Punjabi Poetry : Harbans Singh Ghai Sathiala

ਪੰਜਾਬੀ ਕਵਿਤਾਵਾਂ : ਹਰਬੰਸ ਸਿੰਘ 'ਘੇਈ' ਸਠਿਆਲਾ


ਜਦੋਂ ਜੀ ਕਰੇ ਆਇਉ

ਕਦੇ ਆਉਂਦੇ ਹੁੰਦੇ ਸੀ ਤੁਸੀਂ ਹੱਸਦੇ ਹਸਾਉਂਦੇ ਅੱਜ ਡਰਦੇ ਕਿਉਂ ਹੋ ਸਾਡੇ ਵਿਹੜੇ ਪੈਰ ਪਾਉਂਦੇ ਕਿਵੇਂ ਦੱਸੀਏ ਕਿ ਕਿੰਨਾਂ ਸੀ ਪਿਆਰ ਸਾਡਾ ਪੱਕਾ ਚੀਰ ਸਕਦੇ ਜੇ ਹੋਈਏ ਦਿਲ ਚੀਰ ਕੇ ਵਿਖਾਉਂਦੇ ਛੋਟੀ ਜਿਹੀ ਜ਼ਿੰਦਗਾਨੀ ਲੰਘ ਮਿੰਟਾਂ 'ਚ ਜਾਣੀ ਤੇਰਾ ਨਾਂ ਲੈ ਲੈ ਜੀਵਾਂਗੇ ਨਹੀਂ ਅਸੀਂ ਘਬਰਾਉਂਦੇ ਕੋਈ ਵਿਰਲਾ ਹੀ ਹੁੰਦਾ ਜਿਹਦਾ ਪਿਆਰ ਤੋੜ ਚੜ੍ਹੇ ਬਾਕੀ ਗ਼ਮਾਂ ਵਾਲਾ ਬੋਝ ਸਾਰੀ ਜ਼ਿੰਦਗੀ ਉਠਾਉਂਦੇ ਤੇਰਾ ਗ਼ਮ ਹੀ ਜਿਊਣ ਲਈ ਹੈ ਆਸਰਾ ਬਥ੍ਹੇਰਾ ਲੱਗ ਜਾਵਾਂਗੇ ਕਿਨਾਰੇ ਅਸੀਂ ਡੁੱਬਦੇ ਡੁਬਾਂਉਂਦੇ ਸਾਨੂੰ ਬਿਰਹੁੰ ਦੇ ਗੀਤ ਪੈਣੇ ਕਲ੍ਹੇ ਬਹਿ ਕੇ ਗਾਉਣੇ ਬੇ-ਦਰਦ ਜ਼ਮਾਨੇ ਵਾਲੇ ਦੁੱਖ ਨਹੀਂ ਵੰਡਾਉਂਦੇ ਕਾਲੇ ਚਸ਼਼ਮੇਂ ਦੇ ਹੇਠਾਂ ਹੰਝੂ ਲਾਈ ਬੈਠੇ ਡੇਰਾ ਲਾਹੋ ਚਸ਼ਮਾ ਇਨ੍ਹਾਂ ਨੂੰ ਤੁਸੀਂ ਕਿਉਂ ਪਏ ਲੁਕਾਉਂਦੇ ਹਾਲ ਆਸ਼ਕਾਂ ਦੇ ਜ਼ਖ਼ਮਾਂ ਦਾ ਸਦਾ ਮਾੜਾ ਹੁੰਦਾ ਕੋਈ ਮਲ੍ਹਮਾਂ ਨਾ ਲਾਵੇ ਸਗੋਂ ਉੱਤੇ ਲੂਣ ਪਾਉਂਦੇ ਸਾਡੇ ਬੂਹੇ ਉੱਤੇ ਲਿਖਿਆ ਰਹੇਗਾ 'ਜੀ ਆਇਆਂ' ਜਦੋਂ ਜੀ ਕਰੇ ਆਇਉ ਅਸੀਂ ਮੂੰਹ ਨਹੀਂ ਛੁਪਾਉਂਦੇ ਜਾਓ ਖੁਸ਼ੀ ਵੱਸੋ 'ਘੇਈ' ਤੁਹਾਨੂੰ ਕਰਦੇ ਆਜ਼ਾਦ ਵਾਅਦਾ ਰਿਹਾ ਸਾਰੀ ਜ਼ਿੰਦਗੀ ਤੁਹਾਨੂੰ ਨਾ ਭੁਲਾਉਂਦੇ

ਪੈਸਾ ਤੇ ਅਸੂਲ

ਬੰਦੇ ਸਭ ਚੰਗੇ ਹੁੰਦੇ ਤੂੰ ਨਕਾਰਿਆ ਨਾ ਕਰ ਭਲਾ ਕਰੋ ਭਲਾ ਹੋਵੇ ਇਹ ਵਿਸਾਰਿਆ ਨਾ ਕਰ ਕਦੇ ਓਪਰੇ ਵੀ ਦੋਸਤਾਂ ਤੋਂ ਵੱਧ ਕੰਮ ਆਉਂਦੇ ਕਿਸੇ ਤਾਈ ਵੈਰੀ ਜਾਣ ਦੁਰਕਾਰਿਆ ਨਾ ਕਰ ਕਦੇ ਹੌਸਲਾ ਵਿਖਾ ਦੇ ਆ ਕੇ ਫੜ੍ਹ ਬਾਂਹ ਸਾਡੀ ਗੱਲਾਂ ਬਾਤਾਂ ਨਾਲ ਐਵੇਂ ਬੁੱਤਾ ਸਾਰਿਆ ਨਾ ਕਰ ਤੇਰੇ ਉੱਤੇ ਪਾਣੀ ਪੀ ਕੇ ਰਾਹੀ ਹੁੰਦੇ ਨੇ ਨਿਰਾਸ ਮਣਾਂ ਭੌਣੀਆਂ ਦਾ ਮਾਣ ਖੂਹਾ ਖਾਰਿਆ ਨਾ ਕਰ ਰਤਾ ਲੱਗ ਜਾਏ ਧੱਕਾ ਤੇ ਤੂੰ ਡੋਲ ਡੋਲ ਪੈਨਾਂ ਮਾਣ ਧਾਤ ਹੋਣ ਵਾਲਾ ਝੱਲੇ ਪਾਰਿਆ ਨਾ ਕਰ ਸੋਚਾਂ ਸੋਚਦਿਆਂ ਕਹਿਣ ਵਾਲਾ ਵੇਲਾ ਜਾਵੇ ਲੰਘ ਏਨਾਂ ਚਿਰ ਗੱਲ ਸੋਚਿਆ ਵਿਚਾਰਿਆ ਨਾ ਕਰ ਚੂਹਾ ਲੱਗ ਜਾਏ ਤਾਂ ਕਰ ਦੇ ਪਹਾੜ ਵਿੱਚ ਖੁੱਡ ਨਿੱਕੀ ਮੋਟੀ ਗੱਲ ਉਤੋਂ ਦਿਲ ਹਾਰਿਆ ਨਾ ਕਰ ਸੋਨਾ ਵੀ ਤਾਂ ਹੋ ਸਕਦੀ ਹੈ ਰਾਹ ਪਈ ਚੀਜ਼ ਮਿੱਟੀ ਜਾਣ ਕੇ ਹਮੇਸ਼ਾਂ ਠੁੱਡ ਮਾਰਿਆ ਨਾ ਕਰ ਪੈ ਗਲੀਆਂ ਦੇ ਕੱਖ ਦੀ ਵੀ ਲੋੜ ‘ਘੇਈ’ ਜਾਂਦੀ ਬੁਰਾ ਕਿਸੇ ਦਾ ਵੀ ਚਿੱਤ 'ਚ ਚਿਤਾਰਿਆ ਨਾ ਕਰ ਲੋਕੀਂ ਆਪਣੇ ਅਸੂਲਾਂ ਉਤੋਂ ਵਾਰ ਜਾਂਦੇ ਜਾਨਾਂ ਪੈਸੇ ਉਤੋਂ ਤੂੰ ਅਸੂਲ ਕਦੇ ਵਾਰਿਆ ਨਾ ਕਰ

ਇੱਜ਼ਤਦਾਰ ਪ੍ਰਾਹੁਣਾ

ਸਮੇਂ ਦਾ ਹਰ ਪਲ ਸਾਡੇ ਲਈ ਹੈ ਇੱਜ਼ਤਦਾਰ ਪ੍ਰਾਹੁਣਾ ਜੋ ਹੁਣ ਆਇਆ ਤੁਰ ਜਾਵੇਗਾ ਫੇਰ ਏਸ ਨਹੀਂ ਆਉਣਾ ਪਲ ਦੇ ਨਾਲ ਪਲ ਜੁੜ ਕੇ ਹੀ ਲੜੀ ਜਿਹੀ ਬਣ ਜਾਂਦੀ ਸਾਲ ਮਹੀਨੇ ਬਣ ਕੇ ਪਲਾਂ ਨੇ ਜੀਵਨ ਹੈ ਚਮਕਾਉਣਾ ਲੜੀ ਜੀਵਨ ਦੀ ਟੁੱਟ ਜਾਂਦੀ ਜੇ ਇਕ ਪਲ ਵਿੱਚੋਂ ਕੱਢੋ ਤਾਂਹੀਉਂ ਇਕ ਇਕ ਪਲ ਨੂੰ ਮਾੜੇ ਕੰਮ ਤੋਂ ਪਊ ਬਚਾਉਣਾ ਹਰ ਪਲ ਦੇ ਵਿੱਚ ਸੂਰਜ ਬਣ ਕੇ ਚਾਨਣ ਕਰੋ ਚੁਫੇ਼ਰੇ ਪਲ ਪਲ ਦਾ ਹਿਸਾਬ ਤੁਹਾਨੂੰ ਪੈਣਾ ਕਦੇ ਚੁਕਾਉਣਾ ਪਤਾ ਨਹੀਂ ਪਲ ਕਿਹੜੇ ਆਪਾਂ ਏਥੋਂ ਹੈ ਤੁਰ ਜਾਣਾ ਏਸੇ ਲਈ ਹਰ ਪਲ ਕੀਮਤੀ ਕੋਈ ਨਾ ਅਸੀਂ ਗੁਆਉਣਾ ਜੋ ਬੋਲੋ ਬੱਸ ਚੰਗਾ ਬੋਲੋ ਸ਼ਬਦੀਂ ਮਿਸ਼ਰੀ ਘੋਲੋ ਇਹ ਨਾ ਹੋਵੇ ਬਾਅਦ ਵਿੱਚ ਫਿਰ ਪੈ ਜਾਵੇ ਪਛਤਾਉਣਾ ਕਿਸੇ ਪਾਸ ਕਿੰਨਾ ਧਨ ਚੀਜ਼ਾਂ ਇਸ ਬਾਰੇ ਨਾ ਸੋਚੋ ਜੋ ਕੁਝ ਸਾਡੇ ਕੋਲ ਓਸ ਲਈ ਸਿਖ ਲਓ ਸ਼ੁਕਰ ਮਨਾਉਣਾ ਰਿਸ਼ਤੇ ਨਾਤੇ ਧਨ ਕੋਠੀਆਂ ਏਥੇ ਹੀ ਸਭ ਮਿਲੀਆਂ ਏਥੇ ਹੀ ਰਹਿ ਜਾਣਾ ਸਭ ਕੁਝ ਫਿਰ ਕਾਹਦਾ ਘਬਰਾਉਣਾ ਲੋੜਵੰਦਾਂ ਨੂੰ ਜੇ ਕੁਝ ਦੇਵੋ ਦੂਣਾ ਹੋ ਕੇ ਮੁੜਦਾ ਧਰਮ ਗ੍ਰੰਥ ਜੋ ਕਹਿੰਦੇ ਸਿੱਖ ਲਓ ਅਣਹੋਂਦੇ ਵਰਤਾਉਣਾ ਬੰਦਾ ਬੰਦੇ ਦੇ ਕੰਮ ਆਵੇ ਸਭ ਧਰਮਾਂ ਦੀ ਸਿੱਖਿਆ ਬੁਰੇ ਦਾ ਭਲਾ ਸੋਚ ਕੇ 'ਘੇਈ' ਹਰ ਪਲ ਲੇਖੇ ਲਾਉਣਾ

