Punjabi Ghazals : Jaswant Wagla

ਪੰਜਾਬੀ ਗ਼ਜ਼ਲਾਂ : ਜਸਵੰਤ ਵਾਗਲਾ


ਸੁਣਿਆ ਤੇਰਾ ਸ਼ਹਿਰ

ਸੁਣਿਆ ਤੇਰਾ ਸ਼ਹਿਰ ਅਜ ਕਲ੍ਹ, ਬੇਲਗਾਮ ਹੋ ਗਿਆ। ਮੇਰੇ ਵਰਗੇ ਆਸ਼ਿਕਾ ਦਾ ,ਕਤਲੇਆਮ ਹੋ ਗਿਆ। ਰੁੱਖ ਪੁਟ ਹੋਣਾ ਸੀ ਉਹ,ਜੜ੍ਹ ਨਾਲ ਨਾ ਸੀ ਓਸਦੇ, ਉੰਝ ਹੀ ਬਦਨਾਮ ਪਰ ਪੌਣਾਂ ਦਾ ਨਾਮ ਹੋ ਗਿਆ। ਮੈਂ ਸਵੇਰਾ ਸਾਂ ਖਿੰਡਾਉਦਾਂ ਸਾਂ ਚੁਫੇਰੇ ਨੂਰ ਮੈਂ, ਮਾਰ ਸਹਿ ਕੇ ਵਕਤ ਦੀ ਐਪਰ ਮੈਂ ਸ਼ਾਮ ਹੋ ਗਿਆ। ਕੀਮਤੀ ਸੀ ਮੈਂ ਜਦੋਂ ਉਹ ਵਕਤ ਪਿੱਛੇ ਰਹਿ ਗਿਐ, ਖ਼ਾਸ ਬੰਦਾ ਤੇਰੀਆਂ ਨਜ਼ਰਾਂ ‘ਚ ਆਮ ਹੋ ਗਿਆ। ਚੰਨ ਸੀ ਅਸਮਾਨ ਦਾ ਤੂੰ, ਮੈਂ ਤਾਂ ਰੇਤ ਸੀ ਨਿਰੀ, ਤੇਰੇ ਤੀਕਰ ਪਹੁੰਚਣਾ ਮੇਰਾ ਨਾਕਾਮ ਹੋ ਗਿਆ। ਪਿਆਰ ਦੀ ਦੇਵੀ ਖੜੀ ਸੀ ਹੁਸਨ ਦੇ ਬਜ਼ਾਰ ਵਿਚ, ਸਿਰਫਿਰੇ ਆਸ਼ਿਕ ਦਾ ਜਿੱਥੇ ਸਸਤਾ ਦਾਮ ਹੋ ਗਿਆ। ਬੋਲ ਕੌੜੇ ਬੋਲ ਕੇ ਉਹ ਛੇਕ ਸੀਨੇ ਕਰ ਗਏ, ਬਸ ਅਸਾਡੇ ਮਰਨ ਦਾ ਹੁਣ ਇੰਤਜ਼ਾਮ ਹੋ ਗਿਆ। ਚੁਕ ਲਿਆ ਚਿਹਰੇ ਤੋਂ ਜਦ ਅਪਣਾ ਹਿਜਾਬ ਓਸਨੇ, ‘ਵਾਗਲੇ’ ਦਾ ਬਸ ਉਦੋਂ ਪੂਰਾ ਕਲਾਮ ਹੋ ਗਿਆ।

ਦੀਦ ਨਾ ਹੁੰਦੀ

ਜੇਕਰ ਤੇਰੀ ਦੀਦ ਨਾ ਹੁੰਦੀ। ਮੇਰੀ ਈਦ ਵੀ ਈਦ ਨਾ ਹੁੰਦੀ। ਸਿਰ ਦੇ ਕੇ ਮਿਲਦੀ ਹੈ ਉਲਫ਼ਤ, ਪੈਸੇ ਨਾਲ਼ ਖਰੀਦ ਨਾ ਹੁੰਦੀ। ਜੀਵਨ ਵਿਚ ਉਹ ਵੀ ਹੋ ਜਾਂਦੈ, ਜਿਸ ਦੀ ਕੁੱਝ ਉਮੀਦ ਨਾ ਹੁੰਦੀ। ਮੇਰੇ ਤਨ ਤੇ ਜ਼ਖ਼ਮ ਨਾ ਹੁੰਦੇ, ਜੇ ਤੇਰੀ ਤਾਕੀਦ ਨਾ ਹੁੰਦੀ। ਚੁੱਪ ਕਰਕੇ ਜੇ ਮੁੱਲ ਦੇ ਦਿੰਦਾ, ਦਿਲ ਦੀ ਰੀਝ ਸ਼ਹੀਦ ਨਾ ਹੁੰਦੀ। ਕੁਝ ਕਰਨਾ ਪੈਂਦਾ ਹੈ ਵੱਖਰਾ, ਦੁਨੀਆਂ ਉਂਝ ਮੁਰੀਦ ਨਾ ਹੁੰਦੀ। ਪਿਆਰ ਨਹੀਂ ਹੈ ਸੌਦਾ ਕੋਈ, ਇਸ ਦੀ ਕੱਟ ਰਸੀਦ ਨਾ ਹੁੰਦੀ।

ਗਾਏ ਜਾਣਗੇ

ਚੁਪ ਨਹੀਂ ਰਹਿਣਾ ਨਾ ਹੁਣ ਹੰਝੂ ਵਹਾਏ ਜਾਣਗੇ। ਰਾਤ ਨੂੰ ਹੁਣ ਤਾਰਿਆਂ ਦੇ ਗੀਤ ਗਾਏ ਜਾਣਗੇ। ਜਗ ਰਹੇ ਤਰਤੀਬ ਵਿਚ ਦੀਵੇ ਬੁਝਾਉਣੇ ਨੇ ਉਨ੍ਹਾਂ, ਦੋਸ਼ ਫਿਰ ਸਾਰੇ ਹਵਾ ਉੱਤੇ ਲਗਾਏ ਜਾਣਗੇ। ਮਰਨ ਵੇਲੇ ਲੈ ਕੇ ਜਾਵਾਂਗਾ ਮੈਂ ਅਪਣੇ ਨਾਲ ਹੀ, ਖ਼ਤ ਨਦੀ ਵਿਚ ਨਾ ਤੇਰੇ ਮੈਥੋਂ ਵਹਾਏ ਜਾਣਗੇ। ਇਹ ਨਜ਼ਾਰਾ ਜਲਦ ਦੇਖੇਗਾ ਤੂੰ ਅੱਖਾਂ ਸਾਹਮਣੇ, ਵਿੱਛੜੇ ਪੰਜਾਬ ਜਦ ਫਿਰ ਤੋਂ ਮਿਲਾਏ ਜਾਣਗੇ। ਦੇਣਗੇ ਇਕ ਹੋਣ ਦਾ ਉਪਦੇਸ਼ ਸਾਨੂੰ ਬਾਦ ਵਿਚ, ਲੋਕ ਪਹਿਲਾਂ ਧਰਮ ਦੇ ਨਾਂ ਤੇ ਲੜਾਏ ਜਾਣਗੇ। ਫਿਰ ਮਨਾਂਵਾਗਾ ਦੁਸਹਿਰਾ ਬੱਚਿਆਂ ਦੇ ਨਾਲ ਮੈਂ, ਲੱਭ ਕੇ ਜਦ ਅੱਜ ਦੇ ਰਾਵਣ ਜਲਾਏ ਜਾਣਗੇ। ਜਿਸਮ ਦੇ ਰੇਤੇ ‘ਚ ਲਾ ਕੇ ਫੁੱਲ ਮੈਂ ਪਛਤਾ ਰਿਹਾਂ, ਏਸਤੇ ਹੁਣ ਥੋਰ੍ਹ ‘ਤੇ ਕੰਡੇ ਉਗਾਏ ਜਾਣਗੇ। ਚੋਗ ਦੇਵਾਂਗਾ ਮੈਂ ਤਲੀਆਂ ‘ਤੇ ਉਨ੍ਹਾਂ ਨੂੰ ‘ਵਾਗਲੇ’, ਖੋਲ੍ਹਕੇ ਜਦ ਪਿੰਜਰੇ ਪੰਛੀ ਉਡਾਏ ਜਾਣਗੇ।

