Punjabi Kavita
  

Punjabi Poetry Dr Amarjit Tanda

ਪੰਜਾਬੀ ਕਵਿਤਾ ਡਾ. ਅਮਰਜੀਤ ਟਾਂਡਾਹੁਣ ਦੇਖਿਆ ਕਰਾਂਗੇ ਰੋਜ਼

ਹੁਣ ਦੇਖਿਆ ਕਰਾਂਗੇ ਰੋਜ਼ ਆਪ ਨੱਕੇ ਮੋੜਦਾ ਬਾਬਾ ਨਾਨਕ ਟਿੰਡਾਂ ਗਾਉਂਦੀਆਂ ਨੱਚਦੀਆਂ ਤੱਕਿਆ ਕਰਾਂਗੇ ਦੂਰ ਲੱਗੀਆਂ ਦੂਰਬੀਨਾਂ ਕਦ ਕਰਦੀਆਂ ਨੇ ਸੀਨਿਆਂ ਨੂੰ ਨੇੜੇ ਬਾਬੇ ਦੇ ਘਰ ਦਾ ਰਾਹ ਉਸਰਿਆ ਮਿੱਟੀਆਂ ਨੇ ਗਲੇ ਲੱਗਣਾ ਇਕ ਦੂਜੇ ਪਿੰਡ ਨੇ ਜੱਫੀਆਂ ਪਾਉਣੀਆਂ ਰਾਹ ਜੋ ਕਦੇ ਰੁਕਦੇ ਨਹੀਂ ਹੁੰਦੇ ਅੰਬਰ ਦੀ ਛਾਂ ਤੇ ਕੋਈ ਲਕੀਰ ਨਹੀਂ ਮਾਰ ਸਕਿਆ ਪਵਨ ਨੂੰ ਕੋਈ ਰੋਕ ਨਹੀਂ ਸਕਿਆ ਗਾਉਂਦੀ ਚਵਰ ਕਰਦੀ ਨੂੰ ਰਾਵੀ ਤੇ ਝਨਾਂ ਦੀ ਪਿਆਸ ਮਿਟੇਗੀ ਦਿਲ ਦੀਆਂ ਗਹਿਰਾਈਆਂ ਚ ਉਤਰ ਕੇ ਚਾਅ ਨਹਾਉਣਗੇ ਰੁਕੇ ਕਦਮ ਟੁਰੇ ਸੀਨਿਆਂ ਚ ਰੀਝਾਂ ਜਾਗੀਆਂ ਸ਼ਾਮ ਗੁੜ ਵੰਡਣ ਜਾਵੇਗੀ ਘਰ ਘਰ ਸ਼ੱਕਰਗੜ ਨਾਰੋਵਾਲ ਨੇ ਭੰਗੜਾ ਪਾਉਣਾ ਰਾਹ ਝੂੰਮਣਗੇ ਰੌਣਕਾਂ ਦੇਖ 2 ਜਿੱਥੇ ਤੈਂ ਅਗਲਾ ਸੇਵਕ ਥਾਪਿਆ ਸੀ ਅੱਜ ਓਥੇ ਦੁਸ਼ਮਣ ਨੇ ਦੁਸ਼ਮਣ ਨੂੰ ਬੁੱਕਲ 'ਚ ਲੈਣਾ ਹੈ ਕੋਈ ਕ੍ਰਿਸ਼ਮਾ ਹੋਣਾ ਹੈ ਕੰਡੇ ਵੀ ਕਿਵੇਂ ਫੁੱਲ ਬਣ ਜਾਂਦੇ ਨੇ ਦੇਖੇਗਾ ਆਲਮ ਕੋਂਪਲਾਂ ਪਲਕਾਂ ਖੋਲਣਗੀਆਂ ਵੰਗਾਂ ਚੋਂ ਸੁੱਤੀ ਛਣਕਾਰ ਜਾਗੇਗੀ ਸੂਰਜ ਜ਼ਮੀਨ ਤੇ ਆਪ ਆ ਕੇ ਰਿਸ਼ਮਾਂ ਵਿਛਾਏਗਾ ਇਨਸਾਨੀਅਤ ਦੀ ਗੱਲ ਸ਼ੁਰੂ ਹੋਵੇਗੀ ਤਵਾਰੀਖ ਲਿਖੀ ਜਾਵੇਗੀ ਧਰਤ ਤੇ ਖੇਤਾਂ ਚ ਮੇਲੇ ਲੱਗਣਗੇ ਫਸਲਾਂ ਘੋੜੀਆਂ ਗਾਉਣਗੀਆਂ ਗੁਰਦੁਆਰੇ ਤੇ ਮਸਜਿਦ ਦੀ ਗਲਵਕੜੀ ਨੇ ਨਿੱਘ ਖਿਲਾਰਨਾ ਹੈ ਮਿਲ ਕੇ ਮੁਹੱਬਤ ਨੇ ਨਫਰਤ ਨੂੰ ਕਬਰੀਂ ਦਫਨਾਉਣਾ ਹੈ ਅਸਮਾਨ ਨੇ ਸਾਂਝੀ ਛੱਤ ਬਖਸ਼ੀ ਤਾਰੇ ਚੰਨ ਅੰਬਰ ਵਿਹੜੇ 'ਕੱਠੇ ਹੋਏ ਪੌਣਾਂ ਨੇ ਬਲਦੀਆਂ ਸਰਹੱਦਾਂ ਠਾਰੀਆਂ ਪੰਛੀਆਂ ਨੇ ਕਰਤਾਰਪੁਰ ਆਲਣੇ ਜਾ ਪਾਉਣੇ ਰੁੱਖਾਂ ਤੇ ਰਸਤਿਆਂ ਨੇ ਰਲਮਿਲ ਨੇੜੇ ਬਹਿ ਗੱਲਾਂ ਕਰਨੀਆਂ ਪੁਰਾਣੀਆਂ ਹੰਝੂਆਂ ਨੇ ਖੁਸ਼ੀ ਦੇ ਗੀਤ ਗਾਉਣੇ ਸੱਖਣੀਆਂ ਝੋਲੀਆਂ ਭਰੀਆਂ ਜਾਣਗੀਆਂ ਦਰ ਖੁੱਲ੍ਹੇ ਘਰ ਖੁੱਲ੍ਹੇ ਨੂਰ ਆਇਆ ਉਦਾਸ ਰੁੱਖਾਂ ਪੱਤਿਆਂ 'ਤੇ ਚਿਰਾਂ ਤੋਂ ਮੁਰਝਾਏ ਫੁੱਲ ਖਿੜਣਗੇ ਜ਼ਖਮੀ ਪੰਛੀਆਂ ਨੇ ਵੀ ਅਰਸ਼ੀਂ ਉਡਾਣਾਂ ਭਰਨੀਆਂ ਅਾਪਾਂ ਰਾਵੀ 'ਚ ਰਲਮਿਲ ਤਾਰੀਆਂ ਲਾਵਾਂਗੇ ਪਲਕਾਂ 'ਤੇ ਰੱਖ ਦੋ ਖਾਬ ਛੰਡ ਕੇ ਅੰਬਰ ਵਿਛਾਵਾਂਗੇ ਟਿਮਕਦੇ ਤਾਰੇ ਤੋੜ ਸੁੰਨੀਆਂ ਬਸਤੀਆਂ ਰੁਸ਼ਨਾਵਾਂਗੇ ਸੂਰਜ ਹੀ ਸਵੇਰੇ ਵੰਡਦੇ ਨੇ ਸ਼ੇਰ ਹੀ ਹੁੰਦੇ ਨੇ ਜੰਗਲ ਦਾ ਮਾਣ ਪੁਰਾਣੇ ਰਾਹਾਂ ਤੇ ਨਹੀਂ ਟੁਰੀਦਾ ਪੈੜਾਂ 'ਚ ਨਵੇਂ ਰਸਤੇ ਵਿਛਾ ਲਈਦੇ ਨੇ

ਜੇ ਅੱਥਰੂ ਬਣ ਹੀ ਗਿਆ ਏਂ

ਜੇ ਅੱਥਰੂ ਬਣ ਹੀ ਗਿਆ ਏਂ ਲਿਪਟਿਆ ਰਹਿ ਓਹਦੀਆਂ ਪਲਕਾਂ ਤੇ ਕਿਰੀਂ ਨਾ ਮਰਨ ਲਈ ਤਾਰਾ ਬਣੀਂ ਜਿਸ ਦਿਨ ਟੁੱਟਣਾਂ ਹੋਇਆ ਹਿੱਕ 'ਤੇ ਡਿੱਗੀਂ ਜ਼ਾਲਮ ਦੀ ਸੂਰਜ ਬਣਿਆ ਏਂ ਤਾਂ ਝੌਂਪੜੀਆਂ 'ਚ ਜਾ ਕੇ ਵੀ ਜਗਣ ਜੋਗਾ ਹੋਵੇਂ ਰਿਸ਼ਮ ਹੋਈ ਤਾਂ ਗੋਰੇ ਪੱਬਾਂ ਦੇ ਰਾਹਾਂ 'ਚ ਵਿਛੀਂ ਜਾਂ ਬੇੜੀਆਂ ‘ਚ ਜਕੜੇ ਪੈਰਾਂ ਦੀ ਛੁਹ ਬਣੀ ਪਵਨ ਬਣਨ ਦੀ ਚਾਹਤ ਹੋਈ ਤਾਂ ਓਹਦਾ ਬਲਦਾ ਪਿੰਡਾ ਰੀਝਾਂ ਵਾਲਾ ਪਹਿਲਾਂ ਠਾਰੀਂ ਤਪਦੀ ਧਰਤ ਨੂੰ ਜ਼ਰਾ ਠੰਢਾ ਕਰੀਂ ਬਲਦੀਆ ਰੀਝਾਂ ਤੇ ਰਿਮਝਿਮ ਬਣ ਬਰਸੀਂ ਦਰਿਆ ਬਣ ਮਚਲਿਆ ਤਾਂ ਸੁੱਕੀਆਂ ਫਸਲਾਂ ਪਛਾਣੀਂ ਪਹਿਲਾਂ ਸੁਪਨਾ ਬਣ ਜੇ ਉੱਤਰਨ ਦੀ ਰੀਝ ਹੋਈ ਤਾਂ ਕਿਸੇ ਉਡੀਕ 'ਚ ਬੈਠੀ ਨੰਨੇ ਬੱਚੇ ਦੀ ਅੱਖ 'ਚ ਜਗੀਂ ਜੰਗ ਦੀ ਸੱਧਰ ਹੋਈ ਤਾਂ ਕਿਸੇ ਜ਼ੁਲਮੀ ਹੱਥਾਂ ਨਾਲ ਦੋ ਹੱਥ ਕਰੀਂ

