Punjabi Poetry : Gurtej Koharwala

ਪੰਜਾਬੀ ਕਵਿਤਾਵਾਂ : ਗੁਰਤੇਜ ਕੋਹਾਰਵਾਲਾ


ਕਿਤਾਬਾਂ ਵਰਗਿਆਂ ਲੋਕਾਂ ਨੂੰ

ਕਿਤਾਬਾਂ ਵਰਗਿਆਂ ਲੋਕਾਂ ਨੂੰ ਖ਼ੁਦ ਵਿਚ ਜੋੜ ਲੈਂਦਾ ਹਾਂ। ਮਿਲੇ ਗਹਿਰਾ ਕਿਤੇ ਲਿਖਿਆ, ਤਾਂ ਵਰਕਾ ਮੋੜ ਲੈਂਦਾ ਹਾਂ। ਜੇ ਖੁੱਲ੍ਹੇ ਜਾਣ ਦੇਵਾਂ, ਜਾਣਗੇ ਤੇਰੀ ਤਰਫ਼ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ, ਮੈਂ ਉਸ ਦੀ ਰਾਤ ’ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਵਹਾ ਦਿੰਦਾ ਹਾਂ ਫੁੱਲਾਂ ਵਾਂਗ, ਜੋ ਮੇਰੇ ਨਹੀਂ ਰਹਿੰਦੇ, ਵਿਦਾਈ ਬਾਅਦ, ਫਿਰ ਪਾਣੀ ਪਿਛਾਂਹ ਨੂੰ ਮੋੜ ਲੈਂਦਾ ਹਾਂ। ਮੈਂ ਅਪਣੀ ਨੀਂਦ ਵਿਚ ਵੀ ਜਾਗਦਾ ਰਹਿਨਾਂ ਕਿਸੇ ਥਾਂ ਤੋਂ, ਜਦੋਂ ਸੱਚ ਹੋਣ ਨੂੰ ਆਵੇ, ਤਾਂ ਸੁਪਨਾ ਤੋੜ ਲੈਂਦਾ ਹਾਂ।

ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ

ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ। ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦੈ, ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਇੱਥੇ ਕਾਲੇ ਦਰਖਤਾਂ ਦੀ ਛਾਂ ਹੈ ਅਜੇ, ਸਾਡਾ ਸੂਰਜ ਵੀ ਗੈਰਾਂ ਦੇ ਨਾਂ ਹੈ ਅਜੇ, ਐਸੀ ਥਾਵੇਂ ਕੀ ਬੀਜਾਂਗੇ ਸੂਰਜਮੁਖੀ, ਜਿਹੜੇ ਬੀਜਾਂਗੇ ਆਥਣ ਨੂੰ ਸੁੱਕ ਜਾਣਗੇ। ਇਹ ਪਰਿੰਦੇ ਤਾਂ ਇੱਥੇ ਹੀ ਰਹਿਣੇ ਸਦਾ, ਏਥੋਂ ਉੱਡਣੇ ਤੇ ਇੱਥੇ ਹੀ ਬਹਿਣੇ ਸਦਾ, ਤੇਰੇ ਜੰਗਲ ਚ ਜੇ ਨਾਂ ਇਜਾਜ਼ਤ ਮਿਲੀ, ਮੇਰੇ ਖ਼ਾਬਾਂ ਦੇ ਰੁੱਖ ਹੇਠ ਜਾ ਬਹਿਣਗੇ। ਅੱਗ ਅੰਨੀਂ ਹੈ, ਪਾਗਲ ਹੈ, ਮੂੰਹਜ਼ੋਰ ਹੈ, ਇਹ ਨਾ ਸਮਝੀਂ ਕੇ ਸੜਦਾ ਕੋਈ ਹੋਰ ਹੈ, ਲਾਬੂ ਇਧਰ ਦੀ ਲੰਘੇ ਜਦੋਂ ਟਹਿਲਦੇ, ਖੌਰੇ ਕਿੰਨਾਂ ਬਰੂਹਾਂ ਤੇ ਰੁਕ ਜਾਣਗੇ।

