Punjabi Geet : Harnek Singh Bhandal

ਪੰਜਾਬੀ ਗੀਤ : ਹਰਨੇਕ ਸਿੰਘ ਭੰਡਾਲ1. ਮੋੜਿਆ ਵਰਕਾ

ਜੇਲ੍ਹ ਕੋਠੜੀ ਵਿੱਚ ਭਗਤ ਸਿੰਘ ਬੈਠਾ ਪੁਸਤਕ ਪੜ੍ਹਦਾ। ਫਾਂਸੀ ਦਾ ਆ ਗਿਆ ਸੁਨੇਹਾ ਵਰਕਾ ਦੂਹਰਾ ਕਰਦਾ। ਲੱਭੀਏ ਉਹੀ ਪੁਸਤਕ ਉਸ ਨੂੰ ਲੋਕਾਂ ਦੇ ਵਿੱਚ ਧਰੀਏ। ਭਗਤ ਸਿੰਘ ਦਾ ਮੋੜਿਆ ਵਰਕਾ ਆਪਾਂ ਸਿੱਧਾ ਕਰੀਏ। ਉਸ ਵਰਕੇ ਵਿੱਚ ਮਾਨਵਤਾ ਦਾ ਭਲਾ ਸਮਾਇਆ ਹੋਇਆ। ਸੱਭੇ ਸਾਂਝੀਵਾਲ ਸਦਾਇਣ ਦਾ ਹੈ ਗੀਤ ਪਰੋਇਆ। ਮਜ਼੍ਹਬਾਂ ਜ਼ਾਤਾਂ ਪਾਈਆਂ ਵੰਡੀਆਂ ਆਓ ਏਕਤਾ ਭਰੀਏ। ਭਗਤ ਸਿੰਘ ਦਾ ....... ਉਸ ਵਰਕੇ ਦੇ ਹਰਫਾਂ ਦੱਸਿਆ ਤਖ਼ਤਾਂ ਸੰਗ ਟਕਰਾਉਣਾ। ਅੱਖਰ ਅੱਖਰ ਗੂੰਜੇ ਕਿਰਤੀ ਤਾਈਂ ਹੱਕ ਦਿਵਾਉਣਾ। ਦੇਸ਼ ਲਈ ਕੁਝ ਕਰੀਏ ਐਵੇਂ ਡਰ ਡਰ ਕੇ ਨਾ ਮਰੀਏ। ਭਗਤ ਸਿੰਘ......... ਕੁਝ ਤਾਂ ਮਰ ਗਏ ਨਸ਼ਿਆਂ ਦੇ ਵਿੱਚ ਕੁਝ ਖੁਦਕੁਸ਼ੀਆਂ ਕਰਕੇ। ਬੇ ਰੁਜ਼ਗਾਰਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪੜ੍ਹਕੇ। ਲੀਡਰ ਲੁੱਟੀ ਜਾਣ ਦੇਸ਼ ਨੂੰ,ਹੋਰ ਕਿੰਨਾ ਚਿਰ ਜਰੀਏ ਭਗਤ ਸਿੰਘ ........ ਪੜ੍ਹ ਲਵੋ ਇਤਿਹਾਸ ਦੇ ਪੰਨੇ ਕਲਮਾਂ ਯੁੱਗ ਪਲਟਾਏ। ਨਾਲ ਗਿਆਨ ਦੇ ਜੁੜਿਆਂ ਬਾਝੋਂ ਕੁਝ ਵੀ ਸਮਝ ਨਾ ਆਏ ਗੱਗੜ ਮਾਜਰੇ ਵਾਲੇ ਦੀ ਗੱਲ ਵਿੱਚ ਹੁੰਗਾਰਾ ਭਰੀਏ ਭਗਤ ਸਿੰਘ.........

