Punjabi Poetry : Jagmeet Singh Meet

ਪੰਜਾਬੀ ਕਵਿਤਾਵਾਂ : ਜਗਮੀਤ ਸਿੰਘ ਮੀਤ


ਤੇਰੇ ਤੇ ਮੈਂ ਕਵਿਤਾ ਲਿਖਣੀ

ਤੇਰੇ ਤੇ ਮੈਂ ਕਵਿਤਾ ਲਿਖਣੀ, ਲਿਖਣੀ ਮੇਰੇ ਯਾਰ ਵੇ ਨਾਲ਼ ਤੇਰੇ ਹੈ ਅਸਾਂ ਨੂੰ ਅਜ਼ਲ ਤੋਂ ਹੀ ਪਿਆਰ ਵੇ ਇਸ਼ਕ ਤੇਰਾ ਰਚ ਗਿਆ ਏ ਰੂਹ ਦੇ ਅੰਦਰ ਮਹਿਰਮਾ ਤੀਰ ਵਾਂਗੂ ਹੋ ਗਿਆ ਹੈ ਜਿਸਮ ਵਿੱਚੋਂ ਪਾਰ ਵੇ ਇਸ ਤਰ੍ਹਾਂ ਨਾ ਹੋ ਖਫ਼ਾ ਤੂੰ ਜਾਨ ਸਾਡੀ ਨਿਕਲਦੀ ਲੋੜ ਹੈ ਤੂੰ ਆ ਕਲੇਜੇ ਲਾ ਤੇ ਸੀਨਾ ਠਾਰ ਵੇ ਤਰਸਦੇ ਨਾ ਲੰਘ ਜਾਵੇ ਵਕਤ ਸਾਡੇ ਮਿਲਣ ਦਾ ਸਾਹ ਦੇ ਉੱਤੇ ਕੀ ਭਰੋਸਾ ਜ਼ਿੰਦਗੀ ਦਿਨ ਚਾਰ ਵੇ ਤੂੰ ਜਦੋਂ ਸੀ ਨਾਲ਼ ਓਦੋਂ ਸੁਰ-ਨੁਮਾਂ ਇੱਕ ਦੌਰ ਸੀ ਬਿੰਨ ਤੇਰੇ ਨਾ ਛਿੜ ਰਹੀ ਹੁਣ ਦਿਲਰੁਬਾ ਦੀ ਤਾਰ ਵੇ ਜੋ ਵੀ ਦੇਵਾਂਗਾ ਅਸਾਂ ਨੂੰ ਹਰ ਸਜ਼ਾ ਮਨਜ਼ੂਰ ਹੈ ਤੜਫਦੇ ਹਾਂ ਦੀਦ ਨੂੰ ਤੂੰ ਆ ਜਾ ਬਸ ਇੱਕ ਵਾਰ ਵੇ

ਸਾਡੇ ਪੱਲੇ ਰਹਿ ਜਾਂਦੇ ਨੇ

ਸਾਡੇ ਪੱਲੇ ਰਹਿ ਜਾਂਦੇ ਨੇ ਜ਼ਖ਼ਮ ਅਵੱਲੇ ਰਹਿ ਜਾਂਦੇ ਨੇ ਬਹੁਤਾ ਸੱਚ ਸੁਣਾਵਣ ਵਾਲ਼ੇ ਅਕਸਰ 'ਕੱਲੇ ਰਹਿ ਜਾਂਦੇ ਨੇ ਮਤਲਬ ਜਦ ਵੀ ਹਾਵੀ ਹੋਵੇ ਦੱਲੇ ਦੱਲੇ ਰਹਿ ਜਾਂਦੇ ਨੇ ਸੋਚ ਮੇਰੀ ਦੇ ਸੁੱਚੇ ਅੱਖਰ ਉਹਦੇ ਵੱਲੇ ਰਹਿ ਜਾਂਦੇ ਨੇ ਛੱਡਣ ਵਾਲ਼ੇ ਕਦ ਮੁੜਦੇ ਨੇ ਬੂਹੇ ਮੱਲੇ ਰਹਿ ਜਾਂਦੇ ਨੇ ਕੁਝ ਤਸਵੀਰਾਂ ਚੈਟਾਂ ਜਾਂ ਫਿਰ ਛਾਪਾਂ ਛੱਲੇ ਰਹਿ ਜਾਂਦੇ ਨੇ ਝੱਲੇ ਹੋਣੋਂ ਡਰਦੇ ਨੇ ਜੋ ਹੋ ਕੇ ਝੱਲੇ ਰਹਿ ਜਾਂਦੇ ਨੇ