ਮਾਂ ਬੋਲੀ ਪੰਜਾਬੀ

ਪੰਜਾਬੀ ਸਾਡੀ ਮਾਂ ਬੋਲੀ ਹੈ ਮਿੱਠੀ ਮਿੱਠੀ ਪਿਆਰੀ ਪਿਆਰੀ ਬਚਪਨ ਵਿੱਚ ਸਿਖਾਈ ਸਾਨੂੰ ਮਾਂ ਨੇ ਬਣ ਕੇ ਪਰਉਪਕਾਰੀ ਲੋਰੀ ਦੇ ਕੇ ਇਸ ਬੋਲੀ ਵਿੱਚ ਮਾਂ ਨੇ ਸੀਨੇ ਨਾਲ ਲਗਾਇਆ ਤੋਤਲੇ ਤੋਤਲੇ ਸ਼ਬਦ ਬੋਲ ਕੇ ਇਸ ਦਾ ਪਹਿਲਾ ਸਬਕ ਪੜ੍ਹਾਇਆ ਪਿੱਛੋਂ ਗੀਤ ਘੋੜੀਆਂ ਗਾ ਕੇ ਸਾਡੇ ਦਿਲਾਂ ਦੇ ਵਿੱਚ ਉਤਾਰੀ ਪੰਜਾਬੀ ਸਾਡੀ ਮਾਂ ਬੋਲੀ ਹੈ ਮਿੱਠੀ ਮਿੱਠੀ ਪਿਆਰੀ ਪਿਆਰੀ ਸਾਡੇ ਗੁਰੂਆਂ ਬਾਣੀ ਰਚ ਕੇ ਇਸ ਬੋਲੀ ਦਾ ਮਾਣ ਵਧਾਇਆ ਇਸ ਦੀ ਲਿੱਪੀ ਗੁਰਮੁਖੀ ਦਾ ਵੀ ਗੁਰੂ ਅੰਗਦ ਜੀ ਰੂਪ ਸਜਾਇਆ ਦੁਨੀਆਂ ਦੇ ਕਲਿਆਣ ਦੀ ਖਾਤਰ ਬਾਣੀ ਵਿੱਚ ਹਰ ਗੱਲ ਉਚਾਰੀ ਪੰਜਾਬੀ ਸਾਡੀ ਮਾਂ ਬੋਲੀ ਹੈ ਮਿੱਠੀ ਮਿੱਠੀ ਪਿਆਰੀ ਪਿਆਰੀ ਬੋਲ ਕੇ ਹੋਰ ਕਿਸੇ ਬੋਲੀ ਵਿੱਚ ਕਈ ਥਾਂ ਗਲਤੀ ਖਾ ਸਕਦੇ ਹਾਂ ਕੇਵਲ ਮਾਂ ਬੋਲੀ ਵਿੱਚ ਸਭ ਕੁਝ ਪੂਰੀ ਤਰ੍ਹਾਂ ਸਮਝਾ ਸਕਦੇ ਹਾਂ ਇਸ ਲਈ ਸਾਰੇ ਇਮਤਿਹਾਨਾਂ ਦੀ ਪੰਜਾਬੀ ਵਿੱਚ ਹੀ ਕਰੀਏ ਤਿਆਰੀ ਪੰਜਾਬੀ ਸਾਡੀ ਮਾਂ ਬੋਲੀ ਹੈ ਮਿੱਠੀ ਮਿੱਠੀ ਪਿਆਰੀ ਪਿਆਰੀ ਵੇਖੋ ਵੇਖੀ ਧੋਖਾ ਖਾ ਕੇ ਮਾਂ ਬੋਲੀ ਨੂੰ ਭੁੱਲ ਨਹੀਂ ਜਾਣਾ ਪੰਜਾਬੀ ਬੋਲੀ ਬੋਲ ਕੇ,ਪੜ੍ਹ ਕੇ, ਲਿਖ ਕੇ ਆਪਣਾ ਫਰਜ਼ ਨਿਭਾਣਾ 'ਘੇਈ' ਕਿੰਨੇ ਪਿਆਰੇ ਲੱਗਦੇ ਊੜਾ ਐੜਾ ਬਿਹਾਰੀ ਸਿਹਾਰੀ ਪੰਜਾਬੀ ਸਾਡੀ ਮਾਂ ਬੋਲੀ ਹੈ ਮਿੱਠੀ ਮਿੱਠੀ ਪਿਆਰੀ ਪਿਆਰੀ

ਇੱਕੋ ਧਰਤੀ ਸਾਡੇ ਕੋਲ

ਲੱਖ ਚੌਰਾਸੀ ਜੂਨਾਂ ਇਸ ਤੇ ਬੈਠੀਆਂ ਕਰਨ ਕਲੋਲ ਅੱਠ ਸੌ ਕਰੋੜ ਮਨੁੱਖ ਹਾਂ ਫਿਰ ਵੀ ਇੱਕੋ ਧਰਤੀ ਸਾਡੇ ਕੋਲ ਸਾਰੇ ਇਸ ਦਾ ਦਿੱਤਾ ਖਾਈਏ ਜੋ ਦੇਵੇ ਗਲ ਉਹੋ ਪਾਈਏ ਰੋਟੀ ਸਬਜ਼ੀ ਤੇ ਫ਼ਲ ਦੇਵੇ ਅੰਬ ਖਜ਼ੂਰ ਤੇ ਸੁੱਕੇ ਮੇਵੇ ਧਰਤੀ ਸਾਨੂੰ ਸਭ ਕੁਝ ਬਖਸ਼ੇ ਕਰ ਵੇਖੋ ਪੜਚੋਲ ਅੱਠ ਸੌ ਕਰੋੜ ਮਨੁੱਖ ਹਾਂ ਫਿਰ ਵੀ ਇੱਕੋ ਧਰਤੀ ਸਾਡੇ ਕੋਲ ਇਸਦੀ ਕੁਦਰਤ ਨਾਲ ਨਾ ਲੜੀਏ ਵਾਤਾਵਰਨ ਖਰਾਬ ਨਾ ਕਰੀਏ ਬੰਬਾਂ ਨਾਲ ਨਾ ਪਰਬਤ ਕੱਟੀਏ ਪਾਣੀ ਲਈ ਨਾ ਬੋਰਾਂ ਪੁੱਟੀਏ ਕਿਉਂ ਹਾਂ ਇਸ ਦੇ ਉੱਤੇ ਬਹਿ ਕੇ ਇਸ ਨੂੰ ਰਹੇ ਫ਼ਰੋਲ ਅੱਠ ਸੌ ਕਰੋੜ ਮਨੁੱਖ ਹਾਂ ਫਿਰ ਵੀ ਇੱਕੋ ਧਰਤੀ ਸਾਡੇ ਕੋਲ ਕੈਮੀਕਲ ਨਾ ਖੇਤੀਂ ਪਾਈਏ ਅੱਖੀਂ ਵੇਖ ਕੇ ਜ਼ਹਿਰ ਨਾ ਖਾਈਏ ਧੂਆਂ ਗੈਸਾਂ ਨਾ ਫੈਲਾਈਏ ਨਦੀਆਂ ਵਿੱਚ ਨਾ ਗੰਦ ਮਿਲਾਈਏ ਨਹੀਂ ਤਾਂ ਸਾਨੂੰ ਜਿਊਣ ਵਾਸਤੇ ਕਰਨਾ ਪਵੇਗਾ ਘੋਲ ਅੱਠ ਸੌ ਕਰੋੜ ਮਨੁੱਖ ਹਾਂ ਫਿਰ ਵੀ ਇੱਕੋ ਧਰਤੀ ਸਾਡੇ ਕੋਲ ਅਰਬਾਂ ਜੀਆਂ ਦੀ ਇਹ ਮਾਂ ਹੈ ਬਖਸ਼ ਰਹੀ ਇਹ ਸਭ ਨੂੰ ਥਾਂ ਹੈ ਇਹਦੀ ਸਦਾ ਹੀ ਸੁੱਖ ਮਨਾਈਏ ਪਾਣੀ ਹਵਾ ਤੇ ਰੁੱਖ ਬਚਾਈਏ 'ਘੇਈ' ਮਿੱਟੀ ਮਸਤਕ ਲਾਈਏ ਧਰਤੀ ਦੀ ਅਣਮੋਲ ਅੱਠ ਸੌ ਕਰੋੜ ਮਨੁੱਖ ਹਾਂ ਫਿਰ ਵੀ ਇਕੋ ਧਰਤੀ ਸਾਡੇ ਕੋਲ

ਜੇ ਨਾ ਕੋਲੇ ਬਹਿਣਾ ਸੀ

ਏਦਾਂ ਆਉਣ ਦਾ ਕੀ ਸੀ ਫ਼ਾਇਦਾ ਜੇ ਨਾ ਕੋਲੇ ਬਹਿਣਾ ਸੀ ਕਿੰਨਾ ਕੁਝ ਤੈਥੋਂ ਸੁਣਨਾ ਸੀ ਕਿੰਨਾ ਕੁਝ ਤੈਨੂੰ ਕਹਿਣਾ ਸੀ ਮੈਂ ਚਿਰ ਤੋਂ ਚਾਹੀ ਜਾਂਦਾ ਸੀ ਕਿ ਤੇਰੇ ਦਰਸ਼ਨ ਪਾਵਾਂਗਾ ਮੁੱਦਤਾਂ ਤੋਂ ਦੱਬੀ ਬੈਠਾ ਜੋ ਉਹ ਦਿਲ ਦੀ ਗੱਲ ਸੁਣਾਵਾਂਗਾ ਕੀ ਪਤਾ ਸੀ ਦਿਲ ਦੀਆਂ ਗੱਲਾਂ ਨੇ ਬਸ ਦਿਲ ਦੇ ਵਿੱਚ ਹੀ ਰਹਿਣਾ ਸੀ ਕਿੰਨਾ ਕੁਝ ਤੈਥੋਂ ਸੁਣਨਾ ਸੀ ਕਿੰਨਾ ਕੁਝ ਤੈਨੂੰ ਕਹਿਣਾ ਸੀ ਇਹ ਚਿਰ ਦੀ ਸੱਧਰ ਮੇਰੀ ਸੀ ਮੈਂ ਰਾਹ ਤੇ ਫੁੱਲ ਵਿਛਾਵਾਂਗਾ ਸੂਰਜ ਤੋਂ ਗੋਰੇ ਸੱਜਣ ਦੇ ਮੈਂ ਗਲ ਵਿੱਚ ਬਾਹਵਾਂ ਪਾਵਾਂਗਾ ਪਲ ਛਿਨ ਲਈ ਮਿਲ ਕੇ ਉਮਰਾਂ ਦਾ ਕਿਉਂ ਬਿਰਹੁੰ ਦਾ ਦੁੱਖ ਸਹਿਣਾ ਸੀ ਕਿੰਨਾ ਕੁਝ ਤੈਥੋਂ ਸੁਣਨਾ ਸੀ ਕਿੰਨਾ ਕੁਝ ਤੈਨੂੰ ਕਹਿਣਾ ਸੀ ਤੂੰ ਅਰਸ਼ਾਂ ਤੇ ਮੈਂ ਫਰਸ਼ਾਂ ਤੇ ਹੁਣ ਮੇਲ ਅਸਾਡਾ ਕੌਣ ਕਰੂ ਜੋ ਜਖ਼ਮ ਵਿਛੋੜੇ ਕੀਤੇ ਨੇ ਇਹ ਸਾਡੇ ਦਿਲ ਦੇ ਕੌਣ ਭਰੂ ਤੇਰਾ ਮਿਲਣਾ ਨ੍ਹੇਰੀਆਂ ਰਾਤਾਂ ਵਿੱਚ ਜਿਵੇਂ ਚਮਕਿਆ ਕੋਈ ਟਟੱਹਿਣਾ ਸੀ ਕਿੰਨਾ ਕੁਝ ਤੈਥੋਂ ਸੁਣਨਾ ਸੀ ਕਿੰਨਾ ਕੁਝ ਤੈਨੂੰ ਕਹਿਣਾ ਸੀ ਗੱਲ ਦਿਲ ਦੀ ਦਿਲ ਵਿੱਚ ਰਹਿ ਗਈ ਏ ਤੂੰ ਆ ਕੇ ਸੁਣ ਉਪਰਾਲਾ ਕਰ ਇਸ ਬਿਰਹੁੰ ਰਾਤ ਹਨੇਰੀ ਵਿੱਚ ਤੂੰ ਆ ਕੇ ਫੇਰ ਉਜਾਲਾ ਕਰ ਤੂੰ ਪੁੱਠੇ ਪੈਰੀਂ ਮੁੜਿਉਂ ਜਦ ਉਹ 'ਘੇਈ' ਵਕਤ ਕੁਲਹਿਣਾ ਸੀ ਕਿੰਨਾ ਕੁਝ ਤੈਥੋਂ ਸੁਣਨਾ ਸੀ ਕਿੰਨਾ ਕੁਝ ਤੈਨੂੰ ਕਹਿਣਾ ਸੀ