ਚੱਲ ਤੂੰ ਨਾ ਵੜਨ ਦੇਵੀਂ ਪੰਜਾਬ 'ਚ

ਚੱਲ ਤੂੰ ਨਾ ਵੜਨ ਦੇਵੀਂ ਪੰਜਾਬ 'ਚ ਪਰ ਤੂੰ ਕਿੰਝ ਮਿਟਾ ਦੇਵੇਂਗਾ ਸਾਡੀਆਂ ਨੰਨ੍ਹੀਆਂ ਪੈੜਾਂ ਵਿਹੜੇ ਗਲੀਆਂ ਤੇ ਰਾਹਾਂ 'ਚੋਂ - ਕੀ ਕਰੇਂਗਾ ਖੋਹ ਕੇ ਸਾਡੇ ਪਿੰਡ ਦੀ ਛੱਤ ਦਾ ਅੰਬਰ ਤਾਰਿਆਂ ਨਾਲ ਭਰੀ ਪਰਾਤ ਅਸੀਂ ਕਿਵੇਂ ਛੱਡਾਂਗੇ ਤੇਰੇ ਲਈ ਚੋਰ ਸਿਪਾਹੀ- ਚਿੱਟੀ ਨਦੀ ਸਿਤਾਰਿਆਂ ਸੰਗ ਵਗਦੀ ਪਹਿਲਾਂ ਖੋਹਵਾਂਗੇ- ਧਰੂ ਭਗਤ ਸਿਤਾਰਾ-ਤੈਨੂੰ ਨਹੀਂ ਦਿੰਦੇ ਨਾਨਕ ਦੇ ਤੜਕਸਾਰ ਦੇ ਬੋਲ ਪੰਛੀਆਂ ਦੇ ਗੀਤ-ਕਿਵੇਂ ਛੱਡ ਦੇਵਾਂਗਾ ਤੇਰੇ ਕੋਲ ਤੱਤੇ ਗੁੜ ਦੀ ਤਾਂ ਮਹਿਕ ਮੇਰੀ ਹੈ ਸਾਰੀ- ਇਹ ਕਿੱਥੇ ਮਿਲਦੀ ਮਹਿਲਾਂ 'ਚ- ਬੰਨਿਆਂ ਤੇ ਤੁਰਨ ਡਿਗਣ ਤੋਂ ਕਿੰਝ ਰੋਕੇਂਗਾ ਸਾਨੂੰ- ਰੇਤ ਦੇ ਬਣਾਏ ਘਰ ਅਜੇ ਤੱਕ ਸਾਡੇ ਓਥੇ ਭੁੱਜਦੀਆਂ ਛੱਲੀਆਂ, ਰਸ ਦੇ ਨਿੰਬੂ ਲੱਸੀ ਨਜ਼ਾਰੇ ਤੂੰ ਖੋਹ ਕੇ ਵਿਖਾਵੀਂ- ਤਾਜ਼ੇ ਪੱਟੇ ਮੂੰਗਫਲੀ ਦੇ ਲਾਂਗਰਾਂ ਨੂੰ ਲੱਗੀਆਂ ਅੱਗਾਂ ਅਜੇ ਭਖ਼ਦੀਆ ਖੇਤਾਂ 'ਚ- ਸਾਡੇ ਕੋਲ ਤਾਂ ਅਜੇ ਵੀ ਪਤੰਗਾਂ ਦੇ ਰੰਗ ਸਾਂਭੇ ਪਰਛਾਵੇਂ ਫੜੇ ਪੰਛੀਆਂ ਦੇ ਸੱਪਾਂ ਦੀਆਂ ਲੀਹਾਂ ਦਾ ਡਰ- ਨਾ ਖੋਹਵੀਂ ਸਰ੍ਹੋਂ ਦੇ ਖੇਤਾਂ ਦਾ ਨਜ਼ਾਰਾ ਸਾਗ ਮੱਕੀ ਦੀ ਰੋਟੀ ਵਾਲੀ ਲਜ਼ਤ ਛੋਲਿਆਂ ਦੀਆਂ ਹੋਲਾਂ, ਤੇ ਕਾਲੇ ਮੂੰਹ ਬੁੱਲ੍ਹ ਹੱਥ ਅੱਡੀ ਛੜੱਪੇ, ਅੱਡਾ ਖੱਡਾ ਛੂਹਣ ਛੁਪਾਈ- ਹੁਣ ਤੱਕ ਤਾਂ ਹਰੀਮੰਦਰ 'ਚ ਕਿੱਡੀਆਂ 2 ਹੋ ਗਈਆਂ ਹੋਣੀਆਂ ਸਾਡੀਆਂ ਪਰਸ਼ਾਦ ਖਾਂਦੀਆਂ ਤਰਦੀਆਂ ਸੁਨਹਿਰੀ ਅੱਖਾਂ ਚੰਊਂ 2 ਕਰਦੇ ਰੰਗ ਬਰੰਗੇ ਮੇਰੀ ਚਿੱਟੀ ਰਾਣੀ ਦੇ ਨਿੱਕੇ 2 ਅੱਖਾਂ ਖੋਲ੍ਹਦੇ ਕਤੂਰੇ ਨੁੱਕਰ ਚੋਂ ਕਿੰਝ ਦੇਵਾਂਗਾ ਤੈਨੂੰ- ਦੱਸ ਕੌਣ ਦੇਵੇਗਾ ਆ ਕੇ ਮੋਢਾ ਬਾਪੂ ਦੀ ਅਰਥੀ ਨੂੰ ਕੌਣ ਉਡੀਕੇਗਾ ਮਾਂ ਨੂੰ ਕਬਰਾਂ ਦੇ ਰੁੱਖਾਂ ਹੇਠ ਬੈਠ ਕੇ ਮੇਰੇ ਬਗੈਰ- ਕਿਵੇਂ ਰੋਕੇਂਗਾ ਜੰਗਾਲੇ ਜ਼ੰਦਰੇ ਖੋਲ੍ਹਦਿਆਂ ਸਾਡੇ ਦਰਿਆਵਾਂ ਵਾਂਗ ਵਗਦੇ ਅੱਥਰੂਆਂ ਨੂੰ ਕਿੰਝ ਵਰਜ਼ ਦੇਵੇਂਗਾ-ਯਾਰਾਂ ਨੂੰ! ਕਬੱਡੀ ਤੇ ਹੋਰ ਖੇਡਾਂ 'ਚ ਜਿੱਤਾਂ ਹਾਰਾਂ ਲੜਾਈਆਂ ਅਜੇ ਤਾਂ ਅਸੀਂ ਆ ਕੇ ਕਾਪੀ ਚੋਂ ਪਾੜ ਕੇ ਕਾਗਜ਼ ਦੀ ਬੇੜੀ ਤਾਰਨੀ ਆ ਮੀਂਹ 'ਚ ਪੱਤਿਆਂ ਦੀਆਂ ਭੰਬੀਰੀਆਂ ਨਾਲ ਖੇਡਣਾ ਅਜੇ ਪੱਤਿਆਂ ਦੀਆਂ ਐਨਕਾਂ ਲਾ 2 ਧਰਮਿੰਦਰ ਬਣਨਾ ਬੀਂਡਿਆਂ ਦੇ ਬੋਲ ਫ਼ੜ੍ਹਨੇ ਨੇ- ਸਲਵਾੜਾਂ ਤੋਂ ਤੀਰ ਬਣਾ ਜ਼ਾਲਮ ਦੀਆਂ ਅੱਖਾਂ 'ਚ ਮਾਰਨੇ ਨੇ ਪੀਪਣੀਆਂ ਤੇ ਬੀਂਡੇ ਬਣਾ 2 ਤਰਜ਼ਾਂ ਬਣਾਉਣੀਆਂ ਨੇ ਨਵੀਆਂ ਕੱਛਾਂ ਵਜਾ 2 ਅਵਾਜ਼ਾਂ ਕੱਢਣੀਆਂ ਅਜੇ - ਅਜੇ ਤਾਂ ਸਾਡੇ ਓਥੇ ਮਿੱਟੀ ਦੇ ਬਣਾਏ ਖਿਡੌਣੇ ਨਹੀਂ ਸੁੱਕੇ ਹੋਣੇ ਖੇਡਣ ਲਈ ਅਜੇ ਤਾਂ ਅਸੀਂ ਆ ਕੇ ਬੇਰ ਖਾਣੇ ਨੇ ਪੇਂਦੂ -ਚੋਰੀਂ ਤੋੜ 2 ਕੇ ਛੱਤੋ ਦੀ ਬੇਰੀ 'ਤੋਂ ਮਲ੍ਹਿਆਂ ਦੇ ਕੰਡੇ ਲਵਾਉਣੇ ਨੇ ਐਤਕੀਂ ਦਾਤਣ ਕਰਨੀ ਆ ਫ਼ਲਾਅ ਤੇ ਕਿੱਕਰ ਦੀ ਅਜੇ ਤਾਂ ਸਾਡੇ ਪਸ਼ੂ ਚਰਦੇ ਨੇ ਖੇਤਾਂ ਚ ਉਹਨਾਂ ਨੂੰ ਘਰੀਂ ਲੈ ਕੇ ਆਉਣਾ ਹੈ- ਅਜੇ ਤਾਂ ਅਸੀਂ ਵੱਡੀ ਪਿੰਨੀ ਤੇ ਵੱਡਾ ਲੱਡੂ ਚੱਕਣਾ ਹੈ ਬੀਜੀ ਦੀ ਥਾਲੀ ਦੇ ਸੰਸਾਰ 'ਚੋਂ- ਅਜੇ ਤਾਂ ਅਸੀਂ ਓਸ ਮਿੱਟੀ ਤੇ ਲਿਟਣਾ ਹੈ ਤੇ ਤੁਰ 2 ਡਿੱਗਣਾ ਹੈ- ਬਾਪੂ ਦੇ ਮੋਢਿਆਂ ਤੇ ਚੜ੍ਹ ਛਿੰਝਾਂ ਦਸਹਿਰੇ ਦੇਖਣੇ ਨੇ ਸਾਰੇ ਪਿੰਡ 'ਚ ਨਵਾਬ ਬਣ ਘੁੰਮਣਾ ਹੈ-ਅਜੇ ਤਵੇ ਵਾਲੀ ਮਸ਼ੀਨ ਦੀਆਂ ਸੂਈਆਂ ਕਰਨੀਆਂ ਨੇ ਕੱਠੀਆਂ ਅਜੇ ਤਾਂ ਸਪੀਕਰ ਟੰਗਣੇ ਨੇ ਮੰਜਿਆਂ ਬਨੇਰਿਆਂ 'ਤੇ ਤੇ ਸਤਿਗੁਰ ਨਾਨਕ ਨੂੰ ਸੱਦਣਾ ਹੈ-