ਜੇ ਗੱਲ ਰਾਜ਼ ਦੀ ਰਾਜ਼ ਰਹੇ

ਜੇ ਗੱਲ ਰਾਜ਼ ਦੀ ਰਾਜ਼ ਰਹੇ ਤਾਂ ਚੰਗਾ ਏ ਤੇਰੀ ਮੇਰੀ ਲਾਜ਼ ਰਹੇ ਤਾਂ ਚੰਗਾ ਏ ਦਿਲ ਮੇਰੇ ਨੂੰ ਧੜਕਣ ਜਾਰੀ ਰੱਖਣ ਲਈ ਸੁਣਦੀ ਇੱਕ ਆਵਾਜ਼ ਰਹੇ ਤਾਂ ਚੰਗਾ ਏ ਇਸ਼ਕ ਦੇ ਅੰਦਰ ਇਸ਼ਕ ਨਿਭਾਵਣ ਵਾਲ਼ਿਆਂ ਨੂੰ ਲੱਗੀਆਂ ਦਾ ਲਿਹਾਜ਼ ਰਹੇ ਤਾਂ ਚੰਗਾ ਏ ਉਹਦੀ ਮੇਰੀ ਸਾਂਝ ਸਲਾਮਤ ਰੱਖਣ ਲਈ ਸੁਰ ਸਾਂਝਾਂ ਦਾ ਸਾਜ਼ ਰਹੇ ਤਾਂ ਚੰਗਾ ਏ ਅਰਜ਼ ਕਰਾਂ ਮੈਂ ਹਰ ਵੇਲ਼ੇ ਉਸ ਹਸਤੀ ਨੂੰ ਮੇਰੇ ਉੱਤੇ ਨਾਜ਼ ਰਹੇ ਤਾਂ ਚੰਗਾ ਏ

ਜੀਵਨ ਜੀਣਾ ਔਖੇ ਪਲ ਦੇ ਵਰਗਾ ਏ

ਜੀਵਨ ਜੀਣਾ ਔਖੇ ਪਲ ਦੇ ਵਰਗਾ ਏ ਸੀਨੇ ਲੱਗੇ ਡੂੰਘੇ ਸੱਲ ਦੇ ਵਰਗਾ ਏ ਦੁੱਖੜਾ ਉਸਦੀ ਦੂਰੀ ਦਾ ਮੈਂ ਕੀ ਦੱਸਾਂ ਪਿੰਡੇ ਉੱਤੋਂ ਲਹਿੰਦੀ ਖੱਲ ਦੇ ਵਰਗਾ ਏ ਕੱਲ ਤੁਹਾਡਾ ਬਦਲੇਗਾ ਉਹ ਕਹਿੰਦਾ ਸੀ ਮੈਨੂੰ ਲੱਗਦਾ ਅੱਜ ਵੀ ਕੱਲ੍ਹ ਦੇ ਵਰਗਾ ਏ ਦਾਅਵਾ ਉਹਦਾ ਗੱਡੀ ਝੰਡੀ ਵਰਗਾ ਪਰ ਵਾਅਦਾ ਉਹਦਾ ਹਾਰੇ ਮੱਲ ਦੇ ਵਰਗਾ ਏ ਉਸ ਮੁਟਿਆਰ ਦੇ ਨੈਣਾਂ ਦੇ ਵਿਚ ਤੱਕਿਆ ਮੈਂ ਚਾਵਾਂ ਦਾ ਘਰ ਮਾਰੂਥਲ ਦੇ ਵਰਗਾ ਏ ਅੱਜਕੱਲ੍ਹ ਮੇਰਾ ਹਰ ਪਲ ਵਾਂਗ ਸਮੁੰਦਰ ਦੇ ਉਸਦਾ ਆਉਣਾ ਜਾਣਾ ਛੱਲ ਦੇ ਵਰਗਾ ਏ ਖ਼ੈਰ ਖ਼ੁਦਾ ਨੇ ਬਖ਼ਸ਼ੀ ਇਹ ਤਾਂ ਪੱਕਾ ਹੈ ਵੱਲ ਉਹਨਾਂ ਦਾ ਮੇਰੇ ਵੱਲ ਦੇ ਵਰਗਾ ਏ

