Punjabi Ghazals : Hardial Sagar
ਪੰਜਾਬੀ ਗ਼ਜ਼ਲਾਂ : ਹਰਦਿਆਲ ਸਾਗਰ
ਆਦਮੀ ਦੇ ਜਿਸਮ ਵਿਚ ਕੁਝ ਛੇਕ ਹੁੰਦੇ ਸਾਰ ਹੀ
ਆਦਮੀ ਦੇ ਜਿਸਮ ਵਿਚ ਕੁਝ ਛੇਕ ਹੁੰਦੇ ਸਾਰ ਹੀ ਝੂਮ ਕੇ ਵਹਿਸ਼ਤ ਕਿਹਾ ਲਉ ਬਣ ਗਈ ਏ ਬੰਸਰੀ ਪੌਣ ਨੂੰ ਆਖੋ ਕਿ ਛਤ ਤੇ ਚਹਿਲਕਦਮੀ ਨਾ ਕਰੇ ਛੱਤ ਉਤੇ ਸੌਣ ਦਾ ਮਤਲਬ ਹੈ ਹੁਣ ਤਾਂ ਖੁਦਕਸ਼ੀ ਹੁਣ ਅਸੀਂ ਹਿੰਦੂ ਹਾਂ ਜਾਂ ਫਿਰ ਸਿੱਖ ਜਾਂ ਫਿਰ ਮੁਸਲਮਾਨ ਹੁਣ ਅਸਾਨੂੰ ਆਦਮੀ ਆਖੋ ਤਾਂ ਜਾਪੇ ਮਸ਼ਕਰੀ ਮੈਂ ਜਾਂ ਤੂੰ ਜਾਂ ਉਹ ਜਾਂ ਫਿਰ ਕੋਈ ਵੀ ਹੋ ਸਕਦਾ ਹੈ ਇਹ ਕਤਲ ਦੀ ਸੁਰਖੀ ਤਹਿਤ ਤਸਵੀਰ ਜਿਸਦੀ ਹੈ ਛਪੀ ਆਪਣੇ ਹੀ ਘਰ ਗੁਫ਼ਾ ਵਰਗੇ ਨੇ ਕਿਉਂਕਰ ਹੋ ਗਏ ਆਪਣੀ ਹੀ ਸ਼ਕਲ ਕਿਉਂ ਲਗਦੀ ਹੈ ਹੁਣ ਤੁਹਮਤ ਜਿਹੀ ਜਿਸਮ ਅੰਦਰ ਸਰਕਦੀ ਹੈ ਮਰ ਗਏ ਦੀ ਪੀੜ ਜੇ ਜ਼ਿਹਨ ਅੰਦਰ ਸੁਲਗਦੀ ਕਾਤਿਲ ਦੀ ਵੀ ਸ਼ਰਮਿੰਦਗੀ ਕੀ ਪਤਾ ਕਦ ਆਖ ਦੇਵੇਂ ਲਾਟ ਬਣ ਕੇ ਲੇਟ ਜਾ ਹੋ ਗਈ ਹਰ ਸੜਕ ਦੀ ਅਜਕਲ ਤਬੀਅਤ ਚੁਲਬਲੀ ਹੁਣ ਬੜਾ ਆਸਾਨ ਹੈ ਮਾਰੂਥਲਾਂ ਨੂੰ ਚੀਰਨਾ ਹੁਣ ਬੜਾ ਮੁਸ਼ਕਲ ਹੈ ਜਾਣਾ ਇਸ ਗਲੀ ਤੋਂ ਉਸ ਗਲੀ
ਨਹੀਂ ਮਨਜ਼ੂਰ, ਛਿੱਲਣਾ ਜਿਸਮ ਹੀ ਬਸ ਨੇਜ਼ਿਆਂ ਵਾਂਗਰ
