Punjabi Poetry : Gurdeep Singh Aulakh
ਪੰਜਾਬੀ ਕਵਿਤਾਵਾਂ/ਕਵੀਸ਼ਰੀ : ਗੁਰਦੀਪ ਸਿੰਘ ਔਲਖ
ਸੁੱਖ ਵੇਲੇ ਸ਼ੁਕਰਾਨਾ - ਦਵੱਈਆ ਛੰਦ
ਉੱਠਕੇ ਰੋਜ਼ ਸਵੇਰੇ ਪੜ੍ਹੀਏ, ਗੁਰੂ ਨਾਨਕ ਦੀ ਬਾਣੀ ਇਸ ਜ਼ਿੰਦਗੀ ਦੀ ਡੁੱਬਦੀ ਬੇੜੀ, ਜਿਸ ਨੇ ਪਾਰ ਲੰਗਾਣੀ ਉਸ ਦੇ ਬਾਝੋਂ ਕਦੇ ਨਾ ਰੱਖੀਏ, ਹੋਰ ਕਿਸੇ ਤੇ ਆਸਾਂ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸਾਂ ਕਰੀਏ ਕਿਰਤ ਤੇ ਵੰਡਕੇ ਛਕੀਏ, ਦਿਲ ਨਾ ਕਦੇ ਡੁਲਾਈਏ ਖੁਸ਼ੀ ਗਮੀ ਦੇ ਵਿੱਚ ਕਦੇ ਵੀ, ਰੱਬ ਨਾ ਦਿਲੋਂ ਭੁਲਾਈਏ ਦਾਤਾ ਕਦੇ ਨਾ ਦਿਲੋਂ ਵਿਸਾਰੋ, ਜੋ ਬਖਸ਼ਦਾ ਦਾਤਾਂ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸਾਂ ਮੂੰਹ ਗਰੀਬ ਦਾ ਗੁਰੂ ਕੀ ਗੋਲਕ, ਸਾਨੂੰ ਸੀ ਸਮਝਾਇਆ ਪਿੱਛੇ ਲੱਗ ਪਖੰਡੀਆਂ ਦੇ ਏ, ਕਿਉਂ ਤੂੰ ਦਿਲੋਂ ਭੁਲਾਇਆ ਠੱਗਾਂ ਅਤੇ ਪਖੰਡੀਆਂ ਤਾਈਂ, ਨਾ ਲੁਟਾਈਏ ਰਾਸਾਂ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸਾਂ ਹੋ ਜਾਵਣ ਸਭ ਲਹਿਰਾਂ ਬਹਿਰਾਂ, ਖੁਸ਼ੀਆਂ ਆਵਣ ਵੇੜ੍ਹੇ ਅੰਮ੍ਰਿਤ ਵੇਲੇ ਉੱਠ ਵਾਹਿਗੁਰੂ, ਨਾਮ ਧਿਆਉਂਦੇ ਜਿਹੜੇ ਹਾਸੇ ਆ ਜਾਣ ਚੇਹਰਿਆਂ ਉੱਤੇ, ਉੱਡਣ ਸਭ ਨਿਰਾਸ਼ਾਂ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸਾਂ ਦੁੱਧ ਪੁੱਤ ਸਭ ਕੁਝ ਹੈ ਮਿਲਦਾ, ਸਾਰੀਆਂ ਕਸਰਾਂ ਕੱਢੇ ਦੇਵਣਹਾਰ ਦਾਤਾਰ ਸੁਆਮੀ, ਤੋਟ ਕੋਈ ਨਾ ਛੱਡੇ ਔਗੁਣ ਭਰਿਆ ਤੂੰ ਕੀ ਜਾਣੇ, ਉਸ ਦਾਤੇ ਦੀਆਂ ਬਾਤਾਂ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸਾਂ ਬੱਲਦੇ ਭੱਠ 'ਚੋਂ ਰੱਖ ਲੇ, ਬਿਧੀ ਚੰਦ ਜੀ ਪਰ ਉਪਕਾਰੀ ਛੇਵੇਂ ਗੁਰ ਦੇ ਅੱਗੇ ਸੀ ਜਦ, ਉਹਨਾਂ ਅਰਜ਼ ਗੁਜ਼ਾਰੀ ਤੱਤੀ ਵਾਅ ਨਾ ਲੱਗਣ ਦੇਵੇ, ਜੋ ਰੱਖਦੇ ਭਰਵਾਸਾ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸਾਂ ਨੇਕੀ ਕਰੀਏ ਮਾਣ ਕਮਾਈਏ, ਕੰਮ ਚੰਗੇ ਹੀ ਕਰਕੇ ਦੁਨੀਆਂ ਤੋਂ ਨਾ ਕੋਈ ਲੈ ਜਾਵੇ, ਪੈਸਾ ਹਿੱਕ ਤੇ ਧਰਕੇ ਰੁਕ ਜਾਣਾ ਗੁਰਦੀਪ ਔਲਖਾ, ਪਤਾ ਨੀ ਕਦੋਂ ਸਵਾਸਾਂ ਸੁੱਖ ਵੇਲੇ ਸ਼ੁਕਰਾਨਾ ਕਰੀਏ, ਦੁੱਖ ਵੇਲੇ ਅਰਦਾਸਾਂ
ਚੰਦਰਾ ਜ਼ਮਾਨਾ - ਤਰਜ਼ ਗੀਤ
ਅੱਖੀਆਂ ਦੇ ਚਾਨਣਾ ਕਲੇਜੇ ਦਾ ਤੂੰ ਟੁਕੜਾ ਏਂ, ਲਾਡਾਂ ਨਾਲ ਪਾਲਿਆ ਪਿਆਰਿਆ ਆਸ ਵਾਲੇ ਬਾਗ ਦਿਆ ਸੋਹਲ ਜਿਆ ਫੁੱਲਾ, ਮੇਰੇ ਦਿਲ ਦੇ ਅਕਾਸ਼ ਦਿਆ ਤਾਰਿਆਂ ਤੇਰੇ ਰਾਹਾਂ ਵੱਲ ਹਰ ਵੇਲੇ ਤੱਕਦੀ ਆ, ਜਿੰਦ ਤੱਤੜੀ ਨੂੰ ਐਵੇਂ ਨਾ ਸਤਾਇਆ ਕਰ ਵੇ ਚੰਦਰਾ ਜ਼ਮਾਨਾ ਪੁੱਤ ਅੱਜ ਕੱਲ੍ਹ ਬੜਾ ਮਾੜਾ, ਟੈਮ ਨਾਲ ਘਰ ਆਇਆ ਕਰ ਵੇ ਪਿਤਾ ਤੇਰਾ ਤੁਰ ਗਿਆ ਪੁੱਤ ਏਸ ਦੁਨੀਆਂ ਤੋਂ, ਥੋੜ੍ਹਾ ਸਮਾਂ ਹੋਇਆ ਸੀ ਵਿਆਹੀ ਨੂੰ ਅੱਖਾਂ ਨਾਲ ਵੇਖਣਾ ਨਾ ਉਸਨੂੰ ਨਸੀਬ ਹੋਇਆ, ਤੇਰੇ ਜਨਮ ਦੀ ਖੁਸ਼ੀ ਘਰ ਆਈ ਨੂੰ ਪੋਟੇ ਮਿਣ ਮਿਣ ਕੇ ਮੈਂ ਪੁੱਤ ਤੈਨੂੰ ਪਾਲਿਆ ਵੇ, ਲੱਗਦਾ ਏ ਤਾਹੀਓਂ ਮੈਨੂੰ ਡਰ ਵੇ ਚੰਦਰਾ ਜ਼ਮਾਨਾ ਪੁੱਤ ਅੱਜ ਕੱਲ੍ਹ ਬੜਾ ਮਾੜਾ, ਟੈਮ ਨਾਲ ਘਰ ਆਇਆ ਕਰ ਵੇ ਦਾਦਾ ਦਾਦੀ ਤੁਰੇ ਤੇਰੇ ਪੁੱਤ ਦੇ ਵਿਯੋਗ ਵਿੱਚ, ਤੇਰੀ ਸੀਗੀ ਉਮਰ ਨਿਆਣੀ ਚਾਹੁੰਦਿਆਂ ਹੋਇਆਂ ਵੀ ਤੈਨੂੰ ਦੱਸ ਨਾ ਮੈ ਸਕੀ, ਲੰਮੀ ਦੁੱਖਾਂ ਵਾਲੀ ਆਪਣੀ ਕਹਾਣੀ ਡਰ ਡਰ ਕੱਟਦੀ ਮੈਂ ਰਹੀ ਦਿਨ ਅੱਜ ਤੱਕ, ਸਕਦੀ ਨਿਮਾਣੀ ਮੈਂ ਕੀ ਸੀ ਕਰ ਵੇ ਚੰਦਰਾ ਜ਼ਮਾਨਾ ਪੁੱਤ ਅੱਜ ਕੱਲ੍ਹ ਬੜਾ ਮਾੜਾ, ਟੈਮ ਨਾਲ ਘਰ ਆਇਆ ਕਰ ਵੇ ਉਲਝਿਆ ਪਿਆ ਏਥੇ ਸਾਰਾ ਬੇਟਾ ਤਾਣਾ ਬਾਣਾ, ਕਰੀਏ ਕੀ ਏਸ ਬਾਰੇ ਗੱਲ ਵੇ ਨਸ਼ਿਆਂ ਦੇ ਨਾਲ ਏਥੇ ਮਾਵਾਂ ਦੇ ਕਈ ਪੁੱਤ ਮਰੇ, ਸੋਚ ਸੋਚ ਪੈਣ ਸੀਨੇ ਸੱਲ ਵੇ ਮੌਤ ਦੇ ਸੌਦਾਗਰਾਂ ਨੇ ਵੱਸਦੇ ਉਜਾੜ ਦਿੱਤੇ, ਬੜੀਆ ਮਾਵਾਂ ਦੇ ਏਥੇ ਘਰ ਵੇ ਚੰਦਰਾ ਜ਼ਮਾਨਾ ਪੁੱਤ ਅੱਜ ਕੱਲ੍ਹ ਬੜਾ ਮਾੜਾ, ਟੈਮ ਨਾਲ ਘਰ ਆਇਆ ਕਰ ਵੇ ਚੰਦ ਛਿੱਲੜਾਂ ਦੇ ਪਿੱਛੇ ਸੁਣ ਪੁੱਤ ਗੱਲ ਮੇਰੀ, ਲੋਕ ਏਥੇ ਦੇਣ ਬੰਦਾ ਮਾਰ ਵੇ ਕਿਓਂ ਨਾ ਫਿਕਰ ਕਰਾਂ ਤੇਰਾ ਮੈਨੂੰ ਦੱਸ ਦੇ ਤੂੰ, ਮੇਰਾ ਤੇਰੇ ਨਾਲ ਵੱਸੇ ਸੰਸਾਰ ਵੇ ਨਜ਼ਰਾਂ ਹਮੇਸ਼ਾ ਰਹਿਣ ਗੱਡੀਆਂ ਬਰੂਹਾਂ ਵੱਲ, ਜਦੋਂ ਤੱਕ ਗੁਰਦੀਪ ਨਾ ਤੂੰ ਲੰਘੇਂ ਦਰ ਵੇ ਚੰਦਰਾ ਜ਼ਮਾਨਾਂ ਪੁੱਤ ਅੱਜ ਕੱਲ੍ਹ ਬੜਾ ਮਾੜਾ, ਟੈਮ ਨਾਲ ਘਰ ਆਇਆ ਕਰ ਵੇ
ਕੇਂਦਰੀ ਸਿੱਖ ਅਜਾਇਬ ਘਰੇ ਜਾ
ਪਾਕ ਪਵਿੱਤਰ ਧਰਤੀ ਜਾਣੋ, ਸ਼ਹਿਰ ਹੈ ਅੰਮ੍ਰਿਤਸਰ ਦੀ ਜੱਗ ਤੋਂ ਸ਼ਾਨ ਨਿਰਾਲੀ, ਸਤਿਗੁਰ ਰਾਮਦਾਸ ਦੇ ਘਰਦੀ ਵੇਖੋ ਸੱਚਖੰਡ ਓਸ ਜਗ੍ਹਾ, ਦਰਬਾਰ ਸਾਹਿਬ ਵਿੱਚ ਜਾਇਓ ਕੇਂਦਰੀ ਸਿੱਖ ਅਜਾਇਬ ਘਰੇ, ਜਾ ਦਰਸ਼ਨ ਕਰ ਕੇ ਆਇਓ ਪਹਿਲੇ ਸਤਿਗੁਰੂ ਨਾਨਕ ਜੀ ਨੇ ਸਿੱਖੀ ਧਰਮ ਚਲਾਇਆ ਨੌਵੇਂ ਸਤਿਗੁਰੂ ਸੀਸ ਵਾਰਕੇ ਹਿੰਦੂ ਧਰਮ ਬਚਾਇਆ ਸਭ ਧਰਮਾਂ ਦਾ ਕਰਨਾ ਆਦਰ ਸਿੱਖੋ ਅਤੇ ਸਿਖਾਇਓ ਕੇਂਦਰੀ ਸਿੱਖ ਅਜਾਇਬ - - - - - - - - - - - - - - - ਦਸਮ ਪਿਤਾ ਜੀ ਕੀਤੀ ਕਿਰਪਾ ਖਾਲਸਾ ਪੰਥ ਸਜਾਇਆ ਕਾਇਰਾਂ ਤੇ ਡਰਪੋਕਾਂ ਤਾਂਈ ਬੱਬਰ ਸ਼ੇਰ ਬਣਾਇਆ ਸੌਖੀ ਨਹੀਂ ਮਿਲੀ ਸਰਦਾਰੀ ਇਸਦਾ ਮਾਣ ਵਧਾਇਓ ਕੇਂਦਰੀ ਸਿੱਖ ਅਜਾਇਬ - - - - - - - - - - - - - - - ਚਮਕੌਰ ਗੜ੍ਹੀ ਵਿੱਚ ਲਾਲ ਵਡੇਰੇ ਕਰਗੇ ਸੀ ਕੁਰਬਾਨੀ ਜੋਰਾਵਰ ਤੇ ਫਤਿਹ ਸਿੰਘ ਘਾਲੀ ਘਾਲ ਲਾਸਾਨੀ ਨਿੱਕੀਆਂ ਜਿੰਦਾਂ ਦਾ ਵੱਡਾ ਸਾਕਾ ਭੁੱਲ ਕਦੇ ਨਾ ਜਾਇਓ ਕੇਂਦਰੀ ਸਿੱਖ ਅਜਾਇਬ - - - - - - - - - - - - - - - ਮਾਰ ਨਾਗਨੀ ਸਿੰਘ ਸੂਰਮੇ ਹਾਥੀ ਰਣ ਵਿੱਚ ਢਾਇਆ ਉਦੇ ਸਿੰਘ ਨੇ ਚੰਦ ਕੇਸਰੀ ਰਾਜੇ ਦਾ ਸਿਰ ਲਾਹਿਆ ਦੁਨੀ ਚੰਦ ਦੇ ਵਾਂਗ ਕਦੇ ਨਾ ਤੁਸੀਂ ਹੌਸਲਾ ਢਾਇਓ ਕੇਂਦਰੀ ਸਿੱਖ ਅਜਾਇਬ ਘਰ ਦੇ - - - - - - - - - - ਬਾਬਾ ਦੀਪ ਸਿੰਘ ਵਿੱਚ ਜੰਗ ਦੇ ਸਿਰ ਲੱਥੇ ਤੋਂ ਲੜਗੇ ਜਿਹੜੇ ਦੁਸ਼ਮਣ ਅੱਗੇ ਅੜਗੇ ਨਾਲ ਖੰਡੇ ਦੇ ਝੜਗੇ ਕਿਵੇਂ ਸੂਰਮੇ ਬੋਲ ਪੁਗਾਉਂਦੇ ਸਭ ਨੂੰ ਆਖ ਸੁਣਾਇਓ ਕੇਂਦਰੀ ਸਿੰਖ ਅਜਾਇਬ ਘਰ ਦੇ - - - - - - - - - - - ਚਿੱਟੇ ਦਿਨ ਮਹਿਤਾਬ ਸਿੰਘ ਸੀ ਸਿਰ ਮੱਸੇ ਦਾ ਵੱਢਿਆ ਸੁੱਖਾ ਸਿੰਘ ਕੰਬੋਕਿਆਂ ਵਾਲੇ ਝੱਟ ਨੇਜੇ ਵਿੱਚ ਗੱਡਿਆ ਐਸੇ ਹੋਰ ਵੀ ਰੱਖੇ ਸਸ਼ਤਰ ਅੱਖੀਂ ਦਰਸ਼ਨ ਪਾਇਓ ਕੇਂਦਰੀ ਸਿੱਖ ਅਜਾਇਬ - - - - - - - - - - - - - - - ਕਈ ਜੰਡਾਂ ਨਾਲ ਬੰਨ੍ਹ ਕੇ ਸਾੜੇ ਕਈ ਭੱਠੀਆਂ ਵਿੱਚ ਝੋਕੇ ਚੱਲਦੇ ਖੂਨੀ ਇੰਜਣ ਸਿੰਘਾਂ ਛਾਤੀਆਂ ਡਾਹ ਡਾਹ ਰੋਕੇ ਗੌਰਵਮਈ ਇਤਿਹਾਸ ਹੈ ਸਾਡਾ ਮਨ ਦੇ ਵਿੱਚ ਵਸਾਇਓ ਕੇਂਦਰੀ ਸਿੱਖ ਅਜਾਇਬ - - - - - - - - - - - - - - - ਜੰਗਾਂ ਯੁੱਧਾਂ ਦੇ ਵਿੱਚ ਜਿਹੜੇ ਵਾਹੁੰਦੇ ਰਹੇ ਸ਼ਮਸ਼ੀਰਾਂ ਇੱਥੇ ਬਹੁਤ ਸ਼ਹੀਦ ਸਿੰਘਾਂ ਦੀਆਂ ਲੱਗੀਆਂ ਨੇ ਤਸਵੀਰਾਂ ਵੱਡਿਆਂ ਜੋ ਇਤਿਹਾਸ ਸਿਰਜਿਆ ਸਭ ਨੂੰ ਯਾਦ ਕਰਾਇਓ ਕੇਂਦਰੀ ਸਿੱਖ ਅਜਾਇਬ - - - - - - - - - - - - - - - ਮੀਰ ਮੰਨੂ ਦੀ ਜੇਲ੍ਹ 'ਚ ਮਾਵਾਂ ਨੇਜੀਂ ਪੁੱਤ ਟੰਗਵਾਲੇ ਧਰਮ ਉੱਤੋਂ ਨਹੀਂ ਡੋਲੀਆਂ ਟੋਟੇ ਪੁੱਤ ਦੇ ਹਾਰ ਪਵਾਲੇ ਗੁਰਦੀਪ ਔਲਖਾ ਜਬਰ ਸਬਰ ਦੀ ਟੱਕਰ ਹੋਈ ਵਖਾਇਓ ਕੇਂਦਰੀ ਸਿੱਖ ਅਜਾਇਬ ਘਰੇ ਜਾ ਦਰਸ਼ਨ ਕਰਕੇ ਆਇਓ
ਯਾਦ ਬੜਾ ਮਾਂ ਆਉਂਦੀ ਏ - ਤਰਜ਼ ਗੀਤ
ਅੱਖ ਨੀਂਦ ਤੋਂ ਜਾ ਖੁੱਲ੍ਹੇ, ਨਾ ਨਜ਼ਰ ਮੈਨੂੰ ਆਂਵਦੀ ਪੈਂਦੇ ਰਹਿੰਦੇ ਨੇ ਭੁਲੇਖੇ, ਯਾਦ ਮਾਂ ਦੀ ਸਤਾਂਵਦੀ ਕਿਵੇਂ ਦਿਲ ਵਾਲੇ, ਦੁਖੜੇ ਸੁਣਾਵਾਂ ਯਾਦ ਬੜਾ ਮਾਂ ਆਉਂਦੀ ਏ, ਕੇੜ੍ਹੇ ਜੇਰੇ ਨਾ' ਓਸ ਨੂੰ ਭੁਲਾਵਾਂ ਹੱਥ ਕੇਸਾਂ ਵਿੱਚ ਫੇਰਦੀ, ਤੇ ਲੋਰੀਆਂ ਸੁਣਾਉਂਦੀ ਸੀ ਕਿਤੇ ਵਿਗੜ ਨਾ ਜਾਈਏ, ਬੜਾ ਸਾਨੂੰ ਸਮਝਾਉਂਦੀ ਸੀ ਨਹੀਂ ਭੁੱਲੀਆਂ, ਜੋ ਦੇਂਦੀ ਰਹੀ ਸਜਾਵਾਂ ਯਾਦ - - - - - - - - - - - - - - - ਹੋਵੇ ਸਾਰਾ ਸੰਸਾਰ ਭਾਵੇਂ, ਰਾਜੀ ਖੁਸ਼ੀ ਹੱਸਦਾ ਪਰ ਬੱਚਿਆਂ ਦਾ ਰੱਬ ਹੁੰਦਾ, ਮਾਂ ਵਿੱਚ ਵੱਸਦਾ ਰਹਿਣ ਕਰਦੇ ਉਹ, ਮਾਂ ਨਾ ਸਲ੍ਹਾਵਾਂ ਮਾਂ ਯਾਦ - - - - - - - - - - - - - ਬੜਾ ਕਰਕੇ ਪਿਆਰ, ਰਹੀ ਲਾਡਾਂ ਨਾਲ ਪਾਲਦੀ ਜਾਪੇ ਕੱਲ੍ਹ ਦੀ ਏ ਗੱਲ, ਭਾਵੇਂ ਹੈ ਗੀ ਬੜੇ ਸਾਲ ਦੀ ਚੇਤੇ ਕਰ ਕਰ, ਅੱਥਰੂ ਵਹਾਵਾਂ ਯਾਦ - - - - - - - - - - - - - - - ਜਦੋਂ ਮਾਂ ਜਿਊਂਦੀ, ਰਹੀ ਗਰੀਬੀਆ ਹੰਢਾਉਂਦੀ ਸੀ ਦਿਨ ਸੁੱਖਾਂ ਵਾਲੇ ਆਉਣਗੇ ਉਹ, ਸਦਾ ਇਹੋ ਚਾਹੁੰਦੀ ਸੀ ਕਿਵੇ ਮਾਂ ਨੂੰ ਸਭ ਕੁਝ ਮੈ ਵਖਾਵਾਂ ਯਾਦ - - - - - - - - - - - - - - - - ਭਾਣਾਂ ਰੱਬ ਦਾ ਸਮਝ, ਭਾਵੇ ਮਨ ਸਮਝਾਇਆ ਏ ਜਾਣਾ ਗੁਰਦੀਪ ਔਲਖਾ ਨਾ, ਦਿਲ ਚੋਂ ਭੁਲਾਇਆ ਏ ਰੱਖ ਸਿਰ ਥੱਲੇ ਸੌਂਦਾ ਸਾਂ, ਜੋ ਬਾਹਵਾਂ ਯਾਦ ਬੜਾ ਮਾਂ ਆਉਂਦੀ ਏ ਕੇੜ੍ਹੇ ਜੇਰੇ ਨਾ' ਓਸ ਨੂੰ ਭੁਲਾਵਾਂ
ਬਾਪੂ ਦੀਆਂ ਯਾਦਾਂ - ਦੋਤਾਰਾ ਛੰਦ
