Punjab Poetry : Gurinder Kaur Gill

ਪੰਜਾਬੀ ਕਵਿਤਾਵਾਂ : ਗੁਰਿੰਦਰ ਕੌਰ ਗਿੱਲ


ਨਾ ਸਮਝ ਕਲਮ ਨਿਮਾਣੀ

ਨਾ ਸਮਝ ਕਲਮ ਨਿਮਾਣੀ ਮੈਨੂੰ ਹਰ ਝੂਠੇ ਤੇ ਫ਼ਿਕਰੇ ਕੱਸਾਂਗੀ। ਚਾਹੇ ਜਿੰਨਾ ਮਰਜ਼ੀ ਕੋਈ ਦਬਾਵੇ ਮੈਂ ਝੂਠ ਦੇ ਪਰਦੇ ਖੋਲਾਂਗੀ। ਗੈਰਤ ਨੀਲਾਮ ਕਰੇ ਖਾ ਪੀ ਹਰਾਮ ਕਰੇ ਹਰਜ਼ਾ ਅਵਾਮ ਭਰੇ, ਇਹ ਸਭ ਨਾ ਬਰਦਾਸ਼ਤ ਕਰ ਜ਼ਰੂਰ ਸੱਚ ਦੇ ਹੱਕ ਚ ਬੋਲਾਂਗੀ। ਪੱਥਰ ਦਿਲ ਵਾਲੇ ਜੋ ਜੰਗਲਾਂ ਦੇ ਰਾਜੇ ਰਹਿਮ ਕਦੇ ਨਾ ਖਾਂਦੇ, ਮੈਂ ਅੰਨ੍ਹੇ ਬੋਲੇ ਇਸ ਜੰਗਲ ਵਿਚ ਬਿਜਲੀ ਬਣਕੇ ਕੜਕਾਂਗੀ। ਦਿਲ ਦੇ ਖੋਟੇ ਮੂੰਹ ਦੇ ਮਿੱਠੇ ਵਾਂਗ ਫੁੱਲਾਂ ਮੁੱਖੜੇ ਕਰਦੇ ਜੁਮਲੇਬਾਜ਼ੀ, ਦੁਨੀਆ ਨੂੰ ਗੁਮਰਾਹ ਜੋ ਕਰਦੇ ਕਦੇ ਨਾ ਉਹਨਾਂ ਨੂੰ ਬਖ਼ਸ਼ਾਂਗੀ। ਦੇਖ ਜ਼ਾਲਮ ਖ਼ੂਨੀ ਰਸਮਾਂ ਰੀਤਾਂ ਬਣਾਏ ਵਸਦੇ ਸ਼ਹਿਰ ਉਜਾੜੇ, ਦਾਜ ਲਈ ਜੋ ਧੀਆਂ ਸਾੜਨ ਉਹਨਾਂ ਦੇ ਪਰਦੇ ਨਾ ਕੱਜਾਂਗੀ। ਲੋਕਾਂ ਦੀ ਦਰਦ ਕਹਾਣੀ ਆਪਣੀ ਜਾਪੇ ਲਿਖ ਲਵਾਂ ਮੈਂ ਆਪੇ, ਦਿਨ ਦਿਹਾੜੇ ਜੋ ਇੱਜ਼ਤ ਲੁੱਟਦੇ ਫਾਂਸੀ ਉਹਨਾਂ ਨੂੰ ਟੰਗਾਂਗੀ। ਬਣ ਨਮਾਜ਼ੀ ਪਾਠੀ ਪੰਡਿਤ ਜੋ ਸੱਚੇ ਰੱਬ ਨੂੰ ਨੇ ਵੰਡਦੇ ਫਿਰਦੇ, ਕੌਣ ਹੈ ਕਾਫ਼ਿਰ ਕੌਣ ਹੈ ਸੱਚਾ ਮੈਂ ਲਿਖ ਕਲਮ ਨਾਲ ਦੱਸਾਂਗੀ।

