Punjabi Poetry : Gurmeet Singh

ਪੰਜਾਬੀ ਕਵਿਤਾਵਾਂ : ਗੁਰਮੀਤ ਸਿੰਘ

1. ਸੁਫਨਾ

ਸੁਰਖ਼ ਸਵੇਰੇ ਸੁਫਨਾ ਆਇਆ
ਮਾਂ ਮੇਰੀ ਮੈਨੂੰ ਗੱਲ ਨਾਲ ਲਾਇਆ
ਘੁੱਟ ਕੇ ਸੀਨੇ ਲਾ ਕੇ ਅੰਮੜੀ
ਮੱਥਾ ਚੁੰਮ ਮੈਨੂੰ ਕੋਲ ਬਿਠਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਸੁਫਨੇ ਵਿੱਚ ਮੈ ਘਰ ਸੀ ਪਹੁੰਚਿਆ
ਮਿਲਣੇ ਨੂੰ ਮੇਰਾ ਦਿਲ ਸੀ ਲੋਚਿਆ
ਚਾਰ ਸਾਲਾਂ ਦੀ ਦੂਰੀ ਪਿੰਡ ਤੋਂ
ਇੱਕ ਇੱਕ ਪਲ ਬੜਾ ਔਖਾ ਲੰਘਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਸੁਫਨਾ ਵੀ ਮੈਨੂੰ ਸੱਚ ਸੀ ਜਾਪਿਆ
ਜਦ ਮਾਂ ਨੇ ਮੈਨੂੰ ਪੁੱਤ ਆਖਿਆ
ਕੰਨਾਂ ਵਿੱਚ ਰਸ ਘੁੱਲ ਗਿਆ ਸੀ
ਏਨੇ ਪਿਆਰ ਨਾਲ ਨਾ ਕਿਸੇ ਬੁਲਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਭੈਣ-ਭਾਈ ਤੇ ਬਾਪੂ ਨੂੰ ਮਿਲਿਆ
ਫੁੱਲ ਸਧਰਾਂ ਦਾ ਦਿਲ 'ਚ ਖਿਲਿਆ
ਦਾਦੇ ਨੂੰ ਮੈ ਫ਼ਤਿਹ ਬੁਲਾਈ
ਮੈਨੂੰ ਦਾਦੀ ਘੁੱਟ ਸੀਨੇ ਨਾਲ ਲਾਇਆ
ਸੁਰਖ਼ ਸਵੇਰੇ ਸੁਫਨਾ ਆਇਆ

ਸੁਫਨਾ ਮੇਰਾ ਟੁਟਿਆ ਜਦ ਸੀ
ਵਿਛੋੜੇ ਦੀ ਫਿਰ ਹੋ ਗਈ ਹੱਦ ਸੀ
ਰੂਹ ਮੇਰੀ ਨੂੰ ਹੌਲ ਜੇਹੇ ਪੈ ਗਏ
ਜਦ ਮੁੜ ਤੋਂ ਆਪ ਨੂੰ ਕੱਲਿਆ ਪਾਇਆ
ਸੁਰਖ਼ ਸਵੇਰੇ ਸੁਫਨਾ ਆਇਆ

2. ਕੁੱਖਾਂ

ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਭਗਤ ਸਿੰਘ, ਸਰਾਭੇ, ਉੱਧਮ ਜੇਹੇ ਸਰਦਾਰ ਜਣੇ
ਆਪਾ ਮਿਟਾ ਕੇ ਜਿਹੜੇ ਕੌਮ ਦੀ ਸੀ ਸ਼ਾਨ ਬਣੇ
ਅੱਜ ਕੱਲ ਮਾਂਵਾਂ ਨਾਂ ਬਸੰਤੀ ਰੰਗ ਪੱਗਾਂ ਦੇ ਰੰਗਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਦੇਖ ਭੋਰਾ ਨੀ ਸੀ ਕੰਬਦੀਆਂ

ਧੰਨ ਉਹ ਮਾਂਵਾਂ ਜਿਨਾ ਤਸ਼ੱਸਦ ਹੰਢਾਏ ਸੀ
ਪੁੱਤਰਾਂ ਦੇ ਕਲ਼ੇਜੇ ਜਿਹਨਾਂ ਦੇ ਮੂੰਹਾਂ ਵਿੱਚ ਪਾਏ ਸੀ
ਅੱਜ ਸਿਫ਼ਤਾਂ ਹੀ ਕਰਨ ਪੁੱਤਰਾਂ ਦੇ ਗੋਰੇ ਚੰਮ ਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਲੱਕ ਨਾਲ ਬੰਨ੍ਹ ਜਵਾਕ ਜੰਗ ਵਿੱਚ ਲੜੀ ਸੀ
ਝਾਂਸੀ ਦੀ ਓਹ ਰਾਣੀ ਨਾ ਕਿਸੇ ਕੋਲੋਂ ਡਰੀ ਸੀ
ਦੱਸਾਂ ਕੀ ਕਹਾਣੀਆਂ ਮਾਈ ਭਾਗੋ ਦੇ ਕੰਮ ਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਸੂਰਮਿਆਂ ਬਿਨਾ ਨਾਂ ਕਦੇ ਕੌਮ ਪਾਰ ਲੱਗਦੀ
ਅਣਖ ਤੇ ਗ਼ੈਰਤ ਹੁਣ ਵਿਰਲੀ ਹੀ ਲੱਭਦੀ
ਅੰਮ੍ਰਿਤ ਛੱਡ ਬੋਤਲਾਂ ਖਾਲ਼ੀ ਕੀਤੀਆਂ ਰੰਮ ਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