ਬੜਾ ਸੀ ਬੋਝ ਹਲਕੇ ਰਿਸ਼ਤਿਆਂ ਦਾ

ਬੜਾ ਸੀ ਬੋਝ ਹਲਕੇ ਰਿਸ਼ਤਿਆਂ ਦਾ, ਚੁਕਾ ਕੇ ਕਰਜ਼ ਹੌਲਾ ਹੋ ਗਿਆ ਹਾਂ। ਮੁਸਾਫ਼ਰ ਤੁਰ ਗਏ ਮੇਰੇ ਚੋਂ ਮੇਰੇ, ਮੈਂ ਪਹਿਲਾਂ ਵਾਂਗ ਰਸਤਾ ਹੋ ਗਿਆ ਹਾਂ। ਬਚਾਈਂ ਝੋਕਰੋਂ ਮੈਨੂੰ ਹਮੇਸ਼ਾ ਕਿਸੇ ਲਿਸ਼ਕੋਰ ਦੇ ਮੱਥੇ ਨਾ ਲਾਈਂ, ਕਦੇ ਪਾਣੀ ਸਾਂ ਮੈਂ ਲਹਿਰਾਂ ’ਚ ਵਗਦਾ ਕਿ ਹੁਣ ਪਥਰਾ ਕੇ ਸ਼ੀਸ਼ਾ ਹੋ ਗਿਆ ਹਾਂ। ਹਨੇਰੇ ਦੀ ਫਸਲ ਨੂੰ ਕਟਦਿਆਂ ਮੈਂ, ਦੁਮੇਲਾਂ ਤੀਕ ਮਰ ਕੇ ਪਹੁੰਚਿਆਂ ਸਾਂ, ਹੁਣੇ ਸੂਰਜ ਨੇ ਮੈਨੂੰ ਵੇਖਣਾ ਸੀ ਮੈਂ ਕਿੱਥੇ ਆ ਕੇ ਅੰਨ੍ਹਾ ਹੋ ਗਿਆ ਹਾਂ। ਕਥਾ ਤਾਂ ਸਿਰਫ਼ ਓਨੀ ਸੀ ਜਦੋਂ ਤਕ ਲਹੂ ਸੀ ਬੋਲਦਾ, ਹੰਝੂ ਸੀ ਸੱਚੇ, ਕਿਸੇ ਨਾਟਕ ਦਾ ਹੁਣ ਤਾਂ ਅੰਤ ਹਾਂ ਮੈਂ ਜੋ ਲੋੜੋਂ ਵਧ ਕੇ ਲੰਮਾ ਹੋ ਗਿਆ ਹਾਂ। ਮੈਂ ਆਪਣੇ ਲਫਜ਼ ਡਿਗਦੇ ਵੇਖਦਾ ਹਾਂ ਮੇਰੇ ਅਰਥਾਂ ’ਚ ਸੱਖਣ ਗੂੰਜਦੀ ਹੈ, ਅਜੇ ਵੀ ਯਾਰ ਮੇਰੇ ਆਖਦੇ ਨੇ, ਕਿ ਮੈਂ ਸ਼ਿਅਰਾਂ ’ਚ ਡੂੰਘਾ ਹੋ ਗਿਆ ਹਾਂ।

ਹੋਰਾਂ ਵਾਂਗੂੰ ਨ੍ਹੇਰਾ ਢੋਂਦੇ

ਹੋਰਾਂ ਵਾਂਗੂੰ ਨ੍ਹੇਰਾ ਢੋਂਦੇ, ਰਾਤ -ਬਰਾਤੇ ਜੀ ਲੈਣਾ ਸੀ। ਦਿਲ ਨੂੰ ਜੇਕਰ ਅੱਗ ਨ ਲੱਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ। ਘਰ ਦੇ ਘੜਿਆਂ ਅੰਦਰ ਪੈਕੇ ਸਿਆਣਾ ਪਾਣੀ ਸੋਚੇ ਅਕਸਰ, ਮੈਨੂੰ ਨਦੀਏਂ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ। ਅੰਨ੍ਹੀ ਭੀੜ `ਚ ਅੱਖਾਂ ਵਾਲੇ, ਤੁਰਦੇ ਵੀ ਤਾਂ ਕਿੱਥੇ ਤੁਰਦੇ, ਖੜ੍ਹ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ। ਤਲਵਾਰਾਂ ਨੂੰ ਕਲਮ ਬਣਾ ਕੇ,ਜੋ ਚਾਹੁੰਦੇ ਜਿਸ ਥਾਂ ਲਿਖਦੇ ਸਨ, ਛਲਕਦੀਆਂ ਅੱਖਾਂ ਵਿਚ ਲਿਖਿਆ,ਪੜ੍ਹ ਕੇ ਉਨ੍ਹਾਂ ਕੀ ਲੈਣਾ ਸੀ। ਮੇਰੀ ਖਾਤਰ ਰੇਤ, ਰੁਪਈਏ, ਪੱਥਰ, ਚੀਜ਼ਾਂ, ਢੇਰ ਬੜੇ ਸਨ, ਪਰ ਮੈਂ ਥੋੜ੍ਹੀ ਛਾਂ ਲੱਭਦਾ ਸਾਂ , ਚੂਲੀ ਪਾਣੀ ਹੀ ਲੈਣਾ ਸੀ। ਜੇ ਰੂਹ ਦੇ ਲੰਗਾਰ ਨ ਲਹਿੰਦੇ, ਚੁਪ ਹੀ ਰਹਿੰਦੇ, ਕੁਝ ਨਾ ਕਹਿੰਦੇ, ਜੇ `ਕੱਲਾ ਦਾਮਨ ਹੀ ਫਟਦਾ, ਅੰਦਰ ਵੜ ਕੇ ਸੀ ਲੈਣਾ ਸੀ।

ਸਫ਼ਰਨਾਮੇ ਤਰ੍ਹਾਂ ਅਪਣਾ ਵਹਾਅ

ਸਫ਼ਰਨਾਮੇ ਤਰ੍ਹਾਂ ਅਪਣਾ ਵਹਾਅ ਪੜ੍ਹਨਾ ਵੀ ਬਣਦਾ ਹੈ। ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜ੍ਹਨਾ ਵੀ ਬਣਦਾ ਹੈ। ਗੁਆਈ ਜਾ ਰਹੇ ਹਾਂ ਉਮਰ, ਮਿੱਟੀ ਗੁੰਨਦਿਆਂ ਅਪਣੀ, ਕੇ ਕੁਝ ਬਣਨੈ, ਕਿਸੇ ਦੇ ਚੱਕ ’ਤੇ ਚੜ੍ਹਨਾ ਵੀ ਬਣਦਾ ਹੈ। ਸਫ਼ੇ ਵੀ ਬੋਲਦੇ ਨੇ ਸਿਰਫ਼ ਅੱਖਰ ਹੀ ਨਹੀਂ ਕਹਿੰਦੇ, ਮੈਂ ਜਿਸ ਨੂੰ ਲਿਖ ਰਿਹਾ ਹਾਂ, ਓਸ ਨੂੰ ਪੜ੍ਹਨਾ ਵੀ ਬਣਦਾ ਹੈ। ਕਿਨਾਰੇ ਦੇਣ ਜਦ ਤਕ ਰਾਹ, ਵਗੇ ਸਮਤਾਲ ਅਤੇ ਗਹਿਰੀ, ਨਦੀ ਰੋਕੀ ਗਈ ਤਾਂ ਓਸ ਦਾ ਚੜ੍ਹਨਾ ਵੀ ਬਣਦਾ ਹੈ। ਮਰੇ ਹਾਂ ਰਾਤ ਦੇ ਹੱਥੋਂ ਅਸੀਂ, ਪੂਰਬ ਲਈ ਲੜਦੇ, ਕਿਸੇ ਸੂਰਜ ਦਾ ਸਾਡੇ ਮਾਣ ਵਿਚ ਚੜ੍ਹਨਾ ਵੀ ਬਣਦਾ ਹੈ।

ਮੈਂ ਡਰ ਜਾਨਾ, ਜੇ ਮਨ ਵਿਚ ਵੀ

ਮੈਂ ਡਰ ਜਾਨਾ, ਜੇ ਮਨ ਵਿਚ ਵੀ ਨਦੀ ਦਾ ਨਾਮ ਆਉਂਦਾ ਹੈ। ਕਿ ਏਥੇ ਸੁੱਚੀਆਂ ਤੇਹਾਂ ’ਤੇ ਵੀ ਇਲਜ਼ਾਮ ਆਉਂਦਾ ਹੈ। ਦੁਪਹਿਰਾਂ ਨੂੰ ਤਾਂ ਛਾਂ ਉਸ ਦੀ, ਬੜਾ ਹੀ ਕੋਲ ਹੁੰਦੀ ਹੈ, ਦਰਖ਼ਤ ਇਕ ਯਾਦ ਉਂਜ ਅਕਸਰ ਸਵੇਰੇ-ਸ਼ਾਮ ਆਉਂਦਾ ਹੈ। ਅਜਬ ਆਦਤ ਬਣੀ ਹੈ ਅੱਜ-ਕੱਲ੍ਹ ਉਸ ਦੀ ਕਿ ਅਕਸਰ ਹੀ, ਜਦੋਂ ਹੈ ਸੁਲਗਦਾ ਤਾਂ ਰੂਹ ਨੂੰ ਕੁਝ ਆਰਾਮ ਆਉਂਦਾ ਹੈ। ਨਹੀਂ ਹੁਣ ਕਿਸ਼ਤੀਆਂ ਡੁੱਬਣ ਦਾ ਕੋਈ ਖੌਫ਼ ਮਨ ਅੰਦਰ, ਵਸੇ ਹੀ ਓਸ ਥਾਂ ਹਾਂ, ਜਿਸ ਜਗ੍ਹਾ ਹੜ੍ਹ ਆਮ ਆਉਂਦਾ ਹੈ। ਜੇ ਵੀ ਜਾਂਦੀਆਂ ਰੁੱਤਾਂ ’ਚ ਸੂਹਾ ਰੰਗ ਹੈ ਬਾਕੀ, ਅਜੇ ਵੀ ਨਾਮ ’ਤੇ ਮੇਰੇ ਕਿਤੋਂ ਪੈਗ਼ਾਮ ਆਉਂਦਾ ਹੈ।

ਥਾਂ-ਕੁ-ਥਾਂ ਝੁਕਣਾ ਪਿਆ

ਥਾਂ-ਕੁ-ਥਾਂ ਝੁਕਣਾ ਪਿਆ, ਹਰ ਵਾਰ ਪਛਤਾਉਣਾ ਪਿਆ। ਮੁਕਟ ਹਾਸਲ ਕਰਦਿਆਂ, ਸਿਰ ਹਾਰ ਕੇ ਆਉਣਾ ਪਿਆ। ਡੁੱਬਣਾ ਮੁਸ਼ਕਿਲ ਨਹੀਂ ਸੀ ਪਰ ਇਹ ਮੁਸ਼ਕਿਲ ਹੋ ਗਿਆ, ਡੁਬਦਿਆਂ ਹੜ੍ਹ ਦੀ ਖ਼ੁਸ਼ੀ ਦਾ ਗੀਤ ਵੀ ਗਾਉਣਾ ਪਿਆ। ਸਾਹਮਣੇ ਵਾਲੇ ਵੀ ਮਾਰੇ, ਬਹੁਤ ਖ਼ੁਦ ਨੂੰ ਵੱਢਿਆ, ਆਪਣੇ ਤੱਕ ਇਕ ਲੜਾਈ ਲੰਘ ਕੇ ਆਉਣਾ ਪਿਆ। ਹੱਲ ਹੋਈਆਂ ਉਲਝਣਾਂ ਤੇ ਹੋ ਗਿਆ ਜੀਣਾ ਅਸਾਨ, ਬਸ ਜ਼ਰਾ ਕੰਬਖਤ ਦਿਲ ਦਾ ਤਖ਼ਤ ਉਲਟਾਉਣਾ ਪਿਆ।

