Punjabi Poetry : Harwinder Channu Wala

ਪੰਜਾਬੀ ਕਵਿਤਾਵਾਂ : ਹਰਵਿੰਦਰ ਚੰਨੂੰ ਵਾਲਾ


ਚਾਨਣ ਦੀਆਂ ਕਿਰਨਾਂ

ਚੱਲ ਨੀ ਨਿੱਕੀਏ ਚਿੜੀ ਚੀਕ ਪਈ ਗੁਰੁ ਦੁਆਰੇ ਹੋ ਆਈਏ। ਗੁਰੂਆਂ ਦੀ ਬਾਣੀ ਅਪਣਾਕੇ ਆਪਣਾ ਜੀਵਨ ਸਫਲ ਬਣਾਈਏ। ਹੋਇਆ ਸਵੇਰਾ ਨਾਹ ਧੋ ਅੜੀਏ ਬਾਹੀਂ ਬਸਤਾ ਪਾ ਲੈ, ਮਾਤ ਪਿਤਾ ਦੇ ਚਰਨ ਛੁਹ ਲਈਏ ਪੜ੍ਹਨ ਸਕੂਲੇ ਜਾਈਏ। ਦਿਲਵਿੱਚ ਧਾਰ ਲੈ ਅਸੀਂ ਵਸਾਉਣੀ ਦਿਲਵਿੱਚ ਸੁੱਚੜੀਸਿੱਖਿਆ, ਜਿਗਰਾ ਕਰਕੇ ਜੰਮੀਆਂ ਮਾਂ ਨੇ ਕੁੱਖ ਉਸਦੀਦਾ ਮਾਣ ਵਧਾਈਏ। ਪੜ੍ਹ ਪੜ੍ਹ ਸਭ ਕਿਤਾਬਾਂ ਕੈਦੇ ਹਰ ਇੱਕ ਸ਼ਬਦ ਤੇ ਅੱਖਰ ਸਿੱਖੀਏ, ਕਿੱਦਾਂ ਰੱਖਣਾਂ ਸਾਫ ਦੁਆਲਾ ਆ ਘਰ ਘਰ ਗੱਲ ਪਹੁੰਚਾਈਏ। ਧਰਤੀ ਸੂਰਜ ਚੰਦ ਤੇ ਤਾਰੇ,ਭੇਤ ਪਾ ਲਈਏ ਦੂਨੀਆਂ ਦੇ ਸਾਰੇ, ਗੁਰੂਆਂ ਦਾ ਲੜ ਫੜ੍ਹ ਕੇ ਭੈਣੇ ਅੰਬਰ ਘੁੰਮ ਘੁੰਮ ਆਈਏ। ਜੰਮਣ ਤੋਂ ਪਹਿਲਾਂ ਨਾ ਮਾਰਨ ਐਸਾ ਕੋਈ ਇਤਹਾਸ ਸਿਰਜੀਏ, ਨਿਰਭਰ ਹੋ ਕੇ ਆਪਣੇ ਪੈਰੀਂ ਆ ਆਪਣੀ ਕਦਰ ਪੁਆਈਏ। ਵਿੱਦਿਆ ਦਾ ਹੀ ਦਾਜ ਬਣਾਉਣਾ ਵਿੱਦਿਆ ਦੇ ਤੰਦ ਕੱਤਣੇ ਸਾਰੇ, ਜਿੱਥੇ ਜਾਈਏ ਵਿੱਦਿਆ ਲੈ ਕੇ ਵਿੱਦਿਆ ਦਾ ਚਾਨਣ ਫੈਲਾਈਏ। ਉੱਠ ਨੀ ਕੋਮਲ , ਤੁਰ ਨੀ ਸਰਘੀ ਬਾਹੀਂ ਬਸਤਾ ਪਾ ਲੈ, ਚਾਨਣਦੀਆਂ ਕਿਰਨਾ ਦਾ ਬੂਟਾ ਹਰਵਿੰਦਰ ਦੇ ਘਰ ਲਾ ਆਈਏ।

