Punjabi Poetry : Hardeep Shirazi

ਪੰਜਾਬੀ ਕਵਿਤਾਵਾਂ : ਹਰਦੀਪ ਸ਼ਿਰਾਜ਼ੀ1. ਤਕੜੇ ਦਾ ਈ ਜ਼ੋਰ ਏ ਭਾਜੀ

ਤਕੜੇ ਦਾ ਈ ਜ਼ੋਰ ਏ ਭਾਜੀ ਮਾੜਾ ਤਾਹੀਓਂ ਚੋਰ ਏ ਭਾਜੀ ਓਸੇ ਨੂੰ ਹੀ ਜੀ-ਜੀ ਹੁੰਦੀ ਜੀਹਦੇ ਹੱਥ 'ਚ ਮੋਹਰ ਏ ਭਾਜੀ ਇਸ਼ਕ ਜੋ ਤੈਨੂੰ ਕਰ ਬੈਠੇ ਆਂ ਕੱਢ ਲੈ ਜਿਹੜਾ ਖ਼ੋਰ ਏ ਭਾਜੀ ਇੱਕ ਤੇ ਤੇਰਾ ਸਖ਼ਤ ਵਤੀਰਾ ਉੱਤੋਂ ਦਿਲ ਕਠੋਰ ਏ ਭਾਜੀ ਤੈਨੂੰ ਅਸਾਂ ਨੇ ਕੀ ਕਹਿਣਾਂ ਏ ਤੇਰੀ ਗੱਲ ਤੇ ਹੋਰ ਏ ਭਾਜੀ ।

2. ਜੀਵਨ ਜਿਓਣਾ ਜੰਗ ਨੀ ਹੁੰਦਾ

ਜੀਵਨ ਜਿਓਣਾ ਜੰਗ ਨੀ ਹੁੰਦਾ ਹੱਥ ਜਿੰਨਾ ਚਿਰ ਤੰਗ ਨੀ ਹੁੰਦਾ ਤੇ ਸਮਾਂ ਕੌਣ ਏ ਡੱਕਣ ਵਾਲਾ ਤੈਥੋਂ ਈ ਅੱਗੇ ਲੰਘ ਨੀ ਹੁੰਦਾ ਝੜ ਗਿਐਂ ਤੇ ਗ਼ੇਰੂ ਈ ਹੋਏਂਗਾ ਐਨਾ ਵੀ ਮਾੜਾ ਰੰਗ ਨੀ ਹੁੰਦਾ ਸ਼ੁਕਰ ਐ ਮੈਂ ਤੇ ਜ਼ਿੰਦਗੀ ਜਿਓਵਾਂ ਇੱਥੇ ਟੱਪਦਾ ਡੰਗ ਨੀ ਹੁੰਦਾ ਇਸ਼ਕ 'ਚ ਧੋਖ਼ਾ ਤਾਹੀਓਂ ਮਿਲਦੈ ਇਹਦਾ ਸਭ ਨੂੰ ਢੰਗ ਨੀ ਹੁੰਦਾ ।

3. ਐਨੇ ਕਿਓਂ ਨੇ ਕਾਹਲੇ ਬੰਦੇ

ਐਨੇ ਕਿਓਂ ਨੇ ਕਾਹਲੇ ਬੰਦੇ ਟਲ਼ਦੇ ਵੀ ਨਈਂ ਟਾਲ਼ੇ ਬੰਦੇ ਓਦਣ ਮੈਨੂੰ ਕੋਈ ਨੀ ਮਿਲਿਆ ਜਿੱਦਣ ਵੀ ਮੈਂ ਭਾਲੇ ਬੰਦੇ ਹਜੇ ਤੇ ਇਨ੍ਹਾਂ ਹੋਰ ਸੀ ਜੀਣਾ ਪਰ ਫ਼ਿਕਰਾਂ ਨੇ ਖਾ ਲੇ ਬੰਦੇ ਤੇ ਤੇਰੇ ਨੇੜੇ ਹੋ-ਹੋ ਬਹਿੰਦੇ ਵਿਰਲੇ ਕਿਸਮਤ ਵਾਲੇ ਬੰਦੇ ਧੰਨ ਧਰਤੀ ਨੂੰ ਮੱਥਾ ਟੇਕਾਂ ਜੀਹਨੇ ਯਾਰ ਸੰਭਾਲੇ ਬੰਦੇ ।

