Punjabi Kavita
  

Punjabi Poetry/Kavitavan of Kamaljit Kaur Kamal

ਪੰਜਾਬੀ ਕਵਿਤਾਵਾਂ ਕਮਲਜੀਤ ਕੌਰ ਕਮਲ

1. ਆਧੁਨਿਕ ਨਾਰੀ

ਕਹਿਣ ਨੂੰ ਤਾਂ ਮੈਂ ਆਧੁਨਿਕ
ਭਾਰਤ ਦੀ ਨਾਰੀ,
ਪੜ੍ਹੀ ਲਿਖੀ ਮਰਦ ਦੇ ਮੋਢੇ
ਨਾਲ ਮੋਢਾ ਜੋੜੀ,
ਢੋਈ ਜਾਂਦੀ ਭਾਰ ਅੱਧਾ ।
ਪਰ ਕੀ ਮਰਦ ਨੇ ਵੀ ਇਸ
ਆਧੁਨਿਕ ਸਮੇਂ ਦੇ ਨਾਲ,
ਜੀਣਾ ਤੇ ਢਲਣਾ ਸਿਖਿਆ ਹੈ ?
ਉਸਨੇ ਵੀ ਔਰਤ ਦੇ ਸਾਰੇ,
ਕੰਮਾਂ ਵਿਚ ਮੋਢੇ ਨਾਲ ਮੋਢਾ
ਜੋੜ ਕੇ ਜੀਣਾ ਸਿਖਿਆ ਹੈ ?
ਕੀ ਬਦਲਦੇ ਸਮਿਆਂ ਨਾਲ ਸਿਰਫ
ਔਰਤ ਨੇ ਹੀ ਬਦਲਣਾ ਹੁੰਦਾ ਹੈ ?
ਮਰਦ ਉਵੇਂ ਦਾ ਉਵੇਂ ਹੀ ਹੈ ।
ਮੁੱਢ ਕਦੀਮ ਤੋਂ, ਘਰ ਦਾ ਮੁਖੀ
ਹੁਕਮ ਚਲਾਉਣ ਵਾਲਾ, ਸਿਰ ਦਾ ਸਾਈਂ,
ਪੂਜਣ ਯੋਗ ਦਰਜੇ ਵਾਲਾ
ਵੀ ਕੀ ਬਦਲਿਆ ਹੈ ? ਨਹੀ !
ਨਾ ਉਹ ਬਦਲਿਆ ਹੈ
ਤੇ ਨਾ ਹੀ ਬਦਲੇਗਾ,
ਉਹ ਉਵੇਂ ਹੀ ਔਰਤ ਦਾ
ਸੋਸ਼ਣ ਕਰਦਾ ਰਹੇਗਾ !
ਹੁਕਮ ਚਲਾਉਂਦਾ ਰਹੇਗਾ !
ਕਿਉਂਕਿ ਸਮਾਜ ਵਿੱਚ ਔਰਤ ਦੀ
ਹੀ ਇੱਜ਼ਤ ਹੁੰਦੀ ਹੈ
ਤੇ ਔਰਤ ਦੀ ਹੀ ਬੇਇੱਜ਼ਤੀ !
ਮਰਦ ਦੀ ਨਾ ਕੋਈ ਇੱਜ਼ਤ ਹੁੰਦੀ ਹੈ
ਤੇ ਨਾ ਕੋਈ ਬੇਇਜ਼ਤੀ !
ਉਹ ਤਾਂ ਮੁਖੀ ਹੈ ਮੁਖੀ !
ਤੇ ਮੁਖੀ ਹੀ ਰਹੇਗਾ !!

2. ਮਹਾਨਤਾ ਦਾ ਦਰਜਾ

ਕਦੇ ਗੀਤਾਂ ਵਿੱਚ, ਕਦੇ ਲੇਖਾਂ ਵਿੱਚ
ਮੈਨੂੰ ਮਹਾਨਤਾ ਦਾ ਦਰਜਾ ਦੇਣ ਵਾਲਿਓ
ਮੈਨੂੰ ਮਹਾਨਤਾ ਤੋਂ ਜਿਆਦਾ
ਬਰਾਬਰਤਾ ਦੀ ਲੋੜ ਹੈ !