ਇਹ ਜੋ ਚੰਨ ਸਿਤਾਰੇ ਚੰਗੇ ਲਗਦੇ ਨੇ

ਇਹ ਜੋ ਚੰਨ ਸਿਤਾਰੇ ਚੰਗੇ ਲਗਦੇ ਨੇ ਥੋੜ੍ਹੇ ਥੋੜ੍ਹੇ ਸਾਰੇ ਚੰਗੇ ਲਗਦੇ ਨੇ ਵਾਅਦਾ ਕਰਕੇ ਭਾਵੇਂ ਯਾਰ ਨਿਭਾਈ ਨਾ ਸਾਨੂੰ ਤੇਰੇ ਲਾਰੇ ਚੰਗੇ ਲੱਗਦੇ ਨੇ ਮੇਰੀਆਂ ਗ਼ਜ਼ਲਾਂ ਵਿਚਲੇ ਸ਼ਿਅਰ ਜਦ ਕਿਧਰੇ ਬੋਲਣ ਤੇਰੇ ਬਾਰੇ ਚੰਗੇ ਲੱਗਦੇ ਨੇ ਕੰਨਾਂ ਦੇ ਵਿਚ ਮਿਸ਼ਰੀ ਦਿੰਦੇ ਘੋਲ ਸਦਾ ਤੇਰੇ ਬੋਲ ਪਿਆਰੇ ਚੰਗੇ ਲੱਗਦੇ ਨੇ ਸੋਹਬਤ ਤੇਰੀ ਹੋਵੇ ਵਿੱਚ ਸਮੰਦਰ ਜੇ ਫਿਰ ਨਾ ਯਾਰ ਕਿਨਾਰੇ ਸੋਹਣੇ ਲੱਗਦੇ ਨੇ ਨਗਰ ਨਜ਼ਾਕਤ ਨੱਖਰਾ ਨਾਂ ਤੇਰੇ ਵਿੱਚੋਂ ਮੈਂਨੂੰ ਤਾਂ ਇਹ ਚਾਰੇ ਸੋਹਣੇ ਲੱਗਦੇ ਨੇ

ਤੇਰੇ ਮੁੱਖੜੇ ਦੀ ਮੁਸਕਾਨ

ਤੇਰੇ ਮੁੱਖੜੇ ਦੀ ਮੁਸਕਾਨ ਪਿਆਰੀ ਤੋਂ ਦਿਲ ਕਰਦੈ ਦਿਲ ਵਾਰਾਂ ਤੇਰੀ ਯਾਰੀ ਤੋਂ ਇੱਕੋ ਇੱਛਾ ਹੁੰਦੀ ਤੈਨੂੰ ਵੇਖਣ ਦੀ ਉਂਝ ਦੱਸ ਮੈਂ ਕੀ ਲੈਣਾ ਤੇਰੀ ਬਾਰੀ ਤੋਂ ਗੁੜ ਸ਼ੱਕਰ ਤੇ ਸ਼ਹਿਦ ਵੀ ਮਿੱਠੇ ਪਰ ਮੈਨੂੰ ਕੁਝ ਨ੍ਹੀਂ ਮਿੱਠਾ ਲੱਗਦਾ ਤੇਰੀ ਪਾਰੀ ਤੋਂ ਜਦ ਵੀ ਮਿਲਕੇ ਜਾਵਾਂ ਮੈਨੂੰ ਲੱਗਦਾ ਏ ਤੂੰ ਸੋਹਣਾ ਹੋ ਜਾਨੈਂ ਪਿੱਛਲੀ ਵਾਰੀ ਤੋਂ ਮੇਰੇ ਸਾਰੇ ਚਾਅ ਤੇਰੇ ਤੱਕ ਸੀਮਤ ਨੇ ਮੈਂ ਨਾ ਕੁਝ ਵੀ ਲੋਚਾਂ ਦੁਨੀਆਂਦਾਰੀ ਤੋਂ ਹਾਸੇ ਬੁੱਲ੍ਹਾਂ ਉੱਤੇ ਖੇੜਾ ਮਨ ਅੰਦਰ ਮੈਨੂੰ ਮਿਲਿਆ ਮੀਤ ਮੇਰੇ ਦਿਲਦਾਰੀ ਤੋਂ

