Punjabi Poetry : Pro. Hardev Singh Virk

ਪੰਜਾਬੀ ਕਵਿਤਾਵਾਂ : ਪ੍ਰੋ: ਹਰਦੇਵ ਸਿੰਘ ਵਿਰਕ


ਦੋ ਰੁਬਾਈਆਂ

(16 ਮਾਰਚ, 1959) 1. ਜਿੰਦਗੀ ਦੀ ਹਰ ਹਨੇਰੀ ਰਾਤ 'ਚੋਂ ਚਾਨਣ ਮੁਨਾਰੇ ਵੇਖਦਾ ਹਾਂ ਮੈਂ। ਤੂਫਾਨ 'ਚ ਘਿਰੀ ਹੈ ਕਿਸ਼ਤੀ ਫਿਰ ਵੀ ਕਿਨਾਰੇ ਵੇਖਦਾ ਹਾਂ ਮੈਂ। ਕੀ ਹੋਇਆ ਯਾਰ ਜ਼ਮਾਨਾ ਬਣ ਗਿਆ ਵੈਰੀ, ਗਮਾਂ ਦੀਆਂ ਬੁੱਕਲਾਂ 'ਚੋਂ ਤੇਰੇ ਸਹਾਰੇ ਵੇਖਦਾ ਹਾਂ ਮੈਂ। 2. ਨੀਲੇ ਤੇਰੇ ਅੰਬਰ ਦੀ ਛਾਵੇਂ ਬਹੁਰੰਗ ਦੁਨੀਆਂ ਵੱਸਦੀ ਏ। ਕਿਤੇ ਰਾਤ ਗਮਾਂ ਦੀ ਪਾਈ ਆ ਕਿਤੇ ਖੁਸ਼ੀਆਂ ਰੰਗੀ ਮਸਤੀ ਏ। ਕੋਈ ਖੂਨ ਪਸੀਨਾ ਇਕ ਕਰੇ ਪਰ ਛੂਹ ਨਾ ਸਕੇ ਮੰਜ਼ਿਲ ਨੂੰ। ਕੀ ਇਹੋ ਤੇਰੀ ਦੁਨੀਆਂ ਖੁਦਾ ਜਿੱਥੇ ਜਾਨ ਟੁਕੜਿਉਂ ਸਸਤੀ ਏ।

ਆਦਿ ਸੱਚ ਜੁਗਾਦਿ ਸੱਚ

1. ਸੱਚ ਦਾ ਨਾ ਆਦਿ ਹੈ ਨਾ ਅੰਤ ਹੈ। ਕਿਵੇਂ ਕੋਈ ਲੱਭ ਸਕਦਾ ਹੈ ਚੱਕਰ ਦਾ ਸਿਰਾ? ਸੱਚ ਨਾ ਜੰਮਦਾ ਤੇ ਨਾ ਮਰਦਾ ਹੈ। ਅਕਾਲ ਦੀ ਸੀਮਾ ਕਦੇ ਕਾਲ ਨਹੀਂ ਹੁੰਦੀ। 2. ਹਰ ਯੁੱਗ ਦਾ ਸੱਚ ਉਸ ਯੁੱਗ ਦੀ ਸਾਖੀ ਹੁੰਦਾ ਹੈ। ਪਰ ਸੱਚ ਨੂੰ ਲੱਭ ਸਕਿਆ ਨਾ ਅਜੇ ਮਨੁੱਖ। ਧਰਤ ਡਿਗੇ ਸੇਬ ਨੂੰ ਵੇਖ ਨਿਯੂਟਨ ਨੇ ਸੋਚਿਆ। ਇਸ ਦਾ ਕੀ ਸੱਚ ਹੈ? ਧਰਤ ਖਿੱਚ ਦਾ ਨਿਯਮ ਇਸ ਤੋਂ ਸਿਰਜਿਆ। ਕਈ ਸਦੀਆਂ ਲਈ ਸੌਂ ਗਿਆ ਸੱਚ ਦਾ ਸਰੂਪ। 3. ਵੀਹਵੀਂ ਸਦੀ ਕਲਜੁਗ ਦਾ ਯੁੱਗ ਹੈ। ਬਾਬੇ ਨੇ ਕਿਹਾ ਸੱਚ ਦਾ ਚੰਦਰਮਾ ਅਲੋਪ ਹੈ। ਪੁਲਾੜੀ ਯਾਤਰੀ ਨੇ ਇਕ ਡੰਡੀ ਪਾ ਦਿਤੀ, ਚੰਦ ਦੀ ਧਰਤੀ ਦਾ ਇਹ ਸੱਚ ਹੈ। 4. ਆਇਨਸਟਾਈਨ ਨੇ ਇਕ ਹੋਰ ਦੁਨੀਆਂ ਦੀ ਸਿਰਜਣਾ ਕੀਤੀ, ਜਿਸ ਦੀ ਕਚਹਿਰੀ ਵਿਚ ਨਿਊਟਨ ਝੁਠਲਾਇਆ ਗਿਆ। ਕਈ ਕਹਿਣ ਦੇ ਦਿਉ ਮੌਤ ਦੀ ਸਜਾ, ਇਸ ਦਾ ਕਸੂਰ ਨਾ-ਕਾਬਲੇ ਮੁਆਫ਼ ਹੈ। ਸਦੀਆਂ ਲਈ ਸੁੱਤਾ ਵਿਗਿਆਨ ਮੁੜ ਜਾਗਿਆ, ਆਇਨਸਟਾਈਨ ਨੇ ਜਦੋਂ ਸਮੇਂ ਦੀ ਧੁੰਧ ਦਾ ਪੜਦਾ ਫਾੜਿਆ। 5. ਕੌਣ ਕਹੇ ਕਲਯੁੱਗ ਵਿਚ ਮਰਦਾ ਹੈ ਸੱਚ, ਸੱਚ ਨਾਲ ਪ੍ਰਯੋਗ ਕਰਦਾ ਰਿਹਾ ਹੈ ਮਨੁੱਖ। ਸੱਠ ਸਾਲ ਦੀ ਉਮਰ ਵਿਚ ਕੰਵਾਰ ਕੰਨਿਆ ਨਾਲ ਸੌਣ ਵਾਲਾ ਤਾਂ ਬ੍ਰਹਮਚਾਰੀ ਹੈ। ਕੌਣ ਕਰ ਸਕਦਾ ਹੈ ਗਿਲਾ ਇਸ ਦੀ ਸਚਾਈ ਉਪਰੇ? ਜਦ ਕਿਹਾ ਮੈਂ ਵੀ ਸੁੱਤਾ ਤੀਹ ਸਾਲ ਦੀ ਉਮਰ ਵਿਚ, ਸਭ ਨੇ ਕਿਹਾ ਇਹ ਝੂਠ ਹੈ, ਮੈਂ ਕੋਈ ਮਹਾਤਮਾ ਜੋ ਨਹੀਂ। 6. ਅੱਜ ਸੱਚ ਦੀ ਰੱਖਿਆ ਦੀ ਲੋੜ ਹੈ। ਅੱਜ ਕਰੋ ਅਗਨ ਪ੍ਰੀਖਿਆ ਮੁੜ ਜਾਰੀ। ਵਿਗਿਆਨ ਤਾਂ ਨਹੀਂ ਲੱਭ ਸਕਿਆ ਸੱਚ ਦਾ ਸਰੂਪ। ਭਲਾ ਲੱਭ ਕਿਵੇਂ ਸਕਦੇ ਹਨ ਸੱਚ ਦਾ ਸਰੂਪ? ਲੱਭਣ ਨਾ ਜਾਣ ਜੋ ਅਜੇ ਆਪੇ ਦਾ ਭੇਦ।