ਰੱਖਦਾ ਹੈ

ਚਾਪਲੂਸੀ, ਈਰਖਾ, ਅਭਿਮਾਨ ਰੱਖਦਾ ਹੈ। ਦਿਲ ‘ਚ ਕੀ ਕੀ ਅੱਜ ਦਾ ਇਨਸਾਨ ਰੱਖਦਾ ਹੈ। ਟੁੱਟਿਆ ਹੁੰਦੈ ਬੜਾ ਕੁਝ ਓਸ ਅੰਦਰ ਵੀ, ਆਪਣੇ ਬੁੱਲਾਂ ‘ਤੇ ਜੋ ਮੁਸਕਾਨ ਰੱਖਦਾ ਹੈ। ਵੰਝਲੀ ਦੀ ਜੂਨ ਪੈਂਦਾ ਹੈ ਕੋਈ ਵਿਰਲਾ, ਉੰਝ ਤਾਂ ਹਰ ਬਾਂਸ ਅੰਦਰ ਤਾਨ ਰੱਖਦਾ ਹੈ। ਜਾਣ ਨਾ ਛੋਟਾ ਜਿਹਾ ਤੂੰ ਏਸਨੂੰ ਹਰਗਿਜ਼, ਦਿਲ ਮੇਰਾ ਅੰਦਰ ਬੜੇ ਤੂਫ਼ਾਨ ਰੱਖਦਾ ਹੈ। ਮੈਂ ਮੁਹੱਬਤ ਦੀ ਕਰਾਂ ਗਲ ਨਾਲ ਉਸਦੇ ਜਦ, ਉਹ ਨਫ਼ਾ ‘ਤੇ ਸਾਹਮਣੇ ਨੁਕਸਾਨ ਰੱਖਦਾ ਹੈ। ਖ਼ਾਮਿਆਜ਼ਾ ਭੁਗਤਣਾ ਪੈਂਦਾ ਹੈ ਬੰਦੇ ਨੂੰ, ਲਾਡਲੀ ਬਹੁਤੀ ਹੀ ਜੋ ਸੰਤਾਨ ਰੱਖਦਾ ਹੈ। ਗ਼ਰਜ਼ ਪੂਰੀ ਹੋਣ ‘ਤੇ, ਵੱਟ ਲੈਣ ਸਭ ਪਾਸਾ, ਕੌਣ ਹੁਣ ਚੇਤੇ ਭਲਾ ਅਹਿਸਾਨ ਰੱਖਦਾ ਹੈ। ਜੋ ਨਸੀਹਤਾਂ ਮਿਲਦੀਆਂ ਉਸਤਾਦ ‘ਰੌਸ਼ਨ’ ਤੋਂ, ਉਹ ਸਮਝਕੇ ‘ਵਾਗਲਾ’ ਵਰਦਾਨ ਰੱਖਦਾ

ਸਲਾਮ ਮੇਰਾ

ਐ ਬਿਰਖ ਤੇਰੀ ਛਾਂ ਨੂੰ, ਸੌ ਸੌ ਸਲਾਮ ਮੇਰਾ। ਚੱਲਿਆਂ ਮੈਂ, ਹਾਲੇ ਰਹਿੰਦੈ, ਰਸਤਾ ਤਮਾਮ ਮੇਰਾ। ਮੈਂ ਸੀ ਯਕੀਨ ਕੀਤਾ, ਹਦ ਤੋਂ ਜਿਆਦਾ ਜਿਸ ‘ਤੇ, ਉਹ ਸ਼ਖਸ ਕਰ ਗਿਆ ਹੈ, ਸਭ ਕੁਝ ਨਿਲਾਮ ਮੇਰਾ। ਚਸ਼ਮਾ ਤੂੰ ਖ਼ੂਬਸੂਰਤ, ਧਾਰਾ ਮੈਂ ਮਾਰੂਥਲ ਦੀ, ਤੇਰੀ ਅਦਾ ਦੇ ਸਾਵੇਂ,ਕੀ ਹੈ ਕਲਾਮ ਮੇਰਾ। ਸੁੱਤਾ ਹੈ ਗੂੜ੍ਹੀ ਨੀਦੇਂ, ਇਉਂ ਜਾਪਦਾ ਏ ਮੈਨੂੰ, ਜਦ ਵੀ ਬੁਲਾਵਾਂ ਉਸਨੂੰ, ਸੁਣਦਾ ਨਾ ਰਾਮ ਮੇਰਾ। ਆਇਆ ਹੈ ਸਿਰ ਕਟਾ ਕੇ, ਅਜ ਓਸ ਦੇ ਨਗਰ ਚੌਂ, ਮੈਂ ਮੋੜਿਆ, ਨਾ ਮੁੜਿਆ, ਦਿਲ ਬੇਲਗਾਮ ਮੇਰਾ। ਮੈਂ ਉਮਰ ਕੱਟ ਲਵਾਂਗਾ, ਕਦਮਾਂ ‘ਚ ਤੇਰੇ ਬਹਿ ਕੇ, ਕਹਿ ਕੇ ਤਾਂ ਦੇਖ ਮੈਨੂੰ, ਬਣ ਜਾ ਗੁਲਾਮ ਮੇਰਾ। ਭਟਕੇ ਨੂੰ ਜੇ ਦਿਖਾਉਂਦਾ, ਰਸਤਾ ਨਾ ਮੇਰਾ ਰਹਿਬਰ, ਕਵੀਆ ਦੇ ਵਿੱਚ ਕਦੇ ਵੀ, ਆਉਦਾ ਨਾ ਨਾਮ ਮੇਰਾ।

ਚੰਗਾ ਲਗਦਾ ਹੈ

ਜਗ ਦੇ ਪੱਥਰ, ਕੰਕਰ ਜਰਨਾ ਚੰਗਾ ਲੱਗਦਾ ਹੈ। ਮੈਨੂੰ ਹੌਲੀ ਹੌਲੀ ਮਰਨਾ ਚੰਗਾ ਲਗਦਾ ਹੈ। ਬੇਅੰਤਾ ਸਾਗਰ ਹੈ ਮੇਰੇ ਦਿਲ ਅੰਦਰ ਭਾਵੇਂ, ਪਰ ਤੇਰੇ ਨੈਣਾਂ ਵਿੱਚ ਤਰਨਾ ਚੰਗਾ ਲਗਦਾ ਹੈ। ਮੈਨੂੰ ਚੰਗੇ ਲੱਗਣ ਪੈਰਾਂ ਹੇਠਾਂ ਅੰਗਾਰੇ, ਤੇਰੇ ਦਿਲ ਨੂੰ ਜੇਕਰ ਝਰਨਾ ਚੰਗਾ ਲੱਗਦਾ ਹੈ। ਜੀਅ ਕਰਦਾ ਹੈ ਸੇਕਾਂ ਹੁਣ ਧੁੱਪ ਤੇਰੇ ਚਿਹਰੇ ਦੀ, ਬਹਿ ਕੇ ‘ਕੱਲੇ ਹੁਣ ਨਾ ਠਰਨਾ ਚੰਗਾ ਲਗਦਾ ਹੈ। ਮਜਬੂਰੀ ਹੁੰਦੀ ਹੈ ਅਪਣੀ ਫ਼ਸਲ ਬਚਾਉਣੇ ਦੀ, ਉਂਝ ਖੇਤਾਂ ਵਿੱਚ ਕਿਸਨੂੰ ‘ਡਰਨਾ’ ਚੰਗਾ ਲਗਦਾ ਹੈ। ਜਿੱਥੋਂ ਵਾਪਿਸ ਆਉਦਾ ਨਾ ਜਾ ਕੇ ਫਿਰ ਕੋਈ ਵੀ, ਉਹਨਾਂ ਰਾਹਾਂ ‘ਤੇ ਪੱਬ ਧਰਨਾ ਚੰਗਾ ਲਗਦਾ ਹੈ। ਨੀਂਦਰ ਦੇ ਵਿੱਚ ਸੁਪਨੇ ਲੈਣੇ ਮੈਨੂੰ ਨਈ ਭਾਉਂਦੇ, ਨਾਲ ਹਵਾ ਦੇ ਗੱਲਾਂ ਕਰਨਾ ਚੰਗਾ ਲੱਗਦਾ ਹੈ। ਤੇਰੀਆਂ ਯਾਦਾ ਦੇ ਪਰਛਾਵੇਂ ਕਾਰਨ ਹਨ ਇਸਦਾ, ਵਰਨਾ ਕਿਸਨੂੰ ਹਾਉਕੇ ਭਰਨਾ ਚੰਗਾ ਲੱਗਦਾ ਹੈ।