2. ਬੰਦੇ ਨੂੰ ਸਬਕ

ਵਿਹਲ ਨਹੀਂ ਹੈ ਵਿਹਲ ਨਹੀਂ ਹੈ ਕਹਿ ਕਹਿ ਵਕਤ ਲੰਘਾਇਆ। ਰੱਬ ਕੀ ਕਹਿੰਦਾ ਬਹਿਕੇ ਸੁਣਲਾਂ,ਖ਼ਿਆਲ ਕਦੇ ਨਹੀ ਆਇਆ। ਰੱਬ ਨੇ ਜਦ ਹੁਣ ਫੜਿਆ ਕੰਨੋਂ ਬੈਠ ਗਿਆ ਫਿਰ ਬੰਦਾ। ਰੱਬ ਵੀ ਸਬਕ ਸਿਖਾ ਕੇ ਛੱਡੂ ਬੰਦਾ ਬਣ ਜਾਊ ਬੰਦਾ। ਸਾਜ ਸ੍ਰਿਸ਼ਟੀ ਕੁਦਰਤ ਸਾਰੀ ਇਹ ਸੰਸਾਰ ਬਣਾਇਆ। ਪੌਣ ਪਾਣੀ ਬੈਸੰਤਰ ਵਾਲਾ ਸਾਰਾ ਖੇਡ ਰਚਾਇਆ। ਖਾਣ ਪੀਣ ਲਈ ਫੁੱਲ ਫ਼ਲ ਸਬਜ਼ੀ,ਕਿੰਨੇ ਅੰਨ ਉਗਾਏ। ਕਿਧਰੇ ਸਾਗਰ ਮਾਰੂਥਲ ਤੇ ਕਿਤੇ ਪਹਾੜ ਬਣਾਏ। ਪਸ਼ੂ ਪੰਛੀਆਂ ਜੀਵ ਜੰਤੂਆਂ ਸਭ ਲਈ ਰੈਣ ਬਸੇਰਾ। ਬੰਦੇ ਨੂੰ ਸਰਦਾਰੀ ਬਖਸ਼ੀ ਕੀਤਾ ਮਾਣ ਬਥੇਰਾ। ਸੋਚਣ ਦਾ ਕੁਝ ਨਵਾਂ ਕਰਨ ਦਾ ਬੰਦੇ ਨੂੰ ਵਰ ਦਿੱਤਾ। ਜੀਵਨ ਸੌਖਾ ਹੋਜੂ ਉਸ ਨੂੰ ਗਿਆਨ ਨਾਲ ਭਰ ਦਿੱਤਾ। ਜੀਵਨ ਸੌਖਾ ਕੀਤਾ ਉਸ ਨੇ ਜਦੋਂ ਮਸ਼ੀਨ ਬਣਾਈ। ਕਰ ਕਰ ਖੋਜਾਂ ਬਣ ਵਿਗਿਆਨੀ ਕੁਦਰਤ ਮੂਹਰੇ ਲਾਈ। ਗਿਆਨ ਵਾਲਾ ਵਰ ਬਣਿਆ ਹਓਮੈਂ ,ਮੇਰੀ ਮੇਰੀ ਹੋਈ ਆਪੋ ਧਾਪੀ ਵੇਖ ਬੰਦੇ ਦੀ ਕੁਦਰਤ ਸੀ ਫਿਰ ਰੋਈ। ਪੌਣ ਪਾਣੀ ਤਾਈਂ ਜ਼ਹਿਰੀ ਕਰਕੇ ਕਹਿੰਦਾ ਕਰੀ ਤਰੱਕੀ। ਆਪਾ ਭੁੱਲਿਆ ਚੀਜ਼ਾਂ ‘ਕੱਠੀਆਂ ਕਰਾਂ ਧਾਰ ਲਈ ਪੱਕੀ। ਵਿਹਲਾ ਰਹੂੰਗਾ ਬੰਦੇ ਸੋਚਿਆ ਸੀ ਮਸ਼ੀਨ ਬਣਾ ਕੇ। ਪਰ ਮਾਇਆ ਦੇ ਚੱਕਰ ਦੇ ਵਿੱਚ ਬਹਿ ਗਿਆ ਚੈਨ ਗਵਾ ਕੇ ਦਿਨੇ ਚੈਨ ਨਾ ਨੀਦ ਰਾਤ ਨੂੰ ਜਿਉਂ ਕੂਕਰ ਹਲਕਾਇਆ। ਰਲ ਮਿਲ ਵਿੱਚ ਪਰਵਾਰ ਬਹਿਣ ਦਾ ਉਸ ਨੇ ਸਮਾਂ ਗਵਾਇਆ। ਰੱਬੀ ਦਾਤਾਂ ਕੁੱਝ ਕੁ ਬੰਦੇ, ਕੱਠੀਆਂ ਕਰਕੇ ਬਹਿ ਗਏ। ਬਾਕੀ ਦੇ ਕੁਝ ਬਣੇ ਨਿਮਾਣੇ ਨੰਗੇ ਭੁੱਖੇ ਰਹਿ ਗਏ। ਧਰਮ ਮਜਹਬ ਤੇ ਦੇਸ਼ ਕੌਮ ਦੀਆਂ ਖਿੱਚ ਲਕੀਰਾਂ ਲਈਆਂ। ਲੜ ਲੜ ਮਰਿਆ ਫੇਰ ਕੀਮਤੀ ਕਿੰਨੀਆਂ ਜਾਨਾਂ ਗਈਆਂ। ਬੰਬ ਟੈਂਕ ਮੀਜ਼ਾਈਲ ਬਾਰੂਦਾਂ ਦੇ ਹਨ ਢੇਰ ਲਗਾਏ। ਮਾਨਵਤਾ ਲਈ ਸਾਇੰਸ ਵਰਤਣੀ ਦਿਲੋਂ ਖ਼ਿਆਲ ਭੁਲਾਏ। ਈਸਾ ਰਾਮ ਮੁਹੰਮਦ ਨਾਨਕ ਤੁਰ ਗਏ ਜੋ ਸਮਝਾ ਕੇ। ਆਪਸ ਦੇ ਵਿੱਚ ਲੜ ਲੜ ਮਰਦੇ ਸਿੱਖਿਆ ਦਿਲੋਂ ਭੁਲਾ ਕੇ। ਗੁਰਬਾਣੀ ਦਾ ਸੱਭੈ ਸਾਂਝੀਵਾਲ ਹੈ ਦਿਲੋਂ ਭੁਲਾਇਆ। ਗੱਗੜ ਮਾਜਰੇ ਵਾਲਿਆ ਰੱਬ ਨੇ ਉਹੀਓ ਯਾਦ ਕਰਾਇਆ

