Punjabi Poetry : Hari Krishan Mayer
ਪੰਜਾਬੀ ਕਵਿਤਾਵਾਂ : ਹਰੀ ਕ੍ਰਿਸ਼ਨ ਮਾਇਰ
ਅਸੀਂ ਸੋਹਣੇ ਬਾਲ ਪਿਆਰੇ
ਅਸੀਂ ਸੋਹਣੇ ਬਾਲ ਪਿਆਰੇ
ਅਸੀਂ ਸੋਹਣੇ ਬਾਲ ਪਿਆਰੇ
ਭਰੇ ਪਏ ਖ਼ੁਸ਼ਬੂਆਂ ਦੇ ਜਿਉਂ
ਚੰਦਨ ਦੇ ਰੁੱਖ ਸਾਰੇ।
ਸਾਨੂੰ ਗੀਤਾ ਕੁਰਾਨ ਕਹੋ
ਭਾਵੇਂ ਤੀਰਥ ਕੋਈ ਮਹਾਨ ਕਹੋ
ਹੱਸਦੇ ਟੱਪਦੇ ਟਿਮਟਿਮਾਉਂਦੇ
ਅਸੀਂ ਅਰਸ਼ ਦੇ ਤਾਰੇ।
ਨਦੀਆਂ ਨੇ ਜਿਉਂ ਮੁਸਕਾਨ ਦੀਆਂ
ਕੋਈ ਰੰਗ ਭੇਦ ਨਾ ਜਾਣਦੀਆਂ।
ਨਿੱਕੜੇ-ਨਿੱਕੜੇ ਦੀਵੇ ਹਾਂ,
ਅਸੀਂ ਚਾਨਣ ਦੇ ਵਣਜਾਰੇ।
ਅਸੀਂ ਤੋਤੇ ਮੋਰ ਉਕਾਬ ਜਿਹੇ
ਅਸੀਂ ਹੱਸਦੇ ਫੁੱਲ ਗੁਲਾਬ ਜਿਹੇ
ਭਾਂਤ-ਭਾਂਤ ਦੇ ਪੰਛੀ ਫੁੱਲ ਹਾਂ
ਇੱਕ ਬਾਗ਼ ਦੇ ਸਾਰੇ।
ਅੰਮੜੀ ਦੀ ਅੱਖ ਦੇ ਤਾਰੇ ਹਾਂ
ਦਾਦੀ ਦੇ ਰਾਜ ਦੁਲਾਰੇ ਹਾਂ
ਤਾਹੀਓਂ ਸਿਰ ਤੋਂ ਮਾਂ ਮੇਰੀ
ਨਿੱਤ ਕੌੜੀਆਂ ਮਿਰਚਾਂ ਵਾਰੇ।
ਹੱਸਦੇ ਹੀ ਰਹਿਣ ਅੰਬਰੀਂ ਤਾਰੇ
ਖ਼ੁਸ਼ਬੂਆਂ ਵੰਡਣ ਫੁੱਲ ਸਾਰੇ
ਰੱਬਾ! ਕਦੇ ਨਾ ਫੁੱਲ ਮੁਰਝਾਵਣ
ਕਦੇ ਨਾ ਟੁੱਟਣ ਤਾਰੇ।
ਨੀਲ ਕੰਠ
ਨੀਲੀ ਗਰਦਨ ਵਾਲਾ ਪੰਛੀ
ਰੁੱਖ ਦੀ ਖੋੜ ਰਹਿੰਦਾ
ਉਸਦੇ ਖੰਭਾਂ ’ਤੇ ਰੰਗ ਲਿਸ਼ਕਦੇ
ਮਨ ਮੋਹ ਲੈਂਦਾ।
ਤਾਰਾਂ ਉੱਪਰ ਬੈਠਾ ਹੁੰਦਾ
ਰੁੰਡ ਮਰੁੰਡ ਰੁੱਖਾਂ ’ਤੇ ਬਹੇ
ਦੀਂਹਦਾ ਜਦੋਂ ਸ਼ਿਕਾਰ ਤਾਂ
ਥੱਲੇ ਉਤਰ ਪਵੇ।
ਚੂਹੇ, ਡੱਡੂ, ਛਿਪਕਲੀਆਂ, ਮੱਛੀਆਂ
ਸੱਪ ਵੀ ਲੈਂਦਾ ਮਾਰ
ਬਰਸਾਤਾਂ ਵਿਚ ਉੱਡਣ ਭਮੱਕੜ
ਨੀਲ ਕੰਠ ਦਾ ਮਨਭਾਉਂਦਾ ਆਹਾਰ।
ਕੱਦ ਕਬੂਤਰ ਜਿੱਡਾ ਇਸਦਾ
ਪੱਚੀ-ਛੱਬੀ ਸੈਂਟੀਮੀਟਰ ਲੰਬਾਈ
ਧੌਣ ਬਦਾਮੀ ਉੱਪਰ ਖਿੰਡੀਆਂ
ਚਿੱਟੀਆਂ ਲੀਕਾਂ ਦੇਣ ਦਿਖਾਈ।
ਸਿਰ ’ਤੇ ਟੋਪੀ ਨੀਲੀ
ਅੱਖਾਂ ਇਸ ਦੀਆਂ ਮੋਟੀਆਂ ਭਾਰੀਆਂ
ਚੁੰਝ ਮੁੜੀ ਹੁੰਦੀ ਉੱਪਰੋਂ
ਜੜ੍ਹਾਂ ਵਿਚ ਨਾਸਾਂ ਲੰਬੀਆਂ ਸਾਰੀਆਂ।
ਕੱਲ ਖੋਰਾ ਜਨੌਰ ਇਹ
ਡੂੰਘੇ ਪਾਣੀਆਂ ਵਿਚ ਨਹਾਉਂਦਾ
ਪੌਣਾਂ ਵਿਚ ਖਾਵੇ ਲੋਟ ਪੋਟਣੀਆਂ
ਮਾਦਾ ਨੂੰ ਹੈ ਭਰਮਾਉਂਦਾ।
ਛਾਤੀ ਇਸਦੀ ਬਾਦਾਮੀ ’ਚੋਂ
ਲਾਲੀ ਦੀ ਭਾਹ ਮਾਰੇ
ਬਦਨ ਇਸਦੇ ਚਮਕਣ ਪੂੰਝੇ
ਨੀਲਾ ਰੰਗ ਮਾਰੇ ਲਿਸ਼ਕਾਰੇ।
ਉੱਡਦਾ ਜਦੋਂ ਖੰਭਾਂ ਥੱਲਿਓਂ
ਰੰਗ ਫਿਰੋਜ਼ੀ ਦਾ ਪਵੇ ਚਮਕਾਰਾ
ਤੱਕਣ ਨੂੰ ਜੀਅ ਕਰਦਾ
ਹੁੰਦਾ ਦੇਖਣ ਵਾਲਾ ਨਜ਼ਾਰਾ।
ਲੋਕੀ ਇਸਨੂੰ ਗਰੁੜ ਆਖਦੇ
ਮੰਨਦੇ ਪੰਛੀ ਪਾਕ ਪਵਿੱਤਰ
ਭੋਲੇ ਨਾਥ, ਵਿਸ਼ਨੂੰ ਨਾਲ ਜੋੜਦੇ
ਖੇਤਾਂ ਵਾਲਿਆਂ ਦਾ ਮਿੱਤਰ।
ਚਿੱਟੇ ਆਂਡੇ ਗੋਲ ਮਟੋਲ
ਮਾਦਾ ਦਿੰਦੀ ਪੰਜ ਜਾਂ ਚਾਰ
ਨਰ ਤੇ ਮਾਦਾ ਮਿਲਕੇ ਸੇਂਹਦੇ
ਵਾਰੀ ਦੇ ਅਨੁਸਾਰ।
ਇਸ ਦੀ ਸੱਦ ਪੁਕਾਰ
ਹੈ ਖਰ੍ਹਵੀ ਕਾਂ ਵਰਗੀ
ਬਦਲੀ ਹੋਈ ਆਵਾਜ਼ ਕੱਢੇ
ਇਹ ਟੁਣਕਦੀਆਂ ਧਾਤਾਂ ਵਰਗੀ।
ਨੀਲ ਕੰਠ ਨੂੰ ਲੋਕ ਸ਼ਿਕਾਰੀ
ਪਿੰਜਰੇ ਡੱਕਦੇ, ਭੁੱਖਾ ਰੱਖਦੇ
ਉੱਡ ਨਾ ਸਕੇ ਖੰਭ ਕਤਰ ਦੇ
ਵੇਚ ਕੇ ਪੈਸੇ ਵੱਟਦੇ।
ਕਈ ਸੂਬਿਆਂ ਨੀਲ ਕੰਠ ਨੂੰ
ਰਾਜ ਪੰਛੀ ਦਾ ਦਿੱਤਾ ਮਾਣ
ਕੀੜੇ ਮਾਰ ਦਵਾਈਆਂ ਵੀ
ਇਸਦੇ ਭੋਜਨ ਨੂੰ ਸੰਨ੍ਹ ਲਾਣ।
ਦੁਸਹਿਰੇ ਦਿਨ ਨੀਲ ਕੰਠ ਨੂੰ
ਪੌਣਾਂ ਵਿਚ ਉਡਾਉਂਦੇ
ਪੰਛੀਆਂ ਉੱਪਰ ਜ਼ੁਲਮ ਕਮਾ
ਲੋਕੀ ਕਿਹੜਾ ਪੁੰਨ ਕਮਾਉਂਦੇ।
ਨਾ ਇਹ ਖ਼ਤਰਾ ਸੂਚੀ ਅੰਦਰ
ਨਾ ਗੁੰਮ ਜਾਣ ਦਾ ਡਰ
ਮਾਰੋਗੇ ਜੇ ਨੀਲ ਕੰਠ ਨੂੰ
ਤਾਂ ਹੋ ਜਾਓਗੇ ਅੰਦਰ।
ਰੇਸ਼ਮ ਦਾ ਕੀੜਾ
ਆਈ ਸੀ ਟੈਰਾਲਿਨ ਪੋਲਿਸਟਰ
ਆਈ ਚਲੀ ਗਈ
ਰੇਸ਼ਮ ਦੀ ਪਰ ਪਹਿਲਾਂ
ਵਰਗੀ ਸ਼ਾਨ ਰਹੀ।
ਨਿੱਕਾ ਜਿੰਨਾ ਕੀੜਾ ਉਣਦਾ
ਰੇਸ਼ਮ ਫੁੱਟ ਹਜ਼ਾਰ
ਆਪਣੇ ਗਿਰਦ ਲਪੇਟੀ ਜਾਂਦਾ
ਕਰੇ ਕੋਕੂਨ ਤਿਆਰ।
ਸ਼ਹਿਤੂਤ ਦੇ ਪੱਤੇ ਖਾਂਦੀ
ਕੀੜੇ ਦੀ ਮਾਂ
ਉੱਥੇ ਹੀ ਲੱਭ ਲੈਂਦੀ
ਆਂਡੇ ਦੇਵਣ ਨੂੰ ਥਾਂ।
ਲੇਸਦਾਰ ਪਾਣੀ ਨਾਲ
ਆਂਡੇ ਢਕ ਦੇਂਦੀ
ਬੱਚੇ ਨਿਕਲਣ ਆਸ ਹੈ
ਮਨ ਵਿੱਚ ਰੱਖ ਲੈਂਦੀ।
ਇੱਕ ਦਿਨ ਤਿੜਕਣ ਆਂਡੇ
ਕੀੜੇ ਨਿਕਲ ਪੈਂਦੇ
ਇਨ੍ਹਾਂ ਨੂੰ ਹੀ ਰੇਸ਼ਮ ਦੇ
ਕੀੜੇ ਨੇ ਕਹਿੰਦੇ।
ਸ਼ਹਿਤੂਤ ਦੇ ਪੱਤਿਆਂ ਨੂੰ
ਮੂੰਹ ਮਾਰਨ ਲੱਗਦੇ
ਨਿੱਕੇ ਨਿੱਕੇ ਕੀੜੇ
ਸਿਹਤ ਸੁਧਾਰਨ ਲੱਗਦੇ।
ਕਾਇਆ ਕਲਪ ਹੁੰਦਾ
ਕੀੜਿਆਂ ਦਾ ਕਈ ਵਾਰੀ
ਤਿੰਨ ਇੰਚ ਲੰਬੇ ਹੋ ਜਾਵਣ
ਹੋ ਜੇ ਦੇਹ ਭਾਰੀ।
ਰੇਸ਼ਮ ਜਨਣ ਗ੍ਰੰਥੀਆਂ
’ਚੋਂ ਦ੍ਰਵ ਜੇਹਾ ਝਰਦਾ
ਚਮੜੀ ਥੱਲੇ ਦੋ ਝਿੱਲੀਆਂ ਵਿੱਚ
ਰਹਿੰਦਾ ਭਰਦਾ।
ਥੱਲੜੇ ਬੁੱਲ੍ਹ ’ਤੇ ਬਣੇ ਅੰਗ ਤੋਂ
ਦ੍ਰਵ ਨਿਕਲਦਾ ਬਾਹਰ
ਹਵਾ ਸੁਕਾਈ ਜਾਂਦੀ
ਦੇਵੇ ਰੇਸ਼ਮ ਦੀ ਚਮਕਾਰ।
ਇੱਕ ਖੋਲ ਉਸਾਰੇ ਕੀੜਾ, ਉਸ ਦੇ
ਅੰਦਰ ਘਿਰ ਜਾਵੇ
ਨ੍ਹੇਰ ਕੋਠੜੀ ਅੰਦਰ ਦੇਖੋ
ਆਪੇ ਗਿਰ ਜਾਵੇ।
ਫੜਕੇ ਕੈਂਚੀ ਲੋਕ ਵਪਾਰੀ
ਕੱਟ ਕੋਕੂਨ ਲਿਜਾਂਦੇ
ਫੇਰ ਕੋਕੂਨ ਕੜਾਹਿਆਂ ਦੇ ਵਿੱਚ
ਫਿਰਨ ਉਬਾਲੇ ਖਾਂਦੇ।
ਇੱਕ ਪੌਂਡ ਰੇਸ਼ਮ ਬਣਦਾ
ਜੇ ਕੀੜੇ ਮਰਨ ਹਜ਼ਾਰ
ਵਾਹ ਕੁਦਰਤ ਨੇ ਸਿਰਜਿਆ
ਕੇਹਾ ਜੀਵ ਸੰਸਾਰ।
ਰੇਸ਼ਮ ਦੇ ਕੀੜੇ ਨੇ
ਪਹਿਲਾਂ ਜਾਨ ਗੁਆਉਂਦੇ
ਤਾਂ ਆਪਾਂ ਸਾਰੇ
ਰੇਸ਼ਮ ਦੇ ਕੱਪੜੇ ਪਾਉਂਦੇ।
ਟਾਹਲੀ
ਸ਼ੀਸ਼ਮ ਸਿਸੂ ਨੇ ਮੈਨੂੰ ਕਹਿੰਦੇ
ਲੋਕ ਆਖਦੇ ਟਾਹਲੀ
ਪਤਝੜੀ ਰੁੱਖ ਹਾਂ ਮੈਂ
ਠੰਢੀਆਂ ਛਾਵਾਂ ਦੇਵਣ ਵਾਲੀ।
ਮੈਂ ਤਾਂ ਹਰ ਮਿੱਟੀ ਵਿਚ
ਹਾਂ ਉੱਗ ਪੈਂਦੀ
ਪਰ ਪੰਜਾਬ ਦੀ ਮਿੱਟੀ
ਮੇਰਾ ਮਨ ਮੋਹ ਲੈਂਦੀ।
ਦੁਨੀਆਂ ਜਾਣੇ ਲੱਕੜ ਮੇਰੀ
ਹੈ ਮਜ਼ਬੂਤ ਬੜੀ ਦਮਦਾਰ
ਮੇਰੇ ਪੱਤਿਆਂ ਦਾ ਹੁੰਦਾ ਹੈ
ਖੰਭਾਂ ਜੇਹਾ ਆਕਾਰ।
ਜਦੋਂ ਪਤਝੜ ਆਉਂਦੀ
ਸਾਰੇ ਪੱਤੇ ਖੋਹ ਲੈ ਜਾਂਦੀ
ਰੁੰਡ ਮਰੁੰਡੇ ਟਾਹਣ ਫੁੱਟਦੇ
ਜਦੋਂ ਬਹਾਰ ਹੈ ਆਂਦੀ।
ਨਿੱਕੇ-ਨਿੱਕੇ ਪੀਲੇ ਚਿੱਟੇ
ਗੁੱਛਿਆਂ ਵਿਚ ਫੁੱਲ ਪੈਂਦੇ
ਪੱਕਦੇ ਤਾਂ ਫ਼ਲੀਆਂ ਬਣਦੇ
ਵਿਚ ਬੀਜ ਲੁਕੇ ਰਹਿੰਦੇ।
ਕਾਰੀਗਰ ਫਰਨੀਚਰ ਤੇ ਚੁਗਾਠ ਨੂੰ
ਮੇਰੀ ਲੱਕੜੀ ਭਾਲਦੇ
ਮੇਰੇ ਸੁੱਕੇ ਪੱਤੇ ਲੋਕੀਂ
ਚੁੱਲ੍ਹਿਆਂ ਵਿਚ ਨੇ ਬਾਲਦੇ।
ਟਾਹਲੀ ਦੇ ਪੱਤਿਆਂ ਦਾ ਕਾੜ੍ਹਾ
ਸੱਟ ਦੀ ਸੋਜ ਘਟਾਉਂਦਾ
ਜ਼ਖ਼ਮ ਠੀਕ ਹੋ ਜਾਵੇ
ਜੋ ਉੱਪਰ ਟਾਲੀ ਦਾ ਰਸ ਲਾਉਂਦਾ।
ਸ਼ੁਤਰਮੁਰਗ
ਦੁਨੀਆਂ ਦਾ ਸਭ ਤੋਂ ਵੱਡਾ
ਹੈ ਪੰਛੀ ਕੌਣ
ਮੈਂ ਸ਼ੁਤਰਮੁਰਗ ਹਮਲਾਵਰ
ਛੋਟਾ ਸਿਰ ਮੇਰੀ ਲੰਬੀ ਧੌਣ।
ਪਤਲੀਆਂ ਲੱਤਾਂ, ਪੈਰ ਮੇਰੇ
ਬੜੇ ਹੁੰਦੇ ਨੇ ਦਮਦਾਰ
ਨੌਂ ਫੁੱਟ ਉੱਚਾ ਕੱਦ ਹੈ
ਡੇਢ ਸੌ ਕਿਲੋ ਭਾਰ।
ਨਿੱਕੇ ਦੁਰਬਲ ਖੰਭ ਨੇ
ਮੇਰਾ ਰੱਖਦੇ ਬਦਨ ਫੁਲਾਈ
ਦੌੜਨ ਵੇਲੇ ਇਹੀ ਖੰਭ
ਰੱਖਦੇ ਸੰਤੁਲਨ ਬਣਾਈ।
ਸੱਤਰ ਕਿਲੋਮੀਟਰ ਦੌੜਾਂ ਮੈਂ
ਇੱਕ ਘੰਟੇ ਦੇ ਅੰਦਰ
ਚੀਤੇ ਤੋਂ ਦੌੜਨ ਵਿੱਚ
ਮੇਰਾ ਦੂਜਾ ਹੈ ਨੰਬਰ।
ਮੈਂ ਸੰਘਣੇ ਜੰਗਲ ਗਾਹੁੰਦਾ
ਘੁੰਮਦਾ ਹਾਂ ਮੈਦਾਨੀ ਥਾਵਾਂ
ਮੇਰੀ ਚੁੰਝ ਨੁਕੀਲੀ
ਅੱਖਾਂ ਚੌੜੀਆਂ, ਤੇਜ਼ ਨਿਗ੍ਹਾਵਾਂ।
ਅਫ਼ਰੀਕਾ ਦੇ ਵਰਖਾ ਵਣਾਂ
ਦੇ ਝੁੰਡਾਂ ਵਿੱਚ ਰਹਿੰਦਾ
ਹਰ ਕੋਈ ਭੇਡਾਂ ਜ਼ੈਬਰਿਆਂ ਦਾ
ਮੈਨੂੰ ਆੜੀ ਕਹਿੰਦਾ।
ਰੁੱਖਾਂ ਦੇ ਪੱਤੇ, ਫ਼ਲ, ਬੀਅ
ਮੈਂ ਹਾਂ ਖਾਂਦਾ
ਸੱਪ ਚੂਹੇ ਛਿਪਕਲੀਆਂ
ਪੱਥਰ ਰੋੜੇ ਖਾ ਜਾਂਦਾ।
ਸਾਲ ਅੰਦਰ ਮਾਦਾ ਮੁਰਗੀ
ਸੌ ਤਕ ਆਂਡੇ ਦੇਂਦੀ
ਚਾਲੀ ਕੁ ਦਿਨ ਉੱਪਰ ਬਹਿ
ਆਂਡਿਆਂ ਨੂੰ ਸੇਂਦੀ।
ਛੇ ਇੰਚ ਲੰਬਾ ਆਂਡਾ
ਮੇਰਾ ਡੇਢ ਕਿਲੋ ਭਾਰਾ
ਮੋਤੀ ਜੀਕੂੰ ਲਿਸ਼ਕਾ ਮਾਰੇ
ਤੱਕਣ ਵਾਲਾ ਨਜ਼ਾਰਾ।
ਸ਼ਾਂਤ ਸੁਭਾਅ ਮੇਰਾ ਜੇ
ਛੇੜੋ ਦੇਵਾਂ ਦੁਲੱਤੀ ਮਾਰ
ਦੁਲੱਤੀ ਮੇਰੀ ਨੂੰ
ਸ਼ੇਰ ਵੀ ਸਕਦਾ ਨਹੀਂ ਸਹਾਰ।
ਝੂਠੀਆਂ ਗੱਲਾਂ ਲੋਕ ਬਣਾਉਂਦੇ
ਕਿ ਮੈਂ ਰੇਤੇ ਵਿੱਚ ਸਿਰ ਦੱਬਦਾ
ਮੈਂ ਧਰਤੀ ’ਤੇ ਲਿਟਦਾ
ਮਾਰਨ ਵਾਲਿਆਂ ਨੂੰ ਨਹੀਂ ਲੱਭਦਾ।
ਉੱਚਾ ਲੰਬਾ ਖੰਭਾਂ ਵਾਲਾ
ਸਕਾਂ ਨਾ ਮਾਰ ਉਡਾਰੀ
ਐਮੂ, ਕਿਵੀ, ਪੈਂਗੂਇਨਾਂ ਦੀ
ਮੇਰੇ ਵਾਗੂੰ ਕਿਸਮਤ ਮਾਰੀ।
ਖੱਲ ਮੇਰੀ ਤੋਂ ਲੋਕ ਵਪਾਰੀ
ਟੋਪੀਆਂ ਬੈਗ ਬਣਾਉਂਦੇ
ਮੇਰਾ ਗੋਸ਼ਤ, ਮੇਰੇ ਆਂਡੇ
ਬਾਜ਼ਾਰਾਂ ’ਚ ਵਿਕਣ ਜਾਂਦੇ।
ਗਿਣਤੀ ਮੇਰੀ ਹੋਰ ਵੀ
ਹੈ ਘਟ ਹੁੰਦੀ ਜਾਂਦੀ
ਕਦ ਖੋਜੀਆਂ ਨੇ ਖ਼ਤਰਾ ਸੂਚੀ
ਦੇ ਵਿੱਚ ਪਾਉਣੀ।
ਨਵਾਂ ਸਾਲ
ਐਸ ਵਰ੍ਹੇ ਜੇ ਮੌਲਾ ਮਿਹਰ ਕਰੇ
ਰੁੰਡ ਮਰੁੰਡੇ ਟਾਹਣਾਂ 'ਤੇ ਵੀ
ਉੱਗਣ ਪੱਤ ਹਰੇ
ਜੇ ਮੌਲਾ ਮਿਹਰ ਕਰੇ...
ਮੌਲਣ ਬੇਲੇ ਢੱਕੀਆਂ ਝਿੜੀਆਂ
ਮੁੜਨ ਘਰਾਂ ਨੂੰ ਰੁੱਸੀਆਂ ਚਿੜੀਆਂ
ਜ਼ਹਿਰਾਂ ਪੀਵੇ ਧਰਤੀ ਨਾ
ਬੰਜਰ ਦੀ ਮੌਤ ਮਰੇ...