ਬੁੱਤ-ਪੂਜ

(ਇੰਦਰਾ ਗਾਂਧੀ ਦੀ ਚੰਡੀਗੜ੍ਹ ਯਾਤਰਾ ਸਮੇਂ) ਅੱਜ ਇਹ ਸੜਕ ਬੰਦ ਹੈ? ਦੇਸ ਦੀ ਮਲਿਕਾ ਅੱਜ ਲੰਘ ਰਹੀ ਇਸ ਸੜਕ ਤੇ। 1. ਆਦਿ ਕਾਲ ਤੋਂ ਅਸੀਂ ਬੁੱਤ ਦੇ ਪੁਜਾਰੀ ਹਾਂ, ਇਹੋ ਸਾਡਾ ਧਰਮ-ਕਰਮ ਹੈ। ਵਰਤਮਾਨ ਵਿਚ ਕੇਵਲ ਇਹੋ ਫਰਕ ਜਾਪਦਾ, ਹਰ ਬੰਦਾ ਭਗਵਾਨ ਦੀ ਥਾਂ ਇਨਸਾਨ ਦਾ ਬੁੱਤ ਪੂਜ ਹੈ। 2. ਸੜਕ ਦੇ ਕਿਨਾਰੇ ਇਸ ਤਰ੍ਹਾਂ ਸੰਗੀਨਾਂ ਦੀ ਕਤਾਰ, ਜਿਵੇਂ ਹਿੰਦ-ਪਾਕ ਯੁੱਧ ਦੀ ਤਿਆਰੀ ਹੋ ਰਹੀ। ਜਾਂ ਦੁਹਰਾਇਆ ਜਾਣ ਲੱਗਾ ਮੁੜ ਮਹਾਂਭਾਰਤ ਦਾ ਕਿੱਸਾ। ਲਾਹ ਨਾ ਦੇਵੇ ਅੱਜ ਵੀ ਦਰੋਪਦੀ ਦਾ ਚੀਰ ਕੋਈ। ਕਿਵੇਂ ਪੇਸ਼ ਹੋਵੇ ਸੁਦਾਮਾ ਕ੍ਰਿਸ਼ਨ ਦੇ ਦਰਬਾਰ ਅੱਜ। 3. ਅੱਜ ਦੇ ਦਰਬਾਰ ਵਿਚ ਫਰਿਆਦ ਕੋਈ ਨਾ ਕਰ ਸਕੇ, ਅੱਜ ਤਾਂ ਜਨਤਾ ਦਾ ਰਾਜ ਹੈ। ਇਕ ਬੁੱਢੀ ਔਰਤ ਨੂੰ ਵੇਖ ਸਿਪਾਹੀ ਕੜਕਿਆ। ਕੀ ਮਾਈ ਤੇਰੇ ਕੋਲ ਪਾਸ ਹੈ? ਇਸ ਸੜਕ ਤੇ ਤੁਰਨ ਦਾ ਹੀਆ ਨਾ ਕੋਈ ਕਰ ਸਕੇ ਅੱਜ ਦੇ ਦਰਬਾਰ ਵਿਚ ਪਾਸ ਹੋਲਡਰ ਹੀ ਜਾ ਸਕਦੇ ਹਨ। 4. ਇਕ ਬੁੱਧੀਜੀਵੀ ਵੀ ਆ ਟਪਕਿਆ ਇਸ ਸੜਕ ਤੇ, ਵਾਸਤਾ ਹੈ ਲੰਘ ਜਾਣ ਦਿਉ ਮੈਨੂੰ ਹਸਪਤਾਲ ਵਿਚ ਬੀਮਾਰ ਹੈ ਮੇਰਾ ਪੁੱਤਰ। ਟੈਕਸੀ ਜੋਗੇ ਪੈਸੇ ਨਹੀਂ ਮੇਰੇ ਕੋਲ, ਲੋਕਲ ਬੱਸ ਇਸ ਸੜਕ ਤੇ ਅੱਜ ਬੰਦ ਹੈ। ਲੰਘ ਜਾਣ ਦਿਆਂ ਕਿਵੇਂ ਸਰਦਾਰ ਜੀ, ਸਿਪਾਹੀ ਬੋਲਿਆ, ਇਹ ਮੇਰੀ ਨੌਕਰੀ ਦਾ ਸਵਾਲ ਹੈ। ਤੇਰੇ ਪੁੱਤਰ ਦੀ ਖਾਤਰ ਖੋਹ ਕਿਵੇਂ ਲਵਾਂ ਮੈਂ ਆਪਣੇ ਪੁੱਤਰਾਂ ਦਾ ਟੁੱਕਰ। 5. ਇਹ ਸੁਣ ਤੁਰ ਪਿਆ ਬੁੱਧੀਜੀਵੀ ਵੀ, ਕੀੜੀਆਂ ਦੇ ਭੌਣ ਵਾਂਗ ਤੁਰੀ ਜਾਂਦੀ ਜਨਤਾ ਦੇ ਨਾਲ। ਕੌਣ ਆ ਕੇ ਬਦਲੇਗਾ ਇਸ ਭੇਡਾਂ ਦੀ ਚਾਲ ਨੂੰ। ਕਿਹੜਾ ਗਜ਼ਨੀ ਤੋੜੇਗਾ ਇਨਸਾਨ ਦੇ ਇਸ ਬੁੱਤ ਨੂੰ?

