦਾ ਰਿਹਾ
ਪ੍ਰਸ਼ੋਤਮ ਪੁਰਖ ਬਣਕੇ !
...ਤੇ ਤੇਰਾ ਹਰ ਕਦਮ
ਤਤਪਰ ਰਹਿੰਦਾ
ਧਰਤੀ 'ਤੇ ਸੁੱਟੇ
ਉਸ ਬੀਜ ਨੂੰ ਮਧੋਲ ਦੇਣ ਲਈ !
ਤੂੰ ਕੱਜਦਾ ਰਿਹਾ ਉਸ ਬੀਜ ਨੂੰ
ਇਲਜ਼ਾਮਾਂ ਦੀ ਮਿੱਟੀ ਸੰਗ !
ਤੈਨੂੰ ਇਲਮ ਨਹੀਂ ਸ਼ਾਇਦ
ਮੈਨੂੰ ਮੁੜ ਜੰਮਣ ਲਈ
ਏਸੇ ਮਿੱਟੀ ਦੀ ਪਰਤ ਲੋੜੀਂਦੀ ਸੀ -
ਇਲਜ਼ਾਮਾਂ ਭਰਪੂਰ ਪਰਤ ਦੀ -
ਵੇਖ !
ਮੈਂ ਫਿਰ ਉੱਗ ਰਹੀ ਹਾਂ -
ਮੈਂ ਫਿਰ ਵਿਗਸ ਰਹੀ ਹਾਂ -

5. ਮਸੀਹਾ

ਕਦੋਂ ਤੱਕ
ਕਰਦੇ ਰਹਾਂਗੇ ਅਸੀਂ
ਇੰਤਜ਼ਾਰ ਉਸ ਮਸੀਹੇ ਦਾ
ਜੋ ਅੰਬਰੋਂ ਉੱਤਰ ਆਏਗਾ
ਤੇ ਖੋਲੇਗਾ
ਸਾਡੀ ਮੁਕਤੀ ਦੇ ਕਵਾੜ !
ਨਿਆਂਪੂਰਨ ਸਮਾਜ ਦੀ ਸਿਰਜਣਾ ਲਈ
ਪਹਿਲਾਂ ਸਿਰਜਣਾ ਪੈਣਾ ਖੁਦ ਨੂੰ
ਆਉਣਾ ਪੈਣਾ
'ਸੁਪਨ-ਦੁਨੀਆਂ' ਤੋਂ ਬਾਹਰ !
ਆਧੁਨਿਕ ਹੋਣ ਲਈ
ਬ੍ਰਾਡਾਂ ਦੀ ਲੋੜ ਨਹੀਂ
ਦੇਸੀ ਪਹਿਰਾਵੇ 'ਚ ਵੀ
ਹੋ ਸਕਦੇ ਅਸੀਂ ਹਾਂ ਆਧੁਨਿਕ !
ਆਓ ਲਾਹੀਏ
ਜ਼ਿਹਨ ਤੋਂ
ਗੁਲਾਮੀ ਦੀ ਪਰਤ !
ਅਧਕੱਜੇ ਝੁੰਡ 'ਚ
ਮਸਤ ਹੋ ਸ਼ਰਾਬਾਂ ਪੀ
ਮਨਾਉਣਾ 'ਵੀਕ-ਐਂਡ'
ਆਧੁਨਿਕਤਾ ਨਹੀਂ !
ਆਓ ਕਰੀਏ ਸੋਚ ਨੂੰ ਆਧੁਨਿਕ
ਜੋ ਦੇਖਦੀ ਹੈ
'ਪੱਛਮ' ਦੇ ਹਰ ਵਰਤਾਰੇ 'ਚ ਵਡੱਪਣ !
ਨਹੀਂ ਜਿੱਤ ਹੋਣਾ ਹੁਣ
ਮੋਢਿਆਂ ‘ਤੇ ਸ਼ੇਰ ਖੁਦਵਾ ਕੇ
‘ਪੰਜਾਬੀ-ਸ਼ੇਰ’ ਹੋਣ ਦਾ ਖਿਤਾਬ ! ਨਸ਼ਿਆਂ ਨਾਲ
ਖੋਖਲੇ ਹੋਏ ਤਨ ਤੋਂ
ਨਹੀਂ ਪੈਣੀਆਂ ਹੁਣ ਕਬੱਡੀਆਂ !
...ਤੇ ਨਹੀਂ ਆਉਣਾ ਕਿਸੇ ਮਸੀਹੇ
ਸਾਡੀ ਸਾਰ ਲੈਣ !

ਆਓ ਚੀਰੀਏ !
ਇਸ ਲੁਭਾਵਣੀ ਧੁੰਦ ਨੂੰ
ਤੇ ਸਿਰਜਣ ਲਈ
ਨਵਾਂ ਸਮਾਜ
ਪਹਿਲਾਂ ਸਿਰਜੀਏ ਖੁਦ ਨੂੰ !

6. ਇੱਕ ਸਵਾਲ ?!?

ਇਹ ਜੋ ਦਿਸਦੀ ਹੈ
ਮੇਰੀ ਪਰਛਾਈ -
ਇਹ ਵੀ ਤਾਂ ਹੈ -
ਤੇਰੀ ਹੀ ਬਦੌਲਤ
ਐ ਮੇਰੇ ਸੂਰਜਾ !
ਪਰ

....
.......
ਮੇਰੇ ਵਜੂਦ ਦਾ
"ਇੱਕ ਅਣਦਿਸਦਾ" ਹਿੱਸਾ ਵੀ ਹੈ
ਜਿਸਨੂੰ
ਤੇਰੀ ਲੋਅ ਦਾ ਚਾਨਣ ਵੀ
ਪ੍ਰਗਟਾ ਨਾ ਸਕੇ ...

.....
ਉਸ "ਅਣਦਿਸਦੇ " ਨੂੰ
ਮੈਂ ਛੋਹਣਾ ਚਾਹਵਾਂ !

