Punjabi Poetry : Gurpreet Kaur

ਪੰਜਾਬੀ ਕਵਿਤਾਵਾਂ : ਗੁਰਪ੍ਰੀਤ ਕੌਰ



1. ਫ਼ੈਸਲਾ

ਤੁਰਨਾ ਤੇਰੀਆਂ ਯਾਦਾਂ ਸੰਗ ਸਦਾ ਲਈ ਕੋਈ ਸਵਾਲ ਨਾ ਕਰੀਂ ਇਹ ਨਿਰਣਾ ਕਿਉਂ ਲਿਆ ? ਹੁਣ ਸਾਹ ਵੀ ਪੁੱਛ ਕੇ ਲਿਆ ਜਾਂਦਾ ਕੀ ?

2. ਮੰਗ

ਐ ਜ਼ਿੰਦਗੀ ਮੈਂ ਤੇਰੇ ਕੋਲੋਂ ਕੁੱਝ ਨਹੀਂ ਮੰਗਦੀ ਬੱਸ ਏਨਾ ਹੀ ਕਾਫ਼ੀ ਹੈ ਤੇਰੇ ਸੁੱਚੇ ਬੁੱਲਾਂ 'ਚੋਂ ਉਚਾਰਿਆ ਜਾਂਦਾ ਰਹੇ ਮੇਰਾ ਨਾਮ ਕਦੇ-ਕਦੇ !

3. ਵਕਤ

ਖ਼ਿਆਲ ਚੰਗਾ ਏ ਸਾਹਿਬ ਘਰਾਂ ਨੂੰ ਪਰਤਣ ਦਾ ਸੋਚੀਂ .... ਫੇਰ ਤੁਰੀਂ ਕੀ ਪਤਾ ਬਦਲ ਗਏ ਹੋਣ ਮਾਲਿਕ ਵੀ ਤੇਰੇ ਆਪਣੇ ਘਰਾਂ ਦੇ !

4. ਵਾਅਦਾ

ਹੈ ਦਿਲੋਂ ਜੇ ਪਿਆਰ ਤਾਂ ਨਾਲ ਤੁਰੀਂ ਬੇਵਫ਼ਾਈਆਂ ਨੂੰ ਲੈ ਬੁੱਕਲ 'ਚ ਕਦੇ ਪਿਆਰ ਨਹੀਂ ਨਿਭਦੇ

5. ਆ ਗੱਲਾਂ ਕਰੀਏ

ਮੈਂ ਉਸ ਨੂੰ ਕਿਹਾ ਆ ਗੱਲਾਂ ਕਰੀਏ ਉਹ ਬੋਲਿਆ ਤੇਰੇ ਹੋਂਠ ਮਤਾਬੀ ਨੈਣ ਸ਼ਰਾਬੀ ਤੇਰੇ ਘਟਾਵਾਂ ਜਿਹੇ ਵਾਲ ਬੜੇ ਹੀ ਸੁੰਦਰ ਮੈਂ ਬੋਲੀ ਉਡੱਦੇ ਪੰਛੀ ਆਕਾਸ਼ 'ਚ ਤਾਰੇ ਕਿੰਨੇ ਪਿਆਰੇ ਤੂੰ ਸੁਣ ਕੇ ਦੇਖੀਂ ਪੰਛੀਆਂ ਦਾ ਚਹਿਕਣਾ ਕਰ ਕੇ ਦੇਖੀਂ ਰੁੱਖਾਂ ਨਾਲ ਗੱਲਾਂ ਦੋ ਪਲ ਮਾਣੀਂ ਖਿੜੇ ਫੁੱਲਾਂ ਦਾ ਸਾਥ ਉਸ ਫੁਰਮਾਇਆ ਤੇਰਾ ਗੋਰਾ ਰੰਗ ਦੁੱਧ ਜਿਹਾ ਤੇਰੇ ਸੋਹਣੇ ਹੱਥ ਸੁਦਰ ਲੱਗਦੀ ਨੇਲ ਪਾਲਿਸ਼ ਮੈਂ ਬੋਲੀ ਛੱਡ ਪਰ੍ਹੇ ਆ ਗੱਲਾਂ ਕਰੀਏ ਹਵਾ ਨਾਲ ਸਿਨੇਮਾ ਦੇਖੀਏ ਕੁਦਰਤ ਦਾ ਉਸਨੇ ਕਿਹਾ ਤੇਰਾ ਬਦਨ ਪਤਲੀ ਕਮਰ ਜੀਅ ਕਰਦੈ.... ਮੈਂ ਕਿਹਾ ਛੱਡ ਪਰ੍ਹੇ ਤੇਰੀਆਂ ਮੇਰੀਆਂ ਗੱਲਾਂ 'ਚ ਫ਼ਰਕ ਹੈ ਸਦੀਆਂ ਲੰਬਾ ਕਦੀਂ ਆਵੀਂ ਤੂੰ ਮੇਰੇ ਹਾਣ ਦਾ ਹੋ ਕੇ ਆਪਾਂ ਫੇਰ ਗੱਲਾਂ ਕਰਾਂਗੇ ।