ਜਦ ਵੀ ਤੜਕੇ ਤੇਰਾ ਚੇਤਾ ਆਇਆ ਏ

ਜਦ ਵੀ ਤੜਕੇ ਤੇਰਾ ਚੇਤਾ ਆਇਆ ਏ ਮੈਂ ਸ਼ੀਸ਼ੇ ਨੂੰ ਤੱਕਿਆ ਸੀਸ ਝੁਕਾਇਆ ਏ ਅੱਜ ਸੁਪਨਾ ਮੈਂ ਅੰਮ੍ਰਿਤ ਵੇਲੇ ਦੇਖ ਲਿਆ ਤੇ ਸੁਪਨੇ ਵਿਚ ਤੈਨੂੰ ਸੱਜਣਾ ਪਾਇਆ ਏ ਸਿਰ ਤੋਂ ਲੈ ਕੇ ਪੈਰਾਂ ਤਕ ਤੂੰ ਸੋਹਣਾ ਏਂ ਕੀ ਦੱਸਾਂ ਹੁਣ ਕੀ ਕੀ ਮਨ ਨੂੰ ਭਾਇਆ ਏ ਤੂੰ ਛੋਹਿਆ ਏ ਜਦ ਦਾ ਸੱਜਣਾਂ ਮਨ ਮੇਰਾ ਹੋਰ ਕੋਈ ਵੀ ਇਸਨੂੰ ਨਾ ਛੋਹ ਪਾਇਆ ਏ ਇਕ ਸੂਰਤ ਇਕ ਸੀਰਤ ਤੇ ਇਕ ਨਾਂ ਤੇਰਾ ਅੱਜਕਲ ਮੇਰੇ ਮਨ ਮੰਦਰ ਤੇ ਛਾਇਆ ਏ ਜਦ ਕਿਧਰੇ ਵੀ ਇਸ਼ਕਾ ਦਸਤਕ ਦਿੰਦਾ ਏ ਲੱਗਦਾ ਨਾ ਫਿਰ ਕੁਝ ਵੀ ਯਾਰ ਪਰਾਇਆ ਏ ਸੋਹਬਤ ਵਰਗੇ ਸੱਜਣਾਂ ਤੇਰੀ ਸੋਹਬਤ ਨੇ ਮੈਨੂੰ ਇਸ ਦੁਨੀਆਂ ਦਾ ਮੀਤ ਬਣਾਇਆ ਏਂ

ਤੂੰ ਸੋਹਣਾ ਤੇਰਾ ਨਾਂ ਸੋਹਣਾ

ਤੂੰ ਸੋਹਣਾ ਤੇਰਾ ਨਾਂ ਸੋਹਣਾ ਤੂੰ ਜੰਮਿਆਂ ਜਿੱਥੇ ਥਾਂ ਸੋਹਣਾ ਇਕ ਤੁਰਨਾ ਤੇਰਾ ਸੋਹਣਾ ਹੈ ਇਕ ਹੱਸਣਾ ਤੇਰਾ ਜਾਂ ਸੋਹਣਾ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ ਤੂੰ ਹੁੰਦਾ ਜਾਂਦਾ ਤਾਂ ਸੋਹਣਾ ਜਦੋਂ ਸੋਹਣਾ ਸਾਡੇ ਕੋਲ਼ ਹੋਵੇ ਬੜਾ ਲੱਗਦਾ ਫੇਰ ਜਹਾਂ ਸੋਹਣਾ ਮੇਰੇ ਲਈ ਜੰਨਤ ਹੋ ਜਾਵੇ ਤੂੰ ਮੈਨੂੰ ਕਹਿ ਦੇ ਸਾਂ ਸੋਹਣਾ

