Punjabi Ghazals : Dr. Gurcharan Kaur Kochar

ਪੰਜਾਬੀ ਗ਼ਜ਼ਲਾਂ : ਡਾ. ਗੁਰਚਰਨ ਕੌਰ ਕੋਚਰ1. ਨਾ ਦੀਵਾ ਬੁੱਝਦਾ ਤੇ ਨਾ ਹਨੇਰਾ

ਨਾ ਦੀਵਾ ਬੁੱਝਦਾ ਤੇ ਨਾ ਹਨੇਰਾ ਬੇਪਨਾਹ ਹੁੰਦਾ। ਇਰਾਦਾ ਜੇ ਹਵਾ ਦਾ ਨਾ ਕਦੇ ਕਾਲਾ ਸਿਆਹ ਹੁੰਦਾ। ਹਰਿਕ ਵਿਸ਼ਵਾਸ ਕਰਦਾ ਮੇਰੇ ਦਰਦਾਂ ਦੀ ਕਹਾਣੀ 'ਤੇ, ਕੋਈ ਹੰਝੂ, ਕੋਈ ਹੌਕਾ ਜੇ ਮੌਕੇ ਦਾ ਗਵਾਹ ਹੁੰਦਾ। ਜੇ ਅਪਣੇ ਹੱਥੀਂ ਨਾ ਵੱਟਦੇ ਅਸੀਂ ਰਸਮਾਂ ਦੀਆਂ ਰੱਸੀਆਂ, ਨਾ ਤੇਰੇ ਗਲ 'ਚ ਫਾਹ ਹੁੰਦਾ ਨਾ ਮੇਰੇ ਗਲ 'ਚ ਫਾਹ ਹੁੰਦਾ। ਨਹੀਂ ਹੁੰਦੀ ਕਦੇ ਵੀ ਪਿਆਰ ਕਰਨੇ ਦੀ ਸਜ਼ਾ ਕੋਈ, ਇਹ ਸੱਚੇ ਪਿਆਰ ਦਾ ਜਜ਼ਬਾ ਹੀ ਜੇਕਰ ਬਾਦਸ਼ਾਹ ਹੁੰਦਾ। ਜੇ ਮਿੱਟੀ ਨੂੰ ਪਕਾ ਕੇ ਨਾ ਬਣਾਉਂਦੇ ਰੱਬ ਦੇ ਘਰ ਵੱਖ-ਵੱਖ, ਨਾ ਐਨੀ ਫੈਲਦੀ ਨਫ਼ਰਤ ਨਾ ਕੋਈ ਘਰ ਤਬਾਹ ਹੁੰਦਾ। ਮੈਂ ਉਸ ਨੂੰ ਵੇਖ ਕੇ ਵੀ ਚੁੱਪ ਰਹੀ ਤੇ ਹੋਠ ਸੀ ਛੱਡੇ, ਜੇ 'ਕੋਚਰ' ਨਾਮ ਲੈਂਦੀ ਇਕ ਤਮਾਸ਼ਾ ਖ਼ਾਹਮਖ਼ਾਹ‌ ਹੁੰਦਾ।

2. ਹਟਦੀ ਹੈ ਚੰਨ ਦੇ ਮੁੱਖ ਤੋਂ

ਹਟਦੀ ਹੈ ਚੰਨ ਦੇ ਮੁੱਖ ਤੋਂ ਵੀ ਚਾਦਰ ਕਦੇ ਕਦੇ। ਮਿਲਦੀ ਹੈ ਚਾਨਣੀ ਦੀ ਇਹ ਕਾਤਰ ਕਦੇ ਕਦੇ। ਹਰ ਰਸਮ ਹੋ ਵੀ ਸਕਦੀ ਹੈ ਹਿਤਕਰ ਕਦੇ ਕਦੇ। ਬਣ ਜਾਂਦੀ ਹੈ ਇਹ ਐਪਰਾਂ ਅਜਗਰ ਕਦੇ ਕਦੇ। ਜਾਂਦੀ ਹੈ ਪਿਆਸ ਤੁਰ ਕੇ ਹੀ ਸਾਗਰ ਦੇ ਵੱਲ, ਪਰ, ਆਉਂਦਾ ਹੈ ਤੁਰ ਕੇ ਆਪ ਵੀ ਸਾਗਰ ਕਦੇ ਕਦੇ। ਸੁੱਟ ਦੇਂਦਾ ਤੇਗ ਦੌੜ ਕੇ ਪਾ ਲੈਂਦੈ ਜੱਫ਼ੀਆਂ, ਮਿਲਦਾ ਹੈ ਐਸਾ ਜੰਗ ਵਿੱਚ ਲਸ਼ਕਰ ਕਦੇ ਕਦੇ। ਕਰਦਾ ਹੈ ਰੋਜ਼ ਵਾਅਦਾ ਉਹ ਖ਼ਾਅਬਾਂ 'ਚ ਆਉਣ ਦਾ, ਆਉਂਦਾ ਹੈ ਖ਼ਾਅਬ ਵਿੱਚ ਉਹ ਐਪਰ ਕਦੇ ਕਦੇ। ਕਹਿੰਦਾ ਹੈ ਉਹ ਮੈਨੂੰ, " ਤੇਰੇ ਸਾਹਾਂ 'ਚ ਜੀ ਰਿਹਾਂ", ਲੱਗਦਾ ਅਜਿਹੇ ਸੱਚ ਤੋਂ ਹੈ ਡਰ ਕਦੇ ਕਦੇ। ਰਾਹੀ ਜੇ ਭੁੱਲ ਜਾਣ ਤਾਂ ਹੈਰਾਨਗੀ ਹੈ ਕੀ , ਭੁੱਲ ਜਾਂਦੇ ਰਾਹ ਨੇ ਆਪ ਵੀ ਰਹਿਬਰ ਕਦੇ ਕਦੇ। ਇਹ ਖ਼ੂਨ ਵਹਿੰਦਾ ਵੇਖ ਕੇ 'ਕੋਚਰ' ਨੂੰ ਐ ਖ਼ੁਦਾ!, ਹੋਣਾ ਹੈ ਪੈਂਦਾ ਤੇਰੇ ਤੋਂ ਮੁਨਕਰ ਕਦੇ ਕਦੇ।