ਕਰਾਂ ਅਰਦਾਸ ਸੁੱਤੀ ਅਣਖ ਜਗਾ ਦੇ ਰੱਬਾ
ਡੁੱਬਦੀ ਹੋਈ ਕੌਮ ਦਾ ਬੇੜਾ ਪਾਰ ਲਾ ਦੇ ਰੱਬਾ
ਚਾਲਾਂ ਹਾਕਮ ਦੀਆਂ ਜੜ੍ਹਾਂ ਸਾਡੀਆਂ ਹੁਣ ਵੱਢਦੀਆਂ
ਗੁੰਮ ਗਈਆਂ ਉਹ ਕੁੱਖਾਂ ਜੋ ਸੂਰਮੇ ਸੀ ਜੰਮਦੀਆਂ
ਵੇਖ ਹੁੰਦਾ ਜ਼ੁਲਮ ਜੋ ਭੋਰਾ ਨੀ ਸੀ ਕੰਬਦੀਆਂ

3. ਸੰਘਰਸ਼

ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਹਾਰ ਮੰਨੀ ਨਹੀਂ ਕਦੀ ਵੀ ਨਾ ਕਿਸੇ ਮੂਹਰੇ ਝੁਕਿਆ ਹਾਂ
ਕਈਆਂ ਰੋੜੇ ਸੁੱਟੇ ਰਾਹਾਂ 'ਚ ਨਾ ਫਿਰ ਵੀ ਕਦੇ ਰੁਕਿਆ ਹਾਂ
ਓਟ ਨਾਨਕ ਦੀ ਮੇਰੇ ਸਿਰ ਜੋ ਕਦੇ ਪਿੱਠ ਨੀ ਲੱਗਣ ਦਿੰਦੀ
ਏਹ ਦੁਆ ਮੇਰੀ ਮਾਂ ਦੀ ਜੋ ਮੈਨੂੰ ਥੱਲੇ ਨੀ ਡਿੱਗਣ ਦਿੰਦੀ
ਰੱਬ ਵਰਗੇ ਯਾਰਾਂ ਕਰਕੇ ਪੌੜੀ ਮੰਜਿਲਾਂ ਦੀ ਚੜ੍ਹਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਮੇਹਨਤ ਦਾ ਕੋਈ ਤੋੜ ਨਾ ਰੱਖ ਸੋਚ ਉੱਚੀ ਹੀ ਸਦਾ ਰੱਖੀ
ਜਿਤੂੰਗਾ ਜ਼ਰੂਰ ਜਿੰਦਗੀ ਤੋਂ ਉਮੀਦ ਵੀ ਮੇਰੀ ਏਹ ਪੱਕੀ
ਨਾ ਹਾਰਨ ਵਾਲਾ ਜਜ਼ਬਾ ਹੀ ਬੰਦੇ ਨੂੰ ਕੱਖ ਤੋਂ ਲੱਖ ਬਣਾਵੇ
ਏਹੋ ਜੇਹਾ ਬੰਦਾ ਫਿਰ ਬਿਨ ਖੰਭੋਂ ਅੰਬਰੀਂ ਉਡਾਰੀ ਲਾਵੇ
ਵਿਸ਼ਵਾਸ ਰੱਖ ਆਪਣੇ ਤੇ ਪੱਲਾ ਨਾਨਕ ਦਾ ਫੜਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਜ਼ਿੰਦਗੀ ਨਾਂ ਸੰਘਰਸ਼ ਦਾ ਹਰ ਮੋੜ ਤੇ ਲੜਿਆ ਹਾਂ
ਡਟਿਆ ਰਿਹਾ ਹਾਲਾਤਾਂ ਅੱਗੇ ਕਦੇ ਵੀ ਡਰਿਆ ਨਾ
ਕਈ ਗਲਤ ਲਏ ਫ਼ੈਸਲਿਆਂ ਮੈਨੂੰ ਬਹੁਤ ਕੁਝ ਸਿਖਾਇਆ
ਦੇਖ ਹਨੇਰੇ ਚਾਰੇ ਪਾਸੇ ਦਿਲ ਫਿਰ ਵੀ ਨਾ ਘਬਰਾਇਆ
ਕੀਤੀਆਂ ਜੋ ਗਲਤੀਆਂ ਓਨ੍ਹਾਂ ਗਲਤੀਆਂ ਤੋਂ ਪੜ੍ਹਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

ਜਿੱਤ ਦੀ ਖ਼ੁਸ਼ੀ ਦੇ ਨਾਲ ਸਵਾਦ ਹਾਰਾਂ ਦਾ ਵੀ ਚੱਖਿਆ
ਜ਼ਿੰਦਗੀ ਨੂੰ ਦੇ ਕੇ ਪਹਿਲ ਮੌਤ ਨੂੰ ਵੀ ਚੇਤੇ ਰੱਖਿਆ
ਏਸੇ ਪਲ ਨੂੰ ਮੁੱਖ ਰੱਖਦਾ ਨਾ ਕੱਲ੍ਹ ਦੀ ਸੋਚ ਸਤਾਉਂਦੀ
ਜੱਗ ਮੁਸਾਫ਼ਰ ਖਾਨਾ ਜਿੰਦ ਬਹੁਤਾ ਚਿਰ ਨਾ ਟਿਕ ਪਾਉਂਦੀ
ਨਵਿਆਂ ਨੂੰ ਮੌਕਾ ਦੇਣ ਲਈ ਫੁੱਲ ਟਾਹਣੀ ਤੋਂ ਝੜਿਆ ਹਾਂ
ਕਈ ਵਾਰੀ ਮੈਂ ਡਿਗਿਆ ਕਈ ਵਾਰੀ ਉਠ ਖੜ੍ਹਿਆ ਹਾਂ
ਔਕੜਾਂ ਵਿੱਚੋਂ ਹੋ ਲੰਘਿਆ ਹਾਲਾਤਾਂ ਨਾਲ ਲੜਿਆ ਹਾਂ

4. ਵੰਗਾਰ

ਕਰਲਾ ਜ਼ੁਲਮ ਭਾਵੇਂ ਧੱਕੇ ਲੱਖ ਕਰ ਲਈਂ
ਇੱਕੋ ਗੱਲ ਮੇਰੀ ਸਰਕਾਰੇ ਪੱਲੇ ਧਰ ਲਈਂ
ਹਨੇਰਿਆਂ ਤੋਂ ਬਾਦ ਸਦਾ ਚਾਨਣ ਨੇ ਆਉਂਦੇ
ਅਣਖੀ ਜੋ ਬੰਦੇ ਨਾ ਜ਼ੁਲਮ ਕਦੇ ਸਹਿੰਦੇ
ਹੱਕ ਸਾਰੇ ਲੈਣੇ ਜੇਹੜੇ ਤੇਰੇ ਤੇ ਉਧਾਰ ਨੀ
ਜ਼ੁਲਮਾਂ ਦੇ ਮੁਹਰੇ ਤੇਰੇ ਮੰਨਣੀ ਨਾ ਹਾਰ ਨੀ

ਸੱਚ ਨੂੰ ਦਬਾਉਣਾ ਤੇਰੀ ਆਦਤ ਪੁਰਾਣੀ ਆ
ਸਾਡੀ ਵੀ ਅਣਖ ਵਾਲੀ ਵੱਖਰੀ ਕਹਾਣੀ ਆ
ਦਬ ਕੇ ਨਾ ਰਹਿੰਦੇ ਨਾ ਝੁਕਣਾ ਹੀ ਜਾਣਦੇ
ਖ਼ੌਫ਼ ਕੱਢ ਦਿਲ 'ਚੋਂ ਅਜ਼ਾਦੀ ਰਹੀਏ ਮਾਣਦੇ
ਝਾਤੀ ਇਤਿਹਾਸ ਵੱਲੇ ਲਈ ਕਦੇ ਮਾਰ ਨੀ
ਜ਼ੁਲਮਾਂ ਦੇ ਮੁਹਰੇ ਤੇਰੇ ਮੰਨਣੀ ਨਾ ਹਾਰ ਨੀ

ਦੰਗਿਆ ਫ਼ਸਾਦਾਂ ਵਾਲੀ ਰਾਜਨੀਤੀ ਕਰਦੀ
ਕੁਰਸੀ ਨਾ ਖੁਸੇ ਏਸੇ ਗੱਲੋਂ ਰਹੇ ਡਰਦੀ
ਖੂਨ ਬਹਾਏ ਹੋਰ ਪਤਾ ਨੀ ਕੀ ਕੀ ਕਰੇ
ਸਬਰਾਂ ਦੇ ਘੁੱਟ ਅਸੀਂ ਹਰ ਵਾਰੀ ਭਰੇ
ਐਤਕੀਂ ਤੈਨੂੰ ਅਸੀਂ ਪਾਉਣੀ ਆ ਵੰਗਾਰ ਨੀ
ਜ਼ੁਲਮਾਂ ਦੇ ਮੁਹਰੇ ਤੇਰੇ ਮੰਨਣੀ ਨਾ ਹਾਰ ਨੀ

ਤੇਰੇ ਹੀ ਲਾਲਚ ਨੇ ਗੱਲ ਤੇਰਾ ਘੁੱਟਣਾ
ਢੋਲ ਏ ਗੁਲਾਮੀ ਵਾਲਾ ਲਾਹ ਅਸੀਂ ਸੁੱਟਣਾ
ਤਾਨਾਸ਼ਾਹੀ ਤੇਰੀ ਦਾ ਹਨੇਰ ਦੂਰ ਕਰਨਾ
ਪਊ ਹਰਜਾਨਾ ਇੱਕ ਦਿਨ ਤੈਨੂੰ ਭਰਨਾ
ਭਗਤ ਤੇ ਸਰਾਭੇ ਸਾਡੀ ਸੋਚ ਦੇ ਅਧਾਰ ਨੀ
ਜ਼ੁਲਮਾਂ ਦੇ ਮੁਹਰੇ ਕਦੇ ਮੰਨਣੀ ਨਾ ਹਾਰ ਨੀ

