Punjabi Poetry : Jagjit Singh Dilaram

ਪੰਜਾਬੀ ਕਵਿਤਾਵਾਂ : ਜਗਜੀਤ ਸਿੰਘ 'ਦਿਲਾ ਰਾਮ'


ਉਡੀਕਦਾ ਪੰਜਾਬ

ਇੱਕ ਮਾਂ ਨੂੰ ਵੇਚਿਆ, (ਜ਼ਮੀਨ) ਦੂਜੀ ਮਾਂ ਨੂੰ ਛੱਡਿਆ, (ਜਨਮਦਾਤੀ) ਤੀਜੀ ਮਾਂ ਨੂੰ ਭੁੱਲਿਆ, (ਬੋਲੀ) ਚੌਥੀ ਨਾਲ ਵੈਰ ਕੱਢਿਆ। (ਧਰਤਮਾਤਾ) ਮਾਂਵਾਂ ਦਾ ਨਾ ਹੋਇਆ ਚੰਨਾ, ਬੇਗਾਨਿਆਂ ਵੀ ਤੈਨੂੰ ਰੋਲਣਾ, ਪੱਥਰਾਂ ਦਾ ਦੇਸ਼ ਮੱਲਿਆ, ਨਾ ਇਹਨਾਂ ਦਰਦ ਫਰੋਲਣਾ। ਛੇਤੀ ਆਵੀਂ ਚੰਨ ਵੇ, ਪੰਜਾਬ ਹੈ ਉਡੀਕਦਾ। ਹੁਣ ਤੇਰੇ ਲਈ ਨਵੇਂ, ਰਾਹ ਹੈ ਉਲੀਕਦਾ। ਭੁੱਲਿਆਂ ਏ ਤਵਾਰੀਖ਼, ਆ ਕੇ ਸਾਰੀ ਜਾਣ ਲੈ। ਮਾਵਾਂ ਦੀ ਗਲਵੱਕੜੀ ਦਾ, ਆ ਕੇ ਨਿੱਘ ਮਾਣ ਲੈ।

ਗੁਆਚੇ ਫੁੱਲ

ਗੁਆਚੇ ਫੁੱਲਾਂ ਦੀ, ਭਾਲ ਕਰਦਾ ਹਾਂ। ਆਪਣੇ ਖ਼ਿਆਲਾਂ ਨਾਲ, ਰੋਜ਼ ਲੜਦਾ ਹਾਂ। ਬੇਇੱਜ਼ਤ ਹੋਇਆਂ ਦੀ, ਤਾਰੀਫ਼ ਕਰਦਾ ਹਾਂ। ਗ਼ਮਗ਼ੀਨ ਰੂਹਾਂ ਦੇ, ਦਰਦ ਨੂੰ ਪੜ੍ਹਦਾ ਹਾਂ। ਗੁਆਚੇ ਫੁੱਲਾਂ ਦੀ... ਮੇਰੇ ਆਪਣੇ ਹੀ, ਮੇਰੇ ਨਾਲ ਖਲੋਏ ਨਾ, ਖ਼ੁਆਬ ਜੋ ਦੇਖੇ ਸੀ, ਉਹ ਪੂਰੇ ਹੋਏ ਨਾ, ਥੋਡੇ ਖ਼ੁਆਬਾਂ ਨੂੰ, ਹੁਣ ਪੂਰਾ ਕਰਦਾ ਹਾਂ, ਗੁਆਚੇ ਫੁੱਲਾਂ ਦੀ ਭਾਲ ਕਰਦਾ ਹਾਂ, ਆਪਣੇ ਖ਼ਿਆਲਾਂ ਨਾਲ ਰੋਜ਼ ਲੜਦਾ ਹਾਂ। ਚਿਹਰੇ ਬੇਨੂਰ ਜਿਹੇ, ਨਾ ਥੋਨੂੰ ਚੰਗੇ ਲੱਗਦੇ, ਮੇਰਿਆਂ ਜਜ਼ਬਾਤਾਂ ਨੂੰ, ਐਸੇ ਹੀ ਚਿਹਰੇ ਫੱਬਦੇ, ਰੁੱਤਾਂ ਰੁੱਸੀਆਂ ਨੂੰ, ਖੇੜਿਆਂ ਨਾਲ ਭਰਦਾ ਹਾਂ, ਗੁਆਚੇ ਫੁੱਲਾਂ ਦੀ ਭਾਲ ਕਰਦਾ ਹਾਂ, ਆਪਣੇ ਖ਼ਿਆਲਾਂ ਨਾਲ ਰੋਜ਼ ਲੜਦਾ ਹਾਂ।

ਕਿਤਾਬਾਂ

ਮੌਨ ਹੋ ਕੇ ਵੀ, ਕਿਤਾਬਾਂ ਬੋਲਦੀਆਂ, ਉਲਝੀਆਂ ਤੰਦਾਂ ਨੂੰ, ਸ਼ਬਦਾਂ ਨਾਲ ਖੋਲ੍ਹਦੀਆਂ, ਬਣ ਜਾਵਣ ਜੇ ਮਹਿਰਮ, ਦਰਦ ਵੀ ਫਰੋਲਦੀਆਂ, ਮੌਨ ਹੋ ਕੇ ਵੀ, ਕਿਤਾਬਾਂ ਬੋਲਦੀਆਂ। ਇਹਨਾਂ ਨੂੰ ਨਾਂਹ, ਨਾ ਕਹੀਏ, ਘਰਾਂ ਵਿੱਚ ਥਾਂ ਵੀ ਦੇਈਏ, ਕਿਤੇ ਘੁਣ ਖਾ ਨਾ ਜਾਵੇ, ਸਾਫ਼ ਵੀ ਕਰਦੇ ਰਹੀਏ, ਟੁੱਟੀਆਂ ਰੂਹਾਂ ਨੂੰ, ਆਪਣੇ ਨਾਲ ਜੋੜਦੀਆਂ, ਮੌਨ ਹੋ ਕੇ ਵੀ, ਕਿਤਾਬਾਂ ਬੋਲਦੀਆਂ। ਆ ਫ਼ੋਨ ਨੂੰ ਪਾਸੇ ਰੱਖ ਲੈ, ਕਿਤਾਬ ਘਰੋਂ ਮੈਨੂੰ ਚੱਕ ਲੈ, ਉਸਦਾ ਰਸ ਫਿੱਕਾ ਸੱਜਣਾ, ਆ ਜ਼ਰਾ ਮੈਨੂੰ ਚਖ ਲੈ, ਗੱਲਾਂ ਮੇਰੀਆਂ ਪੜ ਵੇ, ਮਿਸ਼ਰੀ ਘੋਲਦੀਆਂ, ਮੌਨ ਹੋ ਕੇ ਵੀ, ਕਿਤਾਬਾਂ ਬੋਲਦੀਆਂ। ਸਫ਼ਰਾਂ 'ਚ ਮੈਨੂੰ ਹਮਸਫ਼ਰ ਬਣਾ ਲੈ ਵੇ, ਝੋਲੇ 'ਚ ਰੱਖਣ ਦੀ ਤੂੰ ਆਦਤ ਪਾ ਲੈ ਵੇ, ਤਵਾਰੀਖ ਨੂੰ ਭੁੱਲ ਨਾ ਜਾਈੰ, ਸੁੱਚੀਂ ਹੀ ਕਿਰਤ ਕਮਾਈਂ, ਸਾਖੀਆਂ ਮੇਰੀਆਂ ਵੇ, ਤੇਰਾ-ਤੇਰਾ ਤੋਲਦੀਆਂ, ਮੌਨ ਹੋ ਕੇ ਵੀ , ਕਿਤਾਬਾਂ ਬੋਲਦੀਆਂ, ਉਲਝੀਆਂ ਤੰਦਾਂ ਨੂੰ, ਸ਼ਬਦਾਂ ਨਾਲ ਖੋਲ੍ਹਦੀਆਂ।

ਸਰਕਾਰ-ਏ-ਖ਼ਾਲਸਾ

ਪਹਿਲਾਂ ਜਿੱਤਿਆ ਲਾਹੌਰ, ਰਾਜੇ ਰਣਜੀਤ ਨੇ, ਕਾਬਲ ਕੰਧਾਰ ਤੱਕ, ਧਾਂਕ ਫੇਰ ਪਾ ਗਿਆ। ਜ਼ਾਲਮਾਂ ਦਾ ਅੰਤ ਕਰ, ਮੁੱਕ ਗਿਆ ਸਾਰਾ ਡਰ, ਮਿਲਿਆ ਸਕੂਨ, ਰਾਜ ਖ਼ਾਲਸੇ ਦਾ ਆ ਗਿਆ। ਆਖਦੇ ਸੀ ਅਨਪੜ੍ਹ, ਉਸ ਜਿਹਾ ਨਾ ਸਿਆਣਾ ਕੋਈ, ਵੱਡਿਆ ਦਾਨਿਸ਼ਵਾਰਾਂ ਦਾ, ਸੀਸ ਉਹ ਝੁਕਾ ਗਿਆ। ਉਸਦੇ ਰਾਜ ਜਿਹੀ ਨਾ, ਮਿਸਾਲ ਕੋਈ ਜੱਗ ਉੱਤੇ, ਫੁਰੇਰਾ ਚੌਂਹ ਤਰਫ, ਖ਼ਾਲਸਾ ਰਾਜ ਦਾ ਝੁਲਾ ਗਿਆ। ਮਿਸਲਾਂ 'ਚ ਏਕਾ ਕਰ, ਫਰੰਗੀਆਂ ਨਾਲ ਸੰਧੀਆਂ ਕਰ, ਖੇਰੂੰ ਖੇਰੂੰ ਹੋਣ ਤੋਂ, ਰਾਜ ਨੂੰ ਬਚਾ ਗਿਆ। ਗੁਰੂ ਘਰਾਂ ਲਈ, ਕੁਰਬਾਨ ਕੀਤਾ ਰਾਜ ਭਾਗ ਸਾਰਾ, ਤੇ ਮੰਦਰਾਂ ਦੇ ਉੱਤੇ ਵੀ, ਉਹ ਕੰਚਨ ਲਵਾ ਗਿਆ। ਹਰ ਮਜ਼੍ਹਬ ਦਾ ਰੱਖਿਆ, ਖ਼ਿਆਲ ਰਾਜੇ ਰਣਜੀਤ ਨੇ, ਮੰਦਰਾਂ ਮਸਜਿਦਾਂ ਨੂੰ, ਉਹ ਨਵੀਆਂ ਬਣਾ ਗਿਆ। ਕੁਲ ਆਲਮ ਹੈ ਕਰੇ, ਸਿਜਦਾ ਉਸਦੇ ਰਾਜ ਤਾਈਂ, ਸਭ ਦਿਆਂ ਦਿਲਾਂ 'ਚ, ਦੀਵਾ ਪਿਆਰ ਦਾ ਜਗਾ ਗਿਆ।

ਸੀਸ ਤਲੀ 'ਤੇ

ਦੀਪਾ ਸੀ ਨਾਮ ਉਸਦਾ , ਪਾਣ ਚੜੀ ਖੰਡੇ ਵਾਲੀ, ਥਾਪੜਾ ਦਸ਼ਮੇਸ਼ ਜੀ ਦਾ, ਦੀਪ ਸਿੰਘ ਬਣਾ ਗਿਆ। ਅਭਿਆਸੀ ਹੋਇਆ ਬਾਣੀ ਦਾ, ਸੰਗ ਕੀਤਾ ਖ਼ਾਲਸੇ ਦਾ, ਸ਼ਹੀਦਾਂ ਸਿੰਘਾਂ ਦਾ ਰੰਗ, ਉਸ ਵਿੱਚ ਛਾ ਗਿਆ। ਪੜੇ ਲਿਖੇ ਪੋਥੀਆਂ, ਤੇ ਜਪੇ ਮੁਖੋਂ ਵਾਹਿਗੁਰੂ, ਸੁਣ ਸੁਣ ਤਵਾਰੀਖ਼, ਚਾਅ ਸ਼ਹਾਦਤ ਦਾ ਆ ਗਿਆ। ਭੋਰੇ ਵਿੱਚ ਬੈਠ ਕੇ ਤੇ, ਉਤਾਰੇ ਕੀਤੇ ਬਾਣੀ ਦੇ, ਕਲਮ ਤੇ ਖੰਡੇ ਦਾ ਉਹ, ਸੁਮੇਲ ਕਰਵਾ ਗਿਆ। ਸ਼ਹਾਦਤ ਦਾ ਚਾਉ ਜਦ, ਸਿਖ਼ਰਾਂ ਨੂੰ ਛੂਹਣ ਲੱਗਾ, ਸ਼ਹੀਦੀ ਤੋਂ ਪਹਿਲਾਂ ਹੀ, ਸ਼ਹੀਦ ਅਖਵਾ ਗਿਆ। ਰਾਖੀ ਹਰਿਮੰਦਰ ਦੀ, ਕੀਤੀ ਜਾਨ ਵਾਰ ਕੇ ਜੀ, ਬਚਨਾ ਪੁਗਾ ਦਿੱਤਾ, ਸੀਸ ਤਲੀ 'ਤੇ ਟਿਕਾ ਗਿਆ।

ਓ ! ਵਣਜਾਰਿਆ ਵੇ

ਕੋਈ ਰੱਬ ਗਾਹਕ ਲੱਭ ਵੇ, ਏਥੇ ਫਰੇਬੀ ਜਿਹੇ ਸਭ ਵੇ, ਤੂੰ ਸੱਚ ਦਾ ਅਰਕ ਹੀ ਚੱਬ ਵੇ, ਸਾਨੂੰ ਫਿਕਰਾਂ ਵਿੱਚੋਂ ਕੱਢ ਵੇ, ਓ ! ਵਣਜਾਰਿਆ ਵੇ... ਸੱਚ ਦੀ ਕਲਮ ਬਣਾ ਵੇ, ਉਸਤਤ ਲਿਖਣੀ ਸਿਖਾ ਵੇ, ਫਿਰ ਉੱਚੀ ਉੱਚੀ ਗਾ ਵੇ, ਬਾਤ ਮੁਹੱਬਤ ਦੀ ਹੀ ਪਾ ਵੇ, ਓ ! ਵਣਜਾਰਿਆ ਵੇ... ਕੁੱਲ ਖ਼ਲਕਤ ਤੈਨੂੰ ਚਾਹੁੰਦੀ ਵੇ, ਤੇਰੇ ਹੀ ਖ਼ਿਆਲ ਬਣਾਉਂਦੀ ਵੇ, ਬਾਤਾਂ ਤੇਰੀਆਂ ਹੀ ਸੁਣਾਉਂਦੀ ਵੇ, ਤੇਰੀ ਕਲਮ ਦਾ ਲਿਖਿਆ ਗਾਉਂਦੀ ਵੇ, ਓ ! ਵਣਜਾਰਿਆ ਵੇ... ਸੁੰਨਾ ਹੋਇਆ ਵਿਹੜਾ ਵੇ, ਮਾਰ ਜਾਈਂ ਕਦੇ ਗੇੜਾ ਵੇ, ਆਊ ਚਿਹਰਿਆਂ 'ਤੇ ਖੇੜਾ ਵੇ, ਦੱਸੀਂ ਸ਼ਹਿਰ ਤੇਰਾ ਕਿਹੜਾ ਵੇ, ਓ ! ਵਣਜਾਰਿਆ ਵੇ, ਓ ! ਵਣਜਾਰਿਆ ਵੇ।