ਸਾਨੂੰ ਕੋਈ ਨਾ ਟੈਨਸ਼ਨ ਸੀ, ਜੋ ਵੀ ਹੁੰਦਾ ਹੋ ਜੇ ਸੋਈ ਬਾਪੂ ਦੇ ਜਿਓਂਦਿਆਂ ਤੋਂ, ਨਾ ਸੀ ਫਿਕਰ ਤੇ ਫਾਕਾ ਕੋਈ ਸਭ ਦੁਨੀਆਂ ਕਹਿੰਦੀ ਹੈ, ਬਾਬਲ ਹੁੰਦੇ ਆ ਬੇਪਵਾਹੀਆਂ ਬਾਪੂ ਦੀਆਂ ਯਾਦਾਂ ਵੀ, ਜਾਣੀਆਂ ਦਿਲ 'ਚੋਂ ਨਹੀਂ ਭੁਲਾਈਆਂ ਬਠਾਕੇ ਅੱਗੇ ਸਾਇਕਲ ਤੇ, ਬਾਪੂ ਨੇ ਸੀ ਬਹੁਤ ਘੁਮਾਇਆ ਨਿੱਕੇ ਜਿਹੇ ਹੁੰਦਿਆਂ ਸੀ, ਉਂਗਲੀ ਫੜਕੇ ਤੁਰਨ ਸਿਖਾਇਆ ਕਿਵੇਂ ਕੋਈ ਭੁੱਲ ਸਕਦਾਂ, ਘੜੀਆਂ ਮਾਂ ਪਿਓ ਨਾਲ ਬਿਤਾਈਆਂ ਬਾਪੂ - - - - - - - - - - - - - ਕਦੇ ਗੁੱਸੇ ਹੋਣਾ ਨਾ, ਬੜੇ ਹੀ ਪਿਆਰ ਨਾਲ ਸਮਝਾਉਣਾ ਤੁਸੀਂ ਪੁੱਤਰੋ ਪੜ੍ਹ ਲਓ ਓਏ, ਨਹੀਂ ਤਾ ਪੈਣਾ ਜੇ ਪਛਤਾਉਣਾ ਓਦੋਂ ਮੱਤ ਨਿਆਣੀ ਸੀ, ਗੱਲਾਂ ਨਾ ਸਮਝ ਵਿੱਚ ਆਈਆਂ ਬਾਪੂ ਦੀਆਂ ਯਾਦਾਂ ਵੀ - - - - - - - - ਮਾਪਿਆਂ ਬਾਝ ਹਨੇਰ ਜਿਹਾ, ਹੁੰਦਾ ਨੀ ਜਿੰਦਗੀ 'ਚ ਚਾਨਣ ਵੱਡਿਆਂ ਭਾਗਾਂ ਵਾਲੇ ਓਹ, ਜਿਹੜੇ ਛਾਂ ਮਾਪਿਆਂ ਦੀ ਮਾਨਣ ਸੁੰਨੀ ਜਿਹੀ ਜਿੰਦਗੀ 'ਚ, ਹੁੰਦੀਆਂ ਮਾਪਿਆਂ ਨਾ' ਰੁਸ਼ਨਾਈਆਂ ਬਾਪੂ ਦੀਆਂ ਯਾਦਾਂ ਵੀ - - - - - - - - - ਲਿਖੀਆਂ ਤਕਦੀਰ ਦੀਆਂ, ਕਹਿਕੇ ਮੰਨਣੇ ਪੈ ਜਾਣ ਭਾਣੇ ਜਿਸ ਨਾਲ ਬੀਤਦੀ ਏ, ਬੰਦਾ ਓਹੋ ਇਹ ਗੱਲ ਜਾਣੇ ਚੰਗਿਆਂ ਦੀਆਂ ਏ ਦੁਨੀਆਂ, ਰੱਖੇ ਯਾਦ ਸਦਾ ਚੰਗਿਆਈਆਂ ਬਾਪੂ ਦੀਆਂ ਯਾਦਾਂ - - - - - - - - - - ਰੱਖੇ ਕਿਰਪਾ ਰੱਬ ਸਭ ਤੇ, ਦਿਨ ਨਾ ਕਦੇ ਨਭਾਗਾ ਆਵੇ ਰੋਂਦੇ ਛੱਡ ਕੇ ਬੱਚਿਆਂ ਨੂੰ, ਤੁਰ ਨਾ ਬਾਪ ਕਿਸੇ ਦਾ ਜਾਵੇ ਹੋਵੇ ਨਾ ਯਤੀਮ ਕੋਈ, ਮੇਹਰਾਂ ਕਰ ਮੇਹਰਾਂ ਦਿਆਂ ਸਾਈਆਂ ਬਾਪੂ ਦੀਆਂ ਯਾਦਾਂ ਵੀ - - - - - - - - - ਲਾਡ ਪਿਆਰ ਬਾਪੂ ਜੀ ਦਾ, ਕਦੇ ਵੀ ਨਹੀਂ ਭੁਲਾਇਆ ਭੁੱਲਦਾ ਔਲਖ ਗੁਰਦੀਪ ਕਹੇ ਅੱਜ ਵੀ ਨੀਰ ਨੈਣਾਂ ਚੋਂ ਡੁੱਲ੍ਹਦਾ ਕੰਮ ਆਉਂਦੀਆਂ ਜ਼ਿੰਦਗੀ 'ਚ ਗੱਲਾਂ ਬਾਪੂ ਦੀਆਂ ਸਿਖਾਈਆਂ ਬਾਪੂ ਦੀਆਂ ਯਾਦਾਂ ਵੀ ਜਾਣੀਆਂ ਦਿਲੋਂ 'ਚੋ ਨਹੀਂ ਭੁਲਾਈਆਂ
ਜੱਗ ਤੇ ਜਰਨੈਲ ਸਿਹਾਂ - ਦੋਤਾਰਾ ਛੰਦ
ਲਿਖਿਆ ਇਤਿਹਾਸ ਬੜਾ, ਥੱਕਦੀ ਸੰਗਤ ਨਹੀਂ ਸਲ੍ਹਾਉਂਦੀ ਅਵਾਜ ਸੁਰੀਲੀ ਸੀ, ਸਭਨਾਂ ਦੇ ਮਨਾਂ ਨੂੰ ਮੋਂਹਦੀ ਸੱਚ ਲਿਖਿਆ ਕਲਮ ਤੇਰੀ, ਤਾਹੀਓਂ ਝੁੱਕਦਾ ਏ ਸਿਰ ਮੇਰਾ ਜੱਗ ਤੇ ਜਰਨੈਲ ਸਿਹਾਂ, ਰਹੂਗਾ ਨਾਮ ਚਮਕਦਾ ਤੇਰਾ ਸਭ ਪਲ ਜਿੰਦਗਾਨੀ ਦੇ, ਕਰਦਿਆਂ ਜੱਸ ਗੁਰੂ ਕਾ ਲਾਏ ਕੌਮੀ ਪਰਵਾਨਿਆਂ ਦੇ, ਸਾਕੇ ਸਦਾ ਮਾਣ ਨਾਲ ਗਾਏ ਦਰਸ਼ਨ ਹੋ ਜਾਂਦੇ ਸੀ, ਸੁਣਕੇ ਅਨੰਦਪੁਰ ਦਾ ਘੇਰਾ ਜੱਗ ਤੇ ਜਰਨੈਲ ਸਿਹਾਂ - - - - - - - - ਜੋ ਸਿੱਦਕ ਸਿੰਘਣੀਆਂ ਦਾ, ਤੇਰੇ ਵਾਂਗ ਕਿਸੇ ਨਾ ਲਿਖਿਆ ਅੱਥਰੂ ਵਹਿ ਤੁਰਦੇ ਨੇ, ਸੁਣਕੇ ਨਾਲ ਗੌਰ ਦੇ ਵਿੱਥਿਆ ਤੱਕ ਬਾਲਕ ਨੇਜੇ ਤੇ, ਜਿਨ੍ਹਾਂ ਦਾ ਨਾ ਮੁਰਝਾਇਆ ਚੇਹਰਾ ਜੱਗ ਤੇ ਜਰਨੈਲ ਸਿਹਾਂ - - - - - - - - ਤੇਰੇ ਜਿਹਾ ਹੋਰ ਕੋਈ, ਦਿੱਸਦਾ ਨਹੀਂ ਜਗਤ ਵਿੱਚ ਹੀਰਾ ਰਮਜ਼ਾਂ ਤੇਰੀ ਕਲਮ ਦੀਆਂ, ਨਹੀਂ ਕੋਈ ਬੁੱਝ ਸੱਕਦਾ ਬੇਪੀਰਾ ਤੇਰੀ ਯਾਦ ਪਿਆਰੀ ਨੇ, ਲਾਇਆ ਹਰ ਹਿਰਦੇ ਵਿੱਚ ਡੇਰਾ ਜੱਗ ਤੇ ਜਰਨੈਲ ਸਿਹਾਂ - - - - - - - - ਗੱਲ ਕੀਤੀ ਬਿਸ਼ਨੇ ਦੀ, ਜਿਸਨੂੰ ਰਾਮ ਧਰਮ ਸਿੰਘ ਮਾਰਿਆ ਮੁਨਸ਼ੀ ਹਜ਼ਾਰੇ ਨੂੰ, ਬੱਬਰ ਧੰਨਾ ਸਿੰਘ ਲਲਕਾਰਿਆ ਕੁੰਡਾ ਸਿੰਘ ਬੱਬਰ ਵੀ, ਕਰ ਗਿਆ ਪਰ ਉਪਕਾਰ ਬਥੇਰਾ ਜੱਗ ਤੇ ਜਰਨੈਲ ਸਿਹਾਂ - - - - - - - - ਸ਼ਾਮ ਸਿੰਘ ਅਟਾਰੀ ਤੇ, ਬੀਬੀ ਰਜ਼ਨੀ ਤਾਰਾਂ ਰਾਣੀ ਲੂਣਾ ਤੇ ਪੂਰਨ ਦੀ, ਕਰ ਗਿਆ ਵੱਖਰੀ ਪੇਸ਼ ਕਹਾਣੀ ਤੇਰਾ ਲੋਕ ਅਖਾੜਿਆਂ 'ਚ, ਰਹਿਣਾ ਵੱਖਰਾ ਥਾਂ ਪਲੇਰਾ ਜੱਗ ਤੇ ਜਰਨੈਲ ਸਿਹਾਂ - - - - - - - - ਤੂੰ ਐਸਾ ਪਾਰਸ ਸੀ, ਜਿੱਸਦਾ ਤੋੜ ਦਿੱਸੇ ਨਾ ਕੋਈ ਜਿਸ ਤੇਰੀ ਛੋਹ ਮਾਣੀ, ਮਾਨੋ ਤੇਰਾ ਹੋ ਗਿਆ ਸੋਈ ਉਸ ਪਿਆਰ ਦੇ ਸੋਮੇ ਨੇ, ਔਲਖਾ ਵੰਡਿਆ ਪਿਆਰ ਬਥੇਰਾ ਜੱਗ ਤੇ ਜਰਨੈਲ ਸਿਹਾਂ, ਰਹੂਗਾ ਨਾਮ ਚਮਕਦਾ ਤੇਰਾ
ਜਾਣਾ ਪੈਣਾ - ਕੋਰੜਾ ਛੰਦ
ਜਿੱਥੇ ਜਿੱਥੇ ਚੋਗ ਦਾਤੇ ਨੇ ਖਲਾਰੀ ਆ ਚੁਗਣੀ ਪੈਣੀ ਓ ਬੰਦੇ ਤਾਈਂ ਸਾਰੀ ਆ ਸੋਚਦਾ ਹੈ ਬੰਦਾ ਪੱਕਾ ਡੇਰਾ ਲਾ ਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ ਓਦੇ ਭੇਜੇ ਹਲਕਾਰੇ ਖਾਲੀ ਨਹੀਂ ਮੁੜਦੇ ਏਥੋਂ ਰਾਵਣ ਜਹੇ ਵੀ ਖਾਲੀ ਹੱਥ ਤੁਰਗੇ ਸਿੱਕਾ ਨਾਂ ਆਪਣੇ ਦਾ ਜਿਨ੍ਹਾਂ ਨੇ ਚਲਾ ਲਿਆ ਜਾਣਾ ਪੈਣਾ - - - - - - - - - - - ਕਾਰੂ ਬਾਦਸ਼ਾਹ ਨੂੰ ਜਾਣਾ ਪਿਆ ਛੋੜ ਕੇ ਓਨ੍ਹੇ ਮਾਇਆ ਵਾਲੇ ਰੱਖੇ ਸੀਗੇ ਗੰਜ ਜੋੜ ਕੇ ਧਨ ਰਹਿ ਜਾਣਾ ਤੇਰਾ ਏਥੇ ਜੋ ਸੰਭਾਲਿਆ ਜਾਣਾ ਪੈਣਾ - - - - - - - - - - - ਪਹਿਲਾਂ ਖਿੜਨ ਤੋਂ ਟੁੱਟੇ ਚਾਹੇ ਖਿੜ ਟੁੱਟਦਾ ਫੁੱਲ ਟਾਹਣੀ ਨਾਲੋਂ ਟੁੱਟ ਇੱਕ ਦਿਨ ਸੁੱਕਦਾ ਦੁੱਖ ਲੱਗਦਾ ਮਾਲੀ ਨੂੰ ਜਿਨ੍ਹੇ ਹੋਵੇ ਪਾਲਿਆ ਜਾਣਾ ਪੈਣਾ - - - - - - - - - - - ਫੇਰ ਮੂੰਹ ਵਿੱਚੋਂ ਬੰਦੇ ਨਿਕਲੇ ਅਵਾਜ਼ ਨਾ ਟੁੱਟੇ ਜਿੰਦਗੀ ਦੀ ਤਾਰ ਵੱਜਦਾ ਏ ਸਾਜ਼ ਨਾ ਜਾਣਾ ਨਾਮ ਨਾਲ ਤੇਰੇ ਵਾਹਿਗੁਰੂ ਧਿਆ ਲਿਆ ਜਾਣਾ ਪੈਣਾ - - - - - - - - - - - - ਸੋਹਣੇ ਯੂਸਫ ਤੋਂ ਵੱਧ ਮੌਤ ਡੈਣ ਖਾਅ ਜਾਵੇ ਸੁਖੀ ਵੱਸਦੇ ਘਰਾਂ 'ਚ ਆਕੇ ਵੈਣ ਪਾਅ ਜਾਵੇ ਮੌਤ ਟਲੀ ਨਾ ਪੈਗੰਬਰਾਂ ਵੀ ਭਾਵੇਂ ਟਾਲਿਆ ਜਾਣਾ ਪੈਣਾ - - - - - - - - - - - - ਸਦਾ ਗਾਉਣੇ ਨਹੀਂ ਛੰਦ ਸੋਢੀ ਤੇ ਪ੍ਰੀਤ ਨੇ ਨਹੀਂ ਲਿਖਦੇ ਹਮੇਸ਼ਾਂ ਰਹਿਣਾ ਗੁਰਦੀਪ ਨੇ ਜਾਊ ਬਿਨਸ ਸਰੀਰ ਰੀਝਾਂ ਨਾਲ ਪਾਲਿਆ ਜਾਣਾ ਪੈਣਾ ਜਦੋਂ ਰੱਬ ਨੇ ਬੁਲਾ ਲਿਆ
ਧੀਆਂ ਦਾ ਸਤਿਕਾਰ
ਪਹਿਲਾਂ ਸੀ ਮੈਂ ਹੁੰਦਾ ਮਾਮਾ ਅੱਜ ਕੱਲ੍ਹ ਬਣ ਗਿਆ ਮਿੱਤਰੋ ਨਾਨਾ ਭਾਣਜੀ ਜੀ ਦੇ ਘਰ ਬੇਟੀ ਆਈ ਸਾਰੇ ਰਲ ਮਿਲ ਦਿਓ ਵਧਾਈ ਰਿਸ਼ਤਿਆਂ ਵਿੱਚ ਪ੍ਰਮੋਸ਼ਨ ਹੋਈ ਮਾਮਾ ਮਾਮੀ ਮਾਸੀ ਬਣਗੀ ਕੋਈ ਤੁਹਾਨੂੰ ਸਭ ਨੂੰ ਦੱਸਿਆ ਤਾਂ ਰਹਿਮਤ, ਉਸਦਾ ਰੱਖਿਆ ਨਾਂ ਨਾਨੀ ਤਾਈਂ ਮਿਲ ਗਈ, ਦੋਹਤੀ ਦਾਦੀ ਨੂੰ ਵੀ ਮਿਲ ਗਈ, ਪੋਤੀ ਦਾਦਾ ਵਿੱਚ ਖੁਸ਼ੀ ਦੇ ਹੱਸੇ ਕਰ ਕਰ ਫੋਨ ਸਭ ਨੂੰ ਦੱਸੇ ਹੁੰਦਾ ਜੇ ਅੱਜ ਨਾਨਾ ਜਿਉਂਦਾ ਖੁਸ਼ੀ ਵਿੱਚ ਨਾ ਉਹ ਸਮਾਉਂਦਾ ਖੁਸ਼ੀਆਂ ਵਾਲਾ ਦਿਨ ਜਦ ਆਵੇ ਵਿੱਛੜ ਗਿਆਂ ਦੀ ਯਾਦ ਸਤਾਵੇ ਖੁਸ਼ ਦਿੱਸਦਾ ਹੈ ਸਭ ਘਰ ਬਾਰ ਸਾਰੇ ਰੱਜ ਰੱਜ ਕਰਦੇ ਪਿਆਰ ਫਰਕ ਨਾ ਸਮਝੋ ਧੀ ਪੁੱਤ ਵਿਚਕਾਰ ਧੀਆਂ ਦਾ ਕਰੀਏ ਸਤਿਕਾਰ ਆਵੋ ਕਰੀਏ ਸਭ ਵਿਚਾਰ ਧੀਆਂ ਦਾ ਕਰੀਏ ਸਤਿਕਾਰ
ਸਾਰਾ ਸਰਬੰਸ ਵਾਰਿਆ
ਦੁੱਖਾਂ ਵਿੱਚ ਬੀਤੀ ਜਿੰਦਗੀ ਸੁੱਖ ਥੋੜ੍ਹਾ ਸੀ, ਦਸਮ ਗੁਰੂ ਪਾਇਆ ਹਿੰਦ ਦਾ ਧਰਮ ਰੱਖਿਆ ਪਿਤਾ ਦਿੱਲੀ ਚ ਸ਼ਹੀਦ ਕਰਾਇਆ ਨਹੀਂ ਕਦੇ ਜਾਣਾ ਮੋੜਿਆ ਮੇਰੇ ਪਾਤਿਸ਼ਾਹ ਕਰਜ਼ ਸਾਰਾ ਤੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸ਼ਮੇਸ਼ ਜੀ ਦਾ ਜੇਰਾ ਮੁਗਲ ਪਠਾਣਾ ਆਣ ਕੇ ਘੇਰਾ ਜਦੋਂ ਸੀ ਅਨੰਦਪੁਰ ਪਾਇਆ ਲੜਕੇ ਨਾ ਜਿੱਤ ਸਕੇ ਉਹ ਜ਼ੋਰ ਵੈਰੀਆਂ ਬਥੇਰਾ ਭਾਵੇਂ ਲਾਇਆ ਸਾਰੀਆਂ ਗਏ ਭੁੱਲ ਕਸਮਾਂ ਖਾ ਕੇ ਜਿਹੜੀਆਂ ਹਟਾਇਆ ਸੀ ਘੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸਮੇਸ਼ ਜੀ ਦਾ ਜੇਰਾ ਸਰਸਾ ਦੇ ਕੰਢੇ ਪਹੁੰਚ ਕੇ ਵਾਰ ਆਸਾ ਦੀ ਅਰੰਭ ਪਾਠ ਕਰਿਆ ਦੋ ਹੱਥ ਕੀਤੇ ਓਸ ਨਾ' ਵੈਰੀ ਦਲ ਸੀ ਜੋ ਪਿੱਛੇ ਆਉਂਦਾ ਚੜ੍ਹਿਆ ਏਸ ਥਾਂ ਵਿਛੋੜਾ ਪੈ ਗਿਆ ਲਾਇਆ ਗੁਰਾਂ ਚਮਕੌਰ ਜਾਕੇ ਡੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸਮੇਸ਼ ਜੀ ਦਾ ਜੇਰਾ ਦਸ ਲੱਖ ਫੌਜ ਵੈਰੀ ਦੀ ਕੱਚੀ ਗੜ੍ਹੀ ਦੇ ਸੀ ਖੜ ਗਈ ਚੁਫ਼ੇਰੇ ਕੱਲਾ ਕੱਲਾ ਸਵਾ ਲੱਖ ਨਾ' ਜੂਝੇ ਜੰਗ ਵਿੱਚ ਸਿੰਘ ਸੀ ਬਥੇਰੇ ਅਜੀਤ ਦੀ ਸ਼ਹੀਦੀ ਮਗਰੋਂ ਕਿਹਾ ਜਾਵੋ ਜੁਝਾਰ ਸਿੰਘਾ ਸ਼ੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸਮੇਸ਼ ਜੀ ਦਾ ਜੇਰਾ ਪੁੱਤਰ ਸ਼ਹੀਦ ਹੁੰਦਿਆਂ ਜਦੋਂ ਵੇਖ ਵੇਖ ਛੱਡੇ ਸੀ ਜੈਕਾਰੇ ਸੁਣ ਸੁਣ ਵੈਰੀ ਦਲ ਦੇ ਓਦੋਂ ਫੌਜੀ ਘਬਰਾਉਂਦੇ ਸੀਗੇ ਸਾਰੇ ਛੱਡ ਗੜ੍ਹੀ ਚਮਕੌਰ ਨੂੰ ਮਾਛੀਵਾੜੇ ਪਹੁੰਚ ਕਰਿਆ ਬਸੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸਮੇਸ਼ ਜੀ ਦਾ ਜੇਰਾ ਮਾਤਾ ਅਤੇ ਛੋਟੇ ਲਾਲਾਂ ਦੀ ਨੂਰੇ ਮਾਹੀ ਜਦੋਂ ਖ਼ਬਰ ਸੁਣਾਈ ਜ਼ੁਲਮਾਂ ਦੀ ਜੜ੍ਹ ਪੁੱਟੀ ਗਈ ਦਾਤੇ ਮੁਖੋਂ ਫ਼ੁਰਮਾਇਆ ਪੁੱਟ ਕਾਹੀ ਲਾਲ ਕੁਰਬਾਨ ਹੋ ਗਏ ਸੀਸ ਉੱਪਰ ਸਜਾਕੇ ਸ਼ਹੀਦੀ ਸੇਹਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸਮੇਸ਼ ਜੀ ਦਾ ਜੇਰਾ ਸਤਿਗੁਰ ਬਾਜਾਂ ਵਾਲਾ ਜੇ ਲੈਕੇ ਜਨਮ ਨਾ ਭਾਰਤ 'ਚ ਆਉਂਦਾ ਦੁਨੀਆਂ ਦੇ ਨਕਸ਼ੇ ਤੇ ਗੁਰਦੀਪ ਸਿੰਘਾ ਦੇਸ਼ ਨਾ ਥਿਆਉਂਦਾ ਵੇਖ ਇਤਿਹਾਸ ਪੜ੍ਹਕੇ ਕੈਸਾ ਸੰਤ ਸਿਪਾਹੀ ਗੁਰੂ ਤੇਰਾ ਸਾਰਾ ਸਰਬੰਸ ਵਾਰਿਆ ਧੰਨ ਪਿਤਾ ਦਸਮੇਸ਼ ਜੀ ਦਾ ਜੇਰਾ
ਓਟ ਤੱਕ ਗੁਰੂ ਨਾਨਕ ਦੀ - ਦਵੱਈਆ ਛੰਦ