ਅੱਖਰਾਂ 'ਚ

ਅੱਖਰਾਂ 'ਚ ਜੇ ਕੁਝ ਚਿਤਰਨਾ ਹੋਵੇ ਤਾਂ ਤੈਨੂੰ ਦੇਖੇ ਬਗੈਰ ਨਹੀਂ ਚਿਤਰ ਹੁੰਦਾ ਹੋਰ ਦੱਸ ਚਿੱਤਰਨ ਨੂੰ ਵੀ ਕੀ ਹੈ ਤੇਰੇ ਨਕਸ਼ਾਂ ਤੇ ਤੇਰੀਆਂ ਆਦਾਵਾਂ ਬਿਨ ਹਿੱਕ ਦੀ ਅੱਗ ਵੀ ਕਿਹੜੀ ਬਲਦੀ ਹੈ ਤੇਰੀਆਂ ਨਜ਼ਰਾਂ ਬਿਨ ਮੱਥੇ 'ਤੇ ਜੇ ਤਾਜ ਹੋਵੇ ਤਾਂ ਉਸ ਤੇ ਤੇਰੇ ਹੱਥਾਂ ਦੀ ਕਢਾਈ ਹੋਵੇ ਚਾਨਣੀ ਹੋਵੇ ਤਾਂ ਤੇਰੇ ਹੁਸਨ ਦੀਆਂ ਰਿਸ਼ਮਾ ਵਰਗੀ ਪਿਆਸ ਲੱਗੇ ਤਾਂ ਤੇਰੇ ਬੁੱਲ੍ਹਾਂ ਦੀ ਮੁਸਕਾਨ ਵਰਗੀ ਹੋਵੇ ਦਰਿਆ ਲਹਿਰਾਂ ਵਹਿਣ ਤਾਂ ਤੇਰੀਆਂ ਜੁਲਫਾਂ ਵਾਂਗ ਕੋਈ ਵਿਰਲਾ ਹੀ ਅਰਸ਼ ਹੋਣਾ ਤੇਰੀ ਚੁੰਨੀ ਦੇ ਸਿਤਾਰਿਆਂ ਵਾਂਗ ਜਗਦਾ ਕੋਈ ਵੱਖਰੀ ਹੀ ਰੀਝ ਹੋਣੀ ਤੇਰੇ ਸੁਫਨਿਆਂ 'ਚ ਵਿਚਰਨ ਜੋਗੀ ਤੂੰ ਤਾਂ ਹਨੇਰੀਆਂ ਰਾਤਾਂ 'ਚ ਵੀ ਬੁਝਦੇ ਦੀਵੇ ਬਾਲ ਦੇਵੇਂ ਤਾਰੀਖ ਦੇ ਸਫੇ ਥੱਲ ਦੇਵੇਂ ਇਕ ਹੀ ਨਖਰੇ ਨਾਲ ਤਪੱਸਵੀਆਂ ਦੇ ਤਪ ਟੁੱਟ ਜਾਣ ਸਮਾਧੀਆਂ ਹਿੱਲ ਜਾਣ ਤੇਰੀ ਇੱਕ ਝਲਕ ਪਾ ਖਬਰੇ ਕੌਣ ਤੇਰੇ ਸੁਫਨੇ ਦੀ ਸੁਰਮ ਸਲਾਈ ਮੇਰੀ ਅੱਖ 'ਚ ਪਾ ਜਾਂਦਾ ਹੈ ਕਾਲੀ ਜੇਹੀ ਰਾਤ 'ਚ ਕੌਣ ਰੱਖ ਦਿੰਦਾ ਹੈ ਸਫਿਆਂ ਦੀਆਂ ਸਤਰਾਂ 'ਚ ਜੜ ਕੇ ਇਕ ਨਵੀਂ ਨਜ਼ਮ ਜਿਹਨੂੰ ਪੜ੍ਹਦਿਆਂ ਪੜ੍ਹਦਿਆਂ ਦਿਨ ਚੜ੍ਹ ਜਾਂਦਾ ਹੈ ਉਦਾਸ ਜੇਹਾ ਦਿਲ ਵਿਰ ਜਾਂਦਾ ਹੈ ਘੜੀ ਪਲ ਲਈ ਤੂੰ ਰੋਜ਼ ਆ ਜਾਇਆ ਕਰ ਸੁਫਨਿਆਂ 'ਚ ਵਸੀ ਰਿਹਾ ਕਰ ਯਾਦਾਂ 'ਚ ਤੁਰੀ ਫਿਰਦੀ ਰਿਹਾ ਕਰ ਫਰਿਆਦਾਂ 'ਚ

ਬੋਲ

ਬੋਲ ਪਛਾਣ ਹੁੰਦੇ ਨੇ ਕਿਸੇ ਪੁਰਾਣੇ ਰੁੱਖ ਦੇ ਗੀਤ ਦੀ ਸੱਭਿਆਚਾਰਕ ਪਰਛਾਵਾਂ ਹੁੰਦਾ ਹੈ ਗੂੜੀ ਛਾਂ ਦਾ ਪੰਜਾਬ ਦੇ ਬੋਲ ਨਾਨਕਿਆਂ ਤੋਂ ਮਿਲਦੇ ਨੇ ਲੋਰੀਆਂ ਚ ਸੁਣਦੇ ਨੇ ਚੰਦ ਤਾਰਿਆਂ ਦੀਆਂ ਬਾਤਾਂ ਤੇ ਕਦੇ ਕਦੇ ਬੁਝਾਰਤਾਂ ਬਣਦੇ ਤੋਤਲੇ ਬੋਲ ਸਿਖਾਉਂਦੇ ਨੇ ਮਿੱਟੀ ਦੇ ਘਰ ਬਣਾਉਣੇ ਤੇ ਫਿਰ ਵੱਡੇ ਦਿੱਲ ਕਰਕੇ ਆਪ ਹੀ ਢਾਉਣੇ ਬੋਲੀ ਨਾ ਹੁੰਦੀ ਝਿੜਕਾਂ ਨਹੀਂ ਸੀ ਚੇਤੇ ਰਹਿਣੀਆਂ ਅਣਖ ਨੇ ਨਹੀਂ ਖੜਨਾ ਸੀ ਮੋੜਾਂ ਤੇ ਗੇੈਰਤਾਂ ਹਿੱਕਾਂ ਚ ਨਾ ਆਉਂਦੀਆਂ ਗੁੜ੍ਹਤੀ ਵਾਲੇ ਦਿਨ ਇਹ ਛੁਹ ਮਿਲਦੀ ਹੈ ਫੁੱਲਾਂ ਵਰਗੇ ਬੁੱਲਾਂ ਨੂੰ ਨਰਮ 2 ਮੁੱਠੀਆਂ ਚ ਤੇ ਪਹਿਲੀਆਂ ਨਜ਼ਰਾਂ ਚ ਇਕ ਜਹਾਨ ਸਿਰਜਿਆ ਜਾਂਦਾ ਹੈ ਨਾਨਕ ਦੇ ਬੋਲ ਕਿਰਦੇ ਨੇ ਅੰਮਿਓ ਵਰਗੇ ਉਹਨਾਂ ਬੋਲਾਂ ਨੂੰ ਮਮਤਾ ਦੇ ਕੋਸੇ ਦੁੱਧ ਚੋਂ ਪਰਬਤ ਚੀਰਨ ਤੇ ਅੰਬਰ ਤੇ ਉੱਡਣ ਦੀ ਪਿਆਸ ਜਾਗਦੀ ਹੈ ਇੰਜ ਇਨਸਾਨੀਅਤ ਦਾ ਜਨਮ ਹੁੰਦਾ ਹੈ ਮੁਲਕਾਂ ਵਿੱਚ ਰਿਸ਼ਤੇ ਉੱਗਦੇ ਨੇ ਅੰਬਰਾਂ ਤੇ ਨਾਂ ਲਿਖਦਾ ਹੈ ਕੋਈ ਰੀਝ ਜਨਮਦੀ ਹੈ ਚੰਦ ਦੀ ਭੁੱਖ ਨੱਚਦੀ ਹੈ ਧਰਤ ਦੀ ਨੰਗਧੜੰਗੀ ਦੁਨੀਆਂ ਲਿਟਦੀ ਹੈ ਰੇਤ 'ਚ ਲਿੱਬੜਦੀ ਹੈ ਖਿਡੌਣਿਆਂ ਬਦਲੇ ਰੋਂਦੀ ਹੈ ਸਾਰੇ ਤਾਰਿਆਂ ਲਈ ਬੋਲ ਨਾ ਕਿਰਦੇ ਜ਼ਿੰਦਗੀ ਦੀ ਗਵਾਹੀ ਨਹੀਂ ਸੀ ਹੋਣੀ ਸੁਪਨਿਆਂ ਨੇ ਨਹੀਂ ਸੀ ਕਿਸੇ ਰਾਤ ਚ ਜਨਮ ਲੈਣਾ ਵਿਯੋਗ ਨਹੀਂ ਸੀ ਲੱਗਣਾ ਇਸ਼ਕ ਨੂੰ ਝੱਗੇ ਫਰਾਕਾਂ ਨਹੀਂ ਸੀ ਕਿਸੇ ਨੇ ਮੰਗਣੀਆਂ ਵਲਵਲਿਆਂ ਦੇ ਵਾਵਰੋਲੇ ਨਹੀਂ ਵੜਣੇ ਸੀ ਕਿਸੇ ਪਿੰਡ ਦਾਦੀ ਨਾਨੀ ਨੂੰ ਲੋਰੀਆਂ ਨਹੀਂ ਸੀ ਆਉਣੀਆਂ ਮਾਸੀਆਂ ਮਾਮੀਆਂ ਤੋਂ ਪਿਆਰ ਨਹੀਂ ਸੀ ਲੱਭਣੇ ਨਾਨਕੀਆਂ ਭੈਣਾਂ ਨੇ ਰੋਟੀ ਪਕਾਉਂਦਿਆਂ ਵੀਰਾਂ ਨੂੰ ਨਹੀਂ ਸੀ ਯਾਦ ਕਰਨਾ