ਮੁਕਤੀ

ਤੁਹਾਡੀਆਂ ਸੋਚਾਂ ਦੇ ਬੱਦਲਾਂ ਤੇ ਦੋਸ਼ ਹੈ ਕਿ ਇਹ ਲੁਕੋ ਦਿੰਦੇ, ਵਿਹੜਿਆਂ ਵਿੱਚ ਮਘਦੇ ਸੂਰਜਾਂ ਨੂੰ। ਚਲੋ ! ਮੈਂ ਦੋਸ਼ ਮੁਕਤ ਕਰ ਦਿੰਦਾ ਹਾਂ ਹਰ ਉਸ ਖੂੰਝੇ ਨੂੰ ਜਿੱਥੇ ਜਿੱਥੇ ਸਾਜ਼ਿਸ਼ ਪਨਪਦੀ ਹੈ। ਜੇਕਰ ਤੁਸੀਂ ਲੈ ਆਓਗੇ ਕਾਲੇ ਦਿਨਾਂ ਤੇ ਹਨੇਰੇ ਘਰਾਂ ਦੇ ਨੂਰ ਨੂੰ ਵਾਪਿਸ ਤੇ ਸੰਤੁਸ਼ਟ ਕਰ ਸਕੋ ਮਾਪਿਆਂ ਦੇ ਜਿਹਨ ‘ਚੋਂ ਤ੍ਰਬਕਦੇ ਵਰਤਮਾਨ ਤੇ ਸਹਿਮਦੇ ਭਵਿੱਖ ਨੂੰ।

ਜੀਤੋ

ਪਿੰਡ ਦੀਆਂ ਰੂੜ੍ਹੀਆਂ ਤੇ ਗੀਹਰਿਆਂ ਨਾਲ ਵੱਧਦਾ ਗਿਆ, ਜੀਤੋ ਦਾ ਕੱਦ ਕਾਠ। ਮੁੱਢ ਤੋਂ ਹੀ ਉਸਦਾ ਹਾਰ ਸ਼ਿੰਗਾਰ ਰਿਹਾ, ਵੱਡੇ ਘਰਾਂ ਦੀਆਂ ਤੀਵੀਆਂ ਦੇ, ਪੁਰਾਣੇ ਕੱਪੜੇ ਤੇ ਝੂਠੇ ਗਹਿਣੇ। ਪੇਟ ਦਾ ਆਸਰਾ ਰਿਹਾ , ਉਹਨਾਂ ਦੀ ਛੱਡੀ ਛਡਾਈ ਜੂਠ। ਉਸ ਲਈ ਤੀਆਂ ਦਾ ਅਰਥ ਹੁੰਦਾ ਸੀ, ਪੱਠਿਆਂ ਨੂੰ ਜਾਦਿਆਂ, ਲਾ ਲਿਆ ਗਿੱਧੇ ਵਿੱਚ ਇੱਕ ਗੇੜਾ। ਜਵਾਨੀ ਦੀਆਂ ਰਹਿੰਦੀਆਂ ਖਵਾਇਸ਼ਾ ਤਾਂ, ਬਣ ਗਈਆਂ ਸੀ ਓਸ ਵੇਲੇ ਖੰਘਰ, ਜਿਸ ਵੇਲੇ, ਸਿੱਟੇ ਲੈਣ ਗਈ ਪਵਾ ਆਈ ਸੀ, ਆਪਣੀ 'ਚਾਦਰ' ਤੇ 'ਛਿੱਟੇ'। ਤੇ ਅੱਜ ਵੀ ............…....... ਉਹ ਕਿਹੜਾ ਲੰਬੜਾਂ ਦੀ ਪ੍ਰੀਤੋ ਹੈ, ਕਿ ਬਦਲ ਜਾਣਗੇ ਰਸਤੇ, ਸਭ ਜਵਾਨਾਂ ਦੇ, ਲੰਬੜਾਂ ਦੇ 'ਵੱਗ' ਬਾਰੇ ਸੋਚ ਕੇ।