ਨਿੱਕੇ ਹੱਥ ਨਾ ਨ੍ਹੇਰਾ ਢੋਵਣ
ਉਹ ਵੀ ਵਿਚ ਸਕੂਲੇ ਹੋਵਣ
ਪੜ੍ਹਨ ਕਿਤਾਬਾਂ ਉਨ੍ਹਾਂ ਦੀ ਵੀ
ਸੱਖਣੀ ਝੋਲ ਭਰੇ...
ਚੋਰ ਲੈ ਜਾਣ ਨਾ ਕਣਕਾਂ ਪੱਕੀਆਂ
ਘਰ ਆ ਜਾਵਣ ਸਰ੍ਹੋਆਂ ਮੱਕੀਆਂ
ਧੀ ਤੁਰ ਜਾਵੇ ਖੇਤਾਂ ਤੇ ਨਾ
ਬੱਦਲੀ ਕੋਈ ਵਰ੍ਹੇ...
ਵਿਸ਼ਵ ਪਿੰਡ ਤੋਂ ਆਈ ਟੋਲੀ
ਸਾਥੋਂ ਖੋਂਹਦੀ ਏ ਮਾਂ ਬੋਲੀ
ਖੋਹ ਨਾ ਪੌਂਡ ਲੈ ਜਾਣ ਪੁੱਤਾਂ ਨੂੰ
ਮਾਂ ਦੀ ਆਂਤ ਡਰੇ...
ਅਣਛੋਹੇ ਅੰਬਰਾਂ ਨੂੰ ਗਾਹੀਏ
ਵਿਚ ਪੁਲਾੜੀਂ ਪੈੜਾਂ ਪਾਈਏ
ਬਾਬਾ ਕਹਿੰਦਾ ਸੀ ਅੱਗੇ ਨੇ
ਧਰਤੀਆਂ ਪਰ੍ਹੇ ਪਰ੍ਹੇ...
ਮੌਲਾ! ਐਸ ਵਰ੍ਹੇ ਤੂੰ
ਸਾਡੇ ਪਿੰਡ ਆਈਂ
ਲੋਕਾਂ ਦੇ ਨਾਲ ਬੈਠੀਂ
ਤੇ ਕੁਝ ਸੁਣੀ ਸੁਣਾਈਂ
ਬੁੱਲਾਂ ਉੱਤੇ ਛਣਕ ਪੈਣਗੇ
ਜਜ਼ਬੇ ਠਰੇ ਠਰੇ...
ਨਿਓਲਾ
ਖੁੱਲ੍ਹੇ ਖੇਤੀਂ ਸੁੰਨੇ ਥਾਵੀਂ
ਨਦੀ ਨਾਲਿਆਂ ਲਾਗੇ ਰਹਿੰਦਾ
ਨਿੱਕੇ ਪੌਚਿਆਂ ਨਾਲ ਨਿਓਲਾ
ਡੂੰਘੀਆਂ ਖੁੱਡਾਂ ਪੁੱਟ ਲੈਂਦਾ।
ਰੰਗ ਇਸਦਾ ਮਿੱਟੀ ਰੰਗਾ
ਭੂਰਾ ਕੋਈ ਡੱਬ ਖੜੱਬਾ
ਲੰਬੀ ਪੂਛ ਜਿਉਂ ਕਰੜੇ
ਵਾਲਾ ਦਾ ਹੁੰਦਾ ਥੱਬਾ।
ਮੀਟਰ ਕੁ ਹੋਣੀ ਆ
ਇਸਦੀ ਪਾ ਕੇ ਪੂਛ ਲੰਬਾਈ
ਪੰਜ ਕਿਲੋ ਤਕ ਭਾਰੇ ਨਿਓਲੇ
ਖੋਜੀਆਂ ਕਰੀ ਤੁਲਾਈ।
ਕੀੜੇ ਗੰਡ ਗੰਡੋਏ ਪੰਛੀ
ਚੂਹੇ ਛਿਪਕਲੀਆਂ ਵੀ ਖਾਵੇ
ਸੁਣਿਆ ਨਿਓਲਾ ਜਾਨਵਰਾਂ ਦੇ
ਕੱਚੇ ਆਂਡੇ ਪੀ ਜਾਵੇ।
ਸੁੰਘਣ ਸ਼ਕਤੀ ਤੇਜ਼ ਬੜੀ
ਨਜ਼ਰਾਂ ਤੋਂ ਲੱਖਣ ਲਾਉਂਦਾ
ਫੁਰਤੀਲਾ ਜੁਗਾੜੀ ਹੈ ਇਹ
ਨਾਗ ਕੋਬਰਾ ਖਾ ਜਾਂਦਾ।
ਕੁਦਰਤ ਨੇ ਨਿਓਲੇ ਦੀ ਚਮੜੀ
ਕਿਹੋ ਜਿਹੀ ਬਣਾਈ
ਸੱਪ ਦੇ ਡੰਗ ਦਾ ਇਸ ’ਤੇ
ਅਸਰ ਰਤਾ ਨਾ ਕਾਈ।
ਨਿਓਲੇ ਤੇ ਸੱਪ ਦੀ ਹੁੰਦੀ
ਬੜੀ ਦੇਖਣ ਵਾਲੀ ਲੜਾਈ
ਗਿੱਚੀਓਂ ਫੜਕੇ ਖ਼ੂਬ ਪਟਕਦਾ
ਚੰਗੀ ਕਰੇ ਧੁਲਾਈ।
ਹੁਣ ਤਾਂ ਜਾਣ ਗਏ ਹੋਵੋਗੇ
ਕੇਹਾ ਨਿਓਲੇ ਦਾ ਸੁਭਾਅ
ਜੰਗਲੀ ਮੌਕਾਪ੍ਰਸਤ ਸ਼ਿਕਾਰੀ
ਮੌਕਾ ਮਿਲੇ ਲਾ ਜਾਂਦਾ ਦਾਅ।
ਸੱਪ, ਚਕੂੰਦਰ, ਚੂਹੇ ਮਾਰਨ ਨੂੰ
ਨਿਓਲੇ ਪਾਲੇ ਜਾਂਦੇ
ਪਰ ਨਿਓਲੇ ਫਾਇਦੇ ਦੇ ਨਾਲੋਂ
ਵੱਧ ਨੁਕਸਾਨ ਪਹੁੰਚਾਉਂਦੇ।
ਪਤਾ ਨਹੀਂ ਕਿਉਂ ਲੋਕ ਮੰਨਦੇ
ਇਸਦਾ ਮੱਥੇ ਲੱਗਣਾ ਚੰਗਾ
ਸੱਪ ਖਾਧੇ ਨਿਓਲੇ ਨਾਲ
ਲੈਣਾ ਨਹੀਂ ਕੋਈ ਪੰਗਾ।
ਦੇਖੀ ਹੋਣੀ ਉਨ੍ਹਾਂ ਨੇ
ਨਿਓਲੇ ਦੀ ਕੋਈ ਚੰਗੀ ਮੰਦੀ
ਕਈ ਮੁਲਕਾਂ ਵਿੱਚ ਨਿਓਲਾ ਲੈ ਕੇ
ਜਾਣ ਉੱਤੇ ਪਾਬੰਦੀ।
ਬੰਦਾ ਨਿਓਲਾ ਮਾਰੇ ਉਸਤੋਂ
ਖੱਲ ਉਤਾਰਨ ਲਈ
ਬੁਰਸ਼ ਬਣਾਉਂਦਾ ਵਾਲਾ ਤੋਂ
ਜਾਂ ਘਰ ਦੀ ਕੰਧ ਸ਼ਿੰਗਾਰਨ ਲਈ।
ਚੌਂਤੀ ਪ੍ਰਜਾਤੀਆਂ ਨਿਓਲੇ ਦੀਆਂ
ਪਰ ਸਾਡੇ ਕੋਲ ਚਾਰ
ਪੰਜਵੀਂ ਜਾਤੀ ਖ਼ਤਰਾ ਸੂਚੀ
ਦੇ ਵਿੱਚ ਹੋਈ ਸ਼ੁਮਾਰ।
ਹੁਣ ਤਾਂ ਜੀਵ ਨਿਓਲਾ
ਸੁਰੱਖਿਆ ਐਕਟ ਥੱਲੇ ਹੈ ਆਉਂਦਾ
ਜੋ ਨਿਓਲੇ ਨੂੰ ਮਾਰੇ ਸਖ਼ਤ
ਸਜ਼ਾ ਹੁਣ ਪਾਉਂਦਾ।
ਤੋਤਾ
ਰੁੱਖਾਂ ਵਰਗਾ ਰੰਗ ਮੇਰਾ
ਮਿੱਠੂ ਅਖਵਾਉਂਦਾ
ਗੂੜ੍ਹੇ ਰੰਗ ਅਨਾਰਾਂ ਜੇਹੀ
ਗਲ਼ ਗਾਨੀ ਪਾਉਂਦਾ।
ਮੁੜੀ ਚੁੰਝ ਨੋਕੀਲੀ
ਰੰਗ ਦੀ ਹੁੰਦੀ ਲਾਲ
ਚਹੁੰ ਉਂਗਲਾਂ ਵਾਲੇ ਪੌਂਚੇ
ਮੇਰੇ ਬੜੇ ਕਮਾਲ।
ਉਂਗਲਾਂ ਮੁੜੀਆਂ ਨਾਲ
ਟਹਿਣੀਆਂ ਝੱਟ ਫੜ ਲੈਂਦਾ
ਤੇਜ਼ ਹਨੇਰੀ ਝੱਖੜ ਮੈਨੂੰ
ਕੁਝ ਨਹੀਂ ਕਹਿੰਦਾ।
ਇੱਕੋ ਪੌਂਚੇ ਨਾਲ ਟਹਿਣੀਓਂ
ਲਟਕ ਹਾਂ ਜਾਂਦਾ
ਦੂਜੇ ਪੌਂਚੇ ਨਾਲ ਪਕੜਦਾ
ਹਾਂ ਫ਼ਲ ਖਾਂਦਾ।
ਉਂਝ ਮੈਂ ਫੁੱਲਾਂ ਕਲੀਆਂ
ਦਾ ਹਾਂ ਰਸ ਪੀਂਦਾ
ਨਿੱਕੇ ਕੀੜੇ ਖਾ ਕੇ
ਵੀ ਹਾਂ ਜੀਅ ਲੈਂਦਾ।
ਤਿੰਨ ਸੌ ਤੀਹ ਪ੍ਰਜਾਤੀਆਂ
ਤੋਤੇ ਦਾ ਪਰਿਵਾਰ
ਤਿੰਨ ਇੰਚ ਤੋਂ ਚਾਲੀ ਇੰਚ ਤੀਕ
ਤੋਤਿਆਂ ਦੇ ਆਕਾਰ।
ਨਕਲ ਲਾਉਂਦਾ ਥੋਡੀ
ਬੋਲ ਬੋਲਣ ਲੱਗ ਪੈਂਦਾ
ਧੋਖੇ ਦੇ ਨਾਲ ਬੰਟਾ
ਪਿੰਜਰੇ ਵਿੱਚ ਡੱਕ ਲੈਂਦਾ।
ਤੋਤੀ ਮੇਰੀ ਦੋ ਤੋਂ ਨੌਂ
ਤਕ ਆਂਡੇ ਦੇਂਦੀ
ਚਾਰ ਹਫ਼ਤਿਆਂ ਮਗਰੋਂ
ਨਿੱਕੜੇ ਬੱਚੇ ਵਿਹੰਦੀ।
ਬੱਚੇ ਪਾਲਣ ਤੋਤਾ ਤੋਤੀ
ਪਾਲਾ ਧੁੱਪਾਂ ਸਹਿੰਦੇ
ਤੋਤੀ ਤੋਤਾ ਭਰ ਉਮਰਾਂ
ਤਕ ਕੱਠੇ ਰਹਿੰਦੇ।
ਹੋਰ ਜਨੌਰਾਂ ਵਾਂਗੂੰ
ਆਪਾਂ ਘਰ ਨਹੀਂ ਪਾਈਦਾ
ਰੁੱਖਾਂ ਦੀਆਂ ਖੋੜਾਂ ਵਿੱਚ
ਘਰ ਪਾ ਝੱਟ ਲੰਘਾਈਦਾ।
ਸੁਣੀਆਂ ਹੋਣੀਆਂ ਤੁਸੀਂ ਵੀ
ਤੋਤਾ ਮੈਨਾ ਦੀਆਂ ਕਹਾਣੀਆਂ
ਬੱਚਿਆਂ ਦੇ ਨਾਲ ਸਾਂਝਾਂ
ਸਾਡੀਆਂ ਬਹੁਤ ਪੁਰਾਣੀਆਂ।
ਚੂਰੀ ਕੁੱਟ ਖਵਾਣ ਵਾਲਿਓ
ਮੈਂ ਕਾਹਤੋਂ ਕੈਦ ਹੰਢਾਉਂਦਾ
ਖੋਲ ਦਿਓ ਮੇਰਾ ਪਿੰਜਰਾ
ਮੈਂ ਅੰਬਰੀਂ ਉੱਡਣਾ ਚਾਹੁੰਦਾ।
ਬਿੱਲੀ
ਦੂਰ ਦੂਰ ਤਕ ਫੈਲਿਆ ਹੈ
ਬਿੱਲੀਆਂ ਦਾ ਸੰਸਾਰ
ਬਿੱਲੀ ਨੂੰ ਮਾਸੀ ਕਹਿੰਦਾ ਹੈ
ਜੰਗਲ ਦਾ ਸਰਦਾਰ।
ਬਾਘ ਬਘੇਲੇ ਚੀਤੇ ਤੇਂਦੂਏ
ਬਿੱਲੀ ਦੇ ਨੇ ਭਾਈ
ਬਿੱਲੀਆਂ ਦੀਆਂ ਚਾਲੀ ਕਿਸਮਾਂ
ਸਾਂਝ ਧਰਤ ਨਾਲ ਪਾਈ।
ਚਿਤਕਬਰੀ ਬਾਦਾਮੀ ਸੋਨੇ ਰੰਗੀ
ਭੂਰੀ ਕਾਲੀ ਚਿੱਟੀ
ਉਂਗਲਾਂ ਭਾਰ ਮਲਕੜੇ ਤੁਰਦੀ
ਬਿੱਲੀ ਹੋਣੀ ਆ ਡਿੱਠੀ।
ਮੀਟਰ ਤੋਂ ਘੱਟ ਹੁੰਦੀ
ਇਸਦੀ ਪਾ ਕੇ ਪੂਛ ਲੰਬਾਈ
ਅੱਠ ਕਿਲੋ ਤਕ ਵਜ਼ਨ ਇਸਦਾ
ਕੀਤੀ ਜਦੋਂ ਤੁਲਾਈ।
ਮੂੰਹ ’ਤੇ ਮੁੱਛਾਂ ਕੰਨ ਖਲੋਤੇ
ਅੱਖਾਂ ਤੇਜ਼ ਤਰਾਰ
ਜੀਭ ਨਾਲ ਆਪਣਾ ਪਿੰਡਾ
ਸਾਫ਼ ਕਰੇ ਕਈ ਵਾਰ।
ਦਿਨ ਵਿੱਚ ਬਹੁਤਾ ਸੌਂਦੀ
ਬਿੱਲੀ ਰਾਤੀਂ ਕਰੇ ਸ਼ਿਕਾਰ
ਤਿੱਖੀਆਂ ਨਹੁੰਦਰਾਂ ਵਾਲੇ ਪੰਜੇ
ਇਸ ਦੇ ਗੱਦੀਦਾਰ।
ਕਾਟੋ ਚਿੜੀ ਕਬੂਤਰ ਚੂਹੇ
ਬਿੱਲੀ ਦਾ ਬਣਦੇ ਖਾਣਾ
ਇਸ ਨੂੰ ਕਦੀ ਪਸੰਦ ਨਹੀਂ
ਪਾਣੀ ਕੋਲ ਜਾਣਾ।
ਸਾਲ ਅੰਦਰ ਦੋ ਵਾਰੀ
ਬਿੱਲੀ ਹੈ ਬੱਚੇ ਜਣਦੀ
ਚਾਰ ਜਾਂ ਪੰਜ ਬਲੂੰਗੜੇ
ਬਣਦੇ ਰੌਣਕ ਨੇ ਘਰਦੀ।
ਕਰਨ ਚੁਸਤੀਆਂ ਦੌੜਨ ਭੱਜਣ
ਬੱਚੇ ਹੋਣ ਉਡਾਰ
ਬਿੱਲੀ ਤੋਂ ਸਿੱਖ ਲੈਂਦੇ
ਘੇਰਨਾ, ਫੜਨਾ ਕਿਵੇਂ ਸ਼ਿਕਾਰ।
ਸੁਣ ਲੈਂਦੇ ਪਰਾਧੁਨੀਆਂ
ਚੂਹੇ ਕਰਦੇ ਜੋ ਗੱਲਬਾਤ
ਪੰਜਾ ਮਾਰ ਦਬੋਚ ਲਵੇ
ਲੁਕਵੀਂ ਥਾਂ ਲਾਵੇ ਘਾਤ।
ਕੱਲੀ ਕਰੇ ਸ਼ਿਕਾਰ
ਉਹਨੂੰ ਆਪੇ ਖਾ ਜਾਂਦੀ
ਕੱਲੋਖੋਰੀ ਦੀ ਆਦਤ ਹੈ
ਬਿੱਲੀ ਨੂੰ ਭਾਊਂਦੀ।
ਪੱਚੀ ਸਾਲ ਜਿਊਂਦੀ ਬਿੱਲੀ
ਇਸ ਤੋਂ ਵੀ ਵੱਧ ਹੋਰ
ਬੁੱਢੀ ਹੋ ਕੇ ਬਿੱਲੀ ਬਣ
ਜਾਂਦੀ ਹੈ ਗੁੱਸੇ ਖੋਰ।
ਥੋਥਾ ਹੈ ਵਿਸ਼ਵਾਸ ਕਿ
ਬਿੱਲੀ ਰਾਹ ਕੱਟੇ ਨਹੀਂ ਚੰਗਾ
ਬਿੱਲੀਆਂ ਰੋਂਦੀਆਂ ਹੋਣ ਕਦੀ
ਨਾ ਪੈਂਦਾ ਕੋਈ ਪੰਗਾ।
ਖ਼ਰਗੋਸ਼
ਤੁਰਦਾ ਲੱਗਦਾ ਜੀਕੂੰ ਰੂੰ ਦਾ
ਗੋਹੜਾ ਰੁੜ੍ਹਿਆ ਜਾਵੇ
ਨੱਚੇ ਟੱਪੇ ਮਨ ਨੂੰ ਠੱਗੇ
ਨਿੱਕੜੀ ਪੂਛ ਹਿਲਾਵੇ।
ਰੰਗ ਹੁੰਦਾ ਖ਼ਰਗੋਸ਼ ਦਾ
ਚਿੱਟਾ ਭੂਰਾ ਜਾਂ ਕਾਲਾ
ਖਿਡੌਣਾ ਕੋਈ ਨੀਲ ਗੁਲਾਬੀ
ਕਾਲੀਆਂ ਅੱਖਾਂ ਵਾਲਾ।
ਲੰਬੇ ਇਸਦੇ ਕੰਨ ਬੜਾ ਹੀ
ਕੰਮ ਨੇ ਆਉਂਦੇ
ਮੱਧਮ ਦੁਰਬਲ ਆਵਾਜ਼ਾਂ ਨੂੰ
ਸਮਝਣ ਯੋਗ ਬਣਾਉਂਦੇ।
ਵੱਡੇ ਤੋਂ ਵੱਡਾ ਬਣਾਉਂਦੇ
ਤੇਰਾਂ ਚੌਦਾਂ ਕਿਲੋ ਭਾਰਾ
ਇੱਕ ਪਿਗਮੀ ਖ਼ਰਗੋਸ਼
ਅੱਧੇ ਪੌਣੇ ਕਿਲੋ ਦਾ ਸਾਰਾ।
ਮੂੰਹ ਵਿੱਚ ਦੰਦ ਅਠਾਈ
ਉਮਰ ਭਰ ਵਧਦੇ ਜਾਂਦੇ
ਮਨ ਨਾਲ ਖ਼ਰਗੋਸ਼ ਨੇ
ਘਾਹ ਦੀਆਂ ਪੱਤੀਆਂ ਖਾਂਦੇ।
ਪੈੜ ਨਾ ਛੱਡਦਾ ਤਿੰਨ
ਟੰਗਾਂ ’ਤੇ ਦੌੜ ਲਗਾਵੇ
ਦੁਸ਼ਮਣ ਨੂੰ ਦੇ ਦੇਵੇ ਝਕਾਨੀ
ਰਸਤਾ ਬਦਲ ਜਾਵੇ।
ਮਸਤੀ ਕਰਦਾ ਨੱਚਦਾ ਟੱਪਦਾ
ਪੈਰਾਂ ਭਾਰ ਖਲੋ ਜਾਂਦਾ
ਗੁੱਸੇ ਹੁੰਦਾ, ਡਰਿਆ ਹੋਵੇ
ਪੌਂਚੇ ਧਪ ਧਪਾਂਦਾ।
ਨਹੁੰਦਰਾਂ ਦੇ ਨਾਲ ਮਿੱਟੀ ਪੁੱਟੇ
ਆਪਣੀ ਖੁੱਡ ਬਣਾਉਂਦਾ
ਖੁੱਲ੍ਹੀਆਂ ਅੱਖਾਂ ਰੱਖਕੇ ਸੌਂਦਾ
ਸੰਝ ਸਵੇਰੇ ਬਾਹਰ ਆਉਂਦਾ।
ਲੂੰਬੜ, ਬਿੱਜੂ, ਬਿੱਲੀ ਦੁਸ਼ਮਣ
ਸ਼ਿਕਰੇ, ਬਾਜ਼, ਸ਼ਿਕਾਰੀ ਕੁੱਤੇ
ਕਦ ਧਰਤੀ, ਕਦ ਆਕਾਸ਼ੋਂ
ਆ ਝਪਟਣ ਇਸਦੇ ਉੱਤੇ।
ਸਹਿਆ ਸਹੀ ਕਹਿੰਦੇ ਨੇ ਲੋਕੀਂ
ਬੱਚੇ ਬਹੁਤੇ ਜਣਦੇ
ਚਰਗਾਹਾਂ ਦਾ ਕਰਨ ਉਜਾੜਾ
ਫ਼ਸਲਾਂ ਲਈ ਮੁਸੀਬਤ ਬਣਦੇ।
ਡੰਗੇ ਲਾਉਂਦੇ, ਫਾਹੀਆਂ ਗੱਡਣ
ਜ਼ਹਿਰਾਂ ਦਾ ਜਾਲ ਵਿਛਾਉਂਦੇ
ਖ਼ਰਗੋਸ਼ਾਂ ਦੇ ਚਾਰੇ ਉੱਤੇ
ਬੰਦੇ ਨੇ ਪਹਿਰੇ ਲਾਉਂਦੇ।
ਖ਼ਰਗੋਸ਼ ਨੂੰ ਵੱਢਣ ਟੁੱਕਣ
ਪ੍ਰਯੋਗ ਕਰਨ ਤੇ ਮਾਰ ਧਰਨ
ਇਸਦੀ ਜੱਤ ਦੇ ਧਾਗੇ ਕੱਤਣ
ਟੋਪੀਆਂ ਕੋਟ ਤਿਆਰ ਕਰਨ।
ਪਾਊ ਠੱਲ੍ਹ ਖ਼ਰਗੋਸ਼ਾਂ ਨੂੰ
ਦੇਖੋ ਬੰਦਾ ਸ਼ੋਰ ਮਚਾਵੇ
ਏਸੇ ਆੜ ਵਿੱਚ ਵੱਢੇ, ਵੇਚੇ
ਗਿਰਗਟ ਰੰਗ ਦਿਖਾਵੇ।
ਮੋਹ ਦੇ ਰੁੱਖ ਦੀ ਜੜ ਨੂੰ
ਐਵੇਂ ਵੱਢਿਓ ਨਾ
ਦਾਦੀ ਮਾਂ ਦੀਆਂ ਬਾਤਾਂ ਵਿੱਚੋਂ
ਖ਼ਰਗੋਸ਼ ਨੂੰ ਕੱਢਿਓ ਨਾ।
ਕਬੂਤਰ
ਰਹੇ ਗੁਟਕਦਾ, ਬੋਲੀ ਜਾਵੇ
ਗੁਟਰ ਗੂੰ, ਗੁਟਰ ਗੂੰ