ਕਾਹਨੂੰ ਸੁੰਦਰਾਂ ਨੀ

ਕਾਹਨੂੰ ਸੁੰਦਰਾਂ ਨੀ ਮੁੰਦਰਾਂ ਨੂੰ ਵੇਖ ਡੁੱਲ੍ਹ ਗਈ ਰੂਪ ਜੋਗੀ ਵਾਲਾ ਤੱਕ ਤੈਨੂੰ ਹੋਸ਼ ਭੁੱਲ ਗਈ ਸੱਜੇ ਹੱਥ ਵਿੱਚ ਕਾਸਾ ਖੱਬੇ ਖੱਪਰੀ ਸੁਹਾਵੇ ਮੁੱਖ ਚੰਨ ਵਾਂਙੂ ਸੁਹਣਾ ਤੇਰੇ ਸੀਨੇ ਖਿੱਚ ਪਾਵੇ ਇਕੋ ਤੱਕਣੀ ’ਚ ਤੇਰੇ ਤੇ ਹਨੇਰੀ ਝੁੱਲ ਗਈ ਕਾਹਨੂੰ ਸੁੰਦਰਾਂ ਨੀ ਮੁੰਦਰਾਂ ਨੂੰ ਵੇਖ ਡੁੱਲ੍ਹ ਗਈ ਕਈ ਗੋਲੀਆਂ ਨੇ ਕੋਲ ਤਾਂ ਵੀ ਆਪ ਤੁਰੀ ਆਵੇਂ ਜੋਗੀ ਮੰਗੇ ਤੈਥੋਂ ਆਟਾ ਖੈਰ ਹੀਰਿਆਂ ਦੀ ਪਾਵੇਂ ਨੀ ਤੂੰ ਇਸ਼ਕੇ ਦੀ ਤੱਕੜੀ ਦੇ ਵਿੱਚ ਤੁੱਲ ਗਈ ਕਾਹਨੂੰ ਸੁੰਦਰਾਂ ਨੀ ਮੁੰਦਰਾਂ ਨੂੰ ਵੇਖ ਡੁੱਲ੍ਹ ਗਈ ਹੀਰੇ ਮੋਤੀ ਕਿਹੜੇ ਕੰਮ ਜੋਗੀ ਅੱਖ ਨਾ ਟਿਕਾਉਣੀ ਪਾ ਆਟਾ ਜੀਹਦੇ ਨਾਲ ਅੱਗ ਪੇਟ ਦੀ ਬੁਝਾਉਣੀ ਜੋਗੀ ਲਾਲਚਾਂ ਤੋਂ ਦੂਰ ਕਿਉਂ ਤੂੰ ਪਾਉਣ ਮੁੱਲ ਗਈ ਕਾਹਨੂੰ ਸੁੰਦਰਾਂ ਨੀ ਮੁੰਦਰਾਂ ਨੂੰ ਵੇਖ ਡੁੱਲ੍ਹ ਗਈ ਤੂੰ ਸੈਂ ਸੱਚਮੁੱਚ ਜੌਹਰੀ ਗਈ ਪਲਾਂ ਵਿੱਚ ਜਾਣ ਜੋਗੀ ਚੌਧਰੀ ਦਾ ਪੁੱਤ ਲਿਆ ਝੱਟ ਤੂੰ ਪਛਾਣ ‘ਘੇਈ’ਰਾਣੀ ਦੀ ਮੁਰਾਦ ਜੋਗੀ ਅੱਗੇ ਰੁਲ ਗਈ ਕਾਹਨੂੰ ਸੁੰਦਰਾਂ ਨੀ ਮੁੰਦਰਾਂ ਨੂੰ ਵੇਖ ਡੁੱਲ੍ਹ ਗਈ

ਜਿਊਣ ਦਾ ਬਹਾਨਾ

ਯਾਦ ਕਰ ਨਾ ਤੂੰ ਬੀਤਿਆ ਜ਼ਮਾਨਾ ਹੱਸ ਕੇ ਤੂੰ ਦਿਨ ਕੱਟ ਲੈ ਕੋਈ ਲੱਭ ਕੇ ਜਿਉਣ ਦਾ ਬਹਾਨਾ ਹੱਸ ਕੇ ਤੂੰ ਦਿਨ ਕੱਟ ਲੈ ਮੰਨਿਆਂ ਕਿ ਤੇਰੇ ਉੱਤੇ ਆਈਆਂ ਸੀ ਬਹਾਰਾਂ ਵੀ ਸਿਰਾਂ ਉੱਤੇ ਚੁੱਕਿਆ ਸੀ ਤੈਨੂੰ ਤੇਰੇ ਯਾਰਾਂ ਵੀ ਆਉਂਦੇ ਸਾਰੇ ਦਿਨ ਜਾਣ ਲਈ ਜਵਾਨਾ ਹੱਸ ਕੇ ਤੂੰ ਦਿਨ ਕੱਟ ਲੈ ਕਦੇ ਦਿਨ ਚੜ੍ਹੇ ਕਦੇ ਪੈ ਜਾਂਦੀ ਰਾਤ ਹੈ ਮਾੜੇ ਚੰਗੇ ਦਿਨ ਵੀ ਤਾਂ ਰੱਬ ਦੀ ਸੁਗਾਤ ਹੈ ਪਤਝੱੜ ਕਦੇ ਬਹਾਰ ਦਾ ਤਰਾਨਾ ਹੱਸ ਕੇ ਤੂੰ ਦਿਨ ਕੱਟ ਲੈ ਡੁੱਬਦੇ ਨੂੰ ਜਿਵੇਂ ਹੁੰਦਾ ਤੀਲੇ ਦਾ ਸਹਾਰਾ ਏ ਕਿਸੇ ਆਸ ਉੱਤੇ ਜੀਅ ਕੇ ਲੰਘਦਾ ਗੁਜ਼ਾਰਾ ਏ ਸਦਾ ਰਹਿਣਾ ਨਹੀਂ ਵਗਦੇ ਤੁਫ਼ਾਨਾਂ ਹੱਸ ਕੇ ਤੂੰ ਦਿਨ ਕੱਟ ਲੈ ਚੰਗੇ ਦਿਨ ਗਏ ਮਾੜੇ ਵੀ ਤੇ ਲੰਘ ਜਾਣੇ ਨੇ ਹਾਰ ਕਦੀ ਮੰਨੋਂ ਨਾਹੀਂ ਆਖ਼ਦੇ ਸਿਆਣੇ ਨੇ ਦੁੱਖ ਸੁੱਖ ਇਕੋ ਜਾਣੇ ਮਸਤਾਨਾ ਹੱਸ ਕੇ ਤੂੰ ਦਿਨ ਕੱਟ ਲੈ ਬੀਤੇ ਤਾਈਂ ਯਾਦ ਕਰ ਕਰ ਨਹੀਉਂ ਸਰਦਾ ਸੁਖੀ ਹੈ ਜੋ ਅੱਜ ਨਾਲ ਸਮਝੌਤਾ ਕਰਦਾ ‘ਘੇਈ’ ਖੁਸ਼ ਰਹਿ ਤੂੰ ਬਣ ਕੇ ਦੀਵਾਨਾ ਹੱਸ ਕੇ ਤੂੰ ਦਿਨ ਕੱਟ ਲੈ ਕੋਈ ਲੱਭ ਕੇ ਜੀਊਣ ਦਾ ਬਹਾਨਾ ਹੱਸ ਕੇ ਤੂੰ ਦਿਨ ਕੱਟ ਲੈ

ਨਾ ਸਾਨੂੰ ਤਰਸਾ

ਨਾ ਸਾਨੂੰ ਤਰਸਾ ਓ ਸੱਜਣਾਂ ਨਾ ਸਾਨੂੰ ਤਰਸਾ ਬਿਰਹੁੰ ਦੇ ਇਹ ਤੀਰ ਤਰਿੱਖੜੇ ਨਾ ਸੀਨੇ ਵਿਚ ਲਾ ਨਾ ਸਾਨੂੰ ਤਰਸਾ ਓ ਸੱਜਣਾਂ ਨਾ ਸਾਨੂੰ ਤਰਸਾ ਦੁਨੀਆਂ ਪਈ ਸੁੱਖਾਂ ਨੂੰ ਮਾਣੇਂ ਮੈਂ ਤੱਤੜੀ ਦੇ ਭਾਗ ਵਿਰਾਣੇਂ ਕੀ ਕੀ ਮੇਰੇ ਦਿਲ ਤੇ ਬੀਤੇ ਨਾ ਮੈਥੋਂ ਅਖਵਾ ਨਾ ਮੈਥੋਂ ਅਖਵਾ ਓ ਸੱਜਣਾਂ ਨਾ ਸਾਨੂੰ ਤਰਸਾ ਥੱਕੀ ਸੁਣ ਕੇ ਤੇਰੇ ਲਾਰੇ ‘ਨਾਂਹ’ ਚੰਗੀ ਸੀ ਇਸ ਤੋਂ ਪਿਆਰੇ ਲਾਰਿਆਂ ਤੋਂ ਮੈਂ ਅੱਕ ਗਈ ਹਾਂ ਹੋਰ ਨਾ ਲਾਰੇ ਲਾ ਹੋਰ ਨਾ ਲਾਰੇ ਲਾ ਓ ਸੱਜਣਾਂ ਨਾ ਸਾਨੂੰ ਤਰਸਾ ਮੇਰੇ ਵਿੱਚ ਕੋਈ ਗੁਣ ਨਹੀਂ ਪਿਆਰੇ ਜਿਹੜਾ ਤੈਨੂੰ 'ਵਾਜਾਂ ਮਾਰੇ ਭੁੱਝੀ ਹਾਂ ਵਿੱਚ ਬਿਰਹੁੰ ਦੇ ਪਹਿਲਾਂ ਹੋਰ ਨਾ ਤੀਲੀ ਲਾ ਹੋਰ ਨਾ ਤੀਲੀ ਲਾ ਓ ਸੱਜਣਾਂ ਨਾ ਸਾਨੂੰ ਤਰਸਾ ਤੇਰੀ ਖਾਤਰ ਥਾਂ ਥਾਂ ਭਟਕਾਂ ਜੇ ਕਹੇਂ ਤਾਂ ਖੂਹ ਵਿੱਚ ਲਟਕਾਂ ਵਾਂਗ ਪਪੀਹੇ ਪਿਆਸੀ ਹਾਂ ਮੈਂ ਮਿਹਰ ਦਾ ਮੀਂਹ ਵਰਸਾ ਮਿਹਰ ਦਾ ਮੀਂਹ ਵਰਸਾ ਓ ਸੱਜਣਾਂ ਨਾ ਸਾਨੂੰ ਤਰਸਾ ਸ਼ੱਕ ਸੁਬ੍ਹੇ ਸਭ ਦਿਲ ਦੇ ਕੱਢ ਦੇ ਮੈਂ ਤੇਰੀ ਹਾਂ ਮਾਰ ਦੇ ਛੱਡ ਦੇ 'ਘੇਈ' ਤੜਫ਼ ਰਹੀ ਬਿਰਹੁੰ ਵਿੱਚ ਆ ਅਕਸੀਰ ਪਿਲਾ ਆ ਅਕਸੀਰ ਪਿਲਾ ਓ ਸੱਜਣਾਂ ਨਾ ਸਾਨੂੰ ਤਰਸਾ

ਯਾਦ ਤੇਰੀ ਪਰਛਾਵੇਂ ਵਾਂਙੂੰ

ਮੈਂ ਚੱਲਾਂ ਤਾਂ ਨਾਲੇ ਤੁਰਦੀ ਮੈਂ ਬੈਠਾਂ ਤਾਂ ਬਹਿੰਦੀ ਯਾਦ ਤੇਰੀ ਪਰਛਾਵੇਂ ਵਾਂਙੂੰ ਅੰਗ ਸੰਗ ਮੇਰੇ ਰਹਿੰਦੀ ਜੇ ਕਿਧਰੇ ਬਦਲੀ ਆ ਜਾਵੇ ਲੁਕ ਜਾਵੇ ਪਰਛਾਵਾਂ ਧੁੱਪੇ ਛਾਵੇਂ ਯਾਦ ਤੇਰੀ ਪਰ ਦਿਲ ਮੇਰੇ ਨਾਲ ਖਹਿੰਦੀ ਕੰਨਾਂ ਦੇ ਵਿੱਚ ਹਾਸੇ ਛਣਕਣ ਝਾਂਜਰ ਛਣ ਛਣ ਕਰਦੀ ਝਲਕ ਨੂਰ ਦੀ ਮੁੱਖੜੇ ਵਾਲੀ ਅੱਖ ਮੇਰੀ ਨਾ ਸਹਿੰਦੀ ਸੋਚਾਂ ਕਦੀ ਤੂੰ ਬੇਵਫ਼ਾ ਹੈਂ ਕਦੀ ਵਫ਼ਾ ਦੀ ਦੇਵੀ ਆਸ ਮੇਰੀ ਹੈ ਰੇਤੇ ਦੀ ਕੰਧ ਹੁਣ ਬਣਦੀ ਹੁਣ ਢਹਿੰਦੀ ਸੌਂ ਜਾਵਾਂ ਤਾਂ ਸੁਫ਼ਨੇ ਦੇ ਵਿੱਚ ਤੇਰੀ ਯਾਦ ਸਤਾਵੇ ਪਾਸੇ ਮਾਰਾਂ ਏਧਰ ਓਧਰ ਇਹ ਨਾ ਮਗਰੋਂ ਲਹਿੰਦੀ ਖੋ ਕੇ ਮੈਥੋਂ ਲੈ ਗਏ ਖੇੜੇ ਸੁਫ਼ਨਾ ਵੇਖ ਮੈਂ ਡਰਿਆ ਚੂੜਾ ਗੋਰੀ ਕਲਾਈ ਉੱਤੇ ਹੱਥ ਸ਼ਗਨਾਂ ਦੀ ਮਹਿੰਦੀ ਇਕ੍ਹਵੀਂ ਸਦੀ 'ਚ ਹੋ ਕੇ ਵੀ ਤੂੰ 'ਘੇਈ' ਡਰਦਾ ਰਹਿਨੈਂ ਦਿਲ ਵਿੱਚ ਧਾਰ ਦਲੇਰੀ ਆ ਜਾ ਦੁਨੀਆਂ ਕੁਝ ਨਾ ਕਹਿੰਦੀ