ਆਪਣੇ ਆਪ ਨਾਲ ਗੱਲਾਂ

ਇਸ ਤਰ੍ਹਾਂ ਵੀ ਹੁੰਦਾ ਹੌਲੀ ਹੌਲੀ ਹੌਲੀ ਹੌਲੀ ਕਿਸੇ ਦੀਆਂ ਯੱਬਲੀਆਂ,ਬੇਤੁਕੀਆਂ ਲੱਗਣ ਲੱਗ ਜਾਦੀਆਂ ਸੋਹਣੀਆਂ ਗੱਲਾਂ। ਕਿਤੇ ਕਿਤੇ ਅਵਸਥਾ ਚੁੱਪ ਤੇ ਸ਼ਾਤ ਹੁੰਦੀ ਕੁੱਝ ਕਹਿਣ ਨਾਲੋਂ ਜਿਆਦਾ ਚੁੱਪ ਚੰਗੀ ਲੱਗਦੀ ਕਿਸੇ ਦੇ ਮੱਥੇ ਵੱਲ ਵੇਖੀ ਜਾਣਾਂ ਸੋਹਣਾ ਲੱਗਦਾ। ਰੁੱਖਾਂ ਦੀਆਂ ਕਰੂਬਲ਼ਾ ਥੋਹਰਾਂ ਦੇ ਫੁੱਲ ਵਿਹੜੇ ਦਾ ਗੁਲਾਬ ਤੇ ਇੱਕ ਤਸਵੀਰ ਮੈਂ ਬਾਰ ਬਾਰ ਵੇਖਦਾਂ। ਹੇ ਕੁਦਰਤ ! ਮੈਂ ਇਹ ਨਹੀਂ ਕਹਿ ਸਕਦਾ ਮੈਂ ਵੀ ਤੈਨੂੰ ਸੋਹਣਾ ਲੱਗਦਾ ਹੋਵਾਂਗਾ ਮੈਂ ਤਾਂ ਸਿਰਫ ਆਸ ਹੀ ਰੱਖ ਸਕਦਾਂ ਕਿ ਤੇਰਾ ਮੈਨੂੰ ਸੋਹਣਾ ਲੱਗਣਾ ਤੈਨੂੰ ਕਬੂਲ ਹੋਵੇ।

ਮਨ ਦੀ ਵਰਨਮਾਲਾ

ਮੈਂ ਵਿਗੜੀ ਮਨ ਦੀ ਵਰਨਮਾਲਾ ਦੀ ਤਰਤੀਬ ਚਾਹੁੰਦਾ ਹਾਂ । ਤੇਰਾ ਅਨੁਵਾਦ ਨਹੀਂ ਤੈਨੂੰ ਪੜ੍ਹਨਾ ਚਾਹੁੰਦਾ ਹਾਂ । ਜੀਵਨ ਵਿੱਚ ਸੱਭ ਮੈਂ ਕੁੱਝ ਬਣਿਆਂ ਪਰ ਇਨਸਾਨ ਨਾ ਬਣਿਆਂ । ਮੈਂ ਧਰਤ ਜ਼ਲ ਆਕਾਸ਼ ਦੀ ਨਿਰਮਲਤਾ ਨੂੰ ਭੰਗ ਕੀਤਾ ਇਹਨਾਂ ਦੇ ਜੋਬਨ ਨੂੰ ਮੋੜਨਾ ਚਾਹੁੰਦਾ ਹਾਂ । ਕਰਤਾਰੀ ਕਿਰਤ ਵਿੱਚ ਮਿਲ ਕੇ ਕਿਸੇ ਆਕਾਰ ਨਿਰਾਕਾਰ ਦਾ ਸੱਜਰਾ ਮੁੰਹ ਵੇਖਣਾ , ਧਰਤੀ ਤੇ ਵਿਚਰਦਿਆਂ ਪਏ ਆਪਣੇ ਕੁੱਬ ਨੂੰ ਖਤਮ ਕਰਨਾ ਚਾਹੁੰਦਾ ਹਾਂ । ਮੈਂ ਕੁਦਰਤ ਦੇ ਕਰਮਾਂ ਨਾਲ ਇੱਕਮਿਕਤਾ ਚਾਹੁੰਦਾ ਹਾਂ । ਮਾਰੂਥਲ ਨਾਲ ਮਾਰੂਥਲ ਪਹਾੜ ਨਾਲ ਪਹਾੜ ਫੁੱਲਾਂ ਨਾਲ ਫੁੱਲ ਰੁੱਖਾਂ ਨਾਲ ਰੁੱਖ ਪਾਣੀ ਨਾਲ ਪਾਣੀ ਮੇਰੇ ਨਾਲ ਤੂੰ ਤੇਰੇ ਨਾਲ ਮੈਂ ਹੋਣਾ ਚਾਹੁੰਦਾ ਹਾਂ ।

