Punjabi Poetry : Karam Singh Baran Ludhianvi

ਪੰਜਾਬੀ ਕਵਿਤਾਵਾਂ : ਕਰਮ ਸਿੰਘ ਬਰਨ ਲੁਧਿਆਣਵੀ1. ਦਹਿਸ਼ਤ

ਕਰੋਨਾ ਦਹਿਸ਼ਤ ਐਸੀ ਫੈਲ ਗਈ, ਰਿਹਾ ਬੰਦੇ ਦਾ ਨਾ ਸਤਿਕਾਰ ਕੋਈ ਮਿਰਤਕ ਉਡੀਕ ਰਿਹਾ ਅਲਵਿਦਾ, ਮੋਢਾ ਦੇਣ ਨਾ ਹੋਏ ਤਿਆਰ ਕੋਈ ਉੱਠ ਅਰਥੀਓਂ ਕਿਵੇਂ ਗਿਲਾ ਕਰੇ, ਵਜੂਦ ਜੋ ਅੱਜ ਹੈ ਬੇਜਾਨ ਪਿਆ ਆਪਣੇ ਹੀ ਖੂਨ ਭੈਅ ਭੀਤ ਹੋਏ , ਦਲਾਵਰ ਨਾ ਰਿਸ਼ਤੇਦਾਰ ਕੋਈ ਨੇੜੇ ਨਾ ਬਹੁੜਿਆ ਕੋਈ ਭਾਈਚਾਰਾ, ਕਿਸੇ ਚਾਦਰ ਓੜਕ ਤਾਣੀ ਨਾ ਹੱਥ ਫੜਿਆ ਨਾ ਹੀ ਅਖ਼ੀਰ ਕਿਸੇ, ਦਸਤਗੀਰ ਨਾ ਦਿਲਦਾਰ ਕੋਈ ਲਿਪਟੇ ਜੋ ਲਾਡਾਂ ਪਿਆਰਾਂ ਨਾਲ, ਅੱਜ ਕਰੋਨਾ ਨੇ ਦੂਰ ਬਿਠਾ ਦਿੱਤੇ ਬਦਨਸੀਬੀ ਆਖਿਰ ਹੈ ਕਿਤਨੀ , ਨਕਦਰਾ ਹੋਇਆ ਹੱਕਦਾਰ ਕੋਈ ਉਡੀਕ ਵੀ ਨਾ ਕੀਤੀ ਸਵੇਰ ਤਾਈਂ, ਸੱਥਰ ਤੇ ਸੁੱਤਾ ਕੋਈ ਸਾਥ ਨਹੀਂ ਨਾ ਹੀ ਜੁੜ ਬੈਠੇ ਫੂਹੜੀ ਫਰਸ਼ਾਂ ਤੇ, ਨਾ ਮਾਤਮ ਦਾ ਕਿਰਦਾਰ ਕੋਈ ਦਿਲਗੀਰ ਹੋ ਸਭ ਦਹਿਲ ਗਏ, ਸ਼ੇਰ ਦਿਲ ਵੀ ਅੱਜ ਕਮਦਿਲ ਹੋਏ ਸ਼ਮਸ਼ਾਨ 'ਚ ਚਿਖਾ ਉਡੀਕ ਰਹੀ, ਦਾਹ ਲਾਏ ਆ ਅੰਗਿਆਰ ਕੋਈ ਲਾਸ਼ ਨੂੰ ਛੋਹਣਾ ਤਾਂ ਦੂਰ ਰਿਹਾ, ਇਸ ਦੇ ਧੂੰਏਂ ਤੋਂ ਵੀ ਡਰਨ ਲਗੇ ਦੂਰੋਂ ਹੀ ਨਜ਼ਰ ਕੋਈ ਪਾ ਲਾਵੇ, ਧੁਖ਼ਦਾ ਗਿਆ ਦਾਗਦਾਰ ਕੋਈ