ਸਾਵਣ

ਕਹਿੰਦੇ ਨੇ ਸੌ ਕਰਮਾਂ ਭਾਗਾਂ ਵਾਲਾ ਹੁੰਦਾ ਏ ਸਾਵਣ। ਪਰ ਕਿਉਂ ਪਹਿਲਾਂ ਜਿਹਾ ਨਾ ਹੁਣ ਆਵੇ ਸਾਵਣ। ਪਾ ਪਿੱਪਲੀਂ ਪੀਘਾਂ ਮੁਟਿਆਰਾਂ ਗਾਉਂਦੀਆਂ ਨੱਚਦੀਆਂ ਸੀ, ਮੇਲੇ ਚ ਕੁਸ਼ਤੀ ਲੜਨ ਵਾਲਾ ਕਿਥੇ  ਗਿਆ ਹੈ ਸਾਵਣ। ਧੀਆਂ ਤੇ ਤੀਆਂ ਦਾ ਰਿਸ਼ਤਾ ਹੁੰਦਾ ਬੜਾ ਗਹਿਰਾ ਸੀ, ਟੁੱਟੇ ਇਸ ਰਿਸ਼ਤੇ ਨੂੰ ਨਾ ਮੋੜ ਲਿਆਵੇ ਸਾਵਣ। ਗਿੱਧਾ ਕਿੱਕਲੀ ਪੀਘਾਂ ਦੇ ਹੁਲਾਰੇ ਕਿੱਥੇ ਨੇ ਵਣਜਾਰੇ ਸਾਰੇ, ਬਿਨਾ ਵੰਗਾਂ ਚੂੜੀਆਂ ਚੜ੍ਹਾਏ ਕਿੱਦਾਂ ਲੰਘ ਜਾਏ ਸਾਵਣ। ਚਸਕੇ ਨੇ ਬਾਜ਼ਾਰੀ ਖਾਣੇ ਦੇ ਸਾਰੇ ਪੰਜਾਬੀ ਲਾਣੇ ਨੂੰ, ਖੀਰ ਮਾਲ ਪੂੜ੍ਹੇ ਨ ਬਣਦੇ ਭਾਵੇਂ ਰੋਜ਼ ਆਏ ਸਾਵਣ। ਹੁਣ ਨਾ ਨੂੰਹਾਂ ਪੇਕੇ ਜਾਵਣ ਨਾ ਧੀਆਂ ਪੇਕੀਂ ਆਵਣ, ਰਸਮ ਰਿਵਾਜ਼ ਸਬ ਪਏ ਚੁੱਲ੍ਹੇ ਖ਼ਸਮਾਂ ਨੂੰ ਖਾਏ ਸਾਵਣ। ਸੱਭਿਆਚਾਰ ਨਿਭਾਉਂਦੇ ਨਾ ਖੁਸ਼ੀਆਂ ਮਨਾਉਂਦੇ , ਕਿਥੇ ਨੇ ਵਾਰਸ ਵਿਰਸੇ ਦੇ ਤੇ ਹੁਣ ਕੌਣ ਮਨਾਏ ਸਾਵਣ। ਖੁੱਸ ਗਿਆ ਹੱਸਣਾ ਨੱਚਣਾ ਗਾਉਣਾ ਪਿਆਰ ਪਾਉਣਾ, ਗਹਿਣਾ ਪੰਜਾਬੀਆਂ ਦਾ ਹੁਣ ਕਿਥੋਂ ਮੋੜ ਲਿਆਏ ਸਾਵਣ।

ਜਿੰਨਾ ਦੀ ਕਾਬੁਲ ਤਕ ਸੀ ਬੱਲੇ ਬੱਲੇ

ਕੁਦਰਤ ਧਾਹਾਂ ਮਾਰ ਰੋ ਰਹੀ ਹੈ ਗ਼ਰੀਬੀ ਮੁਸੀਬਤ ਢੋ ਰਹੀ ਹੈ ਕਿਸੇ ਨੂੰ ਮਿਲੇ ਨ ਸੁੱਕੀ ਰੋਟੀ ਕਿਸੇ ਦੀ ਘਿਓ ਨਾਲ ਚੋ ਰਹੀ ਹੈ ਛੱਡਿਆ ਨਾ ਕੱਖ ਵੀ ਪੱਲੇ ਜਿੰਨਾ ਦੀ ਕਾਬੁਲ ਤਕ ਸੀ ਬੱਲੇ ਬੱਲੇ, ਨਸ਼ਿਆਂ ਦੇ ਫਿਕਰਾਂ ਨਾਲ ਵੇਖੋ ਇਹ ਜਵਾਨੀ ਕੁੱਬੀ ਹੋ ਰਹੀ ਹੈ। ਚੰਗਾ ਹਕੀਮ ਬਣੇ ਨ ਜੇਕਰ ਤਾਂ ਰਿਆਇਆ ਕਿਵੇਂ ਹੋਜੂ ਚੰਗੀ ਨਿੰਦਣਯੋਗ ਨੇ ਸਰਕਾਰ ਦੀ ਹਰਕਤਾਂ ਤੇ ਨਿੰਦਿਆ ਹੋ ਰਹੀ ਹੈ। ਕਿਹਨੂੰ ਆਖਾਂ ਕੀਕਣ ਦੱਸਾਂ ਲੁੱਟਦੇ ਪੰਜਾਬ ਨੂੰ ਵੇਖ ਰੋਵਾਂ ਕਿ ਹੱਸਾਂ ਗਲੀ ਗਲੀ ਕੂਚੇ ਕੂਚੇ ਸਿਆਸਤ ਹੀ ਨਸ਼ਿਆਂ ਦੇ ਅੱਕ ਚੋ ਰਹੀ ਹੈ। ਕਿਓਂ ਸਭ ਦੀਆਂ ਸੋਚਾਂ ਤੇ ਪਹਿਰੇ ਲੱਗੇ ਨੇ ਹੋਂਠਾਂ ਤੇ ਲੱਗੀ ਪਾਬੰਦੀ, ਜਿਹੜੀ ਬੰਦੇ ਪਿੱਛੇ ਰੱਬ ਨਾਲ ਲੜਦੀ ਸੀ ਓਹੀ ਕੌਮ ਸੌਂ ਰਹੀ ਹੈ। ਸਿਆਸਤ ਲਾਵੇ ਲਾਰੇ ਖਾਕੇ ਮਿੱਠੀ,ਘੁੱਟੀ ਪਈ ਜਨਤਾ ਘੁਰਾੜੇ ਮਾਰੇ ਨਾ ਕੋਈ ਬੋਲੇ ਨ ਕੋਈ ਕੁੰਡੀ ਖੋਲ੍ਹੇ ਸਾਰੀ ਨਸਲ ਤਬਾਹ ਹੋ ਰਹੀ ਹੈ। ਕੀ ਕਰਨ ਜੋ ਖੁੱਲ ਕੇ ਨ ਰੋ ਸਕਣ ਦੁਖੜੇ ਆਪਣੇ ਨ ਫ਼ੋਲ ਸਕਣ ਬਾਬਾ ਨਾਨਕਾ ਆ ਦੇਖ ਜ਼ਰਾ ਤੇਰੀ ਸੰਗਤ ਧਾਹੀ ਰੋ ਰਹੀ ਹੈ।