3. 'ਵਾਜ਼ ਮਾਰੀ ਤੂੰ ਨਾਂ ਲੈ ਕੇ ਮੇਰਾ

'ਵਾਜ਼ ਮਾਰੀ ਤੂੰ ਨਾਂ ਲੈ ਕੇ ਮੇਰਾ ਤੇ ਫਿਰ, ਦਿਲ ਧੜਕਦਾ ਹੋਇਆ ਮੇਰਾ ਰੁਕ ਵੀ ਗਿਆ। ਜਿਹੜਾ ਮੁਸ਼ਕਿਲ ਸਫ਼ਰ ਨਹੀਂ ਸੀ ਮੁਕਦਾ ਕਦੇ, ਇੱਕੋ ਆਵਾਜ਼ ਦੇ ਨਾਲ ਮੁਕ ਵੀ ਗਿਆ। ਲੋਕ ਕਹਿੰਦੇ ਨੇ ਸਜਦਾ ਕਰਾਮਾਤ ਹੈ। ਤੇ ਖ਼ੁਦਾ ਸਜਦਿਆਂ ਦਾ ਹੀ ਮੋਹਤਾਜ ਹੈ। ਤੂੰ ਨਾ ਬਣਿਆਂ ਖ਼ੁਦਾ ਤੇ ਨਾ ਬੁੱਤ ਹੀ ਰਿਹਾ, ਮੇਰਾ ਸਿਰ ਤੇਰੇ ਕਦਮਾਂ 'ਚ ਝੁਕ ਵੀ ਗਿਆ। ਮੇਰੇ ਦਿਲ ਵਿਚ ਤੜਪਦੀ ਤੇਰੀ ਯਾਦ ਸੀ, ਮੇਰੇ ਹੋਠਾਂ ਦੇ ਉੱਤੇ ਵੀ ਫ਼ਰਿਆਦ ਸੀ। ਤੂੰ ਨਾ ਆਇਆ ਕਦੇ ਸੁਫ਼ਨਿਆਂ 'ਚ ਮੇਰੇ, ਹੰਝੂ ਅੱਖੀਆਂ 'ਚ ਆਇਆ ਸੁਕ ਵੀ ਗਿਆ। ਪਾਇਆ ਚੋਗਾ ਮੈਂ ਅਪਣੀ ਖੁੱਲ੍ਹੀ ਛੱਤ 'ਤੇ, ਸੁਹਣੇ ਚੀਨੇ ਕਬੂਤਰ ਨੂੰ ਵੇਖਣ ਲਈ। ਉਹ ਨਾ ਆਇਆ ਨਾ ਚੋਗਾ ਹੀ ਚੁਗਿਆ ਉਹਨੇ, ਮੇਰੇ ਹੱਥਾਂ 'ਚੋਂ ਚੌਲਾਂ ਦਾ ਬੁਕ ਵੀ ਗਿਆ। ਮੈਂ ਸਾਂ ਭੋਲਾ ਪਰਿੰਦਾ, ਉਹ ਸੱਯਾਦ ਸੀ, ਕੋਲ ਮੇਰੇ ਤਾਂ ਬਸ ਇਕ ਫ਼ਰਿਆਦ ਸੀ। ਉਹਨੂੰ ਆਪਣੇ ਨਿਸ਼ਾਨੇ 'ਤੇ ਸੀ ਮਾਣ ਪਰ, ਉਹਦਾ ਲਾਇਆ ਨਿਸ਼ਾਨਾ ਤਾਂ ਉਕ ਵੀ ਗਿਆ।

4. ਲਹੂ ਡੁੱਲਿਆ ਬਿਦੋਸ਼ੇ ਦਾ

ਲਹੂ ਡੁੱਲਿਆ ਬਿਦੋਸ਼ੇ ਦਾ, ਤਾਂ ਸਭ ਭਰ ਭਰ ਕੇ ਅੱਖ ਰੋਏ। ਮੈਂ ਰੋਈ, ਨਾਲ ਮੇਰੇ ਮੇਰੀਆਂ ਗਲੀਆਂ ਦੇ ਕੱਖ ਰੋਏ। ਮੇਰੇ ਹੰਝੂਆਂ ਨੇ ਉਹਨਾਂ ਨੂੰ ਤਾਂ ਮਾਫ਼ੀ ਦੇ ਹੀ ਦੇਣੀ ਸੀ, ਜਦੋਂ ਉਹ ਆਪਣਾ ਸਿਰ ਮੇਰੇ ਮੋਢੇ ਉੱਤੇ ਰੱਖ ਰੋਏ। ਨਾ ਜਾਣੇ ਫੇਰ ਕਦ ਮਿਲੀਏ, ਇਸੇ ਗੱਲ ਨੇ ਰੁਆ ਦਿੱਤਾ, ਮਿਲਣ ਵੇਲੇ ਤਾਂ ਖੁਸ਼ ਸਾਂ ਪਰ ਜਦੋਂ ਹੋਏ ਸੀ ਵੱਖ, ਰੋਏ। ਉਹ ਪੱਥਰ ਸੀ ਤਾਂ ਅਪਣਾ ਸੀ, ਬਿਗਾਨਾ ਹੋਇਆ ਬੁੱਤ ਬਣ ਕੇ, ਬਹੁਤ ਰੋਏ ਅਸੀਂ ਉਸ ਨੂੰ ਸ਼ਿਵਾਲੇ ਵਿੱਚ ਰੱਖ ਰੋਏ। ਮਿਲੀ ਨਾ ਮੌਤ ਹੀ, ਨਾ ਜ਼ਿੰਦਗਾਨੀ ਹੀ ਮਿਲੀ ਸਾਨੂੰ, ਕਦੇ ਅੰਮ੍ਰਿਤ ਨੂੰ ਪੀ ਰੋਏ , ਕਦੇ ਮੌਹਰੇ ਨੂੰ ਚੱਖ ਰੋਏ। ਇਹ ਰੋਣਾ ਵੀ ਇਬਾਦਤ ਸੀ ਤੇ 'ਕੋਚਰ' ਇਸ ਲਈ ਆਪਾਂ, ਉਦ੍ਹੇ ਸਾਹਵੇਂ ਵੀ ਰੋਏ ਤੇ ਜਦੋਂ ਵੱਖ ਹੋਏ, ਵੱਖ ਰੋਏ।