ਦੋਸਤ

ਮੋਹ ਭਰੇ ਤੰਦਾਂ ਵਿੱਚ ਸਾਹਾਂ ਨਾਲ ਉਣਿਆ ਪਿਆਰ ਅਤੇ ਵਿਸ਼ਵਾਸ਼ ਦਾ ਪ੍ਰਤੀਕ ਮੈਲੇ ਝੱਗੇ ਨਾਲ ਪਾਈ ਗਲਵੱਕੜੀ ਦੂਸਰੇ ਘਰੋਂ ਲਿਆਂਦਾ ਫੁੱਲ ਵਾਲਾ ਬੂਟਾ ਅਚਾਨਕ ਮਿਲਿਆ ਹਾਉਕਿਆਂ ਲਈ ਸਾਕ ਕੁੱਦਰਤੀ ਮਸਤੀ ਬਾਣ ਵਾਲੇ ਇੱਕ ਮੰਜ਼ੇ ਤੇ ਪੈ ਕੇ ਹਾਸੇ ਖਿਡਾਉਂਦੀ ਦੁਨੀਆਂ ਥਾਂ ਦੇਣ ਵਾਲਾ ਰਿਸ਼ੀ ਬਾਂਹ ਫ਼ੜ੍ਹਨ ਵਾਲਾ ਰਾਹ ਕੱਠੀ ਚੜਾਈ ਉਮਰ ਪੀਂਘ ਲੁਕ 2 ਚੋਰੀ ਬੇਰ ਤੋੜਦੀ ਯਾਰੀ ਕੱਠੇ ਪਸ਼ੂ ਚਾਰਦੇ ਗੀਤ ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾਉਂਦੇ ਪਲ ਬਾਹਾਂ ਚ ਬਾਹਾਂ ਪਾ ਕੇ ਮਚਲਦਾ ਸੰਸਾਰ ਆਂਦਰਾਂ ਚ ਵਗਦਾ ਸੱਚਾ ਜੇਹਾ ਹੁੰਗਾਰਾ ਖੂਨ ਵਰਗਾ ਰਿਸ਼ਤਾ-ਪਰਣ ਇਨਸਾਨੀ ਪੁਲ ਦੋ ਸਤਾਂ ਤੋਂ ਬਣਿਆ ਪਵਨ ਚ ਉਡਾਉਣ ਵਾਲਾ ਕਾਗਤ ਦਾ ਜ਼ਹਾਜ ਮੀਂਹ ਦੇ ਪਾਣੀ ਚ ਛੱਡੀ ਬੇੜੀ ਛੱਪੜ ਚ ਮੱਝਾਂ ਦੀਆਂ ਪੂੰਛਾਂ ਫ਼ੜ੍ਹ ਨਾਹੁੰਦਾ ਰੱਬ ਲਮਕਦੇ ਝੱਗੇ ਦੀ ਖੇਤ ਚ ਲੰਮੀ ਮਿਰਜ਼ੇ ਦੀ ਹੇਕ ਕਿਤੇ 2 ਸੋਹਣੀ ਜੇਹੀ ਪਿੰਡ ਦੀ ਮਹਿਕ ਦੀ ਗੱਲ ਤੇ ਦਿਲਾਂ ਚ ਜਾਗਦੀ ਸੱਜਰੀ ਤੜਪਨ ਸਚਾਈ ਅਤੇ ਵਿਸ਼ਵਾਸ਼ ਦੇ ਧੁਰੇ ਤੇ ਘੁੰਮਦੇ ਦੋ ਪਹੀਏ ਇੱਕ ਤੋਂ ਵੱਧ ਹੋ ਕੇ ਜ਼ੋਰ ਲਾਉਣ ਵਾਲੀ ਮੰਜ਼ਿਲ ਵੱਲ ਝਾਕਦੀ ਜੋੜੀ ਆਂਢ-ਗੁਆਂਢ ਚੋਂ ਲੱਭਾ ਸੱਚ ਸਕੂਲ ਅਤੇ ਕਾਲਜ ਚੋਂ ਮਿਲਿਆ ਜਮਾਤੀ ਸਹਿਪਾਠ ਸਾਹ ਤੇ ਲਹੂ ਦਾ ਨੌਕਰੀ ਦੀਆਂ ਕੁਰਸੀਆਂ ਚੋਂ ਲੱਭਾ ਸਹਿਕਰਮ ਬਿਨ੍ਹਾਂ ਪੁੱਛ-ਪੜਤਾਲ ਫ਼ੇਸ ਬੁੱਕ ਤੇ ਟੱਕਰੀ ਲਾਈਕ ਤੇ ਮਿਲੀ ਵਾਹ 2- 40-45 ਸਾਲਾਂ ਬਾਅਦ ਲੱਭੀ ਗੁਆਚੀ ਤੜਾਗੀ ਅੰਧੇਰੇ ਰਾਹ ਵਿੱਚ ਜਗਦੀ ਬੁਝਦੀ ਲਾਲਟੈਣ ਸੜਕ ਕਿਨਾਰੇ ਲੱਗੀ ਟਿਊਬ ਫੁੱਲਾਂ ਦੀ ਮਹਿਕ ਵਰਗਾ ਮਾਰਗਦਰਸ਼ਨ ਇਕਸਾਰ ਰੁੱਚੀਆਂ ਵਾਲਾ ਗੀਤ ਹਮਖਿਆਲ ਪੈੜਾਂ ਮਿੱਧਦਾ ਰਾਹ ਇਕ ਦੂਸਰੇ ਨੂੰ ਸਮਰਪਿਤ ਸਾਹ ਸਨੇਹ ਪਿਆਰ ਗਿਲੇ ਸ਼ਿਕਵੇ ਗਰੀਟਿੰਗ ਕਾਰਡ, ਤੋਹਫ਼ੇ ਅਤੇ ਫ਼ਰੈਡਸ਼ਿਪ ਬੈਂਡ ਜ਼ਿੰਦਗੀ ਜਿਉਣ ਲਈ ਲੱਭਾ ਆਸਰਾ ਉਮਰਾਂ ਦੀਆਂ ਸਮੱਸਿਆਵਾਂ ਦਾ ਹੱਲ ਸੱਤ ਰੰਗਾ ਪਤੰਗ ਕਬਰਾਂ ਤੱਕ ਦਾ ਸਾਥ ਹਮੇਸ਼ਾ ਦੀ ਉਡੀਕ ਤੇ ਸਹਾਰਾ ਨੰਗ ਭੁੱਖ ਦੀ ਬੇਪ੍ਰਵਾਹੀ ਗਲਤੀਆਂ ਸੁਧਾਰਦਾ ਅੰਬਰ ਨਾ ਗਵਾਉਣ ਵਾਲਾ ਹੀਰਾ ਦੋ ਸਰੀਰ ਇੱਕ ਧੜਕਦਾ ਦਿਲ ਜਾਤ-ਪਾਤ ਤੋਂ ਰਹਿਤ ਸਾਕਾਰ ਰੂਪ ਲੋੜ ਪੂਰਤੀ ਮਿੱਠੇ ਪਾਣੀ ਦੀ ਛਬੀਲ ਚੁੱਪ ਧਾਰ ਦਿਲ ਦੀਆਂ ਗੱਲਾਂ ਸੁਣਦੇ ਦੋ ਦਿਲ ਸੰਘਣਾ ਰੁੱਖ ਅੱਡਾ ਜਿਥੇ ਜਿੰਦਗੀ ਦੀਆਂ ਘਟਨਾਵਾਂ ਦਾ ਫਿਕਰ ਤੇ ਜ਼ਿਕਰ ਖੁਸ਼ਹਾਲੀ ਮੰਦਹਾਲੀ ਦੀ ਚਰਚਾ ਖੁਸ਼ਗਵਾਰ ਜੁੰਮੇਵਾਰੀ - ਜਿਸ ਬਿਨ ਜਿੰਦਗੀ ਨਾ ਕਿੱਲਕਾਰੀ ਨਾ ਜਿਹਨਾਂ ਫੁੱਲਾਂ ਬਿਨ ਧਰਤ ਫੁੱਲਕਾਰੀ ਨਾ ਘਰ ਦੀ ਸਰਕਾਰ ਵਰਗਾ ਅੱਧਰਿੜਕਿਆ ਦੁੱਧ ਮਸਾਲੇਦਾਰ ਚਾਹ ਦਾ ਪਹਿਲਾ ਘੁੱਟ ਹਿੱਕ ਨਾਲ ਲਾ ਕੇ ਰੱਖਣ ਵਾਲਾ ਜਿੰਦਗੀ ਦੇ ਹਾਰ ਦਾ ਸੁੱਚਾ ਮੋਤੀ ਮਾਲਾ ਦਾ ਮਣਕਾ ਜਿੰਦਰੇ ਲਾਕੇ ਕੁੰਜੀਆਂ ਵਟਾ ਲੈਣ ਵਾਲਾ ਭੇਤ ਕਦੇ ਨਾ ਪੁਰਾਣੀ ਹੋਣ ਵਾਲੀ ਕਹਾਣੀ ਉਮਰਾਂ ਦੀ ਮਹਿੰਗੀ ਕਮਾਈ