ਅੰਮ੍ਰਿਤ ਵੇਲੇ ਉੱਠ ਸਵੇਰੇ, ਪੜ੍ਹਿਆ ਕਰ ਗੁਰਬਾਣੀ ਮੱਥੇ ਟੇਕੇ ਭਾਵੇਂ ਬਥੇਰੇ, ਪਰ ਨਾ ਸਮਝੀ ਨਾ ਜਾਣੀ ਗੁਰਬਾਣੀ ਨਾਲੋਂ ਟੁੱਟ ਕੇ ਬੰਦੇ, ਦੁੱਖ ਪੈਣਗੇ ਸਹਿਣੇ ਓਟ ਤੱਕ ਗੁਰ ਨਾਨਕ ਦੀ, ਜੇ ਜ਼ਿੰਦਗੀ ਦੇ ਸੁੱਖ ਲੈਣੇ ਹੱਕ ਸੱਚ ਦੀ ਕਿਰਤ ਕਮਾਈ, ਕਰਨੀ ਤੈਨੂੰ ਦੱਸਿਆ ਪਰ ਤੂੰ ਲੋਭ ਲਾਲਚਾਂ ਦੇ ਵਿੱਚ, ਰਹੇ ਹਮੇਸ਼ਾ ਫੱਸਿਆ ਮੰਦਿਆਂ ਕਰਮਾਂ ਵਾਲੇ ਲੇਖੇ, ਏਥੇ ਸਾਰੇ ਈ ਦੇਣੇ ਪੈਣੇ ਓਟ ਤੱਕ ਗੁਰ ਨਾਨਕ ਦੀ ਜੇ, ਜ਼ਿੰਦਗੀ ਦੇ ਸੁੱਖ ਲੈਣੇ ਸੋ ਕਿਉ ਮੰਦਾ ਆਖੀਏ ਕਹਿਕੇ, ਔਰਤ ਨੂੰ ਵੱਡਿਆਵੇ ਧੀ ਭੈਣ ਦੀ ਇੱਜ਼ਤ ਕਰਿਓ, ਗੁਰਮਤਿ ਗੱਲ ਸਿਖਾਵੇ ਉੱਚਾ ਰੱਖ ਕਿਰਦਾਰ ਲੱਗਕੇ, ਗੁਰਬਾਣੀ ਦੇ ਕਹਿਣੇ ਓਟ ਤੱਕ ਗੁਰ ਨਾਨਕ ਦੀ ਜੇ, ਜ਼ਿੰਦਗੀ ਦੇ ਸੁੱਖ ਲੈਣੇ ਪਲ ਪਲ ਕਰਕੇ ਰਾਸ ਦਮਾਂ ਦੀ, ਸਾਰੀ ਮੁੱਕਦੀ ਜਾਵੇ ਪਿੱਛਾ ਹੋਈ ਦੂਰ ਜਾਂਵਦਾ, ਅੱਗਾ ਨੇੜੇ ਆਵੇ ਆਪਣੀ ਵਾਰੀ ਸਭਨੇ ਜਾਣਾ, ਬੈਠ ਨਹੀਂ ਏਥੇ ਰਹਿਣੇ ਓਟ ਤੱਕ ਗੁਰ ਨਾਨਕ ਦੀ, ਜੇ ਜ਼ਿੰਦਗੀ ਦੇ ਸੁੱਖ ਲੈਣੇ ਬੁਲਬੁਲੇ ਪਾਣੀ ਦੇ ਵਾਂਗੂੰ ਤੇਰੀਆਂ ਕੀ ਬੁਨਿਆਦਾਂ ਰੱਖੇ ਦੁਨੀਆਂ ਯਾਦ ਸਦਾ ਲੀ, ਚੰਗਿਆਂ ਦੀਆਂ ਯਾਦਾਂ ਘਰ ਰੇਤ ਦੇ ਵਾਂਗਰ ਬੰਦਿਆ, ਆਸ ਮੁਨਾਰੇ ਢਹਿਣੇ ਓਟ ਤੱਕ ਗੁਰ ਨਾਨਕ ਦੀ, ਜੇ ਜ਼ਿੰਦਗੀ ਦੇ ਸੁੱਖ ਲੈਣੇ ਵੇਖ ਤੱਕ ਤੇਰੇ ਵੱਡੇ ਵਡੇਰੇ, ਅੱਜ ਹਨ ਕਿੱਥੇ ਤੁਰਗੇ ਜੋ ਪੱਤਣਾਂ ਤੋਂ ਲੰਘੇ ਪਾਣੀ, ਕਦੇ ਨਹੀਂ ਵਾਪਸ ਮੁੜਦੇ ਸਭ ਕੁਝ ਏਥੇ ਰਹਿ ਜਾਣਾ, ਮਾਇਆ ਦੌਲਤ ਗਹਿਣੇ ਓਟ ਤੱਕ ਗੁਰ ਨਾਨਕ ਦੀ ਜੇ, ਜ਼ਿੰਦਗੀ ਦੇ ਸੁੱਖ ਲੈਣੇ ਭੁੱਲਕੇ ਰੱਬ ਸੱਚੇ ਨੂੰ ਐਵੇਂ, ਖਾਂਦਾ ਫਿਰਦਾ ਏਂ ਚੋਟਾਂ ਧੋ ਲੈ ਤੂੰ ਗੁਰਦੀਪ ਔਲਖਾ, ਸਾਰੀਆਂ ਮਨ ਦੀਆਂ ਖੋਟਾਂ ਨਾਮ ਦਾ ਲਾਕੇ ਸਾਬਣ ਵੇਖੀਂ, ਦਾਗ਼ ਨਹੀਂ ਫਿਰ ਰਹਿਣੇ ਓਟ ਤੱਕ ਗੁਰ ਨਾਨਕ ਦੀ ਜੇ, ਜ਼ਿੰਦਗੀ ਦੇ ਸੁੱਖ ਲੈਣੇ
ਜਿਉਂਦੀਆਂ ਲਾਸ਼ਾਂ - ਦਵੱਈਆ ਛੰਦ
ਚੜ੍ਹੀ ਜਵਾਨੀ ਪੁੱਤ ਜਿਨ੍ਹਾਂ ਦੇ, ਮੌਤ ਡੈਣ ਨੇ ਖੋਏ ਹੰਝੂ ਜਾਂਦੇ ਸੁੱਕ ਅੱਖਾਂ 'ਚੋਂ, ਜਾਣ ਨਾ ਦੁੱਖੜੇ ਰੋਏ ਤੱਕਕੇ ਹਾਲਤ ਓਨ੍ਹਾਂ ਦੀ, ਦਿਲ ਦਰਦੀ ਮਾਰਨ ਧਾਵਾਂ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ, ਪੁੱਤਾਂ ਬਾਝੋਂ ਮਾਵਾਂ ਖੇਡਣ ਗਏ ਪੁੱਤ ਜੇਕਰ ਕਿਧਰੇ, ਘਰੇ ਨਾ ਛੇਤੀ ਆਵਣ ਝਿੜਕਾਂ ਦੇਵਣ ਮਾਵਾਂ ਭਾਵੇਂ, ਪਰ ਉਹ ਪਿਆਰ ਜਤਾਵਣ ਦਿਲੋਂ ਕਦੇ ਨਾ ਗੁੱਸੇ ਹੋਵਣ, ਪਾਲਣ ਨਾਲ ਉਹ ਚਾਵਾਂ ਜਿਓਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਾਝੋਂ ਮਾਵਾਂ ਸੁੱਖ ਰੱਖੇ ਰੱਬ ਹਰ ਇੱਕ ਉੱਤੇ, ਦਿਨ ਨਾ ਐਸਾ ਆਵੇ ਪੁੱਤ ਦੀ ਅਰਥੀ ਬਾਪ ਦੇ ਕੰਧੇ, ਸਿਵਿਆਂ ਵੱਲ ਨਾ ਜਾਵੇ ਬੱਝਣ ਸਭ ਦੇ ਮੱਥੇ ਸੇਹਰੇ, ਲੈਣ ਪੁੱਤਰ ਜਦ ਲਾਵਾਂ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਾਝੋਂ ਮਾਵਾਂ ਕਈਆਂ ਦੇ ਨੇ ਪੁੱਤਰ ਭਾਵੇਂ, ਇਸ ਦੁਨੀਆਂ ਤੋਂ ਤੁਰਗੇ ਅੱਜ ਵੀ ਮਾਂਵਾਂ ਕਰਨ ਉਡੀਕਾਂ, ਕਹਿਣ ਘਰੇ ਨੀ ਮੁੜਦੇ ਔਸੀਆਂ ਪਾਵਣ ਬਹਿ ਦਰਵਾਜ਼ੇ, ਨਾਲੇ ਤੱਕਣ ਰਾਹਵਾਂ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਾਝੋਂ ਮਾਵਾਂ ਟਾਈਮ ਲੱਗੇ ਤਾ ਪੜ੍ਹ ਵੇਖਿਓ ਸੰਨਤਾਲੀ ਅਤੇ ਚੁਰਾਸੀ ਉਹਨਾਂ ਮਾਵਾਂ ਦੇ ਚੇਹਰਿਆਂ ਉੱਤੇ ਮੁੜ ਨਾ ਆਈ ਹਾਸੀ ਕਦੇ ਵੀ ਐਸੇ ਦਿਨ ਨਾ ਆਵਣ, ਆਖਿਆ ਸੱਚ ਦਨਾਵਾਂ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ, ਪੁੱਤਾਂ ਬਾਝੋਂ ਮਾਂਵਾਂ ਅਰਦਾਸ ਕਰਾਂ ਮੈਂ ਹੱਥ ਜੋੜ ਕੇ ਦਾਤਾ ਤੇਰੇ ਅੱਗੇ ਦੋ ਦੇਸ਼ਾਂ ਦੀ ਆਪਸ ਵਿੱਚ ਨਾ ਜੰਗ ਕਦੇ ਵੀ ਲੱਗੇ ਔਲਖ ਆਖੇ ਹਰ ਪਾਸਿਓਂ ਠੰਡੀਆਂ ਆਉਣ ਹਵਾਵਾਂ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਾਝੋਂ ਮਾਵਾਂ
ਅਣਖਾਂ - ਦੋਤਾਰਾ ਛੰਦ
ਤਾਜ ਬਖਸ਼ੇ ਸਤਗੁਰ ਨੇ, ਚੁੰਨੀ ਤੇ, ਦਸਤਾਰ ਸਜਾਇਓ ਸਮਝ ਕੱਪੜਾ ਕੁਝ ਗਜ਼ ਦਾ, ਮੋਢਿਆਂ ਉੱਤੇ ਨਾ ਲਟਕਾਇਓ ਭੈਣੋਂ ਵੀਰੋ ਰਲ ਮਿਲ ਕੇ ਕਰਿਓ ਦਿਲ ਵਿੱਚ ਬੈਠ ਵਚਾਰਾਂ ਇਜ਼ਤਾਂ ਅਣਖਾਂ ਖਾਤਰ ਵੀ, ਵਾਰੇ ਸਿਰ ਲੱਖਾਂ ਸਰਦਾਰਾਂ ਰੁੜ੍ਹਦੀ ਜਾਂਦੀ ਹਿੰਦ ਤਾਈਂ, ਪਹਿਲਾਂ ਸਿਰ ਬਾਪੂ ਦਾ ਲਾਅਕੇ ਸਤਿਗੁਰ ਬਾਜ਼ਾਂ ਵਾਲੇ ਨੇ, ਡੁੱਬਦਾ ਹਿੰਦੂ ਧਰਮ ਬਚਾਕੇ ਭਾਰਤ ਦੀਆਂ ਅਣਖਾਂ ਨੂੰ, ਦਾਤੇ ਦਿੱਤੀਆਂ ਮੋੜ ਮੁਹਾਰਾਂ ਇਜ਼ਤਾਂ ਅਣਖਾਂ ਖਾਤਰ ਵੀ, ਵਾਰੇ ਸਿਰ ਲੱਖਾਂ ਸਰਦਾਰਾਂ ਖਾਲਸਾ ਪੰਥ ਸਜਾਇਆ ਜਾਂ, ਸਭਨੂੰ ਮੁਖੋਂ ਸੀ ਫ਼ੁਰਮਾਇਆ ਅਣਖਾਂ ਲਈ ਮਰ ਮਿਟਣਾ, ਸਿੱਖਾਂ ਤਾਈਂ ਸਬਕ ਸਿਖਾਇਆ ਓਸੇ ਦਿਨ ਤੋਂ ਈ ਖਾਣ ਲੱਗੇ, ਜ਼ਾਲਮ ਤੇ ਜਰਵਾਣੇ ਖ਼ਾਰਾਂ ਇਜ਼ਤਾਂ ਅਣਖਾਂ ਖਾਤਰ ਵੀ, ਵਾਰੇ ਸਿਰ ਲੱਖਾਂ ਸਰਦਾਰਾਂ ਨਾਦਰ ਸ਼ਾਹ ਅਬਦਾਲੀ ਸੀ, ਹਮਲੇ ਕਰਦੇ ਏਥੇ ਆਕੇ ਕਈ ਧੀਆਂ ਭਾਰਤ 'ਚੋਂ, ਲਜਾਂਦੇ ਬੰਦੀ ਰਹੇ ਬਣਾਕੇ ਅੱਧੀ ਰਾਤ ਖਾਲਸੇ ਵੀ, ਜਾਕੇ ਵਾਹੁੰਦੇ ਰਹੇ ਤਲਵਾਰਾਂ ਇਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਜਦੋਂ ਬੀਬੀ ਸੁੰਦਰੀ ਨੂੰ, ਜ਼ਾਲਮ ਲੈ ਗਿਆ ਖ਼ਾਨ ਉਠਾਕੇ ਵੱਢ ਕੇ ਖ਼ਾਨ ਜਲੰਧਰੀ ਜਹੇ ਖਾਲਸਾ ਲੈ ਆਇਆ ਛੁਡਵਾਕੇ ਤਾਹੀਂ ਅੱਜ ਤੱਕ ਹਰ ਕੋਈ, ਗਾਵੇ ਸੂਰਮਿਆਂ ਦੀਆਂ ਵਾਰਾਂ ਇਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਮਾਤਾ ਭਾਗ ਕੌਰ ਨੇ ਸੀ ਚੰਡੀ ਜੰਗ ਦੇ ਵਿੱਚ ਖੜਕਾਈ ਭੈਣ ਸ਼ਰਨ ਕੌਰ ਨੇ ਜੀ ਸ਼ਹੀਦੀ ਵਿੱਚ ਚਮਕੌਰ ਦੇ ਪਾਈ ਹਰਸ਼ਰਨ ਕੌਰ ਪਹੁੰਚਾਉਦੀ ਸੀ ਨਲੂਏ ਸ਼ੇਰ ਦੇ ਤਾਈਂ ਤਾਰਾਂ ਇਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਜਿਵੇਂ ਪੱਗ ਸਰਦਾਰ ਲਈ, ਚੁੰਨੀ ਹੈ ਭੈਣਾਂ ਲਈ ਗਹਿਣਾ ਧੀ ਨੰਗੇ ਸਿਰ ਫੱਬਦੀ ਨਹੀਂ, ਦਾਨੇ ਲੋਕਾਂ ਦਾ ਸੱਚ ਕਹਿਣਾ ਪੱਛਮੀ ਪਹਿਰਾਵੇ ਨੇ, ਮਾਰੀਆਂ ਹਨ ਕਸੂਤੀਆਂ ਮਾਰਾਂ ਇਜ਼ਤਾਂ ਅਣਖਾਂ ਖਾਤਰ ਵੀ ਵਾਰੇ ਸਿਰ ਲੱਖਾਂ ਸਰਦਾਰਾਂ ਸਿੱਖਾਂ ਸਿੱਖੀ ਛੱਡੀ ਨਾ ਲੱਖਾਂ ਭਾਵੇਂ ਕਸ਼ਟ ਸਹਾਰੇ ਔਲਖ ਗੁਰਦੀਪ ਕਹੇ, ਚੱਲੇ ਉੱਪਰ ਸਿਰਾਂ ਦੇ ਆਰੇ ਹੁਣ ਤਾਂ ਕੋਈ ਮੁਸੀਬਤ ਨਹੀਂ ਕਾਹਤੋਂ ਬਣਗੇ ਵਾਂਗ ਨਚਾਰਾਂ ਇਜ਼ਤਾਂ ਅਣਖਾਂ ਖਾਤਰ ਵੀ ਵਾਰੇ ਲੱਖਾਂ ਸਿਰ ਸਰਦਾਰਾਂ
ਸੇਵਾ ਹੜ੍ਹਾਂ ਵਿੱਚ
ਬੰਨ੍ਹ ਟੁੱਟ ਗਏ ਪੰਜਾਬ ਵਿੱਚ, ਭਾਵੇਂ ਦਰਿਆਵਾਂ ਦੇ ਪਰ ਹੌਂਸਲਾ ਨਹੀਂ ਹਾਰਦੇ, ਪੰਜਾਬੀ ਪੁੱਤ ਮਾਵਾਂ ਦੇ ਆਏ ਉਨ੍ਹਾਂ ਦੀ ਮਦਦ ਲਈ ਜੋ, ਹੋਕੇ ਤਿਆਰ ਨੇ ਸੇਵਾ ਹੜ੍ਹਾਂ ਵਿੱਚ ਕਰ ਰਹੇ, ਕਮਾਲ ਸੇਵਾਦਾਰ ਨੇ ਬੋਟ ਕਿਸ਼ਤੀਆਂ ਖ਼ਰੀਦੀਆਂ, ਰਾਸ਼ਨ ਪੁਚਾਉਂਦੇ ਨੇ ਲਾਏ ਜਗ੍ਹਾ ਜਗ੍ਹਾ ਲੰਗਰ ਤੇ, ਸਭ ਨੂੰ ਛਕਾਉਂਦੇ ਨੇ ਜਾ ਕੇ ਕਰ ਰਹੇ ਸਹਿਯੋਗ ਜਿੱਥੇ ਡੁੱਬੇ ਘਰ ਬਾਰ ਨੇ ਸੇਵਾ ਹੜ੍ਹਾਂ ਵਿੱਚ ਕਰ ਰਹੇ, ਕਮਾਲ ਸੇਵਾਦਾਰ ਨੇ ਡੂੰਘੇ ਪਾਣੀਆਂ ਦੇ ਕੋਲੋਂ ਨਹੀਂ, ਉਹ ਵੀਰ ਡਰ ਰਹੇ ਸੇਵਾ ਤਨੋ ਮਨੋ ਧਨੋ ਜੋ, ਪਿਆਰ ਨਾਲ ਕਰ ਰਹੇ ਤੂੜੀ ਡੰਗਰਾਂ ਲਈ ਫੀਡ, ਨਾਲੇ ਮੱਕੀ ਦੇ ਅਚਾਰ ਨੇ ਸੇਵਾ ਹੜ੍ਹਾਂ ਵਿੱਚ ਕਰ ਰਹੇ, ਕਮਾਲ ਸੇਵਾਦਾਰ ਨੇ ਵੱਖੋ ਵੱਖ ਨੇ ਡਿਊਟੀਆਂ, ਉਹ ਫੋਨਾਂ ਉੱਤੇ ਲਾਂਵਦੇ ਜਿੱਥੇ ਜਿਹੜੀ ਚੀਜ਼ ਚਾਹੀਦੀ ਹਰ ਥਾਂ ਪਹੁੰਚਾਂਵਦੇ ਡਟੇ ਓਸ ਥਾਂ ਤੇ ਜਾਕੇ , ਭੈਣਾਂ ਵੀਰ ਕਲਾਕਾਰ ਨੇ ਸੇਵਾ ਹੜ੍ਹਾਂ ਵਿੱਚ ਕਰ ਰਹੇ ਕਮਾਲ ਸੇਵਾਦਾਰ ਨੇ ਬਾਬੇ ਸੰਗਤਾਂ ਨੂੰ ਲੈਕੇ, ਪਏ ਬੰਨ੍ਹ ਬਣਵਾਉਂਦੇ ਨੇ ਪਿੰਡੋਂ ਭਰਕੇ ਟਰਾਲੀਆਂ, ਤੇ ਮਿੱਟੀ ਵੀ ਲਿਆਉਂਦੇ ਨੇ ਕਰ ਕਰਕੇ ਸੇਵਾਵਾਂ, ਹੁੰਦੇ ਸ਼ੁਕਰ ਗੁਜ਼ਾਰ ਨੇ ਸੇਵਾ ਹੜ੍ਹਾਂ ਵਿੱਚ ਕਰ ਰਹੇ, ਕਮਾਲ ਸੇਵਾਦਾਰ ਨੇ ਖਾਲਸਾ ਏਡ ਅਤੇ ਨਾਲੇ ਹੋਰ, ਕਈ ਸੰਸਥਾਵਾਂ ਨੇ ਬਹੁਤ ਕੀਤਾ ਸਹਿਯੋਗ, ਗਾਇਕ ਖਿਡਾਰੀਆਂ ਭਰਾਵਾਂ ਨੇ ਸਭ ਧਰਮਾਂ ਦੇ ਲੋਕ, ਦਿਲੋਂ ਕਰਦੇ ਜੋ ਪਿਆਰ ਨੇ ਸੇਵਾ ਹੜ੍ਹਾਂ ਵਿੱਚ ਕਰ ਰਹੇ ਕਮਾਲ ਸੇਵਾਦਾਰ ਨੇ ਯੂਪੀ, ਰਾਜਸਥਾਨ ਪਹੁੰਚ ਗਿਆ ਹਰਿਆਣਾ ਏ ਸੇਵਾ ਕਰਲੀ ਇਕੱਠੀ M. P. ਵਾਲਿਆਂ ਵੀ ਜਾਣਾਂ ਏ ਅਸ਼ੋਕਨਗਰ ਦੇ ਵੀਰ ਹੋਏ ਤਿਆਰ ਬਰ ਤਿਆਰ ਨੇ ਸੇਵਾ ਹੜ੍ਹਾਂ ਵਿੱਚ ਕਰ ਰਹੇ, ਕਮਾਲ ਸੇਵਾਦਾਰ ਨੇ
ਮਾਪਿਆਂ ਦੀ ਜੋ ਕਰਨ ਨਾ ਸੇਵਾ
ਕਰ ਇਸ਼ਨਾਨ ਤੇ ਰੋਜ਼ ਸਵੇਰੇ , ਗੁਰਦੁਆਰੇ ਜਾਵਣ ਭਾਵੇਂ ਲੋਕਾਂ ਸਾਹਵੇਂ ਗੁਣੀ ਗਿਆਨੀ, ਕਿੰਨੇ ਵੀ ਸੱਦਵਾਵਣ ਭਾਵੇਂ ਮਾਲ਼ਾ ਫੇਰਨ ਜਿੰਨੀ ਮਰਜ਼ੀ ਬਹਿ ਕੇ ਨਾਮ ਧਿਆਵਣ ਭਾਵੇਂ ਰੱਬ ਉਹਨਾਂ ਤੇ ਖੁਸ਼ ਨੀ ਹੁੰਦਾ ਤਰਲੇ ਕੱਢ ਮਨਾਵਣ ਭਾਵੇਂ ਮਾਪਿਆਂ ਦੀ ਜੋ ਕਰਨ ਨਾ ਸੇਵਾ ਮਗਰੋਂ ਲੰਗਰ ਲਾਵਣ ਭਾਵੇਂ ਖੀਰ ਪੂੜੀਆਂ ਪਨੀਰ ਤੇ ਛੋਲੇ ਖੁੱਲ੍ਹੇ ਉਹ ਵਰਤਾਵਣ ਭਾਵੇਂ ਕਥਾਵਾਚਕ ਤੇ ਬਾਬੇ ਸੱਦਕੇ ਭੋਗ ਤੇ ਕਥਾ ਕਰਾਵਣ ਭਾਵੇਂ ਲੋਕੀਂ ਘਰ ਜਾ ਗਾਲਾਂ ਕੱਢਦੇ ਕਿੰਨੇ ਵੀ ਰਜਾਵਣ ਭਾਵੇਂ ਕੋਈ ਨੀ ਫਾਇਦਾ ਹੁੰਦਾ ਔਲਖਾ ਪੈਸਾ ਪਾਣੀ ਵਾਂਗ ਵਹਾਵਣ ਭਾਵੇਂ ਬੀਤਿਆ ਵੇਲਾ ਹੱਥ ਨੀ ਆਉਂਦਾ, ਫਿਰ ਕਿੰਨਾਂ ਵੀ ਪਛਤਾਵਣ ਭਾਵੇਂ
ਫੇਸਬੁੱਕ
ਸੁਣੋ ਵੀਰਨੋ ਬੇਨਤੀ ਤਾਈਂ ਕਰਿਓ ਸਭ ਪ੍ਰਵਾਨ ਇਸ ਗੱਲ ਨੂੰ ਨਾਲ ਗੌਰ ਦੇ ਸੁਣਿਓ ਲਾ ਧਿਆਨ ਕਿਰਪਾ ਕਰਕੇ ਅੰਦਰ ਵੜ ਕੇ ਮਸਲੇ ਬਹਿ ਸੁਲਝਾਇਆ ਕਰੋ ਆਪਸ ਵਿੱਚ ਲੜ ਕੇ ਨਾ ਪੋਸਟਾਂ ਫੇਸ ਬੁੱਕ ਤੇ ਪਾਇਆ ਕਰੋ ਵਿੱਚ ਦੁਨੀਆਂ ਦੇ ਆਪ ਆਪਣਾ ਨਾ ਜਲੂਸ ਕਢਾਇਆ ਕਰੋ ਗੱਲ ਕਿਸੇ ਦੀ ਉੱਚੀ ਨੀਵੀਂ ਔਲਖ ਕਹੇ ਜਰ ਜਾਇਆ ਕਰੋ