5. ਹੀਰ

ਸੁਰਖ਼ ਬੁਲ੍ਹੀਆਂ ਪੱਤ ਗੁਲਾਬ ਹੋਵਣ
ਹੁਸਨਾਂ ਦੇ ਮਾਲਕ ਜਨਾਬ ਹੋਵਣ
ਮੁੱਖ ਨਾਲ ਸ਼ਰਮ ਦੇ ਢੱਕਦੀ ਹੋਵੇ
ਨੀਵੀਂ ਪਾ ਜਦ ਕੋਲ ਦੀ ਲੰਘਦੀ ਹੋਵੇ
ਕੋਈ ਐਸੀ ਆ ਦਿਲ ਦੇ ਬੂਹੇ ਖਲੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਆਕੜ ਰੱਖੇ ਥੋੜਾ ਨਖ਼ਰਾ ਵੀ ਹੋਵੇ
ਸੋਚ ਉੱਚੀ ਦਿਲ ਉਹਦਾ ਸੁਥਰਾ ਹੋਵੇ
ਮੋਢੇ ਨਾਲ ਜੋੜ ਮੋਢਾ ਖੜ੍ਹਦੀ ਹੋਵੇ
ਬਹੁਤਾ ਹੱਸ ਕਦੇ ਕਦੇ ਲੜਦੀ ਹੋਵੇ
ਸਾਡੀ ਦੋਹਾਂ ਦੀ ਸਾਂਝੀ ਤਕਦੀਰ ਹੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਮੁੱਖ ਤੱਕਦਿਆਂ ਜਿਹਨੂੰ ਭੁੱਖ ਲਹਿ ਜੇ
ਅੱਖਾਂ ਰਾਹੀਂ ਓ ਦਿਲ ਦੀ ਗੱਲ ਕਹਿ ਜੇ
ਸੁਪਨਿਆਂ ਮੇਰਿਆਂ ਦੀ ਓਹ ਰਾਣੀ ਹੋ ਜੇ
ਇੰਝ ਪਿਆਰ ਦੀ ਸ਼ੁਰੂ ਕਹਾਣੀ ਹੋ ਜੇ
ਓਹਦੇ ਦਿਲ 'ਚ ਮੇਰੀ ਤਸਵੀਰ ਹੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਜਿਹਨੂੰ ਡਰ ਨਾ ਹੋਵੇ ਦੁਨੀਆਂ ਦਾ
ਪੱਗਾਂ ਨਾਲ ਮੈਚ ਕਰੇ ਰੰਗ ਚੁੰਨੀਆਂ ਦਾ
ਸੂਟ ਪਾ ਮੇਰੇ ਮੂਹਰੇ ਆ ਖੜ੍ਹ ਜਾਵੇ
ਬਣ ਭਰਿੰਡ ਦਿਲ ਮੇਰੇ ਤੇ ਲੜ ਜਾਵੇ
ਤਰਾਸ਼ੀ ਮੂਰਤ ਓਹ ਰੱਬ ਦੀ ਹਸੀਨ ਹੋਵੇ
ਰੱਬਾ ਸਾਡੀ ਵੀ ਕੋਈ ਹੀਰ ਹੋਵੇ

ਕਰ ਕਬੂਲ ਅੱਜ ਮੇਰੀ ਅਰਦਾਸ ਰੱਬਾ
ਭੇਜ ਜ਼ਿੰਦਗੀ ਚ ਸੱਜਣ ਕੋਈ ਖ਼ਾਸ ਰੱਬਾ
ਔਖੇ ਦਿਨ ਨਿਕਲਣ ਹੁਣ ਕੱਲਿਆਂ ਦੇ
ਜਜ਼ਬਾਤ ਤਾਂ ਸਮਝ ਆਸ਼ਕ ਝੱਲਿਆਂ ਦੇ
ਸ਼ਿੰਗਾਰ ਕੇ ਰੱਖੀ ਮੈਂ ਦਿਲ ਦੀ ਸੇਜ ਰੱਬਾ
ਮੇਰੀ ਹੀਰ ਤਾਂ ਹੁਣ ਤੂੰ ਭੇਜ ਰੱਬਾ
ਮੇਰੀ ਹੀਰ ਤਾਂ ਹੁਣ ਤੂੰ ਭੇਜ ਰੱਬਾ

6. ਕੁਝ ਬੋਲ ਯਾਰਾਂ ਲਈ

ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ
ਹਾਲਾਤਾਂ ਵਾਲੀ ਤੱਕੜੀ 'ਚ ਸਾਰੇ ਪੁਣੇ ਨੇ
ਮਿਹਨਤੀ ਨੇ ਰੱਜ ਕੇ ਧੱਕ ਪਾਉਂਦੇ ਗੱਜ ਕੇ
Driver, Teacher, IT ਤੇ ਕੁਝ ਮੰਜੇ ਨਾਲ ਜੁੜੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

Circle ਰੱਖਿਆ ਛੋਟਾ ਦਿਲ ਅੰਬਰੋਂ ਵੱਡੇ ਨੇ
ਕਹੇ ਜੋ ਬੋਲ ਯਾਰਾਂ ਸਭ ਪੁਗਾ ਕੇ ਛੱਡੇ ਨੇ
ਵਾਧੇ ਘਾਟੇ ਨਾ ਦੇਖ ਬੱਸ ਯਾਰੀਆਂ ਨਿਭਾਈਆਂ
ਮੋਢੇ ਨਾਲ ਜੋੜਨ ਮੋਢਾ ਐਸੇ ਯਾਰ ਬਣੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

ਮੇਹਨਤਾਂ ਦੀ ਸੂਈ ਏਹ ਚੜ੍ਹਾਈ ਰੱਖਦੇ ਨੇ
ਮਹਿਫ਼ਲਾਂ ਵੀ ਆਏ ਦਿਨ ਸਜਾਈ ਰੱਖਦੇ ਨੇ
ਅੱਖਾਂ 'ਚ ਜੋ ਸਜਾਏ ਸੁਪਨੇ ਪੂਰੇ ਕਰਨੇ ਨੇ
ਛੋਟੇ ਛੋਟੇ ਖ਼ੁਆਬ ਸਭਨਾਂ ਹੀ ਬੁਣੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

ਬਹਾਰਾਂ ਵਿੱਚੋਂ ਹੋ ਲੰਘੇ ਕਈ ਝੱਖੜ ਹੰਢਾਏ
ਉਮਰਾਂ ਦੀ ਮੈਂ ਪੂੰਜੀ ਬੱਸ ਯਾਰ ਕਮਾਏ
ਕਾਲੇ ਬੱਦਲ਼ਾਂ ਨੂੰ ਦੇਖ ਪੈਰ ਪਿੱਛੇ ਨੀ ਪੱਟਿਆ
ਚੰਗੇ ਮਾੜੇ ਸਮੇਂ 'ਚ ਮੇਰੇ ਨਾਲ ਖੜੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ

ਯਾਰੀਆਂ ਰੱਖੀਂ ਸਲਾਮਤ ਗੁਰਮੀਤ ਅਰਦਾਸਾ ਕਰਦਾ
ਬੁਰੀ ਨਜ਼ਰ ਜ਼ਮਾਨੇ ਦੀ ਦਿਲ ਲੱਗਣ ਤੋਂ ਡਰਦਾ
ਯਾਰੀਆਂ ਲੇਖੇ ਉਮਰ ਮੈਂ ਲਾਵਾਂ ਏਹੀ ਮੰਗਦਾ ਹਾਂ
ਸਭਨਾਂ ਦੇ ਮੇਰੇ ਸਿਰ ਤੇ ਅਹਿਸਾਨ ਬੜੇ ਨੇ
ਬਹੁਤੇ ਯਾਰ ਨੀ ਮੇਰੇ ਬੱਸ ਗਿਣੇ ਚੁਣੇ ਨੇ -੨

7. ਕੁਝ ਖ਼ਾਸ ਲਿਖਾਂ

ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ
ਤੈਨੂੰ ਹਰ ਅੱਖਰ 'ਚ ਪਰੋ ਲਵਾਂ
ਦਿਲ ਦੀਆ ਗਹਿਰਾਈਆਂ 'ਚ ਲਕੋ ਲਵਾਂ
ਏਨਾ ਹੋ ਕੇ ਤੇਰੇ ਪਾਸ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

ਤੇਰੇ ਮੱਥੇ ਦੀ ਮੈਂ ਚਮਕ ਲਿਖਾਂ
ਤੇਰੀਆਂ ਅੱਖਾਂ ਵਾਲਾ ਸੁਰਮਾ ਵੀ
ਕਿਵੇਂ ਨਜ਼ਰ ਲੁਕੋ ਕੇ ਲੰਘ ਜਾਣਾ
ਕਿਵੇਂ ਮੜਕਾਂ ਦੇ ਨਾਲ ਤੁਰਨਾ ਵੀ
ਤੇਰੀ ਵੱਖਰੀ ਕੋਈ ਐਸੀ ਬਾਤ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

ਤੇਰੀ ਹਰ ਅਦਾ ਸੋਹਣੀ ਲੱਗਦੀ ਏ
ਅੱਖਰਾਂ ਦਾ ਦਿਲ ਏਹ ਠੱਗਦੀ ਏ
ਕਲਮ ਝੂੰਮ ਉੱਠਦੀ ਤੇਰਾ ਨਾਂ ਸੁਣ
ਪੰਨਿਆਂ ਨੂੰ ਵੀ ਖੁਸ਼ ਏਹ ਕਰਦੀ ਏ
ਉਸ ਅਦਾ ਨੂੰ ਦੇਖਣ ਦੀ ਆਸ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

ਜਦ ਲਿੱਖਦਾ ਸੀ ਗੁਰੂ ਤੇਰੇ ਬਾਰੇ ਮੈਂ
ਤੇਰੇ ਕੋਲ ਹੋਣ ਦਾ ਅਹਿਸਾਸ ਹੋਇਆ
ਇਹ ਅੱਖਰ ਸਫਲ ਜੇਹੇ ਲੱਗਦੇ ਨੇ
ਇਹਨਾਂ ਅੱਖਰਾਂ ਰਾਹੀਂ ਮੈਂ ਤੇਰੇ ਪਾਸ ਹੋਇਆ
ਇਹਨਾਂ ਅੱਖਰਾਂ ਨੂੰ ਮੈਂ ਅਰਦਾਸ ਲਿਖਾਂ
ਦਿਲ ਕਰਦਾ ਏ ਕੁਝ ਖ਼ਾਸ ਲਿਖਾਂ
ਤੇਰੇ ਕੋਲ ਹੋਣ ਦਾ ਅਹਿਸਾਸ ਲਿਖਾਂ

8. ਗੁਆਚੀਆਂ ਅਣਖਾਂ

ਕਿੱਥੇ ਗਈਆਂ ਅਣਖਾਂ ਓਹ ਕਿੱਥੇ ਗਏ ਜਜ਼ਬੇ
ਗੱਭਰੂ ਪੰਜਾਬੀ ਨਸ਼ਿਆ ਦੇ ਵਿੱਚ ਵਹਿ ਗਏ
ਜਿਹੜੇ ਜਾਣਦੇ ਸੀ ਬਾਜ਼ੀ ਲਾਉਣੀ ਸਿਰ ਧੜ ਦੀ
ਓਹ ਅੱਲ੍ਹੜਾਂ ਦੇ ਝਾਕੇ ਜੋਗੇ ਰਹਿ ਗਏ

ਪੜ੍ਹੋ ਇਤਿਹਾਸ ਸਿੱਖੋ ਕੁੱਝ ਉੱਚਾ ਕਰਨਾ
ਵੇਹਲੇ ਰਹਿ ਤੇਰਾ ਨੀ ਪੰਜਾਬੀਆਂ ਓਏ ਸਰਨਾ
ਤੂੰ ਮੇਹਨਤਾਂ ਕਰ ਸਦਾ ਢਿੱਡ ਆਪਣਾ ਭਰਿਆ
ਹੱਥ ਅੱਡਣੇ ਤੋਂ ਚੰਗਾ ਸਮਝੀਂ ਤੂੰ ਮਰਨਾ

ਕੱਲੀ ਪੱਗ ਮੁੱਛ ਨਾਲ ਸਰਦਾਰੀ ਨਹੀਂ ਮਿਲਦੀ
ਰੂਹ ਦੀ ਸਰਦਾਰੀ ਦਾ ਵੀ ਧਿਆਨ ਪੈਂਦਾ ਰੱਖਣਾ
ਹੁੰਦਾ ਜ਼ੁਲਮ ਵੇਖ ਨਾ ਤੂੰ ਅੱਖਾਂ ਬੰਦ ਕਰ ਲਈਂ
ਨੱਥ ਜਬਰ ਨੂੰ ਪਾਉਣ ਲਈ ਹਾਕਮ ਪੈਣਾ ਡੱਕਣਾ