ਲਾਲ ਬਿੰਦ, ਲੋਟਣ ਗੋਲਾ
ਚੀਨਾ ਇਸਦੇ ਨਾਂ।
ਅਸੀਂ ਹਜ਼ਾਰਾਂ ਸਾਲਾਂ ਤੋਂ ਹਾ
ਕਬੂਤਰ ਨੂੰ ਜਾਣਦੇ
ਰਹਿਣ ਲਈ ਘਰ
ਰਹੇ ਛੱਤਰੀਆਂ ਤਾਣਦੇ।
ਕੋਲੰਬਾ ਲਿਵੀਆ ਕਹਿ ਕੇ ਖੋਜੀ
ਇਸ ਨੂੰ ਲੈਣ ਬੁਲਾ
ਤਿੰਨ ਸੌ ਪ੍ਰਜਾਤੀਆਂ ਦੇ
ਹੁੰਦੇ ਅੱਡੋ ਅੱਡ ਸੁਭਾਅ।
ਭੋਰਾ ਚੂਰਾ ਰੋਟੀ ਦਾ
ਸਿੱਟਿਆਂ ਦੇ ਕੱਚੇ ਦਾਣੇ
ਹੁੰਦੇ ਫੇਰ ਕਬੂਤਰ ਨੇ
ਕੰਕਰ ਰੋੜੇ ਵੀ ਖਾਣੇ।
ਤੁਹਾਡੇ ਨਾਲੋਂ ਵੱਡੇ ਖੇਤਰ
ਇਸ ਦੀਆਂ ਅੱਖਾਂ ਤੱਕਣ ਜੋ
ਸਿਰ ਹਿਲਾਵੇ, ਲੱਖਣ ਲਾਵੇ
ਲਾ ਲੈਂਦਾ ਹੈ ਸਾਰੀ ਟੋਹ।
ਉਮਰ ਲਈ ਨਰ ਤੇ ਮਾਦਾ
ਨੇ ਸੰਗ ਨਿਭਾਉਂਦੇ
ਸਾਲ ਅੰਦਰ ਅੱਠ ਵਾਰੀ
ਕਬੂਤਰ ਆਂਡੇ ਦੇ ਜਾਂਦੇ।
ਇੱਕ ਸਾਲ ਵਿੱਚ ਬੱਤੀ
ਅਗਲੇ ਸਾਲ ’ਚ ਪੰਜ ਸੌ ਬਾਰਾਂ
ਫੜੀ ਜਾਣ ਰਫ਼ਤਾਰ ਤੇ
ਲੱਗਦੀਆਂ ਜਾਣ ਕਤਾਰਾਂ।
ਲੈ ਕੇ ਜਾਂਦਾ ਹੁੰਦਾ ਸੀ
ਇਹ ਰੁੱਕੇ ਤੇ ਚਿੱਠੀਆਂ
ਹੁੰਦੀਆਂ ਸੀ ਕੌੜੀਆਂ ਮਿੱਠੀਆਂ।
ਬਿੱਲੀ ਕੋਲੋਂ ਡਰੇ ਕਬੂਤਰ
ਫੜ ਕੇ ਧੌਣ ਮਰੋੜੇ
ਅਜਗਰ, ਕੁੱਤੇ, ਬਾਜ਼ ਉਡਾਰੂ
ਦੁਸ਼ਮਣ ਨਾ ਇਸਦੇ ਥੋੜ੍ਹੇ।
ਵੱਡਾ ਵੈਰੀ ਬੰਦਾ ਇਸਦਾ
ਮਾਰ ਕਬੂਤਰ ਹੈ ਖਾਂਦਾ
ਜਾਲ ਵਿਛਾਕੇ ਫੜੇ ਕਬੂਤਰ
ਮੰਡੀ ਵੇਚਣ ਤੁਰ ਜਾਂਦਾ।
ਯੁੱਧਾਂ ਦੇ ਵਿੱਚ ਗੋਲੀਆਂ ਖਾਂਦਾ
ਖੰਭ ਝੁਲਸਾਉਂਦਾ ਰਿਹਾ
ਵਰਦੀ ਅੱਗ ਵਿੱਚ ਹੱਦੋਂ ਪਾਰ
ਸੰਦੇਸ਼ ਪਹੁੰਚਾਉਂਦਾ ਰਿਹਾ।
ਦੋਖੀ ਕੁਝ ਜੰਗਲੀ ਕਹਿਕੇ
ਇਸ ’ਤੇ ਤੋਹਮਤ ਲਾਉਂਦੇ ਨੇ
ਕਬੂਤਰ ਦੇ ਸ਼ੌਕੀ ਇਸਦੇ
ਪੈਰੀ ਝਾਂਜਰਾਂ ਪਾਉਂਦੇ ਨੇ।
ਚੀਨੇ ਨਹੀਓਂ ਦੇਖੇ ਅੱਜਕੱਲ੍ਹ
ਚਿੱਠੀਆਂ ਲੈ ਕੇ ਜਾਂਦੇ
ਮਗਰੋਂ ਆਣ ਡਾਕੀਏ ਹੁਣ ਤਾਂ
ਪਹਿਲਾਂ ਫੋਨ ਖੜਕ ਜਾਂਦੇ।
ਆਓ ਕਬੂਤਰ ਤੋਂ ਸਿੱਖੀਏ
ਅਸੀਂ ਰਲ ਮਿਲ ਰਹਿਣਾ
ਭਾਈਆਂ ਵਾਂਗੂੰ ਕੁਝ ਸੁਣੀਏ
ਕੁਝ ਸਿੱਖ ਲਈਏ ਕਹਿਣਾ।
ਸ਼ੇਰ
ਰੰਗ ਸੁਨਹਿਰਾ ਛਾਤੀ ਚਿੱਟੀ
ਕੰਨਾਂ ਉੱਪਰ ਕਿਨਾਰੀਆਂ
ਰੀੜ੍ਹ ਦੀ ਹੱਡੀ ਤੋਂ ਪਿੱਠ
’ਤੇ ਆਵਣ ਕਾਲੀਆਂ ਧਾਰੀਆਂ।
ਲੋਕੀ ਕਹਿੰਦੇ ਸ਼ੇਰ ਹੁੰਦਾ
ਹੈ ਜੰਗਲ ਦਾ ਸਰਦਾਰ
ਚੀਤੇ, ਬਾਘ, ਤੇਂਦੂਏ ਨੇ
ਸਭ ਬਿੱਲੀਆਂ ਦਾ ਪਰਿਵਾਰ।
ਚਾਰ ਕੁ ਮੀਟਰ ਇਸਦੀ ਹੁੰਦੀ
ਪਾ ਕੇ ਪੂੰਛ ਲੰਬਾਈ
ਤਿੰਨ ਸੌ ਕਿਲੋ ਵਜ਼ਨ ਇਸਦਾ
ਮੀਟਰ ਹੋਊ ਉੱਚਾਈ
ਅੱਖਾਂ ਅੰਦਰ ਗੋਲ ਪੁਤਲੀਆਂ
ਅੱਗ ਦੇ ਜਿਉਂ ਅੰਗਿਆਰ
ਸੁੱਤਾ ਰਹਿੰਦਾ ਦਿਨ ਭਰ
ਰਾਤੀਂ ਉੱਠਕੇ ਕਰੇ ਸ਼ਿਕਾਰ
ਰੌਸ਼ਨੀ ਜੋ ਅੱਖਾਂ ਚੁੰਧਿਆਏ
ਸ਼ੇਰ ਨਾ ਨੇੜੇ ਆਵੇ
ਚਲਦੀ ਸੁਣੇ ਬੰਦੂਕ ਦੀ ਗੋਲੀ
ਸ਼ੇਰ ਖਿਸਕ ਜਾਵੇ
ਜੰਗਲੀ ਕੁੱਤਿਆਂ ਦੇ ਝੁੰਡਾਂ ਤੋਂ
ਸ਼ੇਰ ਬੜਾ ਡਰਦਾ
ਗੌਂ ਮਾਰ ਗਿੱਦੜ ਦਾ
ਸ਼ੇਰ ਵਿਸਾਹ ਨਹੀਂ ਕਰਦਾ
ਤਿੰਨ ਵਰ੍ਹਿਆਂ ਦੇ ਪਿੱਛੋਂ
ਸ਼ੇਰਨੀ ਤਿੰਨ ਬੱਚੇ ਜਣਦੀ
ਸੌ ਦਿਨ ਢਿੱਡ ਵਿੱਚ ਰੱਖਦੀ
ਤਾਂ ਉਹ ਮਾਂ ਬਣਦੀ
ਧੌਣੋਂ ਫੜਕੇ ਚੁੱਕਦੀ ਬੱਚੇ
ਆਵੇ ਕਿਤੇ ਲੁਕਾ
ਉਸ ਨੂੰ ਡਰ ਆਉਂਦਾ ਕਿ
ਬੱਚੇ ਸ਼ੇਰ ਨਾ ਜਾਵੇ ਖਾ
ਮਾਰੀਦੇ ਸੀ ਸ਼ੇਰ ਕਦੇ
ਤੀਰਾਂ, ਭਾਲਿਆਂ ਤਲਵਾਰਾਂ ਨਾਲ
ਅੱਜਕੱਲ੍ਹ ਸ਼ੇਰ ਸ਼ਿਕਾਰੀ ਮਾਰਨ
ਗੋਲੀਆਂ ਦੋ ਵਾਰਾਂ ਨਾਲ
ਜੰਗਲ ਵਿੱਚੋਂ ਸ਼ਿਕਾਰ ਨਾ ਲੱਭੇ
ਸ਼ੇਰ ਮੈਦਾਨੀ ਆਉਂਦੇ
ਸੁੱਤੇ ਬੰਦੇ ਧੂਹ ਲੈ ਜਾਂਦੇ
ਆਦਮ ਖੋਰ ਨੇ ਬਣ ਜਾਂਦੇ
ਦੰਦ, ਨਹੁੰ, ਮੁੱਛਾਂ, ਖੱਲ
ਇਸਦੀ ਹੁੰਦੀ ਏ ਮੁੱਲਵਾਨ
ਸੋਨੇ ਵਿੱਚ ਮੜ੍ਹਾਕੇ ਨਹੁੰ ਇਸਦਾ
ਲੋਕੀਂ ਗਲ ਵਿੱਚ ਪਾਉਣ
ਲੋਕੀਂ ਜੰਗਲ ਵੱਢ ਤੇ
ਮੁੱਕ ਗਏ ਰਹਿਣ ਬਸੇਰੇ
ਚੁੱਕੀ ਫਿਰਨ ਬੰਦੂਕਾਂ ਲੋਕੀਂ
ਸ਼ੇਰਾਂ ਦੇ ਚਾਰ ਚੁਫ਼ੇਰੇ
ਫੜਕੇ ਸ਼ੇਰ ਨੂੰ ਸਰਕਸ ਦੇ
ਪਿੰਜਰੇ ਵਿੱਚ ਪਾਉਂਦੇ
ਅੰਗ ਵੇਚਕੇ ਲੋਕੀਂ ਸ਼ੇਰ ਦੇ
ਮੋਟੀ ਰਕਮ ਕਮਾਉਂਦੇ
ਇੱਕ ਦਿਨ ਐਸਾ ਵੀ ਆਊ
ਨਹੀਓਂ ਸ਼ੇਰ ਥਿਆਉਣੇ
ਰਾਤ ਬਰਾਤੇ ਹੋਰ ਵਣਾਂ ਨੂੰ
ਸ਼ੇਰ ਵੀ ਭੱਜ ਜਾਵਣਗੇ
ਟਟੀਹਰੀ
ਨਦੀ ਝੀਲ ਦਰਿਆ ਦੇ ਕੰਢੇ
ਕਿੰਨੇ ਹੀ ਪੰਛੀ ਰਹਿੰਦੇ
ਇੱਕ ਪਤਲੀਆਂ ਟੰਗਾਂ ਵਾਲੇ ਨੂੰ
ਲੋਕ ਟਟਹਿਰੀ ਕਹਿੰਦੇ।
ਝੁੰਡ ਬਣਾਕੇ ਉੱਡਦੀਆਂ
ਹੁੰਦੀ ਦੇਖਣ ਯੋਗ ਉਡਾਰੀ
‘ਟਵੀ ਟਵੀਂ’ ਬੋਲਣ ਤਾਂ
ਉਪਜੇ ਜੀਕੂੰ ਧੁਨੀ ਨਿਆਰੀ।
ਟੋਆ, ਧਸੀ ਜ਼ਮੀਨ ਰੇਤੀਲੀ
ਥਾਂ ਟਟੀਹਰੀ ਨੂੰ ਭਾਉਂਦੀ
ਘਾਹ ਪੱਤੇ ਤੇ ਤੀਲੇ ’ਕੱਠੇ
ਕਰਕੇ ਆਲ੍ਹਣਾ ਪਾਉਂਦੀ।
ਸਿਰ ਗਰਦਨ ਤੇ ਛਾਤੀ ਕਾਲੀ
ਹੇਠੋਂ ਚਿੱਟੀ ਹੁੰਦੀ ਬਾਹਲੀ
ਨਿੱਕੀਆਂ ਅੱਖਾਂ ਲੰਬੀ ਚੁੰਝ
ਹੁੰਦੀ ਸੰਘਣੇ ਖੰਭਾਂ ਵਾਲੀ।
ਲਾਲ ਚੁੰਝ ਇਹਦੇ ਪੀਲੇ ਪੌਂਚੇ
ਕੱਥੇ ਰੰਗੀ ਪੁਤਲੀ ਅੱਖ ਦੀ
ਪੂੰਛ ਖੰਭਾਂ ’ਤੇ ਚਿੱਟੀਆਂ ਧਾਰੀਆਂ
ਇੱਕ ਨਸਲ ਸਿਰ ਬੋਦੀ ਰੱਖਦੀ।
ਬਾਰਾਂ ਤੋਂ ਸੱਠ ਸੈਂਟੀਮੀਟਰ
ਹੁੰਦੀ ਹੈ ਇਸਦੀ ਲੰਬਾਈ
ਦਸ ਗ੍ਰਾਮ ਤੋਂ ਸਵਾ ਕਿਲੋ ਦੀ
ਭਾਰੀ ਕਰੀ ਤੁਲਾਈ।
ਕਾਲੇ ਧੱਬਿਆਂ ਵਾਲੇ ਤਿੰਨ ਚਾਰ
ਆਂਡੇ ਦੇਵੇ ਟਟੀਹਰੀ
ਉੱਡਦਾ ਰੇਤਾ ਢਕੇ ਆਲ੍ਹਣੇ
ਵਗਦੀ ਪੌਣ ਭੰਬੀਰੀ।
ਲੂੰਹਦੀ ਧੁੱਪ ਤੋਂ ਕਿਵੇਂ ਬਚਾਵੇ
ਆਂਡੇ ਕੱਢਦੀ ਬਾਹਰ
ਪਾਣੀ ਦੇ ਵਿੱਚ ਖੰਭ ਡਬੋਕੇ
ਛਿੜਕੇ ਵਾਰੋ ਵਾਰ।
ਗਾਰੇ ਵਿੱਚੋਂ, ਦਲਦਲ ਵਿੱਚੋਂ
ਰੀੜ੍ਹ ਹੀਣ ਜੀਵਾਂ ਨੂੰ ਖਾਂਦੀ
ਕਦੀ ਕਦੀ ਤਾਂ ਉੱਡਦੇ ਕੀੜੇ
ਮੂੰਹ ਵਿੱਚ ਪਾ ਜਾਂਦੀ।
ਕਹਿੰਦੇ ਲੋਕ ਸ਼ਿਕਾਰੀ ਵੀ
ਇਸਤੋਂ ਭੈਅ ਖਾਂਦੇ
ਦੀਂਹਦਾ ਕਿਤੇ ਸ਼ਿਕਾਰੀ ਤਾਂ
ਪੰਛੀ ਉੱਚੀ ਸ਼ੋਰ ਮਚਾਉਂਦੇ।
ਟਟੀਹਰੀ ਤਾਂ ਪੂਰੀ ਪੂਰੀ
ਰਾਤ ਬੋਲਦੀ ਰਹਿੰਦੀ
ਨਦੀਆਂ ਲਾਗੇ ਘਰ ਵਾਲਿਆਂ
ਦੀ ਨੀਂਦ ਚੁਰਾ ਲੈਂਦੀ।
ਸੁਣਿਆਂ ਪੈਰ ਉਤਾਂਹ ਕਰ ਸੌਂਦੀ
ਡਿੱਗ ਨਾ ਪਵੇ ਅਸਮਾਨ
ਪੈਰਾਂ ਨਾਲ ਬੋਚ ਲਵੇਗੀ
ਸਮਝੇ ਖ਼ੁਦ ਨੂੰ ਖੱਬੀਖਾਨ।
ਜਦ ਕੋਈ ਖ਼ਤਰਾ ਸਿਰ ’ਤੇ
ਖੜ੍ਹੀ ਮੁਸੀਬਤ ਦਿਸਦੀ
ਪਿੱਠ ਉੱਤੇ ਹੈ ਬੱਚੇ ਚੁੱਕਦੀ
ਉੱਡ ਜਾਂਦੀ ਹੈ ਵਿੱਚ ਦੀ।
ਹਜ਼ਾਰਾਂ ਮੀਲਾਂ ਤਕ ਉੱਡਦੀ
ਕਰਦੀ ਹਰ ਵਰ੍ਹੇ ਪਰਵਾਸ
ਇਸ ਦੇ ਖੰਭਾਂ ਦੇ ਵਿੱਚ ਤਾਕਤ
ਲੋਹੜੇ ਦਾ ਵਿਸ਼ਵਾਸ।
ਸਾਰਸ
ਝੀਲਾਂ ਛੱਪੜਾਂ ਕੰਢੇ ਘੁੰਮਦਾ
ਸਾਰਸ ਨੂੰ ਸਭ ਜਾਣਦੇ
ਡੀਲ ਡੌਲ ਇਸਦੀ ਚਾਲ ਢਾਲ
ਨੂੰ ਨੇ ਪਛਾਣਦੇ।
ਝੁੰਡਾਂ ਵਿੱਚ ਨਹੀਂ ਰਹਿੰਦਾ
ਕੱਲਾ ਘੁੰਮਦਾ ਦਿਸਦਾ
ਨਾਲ ਇਸਦੇ ਮਾਦਾ ਹੁੰਦੀ
ਜਾਂ ਹੁੰਦਾ ਬੱਚਾ ਇਸਦਾ।
ਰੰਗ ਸਲੇਟੀ, ਭੂਰੇ ਖੰਭ
ਗਰਦਨ ਚਿੱਟੀ ਉੱਪਰੋਂ ਦਿਸਦੀ
ਲੰਬੀਆਂ ਲੱਤਾਂ, ਧੌਣ
ਗੁਲਾਬੀ ਚੁੰਝ ਲੰਬੇਰੀ ਇਸਦੀ।
ਸੱਤ ਫੁੱਟ ਲੰਬੇ ਸਾਰਸ ਹੁੰਦੇ
ਵੱਧ ਆਕਾਰ ’ਚ ਵੀ
ਛੇ ਕਿਲੋਂ ਤੋਂ ਲੈ ਕੇ
ਬਾਰਾਂ ਕਿਲੋ ਭਾਰ ਦੇ ਵੀ।
ਦਲਦਲ ਵਾਲੀਆਂ ਥਾਵਾਂ ’ਤੇ
ਸਾਰਸ ਆਲ੍ਹਣਾ ਪਾਵੇ
ਘਾਹ ਫੂਸ ’ਕੱਠਾ ਕਰ ਟੋਟੇ
ਲੱਕੜੀ ਦੇ ਵੀ ਟਿਕਾਵੇ।
ਕੰਦਮੂਲ, ਜਲ ਪੌਦੇ ਪੁੰਗਰੇ
ਦਾਣੇ ਵੀ ਇਹ ਖਾਂਦਾ
ਲੋੜ ਪਵੇ ਤਾਂ ਡੱਡੂ ਮੱਛੀ
ਛਿਪਕਲੀਆਂ ਵੀ ਖਾ ਜਾਂਦਾ।
ਮੀਹਾਂ ਰੁੱਤੇ ਆਂਡੇ ਦਿੰਦੇ
ਗਿਣਤੀ ਦੇ ਵਿੱਚ ਦੋ
ਵਾਰੋ ਵਾਰੀ ਪਹਿਰਾ ਦਿੰਦੇ
ਲੈ ਜੇ ਨਾ ਕੋਈ ਖੋਹ।
ਸਾਰਸ ਦੀ ਜੋਟੀ ਦੀਆਂ
ਲੋਕੀ ਬਾਤਾਂ ਨੇ ਪਾਉਂਦੇ
ਇੱਕ ਦੂਜੇ ਲਈ ਮਰਦੇ
ਮਿਟਦੇ ਸਾਥ ਨਿਭਾਉਂਦੇ।
ਬਰਸਾਤਾਂ ਵਿੱਚ ਮਿਲ ਪੈਂਦੇ
ਸਾਰਸ ਬੁੱਢੇ ਅਤੇ ਜਵਾਨ
ਜੋਸ਼ ਨਾਲ ਸਭ ਨੱਚਦੇ
ਉਮਰਾਂ ਵੀ ਭੁੱਲ ਜਾਣ।
ਜੰਗਲੀ ਬਿੱਲੀਆਂ ਤੇ ਲੂੰਬੜੀਆਂ
ਚੂਜ਼ੇ ਚੁੱਕ ਲੈ ਜਾਂਦੀਆਂ
ਬਿਜਲੀ ਦੀਆਂ ਤਾਰਾਂ ਵੀ
ਇਨ੍ਹਾਂ ਨੂੰ ਨੇ ਨੁਕਸਾਨ ਪਹੁੰਚਾਉਂਦੀਆਂ।
ਮੰਨਿਆ ਜਾਂਦਾ ਸਾਰਸ ਨੂੰ
ਸਮਰਪਣ ਦਾ ਪ੍ਰਤੀਕ
ਲੋਕ ਗਾਥਾਵਾਂ ਜ਼ਿਕਰ ਛੇੜਦੀਆਂ
ਇਸਦੀ ਸ਼ੋਭਾ ਗਾਉਂਦੇ ਗੀਤ।
ਅੱਠ ਪ੍ਰਜਾਤੀਆਂ ਵਿਸ਼ਵ ਦੀਆਂ
ਸਾਡੇ ਮੁਲਕ ’ਚ ਚਾਰ
ਪੰਜਵੀਂ ਪ੍ਰਜਾਤੀ ਸਾਰਸ ਦੀ
ਸੰਕਟ ਸੂਚੀ ਵਿੱਚ ਸ਼ੁਮਾਰ।
ਜੰਗਲ ਕੱਟੇ, ਟੋਭੇ ਸੁੱਕੇ
ਖੋਹੀਆਂ ਸ਼ਹਿਰੀਕਰਨ ਜ਼ਮੀਨਾਂ
ਕੀਟਨਾਸ਼ਕ, ਉਦਯੋਗ ਤੇ
ਸਾਰਸ ਤੁਰੀਆਂ ਖੋਹਣ ਮਸ਼ੀਨਾਂ।
ਉਹ ਵੀ ਦਿਨ ਸਨ
ਸਾਰਸ ਜਦੋਂ ਆਲ੍ਹਣੇ ਪਾਉਂਦੇ ਸੀ
ਲੋਕ ਇਨ੍ਹਾਂ ਤੋਂ ਮੀਂਹਾਂ ਬਾਰੇ
ਲੱਖਣ ਲਾਉਂਦੇ ਸੀ।
ਮਗਰਮੱਛ
ਮੈਂ ਰੀਂਗਣ ਵਾਲਾ ਜੀਵ
ਝੀਲਾਂ ਦਰਿਆਵਾਂ ਵਿੱਚ ਰਹਿੰਦਾ
ਜੀਹਨੂੰ ਨਹੀਂ ਪਛਾਣ ਉਹ
ਘੜਿਆਲਾਂ ਨੂੰ ਮਗਰਮੱਛ ਕਹਿੰਦਾ।
ਮੱਛੀਆਂ ਦਾ ਵੱਡ ਵਡੇਰਾ
ਮੇਰੀ ਲੋਕੀਂ ਪਾਉਣ ਕਹਾਣੀ
ਖੋਜੀ ਕਹਿੰਦੇ ਮਗਰਮੱਛ ਹੈ
ਡਾਇਨਾਸੋਰਾਂ ਦਾ ਹਾਣੀ।
ਤੇਈ ਪ੍ਰਜਾਤੀਆਂ ਵਿੱਚੋਂ ਅਸੀਂ