ਅਸ਼ੋਕਨਗਰ ਦੇ ਵਿੱਚ ਹੈ ਬਣਿਆ ਸੁੰਦਰ ਗੁਰੂਦਵਾਰਾ
ਸੰਨ ਉੱਨੀ ਸੌ ਵਿੱਚ ਪੰਜਾਹ ਦੇ, ਸ਼ੁਰੂਆਤ ਸੀ ਹੋਈ ਸਹਿਯੋਗ ਸੀ ਸਭ ਨੇ ਕੀਤਾ, ਪਿੱਛੇ ਰਿਹਾ ਨਾ ਕੋਈ ਹੋਇਆ ਵਿੱਚ ਸ਼ਹਿਰ ਦੇ ਕੱਠਾ, ਆਣ ਇਲਾਕਾ ਸਾਰਾ ਅਸ਼ੋਕਨਗਰ ਦੇ ਵਿੱਚ ਹੈ ਬਣਿਆ, ਸੁੰਦਰ ਗੁਰੂਦੁਆਰਾ ਕਿਰਤੀ ਸਿੱਖ ਕਿਰਸਾਨੀ ਵਾਲੇ, ਚੱਲ ਪਿੰਡਾਂ ਤੋਂ ਆਏ ਸਹਿਜਧਾਰੀਏ ਸਿੱਖ ਸ਼ਹਿਰ 'ਚੋਂ , ਸੱਦਾ ਭੇਜ ਬੁਲਾਏ ਗੁਰਮਤਾ ਸਾਰਿਆਂ ਨੇ ਕਰਕੇ , ਦਿੱਤਾ ਛੱਡ ਜੈਕਾਰਾ ਅਸ਼ੋਕਨਗਰ ਦੇ - - - - - - - - - - - - - - - - - - ਮਾਇਆ ਦੇ ਕੇ ਕਈਆਂ ਆਪਣੀ, ਕੀਤੀ ਸਫਲ ਕਮਾਈ ਹੱਥੀਂ ਸੇਵਾ ਕਰ ਕਈ ਸੰਗਤਾਂ, ਖੱਟ ਲਈ ਵਡਿਆਈ ਵਾੜ ਕੰਡਿਆ ਦੀ ਕਰ ਕੇ ਤੇ, ਚੁਫੇਰਾ ਵਲਿਆ ਸਾਰਾ ਅਸ਼ੋਕਨਗਰ ਦੇ - - - - - - - - - - - - - - - - - - - ਵੱਢ ਵੱਢ ਕੇ ਛਾਪੇ ਲੱਦ ਲੱਦ, ਗੱਡਿਆਂ ਉੱਤੇ ਲਿਆਂਦੇ ਸਿਖਰ ਦੁਪਿਹਰੇ ਗੱਡਿਆਂ ਛਾਵੇਂ , ਬਹਿ ਪ੍ਰਸਾਦੇ ਖਾਂਦੇ ਕੀਤੀ ਜੋ ਬਜੁਰਗਾਂ ਮਿਹਨਤ , ਰੰਗ ਲਿਆਈ ਯਾਰਾ ਅਸ਼ੋਕਨਗਰ ਦੇ - - - - - - - - - - - - - - - - - - - ਨੀਂਹ ਪੁਟਾਈ ਲਾਏ ਮਿਸਤਰੀ, ਕਮਰਾ ਇੱਕ ਬਣਾਇਆ ਗ੍ਰੰਥ ਸਾਹਿਬ ਦਾ ਵਿੱਚ ਜਿਸਦੇ, ਸੀ ਪ੍ਰਕਾਸ਼ ਕਰਾਇਆ ਸ਼ਰਧਾ ਨਾ' ਨਤਮਸਤਕ ਹੋਇਆ ਹਰ ਇੱਕ ਭਾਈਚਾਰਾ ਅਸ਼ੋਕਨਗਰ ਦੇ - - - - - - - - - - - - - - - - - - - ਸੰਨ ਉੱਨੀ ਨੱਬੇ ਦੇ ਵਿੱਚ , ਸੰਗਤਾਂ ਮਤਾ ਪਕਾਇਆ ਲੰਗਰ ਹਾਲ ਬਣਾਕੇ ਉੱਤੇ, ਜਾਊ ਦਰਬਾਰ ਬਣਾਇਆ ਲਾਇਆ ਸਾਰਾ ਵਧੀਆ ਸੀਮੇਂਟ, ਨਹੀਂ ਵਰਤਿਆ ਗਾਰਾ ਅਸ਼ੋਕਨਗਰ ਦੇ - - - - - - - - - - - - - - - - - - - - - ਸੰਨ ਦੋ ਹਜ਼ਾਰ ਸੱਤ ਵਿੱਚ, ਦਿਨ ਭਾਗਾਂ ਵਾਲਾ ਆਇਆ ਨਵੇ ਬਣੇ ਦਰਬਾਰ 'ਚ ਪਹਿਲਾਂ, ਸੀ ਪ੍ਰਕਾਸ਼ ਕਰਾਇਆ ਆਏ ਮਹਾਪੁਰਸ਼ ਤੇ ਗੁਣੀ ਗਿਆਨੀ ਕੱਠ ਹੋ ਗਿਆ ਭਾਰਾ ਅਸ਼ੋਕਨਗਰ ਦੇ - - - - - - - - - - - - - - - - - - - - ਜਿਹੜੀ ਵੀ ਹੈ ਬਣਕੇ ਏਥੇ , ਨਵੀਂ ਕਮੇਟੀ ਆਉਂਦੀ ਆਲੀਸ਼ਾਨ ਹੋਵੇ ਘਰ ਗੁਰੂ ਦਾ, ਵਾਹ ਪੂਰੀ ਉਹ ਲਾਉਂਦੀ ਸੋਹਣੀਆਂ ਸੱਜਣਾ ਪਾ ਦੁਕਾਨਾਂ, ਦਿੱਤਾ ਬੰਨ੍ਹ ਨਜ਼ਾਰਾ ਅਸ਼ੋਕਨਗਰ - - - - - - - - - - - - - - - - - - - - - ਹਰ ਵੇਲੇ ਹੀ ਘਰ ਗੁਰੂ ਦੇ , ਸੰਗਤ ਵਾਧੂ ਰਹਿੰਦੀ ਚਾਹ ਪ੍ਰਸਾਦੇ ਲੰਗਰ ਛੱਕਕੇ, ਧੰਨ ਗੁਰੂ ਨਾਨਕ ਕਹਿੰਦੀ ਗੁਰਪੁਰਬ ਤੇ ਨਗਰ ਕੀਰਤਨ ਦਾ, ਹੁੰਦਾ ਅਜ਼ਬ ਨਜ਼ਾਰਾ ਅਸ਼ੋਕਨਗਰ ਦੇ - - - - - - - - - - - - - - - - - - - - ਗੁਰਦਵਾਰਾ ਗੁਰੂ ਸਿੰਘ ਸਭਾ, ਨਾਂ ਸੰਗਤ ਨੇ ਰੱਖਿਆ ਜੋ ਸੋਝੀ ਗੁਰਦੀਪ ਔਲਖ ਨੂੰ , ਓਸ ਮੁਤਾਬਕ ਦੱਸਿਆ ਭੁੱਲਾਂ ਕਰਕੇ ਮਾਫ ਸੰਗਤ ਜੀ, ਹਾਂ ਵਿੱਚ ਭਰੋ ਹੁੰਗਾਰਾ ਅਸ਼ੋਕਨਗਰ ਦੇ ਵਿੱਚ ਹੈ ਬਣਿਆ, ਸੁੰਦਰ ਗੁਰੂਦੁਆਰਾ
ਦੁਨੀਆਂ ਤੋਂ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ
ਮਾਂ ਪਿਓ ਘਰ 'ਚੋਂ ਕੱਢ ਦਿੱਤੇ ਹੋਇਆ ਕਿਓਂ ਤੂੰ ਫਿਰੇਂ ਸ਼ੁਦਾਈ ਜਿਨ੍ਹਾਂ ਤੈਨੂੰ ਪਾਲਣ ਲਈ ਜ਼ਿੰਦਗੀ ਸਾਰੀ ਦਾ ਤੇ ਲਾਈ ਤੈਨੂੰ ਸ਼ੋਭਾ ਦਿੰਦਾ ਨਹੀਂ ਬੋਲਣਾ ਉਹਨਾਂ ਤਾਂਈ ਕਰਾਰਾ ਦੁਨੀਆਂ ਤੇ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ ਜਦ ਤੁਸੀਂ ਜਨਮ ਲਿਆ ਉਹ ਸੀ ਵਿੱਚ ਖੁਸ਼ੀ ਦੇ ਹੱਸਦੇ ਬੁੱਢੇ ਵਾਰੇ ਸੇਵਾ ਕਰੂ ਫਿਰਦੇ ਸੀ ਲੋਕਾਂ ਨੂੰ ਦੱਸਦੇ ਅੱਜ ਜੋ ਤੂੰ ਕਰਦਾ ਏਂ ਖੜ ਖੜ ਤੱਕਦਾ ਏ ਪਿੰਡ ਸਾਰਾ ਦੁਨੀਆਂ ਤੇ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ ਬਚਪਨ ਸੀ ਜਦ ਤੇਰੇ ਕੁੱਛੜ ਚੁੱਕ ਚੁੱਕ ਰਹੇ ਖਿਡਾਉਂਦੇ ਉਹ ਤੈਨੂੰ ਪਾਲਣ ਲਈ ਮੂੰਹ ਵਿੱਚ ਰਹੇ ਗਰਾਹੀਆਂ ਪਾਉਂਦੇ ਹੱਥ ਮਾਰ ਅਕਲ ਨੂੰ ਤੂੰ ਆਖੇ ਲੱਗ ਜਾ ਮੇਰਿਆ ਯਾਰਾ ਦੁਨੀਆਂ ਤੇ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ ਉਹ ਔਖੇ ਹੋ ਕੇ ਵੀ ਸੀਗੇ ਤੈਨੂੰ ਰਹੇ ਪੜ੍ਹਾਉਂਦੇ ਅੱਜ ਤਰਸਣ ਨੂੰ ਰੋਟੀ ਨੂੰ ਫਿਰ ਵੀ ਤੈਨੂੰ ਨਹੀਂ ਜਤਾਉਂਦੇ ਮਾਂ ਪਿਓ ਘਰ ਵਿੱਚ ਤੀਰਥ ਨੇ ਤੇਰੇ ਲਈ ਏ ਗੁਰੂ ਦੁਆਰਾ ਦੁਨੀਆਂ ਤੇ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ ਖੁਸ਼ ਬੜੇ ਹੀ ਦਿੱਸਦੇ ਸੀ ਜਦ ਸੀ ਕਹਿੰਦੇ ਪੁੱਤ ਵਿਹਾਉਣਾ ਪਰ ਇਹ ਨਹੀਂ ਜਾਣਦੇ ਸੀ ਵੇਲਾ ਇੱਕ ਦਿਨ ਆ ਵੀ ਆਉਣਾ ਤੂੰ ਲੱਗ ਕੇ ਪਿੱਛੇ ਤੀਵੀਂ ਦੇ ਇਹ ਕੀ ਕਰਿਆ ਕਵਲਿਆ ਕਾਰਾ ਦੁਨੀਆਂ ਤੇ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ ਸੱਚ ਕਿਹਾ ਸਿਆਣਿਆਂ ਨੇ ਮਾਪੇ ਬੈਠ ਸਦਾ ਨਹੀਂ ਰਹਿੰਦੇ ਜੋ ਸੇਵਾ ਕਰਨ ਮਾਪਿਆਂ ਦੀ ਚੰਗਾ ਦੁਨੀਆਂ ਵਾਲੇ ਕਹਿੰਦੇ ਜ਼ਿੰਦਗੀ ਨੂੰ ਜਿਉਣ ਦਾ ਵੱਖਰਾ ਹੀ ਆਉਂਦਾ ਫਿਰ ਨਜ਼ਾਰਾ ਦੁਨੀਆਂ ਤੇ ਮਿਲਦੇ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ ਜਾ ਕੇ ਪੁੱਛ ਲੈ ਗੁਰਦੀਪ ਤੋਂ, ਜਿਸ ਦੇ ਕੋਲ ਰਹੇ ਨਹੀਂ ਮਾਪੇ ਮਾਂ ਪਿਓ ਬਿਨ ਔਲਖ ਨੂੰ ਹਰ ਪਲ ਸੁੰਨਾ ਸੁੰਨਾ ਜਾਪੇ ਜੇ ਤੁਰ ਗਏ ਰੁੱਲਦੇ ਦੁਨੀਆਂ ਤੋਂ ਪਾਊਗਾ ਜੱਗ ਲਾਹਣਤਾਂ ਸਾਰਾ ਦੁਨੀਆਂ ਤੇ ਮਿਲਦੀ ਨਹੀਂ ਮਾਪੇ ਕਿਸੇ ਨੂੰ ਕਦੇ ਦੁਬਾਰਾ
ਦਸਮ ਪਿਤਾ ਦੇ ਲਾਲਾਂ ਦੀਆਂ ਦੋ ਜੋੜੀਆਂ
ਦਸਮ ਪਿਤਾ ਜੀ ਲਾਲਾਂ ਦੀਆਂ ਦੋ ਜੋੜੀਆਂ ਲਾੜੀ ਮੌਤ ਵਿਹਾਵਣ ਚੜ੍ਹੀਆਂ ਘੋੜੀਆਂ ਪਿਤਾ ਬਾਜਾਂ ਵਾਲੇ ਹੱਥੀਂ ਚੜ੍ਹਾਏ ਸੀ ਨਾ ਸ਼ਗਨ ਮਨਾਉਣੇ ਮਾਵਾਂ ਹਿੱਸੇ ਆਏ ਸੀ ਆਨੰਦਪੁਰੀ ਤੋਂ ਦੋਵੇਂ ਜੰਞਾਂ ਚੜ੍ਹੀਆਂ ਸੀ ਚਾਰ ਲਾੜਿਆਂ ਨਾਲ ਫੱਬਦੀਆਂ ਬੜੀਆਂ ਸੀ ਬਰਾਤੀਆਂ ਡੇਰੇ ਸਰਸਾ ਕੰਢੇ ਲਾਏ ਸੀ ਨਾ ਸ਼ਗਨ ਮਨਾਉਣੇ ਮਾਵਾਂ ਹਿੱਸੇ ਆਏ ਸੀ ਨਾਲ ਜਾਞੀ ਚਾਲੀ ਲੈ ਕੇ ਪਿਤਾ ਜੀ ਚੱਲੇ ਸੀ ਜੰਞ ਅਜੀਤ ਜੁਝਾਰ ਦੀ ਗਈ ਚਮਕੌਰ ਦੇ ਵੱਲੇ ਸੀ ਕੱਚੀ ਗੜ੍ਹੀ ਵਿੱਚ ਪੱਕੇ ਪੈਰ ਜਮਾਏ ਸੀ ਨਾ ਸ਼ਗਨ ਮਨਾਉਣੇ ਮਾਵਾਂ ਹਿੱਸੇ ਆਏ ਸੀ ਲਾੜੀ ਮੌਤ ਨਾਲ ਪੁੱਤਰ ਕਾਜ ਰਚਾਉਂਦੇ ਰਹੇ ਦਸਮ ਪਿਤਾ ਜੀ ਵੇਖ ਜੈਕਾਰੇ ਲਾਉਂਦੇ ਰਹੇ ਇਹ ਸਭ ਤੱਕ ਕੇ ਜਾਲਮ ਪਏ ਘਬਰਾਏ ਸੀ ਨਾ ਸ਼ਗਨ ਮਨਾਉਣੇ ਮਾਵਾਂ ਹਿੱਸੇ ਆਏ ਸੀ ਲੈ ਕੇ ਛੋਟੇ ਲਾੜੇ ਚੱਲ ਪਈ ਮਾਤਾ ਹੈ ਬਣ ਵਿਚੋਲਾ ਗੰਗੂ ਫਿਰ ਲਗਾ ਤਾ ਹੈ ਵਿੱਚ ਸਰਹੰਦ ਦੇ ਸੂਬੇ ਕੋਲ ਪਹੁੰਚਾਏ ਸੀ ਨਾ ਸ਼ਗਨ ਮਨਾਉਣੇ ਮਾਵਾਂ ਹਿੱਸੇ ਆਏ ਸੀ ਸੂਬੇ ਨੀਹਾਂ ਵਿੱਚ ਸੀ ਦੋਵੇਂ ਲਾਲ ਖੜ੍ਹਾ ਦਿੱਤੇ ਜੋਰਾਵਰ ਫਤਿਹ ਸਿੰਘ ਜੈਕਾਰੇ ਲਾ ਦਿੱਤੇ ਜਦ ਕਾਜ਼ੀ ਫਤਵੇ ਉਹਨਾਂ ਤਾਂਈ ਸੁਣਾਏ ਸੀ ਨਾ ਸ਼ਗਨ ਮਨਾਉਣੇ ਮਾਵਾਂ ਹਿੱਸੇ ਆਏ ਸੀ ਲਾੜੀ ਮੌਤ ਲਈਆਂ ਪੁੱਤਰਾਂ ਲਾਵਾਂ ਜੀ ਪਾਣੀ ਵਾਰ ਨਾ ਪੀ ਸਕੀਆਂ ਸੀ ਮਾਵਾਂ ਜੀ ਗੁਰਦੀਪ ਸਿੰਘਾ ਇਓਂ ਗੁਰਾਂ ਨੇ ਪੁੱਤ ਵਿਆਹੇ ਸੀ ਨਾ ਸ਼ਗਨ ਮਨਾਉਣੇ ਮਾਵਾਂ ਹਿੱਸੇ ਆਏ ਸੀ
ਚੰਗੀ ਸੋਚ
ਚੰਗਾ ਪੜ੍ਹੀਏ ਤੇ ਚੰਗੀ ਸੋਚ ਰੱਖੀਏ ਚੰਗੀ ਰੱਖੀਏ ਸਦਾ ਹੀ ਬੋਲ ਬਾਣੀ ਦਾਨੇ ਆਖਦੇ ਓਦਾਂ ਦਾ ਬਾਹਰ ਆਵੇ ਅੰਦਰ ਟੈਂਕੀ ਤੇ ਜਿਦਾਨ ਦਾ ਹੋਵੇ ਪਾਣੀ ਪੜ੍ਹ ਲਿਖ ਕੇ ਏਥੇ ਈ ਵਿਦਵਾਨ ਬਣਦੇ ਮਾਤ ਗਰਭ 'ਚੋਂ ਬਣੇ ਨਾ ਆਉਣ ਗਿਆਨੀ ਉਸਦੀ ਔਲਖਾ ਚੜ੍ਹਦੀ ਕਲਾ ਰਹਿੰਦੀ ਹਿਰਦੇ ਜਿਸ ਦੇ ਵਿੱਚ ਵੱਸ ਜਾਏ ਗੁਰੂਬਾਣੀ
ਬਾਬਾ ਨਾਨਕ
ਕਹਿਣ ਸਿਆਣੇ, ਵਾਰੋ ਵਾਰੀ ਸਭ ਨੇ ਇੱਥੋਂ ਜਾਣਾ ਬੇਵੱਕਤ ਨੇ ਜੇਹੜੇ ਤੁਰਗੇ, ਔਖਾ ਮੰਨਣਾਂ ਭਾਣਾ ਕਿਸੇ ਵੀ ਮਾਂ ਦਾ ਪੁੱਤਰ ਨਾ ਕੋਈ ਭੈਣ ਦਾ ਵੀਰ ਮਰੇ ਬਾਬਾ ਨਾਨਕ ਸਭਨਾਂ ਉੱਤੇ, ਆਪਣੀ ਮੇਹਰ ਕਰੇ ਸੱਜ ਵਿਆਹੀ ਨਾਰ ਕਿਸੇ ਦਾ, ਮਰੇ ਨਾ ਸਿਰ ਦਾ ਸਾਈਂ ਛੋਟੀ ਉਮਰੇ ਪੈਣ ਨਾ ਦੁੱਖੜੇ, ਝੱਲਣੇ ਬੱਚਿਆਂ ਤਾਈਂ ਹੱਸਣ ਖੇਡਣ ਖੁਸ਼ੀਆਂ ਮਾਨਣ, ਸਭਦੇ ਮਾਪੇ ਹੋਣ ਘਰੇ ਬਾਬਾ ਨਾਨਕ ਸਭਨਾਂ ਉੱਤੇ, ਆਪਣੀ ਮੇਹਰ ਕਰੇ ਭੈਣ ਕੋਈ ਵੀ ਰੱਖੜੀ ਦੇ ਦਿਨ, ਕੱਲੀ ਬਹਿ ਨਾ ਰੋਵੇ ਬਿਨਾਂ ਵੀਰ ਦੇ ਭੈਣ ਨਭਾਗਣ, ਨਾ ਕੋਈ ਜੱਗ ਤੇ ਹੋਵੇ ਹੋਣ ਪੂਰੀਆਂ ਸਭ ਦੀਆਂ ਆਸਾਂ, ਸੀਨੇ ਰਹਿਣ ਠਰੇ ਬਾਬਾ ਨਾਨਕ ਸਭ ਦੇ ਉਂਤੇ, ਆਪਣੀ ਮੇਹਰ ਕਰੇ ਘਰੋਂ ਗਿਆ ਜੋ ਹੋਵੇ ਸਵੇਰੇ, ਮੁੜ ਸ਼ਾਮੀ ਘਰ ਆਵੇ ਐਕਸੀਡੈਂਟ ਦਾ ਨਾਮ ਬੁਰਾ ਏ ਹੋ ਨਾ ਕਿਸੇ ਦਾ ਜਾਵੇ ਲੇਟ ਹੋਇਆਂ ਨੂੰ ਜੋ ਉਡੀਕਣ, ਸਭ ਦਾ ਦਿਲ ਡਰੇ ਬਾਬਾ ਨਾਨਕ ਸਭ ਦੇ ਉੱਤੇ ਆਪਣੀ ਮੇਹਰ ਕਰੇ ਸਭ ਧਰਮਾਂ ਦੇ ਲੋਕੀ ਰਲਕੇ, ਗੀਤ ਖੁਸ਼ੀ ਦੇ ਗਾਵਣ ਦਿਵਾਲੀ ਈਦ ਵਿਸਾਖੀ ਲੋਹੜੀ ਸਾਰੇ ਰਲ ਮਨਾਵਣ ਵੈਰ ਵਿਰੋਧ ਤੇ ਗੁੱਸਾ ਗਿਲਾ ਨਾ, ਕਿਸੇ ਤੇ ਕੋਈ ਕਰੇ ਬਾਬਾ ਨਾਨਕ ਸਭ ਦੇ ਉੱਤੇ ਆਪਣੀ ਮੇਹਰ ਕਰੇ ਘੁੰਮਣ ਵਰਿੰਦਰ ਵਰਗੇ ਮੌਤ ਨਾ, ਸ਼ੇਰ ਪੁੱਤ ਨੂੰ ਆਵੇ ਵੀਰ ਜਵੰਧੇ ਵਾਂਗ ਕੋਈ ਨਾ ਵਕਤ ਤੋਂ ਪਹਿਲਾਂ ਜਾਵੇ ਉਮਰ ਭੋਗ ਕੇ ਜਾਵੇ, ਬੰਦਾ ਰੱਬ ਦੇ ਓਸ ਘਰੇ ਬਾਬਾ ਨਾਨਕ ਸਭ ਦੇ ਉੱਤੇ ਆਪਣੀ ਮੇਹਰ ਕਰੇ ਗੁਰਦੀਪ ਔਲਖ ਤਾਂ ਸਤਗੁਰ ਅੱਗੇ ਕਰਦਾ ਨਿੱਤ ਅਰਜ਼ੋਈ ਦੁਨੀਆਂ ਦੇ ਵਿੱਚ ਹਰ ਇੱਕ ਹੱਸੇ, ਦੁਖੀ ਨਾ ਹੋਵੇ ਕੋਈ ਭੁੱਖਾ ਤੇਹਾਂ ਕੋਈ ਨਾ ਕੱਟੇ, ਹੋਵੇ ਸਭ ਦੇ ਰਿਜ਼ਕ ਘਰੇ ਬਾਬਾ ਨਾਨਕ ਸਭ ਦੇ ਉੱਤੇ ਆਪਣੀ ਮੇਹਰ ਕਰੇ
