Punjabi Poetry : Honey Rampura

ਪੰਜਾਬੀ ਕਵਿਤਾਵਾਂ : ਹਨੀ ਰਾਮਪੁਰਾ


ਤੈਨੂੰ ਲੱਭਦਾ

ਤੂੰ ਵੀ ਖਸਮਾਂ ਕੂੰਦਾ ਕੋਈ ਨਹੀਂ, ਤੈਨੂੰ ਲੱਭਦਾ ਆਪਾ ਖੋ ਬੈਠਾ ਹਾਂ, ਹੁਣ ਆਪਾ ਮੁੜਨ ਦੀ ਆਸ ਵੀ ਨਾਹੀਂ, ਤਨ ਮਨ ਦੇ ਬੂਹੇ ਢੋ ਬੈਠਾ ਹਾਂ, ਹਾਸੇ ਮੇਰੇ ਗੁਆਚੇ ਕਦ ਦੇ, ਹਾਸਿਆਂ ਥਾਵੇਂ ਰੋ ਬੈਠਾ ਹਾਂ, ਡੂੰਮਣਾ ਲੱਗਾ ਦੁੱਖਾਂ ਦਾ ਦਿਲ ਨੂੰ, ਧੁਖਾ ਆਂਦਰਾਂ ਇਹਨੂੰ 'ਚੋ ਬੈਠਾ ਹਾਂ, ਘੜੀ ਵਸਲ ਦੀ ਉਡੀਕਣ ਅੱਖੀਆਂ, ਕਰਕੇ ਹਿਜ਼ਰ ਦੀ ਲੋਅ ਬੈਠਾ ਹਾਂ, ਅੰਦਰ ਹੈਂ ਤਾਂ ਹਲਚਲ ਕਰ, ਮੈਂ ਤੇ ਸਾਹ ਵੀ ਖੋ ਬੈਠਾ ਹਾਂ, ਤੂੰ ਵੀ ਖਸਮਾਂ ਕੂੰਦਾ ਕੋਈ ਨਹੀਂ, ਤੈਨੂੰ ਲੱਭਦਾ ਆਪਾ ਖੋ ਬੈਠਾ ਹਾਂ।

ਕੀ ਕਹੀਏ ਕੀ ਸੁਣੀਏ ਤੇਰੀ

ਕੀ ਕਹੀਏ ਕੀ ਸੁਣੀਏ ਤੇਰੀ ਸਾਡੀ ਤੇ ਹੋਈ ਬੱਸ ਮੁਹੱਬਤ ਹੁਣ ਨਹੀਂ ਦਿਲ ਪਛਤਾਵੇ ਕਰਦਾ ਤੈਨੂੰ ਹੋਇਆ ਤੇ ਦੱਸ ਮੁਹੱਬਤ ਦਿਲ ਨਹੀਂ ਬਦਲਿਆ ਕਸਮੇਂ ਖ਼ੁਦਾ ਦੀ ਬਦਲੀ ਏ ਤੇਰੀ ਅੱਖ ਮੁਹੱਬਤ ਸਾਡੇ ਜਿਆ ਨਹੀਂ ਕੋਈ ਹਾਣੀ ਲੱਭਣਾ ਕਰਲੈ ਭਾਵੇਂ ਲੱਖ ਮੁਹੱਬਤ ਤੂੰ ਨਈਂ ਜੇ ਸਾਡੀ ਰੱਖਣੀ ਆਹ ਫੜ੍ਹ ਤੂੰ ਵੀ ਚੱਕ ਮੁਹੱਬਤ ਕੀ ਕਹੀਏ ਕੀ ਸੁਣੀਏ ਤੇਰੀ ਸਾਡੀ ਤੇ ਹੋਈ ਬੱਸ ਮੁਹੱਬਤ।

ਰਾਤ ਗ਼ਮਾਂ ਦੀ

ਰਾਤ ਗ਼ਮਾਂ ਦੀ ਝੱਖੜ ਝੇੜੇ ਵਫ਼ਾ ਛਾਣਦੇ ਅੱਖਰ ਮੇਰੇ ਵੱਢ ਵੱਢ ਖਾਏ ਉਦਾਸੀ ਮੈਨੂੰ ਅੰਦਰ ਵਿੱਛਿਆ ਸੱਥਰ ਮੇਰੇ ਚੀਕ ਚਿਹਾੜਾ ਪਾਉਣ ਆਂਦਰਾਂ ਦੇਹੀਂ ਦਿੱਤਾ ਖੱਫਣ ਮੇਰੇ ਮੈਨੂੰ ਕਮਜ਼ੋਰਾ ਹੁੰਦਾ ਜਾਣ ਕੇ ਹੱਸਦੇ ਵੇਖੋ ਸੱਜਣ ਮੇਰੇ ਰਾਤ ਗ਼ਮਾਂ ਦੀ ਝੱਖੜ ਝੇੜੇ ਵਫ਼ਾ ਛਾਣਦੇ ਅੱਖਰ ਮੇਰੇ।

ਉਂਝ ਤਾਂ ਅਸੀਂ ਮਿਲਦੇ ਨਹੀਂ

ਉਂਝ ਤਾਂ ਅਸੀਂ ਮਿਲਦੇ ਨਹੀਂ ਜੇ ਮਿਲਦੇ ਵੀ ਹਾਂ ਤਾਂ ਵੀ ਮਿਲਦੇ ਨਹੀਂ ਓਹ ਕਹਿੰਦੀ ਇਹ ਮਿਲਣ ਮੁਲਣ ਦੀ ਆਸ ਨਾ ਰੱਖੀਂ ਰੱਖੀਂ! ਪਰ ਬਹੁਤੀ ਖ਼ਾਸ ਨਾ ਰੱਖੀਂ ਮਿਲਾਂਗੇ, ਜਦ ਮਿਲਾਂਗੇ ਪਰ ਤਦ ਤੱਕ ਮਿਲਕੇ ਮਿਲਣ ਦਾ ਰਾਜ਼ ਨਾ ਦੱਸੀਂ।