3. ਕਿਸਾਨਾ ! ਹੁਸ਼ਿਆਰ !

ਸੰਸਾਰ ਵਪਾਰ ਸੰਗਠਨ ਦੀ ਸਾਰ ਲੈਣੀ ਨਵੇਂ ਸਮੇਂ ਦੀ ਨਵੀ ਵੰਗਾਰ ਤੈਨੂੰ। ਹੰਭਲਾ ਮਾਰ ਕਿਸਾਨਾ ਹੁਸ਼ਿਆਰ ਹੋਜਾ ਗੈਟ ਰਿਹਾ ਹੈ ਅੱਜ ਲਲਕਾਰ ਤੈਨੂੰ। ਲਲਕਾਰਿਆ ਪਹਿਲਾਂ ਵੀ ਕਈਆਂ ਨੇ ਸੀ ਤੈਨੂੰ, ਖਾਣੀ ਪਈ ਪਰ ਮੂੰਹ ਦੀ ਸਾਰਿਆਂ ਨੂੰ। ਅਹਿਮਦ ਸ਼ਾਹ ਅਬਦਾਲੀ ਤੇ ਗਜ਼ਨਵੀ ਜਹੇ ਅਤੇ ਲੰਡਨ ਦੇ ਕਈ ਹਤਿਆਰਿਆਂ ਨੂੰ। ਪਹਿਲਾਂ ਵਾਂਗ ਤਲਵਾਰ ਦੀ ਲੋੜ ਨਹੀਂ ਹੁਣ ਚੁੱਕਣਾ ਪੈਣਾ ਹੈ ਗਿਆਨ ਹਥਿਆਰ ਤੈਨੂੰ। ਵੱਡੀ ਮੱਛੀ ਹੈ ਛੋਟੀਆਂ ਖਾ ਜਾਂਦੀ ਇਸ ਗੱਲ ਨੂੰ ਸਾਰੇ ਹੀ ਜਾਣਦੇ ਨੇ। ਦੁਨੀਆਂ ਭਰ ਦੇ ਚਲਾਕ ਹੋ ਗਏ ਕੱਠੇ ਇਸੇ ਤਰਜ਼ ਤੇ ਜਾਲ ਪਏ ਤਾਣਦੇ ਨੇ। ਤੈਨੂੰ ਲੁੱਟਣ ਦੀ ਕੋਸ਼ਿਸ਼ ਵੀ ਹੋ ਰਹੀ ਆ ਆਉਣੀਆਂ ਮੁਸ਼ਕਲਾਂ ਬੇ ਸ਼ੁਮਾਰ ਤੈਨੂੰ। ਯੂਨੀਵਰਸਿਟੀ ਵਾਲਿਆਂ ਨੇ ਪੱਕੀ ਧਾਰ ਲਈ ਆ ,ਤੇਰੀ ਹੋਣ ਨਹੀ ਕਦੇ ਵੀ ਹਾਰ ਦੇਣੀ। ਦਸਾਂ ਨਹੁੰਆਂ ਦੀ ਸੁੱਚੀ ਕਿਰਤ ਤੇਰੀ ਵਿਗਿਆਨ ਤਕਨੌਲੋਜੀ ਨਾਲ ਸ਼ਿੰਗਾਰ ਦੇਣੀ। ਉਪਜ ਉਚ ਕੁਆਲਿਟੀ ਕਰੀਂ ਪੈਦਾ ਨਾਲੇ ਦੇਣਾ ਸਿਖਾ ਵਪਾਰ ਤੈਨੂੰ। ਕੀੜੇ ਮਾਰ ਦਵਾਈਆਂ ਦੀ ਘੱਟ ਵਰਤੋਂ ਸਾਰੇ ਪੌਸ਼ਟਿਕ ਤੱਤ ਵੀ ਹੋਣ ਪੂਰੇ। ਫਸਲ ਉਹੀ ਬੀਜੀਂ ਜੀਹਦੀ ਮੰਗ ਹੋਵੇ ਪਹਿਲਾਂ ਸੋਚ ਕੇ ਬੰਦਾ ਨਾ ਕਦੇ ਝੂਰੇ। ਵੇਖੀ ਫਿਰ ਹਰਨੇਕ ਵੀ ਲਿਖੂ ਕਵਿਤਾ ਸੰਸਾਰ ਮੰਡੀ ਵਿੱਚ ਮਿਲੂ ਸਤਿਕਾਰ ਤੈਨੂੰ।