ਧੀ ਨੂੰ ਸਹੁਰੇ ਵੱਸਣ ਦੇਣ ਨਾ
ਧੀ ਦੇ ਘਰ ਵਿੱਚ ਦਖਲਅੰਦਾਜ਼ੀ ਹਰ ਵੇਲੇ ਜੋ ਕਰਦੀਆਂ ਨੇ ਧੀ ਨੂੰ ਗੁੱਸੇ ਹੋਏ ਜਵਾਈ ਜੋ ਨਾ ਸੁਣ ਕੇ ਜਰਦੀਆਂ ਨੇ ਗੱਲਾਂ ਸੱਚੀਆਂ ਪਰ ਕੌੜੀਆਂ ਅੱਜ ਜੋ ਕਰਨੀਆਂ ਚਾਹਵਾਂ ਜੀ ਧੀ ਨੂੰ ਸਹੁਰੇ ਵੱਸਣ ਦੇਣ ਨਾ ਆਪ ਹੁਦਰੀਆਂ ਮਾਵਾਂ ਜੀ ਆਪਣੇ ਪੁੱਤਾਂ ਨੂੰ ਨਾਲ ਜਵਾਈ ਚੱਕ ਕੇ ਆਪ ਲੜਾ ਦਿੰਦੀਆਂ ਸੁਖੀ ਵੱਸਦੀ ਧੀ ਆਪਣੀ ਦਾ ਆਪ ਤਲਾਕ ਕਰਾ ਦਿੰਦੀਆਂ ਕੱਟਦੀ ਰਹਿੰਦੀ ਜਿਹੜੀ ਮੁੜ ਕੇ ਬਿਰਹੋਂ ਦੀਆਂ ਸਜ਼ਾਵਾਂ ਜੀ ਧੀ ਨੂੰ ਸਹੁਰੇ ਵੱਸਣ ਦੇਣ ਨਾ ਆਪ ਹੁਦਰੀਆ ਮਾਵਾਂ ਜੀ ਝੂਠਾ ਕੇਸ ਦਾਜ ਦਾ ਜਦ ਕੋਈ ਪਾਉਂਦਾ ਉੱਤੇ ਜਵਾਈ ਦੇ ਓਸੇ ਦਿਨ ਹੀ ਬੱਝ ਜਾਂਦੇ ਨੇ ਮਿੱਤਰੋ ਮੁੱਢ ਤਬਾਹੀ ਦੇ ਮੀਆਂ ਬੀਬੀ ਸਮਝ ਜਾਂਦੇ, ਜੇ ਕੋਈ ਚਾਹੇ ਸਮਝਾਵਾਂ ਜੀ ਧੀ ਨੂੰ ਸਹੁਰੇ ਵੱਸਣ ਦੇਣ ਨਾ ਆਪ ਹੁਦਰੀਆ ਮਾਵਾਂ ਜੀ ਮੰਨਦੇ ਹਾਂ ਆਪਣੇ ਬੱਚਿਆਂ ਦੀ ਫਿਕਰ ਵੀ ਹੋਣੀ ਚਾਹੀਦੀ ਪਰ ਬਲਦੀ ਦੇ ਤੇਲ ਜਿਹਾ ਪਾ ਕੇ ਅੱਗ ਨਹੀਂ ਹੋਰ ਮਚਾਈ ਦੀ ਮੱਚਦੀ ਹੋਈ ਵੀ ਬੁੱਝ ਜਾਂਦੀ ਜੇ ਕੋਈ ਚਾਹੇ ਬੁਝਾਵਾਂ ਜੀ ਧੀ ਨੂੰ ਸਹੁਰੇ ਵੱਸਣ ਦੇਣ ਨਾ ਆਪ ਹੁਦਰੀਆ ਮਾਵਾਂ ਜੀ ਔਲਖ ਆਖੇ ਨਾ ਬਦਲੀਏ ਪਲ ਵਿੱਚ ਕਦੇ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਜੂਰੀ ਕੀਤੇ ਕੌਲ ਕਰਾਰਾਂ ਨੂੰ ਤੋੜ ਨਿਭਾਈਏ ਨਾ ਭੁਲਾਈਏ ਲਈਆਂ ਚਾਰ ਜੋ ਲਾਵਾਂ ਜੀ ਧੀ ਨੂੰ ਸਹੁਰੇ ਵੱਸਣ ਦੇਣ ਨਾ ਆਪ ਹੁਦਰੀਆ ਮਾਵਾਂ ਜੀ
ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ
ਤੂੰ ਬੰਦ ਬੰਦ ਕਟਵਾ ਸਾਡੇ, ਚਾਹੇ ਨੀਹਾਂ ਵਿੱਚ ਚਿਣਵਾ ਸਾਨੂੰ ਕਰਨਾ ਨੀ ਦੀਨ ਕਬੂਲ ਅਸੀਂ, ਜੇਹੜੀ ਮਰਜ਼ੀ ਦੇ ਸਜ਼ਾ ਸਾਨੂੰ ਕੱਢ ਦਿਲ 'ਚੋਂ ਏਸ ਭੁੱਲੇਖੇ ਨੂੰ, ਨਾ ਸੋਚ ਅਸੀਂ ਡਰ ਜਾਵਾਂਗੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਹੱਸ ਸਿੱਖੀ ਸਿੱਦਕ ਨਿਭਾਵਾਂਗੇ ਸਾਡੇ ਦਾਦੇ ਸਤਗੁਰ ਨੌਵੇਂ ਨੇ, ਦਿੱਲੀ ਵਿੱਚ ਸ਼ਹੀਦੀ ਪਾਈ ਸੀ ਉਹ ਰਤਾ ਧਰਮ ਤੋਂ ਡੋਲੇ ਨਾ, ਔਰੰਗੇ ਵਾਹ ਬਥੇਰੀ ਲਾਈ ਸੀ ਉਹਨਾਂ ਦਾ ਹਾਂ ਖ਼ੂਨ ਅਸੀਂ, ਨਾ ਪੈਰ ਪਿੱਛੇ ਸਰਕਾਵਾਂਗੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਹੱਸ ਸਿੱਖੀ ਸਿੱਦਕ ਨਿਭਾਵਾਂਗੇ ਨਾ ਸਾਨੂੰ ਦੇ ਡਰਾਵੇ ਤੂੰ, ਨਾ ਅਸੀਂ ਤੇਰੇ ਤੋਂ ਡਰਨਾ ਹੈ ਨਾ ਆਈਏ ਲੋਭ ਲਾਲਚਾਂ 'ਚ, ਤੂੰ ਕਰਲੈ ਜੋ ਵੀ ਕਰਨਾ ਏਂ ਜੋ ਪੂਰਨੇ ਪਾਏ ਵੱਡਿਆਂ ਨੇ, ਉਹਨਾਂ ਤੇ ਫੁੱਲ ਚੜ੍ਹਾਵਾਂਗੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਹੱਸ ਸਿੱਖੀ ਸਿੱਦਕ ਨਿਭਾਵਾਂਗੇ ਮੰਨਦਾ ਨਹੀਂ ਗੱਲ ਕੁਰਾਨ ਦੀ ਉਏ, ਤੂੰ ਸੱਚਾ ਮੁਸਲਮਾਨ ਨਹੀਂ ਮੋਮਨ ਤਾਂ ਗੱਲ ਹੈ ਦੂਰ ਦੀ ਏ ਸਾਨੂੰ ਜਾਪੇ ਤੂੰ ਇਨਸਾਨ ਨਹੀਂ ਤੇਰੀ ਨਹੀਂ ਕੋਈ ਪ੍ਰਵਾਹ ਸਾਨੂੰ, ਸੱਚ ਕਹੀਏ ਸੱਚ ਸੁਣਾਵਾਂਗੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਹੱਸ ਸਿੱਖੀ ਸਿੱਦਕ ਨਿਭਾਵਾਂਗੇ ਠੰਡੇ ਬੁਰਜ ਚ ਦਾਦੀ ਮਾਤਾ ਜੀ, ਸਾਨੂੰ ਸਭ ਸਮਝਾਇਆ ਏ ਕਰ ਕੀ ਸਕਦੈਂ ਤੂੰ ਸਾਡੇ ਨਾ’ ਸਭ ਕੁਝ ਹੀ ਆਖ ਸੁਣਾਇਆ ਏ ਤੈਨੂੰ ਕਰਨੀ ਨਹੀਂ ਸਲਾਮ ਅਸਾਂ, ਗੱਜਕੇ ਫਤਿਹ ਬੁਲਾਵਾਂਗੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਹੱਸ ਸਿੱਖੀ ਸਿੱਦਕ ਨਿਭਾਵਾਂਗੇ ਤੈਨੂੰ ਦੁਨੀਆਂ ਦੇ ਲੋਕਾਂ ਨੇ, ਸਦਾ ਲਾਹਨਤਾਂ ਪਾਉਂਦੇ ਰਹਿਣਾ ਏਂ ਰੋ ਰੋ ਕੇ ਤੂੰ ਪਛਤਾਂਵੇਗਾ, ਜਦ ਸਿੰਘਾਂ ਬਦਲਾ ਲੈਣਾ ਏਂ ਲਿਖਕੇ ਸੱਚ ਗੁਰਦੀਪ ਸਿੰਘਾ, ਸਦਾ ਸੰਗਤਾਂ ਦੇ ਵਿੱਚ ਗਾਵਾਂਗੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਹੱਸ ਸਿੱਖੀ ਸਿੱਦਕ ਨਿਭਾਵਾਂਗੇ
ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ
ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਲਾਲ ਦਸ਼ਮੇਸ਼ ਜੀ ਦੇ ਨੀਹਾਂ 'ਚ ਖੜ੍ਹੇ ਦੋਹਾਂ ਵੀਰਾਂ ਨੇ ਦੁਮਾਲੇ ਸਿਰਾਂ ਤੇ ਸਜਾਏ ਸੀ ਸੁੰਦਰ ਜਿਹੇ ਚੋਲੇ ਗਲਾਂ ਵਿੱਚ ਪਾਏ ਸੀ ਗਾਤਰੇ ਦੇ ਵਿੱਚ ਦੋਵਾਂ ਤੇਗਾਂ ਪਾਈਆਂ ਨੇ ਹੱਥਾਂ ਵਿੱਚ ਜੱਚਦੇ ਨੇ ਸੋਹਣੇ ਜਿਹੇ ਕੜੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਲਾਲ ਦਸ਼ਮੇਸ਼ ਜੀ ਦੇ ਨੀਹਾਂ 'ਚ ਖੜ੍ਹੇ ਦਾਦੀ ਮਾਤਾ ਭੇਜਿਆ ਤਿਆਰ ਕਰਕੇ ਹੱਥੀਂ ਦੋਹਾਂ ਵੀਰਾਂ ਦਾ ਸ਼ਿੰਗਾਰ ਕਰਕੇ ਸਸ਼ਤਰ ਛੋਟੇ, ਤੇ ਚੱਕਰ ਸ਼ੋਭਦੇ ਉੱਪਰ ਦੁਮਾਲਿਆਂ ਦੇ ਆਪ ਸੀ ਜੜੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਲਾਲ ਦਸ਼ਮੇਸ਼ ਜੀ ਦੇ ਨੀਹਾਂ ਚ ਖੜ੍ਹੇ ਪਹਿਲਾਂ ਦਾਦੀ ਦੋਹਾਂ ਤਾਂਈ ਦੇ ਕੇ ਸਿੱਖਿਆ ਦਾਦੇ ਪੜਦਾਦੇ ਦੀ ਸੁਣਾਈ ਵਿੱਥਿਆ ਧਰਮ ਦੇ ਉੱਤੋਂ, ਤੁਸਾਂ ਜਿੰਦ ਵਾਰਨੀ ਕੋਲੋਂ ਦਾਦੀ ਮਾਤਾ ਦੇ ਸਬਕ ਏ ਪੜ੍ਹੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਲਾਲ ਦਸ਼ਮੇਸ਼ ਜੀ ਦੇ ਨੀਹਾਂ 'ਚ ਖੜ੍ਹੇ ਜ਼ਾਲਮਾਂ ਦੀ ਕੋਈ ਵੀ ਨੀ ਈਨ ਮੰਨਣੀ ਸੋਚ ਲਿਆ ਆਕੜ ਵੈਰੀ ਦੀ ਭੰਨਣੀ ਚਾਹੇ ਨੀਹਾਂ ਵਿੱਚ ਰਹੇ ਜਲਾਦ ਚਿਣਦੇ ਪਰ ਦੋਵੇਂ ਵੀਰੇ ਰਹੇ ਅਡੋਲ ਸੀ ਖੜ੍ਹੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਲਾਲ ਦਸ਼ਮੇਸ਼ ਜੀ ਦੇ ਨੀਹਾਂ 'ਚ ਖੜ੍ਹੇ ਫਤਿਹ ਸਿੰਘ ਜੋਰਾਵਰ ਤਾਂਈਂ ਆਖਦਾ ਹਿੱਲ ਗਿਆ ਸੂਬਾ ਸਰਹਿੰਦ ਜਾਪਦਾ ਸਾਨੂੰ ਇਹ ਧਰਮੋਂ ਡਲਾਉਣਾ ਚਾਹੁੰਦਾ ਏ ਈਰਖਾ ਦੀ ਅੱਗ ਵਿੱਚ ਚੰਦਰਾ ਸੜੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਲਾਲ ਦਸ਼ਮੇਸ਼ ਜੀ ਦੇ ਨੀਹਾਂ 'ਚ ਖੜ੍ਹੇ ਅੱਖਾਂ ਵਿੱਚ ਅੱਖਾਂ, ਸੂਬੇ ਦੇ ਸੀ ਪਾਂਵਦੇ ਆਖੇ ਗੁਰਦੀਪ ਨਹੀਂ ਸੀ, ਘਬਰਾਂਵਾਦੇ ਲੋਕ ਖੜ੍ਹੇ ਸੀ, ਕਚੈਹਰੀ ਵਿੱਚ ਗੱਲਾਂ ਕਰਦੇ ਬੱਚੇ ਬਾਜਾਂ ਵਾਲੇ ਦੇ ਬਹਾਦਰ ਬੜੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਲਾਲ ਦਸ਼ਮੇਸ਼ ਜੀ ਦੇ ਨੀਹਾਂ 'ਚ ਖੜ੍ਹੇ
ਸਾਡਾ ਲੱਖ ਲੱਖ ਵਾਰ ਪ੍ਰਣਾਮ ਸ਼ਹੀਦਾਂ ਨੂੰ
ਸਾਡੇ ਦਿਲ ਵਿੱਚ ਉਹਨਾਂ ਲਈ, ਮਣਾਂ ਮੂੰਹੀਂ ਸਤਿਕਾਰ ਦੇਸ਼ ਧਰਮ ਲਈ ਜਿਹੜੇ, ਜਿੰਦ ਆਪਣੀ ਗਏ ਵਾਰ ਅਸੀਂ ਭੁੱਲੀਏ ਨਾ ਕਦੇ, ਉਹਨਾਂ ਸੱਚਿਆਂ ਮੁਰੀਦਾਂ ਨੂੰ ਸਾਡਾ ਲੱਖ ਲੱਖ ਵਾਰ, ਪ੍ਰਣਾਮ ਸ਼ਹੀਦਾਂ ਨੂੰ ਚੀਰੇ ਆਰਿਆਂ ਦੇ ਨਾਲ, ਪੀੜੇ ਕੋਹਲੂ ਵਿੱਚ ਭਾਵੇਂ ਪਰ ਸੀਸ ਨਾ ਝੁਕਾਇਆ ਜਿਨ੍ਹਾਂ, ਵੈਰੀਆਂ ਦੇ ਸਾਹਵੇਂ ਤੱਕ ਦੱਬ ਦੇ ਵਿਰੋਧੀ ਸੀਗੇ, ਦੰਦਾਂ ਹੇਠ ਜੀਭਾਂ ਨੂੰ ਸਾਡਾ ਲੱਖ ਲੱਖ ਵਾਰ ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਸਬਰ ਨੂੰ ਕਰਕੇ, ਜ਼ਬਰ ਰਹੇ ਝੱਲਦੇ ਜਦੋਂ ਮੌਕਾ ਮਿਲੇ ਬਦਲਾ ਵੀ, ਲੈਣੋਂ ਨਹੀਂ ਸੀ ਟਲਦੇ ਦਿੰਦੇ ਮਿੱਟੀ ‘ਚ ਸੀ ਰੋਲ, ਸਭ ਵੈਰੀ ਦੀਆਂ ਉਮੀਦਾਂ ਨੂੰ ਸਾਡਾ ਲੱਖ ਲੱਖ ਵਾਰ ਪ੍ਰਣਾਮ ਸ਼ਹੀਦਾਂ ਨੂੰ ਚੜ੍ਹੇ ਫਾਂਸੀਆਂ ਦੇ ਉੱਤੇ, ਰੱਸੇ ਆਪ ਗਲ ਪਾਕੇ ਵੈਰੀ ਚਾੜ੍ਹ ਦਿੱਤੇ ਗੱਡੀ, ਜਿੰਨਾ ਲੰਡਨ ‘ਚ ਜਾਕੇ ਕਿਨ੍ਹੇ ਕਿੱਥੇ ਜਿੰਦ ਵਾਰੀ, ਸਾਂਭ ਰੱਖਿਆ ਰਸੀਦਾਂ ਨੂੰ ਸਾਡਾ ਲੱਖ ਲੱਖ ਵਾਰ, ਪ੍ਰਣਾਮ ਸ਼ਹੀਦਾਂ ਨੂੰ ਡਟੇ ਬਾਰਡਰਾਂ ਦੇ ਉੱਤੇ, ਕਈ ਸੱਜਰੇ ਵਿਆਹੇ ਭਰ ਜੋਬਨ ਦੀ ਰੁੱਤੇ, ਘਰ ਬੱਕਸਿਆਂ ‘ਚ ਆਏ ਗੋਲੀ ਹਿੱਕ ਵਿੱਚ ਖਾਧੀ, ਨਹੀਂ ਕੋਸਿਆ ਨਸੀਬਾਂ ਨੂੰ ਸਾਡਾ ਲੱਖ ਲੱਖ ਵਾਰ, ਪ੍ਰਣਾਮ ਸ਼ਹੀਦਾਂ ਨੂੰ ਹੱਕ ਸੱਚ ਲਈ ਜੋ ਡੱਟ ਕੇ, ਸ਼ਹੀਦੀਆਂ ਨੂੰ ਪਾਉਂਦੇ ਕਹੇ ਗੁਰਦੀਪ ਔਲਖ, ਉਹ ਮਰ ਕੇ ਵੀ ਜਿਉਂਦੇ ਸਭ ਦਿੰਦੇ ਨੇ ਤਿਆਗ ਸੂਰੇ, ਸਧਰਾਂ ਤੇ ਰੀਝਾਂ ਨੂੰ ਸਾਡਾ ਲੱਖ ਲੱਖ ਵਾਰ, ਪ੍ਰਣਾਮ ਸ਼ਹੀਦਾਂ ਨੂੰ
ਗੱਲ
ਗੱਲ ਕਿਸੇ ਵੀ ਮਸਲੇ ਤੇ ਜਦੋਂ ਛਿੜਦੀ ਮਸਲਾ ਵਿੱਚੇ ਇੱਕ ਹੋਰ ਉਠਾਇਆ ਜਾਂਦਾ ਕੋਈ ਕੁਝ ਤੇ ਕੋਈ ਫਿਰ ਕੁਝ ਆਖੇ ਗੱਲਾਂ ਬਾਤਾਂ ਦੇ ਵਿੱਚ ਉਲਝਾਇਆ ਜਾਂਦਾ ਕਈ ਝੂਠ ਦੀ ਕਰਨ ਸਪੋਰਟ ਲੱਗ ਜਾਣ ਬਹੁਤੀ ਵਾਰ ਹੈ ਸੱਚ ਦਬਾਇਆ ਜਾਂਦਾ ਪੱਖ ਸੱਚੇ ਦਾ ਔਲਖਾ ਸੁਣੇ ਕੋਈ ਨਾ ਮੇਨ ਮੁੱਦੇ ਤੋਂ ਉਹਨੂੰ ਭਟਕਾਇਆ ਜਾਂਦਾ
ਦੁਨੀਆਂਦਾਰੀ
ਇੱਥੇ ਗੁਣਾਂ ਦੀ ਕਦਰ ਲੋਕ ਘੱਟ ਕਰਦੇ ਔਗੁਣਹਾਰਿਆਂ ਤਾਈਂ ਵਡਿਆਇਆ ਜਾਂਦਾ ਭੁੱਖੇ ਗਰੀਬ ਨੂੰ ਰੋਟੀ ਚਾਹੇ ਨਾ ਪੁੱਛਣ ਰੱਜੇ ਹੋਇਆਂ ਨੂੰ ਹੋਰ ਰਜਾਇਆ ਜਾਂਦਾ ਦੁਖੀ ਬੰਦੇ ਦਾ ਦੁੱਖ ਨਾ ਵੰਡਾਵੇ ਕੋਈ ਡਰੇ ਹੋਏ ਨੂੰ ਹੋਰ ਡਰਾਇਆ ਜਾਂਦਾ ਜਿਉਂਦੇ ਬੰਦੇ ਨੂੰ ਔਲਖਾ ਲੋਕ ਨਿੰਦਣ ਮਰ ਗਿਆਂ ਦੇ ਪਿੱਛੋਂ ਸਲਾਹਿਆ ਜਾਂਦਾ
ਲੋਕੋ ਸਾਵਧਾਨ ਹੋ ਜਾਵੋ, ਭੇਸ ਸਾਧਾਂ ਦੇ 'ਚ ਫਿਰਨ ਲੁਟੇਰੇ