ਜਿੰਦੂਆ ਦਾ ਗੀਤ

(ਦਸੰਬਰ 30,1960) ਕਾਲੇ ਕਾਲੇ ਬੱਦਲਾਂ 'ਚੋਂ ਮੀਂਹ ਵਰਸੇਂਦਾ, ਗੋਰੀਆਂ ਗੋਰੀਆਂ ਕਣੀਆਂ, ਵੇ ਜਿੰਦੂਆ ਗੋਰੀਆਂ ਗੋਰੀਆਂ ਕਣੀਆਂ। 1. ਯਾਦ ਤੇਰੀ ਦਾ ਚੰਨ ਚੜ੍ਹਿਆ ਏ, ਜੀਵਨ ਰਾਤ ਦੇ ਬੱਦਲਾਂ ਵਿਚੋਂ। ਚੁਰਾ ਲਵਾਂ ਚਾਨਣ ਦੀ ਲੋਅ 'ਚੋਂ ਪਿਆਰ ਤੇਰੇ ਦੀਆਂ ਅਣੀਆਂ। ਵੇ ਜਿੰਦੂਆ............... 2. ਸਾਡੇ ਤਾਂ ਵਿਹੜੇ ਬੱਦਲਾਂ ਦਾ ਡੇਰਾ, ਆ ਕੇ ਚੰਨ ਕੋਈ ਪਾ ਜਾ ਫੇਰਾ। ਜਿੰਦ ਮੇਰੀ ਨੂੰ ਪੈਂਦੇ ਡੋਬੂ, ਆ ਖਾਂ ਦਿਲਾਂ ਦਿਆ ਹਾਣੀਆਂ। ਵੇ ਜਿੰਦੂਆ............... 3. ਸਾਡੇ ਤਾਂ ਵਿਹੜੇ ਪਿੱਪਲਾਂ ਦੀ ਛਾਂ ਵੇ, ਕੋਇਲੇ ਦੀਆਂ ਨੇ ਕੂਕਾਂ, ਵੇ ਜਿੰਦੂਆ ਮਾਰਨ ਦਿਲ ਦੀਆਂ ਹੂਕਾਂ। 4. ਪਿੱਪਲੀ ਦੀ ਛਾਵੇਂ ਮੈਂ ਚਰਖੀ ਪਈ ਡਾਹਨੀਆਂ, ਤੇ ਲੰਮੀਆਂ ਲੰਮੀਆਂ ਹੇਕਾਂ, ਵੇ ਜਿੰਦੂਆ ਰਾਹ ਤੇਰਾ ਮੈਂ ਵੇਖਾਂ। 5. ਸਾਡੇ ਬਨੇਰੇ ਤੇ ਕਾਂ ਪਿਆ ਬੋਲੇ, ਨਾਲੇ ਚਰਖੀ ਦੀਆਂ ਚੀਕਾਂ, ਵੇ ਜਿੰਦੂਆ ਤੇਰੀਆਂ ਹੋਣ ਉਡੀਕਾਂ।

ਸੱਜਨੀ ਪਿਆਰ ਮੇਰਾ ਮਜ਼ਬੂਰ

(1 ਜਨਵਰੀ, 1961) 1. ਹਿਜਰਾਂ ਦੀ ਇਕ ਰਾਤ ਹਨੇਰੀ, ਮੇਰੀ ਦਿਲ ਬਸਤੀ ਦੇ ਉਪਰ। ਦਿਲ ਮੇਰੇ ਦੀਆਂ ਰਮਝਾਂ ਬੁੱਝ ਲਏਂ, ਫਿਰ ਨਾ ਕਹੇਂ ਕਸੂਰ (ਮੇਰਾ)। ਸੱਜਨੀ ਪਿਆਰ ਮੇਰਾ ਮਜ਼ਬੂਰ।ਸੱਜਨੀ........... 2. ਤੂੰ ਸੁਣ ਹੁਸਨਾਂ ਦਿਆ ਪਾਣੀਆਂ, ਮੇਰੇ ਹੰਝੂ ਬਣੇ ਦਰਿਆ। ਵੇ ਧਰਤ ਪਿਆਰਾਂ ਦੀ ਸਿੰਜਣ ਲਈ, (ਮੈਨੂੰ) ਚੜ੍ਹਦਾ ਪਿਆ ਸਰੂਰ। ਸੱਜਨੀ ਪਿਆਰ ਮੇਰਾ ਮਜ਼ਬੂਰ।ਸੱਜਨੀ................ 3. ਸੁਣ ਨਹੀਂ ਕਲੀਏ ਖਿਲਦੀਏ, ਮੇਰੀ ਆਸ ਗਈ ਮੁਰਝਾ। ਕੋਮਲ ਤੇਰੀਆਂ ਪੰਖੜੀਆਂ, ਤੂੰ ਨਜ਼ਰ ਆਏਂ ਇਕ ਹੂਰ। ਸੱਜਨੀ ਪਿਆਰ ਮੇਰਾ ਮਜਬੂਰ। ਸੱਜਨੀ................ 4. ਅੱਧ ਅਸਮਾਨੀ ਚੰਨ ਦਾ ਡੋਲਾ, ਮੈਂ ਪਹੁੰਚਾ ਕਿਹੜੇ ਰਾਹ। ਦੂਰ ਬੈਠਾ ਸੁਪਨੇ ਪਿਆ ਵੇਖਾਂ, ਚੰਨ ਵਿਚ ਤੇਰਾ ਨੂਰ। ਸੱਜਨੀ ਪਿਆਰ ਮੇਰਾ ਮਜ਼ਬੂਰ। ਸੱਜਨੀ................ 5. ਮਾਰੂਥਲਾਂ ਦੀਆਂ ਰੇਤਾਂ ਅੰਦਰ, ਗੁੰਮ ਗਈ ਮੇਰੇ ਪਿਆਰ ਦੀ ਡਾਚੀ। ਲੋਕ ਹੋਤਾਂ ਨੇ ਪੁੰਨੂੰ ਖੋਹ ਲਏ, ਬਹਿਕੇ ਤੂੰ ਨਾ ਝੂਰ। ਸੱਜਨੀ ਪਿਆਰ ਮੇਰਾ ਮਜਬੂਰ। ਸੱਜਨੀ................ 6. ਦੋ ਜਿੰਦਾਂ ਦਾ ਮੇਲ ਨਾ ਹੋਣਾ, ਛੱਡ ਤੂੰ ਵੀ ਹੁਣ ਨਿੱਤ ਦਾ ਰੋਣਾ। ਜਿੰਦ ਹੱਡਾਂ ਦਾ ਬਾਲਣ ਲੋੜੇ, ਮੰਜ਼ਿਲ ਦਿਸਦੀ ਦੂਰ। ਸੱਜਨੀ ਪਿਆਰ ਮੇਰਾ ਮਜ਼ਬੂਰ। ਸੱਜਨੀ................