ਬੇਹੀਆਂ ਰੋਟੀਆਂ

ਰਾਤ ਨੂੰ ਉਹ, ਦੋ ਰੋਟੀਆਂ ਵੱਧ ਪਕਾ ਲੈਂਦੀ। ਪੋਣੇ 'ਚ ਵਲੇਟਦੀ, ਡੱਬੇ 'ਚ ਪਾ ਦੇਂਦੀ, ਬੇਬੇ!ਇਹ ਦੋ ਕਾਹਦੇ ਲਈ? ਮੈਂ ਥੋੜਾ ਹੈਰਾਨ ਹੋ ਪੁੱਛਦਾ। ਉਹ ਬੜੇ ਸਲੀਕੇ ਨਾਲ ਸਮਝਾਉਂਦੀ, ਵੇ ਪੁੱਤ! "ਸਵੇਰੇ ਨਿਰਣੇ ਕਾਲਜੇ ਖਾਊਂਗੀ, ਸੁਣਦੇ ਆਏ ਆਂ ਬਈ, ਬੇਹੀ ਰੋਟੀ 'ਚੋਂ ਤਾਕਤ ਮਿਲਦੀ ਐ।" ਸਵੇਰੇ ਸਵੇਰੇ ਭੁੰਜੇ ਬੈਠੀ, ਬੇਬੇ ਬੇਹੀਆਂ ਰੋਟੀਆਂ ਖਾ ਰਹੀ ਹੁੰਦੀ। ਤੇ ਸਾਨੂੰ ਕਦੀ ਵਾਰੀ, ਲੁਸ ਲੁਸ ਕਰਦੇ ਪਰੌਂਠਿਆਂ 'ਚੋਂ ਵੀ, ਰਸ ਨੀ ਆਉਂਦਾ।

ਪੁਰਖੇ

ਅਸੀਂ ਆਪਣੀ ਕੁਦਰਤ ਦੇ, ਮਾਲਕ ਆਪ ਹੀ ਬਣਨਾ ਏ। ਦੂਜੇ ਦੀ ਦਖ਼ਲਅੰਦਾਜ਼ੀ ਨੂੰ, ਅਸੀਂ ਨਾ ਜਰਨਾ ਏ। ਅਸੀਂ ਓਹੀ ਕਰਨਾ ਏ, ਜੋ ਪੁਰਖੇ ਕਰਦੇ ਰਹੇ। ਆਪਣੀ ਹੋਂਦ ਦੀ ਖ਼ਾਤਰ, ਉਹ ਲੜਦੇ ਪੜ੍ਹਦੇ ਰਹੇ। ਉਹਨਾਂ ਤੋਂ ਸਿੱਖ ਲੈਣਾ, ਕਿਵੇਂ ਲੜਨਾ ਪੜ੍ਹਨਾ ਏ। ਅਸੀਂ ਆਪਣੀ ਕੁਦਰਤ ਦੇ, ਮਾਲਕ ਆਪ ਹੀ ਬਣਨਾ ਏ। ਤਵਾਰੀਖ ਕਿਵੇਂ ਲਿਖਣੀ, ਤਵਾਰੀਖ ਤੋਂ ਸਿੱਖ ਲੈਣਾ। ਕਿਸੇ ਦੇ ਆਖਿਆਂ ਝੁਕਣਾ ਨਹੀਂ, ਨਾ ਉੱਚੇ ਹੋ ਬਹਿਣਾ। ਮਤ ਉੱਚੀ ਰੱਖ ਲੈਣੀ, ਮਨ ਨੀਵਾਂ ਕਰਨਾ ਏ। ਅਸੀਂ ਆਪਣੀ ਕੁਦਰਤ ਦੇ, ਮਾਲਕ ਆਪ ਹੀ ਬਣਨਾ ਏ। ਟੇਕ ਇੱਕ ਦੀ ਹੀ ਰੱਖਣੀ, ਬਹੁਤੇ ਦਰ ਭੰਨਣੇ ਨਹੀਂ। ਜੋ ਬੋਲ ਇਲਾਹੀ ਹੋਵਣ ਨਾ, ਆਪਾਂ ਉਹ ਮੰਨਣੇ ਨਹੀਂ, ਅਨੇਕ ਚਿੰਤਨ ਛੱਡ, ਇੱਕ ਚਿੰਤਨ ਕਰਨਾ ਏ। ਅਸੀਂ ਆਪਣੀ ਕੁਦਰਤ ਦੇ, ਮਾਲਕ ਆਪ ਹੀ ਬਣਨਾ ਏ।

ਹੇ ਚੰਚਲ ਮਨ

ਜਿਸ ਘੜੀ ਤੇਰੇ ਲਈ, ਤੇਰੀ ਹੀ ਉਸਤਤ ਕੋਈ ਕਰਦਾ ਹੋਏ, ਓਦੋਂ ਗਾਉਣ ਵਾਲਾ ਵੀ ਤੂੰ, ਸੁਣਨ ਵਾਲਾ ਵੀ ਤੂੰ, ਮਿੱਠੀ ਤੰਤੀ ਦੀ ਧੁਨ ਵੀ ਤੂੰ, ਉਸ ਸੰਗੀਤ ਦਾ ਸੁਰ ਵੀ ਤੂੰ, ਸ਼ਬਦ ਵੀ ਤੂੰ, ਕੀਰਤਨ ਵੀ ਤੂੰ, ਪ੍ਰੇਮ ਤੋਂ ਉਪਜਿਆ ਵੈਰਾਗ ਵੀ ਤੂੰ, ਹੇ ਪਿਆਰੇ ਚੰਚਲ ਮਨ! ਤੂੰ ਵੀ ਉਸ ਘੜੀ ਓਥੇ ਰਿਹਾ ਕਰ, ਉਸ ਧੁਨ ਦਾ ਅਨੰਦ ਮਾਣਿਆ ਕਰ।

ਕਿਰਦਾਰਾਂ ਵਾਲੇ

ਕੇਸਕੀ ਬੰਨ੍ਹ ਕੇ ਰੱਖਦੀ ਉੱਚੇ ਕਿਰਦਾਰਾਂ ਦੀ, ਸੁੱਚੇ ਨੇ ਬੋਲ ਉਸਦੇ ਧੀ ਬਾਜਾਂ ਵਾਲੇ ਦੀ। ਅਨੰਦਪੁਰ ਘਰ ਹੈ ਉਸਦਾ ਸਾਹਿਬਜ਼ਾਦੇ ਵੀਰੇ ਨੇ, ਕੇਸਾਂ ਨੂੰ ਸਾਂਭ ਕੇ ਰੱਖਦੀ ਕੇਸ ਤਾਂ ਹੀਰੇ ਨੇ ਕੇਸਾਂ ਨੂੰ ਸਾਂਭ ਕੇ ਰੱਖਦੀ। ਦਾੜ੍ਹਾ ਪ੍ਰਕਾਸ਼ ਹੈ ਰੱਖਦਾ ਅੰਮ੍ਰਿਤ ਵੇਲੇ ਨਾਮ ਹੈ ਜਪਦਾ, ਗੁਰੂ ਘਰ ਨਿਤ ਹੀ ਜਾਵੇ ਬੱਚਿਆਂ ਨੂੰ ਪਾਠ ਸਿਖਾਵੇ, ਚਿਣ ਚਿਣ ਕੇ ਪੇਚ ਸਜਾਉਂਦਾ ਗੁਰੂਆਂ ਦੀ ਬਾਣੀ ਗਾਉਂਦਾ, ਚੇਤੇ 'ਚ ਵਸਾ ਕੇ ਰੱਖਿਆ ਯੁੱਧ ਚਮਕੌਰ ਦਾ, ਖ਼ੁਆਬਾਂ ਵਿੱਚ ਨਿਤ ਹੀ ਵੇਖੇ ਤਖ਼ਤ ਲਾਹੌਰ ਦਾ, ਖ਼ੁਆਬਾਂ ਵਿੱਚ ਨਿਤ ਹੀ ਵੇਖੇ ਰਾਜ ਲਾਹੌਰ ਦਾ।

ਮਾਂ

ਉਹ ਸਹਿਜ 'ਚ ਹੈ ਰਵਾਨੀ 'ਚ ਹੈ ਉਹ ਆਪਣਿਆ ਲਈ, ਬੇਚੈਨੀ 'ਚ ਹੈ। ਉਹ ਪ੍ਰੀਤ ਹੈ, ਹਰ ਰੀਤ 'ਚ ਹੈ, ਉਹ ਗਾਏ ਜਾਂਦੇ, ਹਰ ਸੰਗੀਤ 'ਚ ਹੈ। ਉਹ ਅੰਬਰ 'ਚ ਹੈ, ਪਾਣੀ 'ਚ ਹੈ। ਉਹ ਧਰਤ ਦੀ ਜੁੜੀ, ਹਰ ਕਹਾਣੀ 'ਚ ਹੈ। ਰੂਹ ਅੰਦਰ ਬਣਾਈ, ਉਸਦੀ ਥਾਂ ਏ, ਜ਼ੱਰੇ ਜ਼ੱਰੇ 'ਚ ਜਿਸਦਾ ਨਾਂ ਏ, ਉਹ ਸਾਡੀ ਮਾਂ ਏ।

ਦਸ਼ਮੇਸ਼ ਜੀ

ਬਖ਼ਸ਼ਿਸ਼ਾਂ ਹੀ ਬਖ਼ਸ਼ਿਸ਼ਾਂ, ਉਸਦੇ ਦਰ ਤੋਂ ਮਿਲਦੀਆਂ, ਕੋਈ ਆਵੇ ਉਸਦਾ ਬਣਕੇ ਜੇ ਉਹ ਤਾਰ ਦਿੰਦੇ। ਸੀਨੇ ਬਲਦੀ ਅੱਗ ਜੋ, 'ਹੰਕਾਰ ਬਣਕੇ ਫੁੱਟਦੀ, ਦੇ ਕੇ ਛਿੱਟਾ ਨਾਮ ਦਾ, ਉਹ ਠਾਰ ਦਿੰਦੇ। ਰਣ ਨੂੰ ਜਿੱਤਣਾ ਦੱਸਦੇ, ਪੁੱਤ ਵਾਰ ਕੇ ਵੀ ਹੱਸਦੇ। ਰੂਹਾਂ 'ਚ ਜੁੱਸਾ ਭਰ ਦਿੰਦੇ, ਸ਼ਮਸ਼ੀਰਾਂ ਦਾ ਉਹ ਵਰ ਦਿੰਦੇ।

ਨਿਆਰੀ ਧਰਤ

ਕੁਲ ਖ਼ਲਕਤ ਚੋਂ, ਨਿਆਰੀ ਧਰਤ ਪੰਜਾਬ ਦੀ, ਜਿਥੋਂ ਆਵੇ ਮਹਿਕ, ਸੁੱਚੇ ਆਬ ਦੀ, ਪਾਕ ਇਲਾਹੀ ਬੋਲ, ਇਸਦੀ ਬੋਲੀ ਦੇ, ਹਰ ਵੇਲੇ ਹੀ ਸੁਣਦੀ, ਧੁਨ ਰਬਾਬ ਦੀ, ਕੁਲ ਖ਼ਲਕਤ 'ਚੋਂ ਨਿਆਰੀ, ਧਰਤ ਪੰਜਾਬ ਦੀ। ਏਥੇ ਹਰ ਵੇਲੇ ਹੀ, ਅੰਮ੍ਰਿਤ ਰਿਸਦਾ ਏ, ਚੁੰਨੀਆਂ ਪੱਗਾਂ 'ਚੋਂ, ਚਿਹਰਾ ਇਸਦਾ ਦਿਸਦਾ ਏ, ਹੋਰ ਬਥੇਰੀਆਂ ਥਾਵਾਂ, ਏਥੇ ਘੁੰਮਣ ਨੂੰ, ਵੱਖਰੀ ਪਛਾਣ ਖਿਦਰਾਣੇ ਵਾਲੀ ਢਾਬ ਦੀ, ਕੁਲ ਖ਼ਲਕਤ 'ਚੋਂ, ਨਿਆਰੀ ਧਰਤ ਪੰਜਾਬ ਦੀ। ਭੁੱਖਾ ਸੌਂ ਕੇ, ਆਲਮ ਨੂੰ ਰਜਾਉਂਦਾ ਏ, ਕੁਰਬਾਨੀਆਂ ਵੇਲੇ, ਨਾਮ ਵੀ ਪਹਿਲਾਂ ਆਉਂਦਾ ਏ, ਸਾਂਝ ਬਣੀ ਰਹੇ ਸਦਾ, ਰਾਵੀ ਤੇ ਚਨਾਬ ਦੀ, ਕੁਲ ਖ਼ਲਕਤ 'ਚੋਂ, ਨਿਆਰੀ ਧਰਤ ਪੰਜਾਬ ਦੀ।