4. ਲਾਲੋ ਤੇਰਾ ਘਰ

ਗੁਰੂ ਨਾਨਕ ਨੇ ਆਖਿਆ ਨਹੀਂ ਕੱਚਾ ਢਾਰਾ। ਲਾਲੋ ਤੇਰਾ ਘਰ ਲੱਗਦਾ ਹੈ ਮਹਿਲ ਮੁਨਾਰਾ। ਸਬਰ ਅਤੇ ਸੰਤੋਖ ਨਾਲ ਤੂੰ ਨੀਹਾਂ ਭਰੀਆਂ। ਸੱਚੀ ਸੁੱਚੀ ਕਿਰਤ ਦੀਆਂ ਨੇ ਇੱਟਾਂ ਧਰੀਆਂ। ਇਸ ਨੂੰ ਦਇਆ ਧਰਮ ਦਾ ਤੂੰ ਲਾਇਆ ਗਾਰਾ। ਲਾਲੋ ਤੇਰਾ........... ਸੇਵਾ ਸਿਮਰਨ ਵਾਲੜਾ ਤੂੰ ਪੋਚਾ ਲਾਇਆ। ਰਜ਼ਾ ਰੱਬ ਦੀ ਲੱਗਦਾ ਤੂੰ ਪੀੜ੍ਹਾ ਡਾਹਿਆ। ਦਾਨ ਪੁੰਨ ਦਾ ਵਿਹੜੇ ਦੇ ਵਿੱਚ ਮਘਦਾ ਹਾਰਾ। ਲਾਲੋ ਤੇਰਾ......... ਰੁੱਖਾਂ ਦੀ ਜੀਰਾਂਦ ਹੈ ਸੀਨੇ ਵਿੱਚ ਤੇਰੇ। ਮਹਿਕ ਸੱਚ ਦੀ ਆ ਰਹੀ ਘਰ ਚਾਰ ਚੁਫ਼ੇਰੇ। ਦਿਲ ਦਰਿਆ ਦੇ ਵਾਂਗ ਹੈ ਘਰ ਤੇਰਾ ਸਾਰਾ। ਲਾਲੋ ਤੇਰਾ.......... ਵੱਸਣ ਰੱਬੀ ਰਹਿਮਤਾਂ ਰੱਬ ਨੇ ਵਰਸਾਈਆਂ। ਇਹੋ ਜਹੀਆਂ ਬਰਕਤਾਂ ਵਿਰਲੇ ਹੱਥ ਆਈਆਂ। ਗੱਗੜ ਮਾਜਰੇ ਵਾਲਿਆ ਕੀ ਬਲਖ਼ ਬੁਖ਼ਾਰਾ ਲਾਲੋ ਤੇਰਾ.........