4. ਇਹਨਾਂ ਬਲ਼ਦੇ ਚਿਰਾਗਾਂ ਨੂੰ ਸਲਾਮ

ਇਹਨਾਂ ਬਲ਼ਦੇ ਚਿਰਾਗਾਂ ਨੂੰ ਸਲਾਮ ਦਿਲ 'ਚ ਮਚਲਦੇ ਰਾਗਾਂ ਨੂੰ ਸਲਾਮ ਥੋਡੇ ਵਰਗੇ ਬਈਮਾਨ ਹੰਸਾਂ 'ਚ ਬੈਠਕੇ ਮੇਰੇ ਵਲੋਂ ਕਾਲੇ ਕਾਗਾਂ ਨੂੰ ਸਲਾਮ ਬੀਨਾਂ ਦਾ ਸੁਨੇਹਾ ਆਇਆ ਲਿਖਿਐ....ਨਾਗਾਂ ਨੂੰ ਸਲਾਮ ਉਜਾੜਾਂ 'ਚ ਬੈਠ ਪੱਤਰ ਲਿਖਣਾ ਮੈਂ ਵੀ ਲਿਖਣਾ ਏ ਤੇਰੇ ਬਾਗਾਂ ਨੂੰ ਸਲਾਮ ਭੇਜੀ ਏ ਮੌਤ ਨੂੰ ਚਿੱਠੀ, ਜੇ ਨਾ ਪਹੁੰਚੀ ਤਾਂ ਮਾੜੇ ਹੈਰੀ ਭਾਗਾਂ ਨੂੰ ਸਲਾਮ ।

5. ਸਾਨੂੰ ਭੇਜ ਇਸ਼ਕ ਦੀ ਜੇਲ੍ਹੇ ਵੇ

ਸਾਨੂੰ ਭੇਜ ਇਸ਼ਕ ਦੀ ਜੇਲ੍ਹੇ ਵੇ ਜਿੱਥੇ ਹੋਣ ਤੇਰੇ ਨਾਲ ਮੇਲੇ ਵੇ ਸਾਨੂੰ ਹੀਰ ਬਣਾਦੇ ਰਾਂਝਣ ਦੀ ਸਾਨੂੰ ਕਰ ਮਾਧੋ ਦੇ ਚੇਲੇ ਵੇ ਅਸੀਂ ਰੋ-ਰੋ ਲਈਏ ਨਾਮ ਤੇਰਾ ਸਾਡੇ ਖੋਭ ਸੂਲ਼ਾਂ ਤੇ ਸੇਲੇ ਵੇ ਭਰ ਕਾਸਾ ਸਾਡਾ ਦੀਦਿਆਂ ਦਾ ਕੀ ਕਰਨੇ ਪੈਸੇ-ਧੇਲੇ ਵੇ ਸਾਡਾ ਜੱਗ ਤੇ ਹੈ ਨਾ ਕੰਮ ਕੋਈ ਅਸੀਂ ਉਂਝ ਵੀ ਰਹੀਏ ਵਿਹਲੇ ਵੇ।