ਲਾਹੌਰ ਦੀਆਂ ਫ਼ਿਜ਼ਾਵਾਂ

ਲਾਹੌਰ ਦੀਆਂ ਫ਼ਿਜ਼ਾਵਾਂ ਅੰਮ੍ਰਿਤਸਰ ਆਉਂਦੀਆਂ ਨੇ, ਦੀਦ ਲਈ ਤਰਸੀਆਂ ਰੂਹਾਂ ਦਾ, ਪੈਗ਼ਾਮ ਲਿਆਉਂਦੀਆਂ ਨੇ। ਗੁਰਮੁਖੀ ਤੇ ਸ਼ਾਹਮੁਖੀ ਦੀਆਂ ਪਾਵਣ ਬਾਤਾਂ, ਚੜ੍ਹਦਾ, ਲਹਿੰਦਾ ਦੋਵੇਂ ਪੰਜਾਬ ਵੰਡਣ ਸੌਗਾਤਾਂ, ਪਿੰਡੇ ਤੇ ਜੋ ਹੰਡਾਇਆ ਵੇਲਾ ਯਾਦ ਕਰਾਉਂਦੀਆਂ ਨੇ, ਲਾਹੌਰ ਦੀਆਂ ਫ਼ਿਜ਼ਾਵਾਂ... ਉਹ ਤਖ਼ਤ ਸਾਂਝਾ ਸੀ, ਉਹ ਤਾਜ ਸਾਂਝਾ ਸੀ, ਇੰਨਸਾਫ ਦੀ ਕਚਹਿਰੀ ਦਾ ਉਹ ਰਾਜ ਸਾਂਝਾ ਸੀ, ਸੁੰਨੇ ਪਏ ਉਸ ਤਖ਼ਤ ਦਾ ਬੀਤਿਆ ਹਾਲ ਸੁਣਾਉਂਦੀਆਂ ਨੇ, ਲਾਹੌਰ ਦੀਆਂ... ਅੰਮ੍ਰਿਤਸਰ ਤੋਂ ਵੱਖ ਨਨਕਾਣਾ ਹੋਇਆ ਸੀ, ਹਾਕਮ ਨੇ ਖੁਸ਼ੀਆਂ ਮਨਾਈਆਂ ਸਾਡਾ ਟੱਬਰ ਰੋਇਆ, ਅੱਜ ਵੀ ਉੱਜੜੇ ਘਰਾਂ ਦੀ ਤਸਵੀਰ ਵਿਖਾਉਂਦੀਆਂ ਨੇ, ਲਾਹੌਰ ਦੀਆਂ ਫ਼ਿਜ਼ਾਵਾਂ... ਇੱਕ ਹੋ ਜਾਵਣ ਦੀ ਨਿਤ ਅਰਦਾਸ ਕਰਦੀਆਂ ਨੇ, ਉਹ ਰਾਜ ਮੁੜ ਆਵੇ ਇਹੀ ਆਸ ਕਰਦੀਆਂ ਨੇ, ਸਾਂਝੇ ਚੁੱਲੇ ਹੋਵਣ ਦੋਵੇਂ ਮਾਵਾਂ ਇਹ ਚਾਹੁੰਦੀਆਂ ਨੇ, ਲਾਹੌਰ ਦੀਆਂ ਫ਼ਿਜ਼ਾਵਾਂ, ਅੰਮ੍ਰਿਤਸਰ ਆਉਂਦੀਆਂ ਨੇ, ਦੀਦ ਲਈ ਤਰਸੀਆਂ ਰੂਹਾਂ ਦਾ, ਪੈਗ਼ਾਮ ਲਿਆਉਂਦੀਆਂ ਨੇ।

ਬੇਬੇ ਦਾ ਸਕੂਲ

ਜਦ ਪਿੰਡ ਸੁੱਤਾ ਹੁੰਦਾ, ਸਾਡੀ ਬੇਬੇ ਜਾਗਦੀ ਸੀ, ਸਾਨੂੰ ਨਾਲ ਉਠਾਲਦੀ ਸੀ, ਲੱਗੇ ਜਿਓਂ ਪਾਪ ਕਮਾਉਂਦੀ ਸੀ, ਸਾਥੋਂ ਖ਼ਬਰੇ ਕੀ ਚਾਹੁੰਦੀ ਸੀ। ਪਸ਼ੂਆਂ ਵਾਲੀ ਡਿੱਗੀ ਚੋਂ, ਹਾੜ ਸਿਆਲ ਇਸ਼ਨਾਨ ਕਰਾਉਂਦੀ ਸੀ, ਬੜੇ ਬਹਾਨੇ ਲਾਉਣੇ ਪਰ, ਗੁਰੂ ਘਰ ਨੂੰ ਚਾਲੇ ਪਵਾਉਂਦੀ ਸੀ। ਉਹ ਵੀ ਗੱਲ ਨਾ ਭੁੱਲਦੀ ਏ, ਨਿੰਮ ਦਾ ਕਾੜਾ ਪਿਆਉਂਦੀ ਸੀ, ਜਿਹੜਾ ਜਿਆਦਾ ਪੀਂਦਾ ਸੀ, ਉਸਨੂੰ ਚੂਰੀ ਵੱਧ ਖੁਆਉਂਦੀ ਸੀ। ਮਾੜਿਆਂ ਨਾਲ ਨਾ ਬੈਠਣ ਦਿੰਦੀ, ਚੰਗਿਆਂ 'ਚ ਆਪ ਛੱਡ ਕੇ ਆਉਂਦੀ ਸੀ, ਪੁਰਖਿਆਂ ਦੀਆਂ ਬਾਤਾਂ ਪਾਉਂਦੀ ਸੀ, ਆਪ ਪੜ੍ਹ ਸਾਨੂੰ ਪੜ੍ਹਾਉਂਦੀ ਸੀ। ਪਹਿਲਾ ਸਕੂਲ ਸੀ ਬੇਬੇ ਸਾਡੀ, ਜਿੱਥੋਂ ਪੜੀ ਕਿਤਾਬ ਈਮਾਨ ਦੀ, ਗੁੜ੍ਹਤੀ ਦੇ ਦਿੱਤੀ ਖਰੇ ਦਾਨ ਦੀ, ਐਸੇ ਸਕੂਲ ਤੋਂ ਜਾਈਏ ਕੁਰਬਾਨ ਜੀ।

ਨੀਵਾਂਪਣ

ਅਸੀਂ ਉਹ, ਜੋ ਸਕੂਲੋਂ ਮੁੜ ਆਉਂਦੇ ਸੀ, ਫ਼ੀਸ ਨਾ ਹੋਣੀ ਤੇ ਰੋਂਦੇ ਸੀ, ਬਾਪੂ ਦਾ ਕੰਮ ਨਾ ਚੱਲਣਾ, ਗੁਆਂਢੀਆਂ ਦਾ ਜਾ ਕੇ ਬੂਹਾ ਮੱਲਣਾ। ਨਾ ਜ਼ਮੀਨ ਨਾ ਕਾਰੋਬਾਰ ਸੀ, ਬਾਪੂ ਪਹਿਲੋਂ ਕਰਜ਼ਦਾਰ ਸੀ, ਫਿਰ ਵੀ ਅਸੀਂ ਪੜ੍ਹਦੇ ਗਏ, ਪੌੜੀ ਪੌੜੀ ਚੜ੍ਹਦੇ ਗਏ। ਉੱਚੇ ਘਰਾਂ ਦੇ ਬੱਚੇ ਵੀ ਉੱਚੇ, ਅਸੀਂ ਸੀ ਨੀਵੇਂ ਪਰ ਸੀ ਸੁੱਚੇ, ਨੀਵਾਂਪਣ ਹੀ ਉੱਚਾ ਕਰਦਾ, ਬੰਦਾ ਜੇ ਓਹਦੀ ਰਜ਼ਾ 'ਚ ਚਲਦਾ।

ਸਦਾ ਜਿਊਣਾ

ਬੀਤ ਗਏ ਤੇ ਕੀ ਪਛਤਾਉਣਾ, ਉਸਨੇ ਕਿਹੜਾ ਮੁੜਕੇ ਆਉਣਾ। ਕਾਹਤੋਂ ਪਾਇਆ ਰੋਣਾ ਧੋਣਾ, ਬੇਫ਼ਿਕਰੀ ਵਿੱਚ ਸਿੱਖ ਜਿਊਣਾ। ਕੀ ਗਵਾਉਣਾ?ਤੇ ਕੀ ਤੂੰ ਪਾਉਣਾ? ਛੱਡ ਸੋਚ ਸੋਚ ਵਕਤ ਟਪਾਉਣਾ। ਮਾੜਿਆਂ ਤੋਂ ਹੁਣ ਪਿੱਛਾ ਛਡਾਉਣਾ, ਮਾਪਿਆਂ ਨੂੰ ਸਿੱਖ ਗਲਵੱਕੜੀ ਪਾਉਣਾ। ਕੱਚਿਆਂ ਨੂੰ ਚਲ ਕਾਹਤੋਂ ਢਾਉਣਾ, ਸੱਚਿਆਂ ਦੇ ਨਾਲ ਸਿੱਖ ਜਿਊਣਾ। ਮੁੜਕੇ ਨਹੀਓਂ ਏਥੇ ਆਉਣਾ, ਸਿੱਖ ਏਥੇ ਰਹਿ ਕੇ ਸਦਾ ਜਿਊਣਾ।

ਸਿੱਖ ਕੌਮ

ਸਿੱਖ ਕੌਮ ਹੈ ਜਨਮੀ ਖੰਡੇ ਦੀ ਧਾਰ 'ਚੋਂ ਉੱਚੇ ਕਿਰਦਾਰ 'ਚੋਂ। ਸੂਰਜ ਦੀ ਤਪਸ਼ 'ਚੋਂ ਅਕਾਲ ਦੀ ਬਖਸ਼ 'ਚੋਂ। ਮਰਦਾਨੇ ਦੀ ਰਬਾਬ 'ਚੋਂ ਖਿਦਰਾਣੇ ਦੀ ਢਾਬ 'ਚੋਂ। ਮੀਰੀ 'ਚੋਂ ਪੀਰੀ 'ਚੋਂ, ਸਿਦਕ 'ਚੋਂ ਫਕੀਰੀ 'ਚੋਂ। ਸ਼ਹਾਦਤਾਂ ਦੇ ਸ਼ੌਂਕ 'ਚੋਂ, ਚਾਂਦਨੀ ਦੇ ਚੌਂਕ 'ਚੋਂ। ਠੰਡੇ ਬੁਰਜ, ਸਰਹੰਦ 'ਚੋਂ, ਚਮਕੌਰ ਦੀ ਜੰਗ 'ਚੋਂ। ਕੇਸਰੀ ਨੀਲੇ ਬਾਣੇ 'ਚੋਂ, ਵਾਹਿਗੁਰੂ ਦੇ ਭਾਣੇ 'ਚੋਂ। ਵਾਹਿਗੁਰੂ ਦੇ ਭਾਣੇ 'ਚੋਂ

ਤੇਰਾ ਧਿਆਨ

ਉਹ ਤਾਂ ਤੇਰੇ ਵਰਗੇ ਨੇ, ਜੋ ਤੇਰੀ ਬਾਣੀ ਪੜ੍ਹਦੇ ਨੇ, ਤੇਰੀ ਰਜ਼ਾ 'ਚ ਚਲਦੇ ਨੇ, ਤੇਰੀ ਉਸਤਤ ਕਰਦੇ ਨੇ, ਤੇਰਾ ਧਿਆਨ ਧਰਦੇ ਨੇ। ਤੇਰੀ ਕੁਦਰਤ ਦਾ ਰੰਗ ਮਾਣਦੇ ਨੇ, ਤੇ ਸਭ ਭੇਤਾਂ ਨੂੰ ਜਾਣਦੇ ਨੇ, ਜ਼ੱਰੇ ਜ਼ੱਰੇ ਨੂੰ ਛਾਣਦੇ ਨੇ, ਪਰ ਜ਼ਿਕਰ ਨਾ ਕਰਦੇ ਨੇ, ਤੇਰਾ ਧਿਆਨ ਧਰਦੇ ਨੇ। ਉਹ ਰੂਹਾਂ ਰੂਹਾਨੀ ਨੇ, ਤੇ ਚਿਹਰੇ ਨੂਰਾਨੀ ਨੇ, ਜ਼ਹੀਨ ਤੇ ਗਿਆਨੀ ਨੇ, ਸ਼ਬਦਾਂ ਨਾਲ ਲੜ੍ਹਦੇ ਨੇ, ਤੇਰਾ ਧਿਆਨ ਧਰਦੇ ਨੇ। ਦੇਖ ਅਣਡਿੱਠ ਕਰਨ ਵਾਲੇ, ਤੇ ਦੁੱਖਾਂ ਨੂੰ ਜ਼ਰਨ ਵਾਲੇ, ਜ਼ਾਲਮਾਂ ਨੂੰ ਹਰਨ ਵਾਲੇ, ਉਹ ਕਦੇ ਨਾ ਡਰਦੇ ਨੇ, ਤੇਰਾ ਧਿਆਨ ਧਰਦੇ ਨੇ।

ਝਾਤੀ

ਵੇ ਐਵੇਂ ਕਾਹਤੋਂ ਰੋਂਦਾ ਰਹਿੰਨੈ, ਬੇਗਾਨੇ ਦਰਦ ਕਿਓਂ ਢੋਂਹਦਾ ਰਹਿੰਨੈ, ਆਪਣਾ ਵੀ ਥੋੜਾ ਸਵਾਰਿਆ ਕਰ, ਵੇ ਅੰਦਰ ਝਾਤੀ ਮਾਰਿਆ ਕਰ। ਵੇ ਕਾਹਲੀ ਕਾਹਲੀ ਤੁਰਦਾ ਜਾਨੈ, ਸਬਰ 'ਚ ਰਹਿਣਾ ਭੁੱਲਦਾ ਜਾਨੈ, ਬਹਿ ਕੇ ਸੋਚ ਵੀਚਾਰਿਆ ਕਰ, ਵੇ ਅੰਦਰ ਝਾਤੀ ਮਾਰਿਆ ਕਰ। ਵੇ ਤੇਰੇ ਤੈਥੋਂ ਰੁੱਸਦੇ ਜਾਂਦੇ, ਰਿਸ਼ਤੇ ਸਾਰੇ ਖੁੱਸਦੇ ਜਾਂਦੇ, ਪਲ ਉਹਨਾਂ ਸੰਗ ਗੁਜ਼ਾਰਿਆ ਕਰ, ਵੇ ਅੰਦਰ ਝਾਤੀ ਮਾਰਿਆ ਕਰ। ਵੇ ਦਮੜੇ ਬਹੁਤੇ ਜੋੜੀਂ ਨਾ, ਆਇਆ ਖ਼ਾਲੀ ਹੱਥ ਮੋੜੀਂ ਨਾ, ਰਲ ਮਿਲ ਕੇ ਹੀ ਸਾਰਿਆ ਕਰ, ਵੇ ਅੰਦਰ ਝਾਤੀ ਮਾਰਿਆ ਕਰ।