5. ਨਵੀਆਂ ਪੈੜਾਂ ਪਾ ਜਾਂਦੇ

ਅਣਗਿਣਤ ਆਉਣ ਇਸ ਦੁਨੀਆਂ ਤੇ ਕੁਝ ਵਿਰਲੇ ਨਾਂ ਚਮਕਾ ਜਾਂਦੇ। ਜਿਧਰ ਨੂੰ ਉਹੋ ਤੁਰਦੇ ਨੇ ਕੁਝ ਨਵੀਆਂ ਪੈੜਾਂ ਪਾ ਜਾਂਦੇ। ਕੁਝ ਮੇਰੀ ਮੇਰੀ ਕਰਦੇ ਹੀ ਸਾਰੀ ਹੀ ਉਮਰ ਲੰਘਾ ਗਏ ਨੇ। ਪਰ ਮਹਾਂਬਲੀ ਉਹ ਕੌਮ ਲਈ ਆਪਣਾ ਸਰਬੰਸ ਲੁਟਾ ਗਏ ਨੇ। ਕਈ ਫੁੱਲਾਂ ਦੇ ਵਿੱਚ ਰੋਂਦੇ ਨੇ ਕੁਝ ਕੰਡਿਆਂ ਨਾਲ ਨਿਭਾ ਜਾਂਦੇ। ਜਿਧਰ ਨੂੰ.......... ਕਈ ਹਿਟਲਰ ਕਈ ਔਰੰਗੇ ਵੀਇਸ ਦੁਨੀਆਂ ਦੇ ਵਿੱਚ ਆਏ ਨੇ। ਕੀਤਾ ਨਾ ਤਰਸ ਮਨੁੱਖਤਾ ਤੇ ਮਨ ਆਏ ਜ਼ੁਲਮ ਕਮਾਏ ਨੇ। ਕਈ ਤੱਤੀਆਂ ਤਵੀਆਂ ਤੇ ਬਹਿ ਕੇ, ਹਰ ਪਾਸੇ ਠੰਡ ਵਰਤਾ ਜਾਂਦੇ ਜਿਧਰ ਨੂੰ............ ਲੋਕਾਂ ਦਾ ਸੁਣਿਆ ਦਰਦ ਨਹੀਂ ਇਹ ਤਖ਼ਤਾਂ ਨੇ ਇਹ ਤਾਜਾਂ ਨੇ। ਚਿੜੀਆਂ ਤੇ ਢਾਇਆ ਜ਼ੁਲਮ ਸਦਾ ਇਹ ਬੇ ਦਰਦੇ ਜਹੇ ਬਾਜ਼ਾਂ ਨੇ। ਪਰ ਮਾਂ ਗੁਜਰੀ ਦੇ ਲਾਲ ਜਹੇ ਚਿੜੀਆਂ ਤੋ ਬਾਜ਼ ਤੁੜਾ ਜਾਂਦੇ ਜਿਧਰ........... ਉਹ ਉਮਰ ਲੰਮੇਰੀ ਕੀ ਕਰਨੀ ਕੁਝ ਦੇਸ਼ ਕੌਮ ਲਈ ਕਰਿਆ ਨਹੀਂ। ਜੇ ਗੱਗੜ ਮਾਜਰੇ ਵਾਲੇ ਲਈ ਕੁਝ ਭਲਾ ਕਿਸੇ ਤੋਂ ਸਰਿਆ ਨਹੀਂ। ਜੋ ਨੀਹਾਂ ਦੇ ਵਿੱਚ ਚਿਣੇ ਗਏ,ਬਚਪਨ ਵੀ ਨਾਮ ਕਮਾ ਜਾਂਦੇ ਜਿੱਧਰ ਨੂੰ........