ਲਈਆਂ ਨੇ ਤਿੰਨ ਭਾਲ
ਤਾਜ਼ੇ ਲੂਣੇ ਪਾਣੀ ਵਾਲੇ
ਤੀਜੇ ਹੁੰਦੇ ਨੇ ਘੜਿਆਲ।
ਮਗਰਮੱਛ ਖਾਰੇ ਪਾਣੀਆਂ ਦੇ
ਵੀਹ ਫੁੱਟ ਤਕ ਲੰਬੇ
ਤਾਜ਼ੇ ਪਾਣੀਆਂ ਵਾਲੇ ਹੁੰਦੇ
ਛਿਪਕਲੀਆਂ ਜੇਹੇ ਹਾਰੇ ਹੰਭੇ।
ਮੇਰੀ ਚਮੜੀ ਹਰੀ ਜੈਤੂਨੀ
ਉੱਪਰ ਖਾਨੇ ਬਣੇ ਚਕੋਰ
ਸਖ਼ਤ ਜਬਾੜੇ ਤੇਜ਼ ਦੰਦਾਂ
ਦੀ ਪਕੜ ਬੜੀ ਮੂੰਹ ਜ਼ੋਰ।
ਪੂਛ ਮੇਰੀ ਤਾਂ ਜੀਕੂੰ
ਮੇਰੇ ਲਈ ਬਣਦੀ ਹਥਿਆਰ
ਮਾਰ ਲਪੇਟਾ ਕੰਢੇ ਤੋਂ
ਮੈਂ ਖਿੱਚ ਲੈਂਦਾ ਸ਼ਿਕਾਰ।
ਅੱਖਾਂ ਰਹਿਣ ਉਤਾਂਹ ਨੂੰ
ਧੜ ਪਾਣੀ ਅੰਦਰ ਰਹਿੰਦਾ
ਜੋ ਕੁਝ ਹੁੰਦੇ ਕੰਢੇ ’ਤੇ
ਝੱਟ ਦੇਖ ਹਾਂ ਲੈਂਦਾ।
ਮੈਂ ਮਾਸਾਹਾਰੀ, ਮੱਛੀਆਂ, ਬੱਤਖਾਂ
ਹਿਰਨ, ਸੂਰ, ਬਾਂਦਰ ਖਾਵਾਂ
ਟੱਕਰੇ ਕਿਤੇ ਜੇ ਬੰਦਾ
ਉਸ ਨੂੰ ਪਾਰ ਬੁਲਾਵਾਂ।
ਗੋਤਾ ਖੋਰ ਤੈਰਾਕ ਹਾਂ
ਪਾਣੀ ਵਿੱਚ ਸ਼ਿਕਾਰ ਕਰਾਂ
ਡਬੋ ਡਬੋਕੇ ਮਾਰਾਂ
ਹੱਡੀਆਂ ਪਸਲੀਆਂ ਹਜ਼ਮ ਕਰਾਂ।
ਧੁੱਪ ਸੇਕਣ ਦਾ ਆਦੀ
ਮੈਂ ਖੁੱਲ੍ਹਾ ਰੱਖਦਾ ਮੂੰਹ
ਖਾਓ ਮਾਸ ਦੰਦਾਂ ’ਚੋਂ
ਸੱਦਾ ਦਿਆਂ ਜਨੌਰਾਂ ਨੂੰ।
ਸੱਚ ਆਖਦੇ ਲੋਕੀਂ
ਮੈਂ ਪੱਥਰ ਵੀ ਖਾ ਜਾਂਦਾ
ਨਾ ਖਾਵਾਂ ਤਾਂ ਖਾਧਾ ਪੀਤਾ
ਹਜ਼ਮ ਨਹੀਂ ਆਉਂਦਾ।
ਕਈ ਵਾਰ ਤਾਂ ਭੁੱਖ ਨਾਲੋਂ
ਵੱਧ ਖਾਧਾ ਵੀ ਜਾਂਦਾ
ਨਕਲੀ ਅੱਥਰੂ ਵਗ ਪੈਂਦੇ
ਜਦ ਸਾਹ ਔਖਾ ਆਉਂਦਾ।
ਵੈਰੀ ਲੂੰਬੜ ਸ਼ੇਰ ਬਿੱਲੀਆਂ
ਘੇਰ ਲੈਣ ਦਰਿਆਈ ਘੋੜੇ
ਐਨਾਕੌਂਡਾ ਸੱਪ ਲਪੇਟੇ ਮੈਨੂੰ
ਸਾਹ ਸੁਕਾਵੇ, ਧੌਣ ਮਰੋੜੇ।
ਪਾਣੀਆਂ ਅੰਦਰ ਤਰੇ ਪਲਾਸਟਿਕ
ਘੁਲੀਆਂ ਕੀੜੇ ਮਾਰ ਦਵਾਈਆਂ
ਇਹ ਜ਼ਹਿਰਾਂ ਸਾਨੂੰ ਮਾਰਨ ਪੈਗੀਆਂ
ਖ਼ਤਮ ਕਰਨ ’ਤੇ ਆਈਆਂ।
ਓਜ਼ੋਨ ਦੀ ਪਰਤ
ਵਾਯੂਮੰਡਲ ਵਿੱਚ ਬੈਠੀ
ਇੱਕ ਛੱਤਰੀ ਵਾਲੀ ਮਾਂ
ਓਜ਼ੋਨ ਦੀ ਪਰਤ ਹੈ
ਕਹਿੰਦੇ ਉਸ ਦਾ ਨਾਂ।
ਪਰਾਬੈਂਗਣੀ ਕਿਰਨਾਂ ਨੂੰ
ਆਵਣ ਤੋਂ ਰੋਕੇ
ਪੁੱਜ ਜਾਣ ਨਾ ਧਰਤੀ ’ਤੇ
ਪਹਿਲੋਂ ਹੀ ਸੋਖੇ।
ਦੱਖਣੀ ਧਰੁਵ ਤੇ ਖੋਜੀਆਂ
ਸੀ ਫੇਰੀ ਪਾਈ
ਦੁਨੀਆਂ ਦੇ ਵਿਗਿਆਨੀਆਂ
ਛਲ ਸੋਚ ਦੌੜਾਈ।
ਓਜ਼ੋਨ ਦੀ ਪਰਤ ਵਿੱਚ
ਪੈ ਗਿਆ ਮਘੋਰਾ
ਕਿਸੇ ਉਦਯੋਗਿਕ ਗੈਸ ਨੇ
ਹੈ ਲਾਇਆ ਖੋਰਾ।
ਏ.ਸੀ., ਫਰਿਜਾਂ, ਰੰਗ, ਇਤਰਾਂ
ਨੇ ਪਾਇਆ ਖਿਲਾਰਾ
ਕਲੋਰੋ ਫਲੋਰੋ ਕਾਰਬਨ ਨੇ
ਇਹ ਸਾਰਾ ਕੀਤਾ ਕਾਰਾ।
ਓਜ਼ੋਨ ਦੀ ਪਰਤ ਦੇ
ਇਹਨੇ ਸੁਆਸ ਮਰੋੜੇ
ਅੰਦਰ ਵੜਕੇ ਓਜ਼ੋਨ ਦੇ
ਲੱਖਾਂ ਹੀ ਅਣੂ ਤੋੜੇ।
ਪਤਲੀ ਪੈ ਗਈ ਪਰਤ ਤਾਂ
ਸਾਨੂੰ ਕੌਣ ਬਚਾਊਗਾ
ਪਰਾਬੈਂਗਣੀ ਕਿਰਨਾਂ ਦਾ
ਮੇਲਾ ਲੱਗ ਜਾਊਗਾ।
ਮਨ ਵਿੱਚ ਪੱਕਾ ਧਾਰੋ
ਬਹਿਕੇ ਸਹੁੰਆਂ ਖਾਓ
ਓਜ਼ੋਨ ਨੂੰ ਜੋ ਖੋਰਾ ਲਾਵਣ
ਨਾ ਚੀਜ਼ਾਂ ਘਰੇ ਲਿਆਓ।
ਕੱਢੋ ਰੈਲੀਆਂ, ਗੀਤ ਲਿਖੋ
ਕਵਿਤਾਵਾਂ ਤੁਸੀਂ ਬਣਾਇਓ
ਪਤਲੀ ਪੈ ਗਈ ਪਰਤ ਦੀ
ਘਰ ਘਰ ਗੱਲ ਪਹੁੰਚਾਇਓ।
ਜੋ ਬੇਸਮਝੀ ਹੋ ਗਈ
ਉਸਨੂੰ ਨਹੀਂ ਦੁਹਰਾਉਣਾ
ਓਜ਼ੋਨ ਦੀ ਪਰਤ ਨੂੰ
ਆਪਾਂ ਆਪ ਬਚਾਉਣਾ।
ਕਠਫੋੜਾ
ਘਰ ਬਣਾਵਣ ਲਈ
ਰੁੱਖਾਂ ਵਿੱਚ ਮੋਰੀਆਂ ਕਰ ਲੈਂਦੇ
ਬੀੜਾਂ ਦੇ ਰੁੱਖਾਂ ’ਤੇ ਜੋ
ਕਠਫੋੜੇ ਨੇ ਰਹਿੰਦੇ।
ਜਿੱਥੇ ਸਿਉਂਕ ਦੀ ਵਿਰਮੀ
ਹੋਵਣ ਕੀੜੀਆਂ ਦੇ ਘਰ
ਭੋਜਨ ਦੀ ਤਲਾਸ਼ ਵਿੱਚ ਘੁੰਮਦੇ
ਕਠਫੋੜੇ ਨੇ ਅਕਸਰ।
ਕਈ ਕਾਲੇ ਤੇ ਚਿੱਟੇ
ਕਈ ਹੁੰਦੇ ਜੈਤੂਨੀ ਭੂਰੇ
ਸਖ਼ਤ ਚੁੰਝ, ਤਾਕਤਵਰ ਪਹੁੰਚੇ
ਕਲਗੀ ਲਾਲ ’ਤੇ ਫੱਬਦੇ ਪੂਰੇ।
ਸੱਤ ਇੰਚ ਤੋਂ ਵੀਹ ਇੰਚ ਤਕ
ਹੁੰਦੀ ਇਸਦੀ ਲੰਬਾਈ
ਅੱਧਾ ਕਿਲੋ ਤਕ ਭਾਰੇ ਹੁੰਦੇ
ਕੀਤੀ ਇਸਦੀ ਤੁਲਾਈ।
ਦਿਨੇ ਜਾਗਦਾ ਕਠਫੋੜਾ ਤੇ
ਖੁੱਡ ਵਿੱਚ ਬਿਤਾਉਂਦਾ ਰਾਤ
ਸਿੱਧਾ ਸਾਦਾ ਪੰਛੀ ਇਹ ਤਾਂ
ਭਾਲੇ ਸਦਾ ਇਕਾਂਤ।
ਤੱਕਿਆ ਹੋਣਾ ਕਠਫੋੜਾ
ਸਿੱਧੀ ਕੰਧ ’ਤੇ ਚੜ੍ਹਿਆ ਜਾਂਦਾ
ਚਹੁੰ ਉਂਗਲਾਂ ਦੀ ਪਕੜ ਬਣਾਏ
ਜ਼ੋਰ ਪੂਛ ਦਾ ਲਾਉਂਦਾ।
ਖੋਖਲਿਆਂ ਰੁੱਖਾਂ ਵਿੱਚ
ਘਰ ਬਣਾ ਕੇ ਆਂਡੇ ਜਣਦੇ
ਦੋ ਹਫ਼ਤਿਆਂ ਵਿੱਚ ਆਂਡਿਆਂ ਤੋਂ
ਨਿੱਕੇ ਕਠਫੋੜੇ ਬਣਦੇ।
ਬਾਹਰ ਕਿਤੇ ਜਾਂਦਾ ਤਾਂ
ਮੋਰੀ ਘਰ ਦੀ ਬੰਦ ਕਰਦਾ
ਫ਼ਲ ਕੋਈ ਗੋਲ ਮਟੋਲ
ਮੋਰੀ ਦੇ ਮੂੰਹ ’ਤੇ ਧਰਦਾ।
ਪਰ ਛੇਤੀ ਗਲਹਿਰੀਆਂ ਨੇ
ਦਾਅ ਲਾ ਜਾਂਦੀਆਂ
ਮੋਰੀ ’ਤੇ ਰੱਖੇ ਫ਼ਲ ਨੂੰ
ਚੋਰੀਓਂ ਖਾ ਜਾਂਦੀਆਂ।
ਰੁੱਖਾਂ ਵਿੱਚ ਅਣਗਿਣਤ ਮੋਰੀਆਂ
ਕਰਕੇ ਛੱਡ ਜਾਂਦਾ
ਉਹ ਜਾਂਦਾ ਤਾਂ ਹੋਰ ਜਨੌਰਾਂ
ਦਾ ਘਰ ਵਸ ਜਾਂਦਾ।
ਉੱਡਦੇ ਕਠਫੋੜੇ ਨੂੰ
ਸ਼ਿਕਰੇ ਬਾਜ਼ ਨੇ ਚੁੱਕ ਲਿਜਾਂਦੇ
ਸੱਪ ਨਿਓਲੇ, ਗਾਲ੍ਹੜ, ਉੱਲੂ
ਇਸਦੇ ਵੈਰੀ ਨੇ ਅਖਵਾਉਂਦੇ।
ਲੱਕੜੀ ’ਤੇ ਹਥੌੜੇ ਵਾਂਗ
ਚੁੰਝਾਂ ਮਾਰੇ ਵਾਰੋ ਵਾਰ
ਨਾ ਸੱਟ ਕੋਈ ਵੱਜੇ ਇਸਦੇ
ਨਾ ਹੁੰਦਾ ਆਵਾਜ਼ਾਰ।
ਕਦੀ ਕਦੀ ਕਠਫੋੜੇ ਸਾਡੇ
ਖਾਤਰ ਆਫ਼ਤ ਬਣ ਜਾਂਦੇ
ਫ਼ਲ ਫ਼ਸਲਾਂ ਬਰਬਾਦ ਕਰਨ
ਕੰਧਾਂ ਵਿੱਚ ਛੇਦ ਬਣਾਉਂਦੇ।
ਰੁੱਖਾਂ ਨੂੰ ਅਰੋਗ ਬਣਾਵੇ
ਘਾਤਕ ਕੀੜੇ ਖਾਂਦਾ
ਉਮਰ ਵਧਾਉਂਦਾ ਰੁੱਖਾਂ ਦੀ
ਤੇ ਸਾਡਾ ਮਿੱਤਰ ਅਖਵਾਉਂਦਾ।
ਢਹੇ ਆਲ੍ਹਣੇ, ਜੰਗਲ ਕੱਟੇ
ਲੋਕਾਂ ਵਾਹ ਕੇ ਖੇਤ ਬਣਾਏ
ਰੁੱਖਾਂ ਨੂੰ ਬਚਾਵਣ ਵਾਲੇ
ਕਠਫੋੜੇ ਮੁੱਕਣ ’ਤੇ ਆਏ।
ਪੈਂਗੁਇਨ
ਤਨ ਮੇਰੇ ’ਤੇ ਖੰਭ ਨੇ
ਪਰ ਉੱਡਣਾ ਨਹੀਂ ਆਂਦਾ
ਪਾਣੀ ਦਾ ਤੈਰਾਕ ਨਾ
ਜਲ ਜੀਵਾਂ ਵਿੱਚ ਗਿਣਿਆ ਜਾਂਦਾ।
ਦੱਖਣੀ ਗੋਲਾਰਧ ਸਦਾ ਹੀ
ਬਰਫ਼ਾਂ ਸੰਗ ਢਕਿਆ ਰਹੇ
ਕਰੋੜਾਂ ਸਾਲਾਂ ਤੋਂ ਉੱਥੇ ਪੈਂਗੁਇਨ
ਰਹਿੰਦੇ ਖੋਜੀ ਕਹੇ।
ਨਿੱਕੇ ਕਾਲੇ ਚਿੱਟੇ ਖੰਭ
ਤੈਰਨ ਨੂੰ ਚੱਪੂ ਬਣ ਜਾਂਦੇ
ਭੁੱਖ ਮਿਟਾਵਣ ਖਾਤਰ ਪੈਂਗੁਇਨ
ਤੈਰਦੀਆਂ ਮੱਛੀਆਂ ਖਾਂਦੇ।
ਵੱਡੀ ਪੈਂਗੁਇਨ ਮੀਟਰ ਲੰਬੀ
ਪੈਂਤੀ ਕਿਲੋ ਦੀ ਸਾਰੀ
ਛੋਟੀ ਨੀਲੀ, ਛੈਲ ਛਬੀਲੀ
ਅੱਧੇ ਮੀਟਰ ਦੀ, ਕਿਲੋ ਭਾਰੀ।
ਮੈਂ ਵੀ ਪੂਛ ਖੰਭਾਂ ਦਾ ਹਾਂ
ਸੰਤੁਲਨ ਬਣਾਂਦਾ
ਤੁਹਾਡੇ ਵਾਂਗ ਖਲੋ ਜਾਂ
ਟੇਢਾ ਫਿਡਾ ਤੁਰਦਾ ਜਾਂਦਾ।
ਮੇਰੇ ਖੰਭ ਜੋ ਉੱਡਣੇ ਤੋਂ
ਬੇਕਾਰ ਕਹਾਂਦੇ ਨੇ
ਪਾਣੀਆਂ ਵਿੱਚ ਉਹੀ ਖੰਭ
ਚੁੰਗੀਆਂ ਭਰਦੇ ਜਾਂਦੇ ਨੇ।
ਆਮ ਜਨੌਰਾਂ ਵਾਂਗੂੰ ਸੁਣਦਾ
ਅੱਖਾਂ ਦੇਖਣ ਪਾਣੀ ਥੱਲੇ
ਖੰਭਾਂ ਹੇਠਾਂ ਪਰਤ ਹਵਾ ਦੀ
ਤਨ ਨੂੰ ਗਰਮੀ ਘੱਲੇ।
ਮੈਂ ਢਿੱਡ ਪਰਨੇ ਬਰਫ਼ਾਂ ਉੱਤੇ
ਜਦ ਲਿਟਦਾ ਹਾਂ
ਫੜ ਫੜਾਉਂਦੇ ਖੰਭ ਦੇਖਿਓ
ਦੱਸਿਓ ਕਿੰਜ ਦਿਖਦਾ ਹਾਂ।
ਮੈਂ ਦੁਸ਼ਮਣ ਨੂੰ ਦੇਖ ਲਵਾਂ
ਤਾਂ ਡੂੰਘੀ ਟੁੱਭੀ ਮਾਰਾਂ
ਨਿਕਲਾਂ ਦੂਰ ਦੁਰਾਡੇ
ਚੋਰ ਭੁਲਾਈ ਦੇ ਜਾਵਾਂ।
ਮਹਾਰਾਣੀ ਤੇ ਰਾਣੀ ਪੈਂਗੁਇਨ
ਇੱਕੋ ਆਂਡਾ ਦਿੰਦੀਆਂ ਨੇ
ਹੋਰ ਪੈਂਗੁਇਨਾਂ ਦੋ-ਦੋ ਆਂਡੇ
ਦਿੰਦੀਆਂ ਰਲਕੇ ਸੇਂਦੀਆਂ ਨੇ।
ਆਮ ਮਨੁੱਖਾਂ ਕੋਲੋਂ ਪੈਂਗੁਇਨ
ਨਾ ਸ਼ਰਮਾਉਂਦੀ ਡਰਦੀ
ਸ਼ਾਰਕ, ਚਿੱਤਰਾ ਸੀਲ ਮੱਛੀਆਂ
ਧਰੁਵੀ ਭਾਲੂਆਂ ਤੋਂ ਇਹ ਮਰਦੀ।
ਕਰਦੀਆਂ ਨੇ ਮਨੋਰੰਜਕ
ਖੰਭ ਖਿਲਾਰਨ, ਭੇੜਨ, ਨਾਚ ਦਿਖਾਵਣ
ਚਾਮ੍ਹਲ-ਚਾਮ੍ਹਲ ਟੁੱਭੀ ਮਾਰਨ
ਝੱਟ ਵਿੱਚ ਨਿਕਲ ਆਵਣ।
ਜੇ ਮੈਨੂੰ ਦੇਖਣ ਆਉਣਾ
ਨੌਂ ਫੁੱਟ ਰੱਖਿਓ ਵਿੱਥ ਬਣਾਕੇ
ਮੈਂ ਬੌਂਦਲ ਜਿਹੀ ਜਾਨੀ ਆਂ
ਲੋਕਾਂ ਦੇ ਮੂਹਰੇ ਆਕੇ।
ਆਕੜ ਆਕੜ ਤੁਰਦੀ ਪੈਂਗੁਇਨ
ਦਾ ਵੱਖਰਾ ਹੀ ਅੰਦਾਜ਼
ਅੰਟਾਰਕਟਿਕਾ ਵਿੱਚ ਇਨ੍ਹਾਂ ਦਾ
ਬਰਫ਼ਾਂ ਉੱਪਰ ਚੱਲਦਾ ਰਾਜ।
ਗੋਹ
ਭਾਰੀ ਦੇਹ ਦੀ ਹੁੰਦੀ
ਇਹ ਖ਼ਾਸ ਛਿਪਕਲੀ ਜੋ
ਦੱਬੀ ਪੂਛ ਪਾਸਿਓਂ ਉਸਦੀ
ਲੋਕ ਕਹਿਣ ਇਸਨੂੰ ਗੋਹ।
ਅਕਸਰ ਗੋਹ ਤਾਂ
ਖੁਸ਼ਕ ਜਗ੍ਹਾ ’ਤੇ ਹੈ ਰਹਿੰਦੀ
ਭੱਜ ਲੈਂਦੀ ਰੜੇ ਮੈਦਾਨੀ
ਡਾਰੀ ਵੀ ਲਾ ਲੈਂਦੀ।
ਹੁੰਦੀ ਸਿੱਧੀ ਸਾਦੀ
ਖਤਰਾ ਪਵੇ ਤਾਂ ਚੜ੍ਹਦਾ ਰੋਹ
ਪੂਛ ਨਾਲ ਇਹ ਹੱਲਾ ਬੋਲੇ
ਦਿੰਦੀ ਦੰਦ ਖੁਭੋ।
ਲੈਂਦੀ ਰੋਕ ਹਵਾ ਨੱਕ ਅੰਦਰ
ਜਦੋਂ ਡੁਬਕੀ ਲਾਵੇ
ਪਾਣੀ ਅੰਦਰ ਲੁਕ ਜਾਵੇ
ਕਿਤੇ ਨਜ਼ਰ ਨਾ ਆਵੇ।
ਖਿੱਚ ਲੈਂਦੀ ਅੰਦਰ ਜੀਭ
ਗੋਹ ਹੁੰਦੀ ਬੜੀ ਅਜੀਬ
ਸੱਪ ਦੇ ਵਾਂਗੂ ਇਸਦੀ ਹੁੰਦੀ
ਹੈ ਦੁਫਿਰਕੀ ਜੀਭ।
ਚਪਟੇ ਜਿਹੇ ਸਰੀਰ ਦੀ ਹੁੰਦੀ
ਜੋ ਰਹਿੰਦੀ ਰੜੇ ਮੈਦਾਨੀ
ਲੰਬੀ ਗੋਲ ਪਾਣੀਆਂ ਦੀ ਗੋਹ
ਇਹੀ ਇਕੋ ਨਿਸ਼ਾਨੀ।
ਇਹ ਹੁੰਦੀ ਮਾਸਾਹਾਰੀ
ਡੱਡੂ, ਸੱਪ, ਚਿੜੀਆਂ ਖਾ ਜਾਂਦੀ
ਵੀਹ ਪੰਝੀ ਆਂਡੇ ਦਿੰਦੀ
ਰੁੱਤ ਜਦ ਜਣਨੇ ਦੀ ਆਂਦੀ।
ਲੋਕੀਂ ਇੱਥੇ ਸੁਣਿਆਂ
ਗੋਹ ਦੇ ਮਾਸ ਨੇ ਖਾਂਦੇ
ਆਂਡਿਆਂ ’ਤੇ ਖੱਲ ਖਾਤਰ
ਇਸ ਨੂੰ ਮਾਰ ਮੁਕਾਂਦੇ।
ਦਾਅ ਲਾ ਕੇ ਚੋਰ ਸ਼ਿਕਾਰੀ
ਫੜਕੇ ਕਰਨ ਕਮਾਈ
ਗੋਹ ਦੀ ਚਰਬੀ ਤੋਂ