ਤੂੰ ਨੱਚਿਆ ਕਰ

ਤੂੰ ਨੱਚਿਆ ਕਰ ਜਿਵੇਂ ਮੋਰਨੀ ਕਾਇਨਾਤ ਸਾਜਦੀ ਹੈ ਜੋਗਣ ਘੁੰਮੇਰ ਬਣਦੀ ਹੈ ਲਾਲ ਚੂੜੇ ਨੂੰ ਸਹੁਰੀੰ ਵਿਹੜੇ ਚ ਗਿੱਧੇ ਨੂੰ ਲੋਹੜਾ ਆਉੰਦਾ ਹੈ ਤੂੰ ਹੱਸਿਆ ਕਰ ਜਿਵੇਂ ਨਵਾਂ ਦਿਨ ਚੜ੍ਹਦਾ ਹੈ ਤੇਰੇ ਰੂਪ ਵਰਗਾ ਫੁੱਲ ਖਿੜ੍ਹਦਾ ਹੈ ਪਹਿਲਾ ਕੁਆਰੀ ਹਿੱਕ ਤੇ ਤੂੰ ਟੁਰ ਜਿਵੇਂ ਨਦੀ ਵਗਦੀ ਹੈ ਲਹਿਰਾਂ ਸੰਗ ਸੱਪਣੀ ਸਿੱਖਦੀ ਹੈ ਮੇਲਣਾਂ ਯਾਦਾਂ ਚ ਕੋਈ ਪਹਿਲਾ ਇਸ਼ਕ ਫਿਰ ਨਾਲ ਤੁਰ ਪੈੰਦਾ ਹੈ ਉਂਗਲ ਫ਼ੜ ਕੇ ਤੂੰ ਗਾਇਆ ਕਰ ਜਿਵੇਂ ਪੋਟਿਆਂ ਨਾਲ ਰਬਾਬ ਗਾਉਂਦੀ ਹੈ ਸੰਗੀਤ ਨਾਲ ਸੁਰਾਂ ਖੇਤਾਂ ਚ ਮਿਰਜ਼ਾ ਜਾਂ ਹੀਰ ਦੀ ਹੇਕ ਬਣ ਕੰਨ ਤੇ ਤੂੰ ਪਹਿਨ ਮੈਂਨੂੰ ਉਸ ਸੂਟ ਵਾਂਗ ਜੋ ਸੋਹਣੇ ਦੇ ਕਹਿਣ ਤੇ ਪਹਿਨੀਦਾ ਜੋ ਤੇਰੇ ਵਰਗਾ ਜਾਪਦਾ ਹੈ ਨਿਰਾ ਪੁਰਾ ਤੂੰ ਮੈਂਨੂੰ ਚੇਤੇ ਚ ਵਸਾ ਜਿਵੇਂ ਵਿਜੋਗ ਦੀ ਚੀਸ ਪਵੇ ਸਾਹਾਂ ਨੂੰ ਰੱਖੀਦਾ ਰਗਾਂ 'ਚ ਯਾਦ ਕਰੀ ਦਾ ਕਿਸੇ ਆਪਣੇ ਨੂੰ ਠੋਡੀ ਹੇਠ ਅੰਗ਼ੂਠਾ ਰੱਖ ਤੇ ਗੱਲਹ ਚ ਉੰਗਲੀ ਖੋਭ ਕੇ ਤੂੰ ਪੜ੍ਹਿਆ ਕਰ ਮੈਂਨੂੰ ਜਿਵੇਂ ਸੋਹਣੀ ਕਿਤਾਬ ਵਾਰ ਵਾਰ ਪੜ੍ਹੀਦੀ ਹੈ ਸਤਰਾਂ ਅੰਡਰ ਲਾਈਨ ਕਰ ਕੇ ਫਿਰ ਦੁਬਾਰਾ ਸਫ਼ਾ ਥੱਲ ਥੱਲ ਤੁੰ ਨਜ਼ਮ ਬਣ ਜਿਵੇਂ ਸ਼ਾਇਰ ਨਾਲ ਵਸਦੀ ਹੈ ਉਹ ਲਿਖਦੀ ਹੈ ਉਸਦਾ ਪਲ ਪਲ ਹੰਢਾਉੰਦੀ ਹੈ ਜਿੰਦਗੀ ਦਾ ਹਰ ਦਿਨ ਤੂੰ ਸਿਮਰਨ ਕਰਿਆ ਕਰ ਜਿਵੇਂ ਇਸ਼ਕ ਦੀ ਪੀੜ੍ਹ ਜਾਗਦੀ ਹੈ ਨੈਣਾਂ ਨੂੰ ਮਸਤੀ ਜਗ੍ਹਾਉੰਦੀ ਹੈ ਕੱਚੇ ਕੁਆਰੇ ਅੰਗਾਂ ਨੂੰ ਅੰਗੜਾਈਆਂ ਉਠਾਉੰਦੀਆਂ ਨੇ ਸੌੰਇਆ ਕਰ ਏਦਾਂ ਜਿਵੇਂ ਲੱਪ ਕੁ ਰੀਝਾਂ ਲੈ ਕੇ ਮੁੱਠਾਂ ਚ ਸੁਪਨੇ ਸੁੱਖ ਮੰਗ ਨਾਲ ਸੁਆ ਕੇ ਤੂੰ ਗੁਆਚਿਆ ਕਰ ਜਿਵੇਂ ਮਹਿਬੂਬ ਦੇ ਵਿਛੋੜੇ ਦੀ ਯਾਦ ਚ ਗੁੰਮੀਦਾ ਤੂੰ ਮਿਲਿਆ ਕਰ ਜਿਵੇਂ ਪਹਿਲਾ ਮਿਲਣ ਹੋਵੇ ਚਾਹਤ ਮਿਲਦੀ ਹੈ ਸੁਹਾਗ ਰਾਤ ਨੂੰ ਵਟਣੇ ਦਾ ਜਿਵੇਂ ਚਾਅ ਕੁਆਰੇ ਅੰਗਾਂ ਨੂੰ ਚੜ੍ਹਦਾ ਹੈ ਤੂੰ ਚੁੱਕ ਖਿਡਾਇਆ ਕਰ ਜਿਵੇਂ ਕੋਈ ਨਵੀਂ ਧਰਤ ਵਹੁਟੀ ਲਾਡਲੇ ਗੀਗੇ ਨੂੰ ਭਰੀ ਡੁੱਲਦੀ ਹਿੱਕ ਤੇ ਖਿਡਾਉੰਦੀ ਹੈ

ਚੱਲ ਏਥੋਂ ਚੱਲੀਏ

ਚੱਲ ਏਥੋਂ ਚੱਲੀਏ ਹਰ ਪਾਸੇ ਹਨੇਰ ਝੋਰਿਆਂ ਚ ਰਾਤ ਸੌਂਵੇਂ ਜਾਗੇ ਤੌਖ਼ਲੀਂ ਸਵੇਰ ਅੰਬਾਂ ਦੇ ਬੂਟਿਆਂ 'ਤੇ ਉਦਾਸ ਜੇਹੀ ਰੁੱਤ ਗੀਗਿਆਂ ਦੇ ਚਾਅ ਸਾਂਹਵੇਂ ਖ਼ੁਰ ਜਾਂਦੀ ਕੁੱਖ਼ ਰਾਹੀਂ ਚੁਰਾਹੀਂ ਸਾਰੇ ਲਾਸ਼ਾਂ ਦੀ ਹਵਾੜ ਡੀਕ ਗਈ ਢਾਣੀਆਂ ਸੁੱਤੀ ਵਿਹੜੀਂ ਉਜਾੜ ਘੜ੍ਹਿਆਂ ਦੇ ਪਾਣੀਆਂ ਤੋਂ ਝੜ੍ਹਿਆ ਇਤਬਾਰ ਸੁੱਕੇ ਪਿਆਸੇ ਰੁੱਖ ਖੜ੍ਹੇ ਸੱਖਣੇ ਬਜ਼ਾਰ ਤਾਰਿਆਂ ਦੀ ਪਰਾਤ ਵਿਚ ਡੁੱਲ੍ਹਿਆ ਸੰਧੂਰ ਵੰਗਾਂ ਦੇ ਟੋਟਿਆਂ ਚ ਡੋਲੀ ਚੜ੍ਹੀ ਹੂਰ ਸ਼ਾਮ ਦੀ ਗਹਿਰ ਬਣੀ ਖ਼ੂਨੀ ਤਕਦੀਰ ਈਮਾਨ ਦੀ ਹਿੱਕ ਵਿਚ ਡੁੱਬੀ ਸ਼ਮਸ਼ੀਰ ਸੱਜਰੀ ਸਵੇਰ ਵੇਲੇ ਬਰੂਹਾਂ ਚ ਕਾਂਡ ਦਿਲਾਂ ਚ ਬਾਤਾਂ ਲੈ ਸੌਂ ਜਾਣ ਗਵਾਂਢ ਪੌਣਾਂ ਗਲ 'ਗੂਠੇ ਖੰਜ਼ਰ ਨੇ ਰਾਹਵੀਂ ਧਰਤੀ ਨੂੰ ਗਸ਼ ਤਾਰੇ ਨੇ ਚਿਖਾਵੀਂ ਸੀਨਿਆਂ 'ਚ ਚੁੱਪ ਮੋੜਾਂ ਤੇ ਸੰਗੀਨਾਂ ਟਕਿਆਂ ਨੂੰ ਸੀਨੇ ਮਹਿੰਗੀਆਂ ਜ਼ਮੀਨਾਂ ਘਰੋ ਘਰੀ ਟੁਰ ਗਈ ਆਈ ਮੁਲਾਕਾਤ ਕਣਕ ਦੇ ਵਿਆਹ ਵੇਲੇ ਢੁੱਕੀ ਬਰਸਾਤ ਬਹਾਰ ਦੀ ਰੁੱਤੇ ਕਾਇਨਾਤ ਭੁੱਲੀ ਗੀਤ ਤਲੀਆਂ ਤੋਂ ਮਹਿੰਦੀ ਖੁਰੀ ਖ਼ਾਮੋਸ਼ ਹੈ ਪਰੀਤ ਪਲਕਾਂ ਤੋਂ ਨਾ ਪੂੰਝ ਹੁਸਨ ਦਾ ਸਰੂਰ ਰੋਜ਼ ਨਹੀਂ ਮਰਨਾ ਤਾਰਿਆਂ ਦਾ ਪੂਰ ਏਦਾਂ ਨਹੀਂ ਰੋਜ਼ ਢੱਲਣੀ ਦੁਪਹਿਰ ਬਹੁਤ ਮਹਿਕਾਂ ਫੁੱਲ ਏਥੇ ਵਸੇ ਰਹਿਣੇ ਸ਼ਹਿਰ ਨਿੱਤ ਨਹੀਂ ਰਹਿਣੀ ਅੰਬਰਾਂ ਤੇ ਗਹਿਰ ਹਰ ਵੇਲੇ ਲੰਘਣੇ ਨਹੀਂ ਧਰਤ ਉੱਤੋਂ ਕਹਿਰ

