Punjabi Poetry : Gursimran Singh

ਪੰਜਾਬੀ ਕਵਿਤਾਵਾਂ : ਗੁਰਸਿਮਰਨ ਸਿੰਘ

1. ਤੇਰੀ ਰਹਿਮਤ

ਛੱਡ ਤੇਰਾ ਦਰ ਡੁੱਬ ਜਾਵਾਂ ਸੰਸਾਰੀ ਸਾਗਰ ਵਿੱਚ...
ਮੇਰੀ ਫਿਤਰਤ ਨਹੀਂ !!
ਬਿਨ ਕੀਤੇ ਉੱਦਮ ਮੁੜ ਰਾਹੇ ਪੈ ਜਾਵਾਂ...
ਮੇਰੀ ਕਿਸਮਤ ਨਹੀਂ!!
ਇੱਕ ਬਖਸ਼ਿਸ਼ ਦੀ ਹੈ ਤਾਂਘ ਮੇਰੇ ਪਿਆਰੇ,
ਕਿ 'ਯਾਦ ਵਿਛੋੜੇ ਦੀ' ਤੇਰੀ ਮੇਰੇ ਦਿਲੋਂ ਨਾਂ ਜਾਵੇ..
ਮੱਲ ਭਾਵੇਂ ਮੇਰੀ ਮੇਹਨਤ ਨਹੀਂ ਤਾਂ ਤੇਰੀ ਰਹਿਮਤ ਸਹੀ!!

2. ਦੂਰੀ

ਹਿਰਦੇ ਵਿੱਚ ਉਸਦੀਆਂ ਯਾਦਾਂ ਦੀ ਥੁੜ੍ਹ, ਪ੍ਰਕਾਸ਼ ਪ੍ਰਗਟ ਨੀ ਹੋਣ ਦਿੰਦੀ
ਆਪਣੇ ਅਤੇ ਘਰ ਵਿਚਲੀ ਇਸ 'ਦੂਰੀ' ਨੂੰ ਮਮੂਲੀ ਨਾ ਜਾਣੀ ਮਿੱਤਰਾ!!
ਇਹ ਉਹ ਸ਼ੈ ਹੈ ਜੋ ਲੱਖਾਂ ਤਾਰਿਆਂ ਦੇ ਹੁੰਦਿਆਂ ਵੀ....
ਇੱਕ ਅਸਮਾਨ ਨੂੰ ਰੋਸ਼ਨ ਨੀ ਹੋਣ ਦਿੰਦੀ!!

3. ਅਜੇ ਵੀ ਬੱਚੇ ਹੀ ਹਾਂ

ਮੰਜ਼ਿਲ ਨੂੰ ਇੱਕ ਜਾਣ ਨਤੀਜਿਆਂ ਤੋਂ ਅਣਜਾਣ...
ਰਾਹ-ਏ-ਮੰਜ਼ਿਲ ਉੱਤੇ ਕਈ ਤੁਰ ਜੋ ਪਏ....
ਨਿੱਕਿਆਂ ਨੂੰ ਨਿੱਕਾ ਜਾਣ ਬੁੱਧ ਦਾ ਗੁਮਾਨ ਕਰ.
ਕਈ ਤੇਰੇ ਤੋਂ ਵੀ ਪਹਿਲਾਂ ਪਿੱਛੇ ਹੀ ਖਲੋ ਗਏ..
ਐ ਬੰਦੇ!! ਮੱਤੋਂ ਪਹਿਲਾਂ ਵੀ ਤੂੰ ਬੱਚਾ ਸੀ ਤੇ ਹੁਣ ਵੀ ਤੂੰ ਬੱਚਾ ਏਂ ।
ਫੇਰ ਕੀ ਹੋਇਆ ਜੇ ਖਿਲੌਣੇ ਕੁਝ ਵੱਡੇ ਹੋ ਗਏ??

4. ਸਾਡੀ ਖ਼ੁਦਗ਼ਰਜ਼ੀ

ਥੋੜ੍ਹਾ ਹੋਰ-ਥੋੜ੍ਹਾ ਹੋਰ ਕਰਦਾ ਗਿਆ..
ਦਾਤਾਂ ਤੇਰੀਆਂ ਦੀ ਕੋਈ ਕਦਰ ਨਾ ਜਾਣੀ..
ਜੋ ਕੁਝ ਕੱਲ੍ਹ ਸੀ ਪਰ ਅੱਜ ਖੁੰਝ ਗਿਆ..
ਇਸ ਇਹਸਾਸ ਦੀ ਇਹ ਇੱਕ ਨਿੱਕੀ ਕਹਾਣੀ..
ਸ਼ੁਕਰ ਨਹੀਂ ਸ਼ਿਕਾਇਤ ਸਦਾ..
ਸਾਡੀ ਖੁਦਗ਼ਰਜ਼ੀ ਦਾ ਸ਼ਿਖਰ ਹੈ..
ਅੱਜ ਮੁੜ ਇਹਸਾਸ ਕਰਾਇਆ ਤੂੰ
ਸੋ ਰੱਬਾ ਤੇਰਾ ਸ਼ੁਕਰ ਹੈ ॥

5. ਰੱਬ ਸਦਾ ਨਾਲ ਹੈ

ਹਾਂ ਤੁਰਦਾ-ਤੁਰਦਾ ਡਿੱਗ ਪਿਆ, ਪਰ ਡਿਗਣੋਂ ਤੂੰ ਕਿਉਂ ਡਰਦਾ ਏਂ?
ਦੂਰ ਅਜੇ ਜਾਣਾ ਬੜਾ ਤੇ ਮੁੜ ਉੱਠ ਕੇ ਡਿੱਗਣਾ ਬਾਕੀ ਏ!!
ਹਾਂ ਸ਼ੌਕ ਪਿਆ ਤੈਨੂੰ ਜਿੱਤਣ ਦਾ, ਪਰ ਇੱਕ ਗਲੋਂ ਤੂੰ ਕਿਉਂ ਟਲਦਾ ਏਂ?
ਜੀ ਸਦਕੇ ਤੂੰ ਜਿੱਤ ਜਾਵੀਂ ਪਰ ਹਾਰਨਾਂ ਪਹਿਲਾਂ ਬਾਕੀ ਏ!!
ਹਾਂ ਜਾਣ ਲਿਆ ਇਸ ਪਹਿਲੂ ਨੂੰ, ਪਰ ਰੁਕਣ ਨੂੰ ਕਿਉਂ ਕਰਦਾ ਏਂ?
'ਹਾਰ ਜਾਣਾ' ਤੇ 'ਹਾਰ ਮੰਨਣਾ' ਇੱਕ ਨਹੀਂ...ਇਹ ਕਬੂਲਣਾ ਅਜੇ ਬਾਕੀ ਏ!!
ਹਾਂ ਦੇਣ ਵਾਲਾ ਉਹ 'ਇੱਕ' ਹੈ, ਪਰ ਇੱਕ ਸੱਚ ਤੋਂ ਦੂਰ ਕਿਉਂ ਭੱਜਦਾ ਏਂ?
ਕਿ ਚਾਹੇ ਕਿਸਮਤ ਹੱਥ ਖੁਦਾ ਦੇ..ਤੇਰਾ ਉੱਦਮ ਅਜੇ ਪਿਆ ਬਾਕੀ ਏ।
ਹਾਂ ਸੌਖਾ ਨਹੀਂ ਏ ਖੇਲ ਜਮਾਂ; ਪਰ ਚਿੰਤਾ ਤੂੰ ਕਿਉਂ ਕਰਦਾ ਏਂ
ਕਿਉਂਕਿ ਰੱਬ ਹੁਣ ਤੇਰੇ ਨਾਲ ਨਹੀਂ ਹੋਣੀ ਅਜੇ ਬਾਕੀ ਏ ।