ਫੁਲਕਾਰੀ ਵਿਚ

ਐ ਦਿਲ ਫਸਿਆ ਰਹਿ ਨਾ ਦੁਨੀਆਦਾਰੀ ਵਿਚ। ਕੱਢ ਨਵੇਂ ਫੁੱਲ ਜੀਵਨ ਦੀ ਫੁਲਕਾਰੀ ਵਿਚ। ਕਣ ਕਣ ਵਿੱਚ ਰਬ ਵੱਸਦਾ ਜਿਹੜੇ ਕਹਿੰਦੇ ਹਨ, ਖ਼ੁਦ ਹੀ ਕੈਦੀ ਹਨ ਉਹ ਚਾਰ ਦੀਵਾਰੀ ਵਿਚ। ਦੇਖੀਂ ਇਕ, ਦਿਨ ਰੋਵੇਂਗਾ, ਪਛਤਾਵੇਂਗਾ, ਹਰ ਵੇਲੇ ਤੂੰ ਰਹਿੰਨਾਂ ਏ ਹੁਸ਼ਿਆਰੀ ਵਿਚ। ਤੁਰਨਾ ਵੀ ਨਾ ਸਿੱਖਿਆ ਜਿਹਨਾਂ ਹਾਲੇ ਤਕ, ਚਾਹੁੰਦੇ ਹਨ ਉਹ ਰੁਤਬਾ ਘੋੜ ਸਵਾਰੀ ਵਿੱਚ। ਨੀਵਾਂ ਹੋ ਕੇ ਲੈ ਲੈ ਜੇ ਲੈ ਹੁੰਦਾ ਹੈ, ਮੁਰਸ਼ਿਦ ਨੇ ਜੋ ਰੱਖਿਆ ਲਾਲ ਪਟਾਰੀ ਵਿਚ। ਬੰਦੇ ਦੀ ਇੱਛਾ ਹੀ ਵੱਢਦੀ ਹੈ ਲੱਕੜ, ਐਨੀ ਤਾਕਤ ਕਿੱਥੇ ਹੁੰਦੀ ਆਰੀ ਵਿਚ। ਇੱਥੋਂ ਤੈਨੂੰ ਕੋਈ ਕੱਢ ਨਹੀਂ ਸਕਦਾ, ਬੈਠਾਂ ਏਂ ਤੂੰ ਮੇਰੇ ਦਿਲ ਦੀ ਬਾਰੀ ਵਿਚ। ਤਾਂ ਹੀ ਇਸ ਵਿਚ ਐਬ ਉਨ੍ਹਾਂ ਨੇ ਲੱਭੇ ਹਨ, ਕੁਝ ਨਾ ਕੁਝ ਸੀ ਮੇਰੀ ਕਾਰਗੁਜ਼ਾਰੀ ਵਿਚ।

ਸਲੀਬ ਮੇਰੇ

ਪਰ ਝੂਠ ਦੇ ਲਗਾ ਕੇ, ਉਡ ਗਏ ਰਕੀਬ ਮੇਰੇ। ਸਚ ਬੋਲਿਆ ਤੇ ਆਈ, ਹਿੱਸੇ ਸਲੀਬ ਮੇਰੇ। ਅੱਗ ਹੈ ਵਜੂਦ ਮੇਰਾ, ਤੂੰ ਰਾਖ਼ ਹੋ ਨਾ ਜਾਵੀਂ, ਇਹ ਮਸ਼ਵਰਾ ਏ ਤੈਨੂੰ, ਆ ਨਾ ਕਰੀਬ ਮੇਰੇ। ਚੁੰਮਣਗੇ ਹੱਥ ਮੇਰੇ, ਉਹ ਆਣਕੇ ਕਿਸੇ ਦਿਨ, ਜਿਹਨਾਂ ਨੂੰ ਜਾਪਦੇ ਨੇ, ਸੁਪਨੇ ਅਜੀਬ ਮੇਰੇ। ਵੱਡੇ ਘਰਾਣਿਆਂ ਤੋਂ, ਮੈ ਫ਼ਾਸਲੇ ‘ਤੇ ਰਹਿੰਨਾਂ, ਦਿਲ ਦੇ ਕਰੀਬ ਵਸਦੇ, ਨੇ ਸਭ ਗਰੀਬ ਮੇਰੇ। ਅਪਣੀ ਕਲਮ ਨੂੰ ਰੱਖਦੇ,ਗਹਿਣੇ ਜੇ ਮਾਣ ਪਾਉਣੈ, ਸਮਝਾ ਗਏ ਨੇ ਮੈਨੂੰ, ਮਿੱਤਰ ਅਦੀਬ ਮੇਰੇ। ਵੰਡਿਆਂ ਗਿਆ ਸਾਂ ਮੈਂ ਵੀ,ਸਿਰ ਤੋਂ ਜ਼ਮੀਨ ਤੀਕਰ, ਅਪਣੇ ਜਦੋਂ ਲਿਆਏ, ਘਰ ਵਿਚ ਜਰੀਬ ਮੇਰੇ। ਪੱਛ ਹੋਰ ਲਾ ਗਏ ਨੇ, ਮੇਰੇ ਸਰੀਰ ਉੱਪਰ, ਫੱਟਾਂ ‘ਤੇ ਲਾਉਣ ਆਏ, ਮਰਹਮ ਤਬੀਬ ਮੇਰੇ। ਉਸਨੂੰ ਗੁਆ ਕੇ ਪਾਈ, ਮੈਂ ਸ਼ਾਇਰੀ ਦੀ ਬਖ਼ਸ਼ਿਸ਼, ਇਹ ਕੌਣ ਆਖਦਾ ਹੈ, ਫੁੱਟੇ ਨਸੀਬ ਮੇਰੇ।

ਬਰਸਾਤ ਹੋਵੇਗੀ

ਤੇਰੀ ਰਹਿਮਤ ਦੀ ਜਦ ਬਰਸਾਤ ਹੋਵੇਗੀ। ਤਾਂ ਫਿਰ ਝਿਲਮਿਲ ਮੇਰੀ ਹਰ ਰਾਤ ਹੋਵੇਗੀ। ਹਨੇਰੇ ਨੇ ਨਹੀਂ ਦਿਸਣਾ ਤੂੰ ਛਡ ਚਿੰਤਾ, ਬੜੀ ਹੀ ਜਲਦ ਹੁਣ ਪਰਭਾਤ ਹੋਵੇਗੀ। ਉਦੋਂ ਆਵੇਗਾ ਚੇਤੇ ਬਾਂਸ ਦਾ ਜੰਗਲ, ਜਦੋਂ ਵੀ ਵੰਝਲੀ ਦੀ ਬਾਤ ਹੋਵੇਗੀ। ਤੂੰ ਦੇਖੀ ਜਾ ਅਸਾਡੇ ਕਿਣਕਿਆਂ ਮੁਹਰੇ, ਪਹਾੜਾਂ ਦੀ ਨਾ ਕੁਝ ਔਕਾਤ ਹੋਵੇਗੀ। ਅਗਰ ਸੂਰਜ ਦੀ ਕੋਈ ਵੀ ਨਹੀਂ ਹੈ ਤਾਂ, ਇਨ੍ਹਾਂ ਕਿਰਨਾਂ ਦੀ ਕਿਹੜੀ ਜਾਤ ਹੋਵੇਗੀ। ਗੁਜ਼ਰਨਾ ਹੈ ਅਸੀ ਵੀ ਰਾਹ ਚੋਂ ਹਰ ਹਾਲਤ, ਉਨ੍ਹਾਂ ਬੇਸ਼ਕ ਲਗਾਈ ਘਾਤ ਹੋਵੇਗੀ। ਕਦੇ ਨਾ ‘ਵਾਗਲੇ’ ਨੇ ਸੋਚਿਆ ਸੀ ਇਹ, ਕੇ ਉਸਦੀ ਉਮਰ ਜਿੰਨੀ ਰਾਤ ਹੋਵੇਗੀ।