ਨਹੀਂ ਮਨਜ਼ੂਰ, ਛਿੱਲਣਾ ਜਿਸਮ ਹੀ ਬਸ ਨੇਜ਼ਿਆਂ ਵਾਂਗਰ। ਅਸੀਂ ਰੂਹ ਤੀਕ ਧਸ ਜਾਂਦੇ ਹਾਂ, ਭੈੜੇ ਫ਼ਿਕਰਿਆਂ ਵਾਂਗਰ । ਖ਼ੁਦਾਇਆ ! ਭੇਜ ਇਸ ਪਾਸੇ ਕਿਸੇ ਅੰਨੇ ਵਪਾਰੀ ਨੂੰ, ਦੁਆ ਕਰਦੇ ਹਾਂ ਇਹ ਦਿਨ ਰਾਤ, ਖੋਟੇ ਸਿੱਕਿਆਂ ਵਾਂਗਰ। ਮਨਾਂ ਵਿੱਚ ਮਾਰ ਕੇ ਗੰਢਾਂ, ਹਾਂ ਬਹਿ ਜਾਂਦੇ ਅਸੀਂ ਵੱਡੇ, ਕਦੋ ਸਿੱਖਣੈ ਅਸੀਂ, ਰੁਸਣਾ ਤੇ ਮੰਨਣਾ, ਬੱਚਿਆਂ ਵਾਂਗਰ। ਬਿਨਾ ਦੱਸੇ ਹੀ ਉਸ ਜਦ ਝਾੜ ਦਿੱਤਾ ਬਿਸਤਰਾ ਮੇਰਾ, ਹਜ਼ਾਰਾਂ ਜਿਸਮ ਡਿੱਗੇ ਫ਼ਰਸ਼ ਉੱਤੇ, ਛਿਲਕਿਆਂ ਵਾਂਗਰ। ਸਿਵਾ ਧੁੱਪ ਦਾ ਮਿਲੇ ਜਾਂ ਕਬਰ ਧਰਤੀ ਦੀ ਮਿਲੇ ਸਾਨੂੰ, ਕਦੋਂ ਤਕ ਲਟਕਦੇ ਰਹਿਣਾ ਹੈ, ਏਦਾਂ ਤੁਪਕਿਆਂ ਵਾਂਗਰ। ਖ਼ੁਦਾਇਆ! ਭਸਮ ਹੀ ਕਰਦੇ ਜੇ ਮੇਰਾ ਮੁਲਕ ਹੈ ਤਾਂ ਕੀ ! ਕਰੋੜਾਂ ਲੋਕ ਜਿਸ ਵਿੱਚ ਰੀਂਗਦੇ ਨੇ, ਕੀੜਿਆਂ ਵਾਂਗਰ। ਤੂੰ ਬਣ ਕੇ ਬੁੱਤ, ਪੱਥਰ 'ਚੋਂ ਕਿਵੇਂ ਜਲਵਾ-ਨੁਮਾ ਹੁੰਦੀ, ਅਲੱਗ ਹੁੰਦਾ ਨਾ ਜੇ ਉਸਤੋਂ, ਮੈਂ ਵਾਫ਼ਰ ਟੁਕੜਿਆਂ ਵਾਂਗਰ।
ਮੰਗ ਕੁਝ ਰਾਜੇ ਨੇ ਰੁੱਖ ਨੂੰ ਦੂਰ ਹੋ ਕੇ ਆਖਿਆ
ਮੰਗ ਕੁਝ ਰਾਜੇ ਨੇ ਰੁੱਖ ਨੂੰ ਦੂਰ ਹੋ ਕੇ ਆਖਿਆ ਧੁੱਪ ਸੀ, ਫਿਰ ਉਸ ਦੀ ਹੀ ਛਾਂ ਵਿਚ ਖਲੋ ਕੇ ਆਖਿਆ ਬਹੁਤ ਮੈਲ਼ੈ ਰਸਤਿਆਂ ਰਾਹੀਂ ਤੂੰ ਕੀਤਾ ਹੈ ਸਫ਼ਰ ਇਕ ਸਮੁੰਦਰ ਨੇ ਨਦੀ ਦੇ ਪੈਰ ਧੋ ਕੇ ਆਖਿਆ ਕੁਝ ਹਨ੍ਹੇਰਾ ਹੋਣ ਦੇ, ਥੱਕੇ ਮੁਸਾਫਿਰ ਸੌਣ ਦੇ ਮੈਂ ਉਦ੍ਹੇ ਚਿਹਰੇ ਨੂੰ ਹੱਥਾਂ ਵਿਚ ਲੁਕੋ ਕੇ ਆਖਿਆ ਹੁਣ ਤੇਰਾ ਪੈਗ਼ਾਮ ਕਿਉਂ ਹੁੰਦਾ ਹੈ ਜਾਂਦਾ ਮੁਖ਼ਤਸਰ ਇਸ਼ਕ ਨੇ ਖੰਜਰ ਮੇਰੇ ਦਿਲ ਵਿਚ ਡੁਬੋ ਕੇ ਆਖਿਆ ਰੱਬ ਦੇ ਦਿੱਤਾ ਮੈਂ ਬੱਚੇ ਨੂੰ ਮਨਾਵਣ ਦੇ ਲਈ 'ਇਹ ਨਹੀਂ ਮੇਰਾ ਖਿਡੌਣਾ' ਉਸ ਨੇ ਰੋ ਕੇ ਆਖਿਆ
ਹਕੀਕਤ ਇਸ ਤਰ੍ਹਾਂ ਝਪਟੀ ਹੈ ਸਾਡੇ ਸੁਪਨਿਆਂ ਉੱਪਰ
ਹਕੀਕਤ ਇਸ ਤਰ੍ਹਾਂ ਝਪਟੀ ਹੈ ਸਾਡੇ ਸੁਪਨਿਆਂ ਉੱਪਰ ਪੁਰਾਣੀ ਛੱਤ ਜੀਕਣ ਆਣ ਡਿੱਗੇ ਸ਼ਮਲਿਆਂ ਉੱਪਰ ਤੁਸੀਂ ਬੈਠਕ ਚ ਬਹਿ ਕੇ ਜ਼ਿਕਰ ਜਦ ਕੀਤਾ ਸਮੁੰਦਰ ਦਾ ਸੀ ਹਉਕਾ ਤੈਰਿਆ ਨੁੱਕਰ ਚ ਰੱਖੇ ਘੋਗਿਆਂ ਉੱਪਰ ਖ਼ੁਦਾ ਦਾ ਕਹਿਰ ਟੁੱਟੇਗਾ, ਸੜੇਂਗਾ ਨਰਕ ਦੀ ਅੱਗ ਵਿਚ ਨਾ ਹੱਸੀਂ ਭੁੱਲ ਕੇ ਵੀ ਮਰ ਗਿਆਂ ਤੇ ਆਸ਼ਿਕਾਂ ਉੱਪਰ ਮੈਂ ਚਾਹੁੰਦਾ ਹਾਂ ਇਨ੍ਹਾਂ ਦੀ ਟਾਪ ਦਾ ਸੰਗੀਤ ਬਣ ਜਾਵਾਂ ਤੁਸੀਂ ਚਾਹੁੰਦੇ ਹੋ ਕਾਠੀ ਪਾ ਕੇ ਬਹਿਣਾ ਘੋੜਿਆਂ ਉੱਪਰ ਹੈ ਨਕਲੀ ਧੁੱਪ, ਨਕਲੀ ਪੌਣ, ਨਕਲੀ ਜਲ ਤਾਂ ਕੀ ਹੋਇਆ ਅਸੀਂ ਫੁਲਦਾਰ ਬੂਟੇ ਵਾਹ ਲਵਾਂਗੇ ਗਮਲਿਆਂ ਉੱਪਰ ਤਮੰਨਾ ਹੈ ਕਿ ਬਣ ਮੁਸਕਾਨ ਹਰ ਪਲ ਖੇਡਦਾ ਹੋਵਾਂ ਮੈਂ ਮਾਵਾਂ ਨਾਲ ਲੱਗ ਕੇ ਘੂਕ ਸੁੱਤੇ ਬੱਚਿਆਂ ਉੱਪਰ ਹੈ ਮਾਲਕ ਬਣ ਕੇ ਕਬਜ਼ਾ ਕਰਨ ਦੀ ਇੱਛਾ ਦਾ ਇਹ ਆਲਮ ਭਿਖਾਰੀ ਲਿਖ ਰਹੇ ਨੇ ਨਾਮ ਆਪਣਾ ਠੂਠਿਆਂ ਉੱਪਰ