6. ਸਭ ਦੀ ਮੰਜ਼ਿਲ ਇੱਕ

ਸ਼ੀਸ਼ਾ ਦੇਖ ਕੇ ਆਇਆ ਹਾਂ, ਡਾਵਾਂਡੋਲ ਮੱਤ ਹੋਈ ਮੇਰੀ
ਸਾਥ ਬਿਨਾਂ ਦੇ ਤੇਰੇ ਪ੍ਰੀਤਮ, ਬੇੜੀ ਪਾਰ ਹੈ ਹੋਈ ਕਿਹੜੀ?
ਅਜੇ ਵੀ ਸੁਪਨੇ ਵਿੱਚ ਫਸੇ ਹਾਂ, ਅਜੇ ਵੀ ਸੁਰਤ ਹੈ ਸੋਈ ਮੇਰੀ
ਮਨੋ ਕੱਢ ਬਾਹਰ ਤੈਨੂੰ ਜਿੱਤ ਜਾਵਾਂ ਏਨੀ ਔਕਾਤ ਨਾ ਕੋਈ ਮੇਰੀ
ਸਮਝ-ਸਮਝ ਕੇ ਕੁੱਛ ਨਾ ਸਮਝੇ, ਤੇਰੇ ਚਰਨਾਂ ਵਿੱਚ ਇੱਕ ਅਰਜ਼ੋਈ ਮੇਰੀ
ਮਨ ਮੇਰਾ ਇਹ ਮੰਨ ਜਾਵੇ ਕਿ ਬਿਨ ਤੇਰੇ ਮੰਜ਼ਿਲ ਨਾ ਕੋਈ ਮੇਰੀ

7. ਰੱਬ ਨੂੰ ਗਵਾਇਆ ਨਹੀਂ ਭੁਲਾਇਆ ਹੈ

ਜਾਗਦੇ ਹਾਂ, ਸੌਂਦੇ ਹਾਂ, ਵਿਚਰਦੇ ਹਾਂ, ਜਿਉਂਦੇ ਹਾਂ।
ਯਾਦਾਂ ਦੀ ਪ੍ਰੀਤ ਸੰਸਾਰ ਸੰਗ ਲਗਾ ਬੈਠੇ ਹਾਂ।
ਤੂੰ ਇੰਦਰੀਆਂ ਦੀ ਪਹੁੰਚ ਦੀ ਪਕੜ ਵਿੱਚ ਨਹੀਂ!
ਬੇਬਸੀ ਪ੍ਰਤੱਖ ਦੇਖ ਮਨ ਵਿੱਚ ਸਵਾਲ ਜਗਾ ਬੈਠੇ ਹਾਂ
ਕਿ ਹੁਣ ਐਸੇ ਹਾਲਾਤ ਵਿੱਚ ਪ੍ਰਦੇਸੀ ਇਹ ਕੀ ਕਰੇ?
ਬਸਤੀ ਆਪਣੀ ਤੇਰੀਆਂ ਯਾਦਾਂ ਤੋਂ ਦੂਰ ਬਸਾ ਬੈਠੇ ਹਾਂ

8. ਡੁੱਬਣ ਨਾ ਦੇਈਂ

ਉਸ ਇਹਸਾਸ ਜਿਹਾ ਇਹਸਾਸ ਨਾ ਕੋਈ
ਯਾਦ ਤੇਰੀ ਵਿੱਚ ਜਦੋਂ ਸਮਾਈਏ
ਨਾ-ਸਮਝੀ ਦੀ ਹੱਦ ਤਾਂ ਅਸੀਂ ਹੈ ਕੀਤੀ
ਜੋ ਇਸ ਮਨ ਨੂੰ ਮੂਰਖਤਾ ਦੇ ਪੱਠੇ ਪਾਈਏ
ਡੁਬਾਂਗੇ ਜਾਂ ਤਰਾਂਗੇ??
ਬੱਸ ਬੇਖ਼ਬਰ ਜਿਹੇ ਬੇੜੀ ਸੰਗ ਵਧਦੇ ਜਾਈਏ
ਫੇਰ ਵੀ ਅਗਿਆਨੀ ਇਹ ਅਰਜ਼ ਗੁਜ਼ਾਰੇ..
ਕਿ ਡਗਮਗ ਇੰਨੀ ਹੋਣ ਨਾ ਦੇਈਂ ਜੋ ਵਿੱਚ ਸਾਗਰ ਦੇ ਹੀ ਡੁੱਬ ਜਾਈਏ