..
'ਮੈਂ ' ਤੋਂ 'ਮੈਂ' ਵੱਲ
ਚਲਦੇ -ਚਲਦੇ
ਓਪਰਿਆਂ ਵਾਂਗ ਵੇਖਾਂ
ਆਪਣੀ ਹੀ ਪਰਛਾਈ ਨੂੰ -

...
ਪਰ ਜਦ ਵੀ
ਮੂੰਦ ਕੇ ਪਲਕਾਂ
ਅੰਦਰ ਵੱਲ ਮੈਂ ਝਾਕਾਂ -
ਚਾਨਣ ਦੀ ਇੱਕ ਛਿੱਟ ਅਨੂਠੀ
ਉਸ 'ਅਣਦਿਸਦੇ' ਦੀ ਝਾਤ ਪਵਾਵੇ ..
ਪਲ-ਛਿਣ ਦੀ ਉਸ ਖੇਡ ਨੂੰ
ਦੇਰ ਤੱਕ ਮੈਂ ਮਾਣਾ !

....
ਐ ਸੂਰਜਾ !
ਦੱਸ ਖਾਂ ਅੜਿਆ !
ਤੂੰ ਕਦ ਪਹੁੰਚੇਗਾ ਮੇਰੇ 'ਉਸ' ਹਿੱਸੇ ਤੱਕ ?!?!

7. ਅਜਬ ਠਹਿਰਾਓ

ਅਜਬ ਠਹਿਰਾਓ, ਅੱਜ ਤੇ ਅਤੀਤ ਜਦ ਵੀ ਹੁੰਦੇ ਰੂ-ਬ-ਰੂ
ਦੂਰੀ ਸਦੀਆਂ ਦੀ ਜਾਂ ਛਿਣਾਂ ਦੀ, ਪੀੜ ਦੋਵਾਂ ਦੀ ਹੂ-ਬ-ਹੂ

ਉਹ ਸੋਚਦੇ ਚਿਰੋਕਣੀ ਮਿਟ ਗਈ, ਪੈੜ ਥਲਾਂ ਦੀ ਹਿੱਕ ਤੋਂ
ਉਹ ਅੱਜ ਵੀ ਮੇਰੇ ਜਿਹਨ 'ਚ, ਸਲਾਮਤ ਟਿਕੀ ਹੈ ਹੂ-ਬ-ਹੂ

ਹਥੇਲੀਆਂ ਦੀ ਓਟ 'ਚ ਸਾਂਭ ਲਿਆ ਸੀ ਝੱਖੜਾਂ ਦੌਰਾਨ ਜੋ
ਦੀਵਾ ਉਹ ਜਗਮਗਾ ਰਿਹਾ ਤਲੀਆਂ 'ਤੇ ਅੱਜ ਵੀ ਹੂ-ਬ-ਹੂ

ਦਰਿਆ ਦੇ ਵਲ-ਵਲੇਵੇਂ ਕਿ ਹਿੱਕ ਸਮੁੰਦਰ ਦੀ, ਕੀ ਕਹਾਂ
ਤਾਂਘ ਦੋਵਾਂ ਦੀ ਜਾਪਦੀ ਕੱਲ੍ਹ ਵੀ ਤੇ ਅੱਜ ਵੀ ਹੈ ਹੂ-ਬ-ਹੂ

ਦੂਰ ਦੁਮੇਲ 'ਤੇ ਉਮੜ ਕੇ ਮਿਲਣਾ ਅੰਬਰ ਤੇ ਧਰਤੀ ਦਾ
ਤੇਰੇ-ਮੇਰੇ ਮੇਲ ਦਾ ਹੀ ਤਾਂ ਬੱਸ ਤਰਜੁਮਾ ਹੈ ਹੂ-ਬ-ਹੂ

8. ਹੇ ਸੂਰਜਾ !

(ਨਵੇਂ ਵਰ੍ਹੇ ਦੀ ਆਮਦ 'ਤੇ ਅਰਜ਼ੋਈ ਸੁੱਚੜੇ ਸੂਰਜ ਨੂੰ :)

ਹੇ ਸੂਰਜਾ !
ਵੇ ਚਾਨਣ ਦਿਆ ਕਟੋਰਿਆ !
ਪਰੀਤਾਂ ਸੰਗ ਪਰੋਤਿਆ !
ਰੁਸ਼ਨਾ ਦੇ ਧਰਤ ਦਾ
ਹਰ ਇੱਕ ਕੋਨਾ...
ਕੋਈ ਨੁੱਕਰ ਰਹੇ ਨਾ ਵਾਂਝੀ
ਤੇਰੇ ਨੂਰ ਤੋਂ. ..
ਉਸ ਦਹਿਲੀਜ਼ 'ਤੇ ਵੀ ਅੱਪੜ ਜਾ
ਜਿੱਥੇ ਚਿਰਾਂ ਤੋਂ ਦਸਤਕ ਨਹੀਂ ਹੋਈ...
ਦੇ ਜਾ ਕਿਰਨਾਂ ਦਾ ਛਿੱਟਾ
ਕੰਮੀਆਂ ਦੇ ਵਿਹੜੇ...
ਝਾਕ ਵੇ ਤੂੰ ਝੀਤਾਂ-ਝਰੋਖਿਆਂ ਵਿੱਚੋਂ
ਕਾਲਖ ਭਰੇ 'ਕਮਰਿਆਂ' ਅੰਦਰ ...
ਕਰ ਵੇ ਰੋਸ਼ਨ ਮਨ ਦੀ ਮਮਟੀ...
ਵਿਖਾ ਦੇ ਆਪਣੇ ਤੇਜ਼ ਸੰਗ
ਧਰਤ ਦੇ ਹਰ ਬਸ਼ਿੰਦੇ ਨੂੰ
'ਵੰਡੀਆਂ-ਰਹਿਤ' ਸਮਾਜ