ਕਹਿੰਦੇ ਇਕ ਬਣੇ ਦਵਾਈ।
ਗੋਹ ਵੀ ਜੀਵ ਸੁਰੱਖਿਆ
ਐਕਟ ਥੱਲੇ ਆ ਜਾਂਦੀ
ਫੜੇ ਮਾਰੇ ਜੋ ਇਸਨੂੰ
ਸਖ਼ਤ ਸਜ਼ਾ ਹੋ ਜਾਂਦੀ।
ਤੇਜ਼ਾਬੀ ਵਰਖਾ
(ਵਿਗਿਆਨਿਕ ਕਵਿਤਾ)
ਉਦਯੋਗਾਂ ਵਿੱਚ ਕੋਇਲਾ
ਡੀਜ਼ਲ ਤੇਲ ਜਦੋਂ ਬਲਦੇ
ਤੇਜ਼ਾਬੀ ਆਕਸਾਈਡ ਹਵਾ ਵਿੱਚ
ਆਪੇ ਆ ਰਲਦੇ।
ਗੰਧਕ ਦੇ ਆਕਸਾਈਡ
ਹਵਾ ’ਚੋਂ ਨਮੀ ਮਿਲਾਉਂਦੇ
ਨਮੀ ਮਿਲਾ ਕੇ ਗੰਧਕ ਦਾ
ਤੇਜ਼ਾਬ ਬਣਾਉਂਦੇ।
ਬਰਫ਼ ਬਣਨ, ਬੂੰਦਾਂ ਬਣ ਕੇ
ਧਰਤੀ ’ਤੇ ਵਰ੍ਹਦੇ
ਇਹੀ ਤੇਜ਼ਾਬੀ ਵਰਖਾ ਜੀਹਦੀਆਂ
ਲੋਕੀਂ ਗੱਲਾਂ ਕਰਦੇ।
ਨਾਈਟਰੋਜਨ ਦੇ ਆਕਸਾਈਡ
ਉਵੇਂ ਹੀ ਨਮੀ ਮਿਲਾਉਂਦੇ
ਤੇਜ਼ਾਬੀ ਵਰਖਾ ਵਿੱਚ ਉਹ ਵੀ
ਹਿੱਸਾ ਪਾਉਂਦੇ।
ਚਟਮ ਕਰੇ ਫ਼ਸਲਾਂ ਨੂੰ
ਖਾਂਦੀ ਮਖਮਲ ਘਾਹ
ਰੜਾ ਮੈਦਾਨ ਬਣਾ ਦੇਵੇ
ਇਹਦੀ ਚੱਲੇ ਵਾਹ।
ਨਦੀਆਂ ਦੇ ਜੀਵਾਂ ਦਾ
ਮੀਂਹ ਵੈਰੀ ਬਣਦਾ
ਪੱਤਾ-ਪੱਤਾ ਰੁੱਖਾਂ ਦਾ
ਧਰਤੀ ’ਤੇ ਛਣਦਾ।
ਰੰਗਲੀ ਧਰਤ ਨੂੰ ਇਹ
ਰੇਗਿਸਤਾਨ ਬਣਾ ਦੇਊ
ਤਾਜ ਮਹਿਲ ਦੀਆਂ ਸੰਨ੍ਹਾਂ
ਮਿੱਟੀ ਵਿੱਚ ਮਿਲਾ ਦੇਊ।
ਤੇਜ਼ਾਬੀ ਵਰਖਾ ਤੋਂ ਬਚੀਏ
ਕੋਈ ਹੱਲ ਕਰੋ
ਆਓ ਸਿਆਣਿਓ ਲੋਕੋ
ਬਹਿ ਕੇ ਕੋਈ ਗੱਲ ਕਰੋ।
ਬੁੱਧੀਮਾਨ ਉੱਲੂ
ਪੰਛੀ ਟੱਪਰੀਵਾਸ ਸ਼ਿਕਾਰੀ
ਆਲ੍ਹਣਾ ਨਹੀਂ ਬਣਾਉਂਦਾ
ਖੋੜਾਂ, ਤੇੜਾਂ ਦੇ ਵਿੱਚ ਲੁਕ ਕੇ
ਵਕਤ ਲੰਘਾਉਂਦਾ।
ਸੂਰਤ ਵੀ ਨਾ ਸੋਹਣੀ
ਚੁੰਝ ਮੁੜੀ ਹੁੱਕਦਾਰ
ਨੁਕੀਲੇ ਪੰਜਿਆਂ ਦੇ ਨਾਲ
ਝੱਟ ਫੜੇ ਸ਼ਿਕਾਰ।
ਰਾਤੀਂ ਜਾਗੇ, ਪੇਟ ਭਰਨ
ਨੂੰ ਚੂਹੇ ਖਾਂਦਾ
ਅੰਨ ਸਾਡਾ ਖਾਵਣ ਵਾਲਿਆਂ
ਨੂੰ ਬੰਨੇ ਲਾਉਂਦਾ।
ਦਿਨ ਭਰ ਖੁੱਡਾਂ ਅੰਦਰ
ਚੂਹੇ ਦੁਬਕੇ ਰਹਿੰਦੇ
ਬਿੱਲੀਆਂ, ਕੁੱਤੇ, ਬਾਜ਼
ਉਨ੍ਹਾਂ ਨੂੰ ਮਾਰਨ ਪੈਂਦੇ।
ਦਿਸਦਾ ਜਦੋਂ ਸ਼ਿਕਾਰ
ਅਜਬ ਜਿਹਾ ਸ਼ੋਰ ਮਚਾਵੇ
ਭੱਜਦੇ ਨੱਠਦੇ ਚੂਹਿਆਂ
ਨੂੰ ਸ਼ਿਕਾਰ ਬਣਾਵੇ।
ਜਦੋਂ ਖਾਣ ਨੂੰ ਲੱਭੇ ਨਾ
ਕੁਝ ਨਜ਼ਰੀ ਆਉਂਦਾ
ਉੱਲੂ ਫੜ ਫੜ ਉਦੋਂ
ਡੱਡੂ ਮੱਛੀਆਂ ਖਾਂਦਾ।
ਸੰਨਿਆਸੀ ਬਣ ਖੰਡਰ
ਖੋਿਲ਼ਆਂ ਦੇ ਵਿੱਚ ਰਹਿੰਦਾ
ਰਹਿਣਾ ਲੋੜੇ ਸ਼ਾਂਤ ਚਿੱਤ
ਥੋਡਾ ਕੀ ਲੈਂਦਾ।
ਬੁਰਾ ਭਲਾ ਉੱਲੂ ਨੂੰ
ਲੋਕੀਂ ਕਹਿੰਦੇ ਰਹਿੰਦੇ
‘ਉੱਲੂ ਭਾਲੇ ਉਜਾੜ’
ਇਸ ਨੂੰ ਬਦਸ਼ਗਨਾਂ ਕਹਿੰਦੇ।
ਨਾ ਹੁੰਦੇ ਜੇ ਉੱਲੂ
ਭੁੱਖੇ ਮਰ ਜਾਂਦੇ
ਰਲ਼ ਕੇ ਚੂਹੇ ਭਰੇ ਭੜੋਲੇ
ਖਾਲੀ ਕਰ ਜਾਂਦੇ।
ਮੂਰਖ ਨਹੀਂ ਹੁੰਦਾ ਉੱਲੂ
ਹੁੰਦਾ ਏ ਬੁੱਧੀਮਾਨ
ਪੱਛਮ ਵਾਲੇ ਇਸ ਪੰਛੀ
ਦਾ ਕਰਦੇ ਨੇ ਸਨਮਾਨ।
ਬਦਸ਼ਗਨਾ ਨਹੀਂ ਹੁੰਦਾ
ਇਸ ਨੂੰ ਮਿੱਤਰ ਆਖ ਬੁਲਾਓ
ਉਜਾੜੇ ਦੀ ਉੱਲੂ ’ਤੇ ਨਾ
ਤੋਹਮਤ ਲਾਓ।
ਈਮੇਲ
ਇਹ ਨਾ ਕਿਸੇ ਜਹਾਜ਼ੇ ਚੜ੍ਹਦੀ, ਫੜੇ ਨਾ ਕੋਈ ਰੇਲ
ਪੂਰੀ ਦੁਨੀਆਂ, ਅੱਖ ਝਪਕੇ ਤਾਂ ਘੁੰਮ ਆਉਂਦੀ ਈਮੇਲ
ਕੰਪਿਊਟਰ ਬਣੇ ਡਾਕ ਦਾ ਡੱਬਾ,
ਬਣੇ ਡਾਕੀਆ ਇੰਟਰਨੈੱਟ
ਲੈਣੀ ਹੁੰਦੀ ਡਾਕ ਜੀਹਨੇ, ਉਹ ਕਰੇ ਕੰਪਿਊਟਰ ਸੈੱਟ
ਟਾਮ ਲਿਸੇਨ ਨੇ ਈਮੇਲ ਦੀ,
ਕੀਤੀ ਬੜੀ ਅਲੌਕਿਕ ਖੋਜ
ਲੋਕੀਂ ਅਰਬਾਂ ਖਰਬਾਂ ਕਹਿੰਦੇ, ਈਮੇਲ ਕਰਦੇ ਹਰ ਰੋਜ਼
ਪਹਿਲਾਂ ਭੇਜਣ ਵਾਲੇ ਦਾ ਨਾਂ, @ ਦਾ ਫੇਰ ਨਿਸ਼ਾਨ
ਈਮੇਲ ਕੰਪਨੀ ਅੱਗੇ, ਪਤੇ ਵਿੱਚ ਲੈ ਲਏ ਸਥਾਨ
ਯਾਹੂ, ਜੀਮੇਲ ਸੁਣੇ ਹੋਣਗੇ, ਸੁਣਿਆ ਹੋਣਾ ਹੌਟਮੇਲ
ਈਮੇਲ ਸੇਵਾਵਾਂ ਦਾ ਇਹ, ਸੁੰਦਰ ਬੜਾ ਸੁਮੇਲ
ਮੁਫ਼ਤੋ ਮੁਫ਼ਤੀ ਡਾਕ ਪੁਚਾਵੇ, ਨਹੀਂ ਲਗਾਉਂਦੀ ਦੇਰ
ਫੋਟੋ ਚਾਹੇ ਸੁਨੇਹੇ ਭੇਜੋ, ਵੀਡੀਓ ਚਾਹੇ ਸਾਫਟਵੇਅਰ
ਹੁਣ ਤਾਂ ਨਵੇਂ ਮੋਬਾਇਲਾਂ ’ਤੇ, ਹੋ ਜਾਂਦੀ ਈਮੇਲ
ਭਾਸ਼ਾਵਾਂ ਅਨੁਵਾਦ ਹੋ ਜਾਵਣ, ਪਲ਼ ਦੋ ਪਲ਼ ਦਾ ਖੇਲ
ਈਮੇਲ ਨਾਲ ਕਾਰੋਬਾਰ ਨੇ, ਇਸੇ ਨਾਲ ਚਲਦਾ ਵਪਾਰ
ਲੱਦਗੇ ਦਿਨ ਉਹ ਜਦੋਂ,
ਲਗਾਉਂਦੀ ਚਿੱਠੀ ਸੀ ਦਿਨ ਚਾਰ
ਨਵੇਂ ਵਰ੍ਹੇ ਦੇ ਕਾਰਡ, ਪਾਉਣ ਦੇ ਗਏ ਜ਼ਮਾਨੇ
ਈਮੇਲ ’ਤੇ ਸੁੱਖ ਸੁਨੇਹੇ, ਸ਼ੁਭ ਇੱਛਾਵਾਂ, ਸੁਲ੍ਹਾ, ਬਹਾਨੇ
ਕੁੱਲ ਵਿਸ਼ਵ ਵਿੱਚ, ਈਮੇਲ ਦੀ ਹੈ ਸਰਦਾਰੀ
ਰੁੱਸ ਕੇ ਬਹਿ ਜਾਏ, ਰੁਕ ਜਾਵੇਗੀ ਦੁਨੀਆਂ ਸਾਰੀ
ਲੇਜ਼ਰ
ਲਾਲ ਕਿਰਨ ਲੇਜ਼ਰ ਅਖਵਾਏ
ਚਾਣਨ ਦੇ ਨਾਲ ਮੇਲ ਨਾ ਖਾਵੇ
ਸੂਰਜ ਤੋਂ ਵੀ ਵੱਧ ਚਮਕੀਲੀ
ਲਾਲ ਕਿਰਨ ਬੜੀ ਛੈਲ ਛਬੀਲੀ
ਰੂਬੀ ਦੀ ਇੱਕ ਲੈ ਕੇ ਛੜ
ਲੈਂਪ ਲਿਆ ਮੇਮਨ ਨੇ ਫੜ
ਲਾਲ ਕਿਰਨ ਮੇਮਨ ਨੇ ਖੋਜੀ
ਕਿਰਨ ਜਗਾ ਗਈ ਸਾਡੀ ਸੋਝੀ
ਗੱਲਾਂ ਤੁਰੀਆਂ ਥਾਂ ਪੁਰ ਥਾਂ
ਲੇਜ਼ਰ ਰੱਖਿਆ ਇਸ ਦਾ ਨਾਂ
ਇੱਕ-ਇੱਕ ਕਰਕੇ ਲਈਏ ਸੁਣ
ਇਸ ਕਿਰਨ ਵਿੱਚ ਕਿੰਨੇ ਗੁਣ
ਲੱਖਾਂ ਮੀਲਾਂ ਤਕ ਦੀ ਦੂਰੀ
ਲਾਲ ਕਿਰਨ ਕਰ ਲੈਂਦੀ ਪੂਰੀ
ਇੱਕੋ ਸੇਧ ’ਚ ਫਟਾਫਟ
ਦੌੜੀ ਜਾਂਦੀ ਫੈਲੇ ਘੱਟ
ਲੇਜ਼ਰ ਦੀ ਵਧ ਗਈ ਮਸ਼ਹੂਰੀ
ਲੱਭੀ ਜਦ ਚੰਨ ਤਕ ਦੀ ਦੂਰੀ
ਹੀਰੇ ’ਚੋਂ ਮੋਰੀ ਦਏ ਕੱਢ
ਧਾਤਾਂ ਦੀ ਕਰਦੀ ਕੱਟ ਵੱਢ
ਜੰਗਾਂ ਅੰਦਰ ਜੌਹਰ ਦਿਖਾਵੇ
ਮਿਜ਼ਾਇਲਾਂ ਨੂੰ ਰਸਤੇ ਪਾਵੇ
ਐਨ ਨਿਸ਼ਾਨੇ ਡਿੱਗਣ ਬੰਬ
ਦੁਸ਼ਮਣ ਜਾਂਦੇ ਥਰ-ਥਰ ਕੰਬ
ਟੀ.ਵੀ. ਰੇਡੀਓ ਜਾਂ ਛਾਪੇਖਾਨੇ
ਕੰਪਿਊਟਰ ’ਤੇ ਜਾਂ ਵਿੱਚ ਦਵਾਖਾਨੇ
ਜਦ ਰੋਗਾਂ ਦਾ ਕਰੇ ਇਲਾਜ਼
ਦਿਲ ਸਾਡੇ ’ਤੇ ਕਰਦੀ ਰਾਜ਼
ਰੱਖਿਆ ਖੇਤਰ ਜਾਂ ਸੰਚਾਰ
ਲੇਜ਼ਰ ਦੀ ਹੈ ਜੈ ਜੈ ਕਾਰ।
ਅਸਮਾਨੀ ਬਿਜਲੀ
ਅੰਬਰ ਦੇ ਵਿੱਚ ਚੜ੍ਹ ਪਵੇ, ਜਦੋਂ ਘਟਾ ਘਨਘੋਰ।
ਨ੍ਹੇਰੀ ਝੱਖੜ ਝੁੱਲਦੇ, ਕੂ ਕੂ ਕੂਕਣ ਮੋਰ।
ਮੈਂ ਬੱਦਲਾਂ ’ਚੋਂ ਜਨਮੀ, ਗਰਜ਼ਾਂ ਕਰਦੀ ਸ਼ੋਰ।
ਗਰਜ਼ ਸੁਣੇਂਦੀ ਮਗਰੋਂ ਮੇਰੀ, ਪਹਿਲਾਂ ਪਏ ਲਿਸ਼ਕੋਰ।
ਬੈਂਜਾਮਿਨ ਸੀ ਮੀਂਹ ਵਾਲੇ ਦਿਨ, ਰਿਹਾ ਪਤੰਗ ਉਡਾ।
ਗਿੱਲੀ ਰੇਸ਼ਮ ਡੋਰ ’ਚੋਂ, ਮੈਂ ਚੁਪਕੇ ਗਈ ਆ।
ਚਾਂਦੀ ਦੀ ਚਾਬੀ ਨੂੰ ਛੂਹਿਆ, ਝਟਕਾ ਜਿਹਾ ਪਿਆ।
ਬੈਂਜਾਮਿਨ ਤਾਂ ਉਸੇ ਦਿਨ ਮੇਰਾ, ਭੇਤ ਸੀ ਜਾਣ ਗਿਆ।
ਨਾ ਭਾਣਜੀ ਕੰਸ ਦੀ, ਨਾ ਕ੍ਰਿਸ਼ਨ ਦੀ ਭੈਣ।
ਅਗਿਆਨੀ ਜੋ ਆਖਦੇ, ਮੈਂ ਆਉਂਦੀ ਬਦਲਾ ਲੈਣ।
ਤੇਜ਼ ਹਵਾ ਜਲ ਬੂੰਦਾਂ ਉੱਤੇ ਪੈਦਾ ਕਰੇ ਆਵੇਸ਼।
ਬਣਦੇ ਵੈਰੀ ’ਕੱਠੇ ਉੱਡਦੇ, ਦੋ ਬੱਦਲ ਦਰਵੇਸ਼।
ਬੱਦਲਾਂ ਉੱਪਰ ਛਾਲਾਂ ਮਾਰੇ, ਇੱਕ ਅੱਗ ਦੀ ਚੰਗਿਆੜੀ।
ਕਦੇ ਕਦੇ ਚੰਗਿਆੜੀ ਪਾਵੇ, ਧਰਤੀ ਦੇ ਨਾਲ ਆੜੀ।
ਇਹ ਚੰਗਿਆੜੀ ਜਦੋਂ, ਧਰਤ ’ਤੇ ਉੱਤਰ ਆਉਂਦੀ।
ਇਹੀ ਆਕਾਸ਼ੀ ਬਿਜਲੀ ਹੁੰਦੀ, ਜੋ ਜੀਅ-ਜੰਤ ਝੁਲਸਾਉਂਦੀ।
ਆਪਣੇ ਘਰ ਦੀ ਟੀਸੀ ਉੱਤੇ ਚਾਲਕ ਤੜਿਤ ਲਗਾਓ।
ਮੇਰੇ ਜ਼ਾਲਮ ਗੁੱਸੇ ਕੋਲੋਂ, ਸਾਰੇ ਹੀ ਬਚ ਜਾਓ।
ਇੰਟਰਨੈੱਟ
ਦੁਨੀਆਂ ਮੁੱਠੀ ਦੇ ਵਿੱਚ ਬੰਦ
ਕੁਲ ਲੋਕਾਈ ਕਰੇ ਪਸੰਦ।
ਵੱਡਾ ਸੋਮਾ ਗਿਆਨ ਦਾ
ਹੈ ਇਲਮ ਅਕਲਾਂ ਜਾਣਦਾ।
ਘੱਲਣਾ ਸੁਨੇਹਾ ਖੇਲ੍ਹ ਹੈ
ਚਿੱਠੀ ਨਹੀਂ ਈ-ਮੇਲ ਹੈ।
ਦੂਰ ਦੁਰਾਡੇ ਕਰੀਏ ਗੱਲਾਂ
ਵੈੱਬ ਕੈਮਰੇ ਮਾਰੀਆਂ ਮੱਲਾਂ।
ਫੇਸਬੁੱਕ ਵੀ ਬੜੀ ਕਮਾਲ
ਬੁਣਦੀ ਮੇਲ ਜੋਲ ਦਾ ਜਾਲ।
ਟਵਿੱਟਰ ਬਣਿਆ ਲੋਕ ਪਸੰਦ
ਵਰਤੋ ਬਲਾਗ ਹੈ ਲਾਹੇਵੰਦ।
ਖੇਡਾਂ ਫ਼ਿਲਮਾਂ ਤੇ ਸੰਗੀਤ
ਈ-ਸ਼ਾਪਿੰਗ ਦੀ ਪੈ ਗਈ ਰੀਤ।
ਲੈਪਟਾਪ, ਕੰਪਿਊਟਰ, ਮੋਬਾਈਲ
ਇੰਟਰਨੈੱਟ ਦੀ ਚਹਿਲ-ਪਹਿਲ।
ਭਰਿਆ ਸਾਗਰ ਗਿਆਨ ਦਾ
ਮੁਹਤਾਜ ਨਹੀਂ ਪਹਿਚਾਣ ਦਾ।
ਅੱਜ ਬੱਚਾ ਬੱਚਾ ਜਾਣਦਾ
ਇਹਨੂੰ ਜਾਣਦਾ ਹੈ ਮਾਣਦਾ।
ਜਿਹੜਾ ਨਾ ਇਸ ਨੂੰ ਜਾਣਦਾ
ਨਹੀਓਂ ਵਕਤ ਦੇ ਹਾਣ ਦਾ।
ਹੁੰਦੀ ਗੱਲ ਉਸ ਵੇਲੇ ਮਾੜੀ
ਰੁੱਸਦੇ ਘਰ ਦੇ ਰੁੱਸਦੇ ਆੜੀ।
ਲੋੜ ’ਤੇ ਕਰੀਏ ਇਸਤੇਮਾਲ
ਇੰਟਰਨੈੱਟ ’ਤੇ ਨਾ ਉੱਠਣ ਸਵਾਲ।
ਫੈਕਸ
(ਵਿਗਿਆਨਕ ਕਵਿਤਾ)
ਲਿਖੇ ਹੋਏ ਕਾਗ਼ਜ਼ ’ਤੇ ਅੱਖਰ
ਦਸਤਾਵੇਜ਼ ਜਾਂ ਚਿੱਠੀ ਪੱਤਰ
ਦੂਰ-ਦੁਰਾਡੇ ਹੈ ਪਹੁੰਚਾਉਂਦੀ
ਇਹੀਓ ਫੈਕਸ ਮਸ਼ੀਨ ਕਹਾਉਂਦੀ।
ਪਹਿਲੇ ਪਹਿਲ ਇਹ ਅਨੁਰੂਪ ਸੀ
ਬਣ ਗਈ ਹੁਣ ਆਂਕਿਕ
ਪਹਿਲਾਂ ਕੁਝ ਦੇਰੀ ਲੱਗੀ ਸੀ
ਪਲ ਲੱਗਦਾ ਹੁਣ ਇੱਕ।
ਭੇਜਣਾ ਹੋਵੇ ਸੰਦੇਸ਼ ਫੋਨ ’ਤੇ
ਨੰਬਰ ਇੱਕ ਲਗਾਉਣਾ ਪੈਂਦਾ
ਕਾਗ਼ਜ਼ ਫੇਰ ਸੁਨੇਹੇ ਵਾਲਾ
ਵਿੱਚ ਮਸ਼ੀਨ ਦੇ ਪਾਉਣਾ ਪੈਂਦਾ।
ਸਭ ਕੁਝ ਜੋ ਕਾਗ਼ਜ਼ ’ਤੇ ਲਿਖਿਆ
ਹੋ ਸਕੈਨ ਜਾਵੇ
ਪ੍ਰਕਾਸ਼ ਸੰਕੇਤਾਂ ਵਿੱਚ ਅੱਖਰਾਂ ਨੂੰ
ਇਹ ਬਦਲੀ ਜਾਵੇ।
ਟੈਲੀਫੋਨ ਦੀਆਂ ਤਾਰਾਂ ਵਿੱਚੋਂ
ਇਹ ਸੰਕੇਤ ਤੁਰਦੇ ਜਾਵਣ
ਲੈਣਾ ਜੀਹਨੇ ਸੁਨੇਹਾ ਉਹਦੀ
ਫੈਕਸ ਮਸ਼ੀਨ ’ਤੇ ਪੁੱਜ ਜਾਵਣ।
ਪੁੱਜਣ ਜੋ ਸੰਕੇਤ ਇੱਥੇ
ਡੀਕੋਡ ਹੋ ਜਾਂਦੇ
ਮੂਲ ਲਿਖਤ ਵਰਗੀ ਕਾਪੀ