9. ਆਪਣੇ ਆਪ ਤੋਂ ਦੂਰ

ਪਰਖ ਤਾਂ ਸਾਡੀ ਹੋਣੀ ਹੀ ਸੀ, ਹਨੇਰੀ ਝੱਖੜ ਝੁੱਲ ਹੀ ਪਏ..
ਮੂੜ੍ਹਤਾ ਦੇ ਮੁਜੱਸਮੇ ਸੀ, ਸੁਭਾਵਕ ਸੀ, ਡੁੱਲ੍ਹ ਹੀ ਗਏ!!
ਕਿੰਨੇ ਅਮੁੱਲ ਖ਼ਜ਼ਾਨੇ ਸੀ, ਜੋ ਸਿਰਜਨਹਾਰੇ ਵਿੱਚ ਭਰੇ..
ਮੇਰੀ "ਮੈਂ" ਦੇ ਅੱਗੇ ਆ ਕੇ ਕੌਡੀਆਂ ਦੇ ਮੁੱਲ ਹੀ ਗਏ ।
ਪੜਾਅ ਇੱਕ ਪੂਰਾ ਕਰਨਾ ਸੀ, ਵਿੱਚ ਆਪਣੇ ਝਾਤੀ ਮਾਰਨ ਦਾ..
ਬਾਹਰਮੁਖੀ ਵਿੱਚ ਐਸੇ ਉਲਝੇ, ਖੁਦ ਨਾਲ ਬੈਠਣਾ ਭੁੱਲ ਹੀ ਗਏ!!

10. ਮੰਨਣ ਵਾਲੇ ਨਹੀਂ.... ਮੰਗਣ ਵਾਲੇ ਹਾਂ

ਜਦ ਕਦੇ-ਕਦੇ ਜ਼ਿੰਦਗੀ ਦਾ ਪਹਿਲੂ
ਇੱਕ ਤੋਂ ਦੂਜਾ ਬਦਲਿਆ ਜਾਂਦਾ
ਮਗਰੋਂ ਫਸ ਸੰਤਾਪ ਦੇ ਦਲਦਲ
ਯਾਦ ਤੇਰੀ ਦਾ ਹੁਲਾਰਾ ਦੇ ਜਾਂਦਾ

ਅੱਜ ਬਹੁਤ ਹੀ ਤਿੱਖਾ ਅਨੁਭਵ ਰੂਪੀ
ਤੀਰ ਹੈ ਸਾਡੇ ਸੀਨੇ ਵੱਜਿਆ
ਭੁਲਾਇਆ ਉਸ ਇਕਲੌਤੇ ਨੂੰ
ਜਿਸਨੇ ਦਲਦਲ ਵਿੱਚੋਂ ਬਾਹਰ ਸੀ ਕੱਢਿਆ

ਘਟ-ਘਟ ਜਾਨਣਹਾਰ ਤੂੰ ਦਾਤਾ
ਬਿਨ ਮੰਗਿਆਂ ਹੀ ਝੋਲੀ ਭਰ ਜਾਂਦਾ
ਫਿਰ ਵੀ ਉਮਰ ਇਆਣੀ ਸਾਡੀ
ਮੰਗਣਾ ਚਲ-ਚਲ ਰੁਕ ਨਹੀਂ ਜਾਂਦਾ

ਪੱਥਰ ਪਿੱਛੇ ਹੀਰਾ ਛੱਡਣਾ
ਖੇਲ ਹੈ ਸੌਖਾ ਸਿੱਧ ਕਰ ਛੱਡਿਆ
ਬੱਸ ਤੈਨੂੰ ਮੰਗਣਾ ਭੁੱਲ ਬੈਠੇ
ਛੱਡ ਤੈਨੂੰ ਮੰਗ ਜਗ ਸਾਰਾ ਛੱਡਿਆ

11. ਮੇਰੀ "ਮੈਂ" ਦੀ ਇੱਕ ਅਜਨਬੀ ਨਾਲ ਮੁਲਾਕਾਤ

ਅਨੁਭਵ ਰੂਪੀ ਰਸਤੇ ਨਿਆਰੇ
ਮੈਂ ਰਾਹੀ ਬਣ ਰਸਤੇ 'ਤੇ ਤੁਰਿਆ
ਇਕੱਲਪੁਣੇ ਨੂੰ ਪਿੱਛੇ ਛੱਡ
ਇੱਕ ਗ਼ੈਰ ਨਾਲ ਅੱਜ ਰਾਹ ਵਿੱਚ ਮਿਲਿਆ