ਸ਼ਹੀਦਾਂ ਨੂੰ ਪ੍ਰਣਾਮ

ਆਜ਼ਾਦੀ ਖਾਤਰ ਸ਼ਹੀਦੀਆਂ ਵਾਲਾ ਪੀ ਗਏ ਜਿਹੜੇ ਜਾਮ ਆਓ ਰਲ ਕੇ ਕਰੀਏ ਆਪਾਂ ਉਹਨਾਂ ਨੂੰ ਪ੍ਰਣਾਮ ਫਾਂਸੀ ਵਾਲਾ ਰੱਸਾ ਹੱਸ ਹੱਸ ਗਲ ਆਪਣੇ ਵਿੱਚ ਪਾ ਗਏ ਤਿਰੰਗਾ ਉੱਚਾ ਝੁਲਾਉਣ ਦੀ ਖ਼ਾਤਰ ਸਭ ਕੁਝ ਦਾਅ ਤੇ ਲਾ ਗਏ ਆਪਣਾ ਆਪ ਮਿਟਾ ਕੇ ਕਰ ਗਏ ਦੇਸ਼ ਦਾ ਉੱਚਾ ਨਾਮ ਸਾਰਾ ਭਾਰਤ ਦੇਸ਼ ਹੈ ਕਰਦਾ ਉਹਨਾਂ ਨੂੰ ਪ੍ਰਣਾਮ ਰਾਜਗੁਰੂ ਸੁਖਦੇਵ ਭਗਤ ਸਿੰਘ ਲਾਲ ਬਾਲ ਤੇ ਪਾਲ ਆਜ਼ਾਦੀ ਨੂੰ ਉਹ ਨੇੜੇ ਕਰ ਗਏ ਕਈ ਘਾਲਣਾ ਘਾਲ ਕਰਤਾਰ ਸਿੰਘ ਸਰਾਭਾ ਨਾਲੇ ਊਧਮ ਸਿੰਘ ਸੁਨਾਮ ਆਓ ਆਪਾਂ ਝੁੱਕ ਕੇ ਕਰੀਏ ਉਹਨਾਂ ਨੂੰ ਪ੍ਰਣਾਮ ਗਾਂਧੀ ਜੀ ਨੇ ਸਤਿਆਗ੍ਰਹਿ ਦੇ ਸ਼ਾਂਤੀ ਤੀਰ ਚਲਾਏ ਸੁਭਾਸ਼ ਦੀ ਅਜ਼ਾਦ ਹਿੰਦ ਫ਼ੌਜ ਨੇ ਗੋਰੇ ਖ਼ੂਬ ਡਰਾਏ ਆਜ਼ਾਦੀ ਲਈ ਉਹ ਰਹੇ ਜੂਝਦੇ ਕੀ ਸਵੇਰੇ ਕੀ ਸ਼ਾਮ ਤਾਂਹੀਉਂ ਆਪਾਂ ਅੱਜ ਹਾਂ ਕਰਦੇ ਉਹਨਾਂ ਨੂੰ ਪ੍ਰਣਾਮ ਆਜ਼ਾਦੀ ਦੀ ਰਾਖੀ ਲਈ ਅੱਜ ਵੀ ਜੋ ਸਰਹੱਦ ਤੇ ਲੜਦੇ ਦੁਸ਼ਮਣ ਦੀ ਗੋਲੀ ਦੇ ਅੱਗੇ ਹਿੱਕ ਤਾਣ ਕੇ ਖੜ੍ਹਦੇ 'ਘੇਈ' ਬਦਲਾ ਗਿਣ ਗਿਣ ਲੈਂਦੇ ਇਹ ਯੋਧੇ ਵਰਿਆਮ ਆਉ ਰਲ ਕੇ ਕਰੀਏ ਆਪਾਂ ਉਹਨਾਂ ਨੂੰ ਪ੍ਰਣਾਮ

ਕੰਡਿਆਂ ਉੱਤੇ ਤੁਰਾਂਗਾ ਮੈਂ

ਮੁਸਕਰਾਹਟ ਲਿਆਓ ਮੁੱਖੜੇ ਉੱਤੇ ਦਿਲ ਬਹਿਲਾਵਣ ਨੂੰ ਇਸ ਤੋਂ ਚੰਗਾ ਨਾ ਕੋਈ ਸਾਧਨ ਮਨ ਪਰਚਾਵਣ ਨੂੰ ਸ਼ਹਿਰਾਂ ਨਾਲੋਂ ਜੰਗਲ ਦੇ ਵਿੱਚ ਰਹਿਣਾ ਚੰਗਾ ਲੱਗਦਾ ਕਿਉਂਕਿ ਉੱਥੇ ਰੁੱਖ ਹੁੰਦੇ ਨੇ ਦੁੱਖ ਸੁਣਾਵਣ ਨੂੰ ਬੰਦਿਆਂ ਨਾਲ ਜੇ ਦੁੱਖ ਫੋਲੀਏ ਤਾਂ ਉਹ ਖਿਸਕਣ ਲੱਗਦੇ ਰੁੱਖ ਪੂਰੀ ਗੱਲ ਸੁਣਦੇ ਨੇ ਕਦੇ ਨਾ ਕਹਿੰਦੇ ਜਾਵਣ ਨੂੰ ਟੁੱਟੇ ਪਿਆਰ ਦੀ ਲਾਸ਼ ਪਈ ਹੈ ਜਿਸਮ ਮੇਰੇ ਦੇ ਅੰਦਰ ਕਿਸ ਨੇ ਤੁਹਾਨੂੰ ਆਖਿਆ ਏਥੇ ਖੁਸ਼ੀ ਮਨਾਵਣ ਨੂੰ ਕਿਰਦਾਰ ਅਤੇ ਗੁਫ਼ਤਾਰ ਨੂੰ ਪਹਿਲਾਂ ਆਪਾਂ ਉੱਚਾ ਕਰੀਏ ਪਿੱਛੋਂ ਲੋਕਾਂ ਦੇ ਵਿੱਚ ਜਾਈਏ ਗੱਲ ਸਮਝਾਵਣ ਨੂੰ ਦੇਸ਼ ਪਿਆਰ ਦੇ ਜਜਬੇ ਵਾਲੇ ਹੱਸ ਹੱਸ ਸੂਲੀ ਚੜ੍ਹਦੇ ਵਰਨਾ ਕਿਸਦਾ ਦਿਲ ਕਰਦਾ ਗਲ ਫਾਂਸੀ ਪਾਵਣ ਨੂੰ ਹੱਦ ਗਮਾਂ ਦੀ ਹੋ ਗਈ ਤਾਂ ਦਿਲ ਨੇ ਆਖਿਆ ਹੱਸ ਕੇ ਆਓ ਨੱਚੀਏ ਗਾਈਏ ਗ਼ਮ ਨੂੰ ਦੂਰ ਭਜਾਵਣ ਨੂੰ ਅੱਗ ਉੱਤੇ ਤੁਰ ਤੁਰ ਕੇ 'ਘੇਈ' ਅੱਗ ਨੂੰ ਬਰਫ਼ ਬਣਾਇਆ ਕੰਡਿਆਂ ਉੱਤੇ ਤੁਰਾਂਗਾ ਮੈਂ ਇਨ੍ਹਾਂ ਨੂੰ ਫੁੱਲ ਬਣਾਵਣ ਨੂੰ

ਬੰਦੇ ਤਾਂ ਕੁਲ ਬਰਾਬਰ ਨੇ

ਰੱਬ ਦੇ ਦਿੱਤੇ ਦੁੱਖ ਸੁੱਖ ਹੁੰਦੇ ਦੋਵੇਂ ਇੱਕ ਤੁੱਲ ਬਰਾਬਰ ਨੇ ਜੇ ਹੁਕਮ ਚ ਰਹਿਣਾ ਸਿੱਖ ਲਏਂ ਤਾਂ ਕੰਡੇ ਤੇ ਫੁੱਲ ਬਰਾਬਰ ਨੇ ਤੂੰ ਕੀ ਵਣਜਣਾਂ ਚਾਹੁੰਦਾ ਹੈਂ ਇਹ ਨਿਰਭਰ ਕਰਦਾ ਤੇਰੇ ਤੇ ਨੇਕੀ ਦੇ ਬਦੀ ਔਹ ਪਈਆਂ ਨੇ ਸਾਹਾਂ ਦੇ ਮੁੱਲ ਬਰਾਬਰ ਨੇ ਇਕ ਥਾਂ ਤੇ ਪੈਦਾ ਹੋ ਕੇ ਵੀ ਕਿਉਂ ਜਾਤਾਂ ਪਾਤਾਂ ਦੇ ਝਗੜੇ ਰਚਨਹਾਰੇ ਦੀਆਂ ਨਜ਼ਰਾਂ ਵਿੱਚ ਕਦੇ ਨਾ ਭੁੱਲ ਬਰਾਬਰ ਨੇ ਕੋਈ ਹਿੰਦੂ ਮੁਸਲਿਮ ਬਣ ਬੈਠਾ ਕੋਈ ਕਹਿੰਦੇ ਸਿੱਖ ਇਸਾਈ ਹੈ ਹੱਥ ਪੈਰ ਇਕੋ ਜਿਹੇ ਸਭਨਾਂ ਦੇ ਮੂੰਹ ਨੱਕ ਕੰਨ ਬੁੱਲ੍ਹ ਬਰਾਬਰ ਨੇ ਸ਼ਾਲਾਂ ਲੋਈਆਂ ਤੇ ਜੈਕਟਾਂ ਦੇ ਧਨਵਾਨਾਂ ਦੇ ਹੀ ਝਗੜੇ ਨੇ ਪਸ਼ੂਆਂ ਅਤੇ ਗਰੀਬਾਂ ਲਈ ਕੰਬਲ ਤੇ ਝੁੱਲ ਬਰਾਬਰ ਨੇ ਕੁਰਸੀ ਬਣਵਾਈ ਬੰਦੇ ਨੇ ਇਹ ਉੱਚੀ ਨੀਵੀਂ ਹੋ ਸਕਦੀ ਕੁਰਸੀ ਤੋਂ ਕਰਕੇ ਵੱਖ ਵੇਖੋ ਬੰਦੇ ਤਾਂ ਕੁੱਲ ਬਰਾਬਰ ਨੇ ਅੱਜ ਬੰਦੇ ਦੀ ਖੁਦਗਰਜ਼ੀ ਨੇ 'ਘੇਈ' ਵਖਰੇਵੇਂ ਪਾਏ ਨੇ ਜਦ ਅੰਬਰ ਤੋਂ ਮੀਹ ਵਰ੍ਹਦਾ ਹੈ ਪੱਥਰ ਤੇ ਫੁੱਲ ਬਰਾਬਰ ਨੇ