ਤੇ ਕਾਗ਼ਜ਼ ਬਾਹਰ ਆਉਂਦੇ।
ਸੰਕੇਤਾਂ ਤੋਂ ਮੁੜ ਕਾਗ਼ਜ਼ ’ਤੇ
ਬਣ ਜਾਂਦੇ ਨੇ ਅੱਖਰ
ਪਲ ਦੋ ਪਲ ਵਿੱਚ ਪੂਰਾ
ਹੋ ਜਾਂਦਾ ਹੈ ਚੱਕਰ।
ਫੈਕਸ ਸੰਦੇਸ਼ਾਂ ਨੂੰ
ਪਹੁੰਚਾਉਂਦੀ ਹੈ ਇੰਨ-ਬਿੰਨ
ਖੋਜਕਾਰ ਫਰਾਂਸ ਦਾ ਹੈ
ਇਸ ਦਾ ਐਡੋਆਰਡ ਬੇਲਿਨ।
ਮੂੰਗਫ਼ਲੀ
ਨਿੱਕੀ ਜੇਹੀ ਬੜੀ ਭੋਲੀ-ਭਾਲੀ,
ਮੂੰਗਫ਼ਲੀ ਦੀ ਮਹਿਕ ਨਿਰਾਲੀ।
ਕਮਜ਼ੋਰਾਂ ਨੂੰ ਸੁੱਕੇ ਮੇਵੇ,
ਕੌਣ ਖ਼ਰੀਦੇ ਕਿਹੜਾ ਦੇਵੇ।
ਮੂੰਗਫ਼ਲੀ ਵਿੱਚ ਡਾਢੀ ਜਾਨ,
ਗ਼ਰੀਬਾਂ ਨੂੰ ਇਹੀ ਬਦਾਮ।
ਖ਼ਣਿਜ ਵਿਟਾਮਿਨਾਂ ਨਾਲ ਭਰਪੂਰ,
ਮੂੰਗਫ਼ਲੀ ਦੀ ਇਹ ਸਿਫ਼ਤ ਜ਼ਰੂਰ।
ਠੰਢ ਪਾਲੇ ਤੋਂ ਹੈ ਬਚ ਜਾਂਦਾ,
ਜੋ ਵੀ ਮੂੰਗਫ਼ਲੀ ਹੈ ਖਾਂਦਾ।
ਰੇਤੇ ਵਿੱਚ ਬੜੀ ਇਹ ਹੁੰਦੀ,
ਨਾਲ ਜੜ੍ਹਾਂ ਦੇ ਚਿੰਬੜੀ ਹੁੰਦੀ।
ਬੱਸਾਂ, ਗੱਡੀਆਂ ਤੇ ਸਿਨਮਾ ਘਰ,
ਵੇਚਣ ਲੋਕ ਲਿਫ਼ਾਫ਼ੇ ਭਰ-ਭਰ।
ਗਿਰੀਆਂ ਫ਼ੋਲਕ ਲਾਹਕੇ ਖਾਈਏ,
ਫ਼ੋਲਕ ਖਾ ਕੇ ਖੰਘ ਨਾ ਲਗਾਈਏ।
ਹੋਰ ਨਾ ਬਹੁਤਾ ਦਿਲ ਲਲਚਾਈਏ,
ਆ ਜਾਓ ਬੈਠ ਮੂੰਗਫ਼ਲੀ ਖਾਈਏ।
ਭੋਲੂ ਤੇ ਚੋਰ
ਭੋਲੂ ਰਾਤੀਂ ਭੌਂਕ ਰਿਹਾ ਸੀ,
ਕਿਧਰੇ ਹੋਇਆ ਖੜਾਕ ਜੇਹਾ ਸੀ।
ਕੰਧ ਉੱਤੇ ਸੀ ਬੰਦਾ ਚੜ੍ਹਿਆ,
ਝੱਟ ਭੋਲੂ ਨੇ ਲੱਤੋਂ ਫੜਿਆ।
ਬੰਦੇ ਸੁੱਟੀ ਮਾਸ ਦੀ ਬੋਟੀ,
ਕਹਿੰਦਾ ਭੋਲੂ ਪਾ ਲੈ ਜੋਟੀ।
ਭੌਂਕੀ ਨਾ ਤੂੰ ਚੁੱਪ ਹੋ ਜਾ,
ਖਾ ਕੇ ਬੋਟੀ ਪਰਾਂ ਖਲੋਜਾ।
ਭੋਲੂ ਝਈਆਂ ਲੈ ਲੈ ਪੈਂਦਾ,
ਭੌਂਕੇ ’ਤੇ ਵੱਡਣ ਨੂੰ ਪੈਂਦਾ।
ਬੋਟੀ ਨੂੰ ਉਸ ਮੂੰਹ ਨਾ ਲਾਇਆ,
ਸਾਡੇ ਨਾਲ ਨਾ ਦਗਾ ਕਮਾਇਆ।
ਭੋਲੂ ਕਹਿੰਦਾ ਤੂੰ ਏ ਚੋਰ,
ਸੌਦਾ ਕਰੀਂ ਕਿਤੇ ਜਾ ਕੇ ਹੋਰ।
ਮਾਲਕ ਮੈਨੂੰ ਸਭ ਕੁਝ ਦਿੰਦਾ,
ਫਟਕਣ ਦਿਆਂ ਨਾ ਕੋਈ ਪਰਿੰਦਾ।
ਭੋਲੂ ਨੇ ਸੀ ਚੋਰ ਭਜਾਇਆ,
ਅੱਗੋਂ ਹੱਥ ਪੁਲੀਸ ਦੇ ਆਇਆ।
ਰੋਮ ਰੋਮ ਸਾਡਾ ਹੈ ਆਭਾਰੀ
ਤੱਕ ਭੋਲੂ ਦੀ ਇਹ ਵਫ਼ਾਦਾਰੀ।
ਸਿੱਪੀ
ਜੀਵ ਇੱਕ ਅਦਭੁੱਤ ਜਦ,
ਜਲ ਬੂੰਦ ਮੁੱਖ ’ਤੇ ਧਰੇ।
ਲਿਟਰਾਂ ਦੇ ਲਿਟਰ ਪਾਣੀ ਨੂੰ,
ਰੋਗਾਣੂ ਰਹਿਤ ਕਰੇ।
ਢਿੱਡ ’ਚ ਮੋਟੀਆਂ ਕੋਸ਼ਿਕਾਵਾਂ ਨੂੰ,
ਮੋਤੀਆਂ ਵਿੱਚ ਤਬਦੀਲ ਕਰੇ।
ਗੁਰੂਤਾ ਖਿੱਚ ਦੀ ਕਹਾਣੀ
ਮਗਨ ਖ਼ਿਆਲਾਂ ਵਿੱਚ ਨਿਊਟਨ,
ਬੈਠਾ ਸੀ ਰੁੱਖ ਦੇ ਥੱਲੇ,
ਝਈਆਂ ਲੈਂਦੇ ਪੋਣ ਦੇ ਬੁੱਲੇ,
ਆਵਣ ਕਰ ਕਰ ਹੱਲੇ।
ਟੁੱਟ ਟਹਿਣੀਓਂ ਸੇਬ ਉਹਦੇ,
ਸਿਰ ਉੱਤੇ ਵੱਜਾ ਆਣ,
ਉੱਪਰ ਥੱਲੇ ਦੇਖੇ ਨਿਊਟਨ,
ਲੱਗਾ ਸੋਚ ਦੌੜਾਣ।
ਕਾਹਤੋਂ ਸੇਬ ਧਰਤ ’ਤੇ ਡਿੱਗਾ,
ਉੱਪਰ ਕਿਉਂ ਨਹੀਂ ਗਿਆ,
ਖਿੱਚ ਕੋਈ ਹੈ ਧਰਤੀ ਅੰਦਰ,
ਲੁਕਿਆ ਭੇਤ ਪਿਆ।
ਕਾਹਤੋਂ ਧਰਤੀ ਵਸਤਾਂ ਉੱਤੇ,
ਜਾਦੂ ਜਿਹਾ ਚਲਾਉਂਦੀ,
ਉੱਪਰੋਂ ਸੁੱਟੀ ਚੀਜ਼ ਹਰੇਕ,
ਕਿਉਂ ਧਰਤੀ ਵੱਲ ਆਉਂਦੀ।
ਤਾਣ ਲਗਾਕੇ ਨਿਊਟਨ ਨੇ ਸੀ,
ਨਿਯਮ ਤਲਾਸ਼ ਲਿਆ,
ਧਰਤੀ ਅੰਦਰ ਗੁਰੂਤਾ ਦਾ ਬਲ,
ਉਸ ਨੂੰ ਸਮਝ ਪਿਆ।
ਕਿਉਂ ਧਰਤੀ ਖਿੱਚਦੀ ਚੀਜ਼ਾਂ ਨੂੰ,
ਸਾਰਾ ਭੇਤ ਪਿਆ,
ਨਵੇਂ ਇੱਕ ਗਿਆਨ ਦਾ ਸੀ,
ਬੂਹਾ ਖੁੱਲ੍ਹ ਗਿਆ।
ਗੁਰੂਤਾ ਖਿੱਚ ਧਰਤੀ ਦੇ ਅੰਦਰ,
ਚੀਜ਼ਾਂ ਨੂੰ ਧੂਹ ਪਾਵੇ,
ਉੱਪਰ ਜਾਣ ਨਾ ਦੇਵੇ,
ਖਿੱਚ ਕੇ ਧਰਤੀ ਵੱਲ ਲਿਆਵੇ।
ਬ੍ਰਹਿਮੰਡ ਵਿੱਚ ਹਰ ਵਸਤੂ ਉਂਜ,
ਇੱਕ ਦੂਜੇ ਨੂੰ ਖਿੱਚੇ ਧੱਕੇ,
ਖੋਜ ਤੁਰੀ ਅੱਗੇ ਤਾਂ ਉਨ੍ਹਾਂ,
ਨਿਯਮ ਬਣਾਏ ਪੱਕੇ।
ਇੱਕ ਦੂਜੇ ਦੇ ਗਿਰਦ ਧਰਤੀਆਂ,
ਕਿੱਦਾਂ ਘੁੰਮੀ ਜਾਵਣ,
ਸਭਨਾਂ ਵਿੱਚ ਵਿਚਾਲੇ ਗੁਰੂਤਾ,
ਤਾਹੀਓਂ ਚੱਕਰ ਲਾਵਣ।
ਚੰਨ ਧਰਤੀ ਦਾ ਇਸੇ ਕਰਕੇ,
ਲਾਉਂਦਾ ਗੇੜਾ,
ਸੂਰਜ ਦੁਆਲੇ ਧਰਤੀ ਪੰਧ
ਦਾ ਕਰੇ ਨਿਬੇੜਾ।
ਠੀਕ ਵਕਤ ’ਤੇ ਚੱਕਰ ਚੱਲੇ,
ਨਾ ਭੋਰਾ ਫ਼ਰਕ ਪਵੇ,
ਕੁਦਰਤ ਦੇ ਰੰਗਾਂ ਨੂੰ
ਖੋਜੀ ਤਾਂ ਜਾਣ ਲਵੇ।
ਮਨ ਵਿੱਚ ਰੱਖ ਇਰਾਦਾ ਪੱਕਾ,
ਚਿੰਤਨ ਗਹਿਰਾ ਧਿਆਨ,
ਇੱਕ ਦਿਨ ਬਣ ਸਕਦੇ ਤੁਸੀਂ ਵੀ
ਨਿਊਟਨ ਜਿਹੇ ਮਹਾਨ।
ਗੰਡੋਆ
ਆਖਣ ਗੰਡ ਗੰਡੋਲਾ
ਬਹੁਤੇ ਲੋਕ ਗੰਡੋਆ ਕਹਿੰਦੇ
ਲੋਕੀ ਮੇਰਾ ਵੱਖੋ ਵੱਖਰਾ
ਨਾਂ ਨੇ ਲੈਂਦੇ।
ਦੀਂਹਦਾ ਰੱਸੀ ਵਰਗਾ,
ਪਰ ਮੈਂ ਹਿੰਮਤ ਵਾਲਾ,
ਖੇਤਾਂ ਅੰਦਰ ਇੱਕ ਇੱਕ
ਪੌਦੇ ਦਾ ਰਖ਼ਵਾਲਾ।
ਖੇਤਾਂ ਵਿੱਚ, ਬਾਗ਼ਾਂ ਵਿੱਚ,
ਰਹਿੰਦਾ ਧਰਤੀ ਥੱਲੇ,
ਦਿਨ ਰਾਤ ਧਰਤੀ ਹੇਠਾਂ,
ਮੇਰਾ ਹਲ਼ ਚੱਲੇ।
ਬਨਸਪਤੀਆਂ ਦਾ ਪਾਲਕ,
ਮਿੱਤਰ ਹਾਂ ਕਿਸਾਨ ਦਾ,
ਮੈਂ ਮਿੱਟੀ ਨਾਲ ਮਿੱਟੀ,
ਹੋਣਾ ਹਾਂ ਜਾਣਦਾ।
ਮੈਂ ਚੂਸਾਂ ਧਰਤੀ ’ਚੋਂ,
ਜ਼ਹਿਰਾਂ ਬਾਹਰ ਨਿਕਾਲਾਂ,
ਕਿੰਝ ਬਣੇ ਉਪਜਾਊ ਧਰਤੀ,
ਢੰਗ ਤਰੀਕੇ ਭਾਲਾਂ।
ਗੰਧਲੇ ਪਾਣੀ ਛਾਣਾਂ,
ਮੈਂ ਮੁੜ ਸੁਰਜੀਤ ਕਰਾਂ,
ਮਿੱਟੀ ਪੋਲੀ ਕਰ ਕਰ
ਅੰਦਰ ਖਾਦ ਭਰਾਂ।
ਛਛੂੰਦਰ ਮੇਰੀ ਦੁਸ਼ਮਣ,
ਟੁੱਕ ਟੁੱਕ ਜ਼ਹਿਰ ਭਰਦੀ,
ਗੰਡੋਏ ਚੁੱਕ
ਖੁੱਡਾਂ ਵਿੱਚ ਧਰ ਦੀ।
ਕੀੜੇ ਮਾਰ ਦਵਾਈਆਂ ਵੀ,
ਮੈਨੂੰ ਮਾਰ ਮੁਕਾਉਣਗੀਆਂ,
ਬੰਜਰ ਹੋਗੀ ਧਰਤੀ
ਫ਼ਸਲਾਂ ਕਿੱਥੋਂ ਆਉਣਗੀਆਂ।
ਧਰਤੀ ਦੀ ਗੁਣਵੱਤਾ ਦਾ
ਹਰਿਆਲੀ ਦਾ ਪਹਿਰੇਦਾਰ,
ਤੁਹਾਡਾ ਮਿੱਤਰ ਗੰਢੋਆ ਹਾਂ
ਮੀਹਾਂ ਵਿੱਚ ਨਿਕਲਾਂ ਬਾਹਰ।
ਕੰਨਖਜੂਰਾ
ਐਨੀਆਂ ਲੱਤਾਂ ਕਿਵੇਂ ਤੁਰੇ
ਜੁਗਤੀ ਪੂਰਾ
ਹੁੰਦਾ ਏ ਇੱਕ ਕੁਸ਼ਲ
ਸ਼ਿਕਾਰੀ ਕੰਨਖਜੂਰਾ।
ਕਾਕਰੋਚ, ਟਿੱਡੀਆਂ, ਮੱਖੀਆਂ
ਆਹਾਰ ਬਣਾਵੇ।
ਰੁੱਖਾਂ ਦੀ ਛਿੱਲ ਅੰਦਰ
ਲੁਕ ਕੇ ਬਹਿੰਦਾ
ਜਗ੍ਹਾ ਸਲਾਬ੍ਹੀ, ਰੂੜੀਆਂ ਅੰਦਰ
ਕੰਨਖਜੂਰਾ ਰਹਿੰਦਾ।
ਨਿਕਲੇ ਰਾਤੀਂ
ਠੰਢੀ ਪੌਣ ਜਦੋਂ ਚੱਲਦੀ
ਖੁਸ਼ਕ ਬਦਨ ਵਿੱਚ ਨਮੀ
ਪੌਣ ਵਿੱਚੋਂ ਰਲਦੀ।
ਸਿਲ੍ਹ ਮਿਲੇ ਨਾ ਖੁਸ਼ਕੀ
ਇਸ ਨੂੰ ਖਾ ਜਾਂਦੀ
ਇਸ ਦੇ ਜਿਊਣ ਵਾਲਾ
ਕੰਮ ਮੁਕਾ ਜਾਂਦੀ।
ਇਸ ਦੇ ਕੋਲ ਬਿੱਛੂ
ਵਰਗਾ ਡੰਗ ਨਹੀਂ
ਜ਼ਹਿਰ ਪੋਟਲੀ ਸੱਪ
ਵਰਗਾ ਕੋਈ ਢੰਗ ਨਹੀਂ।
ਜ਼ਹਿਰ ਗ੍ਰੰਥੀ ਨਾਲ
ਜੁੜੀ ਹੁੰਦੀ ਥੋੜ੍ਹੀ
ਕੰਨਖਜੂਰੇ ਦੇ ਪੈਰਾਂ ਦੀ
ਅਗਲੀ ਜੋੜੀ।
ਪੈਰ ਮੂਹਰਲੇ ਲੈਂਦੇ ਜਕੜ
ਸ਼ਿਕਾਰ ਜਦੋਂ
ਜ਼ਹਿਰ ਗ੍ਰੰਥੀ ਦਾ ਹੁੰਦਾ
ਹੈ ਵਾਰ ਉਦੋਂ।
ਕਿਣਕਾ ਕਿਣਕਾ ਜ਼ਹਿਰ
ਖ਼ੂਨ ਵਿੱਚ ਰਲ਼ ਜਾਵੇ
ਢਿੱਲਾ ਪਵੇ ਸ਼ਿਕਾਰ
ਪੇਸ਼ ਨਾ ਜਾਵੇ।
ਕੰਨਖਜੂਰਾ ਭੁੱਲ ਭੁਲੇਖੇ
ਤੁਹਾਡੇ ਘਰ ਆਉਂਦਾ
ਇੱਟਾਂ ਰੋੜੇ ਪੱਥਰਾਂ ਨਾਲ
ਕੁਚਲਿਆ ਜਾਂਦਾ।
ਨਿੱਕੀਆਂ ਨਿੱਕੀਆਂ ਚਿੜੀਆਂ
ਇਸ ਨੂੰ ਚੁੱਕ ਲੈ ਜਾਂਦੀਆਂ
ਤੋੜ ਕੇ ਲੱਤਾਂ ਪੈਰ
ਮਜ਼ੇ ਨਾਲ ਖਾਂਦੀਆਂ।
ਬਾਰਾਂ ਇੰਚ ਤਕ ਹੁੰਦਾ
ਕੰਨਖਜੂਰਾ ਲੰਬਾ
ਪੰਦਰਾਂ ਜੋੜੀ ਲੱਤਾਂ ਵਾਲਾ
ਜੀਵ ਅਚੰਭਾ।
ਐਨੀਆਂ ਲੱਤਾਂ ਨਾਲ ਤੁਰੇ
ਜੀਕੂੰ ਡਰ ਪਾਵੇ
ਘਾਤਕ ਕੀੜੇ ਖਾ ਕੇ
ਫਿਰ ਵੀ ਭਲਾ ਕਮਾਵੇ।
ਚਮਗਿੱਦੜ
ਪੰਛੀ ਹੋਰ ਦਿਨੇ ਉੱਡਦੇ
ਇਹ ਰਾਤੀ ਭਰੇ ਉਡਾਰੀ
ਆਖਣ ਲੋਕੀ ਪੰਛੀ
ਪਰ ਇਹ ਹੈ ਥਣਧਾਰੀ।
ਖੋਲ੍ਹੇ ਖੰਡਰ ਰੁੱਖ ਟਾਹਣੀਆਂ
ਉੱਪਰ ਚੱਤੋਪਹਿਰ
ਪੁੱਠਾ ਲਟਕਿਆ ਹੁੰਦਾ
ਸਿਰ ਥੱਲੇ ਤੇ ਉੱਪਰ ਪੈਰ।
ਅਜਬ ਪ੍ਰਾਣੀ ਦੇਖੋ
ਨ੍ਹੇਰੇ ਵਿੱਚ ਵੀ ਉੱਡ ਲੈਂਦਾ
ਜਿੱਧਰ ਚਾਹਵੇ, ਮਰਜ਼ੀ ਦੇ ਨਾਲ
ਉੱਧਰ ਮੁੜ ਪੈਂਦਾ।
ਪੰਜਿਆਂ ਕੋਲੋਂ ਪੂਛ ਤਕ
ਝਿੱਲੀ ਜੇਹੀ ਬਣ ਜਾਂਦੀ
ਉੱਡਣ ਖ਼ਾਤਰ, ਖੰਭਾਂ ਵਾਂਗਰ
ਜੀਕੂੰ ਬਣ ਜਾਂਦੀ।
ਉੱਡਦਾ ਉੱਡਦਾ ਕੀਟ ਪਤੰਗੇ
ਵੀ ਹੈ ਖਾਂਦਾ
ਭੀੜ ਪਵੇ ਤਾਂ ਰਸਤਾ
ਝੱਟ ਬਦਲ ਜਾਂਦਾ।
ਪੈਰ ਤੁਰਨ ਜੋਗੇ ਨਹੀਂ
ਖੜ੍ਹਨ ਖਲੋਵਣ ਨਾ
ਬੈਠਣ ਲੱਗੇ, ਗਿਰ ਜਾਵੇ
ਸਾਂਭਣ ਜੋਗੇ ਵੀ ਹੋਵਣ ਨਾ।
ਮੂੰਹ ਵਿੱਚੋਂ ਆਵਾਜ਼ ਉਪਜਦੀ
ਚਾਰੇ ਪਾਸੇ ਖਿੱਲਰ ਜਾਵੇ
ਰਾਹ ਵਿੱਚ ਇਸ ਆਵਾਜ਼
ਨਾਲ ਜੇ ਚੀਜ਼ ਕੋਈ ਟਕਰਾਵੇ।
ਧੁਨੀ ਪਰਤ ਦੀ ਪ੍ਰਤੀਧੁਨੀ
ਜਦ ਚਮਗਿੱਦੜ ਕੋਲ ਆਵੇ
ਲਾ ਅੰਦਾਜ਼ਾ ਰਾਹ ਬਦਲਦਾ
ਟੱਕਰ ਤੋਂ ਬਚ ਜਾਵੇ।
ਖੋਜੀ ਕਹਿੰਦੇ ਪੈਦਾ ਕਰਦਾ
ਉਹ ਇੱਕ ਪਰਾਧੁਨੀ
ਪਰਾਧੁਨੀ ਬੰਦੇ ਕੋਲੋਂ
ਨਾ ਜਾਵੇ ਸੁਣੀ।
ਧੁਨੀ ਪ੍ਰਤੀ ਧੁਨੀ ਨੂੰ ਲੈ ਕੇ
ਖੋਜਿਆ ਗਿਆ ਰਾਡਾਰ
ਲਾਵੇ ਟੋਹ ਜਹਾਜ਼ਾਂ ਦੀ
ਦੱਸਦਾ ਦਿਸ਼ਾ ਅਤੇ ਰਫ਼ਤਾਰ
ਇੱਕ ਚਮਗਿੱਦੜ ਗਾਂ ਮੱਝ
ਦਾ ਕਰਦਾ ਹੈ ਸ਼ਿਕਾਰ
ਖ਼ੂਨ ਚੂਸਦਾ ਸਾਰਾ ਪਿੱਛੋਂ
ਦੇਵੇ ਉਸ ਨੂੰ ਮਾਰ
ਰੱਤ ਪੀਣੇ ਚਮਗਿੱਦੜ
ਦੱਖਣੀ ਅਮਰੀਕਾ ਵਿੱਚ ਰਹਿੰਦੇ
ਬੈਮਪਾਇਰ ਚਮਗਿੱਦੜ ਲੋਕੀਂ
ਉਸ ਨੂੰ ਕਹਿੰਦੇ
ਭਰੇ ਉਡਾਣ ਬੇਰੋਕ ਰਾਤ ਨੂੰ
ਨਾ ਹੁੰਦੀ ਗੜਬੜ
ਕੈਸਾ ਜੀਵ ਬਣਾਇਆ ਕੁਦਰਤ