ਅਸਾਨੂੰ ਨਾ ਸਹੀ, ਐਪਰ ਕਿਸੇ ਨੂੰ ਤਾਂ ਸਹੀ ਦੱਸੇ
ਅਸਾਨੂੰ ਨਾ ਸਹੀ, ਐਪਰ ਕਿਸੇ ਨੂੰ ਤਾਂ ਸਹੀ ਦੱਸੇ । ਅਸਾਡੇ ਨਾਲ ਰਿਸ਼ਤਾ ਆਪਣਾ, ਖ਼ੁਦ ਜ਼ਿੰਦਗੀ ਦੱਸੇ । ਗਲੀ ਵਿੱਚ ਖੇਡਦੇ ਬੱਚੇ ਦਾ ਮਜ਼ਹਬ ਜਾਣਦਾ ਹਾਂ ਮੈਂ, ਮੇਰੇ ਵਿਹੜੇ 'ਚ ਡਿੱਗੀ ਗੇਂਦ ਦਾ ਮਜ਼ਹਬ ਕੋਈ ਦੱਸੇ । ਹੈ ਹਰ ਰਿਸ਼ਤੇ 'ਚ ਕਿੰਨੇ ਰਿਸਤਿਆਂ ਦੀ ਖੋਟ ਪਾ ਦਿੱਤੀ, ਪਤਾ ਇਸਦਾ, ਅਸਾਡੇ ਰਿਸ਼ਤਿਆਂ ਦੀ ਦੁਰਗਤੀ ਦੱਸੇ । ਬੜੇ ਮਿੱਠੇ, ਬੜੇ ਮਾਸੂਮ ਹਨ, ਮਿਹਣੇ ਮੁਹੱਬਤ ਦੇ, ਮੈਂ ਮੰਗਾਂ, ਉਸਦੇ ਗ਼ਮ ਉਸ ਤੋਂ, ਉਹ ਮੈਨੂੰ ਲਾਲਚੀ ਦੱਸੇ । ਸਫ਼ਰ ਤੈਅ ਕਰਕੇ ਮੰਜ਼ਿਲ ਪਾਣ ਦਾ, ਉਹ ਲੁਤਫ਼ ਕੀ ਜਾਨਣ ? ਜਿਨ੍ਹਾਂ ਨੂੰ ਰਸਤਿਆਂ ਦਾ ਥਹੁ-ਪਤਾ ਵੀ ਜੋਤਸ਼ੀ ਦੱਸੇ । ਉਹ ਚਾਹੁੰਦਾ ਮਾਂ ਹੀ ਬਣਨਾ ਸੀ, ਪਿਆ ਪਰ ਈਸ਼ਵਰ ਬਣਨਾ, ਹਕੀਕਤ ਇਹ, ਕਿਸੇ ਨੂੰ ਉਹ, ਕਿਵੇਂ ਦੱਸੇ ਤੇ ਕੀ ਦੱਸੇ ? ਤੁਸੀਂ ਕਿਸ ਭਾਅ 'ਤੇ ਆਪਣੀ ਅਣਖ ਦਾ ਸੌਦਾ ਮੁਕਾਇਆ ਹੈ, ਤੁਹਾਡੇ ਚਿਹਰਿਆਂ ‘ਤੇ, ਰੀਂਗਦੀ ਸ਼ਰਮਿੰਦਗੀ ਦੱਸੇ ।
ਮਸ਼ਾਲਾਂ ਹੱਥ ਵਿੱਚ, ਕਾਲਖ਼ ਨੂੰ ਸਜਦਾ ਕਰਨ ਲੱਗੇ ਹਨ
ਮਸ਼ਾਲਾਂ ਹੱਥ ਵਿੱਚ, ਕਾਲਖ਼ ਨੂੰ ਸਜਦਾ ਕਰਨ ਲੱਗੇ ਹਨ! ਪਲਾਂ ਵਿੱਚ ਲੋਕ, ਇਹ ਕੀ ਕੀ ਤਮਾਸ਼ਾ ਕਰਨ ਲੱਗੇ ਹਨ! ਬੜਾ ਵੱਡਾ, ਖੜਾ ਇੱਕ ਹੋਰ ਮਸਲਾ ਕਰਨ ਲੱਗੇ ਹਨ ! ਉਹ ਸਾਡੇ ਮਸਲਿਆਂ ਨੂੰ, ਦੇਖ ਬੌਣਾ ਕਰਨ ਲੱਗੇ ਹਨ! ਚੁਗੋ ਚੋਗਾ ਤੁਸੀਂ ਉਹ ਪੰਛੀਆਂ ਨੂੰ ਮਸ਼ਵਰਾ ਦੇ ਕੇ, ਪਰ੍ਹੇ ਜਾ ਕੇ ਸ਼ਿਕਾਰੀ ਨੂੰ, ਇਸ਼ਾਰਾ ਕਰਨ ਲੱਗੇ ਹਨ! ਜਦੋਂ ਹਰ ਚੀਜ਼ ਵਿਕਦੀ ਹੈ, ਤਾਂ ਫਿਰ ਇਹ ਕਿਉਂ ਨਹੀਂ ਵਿਕਦਾ, ਉਹ ਮੇਰੇ ਹੌਂਸਲੇ ਉੱਪਰ, ਮੁਕੱਦਮਾ ਕਰਨ ਲੱਗੇ ਹਨ! ਜਦੋਂ ਦਾ ਆਖ ਬੈਠਾਂ ਮੁਸਕਰਾ ਕੇ ਠੀਕ ਹਾਂ ਹੁਣ ਕੁਝ, ਜੋ ਪੁੱਛਣ ਹਾਲ ਆਏ ਸਨ, ਉਹ ਚਿੰਤਾ ਕਰਨ ਲੱਗੇ ਹਨ! ਨਿਰਾਲੇ ਸਾਜ਼ 'ਤੇ ਹਾਕਮ ਨੇ ਐਸੀ ਧੁਨ ਵਜਾਈ ਹੈ, ਜਿਨ੍ਹਾਂ ਕਰਨਾ ਸੀ ਤਾਂਡਵ-ਨਾਚ, ਮੁਜਰਾ ਕਰਨ ਲੱਗੇ ਹਨ!
ਕੁਝ ਕੁ ਬੌਣੇ, ਕੁਝ ਕੁ ਲੋੜੋਂ ਵੱਧ ਵੱਡੇ ਹੋ ਗਏ
ਕੁਝ ਕੁ ਬੌਣੇ, ਕੁਝ ਕੁ ਲੋੜੋਂ ਵੱਧ ਵੱਡੇ ਹੋ ਗਏ । ਲੋਕ ਮੇਰੇ ਸ਼ਹਿਰ ਦੇ ਸਭ ਬੇ-ਹਿਸਾਬੇ ਹੋ ਗਏ । ਸ਼ਹਿਰ ਜਿਸ ਵਿੱਚ, ਵਸਤੂਆਂ ਨੂੰ ਵੇਚਣਾ ਵੀ ਪਾਪ ਸੀ, ਦੇਖ ਓਸੇ ਸ਼ਹਿਰ ਵਿੱਚ, ਨੀਲਾਮ ਬੰਦੇ ਹੋ ਗਏ । ਰੁੱਤ ਬਦਲੀ, ਗੋਦ ਸ਼ਾਖਾਂ ਦੀ ਪਲਾਂ ਵਿੱਚ ਭਰ ਗਈ, ਪੁੰਗਰੇ ਪੱਤੇ ਨਵੇਂ, ਜਿਉਂ ਬਾਲ-ਬੱਚੇ ਹੋ ਗਏ । ਜਿਸਮ ਦੀ ਫ਼ੱਟੀ ਸੀ ਗਿੱਲੀ, ਹੱਥ ਵੱਜਾ ਵਕਤ ਦਾ, ਨਖ਼ਰਿਆਂ ਦੇ ਖ਼ੂਬਸੂਰਤ ਲਫ਼ਜ਼, ਧੱਬੇ ਹੋ ਗਏ । ਮੁਲਕ ਮੇਰੇ ਦੀ ਸਿਆਸਤ, ਹੈ ਸਰੋਵਰ ਉਹ ਅਜਬ, ਜਿਸ ‘ਚ ਤਾਰੀ ਲਾਉਂਦਿਆਂ ਹੀ, ਕਾਗ ਬਗਲੇ ਹੋ ਗਏ । ਹੁਣ ਅਸਾਡੇ ਰਸਤਿਆਂ ਵਿੱਚ, ਆਣ ਭੱਖੜੇ ਸੋਚ ਕੇ, ਹੁਣ ਅਸਾਡੇ ਹੱਥ ਕਹੀਆਂ, ਪੈਰ ਰੰਬੇ ਹੋ ਗਏ ।