ਫੁੱਲ ਗੁਲਾਬੀ ਤੇਰੇ ਵਿਹੜੇ ਲਗਦੇ ਨੇ

ਫੁੱਲ ਗੁਲਾਬੀ ਤੇਰੇ ਵਿਹੜੇ ਲਗਦੇ ਨੇ ਤਾਂ ਹੀ ਸਾਡੇ ਏਧਰ ਗੇੜੇ ਲਗਦੇ ਨੇ ਓਦਾਂ ਤਾਂ ਮਨ ਵਿੱਚ ਉਦਾਸੀ ਰਹਿੰਦੀ ਏ ਤੂੰ ਆਵੇਂ ਤਾਂ ਖੁਸ਼ੀਆਂ ਖੇੜੇ ਲਗਦੇ ਨੇ ਇਸ਼ਕ ਸਮੁੰਦਰ ਤਰਨਾ ਕੋਈ ਸੌਖਾ ਨ੍ਹੀਂ ਪਿਆਰ ਲਗਾਵੇ ਪਾਰ ਤਾਂ ਬੇੜੇ ਲਗਦੇ ਨੇ ਦਰਸ਼ਨ ਕਰਕੇ ਵਿਗੜੇ ਕੰਮ ਵੀ ਬਣ ਜਾਂਦੇ ਸ਼ੁਕਰ ਗੁਜ਼ਾਰ ਆਂ ਮੱਥੇ ਜਿਹੜੇ ਲਗਦੇ ਨੇ ਉਹਨਾਂ ਦੇ ਵੱਲ ਤੱਕ ਕੇ ਜਰਿਆ ਜਾਂਦਾ ਨੀ ਜਿਹੜੇ ਤੇਰੇ ਨੇੜੇ ਤੇੜੇ ਲਗਦੇ ਨੇ ਮੀਤ ਸ਼ਰਾਫਤ ਛੱਡਕੇ ਕੇਰਾਂ ਦੇਖ ਸਹੀਂ ਨਾਲ ਤੇਰੇ ਤੱਕ ਕਿਹੜੇ ਕਿਹੜੇ ਲਗਦੇ ਨੇ

ਰੂਹਦਾਰੀ ਤੋਂ ਪਾਰ ਦੀ ਗੱਲ ਏ

ਰੂਹਦਾਰੀ ਤੋਂ ਪਾਰ ਦੀ ਗੱਲ ਏ ਤੇਰੇ ਮੇਰੇ ਪਿਆਰ ਦੀ ਗੱਲ ਏ ਮੇਰਾ ਜਿਹੜਾ ਰੂਪ ਨਿਖ਼ਰਦਾ ਸਭ ਤੇਰੇ ਕਿਰਦਾਰ ਦੀ ਗੱਲ ਏ ਜਦ ਕਿਧਰੇ ਤੂੰ ਗੱਲ ਕਰਦਾ ਏਂ ਤਦ ਤਦ ਸੀਨਾ ਠਾਰ ਦੀ ਗੱਲ ਏ ਅੱਲੜ ਉਮਰੇ ਇਸ਼ਕ ਕਰੀਂ ਨਾ ਜਿੱਤੋਂ ਪਹਿਲਾਂ ਹਾਰ ਦੀ ਗੱਲ ਏ ਦੂਰ ਹੋਣ ਨੂੰ ਕੋਈ ਨਹੀਂ ਕਾਹਲ਼ਾ ਰੋਟੀ ਤੇ ਰੁਜ਼ਗਾਰ ਦੀ ਗੱਲ ਏ ਪਹਿਲੀ ਹੁੰਦੀ ਭੁੱਲ ਵੀ ਜਾਂਦੇ ਤੇਰੀ ਤਾਂ ਹਰ ਵਾਰ ਦੀ ਗੱਲ ਏ

ਰੂਹਦਾਰੀ ਦੇ ਇਸ਼ਕ 'ਚ

ਰੂਹਦਾਰੀ ਦੇ ਇਸ਼ਕ 'ਚ ਹੇਰਾ ਫੇਰੀ ਨਹੀਂ ਹੁੰਦੀ ਜਿਸਮਾਂ ਵਾਲੇ ਪਿਆਰ ਦੀ ਉਮਰ ਲੰਬੇਰੀ ਨਹੀਂ ਹੁੰਦੀ ਤੂੰ ਹੁੰਨਾਂ ਏਂ ਕੋਲ਼ੋਂ ਤਾਂ ਸਭ ਕੁਝ ਹੀ ਬਦਲ ਜਾਂਦੈ ਦਿਨ ਨੀ ਲਗਦੇ ਚਿੱਟੇ ਰਾਤ ਹਨੇਰੀ ਨਹੀਂ ਹੁੰਦੀ ਅਜਕਲ ਸਾਰੀ ਦੁਨੀਆਂ ਦੇ ਨਾਲ ਮੱਥਾ ਲਾਇਆ ਏ ਤੂੰ ਨਾ ਦਿੰਦਾ ਸਾਥ ਤਾਂ ਇੰਜ ਦਲੇਰੀ ਨਹੀਂ ਹੁੰਦੀ ਮੈਂ ਹੀ ਮਾਫ਼ੀ ਮੰਗਦਾ ਹਾਂ ਹਰ ਵਾਰੀਂ ਇਸ ਕਰਕੇ ਹਰ ਵਾਰੀ ਹੀ ਗ਼ਲਤੀ ਸੱਜਣਾ ਤੇਰੀ ਨਹੀਂ ਹੁੰਦੀ