ਬੱਚੇ ਕਿਉਂ ਪੰਜਾਬੀਓ

ਘਰਾਂ ਵਿੱਚ ਕੱਲ੍ਹੇ ਬੈਠੇ ਮਾਪੇ ਝੁਰੀ ਜਾਂਦੇ ਨੇ ਬੱਚੇ ਕਿਉਂ ਪੰਜਾਬੀਓ ਵਿਦੇਸ਼ ਤੁਰੀ ਜਾਂਦੇ ਨੇ ਸੋਚੋ ਇਸ ਦੇਸ਼ ਵਿੱਚ ਹੋਏ ਇਹ ਉਦਾਸ ਕਿਉਂ ਕੋਮਲ ਜਿਹੇ ਦਿਲਾਂ ਦੀ ਨਾ ਹੋਏ ਪੂਰੀ ਆਸ ਕਿਉਂ ਕਿਉਂ ਬਾਹਰ ਜਾਣ ਦੇ ਖਿਆਲ ਫੁਰੀ ਜਾਂਦੇ ਨੇ ਬੱਚੇ ਕਿਉਂ ਪੰਜਾਬੀਓ ਕਨੇਡਾ ਤੁਰੀ ਜਾਂਦੇ ਨੇ ਫ਼ੇਲ੍ਹ ਅਸੀਂ ਹੋਏ ਰੁਜ਼ਗਾਰ ਉੱਤੇ ਲਾਉਣ ਲਈ ਨਾਲੇ ਕੁਝ ਕੀਤਾ ਨਹੀਂ ਨਸ਼ੇ ਤੋਂ ਬਚਾਉਣ ਲਈ ਕੁਰੱਪਸ਼ਨ ਦੇ ਨਾਲ ਇਥੇ ਹੱਢ ਖੁਰੀ ਜਾਂਦੇ ਨੇ ਬੱਚੇ ਕਿਉਂ ਪੰਜਾਬੀਓ ਵਿਦੇਸ਼ ਤੁਰੀ ਜਾਂਦੇ ਨੇ ਵੱਡੇ ਵੱਡੇ ਬੰਦਿਆਂ ਨੇ ਆਮ ਬੰਦਾ ਲੁੱਟਿਆ ਦੇਸ਼ ਅਸਮਾਨਾਂ ਵਿੱਚੋਂ ਧਰਤੀ ਤੇ ਸੁੱਟਿਆ ਸਾਧੂਆਂ ਦੇ ਭੇਸ ਵਿੱਚ ਮਾਰੀ ਛੁਰੀ ਜਾਂਦੇ ਨੇ ਧੀਆਂ ਪੁੱਤ ਸਾਡੇ ਕਿਉਂ ਵਿਦੇਸ਼ ਤੁਰੀ ਜਾਂਦੇ ਨੇ ਝੂਠੇ ਮੂਠੇ ਲਾਰਿਆਂ ਨੇ ਜਨਤਾ ਹੈ ਮੋਹ ਲਈ ਕਰ ਮਹਿੰਗੀ ਵਿਦਿਆ ਗਰੀਬਾਂ ਕੋਲੋਂ ਖੋ ਲਈ ਪੰਜਾਬ ਨੂੰ ਕਿਉਂ ਪਾਪੀ ਲਾਈ ਨਜ਼ਰ ਬੁਰੀ ਜਾਂਦੇ ਨੇ ਬੱਚੇ ਕਿਉਂ ਪੰਜਾਬੀਓ ਵਿਦੇਸ਼ ਤੁਰੀ ਜਾਂਦੇ ਨੇ ਜਹਾਜ਼ ਦੀਆਂ ਟਿਕਟਾਂ ਲਈ ਕਿੱਲੇ ਗਹਿਣੇ ਪੈ ਗਏ ਠੱਗ ਕਈ ਦਲਾਲ ‘ਘੇਈ’ ਪੈਸਾ ਠੱਗ ਲੈ ਗਏ ਪੋਤੇ ਨੂੰ ਖਿਡਾਉਣ ਵਾਲੇ ਚਾਅ ਭੁਰੀ ਜਾਂਦੇ ਨੇ ਬੱਚੇ ਕਿਉਂ ਪੰਜਾਬੀਓ ਵਿਦੇਸ਼ ਤੁਰੀ ਜਾਂਦੇ ਨੇ

ਕਾਰਪੋਰੇਟ

ਕਾਰਪੋਰੇਟ ਕਿੰਨੀ ਛੇਤੀ ਸਾਰੇ ਪਾਸੇ ਛਾ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ ਮਾਲ ਵੱਡੇ ਖੋਲ੍ਹ ਕਈ ਸਕੀਮਾਂ ਇਹ ਬਣਾਂਦੇ ਨੇ ਟੀ. ਵੀ ਤੇ ਫ਼ਰਿਜ਼ ਲੂਣ ਤਲੇ ਵੇਚੀ ਜਾਂਦੇ ਨੇ ਪਰਚੂਨ ਦੀ ਦੁਕਾਨਾਂ ਵਾਲੇ ਵੇਖ ਘਬਰਾ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ ਰੈਡੀਮੇਡ ਕੱਪੜੇ ਤੇ ਠੰਡੇ ਗਰਮ ਸੂਟ ਵੀ ਸੈਂਡਲ ਤੇ ਚਪਲਾਂ ਖਰੀਦੋ ਮਹਿੰਗੇ ਬੂਟ ਵੀ ਮਿਹਨਤਕਸ਼ਾਂ ਦੀ ਰੋਜ਼ੀ ਖ਼ਤਰੇ 'ਚ ਪਾ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ ਹਰ ਚੀਜ਼ ਆਨਲਾਈਨ ਘਰਾਂ 'ਚ ਪਹੁੰਚਾਉਂਦੇ ਨੇ ਥੋਕ ਦਾ ਵਿਉਪਾਰ ਤਾਹੀਉਂ ਸਸਤੀ ਵੀ ਲਾਉਂਦੇ ਨੇ ਬਾਜ਼ਾਰ ਵਾਲੇ ਕਈ ਘਾਟੇ ਖਾ ਕੇ ਤਾਲੇ ਲਾ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ ਕੈਬਾਂ ਨੇ ਚਲਾਈਆਂ ਘਰੋਂ ਚੁੱਕਦੇ ਸਵਾਰੀ ਆ ਟਾਂਗੇ ਮੁੱਕੇ , ਰਿਕਸ਼ੇ ਤੇ ਆਟੋ ਦੀ ਤਿਆਰੀ ਆ ਕਾਰੋਬਾਰ ਦੁਨੀਆਂ ਦਾ ਦਿਨਾਂ 'ਚ ਮੁਕਾ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ ਵਿਦਿਆ ਨੂੰ ਬਣਾ ਦਿੱਤਾ ਇਹਨਾਂ ਨੇ ਵਪਾਰ ਹੈ ਸਕੂਲ ਕਾਹਦੇ ਡਿਗਰੀਆਂ ਵੇਚਣ ਦਾ ਬਾਜ਼ਾਰ ਹੈ ਬਿਲਡਿੰਗਾਂ ਤੇ ਏ. ਸੀ ਵੇਖ ਮਾਪੇ ਚੁੰਧਿਆ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ ਸੜਕਾਂ ਦੇ ਆਸ ਪਾਸ ਜ਼ਮੀਨਾਂ ਲਈ ਜਾਂਦੇ ਨੇ ਖੇਤੀ ਘਟੀ ਜਾਵੇ ਇਹ ਕਲੋਨੀਆਂ ਬਣਾਂਦੇ ਨੇ ਵੇਚ ਕੇ ਪਲਾਟ ਮਹਿੰਗੇ ਅਰਬਾਂ ਕਮਾ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ ਇਸ਼ਤਿਹਾਰਬਾਜ਼ੀ ਨਾਲ ਸਾਨੂੰ ਭਰਮਾਉਂਦੇ ਨੇ ਗੱਲਾਂ ਬਾਤਾਂ ਨਾਲ ਸਬਜ਼ਬਾਗ਼ ਕਈ ਵਿਖਾਉਂਦੇ ਨੇ 'ਘੇਈ' ਅਖ਼ਬਾਰਾਂ ਦੇ ਇਹ ਪਹਿਲੇ ਪੇਜ਼ ਖਾ ਗਏ ਸ਼ਹਿਰਾਂ ਵਿੱਚ ਪਹਿਲੋਂ ਹੁਣ ਪਿੰਡਾਂ ਵੱਲ ਆ ਗਏ

ਸੈਦੇ ਦੀ ਦੁਹਾਈ

ਕਿਸੇ ਨੂੰ ਸਰੀਰਕ ਰੋਗ ਸਤਾਇਆ ਕਿਸੇ ਨੂੰ ਦੁਸ਼ਮਣ ਦੁੱਖ ਪਹੁੰਚਾਇਆ ਕਿਸੇ ਨੂੰ ਜ਼ਾਬਰ ਕਿਸੇ ਨੇ ਕੁੱਟਿਆ ਕਿਸੇ ਨੂੰ ਡਾਕੂ ਰਾਹ ਵਿੱਚ ਲੁੱਟਿਆ ਮੈਂ ਹਾਂ ਇੱਕ ਨਿਰਾਲਾ ਰੋਗੀ ਬਿਨਾਂ ਦੋਸ਼ ਤੋਂ ਸਜ਼ਾ ਦਾ ਭੋਗੀ ਨਿਕਲਿਆ ਹਾਂ ਘਰ ਤੋਂ ਚਿਰਦਾ ਵਾਂਗ ਪਾਗਲਾਂ ਤੁਰਿਆ ਫਿਰਦਾ ਮੇਰਾ ਦੁੱਖ ਪਰਬਤੋਂ ਭਾਰਾ ਮੈਂ ਹਾਂ ਸੈਦਾ ਇਕ ਦੁਖਿਆਰਾ ਲੰਮੀ ਸੋਹਣੀ ਇਕ ਮੁਟਿਆਰ ਸ਼ੈਲ ਛਬੀਲੀ ਸੁੰਦਰ ਨਾਰ ਉਹ ਸਾਡੇ ਪਰਿਵਾਰ ਨੂੰ ਭਾਈ ਘਰਦਿਆਂ ਕਰ ਦਿੱਤੀ ਕੁੜਮਾਈ ਸਾਡਾ ਪੜ੍ਹਿਆ ਗਿਆ ਨਿਕਾਹ ਸਾਰਾ ਪਿੰਡ ਹੈ ਮੇਰਾ ਗਵਾਹ ਪਰੀ ਨਾਲ ਮੈਂ ਵਿਆਹ ਕਰਵਾਇਆ ਲੋਕੋ ਵਿਆਹ ਕੇ 'ਹੀਰ' ਲਿਆਇਆ ਪਰ ਮੈਂ ਦੱਸਾਂ ਕਿਵੇਂ ਪੁਕਾਰ ਕਿੱਦਾਂ ਦਾ ਮੈਂ ਹਾਂ ਲਾਚਾਰ ਘਰਵਾਲੀ ਨਾ ਬਣੀ ਇਹ ਹੀਰ ਉਹ ਸੀ ਦਿਲ ਤੋਂ ਬਿਨਾਂ ਸਰੀਰ ਸਹਿਤੀ ਭੈਣ ਵੀ ਦਗ਼ਾ ਕਮਾਇਆ ਹੀਰ ਨਾਲ ਉਸ ਮਤਾ ਪਕਾਇਆ ਸੱਪ ਲੜਨ ਦਾ ਲਾ ਬਹਾਨਾ ਕੀਤੀ ਜੋਗੀ ਨਾਲ ਰਵਾਨਾ ਮੇਰਾ ਦੱਸੋ ਕੀ ਕਸੂਰ ਮੇਰੀ ਇੱਜ਼ਤ ਕਰ ਗਈ ਚੂਰ ਜਿਉਂਦੇ ਜੀਅ ਗਈ ਮੈਨੂੰ ਮਾਰ ਮੂੰਹ ਵਿਖਾਉਣੋਂ ਮੈਂ ਲਾਚਾਰ ਫ਼ਰੇਬ ਨਾਲ ਹੈ ਚਾਰਿਆ ਮੈਨੂੰ 'ਘੇਈ ' ਆਪਣਿਆਂ ਮਾਰਿਆ ਮੈਨੂੰ ਲੋਕੋ ਮੇਰੀ ਸੁਣੋਂ ਦੁਹਾਈ ਘਰ ਨੂੰ 'ਘਰਦਿਆਂ' ਸੰਨ੍ਹ ਲਵਾਈ ਕੋਈ ਮੈਨੂੰ ਇਨਸਾਫ਼ ਦਵਾ ਦੋ ਵਾਪਸ ਮੇਰੀ ਹੀਰ ਲਿਆ ਦੋ