ਅਸੀਂ ਤਾਂ ਚਿੜੀਆਂ

ਅਸੀਂ ਤਾਂ ਚਿੜੀਆਂ ਪਰ ਕੱਟੀਆਂ ਮੁੱਦਤਾਂ ਤੋਂ ਪਾਈਆਂ ਪਿੰਜਰੇ ਵੇ ਤੂੰ ਸਾਨੂੰ ਕਾਹਨੂੰ ਮਾਰੇਂ ਜਿੰਦਰੇ ਸਾਡਾ ਵੀ ਸੀ ਇੱਕ ਚੰਬਾ ਸਖ਼ੀਆਂ ਦਾ ਝੁਰਮਟ ਚੰਨ ਤਾਰਿਆਂ ਨਾਲ ਜਾਂ ਓਹਦੇ ਲਾਰਿਆਂ ਦੇ ਨਾਲ ਖੇਡਦਾ ਉਡਣਾ ਚਾਹਿਆ ਉਡ ਨਾ ਸਕੀਆਂ ਰਾਹ ਨਾ ਲੱਭੇ ਕੰਧਾਂ ਉੱਚੀਆਂ ਸਾਹ ਸਨ ਅੱਧ ਪਚੱਧੇ ਰੀਝਾਂ ਸਨ ਕਿੱਲੀਆਂ ਤੇ ਟੰਗੀਆਂ ਰਹਿ ਗਈਆਂ ਹਿੱਕਾਂ ਵਿਚ ਲੁਕੇ ਚਾਅ ਗੁੱਡੀਆਂ ਪਟੋਲਿਆਂ ਨਾਲ ਖੇਡਦੇ ਰਹਿ ਗਏ ਵਿਹੜੇ ਦੇ ਫ਼ਰਸ਼ ਤੇ ਗੀਟਿਆਂ ਦੇ ਨਿਸ਼ਾਨ ਅਜੇ ਵੀ ਪਏ ਹਨ ਸਹਿਕਦੇ ਕੁਝ ਪੋਟਿਆਂ ਦੀਆਂ ਬੋਲੀਆਂ ਖਬਰੇ ਕਿਉਂ ਚੰਬਿਆਂ ਨੂੰ ਝਿੜਕਾਂ ਰੱਖਦਾ ਵੀਰ ਕਿਉਂ ਵੱਡਾ ਬਿੜਕਾਂ ਅੰਮੜੀ ਦੇ ਹੱਥੋਂ ਮਿਲੀਆਂ ਪੂਣ ਸਲਾਈਆਂ ਦਸੂਤੀ ਤੇ ਕੱਢਣ ਲਈ ਰੰਗ ਬਿਰੰਗੇ ਧਾਗੇ ਤੇ ਚਿੜੀਆਂ ਮੋਰਾਂ ਲਈ ਰੰਗ ਓਦੋਂ ਅਜੇ ਅਸੀਂ ਏਨਾ ਹੀ ਜਾਣਦੀਆਂ ਸਾਂ ਕਿ ਚੰਨ ਪ੍ਰਾਹੁਣੇ ਹੁੰਦੇ ਚਾਨਣੀਆਂ ਵਿਚ ਬਹਿੰਦੇ ਲਹਿੰਦੇ ਛੁਹਾਂ ਨਾਲ ਕਦੇ ਕੁਝ ਕਹਿੰਦੇ ਆਂਢ ਗੁਆਂਢ ਚ ਕਈ ਚਿੜੀਆਂ ਆਈਆਂ ਸੂਹੇ ਚੂੜੇ ਪਾ ਕੇ ਟਿੱਕੇ ਲਾ ਕੇ ਸੁੰਨੇ ਵਿਹੜੇ ਛਣ ਛਣ ਕਰਨ ਲਾ ਦਿੱਤੇ ਓਸ ਰੁੱਤੇ ਸਾਡੀਆਂ ਹਥੇਲੀਆਂ ਨੇ ਵੀ ਮਹਿੰਦੀ ਦਾ ਸੁਫ਼ਨਾ ਡਰ ਡਰ ਕੇ ਲਿਆ ਅੰਗਾਂ ਨੇ ਵਟਣਾ ਮੰਗਿਆ ਸੰਗ ਸੰਗ ਅੰਦਰ ਵੜ੍ਹ ਕੇ ਓਦੋਂ ਅਸਾਂ ਕੁਝ ਚਾਅ ਉਡਾਏ ਤਾੜ ਤਾੜ ਕੇ ਪਿੰਜਰੇ ਬੂਹੀਂ ਜਿੰਦਰੇ ਨਿੱਕੀਆਂ ਨਿੱਕੀਆਂ ਬਾਂਹੀਂ ਟਹਿਣੀਆਂ ਕੋਂਪਲ ਡੋਡੀਆਂ ਭਰੀਆਂ ਸੁੱਕੀਆਂ ਰੀਝਾਂ ਚੰਨ ਵੱਲ ਝਾਕਣ ਹੋ ਗਈਆਂ ਹਰੀਆਂ ਹਰੀਆਂ ਸੂਰਜ ਰਿਸ਼ਮੀਂ ਫੁੱਲ ਕਈ ਖਿੜ੍ਹ ਪਏ ਸਿਖ਼ਰ ਦੁਪਹਿਰਾਂ ਡਰੀਆਂ ਅੱਖਾਂ ਨੂੰ ਆ ਗਿਆ ਤੱਕਣਾ ਨਜ਼ਰਾਂ ਨੂੰ ਕੱਤਣਾ ਬੂਟੇ ਮੁੜ੍ਹ ਮੁੜ੍ਹ ਦੇਖਣ ਲੱਗੇ ਇਹੋ ਜੇਹੀ ਨਜ਼ਰ ਅਵੱਲੀ ਲੱਗੀ ਅੱਗ ਪਲ ਸੇਕਣ ਲੱਗੇ ਵੰਗਾਂ ਛਣਕਣ ਲੱਗੀਆਂ ਦਿਨਾਂ ਨੂੰ ਰੜ੍ਹਕਣ ਲੱਗੀਆਂ ਰਾਤਾਂ ਚ ਭਟਕਣ ਲੱਗੀਆਂ ਤਾਰਿਆਂ ਖੌਰੂ ਸੁਣਿਆਂ ਸੂਰਜ ਜਗਣੋਂ ਭੁੱਲਣ ਲੱਗੇ ਚਾਦਰਾਂ ਉੱਤੇ ਕੱਢੇ ਸੁਫ਼ਨੇ ਦਿਨੇ ਦੁਪਹਿਰੇ ਡੁੱਲਣ ਲੱਗੇ ਖਬਰੇ ਕਿੱਧਰੋਂ ਪਰ ਆਏ ਅੱਖਾਂ ਭੁੱਲੀਆਂ ਪਛਾਣਾਂ ਨਜ਼ਰਾਂ ਤੋਂ ਮਸਾਂ ਲੁਕੋਈਆਂ ਅੰਗਾਂ ਤੇ ਆਈਆਂ ਉਡਾਣਾਂ ਅਸੀਂ ਤਾਂ ਚਿੜੀਆਂ ਵੇ ਡਾਰਾਂ ਨਾਲੋਂ ਟੁੱਟੀਆਂ ਅੱਖਾਂ ਨਾ ਸਾਨੂੰ ਦੇਖਣ ਦੇਵਣ ਲਾਹ ਚਾਵਾਂ ਨਾਲੋਂ ਸੁੱਟੀਆਂ