ਸਾਂਭ ਆਪਣਾ ਤੂੰ ਵਿਰਸਾ ਜਵਾਨੀ ਸਾਂਭ ਸੱਜਣਾਂ
ਪਿੱਛੇ ਦੇਖ ਇਤਿਹਾਸ ਪਤਾ ਲੱਗੂ ਕਿਵੇਂ ਗੱਜਣਾ
ਕਿਵੇਂ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਨੇ ਪਾਉਣੀਆਂ
ਕਿਵੇਂ ਬਿਨਾ ਖ਼ੌਫ਼ ਲਾੜੀਆਂ ਮੌਤਾਂ ਨੇ ਵਿਹਾਉਣੀਆਂ

ਕਿਵੇਂ ਹਰੀ ਸਿੰਘ ਨਲੂਏ ਮੈਦਾਨ ਫ਼ਤਿਹ ਕੀਤਾ ਸੀ
ਕਿਵੇਂ ਹੱਸ ਖੋਪੜ ਲਵ੍ਹਾ ਕੇ ਸਿੰਘਾਂ ਸੀ ਵੀ ਨਾ ਕੀਤਾ ਸੀ
ਭੀੜ ਪਈ ਤੇ ਲੋਕ ਸਾਡਾ ਸਾਥ ਸੀ ਕਦੇ ਲੋਚਦੇ
ਅੱਜ ਕਿਉਂ ਅਸੀਂ ਸਾਰਿਆ ਦੇ ਦਿਲ ਤੋਂ ਹੀ ਲਹਿ ਗਏ

ਕਿੱਥੇ ਗਈਆਂ ਅਣਖਾਂ ਓਹ ਕਿੱਥੇ ਗਏ ਜਜ਼ਬੇ
ਗੱਭਰੂ ਪੰਜਾਬੀ ਨਸ਼ਿਆ ਦੇ ਵਿੱਚ ਵਹਿ ਗਏ
ਜਿਹੜੇ ਜਾਣਦੇ ਸੀ ਬਾਜ਼ੀ ਲਾਉਣੀ ਸਿਰ ਧੜ ਦੀ
ਓਹ ਅੱਲ੍ਹੜਾਂ ਦੇ ਝਾਕੇ ਜੋਗੇ ਰਹਿ ਗਏ

9. ਜ਼ਿੰਦਗੀ ਦੀ ਦੌੜ

ਬਚਪਨ ਲੰਘਿਆ ਜਵਾਨੀ ਚੜ੍ਹ ਆਈ
ਜ਼ਿੰਦਗੀ ਨੂੰ ਜਾਵਾਂ ਘੋੜੇ ਵਾਂਗ ਦੌੜਾਈ
ਨਾ ਪਿੱਛਾ ਮੈ ਦੇਖਾਂ ਨਾ ਪਾਸਾ ਹੀ ਕੋਈ
ਸਮਝ ਤੋਂ ਬਾਹਰ ਜੋ ਜ਼ਿੰਦਗੀ ਏ ਹੋਈ
ਸੋਚਾਂ ਜੇ ਰੁਕਿਆ ਤਾਂ ਰਹਿ ਜਾਣਾ ਪਿੱਛੇ
ਏਸ ਦੌੜ ਨਾਲ ਵੀ ਕੁਝ ਅੱਗੇ ਨਾ ਦਿੱਸੇ
ਕੁਝ ਪਲ ਰੁਕ ਕੇ ਤੂੰ ਯਾਦਾਂ 'ਚ ਹੋ ਲੈ
ਲੱਭ ਕੋਈ ਸਹਾਰਾ ਦਿਲ ਖੋਲ੍ਹ ਕੇ ਰੋ ਲੈ
ਜ਼ਿੰਦਗੀ ਵਿਚਾਰੀ ਕਿਉਂ ਦੁੱਖਾਂ 'ਚ ਪਾਉਂਨਾ
ਅੱਖੀਆਂ ਨੂੰ ਦੱਸ ਤੂੰ ਕਾਹਤੋਂ ਰਵਾਉਨਾ
ਫੁਰਸਤ ਦੇ ਦੋ ਪਲ ਕੱਢ ਕੇ ਤਾਂ ਦੇਖੀਂ
ਜ਼ਿੰਦਗੀ ਤੂੰ ਆਪਣੀ ਸਮਝ ਕੇ ਤਾਂ ਦੇਖੀਂ
ਪਤਾ ਫਿਰ ਲੱਗਣਾ ਜੋ ਕਰਦਾ ਸੀ ਕਾਰੇ
ਨਾ ਮਕਸਦ ਜ਼ਿੰਦਗੀ ਦਾ ਬੇਕਾਰ ਸੀ ਸਾਰੇ
ਪਰ ਓਸ ਵੇਲੇ ਨਾ ਤੂੰ ਬਹੁਤਾ ਘਬਰਾਈਂ
ਨਵੀਂ ਸੋਚ ਵਾਲਾ ਪਹੀਆ ਫਿਰ ਚਲਾਈਂ
ਜ਼ਿੰਦਗੀ ਦਾ ਅਸੂਲ ਏਹ ਸਿਖਾਉਂਦੀ ਜ਼ਰੂਰ
ਸਿਖਾਉਣ ਤੋਂ ਪਹਿਲਾਂ ਏ ਭੰਨਦੀ ਗਰੂਰ
ਕਈ ਵਾਰ ਡਿੱਗ ਕਈ ਵਾਰ ਉੱਠ ਖਲੋਣਾ
ਲੜਨਾ ਜ਼ਿੰਦਗੀ ਹਾਲਾਤਾਂ ਨਾਲ ਸਿਖਾਉਣਾ
ਡਿੱਗ ਉਠ ਕੇ ਹੀ ਸਦਾ ਜ਼ਿੰਦਗੀ ਬਣਦੀ
ਹਾਲਾਤਾਂ ਤੋਂ ਜਿੱਤ ਹਿੱਕ ਫ਼ਖ਼ਰ ਨਾਲ ਤਣਦੀ
ਹਾਲਾਤਾਂ ਤੋਂ ਜਿੱਤ ਹਿੱਕ ਫ਼ਖ਼ਰ ਨਾਲ ਤਣਦੀ