ਇੱਥੇ ਕੁਝ ਠੱਗ ਚੋਰਾਂ ਨੇ, ਧੰਦਾ ਧਰਮ ਦੇ ਤਾਈਂ ਹੈ ਬਣਾਇਆ ਛੱਡਿਆ ਨਾ ਠੱਗਿਆਂ ਬਿਨਾਂ, ਬੰਦਾ ਜੇੜ੍ਹਾ ਵੀ ਏਨਾਂ ਕੋਲ ਆਇਆ ਭੋਲੇ ਲੋਕ ਪਿੱਛੇ ਘੁੰਮਦੇ, ਹੋਣ ਮੱਖੀਆਂ ਜਾਂ ਗੁੜ ਦੇ ਚੁਫੇਰੇ ਲੋਕੋ ਸਾਵਧਾਨ ਹੋ ਜਾਵੋ, ਭੇਸ ਸਾਧਾਂ ਦੇ 'ਚ ਫਿਰਨ ਲੁਟੇਰੇ ਤੁਹਾਨੂੰ ਭਰਮਾਉਣ ਦੇ ਲਈ, ਬਾਣੇ ਬਦਲ ਬਦਲ ਕੇ ਪਾਉਂਦੇ ਲਾਲਚ ਬਥੇਰੇ ਦਿੰਦੇ ਨੇ, ਹੱਥ ਜ਼ਹਾਜ਼ ਵਾਲੀ ਬਾਰੀ ਨੂੰ ਪਵਾਉਂਦੇ ਖੁਆਬਾਂ ਚ ਕਨੇਡਾ ਘੁੰਮਦੇ, ਲੱਗ ਜਾਵਣ ਏਨ੍ਹਾਂ ਦੇ ਪਿੱਛੇ ਜਿਹੜੇ ਲੋਕੋ ਸਾਵਧਾਨ ਹੋ ਜਾਵੋ, ਭੇਸ ਸਾਧਾਂ ਦੇ 'ਚ ਫਿਰਨ ਲੁਟੇਰੇ ਮੂੰਹੋਂ ਰਾਮ ਰਾਮ ਬੋਲਦੇ, ਅਤੇ ਰੱਖਦੇ ਬਗਲ ਵਿੱਚ ਛੁਰੀਆਂ ਸੱਚੀਆਂ ਨੇ ਗੱਲਾਂ ਸਾਰੀਆਂ, ਪਰ ਕਈਆਂ ਨੂੰ ਲੱਗਣੀਆਂ ਬੁਰੀਆਂ ਅੰਤ ਵੇਖੇ ਪਛਤਾਂਵਦੇ, ਲੁੱਟੇ ਹੋਇਆਂ ਨੇ ਅੱਖਾਂ 'ਚੋਂ ਹੰਝੂ ਕੇਰੇ ਲੋਕੋ ਸਾਵਧਾਨ ਹੋ ਜਾਵੋ, ਭੇਸ ਸਾਧਾਂ ਦੇ 'ਚ ਫਿਰਨ ਲੁਟੇਰੇ ਕੁਝ ਬੇ ਔਲਾਦ ਲੁੱਟੀ ਦੇ, ਬਹੁਤੇ ਵਹਿਮੀ ਲੋਕ ਇੱਥੇ ਲੁੱਟੇ ਜਾਂਦੇ ਤੁਹਾਡੇ ਸਿਰੋਂ ਐਸ਼ ਕਰਦੇ, ਕਾਜੂ ਗਿਰੀਆਂ ਬਦਾਮ ਰੋਜ਼ ਖਾਂਦੇ ਨਾਲੇ ਇਹ ਤਕੌਣ ਇੱਜਤਾਂ, ਘੜੀ ਮੁੜੀ ਲਾਉਣੇ ਘਰਾਂ ਵਿੱਚ ਗੇੜੇ ਲੋਕੋ ਸਾਵਧਾਨ ਹੋ ਜਾਵੋ, ਭੇਸ ਸਾਧਾਂ ਦੇ 'ਚ ਫਿਰਨ ਲੁਟੇਰੇ ਕਾਰਨਾਮੇ ਕੀ ਦੱਸੀਏ, ਗੱਲ ਕਰਦਿਆਂ ਸ਼ਰਮ ਜਿਹੀ ਆਵੇ ਗੁਝੇ ਭੇਦ ਜਦੋਂ ਖੁੱਲ੍ਹਦੇ, ਰਹਿ ਜਾਂਦੇ ਨੇ ਪੱਲੇ ਪਛਤਾਵੇ ਉਹ ਵੀ ਫਿਰ ਲਾਉਣ ਤੋਹਮਤਾਂ, ਜੇੜ੍ਹੇ ਰਹਿਣੇ ਸ਼ਰਧਾਲੂ ਘੇਰੇ ਘੇਰੇ ਲੋਕੋ ਸਾਵਧਾਨ ਹੋ ਜਾਵੋ, ਭੇਸ ਸਾਧਾਂ ਦੇ 'ਚ ਫਿਰਨ ਲੁਟੇਰੇ ਲੱਗੇ ਗੁਰਬਾਣੀ ਲੜ ਜੋ, ਨਹੀਂ ਦੁੱਖਾਂ ਵਿੱਚ ਕਦੇ ਘਬਰਾਉਂਦੇ ਬਾਝੋਂ ਗੁਰੂ ਗ੍ਰੰਥ ਸਾਹਿਬ ਦੇ, ਕਿਸੇ ਅੱਗੇ ਕਦੇ ਸਿਰ ਨਹੀਂ ਝੁਕਾਉਂਦੇ ਨਾ ਜਾਣ ਗੁਰਦੀਪ ਔਲਖਾ, ਕਦੇ ਭੁੱਲ ਕੇ ਠੱਗਾਂ ਦੇ ਡੇਰੇ ਲੋਕੋ ਸਾਵਧਾਨ ਹੋ ਜਾਵੋ ਭੇਸ, ਸਾਧਾਂ ਦੇ 'ਚ ਫਿਰਨ ਲੁਟੇਰੇ
ਹੋਣ ਖ਼ਾਨਦਾਨੀ ਜੇ ਭਰਜਾਈਆਂ
ਦੁਨੀਆਂ ਤੋਂ ਜਦੋਂ ਕਦੇ, ਮਾਂ ਤੁਰ ਜਾਂਵਦੀ ਧੀ ਤਾਈਂ ਪੁੱਤਾਂ ਨਾਲੋਂ, ਵੱਧ ਯਾਦ ਆਂਵਦੀ ਗੱਲਾਂ ਦਾਨਿਆਂ ਨੇ, ਸੱਚੀਆਂ ਸੁਣਾਈਆਂ ਮਾਵਾਂ ਨਹੀਂ ਚੇਤੇ ਆਉਣ ਦੇਂਦੀਆਂ, ਹੋਣ ਖ਼ਾਨਦਾਨੀ ਜੇ ਭਰਜਾਈਆਂ ਪੁੱਛਦੀਆਂ ਦੁੱਖ ਸੁੱਖ, ਸਦਾ ਹੀ ਉਹ ਰਹਿੰਦੀਆਂ ਮਿਲ ਜਾਵੋ ਭੈਣ ਜੀ, ਨਣਾਨਾਂ ਤਾਈਂ ਕਹਿੰਦੀਆਂ ਤੁਹਾਡੀ ਦੀਦ ਦੀਆਂ, ਅੱਖੀਆਂ ਤਿਹਾਈਆਂ ਮਾਵਾਂ ਨਹੀਂ ਚੇਤੇ ਆਉਣ ਦੇਂਦੀਆਂ ਹੋਣ ਖ਼ਾਨਦਾਨੀ ਜੇ ਭਰਜਾਈਆਂ ਭਾਬੀ ਵਿੱਚੋਂ ਨੇ ਦੀਦਾਰ ਸਦਾ, ਮਾਂ ਦਾ ਓਹ ਪਾਉਂਦੀਆਂ ਜਿਹੜੀਆਂ ਨਣਾਨਾਂ ਦੀਆਂ, ਭਰਜਾਈਆਂ ਚਾਹੁੰਦੀਆਂ ਰਹਿਣ ਕਰਦੀਆਂ, ਉਹ ਵਡਿਆਈਆਂ ਮਾਵਾਂ ਨਹੀਂ ਚੇਤੇ ਆਉਣ ਦੇਂਦੀਆਂ ਹੋਣ ਖ਼ਾਨਦਾਨੀ ਜੇ ਭਰਜਾਈਆਂ ਨਹੀਂ ਪਤੀ ਨਾਲ ਲੜਦੀਆਂ, ਭੈਣਾਂ ਕੋਲੇ ਜਾਣ ਤੋਂ ਨਾ ਹੀ ਵੱਟਦੀਆਂ ਮੂੰਹ, ਘਰੇ ਆਈ ਹੋਈ ਨਣਾਨ ਤੋਂ ਚੰਗੇ ਘਰਾਂ ਦੀਆਂ, ਜੰਮੀਆਂ ਜੋ ਜਾਈਆਂ ਮਾਵਾਂ ਨਹੀਂ ਚੇਤੇ ਆਉਣ ਦੇਂਦੀਆਂ ਹੋਣ ਖ਼ਾਨਦਾਨੀ ਜੇ ਭਰਜਾਈਆ ਧੀਆਂ ਸਦਾ ਪੇਕਿਆਂ ਦਾ, ਭਲਾ ਹੀ ਨੇ ਚਾਹੁੰਦੀਆਂ ਦੁੱਖ ਸੁੱਖ ਵੇਲੇ ਝੱਟ, ਭੱਜੀਆਂ ਉਹ ਆਉਂਦੀਆਂ ਨਹੀਂ ਸੁਣਦੀਆਂ, ਕਦੇ ਬੁਰਿਆਈਆਂ ਮਾਵਾਂ ਨਹੀਂ ਚੇਤੇ ਆਉਣ ਦੇਂਦੀਆਂ ਹੋਣ ਖ਼ਾਨਦਾਨੀ ਜੇ ਭਰਜਾਈਆਂ ਹਰ ਰਿਸ਼ਤੇ ਦਾ ਥਾਉਂ ਥਾਈਂ, ਕਰਨ ਸਤਿਕਾਰ ਜੀ ਚੰਗੇ ਗੁਰਦੀਪ ਜਿਨ੍ਹਾਂ ਤਾਈਂ, ਮਿਲੇ ਸੰਸਕਾਰ ਜੀ ਸ਼ੋਭਾ ਮਾਪਿਆਂ ਦੀ, ਗੱਲਾਂ ਨੇ ਸਿਖਾਈਆਂ ਮਾਵਾਂ ਨਹੀਂ ਚੇਤੇ ਆਉਣ ਦੇਂਦੀਆਂ ਹੋਣ ਖ਼ਾਨਦਾਨੀ ਜੇ ਭਰਜਾਈਆਂ
ਕਿਹੋ ਜਿਹਾ ਜ਼ਮਾਨਾ ਆ ਗਿਆ
ਹੁਣ ਆਪਣੇ ਪਰਾਏ ਹੋਈ ਜਾਂਵਦੇ ਭਾਈ ਭਾਈਆਂ ਨੂੰ ਨੀ ਸਿੱਧੇ ਮੂੰਹ ਬੁਲਾਂਵਦੇ ਲਾਗੇ ਇੱਕ ਦੂਜੇ ਤਾਈਂ ਨਹੀਂ ਲਾਉਂਦੇ ਇੱਕ ਆਖੇ ਮੈਨੂੰ ਲੁੱਟ ਕੇ ਹੈ ਦੂਜਾ ਖਾ ਗਿਆ ਆਵੇ ਸਮਝ ਨਾ ਕਿਹੋ ਜਿਹਾ ਜ਼ਮਾਨਾ ਆ ਗਿਆ ਨਿੱਕੇ ਹੁੰਦੇ ਜਿਹੜੇ ਵੀਰ ਵੀਰ ਕਹਿੰਦੇ ਸੀ ਇੱਕ ਦੂਜੇ ਦਾ ਵਿਛੋੜਾ ਨਹੀਂ ਸਹਿੰਦੇ ਸੀ ਹੁਣ ੨੪ ਘੰਟੇ ਲੜਦੇ ਹੀ ਰਹਿੰਦੇ ਜੀ ਰੰਗ ਲਾਲਚ ਹੈ ਯਾਰੋ ਆਪਣਾ ਵਖਾ ਗਿਆ ਆਵੇ ਸਮਝ ਨਾ ਕਿਹੋ ਜਿਹਾ ਜ਼ਮਾਨਾ ਆ ਗਿਆ ਲੋਕ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਦੇ ਕੁਝ ਦਿਲ ਵਿੱਚ ਸੋਚ ਨਹੀਂ ਵਿਚਾਰਦੇ ਜੱਗ ਜਨਣੀ ਦੇ ਤਾਈਂ ਦੁਰਕਾਰਦੇ ਜਾਪੇ ਕੱਲਜੁੱਗ ਜ਼ੋਰ ਆਪਣਾ ਹੈ ਪਾ ਗਿਆ ਆਵੇ ਸਮਝ ਨਾ ਕਿਹੋ ਜਿਹਾ ਜ਼ਮਾਨਾ ਗਿਆ ਬਹੁਤੇ ਡਾਕਟਰਾਂ ਤੋਂ ਡਾਕੂ ਬਣੇ ਹੋਏ ਨੇ ਚਿੱਟੇ ਕੱਪੜੇ 'ਚ ਕਾਲੇ ਮੂੰਹ ਲੁਕੋਏ ਨੇ ਜਨਮ ਲੈਣੋਂ ਪਹਿਲਾਂ ਬੱਚੇ ਏਥੇ ਮੋਏ ਨੇ ਰੱਬ ਅੱਧਾ ਸਦਵਾਉਣ ਵਾਲਾ ਲੀਕ ਲਾ ਗਿਆ ਆ ਵੇ ਸਮਝ ਨਾ ਕਿਹੋ ਜਿਹਾ ਜ਼ਮਾਨਾ ਗਿਆ ਧੀਆਂ ਬਾਪ ਦਾ ਨਹੀਂ ਸਤਿਕਾਰ ਕਰਦੀਆਂ ਗੱਲਾਂ ਸੱਸਾਂ ਦੀਆਂ ਨੋਹਾਂ ਨਹੀਂ ਜਰਦੀਆਂ ਕੋਲੋਂ ਮਾਪਿਆਂ ਦੇ ਔਲਾਦਾਂ ਨਹੀਂ ਡਰਦੀਆਂ ਭੂਤ ਇਸ਼ਕ ਦਾ ਡਾਇਲ ਕਈਆਂ ਦੇ ਘੁਮਾ ਗਿਆ ਆਵੇ ਸਮਝ ਨਾ ਕਿਹੋ ਜਿਹਾ ਜ਼ਮਾਨਾ ਆ ਗਿਆ ਸਹੁਰੇ ਨੋਹਾਂ ਨੂੰ ਨਾ ਪਿਆਰ ਦੇਣ ਧੀਆਂ ਦਾ ਰਿਹਾ ਘਰੇ ਨਾ ਇਤਫਾਕ ਦੋਹਾਂ ਜੀਆਂ ਦਾ ਗਿਆ ਗੁਜ਼ਰ ਜ਼ਮਾਨਾ ਹੁਣ ਤੀਆਂ ਦਾ ਘਰ ਮਿੱਤਰ ਦਾ ਯਾਰੋ ਮਿੱਤਰ ਤਕਾ ਗਿਆ ਆਵੇ ਸਮਝ ਨਾ ਕਿਹੋ ਜਿਹਾ ਜ਼ਮਾਨਾ ਆ ਗਿਆ ਰੱਬਾ ਤੇਰੇ ਘਰ ਬੈਠੇ ਜੋ ਪੁਜਾਰੀ ਆ ਸਾਧ ਬਾਹਰੋਂ ਬਾਹਰ ਅੰਦਰੋਂ ਵਪਾਰੀ ਆ ਲੁੱਟ ਦੁਨੀਆਂ ਲਈ ਨਾਂ ਤੇ ਤੇਰੇ ਸਾਰੀ ਆ ਬੋਲ ਵਿਰਲਾ ਮੁਸਾਫਰ ਜੀ ਕੋਈ ਪੁਗਾ ਗਿਆ ਆਵੇ ਸਮਝ ਨਾ ਕਿਹੋ ਜਿਹਾ ਜ਼ਮਾਨਾ ਗਿਆ ਵੱਡੇ ਛੋਟਿਆਂ ਨੂੰ ਕਰਦੇ ਪਿਆਰ ਨਾ ਬੱਚੇ ਵੱਡਿਆਂ ਦਾ ਕਰਨ ਸਤਿਕਾਰ ਨਾ ਕੱਠੇ ਬੈਠ ਕਰਦੇ ਕੋਈ ਵਿਚਾਰ ਨਾ ਗੁਰਦੀਪ ਸਿੰਘਾ ਦੂਰੀਆਂ ਮੋਬਾਈਲ ਪਾ ਗਿਆ ਆਹ ਵੀ ਸਮਝਣ ਲੱਗ ਕਿਹੋ ਜਿਹਾ ਜ਼ਮਾਨਾ ਗਿਆ
ਮੁੱਲ ਮੇਹਨਤ ਦਾ - ਕਮਾਨੀ ਛੰਦ
ਸੁਣ ਮੇਰੇ ਦੇਸ਼ ਦਿਆ ਕਿਰਸਾਨਾ ਤੈਨੂੰ ਲੁੱਟ ਲਿਆ ਹੈ ਬੇਈਮਾਨਾ ਖਾਅ ਗਏ ਤੇਰਾ ਲੁੱਟ ਖਜਾਨਾ ਤੇਰੇ ਹੱਥ ਕੁਝ ਆਇਆ ਨਾ ਤੁਰ ਗਈਆਂ ਕਈ ਸਰਕਾਰਾਂ ਆਕੇ ਮੁੱਲ ਮੇਹਨਤ ਦਾ ਪਾਇਆ ਨਾ ਠੰਡਾਂ ਵਿੱਚ ਤੂੰ ਪਾਲੇ ਠਰਦਾ ਗਰਮੀਆਂ ਦੇ ਵਿੱਚ ਧੁੱਪੇ ਸੜਦਾ ਹਰ ਪਲ ਫਿਕਰਾਂ ਦੇ ਵਿੱਚ ਰੜ੍ਹਦਾ ਤਰਸ ਕਿਸੇ ਨੂੰ ਆਇਆ ਨਾ ਤੁਰ ਗਈਆਂ - - - - - - - - - ਨਕਲੀ ਡੀਜਲ ਖਾਦ ਦਵਾਈਆਂ ਵੇਚ ਕੇ ਕਰ ਗਏ ਲੋਕ ਕਮਾਈਆਂ ਸਭਨੇ ਤੈਨੂੰ ਈ ਕੁੰਡੀਆਂ ਲਾਈਆਂ ਕਿਸੇ ਇਨਸਾਫ ਕਮਾਇਆ ਨਾ ਤੁਰ ਗਈਆਂ - - - - - - - - - - ਜਿਹੜੇ ਅਧਿਕਾਰੀ ਨੇ ਫੜਦੇ ਕੀ ਨਕਲੀ ਅਸਲੀ ਸੈਂਪਲ ਭਰਦੇ ਲੈ ਦੇ ਉਹ ਸਮਝਉਤਾ ਕਰਦੇ ਕਿਸੇ ਤੇ ਕੇਸ ਬਣਾਇਆ ਨਾ ਤੁਰ ਗਈਆਂ - - - - - - - - - - ਜਦ ਵੀ ਬੱਦਲ ਸਿਰ ਤੇ ਕੜਕੇ ਸਭ ਦਾ ਡਰਦਿਆਂ ਦਾ ਦਿਲ ਧੜਕੇ ਤੇਰਾ ਜਾਏ ਨੁਕਸਾਨ ਚਾਹੇ ਕਰਕੇ ਕਦੇ ਤੂੰ ਚਿੱਤ ਡੁਲਾਇਆ ਨਾ ਤੁਰ ਗਈਆਂ - - - - - - - - - - ਵੋਟਾਂ ਵੇਲੇ ਈ ਲੀਡਰ ਆਉਂਦੇ ਮੁੜ ਨਹੀਂ ਪੈਰ ਤੇਰੇ ਘਰ ਪਾਉਂਦੇ ਰਹਿੰਦੇ ਝੂਠੇ ਲਾਰੇ ਲਾਉਂਦੇ ਕੰਮ ਤੇਰੇ ਕੋਈ ਆਇਆ ਨਾ ਤੁਰ ਗਈਆਂ - - - - - - - - ਸੱਚੀਆਂ ਗੁਰਦੀਪ ਔਲਖ ਆਖੇ ਤੇਰੇ ਪੈਣ ਹੱਕਾਂ ਤੇ ਡਾਕੇ ਹਰ ਕੋਈ ਨਾਲ ਤੇਰੇ ਚਾਹੇ ਜਾਪੇ ਕਿਸੇ ਨੇ ਸਾਥ ਨਿਭਾਇਆ ਨਾ ਤੁਰ ਗਈਆਂ ਕਈ ਸਰਕਾਰਾਂ ਆ ਕੇ ਮੁੱਲ ਮਿਹਨਤ ਦਾ ਪਾਇਆ ਨਾ
ਕਲਗੀਧਰ ਦੇ ਸੂਰਮਿਆਂ ਦੀਆਂ ਵਾਰਾਂ
ਮੈਂ ਕੋਰਾ ਅਨਜਾਣ ਦਾਤਿਆ, ਕਾਗਜ਼ ਕਲਮ ਉਠਾਕੇ ਅਰਜ਼ ਕਰਦਾ ਹਾਂ ਤੇਰੇ ਅੱਗੇ, ਵਾਹਿਗੁਰੂ ਨਾਮ ਧਿਆਕੇ ਕੀ ਲਿਖਾਂ ਕੋਈ ਸਮਝ ਨਾ ਆਵੇ, ਮਨ ਨਾਲ ਕਰਾਂ ਵਿਚਾਰਾਂ ਕਲਗੀਧਰ ਦੇ ਸੂਰਮਿਆ ਦੀਆਂ, ਲਿਖਣੀਆ ਚਾਹਾਂ ਵਾਰਾਂ ਬੰਦਾ ਸਿੰਘ ਨੇ ਸਰਹੰਦ ਦੀ, ਇੱਟ ਨਾ ਇੱਟ ਖੜਕਾਈ ਸੋਧ ਵਜੀਦੇ ਜਿਹੇ ਦੁਸ਼ਟਾਂ ਨੂੰ , ਕਰਕੇ ਛੱਡੀ ਸਫਾਈ ਸਾਥ ਉਸਦਾ ਦਿੱਤਾ ਸੀਗਾ, ਅਣਖੀ ਸਿੰਘ ਸਰਦਾਰਾਂ ਕਲਗੀਧਰ ਦੇ ਸੂਰਮਿਆਂ ਦੀਆਂ - - - - - - - - - - - ਬੰਦ ਬੰਦ ਕਟਵਾਕੇ ਸ਼ਹੀਦੀ, ਭਾਈ ਮਨੀ ਸਿੰਘ ਪਾਈ ਬਾਰਾਂ ਵਿੱਚੋਂ ਸ਼ਹੀਦ ਸੀ ਹੋਏ, ਉਹ ਗਿਆਰਾਂ ਭਾਈ ਭਤੀਜੇ ਪੁੱਤ ਪੋਤਰੇ ਸਾਰੇ, ਜਿੰਦ ਵਾਰੀ ਰਿਸ਼ਤੇਦਾਰਾਂ ਕਲਗੀਧਰ ਦੇ ਸੂਰਮਿਆਂ ਦੀਆਂ - - - - - - - - - - - ਬਾਬੇ ਦੀਪ ਸਿੰਘ ਜੰਗ ਚ ਖੰਡਾ, ਸਿਰ ਲੱਥੇ ਤੋਂ ਵਾਹਕੇ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ, ਅਜ਼ਾਦ ਕਰਵਾਕੇ ਭੇਟ ਚੜ੍ਹਾਇਆ ਸੀਸ ਸੂਰਮੇ, ਦੁਸ਼ਮਣ ਮਾਰ ਹਜ਼ਾਰਾਂ ਕਲਗੀਧਰ ਦੇ ਸੂਰਮਿਆਂ ਦੀਆਂ- - - - - - - - - ਹਰੀ ਸਿੰਘ ਨਲੂਏ ਨੂੰ ਸਾਰੇ, ਯਾਦ ਨੇ ਅੱਜ ਤੱਕ ਕਰਦੇ ਭੁੱਲਦੇ ਨਹੀਂ ਲੋਕਾਂ ਨੂੰ ਅਕਾਲੀ, ਫੂਲਾ ਸਿੰਘ ਜੀ ਵਰਗੇ ਜੰਗਾਂ ਯੁੱਧਾਂ ਦੇ ਵਿੱਚ ਜਿਹੜੇ , ਵਾਹੁੰਦੇ ਰਹੇ ਤਲਵਾਰਾਂ ਕਲਗੀਧਰ ਦੇ ਸੂਰਮਿਆਂ ਦੀਆਂ - - - - - - - - - ਨਾਮਧਾਰੀਏ ਗਦ਼ਰੀ ਬਾਬੇ , ਨਾਲੇ ਬੱਬਰ ਅਕਾਲੀ ਜਿਨ੍ਹਾਂ ਸੂਰਮਿਆਂ ਅਜਾਦੀ ਲਈ, ਬਹੁਤ ਘਾਲਣਾ ਘਾਲੀ ਚੁੰਮੇ ਰੱਸੇ ਫਾਂਸੀ ਵਾਲੇ ਭਗਤ ਸਿੰਘ, ਸਰਾਭੇ ਜਹੇ ਸਰਦਾਰਾਂ ਕਲਗੀਧਰ ਦੇ ਸੂਰਮਿਆਂ ਦੀਆਂ - - - - - - - - - ਇੱਕੀ ਸਾਲ ਗੱਲ ਬਦਲੇ ਵਾਲੀ, ਜਿਸ ਨਾ ਦਿਲੋਂ ਭੁਲਾਈ ਅਣਖੀ ਸੂਰਮੇ ਜਾਲਮ ਦੀ ਸੀ, ਚੜ੍ਹੀ ਹੋਈ ਭਾਜੀ ਲਾਹੀ ਮਾਰ ਵੈਰੀ ਨੂੰ ਊਧਮ ਸਿੰਘ ਨੇ, ਕੱਢ ਲਈਆਂ ਸੀ ਖਾਰਾਂ ਕਲਗੀਧਰ ਦੇ ਸੂਰਮਿਆਂ ਦੀਆਂ - - - - - - - - ਤੇਰੀ ਕਿਰਪਾ ਨਾਲ ਦਾਤਿਆ , ਪਿੰਗਲਾ ਪਰਬਤ ਚੜ੍ਹਜੇ ਛੱਜੂ ਝੀਵਰ ਵਰਗਾ ਗੂੰਗਾ ਵੀ, ਅਰਥ ਗੀਤਾ ਦੇ ਕਰਦੇ ਬੱਖਸ਼ ਸੋਝੀ ਗੁਰਦੀਪ ਔਲਖ ਨੂੰ, ਤੂੰ ਹੀ ਪਰਵਦਗਾਰਾ ਕਲਗੀਧਰ ਦੇ ਸੂਰਮਿਆਂ ਦੀਆਂ ਲਿਖਣੀਆ ਚਾਹਾਂ ਵਾਰਾਂ