ਕਈ ਸਦੀਆਂ ਤੋਂ ਵੇਲ਼ਾ

ਕਈ ਸਦੀਆਂ ਤੋਂ ਵੇਲ਼ਾ, ਕਾਲ਼ੀਆਂ ਰਾਤਾਂ ਦਾ ਰਾਹੀ ਹੈ। ਅਸਾਡੀ ਸਲਤਨਤ ਵਿਚ ’ਨ੍ਹੇਰਿਆਂ ਦੀ ਬਾਦਸ਼ਾਹੀ ਹੈ। ਤੇਰੀ ਤਲਵਾਰ ਦੇ ਫਲ਼ ’ਤੇ ਲਹੂ ਲੱਗਾ ਹੈ ਸਾਡਾ ਵੀ, ਤੇਰੀ ਆਤਮ-ਕਥਾ ਵਿਚ ਮੇਰਿਆਂ ਦੀ ਵੀ ਗਵਾਹੀ ਹੈ। ਜ਼ਰਾ ਰਸਤਾ ਤਾਂ ਦੇਹ, ਖੋਲ੍ਹਣ ਦੇ ਅਪਣੇ ਆਪ ਦਾ ਬੂਹਾ, ਤੇਰੇ ਤੱਕ ਆਉਣ ਨੂੰ ਮੈਂ ਵੀ ਤਾਂ ਉੱਚੀ ਕੰਧ ਢਾਹੀ ਹੈ। ਅਜੇ ਵੀ ਹੱਥ ’ਚੋ ਪਰ ਓਸ ਦੇ ਪਰਚਮ ਨਹੀਂ ਡਿੱਗਿਆ, ਮੇਰੇ ਅੰਦਰ ਕਈ ਯੁੱਧਾਂ ’ਚ ਹਰ ਚੁੱਕਾ ਸਿਪਾਹੀ ਹੈ। ਮੇਰਾ ਲਿਖਿਆ ਕਿਤੇ ਅੱਖਰ ਨਹੀਂ ਹੁੰਦਾ, ਪੜ੍ਹੋਗੇ ਕੀ, ਸਫ਼ੇ ਨੇੇ ਕਲਪਨਾ ਦੇ, ਸੁਪਨਿਆਂ-ਰੰਗੀ ਸਿਆਹੀ ਹੈ।

ਕਰੀਂ ਨਾ, ਪਰ ਮੁਕੰਮਲ ਦੇ ਨੇੜੇ ਕਰੀ ਰੱਖੀਂ

ਕਰੀਂ ਨਾ, ਪਰ ਮੁਕੰਮਲ ਦੇ ਨੇੜੇ ਕਰੀ ਰੱਖੀਂ। ਰਹਾਂ ਊਣਾ ਜ਼ਰਾ, ਕੁਝ ਇਸ ਤਰ੍ਹਾਂ ਮੈਨੂੰ ਭਰੀ ਰੱਖੀਂ। ਤੇਰੀ ਧੜਕਨ ’ਚ ਸ਼ਾਇਦ ਮੈਂ ਵੀ ਮਿਲ ਜਾਵਾਂ ਕਿਸੇ ਥਾਂ ’ਤੇ, ਤੂੰ ਅਪਣੀ ਨਬਜ਼ ’ਤੇ ਮੇਰੇ ਲਈ ਉਂਗਲ ਧਰੀ ਰੱਖੀਂ। ਮੈਂ ਜਿਸ ਤੋਂ ਆਖ਼ਰੀ ਪੱਤੇ ਤਰ੍ਹਾਂ ਝੜਨਾ ਹੈ ਅਗਲੇ ਪਲ, ਤੂੰ ਮੇਰੇ ਬਾਅਦ ਵੀ ਅਹਿਸਾਸ ਦੀ ਟਹਿਣੀ ਹਰੀ ਰੱਖੀਂ। ਤੇਰੇ ਵਿਚ ਵਸਦਿਆਂ ਨੂੰ, ਤੇਰੇ ਦਿਲ ਦਾ ਸੇਕ ਨਾ ਲੱਗੇ, ਉਨ੍ਹਾਂ ਦੇ ਵਾਸਤੇ ਹੀ ਆਪਣੀ ਛਾਤੀ ਠਰੀ ਰਖੀਂ। ਖ਼ੁਦਾਇਆ! ਮੇਰਿਆਂ ਲਫ਼ਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ, ਪਰ ਇਕ ਚਿਹਰੇ ਨੂੰ ਮੇਰੀ ਬਾਤ ’ਚੋਂ ਓਹਲੇ ਕਰੀ ਰੱਖੀਂ। ਕਿਤੇ ਤਸਵੀਰ ਕੋਈ, ਯਾਦ, ਥੋੜ੍ਹਾ ਦਰਦ, ਸਰਸ਼ਾਰੀ, ਜਿਵੇਂ ਹੋਇਆ ਤੂੰ ਮੈਨੂੰ ਆਪਣਾ ਹਿੱਸਾ ਕਰੀ ਰੱਖੀਂ।

ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ

ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ ਠਾਰਨ ਵਾਸਤੇ। ਹਰ ਬਲੀ ’ਤੇ ਮੈਂ ਹੀ ਕਿਉਂ ਬਚਦਾ ਹਾਂ ਵਾਰਨ ਵਾਸਤੇ? ਪੁਰਖਿਆਂ ਦੇ, ਵਾਰਸਾਂ ਦੇ, ਕੁਝ ਕੁ ਅਪਣੀ ਜ਼ਾਤ ਦੇ, ਉਮਰ ਇਕ ਥੋੜ੍ਹੀ ਹੈ, ਸਭ ਕਰਜ਼ੇ ਉਤਾਰਨ ਵਾਸਤੇ। ਹੋਰ ਬੰਦੇ, ਹੋਰ ਚੀਜ਼ਾਂ, ਹੋਰ ਰੁੱਤਾਂ, ਹੋਰ ਰਾਹ, ਕੀ-ਕੀ ਮੈਂ ਅਪਣਾਅ ਲਿਆ, ਤੈਨੂੰ ਵਿਸਾਰਨ ਵਾਸਤੇ। ਆਤਮਾ ਦੀ ਸੁੰਨ ’ਚੋਂ ਆਵਾਜ਼ ਤਾਂ ਉਠਦੀ ਹੈ ਪਰ, ਦੂਰ ਤਕ ਦਿਸਦਾ ਨਹੀਂ ਕੋਈ ਪੁਕਾਰਨ ਵਾਸਤੇ। ਆਖ਼ਰੀ ਦਾਓ ਸੀ, ਮੇਰੀ ‘ਮੈਂ’ ਦੀ ਵਾਰੀ ਆ ਗਈ, ਹੋਰ ਕੁਝ ਬਚਿਆ ਨਹੀਂ ਸੀ ਕੋਲ਼ ਵਾਰਨ ਵਾਸਤੇ।