6. ਪੰਜਾਬਣਾਂ ਨੂੰ ਪੁੱਛੋ

ਪੁੱਛੋ ਪੁੱਛੋ ਇਹ ਪੰਜਾਬਣਾ ਨੂੰ ਪੁੱਛੋ, ਰੂਪ ਮੱਤੀਆਂ ਮਜਾਜਣਾਂ ਨੂੰ ਪੁੱਛੋ, ਇਹ ਫੈਸ਼ਨਾਂ ਚ ਕਿਉ ਰੁਲੀਆਂ। ਤੀਆਂ ਸੁੰਨੀਆਂ ਗਿੱਧੇ ਚ ਉਹੋ ਗੱਲ ਨਾ ਇਹ ਵਿਰਸੇ ਨੂੰ ਕਿਉ ਭੁੱਲੀਆਂ? ਪੁੱਛੋ ! ਪੁੱਛੋ! ਕਿੱਥੇ ਗਿਆ ਉਹ ਰਿਵਾਜ ਮੇਰੇ ਬੇਲੀਓ ਸੱਗੀ ਫੁੱਲ ਹੁੰਦੇ ਸੀ ਜਦੋਂ। ਕੰਨੀ ਕੋਕਰੂ ਕਿਸੇ ਦੇ ਸਨ ਡੰਡੀਆਂ ਸੁਹਣੇ ਸੁਹਣੇ ਬੁੰਦੇ ਸੀ ਜਦੋਂ। ਸਾਡੇ ਵਿਹੜੇ ‘ਚੋਂ ਉਡਾ ਕੇ ਦੂਰ ਲੈਗੀਆਂ ਇਹ ਕਿਹੜੀਆਂ ਹਵਾਵਾਂ ਝੁੱਲੀਆਂ। ਪੁੱਛੋ !ਪੁੱਛੋ! ਲਹਿੰਗਾ ਲੱਕ ਦਾ ਸ਼ਿੰਗਾਰ ਕਿੱਥੇ ਰਹਿ ਗਿਆ ਤੇ ਉਹੋ ਫੁਲਕਾਰੀ ਨਾ ਰਹੀ। ਨੱਥ ਮਛਲੀ ਰਹੇ ਨਾ ਲੌਂਗ ਤੀਲੀਆਂ ਉਹ ਕਜਲੇ ਦੀ ਧਾਰੀ ਨਾ ਰਹੀ। ਕੀਹਨੇ ਸਿਖ਼ਰ ਦੁਪਹਿਰੇ ਡਾਕਾ ਮਾਰਿਆ ਲੁੱਟੀਆਂ ਇਹ ਅਣਮੁੱਲੀਆਂ। ਪੁੱਛੋ !ਪੁੱਛੋ ! ਕਿੱਥੇ ਰੱਖ ਕੇ ਪੰਜੇਬਾਂ ਨੀ ਤੂੰ ਭੁੱਲਗੀ ਉਹ ਮੋਰਨੀ ਦੀ ਚਾਲ ਨਾ ਰਹੀ। ਸੱਸੀ ਸੋਹਣੀ ਜਹੀ ਪਰੀਤ ਸੱਚੀ ਸੁੱਚੀ,ਉਹੋ ਵੀ ਤੇਰੇ ਨਾਲ ਨਾ ਰਹੀ। ਛੱਡ ਘੋੜੀਆਂ ,ਸੁਹਾਗ ਮਿੱਠੇ ਮਿੱਠੇ ਇਹ ਡਿਸਕੋ ਤੇ ਕਿਉ ਡੁੱਲ੍ਹੀਆਂ। ਪੁੱਛੋ !ਪੁੱਛੋ! ਹੂਕ ਨਿਕਲੇ ਪੰਜਾਬ ਵੱਲ ਵੇਖ ਕੇ ਹਾਏ !ਉਹੋ ਤਸਵੀਰ ਨਾ ਰਹੀ। ਕਾਲੇ ਸੂਫ ਦਾ ਪਾਉਦੀ ਸੀ ਜਿਹੜਾ ਘੱਗਰਾ ਉਹ ਰਾਂਝਣੇ ਦੀ ਹੀਰ ਨਾ ਰਹੀ। ਗੱਗੜ ਮਾਜਰੇ ਦਾ ਨੇਕ ਜੋ ਵੀ ਕਹਿ ਗਿਆ ਗੱਲਾਂ ਨੇ ਇਹ ਵਡਮੁੱਲੀਆਂ। ਪੁੱਛੋ !ਪੁੱਛੋ !

7. ਜਦ ਯਾਦ ਵਤਨ ਦੀ ਆਵੇ

ਡਾਲਰ ਵੱਢ ਵੱਢ ਖਾਂਦੇ ਸੋਨਾ ਚਾਂਦੀ ਨਾ ਫਿਰ ਭਾਵੇ। ਵਿੱਚ ਪਰਦੇਸੀ ਬੈਠੇ ਨੂੰ ਜਦ ਯਾਦ ਵਤਨ ਦੀ ਆਵੇ। ਵਿੱਚ ਪਰਦੇਸੀਂ.......... ਬੀਅਰ ਬਾਰ ਵਿੱਚ ਯਾਦ ਆਉਦੀਆਂ ਨੇ ਪਿੱਪਲਾਂ ਦੀਆਂ ਛਾਵਾਂ। ਆਪ ਬਣਾਈਏ ਰੋਟੀ ਉਦੋਂ ਚੇਤੇ ਆਵਣ ਮਾਵਾਂ। ਸੱਥ ਦਾ ਉਠੇ ਹੌਲ ਤਾਂ ਬੰਦਾ ਵਿੱਚ ਕਲੱਬਾਂ ਜਾਵੇ। ਵਿੱਚ ਪਰਦੇਸੀ....... ਯਾਦ ਵਤਨ ਦੀ ਬਰਛੀ ਬਣਕੇ ਸੀਨੇ ਦੇ ਵਿੱਚ ਲੱਗੇ। ਸ਼ਰਮ ਹਯਾ ਉਹ ਵਤਨਾਂ ਵਾਲੀ ਇੱਥੇ ਕਿੱਥੋ ਲੱਭੇ। ਸੋਹਣੀ ਸੱਸੀ ਹੀਰ ਭਲਾ ਕੋਈ ਮੇਮ ਕਿਵੇ ਬਣ ਜਾਵੇ। ਵਿੱਚ ਪਰਦੇਸੀ......... ਰਿਸ਼ਵਤਖੋਰੀ ਬੇਰੁਜਗਾਰੀ ਦੇਸ਼ ਮੇਰੇ ਵਿੱਚ ਰਹਿ ਗਈ। ਚੜ੍ਹੀ ਜਵਾਨੀ ਬੇਵੱਸ ਹੋ ਕੇ ਵਿੱਚ ਜਹਾਜ਼ਾਂ ਬਹਿ ਗਈ। ਵਿਲਕਦੀਆਂ ਮਾਵਾਂ ਨੂੰ ਪਿੱਛੇ ਕਿਹੜਾ ਭਲਾ ਵਰਾਵੇ। ਵਿੱਚ ਪਰਦੇਸੀ......... ਪੰਜ ਦਰਿਆਵਾਂ ਦੀ ਇਹ ਧਰਤੀ ਗੁਰੂਆਂ ਪੀਰਾਂ ਵਾਲੀ। ਛੱਡਣ ਇਸਦੇ ਪੁੱਤਰ ਇਸਨੂੰ ਇੱਕ ਦੂਜੇ ਤੋਂ ਕਾਹਲੀ ਗੱਗੜ ਮਾਜਰੇ ਵਾਲਾ ਇਸਦੇ ਦੁੱਖੜੇ ਪਿਆ ਸੁਣਾਵੇ। ਵਿੱਚ ਪਰਦੇਸੀ...........

