Punjabi Poetry : Bhadaur Aala Jind

ਪੰਜਾਬੀ ਕਵਿਤਾਵਾਂ : ਭਦੌੜ ਆਲਾ ਜਿੰਦ1. ਬੱਦਲ਼ ਨਾ ਬਣ

ਬੱਦਲ਼ ਨਾ ਬਣ ਦਿਲ਼ਾ, ਆਕਾਸ਼ ਬਣਿਆ ਕਰ, ਫਿੱਟੇ ਮੂੰਹ ਦੀ ਨਾ ਖਾਅ, ਸਾਬਾਸ਼ ਬਣਿਆ ਕਰ, ਦਿਲ਼ਾਂ ਵਿੱਚ ਰਹਿਣੇ ਨੂੰ, ਰੱਖ ਖ਼ੁਦ ਨੂੰ ਤਰਾਛ ਕੇ, ਦਿੱਖ ਤੋਂ ਚੁੰਬਕ, ਵਿਚਾਰਾਂ ਤੋਂ ਪਾਸ਼ ਬਣਿਆ ਕਰ, ਜਿਉਂਦਿਆਂ ’ਚ ਰਹਿੰਦੇ ਹੋਏ, ਪਹਾੜ ਬਣ ਦੁੱਖਾਂ ਨੂੰ, ਗ਼ਮ ਆਉਂਦੇ ਵੇਖ, ਨਾ ਲਾਸ਼ ਬਣਿਆ ਕਰ, ਮਿਟਦੇ ਨੀ ਹੁੰਦੇ ਬੁੱਤ, ਮਿੱਟੀ ਵਾਲੇ ਬਣ ‘ਜਿੰਦ’, ਲਾਸਾਨੀ ਕਿਰਦਾਰ ਰੱਖ, ਇਤਿਹਾਸ ਬਣਿਆ ਕਰ.

2. ਹਵਾ ਦਿਸੇ ਨਾ ਦਿਸੇ

ਹਵਾ ਦਿਸੇ ਨਾ ਦਿਸੇ, ਪਰ ਵਗਦੀ ਰਹੇ, ਦੀਵੇ ਦੀ ਲੋਅ, ਹਨੇਰਿਆਂ ’ਚ ਮਘਦੀ ਰਹੇ, ਛਿਪੇ ਕਦੇ ਨਾ ਸੂਰਜ, ਅਣਖ਼ ਆਬਰੂ ਦਾ, ਚਿਹਰੇ ਤੇ ਇਨਸਾਨੀਅਤ, ਦਗਦੀ ਰਹੇ, ਰੁਕੇ ਕਦੇ ਨਾ ਪੱਤਿਆਂ, ਵਿਚਲੀ ਹਿੱਲਜੁੱਲ, ਰੌਣਕ ਬਹਾਰਾਂ ਦੀ, ਰੁੱਖਾਂ ਤੇ ਲਗਦੀ ਰਹੇ, ਬੁਝ ਨਾ ਜਾਣ ਅਸਮਾਨ ਦੇ, ਤਾਰੇ ਸਾਰੇ, ਨਾਨਕ ਏ ਕਾਇਨਾਤ, ਹਮੇਸ਼ਾ ਜਗਦੀ ਰਹੇ, ਆਉਂਦਾ ਜਾਂਦਾ ਰਹੇ, ਸਾਹ ਜਾਂਦਾ ਆਉਂਦਾ, ਹਵਾ ਦਿਸੇ ਨਾ ਦਿਸੇ, ਪਰ ਵਗਦੀ ਰਹੇ.

3. ਹਰ ਸ਼ੈਅ ’ਚ ਤੂੰ ਏ

ਕਿਸਮਤ, ਲਕੀਰਾਂ, ਤਕਦੀਰਾਂ ’ਚ ਤੂੰ ਏ, ਵੰਨ ਸੁਵੰਨੀ ਘੜਤ ਦੇ, ਸਰੀਰਾਂ ’ਚ ਤੂੰ ਏ, ਕੀ ਝਰਨੇ, ਦਰਿਆ ਸਮੁੰਦਰ ਨਦੀਆਂ, ਕੁਦਰਤ ਦੇ ਸਭ ਵਹਿੰਦੇ, ਨੀਰਾਂ ’ਚ ਤੂੰ ਏ, ਉੱਗਦੀ ਕਿਰਨ ਤੋਂ, ਛਿਪਦੀ ਕਿਰਨ ਤੱਕ, ਚੰਨ ਸੂਰਜ ਦੀਆਂ, ਤਕਰੀਰਾਂ ’ਚ ਤੂੰ ਏ, ਤੇਰੀ ਦੇਗਾਂ ਦੀ ਖੁਸ਼ਬੂ, ਜਦ ਤੇਗਾ ’ਚ ਬਦਲੇ, ਤਦ ਵੇਗਾਂ ਚੋਂ ਨਿਕਲੇ, ਤੀਰਾਂ ’ਚ ਤੂੰ ਏ, ਤੂੰ ਸਰਬੱਤ ’ਚ ਏ ਨਾਨਕ, ਓਟਾਂ ਦੇ ਦਾਤੇ, ਵਿੱਚ ਖੰਡੇ ਦੀ ਪਾਹੁਲ, ਸ਼ਮਸ਼ੀਰਾਂ ’ਚ ਤੂੰ ਏ.

4. ਜ਼ਬਰ ਸਬਰ

ਜ਼ਬਰ ਸਬਰ ਨਾਲ ਘੁਲਕੇ, ਮਹਾਨ ਬਣਦੇ, ਖ਼ਾਬਾਂ ਨੂੰ ਹਕੀਕਤ ਕਰਨ ਵਾਲੇ, ਵਿਦਵਾਨ ਬਣਦੇ, ਘੱਸ ਜਾਂਦੇ ਨੇ ਅਕਸ, ਲਕੀਰਾਂ ਦੇ ਹੱਥੋਂ, ਕਿਰਤੀ ਹੱਥ ਸਦਾ ਜਿੱਤ ਦੇ, ਨਿਸ਼ਾਨ ਬਣਦੇ, ਭੀੜਾਂ ਚੋਂ ਉੱਠਕੇ, ਜੋ ਪੈਂਡੇ ਉਲੀਕਣ, ਐਸੇ ਲੋਕ, ਜੱਗ ’ਚ ਪਛਾਣ ਬਣਦੇ.

5. ਹਵਾਵਾਂ ਦੇ ਬੁੱਲੇ

ਜਦ ਕਣੀਆਂ ’ਚ ਭਿੱਜਦੇ, ਹਵਾਵਾਂ ਦੇ ਬੁੱਲੇ, ਉਦੋਂ ਪੂੜੇ ਤੇ ਖੀਰਾਂ, ਰਿਝਦੇ ਨੇ ਚੁੱਲੇ, ਬਾਹਵਾਂ ਸਮਾਉਣ, ਫਿਰ ਕਾਇਨਾਤ ਸਾਰੀ, ਐਸੇ ਮੌਸਮਾਂ ’ਚ ਜਾਪੇ, ਦਰਦ ਸਾਨੂੰ ਭੁੱਲੇ, ਜਦ ਰਾਹਾਂ ਦਾ ਰੇਤਾ, ਨਮੀ ਵਿੱਚ ਹੋਇਆ, ਫੇਰ ਅੰਤਾਂ ਦੀ ਖੁਸ਼ਬੂ ਦੇ ਮਹਿਖਾਨੇ ਖੁੱਲੇ, ਧੁੱਪਾਂ ਨੂੰ ਚੜ੍ਹੀ ਜਦ, ਛਾਵਾਂ ਦੀ ਰੰਗਤ, ਫੇਰ ਰੰਗ ਜਿੰਦੜੀ ਦੇ, ਮੀਹਾਂ ’ਚ ਡੁੱਲੇ, ਭਰੇ ਮਨ ਚੋਂ ਨੇ ਉੱਡਦੇ, ਯਾਦਾਂ ਦੇ ਪੰਛੀ, ਉੱਥੇ ਜਾਂ ਬਹਿੰਦੇ, ਜਿੱਥੇ ਯਾਰ ਅਨਮੁੱਲੇ.

6. ਘੂਰ ਤੋਂ ਕੌਣ ਡਰਦਾ

ਘੂਰ ਤੋਂ ਕੌਣ ਡਰਦਾ, ਸਭ ਧਾਕੜ ਨੇ, ਪਿਆਰ ਮੁਕਾਤੇ ਰੱਖੀ, ਦਿਲ਼ਾਂ ’ਚ ਆਕੜ ਨੇ, ਫ਼ਸਲ ਪਲ਼ਦੀ ਨਾ ਬਿੰਨ, ਕੀਟਨਾਸ਼ਕਾਂ ਦੇ, ਸੁਣਿਐ ਜ਼ਿਮੀਦਾਰ ਦੇ, ਵਾਹਣ ਭਾਵੇਂ ਡਾਕਰ ਨੇ, ਹੱਕ ਦੀ ਕਮਾਈ ਕਹਿੰਦੇ, ਸਬਰਾਂ ਨਾਲ ਫਲੇ, ਸਬਰ ਉਹਨਾਂ ਨੂੰ ਕਿੱਥੇ, ਜਿੰਨ੍ਹਾਂ ਦੇ ਲਾਕਰ ਨੇ, ਬੰਦਾ ਪੜਨ ਵਾਲਾ ਤਾਂ ਪੜਦਾ, ਖ਼ਾਧੇ ਧੱਕਿਆਂ ਤੋਂ, ਏਥੇ ਧੱਕੇ ਨਾਲ ਪੜਾਉਂਦੇ, ਫਿਰਦੇ ਹਾਕਰ ਨੇ, ‘ਨਿਤਨੇਮ ਰਹਿਰਾਸ’ ਖੇੜ੍ਹੇ ਦੇ, ਰਾਜ਼ ਸੱਜਣਾਂ, ਵੱਡੇ ਵੱਡੇ ਮਹਿਰਮ ਜੀਹਦੇ, ਚਾਕਰ ਨੇ.

7. ਫ਼ੇਲ ਬੰਦੇ

ਫ਼ੇਲ ਬੰਦੇ, ਇਮਤਿਹਾਨੋਂ ਪਾਸ ਹੁੰਦੇ ਵੇਖੇ ਨੇ, ਸਿਖਰਾਂ ਨੂੰ ਛੂਹਣ ਵਾਲੇ, ਲਾਸ਼ ਹੁੰਦੇ ਵੇਖੇ ਨੇ, ਕਈ ਪਹਾੜ ਬਣ ਖੜਦੇ, ਤੂਫ਼ਾਨਾਂ ਅੱਗੇ ਲੋਕ, ਹਲ਼ਕੇ ਬੁੱਲਿਆਂ ’ਚ ਵੱਜ, ਕਈ ਨਾਸ਼ ਹੁੰਦੇ ਵੇਖੇ ਨੇ, ਤਸ਼ੱਦਦਾਂ ’ਚ ਸਭ ਹੁੰਦੇ, ਧੁੱਖਦੇ ਹੀ ਅੱਗ ਹੁੰਦੇ, ਏਹਨਾਂ ਹੇਰ ਫੇਰਾਂ ’ਚ, ਹੀਰੇ ਤਰਾਛ ਹੁੰਦੇ ਵੇਖੇ ਨੇ.

8. ਜ਼ਿੰਦਗੀ

ਦੁੱਖ ਸੁੱਖ ਜੋੜਕੇ, ਬਣਦੀ ਜ਼ਿੰਦਗੀ, ਕੁਝ ਬਣਦੀ ਠੋਕਰਾਂ, ਖਾਹਕੇ ਜ਼ਿੰਦਗੀ, ਏਥੇ ਗ਼ਮ ਲੁਕਾ ਕਈ, ਹੱਸਦੇ ਝੂਠਾ, ਛੱਡੇ ਕਈਆਂ ਨੂੰ, ਰੁਆਕੇ ਜ਼ਿੰਦਗੀ, ਖੋਹ ਕੀ ਲੈਣਾ, ਬਖਸ਼ ਕੀ ਦੇਣਾ, ਰੱਖਦੀ ਨੀ ਕੁਝ, ਲੁਕਾਕੇ ਜ਼ਿੰਦਗੀ, ਰਿਜ਼ਕ ਬਿੰਨਾਂ ਕਈ, ਭੁੱਖ ਹੰਡਾਉਂਦੇ, ਰੱਖੇ ਕਈਆਂ ਨੂੰ, ਰਜਾਕੇ ਜ਼ਿੰਦਗੀ, ਤਖ਼ਤਾਂ ਤੋਂ ਲਾਹਕੇ, ਭੀਖ ਮੰਗਾਵੇ, ਚੁੱਕੇ ਕਈਆਂ ਨੂੰ, ਗਿਰਾਕੇ ਜਿੰਦਗੀ, ਏਥੇ ਰੰਗ ਅਨੋਖੇ, ਸਭ ਵੇਖਣੇ ਪੈਂਦੇ, ਦਮ ਲੈਂਦੀ ਅੰਤ, ਥਕਾਕੇ ਜ਼ਿੰਦਗੀ.

9. ਕਹਿ ਨੀ ਸਕਦਾ

ਕਹਿ ਨੀ ਸਕਦਾ, ਅਫ਼ਸਾਨੇ ਬਣ ਜਾਣਗੇ, ਮਹਿਖ਼ਾਨੇ ਬਣ ਜਾਣਗੇ, ਕੁਦਰਤ ਤੋਂ ਦੂਰ, ਏਨੇ ਕੁ ਨੇ ਲੋਕ ਏਥੇ, ਦੀਵਾਨੇ ਬਣ ਜਾਣਗੇ, ਕਹਿ ਨੀ ਸਕਦਾ, ਰੁੱਖ ਹੋ ਜਾਣਗੇ, ਇੱਕ ਥਾਂ ਖਲੋ ਜਾਣਗੇ, ਅਸੰਭਵ ਹੀ ਹੋਏਗਾ, ਪੁੰਗਰ ਜੜੋਂ ਆਣਗੇ, ਜ਼ਬਰੀ ਨੇ ਤਖ਼ਤ ਏਥੇ, ਹੁਕਮਰਾਨ ਸਖ਼ਤ ਏਥੇ, ਸਿਰਾਂ ਤੇ ਸਜਾਣਗੇ, ਕਹਿ ਨੀ ਸਕਦਾ, ਸਰਮਾਏਦਾਰ ਭੱਜਣਗੇ, ਗਰੀਬ ਕਦੇ ਰੱਜਣਗੇ, ਇਨਕਲਾਬ ਗੱਜਣਗੇ, ਕਹਿ ਨੀ ਸਕਦਾ.

10. ਬੁੱਤ

ਬੁੱਤਾਂ ਵਿੱਚ ਜਾਨ ਪਾਈ ਜਿਸਨੇ, ਉਹਨੂੰ ਬੁੱਤ ਬਣਾ ਲਿਆ, ਗੁਰੂ ਦੀ ਬੇਅਦਬੀ ਨੂੰ, ਲੋਕਾਂ ਗਹਿਰੀ ਚੁੱਪ ਬਣਾ ਲਿਆ, ਇਕੋ ਨਸਲ ਦੀ ਔਕਾਤ ਨੇ, ਬੇਕਦਰ ਬਦਨੁੱਮਾ ਜਾਤ ਨੇ, ਪਾਕ ਪੰਨਿਆਂ ਨੂੰ, ਪੱਤਝੜ ਦੀ ਰੁੱਤ ਬਣਾ ਲਿਆ, ਉੱਥੋਂ ਤੱਕ ਗਈ ਹੋਏਗੀ, ਸ਼ਬਦਾਂ ਦੀ ਪਵਿੱਤਰਤਾ, ਜਿੱਥੋਂ ਤੱਕ ਜਾ ਨਾ ਸਕੇ, ਮਨੁੱਖ ਦੀ ਚਰਿੱਤਰਤਾ, ਨੂਰ ਭਰੇ ਸਮੁੰਦਰ ਦੀ, ਅਸੀਮ ਗਹਿਰਾਈ ਏ, ‘ਗੁਰੂ ਗ੍ਰੰਥ’ ਵਿੱਚ ਸਾਰੀ, ਕੁਦਰਤ ਸਮਾਈ ਏ, ਸਾਂਭ ਲਵੋਂ ਵਿਰਾਸਤ, ਕਾਹਤੋਂ ਲੁੱਟ ਬਣ ਲਿਆ, ਬੁੱਤਾਂ ਵਿੱਚ ਜਾਨ ਪਾਈ ਜਿਸਨੇ, ਉਹਨੂੰ ਬੁੱਤ ਬਣਾ ਲਿਆ.

11. ਨਾਨਕ

ਤਰ ਗਏ ਜਾਂਦੇ ਜਾਂਦੇ ਰੱਬਾ, ਤੇਰੇ ਘਰ ਗਏ, ਸੁਰੀਲੀ ਜਹੀ ਤਾਲ ਚੋਂ, ਰਾਗ ਬੇਮਿਸਾਲ ਚੋਂ, ਸ਼ਬਦ ਤੇਰੇ ਮਖ਼ਮਲੀ ਤ੍ਰਿਪਤ ਰੂਹ ਨੂੰ, ਕਰ ਗਏ, ਫਿੱਕੇ-ਫਿੱਕੇ ਰੰਗ ਸਾਰੇ, ਓਸ ਵੇਲੇ ਲੱਗੇ ਨਾਨਕ, ਜਦ ਬਾਣੇ ਨੀਲ਼ੇ ਕੇਸਰੀ, ਤਨ-ਮਨ ਤੇ ਚੜ੍ਹ ਗਏ, ਸਰੋਵਰਾਂ ਦੀ ਚੂਲੀ, ਸਾਰੇ ਸਾਗਰਾਂ ਦਾ ਅਰਕ ਜੋ, ਘੁੱਟ ਜਦ ਪੀਤੀ ਤਾਂ, ਵਿਕਾਰ ਸਾਰੇ ਠਰ ਗਏ, ਅੰਮ੍ਰਿਤ ਵੇਲੇ ਤੇਰੀ ਮਹਿਕ ਪਈ, ਖਿੰਡ ਦੀ ਏ, ਬਦਲ਼ ਨੁਹਾਰ ਜਾਂਦੀ, ਉਦੋਂ ਪਿੰਡ ਪਿੰਡ ਦੀ ਏ, ਕੁੱਖਾਂ ਦੇ ਜਾਏ, ਤੇਰੀ ਰੌਸ਼ਨੀ ਦਾ ਨੂਰ ਨੇ, ਬਖਸ਼ਦੇ ਗੁਨਾਹ, ਅਸ਼ਕ ਅੱਖੀ ਭਰ ਗਏ, ਗੁੰਝਲਾਂ ਤੇ ਤਰਕਾਂ ’ਚ, ਕੱਢ-ਕੱਢ ਸਮਿਆਂ ਨੂੰ, ਆਖਿਰ ਨੂੰ ਬਾਬਾ, ਪਹੁੰਚ ਤੇਰੇ ਦਰ ਗਏ.

12. ਉਮੀਦ

ਕਾਨਿਆਂ ਤੋਂ ਬਣ ਜਾਣਗੇ, ਸ਼ਤੀਰ ਇੱਕ ਦਿਨ, ਲੱਗ ਜਾਣਗੇ, ਟਿਕਾਣੇ ਵੇਖੀ ਤੀਰ ਇੱਕ ਦਿਨ, ਭਾਵੇਂ ਕਰਨ ਨਹੀਂਉ ਦਿੰਦੀ, ਖ਼ਾਬ ਪੂਰੇ ਬੇਵੱਸੀ, ਸਿਰੇ ਹਕੀਕਤਾਂ ਨੂੰ ਲਾਊ, ਤਕਦੀਰ ਇੱਕ ਦਿਨ, ਚੀਰ ਫਾੜ ਦੇਊਂ ਕਰ, ਝੂਠ ਦੇ ਉਪਾਸਕਾਂ ਦਾ, ਕਲਮ ਜਦ ਬਣ ਜਾਣੀ, ਸ਼ਮਸੀਰ ਇੱਕ ਦਿਨ, ਨੂਰ ਅਫ਼ਸਾਂ ਬਣ ਜਾਣੇ, ਕੱਲੇ ਕੱਲੇ ਅੱਖਰ, ਹਰਫ਼ ਜਦ ਬਣ ਜਾਣੇ, ਅਸਾਤੀਰ ਇੱਕ ਦਿਨ, ਖ਼ੁਦ ਨੂੰ ਭੁਲਾਕੇ, ਹਮਦਰਦ ਬਣੂ ਮਨੁੱਖਤਾ ਦਾ, ਅੰਤ ਸਾਥ ਵੀ ਨੀ ਦਿੰਦਾ, ਸਰੀਰ ਇੱਕ ਦਿਨ.

13. ਲੱਗਦਾ ਨਈਂ

ਚਾਨਣ ਦੇ ਪੁੱਤ, ਹਨੇਰਾ ਚੀਰ ਜਾਣਗੇ, ਲੱਗਦਾ ਨਈਂ, ਕੁੱਖਾਂ ਦੇ ਜਾਏ, ਚੱਕ ਸ਼ਮਸੀਰ ਜਾਣਗੇ, ਲੱਗਦਾ ਨਈਂ, ਤੱਤੇ ਖੂਨ ’ਚ ਵੀ ਕਿਸੇ ਦਿਨ, ਲਾਵਾ ਉਬਲੇਗਾ, ਲਾਲ ਨਦੀਆਂ ਦਾ ਬਣ ਨੀਰ ਜਾਣਗੇ, ਲੱਗਦਾ ਨਈਂ, ਕਦੇ ਲੋਕ ਗਹਿਰੀਆਂ ਨੀਦਾਂ ਚੋਂ ਵੀ, ਸੁੱਤੇ ਜਾਗਣਗੇ, ਧਰਤੀ ਦੀ ਬਦਲ਼ ਤਸਵੀਰ ਜਾਣਗੇ, ਲੱਗਦਾ ਨਈਂ, ਪਲਟ ਦੇਣਗੇ ਹਕੂਮਤ, ਦੱਬੇ ਕੁਚਲੇ ਕਿਰਤੀ ਲੋਕ, ਅਮੇਟ ਖਿੱਚ ਪੱਥਰ ਤੇ ਲਕੀਰ ਜਾਣਗੇ, ਲੱਗਦਾ ਨਈਂ.

14. ਐ ਖ਼ੁਦਾ

ਕੁਝ ਵਹਿਮ ਬਣੇ ਸੀ, ਤੇਰੇ ਲਈ, ਤੇਰੀ ਓਟ ’ਚ ਰਹਿਕੇ, ਦੂਰ ਹੋਏ, ਪਛਾਣ ਨਾ ਸੀ ਕੋਈ ਵਿੱਚ ਦੁਨੀਆਂ, ਤੇਰੀ ਓਟ ਨੂੰ ਲੈ ਮਸ਼ਹੂਰ ਹੋਏ, ਤੇਰੀ ਤੌਸ਼ੀਫ਼ ਬਿਆਨ ਨਾ ਹੋਵੇ, ਵਿੱਚ ਲਫ਼ਜ਼ਾਂ, ਤਾਰੀਫ਼ ਏ ਸ਼ਬਦ ਮਜ਼ਬੂਰ ਹੋਏ, ਐ ਖ਼ੁਦਾ ਖਾਕ ਹਾਂ ਤੇਰੇ ਚਰਨਾਂ ਦੀ, ਦੇਈ ਬਖਸ਼ ਜੋ ਭੁੱਲਕੇ ਕਸੂਰ ਹੋਏ, ‘ਜਿੰਦ’ ਲਿਖਦਾ ਰਹੇ ਤੈਨੂੰ ਵਿੱਚ ਹਰਫ਼ਾਂ, ਅਸੀਂ ਮੁਰੀਦ ਤੇ ਤੁਸੀਂ ਹਜ਼ੂਰ ਹੋਏ.

15. ਗੰਧਲੇ ਦਰਿਆ

ਤੇਰੇ ਹੋਏ ਗੰਧਲੇ ਦਰਿਆ, ਧਰਤ ਪੰਜਾਬ ਦੀਏ, ਬਣੇ ਧੁੰਦਲੇ ਅਕਸ ਗਵਾਹ, ਪੜਤ ਪੰਜਾਬ ਦੀਏ, ਜਿੱਥੇ ਜ਼ਹਿਰੀ ਫ਼ਸਲਾਂ, ਪਲਦੀਆਂ ਨੇ, ਜਿੱਥੇ ਬੁੱਝੀਆਂ ਅੱਗਾ, ਬਲਦੀਆਂ ਨੇ, ਹਥਿਆਰਾਂ ਦੀ ਪੈਦਾਵਾਰ ਜਿੱਥੇ, ਬੰਬ ਬੰਦੂਕਾਂ ਹੋਣ ਵਿਚਾਰ ਜਿੱਥੇ, ਦਹਿਸ਼ਤ ਦਾ ਜਿੱਥੇ ਛਾਇਆ, ਚੜਤ ਪੰਜਾਬ ਦੀਏ, ਉੱਡੀਆਂ ਡਾਰਾਂ ਮੁੜੀਆਂ ਨਾ, ਕਦੇ ਬੈਠ ਬਨੇਰੇ ਜੁੜੀਆਂ ਨਾ, ਹੋ ਗਾਇਬ ਗਈਆਂ, ਉਹ ਸਭ ਚੀਜਾਂ, ਭਲੇ ਵੇਲਿਆਂ ਵਿੱਚ ਜੋ ਥੁੜੀਆਂ ਨਾ, ਬੈਠੇ ਅਹਿਸਾਸ ਗਵਾ, ਤੜਫ਼ ਪੰਜਾਬ ਦੀਏ, ਬੇਅਦਬਾਂ, ਬੇਕਦਰਾਂ ਕੀ ਤੇਰਾ ਮੁੱਲ ਪਾਇਆ, ਜ਼ਰਖੇਜ਼ ਮਿੱਟੀ ਨੂੰ ਸਾਂਭਣ ਦੇ ਲਈ, ਮੁੜ ਨਾ ਕੋਈ ਆਇਆ, ਨਾ ਸਕਿਆ ਕੋਈ ਵਜ੍ਹਾ, ਤਾਰ ਰਬਾਬ ਦੀਏ, ਹੁਣ ਨਾ ਖਾਲਿਸ ਰਹੀ ਜਵਾਨੀ, ਨਕਲੀ ਉਮਰਾਂ ਜਿਉਂਦੇ ਨੇ, ਜੱਟਵਾਦ ਨੂੰ ਮੜ੍ਹਕੇ ਮੱਥੇ, ਆਪਣਾ ਹਾਲ ਲਕੋਂਦੇ ਨੇ, ਆਖਿਰ ਨੂੰ ਜ਼ਮੀਨਦੋਜ਼ ਕਰਿਆ, ਮੜਕ ਪੰਜਾਬ ਦੀਏ, ਤੇਰੇ ਹੋਏ ਗੰਧਲੇ ਦਰਿਆ, ਧਰਤ ਪੰਜਾਬ ਦੀਏ.

16. ਪਰਵਰਦਗਾਰ

ਹੁਕਮ ’ਚ ਕੁਦਰਤ, ਹੁਕਮ ’ਚ ਸਾਰੇ, ਕੀ ਸਰਦਲ, ਕੀ ਅੰਬਰ ਦੇ ਤਾਰੇ, ਸਕਰਾਤਮਕ, ਨਕਰਾਤਮਕ ਜੋ ਵੀ, ਅਦਬ ਨਜ਼ਰੀਏ, ਕਣ-ਕਣ ਨਿਹਾਰੇ, ਤੇਰੀ ਗ੍ਰੰਥਾਂ ’ਚ ਸ਼ੋਭਾ ਸਾਂਭਕੇ ਬੈਠੇ, ਤੇਰੀ ਮਸਜਿਦ, ਤੇਰੇ ਮੰਦਰ, ਤੇਰੇ ਗੁਰੂਦੁਆਰੇ, ਚੱਲ-ਅਚੱਲ ਦਾ ਮਾਲਿਕ, ਪਾਕ ਤਬੀਅਤ, ਤੂੰ ਅਮੀਰਾਂ ਦਾ ਚੋਜ਼, ਗਰੀਬ ਦੇ ਗੁਜ਼ਾਰੇ, ਹਰ ਭੌਂ ’ਚ ਵਸਿਆ, ਤੇਰਾ ਨੀਰ ਮੇਹਰ ਦਾ, ਤੇਰੀ ਰਜ਼ਾ ’ਚ ਵਗਦੇ, ਸਾਗਰ ਮਿੱਠੇ ਖਾਰੇ, ਤੇਰੇ ਹੁਕਮ ’ਚ ਬਰਕਤ, ਸ਼ੈਆਂ ’ਚ ਹਰਕਤ, ਚੰਨ ਸੂਰਜ ਉਤਾਰ, ਤਾਰਿਆਂ ਨੂੰ ਚਾੜ੍ਹੇ, ਖਾਣ ਨੂੰ ਦਾਣਾ, ਕੀਹਨੇ ਕਿਸ ਥਾਂ ਜਾਣਾ, ਤੇਰਾ ਰਿਜ਼ਕ ਅਨੋਖਾ, ਤੱਪਦੀ ਭੁੱਖ ਠਾਰੇ, ਨਾ ਸ਼ਹਿਨਸ਼ਾਹੀਆਂ, ਨਾ ਬਾਦਸ਼ਾਹੀਆਂ, ਇੱਕ ਤੂੰ ਹੀ ‘ਨਾਨਕ’, ਬਖਸ਼ ਪਾਕ ਦੀਦਾਰੇ.

17. ਸੂਰਮੇ

ਕਿੱਧਰੇ ਹੁੰਦੇ ਸੂਰਮੇ, ਸਿਰਾਂ ਤੇ ਪੱਗ ਹੁੰਦੀ, ਖੂਨ ਉਬਾਲੇ ਮਾਰਦਾ, ਸੀਨੇ ’ਚ ਅੱਗ ਹੁੰਦੀ, ਨਲੂਏ ਦੇ ਵਾਰਿਸਾਂ, ਹੁੰਦਾ ਜੇ ਜੋਸ਼ ਅਣਖ਼ੀ, ਹੋਣਾ ਸੀ ਨਿਰਭੈ ਏਥੇ, ਨਾ ਮੂੰਹਾਂ ’ਚ ਝੱਗ ਹੁੰਦੀ, ਔਲੋ ਨੀ ਸੀ ਕਰਨੀ, ਧਰਮ ਦੇ ਵਪਾਰੀਆਂ ਨੇ, ਹੱਕ ਸੱਚ ਰਹਿੰਦਾ, ਕਦੇ ਕੌਮ ਜੇ ਨਾ ਠੱਗ ਹੁੰਦੀ, ਘੜੇ ਸੀ ਕਿੰਨੇ ਸੋਹਣੇ, ਦਸ਼ਮੇਸ਼ ਜੀ ਨੇ ਸੈਂਚੇ ’ਚ, ਬਦਸੂਰਤ ਨਾ ਹੁੰਦੇ, ਸਾਡੀ ਸੂਰਤ ਅਲੱਗ ਹੁੰਦੀ, ਫ਼ਸਲ ਗੁਲਾਬ ਦੀ, ਜੇ ਨਾ ਕਮਲਾਉਂਦੀ ਕਿਤੇ, ਖਾਲਿਸ ਦੀ ਹਵਾ ਸੀ ਹੋਣੀ, ਮਹਿਕ ਖਿੰਡੀ ਸਾਰੇ ਜੱਗ ਹੁੰਦੀ.