ਚੁੱਪ ਚੁੱਪ ਰਾਤ

ਚੁੱਪ ਚੁੱਪ ਰਾਤ ਭਰੀ ਹੈ ਸੁਗੰਧੀਆਂ ਦੀ ਕਿੱਡੀ ਸੋਹਣੀ ਤਾਰਿਆਂ ਦੀ ਲੋਅ ਇੱਕ ਤੇਰਾ ਮੁੱਖ ਗਜ਼ਲ਼ ਦੀ ਤਰਨਮ ਜੇਹਾ ਸੁਰ ਚ ਲਿਆ ਹੱਸਦਾ ਪਰੋਅ ਕੋਸਾ ਕੋਸਾ ਸੇਕ ਤੇਰੇ ਅੰਗਾਂ ਵੱਲੋਂ ਆਇਆ ਅਸੀਂ ਸਾਹਾਂ ਵਿਚ ਲਿਆ ਹੈ ਲੁਕੋ ਚਿੱਟੇ ਚਿੱਟੇ ਦੰਦਾਂ ਵਿਚੋਂ ਉੱਡਦਿਆਂ ਹਾਸਿਆਂ ਨੂੰ ਹੋਟਾਂ ਦੀ ਪੈ ਜਾਵੇ ਕਦੇ ਖੋਅ ਡੁੱਲਦੀ ਜਵਾਨੀ ਕੁਆਰੇ ਜੇਹੇ ਅੰਗਾਂ ਵਿਚੋਂ ਮੱਲੋ ਮੱਲੀ ਪੈਂਦੀ ਝੱਟ ਚੋਅ ਕਿਹੋ ਜੇਹੇ ਆਏ ਦਿਨ ਚੰਦਰੀਆਂ ਵੰਗਾਂ ਉੱਤੇ ਲੱਭਦੇ ਨੇ ਚੰਨੜੇ ਦੀ ਛੁਹ ਪਾਇਆ ਭੋਰਾ ਨਖ਼ਰਾ ਸੀ ਨਜ਼ਰਾਂ ਨਿਮਾਣੀਆਂ ਚ ਹੰਝੂਆਂ ਨੇ ਦਿਤਾ ਸਾਰਾ ਧੋਅ ਕਿੱਦਾਂ ਕੋਈ ਹਰਾ ਕਰੇ ਫੁੱਲ ਨੀ ਕਿਤਾਬ ਵਾਲਾ ਪਾਰਕ ਦੀਆਂ ਯਾਦਾਂ ਦਾ ਮੋਹ ਤੇਰੇ ਵੇ ਖਿਆਲ ਵਿਚ ਚੀਰੇ ਦੇ ਜਲਾਲ ਵਿਚ ਚੌਦਵੀਂ ਦੇ ਚੰਨਾਂ ਦੀ ਨਾ ਖੋਹ ਏਧਰ ਨੂੰ ਮੁੱਖ ਕਰ ਬਾਹਵਾਂ ਦਾ ਜਰਾ ਸੁੱਖ ਕਰ ਉਰਾਂ ਹੋ ਕੇ ਜ਼ਰਾ ਤੂੰ ਖਲੋਅ ਰਹਿਣ ਦੇ ਵੇ ਦੇਖਦਾ ਜਹਾਨ ਭੈੜਾ ਚੰਦਰਾ ਤੂੰ ਇਸ਼ਕ ਦੇ ਬੂਹੇ ਨਾ ਵੇ ਢੋਅ ਕਿੰਜ਼ ਕੋਈ ਲੰਘਾਵੇ ਰਾਤਾਂ ਉਨੀਂਦਰੀਆਂ ਸਵਾਵੇ ਬਾਤਾਂ ਬੰਸਰੀ ਦੇ ਛੇਕ ਪੈਣ ਰੋਅ

ਤੂੰ ਹੀਂ ਹੋਵੇਂਗੀ

ਤੂੰ ਹੀਂ ਹੋਵੇਂਗੀ ਹੋਰ ਕੌਣ ਹੋ ਸਕਦਾ ਹੈ- ਸੱਜਰੀ ਸਵੇਰ ਵਰਗਾ ਨੈਣ ਨਕਸ਼ ਸਾਰੇ ਸੋਹਣੀ ਗਜ਼ਲ ਵਰਗੇ- ਮਹਫ਼ਿਲ ਸਾਰੀ ਸੁੰਨ੍ਹ ਜੇਹੀ ਹੋ ਗਈ ਸੀ ਤੱਕ ਤੱਕ ਤੈਨੂੰ ਟੋਰ ਵੀ ਵਧੀਆ ਮਹਿਕਦੇ ਸ਼ੇਅਰਾਂ ਵਰਗੀ ਇੱਕ ਤੋਂ ਇੱਕ ਵੱਧ ਕਦਮ ਜਿਵੇਂ ਪੈਲੀਂ ਮਸਤੀ-ਮੋਰਨੀ ਗਿੱਲੇ ਕਾਲੇ ਵਾਲ ਛੰਡਦੀ ਬੱਦਲੀ ਛੱਤ ਤੇ ਖਬਰੇ ਸਤਰਾਂ ਦੀ ਵਡਿਆਈ ਸਰਘੀ ਲੈ ਜਿਵੇਂ ਰਿਸ਼ਮਾਂ ਆਈ ਇੱਕ ਇੱਕ ਹਰਫ਼ ਸੁਰਮ ਸਿਲਾਈ ਚਾਨਣੀ ਹਿੱਕ ਜਿਵੇਂ ਭਰੀ ਭਰਾਈ ਓਦਣ ਚੰਨ ਓਹਲੇ ਹੋ ਕੇ ਛੁਪ ਗਿਆ ਸੀ ਜਦੋਂ ਤੇਰੇ ਆਉਣ ਨਾਲ ਰਾਤ ਖਿੜ੍ਹ ਗਈ ਸੀ ਸੁਗੰਧੀਆਂ ਦੀ ਬਰਸਾਤ ਹੋਈ ਤੇਰੇ ਨਾਲ ਪਹਿਲੀ ਮੁਲਾਕਾਤ ਹੋਈ ਹਰ ਪੱਬ ਤੇ ਨੱਚ ਉੱਠੇ ਸਿਤਾਰੇ ਪਰਬਤ ਵਾਦੀ ਚੁੱਪ ਨਜ਼ਾਰੇ ਦੂਰੋਂ ਸੁਪਨੇ ਸੇਕਣ ਸਾਰੇ- ਸੁੱਚੇ ਦਰਪਣ ਅਰਸ਼ ਹੁਲਾਰੇ ਦਿੱਲ ਕਰਦਾ- ਇੱਕ ਰੁੱਖ ਕਹਿੰਦਾ ਸੀ ਹੱਥ ਚ ਤੇਰਾ ਹੱਥ ਘੁੱਟ ਲਵਾਂ ਤੇ ਭੁੱਲ ਜਾਵਾਂ ਮੈਂ ਆਲਮ ਸਾਰਾ ਜਿਵੇਂ ਅਰਸ਼ ਹੋਵੇ ਹੇਠ ਮੈਂ ਉਡਾਂ ਤੇਰੇ ਨਾਲ ਉਸ ਤੋਂ ਵੀ ਉਪਰ ਤੇਰੇ ਕੋਲ ਖਬਰੇ ਕੀ ਮੰਤਰ ਟੁਰਦੀ ਜਾਂਵੇਂ ਲੋਅ ਨਿਰੰਤਰ ਓਸ ਦਿਨ ਪੰਛੀਆਂ ਨੇ ਚੁੱਪ ਧਾਰ ਲਈ ਸੀ ਤੇਰੇ ਗੀਤ ਸੁਣਨ ਲਈ ਮੰਤਰਮੁਗਧ ਕੀਤੀ ਤੈਂ ਸਾਰੀ ਕਾਇਨਾਤ ਜਿਵੇਂ ਬੀਨ ਤੇ ਸਰਪ ਮੁਗਧ ਹੋਵੇ ਨੱਚਦਾ ਮਰਮਰ ਦੀ ਕੋਈ ਜਾਂਪੇ ਬੁੱਤ ਗੋਦੀ ਚੰਨ ਗੋਰਾ ਜੇਹਾ ਪੁੱਤ ਪੱਤਝੜ ਉਮਰੇ ਹੁਸਨ ਦੀ ਰੁੱਤ ਅੰਬਰੀ ਲੱਕ 'ਤੇ ਸੱਪਣੀ ਗੁੱਤ ਤੂੰ ਆਂਵੇਂ ਤਾਂ ਪਿੰਡ ਵਸਦਾ ਹੈ ਹਰ ਰੁੱਖ ਚੰਦਰਾ ਦੁੱਖ ਦੱਸਦਾ ਹੈ ਫੁੱਲ ਨਵੇਂ ਖਿੜ੍ਹਨ ਗੁਲਾਬੀਂ ਸੁਰ ਨਵੇਂ ਤਰਨ ਰਬਾਬੀਂ ਨਜ਼ਮਾਂ ਸਫ਼ੇ ਤੁਰਨ ਕਿਤਾਬੀਂ ਰੰਗ ਵਟਣੇ ਦੇ ਚੜ੍ਹਣ ਸ਼ਬਾਬੀਂ ਜੋਬਨ ਡੁੱਲੇ ਰੁੱਤ ਕੁਆਰੀ ਅੰਗ ਅੰਗ ਨੂੰ ਚੜ੍ਹੀ ਖ਼ੁਮਾਰੀ ਚੰਨ ਕਿਸੇ ਨੂੰ ਲੱਭਦੀ ਹਾਰੀ ਖੁਸ਼ਬੂ ਕਿਰਦੀ ਜਾਵੇ ਸਾਰੀ ਸਿਖ਼ਰ ਦੁਪਹਿਰਾ ਚਾਅ ਅੰਬਾਂ ਦਾ ਇਸ਼ਕ ਕੋਈ ਲੱਭਦਾ ਰਾਹ ਖੰਭਾਂ ਦਾ ਆਵੇ ਕੋਈ ਦਿੱਲ ਜੇਹਾ ਖੋਲ੍ਹੇ ਮਿਲਣਾ ਚਾਹੇ ਓਹਲੇ ਓਹਲੇ ਦੁਨੀਆਂ ਨੂੰ ਕੋਈ ਖ਼ਬਰ ਨਾ ਲੱਗੇ ਇੰਜ਼ ਮਿਲੀਏ ਨੀ ਪਹਿਲੀਏ ਅੱਗੇ ਮਿਸਰਾ ਆਪੇ ਸ਼ੇਅਰ ਹੈ ਬਣਨਾ ਜਦ ਬਣ ਸੰਵਰ ਪੱਬ ਬਾਹਰ ਤੂੰ ਧਰਨਾ ਹੁਸਨ ਨੇ ਜਦ ਛੱਤ ਤੇ ਚੜ੍ਹਨਾ ਵਾਲ ਸੁਕਾਉਣ ਬਹਾਨਾ ਘੜ੍ਹਨਾ ਹੁਸਨ ਇਸ਼ਕ ਨੂੰ ਅੱਗ ਨੇ ਖਾਣਾ ਚਾਨਣੀ ਨੇ ਚੰਨ ਜੰਮਣ ਜਾਣਾ ਗੱਲਾਂ ਸਨ ਸੱਭ ਮਿੱਠੀਆਂ ਮਿੱਠੀਆਂ ਖਬਰੇ ਕਿੱਥੋਂ ਆਈਆਂ ਚਿੱਠੀਆਂ ਇਹੋ ਜੇਹੀਆਂ ਨਾ ਦਿਸਣ ਹਵਾਵਾਂ ਭਰ ਭਰ ਡੁੱਲ੍ਹਣ ਪਹਿਲੇ ਚਾਵਾਂ ਮੱਥੇ ਤਾਰੇ ਰਾਹੀਂ ਛਾਂਵਾਂ ਡਾਹ ਤੂੰ ਹਿੱਕ ਮੈਂ ਗੀਤ ਵਿਛਾਵਾਂ ਗਜ਼ਲੇ ਨੀ ਓਹਦੇ ਵਰਗੀ ਹੋ ਜਾ ਪੋਲੇ ਪੱਬ ਧਰ ਹਿੱਕ ਚ ਸਮੋ ਜਾ ਕੁਝ ਗੰਢਾਂ ਤਾਂ ਗ਼ਮ ਦੀਆਂ ਧੋ ਜਾ ਸਾਹੀਂ ਡੁੱਲ੍ਹਦਾ ਹੁਸਨ ਪਰੋ ਜਾ ਪਲ ਉਡੀਕ ਦੇ ਦਰੋਂ ਹੂੰਝਦੇ ਉਦਾਸ ਰਾਤ ਦੇ ਹੰਝੂ ਪੂੰਝਦੇ ਤੂੰ ਆਈ ਤਾਂ ਖੁਸ਼ੀਆਂ ਆਉਣਾ ਨਵਾਂ ਸੂਟ ਸਮਾਇਆ ਪਾਉਣਾ ਗ਼ਮ ਚੁੱਕ ਨਵਾਰੀ ਪਲੰਘ ਹੈ ਡਾਉਣਾ ਫਿਰ ਤੈਨੂੰ ਹੋਟਾਂ ਸੰਗ ਲਾਉਣਾ