8. ਪੱਗ ਬੰਨਣੀ ਨਾ ਜਾਇਓ ਭੁੱਲ ਓ ਪੰਜਾਬੀਓ

ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ਤੇ , ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ, ਜਾਣ ਸਰਦਾਰੀਆਂ ਨਾ ਰੁਲ ਓ ਪੰਜਾਬੀਓ। ਪੱਗ ਬੰਨਣੀ ਨਾ ਜਾਇਓ ਭੁੱਲ ਓ ਪੰਜਾਬੀਓ। ਮਰਦਾਂ ਦੀ ਆਨ ਅਤੇ ਸ਼ਾਨ ਹੁੰਦੀ ਪਗੜੀ। ਇੱਜ਼ਤਾ ਦੇ ਲਈ ਕੁਰਬਾਨ ਹੁੰਦੀ ਪਗੜੀ। ਜਾਣਦਾ ਜਹਾਨ ਸਾਰਾ ਕੁੱਲ ਓ ਪੰਜਾਬੀਓ। ਚੋਬਰਾਂ ਦਾ ਹਾਰ ਤੇ ਸ਼ਿੰਗਾਰ ਪੱਗਾਂ ਹੁੰਦੀਆਂ। ਭੈਣਾ ਲਈ ਵੀਰਾਂ ਦਾ ਪਿਆਰ ਪੱਗਾਂ ਹੁੰਦੀਆਂ। ਗੱਲ ਇਹ ਹੈ ਸਾਡੀ ਅਣਮੁੱਲ ਓ ਪੰਜਾਬੀਓ। ਵੱਡਿਆਂ ਵਡੇਰਿਆਂ ਨੂੰ ਜੋ ਨੇ ਭੁੱਲ ਜਾਂਦੀਆਂ। ਨੇਕ ਕਹਿੰਦਾ ਕੌਮਾਂ ਕੱਖਾਂ ਵਾਂਗੂੰ ਰੁਲ ਜਾਂਦੀਆਂ। ਜਾਵੇ ਨਾ ਹਨ੍ਹੇਰੀ ਕੋਈ ਝੁੱਲ ਓ ਪੰਜਾਬੀਓ। ਪੱਗ ਬੰਨਣੀ ਨਾ ਜਾਇਉ ਭੁੱਲ ਓ ਪੰਜਾਬੀਓ।