18. ਅੱਥਰੂ

ਕਹਿੰਦਾ ਕਹਿੰਦਾ ਅੱਥਰੂ, ਅੱਖੋਂ ਡੁੱਲ ਹੀ ਗਿਆ, ਹਾਂ ਤਾਂ ਸਾਂ ਹੀਰੇ, ਸਾਡਾ ਕਦੇ ਮੁੱਲ ਨੀ ਪਿਆ, ਜਿੰਨੀ ਕਦਰ ਸਮੇਂ ਦੀ ਹੋਈ, ਓਨੀ ਕਰਦੇ ਗਏ, ਐਨ ਸਫ਼ਲ ਹੋਵਣ ਤੇ, ਸਮਾਂ ਸਾਨੂੰ ਭੁੱਲ ਹੀ ਗਿਆ, ਭੇੜ ਲਏ ਦਰਵਾਜ਼ੇ, ਜਿੱਥੇ ਮੋਹ ਮੁਹੱਬਤਾਂ ਨੇ, ਬੂਹਾ ਉੱਥੇ ਨਫ਼ਰਤ ਵਾਲਾ, ਖੁੱਲ ਹੀ ਗਿਆ, ਜਿਵੇਂ ਧੁੱਪ ਪਿੱਛੇ ਛਾਂ ਤੁਰਦੀ, ਓਵੇਂ ਤੁਰਦੇ ਗਏ , ਕਿਉਂ ਸਾਡੇ ਕੋਲੋਂ, ਪਰਛਾਂਵਾ ਸਾਡਾ ਰੁੱਲ ਹੀ ਗਿਆ, ਵਿੱਚ ਕਿਆਸਾਂ ਜਿਉਂਦੇ, ਸ਼ਾਇਰ ਮੁਹੱਬਤ ਦੇ, ਵੇਖ ਸਿਤਮ ਮੇਰੇ ਦਾ, ਵਰਕਾ-ਵਰਕਾ ਥੁੱਲ ਹੀ ਗਿਆ ।

19. ਫੁੱਲਾਂ ਨੂੰ ਤੋੜੀਏ

ਫੁੱਲਾਂ ਨੂੰ ਤੋੜੀਏ ਤਾਂ, ਪਿੱਛੇ ਲਗਰ ਬਾਕੀ ਏ, ਫਿਰ ਤੋਂ ਫੁੱਟਣੇ ਦੀ, ਜੀਹਦੇ ਚ ਸਧਰ ਬਾਕੀ ਏ, ਮੇਟਣ ਨੂੰ ਹਵਾਵਾਂ ਤੇ ਹੱਥਾਂ ਨੇ, ਜੋਰ ਲਾ ਲਏ, ਪਰ ਕਿਤੇ ਨਾ ਕਿਤੇ, ਲਗਰਾਂ ਚ ਸਬਰ ਬਾਕੀ ਏ, ਰੁਮਕਦੀ ਪਈ ਹਵਾ, ਨਾਮ ਲੈ-ਲੈ ਉਸ ਯਾਰ ਦਾ, ਤੋੜਨ ਵਾਲਿਆਂ ਤੇ, ਜਿਸਦਾ ਜ਼ਬਰ ਬਾਕੀ ਏ, ਤੂੰ ਹੀ ਆ ਸੁਣੇਗਾ, ਮਿੱਟੀ ਹੋਇਆ ਦੀ ਆਵਾਜ਼ , ਹਲੇ ਤੇਰੇ ਆਉਣ ਦੀ, ਖ਼ਬਰ ਬਾਕੀ ਏ ।

20. ਕੋਹਾਂ ਦੂਰ

ਲੰਘਕੇ ਪਰਬਤ, ਲੰਘਕੇ ਸਮੁੰਦਰ, ਇੱਕ ਦੇਸ਼ ਪੈਂਦਾ, ਜਿੱਥੇ ਜਾਣ ਨੂੰ ਨਿੱਤ ਮੇਰਾ, ਸੋਚਾਂ ਨਾਲ ਕਲੇਸ਼ ਪੈਂਦਾ, ਕਿਸੇ ਨਾਰ ਦੀ ਗੱਲ ਨਹੀਂ, ਬਸ ਪਿਆਰ ਦਾ ਮੁੱਦਾ ਏ, ਜੀਹਦੇ ਨਾਲ ਗੁਫ਼ਤਗੂ ਨੂੰ, ਹੌਲ ਜਿਹਾ ਹਮੇਸ਼ ਪੈਂਦਾ, ਗੱਲਾਂ ਸ਼ੱਕਰ, ਸ਼ਹਿਦ, ਸੁੰਗਧਤ, ਕੋਮਲ ਓਸਦੀਆਂ, ਵਾਹ ਕਹਿਣ ਨੂੰ ਦਿਲ ਦਰਵੇਸ਼ ਬਣਾਕੇ, ਭੇਸ ਬਹਿੰਦਾ, ਹਮਦਰਦ ਹੈ ਦਰਦ ਨਹੀਂ, ਰਹਿਮ ਹੈ ਬੇਦਰਦ ਨਹੀਂ, ਲੰਘਕੇ ਹੱਦਾਂ, ਟੱਪਕੇ ਜੰਗਲ, ਇੱਕ ਬਰਤਾਫੀ ਦੇਸ਼ ਪੈਂਦਾ ।

21. ਦਰਦ ਪੰਛੀਆਂ ਦਾ

ਆਸਮਾਨ ਖਫ਼ਾ, ਜ਼ਮੀਨ ਖਫ਼ਾ, ਦੋਹਾਂ ਵਿਚਲਾ ਇਨਸਾਨ ਖਫ਼ਾ, ਜਿੱਧਰ ਜਾਈਏ ਰੁੱਖ ਨਾ ਦੀਹਦੇ, ਬੈਠੀਏ ਜਾਕੇ ਕੀਹਦੇ ਗਰਾਂ, ਸੁੰਨਮ ਸੁੰਨੇ ਹੋਏ ਆਲਣੇ, ਤੀਲਾ-ਤੀਲਾ ਕਰਲਾਉਂਦਾ ਏ । ਵਸੇਂਵਾ ਸਾਡਾ ਬਣਨ ਵਾਲੀਆਂ, ਟਹਿਣੀਆਂ ਹੁਣ ਕਹਿਣ ਦਫ਼ਾ, ਚੁੰਝ ਨੂੰ ਦਾਣਾ ਲੱਭਿਆ ਨਾ, ਪਾਣੀ ਭਟਕਾਉਂਦਾ ਥਾਂ-ਥਾਂ ਤੇ, ਸੇਕ ਅਸਾਂ ਨੂੰ ਸਾੜ ਗਿਆ, ਧੁੱਪਾਂ ਨੇ ਨਾ ਕਰੀ ਵਫ਼ਾ, ਪੰਜਿਆਂ ਨੂੰ ਤਾਰਾਂ ਪਕੜ ਲਿਆ, ਅੰਤ ਨੇ ਸਾਨੂੰ ਜਕੜ ਲਿਆ, ਹਰ ਸ਼ੈਅ ਨੂੰ ਮੇਟ ਦੇਏਗਾ, ਸੋਚਕੇ ਆਪਣਾ ਇਨਸਾਨ ਨਫ਼ਾ, ਜਿੰਨ੍ਹਾਂ ਨਾਲ ਸੀ ਸਾਂਝ ਮੀਆਂ, ਅਸਾਂ ਨੂੰ ਗਏ ਮਾਂਝ ਮੀਆਂ, ਖੁਦਗ਼ਰਜ਼ ਬੰਦੇ ਨੇ ਫਾੜ ਦਿੱਤਾ, ਹੋਂਦ ਸਾਡੀ ਦਾ ਕੋਰਾ ਸਫ਼ਾ ।

22. ਕਿਰਦਾਰ

ਹਿਮਾਲਿਆ ਤੋਂ ਉੱਚਾ ਕਿਰਦਾਰ ਹੋਵੇ, ਤਾਂ ਚੰਗਾ ਏ, ਅੰਦਰੋਂ ਬਾਹਰੋਂ ਬੰਦਾ ਸਰਦਾਰ ਹੋਵੇ, ਤਾਂ ਚੰਗਾ ਏ, ਸਰਦਲ ਤੇ ਰਹਿਕੇ, ਬਦਨਾਮ ਜੋ ਕਰਨ ਵਸੇਂਵੇਂ ਨੂੰ, ਐਸੇ ਵਫ਼ਦਾਰ ਤੋਂ, ਬੰਦਾ ਗ਼ਦਾਰ ਹੋਵੇ, ਤਾਂ ਚੰਗਾ ਏ, ਵਿਹਲਾ ਬੈਠ ਜੋ ਗੱਲਾਂ ਕਰੇ, ਮੁਸ਼ੱਕਤ ਕਰਨ ਦੀਆਂ, ਏਸ ਨਸਲ਼ ਦੇ ਕਿਰਤੀ ਨਾਲੋਂ, ਲਾਚਾਰ ਹੋਵੇ, ਤਾਂ ਚੰਗਾ ਏ, ਚੰਗਾ ਏ ਆਪਣੇ ਹਾਲ ਦਾ ਮਹਿਰਮ, ਖੁਦ ਬਣਨਾ, ਦਿਲ ਦਾ ਜਖ਼ਮ, ਦਿਲ ਤੋਂ ਭਰਾਈਏ, ਤਾਂ ਚੰਗਾ ਏ, ਚੁੱਪ ਤੋਂ ਚੰਗਾ ਸਹਿਜ ਨਾ ਕੋਈ, ਤਨ ਦੇ ਡੇਰੇ ਚ, ਅੰਦਰ ਉੱਠਦੀ ਹਉਮੈ ਨੂੰ, ਖ਼ਾਮੋਸ਼ ਕਰਾਈਏ, ਤਾਂ ਚੰਗਾ ਏ ।

23. ਲਿਬੜੇ ਚਿਹਰੇ

ਲਿੱਬੜੇ ਚਿਹਰੇ, ਭੀੜਾਂ ਚੋਂ ਲਿਸ਼ਕਦਾ ਮੈਂ ਵੇਖੇ, ਚੌਰਾਹਿਆਂ ਤੇ ਬਚਪਨ, ਸਿਸਕਦੇ ਮੈਂ ਵੇਖੇ, ਕਿੱਥੋਂ ਏਹ ਆਏ, ਮਾਸੂਮੀਅਤ ਨੂੰ ਨਾਲ ਲੈਕੇ, ਦੁਆਨੀ-ਚੁਆਨੀ ਲੈ-ਲੈ, ਖਿਸਕਦੇ ਮੈਂ ਵੇਖੇ, ਕਿਸੇ ਦੇ ਮੁਹਤਾਜ਼ ਨੇ ਜਾਂ ਕਿਸੇ ਦੇ ਗੁਲਾਮ, ਮੰਗਣੇ ਨੂੰ ਥਾਂਈ- ਥਾਂਈ, ਰਿਸਕਦੇ ਮੈਂ ਵੇਖੇ, ਜਿੰਨਾਂ ਦੀਆਂ ਅੱਖਾਂ ਚ ਭਾਲ ਵੇਖੀ, ਰੋਟੀ ਲਈ, ਆਪਣੇ ਨਕਸ਼ ਬਦਲਣੇ ਨੂੰ, ਝਿਜਕਦੇ ਮੈਂ ਵੇਖੇ ।

24. ਹਮਰਾਹ

ਰਾਹ ਸੁੰਨੇ, ਹਮਰਾਹ ਬਣ ਗਏ ਆ ਪੈਰਾਂ ਨੂੰ, ਗੁਆਚ ਜਾਵਾਂਗੇ, ਆਉਂਦੇ ਤੇਰੇ ਸ਼ਹਿਰਾਂ ਨੂੰ, ਕੱਲਮ-ਕੱਲੇ ਤੁਰੇ ਪਏ, ਲੈ ਸਾਥ ਉਮੀਦਾਂ ਦੇ, ਹੈ ਖੌਰੇ ਪੈਣਾ ਬੂਰ ਕਦੋਂ, ਰੱਬ ਘਰ ਖੈਰਾਂ ਨੂੰ, ਕਿੰਨੀਆਂ ਰੁੱਤਾਂ, ਕਿੰਨੇ ਮੌਸਮ, ਮੈਨੂੰ ਵਾਚਣਗੇ, ਤੇਰੇ ਲਈ ਛ਼ੱਡ ਦੇਣਾ, ਮੈਂ ਪੱਕੀਆਂ ਠਹਿਰਾਂ ਨੂੰ, ਥਾਂ-ਥਾਂ ਦੇ ਕੰਡੇ ਪਏ ਉਡੀਕਣ ਤਲੀਆਂ ਨੂੰ, ਲਹੂ ਲੁਹਾਣ ਪੈਰਾਂ ਨੂੰ ਕਰ, ਝੱਲਣਾਂ ਕਹਿਰਾਂ ਨੂੰ, ਪਛਾਣ ਰੁੱਖਾਂ ਨੂੰ ਮੈਥੋਂ ਵਧਕੇ, ਬੈਠੇ ਕੱਠਿਆਂ ਦੀ, ਧੁੱਪਾਂ- ਛਾਵਾਂ, ਧੂੜ- ਹਵਾਵਾਂ ਵਿੱਚ ਹੋਈਆ ਸੈਰਾਂ ਦੀ, ਤਰਬਤਰ ਅੱਖ ਹੋਈ, ਹੋਇਆ ਜੇਹਲਮ ਜੇਰਾ, ਆਵਦੇ ਬਾਰੇ ਜਿੰਦ ਨੂੰ ਪੁੱਛ, ਪੁੱਛ ਨਾ ਗੈਰਾਂ ਨੂੰ ।

25. ਵਿਚਾਰਾਂ ਦੀ ਯਾਰੀ

ਵਿਚਾਰਾਂ ਦੀ ਯਾਰੀ ਚ, ਕਦੇ ਫੁੱਟ ਨਹੀਉਂ ਹੁੰਦੀ, ਬਲ ਵਲੇਂਵੇ ਸੋਧਣ ਵਾਲੀ, ਕੁੱਟ ਨਹੀਓਂ ਹੁੰਦੀ, ਲੁੱਟ ਹੈ, ਫ਼ਸਲ, ਨਸਲ, ਅਸਲ ਨੂੰ ਝਪੱਟ ਲੈਣਾ, ਜੋ ਚੋਰਾਂ ਦੇ ਘਰ ਹੋਜੇ, ਉਹ ਲੁੱਟ ਨਹੀਂਉ ਹੁੰਦੀ, ਮੂੰਹੋਂ ਰੋਕ ਸਕਦੇ ਨੀ, ਬੋਲ ਮੰਦੇ ਲੈਂਚੀਆਂ ਦੇ ਦਾਣੇ, ਬੰਨੇ ਘਰ ਜੋ ਖਿਲਾਰੇ ਪੀਤੀ ਘੁੱਟ ਨਹੀਓਂ ਹੁੰਦੀ, ਬੇਲੋੜ ਵਸਤਾਂ ਦਾ, ਨਿਪਟਾਰਾ ਕੀਤਾ ਚੰਗਾ ਹੁੰਦਾ, ਜੋ ਲੋੜ ਪੂਰੀ ਕਰੇ ਉਹ ਚੀਜ਼ ਸੁੱਟ ਨਹੀਓਂ ਹੁੰਦੀ । ਨੇ ਬਹਾਰਾਂ ਤੇ ਪਤਝੜ, ਦੋ ਮੌਸਮ ਦੇ ਪਹਿਲੂ, ਬੇਮੌਸਮੀ ਜੋ ਆਵੇ, ਉਹ ਰੁੱਤ ਨਹੀਓਂ ਹੁੰਦੀ, ਜ਼ੋਰ ਬੜਾ ਲਾਉਂਦੇ, ਵਿਰਾਸਤ ਨੂੰ ਮੇਟਣੇ ਚ, ਐਪਰ ਲਾਈ ਪੀਰਾਂ ਤੇ ਫ਼ਕੀਰਾਂ, ਜੜ੍ਹ ਪੁੱਟ ਨਹੀਓਂ ਹੁੰਦੀ ।

26. ਦਰਦ ਜ਼ੁਬਾਨ 'ਚੋਂ

ਆਸਮਾਨ ਵੰਡਕੇ ਹਿੱਸੇ ਕਦੇ ਪੈ ਨਹੀਂ ਸਕਦੇ, ਸ਼ੀਸ਼ੇ ਸੂਰਤ ਸਦਾ ਚਮਕੇਦ ਰਹਿ ਨਹੀਂ ਸਕਦੇ, ਦਿਲ ਨੂੰ ਤੋੜਕੇ ਕਹਿੰਦੇ, ਜਿਹੜੇ ਠੀਕ ਕੀਤਾ, ਉਹ ਦਿਲ ਵੀ ਤਾਂ, ਸਦਾ ਜੁੜੇ ਨਹੀਂ ਰਹਿ ਸਕਦੇ, ਜਿਹੜਾ ਪੀੜਾਂ ਦੇ, ਮੁਸਕਾਨ ਹੀ ਲੈਜੇ ਬੁੱਲਾਂ ਤੋਂ, ਓਸ ਸ਼ਕਲ ਨੂੰ ਸਦਾ ਸੁਖਾ ਨਹੀਂ ਕਹਿ ਸਕਦੇ, ਥਾਂ-ਥਾਂ ਦਿਲ ਲਾ ਪਿਆਰ ਜੋ ਕਰਦਾ ਸ਼ਖ਼ਤ ਹੋਵੇ, ਉਹ ਘਰ ਵਫ਼ਾ ਦੇ ਸਮਾਂ ਬਹੁਤਾ ਨੀ ਬਹਿ ਸਕਦੇ ।

27. ਸ਼ਾਇਰ ਹੋਣ ਤੋਂ ਪਹਿਲਾਂ

ਸ਼ਾਇਰ ਹੋਣ ਤੋਂ ਪਹਿਲਾਂ, ਚੱਲਣਾ ਪੈਂਦਾ ਲਫ਼ਜਾਂ ਦੀ ਭਾਲ ਵਿੱਚ, ਸ਼ਿਕਾਰ ਹੋਣਾ ਪੈਂਦਾ ਲੋਕਾਂ ਦੇ ਹੱਸੇ ਹਾਸਿਆਂ ਦਾ, ਭੰਨ ਤੋੜ ਕਰਨੀ ਪੈਂਦੀ ਏ, ਯਾਦਾਂ ਦੇ ਗਲਿਆਰਿਆਂ ਦੀ, ਫੇਰ ਜਾ ਕੇ ਰਲਦਾ ਬੰਦਾ, ਸ਼ਬਦਾਂ ਦੀ ਚਾਲ ਵਿੱਚ, ਡੂੰਘੇ ਅੱਲੇ ਸਹਿਣੇ ਪੈਂਦੇ ਜ਼ਖ਼ਮ ਦਿੱਤੇ ਆਪਣਿਆਂ, ਕੁਝ ਕੁ ਸਮਾਂ ਤਾਂ ਰੁਕਣਾ ਪੈਂਦਾ ਅਣਚਾਹੇ ਹਾਲ ਚ, ਰੱਖਣਾ ਪੈਂਦਾ ਹੈ ਖ਼ੁਦ ਨੂੰ ਕੁਦਰਤ ਦੀ ਗੋਦ ਚ, ਡੂੰਘੀ ਸੋਚ ਬਣਨਾ ਪੈਂਦਾ, ਦੂਜੇ ਦੇ ਖਿਆਲ ਚ।

28. ਤੋਹਮਤ

ਅੱਜ ਵੀ ਇੱਕ ਤੋਹਮਤ ਵੱਜਦੀ ਏ, ਬੇਵੱਸ ਨੂੰ ਮੁਹੱਬਤ ਕਿੱਥੇ ਫੱਬਦੀ ਏ, ਚੜੇ ਰੰਗ ਤਾਂ ਹਰੇਕ ਨੂੰ ਭਾਉਂਦੇ ਦਿਸੇ, ਉੱਡੇ ਰੰਗਾਂ ਨੂੰ ਨਜ਼ਰ ਕਿੱਥੇ ਕੱਜਦੀ ਏ, ਸੋਹਣੇ ਦਿਲ ਦੇਖਣ ਨੂੰ ਹੋਏ ਲੋਕ ਅੰਨੇ, ਤੇ ਸੋਹਣੇ ਚਿਹਰੇ ਨੂੰ ਵੇਖ ਅੱਖ ਰੱਜਦੀ ਏ, ਤਿੜਕੇ ਸ਼ੀਸ਼ੇ ਤੇ ਤਿੜਕੇ ਹੋਣ ਖ਼ਾਬ ਜਿੱਥੇ, ਉੱਥੇ ਸ਼ਕਲ ਤੇ ਨੀਂਦ ਕਿੱਥੇ ਸੱਜਦੀ ਏ।

29. ਤਾਕੀਦ

ਸ਼ਾਮ ਦੇ ਢੱਲਦੇ ਹੋਏ ਸੂਰਜ ਦੀ ਲਾਲੀ ਚਾਹੇ, ਰੀਝਾਂ ਦੇ ਫਲਦੇ ਬਾਗ ਦਾ ਖ਼ੁਦ ਮਾਲੀ ਚਾਹੇ, ਬੇਮੌਸਮੇ ਲੋਕ ਜੰਗਲ ਜਹੀ ਦੁਨੀਆਂ ਚ ਮਿਲੇ, ਕਰਕੇ ਹਾਲ ਬੇਹਾਲ, ਖ਼ੁਦ ਨੂੰ ਜਾਣ ਸੰਭਾਲੀ ਚਾਹੇ, ਦੁਰਬਲ ਪਰਿੰਦੇ ਵਰਗਾ ਖਲਕਤ ਕਹਿੰਦੀ ਰਹੇ, ਛੂਹ ਆਸਮਾਨ ਐ ਮੁੜ੍ਹਨਾ, ਹੁਣ ਹੱਥ ਖ਼ਾਲੀ ਚਾਹੇ ।

30. ਸਾਹਾਂ ਦੇ ਆਸੇ-ਪਾਸੇ

ਸਾਹਾਂ ਦੇ ਆਸੇ-ਪਾਸੇ ਫ਼ਿਕਰ ਹੁੰਦਾ, ਗ਼ੌਰ ਕਰੀਂ ਤੇਰਾ ਹੀ ਜ਼ਿਕਰ ਹੁੰਦਾ, ਨੀਵੇਂ ਹੋਕੇ ਮਿਲੀਏ, ਹੋਰਾਂ ਨੂੰ ਅਸੀਂ, ਤੇਰੀ ਮੁਹੱਬਤ ਚ ਆਕੇ ਸਿਖ਼ਰ ਹੁੰਦਾ, ਖਲੋਅ ਗਏ ਹਾਂ, ਤੇਰੇ ਨਾਲ ਮੀਆਂ, ਸਾਥੋਂ ਐਵੇਂ ਨੀ ਥਾਂ-ਥਾਂ ਬਿਖਰ ਹੁੰਦਾ, ਮਦਹੋਸ਼ ਹਾਂ, ਆਦੀ ਇਸ਼ਕ ਦੇ ਹਾਂ, ਜਿੱਥੇ ਹੁੰਦਾ, ਤੇਰੇ ਹੋਣ ਦਾ ਜ਼ਿਕਰ ਹੁੰਦਾ ।

31. ਸੁਭਾਅ ਗ਼ੁਰਬਤ ਦਾ

ਸੁਭਾਅ ਹੈ ਕਿਸੇ ਗਰੀਬ ਦਾ ਜੀ, ਹੱਸਿਓ ਨਾ, ਹੈ ਰੱਬ ਦੇ ਕਰੀਬ ਦਾ ਜੀ, ਜੀਹਦੇ ਹੱਥਾਂ ਦੇ ਮਾਸ ਦਾ ਹੁਸਨ ਹੈ ਨਈਂ, ਜੀਹਦੇ ਨਹੁੰਆਂ ਤੇ ਸਮਾਂ ਨਸੀਬ ਦਾ ਜੀ, ਚੋਂਦੇ ਕੋਠੇ ਦੇ ਨਾਲ ਚੋਂਦੀ ਅੱਖ ਵੇਖੀ, ਓਟ ਆਸਰਾ ਹੈ, ਜੀਹਨੂੰ ਹਬੀਬ ਦਾ ਜੀ, ਡਰ ਖ਼ੁਦਾ ਦੇ ਕਹਿਰ ਦਾ ਬਹੁਤ ਕਹਿੰਦਾ, ਆਖੇ ਡਰ ਨਾ ਲੋਕਾਂ ਦੀ ਸਲੀਬ ਦਾ ਜੀ।

32. ਦਰਦਾਂ ਦੇ ਦਰਸ਼ਕ

ਦਰਦਾਂ ਦੇ ਤੂੰ ਦਰਸ਼ਕ ਦੇਖ, ਹੰਝੂ ਕਿੰਨੇ ਅਕਰਸ਼ਕ ਦੇਖ, ਦਿਲ ਦੀ ਧਰਤ ਤੇ ਜਾ ਵੱਜਣਗੇ, ਅਲਫ਼ਾਜ ਮੇਰੇ ਦੇ ਤਰਕੱਸ਼ ਦੇਖ, ਵਫ਼ਾ ਦੇ ਚੌਂਕ ਚੁਰਾਹੇ ਉੱਤੇ, ਤੂੰ ਦਗੇਬਾਜਾਂ ਦੀ ਸਰਕੱਸ ਦੇਖ, ਮੇਰੇ ਸ਼ੀਸੇ ਵਰਗੇ ਰੁਤਬੇ ਉੱਤੇ ਲੋਕੀ ਮਾਰਨ ਪੱਥਰ ਕੱਸ- ਕੱਸ ਦੇਖ ।

33. ਦਾਇਰਾ

ਦਾਇਰਾ ਛੋਟਾ ਰੱਖ, ਪਰ ਖੁਸ਼ਹਾਲ ਰੱਖ, ਦਿਲਦਾਰ ਦੋ ਕੁ ਰੱਖ, ਪਰ ਬੇਮਿਸਾਲ ਰੱਖ, ਅਹਿਸਾਨ ਜੇ ਨਾ ਲੈ, ਐਵੇਂ ਮੂੰਹ ਦੀ ਖਾਏਗਾ, ਆਪਣੀ ਤੋਰ ਤੁਰ, ਪਰ ਚਾਲ ਕਮਾਲ ਰੱਖ, ਗੱਲਾਂ ਤਾਂ ਹੋਣਗੀਆਂ, ਸਬਰ ਚ ਰੱਖ ਦਿਲ ਨੂੰ, ਬੇਤੁੱਕੀਆਂ ਨਾ ਕਹਿ, ਸੀਮਤ ਬੋਲਚਾਲ ਰੱਖ, ਸਾਨੂੰ ਪਤਾ ਹੁਣ ਦੌਰ, ਤੇਰੇ ਤੇ ਗ਼ੌਰ ਦਾ ਨਹੀਂ, ਫਿੱਕਾ ਜਾ ਨਾ ਪੈ, ਲਫ਼ਜਾਂ ਦਾ ਰੰਗ ਲਾਲ ਰੱਖ, ਖਿੜਕੇ ਰਿਹਾ ਕਰ, ਧੁੱਪ ਬਣਕੇ ਅੰਬਰ ਥੱਲੇ, ਫ਼ਕੀਰੀ ਲਹਿਜਾ ਰੱਖਕੇ, ਚਿਹਰੇ ਤੇ ਜਲਾਲ ਰੱਖ ।

34. ਮੇਰੇ ਨਾਲ ਨਾ ਗੱਲਾਂ ਕਰ

ਜੋ ਵੀ ਕਰਨੀਆਂ ਕੱਲਾ ਕਰ, ਮੇਰੇ ਨਾਲ ਨਾ ਗੱਲਾਂ ਕਰ, ਮੇਰੇ ਵਰਗਾ ਹੀ ਹੋ ਜਾਏਗਾ, ਖ਼ੁਦ ਨੂੰ ਨਾ ਝੱਲ ਵਲੱਲਾ ਕਰ, ਗਾਨੀ ਬਣਕੇ ਟੁੱਟਿਆ ਨੂੰ, ਨਾ ਮੁੰਦੀ ਨੂੰ ਨਾ ਛੱਲਾ ਕਰ, ਇਨਸਾਨ ਨੂੰ ਮਿੱਤਰਾ, ਇਨਸਾਨ ਰਹਿਣਦੇ, ਨਾ ਰੁਤਬਾ ਉਹਦਾ ਅੱਲ੍ਹਾ ਕਰ ।

35. ਕਿਰਤੀ ਦੇ ਬੋਲ

ਕਿੰਨੇ ਮਹਿਲ ਮੀਨਾਰ ਉਸਾਰੇ, ਖ਼ੁਦ ਦਾ ਕੋਠਾ ਪਾਣੀ-ਪਾਣੀ, ਜੁੱਗ ਬਦਲੇ ਹਾਲ ਨਾ ਬਦਲੇ, ਅਮੇਟ ਨਿੱਬ ਦੇ ਨਾਲ ਲਿਖੀ, ਕਿਸੇ ਨੇ ਕਿਰਤੀਆਂ ਦਾ ਕਹਾਣੀ, ਫ਼ਿਕਰ ਹੈ ਜੀਹਨੂੰ ਆਥਣ ਦਾ, ਸਬਰ ਹੈ ਜੀਹਦੀ ਸਾਥਣ ਦਾ, ਇੱਕ ਵਕਤ ਦੇ ਆਟੇ ਨਾਲ, ਜਿੰਨਾਂ ਨੇ ਦੋ ਵੇਲਿਆਂ ਦੀ ਰੋਟੀ ਖਾਣੀ।

36. ਖ਼ੈਰ ਹੋਵੇ

ਖ਼ੈਰ ਹੋਵੇ ! ਪਿੰਡ ਹੋਵੇ, ਚਾਹੇ ਸ਼ਹਿਰ ਹੋਵੇ, ਸਿਸਕੇ ਨਾ ਵੇਲੇ-ਕੁਵੇਲੇ ਕੋਈ ਏਥੇ, ਭੁੱਖ ਨਾ ਚੀਕੇ, ਜੈਸਾ ਵੀ ਪਹਿਰ ਹੋਵੇ, ਭੈਅ ਚ ਨਾ ਹੋਣ ਰਾਤਾਂ, ਖੁੱਸੇ ਨਾ ਚੈਨ, ਸੁੱਖ ਦੇਖਣ ਅੱਖਾਂ, ਕਦੇ ਨਾ ਕਹਿਰ ਹੋਵੇ, ਝੂੰਮਦੀ ਫ਼ਸਲ ਦਾ ਟੁੱਟੇ ਨਾ ਲੱਕ ਕਦੇ, ਹੱਕ ਚ ਖਲੋਵੇ, ਨਾ ਸਮਾਂ ਕਦੇ ਗ਼ੈਰ ਹੋਵੇ ।

37. ਨਿਰਮਲ ਖ਼ਾਲਸਾ

ਸਿਰਮੌਰ ਆਵਾਜ਼ ਵਿੱਚ, ਬਾਣੀ ਨਾਨਕ ਦੀ, ਤਾਉਮਰ ਹੀ ਗਾ ਦਿੱਤੀ, ਬਾਣੀ ਨਾਨਕ ਦੀ, ਕੰਬਣੀ ਛਿੜਦੀ ਰੂਅ ਅੰਦਰ, ਵਾਹਕਮਾਲ, ਲੱਖਾਂ ਦੇ ਕੰਨੀ ਪਾ ਦਿੱਤੀ, ਬਾਣੀ ਨਾਨਕ ਦੀ, ਸਪੁਰਦ ਜ਼ਰਾ-ਜ਼ਰਾ, ਕੀਰਤਨ ਚ ਕਰਿਆ, ਬੰਬੀਹਾ ਅਮ੍ਰਿੰਤ ਵੇਲੇ ਬੋਲਿਆ, ਸ਼ਬਦ ਗੁਰੂ ਚੋਂ. ਮੁੱਖ ਚੋਂ ਨਾ ਵਿਸਰੀ ਕਦੇ, ਬਾਣੀ ਨਾਨਕ ਦੀ, ਪਦਮ ਸ਼੍ਰੀ ਦੇ ਕਾਬਲ ਸੁਰਤਾਲ ਖ਼ਾਲਸੇ ਦੀ, ਤਨ-ਮਨ ਨਿਹਾਰੇ, ਗੁਰਬਾਣੀ ਨਾਨਕ ਦੀ।