ਨਹੀਂ ਜੇ ਅਰਥ ਹੀ ਸਮਝੇ, ਸਫ਼ੇ ਪਲਟਣ ਦਾ ਕੀ ਫਾਇਦਾ
ਨਹੀਂ ਜੇ ਅਰਥ ਹੀ ਸਮਝੇ, ਸਫ਼ੇ ਪਲਟਣ ਦਾ ਕੀ ਫਾਇਦਾ । ਕੁਲੀ ਵਾਂਗਰ, ਕਿਤਾਬਾਂ ਰਾਤ ਦਿਨ ਚੁੱਕਣ ਦਾ ਕੀ ਫ਼ਾਇਦਾ । ਜਦੋਂ ਦੱਸਣ, ਸਿਤਾਰੇ, ਫੁੱਲ, ਬੱਚੇ, ਮੁਸਕਰਾਇਆ ਕਰ, ਬਿਨ੍ਹਾਂ ਮਤਲਬ, ਸਵੇਰੇ ਸ਼ਿਵਰ ਵਿੱਚ ਹੱਸਣ ਦਾ ਕੀ ਫ਼ਾਇਦਾ । ਨਾ ਇਹ ਰੁੱਖ ਨੂੰ, ਨਾ ਰੁੱਖ ਇਸਨੂੰ ਹੀ ਹੁਣ ਮਹਿਸੂਸ ਕਰ ਸਕਦੈ, ਝੜੇ ਪੱਤੇ ਨੂੰ, ਮੁੜ ਇਸ ਰੁੱਖ ‘ਤੇ ਟੰਗਣ ਦਾ ਕੀ ਫ਼ਾਇਦਾ । ਹੈ ਮਸਜਿਦ ਵੀ, ਹੈ ਮੰਦਰ ਵੀ, ਤੇਰੇ ਅੰਦਰ ਗੁਰੂ-ਘਰ ਵੀ, ਤਾਂ ਉਸਦੀ ਭਾਲ ਵਿੱਚ, ਫ਼ਿਰ ਦਰ-ਬ-ਦਰ ਭਟਕਣ ਦਾ ਕੀ ਫ਼ਾਇਦਾ। ਮੇਰਾ ਇਹ ਜਿਸਮ, ਮੁਰਦਾ ਰੂਹ ਦਾ ਤਾਬੂਤ ਹੈ ਜੀਕਣ, ਕਿਸੇ ਤਾਬੂਤ ਨੂੰ, ਤਾਬੂਤ ਵਿੱਚ ਰੱਖਣ ਦਾ ਕੀ ਫ਼ਾਇਦਾ । ਨਹੀਂ ਜੇ ਘਰ ਨੂੰ ਰੁਸ਼ਨਾਣਾ, ਨਹੀਂ ਜੇ ਰਾਹ ਦਿਖਲਾਣਾ, ਨਹੀਂ ਸੋਚਾਂ ਨੂੰ ਚਮਕਾਣਾ, ਤਾਂ ਇਸ ਚਾਨਣ ਦਾ ਕੀ ਫ਼ਾਇਦਾ । ਹੈ ਕਰਦਾ ਵਣਜ ਜੇ ਮਜ਼ਹਬ, ਤਰਾਜੂ ਆਸਥਾ ਦਾ ਫੜ, ਤੇ ਬੁੱਤ, ਵੱਟੇ ਨੇ ਤੋਲਣ ਨੂੰ, ਤਾਂ ਫ਼ਿਰ ਪੂਜਣ ਦਾ ਕੀ ਫ਼ਾਇਦਾ ।
ਕਦੀ ਨਿਸ਼ਪਾਪ ਏਨਾਂ, ਜਿਉਂ ਪੈਗ਼ੰਬਰ ਦੀ ਦੁਆ ਹੁੰਦਾਂ