ਰੁੱਖਾਂ ਦਾ ਕਤਲ

ਰੁੱਖਾਂ ਤੇ ਆਰੀ ਚੱਲਦੀ ਨੂੰ ਮੈਂ ਵੇਖ ਵੇਖ ਘਬਰਾਵਾਂ ਜੀ ਕਰਦਾ ਥਾਣੇ ਜਾ ਕੇ ਮੈਂ ਰੱਪਟ ਲਿਖਾ ਕੇ ਆਵਾਂ ਸੜਕਾਂ ਦੇ ਕੰਢੇ ਲੱਗੇ ਇਹ ਰੁੱਖ ਸੀ ਛਾਵਾਂ ਕਰਦੇ ਸਾਹ ਲੈਂਦੇ ਬਹਿ ਕੇ ਰਾਹੀ ਜਦ ਗਰਮੀ ਤੋਂ ਸੀ ਡਰਦੇ ਹਵਾ ਰੁੱਖ ਦੀ ਸਭ ਨੂੰ ਕਹਿੰਦੀ ਆ ਮੁੜ੍ਹਕਾ ਤੇਰਾ ਸੁਕਾਵਾਂ ਜੀ ਕਰਦਾ ਥਾਣੇ ਜਾ ਕੇ ਮੈਂ ਰੱਪਟ ਲਿਖਾ ਕੇ ਆਵਾਂ ਰੁੱਖਾਂ ਨੂੰ ਲਾਵਣ ਵਾਲੇ, ਦੁਆਲੇ ਸੀ ਜੰਗਲਾਂ ਲਾਇਆ ਪਾ ਪਾਣੀ ਵੱਡੇ ਕੀਤੇ ਸੀ ਪਸ਼ੂਆਂ ਕੋਲੋਂ ਬਚਾਇਆ ਪਾਲੇ ਸੀ ਬੱਚਿਆਂ ਵਾਂਗੂੰ ਮੈਂ ਕਿਹਨੂੰ ਕਿਹਨੂੰ ਸਮਝਾਵਾਂ ਜੀ ਕਰਦਾ ਥਾਣੇ ਜਾ ਕੇ ਮੈਂ ਰੱਪਟ ਲਿਖਾ ਕੇ ਆਵਾਂ ਹੁਣ ਦੱਸੋ ਸੜਕ ਤੁਹਾਨੂੰ ਕਿਉਂ ਚੌੜੀ ਕਰਨੀ ਪੈ ਗਈ ਆਬਾਦੀ ਤੁਸੀਂ ਵਧਾਈ ਸਜ਼ਾ ਰੁੱਖਾਂ ਨੂੰ ਭਰਨੀ ਪੈ ਗਈ ਪਰ ਰੁੱਖ ਨੂੰ ਨਹੀਂ ਤੁਹਾਨੂੰ ਚਾਹੀਦੀਆਂ ਹੋਣ ਸਜ਼ਾਵਾਂ ਜੀ ਕਰਦਾ ਥਾਣੇ ਜਾ ਕੇ ਮੈਂ ਰੱਪਟ ਲਿਖਾ ਕੇ ਆਵਾਂ ਜਦ ਬੰਦਾ ਬੰਦੇ ਨੂੰ ਮਾਰੇ, ਜਾਂਦੇ ਥਾਣੇ ਲੋਕ ਸਿਆਣੇ ਹੁਣ ਕਿਉਂ ਚੁੱਪ ਬੈਠੀ ਦੁਨੀਆਂ ਤਾਹੀਉਂ ਮੈਂ ਚਲਿਆਂ ਥਾਣੇ ‘ਘੇਈ’ ਮੈਂ ਮੁਨਸ਼ੀ ਤਾਈਂ ਦਫ਼ਾ ਤਿੰਨ ਸੌ ਦੋ ਲਿਖਾਵਾਂ ਜੀ ਕਰਦਾ ਥਾਣੇ ਜਾ ਕੇ ਮੈਂ ਰੱਪਟ ਲਿਖਾ ਕੇ ਆਵਾਂ

ਜਨਮ ਭੂਮੀ ਨਨਕਾਣਾ

ਤੇਰੇ ਪੰਜ ਸੌ ਪੰਜਾਹਵੇਂ ਜਨਮ ਦਿਨ ਉੱਤੇ ਮੈਂ ਕਿੱਡਾ ਮਜ਼ਬੂਰ ਹਾਂ ਬਾਬਾ ਤੇਰੀ ਜਨਮ ਭੂਮੀ ਨਨਕਾਣੇ ਤੋਂ ਮੈਂ ਬੈਠਾ ਕਿੰਨੀ ਦੂਰ ਹਾਂ ਬਾਬਾ ਜੀ ਕਰਦਾ ਹੈ ਜਨਮ ਭੋਏਂ ਦੀ ਆ ਕੇ ਮਿੱਟੀ ਮਸਤਕ ਲਾਵਾਂ ਪਰ ਬੰਦਿਆਂ ਜੋ ਖਿੱਚ ਦਿੱਤੀ ਹੈ ਕਿਵੇਂ ਲਕੀਰ ਮੈਂ ਟੱਪ ਕੇ ਆਵਾਂ ਵਿੱਚ ਵਿਛੋੜੇ ਤੜਫ਼ ਰਿਹਾ ਹਾਂ ਤਪਦਾ ਜਿਵੇਂ ਤੰਦੂਰ ਹਾਂ ਬਾਬਾ ਤੇਰੀ ਜਨਮ ਭੂਮੀ ਨਨਕਾਣੇ ਤੋਂ ਮੈਂ ਬੈਠਾ ਕਿੰਨੀ ਦੂਰ ਹਾਂ ਬਾਬਾ ਤੋੜ ਕੇ ਸੁੱਟ ਗਏ ਤੇਰੇ ਕੋਲੋਂ ਆਉਣ ਦਾ ਨਾ ਕੋਈ ਦਿੱਤਾ ਰਾਹ ਵਿਚ ਜੁਦਾਈ ਤੜਫ਼ ਰਹੇ ਹਾਂ ਸੁੱਖ ਦਾ ਨਾ ਕੋਈ ਆਵੇ ਸਾਹ ਮਰਜ਼ੀ ਕੋਈ ਨਾ ਚੱਲੇ ਕਿਉਂਕਿ ਲੀਡਰ ਨਾ ਮਸ਼ਹੂਰ ਹਾਂ ਬਾਬਾ ਤੇਰੀ ਜਨਮ ਭੂਮੀ ਨਨਕਾਣੇ ਤੋਂ ਮੈਂ ਬੈਠਾ ਕਿੰਨੀ ਦੂਰ ਹਾਂ ਬਾਬਾ ਤੂੰ ਜ਼ਿੰਦਗੀ ਵਿੱਚ ਕੀ ਕੁਝ ਕੀਤਾ ਕਰਾਮਾਤ ਇਕ ਹੋਰ ਵਿਖਾ ਦੇ ਰੋਕਾਂ ਦਰਸ਼ਨ ਤੇ ਜੋ ਲੱਗੀਆਂ ਤੋੜ ਕੇ ਸਿੱਧਾ ਰਾਹ ਬਣਾ ਦੇ 'ਘੇਈ' ਤੇ ਇਹ ਬਖਸ਼ਿਸ਼ ਕਰਦੇ ਰਹਿਮਤਾਂ ਸੰਗ ਭਰਪੂਰ ਹਾਂ ਬਾਬਾ ਤੇਰੀ ਜਨਮ ਭੂਮੀ ਨਨਕਾਣੇ ਤੋਂ ਮੈਂ ਬੈਠਾ ਕਿੰਨੀ ਦੂਰ ਹੈ ਬਾਬਾ ਜਨਮ ਅਸਥਾਨ ਹੈ ਤੇਰਾ ਬਾਬਾ ਮੈਂ ਚਾਹੁੰਦਾ ਹਾਂ ਦਰਸ਼ਨ ਪਾਉਣਾ ਇਕ ਦੇਸ਼ ਨੇ ਆਗਿਆ ਦੇਣੀ ਦੂਜੇ ਨੇ ਫਿਰ ਵੀਜ਼ਾ ਲਾਉਣਾ ਥਾਂ ਥਾਂ ਚੱਕਰ ਕੱਢਣੇ ਪੈਂਦੇ ਥੱਕ ਕੇ ਹੋਇਆ ਚੂਰ ਹਾਂ ਬਾਬਾ ਤੇਰੀ ਜਨਮ ਭੂਮੀ ਨਨਕਾਣੇ ਤੋਂ ਮੈਂ ਬੈਠਾ ਕਿੰਨੀ ਦੂਰ ਹਾਂ ਬਾਬਾ

ਬਿਰਹੁੰ ਦੀ ਸੂਲੀ

ਬਿਰਹੁੰ ਦੀ ਸੂਲੀ ਉੱਤੇ ਚੰਨਾਂ ਸਾਨੂੰ ਚਾੜ੍ਹੀਂ ਨਾ ਦਿੱਲ ਦਿਆਂ ਫੁੱਲਾਂ ਤਾਈਂ ਹਿਜ਼ਰਾਂ 'ਚ ਸਾੜੀਂ ਨਾ ਪਿਆਰ ਦਿਆਂ ਮੋਤੀਆਂ ਨੂੰ ਦੱਬੀਏ ਨਾ ਹਾਣੀਆਂ ਦੱਬਿਆਂ ਮਚਲ ਪੈਂਦੇ ਹੋਰ ਦਿੱਲ ਜਾਨੀਆਂ ਆਸਾਂ ਵਾਲੇ ਸੁਪਨੇ ਦਾ ਬਾਗ਼ ਤੂੰ ਉਜਾੜੀਂ ਨਾ ਦਿੱਲ ਦੀਆਂ ਫੁੱਲਾਂ ਤਾਈਂ ਹਿਜ਼ਰਾਂ 'ਚ ਸਾੜੀਂ ਨਾ ਪਿਆਰ ਪਿੱਛੋਂ ਪਾਈਏ ਪਹਿਲਾਂ ਜਾਨ ਤਲੀ ਧਰੀਏ ਦੁਨੀਆਂ ਦੇ ਮਿਹਣੇ ਸਿਰ ਮੱਥੇ ਲਾ ਕੇ ਜ਼ਰੀਏ ਮੇਰੇ ਅਰਮਾਨਾਂ ਤਾਈਂ ਸੋਹਣਿਆਂ ਲਤਾੜੀਂ ਨਾ ਦਿਲ ਦੀਆਂ ਫੁੱਲਾਂ ਤਾਈਂ ਹਿਜ਼ਰਾਂ 'ਚ ਸਾੜੀਂ ਨਾ ਸੋਚਣਾਂ ਕਿ ਡੁੱਬ ਜਾਊਂ ਸੋਚ ਹੈ ਨਿਕਾਰੇ ਦੀ ਕੱਚੇ ਘੜੀਂ ਠਿਲ੍ਹ ਪੈਣਾਂ ਰੀਤ ਹੈ ਪਿਆਰੇ ਦੀ ਪਿਆਰਿਆਂ ਦੇ ਕਾਰਨਾਮੇ ਵੇਖੀਂ ਤੂੰ ਵਿਸਾਰੀਂ ਨਾ ਪਿਆਰ ਦਿਆਂ ਫੁੱਲਾਂ ਤਾਈਂ ਹਿਜ਼ਰਾਂ ਚ ਸਾੜੀਂ ਨਾ ਦੁਨੀਆਂ ਦੇ ਤਾਨ੍ਹਿਆਂ ਤੋਂ ਕਾਹਨੂੰ ਗਿਐਂ ਡਰ ਵੇ ਡਰ ਕੇ ਤੇ ਪਿਆਰ ਵੱਲ ਬੈਠੋਂ ਪਿੱਠ ਕਰ ਵੇ ਰੋਣੇਂ ਗਲ ਪਾ ਕੇ ਸਾਡੀ ਸੂਰਤ ਵਿਗਾੜੀਂ ਨਾ ਦਿੱਲ ਦੀਆਂ ਫੁੱਲਾਂ ਤਾਈਂ ਹਿਜ਼ਰਾਂ ਚ ਸਾੜੀਂ ਨਾ ਦਿੱਲ ਦੀਆਂ ਤਾਂਘਾਂ ਆਸਾਂ ਕੂਲੇ ਕੂਲੇ ਫੁੱਲ ਵੇ 'ਘੇਈ' ਕਿਤੇ ਜਾਵੀਂ ਨਾ ਤੂੰ ਇਹਨਾਂ ਤਾਈਂ ਭੁੱਲ ਦੇ ਤੇਰੇ ਬਾਜੋਂ ਮੈਨੂੰ ਸੁੱਖ ਕਿਸੇ ਮਹਿਲੀਂ ਮਾੜੀਂ ਨਾ ਦਿਲ ਦਿਆਂ ਫੁੱਲਾਂ ਤਾਈਂ ਹਿਜ਼ਰਾਂ 'ਚ ਸਾੜੀਂ ਨਾ