ਕਿਤੋਂ ਆਵਾਜ਼ ਆਉਂਦੀ ਹੈ

ਕਿਤੋਂ ਆਵਾਜ਼ ਆਉਂਦੀ ਹੈ, ਜਿਵੇਂ ਚਾਨਣ ਬੁਲਾਉਂਦਾ ਹੈ। ਕੋਈ ਮੱਧਮ ਜਿਹਾ ਸੂਰਜ ਮੇਰੀ ਨੀਂਦਰ ’ਚ ਆਉਂਦਾ ਹੈ। ਹਰਿਕ ਬੰਦੇ ਦੇ ਅੰਦਰ ਦੋ ਜਣੇ ਤਕਰਾਰ ਕਰਦੇ ਨੇ, ਜੇ ਇਕ ਦੀਵਾਰ ਬਣਦਾ ਹੈ ਤਾਂ ਇਕ ਬੂਹਾ ਬਣਾਉਂਦਾ ਹੈ। ਵਿਚਾਲੇ ਜੇ ਤੁਸੀਂ ਆਉਣਾ ਹੈ ਸਾਡੇ, ਇਸ ਤਰ੍ਹਾਂ ਆਓ, ਜਿਵੇਂ ਪਾਣੀ ਨਦੀ ਦੇ ਕੰਢਿਆਂ ਵਿਚਕਾਰ ਆਉਂਦਾ ਹੈ। ਮੈਂ ਉਸ ਨੂੰ ਜਾਣਦਾ ਹਾਂ ਜੋ ਜ਼ਿਬ੍ਹਾ ਕਰਦਾ ਹੈ ਗੀਤਾਂ ਨੂੰ, ਸੁਰਾਂ ਨੂੰ ਚਿੱਥ ਕੇ ਬਸ ਕਾਲ਼ੀਆਂ ਤਰਜ਼ਾ ਬਣਾਉਂਦਾ ਹੈ। ਰੁੜ੍ਹੀ ਬੇੜੀ ਦਾ ਇਕ ਮਾਂਝੀ, ਚੜ੍ਹੇ ਦਰਿਆ ਦੇ ਕੰਢੇ ’ਤੇ, ਖ਼ਫ਼ਾ ਪਾਣੀ ’ਚ ਅਪਣੇ ਬਾਲ ਨੂੰ ਤਰਨਾ ਸਿਖਾਉਂਦਾ ਹੈ। ਤੇਰੇ ਕਾਰਨ ਹੀ ਪੱਥਰ ਬੋਲਦੇ ਤੇ ਗਾਉਂਦੀਆਂ ਨਦੀਆਂ, ਪਿਘਲਦੀ ਬਰਫ਼ ਦਾ ਸ਼ੀਸ਼ਾ ਹਮੇਸ਼ਾ ਝਿਲਮਿਲਾਉਂਦਾ ਹੈ। ਦੁਹਾਂ ’ਚੋਂ ਕੌਣ ਤੁਰਦਾ ਹੈ, ਅਜੇ ਇਹ ਭੇਤ ਨਾ ਲੱਗਾ, ਮੁਕਾਉਂਦਾ ਹਾਂ ਮੈਂ ਪੈਂਡੇ, ਜਾਂ ਸਫ਼ਰ ਮੈਨੂੰ ਮੁੁਕਾਉਂਦਾ ਹੈ। ਮੈਂ ਇਕ ਖ਼ਾਲੀ ਸਫ਼ੇ ਵਾਂਗੂੰ ਪਿਆ ਤਕਦਾ ਹਾਂ ਬੇਹਰਕਤ, ਸਮਾਂ ਮੇਰੇ ’ਤੇ ਮਨਮਰਜ਼ੀ ਦਾ ਲਿਖਦਾ ਹੈ, ਮਿਟਾਉਂਦਾ ਹੈ। ਨਦੀ ਇਕ ਯਾਦ ਆਉਂਦੀ ਹੈ ਤਾਂ ਉਹ ਉਠਦਾ ਹੈ ਰਾਤਾਂ ਨੂੰ, ਸਿਰ੍ਹਾਣੇ ਰੱਖੇ ਪਾਣੀ ਦੀ ਸੁਰਾਹੀ ਡੋਲ੍ਹ ਆਉਂਦਾ ਹੈ। ਤਸੱਲੀ ਹੈ ਕਿ ਸਾਰਾ ਕੁਝ ਅਜੇ ਪੱਥਰ ਨਹੀਂ ਹੋਇਆ, ਅਜੇ ਵੀ ਕੁਝ ਕਿਤੇ ਜ਼ਿੰਦਾ, ਧੜਕਦਾ, ਛਟਪਟਾਉਂਦਾ ਹੈ।