9. ਅਰਜ਼ੋਈ

ਧੋ ਨੀ ਮਾਏ ਮੇਰੇ, ਮੱਥੇ ਦੀ ਕਾਲਖ਼
ਨੀ ਮੈਂ ਚਾਨਣ ਤਾਈਂ ਜਾਣਾ
ਦੇ ਨੀ ਮਾਏ ਮੈਨੂੰ, ਚਾਨਣ ਦੀਆਂ ਰਿਸ਼ਮਾਂ
ਨੀ ਮੈਂ ਰਾਹਵਾਂ ਨੂੰ ਰੁਸ਼ਨਾਣਾ
ਲਾਹ ਨੀ ਮਾਏ ਮੇਰਾ, ਝੂਠ ਦਾ ਚੋਲਾ
ਨੀ ਮੈਂ ਸੱਚ ਵਿਹਾਜਣ ਜਾਣਾ
ਗੁੰਦ ਨੀ ਮਾਏ ਮੇਰੇ, ਸਿਰ ਦੀਆਂ ਮੀਢੀਆਂ
ਨੀ ਅੱਜ ਸੱਜਣਾ ਨੇ ਘਰ ਆਣਾ
ਬੰਨ੍ਹ ਨੀ ਮਾਏ ਮੇਰੇ, ਸ਼ਗਨਾਂ ਦਾ ਗਾਨਾ
ਨੀ ਮੈਂ ਮਹਿਰਮ ਜੀ ਪਰਚਾਣਾ
ਬੋਲ ਨੀ ਮਾਏ ਕੋਈ, ਬੋਲ ਸੁਲੱਖਣਾ
ਨੀ ਸੁਲਝੇ ਭਾਵਾਂ ਦਾ ਤਾਣਾ
ਲਾ ਨੀ ਮਾਏ ਕੋਈ, ਬੋਲਾਂ ਦੀ ਮਰਹਮ
ਨੀ ਮੈਂ ਜ਼ਖਮਾਂ ਨੂੰ ਸਹਿਲਾਉਣਾ
ਦੇ ਨੀ ਮਾਏ ਮੈਨੂੰ, ਕਫ਼ਨ ਕੋਈ ਐਸਾ
ਨੀ ਮੈਂ ਯਾਦਾਂ ਨੂੰ ਦਫਨਾਉਣਾ !!

10. ਸਾਡੀ ਚੁੱਪ ਨੇ ਬੋਲ ਜੋ ਬੋਲਿਆ

ਸਾਡੀ ਚੁੱਪ ਨੇ ਬੋਲ ਜੋ ਬੋਲਿਆ
ਤੂੰ ਪੜ੍ਹ ਨੈਣਾ ਦੇ ਨਾਲ ਵੇ
ਤੇਰੇ ਬੁੱਲ੍ਹਾਂ ਚੋਂ ਨਾ ਸੋਭਦੇ ਬੋਲ ਕੁਸੈਲੜੇ
ਤੇਰਾ "ਹੋਣਾ" ਹੀ ਸਾਡੀ ਢਾਲ ਵੇ ..
ਤੂੰ ਨਾਲ ਤਾਂ ਜਿੰਦਗੀ ਮੌਲਦੀ
ਤੇਰੇ ਬਾਝੋਂ ਜਿਉਣਾ ਮੁਹਾਲ ਵੇ
ਰੰਗ ਤਲੀ 'ਤੇ ਧਰ ਗਿਓਂ ਰੱਤੜਾ
ਮੈਂ ਤੱਕਾਂ ਚਾਵਾਂ ਨਾਲ ਵੇ
ਸਾਡੇ ਮਨ ਦੀ ਦੇਹਲੀ ਮਹਿਕ ਉੱਠੀ
ਤੂੰ ਤਰੌਂਕਿਆ ਸਧਰਾਂ ਨਾਲ ਵੇ
ਸਾਥੋਂ ਕਹਿ ਨਾ ਹੋਵੇ ਰੀਝ ਜੋ ਦਿਲ ਦੀ
ਸਾਡੀ ਚੁੱਪ ਦੇ ਵਿਚੋਂ ਭਾਲ ਵੇ
ਜਿੰਦ ਚਰਖੜੀ ਕੌਣ ਘੁਮਾਂਵਦਾ
ਕਿਸ ਗੰਢੀ ਸਾਹਾਂ ਦੀ ਮਾਲ਼ ਵੇ
ਚੱਲ ਕੋਈ ਐਸੀ ਮੌਲੀ ਕੱਤੀਏ
ਜੋ ਬੰਨ੍ਹੇ ਸਮੇਂ ਦੀ ਚਾਲ ਵੇ
ਚੱਲ ਕਾਇਨਾਤ ਦੀ ਬੁੱਕਲ ਵਿਚੋਂ
ਰੁੱਗ ਭਰੀਏ ਸੁਰ ਤੇ ਤਾਲ ਵੇ
ਸਾਡੀ ਚੁੱਪ ਨੇ ਬੋਲ ਜੋ ਬੋਲਿਆ
ਤੂੰ ਪੜ੍ਹ ਨੈਣਾ ਦੇ ਨਾਲ ਵੇ