ਅਸੀਂ ਹਿਜ਼ਰ ਦਾ ਛੱਜ ਵਜਾਉਂਦੇ ਰਹੇ

ਅਸੀਂ ਹਿਜ਼ਰ ਦਾ ਛੱਜ ਵਜਾਉਂਦੇ ਰਹੇ ਅੱਖ ਸੱਪਣੀ ਨਾਲ ਲੜਾਉਂਦੇ ਰਹੇ ਜਾਣਦੇ ਸਾਂ ਓਹ ਜ਼ਹਿਰੀ ਨਾਗਣ ਤਾਂ ਵੀ ਹਿੱਕ ਤੇ ਨਾਚ ਨਚਾਉਂਦੇ ਰਹੇ ਜੋਗੀ ਨਹੀਂ ਸਾਂ ਨਹੀਂ ਤੇ ਕੀਲ ਲੈਂਦੇ ਅਸੀਂ ਆਪੇ ਨੱਚ ਚਿੱਤ ਪਰਚਾਉਂਦੇ ਰਹੇ ਵਲ ਵਲੇਵੇਂ ਓਹ ਪਾ ਕੇ ਟੁਰ ਗਏ ਅਸੀਂ ਕਵਿਤਾਵਾਂ ਵਾਂਗ ਸੁਲਝਾਉਂਦੇ ਰਹੇ ਦਿਲ ਬਹਿਲਾਇਆ ਓਹਦਾ ਮੁਹੱਬਤਾਂ ਗਾਕੇ ਆਪੇ ਲਈ ਉਦਾਸੀ ਗਾਉਂਦੇ ਰਹੇ ਰੱਤ ਦੇ ਬਦਲੇ ਓਹਨਾਂ ਜ਼ਹਿਰ ਪਿਲਾਇਆ ਅਸੀਂ ਪੀਂਦੇ ਰਹੇ ਤੇ ਓਹ ਪਿਲਾਉਂਦੇ ਰਹੇ।

ਮੈਂ ਫਿਰ ਆਸ਼ਿਕ ਬਣਦਾ ਜਾਨਾਂ

ਮੈਂ ਫਿਰ ਆਸ਼ਿਕ ਬਣਦਾ ਜਾਨਾਂ ਰਾਖ਼ ਆਪਣੀ ਛਣਦਾ ਜਾਨਾਂ ਪਾਗਲਪਣ ਤੇ ਵੇਖੋ ਮੇਰਾ ਮਰਕੇ ਮਰਨ ਲਈ ਮਰਦਾ ਜਾਨਾਂ ਅੱਖ ਕਿਸੇ ਦੀ, ਹਾਸਾ ਕਿਸੇ ਦਾ ਖੱਬਾ, ਸੱਜਾ, ਪਾਸਾ ਕਿਸੇ ਦਾ ਐਡੀ ਲੋਭੀ ਨਜ਼ਰ ਹੋਈ ਏ ਤੌਬਾ ਤੌਬਾ ਕਰਦਾ ਜਾਨਾਂ ਹੋਠਾਂ ਚੋਂ ਕੇਹਾ ਜ਼ਾਮ ਹੈ ਪੀਤਾ ਬਦਨਾਮ ਆਪੇ ਨਾਮ ਹੈ ਕੀਤਾ ਚੱਲ ਹੋਇਆ ਤੇ ਹੋਇਆ ਸੂ ਕਲੇਜੇ ਲੱਗ ਮੈਂ ਠਰਦਾ ਜਾਨਾਂ ਇਹ ਜੇ ਮੇਰੀ ਹਵਸ ਜਾਪਦੀ ਆਹ ਫੜ੍ਹ ਚੁੰਨੀ, ਓੜ ਆਪਦੀ ਤੂੰ ਜੇ ਕੋਈ ਹੁੰਗਾਰਾ ਦਿੱਤਾ ਤਾਹੀਓਂ ਘੁੱਟ ਸਾਹਵਾਂ ਦੇ ਭਰਦਾ ਜਾਨਾਂ ਮੈਂ ਫਿਰ ਆਸ਼ਿਕ ਬਣਦਾ ਜਾਨਾਂ ਰਾਖ਼ ਆਪਣੀ ਛਣਦਾ ਜਾਨਾਂ ਪਾਗਲਪਣ ਤੇ ਵੇਖੋ ਮੇਰਾ ਮਰਕੇ ਮਰਨ ਲਈ ਮਰਦਾ ਜਾਨਾਂ।

ਇਹ ਜੋਗੀ ਜੋ ਹੱਥ ਵੇਖੇ

ਇਹ ਜੋਗੀ ਜੋ ਹੱਥ ਵੇਖੇ ਇੱਕ ਓਹ ਜੋਗੀ ਜੋ ਅੱਖ ਵੇਖੇ ਹੱਥ ਵੇਖੇ, ਓਹ ਕਰਮਾਂ ਵਾਲਾ ਅੱਖ ਵੇਖੇ, ਮੈਂ ਵਡਭਾਗਣ ਇਹ ਜੋਗੀ ਤਨ ਤਾਈਂ ਛੋਹੰਦਾ ਓਹ ਜੋਗੀ ਰੂਹ ਹੈ ਟੋਹੰਦਾ ਇਹ ਜੋਗੀ ਓਹ ਜੋਗੀ ਚੰਗਾ ਹੁੰਦਾ ਜੇ ਇਹ ਜੋਗੀ ਓਹ ਜੋਗੀ ਇੱਕ ਜੋਗੀ ਹੁੰਦਾ।

ਤੂੰ ਨਹੀਂ ਰਿਹਾ

ਤੂੰ ਵੀ ਤੂੰ ਨਹੀਂ ਰਿਹਾ ਖੌਰੇ ਕੀ ਹੋ ਗਿਆ ਏ ਦਿਲ ਨੂੰ ਟੋਂਹੰਦਾ ਟੋਂਹੰਦਾ ਜਿਸਮ ਛੋਹ ਗਿਆ ਏ ਚੁੱਪ ਦੀ ਚੀਸ ਤੇ ਆਹ! ਘੁੱਟ ਕੇ ਜਰ ਲਈ ਤੂੰ ਵੀ ਬੇਦਰਦਾ ਰਿਸਦੇ ਜਖ਼ਮ ਟੋਹ ਗਿਆ ਏ ਕਦੇ ਅੱਖਾਂ ਤੋਂ ਚਿੱਤ ਨਹੀਂ ਭਰਦਾ ਸੀ ਤੇਰਾ ਅੱਜ ਤੈਨੂੰ ਹਿੱਕ ਦਾ ਉਭਾਰ ਮੋਹ ਗਿਆ ਏ ਤੂੰ ਵੀ ਤੂੰ ਨਹੀਂ ਰਿਹਾ ਖੌਰੇ ਕੀ ਹੋ ਗਿਆ ਏ ਦਿਲ ਨੂੰ ਟੋਂਹਦਾ ਟੋਂਹਦਾ ਜਿਸਮ ਛੋਹ ਗਿਆ ਏ।