ਸ਼ਬਦ ਗੁਰੂ

ਸ਼ਬਦ ਗੁਰੂ ਪ੍ਰਕਾਸ਼ ਹੋ ਗਏ, ਸੁਰਤੀ ਨੂੰ ਵਿਸਮਾਦ ਮਿਲ ਗਿਆ, ਚਿਹਰਿਆਂ 'ਤੇ ਨੂਰ ਖਿਲ ਗਿਆ, ਭਰਮ ਭੁਲੇਖੇ ਨਾਸ਼ ਹੋ ਗਏ, ਸ਼ਬਦ ਗੁਰੂ ਪ੍ਰਕਾਸ਼ ਹੋ ਗਏ। ਅੰਮ੍ਰਿਤਸਰ ਮੇਘ ਇਲਾਹੀ ਵਰਸਣ, ਤਰਸੀਆਂ ਰੂਹਾਂ ਦਰਸਨ ਪਰਸਣ, ਲਾ ਚੁੱਬੀ ਸਭ ਪਾਪ ਧੋ ਗਏ, ਸ਼ਬਦ ਗੁਰੂ ਪ੍ਰਕਾਸ਼ ਹੋ ਗਏ। ਹਰ ਪਾਸੇ ਧਰਮਸਾਲ ਬਣ ਗਈ, ਵੱਖਰੀ ਇੱਕ ਮਿਸਾਲ ਬਣ ਗਈ, ਚਾਰੋ ਵਰਨ ਇੱਕੋ ਥਾਂ ਖਲੋ ਗਏ, ਸ਼ਬਦ ਗੁਰੂ ਪ੍ਰਕਾਸ਼ ਹੋ ਗਏ।

ਟੱਪੇ

ਕੁੱਲ ਖ਼ਲਕਤ ਪਿਆਰੀ ਏ, ਹੋ ਜੀਹਦੇ ਨਾਲ ਸਾਰੇ ਲੜਦੇ, ਮੇਰੀ ਓਹਦੇ ਨਾਲ ਯਾਰੀ ਏ। ਇਲਾਹੀ ਬੋਲ ਰਬਾਬਾਂ ਦੇ, ਅਸੀਂ ਉਸ ਦੇਸ਼ ਵੱਸਦੇ, ਜਿੱਥੇ ਆਸ਼ਕ ਕਿਤਾਬਾਂ ਦੇ। ਏਸ ਬੋਲੀ 'ਚੋਂ ਸ਼ਹਿਦ ਰਿਸਦਾ, ਬੰਨ੍ਹਿਆ ਜੋ ਤਾਜ ਸਿਰ 'ਤੇ ਏਸ ਤਾਜ 'ਚੋਂ ਪੰਜਾਬ ਦਿਸਦਾ। ਗੱਲ ਤੁਰੀ ਏ ਜਵਾਨੀਆਂ ਦੀ, ਕੋਈ ਨੀ ਮਿਸਾਲ ਜੱਗ ਤੇ, ਸਿੱਖਾਂ ਦੀਆਂ ਕੁਰਬਾਨੀਆਂ ਦੀ। ਇੱਥੇ ਵੱਸਦੇ ਫ਼ਰਿਸ਼ਤੇ ਨੇ, ਆਂਟੀ ਅੰਕਲ ਨਹੀਂ ਜੱਚਦੇ, ਏਥੇ ਤਾਂ ਜੱਚਦੇ ਰਿਸ਼ਤੇ ਨੇ। ਉਹ ਤ੍ਰਿਵੈਣੀ ਲਾਓਂਦੇ ਸੀ, ਬੋਹੜ, ਨਿੰਮ, ਪਿੱਪਲਾਂ ਥੱਲੇ ਬਾਬੇ ਬਾਤਾਂ ਪਾਉਂਦੇ ਸੀ।

ਜੱਗ ਦਾ ਪਾਲੀ

ਉਸ ਕਮਾਲ ਬਾਰੇ ਲਿਖਣਾ, ਤਾਂ ਕਮਾਲ ਹੀ ਲਿਖਣਾ, ਜੋ ਬੀਤਿਆ ਉਹ ਹਾਲ ਲਿਖਣਾ, ਆਮ ਨਹੀਂ ਬੇ-ਮਿਸਾਲ ਲਿਖਣਾ। ਕਲਮ ਦਾ ਧਨੀ, ਉਹ ਜੱਗ ਦਾ ਪਾਲੀ ਏ, ਖਾਲੀ ਨਾ ਮੁੜਿਆ, ਕੋਈ ਦਰੋਂ ਸਵਾਲੀ ਏ ਰਣ ਤੇਗ਼ਾਂ ਲਿਸ਼ਕਣ, ਮੁੱਖ 'ਤੇ ਲਾਲੀ ਏ, ਤੌਸੀਫ 'ਚ ਭੋਰਾ ਨਾ, ਮਲਾਲ ਲਿਖਣਾ, ਆਮ ਨਹੀਂ ਬੇ-ਮਿਸਾਲ ਲਿਖਣਾ। ਹਰ ਹਰਕਤ ਨੂੰ ਜਾਨਣ ਵਾਲਾ, ਕੰਡਿਆਂ ਦੀ ਸੇਜ ਮਾਨਣ ਵਾਲਾ, ਲੋਹਾ ਸਰੀਰਾਂ 'ਚ ਢਾਲਣ ਵਾਲਾ, ਉਸਨੂੰ ਅਕਾਲ ਹੀ ਅਕਾਲ ਲਿਖਣਾ, ਆਮ ਨਹੀਂ ਬੇ-ਮਿਸਾਲ ਲਿਖਣਾ। ਰਣ ਨੂੰ ਜਿੱਤਣਾ ਦੱਸਣ ਵਾਲੇ, ਪੁਤ ਵਾਰ ਕੇ ਵੀ ਹੱਸਣ ਵਾਲੇ, ਸ਼ਹਾਦਤਾਂ ਦਾ ਰਸ ਚੱਖਣ ਵਾਲੇ, ਉਹਨਾਂ ਦੇ ਹੀ ਖ਼ਿਆਲ ਲਿਖਣਾ, ਆਮ ਨਹੀਂ ਬੇ-ਮਿਸਾਲ ਲਿਖਣਾ।

ਸ਼ਹਾਦਤਾਂ ਦੀ ਮਸਤੀ

ਸੇਕ ਨਾਲ ਵੀ ਗੂੜ੍ਹਾ, ਸੰਬੰਧ ਸਾਡਾ, ਸੀਤ ਲਹਿਰ ਵੀ ਸਾਨੂੰ, ਪਰਖਦੀ ਰਹੀ। ਧੁਨ ਰਬਾਬ ਦੀ, ਸੀਨੇ ਠਾਰ ਦਿੰਦੀ, ਤੇਗ਼ ਸਾਡੀ ਰਣ ਮੇਂ, ਲਿਸ਼ਕਦੀ ਰਹੀ। ਬੜਾ ਪਰਖਿਆ ਸਾਨੂੰ, ਰੰਬੀਆਂ ਨੇ, ਸ਼ਹਾਦਤਾਂ ਦੀ ਮਸਤੀ, ਚੜ੍ਹਦੀ ਰਹੀ। ਪਰਬਤ-ਬੇਲਿਆਂ ਨਾਲ ਹੈ, ਮੋਹ ਸਾਡਾ, ਕਦੇ ਰੁਕੀ ਨਾ ਵਹੀਰ, ਚਲਦੀ ਰਹੀ। ਵੈਰੀ ਕੋਹ-ਕੋਹ ਕੇ ਸਾਨੂੰ, ਮਾਰਦੇ ਰਹੇ, ਧਰਤ ਪੰਜਾਬ ਦੀ ਸੂਰਮੇ, ਜੰਮਦੀ ਰਹੀ। ਗੁੜ੍ਹਤੀ ਮਿਲੀ, ਪ੍ਰੇਮ ਤੇ ਸ਼ਹਾਦਤਾਂ ਦੀ, ਫ਼ੌਜ ਵੈਰੀਆਂ ਦੇ ਕੰਡੇ, ਕੱਢਦੀ ਰਹੀ। ਦੀਨ ਕਿਸੇ ਦਾ, ਕੁਰਬਾਨੀ ਖ਼ਾਲਸੇ ਦੀ, ਬੇਗਮਪੁਰੇ ਲਈ ਸਦਾ, ਜੂਝਦੀ ਰਹੀ।

ਧਰਤੀ ਕੇ ਦਰਵੇਸ਼

ਪੋਹ ਨੇ ਕੀ ਪੋਹਣਾ, ਠੰਡ ਨੇ ਕੀ ਠਾਰਨਾ, ਉਹ ਧਰਤੀ ਕੇ ਦਰਵੇਸ਼ ਨੇ, ਮੌਤ ਨੇ ਵੀ ਕਿਥੋਂ ਮਾਰਨਾ। ਆਬੇ ਹਯਾਤ ਦੀ ਖ਼ੁਰਾਕ, ਸ਼ਸ਼ਤਰਾਂ ਨਾਲ ਗੂੜ੍ਹਾ ਸਾਕ, ਖ਼ਾਲਸ ਨੇ ਤੇ ਬੜੇ ਹੀ ਪਾਕ, ਸਿੱਖੇ ਕੌਮ ਲਈ ਜਿੰਦ ਵਾਰਨਾ, ਉਹ ਧਰਤੀ ਕੇ ਦਰਵੇਸ਼ ਨੇ, ਮੌਤ ਨੇ ਵੀ ਕਿੱਥੋਂ ਮਾਰਨਾ। ਕੀਤਾ ਤੱਤੀ ਤਵੀ ਤੋਂ ਆਗਾਜ਼ ਹੈ, ਮਿਲੀ ਸ਼ਹਾਦਤਾਂ ਦੀ ਪਰਵਾਜ਼ ਹੈ, ਤੇ ਰੱਖੀ ਬੇਗਾਨਿਆਂ ਦੀ ਲਾਜ ਹੈ, ਅੱਗ ਨੇ ਵੀ ਨਹੀਓਂ ਸਾੜਨਾ, ਉਹ ਧਰਤੀ ਕੇ ਦਰਵੇਸ਼ ਨੇ, ਮੌਤ ਨੇ ਵੀ ਕਿੱਥੋਂ ਮਾਰਨਾ। ਜਪਣ ਅਕਾਲ ਹੀ ਅਕਾਲ, ਗੁਰੂ ਏ ਸਾਹਿਬ-ਏ-ਕਮਾਲ, ਨਹੀਓਂ ਬ੍ਰਹਿਮੰਡ 'ਤੇ ਮਿਸਾਲ, ਕਿਸ਼ਤਾਂ 'ਚ ਪਰਿਵਾਰ ਵਾਰਨਾ, ਉਹ ਧਰਤੀ ਕੇ ਦਰਵੇਸ਼ ਨੇ, ਮੌਤ ਨੇ ਵੀ ਕਿੱਥੋਂ ਮਾਰਨਾ। ਇਹ ਨਾ ਅਨਮਤਿ ਦੇ, ਇਹ ਨਾ ਮਨਮਤਿ ਦੇ, ਇਹ ਨਾ ਦੁਰਮਤਿ ਦੇ, ਇਹ ਪੂਜਾਰੀ ਗੁਰਮਤਿ ਦੇ, ਇੱਕੋ ਬਾਣੀ ਦੀ ਹੈ ਧਾਰਨਾ, ਇਹ ਧਰਤੀ ਕੇ ਦਰਵੇਸ਼ ਨੇ, ਮੌਤ ਨੇ ਵੀ ਕਿੱਥੋਂ ਮਾਰਨਾ।

ਤੇਰੀ ਤੱਕਣੀ

ਧਰਤ ਮੌਲਣ ਲੱਗੀ ਪਈ ਏ, ਭੇਤ ਖੋਲ੍ਹਣ ਲੱਗ ਪਈ ਏ, ਪੰਛੀ ਚਹਿਕਣ ਲੱਗ ਪਏ ਨੇ ਵੇ ਤੇਰੀ ਤੱਕਣੀ ਐਸੀ ਏ, ਫੁੱਲ ਮਹਿਕਣ ਲੱਗ ਪਏ ਨੇ। ਬੇਨੂਰ ਚਿਹਰੇ ਨੂਰਾਨੀ ਹੋ ਗਏ ਨੇ, ਮੰਗਣ ਵਾਲੇ ਹੁਣ ਦਾਨੀ ਹੋ ਗਏ ਨੇ, ਮਿਹਰਾਂ ਦੇ ਮੀਂਹ ਵਰਸਣ ਲੱਗ ਪਏ ਨੇ, ਵੇ ਤੇਰੀ ਤੱਕਣੀ ਐਸੀ ਏ, ਫੁੱਲ ਮਹਿਕਣ ਲੱਗ ਪਏ ਨੇ। ਹਵਾਵਾਂ ਵੀ ਹੁਣ ਗੱਲਾਂ ਕਰਦੀਆਂ ਨੇ, ਤੇਰੇ ਹੋਣ ਦੀ ਗਵਾਹੀ ਭਰਦੀਆਂ ਨੇ, ਬੇਘਰ ਹੋਏ ਜੋ ਘਰ ਪਰਤਣ ਲੱਗ ਪਏ ਨੇ, ਵੇ ਤੇਰੀ ਤੱਕਣੀ ਐਸੀ ਏ, ਫੁੱਲ ਮਹਿਕਣ ਲੱਗ ਪਏ ਨੇ। ਉੱਜੜਿਆਂ ਨੂੰ ਵਸਾਵਣ ਆਇਆ ਏਂ, ਰੋਂਦਿਆਂ ਨੂੰ ਹਸਾਵਣ ਆਇਆ ਏਂ, ਮੌਨ ਰਹਿੰਦੇ ਜੋ ਬੋਲਣ ਲੱਗ ਪਏ ਨੇ, ਵੇ ਤੇਰੀ ਤੱਕਣੀ ਐਸੀ ਏ, ਫੁੱਲ ਮਹਿਕਣ ਲੱਗ ਪਏ ਨੇ।