ਅਪਰਾਧੀ
ਹੈਦਰਾਬਾਦ ਪੁਲਿਸ ਨੇ ਜਿਵੇਂ, ਬਲਾਤਕਾਰੀ ਸੀ ਮਾਰੇ ਮਾਰ ਗੋਲੀਆਂ ਦਾਣਿਆਂ ਵਾਂਗੂੰ, ਭੁੰਨ ਦਿੱਤੇ ਸੀ ਚਾਰੇ ਏਸੇ ਤਰਾਂ ਜੇ ਦੇਵੇ ਸਜ਼ਾਵਾਂ, ਪੁਲਿਸ ਵੀਰਨੋ ਸਾਡੀ ਪਾਪ ਕਰਨ ਤੋਂ ਪਹਿਲਾਂ ਸੋਚੇ, ਲੱਖ ਵਾਰੀ ਅਪਰਾਧੀ ਹੋ ਸਕਦਾ ਸੀ ਕਾਨੂੰਨ ਦੇ ਕੋਲੋਂ ਹੋ, ਜਾਂਦੇ ਬਚ ਦਰਿੰਦੇ ਪੈਸੇ ਲੈ ਕੇ ਬਦਲ ਗਵਾਹੀ, ਚਸ਼ਮਦੀਦ ਵੀ ਦਿੰਦੇ ਜਾਂ ਕੋਈ ਜੱਜ ਵਕੀਲ ਕੇਸ ਵਿੱਚ, ਦਿੰਦੇ ਕਰ ਖਰਾਬੀ ਪਾਪ ਕਰਨ ਤੋਂ ਪਹਿਲਾਂ ਸੋਚੇ, ਲੱਖ ਵਾਰ ਅਪਰਾਧੀ ਸੇਫ ਨਹੀਂ ਇਸ ਦੇਸ਼ ਦੇ ਅੰਦਰ, ਮਾਂ ਭੈਣ, ਬਹੂ ਬੇਟੀ ਏਸੇ ਕਰਕੇ ਭਾਰਤ ਛੱਡ ਕੇ, ਤੁਰ ਗਏ ਲੋਕ ਵਿਦੇਸ਼ੀ ਲੀਡਰ ਆਖਣ ਹਰ ਕੋਈ ਇੱਥੇ, ਮਾਣੇ ਪਿਆ ਅਜ਼ਾਦੀ ਪਾਪ ਕਰਨ ਤੋਂ ਪਹਿਲਾਂ ਸੋਚੇ, ਲੱਖ ਵਾਰ ਅਪਰਾਧੀ ਮੋੜਾਂ ਉੱਤੇ ਕੋਈ ਲਫੰਗਾ, ਖੜ ਨਾ ਇਜ਼ਤ ਤਕਾਵੇ ਇਨਸਾਫ ਵਾਸਤੇ ਕੋਈ ਨਾ ਅਬਲਾ, ਦਰ ਦਰ ਧੱਕੇ ਖਾਵੇ ਥੱਕ ਹਾਰ ਕੇ ਸਿਸਟਮ ਹੱਥੋਂ ਹੋਵੇ ਬੰਦਾ ਬਾਗੀ ਪਾਪ ਕਰਨ ਤੋਂ ਪਹਿਲਾਂ ਸੋਚੇ ਲੱਖ ਵਾਰ ਅਪਰਾਧੀ ਪੁਲਿਸ ਤਾਈਂ ਵੀ ਕਤਲ ਏਹੋ ਜਹੇ ਮਾਫ ਚਾਹੀਦੇ ਹੋਣੇ ਮੁੱਕ ਜਾਣ ਫਿਰ ਭਾਰਤ ਵਿੱਚੋਂ ਸਾਰੇ ਰੋਣੇ ਧੋਣੇ ਸਹੀ ਮਾਇਨੇ ਵਿੱਚ ਧੀਆਂ ਤਾਈਂ ਮਿਲਣੀ ਫਿਰ ਆਜ਼ਾਦੀ ਪਾਪ ਕਰਨ ਤੋਂ ਪਹਿਲਾਂ ਸੋਚੇ ਲੱਖ ਵਾਰ ਅਪਰਾਧੀ ਪਾਪ ਕਦੇ ਵੀ ਨਹੀਂ ਜੇ ਛੁੱਪਦਾ ਲੱਖ ਕੋਈ ਪਰਦੇ ਪਾਵੇ ਗੁਰਦੀਪ ਸਿੰਘ ਏ ਗੱਲਾਂ ਸੱਚੀਆਂ ਸਭ ਨੂੰ ਆਖ ਸੁਣਾਵੇ ਇੱਜਤ ਦੀ ਚਾਦਰ ਨਹੀਂ ਜੇ ਧੁੱਪਦੀ ਹੋ ਜਾਵੇ ਜੇ ਦਾਗੀ ਪਾਪ ਕਰਨ ਤੋਂ ਪਹਿਲਾਂ ਸੋਚੇ ਲੱਖ ਵਾਰ ਅਪਰਾਧੀ
ਕਵੀਸ਼ਰੀ ਕਲਾ ਦੇ ਸੁੱਪਰ ਸਟਾਰ
ਜੋਗਾ ਸਿੰਘ ਜੋਗੀ, ਬਾਪੂ ਜਰਨੈਲ ਸਿੰਘ ਜੀ ਕਵੀਸ਼ਰੀ ਕਲਾ ਦੇ ਸੁੱਪਰ ਸਟਾਰ ਅੱਜ ਤੱਕ ਦੇਸ਼ਾਂ ਅਤੇ ਵਿਦੇਸ਼ਾਂ, ਵਿੱਚ ਸੁਣੇ ਜਾਵਣ ਪ੍ਰਸੰਗ ਉਨ੍ਹਾਂ ਦੇ, ਸਦਾ ਬਹਾਰ ਅੱਜ ਤੱਕ ਕਵਿਤਾਵਾਂ ਲਿਖਕੇ, ਸਿੱਖ ਇਤਿਹਾਸ ਵਿੱਚੋਂ ਬੜਾ ਉਹਨਾਂ ਨੇ, ਸਿੱਖੀ ਪ੍ਰਚਾਰ ਕੀਤਾ ਲਾ ਕੇ ਕਵੀਸ਼ਰੀ ਦੇ ਲੜ ਕਈ ਬੱਚਿਆਂ ਨੂੰ ਬੜਾ ਉਹਨਾਂ ਦੇ, ਉੱਤੇ ਉਪਕਾਰ ਕੀਤਾ ਬਿਨਾ ਬਿਜਲੀ ਤੋਂ, ਦੀਵਿਆਂ ਦੇ ਚਾਨਣੇ ਹੀ ਕਵਿਤਾ ਸੈਂਕੜਿਆਂ ਵਿੱਚ, ਬਣਾ ਗਏ ਉਹ ਓਦੋਂ ਨਹੀਂ ਕੋਈ, ਸੋਸ਼ਲ ਮੀਡੀਆ ਸੀ ਜਿਨ੍ਹਾਂ ਸਮਿਆਂ ਵਿੱਚ ਔਲਖਾ, ਛਾ ਗਏ ਉਹ
ਦਸਤਾਰ
ਜੇੜ੍ਹਾ ਬੰਦਾ ਨੀ ਪੱਗ ਦੀ ਕਦਰ ਕਰਦਾ, ਹੋ ਸਕਦਾ ਉਹ ਸਰਦਾਰ ਨਾਹੀਂ ਭੁੱਖੇ ਚੌਧਰਾਂ ਦੇ ਕਈ ਰੋਲਦੇ ਨੇ ਹੋਵੇ ਵੈਰੀ ਚਾਹੇ ਲਾਹੀਦੀ ਦਸਤਾਰ ਨਾਹੀਂ ਸੱਚੇ ਸਿੱਖ ਜੋ ਗੁਰੂ ਦਸ਼ਮੇਸ਼ ਦੇ ਨੇ, ਕਰਦੇ ਕਦੇ ਨਿਹੱਥੇ ਤੇ ਵਾਰ ਨਾਹੀਂ ਜਾਨਾਂ ਵਾਰੀਆਂ ਸੀ ਕਈ ਯੋਧਿਆਂ ਨੇ, ਮਿਲੀ ਐਵੇਂ ਹੀ ਸਾਨੂੰ ਦਸਤਾਰ ਨਾਹੀਂ ਪਹਿਲਾਂ ਸੋਚੋ ਤੇ ਸਮਝੋ ਇਤਿਹਾਸ ਪੱਗ ਦਾ, ਫੇਰ ਲੱਗਣਾ ਇਸ ਦਾ ਭਾਰ ਨਹੀਂ ਉਸਦੇ ਕਦੇ ਨਾ ਸਿਰੇ ਇਹ ਤਾਜ ਰੱਖੀਏ, ਜਿਸ ਬੰਦੇ ਨੂੰ ਪੱਗ ਦੀ ਸਾਰ ਨਾਹੀਂ ਜਿਹੜੀ ਨਿੱਤ ਗਰੀਬਾਂ ਦਾ ਖੂਨ ਚੂਸੇ, ਓ ਹੋ ਸਕਦੀ ਸੱਚੀ ਸਰਕਾਰ ਨਾਹੀਂ ਉਹ ਕਦੇ ਨਹੀਂ ਔਲਖਾ ਰਾਜ ਚੱਲਦਾ, ਸਭ ਧਰਮਾਂ ਦਾ ਜਿੱਥੇ ਸਤਿਕਾਰ ਨਾਹੀਂ
ਲਹਿੰਦਾ ਪੰਜਾਬ - ਕੋਰੜਾ ਛੰਦ
ਹਰ ਪਲ ਦਿਲ ਮੇਰਾ ਏਹੋ ਚਾਹਵੇ ਜੀ ਰੱਬ ਘੜੀ ਏ ਸੁਲੱਖਣੀ ਲੈ ਆਵੇ ਜੀ ਗੁਰਧਾਮਾਂ ਦੇ ਮੈਂ, ਦਰਸ਼ਨ ਪਾਵਾਂ ਜੀ ਲਹਿੰਦਾ ਪੰਜਾਬ ਸਾਰਾ ਵੇਖ ਆਵਾਂ ਜੀ ! ਜਿੱਥੇ ਗੁਰੂ ਨਾਨਕ, ਅਵਤਾਰ ਧਾਰਿਆ ਇੱਕ ਨਹੀ ਲੱਖਾਂ ਪਾਪੀਆਂ ਨੂੰ ਤਾਰਿਆ ਧੂੜੀ ਨਨਕਾਣੇ ਦੀ ਨੂੰ ਮੱਥੇ ਲਾਵਾਂ ਜੀ ਵਿੱਛੜੇ ਜੋ ਗੁਰਧਾਮ ਵੇਖ ਆਵਾਂ ਜੀ ! ਜਿੱਥੇ ਬਾਬੇ ਨਾਨਕ ਜੀ ਮੱਝਾਂ ਚਾਰੀਆਂ ਉਜੜੀਆਂ, ਹੋਈਆਂ ਹਰੀਆਂ ਕਿਆਰੀਆਂ ਸਿਰ ਕਿਆਰਾ ਸਾਹਿਬ ਜਾਕੇ ਝੁਕਾਵਾਂ ਜੀ ਲਹਿੰਦਾ - - - - - - - - - - - - - ਗੁਰਾਂ ਭਾਈ ਲਾਲੋ, ਨੂੰ ਸੀ ਸਤਕਾਰਿਆ ਮੱਲਕ ਭਾਗੋ ਦਾ, ਭੋਜਨ ਨਕਾਰਿਆ ਦਰਸ਼ਨ ਰੋੜੀ ਸਾਹਿਬ, ਦੇ ਵੀ ਪਾਵਾਂ ਜੀ ਵਿੱਛੜੇ - - - - - - - - - - - - - ਪਾਣੀ ਵਲੀ ਕੋਲ ਪੀਣ ਮਰਦਾਨਾ ਘੱਲਿਆ ਵਲੀ ਸੁੱਟਿਆ ਪਹਾੜ ਪੰਜਾ ਲਾਕੇ ਠੱਲਿਆ ਵੇਖ ਪੰਜੇ ਦਾ ਨਿਸ਼ਾਨ ਸ਼ੁਕਰ ਮਨਾਵਾਂ ਜੀ ਲਹਿੰਦਾ - - - - - - - - - - - - - ਕਰਤਾਰਪੁਰ ਜਿਸ ਥਾਂ ਤੇ ਵਸਾਇਆ ਏ ਲਹਿਣੇ ਤਾਈਂ ਗੁਰੂ ਅੰਗਦ ਬਣਾਇਆ ਏ ਸ਼ਰਧਾ ਨਾ' ਨਾਮ ਦਾਤੇ ਦਾ ਧਿਆਵਾਂ ਜੀ ਵਿੱਛੜੇ - - - - - - - - - - - - - ਚੂਨਾ ਮੰਡੀ ਜੋ ਲਹੌਰ ਵਾਲੀ ਬਣੀ ਖਾਸ ਜੀ ਓਥੇ ਲਿਆ ਸੀ ਜਨਮ ਗੁਰੂ ਰਾਮਦਾਸ ਜੀ ਕਰਾਂ ਦਰਸ਼ਨ ਓਥੇ ਜਾਕੇ ਦਿਲੋਂ ਚਾਹਵਾਂ ਜੀ ਲਹਿੰਦਾ- - - - - - - - - - - - - ਗੁਰੂ ਪੰਜਵੇਂ ਨੇ ਆਸਣ ਤਵੀ ਤੇ ਲਾ ਲਿਆ ਡੋਲੇ ਧਰਮੋ ਨਾ ਪਾਪੀਆਂ ਨੇ ਜੋਰ ਲਾ ਲਿਆ ਓਥੇ ਠੰਡਾ ਮਿੱਠਾ ਜਲ ਜਾਕੇ ਛਕਾਵਾਂ ਜੀ ਵਿੱਛੜੇ - - - - - - - - - - - - - ਜਿੱਥੇ ਜਾਕੇ ਸਿੱਖ ਸਿੱਦਕ ਨਿਭਾਉਂਦੇ ਰਹੇ ਚਾੜ੍ਹ ਚਰਖੜੀ ਉੱਤੇ ਜਾਲਮ ਉਡਾਉਂਦੇ ਰਹੇ ਕਰਾ ਸੱਜਦਾ ਨਖਾਸ ਚੌਕ ਜਦੋਂ ਜਾਵਾਂ ਜੀ ਲਹਿੰਦਾ - - - - - - - - - - - - - ਮੀਰ ਮੰਨੂੰ ਵਾਲੀ ਜੇਲ੍ਹ ਜਿੱਥੇ ਮਾਂਵਾਂ ਭਰੀਆਂ ਰੱਖੇ ਹੌਸਲੇ ਬੁਲੰਦ ਮਰਨੋਂ ਨਾ ਡਰੀਆਂ ਬੱਚੇ ਨੇਜਿਆ ਤੇ ਟੰਗੇ ਕਿਵੇਂ ਭੁੱਲ ਜਾਵਾਂ ਜੀ ਵਿੱਛੜੇ - - - - - - - - - - - - - ਜਿੱਥੇ ਰਾਜਾ ਰਣਜੀਤ ਰਿਹਾ ਰਾਜ ਕਰਦਾ ਢਿੱਡ ਭੁੱਖਿਆਂ ਗਰੀਬਾਂ ਦਾ ਰਿਹਾ ਸੀ ਭਰਦਾ ਰਾਜ ਖਾਲਸੇ ਦਾ ਕੈਸਾ ਸਭ ਨੂੰ ਸੁਣਾਵਾਂ ਜੀ ਲਹਿੰਦਾ - - - - - - - - - - - - - ਓਦੋਂ ਗਈ ਵਿਛੋੜਿਆਂ ਦੀ ਲੀਕ ਵਾਹੀ ਸੀ ਸੰਨ ਚੰਦਰੀ ਏ ਜਦੋਂ ਸੰਨਤਾਲੀ ਆਈ ਸੀ ਗਾਥਾ ਦਰਦਾਂ ਦੀ ਪੜ੍ਹ ਅੱਥਰੂ ਵਹਾਵਾਂ ਜੀ ਵਿੱਛੜੇ- - - - - - - - - - - - - ਗੁਰਦੀਪ ਸਿੰਘਾ ਖੁੱਲ੍ਹ ਜਾਵੇ ਜੇ ਬਾਡਰ ਲੈਣੇ ਸਰਕਾਰਾਂ ਤੋਂ ਨਾ ਪੈਣ ਆਡਰ ਸਿੱਧਾ ਟਾਂਗੇ ਉੱਤੇ ਬੈਠ ਲਹੌਰ ਜਾਵਾਂ ਜੀ ਲਹਿੰਦਾ ਪੰਜਾਬ ਸਾਰਾ ਵੇਖ ਆਵਾਂ ਜੀ
ਇੱਥੇ ਫਿਰਦੇ ਠੱਗ - ਕਮਾਨੀ ਛੰਦ
ਬਾਬਾ ਹੱਥ ਵਾਜੇ ਨੂੰ ਪਾ ਕੇ ਪਹਿਲਾਂ ਸੁਰ ਨਾਲ ਸੁਰ ਮਿਲਾ ਕੇ ਮੂੰਹੋਂ ਬੋਲਿਆ ਸੀ ਮੁਸਕਰਾ ਕੇ ਕਿਧਰੇ ਧੋਖਾ ਖਾਇਓ ਨਾਂ= ਇੱਥੇ ਫਿਰਦੇ ਠੱਗ ਬਥੇਰੇ, ਸਿੰਘੋ ਲੁੱਟੇ ਜਾਇਓ ਨਾ ਬਾਣੇ ਚੋਰ ਕਈ ਅੱਜ ਕੱਲ੍ਹ ਪਾਉਂਦੇ ਸਾਧਾਂ ਵਰਗੇ ਈ ਭੇਸ ਬਣਾਉਂਦੇ ਛੇਤੀ ਨਹੀਂ ਸਿਆਣ 'ਚ ਆਉਂਦੇ ਵੇਖਿਓ ਫਿਰ ਪਛਤਾਇਓ ਨਾ ਇੱਥੇ ਫਿਰਦੇ ਠੱਗ ਬਥੇਰੇ, ਸਿੰਘੋ ਲੁੱਟੇ ਜਾਇਓ ਨਾ ਰੱਖਦੇ ਨਾਲ ਨੇ ਪੰਜ ਸੱਤ ਚੇਲੇ ਹੁੰਦੇ ਘਰੋਂ ਬਾਹਰੋਂ ਜੋ ਵਿਹਲੇ ਛਕਦੇ ਸੇਬ ਸੰਤਰੇ ਕੇਲੇ ਬਹੁਤੇ ਤੁਸੀਂ ਰਜਾਇਓ ਨਾਂ ਇਥੇ ਫਿਰਦੇ ਠੱਗ ਬਥੇਰੇ, ਸਿੰਘੋ ਲੁੱਟੇ ਜਾਇਓ ਨਾ ਬੀਬੀਆਂ ਸਿਰ ਤੇ ਬਹੁਤ ਚੜ੍ਹਾਵਣ ਪੈਰੀਂ ਹੱਥ ਜਾ ਜਾ ਕੇ ਲਾਵਣ ਲੁੱਟ ਪੁੱਟ ਲੈ ਜਾਣ ਫਿਰ ਪਛਤਾਵਣ ਬਹੁਤਾ ਮੂੰਹ ਵੀ ਲਾਇਓ ਨਾ ਇਥੇ ਫਿਰਦੇ ਠੱਗ ਬਥੇਰੇ, ਸਿੰਘੋ ਲੁਟੇ ਜਾਇਓ ਨਾ ਛੱਡੋ ਮੋਹ ਮਾਇਆ ਦਾ ਕਹਿੰਦੇ ਲੋਕਾਂ ਨੂੰ ਸਮਝਾਉਂਦੇ ਰਹਿੰਦੇ ਪਰ ਆਪ ਖੁੱਲੇ ਈ ਗੱਫੇ ਲੈਂਦੇ ਐਵੇ ਤੁਸੀਂ ਲੁਟਾਇਓ ਨਾ ਇਥੇ ਫਿਰਦੇ ਠੱਗ ਬਥੇਰੇ, ਸਿੰਘੋ ਲੁੱਟੇ ਜਾਇਓ ਨਾ ਪੜ੍ਹ ਕੇ ਗੁਰੂ ਨਾਨਕ ਦੀ ਬਾਣੀ ਹੋ ਜਾਏ ਪਾਰ ਭਵਜਲੋਂ ਪ੍ਰਾਣੀ ਵਸਾ ਲਓ ਹਿਰਦੇ ਵਿੱਚ ਗੁਰਬਾਣੀ ਔਲਖਾ ਬਚਨ ਭੁਲਾਇਓ ਨਾ ਇੱਥੇ ਫਿਰਦੇ ਠੱਗ ਬਥੇਰੇ ਸਿੰਘੋ ਲੁੱਟੇ ਜਾਇਓ ਨਾ
ਅੰਮ੍ਰਿਤ ਵੇਲੇ ਉੱਠ ਕੇ ਬੰਦਿਆ