ਕਹਿਣ ਦਾ ਕੀ ਏ

ਇਹ ਅਹਿਸਾਸ ਦਾ ਹੋਣਾਂ ਵੀ ਕੋਈ ਹੋਣਾ ਏ? ਤੂੰ ਹੋਵੇਂ.... ਤਾਂ ਮੰਨਾਂ ਮੇਰਾ ਰੋਣਾਂ..... ਰੋਣਾਂ ਕੀ ਏ? ਤੂੰ ਵੀ ਰੋਵੇਂ..... ਤਾਂ ਮੰਨਾਂ ਅੱਖ ਦਾ ਕੀ ਏ ਡੁੱਲ੍ਹ ਜਾਂਦੀ ਏ ਦਿਲ ਰੋਵੇ..... ਤਾਂ ਮੰਨਾਂ ਕਹਿਣ ਦਾ ਕੀ ਏ ਸਾਹ ਆਖ ਦਿਆਂ? ਤੂੰ ਸਾਹ ਮੰਨੇ.... ਤਾਂ ਮੰਨਾਂ ਮਨਾਉਣ ਦੇ ਲਈ ਮੰਨਣਾ ਪੈਂਦੈ ਤੂੰ ਮੰਨੇ ਮੈਂ..... ਤਾਂ ਮੰਨਾਂ।

ਸਥਿਰ

ਅਜ਼ੀਬ ਜਿਹੀ ਤੜਫਣ ਹੈ ਇਸ ਦਿਲ ਅੰਦਰ ਨਾ ਕੋਈ ਦੁੱਖ, ਨਾ ਕੋਈ ਗਮ ਫਿਰ ਵੀ ਸਭ ਅਸ਼ਾਂਤ ਹੈ ਇਉਂ ਲੱਗਦਾ ਜਿਓਂ ਮੇਰੇ ਅੰਦਰੋਂ ਕੋਈ ਮੈਨੂੰ ਹੀ ਕੱਢ ਰਿਹਾ ਹੋਵੇ ਕੋਈ ਮੈਨੂੰ ਉਜਾੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਮੈਂ ਨਹੀਂ ਉਜੜਾਂਗਾ ਕਿਉਕਿ ਮੈਂ ਸਿੱਖ ਲਿਆ ਏ ਹੁਣ ਇਨ੍ਹਾਂ ਹਾਲਾਤਾਂ ਨੂੰ ਨਿਪਟਾਉਣ ਦਾ ਢੰਗ ਇਹ ਮੇਰੇ ਤੇ ਹਾਵੀ ਹੋ ਸਕਦੇ ਨੇ ਪਰ ਵਿਗਾੜ ਕੁਝ ਨਹੀਂ ਸਕਦੇ ਆਪਣੇ ਸੁਪਨਿਆਂ ਉੱਤੇ ਆਪਣੇ ਇਰਾਦਿਆਂ ਉੱਤੇ ਮੈਂ ਸਥਿਰ ਸੀ ਸਥਿਰ ਹਾਂ ਸਥਿਰ ਰਹਾਂਗਾ ਨਿਰੰਤਰ ਚੱਲਦਾ ਰਹਾਂਗਾ ਵਗਦੇ ਪਾਣੀ ਵਾਂਗ ਬਿਲਕੁਲ ਓਸੇ ਤਰ੍ਹਾਂ ਜਿਓਂ ਅੱਜ ਕੱਲ੍ਹ ਤੂੰ ਵਗ ਰਹੀ ਐਂ।

ਬੇਬਾਕੀ ਦਾ ਅੰਜ਼ਾਮ

ਮੈਨੂੰ ਜ਼ਕੜ ਨਾ ਸਕੀਆਂ ਇਹ ਸਮਾਜ ਇਹ ਰੀਤੀ ਰਿਵਾਜ਼ ਕੁਝ ਬੰਦਿਸ਼ਾਂ ਕੁਝ ਪੈਮਾਨਿਆਂ ਦੀਆਂ ਬੇੜੀਆਂ........... ਅਖ਼ੀਰ ਝੁਕ ਜਾਂਦਾ ਹੈ ਮੇਰੇ ਬਾਪ ਦੇ ਅੱਗੇ ਮੇਰਾ ਬੇਬਾਕਪੁਣਾ।

ਕੀ ਹੋਇਆ!

ਕੀ ਹੋਇਆ! ਉਦਾਸ ਏ ਤੂੰ? ਜਾਂ ਕੋਈ ਗਿਲਾ ਸ਼ਿਕਵਾ ਏ ਮੇਰੇ ਨਾਲ? ਤੇਰਾ ਇਉਂ ਬੇਚੈਨ ਜਾ ਰਹਿਣਾ ਮੇਰੀ ਤੀਬਰਤਾ ਨੂੰ ਉਛਾਲ ਦਿੰਦਾ ਏ ਕੁਝ ਇਸ ਤਰ੍ਹਾਂ ਜਿਓਂ ਕਿਸੇ ਫ਼ਕੀਰ ਦੇ ਹੱਥੋਂ ਕਾਸਾ ਮੂਧਾ ਵੱਜ ਜਾਂਦੈ। ਫਿਰ ਚਿੱਤ ਇਉਂ ਕਰਦੈ ਤੈਨੂੰ ਕਲਾਵੇ ਭਰਕੇ ਤੇਰਾ ਸਾ........ਰਾ ਦਰਦ ਆਪਣੇ ਅੰਦਰ ਸਮੇਟ ਲਵਾਂ।