6. ਚੁੱਪ ਦਾ ਵਪਾਰ

ਐ ਵਕਤ ਸੁਣ ਨਜ਼ਰ ਮਿਲਾ ਅੱਖ ਫੇਰ ਕੇ ਨਾ ਜਾ ਰੁੱਕ ਤੱਕ ਮੇਰੀ ਨਜ਼ਰ ਬੇਪਰਵਾਹ ਸੋਚ ਵਿਚਾਰ ਨਕਸ਼ ਸਵਾਰ ਕੁੱਝ ਤ ਬੋਲ ਬੰਦ ਕਰ ਚੁੱਪ ਦਾ ਵਪਾਰ!

7. ਤਜ਼ਰਬਾ

ਮੇਰੇ ਸ਼ਬਦ ਬੋਲਦੇ ਨੇ ਤੇ ਮੈਂ ਹੱਸਦੀ ਆਂ ਨੈਣਾਂ ਦੇ ਭੇਦਾਂ ਨੂੰ ਸਮਝਣ ਲਈ ਤਜ਼ਰਬਾ ਚਾਹੀਦਾ ਕੌਣ ਕਹਿ ਗਿਆ ਇਹ ਸਭ ਮੈਂ ਮੁਨਕਰ ਹਾਂ ਇਸ ਸਭ ਤੋਂ ਤਜ਼ਰਬਾ ਵੋ ਤਾਂ ਹਾਦਸਿਆਂ ਵਿਚੋਂ ਹੀ ਉਪਜਦਾ।

8. ਮੈਂ

ਕਿੰਨੀ ਭਾਗਾਂ ਵਾਲੀ ਆਂ ਮੈਂ ਔਰਤ ਜੋ ਰੱਬ ਨੇ ਮੁਢੋਂ ਕਈ ਰਾਖੇ ਬਖ਼ਸ਼ੇ ਜਨਮ ਤੋੰ ਅੰਤ ਤੱਕ ਘਰ ਤੇ ਬਾਹਰ ਹਰ ਕੋਈ ਸਮੇਟਨਾ ਹਸਤੀ ਨੂੰ ਆਪਣੇ ਹੱਥਾਂ ਵਿਛ ਅਵਾਰਾ ਕੁੱਤੇ ਜੋ ਹਮੇਸ਼ਾ ਭਾਲ 'ਚ ਰਹਿੰਦੇ ਕੀਮਤੀ ਜਜ਼ਬਾਤ ਅਹਿਸਾਸ ਨੂੰ ਖਿਡੌਣਾ ਬਣਾ ਰਾਖੀ ਕਰਨ ਦੀ ਗੱਲ ਕਰਦੇ ਕਿੰਨੀ ਅਨਮੋਲ ਹਾਂ ਨਾ ਮੈਂ ....

9. ਮੁਰਾਦ

ਇਸ ਅਸਮਾਨ ਅੰਦਰ ਟਿਮਕਦੇ ਤਾਰਿਆਂ ਵਿਚੋਂ ਕੁੱਝ ਮੇਰੇ ਹਿੱਸੇ ਵੀ ਲਿਖੇ ਹੋਣਗੇ ਮੇਰੀ ਰੀਝ ਉਹਦਾ ਟੁੱਟਣਾ ਕਿਤੇ ਖੁਸ਼ੀ ਦੇ ਹੰਝੂ ਕਿਤੇ ਕਿਸੇ ਦਾ ਮੁੱਕਣਾ ਅਜੀਬ ਅਸੂਲ ਦੁਨੀਆ ਦਾ ਟੁੱਟਦੇ ਤਾਰਿਆਂ ਨੂੰ ਦੇਖ ਮੁਰਾਦਾਂ ਮੰਗਣ ਦਾ