ਪੰਜਾਬੀ ਨੂੰ

ਸਾਡੇ ਸਭ ਦੇ ਸਿਰ ‘ਤੇ ਠੰਡੀ ਛਾਂ ਪੰਜਾਬੀ ਨੂੰ। ਸਜਦਾ ਮੇਰਾ ਲੱਖ ਵਾਰੀ ਹੈ ਮਾਂ ਪੰਜਾਬੀ ਨੂੰ। ਸੌ ਸੌ ਵਾਰੀ ਕਰਦਾ ਹਾਂ ਪ੍ਰਣਾਮ ਉਨ੍ਹਾਂ ਨੂੰ ਮੈ, ਜ਼ਿਹਨਾਂ ਨੇ ਪਹੁੰਚਾਇਆ ਹੈ ਹਰ ਥਾਂ ਪੰਜਾਬੀ ਨੂੰ। ਨਾਨਕ, ਬੁੱਲੇ, ਹਾਸ਼ਮ ਕਾਦਰ ਯਾਰ ਦੀ ਬੋਲੀ ਹੈ, ਕਾਬਿਲ ਲੱਖਾਂ ਹੋਰ ਮਿਲੇ ਨੇ ਨਾਂ ਪੰਜਾਬੀ ਨੂੰ। ਪਹਿਰੇਦਾਰੋ ਸੌਂ ਨਾ ਜਾਣਾ ਅਪਣੇ ਘਰ ਅੰਦਰ, ਝਪਟਣ ਨੂੰ ਫਿਰਦੇ ਨੇ ਕਾਲੇ ਕਾਂ ਪੰਜਾਬੀ ਨੂੰ। ਸ਼ੇਰਾਂ ਵਾਂਗ ਬਹਾਦਰ ਜਾਏ ਹੋਏ ਨੇ ਇਸਦੇ, ਸਮਝੋ ਨਾ ਹੁਣ ‘ਕੱਲੀ ਕਾਰੀ ਗਾਂ ਪੰਜਾਬੀ ਨੂੰ। ਇਸ ਦੇ ਨਾਲ ਜੇ ਨਵੀਂਆਂ ਨਸਲਾਂ ਦਿਲ ਤੋ ਜੁੜਨਗੀਆਂ, ਮਾਣ ਮਿਲੇਗਾ ਦੁਨੀਆਂ ਦੇ ਵਿਚ ਤਾਂ ਪੰਜਾਬੀ ਨੂੰ। ਨਾ ਨਾ ਕਰਦੇ ਜਿਹੜੇ ਛੱਡੀਏ ਖਹਿੜਾ ਉਹਨਾਂ ਦਾ, ਗਲ਼ ਲਾਈਏ ਜੋ ਕਰਦੇ ਨੇ ਹਾਂ ਹਾਂ ਪੰਜਾਬੀ ਨੂੰ। ਇਸਦੀ ਖ਼ਾਤਿਰ ਹਰ ਕੁਰਬਾਨੀ ਦੇ ਸਕਦਾ ਹਾਂ ਮੈਂ, ਮੈਂ ਹਸ ਹਸ ਕੇ ਦੇ ਸਕਦਾ ਹਾਂ ਜਾਂ ਪੰਜਾਬੀ ਨੂੰ।

ਮਨ ਦੇ ਮੱਕੇ ਦੀ

ਛੱਡ ਤੂੰ ਵੇਦ ਕਤੇਬਾਂ ਪੜ੍ਹ ਪੜ੍ਹ ਥੱਕੇ ਦੀ। ਸੁਣਿਆ ਕਰ ਤੂੰ ਅਪਣੇ ਮਨ ਦੇ ਮੱਕੇ ਦੀ। ਹਰ ਹਾਲਤ ਵਿਚ ਇਸਦੇ ਵਿੱਚੋਂ ਲੰਘਾਂਗੇ, ਸਾਰ ਅਸਾਂ ਨੂੰ ਹੈ ਸੂਈ ਦੇ ਨੱਕੇ ਦੀ। ਰਿਜ਼ਕ ਵਥੇਰਾ ਹੈ ਭਾਵੇਂ ਪਰਦੇਸਾ ਵਿਚ, ਪਰ ਨਾ ਖੁਸ਼ਬੂ ਲੱਭੇ ਮਾਂ ਦੇ ਪੱਕੇ ਦੀ। ਮੇਰਾ ਕੀ ਹੈ ਮੈਂ ਤਾਂ ਦੁੱਕੀ ਤਿੱਕੀ ਹਾਂ, ਰਹਿਮਤ ਰਹਿੰਦੀ ਹੈ ਪਰ ਤੇਰੇ ਯੱਕੇ ਦੀ। ਮੈਂ ਅਪਣੀ ਮਸਤੀ ਵਿੱਚ ਰਹਿਨਾਂ ਹਰ ਵੇਲੇ, ਤੈਨੂੰ ਬਸ ਰਹਿੰਦੀ ਹੈ ਇੱਟ ਖੜੱਕੇ ਦੀ। ਹੁਣ ਤਾਂ ਮੇਰੀ ਰੋੜੀ ਹੀ ਬਣ ਸਕਦੀ ਹੈ, ਮੈਂ ਇਕ ਟੁੱਟੀ ਹੋਈ ਇੱਟ ਹਾਂ ਚੱਕੇ ਦੀ। ਮੇਰੀ ਇੱਜ਼ਤ ਕਿੰਨੀ ਕਰਦੈ ਪੁੱਤ ਮੇਰਾ, ਕਹਿੰਦੈ, ਤੈਨੂੰ ਅਕਲ ਨਹੀਂ ਹੈ ਡੱਕੇ ਦੀ। ਦੇਗਾਂ, ਤੇਗਾਂ, ਦਾ ਇਤਿਹਾਸ ਨਿਰਾਲਾ ਹੈ, ਕੂੜ ਭਲਾ, ਕੀ ਜਾਣੇ ਸ਼ਕਤੀ ‘ਕੱਕੇ’ ਦੀ।

ਫ਼ਕੀਰੀ ਦੀ

ਕੱਖਾਂ ਦੀ ਕੁੱਲੀ ਦੇ ਵਿੱਚ ਅਮੀਰੀ ਦੀ। ਰੀਸ ਕਰੇਗਾ ਕਿਹੜਾ ਏਸ ਫ਼ਕੀਰੀ ਦੀ। ਪਿਆਰ ਦੇ ਬੂਟੇ ਬੀਜ਼ ਲਏ ਮੈਂ ਦਿਲ ਅੰਦਰ, ਲੋੜ ਨਹੀਂ ਹੈ ਮੈਨੂੰ ਹੋਰ ਪਨੀਰੀ ਦੀ। ਕੜੀਆਂ, ਬਾਲੇ, ਕਾਨੇ ਕੀ ਕੀ ਸਹਿੰਦੇ ਹਨ, ਐ ਦਿਲ, ਤੂੰ ਕੀ ਜਾਣੇ ਪੀੜ ਸ਼ਤੀਰੀ ਦੀ। ਤੇਰਾ ਨਾਂ ਆਉਂਦਾ ਹੈ ਪਹਿਲਾਂ ਬੁੱਲਾਂ ‘ਤੇ, ਚਰਚਾ ਹੋਵੇ ਜਦ ਮੇਰੀ ਜ਼ੰਜੀਰੀ ਦੀ। ਪਰਬਤ ਨੂੰ ਟੱਕ ਲਾਉਂਦਾ ਹੈ ਫ਼ਰਿਹਾਦ ਜਦੋਂ, ਤਾਕਤ ਦੇਵੇ ਉਸਨੂੰ ਉਲਫ਼ਤ ਸ਼ੀਰੀ ਦੀ। ਲੈਣ ਲਈ ਜਿਸ ਨੂੰ, ਬਚਪਨ ਵਿਚ ਰੋਂਦਾਂ ਸਾਂ, ਕੀਮਤ ਮੈਥੋਂ ਪੁੱਛ ਨਾ ਉਸ ਭੰਬੀਰੀ ਦੀ। ਕਿਰਸਾਨਾਂ ਦਾ ਦਰਦ ਤਾਂ ਬਹੁਤੇ ਜਾਣ ਗਏ, ਬਾਤ ਕਿਸੇ ਨੇ ਪੁੱਛੀ ਨਾ ਪਰ ਸੀਰੀ ਦੀ। ਠੁਰ ਠੁਰ ਜਦ ਵੀ ਕਰਦੇ ਹਾਂ ਪਰਦੇਸਾ ਵਿੱਚ, ਬੇਬੇ, ਮੈਨੂੰ ਆਵੇ ਯਾਦ ਪੰਜੀਰੀ ਦੀ। ਸੋਚ ਉਨ੍ਹਾਂ ਦੀ ਅੱਗੇ ਇਹ ਸਿਰ ਝੁਕਦਾ ਹੈ, ਤੇਗ਼ ਜਿਨ੍ਹਾਂ ਰੱਖੀ ਸੀ ਮੀਰੀ ਪੀਰੀ ਦੀ।

ਨਾਮ ਨਾ ਆਉਂਦਾ

ਮੇਰਿਆਂ ਜ਼ਖ਼ਮਾਂ ਨੂੰ ਫਿਰ ਆਰਾਮ ਨਾ ਆਉਂਦਾ। ਜ਼ਿੰਦਗੀ ਦੇ ਵਿਚ ਤੇਰਾ ਜੇ ਨਾਮ ਨਾ ਆਉਂਦਾ। ਬਣ ਗਿਆ ਹੁੰਦਾ ਸਿਵੇ ਦੀ ਰਾਖ ਹੁਣ ਤਕ ਮੈਂ, ਵਕਤ ਸਿਰ ਜੇਕਰ ਤੇਰਾ ਪੈਗ਼ਾਮ ਨਾ ਆਉਂਦਾ। ਕਿਸ ਨੇ ਪੁੱਛਣਾ ਸੀ ਰਮਾਇਣ ਦੀ ਕਥਾ ਨੂੰ ਫਿਰ, ਏਸ ਵਿੱਚ ਸੀਤਾ ‘ਤੇ ਜੇਕਰ ਰਾਮ ਨਾ ਆਉਂਦਾ। ਜਾਣਦਾ ਨੇੜੇ ਤੋਂ ਨਾ, ਫਿਰ ਜ਼ਿੰਦਗੀ ਨੂੰ ਮੈਂ, ਜੇ ਮੇਰੇ ਸਿਰ ‘ਤੇ ਤੇਰਾ ਇਲਜ਼ਾਮ ਨਾ ਆਉਂਦਾ। ਹੁਣ ਪਤਾ ਲੱਗਾ ਹੈ ਮੈਨੂੰ ਏਸ ਦਾ ਕਾਰਨ, ਕਿਉਂ ਮੇਰੇ ਹਿੱਸੇ ‘ਚ ਕੋਈ ਜਾਮ ਨਾ ਆਉਂਦਾ। ਨਾ ਕਦੇ ਵੀ ਬਾਦਸ਼ਾਹ ਬਣਦਾ ਭਿਖਾਰੀ ਤੋਂ, ਸ਼ਰਣ ਵਿਚ ਤੇਰੀ ਜੇ ਮੈਂ ਨਿਸ਼ਕਾਮ ਨਾ ਆਉਂਦਾ। ‘ਵਾਗਲੇ’ ਮਾਯੂਸ ਨਾ ਹੋਇਆ ਤੂੰ ਕਰ ਐਵੇਂ, ਚਾਹ ਮੁਤਾਬਿਕ ਹੀ ਸਦਾ ਪਰਿਣਾਮ ਨਾ ਆਉਂਦਾ।