6. ਅੰਬਰ-ਧਰਤੀ ਭਾਲ਼ ਕੇ ਬੈਠਾਂ

ਅੰਬਰ-ਧਰਤੀ ਭਾਲ਼ ਕੇ ਬੈਠਾਂ ਸਾਰੀ ਜ਼ਿੰਦਗੀ ਗ਼ਾਲ ਕੇ ਬੈਠਾਂ ਮੈਨੂੰ ਤੁਸੀਂ ਬਸ ਆਪਣੀ ਦੱਸੋ ਮੈਂ ਤੇ ਆਪਣੇ ਹਾਲ ਤੇ ਬੈਠਾਂ ਤੇ ਰੱਬ ਨੂੰ ਪੁੱਛਾਂ ਕਿੱਥੇ ਐਂ ਤੂੰ ਉਹ ਕਹਿੰਦੈ ਮੈਂ ਨਾਲ ਤੇ ਬੈਠਾਂ ਰੁੜ੍ਹ ਖ਼ੌਰੇ ਤੇਰੇ ਵੱਲ ਨੂੰ ਆ ਜਾਂ ਤਾਹੀਓਂ ਮੈਂ ਵੀ ਢਾਲ਼ ਤੇ ਬੈਠਾਂ ਆਪੇ ਗ਼ਜ਼ਲ਼ ਵੀ ਲਿਖ ਹੋਵੇਗੀ ਕਰਕੇ ਤੇਰਾ ਖ਼ਿਆਲ ਤੇ ਬੈਠਾਂ।

7. ਤੇਰੇ ਬਿਨਾਂ ਮੈਂ ਕੱਖ ਨੀ ਹੁੰਦੀ

ਤੇਰੇ ਬਿਨਾਂ ਮੈਂ ਕੱਖ ਨੀ ਹੁੰਦੀ ਤਾਹੀਓਂ ਤੈਥੋਂ ਵੱਖ ਨੀ ਹੁੰਦੀ ਕੁਝ ਤੇ ਸਮਝ ਇਸ਼ਾਰੇ ਮੇਰੇ ਸਾਰੀ ਗੱਲ ਪ੍ਰਤੱਖ ਨੀ ਹੁੰਦੀ ਵੇਖਣ ਵਾਲਾ ਨਜ਼ਰੀਆ ਹੁੰਦੈ ਵੇਖਣ ਵਾਲੀ ਅੱਖ ਨੀ ਹੁੰਦੀ

8. ਜੀਹਦੇ ਵੀ ਨਾਲ ਲਾਈਆਂ ਅੱਖਾਂ

ਜੀਹਦੇ ਵੀ ਨਾਲ ਲਾਈਆਂ ਅੱਖਾਂ ਉਸੇ ਨੇ ਹੀ ਰਵਾਈਆਂ ਅੱਖਾਂ ਤੇ ਚਾਰ ਕਰਨੀਆਂ ਚਾਹੁੰਦੇ ਸਾਂ ਨਾ ਆਹ ਵੀ ਦੋ ਗਵਾਈਆਂ ਅੱਖਾਂ ਪਹਿਲਾਂ ਕਹਿੰਦੀਆਂ ਕੁਛ ਨੀ ਹੁੰਦਾ ਪਿੱਛੋਂ ਬੜਾ ਪਛਤਾਈਆਂ ਅੱਖਾਂ।

9. ਪਾਣੀ

ਨਾ ਕੋਈ ਇਹਦੀ ਰੰਗਣ ਸਮਝੇ ਨਾ ਕੋਈ ਇਹਦਾ ਢੰਗ ਬੇਰੰਗਾ ਇਹ ਵੇਖਣ ਨੂੰ ਹੈ ਫਿਰ ਵੀ ਕਿੰਨੇ ਰੰਗ ਪਹਿਲੇ ਜੀਵ ਦੀ ਰਚਨਾ ਇਹਤੋਂ ਆਖਰੀ ਦਾ ਵੀ ਅੰਤ ਇਹਦੀ ਬਣਤ ਬਨਾਵਣ ਵਾਲਾ ਆਪੇ ਜਾਣੇ ਕੰਤ । ਚੁਲੀਆਂ ਵਿਚ ਵੀ ਆ ਜਾਂਦਾ ਏ ਸਾਗਰ ਰੂਪ ਵਿਸ਼ਾਲ ਮੰਗਲ ਤੀਕਰ ਪਹੁੰਚ ਗਏ ਖੋਜੀ ਕਰਦੇ ਇਹਦੀ ਭਾਲ ਪਿਤਾ ਦਾ ਦਰਜਾ ਦਿੱਤਾ ਗੁਰੂਆਂ ਜਾਣ ਕੇ ਏਹਦੇ ਗੁਣ ਕੱਲਾ ਬੈਠ ਕੇ ਨਦੀ ਕਿਨਾਰੇ ਇਹਦੀਆਂ ਗੱਲਾਂ ਸੁਣ । ਇਹਦੇ ਵਾਂਗੂੰ ਸੂਖਮ ਹੋ ਕੇ ਸਥੂਲ ਦੀ ਪਿਆਸ ਬੁਝਾ ਤੂੰ ਵੀ ਸ਼ੀਰਾਜ਼ਾ ਅੰਮ੍ਰਿਤ ਬਣ ਤੇ ਮਿੱਟੀ ਦੇ ਸੰਗ ਗਾ ।