ਕਿਉਂ ਤੂੰ ਕੀਤੀ ਨੀਂਦ ਪਿਆਰੀ , ਉੱਠ ਕੇ ਨਾਮ ਧਿਆਲੈ ਆਲਸ ਛੱਡ ਕੇ ਆਪਣੇ ਮਨ ਨੂੰ , ਗੁਰ ਚਰਨਾਂ ਵਿੱਚ ਲਾ ਲੈ ਰਸਨਾ ਦਿੱਤੀ ਜਿਸ ਦਾਤੇ ਨੇ , ਉਸ ਦੇ ਹੀ ਗੁਣ ਗਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆ, ਰੱਬ ਦਾ ਨਾਮ ਧਿਆਇਆ ਕਰ ਹੱਥ ਨਾ' ਤੂੰ ਕੰਮ ਕਰ ਭਾਵੇਂ, ਮਨ ਵਿੱਚ ਪੜ੍ਹ ਗੁਰਬਾਣੀ ਇਸ ਜਿੰਦਗੀ ਦੀ ਡੁੱਬਦੀ ਬੇੜੀ, ਜਿਸ ਨੇ ਪਾਰ ਲੰਘਣੀ ਕਰ ਇਸ਼ਨਾਨ ਤੂੰ ਰੋਜ ਸਵੇਰੇ, ਗੁਰੂ ਦੁਆਰੇ ਜਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆ, ਰੱਬ ਦਾ ਨਾਮ ਧਿਆਇਆ ਕਰ ਲੱਖ ਖੁਸ਼ੀਆਂ ਲੱਖ ਪਾਤਸ਼ਾਹੀਆਂ, ਜੇ ਉੱਸਦੀ ਨਜ਼ਰ ਸਵੱਲੀ ਰੱਬ ਨੂੰ ਕਿਧਰੇ ਭੁੱਲ ਨਾ ਜਾਵੇ, ਵੇਖੀਂ ਜਿੰਦੜੀ ਝੱਲੀ ਦਾਣਾ ਪਾਣੀ ਜਿਸਨੇ ਦਿੱਤਾ ਉਸ ਨੂੰ ਧਿਆ ਕੇ ਖਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆ ਰੱਬ ਦਾ ਨਾਮ ਧਿਆਇਆ ਕਰ ਕਿਸੇ ਨੇ ਕੁਝ ਨਹੀਂ ਖੱਟਿਆ, ਪਾਕੇ ਜੱਗ ਦੇ ਨਾਲ ਪ੍ਰੀਤੀ ਰਹਿੰਦੀ ਜਿੰਦਗੀ ਸਵਾਰ ਲੈ ਤੂੰ, ਬੀਤ ਗਈ ਸੋ ਬੀਤੀ ਹੱਕ ਪਰਾਇਆ ਭੁੱਲ ਕੇ ਵੀ ਤੂੰ, ਨਾ ਕਿਸੇ ਦਾ ਖਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆ ਰੱਬ ਦਾ, ਨਾਮ ਧਿਆਇਆ ਕਰ ਜੋ ਜਪਦੇ ਨੇ ਨਾਮ ਵਾਹਿਗੁਰੂ, ਨਹੀਂ ਦੁੱਖਾਂ ਵਿੱਚ ਘਬਰਾਉਂਦੇ ਦੁੱਖ ਸੁੱਖ ਉਸਦੇ ਭਾਣੇ ਅੰਦਰ, ਰਹਿੰਦੇ ਜਾਂਦੇ ਆਉਂਦੇ ਬੀਤ ਗਏ ਵੇਲੇ ਨੂੰ ਐਵੇਂ, ਬਹਿ ਕੇ ਨਾ ਪਛਤਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆ, ਰੱਬ ਦਾ ਨਾਮ ਧਿਆਇਆ ਕਰ ਸਾਧ ਪਖੰਡੀ ਅੱਜ ਕੱਲ੍ਹ ਦੇ, ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਇਹਨਾਂ ਪਿੱਛੇ ਜੋ ਲੱਗਦੇ ਨੇ, ਆਖਰ ਉਹ ਪਛਤਾਉਂਦੇ ਬਚ ਕੇ ਰਹੀਏ ਠੱਗਾਂ ਕੋਲੋਂ, ਸਭ ਨੂੰ ਹੀ ਸਮਝਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆ ਰੱਬ ਦਾ ਨਾਮ ਧਿਆਇਆ ਕਰ ਮੰਗਤੇ ਬਣ ਕੇ ਜੋ ਕਰਦੇ ਨੇ, ਦਾਤੇ ਦਰ ਅਰਦਾਸਾਂ ਗੁਰਦੀਪ ਔਲਖਾ ਹੋਣ ਪੂਰੀਆਂ, ਸਭ ਉਹਨਾਂ ਦੀਆਂ ਆਸਾਂ ਫੜ ਕੇ ਹੱਥ ਵਿੱਚ ਆਪਣਾਂ, ਰੁੱਸਿਆ ਰੱਬ ਮਨਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ ਬੰਦਿਆਂ, ਰੱਬ ਦਾ ਨਾਮ ਧਿਆਇਆ ਕਰ
ਦੁਖਿਆਰੀ ਮਾਂ
ਮੈਂ ਤਾਂ ਇੱਕ ਦੁਖਿਆਰੀ ਮਾਂ ਹਾਂ ਸੁਣਿਓ ਸੱਚ ਸੁਣਾਉਂਦੀ ਆਪਣੀ ਬੀਤੀ ਦਰਦ ਕਹਾਣੀ ਨਹੀਂ ਛੁਪਾਉਣਾ ਚਾਹੁੰਦੀ ਅੱਜ ਬੁਢੇਪਾ ਮੇਰੇ ਤੇ, ਕੱਲ੍ਹ ਇਹਨਾਂ ਤੇ ਵੀ ਆਉਣਾ ਨੋਹਾਂ ਮੇਰੀਆਂ ਮੈਨੂੰ ਲੱਗਦਾ ਇੱਕ ਦਿਨ ਮਾਰ ਮੁਕਾਉਣਾ ਛੋਟੇ ਛੋਟੇ ਬੱਚੇ ਆਪਣੇ, ਮੈਂ ਬੜੇ ਚਾਵਾਂ ਨਾਲ ਪਾਲੇ ਪੂਰਾ ਮੇਰਾ ਇੱਕ ਨਾ ਹੋਇਆ ਦਿਲ ਵਿੱਚ ਚਾਅ ਨੇ ਹਾਲੇ ਔਖੀ ਹੋ ਵੀ ਸਾਂ ਲੈ ਦੇਂਦੀ, ਮੰਗਦੇ ਜਿਹੜਾ ਖਿਡਾਉਣਾ ਨੋਹਾਂ ਮੇਰੀਆਂ ਮੈਨੂੰ ਲੱਗਦਾ ਇੱਕ ਦਿਨ ਮਾਰ ਮੁਕਾਉਣਾ ਪਤੀ ਤੁਰ ਗਿਆ ਇਸ ਦੁਨੀਆਂ ਤੋਂ, ਹੋਗੇ ਸਾਲ ਬਥੇਰੇ ਦੁੱਖਾਂ ਵਾਲੇ ਪਹਾੜ ਆਣ ਫਿਰ ਟੁੱਟੇ ਉੱਪਰ ਮੇਰੇ ਇਹਨਾਂ ਪੁੱਤਰਾਂ ਤਾਈ ਪੜ੍ਹਾਇਆ ਮੈਂ ਭੁੱਲ ਪੀਣਾ ਖਾਣਾ ਨੋਹਾਂ ਮੇਰੀਆਂ ਮੈਨੂੰ ਲੱਗਦਾ ਇੱਕ ਦਿਨ ਮਾਰ ਮੁਕਾਉਣਾ ਪੜ੍ਹ ਲਿਖ ਕੇ ਜਦ ਵੱਡੇ ਹੋਏ, ਕੁਝ ਦਿਨ ਸੁੱਖ ਦੇ ਆਏ ਮੈਂ ਕੰਮਾਂ ਕਾਰਾਂ ਤੇ ਪੁੱਤ ਆਪਣੇ, ਥਾਉਂ ਥਾਈਂ ਲਾਏ ਲੱਗ ਕੰਮਾਂ ਤੇ ਸਿੱਖ ਲਿਆ, ਇਹਨਾਂ ਫੇਰ ਕਮਾਉਣਾ ਨੋਹਾਂ ਮੇਰੀਆਂ ਲੱਗਦਾ ਇੱਕ ਦਿਨ ਮੈਨੂੰ ਮਾਰ ਮੁਕਾਉਣਾ ਫੇਰ ਮੈਨੂੰ ਸੀ ਰੱਬ ਨੇ ਕੁਝ ਦਿਨ, ਖੁਸ਼ੀਆਂ ਵਾਲੇ ਵਿਖਾਏ ਮੈਂ ਨਾਲ ਖੁਸ਼ੀ ਦੇ ਪੁੱਤਰ ਆਪਣੇ, ਥਾਉਂ ਥਾਈਂ ਵਿਆਹੇ ਚਾਹੁੰਦੀ ਸਾਂ ਮੈਂ ਘਰੇ ਬੈਠ ਕੇ, ਰੱਬ ਦਾ ਸ਼ੁਕਰ ਮਨਾਉਣਾ ਨੋਹਾਂ ਮੇਰੀਆਂ ਮੈਨੂੰ ਲੱਗਦਾ ਇੱਕ ਦਿਨ ਮਾਰ ਮੁਕਾਉਣਾ ਹੁਣ ਆਪਣੇ ਹੀ ਘਰਦੇ ਵਿੱਚ ਮੈਂ ਵਾਂਗ ਨੌਕਰਾਂ ਰਹਿੰਦੀ ਉਮਰ ਵਡੇਰੀ ਕੰਮ ਹੋਵੇ ਨਾ, ਉੱਤੋ ਝਿੜਕਾਂ ਸਹਿੰਦੀ ਦੁੱਖ ਦਿਲ ਦਾ ਸੌਖਾ ਨਹੀਂ ਹੁੰਦਾ , ਗੈਰਾਂ ਤਾਂਈ ਸੁਣਾਉਣਾ ਨੋਹਾਂ ਮੇਰੀਆਂ ਮੈਨੂੰ ਲੱਗਦਾ ਇੱਕ ਦਿਨ ਮਾਰ ਮੁਕਾਉਣਾ ਸੁਣੋ ਸਾਰੇ ਹੀ ਭੈਣਾਂ ਵੀਰੇ, ਦਿਲ ਦੇ ਵਿੱਚ ਵਿਚਾਰ ਕਰੋ ਸਾਰੇ ਆਪਣੇ ਵਿੱਚ ਘਰਾਂ ਦੇ, ਬਜ਼ੁਰਗਾਂ ਦਾ ਸਤਿਕਾਰ ਕਰੋ ਗੁਰਦੀਪ ਔਲਖ ਨੂੰ ਪਵੇ ਕਦੇ ਨਾ, ਐਸਾ ਗੀਤ ਬਣਾਉਣਾ ਨੋਹਾਂ ਮੇਰੀਆਂ ਮੈਨੂੰ ਲੱਗਦਾ ਇੱਕ ਦਿਨ ਮਾਰ ਮੁਕਾਉਣਾ
ਲੌਕਡਾਊਨ - ਇੱਕ ਪੁਰਾਣੀ ਯਾਦ
ਬਣ ਗਏ ਅੱਜ ਕਲ੍ਹ ਜੋ ਹਾਲਾਤ ਨੇ ਉਹਨਾਂ ਦਾ ਕਰਨ ਲੱਗਾ ਵਿਸਥਾਰ ਉੱਪਰੋਂ ਹੁਕਮ ਮੋਦੀ ਦਾ ਆ ਗਿਆ ਤੁਸੀ ਘਰੋਂ ਨਾ ਨਿਕਲਿਓ ਬਾਹਰ ੨੧ ਦਿਨ ਦਾ ਲੌਕਡਾਊਨ ਹੋ ਗਿਆ ਸਭ ਹੋ ਗਏ ਬੰਦ ਬਾਜ਼ਾਰ ਨਾਕੇ ਪੁਲਿਸ ਦੇ ਥਾਂ ਥਾਂ ਲੱਗ ਗਏ ਫੁੱਲ ਮਿਲ ਗਏ ਨੇ ਅਖਤਿਆਰ ਜੇ ਕੋਈ ਘੁੰਮਦਾ ਫਿਰਦਾ ਮਿਲ ਜਾਵੇ ਉਸ ਦੀ ਦਿੰਦੇ ਭੁਗਤ ਸਵਾਰ ਕਹਿੰਦੇ ਆਈ ਬਿਮਾਰੀ ਕਰੋਨਾ ਹੈ ਮਚੀ ਹਰ ਪਾਸੇ ਹਾਹਾਕਾਰ ਡਾਕਟਰ ਸਭ ਨੂੰ ਹੀ ਸਮਝਾਂਵਦੇ ਸਾਬਣ ਨਾ' ਹੱਥ ਧੋਣੇ ਵਾਰ ਵਾਰ ਮੂੰਹ ਤੇ ਮਾਸਕ ਪਾ ਕੇ ਨਿਕਲਿਓ ਜੇਕਰ ਜਾਣਾ ਪਵੇ ਕਿਤੇ ਬਾਹਰ ਜਿਹੜੇ ਟਿਕ ਨਾ ਘਰਾਂ ਵਿੱਚ ਬੈਠਦੇ ਮੁਰਗੇ ਬਣਨ ਚੌਂਕ ਵਿਚਕਾਰ ਸਾਥ ਸਭ ਨੂੰ ਚਾਹੀਦਾ ਦੇਵਣਾ ਜਿਵੇਂ ਕਹਿੰਦੀ ਹੈ ਸਰਕਾਰ ਰੁਕੀਆਂ ਕਾਰਾਂ ਬੱਸਾਂ ਰੇਲ ਗੱਡੀਆਂ ਰੁਕ ਗਈ ਇੰਡੀਆ ਦੀ ਰਫਤਾਰ ਕਾਮੇ ਵਿੱਚ ਘਰਾਂ ਦੇ ਬੈਠ ਗਏ ਨਾ ਕੋਈ ਚੱਲਦਾ ਹੈ ਕੰਮਕਾਰ ਰੋਟੀ ਖੁਣੋ ਗਰੀਬ ਹੋ ਗਏ ਔਖੇ ਸੌਖੇ ਰਹੇ ਡੰਗ ਸਾਰ ਹੱਲ ਕਰੋਨਾ ਵਾਲਾ ਲੱਭ ਜੇ ਭਲੀ ਕਰੇ ਸੱਚਾ ਕਰਤਾਰ ਅਰਦਾਸਾਂ ਗੁਰਦੀਪ ਕਰਦਾ ਮਾਲਕਾ ਸੁਖੀ ਵਸੇ ਸੰਸਾਰ ਦਾਤਿਆ ਸੁਖੀ ਵਸੇ ਸੰਸਾਰ
ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ
ਮੇਰੀ ਸੱਸ ਕਹਿੰਦੀ ਦਾਜ ਨਹੀਂ ਲਿਆਂਵਦੀ ਤਾਹਨੇ ਮੇਹਣਿਆਂ ਨਾ' ਰਹਿੰਦੀ ਏ ਸਤਾਂਵਦੀ ਮਾਰੀ ਦੁੱਖਾਂ ਦੀ ਮੈਂ ਰਹਾਂ ਕੁਰਲਾਂਵਦੀ ਦੱਸ ਦੇਵਾਂ ਮੈਂ ਜਵਾਬ ਉਹਨੂੰ ਕੀ ਵੀਰਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ ਰਹਿੰਦੀ ਸੱਪ ਵਾਂਗ ਉਹ ਤਾਂ ਵਿਸ ਘੋਲ ਦੀ ਜੋ ਵੀ ਮੂੰਹ ਵਿੱਚ ਆਵੇ ਰਹੇ ਬੋਲਦੀ ਦੁੱਖ ਮੈਂ ਨਾ ਕਿਸੇ ਦੇ ਅੱਗੇ ਫੋਲਦੀ ਨਿੱਤ ਰੱਖਦੀ ਹਾਂ ਬੁੱਲ੍ਹਾਂ ਤਾਈਂ ਸੀ ਵੀਰਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ ਨਹੀਂ ਸਿਰ ਤੋਂ ਕਰਜ਼ ਅਜੇ ਲਾਹਿਆ ਵੇ ਤੁਸਾਂ ਮਸਾ ਂਵੀਰਾ ਫਰਜ ਨਿਭਾਇਆ ਵੇ ਕਹਿੰਦੀ ਦਾਜ ਨਹੀਂ ਤੇਰਾ ਕੋਈ ਆਇਆ ਵੇ ਗੱਲਾਂ ਕਰਦੀ ਰਹਿੰਦੀ ਉਹ ਵੀਹ ਵੀਰਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ ਇੱਕ ਆਪਾਂ ਵੀਰਾ ਘਰੋਂ ਹਾਂ ਗਰੀਬ ਵੇ ਦੂਜੇ ਮਾੜੇ ਲਿਖੇ ਰੱਬ ਨੇ ਨਸੀਬ ਵੇ ਉਹ ਤਾਂ ਲਾਈ ਬੈਠੇ ਗੱਡੀ ਦੀ ਉਮੀਦ ਵੇ ਕਹਿੰਦੇ ਸਾੜ ਦੇਣਾ ਨਹੀਂ ਤੇ ਜਿਉਂਦੇ ਜੀ ਵੀਰਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ ਫਸੀ ਦੁੱਖਾਂ ਵਿੱਚ ਵੀਰਾ ਮੇਰੀ ਜਿੰਦ ਵੇ ਔਖਾ ਕੱਟਣਾ ਹੈ ਹੋਇਆ ਇੱਕ ਬਿੰਦ ਵੇ ਨਾ ਆਵੇ ਸਮਝ ਛਡਾਵਾਂ ਖੈਹੜਾ ਕਿੰਝ ਵੇ ਘੁੱਟ ਸਬਰਾਂ ਦੇ ਛੱਡਦੀ ਹਾਂ ਪੀ ਵੀਰ ਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ ਦੇ ਸਕਦਾ ਗਰੀਬ ਨਹੀਂ ਦਾਜ ਵੇ ਨਹੀਂ ਲੋਭੀਆਂ ਨੂੰ ਸ਼ਰਮ ਤੇ ਲਾਜ ਵੇ ਨਾਹੀ ਰੱਖਦੇ ਆ ਭੋਰਾ ਵੀ ਲਿਹਾਜ ਵੇ ਘੜੀ ਸੁੱਖ ਦੀ ਲੰਘੇ ਨਾ ਕੋਈ ਵੀ ਵੀਰਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ ਹੁੰਦੀ ਅੱਜ ਜੇ ਜਿਉਂਦੀ ਵੀਰਾ ਮਾਂ ਵੇ ਵੇ ਦੁੱਖ ਦੱਸਦੀ ਕਦੇ ਵੀ ਤੈਨੂੰ ਨਾ ਵੇ ਸਿਰੋਂ ਨਿੱਕੇ ਹੁੰਦੇ ਉੱਠ ਗਈ ਸੀ ਛਾਂ ਵੇ ਦੁਖ ਧੀ ਦਾ ਤਾਂ ਜਾਣੇ ਮਾਂ ਹੀ ਵੀਰਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰਨਾ ਬਾਪ ਧੀ ਦਾ ਗਰੀਬ ਕੋਈ ਹੋਵੇ ਨਾ ਧੀ ਕਿਸੇ ਦੀ ਰੱਬਾ ਕਦੇ ਰੋਵੇ ਨਾ ਨੈਣੋਂ ਹੰਝੂ ਗੁਰਦੀਪ ਵੀਰਾ ਚੋਵੇ ਨਾ ਦੁਖੀ ਹੋਵੇ ਨਾ ਇੱਥੇ ਕੋਈ ਵੀ ਵੀਰ ਨਾ ਰੱਬ ਦੇਵੇ ਨਾ ਗਰੀਬ ਨੂੰ ਕੋਈ ਧੀ ਵੀਰ ਨਾ
ਵਿਆਹੇ ਵਰਿਆਂ ਨੂੰ ਸ਼ੋਭਾ ਨਹੀਂ ਦੇਂਦੀਆਂ
ਨਾ ਗੱਲ ਗੱਲ ਤੇ ਤਲਾਕ ਵਾਲੀ ਗੱਲ ਕਰਿਓ ਬੈਠ ਮਸਲੇ ਪਿਆਰ ਨਾਲ ਹੱਲ ਕਰਿਓ ਬੱਚੇ ਰੋਲੋ ਨਾ ਮਸੂਮ ਭੈਣੋ ਬੀਬੀਓ ਕਿਓਂ ਸੋਚ ਨੀ ਵਿਚਾਰ ਦੀਆਂ ਵਿਆਹੇ ਵਰਿਆਂ ਨੂੰ ਸ਼ੋਭਾ ਨਹੀਂ ਦੇਂਦੀਆਂ ਪੀਘਾਂ ਪਾਈਆਂ ਪਿਆਰ ਦੀਆਂ ਹੁੰਦੀ ਜ਼ਿੰਦਗੀ 'ਚ ਵੱਡੀ ਨਹੀਂ ਕੋਈ ਇੱਜ਼ਤਾਂ ਤੋਂ ਚੀਜ਼ ਗਈ ਇੱਕ ਵਾਰੀ ਕੋਈ ਵੀ ਨੀ ਸਕਦਾ ਖਰੀਦ ਪੈਣ ਸੁਣਨੀਆਂ ਲੱਖਾਂ ਫੇਰ ਲਾਹਨਤਾਂ ਤੇ ਗੱਲਾਂ ਸੰਸਾਰ ਦੀਆਂ ਵਿਆਹੇ ਵਰਿਆਂ ਨੂੰ ਸ਼ੋਭਾ ਨਹੀਂ ਦੇਂਦੀਆਂ ਪੀਘਾਂ ਪਾਈਆਂ ਪਿਆਰ ਦੀਆਂ ਪੱਗ ਬਾਬਲੇ ਦੀ ਜਿਨ੍ਹਾ ਦਾਗ ਲੱਗਣੋ ਬਚਾਈ ਜਾਣ ਪੇਕਿਆਂ ਤੋਂ ਸੌਹਰੇ ਘਰ ਖੱਟ ਵਡਿਆਈ ਅੱਖ ਵੀਰਾਂ ਦੀ ਕਦੇ ਵੀ ਨੀਵੀਂ ਹੋ ਜਾਵੇ ਓ ਸੋਚ ਨਾ ਸਹਾਰਦੀਆਂ ਵਿਆਹੇ ਵਰਿਆਂ ਨੂੰ ਸ਼ੋਭਾ ਨਹੀਂ ਦੇਂਦੀਆਂ ਪੀਘਾਂ ਪਾਈਆਂ ਪਿਆਰ ਦੀਆਂ ਇਕ ਚੰਦਰੀ ਨੇ ਕਹਿਰ ਬੜਾ ਵੱਡਾ ਸੀ ਕਮਾਇਆ ਪੁੱਤ ਮਾਪਿਆਂ ਦਾ ਕੱਲਾ ਕੱਲਾ ਯਾਰ ਤੋਂ ਮਰਾਇਆ ਤੀਵੀਂ ਐਸੀ ਨਾ ਕਿਸੇ ਦੇ ਪੇਸ਼ ਪੈ ਜਾਵੇ ਸੱਚ ਕਹਿੰਦੀਆਂ ਸੀ ਗੱਲਾਂ ਅਖਬਾਰ ਦੀਆਂ ਵਿਆਹੇ ਵਰਿਆਂ ਨੂੰ ਸ਼ੋਭਾ ਨਹੀਂ ਦਿੰਦੀਆਂ ਪੀਘਾਂ ਪਾਈਆਂ ਪਿਆਰ ਦੀਆਂ ਜਾਣਾਂ ਓਸੇ ਨਾਲ ਚਾਹੀਦਾ ਹੈ ਰਿਸ਼ਤਾ ਨਿਭਾਇਆ ਹੋਵੇ ਮਾਪਿਆਂ ਨੇ ਲੜ ਤੁਹਾਨੂੰ ਜਿਸਦੇ ਵੀ ਲਾਇਆ ਪੇਕੇ ਸੌਹਰਿਆਂ ਦੀ ਇੱਜ਼ਤ ਵੀ ਰੁੱਲਜੇ ਜਦੋਂ ਕਰ ਲਵੋ ਗੱਲਾਂ ਆਰ ਪਾਰ ਦੀਆਂ ਵਿਆਹੇ ਵਰਿਆਂ ਨੂੰ ਸ਼ੋਭਾ ਨਹੀਂ ਦੇਂਦੀਆਂ ਪੀਘਾਂ ਪਾਈਆਂ ਪਿਆਰ ਦੀਆਂ ਇੱਕ ਹੱਥ ਨਾਲ ਵੀਰਿਓ ਉਏ ਗਿੱਧਾ ਨਹੀਂ ਜੇ ਪੈਂਦਾ ਕੱਲਾ ਔਲਖ ਨਹੀਂ ਇਹ ਤਾਂ ਗੱਲ ਹਰ ਕੋਈ ਕਹਿੰਦਾ ਗੱਲਾਂ ਸੱਚੀਆਂ ਤਾਂ ਹੁੰਦੀਆਂ ਨੇ ਕੌੜੀਆਂ ਦਾਨੇ ਆਖਦੇ ਜੋ ਸੋਚ ਵਿਚਾਰ ਦੀਆਂ ਵਿਆਹੇ ਵਰਿਆਂ ਨੂੰ ਸ਼ੋਭਾ ਨਹੀਂ ਦੇਂਦੀਆਂ ਪੀਘਾਂ ਪਾਈਆਂ ਪਿਆਰ ਦੀਆਂ