2. ਆਸ ਮੁਰਾਦ

ਸਿਆਣਾ ਜੋੜਾ ਕਰਦਾ ਗੁਫਤਗੂ, ਗੁਨਾਹ ਨਾ ਤੇਰਾ ਮੇਰਾ, ਵਕਤ ਦਾ ਫੇਰਾ ! ਕਹਿਰ ਕਰੋਨਾ ਦਾ ਬੰਦੀਖਾਨਾ, ਦੁਖਾਂ ਦਾ ਦਰਦ ਬਥੇਰਾ, ਦੋਹਰਾ ਘੇਰਾ ! ਪਹਿਲੇ ਡਰ ਜਾਨ ਦਾ ਪਾਇਆ, ਇਸਦਾ ਵਾਰ ਤਿਖੇਰਾ, ਡਰੇ ਬੁੱਢਾ ਠੇਰਾ ! ਦੂਜੇ ਟੱਬਰ ਖਿੰਡ ਪਿੰਡ ਹੋਆ, ਇਕੱਲ ਦਾ ਔਖ ਘਣੇਰਾ, ਚੁੱਪ ਚਾਪ ਚੁਫੇਰਾ ! ਮਿਤਰਾਂ ਦੀ ਪਰਖ ਵੀ ਹੋਣੀ, ਪਾਉਣ ਪੁੱਛਗਿਛ ਫੇਰਾ, ਕਰ ਵੱਡਾ ਜੇਰਾ ! ਕਿਤੇ ਵਿਛੜੇ ਹੀ ਨਾ ਕੂਚੀਏ, ਦੋ ਦਿਨ ਰੈਣ ਵਸੇਰਾ, ਛੱਡ ਬਾਗ ਬਨੇਰਾ ! ਆਸ ਮੁਰਾਦ ਕਰ ਜਿੰਦ ਹਵਾਲੇ, ਰਾਖਾ ਰੱਖਣਹਾਰ ਉਚੇਰਾ, ਰੱਬ ਵੱਡਾ ਵਡੇਰਾ ! ਚੜ੍ਹਦੀ ਕਲਾ ਭਲਾ ਸਭ ਭਾਉਂਦੇ, ਫ਼ਰਿਆਦ ਖਤਮ ਅੰਧੇਰਾ, ਨਵਾਂ ਪਹੁ ਸਵੇਰਾ !

3. ਦੁਰਲਭ ਪਾਤਸ਼ਾਹ

( ਸਮਰਪਿਤ : ਵਿਧਾਤਾ ਸਿੰਘ ਤੀਰ ਜੀ, ਜਿਨ੍ਹਾਂ ਦੀ ਕਵਿਤਾ "ਪਾਂਡੀ ਪਾਤਸ਼ਾਹ", ਜੋ ਇੱਕ ਬਹੁਤ ਹੀ ਸੁਚੱਜੇ ਢੰਗ ਨਾਲ ਇਕ ਦਿਲਖਿੱਚ ਬਹਿਰ ਵਿਚ ਲਿਖੀ ਹੋਈ ਵਾਰਤਾ ਹੈ | ਉਨ੍ਹਾਂ ਦੇ ਸਮਰਪਿਤ, ਇਹ ਕਵਿਤਾ ਉਸੇ ਹੀ ਬਹਿਰ ਵਿਚ ਲਿਖਣ ਦੀ ਕੋਸ਼ਿਸ਼ ਹੈ ) ਆ ਪਏ ਜੇ ਮੁਲਖਾਂ ਤੇ, ਆਫ਼ਤ ਜਦ ਆਸਮਾਨਾਂ ਦੀ, ਫਿਕਰ ਹੀ ਜਦ ਪੈ ਜਾਵੇ, ਪਰਜਾ ਨੂੰ ਨਿਰੀ ਹੋਂਦ ਦਾ, ਹੁੰਦੀ ਹੈ ਪਰਖ ਉਦੋਂ, ਕਪਤਾਨਾਂ ਅਤੇ ਪਰਧਾਨਾਂ ਦੀ ! ਪਰਖ ਕੀਤੀ ਇੱਕ ਕਾਲ਼ ਨੇ, ਸ਼ਾਨ ਸ਼ੇਰ-ਏ-ਪੰਜਾਬ ਦੀ, ਪਾਂਡੀ ਵੀ ਖੁਦ ਬਣਿਆ ਸੀ, ਬਿਰਧ ਦਾ ਬੋਝਾ ਢੋਣ ਨੂੰ, ਵਿਧਾਤਾ ਸਿੰਘ ਤੀਰ ਲਿਖੀ, ਵਾਰਤਾ ਆਬ ਤਾਬ ਦੀ ! ਮਹਾਂਮਾਰੀ ਅੱਜ ਜਹਾਨ ਤੇ, ਖੁਦ ਸੱਦੀ ਹੈਵਾਨਾਂ ਨੇ, ਘਰਾਂ 'ਚ ਲੋਕੀ ਬੈਠ ਗਏ, ਛੱਡ ਕੇ ਕੰਮ ਧੰਦਿਆਂ ਨੂੰ, ਖੌਫ਼ ਕਿਆਮਤ ਪਾ ਦਿੱਤਾ, ਮਹਾਂਮਾਰੀ ਤੂਫ਼ਾਨਾਂ ਨੇ ! ਅੱਜ ਮੈਂ ਹਾਂ ਖੋਜ ਰਿਹਾ, ਕੋਈ ਐਸਾ ਵੀ ਸਰਦਾਰ ਹੋਵੇ, ਦੁਖੀਆਂ ਦਾ ਹਮਦਰਦ ਕੋਈ, ਕੂਕਰ ਹੋਵੇ ਪਰਜਾ ਦਾ, ਭੰਡਾਰੇ ਖੁਲ੍ਹੇ ਗਰੀਬਾਂ ਨੂੰ, ਪਾਂਡੀ ਜਿਹਾ ਕਿਰਦਾਰ ਹੋਵੇ ! ਪਾਂਡੀ ਤਾਂ ਕੋਈ ਦਿਸੇ ਨਾ, ਕੂਕਦੀ ਇੱਕ ਆਵਾਜ਼ ਹੈ, ਝੂਠ ਮੂਠ ਦੇ ਪੁਲ ਬੰਨ੍ਹਣ, ਪਰਧਾਨ ਚਿੱਟੇ ਮਹਿਲਾਂ ਦੇ, ਪੰਡ ਤਾਂ ਸਿਰ ਤੇ ਕੀ ਹੋਣੀ, ਘਮੰਡ ਦਾ ਸਿਰ ਤਾਜ ਹੈ ! ਮੌਕਾ ਤੱਕਣ ਸਿਆਸਤ ਦਾ, ਜ਼ਿੰਮੇਵਾਰੀ ਸਭ ਫ਼ਰਜ਼ੀ ਹੈ, ਭੰਡਾਰੇ ਖੁਲ੍ਹੇ ਦਿਖਾਵੇ ਨੇ, ਅੰਨੀ ਵੰਡ ਹੈ ਆਪਣਿਆਂ ਨੂੰ, ਕੋਈ ਜੀਵੇ ਕੋਈ ਮਰ ਜਾਵੇ, ਵੋਟਾਂ ਦੀ ਖੁਦਗਰਜ਼ੀ ਹੈ ! ਅੱਜ ਵੀ ਵਿਸ਼ਵ ਵੋਟਾਂ ਵਿਚ, ਅੱਵਲ ਸ਼ੇਰੇ-ਪੰਜਾਬ ਰਿਹਾ, ਗੱਦੀਆਂ ਅਨੇਕ ਬੈਠ ਗਏ, ਨਿਰਪੱਖ ਦਾਨੀ ਰਕਾਬ ਤੇ, ਪਾਤਸ਼ਾਹ ਪਾਂਡੀ ਦਾਨਸ਼ੀਲ, ਦੁਰਲਭ ਹੈ ਖ਼ਿਤਾਬ ਰਿਹਾ !