ਭਾਈ ਜੇਠਾ ਜੀ

ਭਾਈ ਜੇਠਾ ਜੀ ਭਾਈ ਜੇਠਾ ਜੀ, ਧੰਨ ਹੈ ਕਮਾਈ ਭਾਈ ਜੇਠਾ ਜੀ। ਛੋਟੀ ਉਮਰੀ ਮਾਪੇ ਤੁਰ ਗਏ, ਉਸ ਵੇਲੇ ਹੀ ਰੱਬ ਨਾਲ ਜੁੜ ਗਏ। ਘੁੰਙਣੀਆਂ ਵੇਚ ਗੁਜ਼ਾਰਾ ਕੀਤਾ, ਨਾਮ ਦਾ ਰਸ ਹਰ ਵੇਲੇ ਪੀਤਾ। ਤੀਜੀ ਜੋਤ ਦੇ ਵਿੱਚ ਸਮਾਏ, ਗੁਰੂ ਰਾਮਦਾਸ ਜੀ ਫਿਰ ਕਹਿਲਾਏ। ਭਾਈ ਜੇਠਾ ਜੀ ਭਾਈ ਜੇਠਾ ਜੀ, ਧੰਨ ਹੈ ਕਮਾਈ ਭਾਈ ਜੇਠਾ ਜੀ। ਰਾਮਦਾਸਪੁਰਾ ਵਸਾਇਆ ਏ, ਸੱਚ ਦਾ ਵਾਪਾਰ ਚਲਾਇਆ ਏ। ਸੰਗਤ ਪੰਗਤ ਦਾ ਮਿਲਾਪ ਹੋ ਗਿਆ, ਗੁਰਬਾਣੀ ਦਾ ਹੀ ਪ੍ਰਤਾਪ ਹੋ ਗਿਆ। ਕਾਇਨਾਤ ਨੇ ਸੀਸ ਝੁਕਾਇਆ ਏ, ਜੱਸ ਚੌਥੀ ਜੋਤ ਦਾ ਹੀ ਗਾਇਆ ਏ। ਭਾਈ ਜੇਠਾ ਜੀ ਭਾਈ ਜੇਠਾ ਜੀ, ਧੰਨ ਹੈ ਕਮਾਈ ਭਾਈ ਜੇਠਾ ਜੀ। ਕਾਗੋ ਤੋਂ ਹੰਸ ਕਰਾਵਣ ਵਾਲੇ, ਅੰਮ੍ਰਿਤ ਸਰਵਰ ਬਣਾਵਣ ਵਾਲੇ। ਭੁੱਖਿਆਂ ਤਾਈਂ ਰਜਾਵਣ ਵਾਲੇ, ਧੁਰ ਕੀ ਬਾਣੀ ਸੁਣਾਵਣ ਵਾਲੇ। ਮਨ ਦੀ ਇੱਛ ਪੁਗਾਵਣ ਵਾਲੇ, ਸੱਚ ਦੀ ਜੋਤ ਜਗਾਵਣ ਵਾਲੇ। ਭਾਈ ਜੇਠਾ ਜੀ ਭਾਈ ਜੇਠਾ ਜੀ, ਧੰਨ ਹੈ ਕਮਾਈ ਭਾਈ ਜੇਠਾ ਜੀ। ਸੋਢੀ ਪਾਤਸ਼ਾਹ ਜੀ ਦਾ ਦਰ ਹੈ ਸੁੱਚਾ, ਸੱਚਖੰਡ ਹੈ ਸਭ ਤੋਂ ਉੱਚਾ। ਇਸ ਵਰਗਾ ਬੈਕੁੰਠ ਨਾ ਕੋਈ, ਨਿਥਾਵਿਆਂ ਨੂੰ ਵੀ ਮਿਲਦੀ ਢੋਈ। ਵੱਖਰਾ ਹੀ ਇੱਕ ਪੰਥ ਚਲਾਇਆ, ਚਾਰੇ ਵਰਨਾਂ ਨੂੰ ਇੱਕ ਥਾਂ ਬਿਠਾਇਆ। ਭਾਈ ਜੇਠਾ ਜੀ ਭਾਈ ਜੇਠਾ ਜੀ, ਧੰਨ ਹੈ ਕਮਾਈ ਭਾਈ ਜੇਠਾ ਜੀ।

ਸ਼ੁਕਰ

ਐਸਾ ਬਖ਼ਸ਼ ਤੂੰ ਸਿਦਕ ਦਾਤਾ, ਮਨ ਤੇਰੀ ਉਸਤਤ ਕਰਦਾ ਰਹੇ। ਭਟਕਾਂ ਕਿਤੇ ਜੇ ਪਤ ਰੱਖੀਂ ਦਾਤਾ, ਮਨ ਤੇਰਾ ਸ਼ਬਦ ਹੀ ਘੜਦਾ ਰਹੇ। ਆਪੇ ਮੇਲ ਲਵੋ ਮੇਰੇ ਪਿਆਰੇ, ਤੇਰੀਆਂ ਬਖ਼ਸ਼ਸ਼ਾਂ ਤੋਂ ਜਾਵਾਂ ਵਾਰੇ। ਮੈਂ ਮੂਰਖ ਦੀ ਕਿੱਡੀ ਕੁ ਗੱਲ ਹੈ ਜੀ, ਤੁਸਾਂ ਨੇ ਤਾਂ ਕਿੰਨੇ ਹੀ ਪਾਪੀ ਤਾਰੇ। ਪੰਜੇ ਨੇ ਉਹ ਬੜੇ ਮਹਾਂਬਲੀ, ਕਰੋ ਨਦਰਿ ਤੇ ਦੇਵੋ ਢੋਈ। ਮੇਰੀ ਵੇਦਨ ਤੁਸੀਂ ਹੀ ਜਾਣੋ, ਤੁਹਾਡੇ ਬਿਨ ਨਾ ਸਾਡਾ ਕੋਈ। ਤਨ ਦਿੱਤਾ ਏ ਮਨ ਦਿੱਤਾ ਏ, ਮਨ ਨੂੰ ਨਾਮ ਦਾ ਧਨ ਵੀ ਦੇਣਾ। ਦਾਤਾਂ ਨਾਲ ਨਿਵਾਜ਼ ਰਿਹਾ ਏਂ, ਸਾਂਭਣ ਦਾ ਕੋਈ ਢੰਗ ਵੀ ਦੇਣਾ। ਰੱਖਿਓ ਆਪਣੇ ਨੇੜੇ ਦਾਤਾ ਜੀ, ਤੁਸਾਂ ਨੂੰ ਕਦੇ ਭੁੱਲ ਨਾ ਜਾਵਾਂ। ਜਿੰਨਾ ਦਿੱਤਾ ਏ ਖੁਸ਼ੀ ਮਨਾਵਾਂ, ਸ਼ੁਕਰ ਕਰਨ ਤੋਂ ਖੁੰਝ ਨਾ ਜਾਵਾਂ... ਸ਼ੁਕਰ ਕਰਨ ਤੋਂ ਖੁੰਝ ਨਾ ਜਾਵਾਂ।

ਭਾਈ ਜੀ ਦੀ ਸਿੱਖਿਆ

ਪੜ੍ਹੀਆਂ ਲਾਵਾਂ ਸਾਕ ਹੋਇਆ ਪੱਕਾ, ਦੋਏ ਮੋਤੀ ਇੱਕ ਧਾਗੇ 'ਚ ਪਰੋਏ ਜੀ। ਪੜ੍ਹਿਓ ਬਾਣੀ ਗੁਰੂ ਘਰ ਨਿੱਤ ਜਾਇਓ, ਦੁਖ ਸੁਖ ਦੇ ਹਾਣੀ ਤੁਸੀਂ ਹੋਏ ਜੀ। ਰੱਖਿਓ ਲਾਜ ਆਪਣੇ ਖਾਨਦਾਨ ਦੀ, ਕਦੇ ਅੱਖ ਨਾ ਕਿਸੇ ਦੀ ਰੋਏ ਜੀ। ਆਖਰੀ ਸਾਹਾਂ ਤੱਕ ਨਿਭੇ ਸਾਕ ਸੁੱਚਾ, ਗੁਰੂ ਅੰਗ ਸੰਗ ਸਹਾਈ ਹੋਏ ਜੀ। ਲਵੋ ਅਸੀਸ ਹੁਣ ਦੋਵੇਂ ਮਾਪਿਆਂ ਤੋਂ, ਸ਼ਗਨ ਫਿਰ ਹੀ ਇਹ ਪੂਰਾ ਹੋਏ ਜੀ।

ਟੇਕ

ਉਹ ਚਾਨਣ ਵਿੱਚ ਹੈ, ਤੇ ਹਨੇਰੇ ਵਿੱਚ ਹੈ, ਉਹ ਚੁੱਪ ਵਿੱਚ ਹੈ, ਤੇ ਖੇੜੇ ਵਿੱਚ ਹੈ। ਉਹ ਰਾਤ ਵਿੱਚ, ਤੇ ਸਵੇਰੇ ਵਿੱਚ ਹੈ, ਤੇਰੀ ਬੁਜ਼ਦਿਲੀ, ਤੇਰੇ ਜੇਰੇ ਵਿੱਚ ਹੈ। ਉਹ ਇਕੱਲ ਵਿੱਚ ਹੈ, ਤੇ ਇਕਾਂਤ ਵਿੱਚ ਹੈ, ਉਹ ਸ਼ੋਰ ਵਿੱਚ ਹੈ, ਤੇ ਸ਼ਾਂਤ ਵਿੱਚ ਹੈ। ਉਹ ਧੁੱਪ ਵਿੱਚ ਹੈ, ਤੇ ਹਰ ਰੁੱਤ ਵਿੱਚ ਹੈ, ਓ ਦੁੱਖ ਵਿੱਚ ਹੈ, ਤੇ ਤੇਰੇ ਸੁੱਖ ਵਿੱਚ ਹੈ। ਉਹ ਧਰਤ ਵਿੱਚ ਹੈ, ਤੇ ਪਾਤਾਲ ਵਿੱਚ ਹੈ, ਓ ਕਾਲ ਵਿੱਚ ਹੈ, ਤੇ ਅਕਾਲ ਵਿੱਚ ਹੈ। ਉਹ ਵੈਰਾਗ ਵਿੱਚ ਹੈ, ਤੇ ਵਿਸਮਾਦ ਵਿੱਚ ਹੈ, ਉਹ ਵਿਗਾਸ ਵਿੱਚ ਹੈ, ਤੇ ਤਿਆਗ ਵਿੱਚ ਹੈ। ਚੱਲ ਮੰਨ ਕੇ ਤਾਂ ਵੇਖ, ਖੁੱਲ੍ਹ ਜਾਣਗੇ ਭੇਤ, ਉਲਝਣ ਸੁਲਝਾ ਲੈ, ਤੇ ਆ ਜਾਊਗੀ ਟੇਕ। ਜੇ ਪੜੇਂਗਾ ਬਾਣੀ, ਸਮਝ ਆਊਗੀ ਕਹਾਣੀ, ਖਿੰਡੀ ਤੇਰੀ ਸੋਚ, ਹੋ ਜਾਊਗੀ ਸਿਆਣੀ।

ਰੱਬ ਦੇ ਮੁਰੀਦ

ਅਮੀਰ ਹੋ ਜਾਈਏ, ਫ਼ਕੀਰ ਹੋ ਜਾਈਏ, ਉਸਦੇ ਦਰ ਦੇ ਹੀ, ਵਜ਼ੀਰ ਹੋ ਜਾਈਏ। ਚੰਗੇ ਹੋ ਜਾਈਏ, ਮੰਦੇ ਹੋ ਜਾਈਏ, ਮਿਲੇ ਉਸਦੇ ਦਰੋਂ ਖ਼ੈਰ, ਐਸੇ ਬੰਦੇ ਹੋ ਜਾਈਏ। ਰੁੱਤ ਹੋ ਜਾਈਏ, ਬੁੱਤ ਹੋ ਜਾਈਏ, ਉਸਨੂੰ ਸੁਣਨੇ ਲਈ, ਚੁੱਪ ਹੋ ਜਾਈਏ। ਪਾਕ ਹੋ ਜਾਈਏ, ਪਲੀਤ ਹੋ ਜਾਈਏ, ਉਸਦੀ ਉਸਤਤ ਦਾ ਹੀ, ਗੀਤ ਹੋ ਜਾਈਏ। ਨੇਕ ਇਨਸਾਨ ਹੋ ਜਾਈਏ, ਧਰਤ ਅਸਮਾਨ ਹੋ ਜਾਈਏ, ਉਹ ਕਰੇਗਾ ਪ੍ਰਵਾਨ ਦਰ 'ਤੇ ਜੇ ਉਸ ਲਈ ਕੁਰਬਾਨ ਹੋ ਜਾਈਏ।

ਰੱਬੀ ਰੂਹਾਂ

ਅੱਖਰਾਂ ਵਿੱਚੋਂ ਉਸਨੂੰ ਤੱਕਣਾ, ਏਹੀ ਉਸਦੀ ਆਦਤ ਹੈ। ਉਸ ਲਈ ਉਹ ਲਿਖਦਾ ਪੜ੍ਹਦਾ, ਏਹੀ ਉਸਦੀ ਇਬਾਦਤ ਹੈ। ਬੇਫ਼ਿਕਰਾ ਉਹ ਫ਼ਕੀਰ ਜਿਹਾ, ਆਪੇ ਵਿੱਚ ਰੁੱਝਿਆ ਰਹਿੰਦਾ ਏ। ਭਾਖਿਆ ਉਸਦੀ ਬੜੀ ਮਿਸਾਲੀ, ਸੁੱਚੇ ਸ਼ਬਦਾਂ ਦੇ ਨਾਲ ਬਹਿੰਦਾ ਏ। ਲਿਵ ਲੱਗੀ ਉਸਦੀ, ਨਾਲ ਖ਼ੁਦਾ ਦੇ, ਮੁਰਸ਼ਦ ਦੀਆਂ, ਉਹ ਬਾਤਾਂ ਪਾਵੇ। ਹੁਣ ਉਸਦਾ ਸੰਗ, ਪਾਕ ਹੈ ਕਰਦਾ, ਇੱਕ ਵਾਰੀ ਜੋ ਮਿਲਕੇ ਆਵੇ। ਤਨ ਮਨ ਧਨ ਉਸ ਸੌਂਪ ਦਿੱਤਾ ਏ, ਆਪਣੇ ਸਾਹਿਬ ਦੀ ਹਜ਼ੂਰੀ ਅੰਦਰ। ਭਟਕਣ ਓਹਦੀ ਮੁੱਕ ਗਈ ਏ, ਤੱਕਿਆ ਜਦੋਂ ਦਾ ਉਸ ਹਰਿਮੰਦਰ। ਐਸੀਆਂ ਰੂਹਾਂ ਘਣੀਆਂ ਨਾਹੀ, ਜੋ ਰੱਬ ਦੇ ਨਾਮ ਦੀ ਦੌਲਤ ਵੰਡਣ। ਗੁਰੂ ਦੀ ਸੰਗਤ 'ਚ ਬੈਠ ਓ ਬੰਦਿਆ! ਐਸੀਆਂ ਰੂਹਾਂ ਓਥੋਂ ਹੀ ਲੱਭਣ।