ਤੇਰਾ ਮੇਰਾ ਰੁੱਖ

ਚੱਲ ਆ ਇੱਕ ਮੈਦਾਨੇ ਉੱਤਰੀਏ ਆਹਮੋ ਸਾਹਮਣੇ ਹੱਥੋ ਹੱਥ ਰੁਸਵਾਈਆਂ ਦੀ ਧੂੜ ਚ ਲੱਥ ਪੱਥ ਹੋ ਇੱਕੋ ਵਾਰ ਨਿੱਬੜ ਲਈਏ ਕਿਤੇ...... ਇਹ ਰੋਸੇ, ਅੜਵਾਈਆਂ ਤੇ ਗ਼ਲਤਫਹਿਮੀਆਂ ਅਮਰ ਵੇਲ ਵਾਂਗ ਹਰੇ ਭਰੇ ਰੁੱਖਾਂ ਨੂੰ ਉਜਾੜ ਨਾ ਦੇਣ ਸੁਣਿਐਂ........ ਇਨ੍ਹਾਂ ਦੇ ਉਜਾੜੇ ਛੇਤੀ ਹਰੇ ਨਹੀਂ ਹੁੰਦੇ ਤੇ ਬਹਾਰਾਂ ਵੀ ਕਿਨਾਰਾ ਕਰ ਜਾਂਦੀਆਂ ਨੇ ਬੱਸ! ਐਨਾ ਹੀ ਨਹੀਂ ਆਪਣੀਆਂ ਜੜ੍ਹਾਂ ਚ ਕਿਸੇ ਲੂਣ ਵੀ ਭੁੱਕਿਆ ਏ ਇਸੇ ਲਈ ਇਹ ਫ਼ਲ ਤਾਂ ਦਿੰਦੈ ਪਰ ਉਸਦਾ ਸਵਾਦ ਫ਼ਿੱਕਾ ਤੇ ਬਕਬਕਾ ਜਿਹਾ ਹੁੰਦੈ ਪਹਿਲਾਂ ਜਿਹਾ ਸਵਾਦਿਸ਼ਟ ਨਹੀਂ।

ਖ਼ੈਰ ਤਾਂ ਹੈ?

ਹਾਏ.......! ਇਹ ਕਾਤਿਲ ਅੱਖਾਂ ਚ ਮਾਸੂਮੀਅਤ! ਬੇਬਾਕ ਬੁੱਲ੍ਹਾਂ ਤੇ ਚੁੱਪ? ਕੀ ਗੱਲ? ਖ਼ੈਰ ਤਾਂ ਹੈ? ਇਹ ਅੰਦਰ ਸ਼ੋਰ ਕੀ ਐ? ਰੁਕੀਂ..! ਇਹ ਖੋਖਲੇਪਣ ਦੀ ਅਵਾਜ਼ ਕਿਵੇਂ? ਤੇਰੇ ਅੰਦਰ ਹੋਰ ਕੀ ਐ? ਕੀ ਗੱਲ? ਖ਼ੈਰ ਤਾਂ ਹੈ? ਕੋਈ ਗਮ ਐ? ਦੁੱਖ ਐ? ਜਾਂ ਬਹੁ..... ਤਾ ਚਾਹੁਣ ਵਾਲਾ ਸੀ ਕੋਈ ਜੋ ਹੋਰ ਫੁੱਲਾਂ ਦਾ ਭੌਰ ਹੋਗਿਆ ਐ? ਕੀ ਗੱਲ? ਖ਼ੈਰ ਤਾਂ ਹੈ? ਇਹ ਉਖੜਿਆ ਉਖੜਿਆ ਮਨ! ਭਟਕਿਆ... ਧਿਆਨ! ਥਿੜਕਦੇ ਬੁੱਲ੍ਹ! ਪਿਆਸੀਆਂ... ਨਜ਼ਰਾਂ? ਕੀ ਗੱਲ? ਖ਼ੈਰ ਤਾਂ ਹੈ?

ਤੌਬਾ ਤੌਬਾ ਦੁੱਖੜੇ ਵੇਖੋ

ਤੌਬਾ ਤੌਬਾ ਦੁੱਖੜੇ ਵੇਖੋ, ਹੱਸਦੇ ਫ਼ੇਰ ਵੀ ਮੁੱਖੜੇ ਵੇਖੋ, ਸਿੱਧਮ ਸਿੱਧੇ ਚੱਲਦੇ ਸੀ ਜੋ, ਹੋ ਕੇ ਡਿੱਗੇ ਪੁੱਠੜੇ ਵੇਖੋ, ਹੋਰਾਂ ਦੇ ਟੋਟੇ ਚੁਗਦੇ ਚੁਗਦੇ, ਖ਼ੁਦ ਹੀ ਹੋਗੇ ਟੁੱਕੜੇ ਵੇਖੋ, ਕਦੇ ਨਾ ਅੱਖੋਂ ਓਹਲੇ ਹੁੰਦੇ ਸੀ, ਅੱਜ ਸੱਜਣ ਫਿਰਦੇ ਲੁੱਕਦੇ ਵੇਖੋ, ਓਹ ਵੀ ਕਰਦੇ ਸਨ ਮੁਹੱਬਤ, ਅਕੀਦਾ ਨਹੀਂ ਤੇ ਪੁੱਛਕੇ ਵੇਖੋ, ਜਿਨ੍ਹਾਂ ਵਿੱਚੋਂ ਨੂਰ ਸੀ ਦਿਖਦਾ, ਓਹੀਓ ਨੈਣ ਹੁਣ ਸੁੱਕਗੇ ਵੇਖੋ, ਰੁਕੇ ਨਹੀਂ ਸਨ ਕਿਸੇ ਦੇ ਰੋਕੇ, ਅੱਜ ਬਿਨਾਂ ਕਹੇ ਤੋਂ ਰੁੱਕਦੇ ਵੇਖੋ, ਸਾਡਾ ਨਾਂ ਥੇਹ ਯਾਦ ਰਿਹਾ ਨਾ, ਹੁਣ ਭੀੜਾਂ ਕੋਲੋਂ ਪੁੱਛਦੇ ਵੇਖੋ।

ਸ਼ਿਅਰ

ਅੱਖਾਂ ਭਰ ਆਉਂਦੀਆਂ, ਮਨ ਜਾ ਡੋਲਦੈ, ਥੱਕ ਜਾਂਦਾ ਹਾਂ, ਜਦ ਤੈਨੂੰ, ਕਿਸੇ ਹੋਰ ਦੇ, ਕਰੀਬ ਹੋਇਆ ਦੇਖਦਾ ਹਾਂ। *** ਰਾਤ ਉਦਾਸੀ ਦਿਨੇ ਹਾਸੇ ਠੇਰੇ ਨੇ ਤੇਰੇ ਵਾਂਗੂ ਮੇਰੇ ਵੀ ਹੁਣ ਦੋ ਚੇਹਰੇ ਨੇ *** ਅਖੇ ਉਹ ਨਹੀਂ ਕਰਦਾ ਆਹ ਨਹੀਂ ਕਰਦਾ ਤੂੰ ਮੇਰੀ ਪ੍ਰਵਾਹ ਨਹੀਂ ਕਰਦਾ ਤੌਬਾ ਤੌਬਾ ਗੱਲ ਤੇ ਵੇਖੋ!!! ਮੈਂ ਤੇ ਉੱਚਾ ਸਾਹ ਨਹੀਂ ਭਰਦਾ! *** ਦਿਲ ਤੇ ਲੱਗੀਆਂ ਜ਼ਰਬਾਂ ਵਾਲੇ ਕੀ ਜਾਨਣ ਹਾਲ ਫ਼ਕੀਰਾਂ ਦਾ ਓਹ ਆਸ਼ਿਕ, ਆਸ਼ਿਕ ਹੈਨੀ ਜੋ ਸੌਦਾ ਕਰਨ ਸਰੀਰਾਂ ਦਾ। *** ਜੋ ਹੈ ਨਹੀਂ ਵਿੱਚ ਨਸੀਬਾਂ ਦੇ ਓਹਨੂੰ ਈ ਦਿਲ ਤੇ ਲਾ ਬੈਠੇ ਦੋ ਕਵਿਤਾਵਾਂ ਦੀ ਖਾਤਿਰ ਅਸੀਂ ਰੋਗ ਉਮਰਾਂ ਦੇ ਲਾ ਬੈਠੇ