10. ਮੈਂ ਅਧੂਰੀ

ਉਸ ਨੇ ਕਿਹਾ ਤੂੰ ਜਾਹ ਮੁੜ ਪਰਤੀਂ ਪੂਰੀ ਦੀ ਪੂਰੀ ਅਧੂਰੇ ਘੜੇ ਡੋਲਦੇ ਬੜੇ ਨੇ ਮੈਂ ਕਿਹਾ ਪਰਤ ਜਾਂਦੀ ਹਾਂ ਪਰ ਆਈ ਸਾਂ ਮੈਂ ਪੂਰਨ ਹੋਣ ਲਈ ।

11. ਸਿਰਨਾਵੇਂ

ਵਕਤ ਦੇ ਨਾਲ-ਨਾਲ ਤੁਰਦੇ-ਤੁਰਦੇ ਸਿਰਨਾਵੇਂ ਬਦਲ ਗਏ ਪਰ ਮੈਂ ਉਹੀ ਰਹੀ ਜੋ ਪਹਿਲਾਂ ਸੀ ।

12. ਚਿਹਰੇ ਨਾ ਪੜ੍ਹੇ

ਚਿਹਰੇ ਨਾ ਪੜ੍ਹੇ ਗਏ ਨੀਤਾਂ ਨਾ ਸਮਝ ਆਈਆਂ ਮੁੜ ਪਰਤੇ ਘਰਾਂ ਨੂੰ ਪਾ ਝੋਲੀ ਵਿਚ ਰੁਸਵਾਈਆਂ ਡਾਲੀਆਂ ਸੁੱਕੀਆਂ ਹਲੂਣੀਆਂ ਵੱਖ ਕਰ ਸੁੱਟੀਆਂ ਰੁੱਖ ਹੱਸਿਆ ਕਿ ਲਗਰਾਂ ਨਵੀਆਂ ਫੁੱਟ ਆਈਆਂ ਚੰਨ ਤਾਰਿਆਂ ਦੀ ਛੱਡੋ ਪੈਰਾਂ ਹੇਠਲੀ ਨਾ ਸੰਭਲੀ ਕਦੋਂ ਦੀਵਾ ਬੁੱਝਿਆ ਤੇ ਕਦੋਂ ਮੁੱਕੀਆਂ ਪਰਛਾਈਆਂ ਹੱਸਣਾ ਵੀ ਭੁੱਲਿਆ ਤੇ ਰੌਣਾ ਵੀ ਕਿਤੇ ਗੁਆ ਬੈਠਾ ਉਹ ਸੁਬਕਦਾ ਏ ਸੁਪਨਾ ਤੇ ਹੰਢਾਉਂਦਾ ਤਨਹਾਈਆਂ ਲਹਿਰਾਂ ਦੀਆਂ ਸਾਜਿਸ਼ਾਂ ਦੀ ਜੇ ਖ਼ਬਰ ਹੀ ਮਿਲ ਜਾਂਦੀ ਨਾ ਡੁੱਬਦੇ ਤਰਦੇ-ਤਰਦੇ ਨਾ ਹੀ ਛਾਣਦੇ ਗਹਿਰਾਈਆਂ ।

13. ਹੋਣਾ ਨਾ ਹੋਣਾ ਇੱਕ ਬਰਾਬਰ

ਹੋਣਾ ਨਾ ਹੋਣਾ ਇੱਕ ਬਰਾਬਰ.... ਇੰਝ ਹੀ ਰਹਿਣਾ ਸਿੱਖ ਲਵੋ.... ਬੋਲ ਕੇ ਕਾਹਤੋਂ ਮਾੜੇ ਬਣਦੇ.... ਚੁੱਪ ਹੀ ਰਹਿਣਾ ਸਿੱਖ ਲਵੋ.... ਜੀ ਵਿਚ ਜੀ ਰਲਾਉਂਦੇ ਜਾਉ.... ਘੁੱਟ ਸਬਰ ਦੇ ਭਰ ਲਵੋ.... ਜਦ ਜੋ ਦਿਖਾਉਣ ਉਹੀ ਦੇਖੋ.... ਮੁੜ ਅੱਖਾਂ ਤੇ ਪੱਟੀ ਬੰਨ੍ਹ ਲਵੋ....