5. ਘਰ ਘਰ ਅੰਦਰ ਸੋਗ ਹੈ

ਘਰ ਘਰ ਅੰਦਰ ਸੋਗ ਹੈ ਛਾਇਆ ਕਿਸਨੇ ਢਾਇਆ ਕਹਿਰ, ਨਾ ਪੁੱਛ। ਜਿਸਮ ਉਦ੍ਹਾ ਕਿਉਂ ਨੀਲਾ ਹੋਇਐ, ਕਿਹੜਾ ਚੜ੍ਹਿਆ ਜ਼ਹਿਰ, ਨਾ ਪੁੱਛ। ਮਾਂ ਮੇਰੀਏ ਸ਼ੁਕਰ ਮਨਾ ਤੂੰ, ਤੇਰੇ ਤੱਕ ਮੈਂ ਪਹੁੰਚ ਗਿਆ ਹਾਂ, ਕਿੰਨਾ ਤੁਰਿਆ,ਕੀ ਕੁਝ ਜਰਿਆ, ਕਿੱਥੇ ਕੀਤੀ ਠਹਿਰ ,ਨਾ ਪੁੱਛ। ਬੜੇ ਚਿਰਾਂ ਤੋਂ ਬਾਅਦ ਤੂੰ ਆਇਆ ਹੈਂ ਇਸ ਜੰਮਣ ਭੋਂ ਉੱਤੇ, ਕਿੰਨੇ ਪਿੰਡ ਇਹ ਨਿਗਲ ਗਿਆ ਹੈ ਹੁਣ ਤਕ ਤੇਰਾ ਸ਼ਹਿਰ,ਨਾ ਪੁੱਛ। ਸੱਜ ਵਿਆਹੀ ਨੀਂਦ ਮੇਰੀ ਦੇ ਸਿਰ 'ਤੇ ਸਾਲੂ ਰਹਿਣ ਵੀ ਦੇ, ਕਿਹੜਾ ਤਾਰਾ ਕਿੱਥੇ ਹੈ ਤੇ ਰਾਤ ਦਾ ਕਿਤਵਾਂ ਪਹਿਰ, ਨਾ ਪੁੱਛ। ਖ਼ਾਅਬਾਂ ਦੇ ਉਸ ਸ਼ਹਿਜ਼ਾਦੇ ਦੀ ਚਾਲ ਨਾ ਚੇਤੇ ਆ ਜਾਵੇ, ਕਿਸ ਦੇ ਵਾਂਗੂੰ ਹੌਲੀ ਹੌਲੀ ਵਗਦੀ ਹੈ ਇਹ ਨਹਿਰ, ਨਾ ਪੁੱਛ। ਪੁੰਨਿਆਂ ਦਾ ਚੰਨ 'ਕੋਚਰ' ਮੈਨੂੰ ਅਪਣੇ ਵੱਲ ਨੂੰ ਖਿੱਚਦਾ ਹੈ, ਕਿਉਂ ਉਠਦੀ ਹੈ ਮੇਰੇ ਦਿਲ 'ਚੋਂ ਸਾਗਰ। ਵਰਗੀ ਲਹਿਰ, ਨਾ ਪੁੱਛ।

6. ਜਦੋਂ ਵੀ ਖ਼ਾਬ ਵਿਚ ਦਿਲਬਰ

ਜਦੋਂ ਵੀ ਖ਼ਾਬ ਵਿਚ ਦਿਲਬਰ ਮੇਰਾ ਮਹਿਮਾਨ ਹੁੰਦਾ ਹੈ। ਮੇਰੇ ਪੈਰਾਂ 'ਚ ਧਰਤੀ ਮੁੱਠ ਵਿਚ ਅਸਮਾਨ ਹੁੰਦਾ ਹੈ। ਭਰੋਸਾ ਕਿਸ ਤਰ੍ਹਾਂ ਦੇਵਾਂ ਵਫ਼ਾ ਅਪਣੀ ਦਾ ਮੈਂ ਉਸ ਨੂੰ, ਸਦਾ ਮੇਰੇ ਖ਼ਿਆਲਾਂ ਵਿਚ ਇਹੀ ਘਮਸਾਨ ਹੁੰਦਾ ਹੈ। ਜਦੋਂ ਵੀ ਮਿਲ ਕੇ ਦੋ ਦਿਲ ਪਿਆਰ ਦੀ ਇਕ ਬਾਤ ਪਾਉਂਦੇ ਨੇ, ਉਨ੍ਹਾਂ ਉੱਤੇ ਨਿਗਾਹਾਂ ਦਾ ਬੜਾ ਅਹਿਸਾਨ ਹੁੰਦਾ ਹੈ। ਸ਼ਬਦ ਗੁੱਸੇ 'ਚ ਬੋਲਣ ਲੱਗਿਆਂ ਇਹ ਯਾਦ ਰੱਖ ਲੈਣਾ, ਕਿ ਮੂੰਹੋਂ ਨਿਕਲਿਆ ਹਰ ਲਫ਼ਜ਼ ਅਗਨੀਬਾਨ ਹੁੰਦਾ ਹੈ। ਅਸਰ ਕਰਦੇ ਨਹੀਂ ਹੰਝੂ ਕਦੇ ਪੱਥਰ ਦੀ ਸਿਲ ਉੱਤੇ, ਤੇ ਪੱਥਰ ਉਹ ਹੈ ਜੋ ਅਹਿਸਾਸ ਤੋਂ ਅਣਜਾਨ ਹੁੰਦਾ ਹੈ। ਬਣਾ ਦੇਂਦੇ ਹਾਂ ਆਪਾਂ ਹੀ ਉਨ੍ਹੰ ਹਿੰਦੂ ਜਾਂ ਸਿੱਖ, ਮੁਸਲਿਮ, ਕਿ ਮਾਂ ਦੀ ਕੁੱਖ 'ਚੋਂ ਜੰਮਿਆਂ ਤਾਂ ਹਰ ਇਨਸਾਨ ਹੁੰਦਾ ਹੈ। ਨਫ਼ਾ ਜੋ ਭਾਲਦਾ 'ਕੋਚਰ' ਹੈ ਸੁੱਚੇ ਪਿਆਰ ਵਿੱਚੋਂ ਵੀ, ਉਹ ਪ੍ਰੇਮੀ ਹੋ ਨਹੀਂ ਸਕਦਾ ਸਿਆਸਤਦਾਨ ਹੁੰਦਾ ਹੈ।