ਜੰਮਣ ਵੇਲੇ ਖਿੜੇ ਮੱਥੇ,
ਸਵਾਗਤ ਦੀ ਲੋੜ ਹੈ !
ਪਾਲਣ ਵੇਲੇ ਪੋਸ਼ਣ ਵੇਲੇ,
ਵੀਰੇ ਵਾਂਗੂੰ ਖੇਡਣ ਕੁੱਦਣ
ਤੇ ਲਾਡਾਂ ਭਰੀ ਬਾਪੂ ਦੀ
ਗਲਵਕੜੀ ਦੀ ਲੋੜ ਹੈ !
ਮੁੰਡਿਆਂ ਦੇ ਮੁਕਾਬਲੇ
ਪੰਜਾਬ 'ਚ ਘਟਦੀ ਕੁੜੀਆਂ
ਦੀ ਜਨਸੰਖਿਆ ਹੈ ਜੋ !
ਉਸਨੂੰ ਬਰਾਬਰੀ ਦੀ ਲੋੜ ਹੈ !

ਮੈਨੂੰ ਮਹਾਨਤਾ ਦੀ ਨਹੀਂ
ਮੈਨੂੰ ਬਰਾਬਰਤਾ ਦੀ ਲੋੜ ਹੈ !
ਆਏ ਦਿਨ ਹੁੰਦੇ ਨੇ ਜੋ,
ਮੇਰੀ ਪੱਤ ਤੇ ਹਮਲੇ,
ਬੇਡਰ ਹੋਕੇ ਸਮਾਜ ਵਿੱਚ
ਵਿਚਰਨ ਤੇ ਸਨਮਾਨ ਨਾਲ
ਜਿਊਣ ਦੀ ਲੋੜ ਹੈ !
ਮੈਨੂੰ ਮਹਾਨਤਾ ਦੀ ਨਹੀਂ
ਮੈਨੂੰ ਬਰਾਬਰਤਾ ਦੀ ਲੋੜ ਹੈ !

3. ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ

ਉੱਠੋ ਜਾਗੋ ਆਵੋ ਭੈਣੋ,
ਤੋੜੋ ਇਹ ਦੀਵਾਰਾਂ !
ਸ਼ਰਮੋ ਸ਼ਰਮੀ ਕੁਝ ਨੀ ਹੋਣਾ,
ਆਵੋ ਬੰਨ੍ਹ ਕਤਾਰਾਂ !
ਸਮਾਜ ਇਹ ਕਦੇ ਨਾ ਬਦਲੇ,
ਸਾਨੂੰ ਬਦਲਣਾ ਪੈਣਾ !
ਜਿਹੜਾ ਮਰਦ ਜ਼ੁਲਮ ਹੈ ਕਰਦਾ,
ਇਕ ਪਲ ਵੀ ਨਾਲ ਨਾ ਰਹਿਣਾ !
ਸਮਾਜ ਦੇ ਵਿਚ ਨਾ ਪਰਦਾ ਪਾਉਣਾ,
ਹੋਕਾ ਦੇ ਦੇ ਕਹਿਣਾ !
ਕਾਹਦੀ ਸ਼ਰਮ ਕਾਹਦਾ ਹੈ ਪਰਦਾ,
ਵਿੱਦਿਆ ਹੈ ਸਾਡਾ ਗਹਿਣਾ !
ਜੇ ਕੋਈ ਪੜ੍ਹਦਾ ਸੁਣਦਾ ਹੋਵੇ,
ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ !
ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ !

(1-3 ਕਵਿਤਾਵਾਂ 'ਸਿਰਜਣਹਾਰੀਆਂ' ਵਿੱਚੋਂ ਹਨ)