11. ਵਸਤੂਕਲਚਰ

ਐ ਨਾਦਾਨ !
ਸਮਝ ਜਰਾ
ਇਸ ਨਗਰ 'ਚ ਵਸਦੇ ਲੋਕ
"ਅੰਦਰੋਂ" ਨਹੀਂ
"ਬੁੱਲ੍ਹਾਂ" ' ਚੋਂ ਬੋਲਦੇ ਨੇ
ਇਹਨਾਂ ਦੇ ਬੋਲਾਂ 'ਚ ਹੈ
ਰੂਹਾਂ ਦੀ ਇਬਾਦਤ
ਪਰ
ਅੱਖਾਂ ਨਾਲ ਇਹ ਕਰਦੇ ਹਰਦਮ
ਜਿਸਮਾਂ ਦੀ ਪਰਿਕਰਮਾ
ਵਸਤਾਂ ਦੀ ਬੋਲੀ ਕਰਦੇ- ਕਰਦੇ
"ਰੂਹਹੀਣ" ਹੋਏ ਵਪਾਰੀ
ਰੂਹਾਂ
ਭਾਵਾਂ
ਤੇ ਜਿਸਮਾਂ ਦਾ ਵੀ
ਮੁੱਲ ਲਾਉਂਦੇ ਨੇ
ਇਹਨਾਂ ਲਈ
ਤਨ ਮੰਡੀ
ਮਨ ਮੰਡੀ
ਇਹਨਾਂ ਦੀਆਂ ਖੋਪੜੀਆਂ ਅੰਦਰ
ਬੱਸ "ਮੰਡੀ" ਦਾ ਖਾਕਾ
ਦਿਲਾਂ ਵਾਲੀ ਗੱਲ ਦੀ ਇਹ
ਖਿੱਲੀ ਉਡਾਉਂਦੇ
ਕਲਾ ਵਿਚੋਂ
ਸੁਹਜ ਨਹੀਂ ਲਭਦੇ ਇਹ
ਕਲਾ ਨੂੰ ਮਹਿਜ਼
"ਉਤੇਜਨਾ " ਦਾ ਵਸੀਲਾ ਬਣਾਉਂਦੇ
ਐ ਨਾਦਾਨ !
ਕਦੇ ਇਹਨਾਂ ਦੇ
ਬੁੱਲ੍ਹਾਂ 'ਚੋਂ ਕਿਰੇ ਬੋਲਾਂ ਨੂੰ
ਸਚ ਨਾ ਸਮਝ ਬੈਠੀਂ !
ਇਹ ਅੱਖੀਆਂ 'ਚ ਆਏ "ਪਾਣੀ" ਦਾ
ਨਾਂ ਨਹੀਂ ਜਾਣਦੇ

12. ਐ ਔਰਤ ! ਤੂੰ ਮਹਾਨ ਏਂ

ਐ ਔਰਤ !
ਤੂੰ ਮਹਾਨ ਏਂ
ਆਪਣੇ ਹਰ ਰੂਪ 'ਚ
ਤੂੰ ਸਮਰਪਿਤ ਹੈਂ
ਕਦੇ ਮਾਂ ਬਣਕੇ
ਕਦੇ ਬੇਟੀ ਬਣਕੇ
ਕਦੇ ਪਤਨੀ
ਤੇ ਕਦੇ ਭੈਣ
ਹਰ ਰੂਪ ਵਿੱਚ ਸਮਰਪਿਤ !
ਪਰ ਤੇਰੀ ਹੋਂਦ 'ਤੇ
ਪ੍ਰਸ਼ਨ ਚਿੰਨ੍ਹ ਕਿਓਂ
ਕਿਓਂ ਤੇਰੇ ਰਾਹਾਂ 'ਤੇ ਕੰਡੇ
ਤੇਰੇ ਪੁੰਗਰਨ ਤੋਂ ਪਹਿਲਾਂ ਹੀ
ਤੈਨੂੰ ਮਸਲ ਦੇਣ ਦੀਆਂ ਸਾਜਿਸ਼ਾਂ
ਤੇਰੇ ਹਰ ਕਦਮ ਨਾਲ
ਕਿਓਂ ਜੁੜੇ ਨੇ ਇੱਜ਼ਤਾਂ ਦੇ ਸੁਆਲ
ਕਿਓਂ ਰਹਿ ਗਈ ਬਣਕੇ ਤੂੰ
ਨੁਮਾਇਸ਼ ਦੀ ਵਸਤੂ
ਕਿਓਂ ਵਿਸਰ ਗਿਆ ਤੈਨੂੰ
ਕਿ ਤੂੰ ਹੋ ਸਕਦੀ ਏਂ ਲਕਸ਼ਮੀ ਬਾਈ
ਤੇ ਮਾਈ ਭਾਗੋ ਵੀ !
ਐ ਔਰਤ !
ਕਿਓਂ ਮੰਨਜੂਰ ਐ ਤੈਨੂੰ
ਬਣਕੇ ਰਹਿਣਾ
ਬੱਸ ਮਹਿਜ਼ ਇੱਕ ਜਿਸਮ
ਤੇ ਭੋਗੇ ਜਾਣ ਦੀ ਵਸਤੂ
ਕਿਓਂ ਨਹੀ ਦਿਸਦਾ ਤੈਨੂੰ
ਤੇਰੀ ਹੀ ਰੂਹ ਦਾ ਜਲੌਅ
ਕਿਓਂ ਨਹੀਂ ਕਰ ਸਕਦੀ ਤੂੰ
ਥੋਥੇ ਸੰਸਕਾਰਾਂ ਦਾ ਕਤਲ
ਪਰ ਰੋਜ਼ ਕਰਦੀ ਏਂ
ਕਤਲ ਆਪਣੀ ਰੂਹ ਦਾ
ਜਾਗ ਹੁਣ ਜਾਗਣ ਦੀ ਲੋੜ ਹੈ
ਆਪਣੀ ਹੋਂਦ ਬਚਾਉਣ ਲਈ
ਤੈਨੂੰ ਖੁਦ ਹੀ
ਤਹਿ ਕਰਨੀ ਪੈਣੀ ਹੈ
ਆਪਣੀ ਆਜ਼ਾਦੀ ਦੀ ਦਿਸ਼ਾ !