ਸਿੱਖੀ ਸਰੂਪ ਦੀ ਸੰਭਾਲ

ਵੀਰੇ! ਤੈਨੂੰ ਪਾਤਸ਼ਾਹ ਨੇ, ਬਾਦਸ਼ਾਹ ਬਣਾਇਆ ਏ, ਇਹ ਸਿੱਖੀ ਸਰੂਪ, ਸ਼ਹਾਦਤਾਂ ਨੇ ਝੋਲੀ ਪਾਇਆ ਏ, ਪਰ ਅਫ਼ਸੋਸ ਹੈ, ਤੈਨੂੰ ਸਾਂਭਣਾ ਕਿਉਂ ਨਾ ਆਇਆ ਏ, ਸਿੱਖੀ ਸਰੂਪ ਤੂੰ ਛੱਡ ਕੇ, ਇਹ ਕੀ ਭੇਸ ਵਟਾਇਆ ਏ। ਜੇ ਭੁੱਲ ਗਿਆਂ ਏਂ ਤਾਂ, ਗੁਰੂ ਤੋਂ ਭੁਲ ਬਖ਼ਸ਼ਾ ਲੈ, ਸਿੱਖੀ ਸਰੂਪ ਨੂੰ ਤੂੰ, ਮੁੜ ਝੋਲੀ ਵਿੱਚ ਪਵਾ ਲੈ, ਇਹ ਜੀਵਨ ਕਿਤੇ, ਬਿਨਾਂ ਗੁਰੂ ਤੋਂ ਲੰਘ ਨਾ ਜਾਵੇ, ਮਿੱਟੀ ਦੇ ਇਸ ਪੁਤਲੇ ਨੂੰ, ਹੁਣ ਕੰਚਨ ਬਣਾ ਲੈ। ਜਮ ਦੀ ਮਾਰ ਹੈ ਭੈੜੀ, ਗੁਰੂ ਬਚਾ ਲਵੇਗਾ, ਤੇਰੇ ਅੰਦਰਲੇ ਪੰਜ ਚੋਰਾਂ ਨੂੰ, ਮਾਰ ਦਵੇਗਾ, ਸ਼ਰਨੀ ਆ ਜਾ, ਨੀਵਾਂ ਹੋ ਕੇ ਗੁਰੂ ਦੁਆਰੇ, ਬਿਖ ਸਾਗਰ 'ਚੋਂ ਪਾਤਸ਼ਾਹ, ਕੱਢ ਲਏਗਾ। ਬਾਹਰ ਕੇਵਲ ਭਟਕਣ ਹੈ, ਟੇਕ ਨੀ ਆਉਣੀ, ਗੁਰਬਾਣੀ ਦੀ ਸੰਗਤ ਨਾਲ ਹੈ, ਸੋਝੀ ਆਉਣੀ, ਗੁਰੂ ਦੱਸੇਗਾ ਤੈਨੂੰ, ਇਹ ਜ਼ਿੰਦਗੀ ਕਿਵੇਂ ਜਿਊਣੀ, ਪਰ ਭਟਕਣ ਛੱਡ ਕੇ, ਗੁਰੂ ਨੂੰ ਪਊ ਬਾਂਹ ਫੜਾਉਣੀ।

ਮੰਗਣ ਦੀ ਜਾਚ

ਤੂੰ ਦਾਤੇ ਪਾਸੋਂ ਦਾਤਾਂ ਮੰਗਦੈਂ, ਅਜੇ ਮੰਗਣਾ ਤੈਨੂੰ ਆਇਆ ਨਾ। ਮਨ ਦੀ ਮਤਿ ਦੇ ਪਿੱਛੇ ਲੱਗਿਐਂ, ਅਜੇ ਉਸਦਾ ਹੁਕਮ ਕਮਾਇਆ ਨਾ। ਦਾਤੇ ਦੀ ਵਡਿਆਈ ਵੱਡੀ, ਤੇਰੀ ਹਸਤੀ ਛੋਟੀ ਏ, ਉਹ ਸ਼ਊਰ ਤੇ ਸਦ ਬਖ਼ਸ਼ਿੰਦ, ਤੇਰੀ ਮਤਿ ਅਜੇ ਖੋਟੀ ਏ, ਫਰੇਬ ਦੀ ਹੱਟ ਚਲਾਈ ਜਾਨੈ, ਸੱਚ ਦਾ ਸੌਦਾ ਪਾਇਆ ਨਾ, ਤੂੰ ਦਾਤੇ ਪਾਸੋਂ ਦਾਤਾਂ ਮੰਗਦੈਂ, ਅਜੇ ਮੰਗਣਾ... ਹਉਮੈ ਦਾ ਰੋਗ ਹੈ ਡਾਢਾ ਭਾਰੀ, ਵੰਡ ਰੱਬ ਦੇ ਨਾਮ ਦੀ ਦਾਤ, ਇਕ ਦੀ ਜੋਤ ਪਛਾਣੀ ਸਭ ਵਿੱਚ, ਕਦੇ ਪੁੱਛੀਂ ਨਾ ਕੋਈ ਜਾਤ, ਭਰਿਆਂ ਨੂੰ ਹੀ ਭਰੀ ਜਾਨੈ, ਭੁੱਖਿਆਂ ਤਾਈਂ ਰਜਾਇਆ ਨਾ, ਤੂੰ ਦਾਤੇ ਪਾਸੋਂ ਦਾਤਾਂ ਮੰਗਦੈ, ਅਜੇ ਮੰਗਣਾ... ਦੁਨੀਆਂ 'ਚ ਇੱਜ਼ਤਦਾਰ ਹੋ ਗਿਆ, ਉਸਦੇ ਦਰ ਪ੍ਰਵਾਨ ਹੋਇਆ ਨਾ, ਅੰਦਰ ਭਰਿਆ ਨਾਲ ਪਲੀਤੀ, ਅਵਗੁਣਾ ਨੂੰ ਕਦੇ ਧੋਇਆ ਨਾ, ਮੋਹ ਦੀਆਂ ਕੰਧਾਂ ਉੱਚੀਆਂ ਹੋਈਆਂ, ਤੇ ਪ੍ਰੇਮ ਦਾ ਕੋਠਾ ਬਣਾਇਆ ਨਾ, ਤੂੰ ਦਾਤੇ ਪਾਸੋਂ ਦਾਤਾਂ ਮੰਗਦੈਂ, ਅਜੇ ਮੰਗਣਾ... ਈਮਾਨ ਦੀ ਸੁੱਚੀ ਕਲਮ ਬਣਾ ਕੇ, ਰੱਬ ਦੀ ਉਸਤਤ ਲਿਖਿਆ ਕਰ, ਪ੍ਰੇਮ ਦਾ ਹੀ ਜੋ ਰਾਹ ਦਿਖਾਵਣ, ਐਸੇ ਸ਼ਬਦ ਹੀ ਸਿੱਖਿਆ ਕਰ, ਮੈਂ ਮੇਰੀ ਵਿਚ ਜਕੜਿਆ ਹੋਇਐਂ, ਤੇਰਾ ਤੇਰਾ ਕਹਿਣਾ ਅਜੇ ਆਇਆ ਨਾ, ਤੂੰ ਦਾਤੇ ਪਾਸੋਂ ਦਾਤਾਂ ਮੰਗਦੈਂ, ਅਜੇ ਮੰਗਣਾ ਤੈਨੂੰ ਆਇਆ ਨਾ।

ਗੁਰਮੁਖ ਪਿਆਰੇ

(ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਸਿਜਦਾ ਕਰਦਿਆਂ।) ਜੀ ਗੁਰਮੁਖ ਪਿਆਰੇ ਓਂ, ਤੇ ਬੜੇ ਭਾਗਾਂ ਵਾਲੇ ਓਂ, ਅਸੀਂ ਵੀਰਾਨ ਜੰਗਲ ਜਿਹੇ, ਤੁਸੀਂ ਖਿੜੇ ਬਾਗਾਂ ਵਾਲੇ ਓਂ। ਥੋਡੇ ਬੋਲਾਂ ਵਿੱਚੋਂ ਮਹਿਕਾਂ ਆਵਣ, ਬੇ-ਰੌਣਕੀ ਰੂਹਾਂ ਨੂੰ ਮਹਿਕਾਵਣ, ਅਸਾਨੂੰ ਵੀ ਕੋਈ ਜੁਗਤ ਸਿਖਾ ਦੋ, ਤੁਸੀਂ ਇਲਾਹੀ ਰਾਗਾਂ ਵਾਲੇ ਓਂ, ਜੀ ਗੁਰਮੁਖ ਪਿਆਰੇ ਓਂ, ਤੇ ਬੜੇ ਭਾਗਾਂ ਵਾਲੇ... ਸੋਚ ਲੰਮੇਰੀ ਤੇ ਲੇਖਣੀ ਵੀ ਕਮਾਲ, ਖ਼ਲਕਤ ਵਿੱਚ ਨਾ ਕੋਈ ਮਿਸਾਲ, ਕੁਦਰਤ ਦੇ ਸੰਗ ਰਹਿੰਦੇ ਓਂ, ਤੇ ਰੱਬੀ ਖ਼ੁਆਬਾਂ ਵਾਲੇ ਓਂ, ਜੀ ਗੁਰਮੁਖ ਪਿਆਰੇ ਓਂ, ਤੇ ਬੜੇ ਭਾਗਾਂ... ਤੁਸਾਂ ਦੀ ਸੰਗਤ ਪਾਕ ਹੈ ਕਰਦੀ, ਸਭ ਦੁਬਿਧਾ ਨੂੰ ਖ਼ਾਕ ਹੈ ਕਰਦੀ, ਨਾਨਕ ਜੀ ਨੂੰ ਪੜ੍ਹਦੇ ਓਂ, ਨਗਾਰੇ ਤੇ ਰਬਾਬਾਂ ਵਾਲੇ ਓਂ, ਜੀ ਗੁਰਮੁਖ ਪਿਆਰੇ ਓਂ, ਤੇ ਬੜੇ ਭਾਗਾਂ ਵਾਲੇ ਓਂ। ਕਲਮਾਂ ਅੱਖਰਾਂ ਵਿੱਚ ਜੀਵਨ ਪਾਇਆ, ਕਾਗਜ਼ਾਂ ਨੂੰ ਤੁਸਾਂ ਪਾਕ ਬਣਾਇਆ, ਗੁਰਮਤਿ ਦੇ ਹੀ ਰਾਹੇ ਪਾਇਆ, ਪੈਂਤੀ ਦੇ ਜਾਏ ਪੰਜ ਆਬਾਂ ਵਾਲੇ ਓਂ, ਜੀ ਗੁਰਮੁਖ ਪਿਆਰੇ ਓਂ, ਤੇ ਬੜੇ ਭਾਗਾਂ ਵਾਲੇ ਓਂ। ਅੱਖਰਾਂ ਦੇ ਵਿੱਚ ਵੱਸਣ ਵਾਲੇ, ਸ਼ਬਦਾਂ ਦੇ ਵਿੱਚ ਹੱਸਣ ਵਾਲੇ, ਗੁਰੂ ਪ੍ਰੇਮ ਦਾ ਰਾਹ ਦੱਸਣ ਵਾਲੇ, ਸੂਹੇ ਗੁਲਾਬਾਂ ਵਾਲੇ ਓਂ, ਜੀ ਗੁਰਮੁਖ ਪਿਆਰੇ ਓਂ, ਤੇ ਬੜੇ ਭਾਗਾਂ ਵਾਲੇ ਓਂ।

ਪ੍ਰੇਮ ਦਾ ਪਾਂਧੀ

ਕੋਈ ਦੱਸੇ ਉਸਦੇ ਰਾਹ ਦੀ ਗੱਲ, ਉਸ ਸੱਜਣ ਬੇਪਰਵਾਹ ਦੀ ਗੱਲ, ਮੈਂ ਉਸਦੇ ਲਈ ਆਪਾ ਵਾਰਾਂ, ਜੋ ਦੱਸੇ ਉਸ ਪਾਤਸ਼ਾਹ ਦੀ ਗੱਲ। ਦੁਖ ਸੁਖ ਨੂੰ ਜੋ ਸਮ ਕਰ ਜਾਣੇ, ਅੰਞਾਣੇ ਨੂੰ ਜੋ ਕਰੇ ਸਿਆਣੇ, ਕੋਈ ਐਸਾ ਸੰਤ ਮਿਲੇ ਵਡਭਾਗੀ, ਮੇਰੀ ਭਟਕਦੀ ਸੁਰਤੀ ਕਰੇ ਟਿਕਾਣੇ। ਇੱਕ ਦੀ ਟੇਕ ਜੋ ਰੱਖਦਾ ਹੋਵੇ, ਕੁਦਰਤ ਦੇ ਵਿੱਚ ਵੱਸਦਾ ਹੋਵੇ, ਪ੍ਰੇਮ ਦੇ ਰਾਹ ਦਾ ਪਾਂਧੀ ਮਿਲੇ, ਇਲਾਹੀ ਭੇਤ ਜੋ ਦੱਸਦਾ ਹੋਵੇ। ਤੇਰੇ ਦੀਦ ਦੀ ਪਿਆਸ ਲਗਾਵੇ, ਤੇਰੇ ਦਰ ਵੱਲ ਭੱਜਿਆ ਆਵੇ, ਉਸਦਾ ਸੰਗ ਬਖ਼ਸ਼ੋ ਸਾਹਿਬ ਜੀ, ਜੋ ਆਠ ਪਹਰ ਤੇਰਾ ਨਾਮ ਜਪਾਵੇ। ਮੈਂ ਮੂਰਖ ਤੂੰ ਬਿਬੇਕੀ ਹੈਂ ਪਿਆਰੇ, ਤੇਰੇ ਸਰੂਪ ਤੋਂ ਜਾਵਾਂ ਬਲਿਹਾਰੇ, ਦੂਰ ਨਾ ਕਰਿਓ ਸਦਾ ਰੱਖਿਓ ਨੇੜੇ, ਤੇਰੀ ਸੰਗਤ ਨੇ ਸਭ ਕਾਜ ਸਵਾਰੇ।