ਸਮਝਾਂ

ਮੇਰੀ ਧੀ ਮੇਰੀਆਂ ਗੱਲਾਂ ਵੱਲ ਬੜਾ ਧਿਆਨ ਦਿੰਦੀ, ਉਸ ਵਿਚੋਂ ਆਪਣੇ ਮਤਲਬ ਦੇ ਮਤਲਬ ਕੱਢ ਲੈਂਦੀ, ਤੇ ਫਿਰ ਮੇਰੀਆਂ ਗੱਲਾਂ ਬੇ ਮਤਲਬ ਨਹੀਂ ਰਹਿੰਦੀਆਂ।

ਇੱਕ ਤੇਰੇ ਨਾਲ

ਫੁੱਲ, ਕਲੀਆਂ, ਬਹਾਰਾਂ ਇੱਕ ਤੇਰੇ ਨਾਲ ਸੀ। ਮਹਿਫਲਾਂ,ਰੰਗੀਲੀਆਂ ਗੁਲਜ਼ਾਰਾਂ ਇੱਕ ਤੇਰੇ ਨਾਲ ਸੀ। ਉਡੀਕਦਾ ਬਾਗ ਪੂਰਨ ਨੂੰ ਜਿਵਾਏ ਮੁੜ ਉਸਨੂੰ, ਉਸਦਾ ਜੀਣਾ ਦੁਬਾਰਾ ਇੱਕ ਤੇਰੇ ਨਾਲ ਸੀ। ਉਹ ਮੱਝੀਆਂ ਨਾ ਮੁੜੀਆਂ ਜੋ ਗਈਆਂ ਰਾਝਿਆਂ ਮਗਰ, ਬੇਲਿਆਂ ਦਾ ਹੁੰਦਾ ਗੁਜਾਰਾ ਇੱਕ ਤੇਰੇ ਨਾਲ ਸੀ। ਹਵਾ ਦੀ ਗੋਦ ਵਿੱਚ ਬਹਿ ਕੇ ਬੜਾ ਹੀ ਉੱਡਿਆ ਪੱਤਾ, ਕਿਉਂ ਨਾ ਡਿੱਗਦਾ ਸਹਾਰਾ ਇੱਕ ਤੇਰੇ ਨਾਲ ਸੀ। ਕੋਈ ਰੌਸ਼ਨੀ, ਕੋਈ ਰੰਗ , ਨਾ ਰੰਗੀਲੀ ਰੁੱਤ ਪਰਤੀ, 'ਹਰਵਿੰਦਰਾ'. ਹਰ ਕੁਦਰਤੀ ਨਜ਼ਾਰਾ ਇੱਕ ਤੇਰੇ ਨਾਲ ਸੀ।