13. ਤੇਰੇ ਪਿਆਰ ਦਾ ਮੇਘ

ਤੇਰੇ ਪਿਆਰ ਦਾ ਮੇਘ ਵੇ ਕੇਹਾ ਵਰ੍ਹਿਆ
ਪਿਆਸੀ ਰੇਤ ਵੀ ਜਲ-ਥਲ ਹੋਈ

ਸੱਜਣਾ ਵੇ ਤੇਰੀ ਮਹਿਕ ਅਵੱਲੜੀ
ਬਣ ਕਸਤੂਰੀ ਮੇਰੇ ਸਾਹਾਂ ਵਿੱਚ ਸਮੋਈ

ਚੌਂਹੀਂ-ਕੂੰਟੀਂ ਬਿਖਰ ਗਿਆ ਵੇ ਸੱਜਣਾ
ਪ੍ਰੀਤ ਤੇਰੀ ਦਾ ਚਾਨਣ ਭਾਵੇਂ ਫਿਰਾਂ ਲਕੋਈ

ਮੈਥੋਂ ਪਹਿਲਾਂ ਤੇਰੇ ਹੋਠੀਂ ਅੱਪੜ ਜਾਵੇ
ਦਿਲ ਮੇਰੇ ਵਿੱਚ ਹੁੰਦੀ ਜੋ ਅਰਜੋਈ

ਜਿੰਦ ਮੇਰੀ 'ਚੋਂ "ਮੈਂ" ਮੁੱਕ ਚੱਲੀ ਅੜਿਆ
ਜਿਸ ਪਲ ਤੋਂ ਇਹ ਤੇਰੇ ਨਾਵੇਂ ਹੋਈ

ਸੱਜਣ ਜੀ ਮੈਂ ਮੈਂ ਨਹੀਂਓਂ ਰਹਿ ਗਈ
ਇੱਕ "ਮੈਂ " ਜਨਮੀਂ ਇੱਕ "ਮੈਂ" ਮੋਈ

ਤੇਰੇ ਪਿਆਰ ਦਾ ਮੇਘ ਵੇ ਕੇਹਾ ਵਰ੍ਹਿਆ
ਪਿਆਸੀ ਰੇਤ ਵੀ ਜਲ-ਥਲ ਹੋਈ

14. ਪੱਥਰ

ਪੱਥਰ ਲੋਕਾਂ ਦੇ
ਪੱਥਰ ਦੇ ਸ਼ਹਿਰ ਨੂੰ ਜਾਂਦੀ
ਪੱਥਰ ਦੀ ਸੜਕ ‘ਤੇ ਚਲਦਿਆਂ
ਮੈਂ ਖ਼ੁਦ ਪੱਥਰ ਬਣ ਗਈ ਹਾਂ !
ਹੁਣ ਮੈਨੂੰ
ਨਹੀਂ ਡਸਦੇ
ਉਹਨਾਂ ਦੇ ਪੱਥਰ-ਬੋਲ !
ਜੋ ਲੂਹ ਦਿੰਦੇ ਸਨ
ਮੇਰਾ ਤਨ-ਮਨ ! ਹੁਣ
ਸਹਿਜ ਤੁਰ ਸਕਦੀ ਹਾਂ ਮੈਂ
ਇਸ ਰਾਹ ਤੇ !

15. ਰੋਜ਼ ਤੂੰ ਭਰ ਦਿੰਦਾ ਏਂ

ਰੋਜ਼ ਤੂੰ ਭਰ ਦਿੰਦਾ ਏਂ
ਮੇਰਾ ਕਾਸਾ
"ਚੁੱਪ" ਦੀ ਖੈਰਾਤ ਨਾਲ -
ਰੋਜ਼ ਮੈਂ ਤੇਰੇ ਦਰ ਤੋਂ
ਖਾਲੀ ਪਰਤ ਜਾਂਦੀ ਹਾਂ -

ਰੋਜ਼ ਹੀ ਮਰ ਜਾਂਦੇ 'ਨੇ
ਅਣਗਿਣਤ ਅਹਿਸਾਸ ਕਹਿਰ ਦੀ ਮੌਤ
ਜਦ ਬੋਲਾਂ ਨੂੰ ਤਰਸਦੀ ਤੇਰੀ ਚੁੱਪ
ਮੈਥੋਂ ਪੜ੍ਹ ਨਹੀਂ ਹੁੰਦੀ -
ਪਰ
ਅਹਿਸਾਸਾਂ ਦੀ ਬਲਦੀ ਅੱਗ
ਮੇਰੀ ਆਸ ਵੀ ਮੁੱਕਣ ਨਹੀਂ ਦਿੰਦੀ -
ਮੈਂ ਨਿਰੰਤਰ ਸੇਕਦੀ ਹਾਂ
"ਇਹ ਅੱਗ"
ਤੇ ਤੇਰੀ ਚੁੱਪ ਦਾ ਤਰਜੁਮਾ ਕਰਦੀ ਹਾਂ
.....ਇਸਦਾ ਨਿੱਘ
ਬਖਸ਼ਦਾ ਏ ਇੱਕ ਤਾਂਘ
ਪੜ੍ਹਨ ਲਈ ਤੇਰੀ ਚੁੱਪ ਦੇ ਹਰਫ਼
ਤੇ ਤੇਰੇ ਨਕਸ਼ਾਂ ਦੇ ਪਰਛਾਵੇਂ

16. ਏਸ ਵਰ੍ਹੇ ਵੀ

ਏਸ ਵਰ੍ਹੇ ਵੀ
ਹਰ ਵਰ੍ਹੇ ਦੀ ਤਰ੍ਹਾਂ
ਇਸ ਵਰ੍ਹੇ ਵੀ
ਇੱਕ ਹੋਰ ਵਰ੍ਹਾ
ਡੁੱਬ ਗਿਆ ਹੈ –
ਪਿਛਲੇ ਵਰ੍ਹਿਆਂ ਦੇ
ਕਾਲੇ ਅਤੀਤ ‘ਚ
.........ਤੇ
ਨਵਾਂ ਵਰ੍ਹਾ ਵੀ ਅੱਪੜ ਗਿਆ
ਉਸੇ ਕਾਲੇ ਅਤੀਤ ਦਾ

ਪਾਤਰ ਬਣਨ ਲਈ !
ਤੇ ਬੱਸ ਇੰਝ ਹੀ
ਹੁੰਦੀ ਰਹੀ ਹੈ ਸਿਰਜਣਾ
ਅਨੂਠੇ ਇਤਿਹਾਸ ਦੀ !
ਉਂਝ ਵੀ
ਵੇਖ ਖਾਂ ਅੜਿਆ
ਅੱਜ ਵੀ ਸੂਰਜ ਤਾਂ
ਉਵੇਂ ਹੀ ਨਜ਼ਰ ਆਉਂਦਾ ਹੈ
ਰੋਜ਼ ਦੀ ਤਰ੍ਹਾਂ –
ਝਿੱਜਕਦਾ ਜਿਹਾ
ਲੁਕਦਾ ਜਿਹਾ
ਛਿਪਦਾ ਜਿਹਾ !
ਖੈਰ !
ਫਿਰ ਵੀ ਤੈਨੂੰ
ਮੁਬਾਰਕ ਇਹ ਨਵਾਂ ਸਾਲ !!!!!!