10. ਅੱਗ

ਧਰਤੀ ਦੇ ਇਹ ਵਿਚ ਸਮਾਈ ਬੰਦੇ ਵਿਚ ਵੀ ਹੋਵੇ ਪਰ ਸਮਰੱਥਾ ਨਿੱਕੀ ਪੈ ਜਾਏ ਕਿਹੜਾ ਇਹਨੂੰ ਟੋਹਵੇ ਰਿਸ਼ਤਿਆਂ ਤੀਕਰ ਸਾੜ ਦਿੰਦੀ ਏ ਜੇਕਰ ਮਨਾਂ 'ਚ ਆਏ ਇਹਦੀ ਕਿਰਪਾ ਸਦਕਾ ਬੰਦਾ ਰੋਟੀਆਂ ਸੇਕ ਕੇ ਖਾਏ । ਜੀਹਦੇ ਵਿਚ ਇਹ ਬਹੁਤੀ ਹੋਵੇ ਉਹਦਾ ਨਾ ਕੋਈ ਤੋੜ ਐਵੇਂ ਹੱਥ ਸੜਾ ਨਾ ਬੈਠੀ ਸੇਕ ਜਿੰਨੀ ਤੈਨੂੰ ਲੋੜ । ਅੱਗ ਅੱਗ ਕਰਦੇ ਫਿਰਦੇ ਜਿਹੜੇ ਅੱਗ ਨੂੰ ਪਿਆਰੇ ਹੋ ਗਏ ਜਿਹੜੇ ਇਹਨੂੰ ਸਮਝ ਕੇ ਚੱਲਣ ਜੱਗ ਨੂੰ ਪਿਆਰੇ ਹੋ ਗਏ । ਅੱਗ ਨੂੰ ਸੰਜਮ ਕਰ ਸ਼ੀਰਾਜ਼ਾ ਲੋੜ ਪੈਣ ਤੇ ਬਲੀਏ ਆਪਣੀ ਅੱਗ ਗਵਾ ਕੇ ਐਵੇਂ ਵਕਤੋਂ ਪਹਿਲਾਂ ਨਾ ਢਲੀਏ ।