9. ਰੰਗਲੇ ਪੰਜਾਬ ਨੂੰ ਕੀ ਹੋ ਗਿਆ

ਦਿਲ ਦਰਿਆਵਾਂ ਵਾਲੇ ਖੁੱਲਿਆਂ ਸੁਭਾਵਾਂ ਵਾਲੇ,ਰੰਗਲੇ ਪੰਜਾਬ ਨੂੰ ਕੀ ਹੋ ਗਿਆ। ਚਾਨਣ ਮੁਨਾਰੇ ਜਿਹੜਾ ਦਿੰਦਾ ਸੀ ਜਹਾਨ ਤਾਈਂ , ਅੱਜ ਕਿਹੜੇ ਰੰਗਾਂ ਵਿੱਚ ਖੋ ਗਿਆ ਰੰਗਲੇ ਪੰਜਾਬ ਨੂੰ ਕੀ ਹੋ ਗਿਆ? ਇਹਦੇ ਮੁਖੜੇ ਦੀ ਆਬ ,ਲੈ ਗਈ ਚੱਟ ਕੇ ਸ਼ਰਾਬ। ਦੁੱਧ ਲੱਸੀ ਦੇ ਪਿਆਕ ਰੱਖੀ ਨਸ਼ਿਆਂ ਤੇ ਝਾਕ। ਲਾਲੀ ਬੁੱਲਾਂ ਦੀ ਤੰਬਾਕੂ ਇਹਦੀ ਧੋ ਗਿਆ ਰੰਗਲੇ.... ਅੱਜ ਇਹਦੀ ਮੁਟਿਆਰ ਕੀਤੀ ਫੈਸ਼ਨਾਂ ਖੁਆਰ। ਰੀਤ ਭੁੱਲ ਗਈ ਪੁਰਾਣੀ,ਡੁੱਬੀ ਜਾਵੇ ਡੁੱਬ ਜਾਣੀ। ਸੱਚਾ ਸੁੱਚਾ ਪਿਆਰ ਦੂਰ ਜਾ ਖਲੋ ਗਿਆ ਰੰਗਲੇ.... ਦੱਸਾਂ ਕਿਹੜੀ ਕਿਹੜੀ ਗੱਲ ਪੈਦੇ ਕਾਲਜੇ ਨੂੰ ਸੱਲ। ਭੈੜੇ ਦਾਜ ਦੇ ਪਿਆਰ ਫੂਕੀ ਕੋਠੇ ਜਿੱਡੀ ਨਾਰ। ਕਈਆਂ ਅੰਮੀਆਂ ਦਾ ਵਿਹੜਾ ਸੁੰਨ੍ਹਾ ਹੋ ਗਿਆ। ਰੰਗਲੇ.... ਕਿਹੜੀ ਹਵਾ ਗਈ ਏ ਵੱਗ ਲੱਗੀ ਨਫਰਤਾਂ ਦੀ ਅੱਗ। ਇੱਕੋ ਅੰਮੜੀ ਦੇ ਜਾਏ ਹੋ ਗਏ ਖੂਨ ਦੇ ਤਿਹਾਏ ਗੱਗੜ ਮਾਜਰੇ ਦਾ ਨੇਕ ਦੁੱਖ ਰੋ ਗਿਆ ਰੰਗਲੇ.....

10. ਸਾਂਭੋ ਸਰਦਾਰੀ ਨੂੰ

ਕਿਹੜੀ ਗੱਲੋ ਭੁੱਲੇ,ਜਾਨੋਂ ਵੱਧ ਪਿਆਰੀ ਨੂੰ। ਬਖਸ਼ੀ ਜੋ ਦਸਮੇਸ਼ ਪਿਤਾ ਸਾਂਭੋ ਸਰਦਾਰੀ ਨੂੰ। ਇਹ ਸਰਦਾਰੀ ਖਾਤਰ ਲੱਖ ਤਸੀਹੇ ਝੱਲੇ ਸੀ। ਛੋਟੀ ਉਮਰੇ ਆਪ ਪਿਤਾ ਜੀ ਦਿੱਲੀ ਘੱਲੇ ਸੀ। ਚੌਕ ਚਾਂਦਨੀ ਅੱਜ ਵੀ ਦੱਸੇ ਗਾਥਾ ਸਾਰੀ ਨੂੰ। ਆਪਾਂ ਨੂੰ ਚਮਕੌਰ ਗੜ੍ਹੀ ਉਹ ਯਾਦ ਕਰਾਉਂਦੀ ਆ। ਜੂਝੇ ਅਜੀਤ ਜੁਝਾਰ ਕਿਵੇਂ ਉਹ ਬਾਤਾਂ ਪਾਉਂਦੀ ਆ। ਕੰਧਾਂ ਵੀ ਸਰਹੰਦ ਦੀਆਂ ਦੱਸਣ ਗੱਲ ਸਾਰੀ ਨੂੰ। ਬਖਸ਼ੀ...... ਖੋਪਰੀਆਂ ਉਤਰਾਈਆਂ ਤੇ ਦਸਤਾਰ ਬਚਾਈ ਸੀ। ਜਾਨ ਵਾਰ ਕੇ ਹਿੱਸੇ ਇਹ ਸਰਦਾਰੀ ਆਈ ਸੀ। ਬੇ ਇੱਜ਼ਤੀ ਹੈ ਮੰਨਿਆ ਜਾਂਦਾ ਪੱਗ ਉਤਾਰੀ ਨੂੰ। ਗੱਗੜ ਮਾਜਰੇ ਵਾਲੇ ਵਰਗੇ ਗੱਲਾਂ ਕਰਦੇ ਨੇ। ਵਿਰਸਾ ਭੁੱਲਣ ਵਾਲੇ ਬੰਦੇ ਮਰਿਆਂ ਵਰਗੇ ਨੇ। ਮਾਂ ਬੋਲੀ ਜੋ ਭੁੱਲਣ ਪੱਲੇ ਪਾੳਣ ਖੁਆਰੀ ਨੂੰ ਬਖਸ਼ੀ ਜੋ......

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