ਜ਼ਮਾਨੇ ਵਿਚ

ਕਰੇ ਨਾ ਫ਼ਰਕ ਜੋ ਆਪਣੇ ਬਗਾਨੇ ਵਿਚ। ਨਹੀਂ ਉਸਦੇ ਜਿਹਾ ਕੋਈ ਜ਼ਮਾਨੇ ਵਿਚ। ਅਸਾਡੇ ਰਹਿਬਰਾਂ ਕੱਢਿਆ ਸੀ ਜਿਸ ਵਿੱਚੋਂ, ਫਸੇ ਹੋਏ ਹਾਂ ਓਸੇ ਜੇਲ੍ਹਖ਼ਾਨੇ ਵਿਚ ਉਹ ਪਾਣੀ ਪਾਉਣ ਦੀ ਤਸਵੀਰ ਖਿੱਚਣਗੇ, ਲਗਾ ਕੇ ਅੱਗ ਮੇਰੇ ਆਸ਼ਿਆਨੇ ਵਿਚ। ਮੈਂ ਹਰ ਕੰਮ ਆਪਣਾ ਪਾਉਂਦਾ ਰਿਹਾ ਕੱਲ੍ਹ ‘ਤੇ, ਗਵਾ ਲਈ ਉਮਰ ਮੈਂ ਏਸੇ ਬਹਾਨੇ ਵਿਚ। ਬਣਾ ਮੈਨੂੰ ਤੂੰ ਮਿੱਟੀ ਤੋਂ ਖਰਾ ਸੋਨਾ, ਤੂੰ ਰੱਖੀ ਨਾ ਬੇਸ਼ਕ ਅਪਣੇ ਖ਼ਜ਼ਾਨੇ ਵਿਚ। ਮੈਂ ਪਰਛਾਵਾਂ ਹਾਂ ਤੈਥੋਂ ਫੜ੍ਹ ਨਹੀਂ ਹੋਣਾ, ਨਹੀਂ ਆਉਣਾ ਕਦੇ ਤੇਰੇ ਨਿਸ਼ਾਨੇ ਵਿਚ। ਭਰੇ ਹੋਏ ਨੇ ਗੁਣ ਜਿੰਨੇ ਤੇਰੇ ਅੰਦਰ, ਤੇ ਉੰਨੇ ਐਬ ਹਨ ਤੇਰੇ ਦੀਵਾਨੇ ਵਿਚ। ਤੂੰ ਓਹੀ ਦਰਦ ਮੈਨੂੰ ਬਖ਼ਸ਼ ਦੇ ਮੌਲਾ, ਜੋ ਭਰਿਆ ਸੀ ਤੂੰ ਮੀਰਾ ਦੇ ਤਰਾਨੇ ਵਿਚ। ਅਸੀਂ ਹੁਣ ‘ਵਾਗਲੇ’ ਕਰੀਏ ਤਾਂ ਕੀ ਕਰੀਏ, ਮਿਲੀ ਹੈ ਦੁਸ਼ਮਣੀ ਸਾਨੂੰ ਯਰਾਨੇ ਵਿਚ।

ਸਵੇਰ ਦਾ

ਦੇਖਾਂਗੇ ਹੁਣ ਜਲਦੀ ਅਸੀਂ ਮੰਜ਼ਰ ਸਵੇਰ ਦਾ। ਜੁਗਨੂੰ ਨੇ ਦਿੱਤਾ ਚੀਰ ਹੈ ਸੀਨਾ ਹਨੇਰ ਦਾ। ਜੇ ਕਦਰ ਕੀਤੀ ਏਸਦੀ ਹੁੰਦੀ ਮਨੁੱਖ ਨੇ, ਪਾਣੀ ਅਸਾਥੋਂ ਇਸ ਤਰ੍ਹਾਂ ਨਜ਼ਰਾਂ ਨਾ ਫੇਰਦਾ। ਕੱਢਣ ਦੀ ਥਾਂ ਉਹ ਆਣਕੇ ਮੈਨੂੰ ਨੇ ਪੁੱਛਦੇ, ਖੁਭਿਆ ਹੈ ਦਿਲ ਵਿਚ ਤੀਰ ਇਹ ਕਿੰਨੀ ਕੁ ਦੇਰ ਦਾ। ਫਿਰ ਦੋਸ਼ ਕੀ ਦਿੰਦੇ ਅਸੀਂ ਦੁਸ਼ਮਣ ਜਾਂ ਗ਼ੈਰ ਨੂੰ, ਜਦ ਆਪਣਾ ਸਾਇਆ ਰਿਹਾ ਰਾਹਾਂ ‘ਚ ਘੇਰਦਾ। ਫੁੱਲਾਂ ਦੀ ਥਾਂ ਉਹ ਦਰਦ ਹੁਣ ਦਿੰਦਾ ਹੈ ਰੋਜ਼ ਹੀ, ਲਾਇਆ ਸੀ ਤੂੰ ਵਿਹੜੇ ‘ਚ ਜੋ ਬੂਟਾ ਕਨੇਰ ਦਾ। ਰੱਖੇ ਉਹ ਮਨ ਮਸਤਿਕ ਦੇ ਵਿਚ ਸੁੱਚੇ ਵਿਚਾਰ ਵੀ, ਤਾਕਤ ਦਿਖਾਉਣਾ ਹੀ ਨਹੀਂ ਮੰਤਵ ਦਲੇਰ ਦਾ। ਔਕਾਤ ਤੇਰੀ ਹੈ ਨਹੀਂ, ਕੁਝ ਵੀ ਐ ‘ਵਾਗਲੇ’, ਤੂੰ ਤਾਂ ਨਹੀਂ ਕਿਣਕਾਂ ਵੀ ਇਕ ਮਿੱਟੀ ਦੇ ਢੇਰ ਦਾ।

ਚਿੜੀਆਂ ਨੇ

ਸਿਖ ਲਿਆ ਹੈ ਦਰਦ ਹੰਢਾਉਣਾ ਚਿੜੀਆਂ ਨੇ। ਛਡ ਦਿੱਤਾ ਮੇਰੇ ਘਰ ਆਉਣਾ ਚਿੜੀਆਂ ਨੇ। ਕਬਜ਼ਾ ਕਰਕੇ ਬੈਠਾ ਹੈ ਹਰ ਥਾਂ ਬੰਦਾ, ਹੁਣ ਕਾਹਦਾ ਸੰਸਾਰ ਵਸਾਉਣਾ ਚਿੜੀਆਂ ਨੇ। ਮੁਸ਼ਕਿਲ ਹੋਇਆ ਬੋਝ ਉਠਾਉਣਾ ਬਸਤੇ ਦਾ, ਬਾਲਾਂ ਦਾ ਕੀ ਮਨ ਪਰਚਾਉਣਾ ਚਿੜੀਆਂ ਨੇ। ਛਤ ‘ਤੇ ਚੋਗ ਖਿਲਾਰੀ ਬੈਠਾ ਮੈਂ ਚਿਰ ਤੋਂ, ਲੱਗਦੈ ਮੈਨੂੰ ਹੁਣ ਨੀ ਆਉਣਾ ਚਿੜੀਆਂ ਨੇ। ਧੂੰਆਂ ਧੱਪਾ ਸ਼ੋਰ ਸ਼ਰਾਬਾ ਹੈ ਥਾਂ ਥਾਂ, ਕਿਸ ਥਾਂ ਤੇ,ਹੁਣ ਨੱਚਣਾ ਗਾਉਣਾ ਚਿੜੀਆਂ ਨੇ। ਇਹ ਗੱਲ ਸੋਚੀ ਨਾ ਸੀ ਅਪਣੇ ਦਿਲ ਵਿੱਚ ਮੈਂ, ਦੇਖਣ ਨੂੰ ਵੀ ਹੈ ਤਰਸਾਉਣਾ ਚਿੜੀਆਂ ਨੇ। ਬੱਚੇ ਮੈਨੂੰ ਆ ਕੇ ਪੁੱਛਦੇ ਰਹਿੰਦੇ ਨੇ, ਰੁੱਖਾਂ ‘ਤੇ ਕਦ ਮੇਲਾ ਲਾਉਣਾ ਚਿੜੀਆਂ ਨੇ। ਹੁਣ ਨਾ ਆਪਣੇ ਘਰ ਦੇ ਸ਼ੀਸ਼ੇ ਢਕਿਆ ਕਰ, ਇਹਨਾਂ ਨੂੰ ਨਾ ਦੇਖਣ ਆਉਣਾ ਚਿੜੀਆਂ ਨੇ। ਹੁਣ ਤੂੰ ਰੋਜ਼ ਅਲਾਰਮ ਲਾ ਕੇ ਰੱਖਿਆ ਕਰ, ਹੁਣ ਨਾ ਤੈਨੂੰ ਆਣ ਜਗਾਉਣਾ ਚਿੜੀਆਂ ਨੇ।