ਬੱਤੀ ਗੁੱਲ

ਬੱਤੀ ਗੁੱਲ ਹੋਈ, ਦੀਵਾ ਬਾਲਿਆ, ਤੇ ਬਹਿਕੇ ਤੱਕਣ ਲੱਗਿਆ। ਲੋਅ ਵਿੱਚੋਂ ਤੂੰ ਦਿਸੀ, ਪੈੱਨ, ਡਾਇਰੀ ਚੱਕੀ, ਤੇ ਲਿੱਖਣ ਲੱਗਿਆ। ਲਿਖਿਆ! ਤੇਰੇ ਸੋਹਣੇ ਚਿਹਰੇ, ਦੀ ਦਿੱਖ ਨੂੰ, ਤੇਰੀ ਲਾਜ਼ਵੰਤੜੀ ਜਿਹੀ, ਸੰਗ ਨੂੰ, ਤੇਰੀ ਛਣ ਛਣ ਛਣ ਕਰਦੀ, ਵੰਗ ਨੂੰ। ਤੇਰੇ ਸੁਰਖ ਕੁਆਰੇ, ਹਾਸੇ ਨੂੰ, ਤੇਰੇ ਦੰਦਾਂ ਦੇ, ਦੰਦਾਸੇ ਨੂੰ। ਤੇਰੇ ਮੁੱਖ ਤੇ ਆਉਂਦੀ, ਲਟ ਨੂੰ ਵੀ, ਤੇਰੇ ਸਰ੍ਹੋਂ ਜਿੱਡੇ, ਕੱਦ ਨੂੰ ਵੀ। ਗੱਲ ਮੁੱਕੀ ਨਹੀਂ, ਸਿਆਹੀ ਮੁੱਕ ਗਈ, ਬੱਸ! ਇੱਥੇ ਫਿਰ ਤੇਰੀ, ਗੱਲ ਰੁੱਕ ਗਈ।

ਤੈਨੂੰ ਪਤਾ ?

ਤੈਨੂੰ ਪਤਾ ? ਤੂੰ ਜਦ ਹੱਸਦੀ ਏਂ, ਤਾਂ ਰੁੱਖਾਂ ਨੂੰ ਸਰੂਰ ਚੜ੍ਹ ਜਾਂਦੈ, ਤੇ ਪੱਤੇ ਸਾਜ਼ ਵਜਾਉਣ ਲੱਗਦੇ ਨੇ, ਫਿਰ ਮੈਂ ਗਾਉਣ ਲੱਗ ਜਾਨਾਂ। ਤੈਨੂੰ ਪਤਾ? ਤੂੰ ਜਦ ਸ਼ਰਮਾਉਣੀ ਏਂ, ਤਾਂ ਮੇਰੇ ਕੋਲ ਗੀਤ ਬਣਦੇ ਨੇ, ਤੇ ਹਵਾਵਾਂ ਓਹ ਗੀਤ ਗਾਉਣ ਲੱਗਦੀਆਂ, ਜੋ ਮੈਂ ਤੇਰੇ ਤੇ ਬਣਾਏ ਹੁੰਦੇ ਆ। ਤੈਨੂੰ ਪਤਾ? ਤੂੰ ਜਦ ਸ਼ਰਮਾ ਕੇ ਟੇਢਾ ਜਿਹਾ ਵੇਹਨੀ ਏਂ, ਤਾਂ ਹਵਾਵਾਂ ਮਹਿਕਣ ਲੱਗਦੀਆਂ ਨੇ, ਕਹਿਰ ਦੀਆਂ ਧੁੱਪਾਂ ਨੂੰ ਬੱਦਲ ਡੱਕ ਲੈਂਦੇ ਨੇ, ਤੇ ਮੈਂ ਓਹਨਾਂ ਬੱਦਲਾਂ ਚੋਂ ਤੈਨੂੰ ਤੱਕ ਲੈਨਾ। ਤੈਨੂੰ ਪਤਾ? ਤੂੰ ਜਦ ਅੰਗੜਾਉਣੀ ਏਂ, ਤਾਂ ਸਾਜ਼ਰੇ ਦੀ ਲਾਲੀ, ਹੋਰ ਗੂੜ੍ਹੀ ਹੋ ਜਾਂਦੀ ਏ, ਤੇ ਰਾਤਾਂ ਬੇਚੈਨ ਹੋ ਜਾਂਦੀਆਂ, ਜਿਵੇਂ ਅੱਜ ਕੱਲ ਮੈਂ ਹੋਇਆ ਫਿਰਦਾਂ।

ਮੁਬਾਰਕ! ਮੁਬਾਰਕ!