17. ਐ ਕਵਿਤਾ ਵਰਗਿਆ

ਤੂੰ ਉਸ ਭੀੜ 'ਚ ਸ਼ਾਮਿਲ ਨਹੀਂ
ਜਿਸ ਵਿਚੋਂ ਆਉਂਦੀ ਹੈ ਬੱਸ
"ਵਾਹ ਵਾਹ" ਦੀ ਅਵਾਜ਼

ਤੇਰੇ ਕੋਲ
ਉਹ "ਅੱਖਾਂ" ਨੇ ਜੋ
ਪੜ੍ਹ ਲੈਂਦੀਆਂ ਨੇ ਉਹ ਵੀ
ਜੋ ਮੈਂ ਅਜੇ ਲਿਖਣਾ ਹੈ

ਤੇਰੇ ਕੋਲ
ਉਹ ਕੰਨ ਨੇ ਜੋ
ਸੁਣ ਲੈਂਦੇ ਨੇ ਉਹ ਵੀ
ਜੋ ਮੈਂ ਅਜੇ ਕਹਿਆ ਨਹੀਂ -

.....ਤੇ ਤੇਰੇ ਕੋਲ ਹੈ
ਚੁੱਪ ਦਾ ਤਰਜੁਮਾ...

ਮੇਰੀਆਂ "ਅਣਲਿਖੀਆਂ " ਕਵਿਤਾਵਾਂ ਦੇ ਪਾਠਕ !
ਮੇਰੀਆਂ "ਅਣਕਹੀਆਂ " ਕਵਿਤਾਵਾਂ ਦੇ ਸਰੋਤਿਆ !

ਚੁੱਪ ਦੇ ਪਲਾਂ 'ਚ
ਉਮਰਾਂ ਜੇਡੀ ਬਾਤ ਪਾਉਣ ਵਾਲਿਆ !
ਐ ਕਵਿਤਾ ਵਰਗਿਆ !
ਤੈਨੂੰ ਹੀ ਤਾਂ ਲਭਦੀ ਸੀ ਮੇਰੀ ਕਵਿਤਾ!!!!

18. ਮੁਹੱਬਤੀ-ਪਲਾਂ ਦੀ ਸਿਰਜਣਾ

ਕੁਦਰਤ ਦੇ ਪਾਸਾਰੇ 'ਚ
ਜਦ ਵੀ ਵੇਂਹਦੀ ਹਾਂ ਮੈਂ
ਹੁੰਦੀ ਕੋਈ ਸਿਰਜਣਾ
ਤਾਂ ਜਾਪਦੈ
'ਮੁਹੱਬਤੀ ਪਲਾਂ' 'ਚ ਹੁੰਦੀ ਹੈ
ਅਥਾਹ ਸਿਰਜਣ-ਸ਼ਕਤੀ !

ਆਪਣੀ ਮੁਹੱਬਤ
ਜਦ ਸੰਵਾਦ ਕਰਦੀ ਹੈ
ਤਾਂ ਅਸੀਂ ਵਾਰੋ-ਵਾਰੀ
ਰਬਾਬ ਬਣਦੇ ਹਾਂ ...

ਤੇਰੇ ਸੰਗੀਤਮਈ ਹੁੰਘਾਰੇ ਨਾਲ
ਮੇਰਾ ਹਰ ਸ਼ਬਦ
ਕਵਿਤਾ ਬਣ ਜਾਂਦਾ ਹੈ-

...ਤੇ ਤੇਰਾ ਹਰ ਸ਼ਬਦ
ਕਵਿਤਾ ਲਈ ਬੀਜ ਬਣ
ਸਮਾ ਜਾਂਦਾ ਹੈ
ਮੇਰੇ ਜ਼ਿਹਨ 'ਚ -

ਤੇਰੇ ਉਚਰੇ ਹਰ ਬੋਲ 'ਚ ਜਾਦੂ
ਕਿ ਮਨ ਦੀ ਰਬਾਬ
ਛੇੜੇ ਸੁਰਾਂ ਨੂੰ-

ਤੇ ਤੇਰੇ ਹੁੰਘਾਰਿਆਂ ਦੀ ਸੁਰ
ਉਧੇੜਦੀ ਜਾਏ
ਪਰਤ-ਦਰ-ਪਰਤ
ਮੇਰੇ ਮਨ ਦੀਆਂ ਗੰਢਾਂ -

ਸਾਡੇ 'ਮੁਹੱਬਤੀ-ਪਲਾਂ' 'ਚੋਂ ਨਿੱਕਲੀ
ਹਰ ਕਵਿਤਾ-ਹਰ ਕਥਾ
ਆਪਣੀਆਂ ਰਗਾਂ 'ਚ
ਸਾਂਭ ਲਵੇਗੀ
ਸਾਡੀ ਮੁਹੱਬਤ ਦਾ ਪਸਾਰਾ. .

19. ਵਣਜ

ਚਲ ਰੂਹਾਂ ਦਾ ਵਣਜ ਵੇ ਕਰੀਏ..
ਚਲ ਜਿਸਮਾਂ ਨੂੰ ਪਾਸੇ ਧਰੀਏ..

ਮੋਏ ਉਮਰ ਦੇ ਵਰਿਆਂ ਤਾਈਂ
ਚਲ ਅਗਨ ਹਵਾਲੇ ਕਰੀਏ…

ਸਾਹਾਂ ਦੀ ਇਕ ਮੌਲੀ ਕੱਤੀਏ…
ਉਮਰਾਂ ਦਾ ਇਹ ਬੋਹੀਆ ਭਰੀਏ..