ਸ਼ਹਿਰ ਵਿਚ

ਆਦਮੀ ਗ਼ੁੱਸੇ ‘ਚ ਸਭ, ਪੰਛੀ ਘਿਰੇ ਹਨ ਕਹਿਰ ਵਿਚ। ਇਸ ਤਰ੍ਹਾਂ ਲੱਗਦਾ ਹੈ,ਜੰਗਲ ਆ ਗਿਆ ਹੈ ਸ਼ਹਿਰ ਵਿਚ। ਸ਼ੂਕਦਾ ਤੂਫ਼ਾਨ ਸੀ, ਮੂੰਹ ਜ਼ੋਰ ਮੀਂਹ ਵੀ ਸੀ ਬੜਾ, ਫਿਰ ਵੀ, ਮੈ ਡੁੱਬਣ ਨਾ ਦਿੱਤਾ, ਕਿਸ਼ਤੀਆਂ ਨੂੰ ਲਹਿਰ ਵਿਚ। ਹਉਕਿਆ ਦੇ ਨਾਲ ਸੁਣਦਾਂ ਰੋਣ ਦੀ ਆਵਾਜ਼ ਮੈਂ, ਸੁਣਦੀਆਂ ਚੀਖਾਂ ਨੇ ਮੈਨੂੰ, ਹਰ ਘੜੀ ਹਰ ਪਹਿਰ ਵਿਚ। ਖ਼ੁਦਕੁਸ਼ੀ ਨਾ ਮਸਲਿਆਂ ਦਾ ਹੱਲ ਜੋ ਸੀ ਆਖਦਾ, ਛੱਡ ਗਿਆ ਦਿਲ,ਲਾਸ਼ ਅੱਜ ਦੇਖੀ ਮੈ ਉਸਦੀ ਨਹਿਰ ਵਿਚ। ਜ਼ਿੰਦਗੀ ਭਰ ਸ਼ਖਸ ਜਿਹੜਾ, ਰੁੱਖ ਸੀ ਲਾਉਂਦਾ ਰਿਹਾ, ਉਹ ਤੜਫ ਕੇ ਮਰ ਗਿਆ ਹੈ, ਕੜਕਦੀ ਦੋਪਹਿਰ ਵਿਚ। ਸ਼ਹਿਰ ਤੇਰੇ ਵਿਚ ਮਿਲਾਵਟ, ਇਸ ਕਦਰ ਹੈ ਵੱਧ ਗਈ, ਹੋਰ ਛੱਡੋ, ਜ਼ਹਿਰ ਵੀ ਮਿਲਦਾ ਨਹੀਂ ਹੈ ਜ਼ਹਿਰ ਵਿਚ। ਛੱਡ ਦੇ ਲਿਖਣਾ, ਤੂੰ ਕੋਈ ਹੋਰ ਕਮ ਕਰ ‘ਵਾਗਲੇ’, ਜੇ ਗ਼ਜ਼ਲ ਤੈਥੋਂ ਲਿਖੀ, ਜਾਂਦੀ ਨਹੀਂ ਹੈ, ਬਹਿਰ ਵਿੱਚ।

ਛੱਲਾ ਰਹਿ ਗਿਆ

ਵਿਲਕਦਾ ਉੰਗਲ ‘ਚ ਛੱਲਾ ਰਹਿ ਗਿਆ। ਛਡ ਗਿਆ ਉਹ ਮੈ ਇਕੱਲਾ ਰਹਿ ਗਿਆ। ਪਹੁੰਚ ਮੇਰੇ ਤੋਂ ਨਾ ਹੋਇਆ ਫੁੱਲ ਤਕ, ਉਲਝ ਕੇ ਸੂਲਾਂ ‘ਚ ਪੱਲਾ ਰਹਿ ਗਿਆ। ਤੂੰ ਕਦੇ ਮਰਹਮ ਨਾ ਲਾਈ ਏਸ ‘ਤੇ, ਜ਼ਖ਼ਮ ਮੇਰੇ ਦਿਲ ਦਾ ਅੱਲਾ ਰਹਿ ਗਿਆ। ਭਟਕਣਾ ਮੋਢੇ ‘ਤੇ ਰੱਖ ਕੇ ਕੰਬਲੀ, ਸ਼ੌਕ ਬਸ ਏਹੀ ਅਵੱਲਾ ਰਹਿ ਗਿਆ। ਕਬਰ ਵਿਚ ਸੰਗੀਤ ਦੱਬ ਦਿੱਤਾ ਗਿਐ, ਬਸ ਅਸਾਡੇ ਕੋਲ ਹੱਲਾ ਰਹਿ ਗਿਆ। ਮੈਂ ਨਮਾਜ਼ੀ ਬਣ ਨਾ ਸਕਿਆ ਉਮਰ ਭਰ, ਹਥ ‘ਚ ਤਸਬੀ ‘ਤੇ ਮੁਸੱਲਾ ਰਹਿ ਗਿਆ। ਪੀ ਲਿਆ ਸਾਰਾ ਹੀ ਪਾਣੀ ਧੁੱਪ ਨੇ, ਸਿਰਫ ਹੁਣ ਸਾਗਰ ਦਾ ਥੱਲਾ ਰਹਿ ਗਿਆ। ਸਭ ਸਿਆਣੇ ਹੋ ਗਏ ਹਨ ‘ਵਾਗਲੇ’, ਤੂੰ ਹੀ ਬਸ ਦੁਨੀਆ ‘ਚ ਝੱਲਾ ਰਹਿ ਗਿਆ।

ਤਲਵਾਰ ਮੈਨੂੰ

ਚੀਰ ਨਫ਼ਰਤ ਦੀ ਗਈ ਤਲਵਾਰ ਮੈਨੂੰ। ਅਧ ਵਿਚਾਲੇ ਛਡ ਗਏ ਜਦ ਯਾਰ ਮੈਨੂੰ। ਖ਼ਾਕ ਹੋ ਜਾਵਾਂ ਮੈਂ ਜਿਸਨੂੰ ਪਾਉਂਦਿਆਂ ਹੀ, ਪਾ ਦੇ ਤੂੰ ਅੰਗਾਰਿਆਂ ਦਾ ਹਾਰ ਮੈਨੂੰ। ਵੱਢ ਨਾ ਰੁੱਖ ਮੈਂ ਜਦੋਂ ਫ਼ਰਿਆਦ ਕੀਤੀ, ਝਟ ਦਿਖਾ ਦਿੱਤੇ ਉਨ੍ਹਾਂ ਹਥਿਆਰ ਮੈਨੂੰ। ਉਹ ਤਰੀਕੇ ਦਸ ਰਹੇ ਨੇ ਜੀਣ ਦੇ ਹੁਣ, ਮਾਰਿਆ ਜਿਹਨਾਂ ਹਜ਼ਾਰਾਂ ਵਾਰ ਮੈਨੂੰ। ਚੀਖ਼ਦੀ ਧਰਤੀ ਪਈ ਹੈ ਐ ਮਨੁੱਖੋ, ਹੋ ਗਿਆ ਔਖਾ ਉਠਾਉਣਾ ਭਾਰ ਮੈਨੂੰ। ਵਰਸਦਾ ਕਿੱਥੇ ਰਿਹਾ ਤੂੰ ਅੱਜ ਤੀਕਰ, ਤਪ ਰਿਹਾਂ ਜਨਮਾਂ ਦਾ ਆ ਕੇ ਠਾਰ ਮੈਨੂੰ। ਸੁਰਖ਼ੀਆ ਨਾ ਇਹਦੀਆਂ ਪੜ੍ਹ ਹੋਣ ਮੈਥੋਂ, ਨਾ ਫੜਾਓ ਅੱਜ ਦੀ ਅਖਬਾਰ ਮੈਨੂੰ। ਕੋਈ ਪਰਬਤ, ਨਾ ਸਮੁੰਦਰ ਰੋਕ ਸਕਿਆ, ਕੀ ਭਲਾ ਰੋਕੇਗੀ ਇਹ ਦੀਵਾਰ ਮੈਨੂੰ। ‘ਵਾਗਲੇ’ ਇਹਦੇ ‘ਚ ਸੌ ਸੌ ਮੋਰੀਆਂ ਸਨ, ਕਿਸ ਤਰ੍ਹਾਂ ਲਾਉਂਦੀ ਇਹ ਬੇੜੀ ਪਾਰ ਮੈਨੂੰ।