ਮੁਬਾਰਕ! ਮੁਬਾਰਕ! ਮੁਬਾਰਕ! ਤੈਨੂੰ ਨਵੇਂ ਯਾਰ ਮੁਬਾਰਕ! ਜੋ ਸੀਨੇ ਕੀਤੇ ਸਾਡੇ ਕੱਸਕੇ ਤੈਨੂੰ ਤੇਰੇ ਵਾਰ ਮੁਬਾਰਕ! ਹੱਸਕੇ ਜਰਾਂਗੇ ਵਾਅਦਾ ਸਾਡਾ ਤੈਨੂੰ ਤੇਰੀ ਮਾਰ ਮੁਬਾਰਕ! ਸਾਡੀ ਕੱਲਮ ਕਹਿਰੀ ਬਾਕੀ ਤੈਨੂੰ ਅੱਖਾਂ ਚਾਰ ਮੁਬਾਰਕ! ਸਾਨੂੰ ਹਾੜੀਂ ਧੁੱਪ ਆਮੀਨ ਤੈਨੂੰ ਤੇਰੀ ਠਾਰ ਮੁਬਾਰਕ! ਸਾਨੂੰ ਗੱਬਿਆਂ ਫਸੇ ਕਬੂਲ ਤੈਨੂੰ ਤੇਰੀ ਪਾਰ ਮੁਬਾਰਕ! ਸਾਡੀ ਬਿਨ ਸਾਨੀ ਤਲਵਾਰ ਤੈਨੂੰ ਤੇਜ਼ ਧਾਰ ਮੁਬਾਰਕ! ਤੈਨੂੰ ਤੇਰੀ ਜਿੱਤ ਮੁਬਾਰਕ! ਸਾਨੂੰ ਸਾਡੀ ਹਾਰ ਮੁਬਾਰਕ! ਮੁਬਾਰਕ! ਮੁਬਾਰਕ! ਮੁਬਾਰਕ! ਤੈਨੂੰ ਨਵੇਂ ਯਾਰ ਮੁਬਾਰਕ! ਜੋ ਸੀਨੇ ਕੀਤੇ ਸਾਡੇ ਕੱਸਕੇ ਤੈਨੂੰ ਤੇਰੇ ਵਾਰ ਮੁਬਾਰਕ!

ਕਮਾਲ ਕਰਦੀ ਏਂ

ਤੂੰ ਵੀ ਸੱਚੀਂ ਕਮਾਲ ਕਰਦੀ ਏਂ ਹਾਲ ਆਪੇ ਆਪਣਾ ਬੇਹਾਲ ਕਰਦੀ ਏਂ ਜੋ ਵਰਤ ਕੇ ਤੈਨੂੰ ਛੱਡ ਟੁਰਿਆ ਤੂੰ ਵੀ ਓਸੇ ਦਾ ਖਿਆਲ ਕਰਦੀ ਏਂ ਤੂੰ ਵੀ ਸੱਚੀਂ ਕਮਾਲ ਕਰਦੀ ਏਂ....... ਟੁੱਟ ਕੇ ਜੁੜਨ ਦੀ ਆਦਤ ਹੈ ਤੈਨੂੰ ਜਾਂ ਕਾਇਮ ਮੁਹੱਬਤੀ ਮਸਾਲ ਕਰਦੀਂ ਏ ਕਦੇ ਆਖੇਂ ਮੈਨੂੰ ਫ਼ਰਕ ਨਹੀਂ ਪੈਂਦਾ ਤੇ ਕਦੇ ਓਸੇ ਦਾ ਮਲਾਲ ਕਰਦੀ ਏਂ ਤੂੰ ਵੀ ਸੱਚੀਂ ਕਮਾਲ ਕਰਦੀ ਏਂ.........

ਘੜਾ

ਹਰ ਬੰਦਾ ਘੜੇ ਵਰਗਾ ਹੁੰਦਾ ਹੈ ਜੋ ਸਮੇਂ ਦੀ ਢਾਲ ਅਨਸਾਰ ਭਰਦਾ ਰਹਿੰਦਾ ਹੈ ਔਰ ਜਿਸ ਦਿਨ ਇਹ ਭਰ ਜਾਂਦਾ ਹੈ ਨੈਣਾਂ ਥਾਣੀਂ ਸਿੰਮਣ ਲੱਗਦਾ ਹੈ ਤੇ ਈਕਣ ਸਿ਼ੰਮਦਾ ਹੈ ਕਿ ਦੁਬਾਰਾ ਭਰਨ ਦੀ ਆਸ ਵੀ ਦਮ ਘੁੱਟ ਲੈਂਦੀ ਹੈ।

ਸੋਗ ਦਾ ਹਸ਼ਰ

ਹਾਲ ਹਾਲ ਤੋਂ ਬੇਖਬਰ ਹੋਇਆ ਘਰ ਆਪਣਾ ਜੀਕਣ ਕਬਰ ਹੋਇਆ ਘੁੱਟਵਾਂ ਘੁੱਟਵਾਂ ਸਾਹ ਪਿਆ ਆਵੇ, ਤੇਰੇ ਜਾਣ ਪਿੱਛੋਂ ਇਹ ਹਸ਼ਰ ਹੋਇਆ। ਨਾਂ ਸੁਣਦਿਆਂ ਤੇਰਾ ਗੱਚ ਭਰ ਆਏ ਐਸਾ ਯਾਰ ਮੈਂ ਬੇਸਬਰ ਹੋਇਆ ਅੱਖ ਮੇਰੀ ਨਾ ਕਦੇ ਵਹਿਣ ਦਿੰਦਾ ਸੈਂ ਹੁਣ ਤੂੰ ਵੀ ਖਸਮਾਂ ਬੇਕਦਰ ਹੋਇਆ। ਘਰੂੰਟ ਭਰੇ ਯਾਦਾਂ ਦਿਲ ਤੇ ਐਸੇ ਭਰੇ ਐਸੇ ਨਾ ਪਾਸਾ ਪਸਰ ਹੋਇਆ ਮੌਤ ਨੂੰ ਸੱਦੇ ਦੇਵਾਂ ਰੱਬ ਥਾਣੀ ਸੋਗ ਤੇਰੇ ਦਾ ਕੇਹਾ ਅਸਰ ਹੋਇਆ। ਜਿਸਨੂੰ ਕੋਈ ਨਾ ਮੰਗੇ ਰੱਬ ਤੋਂ ਓਸ ਮੌਤ ਨੂੰ ਮੇਰੇ ਤੇ ਫ਼ਕਰ ਹੋਇਆ ਤੂੰ ਲੰਘ ਗਈ ਹਵਾ ਦਾ ਬੁੱਲਾ ਹੋਕੇ ਮੈਂ ਬਿਨ ਪਾਣੀਓਂ ਸੁੱਕਾ ਸ਼ਜਰ ਹੋਇਆ।