ਚਲ ਇਕ ਦੂਜੇ ਦੇ ਕੋਲ ਵੇ ਅੜਿਆ..
ਆਪਣੀ ਪੀੜ ਨੂੰ ਗਿਰਵੀ ਕਰੀਏ..

ਹੰਝੂਆਂ ਨਾਲ ਇਹ ਲਿਖੀ ਇਬਾਰਤ..
ਰੂਹ ਆਪਣੀ ਨਾਲ ਪੜ੍ਹੀਏ..

ਚਲ ਇਕ ਸਾਂਝੀ ਮੰਨਤ ਮੰਗੀਏ..
ਐਸੀ ਇਕ ਇਬਾਦਤ ਕਰੀਏ..

ਚਲ ਰੂਹਾਂ ਦਾ ਵਣਜ ਵੇ ਕਰੀਏ..
ਚਲ ਜਿਸਮਾਂ ਨੂੰ ਪਾਸੇ ਧਰੀਏ….

20. ਖ਼ੌਰੇ

ਹਵਾਵਾਂ ,
ਪਰਿੰਦੇ
ਅਜਬ ਜਿਹੀ ਦਹਿਸ਼ਤ ' ਚ

..............
ਸੋਚਦੇ
: ਹੱਦਾਂ - ਸਰਹੱਦਾਂ ਰਹਿਤ
ਕਿੰਨਾ ਸੋਹਣਾ
ਕਿੰਨਾ ਵਿਸ਼ਾਲ ਸੀ
ਸਾਡਾ ਘਰ -

...
ਪੂਰੀ ਧਰਤੀ ਸਾਡੀ ਸੀ ...
ਅਸੀਂ ਕਦੇ ਵੀ..ਕਿਤੇ ਵੀ
ਪਰਦੇਸੀ ਨਹੀਂ ਸਾਂ
ਸ਼ਰਨਾਰਥੀ ਨਹੀਂ ਸਾਂ

........
ਇਹ ਕੌਣ ਹੈ...
ਮਨੁੱਖ ਨਾਮੀ ਸ਼ੈਅ ?
ਇਹ ਤਾਂ ਸਾਨੂੰ ਵੀ ਸੱਦਦੀ ਹੈ
ਅਜੀਬ ਜਿਹੇ ਨਾਵਾਂ ਨਾਲ !!
'ਪਰਵਾਸੀ ਪੰਛੀ' ....'ਸਾਜ਼ਿਸ਼ੀ ਹਵਾਵਾਂ'

.............
ਹੱਦਾਂ ਰਹਿਤ ਇਸ ਧਰਤ ਨੂੰ
ਕਿੰਝ ਵਲੂੰਧਰ ਦਿੱਤਾ
ਕਿ ਆਪਣੇ ਵਰਗਿਆਂ ਨੂੰ ਹੀ
ਸ਼ਰਨਾਰਥੀ ਦਸਦੇ ਨੇ ...

....
ਚੱਲ ਨੀ ਹਵਾ !
ਅਛੋਪਲੇ ਜਿਹੇ ਘੋਲ ਦੇ ਨੀ
ਸਾਝਾਂ ਦਾ ਸੰਗੀਤ ਇਸ ਫ਼ਿਜ਼ਾਂ 'ਚ...

ਚੱਲੋ ਵੇ ਪਰਿੰਦਿਓ !
ਗਾ ਦਿਓ ਕੋਈ ਗੀਤ ਮੁਹੱਬਤ ਵਾਲੜਾ ...

ਖੌਰੇ ਇਹ 'ਮਨੁੱਖ' ਵੀ
ਹੋ ਜਾਵੇ ਹਵਾਵਾਂ ਜਿਹਾ
ਪਰਿੰਦਿਆਂ ਜਿਹਾ...

21. ਗਰੀਬੀ-ਰੇਖਾ

ਕਿੰਨਾ ਅਜੀਬ ਹੈ
ਸਾਡਾ ਅਰਥ-ਵਿਗਿਆਨ
ਰਾਜਨੀਤੀ ਦਾ ਝੋਲੀ ਚੁੱਕ
ਕਿੰਨੀ ਸ਼ਾਤਰਤਾ ਨਾਲ
ਘੜ ਲੈਂਦਾ ਹੈ ਇਹ
ਗਰੀਬੀ ਦੀ ਪਰਿਭਾਸ਼ਾ ?

ਨਿੱਤ ਬਣਦੇ ਨੇ ਨਵੇਂ ਅਯੋਗ
ਏ. ਸੀ. ਰੂਮਾਂ 'ਚ ਬੈਠ
ਘੜਦੇ ਨੇ
ਬਹੁਜਨ ਨੂੰ
ਭਰਮਾਉਣ ਦੀਆਂ ਨੀਤੀਆਂ
ਸਰਕਾਰ ਬੜੇ ਚਾਅ ਨਾਲ
ਡੋਲ੍ਹਦੀ ਹੈ
ਇਹਨਾਂ ਅਯੋਗਾਂ ਤੇ ਪੈਸਾ
ਤੇ ਤਤਪਰ ਹੋ ਉਡੀਕਦੀ ਹੈ
ਕਿ
ਕਦੋਂ ਖੁੱਲ੍ਹੇਗੀ
ਅਯੋਗ ਦੀ ਜਾਦੂ-ਪਟਾਰੀ
ਕੀ ਹੋਵੇਗੀ ?
ਗਰੀਬੀ ਦੀ ਨਵੀਂ ਪਰਿਭਾਸ਼ਾ ?
ਤਾਂ ਜੋ
ਅਸੀਂ ਘੋਸ਼ਿਤ ਕਰ ਸਕੀਏ
"ਖੁਸ਼ਹਾਲ ਭਾਰਤ "

ਬਿਸਲੇਰੀ ਬੋਤਲਾਂ ਦਾ
ਪਾਣੀ ਪੀਣ ਵਾਲੇ
ਆਪਣੀ ਜੂਠ ਜਿੰਨੇ ਭੋਜਨ ਨੂੰ
"ਜੀਵਨ-ਨਿਰਬਾਹ" ਲਈ
ਦਸਦੇ ਨੇ "ਕਾਫੀ"
ਓਹਨਾਂ ਦੀ ਨਜ਼ਰ 'ਚ
ਮਨੁੱਖਤਾ ਦੀ ਹੋਂਦ ਦਾ ਮਸਲਾ
ਮਹਿਜ਼ ਪੇਟ ਭਰ ਖਾਣਾ !