ਮਰਕੇ ਦੇਖਦੇ ਹਾਂ

ਜੋ ਨਹੀ ਹੋਇਆ ਉਹ ਕਰਕੇ ਦੇਖਦੇ ਹਾਂ। ਆ ਦਿਲਾ ਜੀਂਦੇ ਜੀ ਮਰਕੇ ਦੇਖਦੇ ਹਾਂ। ਜਿਸ ਜਗ੍ਹਾ ਖਤਰਾ ਹੈ ਡੁੱਬਣ ਦਾ ਜ਼ਿਆਦਾ, ਪਾਰ ਉਸ ਸਾਗਰ ਨੂੰ ਕਰਕੇ ਦੇਖਦੇ ਹਾਂ। ਸਾਡਿਆਂ ਪੁਰਖਾਂ ਦਾ ਇਹਨਾਂ ਵਿਚ ਲਹੂ ਹੈ, ਜੋ ਅਸੀਂ ਬੀਤੇ ਦੇ ਵਰਕੇ ਦੇਖਦੇ ਹਾਂ। ਪਰਖ ਚੁੱਕੈਂ ਫੁੱਲ ਤਾਂ ਮਿਰੇ ਦਿਲਾ ਤੂੰ, ਕੰਡਿਆਂ ‘ਤੇ ਪੈਰ ਧਰਕੇ ਦੇਖਦੇ ਹਾਂ। ਮੇਰੀਏ ਜਾਨੇ, ਨਾ ਹੋ ਉਪਰਾਮ ਬਹੁਤੀ, ਹੁਣ ਤੇਰੇ ਵਿਚ ਰੰਗ ਭਰਕੇ ਦੇਖਦੇ ਹਾਂ। ਯਾਦ ਉਹਨਾਂ ਦੀ ‘ਚ ਸਾਗਰ ਹੰਝੂਆਂ ਦਾ, ਮੁੱਦਤਾਂ ਤੋੰ ਰੋਜ਼ ਤਰਕੇ ਦੇਖਦੇ ਹਾਂ। ਜਿੱਤ ਨੇ ਚੁੰਮੇ ਉਦੋਂ ਫਿਰ ਪੈਰ ਸਾਡੇ, ਜਦ ਅਸੀ ਚਾਹਿਆ ਕਿ ਹਰਕੇ ਦੇਖਦੇ ਹਾਂ। ਸਾੜ ਦਿੰਦੀ ਆਦਮੀ ਦੀ ਰੂਹ ਨੂੰ ਜਿਹੜੀ, ਚਲ ਮਨਾ ਉਸ ਅੱਗ ‘ਚ ਠਰਕੇ ਦੇਖਦੇ ਹਾਂ। ‘ਵਾਗਲੇ’ ਵਾਂਗੂ ਧੁਖਾਈਏ ਜਿੰਦ ਅਪਣੀ, ਨਿੱਤ ਮਸਲਸਲ ਪੀੜ ਜਰਕੇ ਦੇਖਦੇ ਹਾਂ।

ਕਿਸਾਨ ਹਾਂ ਮੈਂ

ਮਿੱਟੀ ਨੇ ਜੋ ਲਿਖੀ ਹੈ,ਉਹ ਦਾਸਤਾਨ ਹਾਂ ਮੈਂ। ਹੰਝੂ ਦੀ ਜੂਨ ਜਿਉਂਦਾ, ਅੱਜ ਦਾ ਕਿਸਾਨ ਹਾਂ ਮੈਂ। ਆਉਣਾ ਹੈ ਏਸ ਵਿੱਚੋਂ, ਜਦ ਇਨਕਲਾਬ ਆਇਆ, ਤੇਰੇ ਲਈ ਤਾਂ ਬੇਸ਼ਕ, ਕੱਚਾ ਮਕਾਨ ਹਾਂ ਮੈਂ। ਦਿੱਲੀ ਚੋਂ ਲਾਟ ਉੱਠੀ, ਦੁਨੀਆਂ ਨੂੰ ਕਹਿ ਰਹੀ ਹੈ, ਮੈਂ ਸਿੱਖ ਹਾਂ ਨਾ ਹਿੰਦੂ, ਨਾ ਮੁਸਲਮਾਨ ਹਾਂ ਮੈ। ਮੈਂ ਦੇਖਦਾ ਹਾਂ ਉਸਨੂੰ, ਦਲਦਲ ‘ਚ ਗਰਕਦੇ ਨੂੰ, ਕਹਿੰਦਾ ਸੀ ਜਿਹੜਾ ਅਕਸਰ, ਉੱਚੀ ਉਡਾਨ ਹਾਂ ਮੈਂ। ਨਾਨਕ ਫਰੀਦ ਬੁੱਲਾ, ਜਿਸ ਚੋਂ ਨਜ਼ਰ ਨੇ ਆਉਂਦੇ, ਬਦਲੇ ਨੇ ਯੁਗ ਜਿਸਨੇ, ਓਹੀ ਜ਼ੁਬਾਨ ਹਾਂ ਮੈਂ। ਪੁੱਛਿਆ ਕਿਸੇ ਨਾ ਆ ਕੇ, ਅੰਦਰਲਾ ਦਰਦ ਮੇਰਾ, ਸਦੀਆਂ ਤੋਂ ਹੀ ਤੜਪਦਾ, ਹਿੰਦੋਸਤਾਨ ਹਾਂ ਮੈੰ। ਕਾਗ਼ਜ਼ ਦੇ ਫੁੱਲ ਵਿੱਚੋਂ, ਖੁਸ਼ਬੂ ਦੀ ਆਸ ਕਰਦਾਂ, ਕਿੰਨਾ ਹਾਂ ਭੋਲ਼ਾ ਭਾਲ਼ਾ, ਕਿੰਨਾ ਨਾਦਾਨ ਹਾਂ ਮੈਂ। ਚਾਹੁੰਦਾ ਹਾਂ ਗੂੰਜਣਾ ਮੈਂ, ਦੁਨੀਆਂ ‘ਚ ਸਾਜ਼ ਬਣਕੇ, ਇਹ ਲੋਕ ਜਾਨ ਮੇਰੀ, ਲੋਕਾਂ ਦੀ ਜਾਨ ਹਾਂ ਮੈਂ।

ਸੀਨੇ ਵਿਚ

ਗ਼ਮ ਨੇ ਐਨਾ ਸ਼ੋਰ ਮਚਾਇਆ ਸੀਨੇ ਵਿਚ। ਕਾਬਾਂ ਛਿੜਿਐ ਮੈਨੂੰ ਹਾੜ੍ਹ ਮਹੀਨੇ ਵਿਚ। ਨਿੱਕੇ ਨਿੱਕੇ ਬੱਚੇ ਛਡਕੇ ਘਰ ਅਪਣੇ, ਰਬ ਲੱਭਦੇ ਫਿਰਦੇ ਨੇ ਲੋਕ ਮਦੀਨੇ ਵਿਚ। ਪਥਰੀਲੇ ਰਾਹਾਂ ‘ਤੇ ਕਿੱਦਾਂ ਚੱਲਣਗੇ, ਜਿਹੜੇ ਲਿਪਟੇ ਹੋਏ ਹਨ ਪਿਸ਼ਮੀਨੇ ਵਿਚ। ਦੁਸ਼ਮਣ ਮੇਰੇ ਦੂਰ ਖੜੇ ਮੁਸਕਾਉਦੇ ਸਨ, ਯਾਰਾਂ ਨੇ ਜਦ ਕੀਤੇ ਛੇਕ ਸਫ਼ੀਨੇ ਵਿਚ। ਸ਼ਾਇਰ ਏਂ ਜੇ ਲੋਕਾਂ ਦੀ ਅਸਲੀਅਤ ਲਿਖ, ਤੂੰ ਅਪਣਾ ਚਿਹਰਾ ਨਾ ਦੇਖ ਨਗੀਨੇ ਵਿਚ। ਮੇਰੇ ਪੈਰਾਂ ਦੇ ਛਾਲੇ ਮੁਸਕਾਉਦੇ ਹਨ, ਆਉਦੀ ਹੈ ਮੰਜ਼ਿਲ ਦੀ ਮਹਿਕ ਪਸੀਨੇ ਵਿਚ। ਇਸ ਦੁਨੀਆਂ ਤੋਂ ਜਦ ਰੁਖ਼ਸਤ ਹੋ ਜਾਵੇਗਾ, ਤੈਨੂੰ ਗੁਣ ਦਿਸਣੇ ਨੇ ਏਸ ਕਮੀਨੇ ਵਿਚ।