ਨਦੀ ਸੀ ਖੌਲਦੀ, ਉਹ ਜਾ ਮਿਲੇ

ਨਦੀ ਸੀ ਖੌਲਦੀ, ਉਹ ਜਾ ਮਿਲੇ ਤੇ ਝੁਲਸ ਕੇ ਨਿਕਲੇ। ਤਿਹਾਏ ਸ਼ਹਿਰ ਦੇ ਤੈਰਾਕ ਵੀ ਬਿਹਬਲ ਬੜੇ ਨਿਕਲੇ। ਝਿਜਕ ਮੇਰੀ, ਦੁਚਿੱਤੀ, ਨੀਂਦ ਮੁੱਕੇ ਤੇ ਸੁਬਹ ਹੋਵੇ, ਕਰੂੰਬਲ ਵਾਂਗ ਕੁਝ ਮੇਰੇ ’ਚੋਂ ਮੈਨੂੰ ਚੀਰ ਕੇ ਨਿਕਲੇ। ਸਫ਼ਰ ਓਹੀ ਸੀ, ਰਸਤਾ ਵੀ, ਬਦਲ ਚੁੱਕਾ ਸੀ ਪਰ ਮੌਸਮ, ਹਨੇਰੀ ਲਹਿ ਗਈ ਤਾਂ ਰਾਤ ’ਚੋਂ ਤਾਰੇ ਬੜੇ ਨਿਕਲੇ। ਮੇਰੇ ਅੰਦਰ ਅਨੇਕਾਂ ਅਣਪਛਾਤੇ ਲੋਕ ਰਹਿੰਦੇ ਨੇ, ਹਰਿਕ ਦਿਨ ਹੋਰ ਬੰਦਾ, ਹੋਰ ਬੂਹਾ ਖੋਲ੍ਹ ਕੇ ਨਿਕਲੇ। ਬੜੀ ਮੁੱਦਤ ਤੋਂ ਮਗਰੋਂ ਫੇਰ ਅੱਖਾਂ ਬਰਸੀਆਂ ਰਾਤੀਂ, ਚਿਰਾਂ ਤੋਂ ਸੁੱਕੀਆਂ ਸ਼ਾਖਾਂ ’ਤੇ ਫਿਰ ਪੱਤੇ ਹਰੇ ਨਿਕਲੇ। ਰਹੇ ਕੁਝ ਡਰ ਸਦਾ ਰੂਹਾਂ ’ਤੇ ਉਘਲਾਉਂਦੇ, ਖ਼ਲਲ ਪਾਉਂਦੇ, ਕਦੇ ਰਾਹਾਂ ’ਚ ਆ ਬੈਠੇ, ਕਦੇ ਅੰਬਰ ਛੁਪੇ ਨਿਕਲੇ।

ਹਨੇਰਾ ਮਨ ਦਾ, ਤੇ ਅੱਖਾਂ ਦਾ ਘੱਟਾ

ਹਨੇਰਾ ਮਨ ਦਾ, ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ। ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ। ਅਚਾਨਕ ਹੋ ਗਏ ਨੰਗੇ ਮੇਰੇ ਅੰਦਰ ਕਈ ਖੱਪੇ, ਮੈਂ ਇਕ ਸੁਪਨੇ `ਚ ਸਾਂ ਜੀਕਣ ਮੁਕੰਮਲ ਹੋਣ ਲੱਗਾ ਹਾਂ। ਹਮੇਸ਼ਾ ਹੀ ਕਈ ਵੈਰਾਗ `ਕੱਠੇ ਦਿਲ `ਚ ਉਠੇ ਨੇ, ਕਦੇ ਵੀ ਸਾਫ਼ ਨਾ ਹੋਇਆ ਮੈਂ ਕਿਸ ਨੂੰ ਰੋਣ ਲੱਗਾ ਹਾਂ। ਕੁਵੇਲੇ ਜਾਗਿਆ ਕੋਈ ਗਵੱਈਆ ਹਾਂ ਜਿਵੇਂ ਮੈਂ ਵੀ, ਸੁਬਹ ਦੇ ਰਾਗ ਨੂੰ ਤਿਰਕਾਲ ਵੇਲੇ ਛ੍ਹੋਣ ਲੱਗਾ ਹਾਂ। ਕਈ ਅੱਖਰ ਬਦਲ ਬੈਠਾ ਮੈਂ ਅਪਣਾ ਤਰਜੁਮਾ ਕਰਦਾ, ਮੈਂ ਕੀ-ਕੀ ਹੋਣ ਵਾਲਾ ਸਾਂ ਤੇ ਕੀ-ਕੀ ਹੋਣ ਲੱਗਾ ਹਾਂ।

ਸ਼ਹੀਦੀ ਦੇ ਕੇ ਐਸੀ ਖ਼ੁਦ ਨੂੰ ਵੀ

ਸ਼ਹੀਦੀ ਦੇ ਕੇ ਐਸੀ ਖ਼ੁਦ ਨੂੰ ਵੀ ਹੈਰਾਨ ਕਰਦਾ ਹਾਂ। ਮੈਂ ਅਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ। ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ, ਲਹੂ ਨੂੰ ਵੇਚ ਕੇ ਪਾਣੀ ਅਜੇ ਪਰਵਾਨ ਕਰਦਾ ਹਾਂ। ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ ਕੋਈ ਤੋੜੇ ਦੀਵਾਰਾਂ, ਮੈਂ ਖ਼ੁਦ ਨੂੰ ਲਭਦਿਆਂ ਅਪਣਾ ਬੜਾ ਨੁਕਸਾਨ ਕਰਦਾ ਹਾਂ। ਬੁਝਾ ਕੇ ਆਤਮਾ ਦੀ ਲੋਅ ਝੁਕਾ ਲੈਂਦਾ ਹਾਂ ਨਜ਼ਰਾਂ ਵੀ, ਮੈਂ ਰਾਤੀਂ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ। ਮੇਰੀ ਹਊਮੈ ਨੇ ਕਿਸ ਥਾਂ `ਤੇ ਲਿਆ ਮੈਨੂੰ ਖੜਾ ਕੀਤਾ, ਕਿ ਪੈਰਾਂ ਹੇਠਲੀ ਮਿੱਟੀ `ਤੇ ਵੀ ਅਹਿਸਾਨ ਕਰਦਾ ਹਾਂ। ਜਿਨ੍ਹਾਂ ਸਮਿਆਂ `ਚ ਮੈਂ ਜ਼ਿੰਦਾ ਹਾਂ, ਕੀ ਬਚਿਆ ਹੈ ਵੇਖਣ ਨੂੰ, ਸੋ ਅਗਲੀ ਨਸਲ ਨੂੰ ਮੈਂ ਦੋਵੇਂ ਅੱਖਾਂ ਦਾਨ ਕਰਦਾ ਹਾਂ।