38. ਦਾਣਾ-ਦਾਣਾ

ਪਤਾ ਨੀ ਕਿੱਥੇ-ਕਿੱਥੇ ਜਾਣਾ, ਪਿੰਡਾਂ ਚੋਂ ਦਾਣਾ- ਦਾਣਾ, ਕਿਸੇ ਨੇ ਸ਼ੁਕਰ ਮਨਾਉਣਾ, ਕਿਸੇ ਨੇ ਨਖ਼ਰੇ ਦੇ ਨਾਲ ਖਾਣਾ, ਕੀੜਿਆਂ ਨੇ ਕਤਾਰ ਬਣਾਉਣੀ, ਥੋੜਾ ਪੰਛੀਆਂ ਨੇ ਲੈ ਜਾਣਾ, ਮਿਲ ਜਾਏਗਾ ਰਿਜ਼ਕ ਹਿੱਸੇ ਦਾ, ਨਾ ਵਿਲਕੂ ਕੋਈ ਨਿਆਣਾ, ਮਿੱਟੀ ਵਿੱਚੋਂ ਉੱਗਦਾ ਸੋਨਾ, ਪਾਉਂਦਾ ਕਦਰ ਸਿਆਣਾ, ਝੁੱਗੇ ਲਿੱਬੜੇ ਕਿਰਸਾਣੀ ਦੇ, ਉਲਝਿਆ ਤਾਣਾ-ਬਾਣਾ, ਹਕੂਮਤ ਪਾਵੇ ਮੁੱਲ ਏਹਨਾਂ ਦਾ, ਨਾ ਵਰਤ ਜਾਏ ਕੋਈ ਭਾਣਾ।

39. ਚੇਤਾਵਨੀ

ਹੱਕ, ਸੱਚ, ਕੱਚ ਵੱਜਦਾ ਏ, ਲ਼ਹੂ ਲੁਹਾਣ ਕਰਦੈ, ਬਾਹਰ‌ ਅੰਦਰ ਨੂੰ, ਜਿਹੜੀ ਇੱਟ ਗੁਰੂਦੁਆਰੇ ਲੱਗੇ, ਓਹੀਉ ਲੱਗੇ ਮਸਜਿਦ, ਮੰਦਰ ਨੂੰ, ਸੰਗਮਰਮਰ ਦੀ ਕੀਮਤ ਲਾਉਣੈਂ, ਕਦੇ ਪੁੱਛਿਆ ਵੀ ਏ ਖੰਗਰ ਨੂੰ, ਜਿਸ ਮਿੱਟੀ ਦਾ ਤੂੰ ਬਣਿਆ, ਓਹੀਓ ਲੱਗੀ ਏਸ ਪਤੰਦਰ ਨੂੰ, ਕਾਹਤੋਂ ਕਰਦੈਂ ਵਾਰ ਜ਼ਮੀਨਾਂ ਤੇ, ਹੱਟ ਜਾ ਕਰਨੋ ਬੰਜ਼ਰ ਤੂੰ, ਪਰਖ਼ ਨਾ ਸਾਡੇ ਸਬਰ ਵਡੇਰੇ, ਅਸਾਂ ਫਿਰ ਚੁੱਕ ਲੈਣਾ ਖ਼ੰਜਰ ਨੂੰ।

40. ਮਿੱਟੀ ਦੇ ਵਾਕਫ਼

ਘੁੱਗੀਆਂ ਦੀ ਘੂੰ-ਘੂੰ ਡੇਕਾਂ ਤੇ ਹੋਈ, ਆਲਣੇ ਪੈਂਦੇ ਲੱਗਦੇ ਨੇ, ਡੇਕਾਂ ਤੇ ਰੌਣਕ ਫਿਰ ਤੋਂ ਹੋਈ, ਪਰਿੰਦੇ ਬਹਿੰਦੇ ਲੱਗਦੇ ਨੇ, ਬੜੇ ਚਿਰਾਂ ਤੋਂ ਵਾਜ਼ਾਂ ਸੁਣੀਆਂ, ਫ਼ਿਕਰ ਜੇ ਲਹਿੰਦੇ ਲੱਗਦੇ ਨੇ, ਵੱਟਾਂ ਤੇ ਤੁਰੇ ਹੋਏ ਡੋਲ ਨੀ ਸਕਦੇ, ਬਾਪੂ ਹੋਰੀਂ ਕਹਿੰਦੇ ਲੱਗਦੇ ਨੇ, ਜਿੱਥੇ ਖਾਲਾਂ ਦਾ ਵਹਿੰਦਾ ਪਾਣੀ, ਉੱਥੇ ਮਿੱਟੀ ਦੇ ਵਾਕਫ਼, ਰਹਿੰਦੇ ਲੱਗਦੇ ਨੇ।

41. ਜ਼ਮੀਨਾਂ ਵਾਹੀਆਂ

ਜ਼ਮੀਨਾਂ ਵਾਹੀਆਂ, ਵੱਟਾਂ ਪਾਈਆਂ, ਵਿੱਚ ਬੀਜ਼ ਦਿੱਤਾ, ਮੁਕੱਦਰਾਂ ਨੂੰ, ਮਨ ਨੇ ਭੋਗਿਆ, ਸੰਤਾਪ ਗ਼ਰੀਬੀ, ਤਨ ਨੇ ਹੰਢਾਇਆ, ਖੱਦਰਾਂ ਨੂੰ, ਅੱਖਾਂ ਚ ਝਾਕੀ, ਪਤਾ ਲੱਗੂਗਾ, ਕਿੰਝਂ ਢਾਹ ਲੱਗੀ ਏ, ਸੱਧਰਾਂ ਨੂੰ, ਪਾਣੀ ਪੀਤਾ, ਪਿਆਸ ਬੁਝਾਈ, ਘਰ ਚਲਾਏ, ਪੀ ਪੀ ਸਬਰਾਂ ਨੂੰ, ਕਿਹੜੇ ਬੱਦਲ਼ ਮੰਡਰਾਉਂਦੇ ਪਏ, ਤੜਕੇ ਉੱਠ ਵੇਖੀਂ, ਖ਼ਬਰਾਂ ਨੂੰ, ਜੜ੍ਹਾਂ ਨੂੰ ਪੈਗੀ, ਦਾਤਰੀ ਜੱਗਿਆ, ਹਕੂਮਤ ਵੱਢ-ਵੱਢ ਸੁੱਟੇ, ਲਗਰਾਂ ਨੂੰ।

42. ਨੌਜੁਆਨ ਕਾਫ਼ਲੇ

ਚੱਲੋ ਉੱਠੋ, ਉੱਠਕੇ ਬਣੋ ਕਾਫ਼ਲੇ, ਝੂਲਣ ਲਾ ਦੇਉ ਡੰਡਿਆਂ ਚ ਝੰਡੇ, ਥੋਡੇ ਪੈਰਾਂ ਥੱਲੇ ਖਿਲਾਰ ਦਿੱਤੇ ਨੇ, ਸਰਕਾਰਾਂ ਨੇ ਤਿੱਖੇ ਕਾਨੂੰਨੀ ਕੰਢੇਂ, ਹੂੰਝ ਦਿੱਤੀਆਂ ਜ਼ਮੀਨਾਂ ਜੇ ਕਿਧਰੇ, ਦੱਸ ਹੋਰ ਕੀ ਹੋਣੇ ਫੇਰ ਸਾਥੋਂ ਧੰਦੇ, ਮਜ਼ਦੂਰ, ਮੁਲਾਜ਼ਮ ਸਭ ਧਿਰਾਂ ਉੱਠੋ, ਤੁਰ ਕਿਰਸਾਣੀ ਨਾਲ, ਖੜਕਾਅ ਦੇਉ ਖੰਡੇ, ਨੌਜਵਾਨੋਂ ਬਾਪੂ ਤੋਂ ਵੱਡਾ ਕੋਈ ਉਸਤਾਦ ਨਈਂ, ਜੀਹਨੇ ਮਿੱਟੀ ਨਾਲ ਮਿੱਟੀ ਹੋਕੇ, ਪਿੰਡੇ ਚੰਡੇ, ਵਾਰੀ ਐ ਹਕੂਮਤ ਦਾ ਨੱਕ ਮੋੜਕੇ ਰੱਖ ਦੇਉ, ਸਾਡੇ ਚੁੱਲੇ ਤੇ ਪੱਕਦੇ ਹੋਏ ਅੰਨ ਵੰਡੇ।

43. ਇੱਕ ਸੁਭਾਅ

ਤਰੇੜਾਂ ਭਰਦੀਆਂ ਨਈਂ, ਦਾਗ਼ ਲੱਥੇ ਨੀ ਜਾਂਦੇ, ਮੋੜ ਦੇਣੇ ਅਹਿਸਾਨ ਅਮਾਨਤ, ਰੱਖੇ ਨੀ ਜਾਂਦੇ, ਥਾਲ਼ੀ 'ਚ ਮਾਂ ਤੇ ਮੁਕੱਦਰ ਜੋ ਪਰੋਸੇ ਖਾਅ ਲੈਣਾ, ਕਿਸੇ ਦੇ ਖੂਨ ਚੋਂ ਚੂਸੇ ਪਕਵਾਨ ਚੱਖੇ ਨੀ ਜਾਂਦੇ, ਕਿਤਾਬ ਫ਼ਰੋਲਾ ਓਹੀ, ਜਿਹੜੀ ਫ਼ਰੋਲੇ ਜ਼ਿੰਦਗੀਆਂ, ਜੋ ਰੋਲ ਦੇਵਣ ਉਮਰਾਂ, ਪੰਨੇਂ ਉਹ ਲੱਥੇ ਨੀ ਜਾਂਦੇ।

44. ਅਜੋਕੇ ਸਮੇਂ

ਘਰਾਂ ਦੀ ਛੱਤ ਪੱਕੀ, ਘਰਾਂ ਦੇ ਫ਼ਰਸ਼ ਪੱਕੇ, ਬੂਹੇ ਦੇ ਅੰਦਰ ਬਾਹਰ, ਪਏ ਨੇ ਲੋਕ ਅੱਕੇ, ਦੱਸ ਕੀਹਨੂੰ ਬੰਨ੍ਹ ਮਾਰਾਂ, ਹੜ੍ਹਾਂ ਅੱਗੇ ਨਾ ਖੜ੍ਹਨ ਨੱਕੇ, ਚੱਲ ਆ ਬੈਠ ਦੇਖ ਹੱਦਾਂ ਤੇ, ਲੋਕ ਆਪਣੀ ਦਹਿਲੀਜ਼ ਟੱਪੇ, ਅਸ਼ਾਂਤ ਮਨ ਲਈ ਫ਼ਿਰਦੇ, ਬੂ ਦੁਹਾਈ ਸੁਣਦੀ ਚੱਪੇ-ਚੱਪੇ, ਵਾਧਿਆਂ ਭਰੋਸਿਆਂ ਦੀ ਗੱਲ ਕਿੱਥੇ, ਲੱਗਣ ਏਥੇ ਸਹੁੰ ਦੀ ਥਾਂ ਲਾਰੇ ਲੱਪੇ।

45. ਸਕੂਨ

ਤਪਦੀਆਂ ਅੱਖਾਂ, ਤੱਪਦੇ ਜ਼ਮਾਨੇ ਅੰਦਰ, ਸੰਤੁਸ਼ਟੀ ਲੱਭਣ, ਖੱਪਦੇ ਜ਼ਮਾਨੇ ਅੰਦਰ, ਸਕੂਨ ਕਿੱਥੋਂ ਮਿਲਣਾ, ਅੱਜ ਦੀ ਮੰਗ ਐ, ਸੋ਼ਰ ਸ਼ਰਾਬਾ ਬੜਾ, ਟੱਪਦੇ ਜ਼ਮਾਨੇ ਅੰਦਰ, ਨਾ ਰੱਬ ਮਿਲ਼ਦਾ, ਨਾ ਹੀ ਮਿਲਦਾ ਪੈਗ਼ੰਬਰ, ਵੱਖੋ-ਵੱਖ ਵਾਜ਼ਾਂ ਨੇ, ਜਪਦੇ ਦੇ ਜ਼ਮਾਨੇ ਅੰਦਰ,

46. ਐਵੇਂ ਨਾ ਜਾਣੀ

ਧਰਤੀ ਚ ਗੱਡ ਦੇਵੇਂਗਾ, ਝੰਡਾ ਨਾ ਜਾਣੀ, ਤੂੰ ਖੋਰਕੇ ਰੱਖ ਦੇਵੇਂਗਾ, ਕੰਢਾ ਨਾ ਜਾਣੀ, ਤੂੰ ਦੁੱਖ ਏ, ਤੇਰੀ ਆਪਣੀ ਤਸੀਰ ਹੋਊਗੀ, ਤੋੜ ਦੇਵੇਂਗਾ ਹੌਂਸਲੇ , ਐਵੇਂ ਡੰਡਾ ਨਾ ਜਾਣੀ, ਰਾਹ ਸਾਫ਼ ਕਰਦੀ ਹਵਾ ਨਾਲ ਯਾਰੀ ਸਾਡੀ, ਕਿਸੇ ਦੇ ਪੈਰ ਚ ਚੁੱਭ ਜਾ ਗੇ, ਕੰਡਾ ਨਾ ਜਾਣੀ, ਸਾਡੇ ਪਿੰਡੇ ਤੇ ਭਾਵੇਂ, ਕੱਪੜਾ ਪੁਰਾਣਾ ਹੀ ਸਹੀ, ਅੰਦਰੋਂ ਨਵੇਂ ਨਕੋਰ ਲਹਿਜੇ ਨੂੰ, ਲੰਡਾ ਨਾ ਜਾਣੀ।

47. ਮੁਕੱਦਰ

ਮੁਕੱਦਰ ਨਾਲ ਘੁੱਲਣਾ ਸੌਖਾ ਨਈਂ, ਨਾ ਹੀ ਸੌਖਾ, ਭੀੜਾਂ ਚੋਂ ਵੱਖ ਹੋਣਾ, ਨਾਮ ਨੂੰ ਚਮਕਾਉਣਾ ਮੁਹਾਲ ਹੁੰਦਾ, ਟੇਢੀ ਖੀਰ, ਲੁਕਾਈ ਚੋਂ ਪ੍ਰਤੱਖ ਹੋਣਾ, ਪਿੱਛਾ ਕਰੋ ਤਾਂ ਅੰਦਰ ਦੇ ਜਨੂੰਨ ਦਾ, ਲੰਬਾ ਸਫ਼ਰ ਐ, ਕੱਖਾਂ ਤੋਂ ਲੱਖ ਹੋਣਾ, ਵਕਤ ਦਾ ਕੀ ਪਤਾ, ਕਦੋਂ ਨਿਖਰ ਜੇ, ਤਰਾਛੋ ਹਿੰਡ, ਫੈਸਲਾ ਨਿਰਪੱਖ ਹੋਣਾ, ਹਦੂਦ ਦਿਲ ਦੀ ਅੰਦਰ ਜੇ ਖ਼ਾਬ ਸੱਚੇ, ਏਹ ਨਾਮ ਸੱਥਾਂ ਤੋਂ ਲੈ ਸੋਚਾਂ ਤੱਕ ਹੋਣਾ।

48. ਇੱਕੋ ਜਹੇ

ਬੰਦੇ ਇੱਕੋ ਜਹੇ ਨਈ ਹੁੰਦੇ, ਧੰਦੇ ਇੱਕੋ ਜਹੇ ਨਈ ਹੁੰਦੇ, ਜੇ ਮਾੜੇ ਵੀ ਤਰ੍ਹਾਂ ਤਰ੍ਹਾਂ ਦੇ ਨੇ, ਤਾਂ ਚੰਗੇ ਵੀ ਇੱਕੋ ਜਹੇ ਨਈ ਹੁੰਦੇ, ਹੌਂਸਲੇ ਆਲੇ ਜੇ ਜੁਰੱਅਤ ਵੱਖੋ ਵੱਖ ਰੱਖਣ, ਯਾਦ ਰੱਖੀਂ ਕਿ ਹੰਭੇ ਇੱਕੋ ਜਹੇ ਨਈ ਹੁੰਦੇ, ਹਰਿਆਵਲ ਦਾ ਰੰਗ ਰੂਪ ਜੇ ਇੱਕ ਨਈ, ਝੱਖੜਾਂ ਦੇ ਝੰਬੇ ਵੀ ਤਾਂ ਇੱਕੋ ਜਹੇ ਨਈ ਹੁੰਦੇ।

49. ਅਤੀਤ

ਧੁਖਦੇ ਚੁੱਲ੍ਹੇ, ਮਗਦੇ ਤੰਦੂਰ, ਵਿਹੜਾ ਇੱਕ ਹੁੰਦਾ ਸੀ, ਬਰਕਤਾਂ ਦੀ ਘਾਟ ਨਾ ਸੀ, ਖ਼ੁਦਾ ਰੱਬ ਇੱਕ ਹੁੰਦਾ ਸੀ, ਨੱਕ ਨੀ ਕਰਦੇ, ਖੱਬਲ ਚੋਂ ਪੰਡ ਬਣਾਉਣ ਦੀ ਖਾਤਿਰ, ਅਜੋਕੇ ਯੁੱਗ ਦਾ ਪੁੱਤ, ਕਦੇ ਤਾਂ ਬੂਈਆਂ ਵਿੱਚ ਹੁੰਦਾ ਸੀ, ਪਾਲਿਸ਼ਾਂ ਮਾਰਕੇ ਖੋਰ ਦਿੰਦਾ ਸਾਦਗੀ ਦੀਆਂ ਪਰਤਾਂ ਨੂੰ, ਕਦੇ ਨੂਰ ਇਨਸਾਨ ਦਾ, ਇਨਸਾਨ ਦੀ ਖਿੱਚ ਹੁੰਦਾ ਸੀ।

50. ਸਬਰ ਦਾ ਬੰਨ੍ਹ

ਸਬਰ ਦਾ ਬੰਨ ਵੀ ਟੁੱਟ ਜਾਂਦਾ, ਗੁੱਸਾ ਵੀ ਬੀਜ ਵਰਗਾ, ਨਾ ਚਾਹੁੰਦਿਆਂ ਸੁਭਾਅ ਚੋਂ ਫੁੱਟ ਜਾਂਦਾ, ਜਿਸਦੀ ਫ਼ਿਕਰ ਹੋਵੇ, ਓਸ ਤੇ ਹੀ ਵਰਦਾ ਏ, ਏਥੇ ਆਪਣਿਆਂ ਬਾਝੋਂ, ਦੱਸ ਕਿੱਥੇ ਸਰਦਾ ਏ, ਲੱਖ ਕਹਿ ਦੇ ਕੋਈ, ਕਿ ਮੈਨੂੰ ਫ਼ਰਕ ਪੈਂਦਾ ਨੀ ਤੇਰੇ ਜਾਣ ਦਾ, ਕਿਤੇ ਨਾ ਕਿਤੇ ਉਹ ਸਿਰਫਿਰਾ, ਆਪਣੀ ਕਹੀ ਤੋਂ ਉੱਕ ਜਾਂਦਾ, ਦੋ ਸਾਹਾਂ ਦੀ ਦੌੜ 'ਚ ਦਿਲ ਕਮਲਾ, ਕਿੱਥੋਂ ਤੱਕ ਭੱਜਦਾ ਏ, ਮਿਲ ਜਾਏ ਭਾਵੇਂ ਤਖ਼ਤ ਸੋਚਿਆ, ਫਿਰ ਵੀ ਨਾ ਏ ਰੱਜਦਾ ਏ, ਟੋਆ ਪੁੱਟ ਕੇ ਦਫ਼ਨ ਕਰ ਦਿੰਦਾ ਹੈ ਢੇਰ ਖ਼ਵਾਇਸਾਂ ਨੂੰ, ਇੱਕ ਇਨਸਾਨ ਅਜਿਹਾ ਵੀ, ਜੋ ਗਲ ਸਧਰਾਂ ਦਾ ਘੁੱਟ ਜਾਂਦਾ।

51. ਅੱਜ-ਕਲ੍ਹ

ਅਖੇ ਬਦਬੂ ਮਾਰਦੀ ਐ ਇੱਤਰਾਂ ਚੋਂ ਅੱਜ-ਕੱਲ੍ਹ, ਸਾਂਝਾ ਮੁੱਕ ਚੱਲੀਆਂ ਮਿੱਤਰਾਂ ਚੋਂ ਅੱਜ-ਕੱਲ੍ਹ, ਲੋੜਾਂ ਤੱਕ ਹੀ ਸੀਮਤ, ਤੇਰਾ ਮੇਰਾ ਅਹਿਸਾਸ, ਫੁੱਲ ਬਣਾਉਟੀ ਕਿਰਦੇ, ਕਿੱਕਰਾਂ ਤੋਂ ਅੱਜ-ਕੱਲ੍ਹ, ਹਾਸੇ ਹੱਸਣ ਭੇਦ ਭਰੇ, ਜੋੜ ਜੋੜ ਕੇ ਬੁੱਲਾਂ ਨੂੰ, ਨਾ ਲੱਭਦੀ ਅਪਣੱਤ, ਚਰਿੱਤਰਾਂ ਚੋਂ ਅੱਜ-ਕੱਲ੍ਹ, ਸਸਤੀ ਚੀਜ਼ ਬਣਾਕੇ ਦੱਸਣ ਹਸਤੀ ਨੂੰ ਮੀਆਂ, ਗੁੱਝੀਆਂ ਪੈਂਦੀਆਂ ਨੇ, ਟਿੱਚਰਾਂ ਚੋਂ ਅੱਜ-ਕੱਲ੍ਹ।

52. ਐਧਰ ਤੱਕੀਏ ਓਧਰ ਤੱਕੀਏ

ਐਧਰ ਤੱਕੀਏ ਓਧਰ ਤੱਕੀਏ, ਤੱਕੀਏ ਚਾਰ ਚੁਫੇਰੇ, ਆਪਣੇ ਤੋਂ ਸ਼ੁਰੂ ਨੇ ਕੀਤੇ, ਆਪਣੇ ਤੇ ਆਣ ਨਬੇੜੇ, ਜ਼ਿਕਰ ਕਰੀਏ ਵੇਲਿਆਂ ਦਾ ਕੁਵੇਲਿਆ ਦਾ ਐਥੇ, ਭੁੱਲ ਹੀ ਕਿੱਦਾਂ ਸਕਣਾ ਮੈਂ, ਜ਼ਿੰਦਗੀ ਚ ਹੋਏ ਸਵੇਰੇ, ਗ਼ਮਾਂ ਵਿੱਚ ਉਤਾਰ ਜਾਂਦੇ ਨੇ, ਐਸੇ ਵੀ ਕੁਝ ਸਮੇਂ ਹੁੰਦੇ, ਤੁੱਥਮੁੱਥ ਹੋਵਣ ਬਿਨਾਂ ਖੁਸ਼ੀ ਦੇ, ਰੁਠੜੇ ਹੋਏ ਚਿਹਰੇ, ਸਫ਼ਰ ਤਾਂ ਕਰਦੇ ਸਾਰੇ, ਆਪੋ ਆਪਣੇ ਪੈਰਾਂ ਜ਼ਰੀਏ, ਐਪਰ ਮੰਜ਼ਿਲ ਤੀਕ ਪਹੁੰਚਾਵਣ, ਟਾਂਵੇ ਟਾਂਵੇ ਜੇਰੇ, ਧੂੜਾਂ, ਧੱਫੇ, ਧੱਕਿਆਂ ਚੋਂ, ਸਿੱਖ ਲਵੇਂਗਾ ਪੜਨਾ, ਵਿੱਚ ਕਿਤਾਬਾਂ ਹੁੰਦੇ ਨੀ ਬਹੁਤੇ, ਮਸਲੇ ਤੇਰੇ ਮੇਰੇ, ਗੱਲ ਨਾ ਮੁੱਕਦੀ, ਮਿਲਿਆ ਵਕਤ ਹੀ ਮੁੱਕ ਗਿਆ, ਚੱਲ ਕੋਈ ਨਾ ਫਿਰ ਤੋਂ ਮਿਲਾਂਗੇ, ਲੈਕੇ ਲਫ਼ਜ਼ ਚੰਗੇਰੇ।

53. ਇੱਕ ਇਸ਼ਕ ਐਸਾ ਵੀ

ਤੈਂ ਤਾਂ ਉਦੋਂ ਸਾਡਾ ਕੀਤਾ, ਜਦ ਤੇਰਾ ਦਿਲ ਕੀਤਾ, ਤੈਂ ਘੁੱਟ ਪਾਣੀ ਦਾ ਪੀਤਾ, ਮੈਂ ਘੁੱਟ ਹਿੰਝ ਦਾ ਪੀਤਾ, ਤੈਂ ਸਿਉਂ ਲਏ ਉਧੜੇ ਕੱਪੜੇ ਤੇ ਜਜ਼ਬਾਤ ਆਪਣੇ, ਖੁੱਲ੍ਹਾ ਛੱਡ ਕੇ ਫ਼ਿਰਦਾ ਹਾਂ, ਨਾ ਮੈਂ ਜ਼ਖ਼ਮ ਸੀਤਾ, ਦੋਹਾਂ ਵਿਚਕਾਰ ਊਣਤਾਈਆਂ ਨੂੰ ਮਾਪਣ ਲਈ, ਨਾ ਮੈਥੋਂ ਹਿਸਾਬ ਲੱਗੇ, ਨਾ ਕੋਈ ਲੱਭਦਾ ਫ਼ੀਤਾ, ਅੱਵਲ ਤੋਂ ਅਵੱਲਾ ਲੱਗਦਾ ਹਾਂ, ਇੱਕ ਤਰਫੇ਼ 'ਚ, ਸਭ ਹੁੰਦਿਆਂ ਵੀਰਾਨ ਲੱਗੇ, ਐਸਾ ਇਸ਼ਕ ਕੀਤਾ।

54. ਨਿਰਵੈਰ ਹੌਂਸਲੇ

ਮੁਸੀਬਤਾਂ ਨਾਲ ਟਕਰਾਉਂਦੇ ਰਹਾਂਗੇ, ਜਦ ਤੱਕ ਜਿਉਂਦੇ ਰਹਾਂਗੇ, ਮਿੱਟੀ ਹੋਣ ਤੋਂ ਪਹਿਲਾਂ ਸੁੱਖ ਦੇਖਾਂਗੇ, ਚਾਹਤਾਂ ਨੂੰ ਮੰਜ਼ਿਲ ਬਣਾਉਂਦੇ ਰਹਾਂਗੇ, ਰੋਜ਼ਾਨਾ ਹੀ ਨੁਕਸ ਲੱਭਾਂਗੇ ਜੋ ਦਿਸੇ, ਖਿਆਲਾਂ ਦੀ ਮੈਲ਼ੀ ਚਾਦਰ ਧੋਂਦੇ ਰਹਾਂਗੇ, ਸਾਡਾ ਬਹੁਤਾ ਫ਼ਿਕਰ ਨਾ ਕਰੀਂ ਜਾਣ ਦਾ, ਕਦੇ ਸੁਫ਼ਨੇ ਕਦੇ ਖ਼ਿਆਲੀ ਆਉਂਦੇ ਰਹਾਂਗੇ।

55. ਜੁਆਕ ਮੱਤਾਂ

ਗਾਹ ਪਾ ਦਿੰਦੀਆਂ ਨੇ ਜੁਆਕ ਮੱਤਾਂ, ਖਿਲਾਰ ਦਿੰਦੀਆਂ ਟਿਕੀਆਂ ਚੀਜ਼ਾਂ ਨੂੰ, ਮਾਸੂਮ ਚਿਹਰਿਆਂ ਦੀ ਹੁੰਦੀ ਜ਼ਿੱਦ ਭੈੜੀ, ਟਪੂਸੀਆਂ ਮਾਰ ਲੰਘ ਜਾਂਦੇ ਦਹਿਲੀਜ਼ਾਂ ਨੂੰ, ਖੁੱਲ੍ਹਾ ਸਿਰ ਹੋਵੇ, ਰਬੜਾਂ ਚ ਚਾਹੇ ਮੜਿਆ, ਖ਼ੁਦ ਤੇ ਲਾਈ ਰੱਖਣ, ਮਾਂ ਦੀਆਂ ਨੀਝਾਂ ਨੂੰ, ਮਸਤਾਨੇ ਕਮਲਪੁਣੇ ਦੀ ਮਹਿਫ਼ਲ ਲਾਉਂਦੇ, ਪਾਣੀ ਕਰੀਂ ਰੱਖਣ ਪਾਈਆਂ ਕਮੀਜ਼ਾਂ ਨੂੰ।

56. ਬਾਪੂ ਦਾ ਚਿਹਰਾ

ਬਾਪੂ ਦਾ ਚਿਹਰਾ ਸੂਰਜ ਵਾਂਗੂੰ ਚੜਦਾ ਰਹੇ, ਦਹਿਲੀਜੋਂ ਅੰਦਰ ਬਾਹਰ ਘਰ ਵੜਦਾ ਰਹੇ, ਦੁਪੱਟੇ ਦੀਆਂ ਡੱਬੀਆਂ, ਦਿਸਦੀਆਂ ਰਹਿਣ, ਆਖ਼ਰੀ ਲੜ ਕੱਪੜੇ ਦਾ, ਹਮੇਸ਼ਾਂ ਖੜਦਾ ਰਹੇ, ਗੁਸਤਾਖ਼ ਪੁੱਤ ਤੇ ਰੱਖਦਾ ਰਹੇ ਅੱਖ ਗਹਿਰੀ, ਹੋਏ ਗ਼ਲਤੀ ਤਾਂ, ਕੰਨ ਦੇ ਲਫੇੜਾ ਜੜਦਾ ਰਹੇ, ਤਾਉਮਰ ਰਹਿਜੇ ਜਿਸਦੀ ਜ਼ੁਬਾਨ ਦੀ ਇੱਜ਼ਤ, ਬਾਪੂ ਸਭਦਾ ਕਹਿਣੀ ਕਰਨੀ ਤੇ ਅੜਦਾ ਰਹੇ, ਪੁੱਤ ਨੂੰ ਪਾਕੇ ਸਪਾਟ ਰਾਹਾਂ ਤੇ ਪਰਛਾਵਾਂ ਬਣੇ, ਪੀੜ੍ਹੀ ਦਰ ਪੀੜ੍ਹੀ ਬਾਪੂ ਸੁੱਖ ਦੁੱਖ ਜਰਦਾ ਰਹੇ, ਹੱਸਦਾ ਮੁਸਕਰਾਉਂਦਾ ਸਿਰੇ ਲਾ ਜਾਏ ਉਮਰਾਂ, ਸਿਆਣਪ ਦੇ ਸੈਂਚੇ ਥਾਣੀਂ ਬਾਪੂ ਘੜਦਾ ਰਹੇ।