7. ਜਦੋਂ ਵੀ ਅੱਖੀਆਂ ਦੀ

ਜਦੋਂ ਵੀ ਅੱਖੀਆਂ ਦੀ ਅੱਖੀਆਂ ਦੇ ਨਾਲ ਗੱਲ ਹੋਈ। ਮੈਂ ਸਿਰ ਤੋਂ ਪੈਰ ਤੀਕਰ ਸਾਰੀ ਦੀ ਸਾਰੀ ਗ਼ਜ਼ਲ ਹੋਈ। ਕਲਮ ਚੁੱਪ ਹੋ ਗਈ ਜਦ ਪਿੱਠ ਤੇਰੀ ਮੇਰੇ ਵੱਲ ਹੋਈ। ਤੈਨੂੰ ਤਕਦੇ ਹੀ ਉਤਰੇ ਸ਼ਿਅਰ ਤੇ ਪੂਰੀ ਗ਼ਜ਼ਲ ਹੋਈ। ਜਦੋਂ ਵੀ ਸਾਹਮਣਾ ਹੋਇਆ ਅਸੀਂ ਦੋਵੇਂ ਬਣੇ ਪੱਥਰ, ਨਾ ਤੇਰੇ ਤੋਂ ਹੀ ਗੱਲ ਹੋਈ ਨਾ ਮੇਰੇ ਤੋਂ ਹੀ ਗੱਲ ਹੋਈ। ਮੈਂ ਲੰਘੀ ਬਾਗ਼ ਵਿੱਚੋਂ ਤਾਂ ਮੈਨੂੰ ਲੱਗਿਆ ਕਿ ਮੈਂ ਫੁੱਲ ਹਾਂ, ਮੈਂ ਲੰਘੀ ਝੀਲ ਦੇ ਕੋਲੋਂ ਤਾਂ ਸੱਚਮੁਚ ਹੀ ਕੰਵਲ ਹੋਈ। ਤੂੰ ਕਹਿੰਦਾ ਸੈਂ, "ਮੈਂ ਸੂਰਜ ਹਾਂ ਤੇ ਤੈਨੂੰ ਪਿਆਰ ਕਰਦਾ ਹਾਂ", ਮੈਂ ਠਰਦੀ ਰਹਿ ਗਈ ਤੈਥੋਂ ਕਿਰਨ ਇਕ ਵੀ ਨਾ ਗੱਲ ਹੋਈ। ਤੂੰ ਪਿੱਛਲੇ ਜਨਮ ਵਿਚ ਇਕ ਬਰਫ਼ ਦੀ ਹੀ ਸਿੱਲ ਸੈਂ ਐ 'ਕੋਚਰ', ਤੂੰ ਸੂਰਜ ਕੋਲ ਆਈ ਤੇ ਪਿਘਲ ਕੇ ਗੰਗਾ ਜਲ ਹੋਈ।

8. ਉਹ ਆ ਕੇ ਸੁਪਨਿਆਂ ਵਿਚ

ਉਹ ਆ ਕੇ ਸੁਪਨਿਆਂ ਵਿਚ ਜਦ ਕੋਈ ਇਕਰਾਰ ਕਰਦਾ ਹੈ। ਜੁਦਾਈ ਵਿੱਚ ਦਿੱਤੇ ਦਰਦ ਦਾ ਵਿਸਥਾਰ ਕਰਦਾ ਹੈ। ਭੰਵਰ 'ਚੋਂ ਆਪਣੀ ਬੇੜੀ ਨੂੰ ਓਹੀ ਪਾਰ ਕਰਦਾ ਹੈ। ਇਰਾਦੇ ਆਪਣੇ ਨੂੰ ਜੋ ਕੋਈ ਪਤਵਾਰ ਕਰਦਾ ਹੈ। ਉਹੀ ਦੁਸ਼ਮਣ ਹੈ ਜਿਹੜਾ ਪਿੱਠ ਪਿੱਛੋਂ ਵਾਰ ਕਰਦਾ ਹੈ। ਕਲੇਜਾ ਮੂੰਹ ਨੂੰ ਆ ਜਾਵੇ ਜਦੋਂ ਇਹ ਯਾਰ ਕਰਦਾ ਹੈ। ਹਨੇਰੀ ਰਾਤ ਮੇਰੀ ਨੂੰ ਤੂੰ ਚਾਨਣ ਕਿਉਂ ਨਹੀਂ ਦੇਂਦਾ? ਕਦੇ ਦੀਵਾ ਵੀ ਚਾਨਣ ਦੇਣ ਤੋਂ ਇਨਕਾਰ ਕਰਦਾ ਹੈ। ਇਹ ਭਾਵੇਂ ਆਪ ਕੰਡਿਆਂ ਨਾਲ ਜ਼ਖ਼ਮੀ ਹੋ ਵੀ ਜਾਵੇ, ਪਰ, ਮੇਰਾ ਹਰ ਪੈਰ ਬਿਖੜੇ ਰਾਹ ਨੂੰ ਇਕਸਾਰ ਕਰਦਾ ਹੈ। ਤੈਨੂੰ ਮਿਲਣੇ ਲਈ ਬੇਹੱਦ ਮਚਲਦਾ ਹੈ ਇਹ ਦਿਲ ਮੇਰਾ, ਬਹੁਤ ਜ਼ਿੱਦੀ ਹੈ ਬੱਚਾ, ਏਹੀ ਜ਼ਿਦ ਹਰ ਵਾਰ ਕਰਦਾ ਹੈ। ਉਦ੍ਹੇ ਇਹ ਫੁੱਲਾਂ ਵਰਗੇ ਹੋਠ 'ਕੋਚਰ' ਜਾਪਦੇ ਪੱਥਰ, ਜਦੋਂ ਉਹ ਮੁਸਕਰਾਉਣ ਤੋਂ ਜ਼ਰਾ ਇਨਕਾਰ ਕਰਦਾ ਹੈ।