ਰਾਤ ਬੀਤ ਰਹੀ

ਸਹਿਮੀ ਸਹਿਮੀ ਅੱਜ ਦੀ ਰਾਤ ਬੀਤ ਰਹੀ ਹੈ । ਮੇਰੇ ਮੁਲਕ ਦੀ ਹਰ ਦਿਨ ਹੀ ਇਹ ਰੀਤ ਰਹੀ ਹੈ । ਰਾਂਝਿਆਂ ਦੇ ਹੱਡਾਂ ਵਿੱਚ ਦੇਖੋ ਬੇਰੁਜਗਾਰੀ ਰਚ ਗਈ ਏ , ਫਟੇ ਹਾਲ ਵਿੱਚ ਧੱਕੇ ਖਾਂਦੀ ਅੱਜ ਕੱਲ ਪ੍ਰੀਤ ਰਹੀ ਹੈ । ਕੋਠੇ ਚੜ੍ਹ ਕੇ ਮਾਂ ਉਡੀਕੇ ਹੱਦੀਂ ਬੈਠੇ ਪੁੱਤ ਨੂੰ , ਚੂੜੇ ਵਾਲੀ ਸੁਪਨਿਆਂ ਦੇ ਵਿੱਚ ਲੱਭਦੀ ਮੀਤ ਰਹੀ ਹੈ । ਭੁੱਖੀਆਂ ਮਾਵਾਂ ਦੀ ਛਾਤੀ ਨੂੰ ਚੁੰਬੜੇ ਭੁੱਖੇ ਬੱਚੇ , ਏਹੀ ਹੋਵੇ, ਮੋਹਤਵਰਾਂ ਦੀ ਹਰਦਮ ਏਹੀ ਨੀਤ ਰਹੀ ਹੈ । ਬਾਬੁਲ ਵੇਚਣ ਆਪਣੇ ਹੱਥੀਂ ਆਪਣੀਆਂ ਹੀ ਧੀਆਂ , ਆਖਣ ਨੇਤਾ ਗੁਰਬਤ ਉਤੇ ਸਾਡੀ ਜੀਤ ਰਹੀ ਹੈ । ...... ਦੇ ਠੇਕੇਦਾਰ ਬੋਲਦੇ ਚਗਲੇ ਭਾਸ਼ਣ ,ਬੋਲੀ , ਦੱਸ ਹਰਵਿੰਦਰਾ ਤੇਰੀ ਭਾਸ਼ਾ ਕਿਵੇਂ ਪੁਨੀਤ ਰਹੀ ਹੈ।

ਵਿਹੂਣੇ

ਘਰ ਵਿਹੂਣੇ ਇਹਨਾਂ ਲੋਕਾਂ ਦੇ, ਪਹਾੜਾਂ ਬਰਾਬਰ ਜਿਗਰੇ। ਵੰਡਣ 'ਵੱਡੇ' ਭਿਖਾਰੀਆਂ ਨੂੰ, ਦੇਸਵਾਸੀ ਹੋਣ ਦੀ 'ਨਿਆਮਤ' । ਮਾਰਕਸ ਨਾ ਐਂਗਲਜ ਨਾ ਲੈਨਿਨ ਨਾ ਨਹਿਰੂ ਨਾ ਗਾਂਧੀ । ਨਾ ਸੂਰਜ ਨਾ ਚੰਦ ਦੀ ਤਲਾਸ਼ । ਜ਼ਹਿਰ ਵਿਹੂਣੇ ਨਾਗ, ਸ਼ੜਕਾਂ ਕਿਨਾਰੇ ਮੇਲਦੇ। ਪੇਟ ਤੋਂ ਪੇਟ ਤੱਕ ਦਾ, ਸਫਰ ਤਹਿ ਕਰਦੇ।

ਗ਼ੁਲਾਮ

ਹੱਦੋਂ ਪਾਰ ਮੇਰਾ ਧਰਮ ਅਧਰਮ ਹੈ ਸਰਹੱਦੋਂ ਪਾਰ ਮੇਰਾ ਰੰਗ ਬੇਰੰਗ ਹੈ ਆਲ਼ੇ ਦੁਆਲ਼ੇ ਮੇਰੀ ਜਾਤ ਕੁਜਾਤ ਹੈ ਮੇਰੀ ਗ਼ੁਲਾਮੀ ਦੀਆਂ ਜੰਜੀਰਾਂ ਸਦੀਆਂ ਤੋਂ ਹਰ ਰੋਜ਼ ਰੰਗ ਕੀਤੀਆਂ ਜਾਦੀਆਂ ਤੇ ਮੈਂ ਅੱਜ ਵੀ ........................।

ਚੁੱਪ ਦੀ ਮਹਿਕ

ਜਦ ਵੀ ਮੈਂ ਉਸ ਨਾਲ ਗੱਲ ਕਰਨੀ ਚਾਹੀ ਤਾਂ ਕਰੋੜਾਂ ਸ਼ਬਦਾਂ ਦੀ ਚੁੱਪ ਮਹਿਕ ਜਾਦੀਂ ਹੈ ਮੈਂ ਅੱਖਾਂ ਬੰਦ ਕਰ ਉਸ ਸਰੋਤ ਨੂੰ ਲੱਭਦਾ ਆਪਣੇ ਆਪ ਵਿੱਚ ਗਹਿਰਾ ਲੱਥ ਜਾਂਦਾ ਹਾਂ ਕਿੰਨਾ ਔਖਾ ਹੁੰਦਾ ਆਪਣੇ ਆਪ ਵਿਚੋਂ ਆਪੇ ਨੂੰ ਖੋਜਣਾ।