57. ਮੇਰੀ ਆਖੀ ਗੱਲ

ਤੀਰ ਬਣ ਗਈ, ਇੱਕ ਕਹੀਂ ਸ਼ਮਸ਼ੀਰ ਬਣ ਗਈ, ਮਹਿਫ਼ਲ ਨੇ ਕਿਹਾ ਜ਼ੋਰ ਦੇਕੇ, ਕਿ ਕੁਝ ਬੋਲ ਮੀਆਂ, ਵਾਰੀ ਆਈ ਤਾਂ ਓਹਦੀ ਪੀੜ ਨੀਰ ਬਣ ਗਈ, ਸਿੱਧਾ ਕਲੇਜੇ ਜਾ ਲੱਗੀ, ਜੋ ਕੰਨਾਂ ਤੇ ਸੋਚਾਂ ਥਾਣੀ, ਓਸ ਲਈ ਤੁਕ ਅਲਫਾਜਾਂ ਦੀ, ਤਤਹੀਰ ਬਣ ਗਈ, ਮੇਲ ਖਾ ਗਈ ਓਹਦੇ ਗੁਜ਼ਰੇ ਵਕਤਾਂ ਦੇ ਨਾਲ ਗੱਲ, ਮੇਰੀ ਆਖੀ ਓਹਦੇ ਹੱਥਾਂ ਦੀ ਲਕੀਰ ਬਣ ਗਈ।

58. ਪਿਆਰ ਕਰਦੇ ਹਾਂ

ਪਿਆਰ ਕਰਦੇ ਹਾਂ, ਨਫ਼ਰਤ ਨੂੰ ਕਦੇ ਥਾਂ ਨੀ ਦਿੰਦੇ, ਨਾ ਨੁਕਰ ਹੀ ਬਖਸ਼ਦੇ ਆ, ਜਣੇ ਖਣੇ ਨੂੰ ਹਾਂ ਨੀ ਦਿੰਦੇ, ਨਾਲ ਨਾਲ ਤੁਰਨ ਵਾਲੇ, ਅੱਗੇ ਜਾ ਕੇ ਰਾਹ ਬਦਲਣ, ਤਾਹੀਉਂ ਮਤਲਬੀ ਬੰਦਿਆਂ ਨੂੰ, ਸੱਜਣਾਂ ਬਾਂਹ ਨੀ ਦਿੰਦੇ, ਸੇਕ ਕੇ ਧੁੱਪਾਂ, ਛਾਣਕੇ ਗਰਮੀ, ਖੁਦ ਪਰਛਾਵੇਂ ਉੱਕਰੇ ਨੇ, ਤਪਸ਼ ਤੋਂ ਬਚਦੇ ਸਿਰਾਂ ਨੂੰ, ਅਸੀਂ ਆਪਣੀ ਛਾਂ ਨੀ ਦਿੰਦੇ।

59. ਕੇਸਰੀ ਰੰਗ

ਕੱਪੜਾ ਕੇਸਰੀ, ਕਈਆਂ ਦਾ ਭੈਅ ਬਣਿਆ, ਸਹਿਮ ਬਣ ਗਿਆ, ਲੋਟੂ ਟੋਲਿਆਂ ਦਾ, ਅਖੇ ਅੱਤਵਾਦ ਹੈ, ਜਹਾਨ ਹੈ ਸਿਰਫਿਰਿਆ ਦਾ, ਕਿੰਨਾਂ ਬੇਤੁੱਕਾ ਬਿਆਨ , ਕਾਵਾਂ ਦੇ ਬੋਲਿਆਂ ਦਾ, ਜਦ ਭੀੜ ਪੈਂਦੀ, ਉਦੋਂ ਹਿੱਕਾਂ ਡਾਹ ਖੜਦੇ ਨੇ, ਖ਼ਾਲਸਾ ਬਾਜਾਂ ਦਾ ਹੈ, ਨਾ ਕਿ ਗੋਲਿਆਂ ਦਾ, ਗੁਲਾਬ ਦੀ ਫ਼ਸਲ ਵਾਂਗ ਵੱਧਦਾ, ਕੱਟਣ ਤੇ, ਨਿਰਭਉ ਹੈ, ਨਾ ਕਿ ਵੱਡ ਖ਼ਾਲਸਾ ਛੋਲਿਆਂ ਦਾ, ਅਕਲ ਨੂੰ ਹੱਥ ਮਾਰੋ, ਠੇਡਾ ਮਾਰੋਂ ਮਤਭੇਦਾਂ ਨੂੰ, ਬੁਰਾ ਹਾਲ ਹੁੰਦਾ ਆਖਿਰ, ਧਰਮੀਂ ਵਿਚੋਲਿਆਂ ਦਾ, ਸ਼ੇਰਾਂ ਦਾ ਤੁਰਨਾ, ਜੰਗਲਾਂ ਦਾ ਵੱਸਦਾ ਵੇਹੜਾ ਕਹਿੰਦੇ, ਤੁਰਨਾ ਮਾਇਨੇ ਰੱਖਦਾ ਨੀ, ਗਿੱਦੜਾਂ ਦੇ ਟੋਲਿਆਂ ਦਾ‌।

60. ਸਧਰਾਂ

ਤੇਰੇ ਨਾਲ ਕਰਨੀਆਂ ਗੱਲਾਂ, ਹੌਲ਼ੇ ਕਰਨੇ ਜਜ਼ਬਾਤ, ਤੈਨੂੰ ਮੈਨੂੰ ਜੋ ਮਿਲਾਵੇ, ਉਹ ਕਦੇ ਨਾ ਬੌਹੜੀ ਰਾਤ, ਉਡੀਕ ਲੱਗੀ, ਜਿਉਂ ਲੱਗੇ ਤੋੜ ਅਫ਼ੀਮਾਂ ਦੀ, ਸਾਡੀ ਵਾਰੀ ਕਦ ਆਊ, ਲੱਗੀ ਚਿੱਤ ਨੂੰ ਝਾਕ, ਸਾਂਝੇ ਕਰਨੇ ਦਿਲ ਨਾਲ ਦਿਲ ਲੱਭਲੈ ਐਸੀ ਥਾਂ, ਐਸੀ ਲੰਬੀ ਛੇੜ ਦੇਣੀ ਮੈਂ, ਨਾ ਮੁੱਕਣ ਵਾਲੀ ਬਾਤ, ਮੈਨੂੰ ਪਤਾ ਮਨ ਤੇਰਾ ਡੋਲੇ, ਥਾਲ ਦੇ ਪਾਣੀ ਵਾਂਗ, ਝਿਜਕ ਤੇਰੀ ਦੇਊ ਖੋਲ ਬੀਬਾ, ਲਾਕੇ ਸਾਰੀ ਰਾਤ।

61. ਸ਼ੀਸ਼ੇ ਵੀ ਤੇ ਦਿਲ ਵੀ

ਸ਼ੀਸ਼ੇ ਵੀ ਟੁੱਟਗੇ, ਦਿਲ ਵੀ ਟੁੱਟਗੇ, ਟੁੱਟਗੇ ਅੰਬਰਾਂ ਦੇ ਤਾਰੇ, ਸਾਡੇ ਚੋਂ ਟੁੱਟਿਆ ਨਾ ਹੌਸਲਾਂ, ਉਂਝ ਕੋਸ਼ਿਸ਼ ਕਰ ਗਏ ਸਾਰੇ, ਨਿੱਤ ਨਿੱਤ ਇਬਾਦਤ ਕਰਦੇ ਸੀ, ਤਾਹੀਂ ਅੱਜ ਤੱਕ ਵੱਸਦੇ ਹਾਂ, ਕਦੇ ਹਾਸਿਆਂ ਵਿੱਚ ਰਲੇਵਾਂ ਕਰਗੇ ਸੀ ਅੱਥਰੂ ਖਾਰੇ ਖਾਰੇ, ਗੁਜ਼ਰ ਗਏ ਜੋ ਵਕਤ ਪਏ ਸੀ, ਖੁਸ਼ਨੁਮਾ ਜਹੇ ਚਿਹਰਿਆਂ ਤੇ, ਪਲਟ ਜਾਂਦੇ ਨੇ ਨਾਲ ਸਮੇਂ ਦੇ, ਹੋਏ ਉਲਟੇ ਗ੍ਰਹਿ ਸਿਤਾਰੇ, ਦਿਲ ਨੀਵਾਂ ਸੁਭਾਅ ਸਾਊ, ਅਕਸਰ ਝਾੜਿਆ ਜਾਂਦਾ ਐ, ਤੂੰ ਹੀ ਜ਼ਿੰਮੇਵਾਰ ਹਾਲ ਦਾ, ਕਹਿ ਤੁਰਗੇ ਮਿੱਤਰ ਪਿਆਰੇ, ਖੜਕਾ ਦੜਕਾ ਹੋਇਆ ਸੀ, ਬੰਦ ਬੂਹੇ ਵਾਂਗੂੰ ਸ਼ਾਂਤ ਪਿਆ, ਤੀਕ ਅੰਦਰ ਹੁਣ ਛੂਹ ਮੁੜਦੇ, ਲਿਖੇ ਹੋਏ ਲਫ਼ਜ਼ ਵਿਚਾਰੇ।

62. ਸੁਤੰਤਰ

ਗਰੀਬੀ, ਭੁੱਖਮਰੀ, ਬੇਰੋਜ਼ਗਾਰੀ, ਅਨਪੜ੍ਹਤਾ, ਅੰਧ-ਵਿਸ਼ਵਾਸਾਂ ਵਿੱਚ ਬੱਝਿਆ ਨੂੰ ਆਜ਼ਾਦ ਆਖਦੇ ਓ, ਅੱਜ ਵੀ ਪਿੰਜਰੇ ਓਹੀ ਨੇ, ਓਹੀ ਜਿੰਦੇ ਲੱਗੇ ਨੇ, ਦੱਬੇ-ਕੁਚਲੇ ਮੁਲਕ ਨੂੰ ਕਾਹਤੋਂ ਆਬਾਦ ਆਖਦੇ ਓ, ਜਿਸ ਮਿੱਟੀ ਵਿੱਚ ਮਹਿਕ ਨਹੀਂ, ਜਿਸ ਪਾਣੀ ਵਿੱਚ ਜ਼ਹਿਰਾਂ ਨੇ, ਕਿਹੜੀ ਸ਼ੈਅ ਨੂੰ ਦੱਸ ਭਲਾਂ, ਸਵਾਦ ਆਖਦੇ ਓ, ਮਜ਼ਦੂਰ, ਮੁਲਾਜ਼ਮ, ਕਿਸਾਨ ਨੂੰ ਬੇੜੀ, ਲਗਦੀ ਜਿਉਂ ਗੁਲਾਮਾਂ ਨੂੰ, ਹੱਕ ਜਿਨ੍ਹਾਂ ਨੂੰ ਮਿਲਣੇ ਪਹਿਲਾਂ, ਉਨ੍ਹਾਂ ਨੂੰ ਬਾਅਦ ਆਖਦੇ ਓ, ਖ਼ੌਫ਼ ਦਿਖਾਕੇ ਖ਼ਲਕਤ ਨੂੰ, ਰਮਜ਼ ਲੈਣੇ ਓ ਨਬਜ਼ਾਂ ਦੀ, ਇਨਸਾਨੀਅਤ ਲਈ ਜੋ ਛੇੜਨ ਮੁੱਦੇ, ਉਹਨਾਂ ਨੂੰ ਜਿਹਾਦ ਆਖਦੇ ਓ।

63. ਸਾਹਿਬਜ਼ਾਦੇ

ਪਿਛੋਕੜ ਆਪਣਾ ਯਾਦ ਕਰੀਏ, ਇੱਕਚਿੱਤ ਕਰਕੇ ਖ਼ਿਆਲਾਂ ਨੂੰ, ਮਾਸੂਮ ਜਿੰਦਾਂ ਲਈ ਭਰੋ ਅੱਖਾਂ, ਜਿਉਂ ਭਰੀਏ ਆਪਣੇ ਲਾਲਾਂ ਨੂੰ, ਨੀਲੇ ਬਾਣੇ ਨਾ ਹੋਏ ਦਾਗ਼ੀ, ਮਾਣ ਰੱਖਿਆ ਹਿੰਦ ਦੀ ਚਾਦਰ ਦਾ, ਪੋਹ ਦਾ ਕੱਕਰ, ਗਿਆ ਹੰਝੂ ਕੇਰਕੇ, ਜਦ ਖਹਿਕੇ ਲੰਘਿਆ ਬਾਲਾਂ ਨੂੰ, ਸ਼ਹਾਦਤ ਨੇ ਸੀਸ ਝੁਕਾਇਆ, ਸਾਹ ਰਗ ਤੇ ਜਦ ਜ਼ੁਲਮ ਕਮਾਇਆ, ਮਨ 'ਚ ਫੇਰਨ ਨਿਰੰਕਾਰ ਦਾ ਮਣਕਾ, ਭੁੱਲਕੇ ਤਨ ਦੇ ਹਾਲਾਂ ਨੂੰ, ਇੱਕ ਬੁਰਜ ਵਿੱਚ ਮਾਂ ਅੰਮੜੀ, ਵਾਂਝੀ ਪੋਤਿਆਂ, ਪੁੱਤ, ਪਤੀ ਤੋਂ ਦੇਖੀ, ਇਤਿਹਾਸ ਚੋਂ ਮੇਟ ਸਕੇ ਨਾ ਕੋਈ, ਜੁੱਗਾਂ ਜੁਗਾਂਤਰ ਤੱਕ ਮਿਸਾਲਾਂ ਨੂੰ।

64. ਕਿਰਸਾਣੀ

ਕਲਮਾਂ, ਕਾਗਜ਼ਾਂ, ਸਿਆਹੀਆਂ ਤੋਂ, ਪਸੀਨੇ, ਮੈਲ਼, ਵਿਆਈਆਂ ਤੱਕ, ਦੇਖ ਕਿਰਸਾਣ, ਕਿਰਸਾਣ ਹੋਈ, ਟਿੱਬਿਆਂ ਤੋਂ ਲੈ, ਨਿਆਈਆਂ ਤੱਕ, ਪੱਕੀਆਂ ਫ਼ਸਲਾਂ, ਪੱਕੀਆਂ ਨਸਲਾਂ, ਝਾੜ ਦੇਣਗੀਆਂ, ਏਹੋ ਹੁਣ ਉਮੀਦ, ਇੱਕ ਨਵਾਂ ਢਾਂਚਾ ਉਸਰੇਗਾ ਸ਼ਾਇਦ, ਧਰਤਲ ਤੋਂ ਲੈ, ਗਹਿਰਾਈਆਂ ਤੱਕ, ਵਿਸ਼ਾਲ ਐ ਜੀਹਦੀ ਕਹਿਣੀ ਕਰਨੀ, ਨੀਯਤ ਜਿਸਦੀ ਮੇਹਨਤ ਕਰਨੀ, ਬਸ! ਦਸਾਂ ਨਹੁੰਆਂ ਦੀਆਂ ਕਮਾਈਆਂ ਤੱਕ।

65. ਵੇਖੇ ਨੀ ਜਾਂਦੇ !

ਤਸਵੀਰ ਲੈ ਨੀ ਹੁੰਦੀ, ਸ਼ੀਸ਼ੇ ਵੇਖੇ ਨੀ ਜਾਂਦੇ, ਮੈਥੋਂ ਸੋਹਣਾ ਹੋਣ ਦੇ, ਭੁਲੇਖੇ ਵੇਖੇ ਨੀ ਜਾਂਦੇ, ਕਿਹੜੀ ਮਾਲ਼ਾ ਚ ਮੜਾ ਲਵਾਂ, ਸਾਦਗੀ ਨੂੰ, ਫੂੰ-ਫੈਂ ਵਾਲਿਆਂ ਨੂੰ ਮੈਥੋਂ ਮੱਥੇ ਟੇਕੇ ਨੀ ਜਾਂਦੇ, ਕਿਸਰਾਂ ਕਰ ਲਵਾਂ, ਪਾਣੀ ਦੇ ਰੰਗ ਬੇਰੰਗੇ, ਅਸਾਂ ਦੇ ਖਿਆਲ ਸ਼ਬਾਬੀ, ਠੇਕੇ ਨੀ ਜਾਂਦੇ, ਲਾਉਣ ਨੂੰ ਤਾਂ ਲਾ ਲਈਏ, ਮਨ ਨੂੰ ਆਦਤਾਂ, ਆਦੀ ਬੰਦਿਆਂ ਦੇ ਹਾਲ ਏਥੇ ਦੇਖੇ ਨੀ ਜਾਂਦੇ, ਆਵਦੀ ਬਾਲੀ ਗਰਮਾਹਟ ਚੰਗੀ ਲੱਗਦੀ, ਕਿਸੇ ਬਲਦੀ ਤੇ ਹੱਥ, ਮੈਥੋਂ ਸੇਕੇ ਨੀ ਜਾਂਦੇ।

66. ਗੁਰੂ ਦਾ ਬੰਦਾ

ਮਾਧੋਦਾਸ ਬੈਰਾਗੀ ਤਦ ਵੈਰਾਗ ਕੀਤਾ, ਜਦ ਦਸ਼ਮ ਗੁਰੂ ਦਾ ਦੀਦਾਰ ਕੀਤਾ, ਹਿੰਝ ਦਸਮੇਸ਼ ਜੀ ਦੇ ਪੈਰਾਂ ਤੇ ਕੇਰੀ, ਸੀਨੇ ਲਾਕੇ ਗੁਰਾਂ ਨੇ ਪਿਆਰ ਕੀਤਾ, ਜੜ੍ਹ ਮੁਗ਼ਲ ਸਲਤਨਤ ਦੀ ਪੱਟ ਦੇਵੀਂ, ਦੇ ਥਾਪੜਾ ਗੁਰਾਂ ਨੇ ਬੰਦਾ ਤਿਆਰ ਕੀਤਾ, ਚੱਲ ਗੋਦਾਵਰੀ ਤੋਂ ਤੀਕ ਗੁਰਦਾਸ ਨੰਗਲ, ਜੀਹਨੇ ਚੁਣ-ਚੁਣ ਵੈਰੀ ਦਾ ਸ਼ਿਕਾਰ ਕੀਤਾ।

67. ਚਾਰ ਅਸਜਾਦ

ਜੋ ਵਿਖਦੀ ਨਈਂ ਬਸ ਵਗਦੀ ਏ, ਪਹਾੜਾਂ, ਰੁੱਖਾਂ, ਟਿੱਬਿਆਂ ਤੋਂ ਲੰਘ, ਇੱਕ ਸ਼ੈਅ ਪਿੰਡੇ ਨਾਲ ਲੱਗਦੀ ਏ, ਬਰਫ਼, ਰੇਤੇ ਨੂੰ ਨਾਲ ਲੈ ਲੈ ਉੱਡਦੀ, ਫ਼ਿਕਰ ਜੀਹਨੂੰ ਸਾਹ ਰਗ ਦੀ ਏ, ਇੱਕ ਜੋ ਜਵਾਲਾਮੁਖੀ ਸਾਂਭ ਰੱਖੀ, ਇੱਕ ਓ ਜੋ ਢਿੱਡ ਵਿੱਚ ਲੱਗਦੀ ਏ, ਇੱਕ ਜੋ ਸਾੜਕੇ ਸੁਆਹ ਕਰ ਦੇਵੇ, ਇੱਕ ਜੋ ਬੰਦੇ ਦਾ ਸਫ਼ਰ ਮੁਕਾਵੇ, ਗਰਮ ਤਾਸੀਰ ਓਸ ਅੱਗ ਦੀ ਏ, ਦਰਿਆਵਾਂ ਥਾਣੀ ਵਹਿਣ ਵਾਲਾ, ਸਮੁੰਦਰਾਂ ਵਿੱਚ ਜਾ ਟਿਕ ਬਹਿੰਦਾ, ਤੁਪਕਿਆਂ ਰਾਹੀਂ ਤ੍ਰਿਪਕਦਾ ਏ, ਦਰਦ ਬਣ ਅੱਖਾਂ ਵਿੱਚ ਚੁੱਪ ਬੈਠੇ, ਏਹ ਹੈਸੀਅਤ ਪਾਣੀ ਦੀ ਲੱਗਦੀ ਏ, ਹਵਾ, ਅੱਗ, ਪਾਣੀ ਵਿੱਚ ਜੋ ਵਸੇ, ਪੈਰਾਂ ਥੱਲੇ ਰਹਿ ਕੇ ਵੀ ਉੱਪਰ ਰਹੇ, ਕਿਣਕਿਆਂ ਵਿੱਚ ਮੌਜੂਦਗੀਆਂ ਨੇ, ਜੋ ਹਰ ਇੱਕ ਦੇ ਤਨ ਨੂੰ ਜਾ ਲੱਗੇ, ਏਹ ਹਸਰਤ ਮਿੱਟੀ ਦੀ ਲੱਗਦੀ ਏ।

68. ਆਬ ਪਾਸ਼ੀ

" ਉਸ ਭੌਂ ਨੂੰ, ਕਿਰਸਾਣੀ ਨੇ ਸ਼ਿੰਗਾਰ ਦਿੱਤਾ, ਪੂਲੇ, ਜੰਡ, ਫਲਾਈਆਂ ਦਾ ਗੜ੍ਹ ਸੀ ਜੋ, ਤਪਦੀ ਖ਼ਾਕ ਨੇ, ਜਿੱਥੇ ਸੋਖੇ ਨੀਰ ਠੰਡੇ, ਬੰਜ਼ਰ ਵਾਹਣ ਉਹ ਫ਼ਸਲਾਂ ਨਾਲ ਭਰ ਗਏ, ਮੁਰਗੇ ਦੀਆਂ ਬਾਂਗਾਂ ਨੇ ਜਿੱਥੇ ਸੋ਼ਰ ਪਾਏ, ਪ੍ਰਭਾਤ ਵੇਲੇ, ਬੈਲਾਂ ਨੇ ਜਿੱਥੇ ਜ਼ੋਰ ਲਾਏ, ਤ੍ਰਿਕਾਲਾਂ ਪੈਂਦੀਆਂ ਤੋਂ, ਜਿਹੜੇ ਘਰ ਗਏ, ਸੁਰਾਖ਼ ਮਾਰਕੇ ਧਰਤੀ ਦੀ ਹਿੱਕ ਚੋਂ, ਹਰੀ ਕ੍ਰਾਂਤੀ ਸ਼ੋਖ ਗਈ ਜੀਹਨੂੰ, ਪਹਿਲਾਂ ਪਾਣੀ ਜੀਉ ਹੈ, ਸੁਣਿਆ, ਜੋ ਖ਼ਾਲੀ ਪੱਤਣਾਂ ਤੱਕ ਕਰ ਗਏ, ਜਿਸ ਮਿੱਟੀ ਵਿੱਚ ਹਲ ਨਾਨਕ ਦਾ, ਏਕੁ ਉਕਾਂਰ ਨਾਲ ਚੱਲਦਾ ਗਿਆ, ਓਸ ਨੂੰ ਹੁਣ ਤੱਕ ਵਹਿੰਦੇ ਪਾਣੀ, ਸਿੰਜ ਸਿੰਜ ਖੇਤੀ ਕਰ ਗਏ।

69. ਇਲਹਾਮ

ਦਿਲ ਦੀਆਂ ਪਰਤਾਂ ਚੋਂ ਨਿਕਲੀ, ਗੱਲ ਦਿਲ ਵਿੱਚ ਰਹਿੰਦੀ ਨਈਂ, ਚੰਗੀ ਹੋਵੇ, ਚਾਹੇ ਹੋਵੇ ਮੰਦੀ ਗੱਲ, ਅੰਦਰੋਂ ਅੰਦਰੀ ਛਿਪ ਬਹਿੰਦੀ ਨਈਂ, ਫੁੱਟਦੀ ਐ ਜ਼ੁਬਾਨ ਨੂੰ ਨਾਲ ਲੈ ਕੇ, ਲਹਿਜ਼ੇ ਚੋਂ ਕਦੇ ਗੱਲ ਲਹਿੰਦੀ ਨਈਂ, ਏਹ ਤਾਂ ਹੈ ਜਿਹਨ 'ਚ ਵਗਦੀ ਹਵਾ, ਜੋ ਨਾਲ ਦਿਮਾਗਾਂ ਦੇ ਖਹਿਦੀਂ ਨਈਂ, ਇਲਹਾਮ ਹੁੰਦੀ ਜੋ ਸਮਝ ਬਖਸ਼ਦੀ, ਗੱਲ ਬੇਤਰਤੀਬੀ ਪੱਲੇ ਪੈਂਦੀ ਨਈਂ।

70. ਅੱਧੇ ਬੂਹੇ ਅੱਧੀ ਬਾਰੀ

ਅਕਸਰ ਹੀ ਖੁੱਲ੍ਹੇ ਰਹਿ ਜਾਂਦੇ, ਅੱਧੇ ਬੂਹੇ ਅੱਧੀ ਬਾਰੀ, ਮੇਰੇ ਮਨ ਅੰਦਰ ਬੈਠੀ, ਇੱਕ ਯਾਦ ਸਾਰੀ ਦੀ ਸਾਰੀ, ਕੋਈ ਆਣ ਬੂਹਾ ਖੜਕਾਉਂਦਾ, ਜਿਸਮ ਦਾ ਵਾਰੋ ਵਾਰੀ, ਸੋਚਾਂ ਦੇ ਤਖ਼ਤੇ, ਤਖ਼ਤੀਆਂ, ਮੇਰੀ ਤੱਕਦੇ ਦੁਨੀਆਦਾਰੀ। ਦਿਲ ਦੀਆਂ ਸ਼ਤੀਰਾਂ ਤੇ, ਛੱਤ ਪਾਈ ਹੋਈ ਏ ਰੀਝਾਂ ਦੀ, ਡੂੰਘੇ ਜਜ਼ਬਾਤਾਂ ਦੀ, ਦਿਨ ਰਾਤ ਕਰਦਾ ਰਹਾਂ ਉਸਾਰੀ, ਕੁਝ ਲੱਭ ਜਾਂਦਾ ਕੁਝ ਖੋਹ ਜਾਂਦਾ, ਤਕਰੀਰਾਂ ਕਰਦੇ ਤੋਂ, ਪਤਾ ਨੀ ਕਿੰਨੀ ਕੁ ਹਿੱਸੇ, ਕਾਗਜ਼ ਕਲਮ ਦੀ ਹਿੱਸੇਦਾਰੀ, ਹਰਫ਼ਾਂ ਦੀ ਰੌਸ਼ਨੀ ਦਾ, ਬਲਬ ਜਗਦਾ ਮੱਧਮ ਮੱਧਮ, ਚਾਨਣ ਕਰਦਾ ਚਾਰ ਚੁਫੇਰੇ, ਕਦੇ ਬੁਝੇ ਰਾਤ ਭਰ ਸਾਰੀ।

71. ਦਿਲਾਂ ਦੇ ਰਾਹ

ਦਿਲਾਂ ਦੇ ਰਾਹ ਕਦੇ ਵੀ ਤੰਗ ਨਾ ਰੱਖੀਂ, ਸੁਭਾਅ ਦੇ ਤੌਰ ਤਰੀਕੇ ਨੰਗ ਨਾ ਰੱਖੀਂ, ਖ਼ਰਚ ਦੇਵੀਂ ਹਸਰਤ ਜੈਸੀ ਵੈਸੀ ਵੀ ਏ, ਤੂੰ ਜੇਬਾਂ ਵੱਲ ਝਾਕਣ ਦੇ ਢੰਗ ਨਾ ਰੱਖੀਂ, ਖੂਹਾਂ ਦੇ ਪਾਣੀ ਵਾਂਗੂੰ ਮਿੱਠੇ ਬੋਲ ਬੋਲੀਂ, ਅੱਲ੍ਹਾ ਦੇ ਬਾਸ਼ਿੰਦੇ ਜਿਹਨ ਮਲੰਗ ਰੱਖੀਂ, ਚਾਲ 'ਚ ਰੱਖੀ ਨਿਮਰਤਾ, ਅਣਖ਼ ਦੋਵੇਂ, ਮਿੱਤਰਾਂ ਐਵੇਂ ਥਾਉਂ ਥਾਈਂ ਜੰਗ ਨਾ ਰੱਖੀ, ਗਲੇ ਨੂੰ ਰੱਖੀਂ, ਦੁਨੀਆਂ 'ਚ ਤਰ ਕਰਕੇ, ਧੂੰਏਂ ਦੇ ਸ਼ੌਕੀਨ ਵਾਂਗੂੰ, ਬੋਲਾਂ 'ਚ ਖੰਗ ਨਾ ਰੱਖੀਂ, ਤਖ਼ਤ ਹਜ਼ਾਰੇ ਤੇਰੇ ਮੀਆਂ, ਤੈਨੂੰ ਭੁੱਲਦੇ ਨੀ, ਤੂੰ ਵੀ ਬਹੁਤਾ ਚਿੱਤ ਵਿੱਚ ਝੰਗ ਨਾ ਰੱਖੀਂ।

72. ਲੁਤਫ਼ ਦਰਦਾਂ ਦੇ

ਤਾਉਮਰ ਨਾਲ ਨਾਲ ਰਹਿੰਦੇ ਲੁਤਫ਼ ਦਰਦਾਂ ਦੇ, ਨਿਸ਼ਾਨ ਜਾਂਦੇ ਨਈਂ, ਜ਼ਿੰਦਗੀ ਚੋਂ ਬੇਦਰਦਾਂ ਦੇ, ਮਾਪ ਤੋਲ ਕੇ, ਜਿੰਨਾਂ ਨੇ ਤਕਸੀਮਾਂ ਲਾਈਆਂ ਨੇ, ਪੰਨੇਂ ਉਲ਼ਟ ਉਲ਼ਟ ਮੂਹਰੇ ਆਉਂਦੇ ਨੇ ਫ਼ਰਦਾਂ ਦੇ, ਸ਼ਾਮਿਲ ਹੋਕੇ ਜਿੰਨਾਂ, ਮਹਿਫ਼ਲ ਦੀ ਸ਼ਾਨ ਦੇਖੀ, ਵੇਖ ਹੀ ਰਿਹਾ ਨਜ਼ਰੀਏ ਬਦਲੇ ਹਮਦਰਦਾਂ ਦੇ, ਜਾਂਦੀ ਨੀ ਸਭ ਕੁਝ ਨਿਸ਼ਾਵਰ ਕਰਨ ਦੀ ਆਦਤ, ਬਦਲੇ 'ਚ ਦੇ ਜਾਂਦੇ ਨੇ ਧੂੜ, ਧੱਫੇ, ਗੱਫ਼ੇ ਗਰਦਾਂ ਦੇ, ਨਿਚੋੜ ਖ਼ਿਆਲੋਂ ਲੈਣ, ਜੋ ਤਰਕੀਬਾਂ ਤੇ ਤਰਮੀਮਾਂ, ਯੋਗਦਾਨ ਨੀ ਭੁੱਲਦੇ ਮੀਆਂ, ਐਸੇ ਖ਼ੁਦਗ਼ਰਜਾਂ ਦੇ।

73. ਬਸ਼ਰੀਯਤ

ਕਿਉਂ ਨੀ ਸ਼ਾਮਿਲ ਹੁੰਦਾ ਵਿੱਚ ਗ਼ਰੀਬਾਂ ਦੇ, ਜ਼ਿੰਦਗੀ ਹੱਸਣ ਲਾਉਂਦੇ ਉਨਸ ਹਬੀਬਾਂ ਦੇ, ਪੱਕੇ ਹੱਥ ਪਏ ਕੱਚੀਆਂ ਕੰਧਾਂ ਵਾਲਿਆਂ ਦੇ, ਖ਼ਬਰਾਂ 'ਚ ਆਉਂਦੇ ਨੀ ਝੰਬੇਂ ਜੋ ਸਲੀਬਾਂ ਦੇ, ਸੋਹਣੀ ਸ਼ਕਲ ਨੂੰ ਫ਼ੁਰਸਤ ਨੀ ਤਸਵੀਰਾਂ ਤੋਂ, ਕੋਈ ‌ਟਾਵਾਂ ਟਾਵਾਂ ਲੈਂਦਾ ਦ੍ਰਿਸ਼ ਨਾਚੀਜਾਂ ਦੇ, ਜਿਹੜੀ ਅਸੀਸ ਉੱਠਦੀ ਆਪਣੇ ਦੇ ਦਿਲ ਚੋਂ, ਉਹ ਨੀ ਉੱਠਦੀ ਜਿਹਨ ਚੋਂ ਕਦੇ ਰਕੀਬਾਂ ਦੇ, ਸਿੱਧ ਪੱਧਰਾ ਹੋਕੇ ਮਿਲਿਆ ਕਰ ਨੀਵਿਆਂ ਨੂੰ, ਹਮੇਸ਼ਾਂ ਘੁੰਮਦਾ ਰਹੀਂ ਨਾ ਵਿੱਚ ਤਰਤੀਬਾਂ ਦੇ, ਮੀਆਂ ਲੱਗ ਲੈਣ ਦੇ ਮਿੱਟੀ ਚਿੱਟੇ ਲਿਬਾਸਾਂ ਨੂੰ, ਮਿੱਟੀ ਹੀ ਹੋ ਜਾਣਾ ਮਖ਼ਮਲ ਦੀਆਂ ਕਮੀਜ਼ਾਂ ਨੇ।