ਧਰਾਂ ਮੈਂ ਪੈਰ ਕਿਸ ਥਾਂ

ਧਰਾਂ ਮੈਂ ਪੈਰ ਕਿਸ ਥਾਂ, ਹਰ ਥਾਂ ਮੇਰੀ ਜ਼ਾਤ ਪੈਂਦੀ ਹੈ। ਤੇਰੇ ਵੱਲ ਆਉਂਦਿਆਂ ਰਾਹਾਂ `ਚ ਹਾਲੇ ਰਾਤ ਪੈਂਦੀ ਹੈ। ਸਿਆਸੀ ਮੌਨਸੂਨਾਂ ਨੇ, ਇਹ ਪੱਥਰ ਧੋਂਦੀਆਂ ਲੰਘਣ, ਕਦੋਂ ਸੁੱਕਦੇ ਬਰੂਟਾਂ ਵਾਸਤੇ ਬਰਸਾਤ ਪੈਂਦੀ ਹੈ। ਖਰੀਦਣ ਦਾ, ਵਿਕਣ ਦਾ, ਸਿਲਸਿਲਾ ਚਲਦਾ ਹੀ ਰਹਿੰਦਾ ਹੈ, ਕਦੇ ਕੀਮਤ ਪਵੇ ਹੌਲੀ, ਕਦੇ ਔਕਾਤ ਪੈਂਦੀ ਹੈ। ਮੈਂ ਅਪਣੀ ਰੌਸ਼ਨੀ ਵਿਚ ਗਰਕਦਾ ਹਾਂ, ਨ੍ਹੇਰ `ਚੋਂ ਉਗਮਾਂ, ਮੇਰੇ ਲਹਿੰਦੇ `ਚੋਂ ਲੋਅ ਉਠੇ, ਤੇ ਚੜ੍ਹਦੇ ਰਾਤ ਪੈਂਦੀ ਹੈ।

ਅਜੇ ਤਾਂ ਸੁਲਗਦੇ ਨੇ ਲੋਕ

ਅਜੇ ਤਾਂ ਸੁਲਗਦੇ ਨੇ ਲੋਕ ਛੁਪ-ਛੁਪ ਕੇ ਘਰਾਂ ਅੰਦਰ। ਮਘੀ ਜਦ ਅੱਗ, ਪਹੁੰਚੇਗੀ ਖ਼ਬਰਾਂ ਚੌਰਸਤਿਆਂ ਅੰਦਰ। ਕਿਸੇ ਰੁੱਖ ਜਾਂ ਬਨੇਰੇ 'ਤੇ ਕਦੇ ਬੈਠੇ ਤਾਂ ਵੇਖਾਂਗੇ, ਕਿ ਕਿੰਨੇ ਜ਼ਖ਼ਮ ਟੰਗੇ ਨੇ ਹਨੇਰੀ ਨੇ ਪਰਾਂ ਅੰਦਰ। ਉਨ੍ਹਾਂ ਰੁੱਖਾਂ ਨੇ ਕੀ ਤਪਦੇ ਸਿਰਾਂ ਨੂੰ ਓਟ ਕਰਨੀ ਹੈ, ਜੁ ਖ਼ੁਦ ਹੋਰਾਂ ਦੀ ਛਾਵੇਂ ਪਲ਼ ਰਹੇ ਨੇ ਗਮਲਿਆਂ ਅੰਦਰ। ਮਿਲੇ ਜੁਗਨੂੰ ਅਜਿਹੇ ਵੀ ਜੋ ਪਾਣੀ ਹੇਠ ਸਨ ਜਗਦੇ, ਬਹੁਤ ਸਨ ਮਛਲੀਆਂ ਜੋ ਤਰਦੀਆਂ ਸਨ ਸ਼ੀਸ਼ਿਆਂ ਅੰਦਰ। ਕਦੇ ਮਿਲ ਕੇ ਸੁਣਾਵਾਂਗੇ ਕਿਵੇਂ ਬੀਤੀ, ਕਿਵੇਂ ਝੱਲੀ, ਸਫ਼ਰ ਦਾ ਹਾਲ ਹੁਣ ਲਿਖਿਆ ਨਹੀਂ ਜਾਂਦਾ ਖ਼ਤਾਂ ਅੰਦਰ।