10. ਮੁਹੱਬਤ ਦੇ ਤਰਾਨੇ

ਤਰਾਨੇ ਮੁਹੱਬਤ ਦੇ ਝੋਲੀ 'ਚ ਪਾ ਦੇ
ਖੁਸੀਆਂ ਓਹ ਸਾਰੀਆਂ ਮੋੜ ਲਿਆ ਦੇ
ਜੋ ਗੁਜ਼ਰੇ ਨੇ ਪਲ ਤੇਰੇ ਨਾਲ ਓ ਸੱਜਣਾਂ
ਓਹ ਪਲ ਮੇਰੀ ਜ਼ਿੰਦਗੀ 'ਚ ਮੁੜ ਤੋਂ ਲਿਆ ਦੇ
ਤਰਾਨੇ ਮੁਹੱਬਤ.....

ਸੋਚਾਂ ਚ ਲੰਘਦੀਆਂ ਮੇਰੀਆ ਏ ਰਾਤਾਂ
ਨਾ ਵਾਂਗ ਤੇਰੇ ਕੋਈ ਕਰਦਾ ਏ ਬਾਤਾਂ
ਮੈਨੂੰ ਆਸ਼ਕ ਪਰਵਾਨਾ ਲੋਕੀਂ ਨੇ ਦੱਸਦੇ
ਤੂੰ ਸਭਨਾਂ ਦੇ ਬੁੱਲ੍ਹਾਂ ਤੇ ਜਿੰਦੜਾ ਲਗਾ ਦੇ
ਤਰਾਨੇ ਮੁਹੱਬਤ ਦੇ ....

ਮੈਂ ਫੁੱਲਾਂ ਨੂੰ ਤੱਕਿਆ ਮੈ ਚੰਨ ਨੂੰ ਵੀ ਦੇਖਿਆ
ਨਾ ਤੇਰੇ ਵਰਗਾ ਮੈਨੂੰ ਕਿਤੇ ਕੋਈ ਦਿਸਿਆ
ਓ ਡੂੰਘੀਆਂ ਅੱਖਾਂ ਚਮਕਦਾ ਤੇਰਾ ਮੁੱਖੜਾ
ਇਸ਼ਕੇ ਦਾ ਜਾਮ ਤੂੰ ਫਿਰ ਤੋਂ ਪਿਲਾ ਦੇ
ਤਰਾਨੇ ਮੁਹੱਬਤ ਦੇ.....

ਮੈਂ ਯਾਦਾਂ ਚ ਹੋ ਕੇ ਜ਼ਿੰਦਗੀ ਗੁਜ਼ਾਰਾ
ਨਾ ਬਿਨ ਤੇਰੇ ਕੋਈ ਮਿਲਿਆ ਸਹਾਰਾ
ਮੈਂ ਮੌਤ ਦੇ ਵੱਲ ਨੂੰ ਵੱਧਦਾ ਹੀ ਜਾਵਾਂ
ਤੂੰ ਦੇ ਕੇ ਸਹਾਰਾ ਮੈਨੂੰ ਬਚਾ ਦੇ
ਤਰਾਨੇ ਮੁਹੱਬਤ ਦੇ ਝੋਲੀ ਚ ਪਾ ਦੇ
ਤਰਾਨੇ ਮੁਹੱਬਤ ਦੇ ਝੋਲੀ ਚ ਪਾ ਦੇ

11. ਕਾਲਾ ਦੌਰ

ਮੀਂਹ ਵਰ੍ਹਿਆ ਅੰਬਰਾਂ ਦੀ ਹਿੱਕ ਪਾੜ ਕੇ
ਧਰਤੀ ਭੁੱਬਾਂ ਮਾਰ ਮਾਰ ਓਦੋਂ ਰੋਈ ਸੀ
ਹੋ ਮਾਰੇ ਘਰੋਂ ਕੱਢ ਕੱਢ ਪੁੱਤ ਮਾਂਵਾਂ ਦੇ
ਜ਼ਾਲਮ ਦੇ ਜ਼ੁਲਮਾਂ ਦੀ ਅਤ ਜਦੋਂ ਹੋਈ ਸੀ

ਦੌਰ ਕਾਲੇ ਧਰਤੀ ਦਾ ਰੰਗ ਲਾਲ ਕਰਤਾ
ਚਿੱਟੇ ਦਿਨ ਪੈਰ ਖ਼ੂਨ ਵਹਾਉਣ ਲੱਗ ਪਏ
ਨਹੀਂ ਛੱਡਣਾ ਗੱਭਰੂ ਪੰਜਾਬ ਦਾ ਕੋਈ
ਕਹੇ ਬੋਲ ਵੈਰੀ ਦੇ ਸਤਾਉਣ ਲੱਗ ਪਏ

ਤੂੰ ਜੋਰ ਸੀ ਲਾਇਆ ਆਪਣਾ ਪੂਰਾ ਓਦੋਂ
ਖੁਸ਼ ਹੋਈ ਸੀ ਪੰਜਾਬ ਦੇ ਜਾਏ ਮਾਰ ਕੇ
ਤੇਰਾ ਭੁਲੇਖਾ ਵੀ ਇੱਕ ਦਿਨ ਕੱਢ ਦੇਣਾ
ਸੋਚੀਂ ਨਾ ਬਹਿ ਗਏ ਅਸੀਂ ਅੱਜ ਹਾਰ ਕੇ