ਗੰਦਗੀ ਦੇ ਢੇਰ ਫਰੋਲਦਾ
ਕਰਦਾ ਪੇਟ ਭਰਨ ਦਾ ਹੀਲਾ
ਨਹੀਂ ਇਹਨਾਂ ਦੀ ਨਜ਼ਰ 'ਚ
ਗਰੀਬੀ-ਰੇਖਾ ਤੋਂ ਥੱਲੇ
ਕਿਓਂ ਜੋ
ਮਿਲਦੀ ਹੈ ਉਸਨੂੰ
"ਪੂਰੀ ਕੈਲੋਰੀਜ਼" !

ਰੱਜ ਕੇ ਉੱਡਦੀ ਹੈ
ਓਹਦੇ "ਮਨੁੱਖ" ਹੋਣ ਦੀ ਖਿੱਲੀ !
ਜਾਨਵਰਾਂ ਦੇ ਤੁੱਲ
ਸਿਰਫ ਪੇਟ ਭਰਨਾ ਹੀ ਹੈ
ਉਹਦੀ ਜਿੰਦਗੀ ਦਾ ਮਕਸਦ !
ਹੋਰ ਸਭ ਵਰਤਾਰੇ
ਜੋ "ਮਨੁੱਖ" ਹੋਣ ਲਈ ਨੇ ਜਰੂਰੀ
ਭਲਾਂ ਉਹਦੇ ਕਿਸ ਕੰਮ ??!!??

.....ਬੱਸ ਉਹ ਨਹੀਂ
ਗਰੀਬੀ-ਰੇਖਾ ਤੋਂ ਥੱਲੇ
ਕੀ ਇਹ ਕਾਫੀ ਨਹੀਂ ?!?

22. ਵਕ਼ਤ ਦੀ ਕੰਨੀ ਫੜ ਨੀ ਹੋਣੀ

ਕੌਣ ਕਹਿੰਦਾ ਕਿ
ਵਕ਼ਤ ਦੀ ਕੰਨੀ ਫੜ ਨੀ ਹੋਣੀ ?!?!
ਮੈਂ ਸਾਂਭਿਆ ਹੈ
ਵਕ਼ਤ ਦਾ ਇੱਕ ਟੋਟਾ
ਜੋ ਅੱਜ ਵੀ
ਸ਼ਾਮਿਲ ਹੈ ਮੇਰੀ ਹੋਂਦ ‘ਚ-
ਉਹ ਪਲ
ਜਿਸਨੂੰ ਮੈਂ ਜੀਵਿਆ ਹੈ
ਜਿਸਨੂੰ ਮੈਂ ਮਾਣਿਆ ਹੈ
ਉਹ ਮੈਥੋਂ
ਵੱਖ ਨਾ ਹੋਣਾ ਚਾਹਵੇ
ਮੈਂ ਓਹਤੋਂ ਵੱਖ ਨਾ ਹੋਣਾ ਚਾਹਵਾਂ
ਕੌਣ ਖੋਹ ਸਕਦਾ ਮੈਥੋਂ
ਸਮੇਂ ਦਾ ਉਹ ਪਲ
ਜੋ ਸਿਰਫ਼ ਮੇਰਾ ਹੈ ?
ਮੈਂ ਉਸ ਪਲ ਦੀ ਕੰਨੀ ਨੂੰ
ਫੜ ਬੰਨ੍ਹ ਲਿਆ
ਆਪਣੀ ਹੋਂਦ ਨਾਲ !
ਉਹ ਪਲ ਜੀਵੇਗਾ
ਮੇਰੇ ਨਾਲ ਮੇਰੀ ਹੋਂਦ ਰਹਿਣ ਤੀਕਰ

23. ਮੈਂ ਖੁੱਲ੍ਹੀ ਕਿਤਾਬ ਹਾਂ

ਸਾਡੇ ਮੱਥੇ 'ਤੇ
'ਬੰਦ-ਕਿਤਾਬ' ਦਾ
ਲੇਬਲ ਲਾਉਣ ਵਾਲਿਆ
ਦੱਸ ਖਾਂ
ਕਿੰਨੀ ਕੁ ਵਾਰ ਤਾਂਘੇ ਨੇ
ਤੇਰੇ ਹੱਥ
ਇਹ ਕਿਤਾਬ ਖੋਲ੍ਹਣ ਲਈ ?
ਤੂੰ ਕਿਹਾ ,
"ਮੈਂ ਖੁੱਲ੍ਹੀ ਕਿਤਾਬ ਹਾਂ ,
ਜਦ ਮਰਜ਼ੀ ਚਾਹੇ ਪੜ੍ਹ ਲੈ |"
ਪਰ
ਤੇਰੇ ਪੰਨਿਆਂ 'ਤੇ ਉੱਕਰੇ ਹਰਫ਼
ਬਦਲਦੇ ਪਲ-ਪਲ ਜੋ
ਰੂਹ ਵੀ
ਤੇ ਰੂਹ ਦਾ ਜਮਾ ਵੀ
ਉਹ ਕਿੰਨੇ ਬੇਰਹਿਮ ਨੇ
ਤੇ ਤੂੰ
ਹਰ ਵਾਰ ਮਿਲਦਾ ਏਂ ਮੈਨੂੰ
ਇੱਕ ਨਵਾਂ-ਅਧਿਆਇ' ਬਣਕੇ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