ਕੀਤੇ ਬਿਨ ਗੱਲ ਹੋ ਨ੍ਹੀਂ ਸਕਦੀ

ਕੀਤੇ ਬਿਨ ਗੱਲ ਹੋ ਨ੍ਹੀਂ ਸਕਦੀ ਏ ਉਲਝਣ ਹੱਲ ਹੋ ਨ੍ਹੀਂ ਸਕਦੀ ਏਦਾਂ ਪਾਸਾ ਵੱਟ ਕੇ ਲੰਘਿਆਂ ਸੀਨੇ ਨੂੰ ਠੱਲ ਹੋ ਨ੍ਹੀਂ ਸਕਦੀ ਗੁੱਸੇ ਦੇ ਜਦ ਪਲ ਜਾਂਦੇ ਨੇ ਰੋਸੇ ਰੂਸੇ ਟਲ ਜਾਂਦੇ ਨੇ ਹਾਲੇ ਫਿਰ ਮੈਂ ਕਿਦਾਂ ਮੰਨਾਂ ਤੂੰ ਮੇਰੇ ਵੱਲ ਹੋ ਨ੍ਹੀਂ ਸਕਦੀ ਆਪਣੀ ਪੂਰੀ ਕੋਸ਼ਿਸ਼ ਲਾ ਕੇ ਛੱਡਾਂਗਾ ਤੈਨੂੰ ਵਾਪਸ ਪਾ ਕੇ ਏਨੀ ਛੇਤੀ ਚਾਹਤ ਮੇਰੀ ਗੋਡਿਆਂ ਦੇ ਬਲ ਹੋ ਨ੍ਹੀਂ ਸਕਦੀ ਮੇਰੇ ਦਿਲ ਵਿਚ ਤੇਰੀ ਥਾਂ ਜੋ ਤੇਰੇ ਦਿਲ ਵਿਚ ਮੇਰੀ ਥਾਂ ਜੋ ਦੇਖ‌ ਲਿਆ ਤੂੰ ਦੂਰੀ ਪਾ ਕੇ ਹੋਰਾਂ ਤੋਂ ਮੱਲ ਹੋ ਨ੍ਹੀਂ ਸਕਦੀ ਗ਼ਜ਼ਲਾਂ ਨਜ਼ਮਾਂ ਗੀਤ ਬਣਾਕੇ ਰੱਖੂੰ ਤੈਨੂੰ ਮੀਤ ਬਣਾਕੇ ਮੇਰੀ ਚਾਹਤ ਦੇ ਵਿਚ ਦੇਖੀਂ ਰੱਤੀ ਭਰ‌ ਛਲ ਹੋ ਨ੍ਹੀਂ ਸਕਦੀ