ਬਿਆਸ ਦੀਆਂ ਛੱਲਾਂ ਵੇ

ਭੱਜੀ ਭੱਜੀ ਜਾਨੀ ਆਂ ਮੈਂ ਨੱਠੀ ਨੱਠੀ ਜਾਨੀ ਆਂ ਤੱਕਦੀ ਬਿਆਸ ਦੀਆਂ ਛੱਲਾਂ ਵੇ ਢੋਲ ਪਰਦੇਸੀ ਸਿਰਨਾਵਾਂ ਮੈਨੂੰ ਭੇਜਿਆ ਨਾ ਦੱਸ ਮੈਂ ਸੁਨੇਹਾ ਕਿੱਥੇ ਘੱਲਾਂ ਵੇ ਤੱਕਦੀ ਬਿਆਸ ਦੀਆਂ ਛੱਲਾਂ ਵੇ ਨੱਠੀ ਨੱਠੀ ਜਾਨੀ ਆਂ ਮੈਂ ਉੱਡੀ ਉੱਡੀ ਜਾਨੀ ਆਂ ਸਤਲੁਜ ਲੰਘਦੀ ਆਂ ਤਰ ਵੇ ਕਾਹਨੂੰ ਪਰਦੇਸਾਂ ਵਿੱਚ ਹੌਕੇ ਲਵੇਂ ਹਾਣੀਆਂ ਵੇ ਹੂਰਾਂ ਜਿਹੀ ਨਾਰ ਤੇਰੇ ਘਰ ਵੇ ਸਤਲੁਜ ਲੰਘਦੀ ਆਂ ਤਰ ਵੇ ਦੌੜੀ ਦੌੜੀ ਜਾਨੀ ਆਂ ਮੈਂ ਨੱਠੀ ਨੱਠੀ ਜਾਨੀ ਆਂ ਤੱਕਦੀ ਝਨਾਂ ਦਾ ਠੰਡਾ ਪਾਣੀ ਵੇ ਕਲ੍ਹੀ ਤਾਈਂ ਹੌਲ ਉੱਠਦੇ ਨੇ ਚੰਨਾਂ ਆਸ਼ਕਾਂ ਨੇ ਰਲ ਕੇ ਜਵਾਨੀ ਇਥੇ ਮਾਣੀ ਦੇ ਤੱਕਦੀ ਝਨਾਂ ਦਾ ਠੰਡਾ ਪਾਣੀ ਵੇ ਭੱਜੀ ਭੱਜੀ ਜਾਨੀ ਆਂ ਮੈਂ ਦੌੜੀ ਦੌੜੀ ਜਾਨੀ ਆਂ ਵੇਖਦੀ ਆਂ ਰਾਵੀ ਵਾਲੇ ਵਹਿਣ ਵੇ ਮਚਲਿਆ ਅੰਗ ਅੰਗ ਕੂਕਦੀ ਜਵਾਨੀ ਮੇਰੀ ਮਾਰਦੇ ਆਵਾਜ਼ਾਂ ਤੈਨੂੰ ਨਣੈ ਵੇ ਵੇਖਦੀ ਆਂ ਰਾਵੀ ਵਾਲੇ ਵਹਿਣ ਵੇ ਉੱਡੀ ਉੱਡੀ ਜਾਨੀ ਆਂ ਮੈਂ ਭੱਜੀ ਭੱਜੀ ਜਾਨੀ ਆਂ ਜਿਹਲਮ ਦੇ ਤੱਕਦੀ ਆਂ ਰੋੜ੍ਹ ਵੇ ਸਾਹਿਬ ਜਿਹੜਾ ਚੰਨਾਂ ਤੈਨੂੰ ਛੁੱਟੀਆਂ ਨਾ ਦੇਵੇ 'ਘੇਈ' ਹੋਵੇ ਓਸ ਚੰਦਰੇ ਨੂੰ ਕੋਹੜ ਵੇ ਜਿਹਲਮ ਦੇ ਤੱਕਦੀ ਆਂ ਰੋੜ੍ਹ ਵੇ

ਸ਼ੀਸ਼ਾ ਬੋਲ ਪਿਆ

ਜਦ ਗੋਰੀ ਜਦ ਗੋਰੀ ਬੈਠੀ ਕਾਂਟੇ ਪਾ ਕੇ ਕਾਂਟੇ ਬੋਲ ਪਏ ਸੁਣ ਗੋਰੀਏ ਸੁਣ ਗੋਰੀਏ ਸੁਣ ਲੈ ਨੀ ਕੰਨ ਲਾ ਕੇ ਕਾਂਟੇ ਬੋਲ ਪਏ ਅਸੀਂ ਭਾਵੇਂ ਕਰੀ ਜਾਈਏ ਝੂਠੀ ਮੁੱਠੀ ਮਾਣ ਨੀ ਤੇਰੇ ਕੰਨੀਂ ਪੈ ਕੇ ਸਾਡੀ ਦੂਣੀ ਚੌਣੀ ਸ਼ਾਨ ਨੀ ਨੱਚਦੇ ਨੇ ਨੱਚਦੇ ਨੇ ਕਾਂਟੇ ਲੋਰ ਵਿੱਚ ਆ ਕੇ ਕਾਂਟੇ ਬੋਲ ਪਏ ਜਦ ਗੋਰੀ ਜਦ ਗੋਰੀ ਬੈਠੀ ਚਰਖਾ ਡਾਹ ਕੇ ਚਰਖਾ ਬੋਲ ਪਿਆ ਸੁਣ ਗੋਰੀਏ ਸੁਣ ਗੋਰੀਏ ਸੁਣ ਲੈ ਨੀ ਕੰਨ ਲਾ ਕੇ ਚਰਖਾ ਬੋਲ ਪਿਆ ਅੱਜ ਤੱਕ ਘੁੰਮ ਘੁੰਮ ਰਿਹਾ ਸੀ ਪੁਕਾਰ ਮੈਂ ਗੋਰੀ ਕੋਲ ਬੈਠੀ ਗਾਏ ਰਾਗ ਮਲਹਾਰ ਮੈਂ ਘੁੰਮਦਾ ਹੈ ਘੁੰਮਦਾ ਹੈ ਤਕਲਾ ਲੋਰ ਵਿੱਚ ਆ ਕੇ ਚਰਖਾ ਬੋਲ ਪਿਆ ਜਦ ਗੋਰੀ ਜਦ ਗੋਰੀ ਉੱਡੀ ਪੀਂਘ ਚੜ੍ਹਾ ਕੇ ਪੀਂਘ ਵੀ ਬੋਲ ਪਈ ਸੁਣ ਗੋਰੀਏ ਸੁਣ ਗੋਰੀਏ ਸੁਣ ਲੈ ਨੀ ਕੰਨ ਲਾ ਕੇ ਪੀਂਘ ਵੀ ਬੋਲ ਪਈ ਸੁਣ ਮੁਟਿਆਰੇ ਤੇਰਾ ਫੁੱਲਾਂ ਜਿਹਾ ਭਾਰ ਨੀ ਦਿਲ ਕਰੇ ਲੈ ਜਾਂ ਤੈਨੂੰ ਬੱਦਲਾਂ ਤੋਂ ਪਾਰ ਨੀ ਚੜ੍ਹਦੀ ਹੈ ਚੜ੍ਹਦੀ ਹੈ ਪੀਂਘ ਲੋਰ ਵਿਚ ਆ ਕੇ ਪੀਂਘ ਵੀ ਬੋਲ ਪਈ ਜਦ ਗੋਰੀ ਜਦ ਗੋਰੀ ਬੈਠੀ ਸੁਰਮਾ ਪਾ ਕੇ ਸ਼ੀਸ਼ਾ ਬੋਲ ਪਿਆ ਸੁਣ ਗੋਰੀਏ ਸੁਣ ਗੋਰੀਏ ਸੁਣ ਲੈ ਨੀ ਕੰਨ ਲਾ ਕੇ ਸ਼ੀਸ਼ਾ ਬੋਲ ਪਿਆ ਮਿਰਗਾਂ ਜਿਹੇ ਨੈਣ ਨਾ ਤੂੰ ਤੱਕ ਮੇਰੇ ਵੱਲ ਨੀ ਸੁਰਮੇ ਦੀ ਧਾਰ ਵਿੱਚੋਂ ਤੀਰ ਰਹੇ ਚੱਲ ਨੀ ਡਿੱਗ ਪੈਣਗੇ ਡਿੱਗ ਪੈਣਗੇ ਲੋਕੀਂ ਨੀ ਫੱਟ ਖਾ ਕੇ ਸ਼ੀਸ਼ਾ ਬੋਲ ਪਿਆ

ਸੱਸੀਏ

ਪਏ ਪੈਰਾਂ ਵਿੱਚ ਛਾਲੇ ਮਾਹੀ ਮਿਲਿਆ ਨਾ ਹਾਲੇ ਤੈਨੂੰ ਕਰਮਾਂ ਤੋਂ ਹਾਰੀ ਸੱਸੀਏ ਨੀ ਇਸ਼ਕਾਂ ਦੀ ਮਾਰੀ ਸੱਸੀਏ ਦੇ ਗਏ ਕਰਮ ਤੈਨੂੰ ਹਾਰ ਨੀ ਸੱਸੀਏ ਹੋਇਆ ਨਾ ਮਾਹੀ ਦਾ ਦੀਦਾਰ ਨੀ ਸੱਸੀਏ ਗੁੰਮ ਗਏ ਡਾਚੀ ਵਾਲੇ ਮਾਹੀ ਮਿਲਿਆ ਨਾ ਹਾਲੇ ਪੈਰ ਨੇ ਕੂਲੇ ਤੇਰੇ ਧੁੱਪ ਹਤਿਆਰੀ ਨੀ ਪਿਆਰ ਤੇਰੇ ਦੀ ਹੋਈ ਪਰਖ ਵੀ ਭਾਰੀ ਨੀ ਤੁਰੀ ਜਾ ਏਸੇ ਚਾਲੇ ਮਾਹੀ ਮਿਲਿਆ ਨਾ ਹਾਲੇ ਸੌਖਾ ਨਹੀਂ ਹੁੰਦਾ ਕਿਤੇ ਇਸ਼ਕੇ ਦਾ ਕਰਨਾ ਪੈਂਦਾ ਥਲਾਂ ਵਿੱਚ ਸੜ ਸੜ ਕੇ ਮਰਨਾ ਕਿਹੜੇ ਦੁੱਖ ਨਾ ਤੂੰ ਜਾਲੇ ਮਾਹੀ ਮਿਲਿਆ ਨਾ ਹਾਲੇ ਪਈ ਜੋ ਤੇਰੇ ਸਿਰ ਕੱਟ ਲੈ ਨੀ ਸੱਸੀਏ ਬਿਰਹੁੰ ਦੇ ਪਏ ਸਹਿ ਫੱਟ ਲੈ ਨੀ ਸੱਸੀਏ 'ਘੇਈ' ਰੋਗ ਦਿੱਲ ਵਾਲੇ ਮਾਹੀ ਮਿਲਿਆ ਨਾ ਹਾਲੇ

ਵਣਜਾਰਾ

ਸੁਣ ਵਣਜਾਰਿਆ ਵੇ ਅੱਖਾਂ ਦੇ ਤਾਰਿਆ ਵੇ ਵੰਗਾਂ ਦੇ ਮੈਨੂੰ ਤੂੰ ਚੜ੍ਹਾ ਮਾਹੀ ਮੇਰਾ ਲੈ ਛੁੱਟੀਆਂ ਆਇਆ ਲਵਾਂ ਮੈਂ ਸ਼ਗਨ ਮਨਾ ਚਿਰਾਂ ਪਿੱਛੋਂ ਢੋਲ ਮੇਰਾ ਛੁੱਟੀ ਲੈ ਕੇ ਆਇਆ ਏ ਸ਼ੁਕਰ ਇਹ ਦਿਨ ਰੱਬ ਮੇਰੇ ਤੇ ਲਿਆਇਆ ਏ ਅੱਜ ਲਾਵ੍ਹਾਂਗੀ ਮੈਂ ਦਿਲ ਵਾਲੇ ਚਾਅ ਵੰਗਾਂ ਦੇ ਮੈਨੂੰ ਤੂੰ ਚੜ੍ਹਾ ਲਾਲ ਕਰੂੰ ਬੁਲ੍ਹਾਂ ਨੂੰ ਮੈਂ ਸੁਰਖੀ ਦੇ ਨਾਲ ਵੇ ਹੱਸ ਹੱਸ ਮਾਹੀ ਨੂੰ ਮੈਂ ਕਰੂੰਗੀ ਨਿਹਾਲ ਵੇ ਮਾਹੀ ਵੇਖ ਮੈਨੂੰ ਜਾਊ ਨਸ਼ਿਆ ਵੰਗਾਂ ਦੇ ਮੈਨੂੰ ਤੂੰ ਚੜ੍ਹਾ ਚੀਰ ਚ ਸੰਧੂਰ ਪਾ ਕੇ ਮੱਥੇ ਬਿੰਦੀ ਲਾਵਾਂਗੀ ਮਾਹੀ ਮਿਲਣੇਂ ਦੀ ਖੁਸ਼ੀ ਜੱਗ ਨੂੰ ਵਿਖਾਵਾਂਗੀ ਖੁਸ਼ੀ ਜਾਮੇ ਵਿੱਚ ਰਹੀ ਨਾ ਸਮਾ ਵੰਗਾਂ ਦੇ ਮੈਨੂੰ ਤੂੰ ਚੜ੍ਹਾ ਸੋਹਣੇਂ ਤਾਈਂ ਕਿਧਰੇ ਨਾ ਲੱਗੀ ਹੋਵੇ ਭੁੱਖ ਨੀ ਸੱਸੇ ਰੋਟੀ ਪਾ ਦੇ ਮੈਂ ਤਾਂ ਕਰਾਂ ਦੁੱਖ ਸੁੱਖ ਨੀ 'ਘੇਈ' ਲਿਆ ਅੱਜ ਸੁੱਖ ਦਾ ਮੈਂ ਸਾਹ ਵੰਗਾਂ ਦੇ ਮੈਨੂੰ ਤੂੰ ਚੜ੍ਹਾ