ਸਾਨੂੰ ਨਿੱਤ ਦਾ ਪੈ ਗਿਆ ਰੋਣਾ

(2 ਜਨਵਰੀ, 1961) 1. ਸਾਡੀ ਜਿੰਦ ਨੂੰ ਤੂੰ ਮਾਰੇ ਜਿੰਦਰੇ। ਸਾਨੂੰ ਭੁੱਲ ਗਏ ਰਾਤਾਂ ਦੇ ਨੀਂਦਰੇ। ਮਿਲੇ ਇਕ ਪਲ ਦਾ ਵੀ ਨਾ ਸੌਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ। 2. ਅੱਧੀ ਅੱਧੀ ਰਾਤੀਂ ਦੀਵਾ ਬਾਲਾਂ। ਦੀਵਾਂ ਬਾਲ ਕੇ ਰੋਵਾਂ। ਆਹਾਂ ਮੇਰੀਆਂ ਦੀਆਂ ਲਾਟਾਂ ਨਿਕਲਣ। ਹੁਣ ਰਿਹਾ ਅੱਖੀਆਂ ਦਾ ਖੋਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ। 3. ਦੀਵਾ ਨਾ ਬੁੱਝਦਾ ਯਾਦ ਨਾ ਮੁੱਕਦੀ। ਮੈਂ ਤੇਲ ਉਮਰ ਦਾ ਚੋਵਾਂ। ਜਿੰਦ ਦੀ ਬੱਤੀ ਬੁੱਝਦੀ ਜਾਵੇ, ਹੁਣ ਕੀ ਤੇਰਾ ਪਾਉਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ। 4. ਅੱਧੀ ਅੱਧੀ ਰਾਤੀਂ ਤਾਰਾ ਟੁੱਟਿਆ। ਅੱਧ ਵਿਚ ਮੇਰਾ ਸੁਪਨਾ। ਕੀ ਜਾਣਾ ਦਿਲ ਤਾਰਾ ਟੁੱਟ ਜਾਏ। ਫਿਰ ਤੂੰ ਕਾਹਨੂੰ ਆਉਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ। 5. ਸਬਰ ਦੀਆਂ ਕਬਰਾਂ ਵਿਚੋਂ, ਬੋਲ ਪਏਗੀ ਮੇਰੀ ਜਿੰਦੜੀ। ਪੈਰਾਂ ਦੀ ਛੋਹ ਕਿਧਰੇ ਮਿਲ ਜਾਏ। ਅਸਾਂ ਲੱਖ ਲੱਖ ਸ਼ੁਕਰ ਮਨਾਉਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ, ਚੰਨ ਨਿੱਤ ਦਾ ਪੈ ਗਿਆ ਰੋਣਾ।

ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ ਸੱਜਨਾ ਸੋਹਣਾ ਤੇਰਾ ਦੇਸ

(3 ਜਨਵਰੀ, 1961) 1. ਘੱਤ ਵਹੀਰਾਂ ਤੁਰ ਪਏ ਅਸੀਂ ਦੇਸ ਸੱਜਣ ਦੇ ਵੰਨੇ। ਕੂੰਜਾਂ ਦੀ ਹੈ ਡਾਰ ਅਸਾਡੀ, ਜਾਈਏ ਕਿਹੜੇ ਬੰਨੇ। ਕੂੰਜਾਂ ਵਰਗੀ ਜਾਨ ਅਸਾਡੀ, ਜਾਣਾ ਪਿਆ ਪਰਦੇਸ। ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ ਸੱਜਨਾ ਸੋਹਣਾ ਤੇਰਾ ਦੇਸ। 2. ਆਈ ਬਹਾਰ ਹੈ ਦੇਸ ਸੱਜਨ ਦੇ, ਸਾਡੇ ਪਤਝੜ ਵਰਗੀ। ਖੁਸ਼ੀਆਂ ਦੇ ਏਥੇ ਗੀਤ ਪਏ ਮਉਲਣ, ਨੱਚ ਨੱਚ ਪੈਂਦੀ ਸਰਘੀ। ਜਰ੍ਹੇ ਜਰ੍ਹੇ ਵਿਚ ਸੱਜਣ ਦਿਖਦਾ, ਤੈਨੂੰ ਲੱਭੀਏ ਕਿਹੜੇ ਵੇਸ। ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ----------। 3. “ਰਾਂਝਣ ਰਾਂਝਣ ਕਰਦੀ ਨੀ ਸਈਓ, ਮੈਂ ਆਪੇ ਰਾਂਝਣ ਹੋਈ। ਆਖੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਕਹਿਓ ਕੋਈ।'' ਆਪੇ ਪ੍ਰੀਤਮ ਬਣ ਗਿਆ ਪ੍ਰੇਮੀ, ਜਦ ਵਟ ਗਏ ਦਿਲਾਂ ਦੇ ਭੇਸ। ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ---------------। 4. ਜਿੰਦ ਅਸਾਡੀ ਇਕ ਮਿਕ ਹੋ ਗਈ, ਮੁੱਕ ਗਏ ਨੇ ਪੰਧ ਲੰਮੇ। ਦੋ ਦਿਲਾਂ ਦੀ ਧੜਕਣ ਇਕੋ, ਹੋ ਗਏ ਸਾਡੇ ਬੁੱਤ ਨਿਕੰਮੇ। ਇਕ ਮੰਜ਼ਿਲ ਦੇ ਬਣ ਗਏ ਪਾਂਧੀ, ਨਾ ਰਹੀ ਮਰਨੇ ਦੀ ਠੇਸ। ਵੇ ਸੱਜਨਾ ਸੋਹਣਾ ਤੇਰਾ ਦੇਸ, ਵੇ-----------।