9. ਤੇਜ਼ ਝੱਖੜ ਮੈਂ ਇਕੱਲੀ

ਤੇਜ਼ ਝੱਖੜ ਮੈਂ ਇਕੱਲੀ ਆਸਰਾ ਕੋਈ ਨਾ ਸੀ। ਖੌਫ਼ ਤੇ ਮੇਰੇ ਵਿਚਾਲੇ ਫ਼ਾਸਲਾ ਕੋਈ ਨਾ ਸੀ। ਸ਼ਖ਼ਸ ਮੈਨੂੰ ਜੋ ਵੀ ਮਿਲਿਆ ਦੁਨੀਆਂ ਦੀ ਇਸ ਭੀੜ ਵਿਚ, ਹਰ ਕੋਈ ਅੰਦਰੋਂ ਸੀ ਟੁੱਟਿਆ ਸਾਬਤਾ ਕੋਈ ਨਾ ਸੀ। ਰਹਿ ਕੇ 'ਕੱਠੇ ਵੀ ਬਲੀ ਨਾ ਲਾਟ ਸਾਡੇ ਪਿਆਰ ਦੀ, ਕਹਿਣ ਨੂੰ ਦੀਵੇ ਤੇ ਘਿਓ ਵਿਚ ਫ਼ਾਸਲਾ ਕੋਈ ਨਾ ਸੀ। ਹੁੰਂਦੇ ਹੁੰਦੇ ਹੋ ਗਿਆ ਉਹ ਰੂਹ ਦੇ ਐਨਾ ਕਰੀਬ, ਨਾਲ ਜਿਸ ਦੇ ਦੂਰ ਤਕ ਦਾ ਵਾਸਤਾ ਕੋਈ ਨਾ ਸੀ। ਨੂੰਹਾਂ- ਪੁੱਤਰਾਂ ਵਾਲਾ ਬੁੱਢਾ 'ਕੱਲਾ ਸੀ ਸ਼ਮਸ਼ਾਨ ਵਿਚ, ਅੱਗ ਲਾਵਣ ਲਈ ਚਿਤਾ ਨੂੰ ਆਪਣਾ ਕੋਈ ਨਾ ਸੀ। ਖ਼ਵਰੇ ਕੀ ਕੀ ਸੋਚਦੇ ਉਹ ਹੋ ਗਏ ਪੱਥਰ ਦੇ ਬੁੱਤ, ਬੁੱਲ੍ਹ ਤਾਂ ਹਿਲਦੇ ਸੀ ਐਪਰ ਬੋਲਦਾ ਕੋਈ ਨਾ ਸੀ। ਕਾਫ਼ਲਾ ਕਿਰਨਾਂ ਦਾ 'ਕੋਚਰ' ਨਾਲ ਰਲਦਾ ਕਿਸ ਤਰ੍ਹਾਂ, ਸੂਰਜਾਂ ਸੰਗ ਜਦ ਬਣਾਇਆ ਰਾਬਤਾ ਕੋਈ ਨਾ ਸੀ।

10. ਮੇਰੀ ਧੜਕਣ ਸੁਣਾਉਂਦੀ ਹੈ ਕਹਾਣੀ

ਮੇਰੀ ਧੜਕਣ ਸੁਣਾਉਂਦੀ ਹੈ ਕਹਾਣੀ ਬਸ ਤੇਰੀ ਖ਼ਾਤਿਰ। ਹੁੰਗਾਰਾ ਵੀ ਭਰੇ ਇਹ ਦਿਲ ਦੀ ਰਾਣੀ ਬਸ ਤੇਰੀ ਖ਼ਾਤਿਰ। ਤੇਰੀ ਖ਼ਾਤਿਰ ਹੀ ਲਿਖਦੀ ਹਾਂ ਸਦਾ ਮੈਂ ਗੀਤ ਤੇ ਗ਼ਜ਼ਲਾਂ, ਤੇ ਲਿਖਦੀ ਹਾਂ ਕਦੇ ਕੋਈ ਕਹਾਣੀ ਬਸ ਤੇਰੀ ਖ਼ਾਤਿਰ। ਕੋਈ ਅੱਲੜ੍ਹ ਕਹੇ ਮੈਨੂੰ, ਕੋਈ ਆਖੇ ਹਾਂ ਦੀਵਾਨੀ, ਮੈਂ ਜੋ ਵੀ ਹਾਂ ਨਿਆਣੀ ਜਾਂ ਸਿਆਣੀ ਬਸ ਤੇਰੀ ਖ਼ਾਤਿਰ। ਮੇਰੇ ਸਾਗਰ ! ਤੇਰੀ ਖ਼ਾਤਿਰ ਬਦਲਿਆ ਰੂਪ ਮੈਂ ਅਪਣਾ, ਪਿਘਲ ਕੇ ਬਰਫ਼ ਤੋਂ ਮੈਂ ਹੋਈ ਪਾਣੀ ਬਸ ਤੇਰੀ ਖ਼ਾਤਿਰ। ਇਹ ਮੇਰੇ ਹੋਠ ਖੁਲ੍ਹ ਕੇ ਦੱਸਣਾ ਚਾਹੁੰਦੇ ਸੀ ਸਭ ਨੂੰ,ਪਰ, ਪਈ ਦਿਲ ਦੀ ਤਮੰਨਾ ਵੀ ਲੁਕਾਣੀ ਬਸ ਤੇਰੀ ਖ਼ਾਤਿਰ। ਤੂੰ ਇਸ ਨੂੰ ਸ਼ੌਂਕ ਮੇਰੇ ਦਿਲ ਦਾ ਕਹਿ ਸਕਦਾ ਹੈਂ, ਐਪਰ ਮੈਂ, ਗਲੀ ਤੇਰੀ ਦੀ ਜੇਕਰ ਖ਼ਾਕ ਛਾਣੀ ਬਸ ਤੇਰੀ ਖ਼ਾਤਿਰ। ਮੈਂ ਤੈਨੂੰ ਨਫ਼ਰਤਾਂ ਦੀ ਧੁੱਪ ਤੋਂ ਵੀ ਤਾਂ ਬਚਾਉਣਾ ਸੀ, ਤੇਰੇ 'ਤੇ ਪਿਆਰ ਦੀ ਛੱਤਰੀ ਜੇ ਤਾਣੀ ਬਸ ਤੇਰੀ ਖ਼ਾਤਿਰ। ਮੇਰੇ ਨੈਣਾਂ ਦੇ ਸਾਗਰ ਵਿਚ ਤੂੰ ਆ ਕੇ ਤਾਰੀ ਲਾ 'ਕੋਚਰ', ਮੈਂ ਰੱਖਿਐ ਸਾਂਭ ਕੇ ਗੰਗਾ ਦਾ ਪਾਣੀ ਬਸ ਤੇਰੀ ਖ਼ਾਤਿਰ।