ਦੇਖੋਂ ਇਹ ਚਮਗਿੱਦੜ।
ਬਿੱਛੂ
ਬਹੁਤੇ ਲੋਕੀ ਇਸ ਦੇ,
ਡੰਗ ਤੋਂ ਜਾਂਦੇ ਡਰ,
ਡੰਗਣ ਵਿੱਚ ਬਿੱਛੂ ਦਾ,
ਸੱਪ ਦਾ ਅਗਲਾ ਨੰਬਰ।
ਉਂਜ ਹੈ ਮੱਕੜੀ ਵਰਗਾ,
ਨਹੀਂ ਇਹ ਕੀਟ ਪਤੰਗਾ,
ਛੇ ਲੱਤਾਂ ਵਾਲਾ ਨਹੀਂ,
ਹੁੰਦਾ ਇਹ ਅੱਠ ਟੰਗਾ।
ਅੱਧੇ ਇੰਚ ਤੋਂ ਅੱਠ ਇੰਚ
ਤਕ ਇਹਦੀ ਲੰਬਾਈ
ਨੀਲੇ, ਕਾਲੇ, ਪੀਲੇ, ਭੂਰੇ
ਬਿੱਛੂ ਚੋਣ ਦਿਖਾਈ।
ਬਿੱਛੂ ਦੀ ਸ਼ਕਤੀ ਸੁਣਨ ਦੀ,
ਹੁੰਦੀ ਹੈ ਪੁਰਜ਼ੋਰ
ਨਿਗ੍ਹਾ ਨਜ਼ਰ ਤੋਂ ਬਿੱਛੂ
ਹੁੰਦਾ ਹੈ ਕਮਜ਼ੋਰ।
‘ਉਦਰ’ ਪੇਟ ਦਾ ਹਿੱਸਾ ਹੁੰਦਾ
ਲੰਬਾ ਖੰਡਾਂ ਵਾਲਾ
ਇਸ ਦੇ ਸਿਰ ’ਤੇ ਸੂਈ
ਵਰਗਾ ਡੰਗ ਨਿਰਾਲਾ।
ਫੁਰਤੀ ਦੇ ਨਾਲ ਸੂਈ ਖੋਭੇ
ਡੰਗ ਚਲਾਵੇ
ਜ਼ਹਿਰ ਗ੍ਰੰਥੀ ਜ਼ਹਿਰ
ਖ਼ੂਨ ਅੰਦਰ ਉਲਟਾਵੇ।
ਬਿੱਛੂ ਜੀਹਨੂੰ ਡੰਗੇ
ਉਹ ਚੀਕੇ ਤੇ ਕੁਰਲਾਵੇ
ਦਰਦਾਂ ਨਾਲ ਕਰਾਹੁੰਦਾ
ਬੰਦਾ ਲਿਟ ਲਿਟ ਜਾਵੇ।
ਇੱਟਾਂ ਪੱਥਰਾਂ ਥੱਲੇ
ਬਿੱਛੂ ਸਿਲ੍ਹੀ ਥਾਂ ’ਤੇ ਰਹਿੰਦਾ
ਰੂੜੀਆਂ ’ਤੇ ਵੀ ਹੁੰਦਾ
ਕੂੜੇ ਵਿੱਚ ਵੀ ਮਿਲ ਪੈਂਦਾ।
ਕੱਲਾ ਤੁਰਿਆ ਫਿਰਦਾ
ਨਹੀਂ ਕਿਸੇ ਤੋਂ ਡਰਦਾ
ਬੁਜ਼ਦਿਲ ਕੀੜਿਆਂ ਨਾਲ
ਨਾ ਬਿੱਛੂ ਤੁਰਿਆ ਕਰਦਾ।
ਮਾਦਾ ਬਿੱਛੂ ਆਪਣੇ ਆਂਡੇ
ਢਿੱਡ ਵਿੱਚ ਪਾਲੇ
ਸਮਾਂ ਆਉਣ ’ਤੇ ਬੱਚੇ ਜੰਮੇ
ਗਿਣਤੀ ਦੇ ਵਿੱਚ ਬਾਹਲੇ।
ਮਾਂ ਦੀ ਪਿੱਠ ’ਤੇ
ਚਿੰਬੜੇ ਰਹਿੰਦੇ ਛੋਟੇ ਬਿੱਛੂ
ਤੁਰੇ ਫਿਰੇ ਮਾਂ
ਝੂਟੇ ਲੈਂਦੇ ਛੋਟੇ ਬਿੱਛੂ।
ਘੋਗੇ ਕੀੜੇ, ਕੋਹੜ ਕਿਰਲੀਆਂ
ਚੂਹੇ ਡੱਡੂ ਖਾਂਦਾ
ਪੇਟ ਭਰੇ ਆਪਣਾ ਤੇ
ਨਿੱਕਿਆਂ ਲਈ ਲੈ ਜਾਂਦਾ।
ਵੈਰੀ ਹੁੰਦੀਆਂ ਜੰਗਲੀ ਕੀੜੀਆਂ
ਚਿੜੀਆਂ ਬਾਂਦਰ ਵੀ
ਅੱਖ ਬਚਾਕੇ ਚੁੱਕ ਲਿਜਾਂਦੇ
ਕਰਦੇ ਕੀ ਤੋਂ ਕੀ।
ਅੰਬਰ ਦੇ ਵਿੱਚ ਬ੍ਰਿਸ਼ਚਕ ਰਾਸ਼ੀ
ਦਾ ਬਿੱਛੂ ’ਤੇ ਨਾਂ
ਧਰਤੀ ਉੱਤੇ ਪਹਿਲਾਂ ਹੀ ਸੀ
ਹੁਣ ਅੰਬਰਾਂ ’ਤੇ ਥਾਂ।
ਬਿੱਛੂ ਉਦੋਂ ਹੀ ਡੰਗ ਚਲਾਵੇ
ਜਦੋਂ ਕੋਈ ਛੇੜੇ
ਗੁੱਸੇ ਹੋਵੇ, ਭੁੱਖ ਜਦੋਂ
ਢਿੱਡ ਦੇ ਅੰਦਰ ਕੱਢੇ ਗੇੜੇ।
ਡੱਡੂ
ਅੱਧਾ ਜਲ ਵਿੱਚ, ਅੱਧਾ ਥਲ ’ਤੇ ਡੱਡੂ ਰਹਿੰਦਾ,
ਮੀਹਾਂ ਬਰਸਾਤਾਂ ਵਿੱਚ ਟੋਭੇ ਛੱਪੜਾਂ ਕੰਢੇ ਆ ਬਹਿੰਦਾ।
ਲਾਉਂਦਾ ਛਾਲ ਛੜੱਪੇ, ਕੀਟ ਪਤੰਗੇ ਮੱਛਰ ਖਾਂਦਾ,
ਵੈਰੀ ਕੀੜੇ ਇੱਕ ਇੱਕ ਕਰਕੇ, ਡੱਡੂ ਮਾਰ ਮੁਕਾਉਂਦਾ।
ਇੱਕ ਹਜ਼ਾਰ ਡੱਡੂ ਦੀਆਂ ਕਿਸਮਾਂ, ਖੋਜੀ ਨੇ ਕਹਿੰਦੇ,
ਦਰਿਆਵਾਂ, ਝੀਲਾਂ, ਨਦੀਆਂ ਵਿੱਚ, ਨੀਲੇ, ਹਰੇ, ਸੁਨਹਿਰੇ ਰਹਿੰਦੇ।
ਲੈਂਦਾ ਮੂੰਹ ਦੇ ਨਾਲ ਨਾ ਸਾਹ, ਲੈਂਦਾ ਚਮੜੀ ਨਾਲ,
ਪੌਣਾਂ ਵਿੱਚੋਂ ਡੱਡੂ, ਸਿਲ੍ਹ ਲੈਂਦਾ ਹੈ ਭਾਲ।
ਇਸ ਦੀਆਂ ਦੁਸ਼ਮਣ ਇੱਲ੍ਹਾਂ, ਬਾਜ਼ ਤੇ ਸੱਪ ਸਪੋਲੇ,
ਚੋਰੀਉਂ ਚੁੱਕ ਲੈ ਜਾਂਦੇ, ਫੇਰ ਨਾ ਲੱਭਣ ਟੋਲੇ।
ਉਹ ਵੀ ਦਿਨ ਸਨ, ਬੱਚੇ ਛੱਪੜ ਉੱਤੇ ਆਉਂਦੇ,
ਮਾਰ ਮਾਰ ਕੇ ਰੋੜੀਆਂ, ਡੱਡੀਆਂ ਨੂੰ ਤੜਪਾਉਂਦੇ।
ਬੁੱਢਾ ਡੱਡੂ ਗਲ਼ ਫੁਲਾ ਕੇ, ਜਦੋਂ ਡਰਾ ਦਿੰਦਾ,
ਨਿੱਕੇ ਨਿੱਕੇ ਬੱਚਿਆਂ ਦੀ, ਉਹ ਦੌੜ ਲਗਾ ਦਿੰਦਾ।
ਹੁਣ ਤਾਂ ਟੋਭੇ, ਨਦੀਆਂ, ਦਰਿਆ, ਸੁੱਕਣ ਲੱਗੇ ਨੇ,
ਹੌਲੀ ਹੌਲੀ ਡੱਡੂ ਵੀ ਹੁਣ ਮੁੱਕਣ ਲੱਗੇ ਨੇ।
ਕਿਸਾਨਾਂ ਨੇ ਡੱਡੂਆਂ ਦੇ ਨਾਲ, ਦੋਖੋ ਖ਼ੂਬ ਨਿਭਾਈ,
ਖੇਤੋਂ ਸਾਨੂੰ ਮਾਰਨ ਆ ਗਈ, ਕੀੜੇ ਮਾਰ ਦਵਾਈ।
ਡੱਡੂ ਰਹੇ ਨਾ ਕੀੜੇ, ਮੱਛਰਾਂ ਦੀ ਚੜ੍ਹ ਮੱਚੂਗੀ,
ਨਿੱਤ ਕੋਈ ਨਵੀਂ ਬਿਮਾਰੀ, ਥੋਡੇ ਘਰ ਵਿੱਚ ਨੱਚੂਗੀ।
ਜਿਹੜੀ ਹੋਈ ਤਰੱਕੀ, ਥੋਡੇ ਕੰਮ ਨਾ ਆਊਗੀ,
ਜ਼ਹਿਰ ਹਵਾ, ਪਾਣੀ, ਮਿੱਟੀ ਦੀ, ਥੋਨੂ ਮਾਰ ਮੁਕਾਉਗੀ।
ਜੁਗਨੂੰ
ਨ੍ਹੇਰੀ ਰਾਤ ਵਿੱਚ
ਦੀਵਾ ਜਗਾਈ ਕੌਣ ਫਿਰਦਾ
ਮੂਹਰੇ ਨ੍ਹੇਰੇ ਨੂੰ
ਲਾਈਂ ਕੌਣ ਫਿਰਦਾ।
ਭੂਰੇ ਰੰਗ ਦਾ ਕੀੜਾ
ਟਟਹਿਣਾ ਹੈ ਕਹਾਉਂਦਾ
ਸੀਤਲ ਰੌਸ਼ਨੀ ਚਾਰੇ ਤਰਫ਼
ਕੀਕੁਣ ਖਿੰਡਾਉਂਦਾ।
ਜਗਦਾ ਬੁਝਦਾ, ਬੁਝ ਕੇ ਜਗਦਾ
ਇਹ ਵੀ ਕਾਰੀਗਰੀ
ਇਸ ਅੰਦਰ ਕੋਈ ਚੀਜ਼
ਚਮਕਣੀ ਹੋਊ ਭਾਰੀ।
ਤਿੰਨ ਭਾਗਾਂ ਵਿੱਚ ਵੰਡੀ
ਹੁੰਦੀ ਜੁਗਨੂੰ ਦੀ ਦੇਹ
ਰੌਸ਼ਨੀ ਦੇ ਸਰੋਤ
ਇਹਦੇ ਵਿੱਚ ਹੋਣ ਪਏ।
ਇਹ ਸਰੋਤ ਨੇ ਹੁੰਦੇ
ਸਾਹਵਾਂ ਨਾਲ ਜੁੜੇ
ਸਾਹ ਆਵੇ ਤਾਂ ਹਵਾ
ਸਰੋਤਾਂ ਵੱਲ ਮੁੜੇ।
ਆਕਸੀਜਨ ਦੇ ਨਾਲ ਇਹ
ਸੋਮੇ ਬੁਝਦੇ ਬਲਦੇ
ਨ੍ਹੇਰੇ ਵਿੱਚ ਉੱਡ ਪੈਂਦੇ ਜੁਗਨੂੰ
ਨਾ ਟਲਦੇ।
ਲੰਬੇ ਸਾਹ ਭਰਨ ਤਾਂ
ਚਾਨਣ ਤੇਜ਼ ਝਰੇ
ਪਿੱਛੇ ਪਿੱਛੇ ਬੱਚੇ ਦੌੜਨ
ਜੁਗਨੂੰ ਉੱਡੇ ਪਰੇ।
ਬੱਚਿਆਂ ਤੋਂ ਤੰਗ ਆ ਕੇ
ਝਾੜੀਆਂ ਅੰਦਰ ਲੁਕ ਜਾਂਦਾ
ਰੋਕੇ ਸਾਹ ਬੁਝ ਜਾਵੇ
ਨਾ ਨਜ਼ਰੀਂ ਆਉਂਦਾ।
ਜੁਗਨੂੰ ਨੂੰ ਫੜ ਬੱਚੇ
ਬੋਤਲ ਵਿੱਚ ਪਾ ਲੈਂਦੇ
ਜਗ ਬੁਝ, ਜਗ ਬੁਝ ਵਾਲੀ
ਖੇਡ ਬਣਾ ਲੈਂਦੇ।
ਮਾਦਾ ਅੰਡੇ ਦਿੰਦੀ ਜੋ
ਚਮਕਣ ਨ੍ਹੇਰੇ ਸੰਗ
ਹੌਲੀ ਹੌਲੀ ਖੰਭ ਨਿਕਲਦੇ
ਫੇਰ ਚਮਕਣ ਅੰਗ
ਸਿਰੇ ਹੁੰਦੇ ਮੁੱਛਵਾਲਾਂ ਦੇ ਨੇ
ਅੰਦਰੋਂ ਬੋਦੇ
ਘੇਰੇ ਜਦੋਂ ਸ਼ਿਕਾਰ ਜ਼ਹਿਰ
ਦੇ ਲਾਵੇ ਲੋਦੇ।
ਉੱਡ ਨਾ ਸਕਦੀ ਮਾਦਾ
ਜੁਗਨੂੰ ਉੱਡਦੇ ਨਰ
ਖੰਭਾਂ ਬਿਨਾਂ ਮਦੀਨ ਭਲਾ
ਕੀ ਸਕਦੀ ਕਰ।
ਰੌਸ਼ਨੀਆਂ ਦੀ ਚਕਾਚੌਂਧ
ਕੀ ਜੁਗਨੂੰ ਦੀ ਔਕਾਤ
ਵਿਹਲ ਮਿਲੇ ਤਾਂ ਦੇਖਿਓ
ਨ੍ਹੇਰੇ ਵਿੱਚ ਇਸ ਦੀ ਕਰਾਮਾਤ।
ਮਧੂ ਮੱਖੀ
ਫੁੱਲਾਂ ਉੱਤੇ ਮੰਡਰਾਉਂਦੀ
ਮੀਲਾਂ ਤਕ ਉੱਡਦੀ ਜਾਵਾਂ
ਮੈਂ ਮਧੂ ਮੱਖੀ, ਮੋਮ
ਬਣਾਵਾਂ, ਸ਼ਹਿਦ ਖੁਆਵਾਂ।
ਮੇਰਾ ਛੱਤਾ ਮੋਮ ਤੋਂ ਬਣਦਾ
ਅਜਬ ਨਿਰਾਲਾ
ਵੱਡੇ ਛੋਟੇ ਛੇ ਕੰਧਾਂ ਦੇ
ਖਾਨਿਆਂ ਵਾਲਾ।
ਤਿੰਨ ਤਰ੍ਹਾਂ ਦੇ ਖਾਨਿਆਂ ਅੰਦਰ
ਹੁੰਦੀਆਂ ਰੱਖੀਆਂ
ਰਾਣੀ ਮੱਖੀ, ਕਾਮਾ ਮੱਖੀਆਂ
ਵਿਹਲੜ ਨਰ ਮੱਖੀਆਂ।
ਰਾਣੀ ਮੱਖੀ ਆਂਡੇ ਦਿੰਦੀ
ਦੋ ਕੁ ਹਜ਼ਾਰ
ਰਾਣੀ ਖ਼ਾਤਰ ਕਾਮਾ ਮੱਖੀਆਂ
ਜੈਲੀ ਕਰਨ ਤਿਆਰ।
ਕਾਮਾ ਮੱਖੀਆਂ ਜ਼ਿੰਮੇ ਹੁੰਦੀ
ਘਰ ਦੀ ਸਾਫ਼ ਸਫ਼ਾਈ
ਫੁੱਲਾਂ ਤੋਂ ਪਰਾਗ ਲਿਆਉਣਾ
ਸ਼ਹਿਦ ਭੰਡਾਰੇ ਦੀ ਭਰਪਾਈ।
ਅੱਧਾ ਕਿਲੋ ਸ਼ਹਿਦ ਬਣਾਵਾਂ
ਲੱਗ ਦੇ ਚੱਕਰ ਜਿਹੜੇ
ਸੱਚ ਜਾਣਿਓ ਧਰਤੀ ਦੇ
ਲੱਗ ਜਾਵਣ ਤਿੰਨ ਗੇੜੇ।
ਪੀੜ੍ਹੀ ਅੱਗੇ ਤੋਰਨ ਜਿਹੜੇ
ਵਿਹਲੜ ਰਾਜ ਕੁਮਾਰ
ਭਰੇ ਸਿਆਲੇ ਕਾਮਾ ਮੱਖੀਆਂ
ਕੱਢਣ ਘਰ ਤੋਂ ਬਾਹਰ।
ਡੰਗ ਤੋਂ ਡਰਦੇ ਲੋਕੀਂ
ਡੰਗਣੋਂ ਮੈਂ ਡਰਦੀ
ਡੰਗ ਮਾਰਕੇ ਤੜਪ ਤੜਪ
ਕੇ ਮੈਂ ਮਰਦੀ।
ਨਰ ਫੁੱਲਾਂ ਦੀ ਜਨਣ ਧੂੜ
ਮੈਥੋਂ ਮਦੀਨ ਪਾਉਂਦੇ
ਤਾਂ ਫੁੱਲਾਂ ਤੋਂ ਫ਼ਲ ਬਣਦੇ
ਤੇ ਬੀਜ ਬਣਾਉਂਦੇ।
ਜੀਨਾ ਰੌਸ਼ਨੀਆਂ ਨੂੰ ਥੋਡੀ
ਅੱਖ ਨਾ ਵੇਹੰਦੀ
ਪ੍ਰਾਬੈਂਗਣੀ ਰੌਸ਼ਨੀਆਂ ਵਿੱਚ
ਮੈਂ ਤੱਕ ਲੈਂਦੀ।
ਬਦਲ ਰਹੇ ਆਸਾਰ ਧਰਤ ਦੇ
ਜ਼ਹਿਰਾਂ ਚੋਭਣ ਛੁਰੀਆਂ
ਟਾਵਰਾਂ ਤੋਂ ਮੋਬਾਈਲ ਤਰੰਗਾਂ
ਸਾਨੂੰ ਮਾਰਨ ਤੁਰੀਆਂ।
ਆਵੇ ਨਾ ਉਹ ਵੇਲਾ
ਮਧੂ ਮੱਖੀਆਂ ਮੁੱਕ ਜਾਵਣ
ਫ਼ਲ ਬਣਨ ਨਾ ਫੁੱਲ
ਬੀਜ ਨਾ ਹੱਥ ਆਵਣ।
ਮੇਰੀ ਮਿਹਨਤ ਲਗਨ ਦੀਆਂ
ਤੁਸੀਂ ਬਾਤਾਂ ਪਾਓਗੇ
ਦੱਸੋ ਕਿਸ ਤੋਂ ਜਾ ਕੇ ਮਿੱਠਾ
ਸ਼ਹਿਦ ਲਿਆਓਗੇ।
ਕੱਛੂਕੁੰਮਾ
ਕਿੰਨੇ ਹੀ ਮਿਲੀਅਨ ਸਾਲਾਂ ਤੋਂ
ਧਰਤੀ ਨਾਲ ਸਾਂਝ ਪੁਰਾਣੀ
ਤੁਸੀਂ ਸੁਣਿਆ ਹੋਣਾ ਮੈਂ ‘ਕੱਛੂਕੁੰਮਾ’
ਡਾਇਨਾਸੋਰਾਂ ਦਾ ਹਾਂ ਹਾਣੀ।
ਖੁਸ਼ਕ ਜਗ੍ਹਾ ’ਤੇ ਹੌਲੀ ਤੁਰਦਾ
ਪਿੱਠ ਉੱਤੇ ਮੇਰੀ ਢਾਲ
ਐਨੀ ਸਖ਼ਤ ਖੋਪੜੀ ਮੇਰੀ
ਟੁੱਟੇ ਨਾ ਤਲਵਾਰ ਦੇ ਨਾਲ।
ਜਦ ਖ਼ਤਰਾ ਪੈ ਜਾਵੇ ਤਾਂ ਮੈਂ
ਕੀਕਣ ਜਾਣ ਬਚਾਉਂਦਾ
ਹੱਥ ਪੈਰ ਸਿਰ ਅੰਗ ਸਾਰੇ
ਹਾਂ ਖੋਪੜੀ ਹੇਠ ਛੁਪਾਉਂਦਾ।
ਅਸੀਂ ਹਾਂ ਬਹੁਤੇ ਸ਼ਾਕਾਹਾਰੀ
ਘਾਹ ਪੱਤੇ ਫੁੱਲ ਫ਼ਲ ਖਾਂਦੇ
ਕੁਝ ਕੁ ਕੱਛੂਕੁੰਮੇ ਵੀ ਨੇ ਜਿਹੜੇ
ਕੀਟ ਪਤੰਗੇ ਖਾ ਜਾਂਦੇ।
ਕੁਦਰਤ ਨੇ ਦਿੱਤਾ ਹੋਇਆ ਹੈ
ਸਾਨੂੰ ਇੱਕ ਵਰਦਾਨ
ਕੱਛੂਕੁੰਮੇ ਡੇਢ ਸੌ ਸਾਲ ਦੀ
ਲੰਬੀ ਉਮਰ ਹੰਢਾਣ।
ਦੋ ਸੌ ਤੀਹ ਪ੍ਰਜਾਤੀਆਂ ਦਾ
ਸਾਡਾ ਵੱਡਾ ਹੈ ਪਰਿਵਾਰ
ਕੁਝ ਨੇ ਥਲ ’ਤੇ ਰਹਿੰਦੇ
ਰਹਿੰਦੇ ਕੁਝ ਪਾਣੀਆਂ ਵਿਚਕਾਰ।
ਖੋਭੇ ਦਲਦਲ ਦੇ ਵਿੱਚ ਟੋਆ
ਪੁੱਟ ਕੇ ਅੰਦਰ ਬਹਿੰਦੀ
ਮਾਦਾ ਕੁੱਛੂਕੁੰਮਾ ਦੋ ਤਿੰਨ
ਦਰਜਨ ਆਂਡੇ ਦੇ ਦਿੰਦੀ।
ਮੈਂ ਸ਼ਰਮੀਲਾ ਇਕੱਲ ਭਾਲਦਾ
ਕੀ ਖ਼ਰਗੋਸ਼ ਨਾਲ ਦੌੜ ਲਗਾਣੀ
ਮੈਂ ਵੀ ਸੁਣੀ ਹੈ ਲੋਕਾਂ ਨੇ
ਇੱਕ ਝੂਠੀ ਘੜੀ ਕਹਾਣੀ।
ਕੋਸਾ ਮੌਸਮ ਮੈਂ ਕਰਾਂ ਪਸੰਦ
ਸਿੱਧੀ ਧੁੱਪ ਤੋਂ ਟਲਦਾ
ਘਾਹ ਪੌਦਿਆਂ ਵਿੱਚ ਲੁਕ ਜਾਨਾ
ਜਿਵੇਂ ਧੁੱਪ ਨਿਕਲਦੀ।
ਲੋਕੀਂ ਸਾਨੂੰ ਖਾਵਣ