ਨੀਂਦ ਵਿਚ ਕੋਲੋਂ ਬਹਾਰਾਂ

ਨੀਂਦ ਵਿਚ ਕੋਲੋਂ ਬਹਾਰਾਂ ਹੀ ਲੰਘਾ ਦਿੰਦੇ ਨੇ ਲੋਕ। ਪਰ ਕਦੇ ਇਕ ਫੁੱਲ ਖ਼ਾਤਰ ਸਿਰ ਲੁਹਾ ਦਿੰਦੇ ਨੇ ਲੋਕ। ਕਿੰਨੀ ਸ਼ਿੱਦਤ ਨਾਲ ਕਰਦੇ ਨੇ ਜੇ ਕਰਦੇ ਨੇ ਉਡੀਕ, ਸਰਦਲਾਂ 'ਤੇ ਬੈਠਿਆਂ ਉਮਰਾਂ ਬਿਤਾਂ ਦਿੰਦੇ ਨੇ ਲੋਕ। 'ਨ੍ਹੇਰ ਦੇ ਇਤਿਹਾਸ ਦਾ ਖੁੱਲ੍ਹਦਾ ਹੈ ਹਰ ਕਾਲਾ ਸਫ਼ਾ, ਰਾਤ ਦੇ ਚਿਹਰੇ ਤੋਂ ਜਦ ਪਰਦਾ ਹਟਾ ਦਿੰਦੇ ਨੇ ਲੋਕ। ਸ਼ੋਰ ਦੀ ਹਰ ਲਹਿਰ ਵੇਖਣ ਵਾਸਤੇ ਖਿੜਕੀ ਲਾ ਖੋਲ੍ਹ, ਛੋਟੀ-ਛੋਟੀ ਗੱਲ 'ਤੇ ਤਾੜੀ ਵਜਾ ਦਿੰਦੇ ਨੇ ਲੋਕ। ਰਾਤ ਨੂੰ ਆਉਂਦਾ ਹੈ ਦਰਿਆ, ਰੋੜ੍ਹ ਲੈ ਜਾਂਦਾ ਹੈ ਘਰ, ਦਿਨ ਚੜ੍ਹੇ ਫਿਰ ਉੱਜੜੀ ਬਸਤੀ ਵਸਾ ਦਿੰਦੇ ਨੇ ਲੋਕ।

ਕੁਝ ਦਰਿਆਵਾਂ ਨੂੰ ਸਾਵੈ ਹੋ

ਕੁਝ ਦਰਿਆਵਾਂ ਨੂੰ ਸਾਵੈ ਹੋ ਵਹਿ ਸਕਣਾ ਨਾ ਆਇਆ। ਉੱਚੀ ਥਾਂ ਤੋਂ ਲੰਘਣ ਵੇਲੇ, ਲਹਿ ਸਕਣਾ ਨਾ ਆਇਆ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ, ਪਰ ਕਿਸ ਭਾਂਡੇ ਪਾਉਂਦਾ, ਉਸ ਨੂੰ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਸੁਪਨੇ ਫੜਦੇ, ਅਕਸਰ ਕੰਧਾਂ ਵਿਚ ਵੱਜੇ ਹਾਂ ਜਾ ਕੇ, ਦੁਨੀਆਂਦਾਰਾਂ ਦੀ ਦੁਨੀਆ ਵਿਚ ਰਹਿ ਸਕਣਾ ਨਾ ਆਇਆ। ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿਚੋਂ ਉੱਚੀ ਬੋਲੇ, ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ। ਲਿਖਦੇ ਹੋਇਆਂ ਕੁਝ ਥਾਵਾਂ 'ਤੇ ਮੈਂ ਵੀ ਸੱਚ ਤੋਂ ਡਰਿਆ, ਕੁਝ ਥਾਵਾਂ 'ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ।

ਮੈਂ ਕਿਹੜੇ ਦੇਸ ਵਿਚ ਹਾਂ

ਮੈਂ ਕਿਹੜੇ ਦੇਸ ਵਿਚ ਹਾਂ, ਰੋਜ਼ ਨਕਸ਼ਾ ਦੇਖਦਾ ਹਾਂ। ਜਿਵੇਂ ਸਰਹੱਦ 'ਤੇ ਖੜ੍ਹ ਕੇ, ਘਰ ਦਾ ਰਸਤਾ ਦੇਖਦਾ ਹਾਂ। ਤੁਸੀਂ ਮੇਰੇ ਸਫ਼ਰ ਨੂੰ ਜਿੰਨਾ 'ਨ੍ਹੇਰਾ ਕਰ ਰਹੇ ਹੋ, ਮੈਂ ਓਨਾ ਜਾਗਦਾ ਹਾਂ, ਹੋਰ ਜ਼ਿਆਦਾ ਦੇਖਦਾ ਹਾਂ। ਮੁਕੰਮਲ ਹੋ ਗਿਆ ਇਕ ਦਾਇਰਾ ਬੇਸ਼ਕ ਕਦੋਂ ਦਾ, ਮੈਂ ਇਕ ਬਿੰਦੂ ਨੂੰ ਹਾਲੇ ਵੀ ਅਧੂਰਾ ਦੇਖਦਾ ਹਾਂ। ਮੇਰੇ ਦਿਨ ਭਰ ਦੁਪਹਿਰੇ ਆਥਣਾਂ ਵੱਲ ਜਾ ਰਹੇ ਨੇ, ਮੈਂ ਅੱਧੀ ਰਾਤ ਨੂੰ ਸੂਰਜ ਨਿਕਲਦਾ ਦੇਖਦਾ ਹਾਂ। ਮੈਂ ਪੂਰੇ ਝੂਠ ਦੇ ਅਖ਼ਬਾਰ ਨੂੰ ਚੁੱਲ੍ਹੇ 'ਚ ਡਾਹਵਾਂ, ਅਧੂਰੇ ਸੱਚ ਨੂੰ ਕੰਧਾਂ 'ਤੇ ਲਿਖਿਆ ਦੇਖਦਾ ਹਾਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਤੇਜ ਕੋਹਾਰਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