74. ਬੰਦੋਬਸਤ

ਸਾਥੋਂ ਨੀ ਹੁੰਦੇ ਹਾਲਾਤਾਂ ਦੇ ਇੰਤਜ਼ਾਮ, ਰੱਬਾ ਤੂੰ ਹੀ ਕਰ ਦੇ ਕੋਈ ਬੰਦੋਬਸਤ, ਦੇਖ ਨਾ ਸਕਾਂ ਛਿਪਦੀ ਮਕਬੂਲੀਅਤ, ਆਉਂਦੇ ਖ਼ਾਬ ਅੱਜਕਲ੍ਹ ਹਾਦਸਾਗ੍ਰਸਤ, ਲੋਕਾਈ ਦੇ ਦਿਲਾਂ ਵਿੱਚ ਉਤਰਨਾ ਸੀ, ਝਿਜਕ ਦੀ ਬੇੜੀ ਨੇ ਕੀਤਾ ਮੈਨੂੰ ਪਸਤ, ਗੁੰਝਲਾਂ ਨੂੰ ਸੁਲਝਾਦੇ ਮਹਿਰਮ ਮੇਰਿਆ, ਖੁਸ਼ਨੁਮਾ ਕਰਦੇ ਜ਼ਿੰਦਗੀ ਮਸਤੋ ਮਸਤ, ਰੱਖੀਂ ਨਾ ਅਨਦੋਹਾਂ ਵਿੱਚ ਮੁਸਾਫ਼ਿਰ ਨੂੰ, ਏਸ ਬਰਖ਼ੁਰਦਾਰ ਦਾ ਕਰ ਕੋਈ ਬੰਦੋਬਸਤ।

75. ਸਾਬਿਤ ਕਦਮ

ਪੱਕੇ ਕਦਮੀਂ ਚੱਲਣ ਵਾਲੇ ਥੋੜੇ ਮਿਲਣਗੇ, ਬੜੇ ਰਫ਼ਤਾਰਾਂ 'ਚ ਦੌੜਦੇ ਘੋੜੇ ਮਿਲਣਗੇ, ਸਬਰ ਸੰਤੋਖ ਹਰ ਕਿਸੇ ਦੇ ਹਿੱਸੇ ਨੀ ਹੁੰਦੇ, ਕਾਹਲ਼ੇ ਬੰਦੇ ਮੰਜ਼ਿਲਾਂ ਤੋਂ ਮੋੜੇ ਮਿਲਣਗੇ, ਜਿਹੜੇ ਤਾਰੇ ਜਗਣਾ ਛੱਡ ਗਏ ਅੰਬਰ ਤੇ, ਓਹੀ ਤਾਰੇ ਅਸਮਾਨ ਵੱਲੋਂ ਤੋੜੇ ਮਿਲਣਗੇ, ਕਦਮ ਕਦਮ ਦੀ ਕੀਮਤ ਜਿੰਨਾ ਯਾਦ ਰੱਖੀਂ, ਸਫ਼ਰ ਤਜ਼ਰਬੇ ਉਨ੍ਹਾਂ ਕੋਲ ਨਚੋੜੇ ਮਿਲਣਗੇ, ਸਾਬਿਤ ਕਦਮ ਉਹ ਨਿਰਮਾਣ ਸ਼ਖਸ ਹੁੰਦੇ, ਹੱਥ ਜਿੰਨਾਂ ਅੱਗੇ ਜੇਤੂਆਂ ਦੇ ਜੋੜੇ ਮਿਲਣਗੇ।

76. ਜਾਹ-ਓ-ਜਲਾਲ

ਵੇਖਕੇ ਅਣਡਿੱਠ ਹੁੰਦਾ ਨੀਂ, ਬੀਬਾ ਅਕਸ ਤੇਰਾ, ਚਿਰਾਂ ਦੀ ਗੁਫ਼ਤਗੂ ਪਿੱਛੋਂ, ਬਣਿਆ ਨਕਸ਼ ਤੇਰਾ, ਅੱਖਾਂ 'ਚ ਨੀਝਾਂ ਤੇਰੇ ਤਾਂ ਲਵਰੇਜ ਦਮਕਦੀਆਂ ਨੇ, ਕਾਇਲ ਕਿਉਂ ਨਾ ਹੋਵੇ, ਏਹ ਪਾਗਲ ਸ਼ਖਸ ਤੇਰਾ, ਬਰਫ਼ਾਂ ਨੂੰ ਵੀ ਮਾਤ ਪਾ ਛੱਡਦਾ ਏ ਹਾਸਾ ਹੱਸਿਆ, ਗੌਹ ਨਾਲ ਤੈਨੂੰ ਤੱਕਣ ਦੀ ਅੱਲ੍ਹਾ ਦੇਵੇ ਬਖ਼ਸ਼ ਕੇਰਾਂ, ਅੱਪੜ ਜਾਂਵਾਂਗੇ ਜੇ ਤੇਰੇ ਦਿਲ ਦੀ ਵਾਟ ਲੰਬੇਰੀ ਏ, ਚਾਹਤ ਬਣਾਉਣਾ ਹੱਠ ਸਾਡੀ, ਪਾ ਲੈਣਾ ਲਕਸ਼ ਮੇਰਾ, ਜਾਹ-ਓ-ਜਲਾਲ ਦੀ ਝਲਕ, ਜਿਉਂ ਸੂਰਜ ਦਾ ਫੁੱਟਣਾ, ਸ਼ੀਸ਼ੇ ਦੀਆਂ ਲਿਸ਼ਕੋਰਾਂ ਵਰਗਾ, ਬੀਬਾ ਜੀ ਨਕਸ਼ ਤੇਰਾ।

77. ਦਰਬਦਰ

ਕੈਸੇ ਇਸ਼ਕ 'ਚ ਦਰਬਦਰ ਫ਼ਿਰਦੇ ਆਸ਼ਿਕ, ਠੇਡੇ ਖਾ-ਖਾ ਕੇ ਮੂੰਹ ਪਰਨੇ ਗਿਰਦੇ ਆਸ਼ਿਕ, ਖੋਰ ਲੈਣ ਰੂਹਾਂ ਹਵਸ ਦੀਆਂ ਲਹਿਰਾਂ ਨਾਲ, ਬੇ ਮੁਰੱਬਤ ਅੰਦਰੋਂ ਅੰਦਰੀ ਚਿੜਦੇ ਆਸ਼ਿਕ, ਮੋੜ ਮੋੜ ਵੇਖੇ ਕਰਦੇ ਬਦਫ਼ੈਲੀ ਗਲ਼ੀ ਗਲ਼ੀ, ਕਦੀਂ ਤਾਉਮਰ ਤੱਕ ਨਾ ਸੀ ਭਿੜਦੇ ਆਸ਼ਿਕ, ਇੱਕ ਦੋ ਝਾਕੇ ਕਾਫ਼ੀ ਨੇ ਕਿਸੇ ਦੀ ਚਾਹਤ ਨੂੰ, ਕਿਸੇ ਵੇਲੇ ਸੌਖੇ ਨਹੀਂ ਸਨ ਛਿੜਦੇ ਆਸ਼ਿਕ, ਜਦ ਅੱਜ ਦੇ ਜ਼ਮਾਨੇ ਮੁਹੱਬਤ ਉੱਤੇ ਭੀੜ ਬਣੇ, ਤੂਤ ਦੇ ਪੱਤਿਆਂ ਵਾਂਗੂੰ ਦੇਖੇ ਕਿਰਦੇ ਆਸ਼ਿਕ, ਬਹੁਤਾ ਵਾਕਫ਼ ਨਈਂ ਹਾਂ ਇਸ਼ਕ ਮਜਾਜ਼ੀ ਤੋਂ, ਐਪਰ ਬੇਵਫ਼ਾ ਹੁੰਦੇ ਆਏ ਚਿਰਦੇ ਆਸ਼ਿਕ।

78. ਚਸ਼ਮ-ਓ-ਚਿਰਾਗ

ਹੇ ਨਾਨਕ ਚਸ਼ਮ-ਓ-ਚਿਰਾਗ ਸਤਿਗੁਰ, ਬਸ਼ਰ 'ਚ ਤੇਰੇ ਲਈ ਵੈਰਾਗ ਸਤਿਗੁਰ, ਅਸਾਤੀਰ ਬਣਜੇ ਕੋਈ ਏਸ ਨਿਮਾਣੇ ਦਾ, ਤੇਰੇ ਹੱਥ ਕਲਮਾਂ ਦਾ ਸ਼ਿੰਗਾਰ ਸਤਿਗੁਰ, ਬਖ਼ਸ਼ਿਸ਼ ਕਰ ਕੇ ਹਰ ਦਿਲ ਨੂੰ ਲਿਖ ਛੱਡਾਂ, ਹਰ ਹਾਲ ਦਾ ਬਣਾਦੇ ਹੱਕਦਾਰ ਸਤਿਗੁਰ, ਖੇੜਿਆਂ 'ਚ ਨੱਚਦੇ ਫਿਰਨ ਅਲਫ਼ਾਜ਼ ਮੇਰੇ, ਹਰਫ਼ਾਂ ਨੂੰ ਦੁਆਵੀਂ ਸਤਿਕਾਰ ਸਤਿਗੁਰ, ਰਹਿਮ ਬਣਕੇ ਵੱਜਣ ਤੁਕਾਂ ਦੇ ਅਸਤਰ, ਪੜ ਪੜ ਦਾਦ ਦੇਣ ਬਰਖ਼ੁਰਦਾਰ ਸਤਿਗੁਰ, ਨਾ ਸੋਚੋਂ ਅਪਾਹਿਜ, ਨਾ ਜ਼ੁਬਾਨੋਂ ਬਦਫ਼ੈਲ, ਸਿੱਧੇ ਸਾਧੇ ਉੱਕਰੇ, ਤੂੰ ਕਲਾਕਾਰ ਸਤਿਗੁਰ, ਪਹਾੜਾਂ ਵਰਗੇ ਹੋਣ, ਜਾਂ ਹੋਣ ਮੈਦਾਨਾਂ ਜਹੇ, ਆਕੇ ਝੁਕ ਜਾਣ ਤੇਰੇ ਦਰਬਾਰ ਸਤਿਗੁਰ।

79. ਰੱਬ ਵੱਲ ਨੂੰ

ਮੱਤ ਦਾ ਸੰਗਮਰਮਰ ਚਮਕਾਈ ਰੱਖੀਂ, ਇੱਜਤਾਂ ਦਾ ਕੁਤਬ ਖੜਾਈ ਰੱਖੀਂ, ਪਾਪਾਂ ਦਾ ਔਰੰਗਜ਼ੇਬ ਰਹਿਣ ਨਾ ਦੇਈਂ, ਸਾਡੇ 'ਚ ਪੁੰਨ ਦੇ ਫ਼ੱਕਰ ਜਗਾਈ ਰੱਖੀਂ, ਵਾੜ ਕਰੀਂ ਸਾਡੇ ਮਾਣ ਸਨਮਾਨ ਉੱਤੇ, ਆਪਣਿਆਂ ਕੋਲੋਂ ਵਾੜ ਬਚਾਈਂ ਰੱਖੀਂ, ਖੜਵੰਜੇਂ ਵਿਛਾਈਂ ਜੀਭ ਦੇ ਇਕਰਾਰ ਤੇ, ਕਹਿਣੀ ਕਰਨੀ ਦਾ ਪਾਤਰ ਬਣਾਈ ਰੱਖੀਂ, ਮੁਹੱਬਤ ਹੈ ਸਾਡੀ ਜ਼ਿੰਦਗੀ ਦੀ ਸਲਤਨਤ, ਨਫ਼ਰਤਾਂ ਦੇ ਕਿਲ੍ਹਿਆਂ ਨੂੰ ਜਿੱਤਾਈ ਰੱਖੀਂ, ਵੱਸ ਦੀ ਗੱਲ ਨਈਂ, ਸ਼ੇਖਚਿੱਲੀ ਬਣ ਤੁਰਨਾ , ਘੜੇ ਦੀ ਥਾਂ ਸਾਡੇ ਸਿਰ ਤੇ ਹੱਥ ਟਿਕਾਈ ਰੱਖੀਂ।

80. ਹਮਾਕਤ

ਜੋੜਨ ਦੀ ਕਰਦੇ ਆ, ਮੋੜਨ ਦੀ ਨਈਂ ਕਰਦੇ, ਪਤਾ ਦਿਲ ਨਰਮ ਸ਼ੈਅ, ਹਮਾਕਤ ਤੋੜਨ ਦੀ ਨਈਂ ਕਰਦੇ, ਐਵੇਂ ਜਾ ਜਾ ਕੇ ਨੀ ਬਹਿੰਦੇ, ਸ਼ੋਰ ਸ਼ਰਾਬਿਆਂ 'ਚ, ਗਲਾਸਾਂ 'ਚ ਭਰਕੇ ਸ਼ਰਾਬਾਂ, ਰੋੜਨ ਦੀ ਨਈਂ ਕਰਦੇ, ਕਿਨਾਰਿਆਂ ਕੋਲੇ ਬਹਿਕੇ, ਉਹਨਾਂ ਦਾ ਹਾਲ ਵੰਡਾਈਏ, ਛੱਲਾਂ ਨਾਲ ਮਿਲੀਭੁਗਤ ਕਰਕੇ, ਖੋਰਨ ਦੀ ਨਈਂ ਕਰਦੇ, ਕੋਸ਼ਿਸ਼ ਹੈਂ ਸਾਡੀ, ਹਨੇਰਿਆਂ 'ਚ ਜਾਗਾਂਗੇ ਲਾਲਟੈਣਾਂ ਬਣ, ਲੱਗਕੇ ਸਵੇਰਿਆਂ ਪਿੱਛੇ, ਲਾਲਟੈਣਾਂ ਫੋੜਨ ਦੀ ਨਈਂ ਕਰਦੇ, ਜੋੜਨ ਦੀ ਕਰਦੇ ਆ, ਮੋੜਨ ਦੀ ਨਈਂ ਕਰਦੇ, ਪਤਾ ਦਿਲ ਨਰਮ ਸ਼ੈਅ, ਹਮਾਕਤ ਤੋੜਨ ਦੀ ਨਈਂ ਕਰਦੇ।

81. ਹਾਦਸਾਗ੍ਰਸਤ

ਮੇਰੇ ਦਿਲ ਨਾਲ ਰੋਜ਼ਾਨਾ ਹੀ ਹੋ ਜਾਂਦਾ ਹਾਦਸਾ, ਸਮਾਂ ਇੱਕ ਨਾ ਬੇਵਕਤ ਹੀ ਹੋ ਜਾਂਦਾ ਹਾਦਸਾ, ਅਕਸਰ ਵਿਹਲੇ ਵਿਹਲੇ ਪਲ ਸ਼ਿਕਾਰ ਹੁੰਦੇ ਨੇ, ਕਦੇ ਮਸਰੂਫ਼ ਵੇਲੇ ਤੱਕ ਨਹੀਉਂ ਜਾਂਦਾ ਹਾਦਸਾ, ਦੋ ਫਾੜ ਕਰਕੇ ਲੰਘੇ ਸਬਰ ਸੰਤੋਖ ਮੇਰੇ, ਬਿਨ੍ਹਾਂ ਜ਼ਖ਼ਮ ਉਧੇੜੇ ਨਹੀਉਂ ਜਾਂਦਾ ਹਾਦਸਾ, ਥਾਂ ਨਹੀਉਂ ਵੇਂਹਦਾ, ਧੁੱਪ ਛਾਂ ਨਹੀਉਂ ਵੇਂਹਦਾ, ਮੈਨੂੰ ਛੂਹੇ ਤੋਂ ਵਗੈਰ ਨਹੀਉਂ ਜਾਂਦਾ ਹਾਦਸਾ, ਪ੍ਰਭਾਤ ਤੋਂ ਤ੍ਰਿਕਾਲਾਂ, ਤ੍ਰਿਕਾਲਾਂ ਤੋਂ ਪ੍ਰਭਾਤ ਤੀਕ, ਅੱਖਾਂ ਨੂੰ ਰੁਆਏ ਬਿਨਾਂ ਨਹੀਉਂ ਜਾਂਦਾਂ ਹਾਦਸਾ, ਐਤਵਾਰ ਤੋਂ ਵਾਰ ਸ਼ਨੀ, ਸਾਰਦਾ ਨੀ ਆਏ ਬਿਨ, ਸੋਚ ਦੇ ਗਲਿਆਰਿਆਂ ਚੋਂ ਨੀ ਜਾਂਦਾ ਹਾਦਸਾ।

82. ਅਰਸ਼ ਦਾ ਤਾਰਾ

ਚਮਕਦਾ ਤਾਰਾ ਟੁੱਟੇਗਾ, ਅਰਸ਼ ਨੇ ਜਾਣਾ ਰਹਿ, ਟੁੱਟਣਾ ਜਿਸਦੀ ਕਿਸਮਤ, ਅਰਸ਼ ਨੇ ਜਾਣਾ ਕਹਿ, ਕੁਝ ਕੁ ਸਾਲ ਚਮਕੇਗਾ, ਜਾਹੋ ਜਲਾਲ 'ਚ ਪੂਰਾ, ਟੁੱਟ ਕੇ ਆਖਿਰ ਓਸਨੇ, ਇਕਾਂਤ 'ਚ ਜਾਣਾ ਬਹਿ, ਕੋਈ ਮੁਰਾਦਾਂ ਮੰਗੂ, ਤਾਰਿਆਂ ਦੀ ਅਖੀਰ ਦੇਖਕੇ, ਕੋਈ ਵਿਛੜੇ ਨੂੰ ਯਾਦ ਕਰੂ, ਅੱਖਾਂ 'ਚ ਪਾਣੀ ਲੈ, ਸੂਰਜ ਤੋਂ ਚਾਨਣ ਲੈਕੇ, ਜੋ ਰਾਤਾਂ ਰੁਸ਼ਨਾ ਗਿਆ, ਚੰਨ ਦੇ ਨੇੜੇ ਹੋਣ ਨੂੰ, ਗਿਆ ਆਫ਼ਤਾਬ ਨਾਲ ਖਹਿ, ਬੱਦਲਾਂ ਦੇ ਧੂੰਏਂ ਓਹਲੇ, ਅੱਖਾਂ ਨੂੰ ਜੋ ਦਿਸਿਆ ਨਾ, ਸਭ ਦੀ ਨਜ਼ਰੇ ਹੋਵਣ ਨੂੰ, ਗਿਆ ਤਪਸ਼ ਨੂੰ ਸਹਿ।

83. ਸ਼ਹਿਦ ਜਹੇ ਜ਼ਹਿਰ

ਸ਼ਹਿਦ ਵਰਗੇ ਨੂੰ ਜ਼ਹਿਰ ਟੱਕਰ ਗਏ, ਪਿੰਡਾਂ ਵਰਗੇ ਨੂੰ ਸ਼ਹਿਰ ਟੱਕਰ ਗਏ, ਅੰਦਾਜ਼ੇ ਲਾ ਲੈਣ ਪਾਣੀ 'ਚ ਕਿੰਨਾ ਮੈਂ, ਹੈਸੀਅਤ ਨਾਪਦੇ ਬੰਦੇ ਗ਼ੈਰ ਟੱਕਰ ਗਏ, ਯਾਰ ਬਣਾਕੇ ਮੈਂ ਕਦੇ ਬਗਾਵਤ ਕੀਤੀ ਨੀ, ਦੋਸਤਾਨੇ ਨੂੰ ਬੰਦੇ ਸਮਝੋਂ ਵਗੈਰ ਟੱਕਰ ਗਏ, ਪਤਾ ਨੀ ਐਡੀ ਕੀ ਗੁਸਤਾਖ਼ੀ ਕਰਦੇ ਆ, ਕਿੰਤੂ ਪ੍ਰੰਤੂ ਕਰਦੇ ਪੈਰ ਪੈਰ ਟੱਕਰ ਗਏ, ਕਰਦੇ ਨੇ ਬਦਫ਼ੈਲੀ ਆਸ ਨਹੀਂ ਜਿੰਨਾਂ ਤੋਂ, ਐਹੋ ਜਹੇ ਜਨਰਲ ਡਾਇਰ ਟੱਕਰ ਗਏ, ਸੁਣ ਸੁਣ ਜਿੰਨਾਂ ਨੂੰ, ਦਿਲ ਅਫ਼ਸੋਸ ਕਰੇ, ਬੋਲ ਕਬੋਲ ਕਰਦੇ ਟਟਵੈਰ ਟੱਕਰ ਗਏ।

84. ਜਿੰਦ ਜਾਨ

ਉਹ ਬੇਜਾਨ ਦੇ ਕਾਬਿਲ , ਨਾ ਹੀ ਮੈਂ ਜਿੰਦ ਬਣਿਆ, ਓਸਦੀ ਕਾਹਲ਼ੀ ਅੱਗੇ, ਸਾਥੋਂ ਨਾ ਗਿਆ ਬਿੰਦ ਬਣਿਆ, ਓਹਦੇ ਹਾਸਿਆਂ 'ਚ, ਸ਼ਮੂਲੀਅਤ ਮੇਰੀ ਨਾ ਰਹੀਂ, ਮੇਰੇ ਰੋਣਿਆਂ ਦਾ ਸਮਾਂ, ਪਤਾ ਨੀ ਕਿੰਝ ਬਣਿਆ, ਪੱਕੀਆਂ ਸੜਕਾਂ ਓਹਦੇ ਪੈਰਾਂ ਨੂੰ ਚੰਗੀਆਂ ਲੱਗੀਆਂ, ਕੱਚੇ ਰਾਹਾਂ ਦਾ ਸਫ਼ਰ, ਮੈਨੂੰ ਤਾਂ ਮੇਰਾ ਪਿੰਡ ਬਣਿਆ, ਐਥੋਂ ਚੱਕ ਕੇ ਦਿਲ ਨੂੰ, ਉੱਥੇ ਲਾ ਲਿਆ ਤਾਂ ਕੀ ਐ, ਕਦੇ ਕਦੇ ਮੈਂ ਓਹਦੀਆਂਂ ਪਲਕਾਂ ਨੂੰ, ਹਿੰਝ ਬਣਿਆ, ਪਤਾ ਓਹਦੇ ਦਿਲ ਦਾ ਮੈਨੂੰ, ਖਿੱਚ ਤਾਂ ਮੇਰੀ ਹੋਣੀ ਏ, ਰਿਸਦਾ ਹੋਵੇ ਜ਼ਖ਼ਮ ਕੋਈ, ਉਹਨੂੰ ਤਾਂ ਮੈਂ ਇੰਝ ਬਣਿਆ।

85. ਹੀਰੇ ਬੰਦੇ

ਬੇਵਜ੍ਹਾ ਕਿਸੇ ਨੂੰ ਜ਼ਿੰਦਗੀ ਚੋਂ ਕੱਢਿਆ ਨਾ ਕਰੋ, ਗੁਜ਼ਰ ਗਏ ਕਦੇ ਮੁੜਦੇ ਨੀ ਹੁੰਦੇ, ਪਹਾੜਾਂ ਜਹੇ ਕਿਰਦਾਰ ਨੂੰ ਧੱਕੇ ਨਾ ਮਾਰਿਉ, ਸਬਰ ਸੰਤੋਖ ਆਲੇ ਢਲਾਣਾਂ ਤੋਂ ਰੁੜ੍ਹਦੇ ਨੀ ਹੁੰਦੇ, ਸ਼ੀਸ਼ੇ ਦੀਆਂ ‌ਤਰੇੜਾਂ‌ ਹੀ ਨਹੀਂ ‌ਏਸ ਜਹਾਨ ਉੱਤੇ, ਟੁੱਟੇ ਦਿਲਾਂ ਚੋਂ ਅਹਿਸਾਸ ਵੀ ਜੁੜਦੇ ਨੀ ਹੁੰਦੇ, ਜਿੰਨਾਂ ਪੱਥਰਾਂ ਦੀ ਲਹਿਰਾਂ ਨਾਲ ਬਣਦੀ ਦਿਸੇ, ਉਹ ਕਿਨਾਰੇ ਖੋਰਿਆਂ ਤੋਂ ਖੁਰਦੇ ਨੀ ਹੁੰਦੇ, ਐਵੇਂ ਨੀ ਗੁੱਟੋਂ ਫੜ ਛੱਡੀਦੇ ਅਸੂਲੀ ਬੰਦੇ, ਜਣੇ ਖਣੇ ਨਾਲ ਜਿਹੜੇ ਤੁਰਦੇ ਨੀ ਹੁੰਦੇ, ਜਿੰਨਾਂ ਦੇ ਅੰਦਰ ਉੱਗਦੇ ਨੇ ਖਿਆਲ ਨਿੱਤ, ਮੀਆਂ ਸਾਬ੍ਹ ਉਹ ਸ਼ਖ਼ਸ ਕਦੇ ਝੁਰਦੇ ਨੀ ਹੁੰਦੇ।

86. ਮਾਵਾਂ ਦਾ ਹੋਣਾ

ਕਦੇ ਸਿਰਾਂ ਤੋਂ ਮਾਵਾਂ ਦਾ, ਹੱਥ ਨਾ ਖਿਸਕੇ, ਕੱਲਾ ਬਹਿਕੇ ਧੀ-ਪੁੱਤ, ਕੋਈ ਨਾ ਸਿਸਕੇ, ਦੁਆਵਾਂ ਦੀ ਆਵਾਜ਼ ਕਦੇ, ਬੰਦ ਨਾ ਹੋਵੇ, ਸੁੱਖ ਰਹੇ ਸਦਾ, ਕਿਤੇ ਦਰਦ ਨਾ ਲਿਸ਼ਕੇ, ਕੀ ਖ਼ੈਰਾਂ ਕੀ ਪੈਰਾਂ ਦੀ, ਤੁਕਬੰਦੀ ਕਰ ਦੇਵਾਂ, ਓਹਦੇ ਅੱਗੇ ਖ਼ੁਦਾ ਕਰੇਂਦਾ ਡਡੌਂਤ ਵਿਛਕੇ, ਚੱਲਦਾ ਰਹੇ ਕਾਰਵਾਂ ਮਾਵਾਂ ਤੇ ਛਾਵਾਂ ਦਾ, ਮੱਤ ਸਿਆਣੀ ਹੁੰਦੀ ਰਹੇ ਹੱਥਾਂ ਚੋਂ ਘਿਸਕੇ, ਜਿਸਦੇ ਮੋਹ ਦੀਆਂ ਲੀਰਾਂ ਜ਼ਖ਼ਮ ਲਵੇਟਣ, ਅੱਖੋਂ ਓਹਲੇ ਹੋਵੇ ਨਾ ਉਹ ਚਿਹਰਾ ਦਿਸਕੇ, ਜਿਸ ਹੱਥਾਂ ਨੇ ਲਾਹਿਆ ਲੰਗਰ ਟੱਬਰ ਦਾ, ਓਸਦੇ ਮੂੰਹੀਂ ਪੈਂਦਾ ਰਹੇ ਆਟਾ ਪਿਸ ਪਿਸਕੇ, ਜਿੰਨਾਂ ਘਰਾਂ ਤੋਂ ਮਾਵਾਂ ਦੀ ਰੌਸ਼ਨੀ ਕੂਚ ਕੀਤਾ, ਹੇਠ ਹਨੇਰੇ ਹੋ ਗਿਆ ਉਹ ਵੇਹੜਾ ਧਿਸਕੇ।

87. ਦੋ ਟੁੱਕ

ਚੌਂਕਾ 'ਚ ਲੱਗੇ ਥੋਡੇ ਬੈਨਰ ਤਾਂ ਹੈਨੀ, ਜਿਹੜੇ ਨਾਲ ਹਵਾਵਾਂ ਲਹਿ ਜਾ ਗੇ, ਸਾਡੇ ਜਿਸਮ 'ਚ ਖੂਨ ਸ਼ਹਾਦਤ ਦਾ, ਅਸੀਂ ਕਹੀ ਦੇ ਟੱਕ ਵਾਂਗੂੰ ਬਹਿ ਜਾ ਗੇ, ਆਰੇ, ਰੰਬੀਆਂ, ਤਵੀਆਂ ਪਰਖ਼ ਗੀਆਂ, ਏਹ ਨਾ ਸਮਝੀ ਢੇਰੀ ਵਾਂਗੂੰ ਢਹਿ ਜਾ ਗੇ, ਲੁੱਟਣ ਨੀ ਦਿੰਦੇ ‌ਜਮੀਨਾਂ, ਜ਼ਮੀਰਾਂ ਵਾਲੇ, ਬੰਦ ਬੰਦ ਕਟਾਕੇ ਵੀ, ਬਾਕੀ ਰਹਿ ਜਾ ਗੇ, ਹੋਸ਼ ਕਰ ਨਿਰਵੈਰ ਕੌਮ ਨਾਲ ਲਾਕੇ ਮੱਥਾ, ਹੋਣੀ ਬਣ ਹਕੂਮਤ ਦੇ ਨਾਲ ਖਹਿ ਜਾ ਗੇ, ਤੇਰੇ ਸ਼ੁਭਚਿੰਤਕ ਭਲਾ ਨੀ ਚਾਹੁੰਦੇ ਸਾਡਾ, ਥੋਡੇ ਮਨਸੂਬੇ ਤੋਂ ਪਾਣੀ ਵਾਂਗੂੰ ਵਹਿ ਜਾ ਗੇ, ਪੱਕੀਆਂ ਸੜਕਾਂ ਸਿਰਹਾਣੇ ਨੇ ਫੁੱਟਪਾਥਾਂ ਦੇ, ਸੇਜ ਵਿਛਾ ਚਾਹੇ ਸੂਲਾਂ ਦੀ, ਅਸੀਂ ਪੈ ਜਾ ਗੇ।