ਕਦੀ ਨਿਸ਼ਪਾਪ ਏਨਾਂ, ਜਿਉਂ ਪੈਗ਼ੰਬਰ ਦੀ ਦੁਆ ਹੁੰਦਾਂ । ਕਦੀ ਬਾਜ਼ਾਰ ਵਿੱਚ ਬੈਠੀ, ਤਵਾਇਫ਼ ਦੀ ਅਦਾ ਹੁੰਦਾਂ । ਕਦੀ ਮਾਨਵ, ਕਦੀ ਦਾਨਵ, ਕਦੀ ਮੈਂ ਦੇਵਤਾ ਹੁੰਦਾ । ਮੈਂ ਕੀ ਹਾਂ ? ਕਿਸ ਤਰ੍ਹਾਂ ਦੱਸਾਂ ਮੈਂ ਹਰ ਪਲ ਬਦਲਿਆ ਹੁੰਦਾਂ । ਖ਼ੁਦਾ! ਜੇ ਹੋ ਸਕੇ ਤਾਂ, ਮਾਫ਼ ਕਰ ਦੇਵੀਂ ਗੁਨਾਹ ਮੇਰਾ, ਮੈਂ ਕੀ ਹਾਂ ਦੇਖਦਾ ? ਕੀ ਬੋਲਦਾ ? ਕੀ ਸੋਚਦਾ ਹੁੰਦਾਂ ? ਹਜ਼ਾਰਾਂ ਜਿਸਮ ਮੇਰੇ ਜ਼ਿਹਨ ਵਿੱਚ, ਇੱਕ ਜਿਸਮ ਬਾਹਾਂ ਵਿੱਚ, ਵਫ਼ਾ ਦੀ ਆੜ ਵਿੱਚ, ਆਵਾਰਗੀ ਦੀ ਇੰਤਹਾ ਹੁੰਦਾਂ। ਕਦੇ ਹੁੰਦਾਂ ਨਜ਼ਾਰਾ ਮੈਂ, ਕਿਸੇ ਬੇਜੋੜ ਦੇ ਸਾਹਵੇਂ, ਕਦੇ ਗੂੰਗੇ ਦੇ ਮਨ ਵਿੱਚ, ਛਟਪਟਾਂਦਾ ਵਲਵਲਾ ਹੁੰਦਾਂ । ਸਮੁੰਦਰ ਹਾਂ, ਮਿਲੀ ਗਹਿਰਾਈ ਦਾ ਕਰਜ਼ਾ ਉਤਾਰਨ ਨੂੰ, ਕਿਨਾਰੇ ‘ਤੇ, ਮੈਂ ਸਭ ਦੇ ਪੈਰ ਮਲ ਮਲ ਧੋ ਰਿਹਾ ਹੁੰਦਾਂ । ਬਸ਼ਿੰਦਾ ਹਾਂ, ਮੈਂ ਕਿਹੜੇ ਮੁਲਕ ਦਾ ? ਇਹ ਦਸਦਿਆਂ ਮੈਨੂੰ, ਇਵੇਂ ਲੱਗੇ, ਜਿਵੇਂ ਬਦਨਾਮ ਬਸਤੀ ਦਾ ਪਤਾ ਹੁੰਦਾਂ ।
ਦਿਲਾਂ ਵਿਚ ਵਲਵਲੇ, ਅੱਖਾਂ ਵਿਚ ਸੁਪਨੇ ਮਰੇ ਹੋਣੇ