14. ਮੁਹੱਬਤ

ਮੁਹੱਬਤ ....ਜ਼ਰੂਰੀ । ਨਿਭਾਅ ... ਗੈਰ-ਜ਼ਰੂਰੀ । ਰਿਸ਼ਤਾ....ਜ਼ਰੂਰੀ । ਵਾਅਦੇ....ਗੈਰ-ਜ਼ਰੂਰੀ । ਤੈਨੂੰ ਸਮਝਾਂ....ਜ਼ਰੂਰੀ । ਮੈਨੂੰ ਸਮਝੇਂ....ਗੈਰ-ਜ਼ਰੂਰੀ । ਤੇਰੇ ਰੋਸੇ...ਜ਼ਰੂਰੀ । ਮੇਰਾ ਬੋਲਣਾ....ਗੈਰ-ਜ਼ਰੂਰੀ । ਮੁਆਫ ਕਰੀਂ ਜ਼ਿੰਦਗੀ, ਸ਼ਾਇਦ ਮੱਤ ਮੇਰੀ ਥੋੜੀ । ਮੈਥੋਂ ਬੋਲੀ ਕਿਉਂ ਜਾਂਦੀ, ਜੋ ਗੱਲ ਹੁੰਦੀ ਨਾ ਜ਼ਰੂਰੀ । ਕੰਮ ਵੀ ਹੋ ਜਾਂਦਾ, ਜੋ ਹੁੰਦਾ ਗੈਰ-ਜ਼ਰੂਰੀ । ਚੱਲ ਇੰਝ ਕਰੀਂ... ਲਿੱਖ ਦੇਈਂ ਸਭ, ਜ਼ਰੂਰੀ ਤੇ ਗੈਰ-ਜ਼ਰੂਰੀ, ਮੈਂ ਯਾਦ ਕਰ ਲਵਾਂਗੀ । ਫੇਰ ਦਿੱਕਤ ਨਹੀਂ ਹੋਣੀ, ਅੱਖਾਂ 'ਚ ਜੜ ਲਵਾਂਗੀ । ਜੇ ਫੇਰ ਵੀ ਕਮੀ ਲਗੀ, ਬੁੱਲ੍ਹਾਂ ਤੇ ਉਂਗਲ ਧਰ ਦੇਵੀਂ । ਜਾਂ ਸਾਹ ਵਾਪਿਸ ਲੈ ਲਵੀਂ, ਫੇਰ ਚੁੱਪ ਈ ਚੁੱਪ ਹੋਣੀ । ਸਦੀਆਂ ਲੰਮੀ...... ਚੁੱਪ ਮੁਬਾਰਕ ਜ਼ਿੰਦਗੀ