88. ਸਿੰਘ ਸਾਬ੍ਹ

ਉੱਠਕੇ ਆਇਆ ਹੜ੍ਹ ਲੋਕਾਂ ਦਾ, ਨੱਪ ਲਿਆ ਆਕੇ ਗੜ੍ਹ ਜੋਕਾਂ ਦਾ, ਚੜਦੀਕਲਾ 'ਚ ਕੌਮ ਗੁਰਾਂ ਦੀ, ਤੋੜ ਕੇ ਆ ਗਈ ਜਾਲ ਰੋਕਾਂ ਦਾ, ਸਬਰ ਸਹਿਜ ਦੇ ਵਿੱਚ ਲਪੇਟੇ, ਭੈਅ ਨਾ ਮੰਨਦੇ ਬਰੂਦ ਤੋਪਾਂ ਦਾ, ਸਹਿਕਦਿਆਂ ਨੂੰ ਮੱਲ੍ਹਮ ਲਾਉਂਦੇ, ਛਾਂਟ ਛਾਂਟ ਕੇ ਢੇਰ ਲੋਥਾਂ ਦਾ, ਨੀਵੀਂ ਕਰਕੇ ਧੌਣ ਨੀ ਮੁੜਦੇ, ਜੀਹਨੂੰ ਥਾਪੜਾ ਹੈ ਓਟਾਂ ਦਾ, ਉਹਨੂੰ ਦੱਸਦੇ ਕੀ ਹਰਾਉਣਾ, ਜੋ ਜਰਨੈਲ ਹੈ ਲੋਕ ਸੋਚਾਂ ਦਾ, ਕਾਹਨੂੰ ਬੋਲਾ ਹੋਇਐ ਹਾਕਮਾਂ, ਲੋਕਾਂ ਹੱਥ ਤੰਤਰ ਲੋਕ ਵੋਟਾਂ ਦਾ, ਜਿਸ ਨਸਲ ਨੂੰ ਛੇੜ ਲਿਆ ਤੂੰ, ਉਹ ਮੋੜੇ ਨੱਕ ਤੇਜ਼ ਨੋਕਾਂ ਦਾ।

89. ਜੈਸੇ ਵੀ ਨੇ

ਜੈਸੇ ਵੀ ਨੇ, ਦਿਨ ਜੈਸੇ ਵੀ ਨੇ, ਜੇਬਾਂ 'ਚ ਖਾਲੀਪਣ ਵੀ ਐ, ਜੇਬਾਂ 'ਚ ਥੋੜ੍ਹੇ ਪੈਸੇ ਵੀ ਨੇ, ਖਿਸਕਣਗੇ ਦੁੱਖ ਆਏ ਤੋਂ, ਕੁਝ ਤਾਂ ਯਾਰ ਐਸੇ ਵੀ ਨੇ, ਸੌਖੇ ਦਿਨਾਂ ਤੱਕ ਲੈ ਜਾਣਗੇ, ਅੱਗੇ ਪੈਂਡੇ ਚਾਹੇ ਕੈਸੇ ਵੀ ਨੇ।

90. ਕਦੇ ਕਦਾਈਂ

ਸਦਾ ਸਦਾ ਨਹੀਂ, ਕਦੇ ਕਦਾਈਂ ਹੁੰਦਾ, ਹਰ ਵਾਰ ਨਹੀਂ, ਸਮਾਂ ਸਹਾਈ ਹੁੰਦਾ, ਮੂੰਹ ਦੇ ਰੰਗ ਵੀ ਤਾਂ ਅਸਥਾਈ ਹੁੰਦੇ, ਮਾਰ ਪੈਂਦੀ 'ਚ ਜੋ ਥਾਉਂ ਥਾਈਂ ਹੁੰਦਾ, ਜਿਸ ਹਸਰਤ ਵਿੱਚ ਰੱਬ ਟੱਬ ਲੱਗੇ, ਐਸਾ ਦਸਤੂਰ ਵੀ ਦਿਨ ਢਾਈ ਹੁੰਦਾ।

91. ਤੀਰ ਜਹੀਆਂ

ਖ਼ਾਲੀ ਥਾਂਵਾਂ ਬੰਜ਼ਰ ਹੁੰਦੀਆਂ, ਜ਼ਮੀਨ ਹੋਵੇ ਚਾਹੇ ਦਿਲ ਹੋਵੇ, ਸੇਕ ਲੱਗੇ ਤੋਂ ਬੁੜਕ ਜਾਂਦੇ ਨੇ, ਸਬਰ ਹੋਵੇ ਚਾਹੇ ਖਿੱਲ ਹੋਵੇ, ਜੜ੍ਹਾਂ ਨੂੰ ਪੈ ਜਾਣ ਮਾੜੀਆਂ ਨੇ, ਖ਼ੁਸ਼ਕੀ ਹੋਵੇ ਚਾਹੇ ਸਿੱਲ ਹੋਵੇ, ਕਣਕ ਬਾਜਰਾ ਚੁੱਗਦੇ ਨੀ, ਬਾਜ਼ ਹੋਵੇ ਚਾਹੇ ਇੱਲ ਹੋਵੇ, ਬਹੁਤੀ ਛੱਡਣੀ ਚੰਗੀ ਨਹੀਂ, ਰੋਟੀ ਹੋਵੇ ਚਾਹੇ ਢਿੱਲ ਹੋਵੇ, ਮਾੜਾ ਸਮਾਂ ਢਾਹ ਦਿੰਦਾ ਏ, ਮਹਿਲ ਹੋਵੇ ਚਾਹੇ ਮਿੱਲ ਹੋਵੇ, ਲੰਘਣਾ ਦੁੱਭਰ ਕਰ ਦਿੰਦੀਆਂ, ਭੀੜ ਹੋਵੇ ਚਾਹੇ ਗਿੱਲ ਹੋਵੇ।

92. ਤੇਜ਼ਾਬ

ਮੋਹ ਵਿੱਚ ਭਿੱਜੀਆਂ ਤੰਦਾਂ ਨੂੰ, ਧੁੱਪੇ ਪਾ ਦਿੱਤਾ, ਖਿੜਦੇ ਛਿੜਦੇ ਜਜ਼ਬਾਤਾਂ ਨੂੰ, ਕਿਸ ਰੁੱਤੇ ਪਾ ਦਿੱਤਾ, ਤੇਜ਼ਾਬ ਵਾਂਗੂੰ ਇਲਜ਼ਾਮ ਤੁਸਾਂ, ਵਿਗੜੀ ਹੋਈ ਗੱਲਬਾਤ ਦਾ, ਮੇਰੇ ਉੱਤੇ ਪਾ ਦਿੱਤਾ।

93. ਆਨੰਦ

ਚਿਰਾਗ਼ਾਂ ਦੀ ਬੱਤੀ ਚੋਂ, ਨਿਕਲ਼ੇ ਖ਼ੁਸ਼ਬੋ, ਅੱਖਾਂ ਨੂੰ ਪਲੋਸੀ ਜਾਵੇ, ਮੰਨਤਾਂ ਦੀ ਲੋਅ, ਖ਼ੈਰੀਅਤ ਮੰਗਦੇ ਨੇ, ਸੱਜਣ ਪਿਆਰਿਆਂ ਦੀ, ਤੇਲ਼ ਸਰੋਂ ਦੇ ਚੋਂ ਜਗੇ, ਮੁਹੱਬਤਾਂ ਦਾ ਮੋਹ, ਹਥੇਲੀਆਂ ਤੇ ਲੱਗਿਆ, ਮੂੰਹ ਉੱਤੇ ਫੇਰਿਆ, ਦਰਵੇਸ਼ਾਂ ਨੂੰ ਮੰਨਾਈ ਜਾਵੇ, ਅਖੇ ਲਵੀਂ ਨਾ ਬਖ਼ਸ਼ ਕੇ ਖੋਹ।

94. ਪਹਿਲਾ ਬਾਬਾ

ਮਹਿਕ ਉੱਠੇ ਗੁਰਬਾਣੀ ਦੀ, ਨਾਨਕ ਜੀ ਤੇਰੀਆਂ ਦੇਗਾਂ ਚੋਂ, ਪੰਛੀ ਵਗਣਾ ਸਿੱਖਦੇ ਆਏ, ਮੂਲ ਮੰਤਰ ਦੇ ਵੇਗਾਂ ਚੋਂ, ਕੀੜਿਆਂ ਨੇ ਉੱਠਦਿਆਂ ਹੀ, ਭੌਣਾਂ ਚੋਂ ਆਕੇ ਵੇਖਿਆ, ਅੰਬਰ ਕਰੇ ਡਡੌਂਤ ਬਾਬਾ , ਵੈਰਾਗ ਨਿਕਲਦਾ ਮੇਘਾਂ ਚੋਂ, ਪ੍ਰਭਾਤ ਤੋਂ ਪਏ ਮਗਦੇ ਦੀਵੇ, ਘਰਾਂ ਦਾ ਚੀਰ ਹਨੇਰ ਗਏ, ਤੇਰੀਆਂ ਕਹੀਆਂ ਹੀ ਮਿਲੀਆਂ, ਹੁਣ ਤੱਕ ! ਬਾਬਾ ਨਵੇਂ ਪੁਰਾਣੇ ਵੇਦਾਂ ਚੋਂ।

95. ਖਿੜਦੇ ਜਜ਼ਬਾਤ

ਤ੍ਰਿਪਤ ਹੋ ਜਾਂਦਾ ਮਨ, ਦੱਸ ਹੋਵੇ ਵੀ ਕਿਉਂ ਨਾ, ਤੱਕਕੇ ਹੁਸਨ ਨਿਗ੍ਹਾ, ਖਲੋਵੇ ਵੀ ਕਿਉਂ ਨਾ, ਤੜਫ਼ ਦੇ ਸ਼ਤੀਰ ਤੇ, ਕੱਚੀ ਛੱਤ ਜੇਹਾ ਦਿਲ, ਚੋਵੇ ਵੀ ਕਿਉਂ ਨਾ, ਉੱਠਦੇ ਹੀ ਸਾਰ, ਸੁੱਚੀ ਅੱਖ ਚੋਂ ਦੀਦਾਰ, ਕਰਨ ਵਾਲਾ ਪਾਗ਼ਲ ਤੈਨੂੰ ਮੋਹਵੇ ਵੀ ਕਿਉਂ ਨਾ, ਅੱਖਾਂ ਮੀਟ ਲਵੇ ਜਿਹੜਾ, ਤੇਰੀ ਵੇਖ ਤਸਵੀਰ, ਤਾਉਮਰ ਤੈਨੂੰ ਜਿੰਦਗੀ 'ਚ, ਪਰੋਵੇ ਵੀ ਕਿਉਂ ਨਾ।

96. ਅੰਤਾਂ ਦੀ ਲੋੜ

ਲੀਰਾਂ ਦੇ ਵਿੱਚ ਪਿੰਡਾ ਲੁਕਿਆ, ਵਿੱਚ ਪਿੰਡੇ ਦੇ ਰੂਹ ਨੀ, ਰੂਹ ਵਿੱਚ ਲੁਕਿਆ ਚੇਤਾ ਤੇਰੇ, ਚੇਤੇ ਵਿੱਚ ਤੂੰ ਹੀ ਤੂੰ ਨੀ, ਤੇਰੇ ਵਿੱਚ ਤਾਂ ਸ਼ੀਸ਼ਾ ਦਿਲ ਹੈ, ਜਿਉਂ ਟੀਂਡੇ ਵਿੱਚ ਰੂੰ ਨੀ, ਰੂੰ ਵਿੱਚ ਛੁਪੇ ਨੇ ਧਾਗੇ ਕੱਚੇ, ਰੰਗਦੇ ਉਨ੍ਹਾਂ ਨੂੰ ਨੀ, ਮੇਟ ਲੈ ਹੱਦਾਂ ਬੰਨੇ ਸਾਰੇ, ਝਿਜਕਾਂ ਦੀ ਟੱਪਕੇ ਜੂਹ ਨੀ।

97. ਗੱਲਾਂ ਚੋਂ ਗੱਲ

ਸੂਰਜ ਤੋਂ ਧੁੱਪਾਂ ਖੋਹ ਨਹੀਂ ਸਕਦੇ, ਧੱਕੇ ਨਾਲ ਕਿਸੇ ਦੇ ਹੋ ਨਹੀਂ ਸਕਦੇ, ਜੇ ਦਿਲ ਮੰਨੂ ਗਾ ਤਾਂ ਸਿਸਕਾਗੇ, ਐਵੇਂ ਜ਼ਾਰੋ ਜਾਰ ਰੋ ਨਹੀਂ ਸਕਦੇ, ਹੁਣ ਤੱਕ ਜਿੱਥੇ ਮੱਤ ਮਿਲੀ ਨਾ , ਪਲ ਭਰ ਉੱਥੇ ਖਲੋਹ ਨਹੀਂ ਸਕਦੇ, ਪਾਣੀ ਨਾਲ਼ ਹੀ ਸਾਫ਼ ਹੋਣਗੀਆਂ, ਅੱਖਾਂ ਹੰਝੂਆਂ ਨਾਲ ਧੋ ਨਹੀਂ ਸਕਦੇ, ਆਦਤ ਨੂੰ ਛੱਡਣਾ ਇਉਂ ਹੋਇਆ ਔਖਾ, ਜਿਉਂ ਪਾਲ਼ੇ ਨੂੰ ਛੱਡ ਪੋਹ ਨਹੀਂ ਸਕਦੇ, ਕੀ ਕਿਸੇ ਨੂੰ ਆਪਾਂ ਮਹਿਕਣ ਲਾਈਏ, ਖ਼ੁਦ ਸਾਂਭ ਕੇ ਰੱਖ ਖੁਸ਼ਬੋ ਨਹੀਂ ਸਕਦੇ।

98. ਮਾਂ ਦਾ ਆਸਰਾ

ਤੇਰਾ ਸਾਡੇ ਤੇ ਛਾਅ ਜਾਣਾ, ਬੱਦਲਾਂ ਦੀ ਛਾਂ ਵਰਗਾ, ਤੇਰਾ ਆਸਰਾ ਨਹੀਂ ਮੈਨੂੰ, ਮੇਰੀ ਮਾਂ ਵਰਗਾ, ਪੁੱਛ ਕੇ ਵੇਖ ਉਹਨੂੰ ਜਿਹੜੀ ਵੇਖ ਵੇਖ ਜੀਵੇ, ਮਾਰੂਥਲ ਵਾਂਗੂੰ ਸਮਝ ਲਿਆ, ਮੁੰਡਾ ਪਹਾੜਾਂ ਦੀ ਥਾਂ ਵਰਗਾ।

99. ਆਪਾਂ ਦੋਏਂ

ਚੁੱਪ ਰਹੀਏ ਜਾਂ ਸ਼ੋਰ ਕਰੀਏ, ਇਹੋ ਕਰੀਏ ਜਾਂ ਹੋਰ ਕਰੀਏ, ਹੱਥਾਂ ਤੇ ਹੱਥ ਧਰਕੇ ਬੈਠੀਏ, ਜਾਂ ਕਾਗਜ਼ ਉੱਤੇ ਜ਼ੋਰ ਕਰੀਏ, ਗੁਲਾਬਾਂ ਨੂੰ ਗ਼ੁਲਾਬ ਰੱਖੀਏ, ਜਾਂ ਕੰਡਿਆਲੀ ਥੋਰ੍ਹ ਕਰੀਏ, ਪਿਆਰ ਨੂੰ ਦੇਈਏ ਭਿੱਜੇ ਛੋਲੇ, ਨਫ਼ਰਤ ਨੂੰ ਆ ਕਮਜ਼ੋਰ ਕਰੀਏ, ਨਰਮ ਰਵੱਈਆ ਰੱਖੀਏ ਦੋਵੇਂ, ਇਰਾਦੇ ਨੂੰ ਚੱਲ ਕਠੋਰ ਕਰੀਏ, ਝੂਮਣ ਲਾਈਏ ਅਹਿਸਾਸ ਆਪਾਂ, ਕੰਨਾਂ ਨੂੰ ਗੱਲਾਂ ਦੀ ਲੋਰ ਕਰੀਏ, ਚੱਲ ਮਿਣ ਦੇਈਏ ਅਸਮਾਨ ਨੂੰ, ਸੋਚਾਂ ਨੂੰ ਪਤੰਗਾਂ ਦੀ ਡੋਰ ਕਰੀਏ।

100. ਪੁਕਾਰ

ਉਧੜੇ ਪਹਿਰਾਵੇ ਸਿਉਣ ਤੋਂ ਸੱਖਣੇ, ਸਬਰ ਸੌਖੇ ਨਹੀਂ ਦਿਲ ਵਿੱਚ ਰੱਖਣੇ, ਪਏ ਮਨ ਦੀਆਂ ਅੱਖਾਂ ਨਾਲ ਝਾਕਦੇ, ਕਦ ਚੰਗੇ ਦੌਰ ਸਾਡੀ ਡਿਉਢੀ ਟੱਪਣੇ, ਕਦੋਂ ਤੱਕ ਰਹੂਗੀ ਬੁੱਲਾਂ ਤੇ ਸਿੱਕਰੀ, ਕਦ ਹਟਣਗੇ ਫ਼ਿਕਰ ਮੂੰਹਾਂ ਤੋਂ ਭਖਣੇ, ਹਾਸਿਲ ਕਰਨ ਦੀ ਤਾਂਘ ਕਦ ਮੁੱਕੇਗੀ, ਕਦ ਬੋਝ ਛੱਡਾਂਗੇ ਸਿਰ ਤੇ ਚੱਕਣੇ, ਕਦ ਮੂਹਰੇ ਲਾਵਾਂਗੇ ਵਕਤ ਬੁਰੇ ਨੂੰ, ਕਦ ਸਿੱਖਾਂਗੇ ਮੌਕੇ ਧੌਣ ਤੋਂ ਨੱਪਣੇ।

101. ਅੰਤ ਨੂੰ

ਕਦੇ ਸ਼ੀਸ਼ੇ ਵੱਲੇ ਵੇਖਦਾ, ਕਦੇ ਮੂੰਹਾਂ ਵੱਲੇ ਵੇਖਦਾ, ਸਭ ਝੁਰਨ ਤੇ ਲੱਗੀਆਂ, ਜਦ ਰੂਹਾਂ ਵੱਲੇ ਵੇਖਦਾ, ਜੇਹੜੇ ਕਦੇ ਪਿਆਸੇ ਦੀ, ਸਨ ਪਿਆਸ ਬੁਝਾਉਂਦੇ, ਖ਼ਾਲੀ ਹੋਗੇ ਮਸ਼ਕਾਂ ਵਾਂਗ, ਉਜੜੇ ਖੂਹਾਂ ਵੱਲੇ ਵੇਖਦਾ, ਜਿੰਨਾਂ ਤਖ਼ਤਾਂ ਤੇ ਢੁੱਕਦੇ ਸੀ, ਕਦੇ ਕਾਫ਼ਲੇ ਬਾਦਸ਼ਾਹਾਂ ਦੇ, ਸੁੰਨੀਆਂ ਹੋਈਆਂ ਆਲਣੇ ਵਾਂਗ, ਕਿਲ੍ਹੇ ਦੀਆਂ ਬਰੂਹਾਂ ਵੱਲੇ ਵੇਖਦਾ।

102. ਮਹਾਨ ਗੱਲ

ਜਿਹੜੀ ਗੱਲ ਮਹਾਨ ਹੋਵੇ, ਉਹ ਜਿਉਂਦੀ ਰਹੇ ਸਦਾ, ਬਾਹਰੋਂ ਚੰਮ ਸ਼ਿੰਗਾਰਨ ਨਾਲ਼ੋਂ, ਅੰਦਰਲਾ ਮਨੁੱਖ ਸਜਾ, ਢਲਦੇ ਵਾਂਗੂੰ ਢਲਦੀ ਜਾਵੇ, ਚੜਦੇ ਸੂਰਜ ਜਹੀ ਅਦਾ, ਦੁਨੀਆਂ ਹਲਕੇ 'ਚ ਲੈਂਦੀ ਆ, ਜ਼ਰਾ ਗੱਲਾਂ 'ਚ ਵਜ਼ਨ ਵਧਾ।

103. ਆਤਮ ਚਿੰਤਨ

ਸ਼ੀਸ਼ੇ 'ਚ ਝਾਕ ਕੇਰਾਂ, ਖੁਦ ਨੂੰ ਆਖ ਕੇਰਾਂ, ਕਿੰਨੀ ਕ ਦੁਆ ਖੱਟੀ, ਲਾਹਨਤ ਵੀ ਮਾਪ ਕੇਰਾਂ, ਕਿਹੜੇ ਮਨੋਂ ਲਹਿ ਗਿਆ, ਕਿੱਥੇ ਛੱਡੀ ਛਾਪ ਕੇਰਾਂ, ਕਿੰਨਿਆਂ ਦੀ ਸਜ਼ਾ ਬਾਕੀ, ਕਿੰਨੇ ਕੀਤੇ ਮਾਫ਼ ਕੇਰਾਂ, ਕਿਹੜਾ ਤੇਰਾ ਆਪਣਾ ਦੱਸਦੇ ਤੂੰ ਆਪ ਕੇਰਾਂ।

104. ਬਦਬਖਤ ਬੰਦੇ

ਚੰਗੇ ਦਿਨਾਂ ਦੇ ਪੱਤਣ ਨੀਵੇਂ ਕਰਤੇ, ਹੁਣ ਨਲਕਾ ਏਨਾਂ ਤੋਂ ਗੇੜਿਆ ਨੀ ਜਾਂਦਾ, ਏਹ ਲੋਕਾਂ ਦੇ ਰੌਲ਼ੇ ਕੀ ਨਬੇੜਨਗੇ, ਏਹਨਾਂ ਤੋਂ ਆਪਣਾ ਨਿਬੇੜਿਆ ਨੀ ਜਾਂਦਾ, ਦਿਨ ਢਲਦੇ ਨੂੰ ਨਵੀਂ ਰਾਜਨੀਤੀ ਛੇੜਦੇ ਆ, ਲੋਕਾਂ ਦਾ ਮੁੱਦਾ ਕੋਈ ਛੇੜਿਆ ਨੀ ਜਾਂਦਾ, ਤੋੜ ਏਹਨਾਂ ਨੂੰ ਅਹੁਦਿਆਂ ਦੀ, ਪੰਜਾਬ ਦੇ ਭਲੇ ਦੀ ਕਿਥੇ ਆ, ਸਾਥੋਂ ਵੀ ਤਾਂ ਏਹਨਾਂ ਇੱਜੜਾਂ ਲਈ, ਬੂਹਾ ਪਿੰਡਾਂ ਦਾ ਭੇੜਿਆ ਨੀ ਜਾਂਦਾ।

105. ਝਾਕ

ਅਸਤੀਫ਼ਾ ਜਿੰਨਾਂ ਨੂੰ ਸਾਹਾਂ ਨੇ ਦਿੱਤਾ, ਉਹ ਨੀ ਮੁੜ ਜਹਾਨੋਂ ਲੱਭੇ, ਉਹਨਾਂ ਦਾ ਕੋਈ ਵਜੂਦ ਰਿਹਾ ਨੀ, ਜਿਹੜੇ ਘੇਰਾ ਰੱਖਦੇ ਸੀ ਸੱਜੇ ਖੱਬੇ, ਲਾਮ ਲਸ਼ਕਰ ਰੱਖ ਕੱਲੇ ਤੁਰਗੇ, ਐਥੇ ਹੀ ਛੱਡ ਗੇ ਨੋਟਾਂ ਦੇ ਥੱਬੇ, ਮੂੰਹ ਤੇ ਦਿਸੇ ਮੁਸਕਾਨ ਬਣਾਉਟੀ, ਚਰਿੱਤਰ ਕਦੇ ਨਾ ਰਹਿੰਦੇ ਦੱਬੇ, ਭਰ ਜੁਆਨੀ ਨੂੰ ਤਰਸਣ ਮੀਆਂ, ਹੋਈ ਉਮਰ ਜਿੰਨਾਂ ਦੀ ਅੱਸੀ ਨੱਬੇ।

106. ਬੇਵੱਸੀਆਂ

ਬੂਹਾ ਡਿਉਢੀ ਦਾ ਪਰਦੇ ਬਾਰੀਆਂ ਦੇ, ਬਣਦੇ ਗਵਾਹ ਨੀਂਦਾਂ ਸਾਰੀਆਂ ਦੇ, ਬਾਹੀਆਂ ਨੂੰ ਪਤਾ ਜਾ ਪਾਵਿਆਂ ਨੂੰ, ਸਕੂਨ 'ਚ ਕਿੰਨਾ ਤੜਫ 'ਚ ਕਿੰਨਾ, ਰੰਗ ਉੱਡੇ ਦਿਸਦੇ ਨੇ ਖੁਮਾਰੀਆਂ ਦੇ, ਕੰਧਾਂ ਕੌਲੇ ਵੇਖਣ ਆਉਣੇ ਜਾਣੇ ਮੇਰੇ, ਝਾਕੇ ਲੈਂਦੇ ਪਏ ਨੇ ਤਿਆਰੀਆਂ ਦੇ, ਛਾਲ ਲੰਬੀ ਐ ਸੁਫ਼ਨਿਆਂ ਦੀ, ਪਰ! ਨਾਗ ਵਲ਼ ਪੈਰਾਂ 'ਚ ਸ਼ਿਕਾਰੀਆਂ ਦੇ।

107. ਗੁਜ਼ਰੇ ਵਕਤ ਪਿੱਛੋਂ

ਕੋਠੇ ਤੇ ਬਹਿਕੇ ਤਾਰੇ ਗਿਣਾਂਗੇ ਪਲ ਭਰ ਦੇ ਨਜ਼ਾਰੇ ਗਿਣਾਂਗੇ, ਜਿਹਨਾਂ ਨੇ ਹੁਣ ਤੱਕ ਲਾਏ ਨੇ, ਸਣੇ ਤੋਹਮਤਾਂ ਲਾਰੇ ਗਿਣਾਂਗੇ, ਬੇਨਤੀਆਂ ਅਰਜ਼ੋਈਆਂ ਸੱਭੇ, ਚੱਲੇ ਨਾ ਜਿਹੜੇ ਚਾਰੇ ਗਿਣਾਂਗੇ, ਮੂੰਹੋਂ ਨਿਕਲੇ ਮਿੱਠੇ ਬੋਲ ਨੇ ਕਿੰਨੇ, ਜੁਬਾਨੋਂ ਥਿਰਕੇ ਜੋ ਖਾਰੇ ਗਿਣਾਂਗੇ, ਦੇ ਗਏ ਅਸਾਂ ਨੂੰ ਅੰਤਾਂ ਦੀ ਮੁਹੱਬਤ, ਦੇ ਗਏ ਅਸਾਂ ਨੂੰ ਅੰਤਾਂ ਦੀ ਨਫ਼ਰਤ, ਐਹੋ ਜਹੇ ਸ਼ਖਸ ਨਿਆਰੇ ਗਿਣਾਂਗੇ, ਇਜ਼ਹਾਰ ਤੋਂ ਪਹਿਲਾਂ ਕਰੇ ਸੀ ਜਿਹੜੇ, ਸੱਜਣਾਂ ਨਾਲ ਇਸ਼ਾਰੇ ਗਿਣਾਂਗੇ।

108. ਕਰਿਸ਼ਮੇ

ਜਿੱਥੇ ਰੌਸ਼ਨੀ ਜਾ ਸਕਦੀ, ਉੱਥੇ ਕੋਈ ਨੀ ਜਾ ਸਕਦਾ, ਜਿਵੇਂ ਪੰਛੀ ਗਾਉਂਦੇ ਨੇ, ਓਵੇਂ ਕੋਈ ਨੀ ਗਾ ਸਕਦਾ, ਕਿਉਂ ਮੌਸਮ ਕਰਵੱਟ ਲੈਂਦਾ, ਕੋਈ ਭੇਦ ਨੀ ਪਾ ਸਕਦਾ, ਕਿਵੇਂ ਹਵਾ ਗੁਜ਼ਰ ਜੇ ਕੋਲੋਂ, ਬਸ ਸਮਝ ਹੀ ਸਾਹ ਸਕਦਾ, ਇੱਕ ਪਰਬਤ ਸ਼ੈਅ ਐਸੀ, ਕੋਈ ਧੱਕਾ ਨੀ ਲਾ ਸਕਦਾ, ਇੱਕ ਮੌਤ ਤੇ ਦੂਜੀ ਹੋਣੀ ਦਾ, ਕੋਈ ਰੋਕ ਨੀ ਰਾਹ ਸਕਦਾ।

109. ਮੱਦਦਗਾਰ

ਲ਼ਹੂ ਚੋਂ ਗੁੱਸੇ ਨਚੋੜੇ ਨੀ ਜਾਂਦੇ, ਕੰਡੇ ਟਾਹਣੀ ਤੋਂ ਤੋੜੇ ਨੀ ਜਾਂਦੇ, ਲਲੇਰ ਅਸਥੀਆਂ ਕਦੇ ਵੀ ਇੱਥੇ, ਖੜੇ ਪਾਣੀ ਵਿੱਚ ਰੋੜੇ ਨੀ ਜਾਂਦੇ, ਜਿਹੜੀ ਤਾਂਘ ਚੋਂ ਮਿਲੇ ਮੁਹੱਬਤ, ਉਸ ਦੇ ਝੱਲੇ ਵਿਛੋੜੇ ਨੀ ਜਾਂਦੇ, ਬੇਨਤੀਆਂ ਦੀ ਹੱਦ ਹੁੰਦੀ ਐ, ਵਾਰੀ ਵਾਰੀ ਹੱਥ ਜੋੜੇ ਨੀ ਜਾਂਦੇ, ਖ਼ੁਦਾ ਤੂੰ ਮੈਨੂੰ ਮੱਦਦਗਾਰ ਬਣਾਦੇ, ਆਏ ਬੂਹੇ ਤੇ ਬੇਵੱਸ ਮੋੜੇ ਨੀ ਜਾਂਦੇ।

110. ਅਗੰਮੜੇ

ਅਸੀਂ ਮਿੱਟੀ ਨਾਲ ਜੁੜਨ ਆਲ਼ੇ ਆ, ਏਹ ਨਾ ਪੁੱਛੀ ਖੜਾ ਗੇ ਜਾ ਨਾ, ਕਣਕਾ ਪਿੱਛੇ ਅਣਖਾਂ ਰੱਖਾਂਗੇ, ਏਹ ਨਾ ਪੁੱਛੀ ਅੜਾ ਗੇ ਜਾ ਨਾ, ਤੈਥੋਂ ਜੋ ਹੁੰਦਾ ਕਰ ਤੇਰੀ ਵਾਰੀ ਐ, ਸਾਥੋਂ ਏਹ ਨਾ ਪੁੱਛੀ ਲੜਾ ਗੇ ਜਾ ਨਾ, ਮਾਛੀਵਾੜੇ ਦਿਆਂ ਕੰਡਿਆਂ ਚੋਂ ਅਗੰਮੜੇ ਹਾਂ, ਸਾਨੂੰ ਏਹ ਨਾ ਪੁੱਛੀ ਮਰਾਂਗੇ ਜਾ ਨਾ, ਸਾਡੇ ਸਿਦਕ ਸਾਡੀ ਚੜਦੀਕਲਾ ਸੁਣ, ਤੇ ਦੇਖ ਚਰਖੜੀਆਂ ਤੇ ਚੜਾ ਗੇ ਜਾ ਨਾ।

111. ਜੂਝਣ ਆਲ਼ੇ

ਭੈਅ ਨਹੀਂ ਹਵਾਲਾਤਾਂ ਦਾ, ਬਾਜ਼ਾਂ ਨੂੰ ਤੇ ਬਾਣਿਆਂ ਨੂੰ, ਬੇਅਦਬੀ ਦੇ ਮਸਲੇ 'ਚ, ਕਿਲਾ ਬਣਾਤਾ ਠਾਣਿਆਂ ਨੂੰ, ਰੰਗ ਉੱਡੇ ਨਾ ਸ਼ੇਰਾਂ ਦੇ, ਗ੍ਰਿਫ਼ਤਾਰੀਆਂ ਦਿੰਦੇ ਨੇ, ਸਿੰਘ ਨੀ ਹੁੰਦੇ ਬੁਜ਼ਦਿਲ, ਰਾਹ ਦਖਾਉਂਦੇ ਕਾਣਿਆਂ ਨੂੰ, ਸਰਬਲੋਹ ਦੇ ਖੰਡੇ ਚਮਕਣ, ਹੱਥਾਂ 'ਚ ਪਹਾੜੀ ਢਾਲਾਂ ਨੇ, ਹਰੇਕ ਝਾਰਨੇ ਲੰਘ ਜਾਣਾ, ਗੁਰੂ ਗੋਬਿੰਦ ਦੇ ਛਾਣਿਆਂ ਨੇ।