ਖ਼ਵਾਹਿਸ਼

ਝਰਨੇ ਦੀ ਖਵਾਇਸ਼ ਸੀ , ਨਦੀ ਦਾ ਸਾਥ ਮਾਨਣ ਦੀ । ਉਹ ਨਿਵਾਣਾਂ ਚ ਵਹਿੰਦਾ , ਪਹਾੜੀ ਪੱਥਰਾਂ ਚ ਭਟਕਦਾ , ਟੁੱਟੇ ਫੁੱਲਾਂ ਤੇ ਪੰਛੀਆਂ ਦੇ ਗੀਤ ਸੁਣਦਾ , ਨਦੀ ਨਾਲ ਜਾ ਰਲਿਆ । ਉਸਦੀਆਂ ਛੱਲਾਂ ਚ ਉੱਛਲਦਾ, ਸਿਮਟਦਾ ਸਿਮਟਦਾ , ਹੋਰ ਬਿਖਰ ਗਿਆ । ਹੁਣ ਝਰਨੇ ਦੀ ਕੋਈ ਹੋਂਦ ਨਹੀਂ ਸੀ । ਨਦੀ ਅੱਜ ਵੀ ਵਹਿੰਦੀ ਹੈ , ਹੋਰ ਝਰਨਿਆਂ ਦੀ ਤਲਾਸ਼ ਵਿੱਚ.......।

ਮਾਰੂਥਲ ਦੇ ਫੁੱਲ

ਮਾਰੂਥਲ ਦੇ ਫੁੱਲ ਕਦੇ ਉਡੀਕ ਨਹੀਂ ਕਰਦੇ ਤਰੇਲ ਦੀਆਂ ਬੂੰਦਾਂ ਦੀ। ਉਹਨਾਂ ਸਿੱਖ ਲਿਆ ਹੂੰਦਾ ਰੇਤ ਦੇ ਝੱਖੜਾਂ ਸੰਗ ਅਠਖੇਲੀਆਂ ਕਰਨਾ।

ਅੱਗ

ਬੰਦੇ ! ਕੁੱਝ ਸੂਰਜ ਵਰਗੇ, ਸਵੈ ਦੀ ਅੱਗ ਵਿੱਚ ਬਲ਼ਕੇ, ਹਨ੍ਹੇਰੇ ਘਰ ਰੁਸ਼ਨਾਵਣ ।

ਫਾਸਲਾ

ਮੈਂ ਦੇਖਦਾ ਰਿਹਾ, ਕੁੱਝ ਵੀ ਤਾਂ ਫਾਸਲਾ ਨਹੀਂ, ਉਸਦੇ ਤੇ ਮੇਰੇ ਘਰ ਵਿਚਕਾਰ। ਮੈਂ ਸੋਚਦਾ ਰਿਹਾ, ਕਿੰਨੀਆਂ ਦੀਵਾਰਾਂ ਤੇ ਦੂਰੀਆਂ ਨੇ, ਉਸਦੇ ਤੇ ਮੇਰੇ ਘਰ ਵਿਚਕਾਰ। ਤੇ ਬੱਸ ਇਸ ਮਾਪਣ ਕਿਰਿਆ ਵਿੱਚ, ਜਿੰਦਗੀ ਬੀਤ ਗਈ।