15. ਬੋਲ ਮੇਰੇ ਮਿੱਠੂ

ਦੇਖੋ! ਗੰਗਾ ਤੇ ਇਹਦੇ ਘਾਟ ਹੁਣ ਸੁਣੋ ...ਆਰਤੀ ਹੋ ਰਹੀ ਹੈ ਦੇਖੋ ...ਉਹਨੇ ਹੱਥ ਜੋੜ ਲਏ ਸੁਣੋ ....ਉਹ ਆਰਤੀ ਗਾ ਰਿਹਾ ਦੇਖੋ ਤੇ ਸੁਣੋ.... ਪਰ ਅਸੀਂ ਹੁਣ ਬੋਲਣਾ.... ਕਿ ਤੇਰਾ ਦੱਸਣਾ ਜ਼ਰੂਰੀ ਨਹੀਂ ਅੱਖਾਂ ਤੇ ਪੱਟੀ ਨਹੀਂ ਸਭ ਦੇਖ ਰਹੇ ਹਾਂ। ਬੱਸ ਹੁਣ ਤੂੰ ਦੇਖ... ਹਨੇਰੀ ਆ ਗਈ ਬਰਸਾਤ ਆ ਗਈ ਫ਼ਸਲਾਂ ਰੁਲ ਗਈਆਂ ਚੱਲ ਲਾਇਵ ਈ ਹੋ ਜਾ ਸੁਣ ਉਸਦੀਆਂ ਚੀਖਾਂ ਜੋ ਦੱਬ ਗਈਆਂ ਹੇਠ ਧਰਮਦਵਾਰਿਆਂ ਲੈ ਬੜਾ ਮਸਾਲਾ ਮਿਲ ਗਿਆ ਹੁਣ ਤੜਕਦੀ ਹੋਈ ਖ਼ਬਰ ਲਿਖ ਲੈ ਮੈਂ ਤੈਨੂੰ ਕੁਝ ਕੁ ਚੇਤੇ ਕਰਾਤਾ ਹੁਣ ਤਿਆਰ ਰਵੀਂ ਅੱਗੇ ਲਈ ਹੋਰ ਵੀ ਬੜਾ ਕੁੱਝ ਦਿਖਾਉਣਾ ਬਾਕੀ ਹੈ। ਹਾਂ ਉਏ ...ਸਮਾਜ ਦੇ ਸ਼ੀਸ਼ੇ ਦੇਸ਼ ਮੇਰੇ ਦੇ ਚੌਥੇ ਥੰਮ ਤੂੰ ਕਾਹਤੋਂ ਡੋਲ ਰਿਹਾਂ ਹਾਲੇ ਤਾਂ ਕਿਸੇ ਪਾਸਾ ਵੀ ਨਹੀਂ ਪਰਤਿਆ ਹਾਲੇ ਤਾਂ ਜਾਗ ਰਹੇ ਨੇ ਪਰ ਤੂੰ ਤਿਆਰ ਰਵੀਂ ਚੱਲ... ਤੂੰ ਤੋਤਾ ਈ ਬਣਿਆ ਰਹਿ ਪਿਆਰੇ ਮਿੱਠੂ।

16. ਇੱਕ ਖ਼ਿਆਲ

ਇੱਕ ਖ਼ਿਆਲ ਉਡਾਰੀ ਭਰਦਾ ਤੇ ਅਚਾਨਕ ਬੇਸੁਧ ਹੋ ਆਣ ਝੋਲੀ 'ਚ ਡਿੱਗਦਾ ਅਸਾਂ ਸਾਂਭਦੇ ਚੁੰਮਦੇ ਗੱਲ ਲਾਉਂਦੇ ਮੱਥੇ ਸਜਾਉਂਦੇ ਕਿ ਹੋਇਆ ਜੇ ਉਡਾਰੀ ਨਾ ਭਰੀ ਗਈ ਪਰ ਹੌਂਸਲਾ ਤਾਂ ਬਹੁਤ ਸੀ ਅਸਮਾਨ ਨੂੰ ਗੱਲ ਲਾਉਣ ਦਾ ਸੁਪਨੇ ਦੇਖਣ ਦਾ ਇਹ ਮੁੜ ਉਡਾਰੀ ਭਰੂਗਾ ਅਸਮਾਨ ਵੀ ਮਿਲੂਗਾ ਉਮੀਦ ਕਾਇਮ ਹੈ ।

17. ਦੂਰ ਕਿਤੇ

ਅਹਿਸਾਸ ਤੋਂ ਬਹੁਤ ਦੂਰ ਕਿਧਰੇ ਨਾ ਕਿਧਰੇ ਕੁਝ ਜ਼ਰੂਰ ਹੈ ਹੁੰਦਾ ਜਿੱਥੇ.... ਨਾ ਹੀ ਹਾਸੇ ਨਾ ਹੀ ਗ਼ਮ ਹੁੰਦੀ ਹੈ ਤਾਂ ਸਿਰਫ ਚੁੱਪ ਹਨੇਰੇ ਜਿਹੀ ਉਸ ਅੰਦਰ ਪਿਆਰ ਵੀ ਨੇੜੇ ਬਹਿ ਗੁੰਮਿਆ ਹੋਇਆ ਦੀਵਾਰਾਂ ਨੂੰ ਤੱਕਦਾ ਸਵਾਲ ਕਰਦਾ ਨਾ ਮਿਲਦਾ ਹੁੰਗਾਰਾ ਬੋਲ ਕੰਧਾਂ ਵਿਚ ਵੱਜਦਾ ਥੱਕਿਆ ਹਾਰਿਆ ਇੰਤਜ਼ਾਰ ਕਰਦਾ ਸੋ ਰਹੀ ਮੁਹੱਬਤ ਪਿਆ ਉਡੀਕਾਂ ਕਰਦਾ ਪਰਤ ਹੀ ਆਵੇਗੀ ਉਮੀਦਾਂ ਕਰਦਾ।