ਸਿਲਸਿਲਾ ਚਲਦਾ ਰਿਹਾ

ਉਮਰ ਭਰ ਇਹ ਸਿਲਸਿਲਾ ਚਲਦਾ ਰਿਹਾ। ਦਰਦ ਦਿਲ ਵਿਚ ਰੋਜ਼ ਇਕ ਪਲਦਾ ਰਿਹਾ। ਵਿਛੜ ਕੇ ਪਰਬਤ ਤੋਂ ਦੁੱਖ ਪਾਏ ਬੜੇ, ਦਰਿਆ ਕਿੰਨੀਆਂ ਆਫ਼ਤਾਂ ਝਲਦਾ ਰਿਹਾ। ਜ਼ਿੰਦਗੀ ਰੋਟੀ ਦੇ ਵਰਗੀ ਹੀ ਰਹੀ, ਏਸਨੂੰ ਮੈਂ ਵੇਲਦਾ ਥਲ ਦਾ ਰਿਹਾ। ਇਸ ਨੂੰ ਛੂਹ ਕੇ ਤੂੰ ਤਾਂ ਕਿਧਰੇ ਤੁਰ ਗਿਐ, ਜਿਸਮ ਮੇਰਾ ਦੇਰ ਤਕ ਬਲਦਾ ਰਿਹਾ। ਫੇਰ ਵੀ ਨਾ ਮੇਚ ਆਇਆ ਓਸਦੇ, ਨਿਤ ਨਵੇਂ ਸਾਂਚੇ ‘ਚ ਮੈਂ ਢਲਦਾ ਰਿਹਾ। ਡਾਕੀਆ ਪੜ੍ਹਕੇ ਰਿਹਾ ਹੈ ਪਾੜਦਾ, ਉਹ ਤਾਂ ਮੈਨੂੰ ਚਿੱਠੀਆਂ ਘਲਦਾ ਰਿਹਾ। ਜ਼ਿਦ ਦੇ ਵਿਚ ਵਰਦਾ ਰਿਹਾ ਉਸ ਪਾਰ ਹੀ, ਆਸ ਦਾ ਬੱਦਲ ਸਦਾ ਛਲਦਾ ਰਿਹਾ। ਚੋਗ ਚੁਗਿਆ ‘ਤੇ ਪਰਿੰਦੇ ਉਡ ਗਏ, ਮੈਂ ਭਰੇ ਦਿਲ ਨਾਲ ਹਥ ਮਲਦਾ ਰਿਹਾ। ਮਨ ਦਾ ਪੰਛੀ ਫਸ ਗਿਆ ਹੈ ਫੇਰ ਵੀ, ਮੈਂ ਸ਼ਿਕੰਜੇ ਤੋਂ ਬੜਾ ਟਲਦਾ ਰਿਹਾ। ਯਾਦ ਤੇਰੀ ਨਾ ਢਲੀ ਪਰ ‘ਵਾਗਲੇ’, ਰੋਜ਼ ਦਿਨ ਚੜਦਾ ਰਿਹਾ ਢਲਦਾ ਰਿਹਾ।

ਖ਼ਜ਼ਾਨਾ ਹੁੰਦਾ ਸੀ

ਮਨ ਵਿੱਚ ਵਸਦਾ ਜਦ ਨਾਨਕ ਮਰਦਾਨਾ ਹੁੰਦਾ ਸੀ। ਖ਼ੁਸ਼ੀਆਂ ਦਾ ਤਦ ਲੋਕਾਂ ਕੋਲ਼ ਖ਼ਜ਼ਾਨਾ ਹੁੰਦਾ ਸੀ। ਅੰਬਰ ਦੀ ਚਾਦਰ ਹੁੰਦੀ ਸੀ ਮੇਰੇ ਸਿਰ ਉੱਤੇ, ਛੱਤ ਮੇਰੀ ‘ਤੇ ਇਕ ਵੀ ਨਾ ਜਦ ਕਾਨਾ ਹੁੰਦਾ ਸੀ। ਮੈਂ ਉਹ ਅਪਣੀ ਤਨਹਾਈ ਵਿੱਚ ਮਰਦੇ ਦੇਖੇ ਹਨ, ਜਿਹਨਾਂ ਦੇ ਪਿੱਛੇ ਇਕ ਵਕਤ ਜ਼ਮਾਨਾ ਹੁੰਦਾ ਸੀ। ਤਿਲ ਸੁੱਟਣ ਨੂੰ ਕਿੱਥੇ ਥਾਂ ਮਿਲਦੀ ਸੀ ਉਸ ਵੇਲੇ, ‘ਯਮਲਾ ਜੱਟ’ ਤੇ ਗਾਉਂਦਾ ਜਦ ‘ਮਸਤਾਨਾ’ ਹੁੰਦਾ ਸੀ। ਤੇਰੀ ਦੁਨੀਆਂ ਤੋਂ ਰੁਖ਼ਸਤ ਜਦ ਹੋ ਜਾਵਾਗਾਂ ਮੈਂ, ਯਾਦ ਕਰੇਂਗਾਂ, ਤੇਰਾ ਇਕ ਦੀਵਾਨਾ ਹੁੰਦਾ ਸੀ। ਚੁੱਲ੍ਹੇ ਕੋਲ ਜਦੋਂ ਬਹਿੰਦਾ ਸੀ ਟੱਬਰ ਇਕ ਹੋ ਕੇ, ਸਾਰੇ ਜਗ ਦਾ ਮੇਰੇ ਕੋਲ ਖ਼ਜ਼ਾਨਾ ਹੁੰਦਾ ਸੀ। ਹਰ ਜਗਦੀ ਸ਼ੈਅ ਖਿੱਚ ਲੈਦੀਂ ਸੀ ਮੈਨੂੰ ਅਪਣੇ ਵਲ, ਜਲ਼ ਚੁੱਕਾਂ ਹੁਣ, ਮੈਂ ਵੀ ਇਕ ਪਰਵਾਨਾ ਹੁੰਦਾ ਸੀ। ਬੱਚਿਆਂ ਨੂੰ ਦੱਸਦਾਂ ਮੈਂ ਜਦ ਵੀ ਭਾਵੁਕ ਹੋ ਜਾਨਾਂ, ਮੇਰੀ ਵੀ ਇਕ ਨਾਨੀ ‘ਤੇ ਇਕ ਨਾਨਾ ਹੁੰਦਾ ਸੀ।

ਸਲੀਬਾਂ ਉੱਤੇ

ਜਿਹੜੇ ਚੜ੍ਹਨ ਸਲੀਬਾਂ ਉੱਤੇ। ਉਹ ਕਿਉ ਰੋਣ ਨਸੀਬਾਂ ਉੱਤੇ। ਕਰਕੇ ਤੂੰ ਅਪਣੀ ਬਰਬਾਦੀ, ਲਾਉਨੇ ਦੋਸ਼ ਰਕੀਬਾਂ ਉੱਤੇ। ਜੂਝਣ ਦੇ ਥੋੜਾ ਇਹਨਾਂ ਨੂੰ, ਕਰ ਨਾ ਰਹਿਮ ਗਰੀਬਾਂ ਉੱਤੇ। ਰੋਜ਼ ਨਵੇਂ ਮਨਸੂਬੇ ਘੜਦੈ, ਉਹ ਜਿਉਦੈ ਤਰਕੀਬਾਂ ਉੱਤੇ। ਗੈਰਾਂ ‘ਤੇ ਵੀ ਸ਼ਿਕਵਾ ਕਾਹਦਾ, ਕੀ ਹੈ ਜ਼ੋਰ ਹਬੀਬਾਂ ਉੱਤੇ। ਇਹ ਬਾਜ਼ਾਰੂ ਹੋ ਚੁੱਕੇ ਹਨ, ਕਾਹਦਾ ਮਾਣ ਅਦੀਬਾਂ ਉੱਤੇ। ਰੋਗ ਵਧਾ ਦਿੱਤਾ ਹੈ ਮੇਰਾ, ਵਿਕਿਆ ਝੁੱਗ ਤਬੀਬਾਂ ਉੱਤੇ। ਉਹ ਆਏ ਘਰ ਵੰਡਣ ਮੇਰਾ, ਲਾ ਕੇ ਫੁੱਲ ਜਰੀਬਾਂ ਉੱਤੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