11. ਧਰਤੀ

ਇਸ ਧਰਤੀ ਤੇ ਜੰਗਾਂ ਹੋਈਆਂ ਏਸੇ ਤੇ ਹੀ ਭਗਤੀ ਏਸੇ ਤੇ ਹੀ ਲੁੱਟਾਂ ਖੋਹਾਂ ਕਈ ਥਾਂਈਂ ਗੁਰਬਤ ਵਰਤੀ ਇਸ ਧਰਤੀ ਤੇ ਜੀਵਨ ਫਲਿਆ ਏਸੇ ਤੇ ਹੀ ਮੌਤਾਂ , ਏਸੇ ਤੇ ਹੀ ਗਿਆਨ ਨੇ ਅੱਜ ਤੱਕ ਲੱਭੀਆਂ ਇਲਮ,ਰਸੌਤਾਂ । ਇਸ ਧਰਤੀ ਤੇ ਪਾਣੀ ਵਗਿਆ ਏਸੇ ਤੇ ਹੀ ਮਿੱਟੀ ਕਈ ਥਾਂਈ ਏ ਮੱਸਿਆ ਵਾਂਗੂੰ ਕਈ ਥਾਂਈ ਚੰਨ ਤੋਂ ਚਿੱਟੀ ਏਸੇ ਦੇ ਹੀ ਵਿਚ ਸਮਾਏ ਜੋ ਇਤਿਹਾਸ ਦੇ ਪੰਨੇ ਸਭ ਕੋਲੇ ਥੋੜ੍ਹਾ ਥੋੜ੍ਹਾ ਸੱਚ ਐ ਬੰਦਾ ਕੀਹਦੀ ਕੀਹਦੀ ਮੰਨੇ ਏਸੇ ਤੇ ਹੀ ਇਸ਼ਕ ਸਿੱਖਾਇਆ ਆਸ਼ਿਕ ਲੋਕ ਫਕੀਰਾਂ ਏਸੇ ਨੂੰ ਅੰਬਰ ਚੁੰਮਣ ਦਿੰਦਾ ਘੱਤ ਪਾਣੀ ਦੀਆਂ ਵਹੀਰਾਂ ਇਸ ਧਰਤੀ ਨੂੰ ਸਮਝਣ ਖਾਤਰ ਖੋਜੀਆਂ ਖੋਜ ਵੀ ਕੀਤੀ ਲੱਖ ਚਾਣੱਕਯ ਹਾਰ ਕੇ ਬਹਿ ਗਏ ਚੱਲੀ ਨਾ ਕੋਈ ਨੀਤੀ । ਤੇਰੇ ਜਿਹੇ ਸ਼ੀਰਾਜ਼ਾ ਏਥੇ ਕਿੰਨੇ ਗਏ ਤੇ ਆਏ ਉਹ ਆਖਿਰ ਨੂੰ ਚੁੱਪ ਹੋ ਜਾਂਦਾ ਜੋ ਇਹ ਰਮਜ਼ਾਂ ਪਾਏ ।

12. ਅੰਬਰ

ਧਰਤੀ ਤੋਂ ਭਾਵੇਂ ਕੋਹ ਮੀਲਾਂ ਤੇ ਫਿਰ ਵੀ ਨੇੜੇ ਲੱਗਦਾ ਤੈਨੂੰ ਤੱਕ ਲਵਾਂ ਜੇ ਮਾਏਂ ਅੰਬਰ ਵਿਹੜੇ ਲੱਗਦਾ ਨੀਲਾ ਨੀਲਾ ਚਿੱਟਾ ਹੋ ਜਾਏ ਖੋਜੀ ਆਖਣ ਕਾਲਾ ਇਹਦੀ ਰਮਜ਼ ਵੀ ਡੂੰਘੀ ਹੋ ਸੀ ਹਰ ਇਕ ਸ਼ੈਅ ਤੋਂ ਬਾਹਲਾ ਸੁਪਨਿਆਂ ਦਾ ਪ੍ਰਤੀਕ ਹੈ ਬਣਦਾ ਉਡਣ ਲਈ ਇਹ ਧਰਤੀ ਪਾਣੀ ਨੇ ਗਲਵਕੜੀ ਪਾਈ ਜੁਗਤ ਮੀਂਹਾ ਵਾਲੀ ਵਰਤੀ ਕਈ ਪਤਵੰਤੇ ਕਾਸ਼ ਪਏ ਆਖਣ ਕੋਸਣ ਇਹਨੂੰ ਕਹਿ ਕੇ ਕੀ ਕੋਈ ਜਾਣੇ ਕਿਵੇਂ ਇਹ ਬਣਿਆ ਕਿੰਨੇ ਦੁਖੜੇ ਸਹਿ ਕੇ । ਸਦੀਆਂ ਬੀਤੀਆਂ ਹਿਲਿਆ ਨਹੀ ਏ ਅੱਜ ਵੀ ਖੜਾ ਅਡੋਲ ਨੰਗੀ ਅੱਖ ਤੋਂ ਵੇਖ ਨੀ ਹੁੰਦਾ ਫਿਰ ਵੀ ਕਿੰਨਾ ਕੋਲ । ਇਹਦੇ ਸਾਫ ਚਰਿੱਤਰ ਵਾਂਗੂੰ ਤੂੰ ਵੀ ਹੋ ਸ਼ੀਰਾਜ਼ਾ ਅੰਬਰ ਦੇ ਨਾ ਲਾ ਕੇ ਯਾਰੀ ਅੰਬਰ ਹੋ ਸ਼ੀਰਾਜ਼ਾ ।