18. ਹੁਣ

ਕਿਤੋਂ ਸਾਹ ਉਧਾਰੇ ਮਿਲ ਜਾਵਣ, ਹੁਣ ਜੀਣਾ ਹੈ। ਕਿਤੋਂ ਸਬਰ ਪਿਆਲਾ ਮਿਲ ਜਾਵੇ, ਹੁਣ ਪੀਣਾ ਹੈ। ਨਾ ਖੁੱਲ੍ਹਾ ਰਹਿ ਜਾਵੇ, ਸਾਰਾ ਲਹੂ ਨਾ ਵਹਿ ਜਾਵੇ । ਕਿਤੋਂ ਸੂਈ ਹੀ ਮਿਲ ਜਾਵੇ, ਜ਼ਖਮ ਹੁਣ ਸੀਣਾ ਹੈ ।

19. ਕਦਮ ਮੇਰੇ

ਕਦਮ ਮੇਰੇ ਆਪ ਮੁਹਾਰੇ ਤੇਰੇ ਕਦਮਾਂ ਨਾਲ ਜਾ ਮਿਲਦੇ । ਤੂੰ ਤੱਕਦਾ ਤੱਕ ਡਰਦਾ ਧਿਆਨ ਆਉਂਦਾ.... ਯਾਦ ਕਰਾਉਂਦਾ.... ਹਾਏ ਰਾਖੇ....। ਮੈਂ ਸੁਣਦੀ ਸੰਭਲਦੀ... ਸੁਰਤ ਟਿਕਾਣੇ ਕਰ.. ਰਾਹ ਬਦਲਦੀ । ਸਾਹੋ ਸਾਹ ਹੋ ਇੱਧਰ- ਉੱਧਰ ਭੱਜਦੀ । ਡਿੱਗਦੀ.... ਢਹਿੰਦੀ.... ਰਾਹ ਨਾ ਲੱਭਦੀ । ਕਿਵੇਂ ਦੱਸਦੀ.... ਭਲਾ ਨਜ਼ਰਾਂ ਤੋਂ ਬਿਨਾਂ ਕਿਵੇਂ ਤੁਰਿਆ ਜਾ ਸਕਦਾ ਸੀ ।

20. ਜ਼ਖ਼ਮ

ਜ਼ਖਮ ਵੀ ਹੋਇਆ ਹਰਾ, ਦਰਦ ਵੀ ਮੁੜ ਆਇਆ । ਲੰਘ ਗਿਆ ਸੀ ਜੋ ਕਦੇ, ਵਕਤ ਨੇ ਫੇਰਾ ਪਾਇਆ । ਉੱਡੀ ਮਿੱਟੀ ਯਾਦਾਂ ਵਾਲੀ, ਝੱਖੜ ਸੀ ਐਸਾ ਆਇਆ । ਤੁਰਦੇ-ਤੁਰਦੇ ਰਾਹਾਂ ਭੁਲੇ, ਥੱਕੇ ਕਿ ਸਾਹ ਨਾ ਆਇਆ । ਕੀ ਕਰੀਏ ਤੇ ਕਿੱਥੇ ਜਾਈਏ, ਸਮਝ ਨਹੀਂ ਕੁੱਝ ਆਇਆ । ਅੱਜ ਤੇ ਬੀਤੇ ਦੀਆਂ ਤੰਦਾਂ, ਜਿੰਦ ਨੂੰ ਇੰਝ ਉਲਝਾਇਆ ।

21. ਇਤਰਾਜ਼

ਹਾਂ....ਇਤਰਾਜ਼ ਹੈ, ਸੋਚ ਅਤੇ ਫੈਸਲੇ ਤੇ ਵਿਵਹਾਰ ਅਤੇ ਬਦਲਣ ਤੇ । ਨਹੀਂ....ਮੰਜ਼ੂਰ ਨਹੀਂ, ਹਰ ਵਾਰੀ ਟੁੱਟ ਕੇ ਜੁੜਨਾ ਉੱਤੋਂ ਹੱਸਣਾ ਤੇ ਅੰਦਰੋਂ ਝੁਰਨਾ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