ਓ ਸਾਨੂੰ ਗੁੜ੍ਹਤੀ ਮਿਲੀ ਸ਼ਹਾਦਤਾਂ ਦੀ
ਮੁੱਲ ਸਿਰਾਂ ਦੇ ਦੇਕੇ ਸਰਦਾਰ ਬਣਦੇ
ਝਾਤੀ ਮਾਰ ਕੇ ਦੇਖੀਂ ਇਤਿਹਾਸ ਵੱਲੇ
ਜ਼ੁਲਮਾਂ ਦੇ ਮੂਹਰੇ ਪੰਜਾਬੀ ਹਿੱਕ ਤਣਦੇ

12. ਤੱਥ ਜ਼ਿੰਦਗੀ ਦੇ

ਜਿੰਨਾਂ ਜਿੱਤਿਆ ਜਹਾਨ ਓਹ ਵੀ ਖਾਲ਼ੀਂ ਹੱਥ ਗਏ
ਵੱਡੇ ਵੱਡੇ ਖੱਬੀ ਖਾਂ ਵੀ ਮੈਦਾਨ ਵਿੱਚ ਢਏ
ਜੋ ਸੋਚਿਆ ਨਾ ਹੋਵੇ ਬੰਦਾ ਓਹ ਵੀ ਪਾ ਲੈਂਦਾ
ਗੁੱਡੀ ਅੰਬਰਾਂ ਤੇ ਚੜ੍ਹੀ ਝੱਟ ਥੱਲੇ ਆ ਪੈਂਦਾ
ਉਸ ਮਾਲਕ ਦੀ ਰਜਾ ਨਾ ਕਿਸੇ ਦਾ ਕਸੂਰ
ਕੋਈ ਬਹੁਤਾ ਓਦੇ ਨੇੜੇ ਕਿਸੇ ਨੂ ਲੱਗੇ ਓਹ ਦੂਰ
ਭਾਵੇਂ ਚੰਗੇ ਭਾਵੇਂ ਮੰਦੇ ਸਭ ਉਸਦੇ ਨੇ ਬੰਦੇ
ਕੋਈ ਚੋਰ ਕੋਈ ਸਾਧ ਵੱਖੋ ਵੱਖ ਸੱਭਦੇ ਧੰਦੇ
ਵੱਡੇ ਮਹਿਲਾਂ ਦੇ ਵਿੱਚ ਏਥੇ ਚੈਨ ਨਹੀਓਂ ਆਉਂਦਾ
ਬੇਫ਼ਿਕਰੀ ਜੇਹੀ ਨੀਂਦ ਕੋਈ ਸੜਕਾਂ ਤੇ ਹੀ ਸਾਉਂਦਾ
ਜ਼ਿੰਦਗੀ ਡੂੰਘੀ ਏ ਸਮੁੰਦਰੋਂ ਤੂੰ ਤਾਰੀ ਵਿੱਚ ਲਾ
ਨਾ ਫਿਕਰਾਂ ਦੇ ਵਿੱਚ ਬਹੁਤਾ ਸਮਾਂ ਤੂੰ ਗਵਾ
ਏਥੇ ਕਹਿਣਾ ਤੇ ਕਰਨਾ ਦੋ ਵੱਖੋ ਵੱਖ ਗੱਲਾਂ
ਦੋਹਾਂ 'ਚ ਏਨਾਂ ਹੀ ਫਰਕ ਜਿਵੇ ਪਾਣੀ ਤੇ ਛੱਲਾਂ
ਬੰਦੇ ਮਾਰ ਕੇ ਜ਼ਮੀਰ ਸਿਰ ਉੱਚਾ ਕਰ ਜਿਉਂਦੇ
ਵਾਰਸ ਅਣਖ ਤੇ ਗ਼ੈਰਤ ਦੇ ਵਿਰਲੇ ਹੀ ਹੁੰਦੇ
ਗੱਲ ਕਰਨ ਤੋਂ ਪਹਿਲਾ ਚੰਗੀ ਤਰਾਂ ਸੋਚ ਲੈਣਾ
ਬੋਲ ਨਿਕਲੇ ਜ਼ੁਬਾਨੋਂ ਫਿਰ ਵਾਪਸ ਨੀ ਪੈਣਾ
ਏਥੇ ਮੇਹਨਤ ਹੀ ਬੰਦੇ ਦੀ ਸਫਲਤਾ ਦਾ ਰਾਜ
ਜਿਵੇਂ ਗਾਉਣ ਲਈ ਹੁੰਦੇ ਨੇ ਜ਼ਰੂਰੀ ਏਥੇ ਸਾਜ
ਯਾਦ ਮੌਤ ਨੂੰ ਤੂੰ ਰੱਖ ਸੋਹਣੀ ਜ਼ਿੰਦਗੀ ਨੂੰ ਜੀਵੀ
ਸੋਚ ਰੱਖ ਕੇ ਤੂੰ ਉੱਚੀ Ego ਰੱਖੀਂ ਸਦਾ ਨੀਵੀਂ
ਮਨ ਨੀਵਾਂ ਮੱਤ ਉੱਚੀ ਬਾਣੀ ਵਿੱਚ ਕਹਿ ਰਹੇ
ਓਹੀ ਹੋਣੇ ਨੇ ਪਾਰ ਜੋ ਰਾਹ ਸੱਚ ਦੇ ਤੇ ਪਏ
ਜਿੰਨ੍ਹਾਂ ਜਿੱਤਿਆ ਜਹਾਨ ਓਹ ਵੀ ਖਾਲ਼ੀ ਹੱਥ ਗਏ
ਵੱਡੇ ਵੱਡੇ ਖੱਬੀ ਖਾਂ ਵੀ ਮੈਦਾਨ ਵਿੱਚ ਢਏ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