ਹਰ ਸ਼ਬਦ ਕਰੇ ਪੀੜ ਬਿਆਨ ਮੇਰੀ

ਸੱਚ ਕਹਾਂ ਤੂੰ ਸੁਣ ਜ਼ਰਾ ਰੋਗ ਲੱਗੇ ਨੇ ਖਾਣ ਜਾਨ ਮੇਰੀ। ਰੋਗ ਖਾ ਗਏ ਨੇ ਬਦਨ ਮੌਤ ਕੰਢੇ ਆ ਖੜੀ ਜਾਨ ਮੇਰੀ। ਦਿਲ ਨੂੰ ਤੇਰੇ ਮਿਲਣ  ਦੀ ਤਾਂਘ ਤੇ ਹੈ ਇੰਤਜ਼ਾਰ ਬਾਕੀ। ਆਸ ਮਿੱਟ ਚੁਕੀ ਬੇਕਰਾਰੀ ਚ ਵਿਲਕਦੀ ਏ ਜਾਨ ਮੇਰੀ। ਸਾਥੀ ਆਏ ਨਾ ਚੁੱਕਣ ਲਾਸ਼ ਮੇਰੀ ਕਹਿੰਦੇ ਰਹਿਣ ਦਿਓ, ਇਸ਼ਕ ਦਾ ਡੰਗਿਆ ਏ ਸੁਨ ਤਾਹਨੇ ਸੁੱਕੀ ਜ਼ੁਬਾਨ ਮੇਰੀ। ਮਰਨ ਵੇਲੇ ਤੇਰੀ ਯਾਦ ਪਈ ਆਵੇ ਮੈਨੂੰ ਖੂਬ ਤੜਪਾਵੇ, ਸ਼ਾਇਦ ਮਰ ਕੇ ਢੋਈ ਨ ਮਿਲੇ ਹੋਊਗੀ ਮਿੱਟੀ ਵੀਰਾਨ ਮੇਰੀ। ਬੁੱਲਾਂ ਤੇ ਚੁੱਪ ਦੇ ਪਹਿਰੇ ਦਿਲ ਵਿਚ ਦੋਜ਼ਖ ਦੀ ਅੱਗ ਸੜੇ, ਜ਼ੁਲਮ ਵਿਛੋੜੇ ਦੇ ਜ਼ਰੇ ਨ ਜਾਣ ਕੜਿੱਕੀ ਚ ਫਸੀ ਜਾਨ ਮੇਰੀ। ਰੋਗ ਮੇਰਾ ਡਾਢਾ ਮਾੜਾ ਲੱਭਿਆ ਨਾ ਜਾਇ ਕਿਸੀ ਤੋਂ ਹਾੜਾ, ਤੂੰ ਜਾਣੇ ਮੈਂ ਜਾਣਾ ਵੈਦ ਨ ਜਾਣੇ ਲੱਗੇ ਨੇ ਖਪਾਣ ਜਾਨ ਮੇਰੀ। ਰਮਜ਼ਾਂ ਸਮਝਣ ਵਾਲੇ ਸਮਝਣ ਕੁਝ ਸੁਣ ਲੈਂਦੇ ਨੇ ਧੜਕਣ, ਮੈਂ ਇਸ਼ਕ ਚ ਪਾਗਲ ਨ ਕੁਝ ਜਾਣਾਂ ਰੂਹ ਹੋਈ ਪਰੇਸ਼ਾਨ ਮੇਰੀ, ਮੇਰੀ ਗ਼ਜ਼ਲ ਦੇ ਹਰ ਸ਼ਿਅਰ ਵਿਚ ਧੜਕਦਾ ਏ ਦਿਲ ਮੇਰਾ, ਜੇ ਸਮਝ ਸਕੇਂ ਤਾ ਸਮਝ ਹਰ ਸ਼ਬਦ ਕਰੇ ਪੀੜ ਬਿਆਨ ਮੇਰੀ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