ਮਾਂ ਬੋਲੀ

ਮਾਂ ਬੋਲੀ ਤੋਂ ਸਦਕੇ ਜਾਈਏ, ਜੋ ਵੰਡੇ ਸਦਾ ਪਿਆਰ ਜੀ। ਮਾਂ ਬੋਲੀ ਨੂੰ ਕਦੇ ਭੁੱਲੀਏ ਨਾ, ਦੇਈਏ ਪੂਰਾ ਸਤਿਕਾਰ ਜੀ। ਇਹ ਬੋਲੀ ਹੈ ਗੁਰੂਆਂ ਪੀਰਾਂ ਦੀ, ਇਹ ਬੋਲੀ ਹੈ ਸੂਰਬੀਰਾਂ ਦੀ, ਮਿਲੇ ਮਾਣ ਬੋਲੀ ਨੂੰ ਜੱਗ ਅੰਦਰ, ਇਸਦੀ ਖਿੜੀ ਰਹੇ ਬਹਾਰ ਜੀ, ਮਾਂ ਬੋਲੀ ਤੋਂ ਸਦਕੇ ਜਾਈਏ, ਜੋ ਵੰਡੇ ਸਦਾ ਪਿਆਰ ਜੀ। ਇਸ ਬੋਲੀ ਵਿੱਚ ਧੁਰ ਕੀ ਬਾਣੀ, ਇਹ ਬੋਲੀ ਹੈ ਡਾਢੀ ਸੁਆਣੀ, ਇਸ ਬੋਲੀ ਦੀ ਅਮਰ ਕਹਾਣੀ, ਅੱਜ ਦੀ ਨਹੀਂ, ਹੈ ਬੜੀ ਪੁਰਾਣੀ, ਮਨ ਲਾ ਕੇ ਜੋ ਪੜ੍ਹਦਾ ਇਸਨੂੰ, ਉੱਚਾ ਸੁੱਚਾ ਬਣੇ ਕਿਰਦਾਰ ਜੀ, ਮਾਂ ਬੋਲੀ ਤੋਂ ਸਦਕੇ ਜਾਈਏ, ਜੋ ਵੰਡੇ ਸਦਾ ਪਿਆਰ ਜੀ। ਇਹ ਬੋਲੀ ਹੈ ਮਾਵਾਂ ਦੀ, ਉਹਨਾਂ ਦੀਆਂ ਦੁਆਵਾਂ ਦੀ, ਸੱਧਰਾਂ ਦੀ ਤੇ ਚਾਵਾਂ ਦੀ, ਚੱਲ ਰਹੇ ਜੋ ਸਾਹਵਾਂ ਦੀ, ਸਹਿਜ ਅਨੋਖਾ ਇਸ ਬੋਲੀ ਵਿੱਚ, ਤਪਦੇ ਦੇ ਸੀਨੇ ਦੇਵੇ ਠਾਰ ਜੀ, ਮਾਂ ਬੋਲੀ ਤੋਂ ਸਦਕੇ ਜਾਈਏ, ਜੋ ਵੰਡੇ ਸਦਾ ਪਿਆਰ ਜੀ। ਇਹ ਬੋਲੀ ਪੰਜ ਆਬਾਂ ਦੀ, ਢਾਬਾਂ ਦੀ ਤੇ ਰਬਾਬਾਂ ਦੀ, ਤਵਾਰੀਖ਼ ਦੀਆਂ ਕਿਤਾਬਾਂ ਦੀ, ਸੂਹੇ ਮਹਿਕ ਰਹੇ ਗੁਲਾਬਾਂ ਦੀ, ਅੱਖੋਂ ਓਹਲੇ ਕਰਿਓ ਨਾ, ਸਦਾ ਲੈਂਦੇ ਰਹਿਓ ਸਾਰ ਜੀ, ਮਾਂ ਬੋਲੀ ਤੋਂ ਸਦਕੇ ਜਾਈਏ, ਜੋ ਵੰਡੇ ਸਦਾ ਪਿਆਰ ਜੀ।

ਰੋਮ ਰੋਮ ਦਾ ਖਿੜਨਾ

ਕਰੂੰਬਲਾਂ ਫੁੱਟ ਰਹੀਆਂ, ਪੰਛੀ ਚਹਿਕਣ ਲੱਗੇ ਨੇ, ਬਾਗ਼ ਮਹਿਕਣ ਲੱਗੇ ਨੇ, ਕੁਦਰਤ ਖਿੜ ਰਹੀ ਹੈ। ਦੱਸ ਇਹ ਸ਼ੋਰ ਕੈਸਾ ਏ? ਬਾਹਰ ਦਾ ਨਹੀਂ ਅੰਦਰ ਦਾ ਏ। ਪਰ ਕਿਉਂ? ਮਨ ਮਨਮਾਨੀ ਕਰ ਰਿਹਾ ਏ, ਅੰਦਰ ਦੇ ਤੂਫ਼ਾਨ ਤੋਂ ਡਰ ਰਿਹਾ ਏ, ਕੁਦਰਤ ਸ਼ਾਂਤ ਹੈ ਏਕਾਂਤ ਹੈ, ਪਰ ਇਹ ਜੀਵਤ ਮਰ ਰਿਹਾ ਏ। ਦੱਸ ਖਾਂ ਮਨਾ... ਕੋਈ ਰੋਗ ਲੱਗਾ ਏ? ਕੋਈ ਵਿਜੋਗ ਲੱਗਾ ਏ? ਕੋਈ ਸੋਗ ਲੱਗਾ ਏ? ਕੋਈ ਬਿਓਗ ਲੱਗਾ ਏ? ਸੁਣੋ... ਮਨ ਦਾ ਹਰਿਆ ਬੂਟਾ ਸੁੱਕ ਰਿਹਾ ਏ, ਇਓਂ ਲੱਗਦੈ ਜੀਵਨ ਮੁੱਕ ਰਿਹਾ ਏ, ਕੀ ਕਰਾਂ ਕੁਝ ਸਮਝ ਨਾ ਪੈਂਦੀ, ਰੋਮ ਰੋਮ ਹੁਣ ਦੁੱਖ ਰਿਹਾ ਏ। ਚਲ ਆ ਮੇਰੇ ਨਾਲ ਪਿਆਰੇ, ਲੈ ਚੱਲਾਂ ਤੈਨੂੰ ਗੁਰੂ ਦੁਆਰੇ, ਓਥੇ ਸਿਜਦਾ ਕਰਦੇ ਸਾਰੇ। ਓਥੇ ਭਟਕਣ ਮੁੱਕ ਜਾਏਗੀ, ਤੇਰੀ ਰੂਹ ਫਿਰ ਸੁੱਖ ਪਾਏਗੀ। ਸਾਧ ਸੰਗ ਤੈਨੂੰ ਮਿਲ ਜਾਏਗਾ, ਰੋਮ ਰੋਮ ਤੇਰਾ ਖਿਲ ਜਾਏਗਾ।

ਮਾਵਾਂ

ਖੁਸ਼ੀ ਖੁਸ਼ੀ ਪੀੜਾਂ ਝੱਲਦੀਆਂ ਨੇ ਮਾਵਾਂ, ਤੱਤੀ ਵਾ ਤੋਂ ਬਚਾਉਂਦੀਆਂ ਨੇ ਮਾਵਾਂ। ਦੁਆਵਾਂ ਨਾਲ ਹਿੱਸੇ ਆਉਂਦੀਆਂ ਨੇ ਮਾਵਾਂ, ਘਰਾਂ ਨੂੰ ਮਹਿਕਾਉਂਦੀਆਂ ਨੇ ਮਾਵਾਂ। ਦੁੱਖ-ਸੁੱਖ 'ਚ ਜਿਉਂਦੀਆਂ ਨੇ ਮਾਵਾਂ, ਕੁੱਲੀ ਨੂੰ ਮਹਿਲ ਬਣਾਉਂਦੀਆਂ ਨੇ ਮਾਵਾਂ। ਵਿਹੜੇ 'ਚ ਰੌਣਕ ਲਾਉਂਦੀਆਂ ਨੇ ਮਾਵਾਂ, ਘਰ ਜੋੜਨੇ ਸਿਖਾਉਂਦੀਆਂ ਨੇ ਮਾਵਾਂ। ਹੱਥਾਂ 'ਚ ਬਰਕਤ ਪਾਉਂਦੀਆ ਨੇ ਮਾਵਾਂ, ਹੱਡ-ਬੀਤੀਆਂ ਸੁਣਾਉਂਦੀਆਂ ਨੇ ਮਾਵਾਂ। ਹਰ ਵੇਲੇ ਸ਼ੁਕਰ ਮਨਾਉਂਦੀਆਂ ਨੇ ਮਾਵਾਂ, ਰੱਬ ਜੀ ਦਾ ਨਾਂ ਧਿਆਉਂਦੀਆਂ ਨੇ ਮਾਵਾਂ। ਮਾਵਾਂ ਬਿਨ ਸਭ ਸੁੰਨੀਆਂ ਨੇ ਥਾਵਾਂ, ਇਹਨਾਂ ਮਾਵਾਂ ਤੋਂ ਮੈਂ ਵਾਰੇ-ਵਾਰੇ ਜਾਵਾਂ। ਮਾਵਾਂ ਹਿੱਸੇ ਆਈਆਂ, ਮੈਂ ਸ਼ੁਕਰ ਮਨਾਵਾਂ, ਜਿੱਥੇ ਜਾਵਾਂ, ਗੱਲ ਮਾਵਾਂ ਦੀ ਸੁਣਾਵਾਂ। ਦੂਰ ਹੋਣ ਨਾ ਇਹ ਤਰਲੇ ਮੈਂ ਪਾਵਾਂ, ਇਹਨਾਂ ਮਾਵਾਂ ਨੂੰ ਮੈਂ ਸੀਸ ਝੁਕਾਵਾਂ।

ਪ੍ਰੇਮ ਦਾ ਕੋਠਾ

ਧੰਨ ਲਿਖਾਰੀ ਭਾਲ ਕੇ ਕਿਧਰੋਂ, ਉਸ ਤੋਂ ਨਕਸ਼ਾ ਇਕ ਬਣਵਾਉਂਦੇ ਹਾਂ। ਨਾਮ ਦੀ ਬਰਕਤ ਵਾਲਾ ਅੰਮ੍ਰਿਤ, ਅੰਮ੍ਰਿਤ ਸਰਵਰ 'ਚੋਂ ਲਿਆਉਂਦੇ ਹਾਂ। ਸਬਰ ਦੀਆਂ ਇੱਟਾਂ 'ਕੱਠੀਆਂ ਕਰਕੇ, ਸ਼ੁਕਰ ਦਾ ਗਾਰਾ ਦਾ ਰਲਾਉਂਦੇ ਹਾਂ। ਇਬਾਦਤ ਦੀਆਂ ਕੰਧਾਂ ਕਰਨ ਲਈ, ਦਰਵੇਸੀ ਕਾਰੀਗਰ ਮੰਗਵਾਉਂਦੇ ਹਾਂ। ਸਤ ਸੰਤੋਖ ਤੇ ਧਰਮ ਦਾ ਸੂਤਰ ਲੈ ਕੇ, ਸਬਰ ਦੀਆਂ ਇੱਟਾਂ ਚਿਣਵਾਉਂਦੇ ਹਾਂ। ਆਬੇ ਹਯਾਤ ਦਾ ਇਤਰ ਲਿਆ ਕੇ, ਉਸ ਪਾਕ ਥਾਂ ਨੂੰ ਮਹਿਕਾਉਂਦੇ ਹਾਂ। ਦੋਵੇਂ ਰਲ ਅਰਦਾਸ 'ਚ ਜੁੜ ਕੇ ਗੁਰੂ ਦਾ ਹੀ ਹੁਕਮ ਵਜਾਉਂਦੇ ਹਾਂ। ਚੱਲ! ਪ੍ਰੇਮ ਦਾ ਕੋਠਾ ਪਾਉਂਦੇ ਹਾਂ, ਗੁਰਬਾਣੀ ਦਾ ਦੀਪ ਜਗਾਉਂਦੇ ਹਾਂ।

ਕਿਤਾਬਾਂ ਦੀ ਬਸਤੀ

ਕਿਤਾਬਾਂ ਦੀ ਇੱਕ ਬਸਤੀ ਹੋਵੇ, ਜਿੱਥੇ ਸ਼ਬਦਾਂ ਨੂੰ ਚੜੀ ਮਸਤੀ ਹੋਵੇ। ਅੱਖਰਾਂ ਦੇ ਕਈ ਬਿਰਖ ਵੀ ਹੋਵਣ, ਖ਼ਯਾਲਾਂ ਦੇ ਜੋ ਨਾਲ ਖਲੋਵਣ। ਕੁਝ ਪੰਛੀ ਬੈਠੇ ਗੀਤ ਸੁਨਾਵਣ, ਨਿੱਜ ਬੋਲੀ 'ਚ ਨਜ਼ਮਾਂ ਬਣਾਵਣ। ਚੌਗਿਰਦੇ ਫੁੱਲ ਵੰਡਣ ਖ਼ੁਸ਼ਬੋਈ, ਤੇ ਭੌਰੇ ਰਸ ਵਿੱਚੋਂ ਜਾਵਣ ਚੋਈ। ਚੁੱਪ ਦੀ ਬੋਲੀ 'ਚ ਕੁਝ ਕਹਿੰਦਾ ਹੋਵੇ, ਇੱਕ ਝਰਨਾ ਬਸਤੀ 'ਚ ਵਹਿੰਦਾ ਹੋਵੇ। ਸ਼ਾਯਰ ਇਸ ਬਸਤੀ ਵਿੱਚ ਪਲਦੇ ਹੋਵਣ, ਲਿਖ ਪੈਗ਼ਾਮ ਆਲਮ ਨੂੰ ਘਲਦੇ ਹੋਵਣ। ਬਹੁਤੇ ਮਿੱਠੇ ਤੇ ਕੁਝ ਕ ਕੌੜੇ ਹੋਣਗੇ, ਇਸ ਬਸਤੀ ਦੇ ਆਸ਼ਕ ਥੋੜੇ ਹੋਣਗੇ।