112. ਫ਼ਿਕਰ

ਲੱਗੀ ਦੌੜ 'ਚ ਪਿੱਛੇ ਰਹਿ ਗਿਆ, ਫ਼ਿਕਰ ਹਰੇਕ ਦੇ ਹਿੱਸੇ ਪੈ ਗਿਆ, ਆਪਣੇ ਆਪ ਤੋਂ ਤਿੜਕਿਆ ਬੰਦਾ, ਲੈਕੇ ਹੌਂਸਲੇ ਲਿੱਸੇ ਬਹਿ ਗਿਆ, ਤਗੜੇ ਵੇਖਕੇ ਸੁੰਗੜਦਾ ਜਾਂਦਾ, ਖੁਦ ਨੂੰ ਬੇਵੱਸ ਬੰਦਾ ਕਹਿ ਗਿਆ, ਸ਼ੁਕਰ ਨਹੀਂ ਕਰਦਾ ਮੰਗੀ ਜਾਵੇ, ਲੱਗਦਾ ਮਨੋਂ ਸ਼ੁਕਰਾਨਾ ਲਹਿ ਗਿਆ, ਝਾਕਾ ਭਦੌੜ ਤੋਂ ਅੱਖ ਤੀਜੀ ਨਾਲ, ਮੁਕੱਦਰਾਂ ਹੱਥੋਂ ਬੰਦਾ ਢਹਿ ਗਿਆ।

113. ਪਰਪੱਕ ਇਰਾਦੇ

ਪਰਪੱਕ ਇਰਾਦੇ ਰੱਖੀ ਦੇ, ਮੁਕੱਦਰ ਨਹੀਉਂ ਕੋਸੀ ਦੇ, ਚੰਗੇ ਸਿੱਟੇ ਨਿਕਲਣ ਨਾ, ਸੋਚ ਕੀਤੀ ਹੋਈ ਦੋਸ਼ੀ ਦੇ, ਦੰਦਾ ਥੱਲੇ ਜੀਭ ਨੂੰ ਲੈਕੇ, ਦਿਨ ਗੁਰਬਤ ਦੇ ਕੱਟੀ ਦੇ, ਦੇਖ ਕਿਸੇ ਦੇ ਸੌਖੇ ਦਿਨ, ਨਾ ਖੁਦ ਦੇ ਹਾਲ ਖਰੋਚੀ ਦੇ, ਰੱਖ ਮਨ ਦੀ ਕਾਟੋ ਫੁੱਲਾਂ ਤੇ, ਲਾ ਲੈ ਧਿਆਨ ਸਕੂਨ ਵੱਲੇ, ਅਨੰਦ ਜੋ ਆਪਣੇ ਹਿੱਸੇ ਦੇ, ਕਿਸੇ ਅੱਗੇ ਨਹੀਂ ਪਰੋਸੀ ਦੇ।

114. ਮਸ਼ਵਰੇ

ਏਹਦਾ ਨਹੀਂ ਕੁਝ ਬਣਦਾ ਆਖਣ, ਏਹਦਾ ਨਹੀਂ ਕੁਝ ਹੋ ਸਕਦਾ, ਜਿੱਦਾਂ ਦੁਨੀਆਂ ਫਿਰੇ ਬਣਾਉਣ ਨੂੰ, ਉਵੇਂ ਤਾਂ ਨਹੀਂ ਮੈਂ ਹੋ ਸਕਦਾ, ਲਿਖਤਾਂ ਵਿੱਚ ਤੂੰ ਜਾਨ ਨੀ ਪਾਉਂਦਾ, ਜਬਲੀਆਂ ਮਾਰਨ ਲੱਗਿਆ ਏ, ਕੀ ਦੱਸਾਂ ਬਦਬਖਤਾਂ ਨੂੰ ਮੈਂ, ਥੋਡੀ ਕਹੀ ਦਾ ਭਾਰ ਨੀ ਢੋਹ ਸਕਦਾ, ਖੁਦ ਲਈ ਮਾਹੌਲ ਸਿਰਜਾਗਾਂ, ਕਿਤਾਬ ਦਾ ਕੁਤਬ ਬਣਾਵਾਂਗਾ, ਮਨ 'ਚ ਤਾਂ ਮੈਨੂੰ ਰਿੜਕ ਰਹੇ ਨੇ, ਹਲੇ ਧੁਰ ਅੰਦਰ ਨੀ ਛੋਹ ਸਕਦਾ।

115. ਚੁੱਪ ਰਹੀਏ

ਚੁੱਪ ਰਹੀਏ ਜਾਂ ਸ਼ੋਰ ਕਰੀਏ, ਇਹੋ ਕਰੀਏ ਜਾਂ ਹੋਰ ਕਰੀਏ, ਹੱਥਾਂ ਤੇ ਹੱਥ ਧਰਕੇ ਬੈਠੀਏ, ਜਾਂ ਕਾਗਜ਼ ਉੱਤੇ ਜ਼ੋਰ ਕਰੀਏ, ਗੁਲਾਬਾਂ ਨੂੰ ਗ਼ੁਲਾਬ ਰੱਖੀਏ, ਜਾਂ ਕੰਡਿਆਲੀ ਥੋਰ੍ਹ ਕਰੀਏ, ਪਿਆਰ ਨੂੰ ਦੇਈਏ ਭਿੱਜੇ ਛੋਲੇ, ਨਫ਼ਰਤ ਨੂੰ ਆ ਕਮਜ਼ੋਰ ਕਰੀਏ, ਨਰਮ ਰਵੱਈਆ ਰੱਖੀਏ ਦੋਵੇਂ, ਇਰਾਦੇ ਨੂੰ ਚੱਲ ਕਠੋਰ ਕਰੀਏ, ਝੂਮਣ ਲਾਈਏ ਅਹਿਸਾਸ ਆਪਾਂ, ਕੰਨਾਂ ਨੂੰ ਗੱਲਾਂ ਦੀ ਲੋਰ ਕਰੀਏ, ਚੱਲ ਮਿਣ ਦੇਈਏ ਅਸਮਾਨ ਨੂੰ, ਸੋਚਾਂ ਨੂੰ ਪਤੰਗਾਂ ਦੀ ਡੋਰ ਕਰੀਏ।

116. ਹੱਦਾਂ ਬੰਨੇ

ਲੀਰਾਂ ਦੇ ਵਿੱਚ ਪਿੰਡਾ ਲੁਕਿਆ, ਵਿੱਚ ਪਿੰਡੇ ਦੇ ਰੂਹ ਨੀ, ਰੂਹ ਵਿੱਚ ਲੁਕਿਆ ਚੇਤਾ ਤੇਰੇ, ਚੇਤੇ ਵਿੱਚ ਤੂੰ ਹੀ ਤੂੰ ਨੀ, ਤੇਰੇ ਵਿੱਚ ਤਾਂ ਸ਼ੀਸ਼ਾ ਦਿਲ ਹੈ, ਜਿਉਂ ਟੀਂਡੇ ਵਿੱਚ ਰੂੰ ਨੀ, ਰੂੰ ਵਿੱਚ ਛੁਪੇ ਨੇ ਧਾਗੇ ਕੱਚੇ, ਰੰਗਦੇ ਉਨ੍ਹਾਂ ਨੂੰ ਨੀ, ਮੇਟ ਲੈ ਹੱਦਾਂ ਬੰਨੇ ਸਾਰੇ, ਝਿਜਕਾਂ ਦੀ ਟੱਪਕੇ ਜੂਹ ਨੀ।

117. ਫਿੱਕਾ ਸ਼ਹਿਦ

ਹਾਂ! ਸ਼ਹਿਦ ਲੱਗਿਆ ਫਿੱਕਾ ਮੈਨੂੰ, ਵਿਸ਼ਾਲ ਕਲਪਣਾ ਦਾ ਸਮੁੰਦਰ, ਖ਼ੌਰੇ ਕਿਉਂ ਲੱਗਿਆ ਨਿੱਕਾ ਮੈਨੂੰ, ਅੱਜ ਤੇਰੇ 'ਚ ਲਿਸ਼ਕੋਰ ਨਹੀਂ ਸੀ, ਖੁਸ਼ਕ ਕਿਨਾਰਿਆਂ ਦੇ ਹਾਲ ਸੀ, ਆਸੇ ਪਾਸੇ ਹੋਇਆ ਸੀ ਲੱਗਦਾ, ਮੱਥੇ ਉੱਤੋਂ ਨੂਰ ਦਾ ਟਿੱਕਾ ਮੈਨੂੰ, ਉਛਲਦਾ ਰਿਹਾ ਹੁਣ ਤੱਕ ਜੋ, ਅਹਿਸਾਸ ਦਾ ਖੋਟਾ ਹੋ ਗਿਆ, ਜ਼ੁਬਾਨ ਨੂੰ ਖਾਮੋਸ਼ ਕਰਾ ਗਿਆ, ਜਬਲੀਆਂ ਆਲ਼ਾ ਸਿੱਕਾ ਮੈਨੂੰ।

118. ਕੋਹ ਕਾਫ਼

ਤ੍ਰਿਪਤ ਹੋ ਜਾਂਦਾ ਮਨ, ਦੱਸ ਹੋਵੇ ਕਿਉਂ ਨਾ, ਕੋਹ ਕਾਫ਼ ਦੀ ਪਰੀ, ਹੋਵੇ ਸਾਹਮਣੇ, ਨਿਗ੍ਹਾ ਖਲੋਵੇ ਕਿਉਂ ਨਾ, ਤੜਫ਼ ਦੇ ਸ਼ਤੀਰ ਤੇ, ਕੱਚੀ ਛੱਤ ਜੇਹਾ ਦਿਲ, ਚੋਵੇ ਕਿਉਂ ਨਾ, ਉੱਠਦੇ ਹੀ ਸਾਰ, ਸੁੱਚੀ ਅੱਖ ਚੋਂ ਦੀਦਾਰ, ਕਰਨ ਵਾਲਾ ਪਾਗ਼ਲ ਤੈਨੂੰ ਮੋਹਵੇ ਕਿਉਂ ਨਾ, ਅੱਖਾਂ ਮੀਟ ਲਵੇ ਜਿਹੜਾ, ਤੇਰੀ ਵੇਖ ਤਸਵੀਰ, ਤਾਉਮਰ ਤੈਨੂੰ ਜਿੰਦਗੀ 'ਚ, ਦੱਸ ਪਰੋਵੇ ਕਿਉਂ ਨਾ।

119. ਆਫ਼ਤਾਬ ਵਰਗੀ

ਉੱਗਦੇ ਆਫ਼ਤਾਬ ਵਰਗੀ, ਤੂੰ ਖਿੜਦੇ ਗੁਲਾਬ ਵਰਗੀ, ਲਿਸ਼ਕੋਰ ਤੂੰ ਪਾਣੀਆਂ ਦੀ, ਤਕਦੀਰ ਤੂੰ ਹਾਣੀਆਂ ਦੀ, ਕਿਉਂ ਸਾਡੇ ਵੱਲ ਵੱਧਦੀ ਨਾ, ਆੜਤ ਦੇ ਹਿਸਾਬ ਵਰਗੀ, ਜਾਮਣ ਜਹੀਆਂ ਖੋਲ ਅੱਖਾਂ, ਕਿਉਂ ਨੀਂਦ ਨੂੰ ਦੇ ਛੱਡੀਆਂ, ਜੋ ਦਿਨ ਵਿੱਚ ਦਿਖ ਜਾਂਦਾ, ਕਿਸੇ ਸੱਚੇ ਖੁਆਬ ਵਰਗੀ, ਪਤਾ ਜਿਲਦ ਤੋਂ ਲੱਗਦਾ ਨੀ, ਪੰਨਿਆਂ ਵਿੱਚ ਕੀ ਲਿਖਿਆ, ਸੂਫ਼ੀ ਅਲਫਾਜਾਂ ਜਹੀਏ ਨੀ, ਤੂੰ ਸ਼ਾਹਾਂ ਦੀ ਕਿਤਾਬ ਵਰਗੀ, ਸਤਲੁਜ ਦੇ ਵਹਿਣ ਵਰਗਾ, ਤੇਰਾ ਤੁਰਨਾ ਮੁੜਨਾ ਸੋਹਣਾ, ਬਿਆਸ ਵਰਗੀ ਪਵਿੱਤਰ ਜੋ ਤੇਰੀ ਸੀਰਤ ਚਨਾਬ ਵਰਗੀ।

120. ਅਸਰ

ਜੀਭ ਤੇ ਪਏ ਬੋਲ ਵੀ ਦੇ, ਬੰਦ ਬੂਹੇ ਨੂੰ ਖੋਲ ਵੀ ਦੇ, ਭਰੇ ਜੋ ਮਟਕੇ ਇਸ਼ਕ ਦੇ, ਸਾਡੀ ਖਾਤਰ ਡੋਲ ਵੀ ਦੇ, ਧਾਗੇ ਸੂਈਆਂ ਹੱਥ 'ਚ ਨੇ, ਕੱਢਣ ਲੱਗ ਜਾ ਨਾਮ ਮੇਰਾ, ਮੋਹ ਦੇ ਮਗ ਅੰਗਿਆਰ ਪਏ, ਜ਼ਰਾ ਧੂਣੀ ਵਾਂਗ ਫਰੋਲ ਵੀ ਦੇ, ਦੇਰ ਨਾ ਕਰ ਬਸ ਫ਼ੈਸਲਾ ਕਰ, ਆਰ ਪਾਰ ਦੀ ਗੱਲ ਕਰਦੇ, ਮੈਂ ਖਿੱਚ ਦੇ ਝੋਲੇ ਚੁੱਕਿਆ ਜੋ, ਵਜ਼ਨ ਤੰਦਾਂ ਦਾ ਤੋਲ ਵੀ ਦੇ, ਕੱਲਮ ਕੱਲੇ ਦਾ ਖਿਆਲ ਰੱਖੂ, ਤੇਰੇ ਹਾਸਿਆਂ ਨੂੰ ਸੰਭਾਲ ਰੱਖੂ, ਦੂਰੋਂ ਪਹਿਲ ਏਹ ਕਰਨੀ ਔਖੀ, ਆਉਣ ਜ਼ਰਾ ਮੈਨੂੰ ਕੋਲ਼ ਵੀ ਦੇ।

121. ਤੌਸੀਫ਼

ਹਰਫ਼ ਨਾ ਮੁੱਕਣ ਤੌਸੀਫ਼ ਅੰਦਰ, ਮੁੱਕਣ ਨਾ ਸਿਆਹੀਆਂ, ਤੜਕਸਾਰ ਅੱਖ ਖੁੱਲਦੇ ਮੈਨੂੰ, ਯਾਦਾਂ ਤੇਰੀਆਂ ਆਈਆਂ, ਨੀਂਦਾਂ ਵਿੱਚ ਵੀ ਤੂੰ ਹੀ ਸੀ, ਖੁੱਲਦੀਆਂ ਅੱਖਾਂ ਦੱਸਿਆ, ਸੋਚ ਸੋਚ ਕੇ ਏਸ ਬੀਤੀ ਨੂੰ, ਚਿਹਰਾ ਥੋੜ੍ਹਾ ਜੇਹਾ ਹੱਸਿਆ, ਕੱਕੇ ਤੋਂ ਸ਼ੁਰੂ ਹੋਕੇ ਮੁੱਕੇ ਤੱਤੇ ਤੇ, ਤਿੰਨ ਅੱਖਰਾਂ ਦਾ ਨਾਮ ਸੋਹਣਾ, ਉਤਰਿਆ ਵਿੱਚ ਗਹਿਰਾਈਆਂ, ਤੇਰੀ ਮਹਿਕ ਕਸਤੂਰੀ ਤੋਂ ਵੱਧਕੇ, ਨਾਸਾਂ ਫਿਰਨ ਨਸ਼ਿਆਈਆਂ, ਤੈਨੂੰ ਦੇਵਾਂ ਦਰਜਾ ਸਮੁੰਦਰ ਦਾ, ਹੁਬਹੂ ਓਸਦੇ ਵਰਗੀ ਏ ਤੂੰ, ਮਲਾਹ ਦੀ ਹਾਲਤ ਨਾਜ਼ੁਕ ਐ, ਜੀਹਨੇ ਨਾਲ ਸਮੁੰਦਰ ਲਾਈਆਂ।

122. ਚਾਸ਼ਨੀ

ਜ਼ੁਬਾਨ ਦੇ ਉੱਤੇ ਚਾਸ਼ਨੀ, ਚਾਸ਼ਨੀ ਭਿੱਜੇ ਬੋਲ ਤੇਰੇ, ਕਲਾਕੰਦ ਜਹੇ ਹਾਸੇ ਜੋ, ਹੋਠਾਂ ਤੇ ਰੱਖੇ ਤੋਲ ਤੇਰੇ, ਮਾਖਿਓਂ ਮਿੱਠੇ ਇਸ਼ਾਰੇ, ਸੱਦਦੇ ਪਏ ਨੇ ਕੋਲ ਤੇਰੇ, ਹਲਕੇ ਹਲਕੇ ਭੂਰੇ ਰੰਗੇ, ਵਾਲ ਗੱਲਾਂ ਦੇ ਸੋਹਲ ਤੇਰੇ, ਕਸ਼ਮਕਸ਼ ਦਾ ਰੁੱਖ ਹੈ ਤੂੰ, ਦਿਲ ਨੂੰ ਲੱਗਦੀ ਭੁੱਖ ਹੈ ਤੂੰ, ਨੇੜੇ ਦੀ ਐਨਕ ਲਵਾ ਦੇਣਗੇ, ਠੋਡੀ ਦੇ ਵੱਟ ਅਣਭੋਲ ਤੇਰੇ।

123. ਲਿਸ਼ਕੋਰ

ਤੇਰੀਆਂ ਤਸਵੀਰਾਂ ਬਗੈਰ ਸ਼ੀਸ਼ੇ ਤੋਂ, ਫਿਰ ਵੀ ਲਿਸ਼ਕ ਬਥੇਰੀ, ਚਾਰ ਚੰਨ ਤੈਨੂੰ ਲਾਉਂਦੇ ਪਏ, ਕੰਨਾਂ 'ਚ ਬਾਲੇ ਚਾਂਦੀ ਦੇ, ਨਾਲ਼ੇ ਨੱਥ ਸੋਨੇ ਦੀ ਤੇਰੀ, ਹਲਕੀ ਫੁਲਕੀ ਵਿਰਲ ਦੰਦਾਂ ਦੀ, ਹੋਠਾਂ ਚੋਂ ਨਜ਼ਰ ਪਈ ਆਵੇ, ਠੋਡੀ ਥੱਲੇ ਉਂਗਲ਼ਾਂ ਰੱਖਕੇ, ਬੈਠੀ ਹੀਰ, ਜ਼ੁਲੈਖ਼ਾ ਕਿਹੜੀ, ਨੀਂਦ ਯਾਦ ਨਹੀਂ ਤੂੰ ਯਾਦ ਏ, ਤੈਥੋਂ ਫਿੱਕਾ ਲੱਗਦਾ ਕਮਾਦ ਏ, ਦੂਰੀਆਂ ਜਿੰਦਰ ਨਾਪ ਰਿਹਾ, ਸਮੁੰਦਰ ਮਲਾਹ ਵਿੱਚ ਜਿਹੜੀ।

124. ਡਡੌਂਤ

ਲਿਖ ਲਿਖ ਮੇਟ ਦਾ, ਜਦੋਂ ਗੱਲ ਨਹੀਂ ਬਣਦੀ ਕੋਈ, ਫਿਰ ਤੈਨੂੰ ਵੇਖਦਾ ਹਾਂ, ਕੌਣ ਹੈ ਤੂੰ, ਕਿਉਂ ਤੈਨੂੰ ਸੋਚਦਾ ਹਾਂ, ਥੱਕੀਆਂ ਅੱਖਾਂ ਨਾਲ਼, ਮੈਂ ਤੇਰਾ ਨੂਰ ਸੇਕਦਾ ਹਾਂ, ਕਿਸੇ ਨੂੰ ਨਿਮਾਇਆ ਸਿਰ, ਕਿਸੇ ਨੂੰ ਨਿਮਾਇਆ ਤਨ, ਐਪਰ ਤੇਰੇ ਅੱਗੇ ਮਹਿਰਮ, ਮੁਹੱਬਤ ਟੇਕਦਾ ਹਾਂ।

125. ਮਿਜ਼ਾਜ

ਜ਼ੁਲਫ਼ਾਂ ਦੇ ਕਾਲ਼ੇ ਸ਼ਾਹ ਰੰਗ ਨੇ, ਰੰਗ ਖਿਲਾਰ ਦਿੱਤੇ, ਦੇਖਿਆ ਪਹਿਲੀ ਨਜ਼ਰ ਜਦੋਂ, ਸੀਨੇ ਠਾਰ ਦਿੱਤੇ, ਖੜਨਾ, ਤੁਰਨਾ, ਬਲਾਉਣਾ, ਬਿਸਮਿਲਾ, ਅਣਜਾਣ ਅਣਭੋਲ ਬਾਸ਼ਿੰਦੇ ਦੇ, ਤੈਂ ਹਾਲ ਸੰਵਾਰ ਦਿੱਤੇ, ਤੇਰੀਆਂ ਉੱਠੀਆਂ ਵੇਖਕੇ ਝਿੰਮਣਾਂ, ਆਸ਼ਕ ਬਿਰਖ਼ ਹੋਏ, ਉਂਝ ਹਥਿਆਰ ਨਾਲ ਵੀ ਮਰਦੇ ਨਾ ਤੈਂ ਨਜ਼ਰਾਂ ਤੋਂ ਮਾਰ ਦਿੱਤੇ।

126. ਉੱਚੇ ਨਛੱਤਰ

ਉੱਚੇ ਨਛੱਤਰ ਨੇ ਮੇਰੇ, ਜਾਂ ਤੇਰੇ ਨੇ ਭਾਗ ਲੱਛੀਏ, ਜੱਚਦੇ ਹੰਸ ਹੰਸਣੀ ਜਿੱਦਾਂ, ਉੱਦਾਂ ਆਪਾਂ ਦੋਏਂ ਜੱਚੀਏ, ਮੋਰ ਮੋਰਨੀ ਵਾਗੂੰ ਨੀ, ਪੈਲ਼ਾਂ ਪਾ ਪਾ ਕੇ ਨੱਚੀਏ, ਮੈਂ ਦਰਿਆਵਾਂ ਦਾ ਪਾਣੀ, ਤੂੰ ਦਰਿਆਵਾਂ ਦੀਏ ਮੱਛੀਏ, ਢਿੱਲੇ ਮੂੰਹ ਲੈ ਕਿਉਂ ਫਿਰੀਏ, ਆਹ ਘੁੱਟ ਕਲਾਵੇਂ ਨੂੰ ਕੱਸੀਏ, ਕੀ ਹੁੰਦਾ ਮੁੱਹਬਤ ਵਿੱਚ ਡੁੱਬਣਾ, ਕਰ ਕੋਸ਼ਿਸ਼ ਦੁਨੀਆਂ ਨੂੰ ਦੱਸੀਏ, ਜਿੱਥੇ ਇਸ਼ਕ ਨੂੰ ਜਰਦੇ ਲੋਕ ਨਹੀਂ ਚੱਲ ਉੱਥੋਂ ਹੁਣ ਆਪਾਂ ਨੱਸੀਏ, ਉੱਚੇ ਨਛੱਤਰ ਨੇ ਮੇਰੇ, ਜਾਂ ਤੇਰੇ ਨੇ ਭਾਗ ਲੱਛੀਏ ॥

127. ਮਨੁੱਖ ਤੇ ਮਨੁੱਖਤਾ

ਮਨੁੱਖ ਤੇ ਮਨੁੱਖਤਾ, ਫਰਕ 'ਚ ਨੇ। ਨਜ਼ਰ ਤੇ ਨਜ਼ਰੀਆ, ਤਰਕ 'ਚ ਨੇ। ਮੁਕਾਮ ਤੇ ਮੁੱਕਾਗੇਂ, ਕਿਸਮਤ ਕੋਸ਼ਿਸ਼ਾਂ, ਪਰਖ 'ਚ ਨੇ। ਵੇਖਕੇ ਹੱਸਦੇ ਨੂੰ, ਵੇਖਕੇ ਵੱਸਦੇ ਨੂੰ, ਕਈ ਹਰਖ 'ਚ ਨੇ। ਸੁਰਗ 'ਚ ਪੈਰ ਮੇਰੇ, ਬੁਰੇ ਬੁਰਾਈਆਂ, ਨਰਕ 'ਚ ਨੇ। ਭਦੌੜ ਆਲਿਆ, ਖੜਨਾ ਅੜਨਾ, ਦੋਏ ਪਤੰਦਰਾਂ, ਮੜਕ 'ਚ ਨੇ।

128. ਨਫ਼ਰਤ ਭਰੇ

ਰਿੱਝਣ ਹਾਰੇ ਤੇ ਪਈ ਦਾਲ ਵਾਗੂੰ, ਥਿਰਕੇ ਬਣਕੇ ਚੱਪਣ, ਇੱਕ ਦੂਜੇ ਦੀਆਂ ਜੜ੍ਹਾਂ ਨੂੰ ਪੈਂਦੇ, ਥੌਂ ਥੌਂ ਸਾੜਾ ਨੱਪਣ, ਡਰੈਗਨ ਵਾਗੂੰ ਅੱਗ ਕੱਢਦੇ, ਡੱਡਾਂ ਵਾਗੂੰ ਟੱਪਣ, ਚੈਨਲਾਂ ਉੱਤੇ ਸ਼ੋਰ ਦੀ ਰੁੱਤ, ਅਣਜੰਮੀਆਂ ਦੀ ਫੜਦੇ ਗੁੱਤ, ਨੁਮਾਇੰਸ਼ ਲਾ ਛੱਡਣ ਝੂਠ ਦੀ, ਸੱਚ ਲਕੋਕੇ ਰੱਖਣ, ਖੁੱਡਾਂ ਚੋਂ ਬੈਠੇ ਫਨ ਚੱਕਦੇ, ਜਹਿਰੀ ਸੱਪ ਤੇ ਠੂੰਹੇ, ਕੁਝ ਬੈਠੇ ਨੇ ਰਾਜਧਾਨੀ, ਬਾਕੀ ਦੇ ਦਿੱਲੀ ਦੱਖਣ, ਛੁਰੇ ਮਾਰਨੇ ਅੱਜ ਵੀ ਫਿਰਦੇ, ਬੰਨਕੇ ਸਿਰ ਦਸਤਾਰਾਂ, ਉੱਡਦੇ ਬੱਦਲ ਫਸਲਾਂ ਨੂੰ, ਲੱਗੇ ਇੱਲਾਂ ਵਾਗੂੰ ਤੱਕਣ, ਭਦੌੜ ਆਲਿਆ ਕੀ ਆਖੀਏ, ਡਿੱਗਦੇ ਪਏ ਕਿਰਦਾਰਾਂ ਬਾਰੇ, ਕੀ ਕਿਸੇ ਦੀ ਪੈਮਾਇਸ਼ ਲਾ ਲਈਏ, ਕੀ ਲਾ ਲਈਏ ਲੱਖਣ।

129. ਲਿਸ਼ਕਦੇ ਦੰਦ

ਬਲਦੀਆਂ ਅੱਖਾਂ, ਸੀਨੇ 'ਚ ਠੰਢ ਰੱਖ, ਚਾਹ 'ਚ ਗੁੜ, ਗੱਲਾਂ ਗਲਕੰਦ ਰੱਖ, ਛੋਟਾ ਮੂੰਹ ਤੇ ਵੱਡੀ ਗੱਲ ਕਰ ਬਾਈ, ਸੁਭਾਅ 'ਚ ਰਜ਼ਬ ਅਲੀ ਦੇ ਛੰਦ ਰੱਖ, ਕਾਹਦੇ ਮਲਾਲ ਨੇ ਕਿਸਮਤ ਦੇ ਤੈਨੂੰ, ਸਿਰ ਤੋਂ ਲਾਹਕੇ ਫਿਕਰਾਂ ਦੀ ਪੰਡ ਰੱਖ, ਧੂੜ ਪੈਣ ਨਾ ਦੇ ਮਾੜੇ ਬੰਦਿਆਂ ਦੀ, ਝਾੜਕੇ ਨਾਮੋਸ਼ੀਆਂ ਦੀ ਕੰਡ ਰੱਖ, ਖੁਰਾਕ 'ਚ ਸ਼ਾਮਿਲ ਕਰਲੈ ਸਬਰ ਨੂੰ, ਇੱਕ ਵੇਲੇ ਕਸਰਤ 'ਚ ਡੰਡ ਰੱਖ, ਭਦੌੜ ਆਲਿਆ ਹੱਸਦੇ ਸੋਂਹਦੇ ਨੇ, ਮੁੱਛਾਂ ਕੁੰਡੀਆਂ ਲਿਸ਼ਕਦੇ ਦੰਦ ਰੱਖ।

130. ਗੱਲ ਤੁਰੇ ਤਾਂ

ਗੱਲ ਤੁਰੇਂ ਤਾ, ਨਿਕਲੇ ਗੱਲ ਚੋਂ ਗੱਲ, ਚਾਰੇ ਪਹਿਰ ਆਦਿ ਤੋਂ ਪਏ, ਕੋਹਲੂ ਦੇ ਬਲਦ ਵਾਗੂੰ, ਚੱਲ ਸੋ ਚੱਲ, ਬੇਵੱਸੀਆਂ ਦੇ ਅੱਗੇ ਬਾਬਾ, ਢਹਿੰਦੇ ਵੇਖੇ ਮੱਲ ਤੋਂ ਮੱਲ, ਅਮਰਵੇਲ ਦੇ ਵਰਗੇ ਬੰਦੇ, ਫੈਲ ਜਾਂਦੇ ਨੇ ਵੱਲ ਤੋਂ ਵੱਲ, ਸਿੱਧੇ ਹੁੰਦੇ ਜਿੰਨਾਂ ਦੇ ਦਿਨ, ਚੱਲਦੇ ਦਿਮਾਗ ਫਿਰ ਡੱਲ ਤੋਂ ਡੱਲ, ਖੁਰਦੇ ਭੁਰਦੇ ਥਾਵੇਂ ਰਹਿਣ, ਨਾਲ ਕਿਨਾਰੇ ਵੱਜ ਵੁੱਜ ਕੇ, ਅੱਡ ਹੋ ਜਾਂਦੀ ਛੱਲ ਚੋਂ ਛੱਲ, ਭਦੌੜ ਆਲਿਆ ਮਗਦਾ ਰਹੀਂ, ਚਿਰਾਗਾਂ ਵਾਗੂੰ ਜਗਦਾ ਰਹੀਂ, ਆਪਾ ਰੁਸ਼ਨਾਉਣਾ ਕੱਲ ਤੋਂ ਕੱਲ।