ਬਾ-ਇਜ਼ਤ ਕੈਦੋ

ਕੌਣ ਕਹੇ ਕੈਦੋ ਨੂੰ ਮਾੜਾ ਕੈਦੋ ਸੀ ਬਾ-ਇੱਜ਼ਤ ਬੰਦਾ ਉਸਦੀ ਇੱਕ ਭਤੀਜੀ ਲੋਫ਼ਰ 'ਹੀਰ' ਜਿਸਨੂੰ ਕਹਿੰਦੇ ਲੋਕੀਂ ਆਪਣੀ ਜ਼ਿੱਦ ਪੁਗਾਉਣ ਲਈ ਉਸ ਮਾਂ ਪਿਓ ਚਾਚੇ ਦੀ ਇੱਜ਼ਤ ਨੂੰ ਚਾਹਿਆ ਘੱਟੇ ਮਿੱਟੀ ਰੋਲਣਾ ਦੂਜੇ ਪਾਸੇ ਦੀ ਵੀ ਸੁਣ ਲਓ ਆਪਣੇ ਅਮੀਰ ਪਿਓ ਦਾ ਪੁੱਤਰ ਰਾਂਝਾ ਸੀ ਇਕ ਵਿਗੜਿਆ ਮੁੰਡਾ ਮੁੰਡਾ ਨਹੀਂ ਅਸਲੋਂ ਹੀ ਗੁੰਡਾ ਮੱਝਾਂ ਦਾ ਵਪਾਰ ਕਰਨ ਲਈ ਆਇਆ ਜਦ ਸਿਆਲੀਂ ਸੀ ਉਹ ਦੋਵੇਂ ਵਿਗੜੇ ਹੀਰ ਤੇ ਰਾਂਝਾ ਰਲ ਕੇ ਖੇਹ ਉਡਾਵਣ ਲੱਗੇ ਕੈਦੋ ਦੀ ਲੱਖਾਂ ਦੀ ਇੱਜ਼ਤ ਮਿੱਟੀ ਵਿੱਚ ਮਿਲਾਵਣ ਲੱਗੇ ਕੀ ਫਿਰ ਕੈਦੋ ਜ਼ਰ ਸਕਦਾ ਸੀ ਕੀ ਕੋਈ ਅੱਜ ਵੀ ਜ਼ਰ ਸਕਦਾ ਹੈ ਕਿ ਕੋਈ ਉੱਠ ਕੇ ਇੱਕ ਮੁਸ਼ਟੰਡਾ ਮਾਂ ਪਿਓ ਤੋਂ ਬਾਗੀ ਹੋਇਆ ਕਿਸੇ ਬੇਦੋਸ਼ੇ ਦੀ ਇੱਜ਼ਤ ਨੂੰ ਆਪਣੇ ਪੈਰਾਂ ਦੇ ਵਿੱਚ ਰੋਲੇ ਬੱਸ ਫਿਰ ਕੈਦੋ ਨੇ ਉਹ ਕੀਤਾ ਜੋ ਕੁਝ ਕੋਈ ਕਰ ਸਕਦਾ ਹੈ ਆਪਣਾ ਨੱਕ ਬਚਾਵਣ ਖਾਤਰ ਡੱਟ ਕੇ ਉਸ ਵਿਰੋਧ ਸੀ ਕੀਤਾ ਇਸ ਬੇਸ਼ਰਮੀ ਜੋੜੀ ਦਾ ਤੇ ਆਖਰ ਸੌ ਹੀਲੇ ਕਰਕੇ ਕੈਦੋ ਦੀ ਹੀ ਜਿੱਤ ਹੋਈ ਸੀ ਕਿਉਂਕਿ ਸੱਚ ਦੀ ਜਿੱਤ ਹੁੰਦੀ ਹੈ

ਹੜ੍ਹ ਪੀੜਤ

ਕਿਸ ਨੂੰ ਪਿਆ ਉਡੀਕ ਰਿਹਾ ਏਂ ਏਥੇ ਹੁਣ ਨਾ ਕਿਸੇ ਨੇ ਆਉਣਾ ਫ਼ੋਟੋ ਲੁਹਾ ਕੇ ਤੁਰ ਗਏ ਸਾਰੇ ਝੋਲੀ ਕਿਸੇ ਨੇ ਖੈ਼ਰ ਨਾ ਪਾਉਣਾ ਜਿਹੜੀ ਉੱਚੀ ਥਾਂ ਤੇ ਬੈਠਾਂ ਇਥੋਂ ਪਿੰਡ ਦਿਖਾਈ ਦਿੰਦਾ ਪਿੰਡ ਕਾਹਦਾ ਬਸ ਛੱਤਾਂ ਛੱਤਾਂ ਨਾ ਕੋਈ ਬੰਦਾ ਨਾ ਪਰਿੰਦਾ ਮੰਜੇ ਬਿਸਤਰੇ ਰੁੜ੍ਹ ਗਏ ਤੇਰੇ ਫੜ੍ਹ ਕੇ ਤੂੰ ਬਚਾਅ ਨਾ ਸਕਿਆ ਸਾਰਾ ਸਾਲ ਜੋ ਕਣਕ ਸੀ ਖਾਣੀ ਭੜੋਲਾ ਰੁੜ੍ਹਦਾ ਵੀ ਤੂੰ ਤੱਕਿਆ ਧੀ ਦੇ ਦਾਜ ਦੀ ਪੇਟੀ ਰੁੜ੍ਹ ਗਈ ਰੁੜ੍ਹਿਆ ਰਸੋਈ ਦਾ ਸਮਾਨ ਅੱਜ ਰੋਟੀ ਨੂੰ ਤਰਸ ਰਿਹਾ ਹੈਂ ਕੱਲ੍ਹ ਤੱਕ ਕਰਦਾ ਸੀ ਤੂੰ ਦਾਨ ਫ਼ਸਲਾਂ ਦਾ ਵੀ ਘਾਣ ਹੋ ਗਿਆ ਮਸ਼ੀਨਾਂ ਤੇਰੀਆਂ ਹੋਈਆਂ ਢੇਰ ਹਰ ਪਾਸੇ ਹੈ ਗੱਜਦਾ ਫਿਰਦਾ ਪਾਣੀ ਬਣ ਕੇ ਬੱਬਰ ਸ਼ੇਰ ਅਹੁੱਦਿਆਂ ਵਾਲੇ ਵਾਰੋ ਵਾਰੀ ਆ ਕੇ ਤੱਕ ਗਏ ਤੇਰਾ ਹਾਲ ਗਰਾਂਟਾਂ ਦਾ ਉਹ ਦੇਣ ਹੌਂਸਲਾ ਫਾਈਲਾਂ ਤੁਰਦੀਆਂ ਜੂੰ ਦੀ ਚਾਲ ਲੰਗਰ ਲੈ ਕੇ ਲੋਕੀਂ ਆਏ ਤੇਰੇ ਤੋਂ ਪਰ ਰਹਿ ਗਏ ਦੂਰ ਬੇੜੀਆਂ ਦਾ ਪ੍ਰਬੰਧ ਨਾ ਹੋਇਆ ਤੂੰ ਭੁੱਖਾ ਤੇ ਉਹ ਮਜ਼ਬੂਰ ‘ਘੇਈ’ ਫ਼ਿਕਰ ਨਾ ਕਰ ਕੁਝ ਲੋਕ ਤਾਂ ਲੈ ਰਹੇ ਹਨ ਤੇਰੀ ਸਾਰ ਬੰਦਾ ਹੀ ਬੰਦੇ ਦਾ ਦਾਰੂ ਅਸੀਂ ਵੰਡਾਂਗੇ ਤੇਰਾ ਭਾਰ

ਅੰਮ੍ਰਿਤਸਰ ਤੋਂ ਲਾਹੌਰ

ਰਿਸ਼ਤਾ ਸੀ ਭਰਾਵਾਂ ਵਰਗਾ ਚੂਰ ਹੋ ਗਿਆ ਅੰਮ੍ਰਿਤਸਰ ਤੋਂ ਲਾਹੌਰ ਬੜਾ ਹੁਣ ਦੂਰ ਹੋ ਗਿਆ ਚੌਥੇ ਸਤਿਗੁਰ ਲਾਹੌਰ ਵਿੱਚ ਅਵਤਾਰ ਧਾਰਿਆ ਸੀ ਅੰਮ੍ਰਿਤਸਰ ਬਣਵਾ ਕੇ ਫਿਰ ਉਹਨਾਂ ਸਵਾਰਿਆ ਸੀ ਮਿਹਰਾਂ ਨਾਲ ਸ਼ਹਿਰ ਬੜਾ ਭਰਪੂਰ ਹੋ ਗਿਆ ਅੰਮ੍ਰਿਤਸਰ ਤੋਂ ਲਾਹੌਰ ਬੜਾ ਹੁਣ ਦੂਰ ਹੋ ਗਿਆ ਅੰਮ੍ਰਿਤਸਰ ਹਰਿਮੰਦਰ ਪੰਜਵੇਂ ਗੁਰਾਂ ਬਣਾਇਆ ਸੀ ਲਾਹੌਰ ਪਾ ਕੇ ਸ਼ਹੀਦੀ ਸਿੱਖੀ ਮਹਿਲ ਬਚਾਇਆ ਸੀ ਪੱਕਾ ਰਿਸ਼ਤਾ ਸ਼ਹਿਰਾਂ ਦਾ ਮਸ਼ਹੂਰ ਹੋ ਗਿਆ ਅੰਮ੍ਰਿਤਸਰ ਤੋਂ ਲਾਹੌਰ ਬੜਾ ਹੁਣ ਦੂਰ ਹੋ ਗਿਆ ਆਜ਼ਾਦੀ ਵੇਲੇ ਅੰਗਰੇਜ਼ਾਂ ਨੇ ਸੀ ਹੱਦ ਮੁਕਾ ਦਿੱਤੀ ਪੱਕੀ ਖਿੱਚ ਲਕੀਰ ਦੋਹਾਂ ਵਿੱਚ ਵੰਡੀ ਪਾ ਦਿੱਤੀ ਦਸ ਲੱਖ ਨਾਲ ਪੰਜਾਬੀ ਕਤਲ ਜ਼ਰੂਰ ਹੋ ਗਿਆ ਅੰਮ੍ਰਿਤਸਰ ਤੋਂ ਲਾਹੌਰ ਬੜਾ ਹੁਣ ਦੂਰ ਹੋ ਗਿਆ ਤੀਹ ਮੀਲ ਦਾ ਸਫ਼ਰ ਪਹੁੰਚ ਤੋਂ ਦੂਰ ਬਣਾ ਦਿੱਤਾ ਪਾਸਪੋਰਟ ਤੇ ਵੀਜ਼ੇ ਦਾ ਵਿੱਚ ਚੱਕਰ ਪਾ ਦਿੱਤਾ ਵਿਛੋੜੇ ਝੱਲਣ ਲਈ ਬੰਦਾ ਮਜ਼ਬੂਰ ਹੋ ਗਿਆ ਅੰਮ੍ਰਿਤਸਰ ਤੋਂ ਲਾਹੌਰ ਬੜਾ ਹੁਣ ਦੂਰ ਹੋ ਗਿਆ ਏਧਰ ਓਧਰ ਦਾ ਅਵਾਮ ਤਾਂ ਮਿਲਣਾ ਚਾਹੁੰਦਾ ਹੈ ਸਿਆਸਤਦਾਨ ਪਰ ਦੋਹਾਂ ਵਿੱਚ ਵਿਤਕਰੇ ਪਾਉਂਦਾ ਹੈ 'ਘੇਈ' ਸਾਰੇ ਹਾਕਮਾਂ ਨੂੰ ਹੈ ਗ਼ਰੂਰ ਹੋ ਗਿਆ ਅੰਮ੍ਰਿਤਸਰ ਤੋਂ ਲਾਹੌਰ ਬੜਾ ਹੁਣ ਦੂਰ ਹੋ ਗਿਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਬੰਸ ਸਿੰਘ 'ਘੇਈ' ਸਠਿਆਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