11. ਨਾ ਇਹ ਰੰਗ-ਰੂਪ ਦਾ ਰਿਸ਼ਤਾ

ਨਾ ਇਹ ਰੰਗ-ਰੂਪ ਦਾ ਰਿਸ਼ਤਾ ਤੇ ਨਾ ਹੀ ਜ਼ਾਤ ਦਾ ਰਿਸ਼ਤਾ। ਅਸਾਡੀ ਪਿਆਸ ਦੇ ਸੰਗ ਹੈ ਉਦ੍ਹੀ ਬਰਸਾਤ ਦਾ ਰਿਸ਼ਤਾ। ਜਦੋਂ ਵੀ ਬਾਤ ਪਾਵੇ ਉਹ, ਹੁੰਗਾਰਾ ਮੈਂ ਹੀ ਭਰਦੀ ਹਾਂ, ਮੇਰੇ ਮੌਲਾ! ਨਾ ਤੋੜੀ ਇਹ ਹੁੰਗਾਰੇ-ਬਾਤ ਦਾ ਰਿਸ਼ਤਾ। ਜਦੋਂ ਗੱਲ ਸੱਚ ਦੀ ਹੋਵੇ ਤਾਂ ਨਾਂ ਸੁਕਰਾਤ ਦਾ ਆਵੇ, ਸਦਾ ਲਈ ਜੁੜ ਗਿਆ ਹੈ ਸੱਚ ਤੇ ਸੁਕਰਾਤ ਦਾ ਰਿਸ਼ਤਾ। ਸਦਾ ਦਿਨ ਦੇ ਬੁਲਾਵੇ ਤੇ ਹੀ ਦੇਖੋ ਰਾਤ ਹੈ ਆਉਂਦੀ, ਬੜਾ ਪੱਕਾ ਤੇ ਪੀਡਾ ਹੈ ਇਹ ਦਿਨ ਤੇ ਰਾਤ ਦਾ ਰਿਸ਼ਤਾ। ਮੁਹੱਬਤ ਦੀ ਅੰਗੂਰੀ ਦਿਲ ਮੇਰੇ ਵਿਚ ਕਿਸ ਤਰ੍ਹਾਂ ਫੁੱਟਦੀ? ਕਿ ਉਸ ਦੀ ਝਾਤ ਸੰਗ ਬਣਿਆਂ ਨਾ ਮੇਰੀ ਝਾਤ ਦਾ ਰਿਸ਼ਤਾ। ਹਨੇਰੇ ਸੰਗ ਬਣੇ ਰਿਸ਼ਤਾ ਇਹ ਭੁੱਲ ਕੇ ਵੀ ਨਾ ਚਾਹਿਆ ਮੈਂ, ਹਮੇਸ਼ਾਂ ਲੋਚਿਆ ਮੈਂ ਤਾਂ ਸੂਹੀ ਪਰਭਾਤ ਦਾ ਰਿਸ਼ਤਾ। ਜਦੋਂ ਧੜਕੇ ਤਾਂ ਮੈਨੂੰ ਜਾਪੇ ਤੇਰਾ ਨਾਮ ਜਪਦਾ ਹੈ, ਮੇਰੇ ਦਿਲ ਨਾਲ ਹੈ ਤੇਰੇ ਮੇਰੇ ਜ਼ਜ਼ਬਾਤ ਦਾ ਰਿਸ਼ਤਾ। ਕਿਸੇ ਵੀ ਨਸਲ, ਮਜ਼੍ਹਬਾਂ ਸੰਗ ਕਦੇ ਬੱਝਿਆ ਨਹੀਂ 'ਕੋਚਰ', ਇਸੇ ਕਰ ਕੇ ਵਿਲੱਖਣ ਹੈ ਇਸ਼ਕ ਦੀ ਜ਼ਾਤ ਦਾ ਰਿਸ਼ਤਾ।

12. ਮੇਰੇ ਸੌਂ ਜਾਣ 'ਤੇ ਵੀ

ਮੇਰੇ ਸੌਂ ਜਾਣ 'ਤੇ ਵੀ ਚੰਨ ਤਾਰੇ ਜਾਗਦੇ ਰਹਿੰਦੇ। ਕਹਾਣੀ ਜਾਗਦੀ ਰਹਿੰਦੀ ਹੁੰਗਾਰੇ ਰਹਿੰਦੇ। ਇਹ ਸਾਡੇ ਸਾਹ ਨੇ ਜੋ ਧੜਕਣਾਂ ਦੇ ਨਾਲ ਤੁਰਦੇ ਨੇ, ਇਹ ਜੀਵਨ ਪੀਂਘ ਨੂੰ ਦੇ ਕੇ ਹੁੰਗਾਰੇ ਜਾਗਦੇ ਰਹਿੰਦੇ। ਜਿਨ੍ਹਾਂ ਦੀ ਅੱਖ ਲੱਗ ਜਾਵੇ, ਉਨ੍ਹਾਂ ਦੀ ਅੱਖ ਨਹੀਂ ਲਗਦੀ, ਵਿਚਾਰੇ ਰਾਤ ਭਰ ਬਿਰਹਾ ਦੇ ਮਾਰੇ ਜਾਗਦੇ ਰਹਿੰਦੇ। ਬੜੀ ਹੀ ਤਾਂਘ ਰੱਖਦੇ ਨੇ ਕਿਸੇ ਬੇੜੀ ਦੇ ਆਵਣ ਦੀ, ਤੇ ਉਸ ਦੀ ਛੋਹ ਪਾਵਣ ਲਈ ਕਿਨਾਰੇ ਜਾਗਦੇ ਰਹਿੰਦੇ। ਘੜੀ ਦੁੱਖ ਦੀ ਜਦੋਂ ਆਵੇ ਇਹ ਝੱਟ ਹਰਕਤ 'ਚ ਆ ਜਾਵਣ, ਦਿਨੇ ਰਾਤੀਂ ਇਹ ਹੰਝੂ ਕਰਮਾਂ ਮਾਰੇ ਜਾਗਦੇ ਰਹਿੰਦੇ। ਉਨ੍ਹਾਂ 'ਤੇ ਆ ਕੇ ਟਿਕ ਜਾਏ ਨਜ਼ਰ ਕੋਮਲ ਜਹੀ ਕੋਈ, ਨਜ਼ਰ ਦੀ ਹੀ ਉਡੀਕ ਅੰਦਰ ਨਜ਼ਾਰੇ ਜਾਗਦੇ ਰਹਿੰਦੇ। ਕੋਈ ਰਾਹੀ ਜੇ ਰਾਹ ਭੁੱਲਿਆ ਤਾਂ ਉਹ ਬਦਨਾਮ ਹੋਵਣਗੇ, ਇਸੇ ਲਈ ਰਾਤ ਭਰ ਚਾਨਣ ਮੁਨਾਰੇ ਜਾਗਦੇ ਰਹਿੰਦੇ। ਇਹ ਪੀੜਾਂ,ਦਰਦ, ਤਨਹਾਈ ਤੇ ਗ਼ਮ,ਟੀਸਾਂ,ਕਸਕ,'ਕੋਚਰ', ਮੇਰੇ ਦਿਲ ਦੇ ਇਹ ਪਹਿਰੇਦਾਰ ਸਾਰੇ ਜਾਗਦੇ ਰਹਿੰਦੇ।