ਅੱਜ ਆਈ ਮੱਸਿਆ ਦੀ ਰਾਤ, ਹੋ ਮੇਰੇ ਢੋਲਣਾ

(4 ਜਨਵਰੀ, 1961) ਅੱਜ ਆਈ ਮੱਸਿਆ ਦੀ ਰਾਤ, ਹੋ ਮੇਰੇ ਢੋਲਣਾ, ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾ। 1. ਲੋਕੀਂ ਕਹਿੰਦੇ ਕਾਲੀਆਂ ਰਾਤਾਂ। ਕੌਣ ਬੁੱਝੇ ਤੇਰੇ ਦਿਲ ਦੀਆਂ ਬਾਤਾਂ। ਦਿਲ ਦਾ ਮਹਿਰਮ ਨਹੀਂ ਸੀ ਜੇ ਬਣਨਾ, ਕਿਉਂ ਭੇਦ ਦਿਲੇ ਦਾ ਖੋਲ੍ਹਣਾ। ਅੱਜ ਆਈ ਮੱਸਿਆ ਦੀ ਰਾਤ ਹੋ ਮੇਰੇ ਢੋਲਣਾ, ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾਂ। 2. ਦਿਲ ਵਿਹੜਾ ਸਮਸ਼ਾਨ ਬਣਾ ਕੇ, ਰੀਝਾਂ ਨੂੰ ਮੈਂ ਲਾਇਆ ਲੰਬੂ। ਆਸਾਂ ਸਮੇਂ ਕਬਰ 'ਚ ਦੱਬੀਆਂ। ਹੁਣ ਕੀ ਦਰਦਾਂ ਨੇ ਬੋਲਣਾ। ਅੱਜ ਆਈ ਮੱਸਿਆ ਦੀ ਰਾਤ, ਹੋ ਮੇਰੇ ਢੋਲਣਾ, ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾ। 3. ਲੱਖਾਂ ਆਹਾਂ ਬਣ ਬਣ ਬੱਦਲ, ਲਾਈਆਂ ਦਿਲ ਅੰਬਰਾਂ ਤੇ ਝੜੀਆਂ। ਉਮਰਾ ਮੇਰੀ ਰੁੜ੍ਹਦੀ ਜਾਵੇ, ਹੁਣ ਰਿਹਾ ਜਿੰਦੜੀ ਦਾ ਰੋਲਣਾ। ਅੱਜ ਆਈ ਮੱਸਿਆ ਦੀ ਰਾਤ, ਹੋ ਮੇਰੇ ਢੋਲਣਾ, ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾ।

ਤੇਰੇ ਤੱਕਣੇ ਨੂੰ ਪੈਣ ਅੱਜ ਵਲ ਗੋਰੀਏ

(ਫਰਵਰੀ 2, 1961) ਤੇਰੇ ਤੱਕਣੇ ਨੂੰ ਪੈਣ ਅੱਜ ਵਲ ਗੋਰੀਏ, ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ। ਤੇਰੇ ਤੱਕਣੇ ਨੂੰ ਪੈਣ ਅੱਜ ਵਲ ਗੋਰੀਏ। 1. ਨੀ ਤੇਰੇ ਦਿਲ ਦੀਆਂ ਗੱਲਾਂ ਗੋਰੀ ਕੌਣ ਬੁੱਝੇ ਨੀ। ਤੈਨੂੰ ਲਗ ਗਏ ਨੇ ਗੋਰੀ ਹੁਣ ਰੋਗ ਗੁੱਝੇ ਨੀ। ਲਗਾ ਜਾਪਦਾ ਵਿਛੋੜੇ ਵਾਲਾ ਸੱਲ ਗੋਰੀਏ। ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ, ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ। 2. ਅੱਜ ਭਰ ਬੈਠੀ ਗਮਾਂ ਦੀ ਤੂੰ ਘੁੱਟ ਗੋਰੀਏ। ਤੰਦ ਜਾਂਦੀ ਤੇਰੇ ਹੱਥੋਂ ਟੁੱਟ ਟੁੱਟ ਗੋਰੀਏ। ਤੈਨੂੰ ਲਗਦਾ ਏ ਹੋਇਆ ਅੱਜ ਝੱਲ ਗੋਰੀਏ। ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ। ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ। 3. ਅੱਜ ਬਿਟ ਬਿਟ ਤੱਕੇ ਗੋਰੀ ਵੱਲ ਬੂਹੇ ਨੀ। ਕਿਹੜੇ ਸੱਜਣਾਂ ਦੇ ਗੋਰੀ ਅੱਜ ਦਿਲ ਲੂਹੇ ਨੀ। ਜਾਪੇ ਸੱਜਣਾਂ ਨੇ ਆਉਣਾ ਅੱਜ ਚੱਲ ਗੋਰੀਏ। ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ।ਸਾਨੂੰ...........। 4. ਤੇਰੀ ਚਰਖੀ ਦੀ ਗੋਰੀ ਪਈ ਘੂਕ ਲੁੱਟਦੀ। ਤੇਰੇ ਦਿਲ ਵਿਚੋਂ ਗੋਰੀ ਪਈ ਹੂਕ ਉਠਦੀ। ਲੱਗੇ ਪੂਣੀਆਂ ਦਾ ਨਿਰਾ ਪੁਰਾ ਛੱਲ ਗੋਰੀਏ। ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ।ਸਾਨੂੰ...........। 5. ਤੇਰੀ ਤੰਦ ਜਾਪੇ ਖੁਸ਼ੀਆਂ ਦੇ ਵਿਚ ਨੱਚਦੀ। ਤੇਰੀ ਬੁੱਝ ਲਈ ਏ ਪੂਣੀਆਂ ਵੀ ਗੱਲ ਸੱਚਦੀ। ਮਾਹੀ ਛੁੱਟੀ ਲੈ ਕੇ ਆਉਣਾ ਅੱਜ ਕੱਲ੍ਹ ਗੋਰੀਏ। ਤੇਰੇ ਤੱਕਲੇ ਨੂੰ ਪੈਣ ਅੱਜ ਵਲ ਗੋਰੀਏ। ਸਾਨੂੰ ਜਾਪਦੀ ਜ਼ਰੂਰ ਕੋਈ ਗੱਲ ਗੋਰੀਏ।