13. ਹਵਾ

ਪਹਿਲੇ ਦਿਨ ਤੋਂ ਪਿੰਡੇ ਉਤੇ ਕਰਦੀ ਆਈ ਸ਼ਰਾਰਤ । ਤਨ ਦੀ ਚਮੜੀ ਫਿਰ ਵੀ ਇਹਦੀ ਬੁੱਝ ਨਾ ਸਕੀ ਬੁਝਾਰਤ । ਬਾਹਰੋਂ ਕਹਿਣ ਨੂੰ ਵਾਅ ਏ ਲੱਗਦੀ ਅੰਦਰ ਬਣਦੀ ਸਾਹ ਆਖੋ ਮੇਰੇ ਸੱਜਨੜੇ ਨੂੰ ਦੇਵੇ ਕੋਈ ਇਹਦਾ ਰਾਹ । ਸੂਖਮ ਜਿਹੀ ਮਹਿਸੂਸ ਹੋਵੇ ਇਹ ਫੈਲੀ ਚਾਰ ਚੁਫੇਰੇ ਇਕ ਦਿਨ ਇਹ ਵੀ ਨਿਕਲ ਜਾਣੀ ਏ ਜੋ ਵਿਚ ਤੇਰੇ ਤੇ ਮੇਰੇ । ਮਹਿਕਾਂ ਨੂੰ ਇਹ ਸਫਰ ਕਰਾਉਂਦੀ ਗੰਧਾਂ ਨੂੰ ਵੀ ਨਾਲੇ ਵਿੱਚ ਚੁਲੀਆਂ ਦੇ ਕੈਦ ਨੀ ਹੋਣੀ ਕਿਹੜਾ ਇਹਨੂੰ ਭਾਲੇ । ਕਈ ਵਾਰੀ ਏ ਪੁੱਠੀ ਚੱਲਦੀ ਦਿਨ ਵੀ ਕਰ ਜਾਏ ਪੁੱਠੇ ਕਹਿੰਦੇ ਕਹਾਉਂਦੇ ਜੋ ਸਿਕੰਦਰ ਲਾ ਜਾਂਦੀ ਏ ਗੁੱਠੇ । ਹਵਾ ਦੇ ਸੰਗ ਹਵਾ ਹੋ ਜੂ ਤੂੰ ਐਸੀ ਕਰ ਸ਼ੀਰਾਜ਼ਾ । ਜੇਕਰ ਅੰਦਰੋਂ ਜੀਊਣਾ ਏ ਤੂੰ ਪਹਿਲਾਂ ਬਾਹਰੋਂ ਮਰ ਸ਼ੀਰਾਜ਼ਾ ।