131. ਮਹਾਂਦੇਵ

ਇੱਕ ਗੱਲ ਭਰੋਸੇ ਚੋਂ ਸਾਫ ਮਿਲੇ, ਪਿੰਡੇ ਸੁਆਹ ਮਲਕੇ ਨਾ ਭੋਲੇਨਾਥ ਮਿਲੇ, ਮਨ ਧੋਵੋ ਸਿਵਲਿੰਗ ਧੋਣ ਤੋਂ ਪਹਿਲਾਂ, ਫੇਰ ਜਾਕੇ ਮਹਾਂਦੇਵ ਦਾ ਸਾਥ ਮਿਲੇ, ਚੁੱਕ ਕਾਵਟਾਂ ਗੰਗਾਂ ਨਾ ਘਰ ਆਉਂਦੀ, ਅੱਖਾਂ ਚੋਂ ਜੇ ਚੱਲੇ ਮਈਆ, ਤਾਂ ਸ਼ੰਕਰ ਆਕੇ ਆਪ ਮਿਲੇ, ਭਦੌੜ ਆਲਿਆਂ ਓਹਦੇ ਨੀਲ ਰੰਗ ਦੀ, ਛੱਡੀ ਕੁੱਲ ਕੁਦਰਤ ਤੇ ਛਾਪ ਮਿਲੇ।

132. ਉੱਠ ਖੜ

ਮਾਰਕਸ ਪੜ ਚਾਹੇ ਨਾਨਕ ਪੜ, ਖੁਦ ਨੂੰ ਪੜਨਾ ਤਾਂ ਅਚਾਨਕ ਪੜ, ਤੇਰਾ ਦਿਲ ਜੇ ਮੁਸੀਬਤੋਂ ਡਰਦਾ, ਰਾਸਤਾ ਕੋਈ ਭਿਆਨਕ ਚੜ, ਨਲਾਇਕਪੁਣਾ ਜੇ ਸਾਥ ਨੀ ਛੱਡਦਾ, ਉਂਗਲ ਕੋਈ ਸਿਆਣਫ ਫੜ, ਮੋੜਨ ਵਿੱਚ ਜੇ ਵਾਹ ਨੀ ਲੱਗਦੀ, ਨਾ ਕਿਸੇ ਦੀ ਐਵੇਂ ਅਮਾਨਤ ਫੜ, ਭਦੌੜ ਆਲਿਆ ਨਾ ਰੁਕਿਆ ਰਹਿ, ਸਾਹਮਣੇ ਆ ਜਾ ਨਾ ਲੁਕਿਆ ਰਹਿ, ਹੁੰਦੇ ਦਿਸਦੇ ਤਣੇ ਨਾ ਦੀਹਦੀ ਜੜ।

133. ਦਲਦਲ

ਜਿੰਦਗੀ ਆਖੇ ਕੋਈ ਹੱਲ ਨਹੀਂ, ਹੌਂਸਲਾ ਆਖੇ ਕੋਈ ਗੱਲ ਨਹੀਂ ਪਾਸਿਆਂ ਤੇ ਬੈਠੇ ਜੇ ਹੱਸਣ ਲੋਕ, ਗੌਰ ਕਰਨ ਦਾ ਸਾਨੂੰ ਵੀ ਵੱਲ ਨਹੀਂ, ਢੇਰ ਲੱਗੇ ਪਏ ਆ ਮੁਸਕਰੀਆਂ ਦੇ, ਘਾਟ ਕੋਈ ਨਾ ਫਿਰੀਆਂ ਅੱਖਾਂ ਦੀ, ਥਾਲ ਦੇ ਪਾਣੀ ਵਾਗੂੰ ਚਿੱਤ ਡੋਲਜੇ, ਹਲੇ ਇੱਦਾਂ ਦੀ ਕੋਈ ਹਲਚਲ ਨਹੀਂ, ਰੋਜ਼ ਦੀ ਮੁਸ਼ੱਕਤ ਕਰਨ ਡਏ ਆ, ਨਾਮੋਸ਼ੀਆਂ ਵੀ ਜਰਨ ਡਏ ਆ, ਨਿਕਲ ਆਵਾਂਗੇ ਬੇਵੱਸੀਆਂ ਚੋਂ, ਫਸੇ ਅਸੀਂ ਵਿੱਚ ਦਲਦਲ ਨਹੀਂ।

134. ਮਾਂ ਦੀ ਥੌਂ

ਬਨੇਰੇ ਤੇ ਬਹਿੰਦਾ ਨਹੀਉਂ ਕਾਂ, ਜਦੋਂ ਘਰ ਚੋਂ ਰੁਖਸ਼ਤ ਹੋਜੇ ਮਾਂ, ਫਾਸਲੇ ਰਿਸ਼ਤੇਦਾਰਾਂ ਪਾ ਲੈਣ, ਮਿਲਾਉਣੋ ਹੱਟ ਜਾਣ ਹਾਂ ਵਿੱਚ ਹਾਂ, ਜੀਹਦੇ ਹੋਂਦ ਨਾਲ ਢੁੱਕਣ ਨਾਨਕੇ, ਆਕੇ ਚੰਨ ਚਾਰ ਦਿੰਦੇ ਨੇ ਲਾ, ਉੱਥੇ ਹੱਟ ਜਾਣ ਪਰਛਾਵੇਂ ਬਣਨੋ, ਜਿੰਨਾਂ ਵਿਹੜਿਆਂ ਚੋਂ ਉੱਡਜੇ ਛਾਂ, ਭਦੌੜ ਆਲਿਆ ਜੋ ਓਹਦੀ ਐ, ਕੋਈ ਲੈ ਨੀ ਸਕਦੀ ਥਾਂ।

135. ਫ਼ਕੀਰ ਬੰਦੇ

ਏਦਾਂ ਨਹੀਂ ਤਾ ਓਦਾਂ ਸਹੀ, ਮਨ ਦੀ ਫਕੀਰੀ ਵਸਦੀ ਰਹੇ, ਤਨ ਤੇ ਕੱਪੜਾ ਬੋਦਾ ਸਹੀ, ਦਿਲ ਦੀ ਅਮੀਰੀ ਸਭ ਤੋ ਉੱਤੇ, ਹੁਸਨ, ਗੁਮਾਨ ਤੇ ਫੂੰ-ਫੈਂ ਤੋਂ, ਚਾਰੇ ਪਾਸੇ ਦੀ ਬਦਨਾਮੀ ਨਾਲੋਂ, ਚਾਰੇ ਪਾਸੇ ਸ਼ੋਭਾ ਸਹੀ, ਲਾਜ਼ਮੀ ਐ ਮਨ ਦਾ ਪੱਧਰਾ ਹੋਣਾ, ਨਾ ਟੋਆ ਨਾ ਟੋਭਾ ਸਹੀ, ਭਦੌੜ ਆਲਿਆ ਨਿਕਲ ਆਏਗਾ, ਚਾਹੇ ਦਿੱਤਾ ਸੱਜਣਾ ਡੋਬਾ ਸਹੀ।

136. ਸਮੇਂ ਪੁਰਾਣੇ

ਤੰਜ ਕੱਸਦੇ ਨੇ ਪਿੰਡ ਸਾਡੇ, ਮੇਹਨੇ ਵੱਜਣ ਸ਼ਹਿਰਾਂ ਤੋਂ, ਛੱਡਕੇ ਲੱਸੀਆਂ ਦੁੱਧ ਦਹੀਂ, ਸੁਆਦ ਲੈਂਦੇ ਨੇ ਜ਼ਹਿਰਾਂ ਤੋਂ, ਕੀ ਟਿੰਡਾਂ ਨੂੰ ਪਾ ਦੀਏ ਗੇੜੇ, ਵਗਦੇ ਹੋਏ ਪਾਣੀ ਵੀ, ਮਿਲਦੇ ਨਾ ਹੁਣ ਨਹਿਰਾਂ ਤੋਂ, ਸੋਕਾ ਪੈ ਗਿਆ ਦਲਦਲ ਨੂੰ, ਏਦੂਂ ਵੱਧ ਫਨਾਹ ਕੀ ਹੋਊ, ਆਵਦਿਆਂ ਦੀ ਆਸ ਗਈ, ਉਮੀਦ ਕੀ ਰੱਖੀਏ ਗੈਰਾਂ ਤੋਂ, ਭਦੌੜ ਆਲਿਆ ਹੁਣ ਜੰਮਦੇ ਨਾ, ਜੋ ਬਦਲੇ ਲੈਂਦੇ ਸੀ ਡਾਇਰਾਂ ਤੋਂ।

137. ਦੌਰ ਤੇ ਗੌਰ

ਅੱਜ ਦਾ ਦੌਰ ਐ ਖਰਿਆ ਦਾ, ਖਰਿਆ ਦਾ ਜੀ ਖਰਿਆ ਦਾ, ਖੋਟਿਆਂ ਦਾ ਕੋਈ ਵਕਤ ਨਹੀਂ, ਵਕਤ ਨਹੀਂ ਜੀ ਵਕਤ ਨਹੀਂ, ਇੱਕ ਹਲੂਣੇ ਨਾਲ ਉਹ ਹਿੱਲਜੇ, ਅੰਦਰੋ ਜਿਹੜਾ ਸਖਤ ਨਹੀਂ, ਇੱਕ ਥੌਂ ਜਿਹੜਾ ਖੜ੍ਹਾ ਰਹੇ, ਬੰਦਾ ਐ ਕੋਈ ਦਰੱਖਤ ਨਹੀਂ, ਪਰਜਾ ਫੇਰ ਹੀ ਖੈਰ ਮਨਾਉਂਦੀ, ਸੋਚੋ ਉੱਚਾ ਜੇ ਤਖਤ ਨਹੀਂ, ਜਿਹੜਾ ਕਰ ਜੇ ਹਜ਼ਮ ਗੱਲਾਂ, ਐਨਾ ਸੱਚਾ ਜਗਤ ਨਹੀਂ।

138. ਜੋਬਨ

ਪਹਾੜੀ ਕਿੱਕਰ ਦੇ ਕੰਡੇ ਵਰਗੀ, ਤਾਲਿਬਾਨ ਦੇ ਝੰਡੇ ਵਰਗੀ, ਹੁੰਦੀ ਆ ਜੁਆਨੀ ਕਹਿੰਦੇ, ਦਾਤੀਆਂ ਦੇ ਦੰਦੇ ਵਰਗੀ, ਜੋਰ ਮਾਰਦਾ ਧੱਕੇ ਏਸ ਓਮਰੇ, ਮੁੱਛ ਮੁਸਤੈਦ ਰਹਿੰਦੀ, ਪੁਲਸੀਏ ਦੇ ਡੰਡੇ ਵਰਗੀ, ਜੇਬਾਂ ਵਿੱਚ ਹੱਥ ਰਹਿੰਦਾ, ਬਿਨਾਂ ਕਿਸੇ ਧੇਲੇ ਤੋਂ, ਜੁਆਨੀ 'ਚ ਜੁਬਾਨ ਹੁੰਦੀ 18 ਇੰਚੀ ਰੰਦੇ ਵਰਗੀ, ਹੁੰਦੀ ਆ ਜੁਆਨੀ ਕਹਿੰਦੇ, ਦਾਤੀਆਂ ਦੇ ਦੰਦੇ ਵਰਗੀ।

139. ਟਾਲਦਾ ਰਹਿੰਦਾ ਹਾਂ

ਟਾਲਦਾ ਰਹਿੰਦਾ ਹਾਂ ਬਾਬਿਉ, ਗਾਲਾਂ ਕੀ ਤੇ ਗੱਲਾਂ ਕੀ, ਆਪਣਿਆਂ ਦੇ ਮੂੰਹੋ ਮੇਹਨੇ ਭੁੱਲਾਂ ਕੀ ਤੇ ਝੱਲਾਂ ਕੀ, ਅੱਖਾਂ 'ਚ ਮੇਰੇ ਦਿਸਣਗੀਆਂ, ਲਾਲੀਆਂ ਕੀ ਤੇ ਛੱਲਾਂ ਕੀ, ਦਲਦਲ ਵਰਗੇ ਰਾਹ ਮੇਰੇ, ਟੱਪਾਂ ਕੀ ਤੇ ਚੱਲਾਂ ਕੀ, ਥੱਲੇ ਸੁੱਟਣਾ ਲੱਤਾਂ ਖਿੱਚਣੀਆਂ, ਆਦਤ ਲੋਕਾਂ ਦੀ ਪਰ ਮੈਨੂੰ ਚੁੱਕਣ ਵਿੱਚ ਸਭ ਲੱਗੇ ਨੇ, ਮਹਾਦੇਵ, ਵਾਹਿਗੁਰੂ, ਅੱਲਾ ਕੀ, ਟਾਲਦਾ ਰਹਿੰਦਾ ਹਾਂ ਬਾਬਿਉ, ਗਾਲਾਂ ਕੀ ਤੇ ਗੱਲਾਂ ਕੀ।

140. ਧੂੜਾਂ

ਧੂੜਾਂ ਮਿੱਟੀ 'ਚ ਲੁਕੀਆਂ ਨੇ, ਫਰੋਲਣ ਦੇ, ਅੰਦਰ ਬੈਠੇ ਛੁਪੇ ਰੁਸਤਮ ਨੂੰ, ਬੋਲਣ ਦੇ, ਲੰਬੇ ਸਮੇਂ ਤੋਂ ਬੰਦ ਦਰਵਾਜੇ, ਬੁੱਲਾਂ ਦੇ, ਲਾਲ ਕਿਲ੍ਹੇ ਦੇ ਖੁੱਲਣ ਵਾਗੂੰ, ਖੋਲਣ ਦੇ, ਪਸੰਦ ਆਵਾਂ ਜਾਂ ਨਾ ਆਵਾਂ, ਮੈਂ ਬੇਪਰਵਾਹ, ਦੁਨੀਆਂ ਜਿੰਨੀ ਕੁ ਤੁਲਦੀ, ਕੇਰਾਂ ਤੋਲਣ ਦੇ।

141. ਮਿੰਨਤਾਂ ਤਰਲੇ

ਮਿੰਨਤਾਂ ਨਹੀਂ ਕਰੀ ਦੀਆਂ, ਮੇਹਨਤ ਕਰਿਆ ਕਰ, ਸੁਆਦ ਲਿਆ ਕਰ ਜਿੰਦਗੀ ਦੇ, ਤਿਲ ਤਿਲ ਨਾ ਮਰਿਆ ਕਰ, ਰੱਬ ਨੇ ਸੁਣਨੀ ਤੇਰੀ, ਦੁਨੀਆਂ ਤਾਂ ਬੋਲੀ ਆ, ਲਿਖਣੀ ਤੇਰੀ ਭਦੌੜ ਆਲਿਆ, Rifle ਦੀ ਗੋਲੀ ਆ, ਹਿੱਕ 'ਚ ਵੱਜਣੀ ਉਹਨਾਂ ਦੇ, ਜਿਹੜੇ ਅੱਖਾਂ ਫੇਰ ਰਹੇ, ਚੁੰਬਕ ਬਣਕੇ ਖਿੱਚੇਗਾ, ਕਲਮ ਸਿਰਾਣੇ ਧਰਿਆ ਕਰ, ਸੁਆਦ ਲਿਆ ਕਰ ਜਿੰਦਗੀ ਦੇ, ਤਿਲ ਤਿਲ ਨਾ ਮਰਿਆ ਕਰ।

142. ਤੇਰਾ ਬਿੰਬ

ਰੌਸ਼ਨੀ ਜਦੋਂ ਪਾਣੀ ਨੂੰ ਆਣ ਮਿਲਦੀ, ਉਦੋਂ ਪੈਦਾ ਹੋਵੇ ਲਿਸ਼ਕੋਰ, ਲਿਸ਼ਕੋਰ ਵਾਗੂੰ ਤੇਰਾ ਮੱਥਾ ਚਮਕੇ, ਜਿਉ ਸੰਗਮਰਮਰ ਦੀ ਕੋਰ, ਕੋਰ ਤੇਰੇ ਤਿੱਖੇ ਨੱਕ ਦੀ, ਜਿਉਂ ਪਿਸਟਲ 32 ਬੋਰ, 32 ਬੋਰ ਦੱਸ ਕਿੱਥੇ ਝੱਲੂ, ਗੱਭਰੂ ਨਵਾਂ ਨਕੋਰ, ਨਵਾਂ ਨਕੋਰ ਜੇਹਾ ਹਾਸਾ ਤੇਰਾ, ਚਾੜਦਾ ਚਿੱਤ ਨੂੰ ਲੋਰ, ਲੋਰ ਤਾਂ ਤੇਰੀ ਨਸ਼ਾ ਫੀਮ ਦਾ, ਹੱਡਾਂ ਨੂੰ ਲਾਉਂਦਾ ਖੋਰ, ਖੋਰ ਨਾਲ ਫਿਰੇ ਲਿੱਸਾ ਹੋਇਆ, ਦਿਲ ਪੱਥਰ ਜੇਹਾ ਕਠੋਰ।

143. ਪਾਸਪੋਰਟ

ਸੁਆਦ ਤਾਂ ਠੰਡੇ ਮੁਲਕਾਂ ਦੇ, ਕਸ਼ਮੀਰੀ ਸੇਬਾਂ ਵਰਗੇ, ਪਰ ਪਾਸਪੋਰਟ ਦੇ ਖਾਲੀ ਪੰਨੇ, ਖਾਲੀ ਜੇਬਾਂ ਵਰਗੇ, 36 ਪੇਜ ਹੁਣ ਲੱਗਦੇ ਪਏ, ਸੂਲਾਂ ਦੀਆਂ ਸੇਜਾਂ ਵਰਗੇ, ਕਿਉਂਕਿ ਪਾਸਪੋਰਟ ਦੇ ਖਾਲੀ ਪੰਨੇ, ਖਾਲੀ ਜੇਬਾਂ ਵਰਗੇ, ਕਿਸਮਤ ਦੇ ਵਿੱਚ ਫੇਟਾਂ ਨੇ, ਫੇਟਾਂ ਵੱਜੀਆਂ ਗੁੱਝੀਆਂ, ਬੁਝਾਰਤਾਂ ਜਿੰਦਗੀ ਦੀਆਂ, ਨਾ ਜਾਣ ਕਿਸੇ ਤੋਂ ਬੁੱਝੀਆਂ, ਗੋਰਿਆਂ ਲਈ ਜ਼ਜਬਾਤ ਸਾਡੇ, ਬਚਪਨ ਦੀਆਂ ਖੇਡਾਂ ਵਰਗੇ।

144. ਕੁੱਲੀਆਂ ‘ਚ ਡਾਕੇ

ਸੰਨ ਲਾਈਏ ਤਾਂ ਤਗੜੇ ਨੂੰ, ਕੁੱਲੀਆਂ 'ਚ ਕਾਹਦੇ ਡਾਕੇ ਨੇ, ਉਹਨਾਂ ਕੋਲੋਂ ਦੱਸ ਕੀ ਮਿਲਣਾ, ਜਿੰਨਾਂ ਕੋਲ ਫਿਕਰ ਤੇ ਫਾਕੇ ਨੇ, ਜੀਹਦੀ ਡਿਉਡੀ ਉੱਤੇ ਪੱਲੀ ਐ, ਜੀਹਦੇ ਪੋਨੇ ਵਿੱਚ ਨੇ ਰਾਤ ਦੀਆਂ, ਜੋ ਕਿਸੇ ਹਮਦਰਦ ਨੂੰ ਦੇਖ ਰਿਹਾ, ਕੀ ਓਹਦੇ ਲੈਣੇ ਝਾਕੇ ਨੇ, ਸੰਨ ਲਾਈਏ ਤਾਂ ਤਗੜੇ ਨੂੰ, ਕੁੱਲੀਆਂ 'ਚ ਕਾਹਦੇ ਡਾਕੇ ਨੇ।

145. ਦੀਵੇ ਦੇ ਥੱਲੇ

ਚਾਨਣ ਖਾਤਿਰ ਤੇਲ ਤੇ ਬੱਤੀ ਖਾਕ ਹੋ ਚੱਲੇ, ਪਰ ਨੇਰਾ ਜਿਉਂ ਦਾ ਤਿਉਂ ਪਿਆ ਦੀਵੇ ਥੱਲੇ, ਰੌਸ਼ਨ ਬਨੇਰੇ ਪਰ ਲੰਬੀਆਂ ਰਾਤਾਂ ਕਾਲੀਆਂ ਨੇ, ਜਿੰਨਾਂ ਦੇ ਵਿਛੜੇ ਉਨਾਂ ਦੀਆਂ ਕੀ ਦਿਵਾਲੀਆਂ ਨੇ, ਰੱਜਿਆਂ ਨੂੰ ਰਜਾਉਂਦੀਆਂ ਨੇ ਹਕੂਮਤਾਂ ਐਥੇ, ਸ਼ੁਕਰ ਕਰੇਂਦੇ ਲੋਕਾਂ ਦੇ ਨਾ ਕੁਝ ਪਾਉਂਦੀਆਂ ਪੱਲੇ, ਦਗਦਗ ਕਰਦੇ ਚਿਹਰੇ 'ਜਿੰਦ' ਨੇ ਬੁੱਝਦੇ ਵੇਖੇ, ਕਿਧਰੇ ਪੈਂਦੀ ਖੱਪ ਸੁਣੇ ਕਈ ਫਿਰਦੇ ਕੱਲੇ।

146. ਪਾਰਦਰਸ਼ੀ

ਕਾਲੀ ਮਿਰਚ ਦੀ ਤਾਸੀਰ, ਚੁੱਗ ਦਿੰਦੀ ਰੇਸ਼ਾ, ਬੋਲਾਂ 'ਚ ਭਾਰੀਪਣ, ਤੇ ਗਲੇ 'ਚ ਖਰਾਸ਼, ਸਾਡੇ ਰਹਿਣੀ ਏ ਹਮੇਸ਼ਾ, ਕੰਛੂਕੁੰਮੇ ਆਲੀ ਚਾਲ, ਪੱਬ ਬੋਚ ਬੋਚ ਚੱਕਦੇ, ਆਪਾਂ ਤਾਂ ਕਿਸੇ ਦੇ ਨਾਲ, ਲਾਉਂਦੇ ਨਹੀਉਂ ਰੇਸਾਂ, ਜੋ ਦਿਲ 'ਚ ਨੇ ਸਾਡੇ, ਓਹੀ ਜੁਬਾਨ ਤੇ ਮਿਲੂ, ਓਹੀਓ ਪਿੱਠਾਂ ਪਿੱਛੇ ਸੁਣੇ, ਜਿਹੜਾ ਮੂੰਹਾਂ ਉੱਤੇ ਪੇਸ਼ ਆ।

147. ਤੋੜ ਗਰੀਬੀ ਦਾ

ਨਿਆਣਾ ਪੈਣ ਤੋਂ ਮਿਲਣ ਸਰਕਾਰਾਂ, ਨਿਆਣਾ ਪੈਣ ਤੋਂ, ਹੱਥ ਬੰਨਕੇ ਨਹੀਉਂ ਜ਼ੋਰ ਬਣਦੇ, ਉੱਠ ਖੜ ਤੇ ਹੌਸਲੇਂ ਤੇ ਮਾਰ ਕੱਪੜਾ, ਬੰਦੇ ਅਵੇਸਲੇ ਨੀ 4 ਬਾਏ 4 ਬਣਦੇ, ਹਵਾ ਪਾਣੀ ਤੇ ਮਿੱਟੀ ਦਾ ਪੁੱਤ ਏ ਤੂੰ, ਇਨਕਲਾਬ ਨੇ ਵਕਤ ਦੀ ਲੋੜ ਬਣਦੇ, ਆਵਦੇ ਚੁੱਲੇ ਦੀਆਂ ਵੇਖ ਲੈ ਲਪਟਾਂ ਨੂੰ, ਜੁੜੇ ਹੱਥ ਨਾ ਗਰੀਬੀ ਦਾ ਤੋੜ ਬਣਦੇ।

148. ਨਸ਼ੇੜੀ

ਨਾ ਫਸਲਾਂ ਤੁਰਦੀਆਂ ਨਸ਼ਿਆਂ ਬਿੰਨ, ਨਾ ਹੀ ਤੁਰਦੇ ਬੰਦੇ, ਇੱਕ ਪਿੰਜਰ ਤੇ ਦੂਜਾ ਦਿਲ, ਕਦੇ ਨਾ ਝੁਰਦੇ ਚੰਗੇ, ਤੰਦਰੁਸਤੀ ਐ ਨਿਆਮਤ ਵੱਡੀ, ਪੈਸਾ ਸੌਹਰਤ ਭੁਲੇਖਾ ਐ, ਲੰਬੀ ਉਮਰ ਕਢਾਉਂਦੇ ਨੀ, ਕਿਸੇ ਤੋਂ ਗੁਰਦੇ ਮੰਗੇ, ਪੀਣਾ ਐ ਤਾਂ ਗੁੱਸਾ ਪੀਅ, ਸਹਿਕਦਿਆਂ ਦੇ ਸਾਥ 'ਚ ਜੀਅ, ਹਾਕ ਮਾਰਕੇ ਸੱਦਦੇ ਨੀ, ਕੋਲ ਦੀ ਮੁਰਦੇ ਲੰਘੇ।

149. ਜੱਦੀ ਜਿਣਸ

ਚੌਥੀ ਪੀੜੀ ਇੱਕੋ ਲਹੂ, ਜਿਣਸ ਜੱਦੀ ਆ, ਸਲੀਕਿਆਂ 'ਚ, ਤਰੀਕਿਆਂ 'ਚ, ਠੇਠ ਪੰਜਾਬੀ ਲੱਦੀ ਆ, ਮੁਆਫ ਕਰ ਦਿੰਨੇ ਆ, ਗਲਤੀ ਤੇ ਗੁਨਾਹਾਂ ਨੂੰ, ਕਿਉਂਕਿ ਰਹਿਮ ਦੀ ਸ਼ਾਨ, ਬਦਲੇ ਦੀ ਸ਼ਾਨ ਨਾਲੋਂ, ਕਿਤੇ ਵੱਡੀ ਆ, ਏਹ ਦੁਨੀਆਂ ਉਦੋਂ ਘੁੱਗ ਵਸੂ, ਜਦੋਂ ਕਦੇ ਆਉਣੀ ਜੁਬਾਨ, 'ਚ ਹੱਡੀ ਆ, ਉਹ ਬੰਦਾ ਤੇ ਉਹ ਧੰਦਾ, ਜੀਹਨੇ ਚੁੱਲੇ ਠਾਰ ਦਿੱਤੇ, ਸਾਡੀ ਨਜ਼ਰ 'ਚ ਰੱਦੀ ਆ।

150. ਬਾਬੇ ਦੀ ਬਾਣੀ

ਕਈਆਂ ਦੀ ਅੱਖ ਦਾ ਕਸੀਰ ਕੱਢੇ, ਕਈਆਂ ਦੇ ਅੱਖ ਦਾ ਪਾਣੀ, ਕਈਆਂ ਲਈ ਸਹਾਰਾ ਬਣਦੀ, ਕਈਆਂ ਦੀ ਰੂਹ ਦਾ ਹਾਣੀ, ਮੈਂ ਤੇ ਮੇਰਾ ਮਨੁੱਖ ਅੰਦਰਲਾ, ਤਰਕਾਂ ਵਿੱਚ ਜਾਂਦਾ ਛਾਣੀ, ਜੋ ਮਿਲੀ ਨਾ ਜਣੇ ਖਣੇਂ ਤੋਂ, ਉਹੋ ਜਪੁਜੀ ਰਹਿਰਾਸੋ ਜਾਣੀ, ਓਟ ਨਜ਼ਰੀਏ ਇੱਕ ਗੱਲ ਸਿੱਖੀ, ਸਿੱਧੀ ਨਜ਼ਰ ਖੁਦਾ ਹੀ ਰੱਖਦਾ, ਮੇਰੇ ਵਰਗੇ ਤਾਂ ਰੱਖਣ ਕਾਣੀ, ਬਾਕੀ ਦਾ ਸਭ ਨੇ ਏਸ ਜਹਾਨੋ, ਇੱਕ ਧੁਰੋਂ ਹੀ ਬਾਬੇ ਦੀ ਬਾਣੀ, ਐਥੋ ਆਲੇ ਤਾਂ ਪਾਉਂਦੇ ਆਏ, ਹੁਣ ਤੱਕ ਪਾਣੀ ਵਿੱਚ ਮਧਾਣੀ।

151. ਮਸਲਾ ਰੋਟੀ ਦਾ

ਆਉਣ ਜਾਣ ਵਾਲਿਆਂ ਨੂੰ ਨਹੀ ਰੋਕੀਦਾ, ਗੱਲ ਪੂਰੀ ਹੋਣਦੇ ਵਿਚਾਲੋਂ ਨੀ ਟੋਕੀਦਾ, ਕਿਸੇ ਦੀਆਂ ਲਗਾਮਾਂ ਥੋਡੇ ਹੱਥ ਨਹੀਂ, ਜਿੰਦਗੀ ਹੈਨੀ ਕੋਈ ਸੰਗਲ ਝੋਟੀ ਦਾ, ਰੋੜੇ ਰਾਹੋਂ ਚੁੱਕੀਏ ਰੋੜਾ ਬਣਨ ਨਾਲੋਂ, ਅਸੀਸ ਤੋਂ ਅਕਸਰ ਵਾਝਾਂ ਰਹਿਜੇ, ਬੰਦਾ ਨੀਯਤ ਖੋਟੀ ਦਾ, ਸ਼ੁਰੂ ਸ਼ੁਰੂ ਵਿੱਚ ਤਮਾ ਟਿਕਣ ਨੀ ਦਿੰਦੀ, ਆਖਿਰ ਨੂੰ ਰਹਿ ਜਾਂਦਾ ਮਸਲਾ ਰੋਟੀ ਦਾ।

152. ਭਦੌੜ ਆਲੇ

ਢਿੱਡੋਂ ਰੱਜੇ, ਨੀਯਤੋ ਰੱਜੇ, ਸਿਰ ਤੇ ਪੱਗ, ਲਹੂ 'ਚ ਅੱਗ, ਖੱਬੇ ਹੱਥ ਕੜਾ, ਕਲਮ ਸੱਜੇ, ਬੰਸ਼ਿੰਦੇ ਭਦੌੜ ਦੇ, ਦੌੜਾਕ ਆਪਣੀ ਦੌੜ ਦੇ, ਨਾ ਕਿਸੇ ਮਗਰ ਭੱਜੇ, ਚੁੱਪ ਟਿਕੇ ਸਮੁੰਦਰ ਜਹੀ, ਜਦੋਂ ਵੀ ਗੱਜੇ, ਬਣਕੇ ਨਗਾਰਾ ਗੱਜੇ, ਮੀਂਹ ਵਾਗੂੰ ਵਰਦੇ, ਬੰਜ਼ਰ ਦਿਲਾਂ ਉੱਤੇ, ਕੰਧਾਂ ਕੌਲਿਆਂ 'ਚ ਵੱਜੇ ਨੀ, ਸਿੱਧਾ ਦਿਲ ਤੇ ਵੱਜੇ,

153. ਗੁਲਾਬ ਦਾ ਦਿਨ

ਗੁਲਾਬ ਤੋੜਕੇ, ਦਿਲ ਤੋੜੇ ਗਏ, ਦੂਜੇ ਮਹੀਨੇ ਦੇ ਦੂਜੇ ਹਫਤੇ, ਬੇਹਿਸਾਬ ਤੋੜੇ ਗਏ, ਚੌਕਲੇਟਾਂ ਨਾਲ ਤੋਲ ਦਿੱਤਾ, ਮੁਹੱਬਤ ਦੇ ਵਜ਼ਨਾਂ ਨੂੰ, ਟੈਡੀ ਬੀਅਰਾਂ ਦੇ ਸੰਨ ਲਾਕੇ, ਸਾਹ ਨਾਲ ਸਾਹ ਜੋੜੇ ਗਏ, ਪੁੱਛਣਾਂ ਚਾਹੁੰਣਾ ਐਹੋ ਆਸ਼ਕਾਂ ਨੂੰ, ਰੂਹਾਂ ਤ੍ਰਿਪਤ ਹੋਈਆਂ, ਜਾਂ ਫਿਰ ਜਿਸਮ ਨਿਚੋੜੇ ਗਏ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