ਘਰ ਵਿੱਚ ਪਾਲਣ ਵੇਚਣ ਵੀ
ਆਖਣ ਮੈਂ ਅਵਤਾਰ ਕਿਸੇ ਦਾ
ਮੱਥਾ ਟੇਕਣ ਵੀ।
ਪਾਣੀਆਂ ਤਰੇ ਪਲਾਸਟਿਕ
ਕੂੜਾ ਕਚਰਾ ਤੇ ਗੁਬਾਰੇ
ਜ਼ੈਲੀ ਮੱਛੀਆਂ ਜਾਣ ਇਨ੍ਹਾਂ ਨੂੰ
ਕੱਛੂਕੁੰਮੇ ਖਾਣ ਵਿਚਾਰੇ।
ਢੱਠੇ ਰੈਣ ਬਸੇਰੇ ਗੱਡੀਆਂ
ਪਾਣੀਆਂ ਅੰਦਰ ਫਾਹੀਆਂ
ਅੱਧੋਂ ਵੱਧ ਪ੍ਰਜਾਤੀਆਂ ਸਾਡੀਆਂ
ਖ਼ਤਰਾ ਸੂਚੀ ਦੇ ਵਿੱਚ ਆਈਆਂ।
ਜ਼ਹਿਰ ਰਸਾਇਣ ਜਲ ਪ੍ਰਦੂਸ਼ਣ ਤਾਂ
ਸਾਨੂੰ ਮਾਰ ਮੁਕਾਊਗਾ
ਲੁਕ ਛਿਪ ਜਾਣੇ ਕੱਛੂਕੁੰਮੇ
ਮੰਦਭਾਗਾ ਉਹ ਵੀ ਦਿਨ ਆਊਗਾ।
ਸੱਪ
ਡੰਗ ਤੋਂ ਡਰਦੇ ਲੋਕੀਂ
ਨਾ ਮੇਰੇ ਖੜ੍ਹਨ ਕਰੀਬ
ਮਗਰਮੱਛ ਛਿਪਕਲੀਆਂ ਜੇਹਾ
ਸੱਪ ਰੀਂਗਣ ਵਾਲਾ ਜੀਵ।
ਤਿੰਨ ਹਜ਼ਾਰ ਜਾਤੀਆਂ ’ਚੋਂ
ਤਿੰਨ ਸੌ ਹੀ ਹੋਣੇ
ਡੰਗ ਜਿਨ੍ਹਾਂ ਦੇ ਜ਼ਹਿਰੀ
ਘਾਤਕ ਤੇ ਪੱਟ ਹੋਣੇ।
ਧਰਤੀ ਉੱਤੇ ਵੀ ’ਤੇ
ਪਾਣੀਆਂ ਵਿੱਚ ਵੀ ਰਹਿੰਦੇ
ਰੁੱਖਾਂ ’ਤੇ ਚੜ੍ਹ ਜਾਂਦੇ
ਸੱਪ ਉੱਡ ਵੀ ਲੈਂਦੇ।
ਬੇਲਣਕਾਰ ਸਰੀਰ ਮੇਰੇ ’ਤੇ
ਗੇਰੂਆ ਡੱਬੀਆਂ ਨਾਲ
ਚਿੱਤਰਕਾਰ ਕਿਸੇ ਮੇਰੀ ਚਮੜੀ
ਚਿੱਤਰੀ ਬੜੀ ਕਮਾਲ।
ਹੱਥ ਪੈਰ ਨਾ ਨੱਕ ਕੰਨ
ਕਿੱਦਾਂ ਮੈਂ ਰਹਿੰਦਾ
ਸੁੰਘਣ ਦਾ ਕੰਮ ਹਾਂ
ਆਪਣੀ ਜੀਭ ਤੋਂ ਲੈਂਦਾ।
ਦੇਖਣ ਨੂੰ ਉਂਜ ਲੱਗਦੀਆਂ ਜਿਉਂ
ਮੇਰੀਆਂ ਜੀਭਾਂ ਦੋ
ਸੁਣੋ ਰਾਜ਼ ਦੀ ਗੱਲ ਸੁਣਾਵਾਂ
ਜੀਭ ਮੇਰੀ ਇੱਕੋ।
ਸੋਟੀ ਚੁੱਕਕੇ ਹਰ ਕੋਈ ਮੈਨੂੰ
ਮਾਰਨ ਨੂੰ ਪੈਂਦਾ
ਮੈਂ ਧਰਤੀ ਦੀ ਕੰਪਨ ਤੋਂ ਹਾਂ
ਲੱਖਣ ਲਾ ਲੈਂਦਾ।
ਜੁੜੀ ਹੁੰਦੀ ਵਿਸ਼ ਥੈਲੀ
ਉੱਪਰ ਦੇ ਦੰਦ ਨਾਲ
ਖੋਭੇ ਦੰਦ, ਜ਼ਹਿਰ ਦਾ ਟੀਕਾ
ਬੁਣੇ ਮੌਤ ਦਾ ਜਾਲ।
ਪਾਰਦਰਸ਼ੀ ਪਲਕਾਂ ਚਮੜੀ ਦੇ
ਵਿੱਚ ਪੱਕੀਆਂ ਜੜੀਆਂ
ਬੀਨ ਉੱਤੇ ਮੈਂ ਕਿਵੇਂ ਮੇਲ੍ਹਣਾ
ਝੂਠ ਕਹਾਣੀਆਂ ਘੜੀਆਂ।
ਖੁਰਦੁਰੇ ਰੁੱਖਾਂ ਨਾਲ ਚਮੜੀ
ਮੈਂ ਜਦੋਂ ਘਸਾਉਂਦਾ ਹਾਂ
ਵਧਦੀ ਦੇਹ ਚਮੜੀ
ਦੀ ਉੱਤੋਂ ਪਰਤ ਹਟਾਉਂਦਾ ਹਾਂ।
ਮੈਂ ਨਿਓਲੇ ਦੀ ਖੁੱਡ ’ਚੋਂ
ਬੱਚੇ ਚੁੱਕ ਲਿਆਉਂਦਾ
ਟੱਕਰੇ ਕਿਤੇ ਨਿਓਲਾ ਮੈਨੂੰ
ਚੰਗਾ ਸਬਕ ਸਿਖਾਉਂਦਾ।
ਦੇਖੇ ਕਿਤੇ ਤਾਂ ਮੋਰ ਵੀ
ਮੈਨੂੰ ਚੁੱਕ ਲਿਜਾਂਦਾ
ਮੈਂ ਰਹਿ ਜਾਂਦਾ ਹਵਾ ਵਿੱਚ
ਬਸ ਕਲਾਬਾਜ਼ੀਆਂ ਲਾਉਂਦਾ।
ਸੱਪਣੀ ਵੱਡੀ ਗਿਣਤੀ ਦੇ
ਵਿੱਚ ਆਂਡੇ ਦਿੰਦੀ
ਥੋੜ੍ਹੇ ਹੀ ਬਚਦੇ ਨੇ
ਬਾਕੀ ਪੀ ਖਾ ਲੈਂਦੀ।
ਸੱਪ ਸਾਹ ਪੀਣੇ ਹੁੰਦੇ
ਸੱਪ ਆਲ੍ਹਣੇ ਵੀ ਪਾਉਂਦੇ
ਸ਼ੇਸ਼ਨਾਗ ਬਣਕੇ
ਸਿਰ ਛਾਂ ਬਣ ਜਾਂਦੇ।
ਸਮਝ ਪਏ ਨਾ ਸੱਪਾਂ
ਦਾ ਇਹ ਰੂਪ ਨਿਰਾਲਾ
ਸੱਪ ਕਿਵੇਂ ਬਣਗੇ ਸ਼ਿਵ ਦੇ
ਗਲ਼ ਦੀ ਮਾਲਾ।
ਮੈਂ ਖੇਤਾਂ ਦਾ ਮਿੱਤਰ
ਫ਼ਸਲਾਂ ਦਾ ਹਾਂ ਸੰਗੀ
ਦੁਸ਼ਮਣ ਚੂਹਿਆਂ ਦੇ ਸਿਰ
ਰੱਖਾਂ ਮੌਤ ਹਮੇਸ਼ਾਂ ਟੰਗੀ।
ਚਕੋਰ
ਚੰਨ ਚਾਨਣੀ ਅੰਬਰੋਂ ਵਰ੍ਹਦੀ
ਪੁੰਨਿਆਂ ਜਦ ਵੀ ਆਵੇ
ਪੰਛੀ ਇੱਕ ਟਿਕ ਟਿਕੀ ਲਗਾਕੇ
ਚੰਨ ਨੂੰ ਨਿਹਾਰੀ ਜਾਵੇ।
ਖਾਣਾ ਪੀਣਾ ਭੁੱਲ ਜਾਵੇ
ਚੜ੍ਹ ਜਾਂਦਾ ਚੰਨ ਦਾ ਚਾਅ
ਰਿਸ਼ਤਾ ਚੰਨ ਦੇ ਨਾਲ ਹੈ
ਇਸਦਾ ਇਕਤਰਫ਼ਾ।
ਕਾ-ਚੂ-ਚੂ ਟਿਕ ਟਿਕ ਬੋਲੇ
ਪੰਛੀ ਨਹੀਂ ਕੋਈ ਹੋਰ
ਤਿੱਤਰ ਨਾਲੋਂ ਵੱਡਾ ਇਸ ਨੂੰ
ਸਾਰੇ ਕਹਿਣ ਚਕੋਰ।
ਅੱਧਾ ਕਿਲੋ ਤੋਂ ਉੱਤੇ ਥੱਲੇ
ਖੋਜੀਆਂ ਕਰੀ ਤੁਲਾਈ
ਬੱਤੀ ਚੌਂਤੀ ਸੈਂਟੀਮੀਟਰ
ਹੋਊਗੀ ਇਸ ਦੀ ਲੰਬਾਈ।
ਇਸ ਦੀਆਂ ਹੋਵਣ ਚੁੰਝ
ਪੈਰ ਅਤੇ ਲੱਤਾਂ ਲਾਲ
ਦੇਖੀ ਹੋਣੀ ਘਾਹ ’ਚੋਂ ਬੀਜ
ਜੜਾਂ ਦੀ ਕਰਦੀ ਭਾਲ।
ਚਿੱਟੇ ਸਿਰ ਤੋਂ ਅੱਖਾਂ ਥੱਲੇ
ਆਵੇ ਇੱਕ ਕਾਲੀ ਪੱਟੀ
ਬੱਖੀਆਂ ਉੱਤੇ ਭੂਰੀਆਂ ਧਾਰੀਆਂ
ਪਿੱਠ ਰੇਸ਼ਮ ਜਿਊਂ ਅੱਟੀ।
ਅੱਖਾਂ ਗਿਰਦ ਚਕੋਰ ਦੇ ਹੁੰਦੇ
ਲਾਖੇ ਭੂਰੇ ਛੱਲੇ
ਦਰਜਨ ਤੋਂ ਵੱਧ ਖੰਭਾਂ ਵਾਲੀ
ਪੂਛ ਕਰੇ ਉੱਪਰ ਥੱਲੇ।
ਇਸ ਦੇ ਰੈਣ ਬਸੇਰੇ ਹੁੰਦੇ
ਖੇਤ ਮੈਦਾਨਾਂ, ਬੀੜਾਂ ਵਿੱਚ
ਧਰਤੀ ’ਤੇ ਪਾ ਲਵੇ ਆਲ੍ਹਣਾ
ਇਹ ਨਾ ਰਹਿੰਦੀ ਭੀੜਾਂ ਵਿੱਚ।
ਰੇਤ ਰੋੜੀਆਂ ਵੀ ਖਾ ਲੈਂਦੀ
ਘਾਹ ਪੱਤੇ ਵੀ ਖਾਵੇ
ਪੱਬਾਂ ਭਾਰ ਦੌੜਦੀ ਬਹੁਤਾ
ਛੋਟੀ ਜੇਹੀ ਉਡਾਰੀ ਲਾਵੇ।
ਗਰਮ ਰੇਤੀਲੀਆਂ ਥਾਵਾਂ ਉੱਤੇ
ਇਹ ਵਧੇ ਫੁੱਲੇ
ਇਹ ਉੱਥੇ ਹੀ ਆਂਡੇ ਦੇਵੇ
ਪਥਰੀਲੇ ਮੈਦਾਨ ਜੋ ਖੁੱਲ੍ਹੇ।
ਚੱਕਰ ਬਣਾ ਕੇ ਪਿੱਠਾਂ ਜੋੜਨ
ਬਣ ਨਾ ਜਾਣ ਸ਼ਿਕਾਰ
ਰਹਿਣ ਚੁਕੰਨੀਆਂ ਰਾਤੀਂ
ਪਹਿਰਾ ਦੇਵਣ ਵਾਰੋ ਵਾਰ।
ਖਿੱਝ ਖਿੱਝ ਪਵੇ ਚਕੋਰ
ਫੁੱਲਾਂ ਦੀ ਰੁੱਤ ਜਦੋਂ ਆਉਂਦੀ
ਗੁੱਸੇ ਭਰੀ ਚਕੋਰ ਉਦੋਂ
ਝਗੜਦੀ ਗੁੱਸਾ ਲਾਹੁੰਦੀ।
ਲੋਕ ਚਕੋਰਾਂ ਪਾਲਣ ਰੱਖਣ
ਕਿੰਨੇ ਨੇ ਦਾਅ ਪੇਚ ਸਿਖਾਉਂਦੇ
ਮੇਲਿਆਂ, ਚੌਕਾਂ, ਚੁਰਾਹਿਆਂ ’ਤੇ
ਨੇ ਕੁੱਕੜਾਂ ਵਾਂਗ ਲੜਾਉਂਦੇ।
ਊਠ
ਮੈਂ ਰੇਤੇ ਲਈ ਜੰਮਿਆ
ਮੇਰਾ ਵੱਖਰਾ ਹੈ ਅੰਦਾਜ਼
ਤਾਂਹੀਓ ਲੋਕੀਂ ਮਾਰੂਥਲ ਦਾ
ਮੈਨੂੰ ਕਹਿਣ ਜਹਾਜ਼।
ਲੱਤਾਂ ਲੰਬੀਆਂ ਲੰਬੀਆਂ
ਮੇਰੇ ਗੱਦੇਦਾਰ ਨੇ ਪੈਰ
ਭੁਰ ਭੁਰ ਜਾਂਦੀ ਰੇਤ ਉੱਤੇ
ਮੈਂ ਕਰਦਾ ਸੈਰ।
ਪਹਿਲੀ ਨਜ਼ਰੇ ਹਰ ਕੋਈ
ਮੇਰੀ ਢੁੱਠ ਨੂੰ ਤੱਕਦਾ
ਉੱਭਰੀ ਢੁੱਠ ਵਿੱਚ ਊਠ
ਸਾਂਭ ਕੇ ਚਰਬੀ ਰੱਖਦਾ।
ਕਿੰਨੇ ਹੀ ਦਿਨ ਪਾਣੀ ਵਾਝੋਂ
ਲੈਂਦਾ ਹਾਂ ਜੀਅ
ਰਾਖੀ ਕਰਦੀਆਂ ਪਲਕਾਂ
ਉੱਡਦੀ ਰੇਤ ਤੋਂ ਅੱਖਾਂ ਦੀ।
ਉੱਚੀਆਂ ਲੱਤਾਂ, ਲੰਬੀ ਗਰਦਨ,
ਦੰਦ ਬੜੇ ਮਜ਼ਬੂਤ
ਲੁੰਗ ਕਿੱਕਰ ਦੀ ਕੰਡੇ ਚੱਬਦਾ
ਬੁੱਲ੍ਹ ਕਰ ਦੇਂਦੇ ਸੂਤ।
ਢਿੱਡ ਗੋਡਿਆਂ ਵਿੱਚ ਵਿਚਾਲੇ
ਚਮੜੀ ਹੁੰਦੀ ਰਬੜ ਜੇਹੀ
ਤੱਤੇ ਰੇਤੇ ਤੋਂ ਹੁੰਦੀ ਇਹ
ਮੈਨੂੰ ਬਚਾਉਣ ਲਈ।
ਮੇਰੇ ਜੇਹੇ ਸੁਭਾਅ ਦਾ
ਕੋਈ ਨਹੀਂ ਜਾਨਵਰ ਹੋਰ
ਗੁੱਸੇ ਵਾਲਾ ਹਾਂ ਮੈਂ
ਊਠ ਤਾਂ ਹੁੰਦਾ ਬਦਲੇ ਖੋਰ।
ਮੇਰੇ ਪਿੰਡੇ ਉੱਪਰ ਭੂਰੀ
ਜੱਤ ਜੋ ਵਾਲਾਂ ਦੀ
ਸਹਿ ਲੈਂਦੀ ਲੂੰਹਦੀ ਧੁੱਪ
ਡਾਢੀ ਠੰਢ ਸਿਆਲਾਂ ਦੀ।
ਜੋੜ ਕੇ ਵਾਹੀ ਕਰਦੇ
ਬੋਝਾ ਢੋਅ ਲੈਂਦੇ ਨੇ
ਪਿੰਡਾਂ ਵਿੱਚ ਤਾਂ ਲੋਕੀਂ
ਮੈਨੂੰ ਬੋਤਾ ਕਹਿੰਦੇ ਨੇ।
ਤਕੜੇ ਤੋਂ ਤਕੜਾ ਵੀ
ਸਕਦਾ ਨਹੀਂ ਸਹਾਰ
ਪਿਛਲੇ ਪੈਰੀ ਉਠ ਕਿਤੇ
ਜੇ ਦੇਵੇ ਦੁਲੱਤੀ ਮਾਰ।
ਲੋਕੀਂ ਕਹਿੰਦੇ ਸੰਕਟ ਵੇਲੇ
ਢੁੱਠ ’ਚੋਂ ਚਰਬੀ ਢਾਲਦਾ
ਊਰਜਾ ਦੇ ਨਾਲ ਹਾਈਡ੍ਰੋਜਨ
ਜੇਹੀ ਗੈਸ ਨਿਕਾਲਦਾ।
ਨਿਕਲੀ ਗੈਸ, ਸੁਆਸਾਂ ਕੋਲੋਂ
ਆਕਸੀਜਨ ਲੈ ਨਾਲ ਮਿਲਾਵੇ
ਮਿਹਦੇ ਦੀਆਂ ਥੈਲੀਆਂ ਦੇ
ਵਿੱਚ ਬਣਕੇ ਪਾਣੀ ਆਵੇ।
ਮੈਂ ਬੇਢੰਗਾ ਬੇਤਰਤੀਬਾ
ਮਾਰੂਥਲ ਨੂੰ ਲਾਉਂਦਾ ਰੋਕਾ
ਨਿੱਕੇ ਪੌਦੇ ਬਨਸਪਤੀਆਂ ਨੂੰ
ਵਧਣ ਫੁੱਲਣ ਦਾ ਦੇਂਦਾ ਹੋਕਾ।
ਤੁਹਾਡੇ ਕੋਲ ਬੱਚਿਓ ਮੈਂ ਵੀ
ਹੋਰ ਖਲੋਣਾ ਚਾਹੁੰਦਾ
ਪਿੱਠ ’ਤੇ ਝਾਟੀ ਦੇ ਕੇ
ਦਾਦੇ ਨਾਨੇ ਵਰਗਾ ਹੋਣਾ ਚਾਹੁੰਦਾ।
ਮੀਂਹ ਅਤੇ ਜਾਨਵਰ
ਉੱਡਗੇ ਕਿਧਰੇ ਪੰਖ ਪੰਖੇਰੂ
ਦਿੰਦੇ ਨਹੀਂ ਦਿਖਾਈ
ਲਓ ਵਰਖਾ ਹੈ ਆਈ!
ਲਓ ਵਰਖਾ ਹੈ ਆਈ!
ਤਿਤਲੀ ਦੀ ਜਾਨ ਨੂੰ ਬਣੀਆਂ
ਗੀਟੇ ਬਣਕੇ ਵੱਜਣ ਕਣੀਆਂ
ਪੱਤਿਆਂ ਥੱਲੇ ਡਰਕੇ ਦੋਖੋ
ਬੈਠੀ ਜਾਨ ਬਚਾਈ।
ਗੁਲਹਿਰੀ ਦੀ ਜੁਗਤ ਨਿਆਰੀ
ਪੂਛ ਨਾਲ ਢਕ ਲਈ ਪਿੱਠ ਸਾਰੀ
ਜੁਗਤਣ ਬੈਠੀ ਪਿੱਠ ਦੇ ਉੱਪਰ
ਕੀਕੁਣ ਪੂਛ ਫੈਲਾਈ।
ਗੰਡੋਇਆਂ ਨੂੰ ਮੌਜਾਂ ਬਣੀਆਂ
ਅੰਮ੍ਰਿਤ ਵਾਂਗੂ ਜਾਪਣ ਕਣੀਆਂ
ਖੁੱਡਾਂ ਅੰਦਰ ਭਰਿਆ ਪਾਣੀ
ਥਾਂ ਥਾਂ ਦੇਣ ਦਿਖਾਈ।
ਕਿੰਨਾਂ ਕਣੀਆਂ ਨਾਲ ਪਿਆਰ
ਡੱਡੂ ਹੋਏ ਫਿਰਨ ਤਿਆਰ
ਹਰੇ ਹਰੇ ਕੁਝ ਪੀਲੇ ਪੀਲੇ
ਕੱਪੜੇ ਫਿਰਦੇ ਪਾਈਂ।
ਚਿੱਕੜ ਵਿੱਚ ਖੜਦੁੰਮ ਮਚਾਇਆ
ਹਾਥੀ ਮਸਤੀ ਦੇ ਵਿੱਚ ਆਇਆ
ਉੱਪਰ ਟੰਗਾਂ ਕਰਕੇ ਉਸ ਨੇ
ਲੋਟ ਪੋਟਣੀ ਲਾਈ।
ਦੇਖੋ ਪੰਛੀ ਮੀਂਹ ਵਿੱਚ ਉੱਡਦੇ
ਉਹ ਖੰਭਾਂ ’ਤੇ ਤੇਲ ਛਿੜਕਦੇ
ਖੰਭ ਭਿਉਣ ਨਾ ਕਣੀਆਂ ਦੇਖੋ
ਕੁਦਰਤ ਖੇਲ ਬਣਾਈ।
ਬਾਂਦਰ ਨੇ ਵੀ ਅਕਲ ਲੜਾਈ
ਟੋਪੀ ਪੱਤੇ ਜੋੜ ਬਣਾਈ
ਦੇਖੋ ਸਿਰ ’ਤੇ ਲੈ ਕੇ ਬੈਠਾ
ਹੈ ਪਛਾਣ ਗੰਵਾਈ।
ਇੱਲ੍ਹਾਂ ਹੁੰਦੀਆਂ ਨੇ ਹੁਸ਼ਿਆਰ
ਉੱਡ ਜਾਵਣ ਬਦਲਾਂ ਤੋਂ ਪਾਰ
ਆਖਣ ਕਣੀਆਂ ਦੇ ਨਾਲ ਕਿਹੜਾ
ਕਰੂਗਾ ਮਗਜ਼ ਖਪਾਈ।
ਮੱਛਰਾਂ ਨੂੰ ਹੈ ਲੱਭਿਆ ਪਾਣੀ
ਹੁਣ ਇੱਥੇ ਰੌਣਕ ਲੱਗ ਜਾਣੀ
ਓੜਪੋੜ ਅੱਜ ਹੀ ਕਰ ਲਓ
ਹੁਣ ਥਾਂ ਥਾਂ ਕਰੋ ਸਫ਼ਾਈ।
ਮੀਂਹ ਆਵੇ ਦਿਲ ਖ਼ੁਸ਼ ਹੋ ਜਾਵੇ
ਪਰ ਇਹ ਰੋਗਾਂ ਨੂੰ ਸੱਦ ਲਿਆਵੇ
ਘਰ ਘਰ ਰੋਗੀ ਮੰਜੇ ਮੱਲਣ
ਘਰ ਘਰ ਦਿਸੇ ਦਵਾਈ।
ਮੇਰੀ ਮਾਂ ਅੱਜ ਮੈਨੂੰ ਘੂਰੇ
ਦੇਖੋ ਕਿਵੇਂ ਦਿਖਾਉਂਦੀ ਹੂਰੇ
ਵੜਿਆ ਜੇ ਤੂੰ ਮੀਂਹ ਵਿੱਚ ਨ੍ਹਾਵਣ
ਆਖੇ ਕਰੂੰ ਧੁਲਾਈ।