ਸੱਚ ਦੀ ਸੜਕ

ਸੱਚ ਦੀ ਸੜਕ 'ਤੇ ਤੁਰਦਾ ਜਾਈਂ, ਤੇ ਪਿੱਛੇ ਕਦੇ ਨਾ ਮੁੜਕੇ ਆਈਂ। ਜੋ ਵੀ ਮਿਲਿਆ ਨਾਲ ਰਲਾਈਂ, ਇਸ ਪੈਂਡੇ ਚੱਲਿਆਂ, ਮਿਲਦਾ ਸਾਈਂ। ਆਪ ਸਲਾਹਉਣਾ ਤੱਜ ਕੇ ਜਾਈਂ, ਦਰ ਦਰ 'ਤੇ ਨਾ ਟੱਲ ਵਜਾਈਂ, ਕਰਤੇ ਦੀ ਸਿਫ਼ਤ 'ਚ ਗੀਤ ਬਣਾਈਂ, ਤੇ ਸਭ ਨੂੰ ਇਸਦੇ ਬੋਲ ਸੁਣਾਈਂ, ਸੱਚ ਦੀ ਸੜਕ... ਹਉਮੈ ਦੇ ਲੀੜੇ ਲਾਹ ਕੇ ਜਾਈਂ, ਨਿਮਰਤਾ ਦੇ ਕਈ ਸੂਟ ਸਵਾਈਂ, ਰਾਹ ਦੇ ਵਿੱਚ ਇਹ ਵੰਡਦਾ ਜਾਈਂ, ਤੇ ਉਸ ਦੇਣ ਵਾਲੇ ਨਾਮ ਧਿਆਈਂ, ਸੱਚ ਦੀ ਸੜਕ... ਇੱਕ ਗੱਲ ਪੱਲੇ ਬੰਨ੍ਹ ਕੇ ਆਈਂ, ਸੱਚੀ ਸੁੱਚੀ ਕਿਰਤ ਕਮਾਈਂ, ਕਿਸੇ ਗਰੀਬ ਦਾ ਹੱਕ ਨਾ ਖਾਈਂ, ਵੰਡ ਕੇ ਖਾਣ ਦੀ ਆਦਤ ਪਾਈਂ, ਸੱਚ ਦੀ ਸੜਕ... ਜੋ ਮਿਲਿਆ ਉਸਦਾ ਸ਼ੁਕਰ ਮਨਾਈਂ, ਲੋਭ ਦਾ ਸੁਆਨ ਨਾ ਕਦੇ ਜਗਾਈਂ, ਗੁਰਬਾਣੀ ਨੂੰ ਧੁਰ ਅੰਦਰ ਵਸਾਈਂ, ਜੋ ਪੜਿਆ ਉਸ 'ਤੇ ਅਮਲ ਲਿਆਈਂ, ਸੱਚ ਦੀ ਸੜਕ... ਗੁਰੂਆਂ ਦੀ ਧਰਤ ਨਾ ਛੱਡ ਕੇ ਜਾਈਂ, ਇੱਥੇ ਰਹਿ ਕੇ ਪਰਿਵਾਰ ਵਸਾਈਂ, ਆਪਣਾ ਕਮਾ ਕੇ ਪਾਈਂ ਹਢਾਈਂ, ਖੁਸ਼ੀ ਮਿਲੂਗੀ ਫਿਰ ਦੂਣ ਸਵਾਈ, ਸੱਚ ਦੀ ਸੜਕ 'ਤੇ ਤੁਰਦਾ ਜਾਈਂ, ਤੇ ਪਿੱਛੇ ਕਦੇ ਨਾ ਮੁੜਕੇ ਆਈਂ।

ਦਮ ਦਮ ਸਦਾ ਸੰਭਾਲਦਾ

ਕਿੰਨੇ ਤਰਵਰ ਸਾੜੇ ਹੋਣੇ, ਕਿੰਨੇ ਪੰਖੇਰੂ ਉਜਾੜੇ ਹੋਣੇ, ਕੁਦਰਤ ਦੀ ਕੋਈ ਕਦਰ ਨਾ ਪਾਈ, ਕਿੰਨੇ ਕੱਚੇ ਫਲ ਤੂੰ ਝਾੜੇ ਹੋਣੇ। ਤੇਰੀ ਅਉਧ ਬੀਤਦੀ ਜਾਂਦੀ, ਤੇਰੀ ਸੁਰਤ ਪਈ ਡੋਲੇ ਖਾਂਦੀ, ਬੰਦਗੀ ਵਿੱਚ ਕਦੇ ਚਿਤ ਨਾ ਲਾਇਆ, ਤੇਰੀ ਰੂਹ ਪਈ ਕੁਰਲਾਂਦੀ। ਜਗਤ ਪਦਾਰਥ ਜੋੜੀ ਜਾਵੇਂ, ਪ੍ਰੇਮ ਦੀਆਂ ਤੰਦਾਂ ਤੋੜੀ ਜਾਵੇਂ, ਭੁੱਲ ਗਿਆਂ ਏ ਆਪਣੇ ਆਪ ਨੂੰ, ਕੱਚਿਆਂ ਪਿੱਛੇ ਦੌੜੀ ਜਾਵੇਂ। ਕਰਤੇ ਨੂੰ ਤੂੰ ਚੀਤੁ ਵਸਾ ਲੈ, ਕਰਤੇ ਨੂੰ ਹੀ ਮੀਤ ਬਣਾ ਲੈ, ਉਹ ਦਮ ਦਮ ਸਦਾ ਸੰਭਾਲਦਾ ਏ, ਕਰਤੇ ਨੂੰ ਹੀ ਸੰਗੀਤ ਬਣਾ ਲੈ।

ਦੋਹਿਤਾ ਬਾਣੀ ਕਾ ਬੋਹਿਥਾ

ਗੁਰੂ ਰਾਮਦਾਸ ਜੀ ਦੇ ਦੁਲਾਰੇ, ਬੀਬੀ ਭਾਨੀ ਜੀ ਦੇ ਅੱਖ ਦੇ ਤਾਰੇ, ਦੋਹਿਤਾ ਬਾਣੀ ਕਾ ਬੋਹਿਥਾ ਜੀ। ਰਿੜਦਿਆਂ ਤਖ਼ਤ 'ਤੇ ਬੈਠਣ ਲੱਗੇ, ਰੋਕਣ ਲਈ ਮਾਤਾ ਜੀ ਪਿੱਛੇ ਭੱਜੇ, ਨਾਨਾ ਜੀ ਨੇ ਦੋਹਿਤੇ ਨੂੰ ਚਾਇਆ ਏ, ਨਾਲ ਤਖ਼ਤ 'ਤੇ ਬਿਠਾਇਆ ਏ, ਭਾਨੀ ਤਾਈੰ ਇੰਞ ਫੁਰਮਾਇਆ ਏ, ਅਸਾਂ ਤਖ਼ਤ ਤੇ ਬਿਠਾਉਣਾ ਕੀ, ਇਹ ਤਾਂ ਧੁਰੋਂ ਹੀ ਬੈਠਾ ਆਇਆ ਏ, ਦੋਹਿਤਾ ਬਾਣੀ ਕਾ ਬੋਹਿਥਾ ਜੀ... ਲਹੌਰੋਂ ਵਿਆਹ ਦਾ ਸੱਦਾ ਆਇਆ, ਗੁਰੂ ਜੀ ਨੇ ਪੁੱਤਰਾਂ ਨੂੰ ਬੁਲਾਇਆ, ਪ੍ਰਿਥੀ ਚੰਦ ਤੇ ਮਹਾਂਦੇਵ ਨੇ, ਨਾ ਜਾਣ ਦਾ ਬਹਾਨਾ ਲਾਇਆ, ਅਰਜਨ ਜੀ ਨੇ ਪਲ ਨਾ ਲਾਇਆ, ਹੱਥ ਜੋੜ ਕੇ ਸਤ ਬਚਨ ਫੁਰਮਾਇਆ, ਦੋਹਿਤਾ ਬਾਣੀ ਕਾ ਬੋਹਿਥਾ ਜੀ... ਜਦ ਤੱਕ ਨਾ ਸੱਦੀਏ ਆਇਓ ਨਾ, ਹੁਕਮ ਤੋਂ ਬਾਹਰ ਜਾਇਓ ਨਾ। ਗੁਰੂ ਪਿਤਾ ਜੀ ਦਾ ਸੱਦਾ ਨਾ ਆਇਆ, ਅਰਜਨ ਜੀ ਦਾ ਮਨ ਘਬਰਾਇਆ, ਗੁਰੂ ਪਿਤਾ ਜੀ ਨੂੰ ਉਹਨਾਂ ਇੰਞ ਫੁਰਮਾਇਆ... ਮਨ ਲੋਚਦਾ ਹੈ ਗੁਰ ਦਰਸ਼ਨ ਨੂੰ, ਪਿਆਰੇ ਜੀ ਦੇ ਚਰਨ ਪਰਸਨ ਨੂੰ। ਮੁੱਖੜਾ ਨੂਰਾਨੀ ਸਹਿਜ ਤੇਰੀ ਬਾਣੀ, ਬਖ਼ਸ਼ ਦਿਓ ਦੀਦ ਦਾ ਸੁੱਚਾ ਪਾਣੀ, ਲਿਖ ਲਿਖ ਦਰਸ਼ਨ ਮੰਗ ਰਹੇ ਨੇ... ਦੋਹਿਤਾ ਬਾਣੀ ਕਾ ਬੋਹਿਥਾ ਜੀ। ਭਾਗ ਜਾਗੇ ਜਦ ਗੁਰੂ ਮਿਲ ਗਿਆ, ਬੇਨੂਰ ਚਿਹਰਾ ਪਲਾਂ 'ਚ ਖਿਲ ਗਿਆ। ਹੁਣ ਨਾ ਪਲ ਵੀ ਦੂਰ ਰੱਖਿਓ, ਸੇਵਾ ਲਵੋ ਤੇ ਹਜ਼ੂਰ ਰੱਖਿਓ, ਬਸ ਅਰਜ਼ ਗੁਜ਼ਾਰੀ ਜਾਂਦੇ ਨੇ... ਦੋਹਿਤਾ ਬਾਣੀ ਕਾ ਬੋਹਿਥਾ ਜੀ। ਚੌਥੀ ਜੋਤ ਅਰਜਨ ਜੀ ਵਿੱਚ ਆਈ, ਗੁਰਤਾਗੱਦੀ ਦੀ ਮਿਲੀ ਵਡਿਆਈ, ਹਰਿਮੰਦਰ ਦੀ ਫਿਰ ਨੀਂਵ ਰਖਵਾਈ, ਆਦਿ ਗ੍ਰੰਥ ਜੀ ਦੀ ਬੀੜ ਲਿਖਵਾਈ, ਸ਼ੁਕਰ ਮਨਾਈ ਜਾਂਦੇ ਨੇ... ਦੋਹਿਤਾ ਬਾਣੀ ਕਾ ਬੋਹਿਥਾ ਜੀ। ਪੜ੍ਹ ਸੁਖਮਨੀ ਮੌਲ ਉੱਠੀ ਲੁਕਾਈ, ਪਾਵਨ ਬਾਣੀ ਨੇ ਸਭ ਚਿੰਤ ਮਿਟਾਈ, ਭਾਣਾ ਮੰਨਣ ਦੀ ਜਾਚ ਸਿਖਾਈ, ਸ਼ਹਾਦਤਾਂ ਦੀ ਫਿਰ ਪਿਰਤ ਵੀ ਪਾਈ, ਬੜੇ ਪਰਉਪਕਾਰੀ ਜੀ... ਦੋਹਿਤਾ ਬਾਣੀ ਕਾ ਬੋਹਿਥਾ ਜੀ।

ਰਾਮਦਾਸਪੁਰਾ

ਅਰਸ਼ੀ ਹੁਕਮ ਹੋਇਆ, ਅੰਮ੍ਰਿਤ ਦਾ ਰਸ ਚੋਇਆਰ ਗੁਰੂ ਰਾਮਦਾਸ ਜੀ ਦੀ ਨਗਰੀ ਗੁਰੂ ਰਾਮਦਾਸ ਜੀ। ਕਾਇਨਾਤ ਦੀ ਸੁੰਦਰਤਾ, ਇਸ ਨਗਰੀ 'ਚ ਸਮੋਈ, ਕਾਗੋ ਵੀ ਹੰਸ ਹੋਇਆ, ਐਸੀ ਨਦਰ ਹੋਈ-੨ ਗੁਰੂ ਰਾਮਦਾਸ ਜੀ ਦੀ ਨਗਰੀ ਗੁਰੂ ਰਾਮਦਾਸ ਜੀ। ਰਾਮਦਾਸਪੁਰਾ ਵਸਾਇਆ, ਬ੍ਰਹਿਮੰਡ ਨੇ ਸੀਸ ਨਿਵਾਇਆ, ਨਿਥਾਵਿਆਂ ਨੂੰ ਥਾਂ ਮਿਲੀ, ਸੰਗਤ 'ਚ ਪੰਗਤ ਰਲੀ, ਗੁਰੂ ਰਾਮਦਾਸ ਜੀ ਦੀ ਨਗਰੀ, ਗੁਰੂ ਰਾਮਦਾਸ ਜੀ। ਨਾ ਹਿੰਦੂ ਨਾ ਮੁਸਲਮਾਨ, ਤੇਰੇ ਲਈ ਸਭ ਸਮਾਨ, ਚੌਂਹ ਪਾਸਿਓਂ ਚਾਰੇ ਆਵਣ, ਤੇ ਆ ਕੇ ਸੀਸ ਝੁਕਾਵਣ, ਇੱਕੋ ਥਾਂ ਬਹਿ ਕੇ ਖਾਵਣ, ਗੁਰੂ ਰਾਮਦਾਸ ਜੀ ਦੀ ਨਗਰੀ, ਗੁਰੂ ਰਾਮਦਾਸ ਜੀ। ਰਬਾਬ ਵੀ ਹੈ ਏਥੇ, ਤੇ ਨਗਾਰਾ ਵੀ ਹੈ ਵੱਜਦਾ, ਬੀਰ ਵਾਰਾਂ ਨੇ ਗਾਉਂਦੇ, ਜੈਕਾਰਾ ਵੀ ਹੈ ਗੱਜਦਾ, ਜਦ ਕੰਨ ਸੁਣਨ ਗੁਰਬਾਣੀ, ਅੰਮ੍ਰਿਤ ਹੈ ਬਣਦਾ ਪਾਣੀ-੨ ਗੁਰੂ ਰਾਮਦਾਸ ਜੀ ਦੀ ਨਗਰੀ, ਗੁਰੂ ਰਾਮਦਾਸ ਜੀ।

  • ਮੁੱਖ ਪੰਨਾ : ਜਗਜੀਤ ਸਿੰਘ 'ਦਿਲਾ ਰਾਮ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