ਚਾਹ ਦੇ ਪਿਆਲਿਆਂ ਨੇ

ਚਾਹ ਦੇ ਪਿਆਲਿਆਂ ਨੇ ਸਮੇਂ ਨੂੰ ਵਿਰਾਮ ਦਿੱਤਾ ਰੋਕੇ ਤੇਰੇ ਮੇਰੇ ਕੋਲ਼ੇ ਪੈਰ ਵੇ ਜਿੰਨਾਂ ਤੈਨੂੰ ਸੋਹਣਾ ਮੇਰਾ ਪਿੰਡ ਲੱਗੇ ਸੋਹਣਿਆ ਵੇ ਮੈਨੂੰ ਸੋਹਣਾ ਲੱਗੇ ਤੇਰਾ ਸ਼ਹਿਰ ਵੇ ਗੁਰੂ ਘਰੇ ਜਾਵਾਂ ਨਿੱਤ ਨਾਮ‌ ਵੀ ਧਿਆਵਾਂ ਨਿੱਤ ਮੰਗਿਆ ਨਾ ਕਦੇ ਕੁਝ ਹੋਰ ਮੈਂ ਇਕ ਮੰਗਾਂ ਤੈਨੂੰ ਸੱਚੇ ਰੱਬ‌ ਕੋਲੋਂ ਸੋਹਣਿਆ ਵੇ ਦੂਜੀ ਮੰਗ ਮੰਗਾਂ ਤੇਰੀ ਖ਼ੈਰ ਵੇ ਸੋਹਣਿਆਂ ਕਿਤਾਬਾਂ ਨੂੰ ਮੈਂ ਫੜ੍ਹਾਂ ਅਤੇ ਪੜ੍ਹਾਂ ਜਦੋਂ ਐਦਾਂ ਮਹਿਸੂਸ ਹੁੰਦਾ ਮੀਤ ਨੂੰ ਜਿਵੇਂ, ਹੱਥਾਂ ਵਿਚ ਹੱਥ ਤੇਰੇ , ਬੁੱਲ੍ਹਾਂ ਉੱਤੇ ਨਾਮ ਤੇਰਾ ਸੀਨੇ ਵਿਚ ਇਸ਼ਕੇ ਦੀ ਲਹਿਰ ਵੇ ਦਿਲ ਦੇ ਤੂੰ ਪਾਸ ਕਿੰਨਾਂ ਮੇਰੇ ਲਈ ਤੂੰ ਖ਼ਾਸ ਕਿਨਾਂ ਇਥੋਂ ਲਾ ਲਈਂ ਮਹਿਰਮਾ ਹਿਸਾਬ ਵੇ ਸ਼ਹਿਦ ਵਾਂਗੂੰ ਲੱਗਦਾ ਏ ਮੈਨੂੰ ਤੇਰਾ ਕੋਲ਼ ਆਉਣਾ ਦੂਰ ਜਾਣਾ ਲੱਗਦਾ ਏ ਜ਼ਹਿਰ ਵੇ

ਪਿਆਰ ਤੇਰੇ ਨੂੰ ਪਾਉਣ ਦੀ ਖ਼ਾਤਰ

ਪਿਆਰ ਤੇਰੇ ਨੂੰ ਪਾਉਣ ਦੀ ਖ਼ਾਤਰ ਆਪਣਾ ਮੀਤ ਬਣਾਉਣ ਦੀ ਖ਼ਾਤਰ ਤੈਨੂੰ ਸਾਰੇ ਹੱਕ ਦੇ ਦਿੱਤੇ ਥੋੜ੍ਹੇ ਹੱਕ ਜਤਾਉਣ ਦੀ ਖ਼ਾਤਰ ਤੇਰੇ ਮੂਹਰੇ ਹਾਰ ਜਾਨਾਂ ਹਾਂ ਮੈਂ 'ਚੋਂ ਮੈਂ ਨੂੰ ਮਾਰ ਜਾਨਾਂ ਹਾਂ ਤੇਰਾ ਕਰੜਾ ਚਿੰਤਨ ਕਰਦਾਂ ਮੈਂ 'ਚੋਂ ਮੀਤ ਜਗਾਉਣ ਦੀ ਖ਼ਾਤਰ ਤੇਰਾ ਮੇਰਾ ਰਿਸ਼ਤਾ ਹੈ ਜੋ ! ਚਿਹਨਤ ਚਿਹਨਕ ਵਰਗਾ ਹੈ ਵੱਖਰੇ ਹੋ ਕੇ ਮਤਲਬ ਕੋਈ ਨਾ ਰਲੀਏ ਮਤਲਬ ਪਾਉਣ ਦੀ ਖ਼ਾਤਰ ਕਦੇ ਮੈਂ ਗ਼ਲਤੀ ਕਰ ਦਿੰਦਾ ਹਾਂ ਕਦੇ ਤੂੰ ਗ਼ਲਤੀ ਕਰ ਲੈਣੀਂ ਏਂ ਆਜਾ ਦੋਵੇੰ ਸਾਂਝਾਂ ਪਈਏ ਦੂਜੇ ਨੂੰ ਸਮਝਾਉਣ ਦੀ ਖ਼ਾਤਰ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਜਗਮੀਤ ਸਿੰਘ ਮੀਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