ਦਿਲਾਂ ਵਿਚ ਵਲਵਲੇ, ਅੱਖਾਂ ਵਿਚ ਸੁਪਨੇ ਮਰੇ ਹੋਣੇ ਬੜਾ ਅਪਸ਼ਗਨ ਹੁੰਦੈ, ਘਰ ਚ ਹੀ ਬਲਦੇ ਸਿਵੇ ਹੋਣੇ ਦਿਮਾਗੀ ਮੁਫਲਿਸੀ ਜਾਂ ਆਤਮਾ ਦੀ ਹੈ ਅਮੀਰੀ ਇਹ ਕਿਸੇ ਥਾਂ ਬੰਦਿਆਂ ਤੋਂ ਵੀ ਜਿਆਦਾ ਦੇਵਤੇ ਹੋਣੇ ਇਹ ਰਿਸ਼ਤੇ, ਮਸ਼ਵਰੇ, ਆਦਰਸ਼, ਸਿਸ਼ਟਾਚਾਰ, ਮਰਿਆਦਾ ਪਤਾ ਕੀ ਸੀ ਕਿ ਕਿਸ ਕਿਸ ਸ਼ਕਲ ਵਿਚ ਨੇ ਪਿੰਜਰੇ ਹੋਣੇ ਜਿਨਾ ਦੇ ਵਾਸਤੇ ਬੱਸ ਚਾਰ ਕੁ ਅੰਗਾਂ ਦਾ ਹਾਸਿਲ ਹੈ ਉਹ ਔਰਤ ਨੂੰ ਕਿਵੇਂ ਬੇਟੀ ਜਾਂ ਮਾਂ ਨੇ ਆਖਦੇ ਹੋਣੇ
ਥਾਂ-ਕੁਥਾਂ ਏਨਾ ਝੁਕੇ ਕਿ ਅੰਤ ਕੁੱਬੇ ਹੋ ਗਏ
ਥਾਂ-ਕੁਥਾਂ ਏਨਾ ਝੁਕੇ ਕਿ ਅੰਤ ਕੁੱਬੇ ਹੋ ਗਏ । ਬੁੱਤ ਸਾਡੇ ਤੋਂ ਰਤਾ ਕੁ ਹੋਰ ਉੱਚੇ ਹੋ ਗਏ । ਹੋ ਗਏ ਕਿਰਦਾਰ ਮੈਲੇ, ਸਾਫ ਕਪੜੇ ਹੋ ਗਏ । ਦੇਖ ਸਾਡੇ ਸ਼ਹਿਰ ਵਿੱਚ, ਕੀ ਕੀ ਮੁਅਜ਼ਜ਼ੇ ਹੋ ਗਏ। ਮੈਂ ਵੀ ਗੁਮਸੁਮ ਹਾਂ ਤਾਂ ਓਧਰ ਦਰਦ ਵੀ ਗ਼ਮਗੀਨ ਹੈ, ਕਿਉਂ ਅਸੀਂ, ਇੱਕ ਦੂਸਰੇ ਦੇ ਨਾਲ ਗੁੱਸੇ ਹੋ ਗਏ? ਵੱਧ ਗਿਆ ਹੈ ਭਾਰ ਹੀ ਵਹਿੰਗੀ ਦਾ ਜਾਂ ਮਾਂ-ਬਾਪ ਦਾ, ਜਾਂ ਕਿ ਫ਼ਿਰ ਸਰਵਣ ਦੇ ਹੀ ਕਮਜ਼ੋਰ ਮੋਢੇ ਹੋ ਗਏ । ਵਕਤ ਤੋਂ ਬੇਦਰਦ ਹੋਇਆ ਹੈ, ਨਾ ਹੋਵੇਗਾ ਕੋਈ, ਬੁਝ ਗਈ ਮੱਚਦੀ ਜਵਾਨੀ, ਮਹਿਲ ਮਲਬੇ ਹੋ ਗਏ। ਉਹ ਜੋ, ਲੱਗਦਾ ਸੀ ਵਫ਼ਾ ਨੂੰ ਬਿਨ ਵਜ੍ਹਾ ਹਨ ਨਿੰਦਦੇ, ਤੂੰ ਦਗ਼ਾ ਦਿੱਤਾ ਤਾਂ ਸਾਰੇ ਲੋਕ ਸੱਚੇ ਹੋ ਗਏ । ਕਿਸ ਤਰ੍ਹਾਂ ਬੱਚੇ ਸਜਾਏ ਹਨ ਤੁਸੀਂ ਕਿ ਦੇਖ ਕੇ, ਸਿਰ 'ਤੇ ਹੀ ਰਹਿਣੇ ਸੀ ਜਿਹੜੇ ਹੱਥ, ਅੱਥਰੇ ਹੋ ਗਏ।