13. ਹੱਕ-ਸੱਚ ਹਾਕਮ ਦਰਬਾਰੇ ਬੋਲਣਗੇ

ਹੱਕ-ਸੱਚ ਹਾਕਮ ਦਰਬਾਰੇ ਬੋਲਣਗੇ। ਹੁਣ ਗੁੰਗੇ ਸਾਰੇ ਦੇ ਸਾਰੇ ਬੋਲਣਗੇ। ਖ਼ਾਮੋਸ਼ੀ ਨੂੰ ਤੋੜ ਵਿਚਾਰੇ ਬੋਲਣਗੇ। ਭਰੀ ਸਭਾ ਵਿਚ ਕਰਮਾਂ ਮਾਰੇ ਬੋਲਣਗੇ। ਇਨਕਲਾਬ ਦੀ ਸ਼ੁਰੂਆਤ ਤਦ ਹੋਵੇਗੀ, ਜਦ ਮਹਿਲਾਂ ਦੇ ਸਾਹਵੇਂ ਢਾਰੇ ਬੋਲਣਗੇ। ਗੱਲ ਕਰਨਗੇ ਨਵੀਂ ਭਾਵਨਾ ਨਾਲ ਜਦੋਂ, ਬੋਲਣਗੇ ਜਜ਼ਬਾਤ ਕੁਆਰੇ ਬੋਲਣਗੇ। ਵਸਲ 'ਚ ਹੋਠਾਂ ਦਾ ਸੀਣਾ ਤਾਂ ਸੰਭਵ ਹੈ, ਐਪਰ ਹਿਜਰ 'ਚ ਹੰਝੂ ਖ਼ਾਰੇ ਬੋਲਣਗੇ। ਉਹਨਾਂ ਲਫ਼ਜ਼ਾਂ ਨੇ ਵੀ ਅਰਥ ਬਦਲ ਲੈਣੇ, ਜਿਸ ਭਾਸ਼ਾ ਵਿਚ ਤੇਰੇ ਲਾਰੇ ਬੋਲਣਗੇ। ਸਾਡੇ ਵਿਚ ਨੇ ਛੇਕ ਅਸਾਂ ਨੇ ਤਰ ਲੈਣਾ, ਸਾਗਰ ਤਾਈਂ ਹੰਝੂ ਖ਼ਾਰੇ ਬੋਲਣਗੇ। ਛੋਟੇ ਬੱਚੇ ਸਿੱਖਣਗੇ ਓਹੀ ਬੋਲੀ, ਜਿਸ ਬੋਲੀ ਵਿਚ ਘਰ ਦੇ ਸਾਰੇ ਬੋਲਣਗੇ। ਈਨ ਉਨ੍ਹਾਂ ਦੀ ਨਹੀਂ ਮੰਨਣੀ ਹੈ ਗ਼ੈਰਤ ਨੇ, ਸੀਸ 'ਤੇ ਚਲਦੇ ਜੋ ਵੀ ਆਰੇ ਬੋਲਣਗੇ। ਮਾਂ ਬੋਲੀ ਪੰਜਾਬੀ ਦੇ ਸਭ ਅੱਖਰ ਹੀ, ਬਣ ਕੇ ਸੁੰਦਰ ਸ਼ਿਅਰ ਉਹ ਸਾਰੇ ਬੋਲਣਗੇ। ਬੋਲਣਗੇ ਅਹਿਸਾਸ ਜਦੋਂ ਵੀ 'ਕੋਚਰ' ਦੇ, ਬਿਨਾਂ ਲਿਆਂ ਕੋਈ ਲਫ਼ਜ਼ ਉਧਾਰੇ ਬੋਲਣਗੇ।