14. ਕਿ ਨਾਲ ਹਲਾਤ ਦੇ ਲੜ ਕੇ ਵੱਡੇ ਹੋਏ ਆ

ਕਿ ਨਾਲ ਹਲਾਤ ਦੇ ਲੜ ਕੇ ਵੱਡੇ ਹੋਏ ਆ ਸਮੇਂ ਦੀ ਹਿੱਕ ਤੇ ਚੜ੍ਹ ਕੇ ਵੱਡੇ ਹੋਏ ਆ । ਦਿੱਲੀ ਜਿਹੇ ਕਾਨੂੰਨ ਸੀ ਮੇਰੀ ਗ਼ਰੀਬੀ ਦੇ ਵਾਂਗ ਕਿਸਾਨਾਂ ਅੜ੍ਹ ਕੇ ਵੱਡੇ ਹੋਏ ਆ । ਆਪਣਾ ਮੈਂ ਪਿਛੋਕੜ ਕਦੇ ਵੀ ਭੁੱਲਿਆ ਨਹੀਂ ਸੱਧਰ ਸਾਬ੍ਹ ਨੂੰ ਪੜ੍ਹ ਕੇ ਵੱਡੇ ਹੋਏ ਆ । ਮੇਰੀ ਗ਼ਜ਼ਲ ਨੇ ਚਾਨਣ‌ ਤਾਂ ਫਿਰ ਕਰਨਾ ਈ ਸੀ ਸੂਰਜ ਦੀ ਥਾਂ ਚੜ੍ਹ ਕੇ ਵੱਡੇ ਹੋਏ ਆ ।

15. ਮੈਨੂੰ ਮੇਰਾ ਜ਼ਮੀਰ ਇਜਾਜ਼ਤ ਦੇਵੇ ਨਾ

ਮੈਨੂੰ ਮੇਰਾ ਜ਼ਮੀਰ ਇਜਾਜ਼ਤ ਦੇਵੇ ਨਾ ਜਿਉਂ ਰਾਂਝੇ ਨੂੰ ਹੀਰ ਇਜਾਜ਼ਤ ਦੇਵੇ ਨਾ ਆਪ ਤਾਂ ਕਰਦੇ ਖੂਬ ਆਸ਼ਕੀ ਮੋੜਾਂ ਤੇ ਸਾਹਿਬਾਂ ਵਾਰੀ ਵੀਰ ਇਜਾਜ਼ਤ ਦੇਵੇ ਨਾ ਆਪਣੇ ਇਸ਼ਕ ਦਾ ਕਿੱਸਾ ਦੂਜੀ ਹੀਰ ਲਿਖਾਂ ਪਰ ਵਾਰਸ਼ ਸ਼ਾਹ ਫ਼ਕੀਰ ਇਜਾਜ਼ਤ ਦੇਵੇ ਨਾ ਦਿਲ ਤਾਂ ਕਰਦੈ ਆਖਿਰ ਉਹਨੂੰ ਭੁੱਲ ਜਾਵਾਂ ਬਟੂਏ ਵਿੱਚ ਤਸਵੀਰ ਇਜਾਜ਼ਤ ਦੇਵੇ ਨਾ ।

16. ਐਵੇਂ ਨਹੀਂ ਜੀ ਪਹੁੰਚੇ ਇਹਨਾਂ ਮੁਕਾਮਾਂ ਤੀਕ

ਐਵੇਂ ਨਹੀਂ ਜੀ ਪਹੁੰਚੇ ਇਹਨਾਂ ਮੁਕਾਮਾਂ ਤੀਕ ਮਿੱਟੀ ਦੇ ਸੰਗ ਰੁਲਦੇ ਰਹੇ ਆਂ ਸ਼ਾਮਾਂ ਤੀਕ ਜਿਨ੍ਹਾਂ ਹੱਥਾਂ ਤੇ ਛਾਲਿਆਂ ਦੀ ਮੈਂ ਫੋਟੋ ਪਾਈ ਸੀ ਓਹੀ ਹੱਥਾਂ ਨੇ ਹੱਥ ਪਾ ਲਿਆ ਇਨਾਮਾਂ ਤੀਕ ਪੈਰਾਂ ਦੀ ਵੀ ਮਿੱਟੀ ਛੂਹੇਗੀ ਅੰਬਰਾਂ ਨੂੰ ਮਿਲ ਕੇ ਫ਼ਤਵਾ ਭੇਜੋ ਮੇਰਾ ਗੁਲਾਮਾਂ ਤੀਕ। ਤੂੰ ਖ਼ਰੀਦ ਨਹੀਂ ਸਕਦਾ ਰੁਤਬਾ ਸ਼ਾਇਰ ਦਾ ਬੇਸ਼ੱਕ ਤੇਰੀ ਪਹੁੰਚ ਹੋਏਗੀ ਉਬਾਮਾ ਤੀਕ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