4. ਸੂਰਜਮੁਖੀ

ਵਾਕ ਵਿਗਿਆਨੀ ਕਵੀ : ਸੁਫਨਿਆਂ 'ਚ ਸੁੱਤੇ ਪਏ ਬੀਜਾਂ ਨੂੰ ਕੱਢ ਕਿਆਰੀ ਕਿਸੇ ਖਿੰਡਾ ਦਿੱਤਾ ਪਸਾਰ ਚਾਦਰ ਪਤਲੀ ਮਿੱਟੀ ਦੀ ਥੋੜੀ ਕਿਣਮਿਣ ਨੇ ਜਗਾ ਦਿੱਤਾ ਚਾਰ ਪੱਤੇ ਪੂਰੇ ਅਜੇ ਪੁੰਗਰੇ ਨਹੀਂ ਡੰਡੀਆਂ ਆਕਾਸ਼ ਵਲ ਤੁਰੀਆਂ ਨੇ ਜੜ੍ਹਾਂ ਵੀ ਪਤਾਲ ਵੱਲ ਉੱਠ ਤੁਰੀਆਂ ਦੋਨੋ ਦਿਸ਼ਾ ਦੀਆਂ ਸੂਝਾਂ ਫੁਰੀਆਂ ਨੇ ਗੁਰਤਾ ਗਿਆਨ ਉੱਪਰ ਥੱਲੇ ਦਾ ਸਮਝ ਗਿਰੀ ਮਗਜ਼ ਵਿਚ ਕਿੱਥੇ ਸੀ ਕਿੱਧਰ ਆਕਾਸ਼ ਕਿਸ ਵੱਲ ਥੱਲਾ ਤੌਰ ਤਰਫ਼ ਇਹ ਕਿਸ ਨੇ ਮਿੱਥੇ ਸੀ ਸੂਰਜਮੁਖੀ ਨਰਮ ਇੱਕ ਡੋਡੀ ਵੀ ਦੋ ਪੱਤਿਆਂ ਓਹਲਿਓਂ ਤਿੜਕ ਪਈ ਅਜੇ ਅੱਖਾਂ ਬਹੁਤੀਆਂ ਖੁਲੀਆਂ ਨਹੀਂ ਨਾਂ ਹੀ ਭੌਰੇ ਦੀ ਅਜੇ ਵਿੜਕ ਪਈ ਤੀਜੇ ਦਿਨ ਸੂਰਜ ਦੀਆਂ ਕਿਰਨਾਂ ਨੇ ਕੋਈ ਖਿੱਚ ਆਪਣੇ ਵਲ ਪਾਈ ਹੈ ਸੁੱਟ ਨਕਾਬ ਕਲੀ ਨੇ ਚੜ੍ਹਦੀ ਵੱਲ ਗਲ ਗੇਸੂਆਂ ਦੀ ਮਾਲਾ ਸਜਾਈ ਹੈ ਜਿਓਂ ਸ਼ੀਸ਼ੇ ਵਿਚ ਮੂੰਹ ਤੱਕ ਰਹੀ ਬਸ ਨਿਗਾ ਹੀ ਓਥੇ ਜੁੜ ਗਈ ਹੈ ਰਥ ਘੁੰਮਦਾ ਰਹਿੰਦਾ ਦਿਨ ਸਾਰਾ ਗਰਦਨ ਵੀ ਓਧਰ ਮੁੜ ਗਈ ਹੈ ਇਹ ਅਦੁੱਤੀ ਧਾਰਣਾ ਕੁਦਰਤ ਦੀ ਕੋਈ ਗਿਆਨ ਦਾ ਪਰਮਾਣ ਮਿਲੇ ਜਿਓਂ ਤਿੰਨ ਮਹੀਨੇ ਦੀ ਬੱਚੀ ਵੀ ਮੂੰਹ ਮੋੜੇ ਮਾਂ ਵੱਲ ਪਛਾਣ ਖਿਲੇ ਬੇਤਾਬ ਚਕੋਰੀ ਜਿਵੇਂ ਰਾਤਾਂ ਨੂੰ ਚੰਨ ਚਾਨਣੀ ਵੇਖ ਕੇ ਭੱਜਦੀ ਹੈ ਨਿੱਤ ਸਵੇਰ ਉਡੀਕੇ ਸੂਰਜਮੁਖੀ ਮੂੰਹ ਮੋੜ ਕਿਰਨਾਂ ਵਲ ਰੱਜਦੀ ਹੈ ਸੰਦਲੀ ਸੂਰਜਮੁਖੀ ਦਿਆ ਫੁੱਲਾ ਵੇ ਕਿੱਥੇ ਅੱਖਾਂ ਅਨੋਖੀਆਂ ਲਾਈਆਂ ਨੇ ਕਿਵੇਂ ਗਰਦਨ ਘੁਮਾਵੇਂ ਸੂਰਜ ਵਲ ਜਲ ਜਾਣ ਦੀਆਂ ਸੌਹਾਂ ਖਾਈਆਂ ਨੇ ਸਾੜ ਦੇਣੇ ਇਹ ਗੇਸੂ ਗਰਮੀ ਨੇ ਕਈ ਡੱਬ ਚਿਹਰੇ ਤੇ ਪਾਅ ਦੇਣੇ ਲਾਲ ਮੋਤੀ ਲੜੀ ਦੇ ਲੂਹ ਜਾਣੇ ਮੁੜ ਮਿੱਟੀ 'ਚ ਕਿਸੇ ਰਲਾ ਦੇਣੇ ਕੋਈ ਚੁੰਬਕ ਹੈ ਇਨ੍ਹਾਂ ਕਿਰਨਾਂ ਵਿੱਚ ਖਗੋਲੀ ਖਿੱਚ ਝਲਕ ਨੇ ਪਾਈ ਹੈ ਲਾਸਾਨੀ ਲਚਕ ਹੈ ਗਰਦਨ ਵਿੱਚ ਇਸ ਰਮਜ਼ ਦੀ ਸਮਝ ਨਾ ਆਈ ਹੈ ! ਵਾਕ ਸੂਰਜਮੁਖੀ : ਓ ਸ਼ਾਇਰਾ ਓ ਵਿਗਿਆਨੀਆ ਤੂੰ ਕੁਦਰਤ ਦੇ ਖੇਤ ਕੀ ਜਾਣੇ ਉਲਝਿਆ ਸਤਰਾਂ ਸੂਤਰਾਂ 'ਚ ਤੂੰ ਫਿਤਰਤ ਦੇ ਭੇਤ ਕੀ ਜਾਣੇ ! ਇਹ ਹਾਰ ਕੇਸਰੀ ਪੱਤੀਆਂ ਦਾ ਕੁਰਬਾਨ ਹੋਣ ਨੂੰ ਪਾਇਆ ਹੈ ਖੁਦਾਈ ਹੱਕ ਵੰਸ਼ਜ ਪਾਲਣ ਦਾ ਮਾਤ ਵੰਸ਼ੀ ਫਰਜ਼ ਨਿਭਾਇਆ ਹੈ !

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