ਅਰਜ਼ ਲਿਖਾਂ

ਇਹ ਉਦਾਸੀਆਂ ਭਰੇ ਜੋ ਲਫ਼ਜ਼ ਲਿਖਾਂ, ਟੁੱਟੇ ਦਿਲਾਂ ਦਾ ਮਰਜ਼ ਲਿਖਾਂ ਮੈਂ, ਖੁਦ ਹੰਢਾਇਆ ਤਨ ਆਪਣੇ ਤੇ, ਅੈਵੇਂ ਨਹੀਂ ਬੇਦਰਦੀ ਦੀ ਤਰਜ਼ ਲਿਖਾਂ ਮੈਂ, ਬਣਦੇ ਨੇ ਮੇਰੇ ਜੋ ਫ਼ਰਜ਼ ਲਿਖਾਂ, ਓਹਦੇ ਮੇਰੇ ਤੇ ਕਰਜ਼ ਲਿਖਾਂ ਮੈਂ, ਬੇਵਫ਼ਾਈ ਬੇਸ਼ੱਕ ਤੋਹਮਤ ਜਾਪੇ, ਇਸ਼ਕ ਨੇ ਦਿੱਤੇ ਜੋ ਹਰਜ਼ ਲਿਖਾਂ ਮੈਂ, ਹੀਰਾਂ ਰਾਂਝੇ ਦੋਵੇਂ ਵਰਜ਼ ਲਿਖਾਂ, ਜਖ਼ਮੀ ਪਰਿੰਦੇ ਵਾਂਗ ਗ਼ਰਜ਼ ਲਿਖਾਂ ਮੈਂ, ਇਸ਼ਕ ਮੁਹੱਬਤ ਸਕੂਨ ਹੁੰਦਾ ਹੈ, ਹਵਸ਼ੀ ਬਣੋ ਨਾ ਅਰਜ਼ ਲਿਖਾਂ ਮੈਂ, ਸੱਜਣ ਦੇ ਨਾਂ ਤੇ ਇੱਕ ਫ਼ਰਦ ਲਿਖਾਂ, ਚੱਲ ਰੱਖਕੇ ਓਹਲੇ ਦਰਦ ਲਿਖਾਂ ਮੈਂ, ਇਸ਼ਕ ਮੁਹੱਬਤ ਸਕੂਨ ਹੁੰਦਾ ਹੈ, ਹਵਸ਼ੀ ਬਣੋ ਨਾ ਅਰਜ਼ ਲਿਖਾਂ ਮੈਂ।

ਸੱਜਣ ਜੀ!

ਸੱਜਣ ਜੀ! ਇਹ ਜੋ ਹਾਲ ਬੇਹਾਲ ਕਰਦੇ ਹੋ, ਇਹ ਸਾਡਾ ਈ ਹੁੰਦੈ ਜਾਂ ਹਰ ਕਿਸੇ ਨਾਲ ਕਰਦੇ ਹੋ, ਗੁੱਸਾ, ਗਿਲਾ, ਸ਼ਿਕਵੇ, ਸ਼ਿਕਾਯਤਾਂ ਕਰੋ ਜੀ ਸਦਕੇ, ਇੰਝ ਯਕਦਮ ਛੱਡ ਕੇ ਕਿਓਂ ਕਮਾਲ ਕਰਦੇ ਹੋ, ਹੱਸਣਾ, ਰੋਣਾ, ਨੱਚਣਾਂ, ਗਾਉਣਾ ਹਿੱਸੇ ਮੁਹੱਬਤੀ ਨੇ, ਫ਼ਿਰ ਸ਼ੋਖ ਮੇਰੇ ਤੇ ਕਿਓਂ ਸਵਾਲ ਕਰਦੇ ਹੋ, ਹਰ ਸਖ਼ਸ਼ ਬਦਲ ਜਾਂਦੈ ਦੋਰਾਏ ਨਹੀਂ ਐ ਕੋਈ, ਫ਼ਿਰ ਮੇਰੇ ਬਦਲਣ ਤੇ ਕਿਓਂ ਐਨਾ ਬਵਾਲ ਕਰਦੇ ਹੋ, ਮੁਹੱਬਤ ਦਾ ਪੈਮਾਨਾ ਨਹੀਂ ਐ ਕੋਈ ਸਭ ਜਾਣਦੇ ਨੇ, ਫ਼ਿਰ ਮੇਰੀ ਮੁਹੱਬਤ ਕਿਓਂ ਇੰਝ ਵਾਲ ਵਾਲ ਕਰਦੇ ਹੋ, ਸੱਜਣ ਜੀ! ਇਹ ਜੋ ਹਾਲ ਬੇਹਾਲ ਕਰਦੇ ਹੋ, ਇਹ ਸਾਡਾ ਈ ਹੁੰਦੈ ਜਾਂ ਹਰ ਕਿਸੇ ਨਾਲ ਕਰਦੇ ਹੋ।

ਮੁਹੱਬਤੀ ਗ਼ੁਲ

ਮੇਰਾ ਆਪਾ ਵੀ ਮੈਥੋਂ ਖੁੱਸ ਜਾਂਦਾ ਏ, ਹਰ ਸਖਸ਼ ਮੇਰੇ ਤੋਂ ਰੁੱਸ ਜਾਂਦਾ ਏ, ਖੌਰੇ ਅੰਦਰ ਹਲਚਲ ਨਹੀਂ ਕਰਦਾ, ਪਿਆਰ ਅੰਦਰੇ ਅੰਦਰ ਬੁੱਸ ਜਾਂਦਾ ਏ, ਕੋਈ ਕਰੇ ਮੁਹੱਬਤ ਬੇਪਨਾਹ ਮੈਨੂੰ, ਮੇਰੀ ਖਾਤਿਰ ਝੱਲਾ ਡੁੱਸ ਜਾਂਦਾ ਏ, ਫੜ੍ਹ ਲਵਾਂ ਜੋ ਹੱਥ ਉਮਰਾਂ ਲਈ, ਕੰਬਖਤ ਆਖਿਰ ਛੁੱਟ ਜਾਂਦਾ ਏ, ਜਾਂ ਤੇ ਇਸ਼ਕ ਮੁਸ਼ਕ ਦਾ ਵੱਲ ਨਹੀਂ ਮੈਨੂੰ, ਜਾਂ ਫਿਰ ਸੱਜਣ ਸਾਹਵਾਂ ਘੁੱਟ ਜਾਂਦਾ ਏ, ਗ਼ੁਲ ਖਿਲਦਾ ਹਰ ਉਮਰੇ ਨਿਵੇਕਲਾ, ਪਰ ਸੱਜਣ ਜੜ੍ਹੋਂ ਈ ਪੁੱਟ ਜਾਂਦਾ ਏ।