ਨੀਂਦ ਨਹੀਂ ਆ ਰਹੀ

ਬੀ. ਬੀ. ਸੀ. ਦੁਨੀਆਂ ਦੇ ਕਿਸੇ ਖਿੱਤੇ ਦੀਆਂ ਖ਼ਬਰਾਂ ਦੇ ਰਿਹਾ... ਮਨੁੱਖੀ ਵਸੋਂ ਸ਼ਾਂਤ ਸੁੱਤੀ ਹੈ ਪਰ ਮੈਨੂੰ ਨੀਂਦ ਨਹੀਂ ਆ ਰਹੀ.... ਰਸੋਈ ਵਿੱਚ ਜਾਂਦਾ ਹਾਂ ਕਾਕਰੋਚ ਇੱਧਰ ਓਧਰ ਭੱਜਣ ਲੱਗਦੇ। ਛੱਤ 'ਤੇ ਜਾਣ ਲੱਗਦਾਂ ਕੀਟ ਪਤੰਗਿਆਂ ਦੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ। ਨਿੰਮ ਦੇ ਰੁੱਖ 'ਤੇ ਬੈਠੇ ਪੰਛੀ ਉੱਡ ਜਾਂਦੇ.. ਗਮਲੇ ਕੋਲ਼ ਬੈਠੀ ਬਿੱਲੀ ਉੱਠ ਭੱਜਦੀ ਹੈ। ਗੁਆਂਢੀਆਂ ਦੀਆਂ ਮੁਰਗੀਆਂ ਅਤੇ ਗਲ਼ੀ ਦੇ ਕੁੱਤਿਆਂ ਵਿੱਚ ਹਿੱਲਜੁੱਲ ਹੁੰਦੀ ਹੈ। ਦੂਰੋਂ ਕਿਸੇ ਕੁੱਤੇ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਸ਼ਿਕਾਰੀ ਜਾਨਵਰ ਦੇ ਸਤਾਏ ਮੋਰ ਚੀਕ ਰਹੇ... ਮੈਨੂੰ ਨੀਂਦ ਨਹੀਂ ਆ ਰਹੀ.. ਇਹਨਾਂ ਜਾਨਵਰਾਂ ਨੂੰ ਕਿਵੇਂ ਪਤਾ ?

ਮੇਰੇ ਫ਼ਿਕਰ

ਆਹ ਲੈ ! ਸੰਭਾਲ਼ ਕੇ ਰੱਖੀਂ ਮੈਂ ਆਉਂਦਾਂ ਹੋਰ ਲੈ ਕੇ। ਆਪ-ਮੁਹਾਰੇ ਹੀ ਜਿਹਨ ਵਿੱਚ ਕਹਿ ਮੈਂ ਰੋਜ਼ਾਨਾ ਘਰੋਂ ਕੰਮ 'ਤੇ ਜਾਂਦਾ ਹਾਂ । ਪਤਨੀ ਮੇਰੀ ਮਾਂ ਤੋਂ ਡਰਦੀ-ਡਰਦੀ "ਕਿਤੇ ਉਸਨੂੰ ਸੂਹ ਹੀ ਨਾ ਮਿਲ ਜਾਵੇ " ਨਿਸ਼ਾਨਦੇਹੀ ਕਰਦੀ ਅਤੇ ਸੋਚਦੀ ਹੈ ਇਸ ਵਿੱਚੋਂ ਕੁਝ ਮੈਂ ਨਾ ਲੈ ਲਵਾਂ ? ਜਦ ਮੈਂ ਰੋਜ਼ਾਨਾ ਕੰਮ ਤੋਂ ਘਰ ਵਾਪਿਸ ਆਉਂਦਾ ਹਾਂ ਤਾਂ ਚੌਗਣੇ ਹੋਏ ਮਹਿਸੂਸ ਕਰਦਾ ਹਾਂ ਮੇਰੇ ,ਮੇਰੀ ਮਾਂ ਅਤੇ ਪਤਨੀ ਦੇ ਫ਼ਿਕਰ , ਡਰ ਅਤੇ ਪੀੜਾਂ .......