'ਮੈਂ' ਦਾ ਬੜਾ ਗੁਮਾਨ ਸੀ ਅੰਦਰ
ਕੁਝ ਐਸੇ ਮੈਥੋਂ ਬੋਲ ਬੁਲਾਏ
ਗੱਲਬਾਤ ਵਿੱਚ ਗੁਣ ਸੀ ਸ਼ਾਮਲ
ਜੋ ਜੀਵਨ ਆਪਣੇ ਵਿੱਚ ਕਮਾਏ

ਬੜੇ ਸਬਰ ਨਾਲ ਗ਼ੈਰ ਸੁਣੇ
ਜੋ ਸੀ ਗੁਣ ਮੇਰੇ ਮੈਂ ਆਖ ਸੁਣਾਏ
ਪਰ ਐਸੀ ਉਸਨੇ ਚੁੱਪੀ ਤੋੜੀ
ਮੈਨੂੰ ਪਹਿਲੂ ਸੱਚੇ ਪ੍ਰਤੱਖ ਦਿਖਾਏ

"ਕਥਨੀ ਤੇਰੀ ਸੱਚੀ ਐ
ਕਿ ਤੂੰ ਨਾ ਪਾਪੀ ਨਾ ਚੋਰ ਐਂ
ਪਰ ਗੱਲ ਅਸਲ ਵਿੱਚ ਇੰਨੀ ਐ
ਕਿ ਤੂੰ ਸ਼ਰੀਫ ਨਹੀਂ ਕਮਜ਼ੋਰ ਐਂ "

"ਜੇ ਮਿੱਠੇ ਝੂਠ ਵਿੱਚ ਜੀ ਚੁਕਿਆ
ਤਾਂ ਹੁਣ ਕੌੜੇ ਸੱਚ ਦੀ ਮਾਰ ਵੀ ਸਹਿਣੀ
ਜਦ ਤਾਕਤ ਤੇਰੇ ਹੱਥ ਵਿੱਚ ਆਈ
ਤੇਰੇ ਗੁਣਾ ਦੀ ਕੋਈ ਔਕਾਤ ਨਾ ਰਹਿਣੀ "

"ਬੁਰੇ ਲੋਕਾਂ ਤੋਂ ਪੁੱਛ ਕੇ ਦੇਖ
ਕਹਿਣਗੇ 'ਬੁਰੇ ਹਲਾਤਾਂ ਵਿੱਚ ਸੀ ਘਿਰਿਆ'
ਲੋਕ ਬਥੇਰੇ ਚੰਗੇ ਰਹਿ ਗਏ
ਕਿਉਂਕਿ ਬੁਰੇ ਹੋਣ ਦਾ ਮੌਕਾ ਨਹੀਂ ਮਿਲਿਆ"

"ਚੰਗੇ ਹੋਣਾ ਮਰਜ਼ੀ ਹੋਵੇ
ਕਮਜ਼ੋਰਾਂ ਦੀ ਮਜਬੂਰੀ ਨਾ
ਚੰਗੇ-ਮਾੜੇ ਲੋਕਾਂ ਵਿੱਚਲੀ
ਜ਼ਿਆਦਾ ਬਹੁਤੀ ਦੂਰੀ ਨਾ"

"ਜੋ ਮੌਕਾ ਹੋਣ ਤੇ ਵੀ ਮਾੜੇ ਨਹੀਂ
ਪਰ ਸੱਚੇ ਰਾਹ 'ਤੇ ਪੈ ਜਾਂਦੇ ਨੇ
ਉਸ ਸੱਚੀ ਦਰਗਾਹ ਪਰਵਾਨ ਹੁੰਦੇ
ਅਤੇ ਸੱਚਮੁੱਚ ਚੰਗੇ ਬਣ ਜਾਂਦੇ ਨੇ"

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