ਕਿਤਾਬ ਜਿਹੀ ਕੁੜੀ

ਲਫ਼ਜ਼ਾਂ ਨੂੰ ਟੋਲੀ ਜਾਂਦੀ, ਕਿਤਾਬ ਜਈ ਕੁੜੀ, ਸੁਫ਼ਨਿਆਂ ਨੂੰ ਫ਼ੋਲੀ ਜਾਂਦੀ, ਖੁਆਬ ਜਈ ਕੁੜੀ, ਕੰਡਿਆਂ ਨੂੰ ਛੋਹੀ ਜਾਂਦੀ, ਗ਼ੁਲਾਬ ਜਈ ਕੁੜੀ, ਸ਼ੋਰਾਂ ਨੂੰ ਮੋਹੀ ਜਾਂਦੀ, ਰਬਾਬ ਜਈ ਕੁੜੀ, ਸਮਝਾਂ ਚੋਂ ਬਾਹਰ ਜਾਪੇ, ਹਿਸਾਬ ਜਈ ਕੁੜੀ, ਸੂਰਜਾਂ ਨੂੰ ਸੀਤ ਕਰੇ, ਹਿਜਾਬ ਜਈ ਕੁੜੀ, ਸੁਆਲਾਂ ਚੋਂ ਸੁਆਲ ਕੱਢੇ, ਜੁਆਬ ਜਈ ਕੁੜੀ, ਮਿੱਠੇ ਮਿੱਠੇ ਬੋਲ ਕੇਰੇ, ਪੁਆਧ ਜਈ ਕੁੜੀ, ਮਦਹੋਸ਼ ਕਰੇ ਸ਼ਾਇਰਾਂ ਨੂੰ, ਸ਼ਰਾਬ ਜਈ ਕੁੜੀ, ਇਸ਼ਕ ਦਾ ਕਲਮਾ ਪੜ੍ਹੇ, ਅਦਾਬ ਜਈ ਕੁੜੀ।

ਕਿੰਨਾ ਸ਼ਾਂਤ ਹੈ ਨਾ

ਕਿੰਨਾ ਸ਼ਾਂਤ ਹੈ ਨਾ, ਤੇਰਾ ਸ਼ਹਿਰ, ਜਮਾਂ ਤੇਰੀ ਚੁੱਪ ਵਰਗਾ, ਕਿੰਨਾ ਕੁਝ ਦੱਬੀ ਬੈਠਾ, ਆਪਣੇ ਅੰਦਰ, ਐਪਰ ਅਹਿਸਾਸ! ਤੇਰੇ ਵਾਂਗੂੰ, ਇਹ ਵੀ ਕਿਸੇ ਨੂੰ, ਨਹੀਂ ਹੋਣ ਦਿੰਦਾ।

ਓਹ ਕਹਿੰਦੀ!

ਓਹ ਕਹਿੰਦੀ! ਹੱਦ ਹੁੰਦੀ ਏ, ਬੇਸ਼ਮਰਮੀ ਦੀ ਵੀ, ਪਰ ਓਹਨੂੰ ਕੌਣ ਸਮਝਾਵੇ, ਕਿ ਮੁਹੱਬਤਾਂ ਚ, ਲਾਪ੍ਰਵਾਹੀਆਂ ਨਾਲੋਂ, ਬੇਸ਼ਰਮੀਆਂ ਕਿਤੇ...! ਚੰਗੀਆਂ ਨੇ।

ਕੀ ਗੱਲ ਐ?

ਅੱਜ ਕੱਲ ਬੜਾ ਖਿੜਿਆ ਖਿੜਿਆ ਰਹਿੰਨੈਂ, ਕੀ ਗੱਲ ਐ? ਅੰਦਰ ਦੀ ਗੱਲ ਐ ਤੈਨੂੰ ਕਿਓਂ ਦੱਸਾਂ! ਨਾ ਸਾਡੀ ਸੁਣਦੈਂ ਨਾ ਆਪਣੀ ਕਹਿੰਨੈਂ, ਕੀ ਗੱਲ ਐ? ਅੰਦਰ ਦੀ ਗੱਲ ਐ ਤੈਨੂੰ ਕਿਓਂ ਦੱਸਾਂ! ਸਾਡੇ ਪਾਸ ਨਹੀਂ ਆਉਂਦਾ ਸੱਜਣਾਂ ਕਿੱਥੇ ਰਹਿਨੈਂ, ਕੀ ਗੱਲ ਐ? ਅੰਦਰ ਦੀ ਗੱਲ ਐ ਤੈਨੂੰ ਕਿਓਂ ਦੱਸਾਂ! ਸੁਣਿਆਂ ਰਾਤਾਂ ਨੂੰ ਤਾਰੇ ਵੀ ਗਿਣਨੈਂ, ਕੀ ਗੱਲ ਐ? ਅੰਦਰ ਦੀ ਗੱਲ ਐ ਤੈਨੂੰ ਕਿਓਂ ਦੱਸਾਂ! ਆਪਣੇ ਕੁੰਤਰ ਚੋਂ ਮੂਰਤ ਕੋਈ ਹੋਰ ਤੱਕਣੈਂ, ਕੀ ਗੱਲ ਐ? ਅੰਦਰ ਦੀ ਗੱਲ ਐ ਤੈਨੂੰ ਕਿਓਂ ਦੱਸਾਂ! ਆ ਬਹਿ ਤੇ ਸਹੀ ਓਹਦੇ ਬਾਰੇ ਕੁਝ ਪੁਛਨੈਂ, ਕੀ ਗੱਲ ਐ? ਅੰਦਰ ਦੀ ਗੱਲ ਐ ਤੈਨੂੰ ਕਿਓਂ ਦੱਸਾਂ!

ਤਾਂਘ ਹੈ ਮੈਨੂੰ

ਤਾਂਘ ਐ ਮੈਨੂੰ ਤੇਰੇ ਸਿਰ ਦੇ ਵਾਲਾਂ ਤੋਂ ਪੈਰਾਂ ਦੇ ਨਹੁੰਆਂ ਤੀਕ ਚੁੰਮਣ ਦੀ ਇਹ ਹਵਸ ਭੁੱਖ...... ਜਾਂ ਪਿਆਸ ਨਹੀਂ ਇਹ ਮੁਹੱਬਤ ਤੋਂ ਹਮਸਫ਼ਰ ਤੱਕ ਦਾ ਪੈਂਡਾ ਹੈ.......... ਆਪਾਂ ਇਸਨੂੰ ਮਾਨਣਾ ਹੈ ਹੰਢਾਉਣਾ ਨਹੀਂ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਹਨੀ ਰਾਮਪੁਰਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