ਖ਼ਾਮੋਸ਼ ਨਹੀਂ ਹਾਂ

ਤੁਹਾਡੀ ਵਰਚੱਸਵ ਦੀ ਲੜਾਈ ਹਮੇਸ਼ਾ ਸਾਡੀ ਰੋਟੀ ਦੀ ਲੜਾਈ 'ਤੇ ਭਾਰੂ ਪੈਂਦੀ ਹੈ। ਸਿਆਸੀ ਜੋਗ ਦਾ ਜੋਤਾ ਸਾਡੀ ਕਰਮਸ਼ੀਲ ਲੋਕਾਂ ਦੀ ਕਰਮਭੂਮੀ ਨੂੰ ਥੇਹ ਬਣਾ ਦਿੰਦਾ । ਤੁਸੀਂ ਹਮੇਸ਼ਾ ਧਰਵਾਸ ਦੀ ਐਗਜੀਬੀਸ਼ਨ ਲਗਾਉਂਦੇ ਹੋ ਅਸੀਂ ਹਮੇਸ਼ਾ ਸ਼ਿਰਕਤ ਕਰਦੇ ਹਾਂ। ਤੁਹਾਡੇ ਆਪਣੇ ਹੀ ਤਰ੍ਹਾਂ ਦੇ ਵਿਵੇਕ ਅੰਦਰ ਅਸੀਂ ਕਦੇ ਮਹਿਫੂਜ਼ ਨਹੀਂ ਹੋਏ । ਤੁਸੀਂ ਹਮੇਸ਼ਾ ਚਾਹਿਆ ਕਿ ਸਾਡੇ ਨਜ਼ਰੀਏ ਨੂੰ ਮੋਤੀਆ ਮਾਰ ਜਾਵੇ ਅਤੇ ਸੋਚ ਨੂੰ ਲਕਵਾ । ਤਵਾਰੀਖ਼ ਗਵਾਹ ਹੈ ਤੁਹਾਡੀ ਮਸ਼ਕ ਦੇ ਕਾਇਰਾਨਾ ਵਤੀਰੇ ਅਤੇ ਸਾਡੇ ਬਾਗ਼ੀਆਨਾ ਮਿਜਾਜ਼ ਬਾਰੇ । ਅਸੀਂ ਬੋਲਦੇ ਬੋਲਦੇ ਥੱਕ ਸਕਦੇ ਹਾਂ ਪਰ ਖ਼ਾਮੋਸ਼ ਨਹੀਂ ਹੋ ਸਕਦੇ। ਜੇਕਰ ਤੁਹਾਡਾ ਲੋਹਾ ਬੋਲੇਗਾ ਤਾਂ ਸਾਡਾ ਲਹੂ ਬੋਲੇਗਾ।

ਕਸਰਾਂ ਕੱਢੀ ਜਾਂਦੇ ਨੇ

ਅਪਣੇ ਵੱਲੋਂ ਕਸਰਾਂ ਕੱਢੀ ਜਾਂਦੇ ਨੇ। ਅਮਨ ਚੈਨ ਦੇ ਫਾਹੇ ਵੱਢੀ ਜਾਂਦੇ ਨੇ। ਪਰਜਾ ਭੁੱਖੀ ਮਰਦੀ ਰੋਟੀ ਜੁੜਦੀ ਨਾ, ਲੀਡਰ ਨਿੱਤ ਮਿਜਾਇਲਾਂ ਛੱਡੀ ਜਾਂਦੇ ਨੇ। ਭੈਣ ਭਰਾਵਾਂ ਵੰਡੀ ਭੋਂ ਕਚਿਹਰੀ ਜਾ, ਇੱਜਤ ਬੱਗੀ ਬੱਗੀ ਵੱਢੀ ਜਾਂਦੇ ਨੇ। ਕੀੜਿਆਂ ਵਾਂਗੂੰ ਭਾਉਂਦੇ ਰਹਿੰਦੇ ਧਰਤੀ 'ਤੇ, ਮਾਂ ਭੂਮੀ ਪੰਜਾਬੀ ਛੱਡੀ ਜਾਂਦੇ ਨੇ। ਦਾਨਸ਼ਮੰਦਾਂ ਦੇ ਨੇੜੇ ਹੋ ਵੇਖ ਲਿਆ, ਅਕਲਾਂ ਵਾਲੇ ਗੱਡੇ ਲੱਦੀ ਜਾਂਦੇ ਨੇ। ਕੱਚਾ ਲਿਖ ਹਰਵਿੰਦਰ ਜੀ, ਮਾਂ ਬੋਲੀ ਦਾ ਕਾਹਤੋਂ ਰੋਜ਼ ਦਿਵਾਲਾ ਕੱਢੀ ਜਾਂਦੇ ਨੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