ਛੁੱਟੀ ਲੈ ਕੇ ਆ ਜਾ ਮਿੱਤਰਾ

(ਮਈ 1962 ਕਵਿਤਾ ਰਸਾਲੇ 'ਚ ਛਪਿਆ ਗੀਤ) ਛੁੱਟੀ ਲੈ ਕੇ ਆ ਜਾ ਮਿੱਤਰਾ, ਨਾਲੇ ਧਾਰ ਕੱਢਾਂ ਨਾਲੇ ਰੋਵਾਂ, ਛੁੱਟੀ ਲੈ ਕੇ ਆ ਜਾ ਮਿੱਤਰਾ। 1. ਵੇ ਹੱਟੀ ਵਾਲਾ ਛੱਜੂ ਬਾਣੀਆਂ, ਰੋਜ ਨੋਟਾਂ ਦੇ ਇਸ਼ਾਰੇ ਕਰਦਾ। ਵੇ ਸੌਦਾ ਲੈਣ ਜਦੋਂ ਜਾਨੀ ਆਂ, ਥਾਲ ਲੱਡੂਆਂ ਦਾ ਅੱਗੇ ਮੇਰੇ ਧਰਦਾ। ਵੇ ਉਠਦੀ ਜਵਾਨੀ ਵੇਖ ਕੇ, ਸਾਰਾ ਪਿੰਡ ਮੇਰੇ ਤੇ ਮਰਦਾ। ਤੂੰ ਛੁੱਟੀ ਲੈ ਕੇ ਆ ਜਾ ਮਿੱਤਰਾ--------- 2. ਵੇ ਇਕ ਮੇਰੀ ਸੱਸ ਚੰਦਰੀ, ਜੇਹੜੀ ਰੋਜ਼ ਚੱਕੀ ਨੂੰ ਲਾਵੇ। ਵੇ ਹੁਸਨਾਂ ਨੂੰ ਅੱਗ ਲਗ ਜਾਏ, ਮੈਨੂੰ ਰੋਗ ਇਸ਼ਕ ਦਾ ਖਾਵੇ। ਵੇ ਰੋਜ਼ ਬੁੱਢੀ ਦਏ ਗਾਲੀਆਂ ਕਹਿੰਦੀ ਘੱਗਰਾ ਮੇਚ ਨਾ ਆਵੇ। ਤੂੰ ਛੁੱਟੀ ਲੈ ਕੇ ਆ ਜਾ ਮਿੱਤਰਾ।--------- 3. ਵੇ ਚੰਨਾ ਤੇਰੀ ਭੈਣ ਬੁਰੀ, ਜੇਹੜੀ ਰੋਜ਼ ਪਈ ਫਿਟਕਾਰੇ, ਨੀ ਵੀਰਾ ਮੇਰਾ ਲਾਮ ਨੂੰ ਗਿਆ, ਤੇਰੇ ਫੈਸ਼ਨਾਂ ਨੇ ਕਰਨੇ ਕਾਰੇ। ਨੀਂ ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ। ਤੂੰ ਛੁੱਟੀ ਲੈ ਕੇ ਆ ਜਾ ਮਿੱਤਰਾ।--------- 4. ਵੇ ਹੱਸਦੀ ਦੇ ਦੰਦ ਗਿਣਦਾ, ਮੇਰਾ ਦਿਉਰ ਬੜਾ ਟੁੱਟ ਪੈਣਾ। ਕਹਿੰਦਾ ਭਾਬੋ ਕਿਉਂ ਨਹੀਂ ਬੋਲਦੀ, ਤੈਂ ਕੀ ਫੌਜੀ ਤੋਂ ਲੈਣਾ । ਬੈਰੋਂਵਾਲੇ ਹੱਲ ਚਲਦਾ, ਤੈਨੂੰ ਸੜਕ ਬਣਾ ਦੂੰ ਨਾਰੇ। ਭਾਵੇਂ ਮੇਰੀ ਮੱਝ ਵਿਕ ਜੇ, ਤੈਨੂੰ ਲੈ ਦੂੰ ਸਲੀਪਰ ਕਾਲੇ। ਤੂੰ ਛੁੱਟੀ ਲੈ ਕੇ ਆ ਜਾ ਮਿੱਤਰਾ।-------- 5. ਵੇ ਅੱਧੀ ਰਾਤੀਂ ਗੁੱਤ ਖੁੱਲ੍ਹ ਗਈ, ਮੈਨੂੰ ਸੱਪਣੀ ਦੇ ਪੈਣ ਭੁਲੇਖੇ। ਵੇ ਬਾਰੀ ਵਿਚੋਂ ਮੈਂ ਤੱਕਿਆ, ਚੰਦ ਮੇਰੀਆਂ ਗੱਲ੍ਹਾਂ ਨੂੰ ਵੇਖੇ। ਵੇ ਸੁਪਨੇ 'ਚ ਯਾਰ ਮਰਿਆ, ਸੁੱਤੀ ਪਈ ਨੇ ਪੱਟਾਂ ਤੇ ਹੱਥ ਮਾਰੇ। ਤੂੰ ਛੁੱਟੀ ਲੈ ਕੇ ਆ ਜਾ ਮਿੱਤਰਾ।--------- 6. ਵੇ ਸੁੱਖਾਂ ਸੁੱਖਦੀ ਨੂੰ ਮਾਘ ਆ ਗਿਆ, ਤੇਰਾ ਹੋਇਆ ਨਾ ਆਣ ਦਾ ਵੇਲਾ। ਸਰਹੁੰ ਫੁੱਲੀ ਪਾ ਕੇ ਕੁੜਤੀ, ਬੰਤੀ ਆਖਦੀ ਚੱਲੋ ਨੀ ਅੱਜ ਮੇਲਾ। ਯਾਰ ਮੇਰੇ ਅੱਜ ਮਿਲਣਾ, ਫੇਰ ਹੋਏ ਕਿ ਹੋਏ ਨਾ ਮੇਲਾ। ਤੂੰ ਛੁੱਟੀ ਲੈ ਕੇ ਆ ਜਾ ਮਿੱਤਰਾ।--------- 7. ਤੇਰੇ ਬਾਝੋਂ ਮੈਂ ਨਹੀਂ ਬਚਦਾ, ਮੈਂ ਨਾਵਾਂ ਕਟਾ ਕੇ ਆਵਾਂ। ਤੇਰੇ ਪਿੱਛੇ ਸੁਣ ਗੋਰੀਏ। ਬੋਤਾ ਬੀਕਾਨੇਰ ਤੋਂ ਲਿਆਵਾਂ। ਨੀਂ ਛੱਡ ਰੋਣਾ ਨਿੱਤ ਨਿੱਤ ਦਾ, ਮੇਰੇ ਵੀਰ ਦੀਏ ਭਰਜਾਈਏ। ਨੀ ਮੇਲੇ ਮੁਕਸਰ ਦੇ। ਤੂੰ ਚੜ੍ਹ ਬੋਤੇ ਤੇ ਜਾਈਏ। ਨੀ ਮੇਲੇ ਮੁਕਸਰ ਦੇ।