14. ਮਿਲੀ ਅੱਜ ਵੀ ਨਹੀਂ ਅਖ਼ਬਾਰ

ਮਿਲੀ ਅੱਜ ਵੀ ਨਹੀਂ ਅਖ਼ਬਾਰ 'ਚੋਂ ਚੰਗੀ ਖ਼ਬਰ ਕੋਈ। ਖੁਸ਼ੀ ਦੇਵੇ ਜੋ ਸਭ ਤਾਈਂ ਨਹੀਂ ਐਸੀ ਸਤਰ ਕੋਈ। ਹਨੇਰਾ ਹੀ ਹਨੇਰਾ ਹੈ ਮਿਲੇ ਨਾ ਛਿੱਟ ਚਾਨਣ ਦੀ, ਹੋਏ ਮੁਨਕਰ ਇਹ ਚੰਨ ਸੂਰਜ ਕਿ ਜਾਵੇ ਤਾਂ ਕਿਧਰ ਕੋਈ। ਕਰੋ ਨਾ ਮਾਫ਼ ਉਸ ਤਾਈਂ ਲੜਾਉਂਦਾ ਹੈ ਜੋ ਆਪਸ ਵਿਚ, ਸ਼ਰਾਰਤ ਰੋਜ਼ ਕਰਦਾ ਹੈ ਇਧਰ ਕੋਈ ਉਧਰ ਕੋਈ। ਇਹ ਕੋਠੇ ਕੁੱਲੀਆਂ ਬਚ ਜਾਣ ਦਾ ਉਪਰਾਲਾ ਕਰ ਲੈਂਦੇ, ਤਬਾਹੀ ਖ਼ੁਦ ਪੁਚਾ ਦੇਂਦੀ ਜੇ ਪਹਿਲਾਂ ਹੀ ਖ਼ਬਰ ਕੋਈ। ਜਦੋਂ ਸੁਣਦੇ ਨਾ ਬੱਚੇ ਮਾਪਿਆਂ ਦੀ ਗੱਲ ਤਾਂ ਇਉਂ ਲਗਦੈ, ਜਿਵੇਂ ਪੱਤਿਆਂ ਵਿਹੂਣੀ ਹੋ ਗਈ ਹੋਵੇ ਲਗਰ ਕੋਈ। ਖ਼ਿਆਲਾਂ ਦੇ ਪਰਿੰਦੇ ਨੇ ਸਦਾ ਉਡਦੇ ਹੀ ਰਹਿਣਾ ਹੈ, ਜੋ ਉਸ ਨੂੰ ਪਿੰਜਰੇ ਪਾ ਸਕਦਾ ਨਹੀਂ ਜੰਮਿਆਂ ਬਸ਼ਰ ਕੋਈ। ਬਿਨਾਂ ਪੱਖਪਾਤ ਤੋਂ ਦੇਵੇ ਜੋ ਰੁਤਬਾ ਇਕ ਬਰਾਬਰ ਦਾ, ਅਜੋਕੇ ਦੌਰ ਵਿਚ ਲਭਦੀ ਨਹੀਂ ਐਸੀ ਨਜ਼ਰ ਕੋਈ। ਤੁਸੀਂ ਰਾਂਝਾ ਕਰੋ ਰਾਜ਼ੀ ਵਜਾ ਕੇ ਥਾਲੀਆਂ, ਲੇਕਿਨ, ਨਾ ਹੋਇਆ ਹੈ, ਨਾ ਹੋਣਾ ਹੈ ਕਰੋਨਾ 'ਤੇ ਅਸਰ ਕੋਈ। ਮੇਰੇ ਕੰਨ ਸੁਣਨ ਨੂੰ ਬੇਤਾਬ ਰਹਿੰਦੇ ਨੇ ਸਦਾ 'ਕੋਚਰ' 'ਕੋਰੋਨਾ ਦੀ ਦਵਾਈ ਬਣ ਗਈ ਦੇਵੇ ਖ਼ਬਰ ਕੋਈ।

15. ਮੇਰੇ ਵਿਚ ਜੀਣ ਦੀ ਇੱਛਾ

ਮੇਰੇ ਵਿਚ ਜੀਣ ਦੀ ਇੱਛਾ ਤੇ ਸ਼ਕਤੀ ਭਰ ਗਿਆ ਕੋਈ। ਮੈਂ ਕਤਰਾ ਸਾਂ ਤੇ ਕਤਰੇ ਤੋਂ ਸਮੁੰਦਰ ਕਰ ਗਿਆ ਕੋਈ। ਜਗਾ ਕੇ ਪਿਆਰ ਦਾ ਦੀਵਾ ਇਦ੍ਹੇ ਵਿਚ ਧਰ ਗਿਆ ਕੋਈ। ਮੇਰੇ ਦਿਲ ਦੀ ਗੁਫ਼ਾ ਅੰਦਰ ਹੈ ਚਾਨਣ ਕਰ ਗਿਆ ਕੋਈ। ਜਿਨ੍ਹਾਂ ਘਰ ਏ.ਸੀ. ਹੁੰਦੇ ਨੇ ਉਹ ਕੀ ਜਾਨਣ ਉਨ੍ਹਾਂ ਬਾਰੇ, ਕਿ ਲੂਅ ਵਿਚ ਸੜ ਗਿਆ ਕੋਈ ਜਾਂ ਪਾਲੇ ਠਰ ਗਿਆ ਕੋਈ। ਸ਼ਰਾਫ਼ਤ ਦੀ ਵਜ੍ਹਾ ਕਰ ਕੇ ਜੇ ਕੋਈ ਚੁੱਪ ਰਹਿੰਦਾ ਹੈ, ਭੁਲੇਖੇ ਵਿਚ ਨਾ ਰਹਿਣਾ ਕਿ ਤੁਹਾਥੋਂ ਡਰ ਗਿਆ ਕੋਈ। ਉਹ ਫਿਰ ਬੋਲੇਗਾ ਐ ਹਾਕਮ! ਤੇਰੇ ਜ਼ੁਲਮਾਂ ਦੇ ਸਿਰ ਚੜ੍ਹ ਕੇ, ਜੋ ਅੱਜ ਮਜਬੂਰ ਹੋ ਕੇ ਜ਼ੁਲਮ ਤੇਰਾ ਜਰ ਗਿਆ ਕੋਈ। ਮੁਹੱਬਤ ਦਾ ਅਜਬ ਇਹ ਰੂਪ ਉਨ੍ਹਾਂ ਆਪ ਤੱਕਿਆ ਸੀ, ਉਨ੍ਹਾਂ ਨੂੰ ਉਮਰ ਲਈ ਦੇ ਕੇ ਦੁਆਵਾਂ ਮਰ ਗਿਆ ਕੋਈ। ਨਿਰਾਲੀ ਹੈ ਬੜੀ ਇਹ ਜ਼ਿੰਦਗੀ ਦੀ ਖੇਡ ਵੀ 'ਕੋਚਰ', ਕਿਸੇ ਨੇ ਜਿੱਤਿਆ ਇਸ ਨੂੰ ਤੇ ਇਸ ਤੋਂ ਹਰ ਗਿਆ ਕੋਈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