ਕੱਤਣੀ 'ਚ ਰੋਣ ਪੂਣੀਆਂ

(ਜੂਨ 1962 ਕਵਿਤਾ ਰਸਾਲੇ 'ਚ ਛਪਿਆ ਗੀਤ) ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ, ਕੱਤਣੀ 'ਚ ਰੋਣ ਪੂਣੀਆਂ। 1. ਸਰਹੁੰਆਂ ਨੂੰ ਫੁੱਲ ਲਗ ਗਏ, ਵੇ ਮੈਂ ਤਿੱਤਲੀ ਬਣ ਕੇ ਆਵਾਂ। ਇਕ ਵਾਰੀ ਮਿਲ ਸੱਜਣਾ, ਤੇਰੇ ਗਮ ਵਿਚ ਮਰਦੀ ਜਾਵਾਂ। ਵੇ ਗੱਡੀ ਜਦੋਂ ਚੀਕ ਮਾਰਦੀ, ਮੈਂ ਭੱਜ ਕੇ ਚੜ੍ਹਾਂ ਚੁਬਾਰੇ। ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।------ 2. ਨੀਂ ਭਾਬੀ ਤੇਰੀ ਗੱਲ੍ਹ ਵਰਗਾ, ਮੈਂ ਬੇਰੀਆਂ 'ਚੋਂ ਬੇਰ ਲਿਆਂਦਾ। ਨੀਂ ਖੂਹ ਉਤੋਂ ਮੈਂ ਵੇਖਿਆ, ਵੀਰਾ ਚੜ੍ਹ ਬੋਤੇ ਤੇ ਜਾਂਦਾ। ਟਿੱਬਿਆਂ ਨੂੰ ਜਾਣ ਵਾਲੀਏ, ਗੱਲ ਸੁਣ ਜਾ ਮੇਰੀ ਮੁਟਿਆਰੇ। ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।--------- 3. ਨੀਂ ਉਤੇ ਲੈ ਕੇ ਲਾਲ ਡੋਰੀਆ, ਤੇਰਾ ਘੱਗਰਾ ਹੁ ਲਾਰੇ ਖਾਵੇ। ਨੀਂ ਮੋਰਨੀ ਦੀ ਤੋਰ ਵਾਲੀਏ, ਮੋਰ ਬਾਗੇ ਵਿਚ ਪੈਲਾਂ ਪਾਵੇ। ਨੀਂ ਤੇਰੀ ਕਾਲੀ ਕੁੜਤੀ ਨੂੰ, ਚੰਨ ਵਰਗੇ ਲਵਾਂ ਦੂੰ ਤਾਰੇ। ਕੱਤਣੀਂ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।-------- 4. ਛੜਿਆਂ ਦੀ ਨਜ਼ਰ ਬੁਰੀ, ਘੁੰਡ ਕੱਢ ਲੈ ਕਮਲੀਏ ਨਾਰੇ। ਨੀਂ ਘੁੰਡ ਵਿਚੋਂ ਪਈ ਬਿਜਲੀ, ਛੜੇ ਮੱਚ ਗਏ ਖੁੰਡਾਂ ਤੇ ਸਾਰੇ। ਬੱਦਲੀ 'ਚ ਚੰਨ ਛਿਪਿਆ, ਤੇਰੇ ਰੂਪ ਦੇ ਪੈਣ ਲਿਛਕਾਰੇ। ਕੱਤਣੀ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ।--------- 5. ਬੱਲੇ ਬੱਲੇ ਵੀ ਸੱਪ ਰੰਗੀ ਛੀਂਟ ਵੇਖਕੇ, ਜੱਟੀ ਹੱਟੀ ਤੇ ਸ਼ਰਾਬਣ ਹੋਈ। ਤੂੰ ਚੜ੍ਹ ਗਿਉਂ ਰਾਤ ਦੀ ਗੱਡੀ, ਵੇ ਮੈਂ ਦਿਨ ਚੜ੍ਹਦੇ ਤੱਕ ਰੋਈ। ਇਕ ਉਤੋਂ ਰਾਤ ਮਾਘ ਦੀ, ਦੂਜਾ ਮੁੱਕਣ ਨਾ ਤੇਰੇ ਲਾਰੇ। ਕੱਤਣੀਂ 'ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ। ਕੱਤਣੀਂ 'ਚ ਰੋਣ ਪੂਣੀਆਂ।

ਰਾਤ ਹਿਜ਼ਰ ਦੀ ਮੁੱਕੇ ਨਾਹੀ

(2 ਜੂਨ, 1963) ਰਾਤ ਹਿਜ਼ਰ ਦੀ ਮੁੱਕੇ ਨਾਹੀ, ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ। 1. ਰਾਤ ਹਨੇਰੀ ਵਾਟ ਲਮੇਰੀ, ਹੁਣ ਪੰਧ ਨੂੰ ਕੌਣ ਮੁਕਾਏ ਨੀ ਜਿੰਦੇ ਮੇਰੀਏ। ਜਿਉਂ ਜਿਉਂ ਤੁਰਾਂ ਮੈਂ ਵੱਲ ਮੰਜ਼ਿਲ ਦੇ, ਮੰਜ਼ਿਲ ਭੱਜਦੀ ਜਾਏ ਨੀ ਜਿੰਦੇ ਮੇਰੀਏ। ਕਿਰਨ ਆਸ ਦੀ ਅਜੇ ਵੀ ਚਮਕੇ, ਚਾਹੇ ਬੱਦਲ ਨਿਰਾਸਾ ਦੇ ਛਾਏ ਨੀ ਜਿੰਦੇ ਮੇਰੀਏ। ਰਾਤ ਹਿਜ਼ਰ ਦੀ ਮੁੱਕੇ ਨਾਹੀ, ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ। 2. ਮੂੰਹ ਅਨ੍ਹੇਰਾ ਸਰਘੀ ਵੇਲਾ, ਸੂਰਜ ਬੁੱਕਲ ਲਾਹੇ ਨੀ ਜਿੰਦੇ ਮੇਰੀਏ। ਧਰਤੀ ਨੂੰ ਤਾਂ ਚਾਨਣ ਵੰਡਦਾ, ਕੋਈ ਕਿਰਣ ਅਸਾਂ ਵੱਲ ਆਏ ਨੀ ਜਿੰਦੇ ਮੇਰੀਏ। ਲੋਕਾਂ ਨੂੰ ਤਾਂ ਖੁਸ਼ੀਆਂ ਵੰਡਦਾ, ਗਮ ਸਾਡੀ ਝੋਲੀ ਪਾਏ ਨੀ ਜਿੰਦੇ ਮੇਰੀਏ। ਰਾਤ ਹਿਜ਼ਰ ਦੀ ਮੁੱਕੇ ਨਾਹੀ, ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ। 3. ਰਾਤ ਅਨ੍ਹੇਰੀ ਤਾਰਾ ਟੁੱਟਿਆ, ਇਹ ਟੁੱਟ ਧਰਤੀ ਵੱਲ ਆਏ ਨੀ ਜਿੰਦੇ ਮੇਰੀਏ। ਕੀ ਜਾਣਾ ਦਿਲ ਤਾਰਾ ਟੁੱਟ ਜਾਏ, ਇਹ ਕਿਸ ਧਰਤੀ ਵੱਲ ਜਾਏ ਨੀ ਜਿੰਦੇ ਮੇਰੀਏ। ਨਾ ਜਾਣੇ ਤਾਰੇ ਦਾ ਟੁੱਟਣਾ ਨਾ ਸਮਝਾਂ ਦਿਲ ਤਾਰਾ ਕੀ ਹੈ, ਫਿਰ ਕੌਣ ਆਣ ਸਮਝਾਏ ਨੀ ਜਿੰਦੇ ਮੇਰੀਏ। ਰਾਤ ਹਿਜ਼ਰ ਦੀ ਮੁੱਕੇ ਨਾਹੀ, ਮੈਂ ਲੱਖਾਂ ਦੀਪ ਜਲਾਏ ਨੀ ਜਿੰਦੇ ਮੇਰੀਏ। 4. ਚੰਨ ਦਾ ਚਿਹਰਾ ਇਉਂ ਮੁਰਝਾਇਆ, ਜਿਉਂ ਹੋਵਣ ਹੰਝੂ ਵਹਾਏ ਨੀ ਜਿੰਦੇ ਮੇਰੀਏ। ਹੰਝੂ ਟਪਕਣ ਬਣ ਕੇ ਤਾਰੇ, ਸੂਰਜ ਹੰਝੂ ਲਾਹੇ ਨੀ ਜਿੰਦੇ ਮੇਰੀਏ। ਇੰਜ ਹੀ ਦਿਲ ਧਰਤੀ ਦਾ ਸੂਰਜ, ਆ ਕੇ ਗਮ ਮਿਟਾਏ ਨੀ ਜਿੰਦੇ ਮੇਰੀਏ। ਰਾਤ ਹਿਜ਼ਰ ਦੀ ਮੁੱਕ ਹੁਣ ਜਾਣੀ, ਮੈਂ ਲੱਖਾਂ ਦੀਪ ਬੁਝਾਏ ਨੀ ਜਿੰਦੇ ਮੇਰੀਏ।

ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ

ਪੈਰਿਸ ਦਾ ਗੀਤ (1971) 1. ਘਾਹ ਦੇ ਸੋਹਲ ਸੀਨਿਆਂ ਉਪਰ, ਜਿੰਦ ਮਲੂਕ ਜਹੀ ਵਿਛ ਜਾਵੇ। ਸੂਰਜ ਭੱਜ ਵੜਿਆ ਵਿਚ ਬੱਦਲੀਂ, ਕਿਤੇ ਸੇਕ ਜਰਾ ਨਾ ਲੱਗ ਜਾਵੇ। ਅਸੀਂ ਨਿਮਾਣੇ ਵੇਖ ਨਾ ਸਕੀਏ, ਸਾਨੂੰ ਡਰ ਆਪੇ ਤੋਂ ਆਵੇ। ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ। 2. ਸੂਰਜ ਧਰਤੀ ਉਪਰ ਬੈਠੇ, ਚੰਨ ਵੀ ਚਾਨਣ ਲੈਣ ਉਧਾਰੇ। ਹਵਾ ਨਸ਼ੀਲੀ ਰਾਗ ਅਲਾਪੇ। ਫੁੱਲਾਂ ਭਾਣੇ ਭੌਰਾ ਗਾਵੇ। ਅਸੀਂ ਨਿਮਾਣੇ ਬਿਟ ਬਿਟ ਤੱਕੀਏ। ਸਾਨੂੰ ਕਿਤੋਂ ਕਿਰਨ ਮਿਲ ਜਾਵੇ। ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ। 3. ਰੰਗਾਂ ਦੀ ਇਸ ਦੁਨੀਆਂ ਅੰਦਰ, ਚੰਦ ਸੂਰਜ ਤਾਂ ਰਲ ਮਿਲ ਬਹਿੰਦੇ। ਅਸੀਂ ਨਿਮਾਣੇ ਧਰਤ ਦੇ ਵਾਸੀ ਇਨ੍ਹਾਂ ਦੁਆਲੇ ਘੁੰਮਦੇ ਰਹਿੰਦੇ। ਅਸੀਂ ਗਵਾਚੇ ਅਨ੍ਹੇਰੇ ਲੱਭੀਏ, ਸਾਨੂੰ ਡਰ ਚਾਨਣ ਤੋਂ ਆਵੇ। ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ। ਚਿੱਟੀ ਚਿੱਟੀ ਪਈ ਕਿਰਨ ਕੋਈ ਖਾਵੇ।

ਪੂਰਬ ਅਤੇ ਪੱਛਮ

(ਰੁਡੀਆਰਡ ਕਿਪਲਿੰਗ ਦੀ ਯਾਦ ਵਿਚ) 1. ਕਦੇ ਕਿਸੇ ਨੇ ਲਿਖਿਆ, ਪੂਰਬ ਪੱਛਮ ਨਹੀਂ ਮਿਲਨਗੇ। ਇਹ ਇਕ ਤੱਥ ਹੈ, ਧਰਤੀ ਦੇ ਦੋ ਪੋਲ ਕਿਵੇਂ ਮਿਲ ਸਕਦੇ ਹਨ? 2. ਕਦੇ ਕਿਸੇ ਨੇ ਲਿਖਿਆ, ਪੂਰਬ ਪੱਛਮ ਨਹੀਂ ਮਿਲਨਗੇ। ਇਹ ਇਕ ਗੱਲ ਪੁਰਾਣੀ, ਇਹ ਇਕ ਬੀਤੇ ਜੁੱਗ ਦੀ ਕਹਾਣੀ। 3. ਅੱਜ ਤਾਂ ਦਿਲ ਦੀ ਧੜਕਣ ਸਾਂਝੀ, ਅੱਜ ਨਾ ਦਿਸ ਦੀ ਵੰਡ ਉਹ ਕਾਣੀ। ਪੂਰਬ ਪੱਛਮ ਵਿਚ ਸਮਾਇਆ, ਜਿਵੇਂ ਸਮਾਂ ਪੁਲਾੜ ਸਮਾਏ, ਜਿਵੇਂ ਨਦੀ ਦਾ ਪਾਣੀ। ਕਦੀ ਕਿਸੇ ਨੇ ਲਿਖਿਆ, ਪੂਰਬ ਪੱਛਮ ਨਹੀਂ ਮਿਲਨਗੇ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਪ੍ਰੋ: ਹਰਦੇਵ ਸਿੰਘ ਵਿਰਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