ਮਿੱਟੀਏ ਨੀ

ਮਿੱਟੀਏ ਨੀ ਧਰਤ ਸੁਹਾਗਣੇ ਤੇਰੇ ਕੁੱਖ ਵਿਚ ਸੂਰਜ ਸੌਣ ਚਮਕਣ ਚੰਦ ਤੇ ਤਾਰੇ ਚਵਰ ਕਰਦੀ ਪੌਣ ਰੁੱਖ ਤੇਰਾ ਟੁੱਕ ਖਾਂਦੇ ਪੰਛੀ ਡਾਲੀਂ ਗਾਉਣ ਨੀ ਮਿੱਟੀਏ ਤੈਨੂੰ ਚੁੱਕ ਚੁੱਕ ਮੱਥੇ ਲਾਉਣ ਤੂੰ ਸਾਡੀ ਮਿੱਟੀ ਅਸੀਂ ਤੇਰੇ ਰੁੱਖ ਗੋਦ ਤੇਰੀ ਦੇ ਮਿਣਦੇ ਸੁੱਖ ਤਾਰਿਆਂ ਵਰਗੀ ਬਣ ਕੇ ਭੁੱਖ ਜ਼ਹਾਨ ਤੇਰੇ ਤੂੰ ਸਾਡੀ ਰੁੱਤ ਭਿੱਜੇ ਹੰਝੂ ਜਾਵਣ ਸੁੱਕ ਗਰਭ ਚੋਂ ਤੇਰੇ ਤਾਰੇ ਆਏੇ ਪਰਬਤ ਪੱਬਾਂ ਹੇਠ ਵਿਛਾਏ ਸਾਗਰ ਘੁੱਟ ਭਰ ਪਿਆਸ ਬੁਝਾਈ ਕੱਲ ਇਕ ਰਿਸ਼ਮ ਮਿਲਣ ਨੂੰ ਆਈ ਹੱਥਾਂ 'ਤੇ ਰੱਖ ਦੁਨੀਆਂ ਸਾਰੀ ਜੱਗ ਮਾਰੀ ਉੱਚੀ ਕਿੱਲਕਾਰੀ ਤੂੰ ਹੋ ਗਈ ਸਾਡੀ ਕੱਲ ਸਾਰੀ ਖੰਭਾਂ ਬਿਨ ਅਸਾਂ ਭਰੀ ਉਡਾਰੀ ਕਿੱਥੇ ਰਹਿ ਗਈ ਤੇਰੀ ਮਿੱਟੀ ਕਿੱਥੇ ਮੇਰੀ ਮਿੱਟੀ ਧੁਖ਼ ਜਾਣਾ ਇੱਕ ਪਾਸਿਓਂ ਸੂਰਜ ਬਣ ਕੇ ਦੂਜੇ ਪਾਸੇ ਅਸੀਂ ਛੁਪ ਜਾਣਾ ਤੂੰ ਮੇਰੀਆਂ ਖੇਡਾਂ ਮਿੱਟੀਏ ਖੇਡਦਿਆਂ ਅਸੀਂ ਘਰ ਬਣਾਏ ਜਿਹੜੇ ਸਾਡੇ ਮਨ ਨੂੰ ਭਾਏ- ਪੈਰਾਂ ਨਾਲ ਬਣਾ ਕੇ ਢਾਏ ਹੁਸਨ ਤੇਰੇ ਤੋਂ ਗੀਤ ਲਿਖਾ ਕੇ ਅੱਜ ਤੇਰੇ ਨਾਲ ਖੇਡਣ ਆਏ ਕਈ ਬਣਾਈਆਂ ਉੱਡਦੀਆਂ ਚਿੜੀਆਂ ਹੱਥਾਂ ਦੇ ਵਿਚ ਫੁੱਲ ਬਣ ਖਿੜ੍ਹੀਆਂ ਰੰਗਲੀਆਂ ਪਾਈਆਂ ਧਰਤ ਤੇ ਪਿੜੀਆਂ ਸਿਖ਼ਰ ਦੁਪਹਿਰੇ ਰੀਝਾਂ ਛਿੜੀਆਂ ਪਹਾੜ ਤੇ ਚਟਾਨਾਂ ਢਾਹ ਕੇ ਮੰਜ਼ਿਲਾਂ ਵਿਚ ਤੈਨੂੰ ਵਿਛਾ ਕੇ ਤੇਰੀ ਮਹਿਕ ਫੁੱਲ ਬਣ ਜਾਵੇ ਜਦ ਕਣੀ ਕੋਈ ਗਰਭ ਸਮਾਵੇ ਹਰ ਸੁਗੰਧ ਅੰਬਰ ਬਣ ਛਾਵੇ ਤੂੰ ਤਾਂ ਮੇਰੀ ਮਾਂ ਵਰਗੀ ਏਂ ਸੰਘਣੀ ਜੇਹੀ ਛਾਂ ਵਰਗੀ ਏਂ ਖੇਡਣ ਵਾਲੀ ਥਾਂ ਵਰਗੀ ਏਂ ਨਵੀਂ ਮੁਹੱਬਤ ਨਾਂਹ ਵਰਗੀ ਏਂ ਤੂੰ ਏਂ ਕਿਸੇ ਬਹਾਰ ਦੀ ਰੁੱਤ ਜੰਮਦੀਂ ਚੰਨ ਸਿਤਾਰੇ ਪੁੱਤ ਇਹ ਮਿਲਣ ਮਿੱਟੀਆਂ ਦੇ ਸਾਰੇ ਰਹਿ ਜਾਣੇ ਏਥੇ ਚਾਅ ਕੁਆਰੇ ਜਿਹੜੇ ਅੱਜ ਮਿਲੇ ਸਨ ਹੱਸ ਕੇ ਉਹ ਭਲਕੇ ਨਹੀ ਮਿਲਣੇ ਤਾਰੇ ਖੇਡਦਿਆਂ ਦਿਨ ਰਾਤ ਟੁਰ ਜਾਣੇ ਠੱਲਦਿਆਂ ਕੱਚੇ ਹਿੱਕੀਂ ਖੁਰ ਜਾਣੇ ਰਹਿ ਜਾਣੇ ਪਏ ਖ਼ਾਬ ਸਰ੍ਹਾਣੇ ਸੁਫ਼ਨੇ ਆਏ ਤਾਂ ਟੁੱਟਣੇ ਤਾਣੇ ਕੀ ਤੇਰੀ ਤਕਦੀਰ ਨੀ ਅੜੀਏ ਖਿੱਚ ਕੋਈ ਲਕੀਰ ਤਾਂ ਪੜ੍ਹੀਏ ਹਿੱਕ ਤੇਰੀ ਤੋਂ ਅਰਸ਼ੀਂ ਚੜ੍ਹੀਏ ਰੋਜ਼ ਤੈਨੂੰ ਖ਼ਾਬਾਂ ਵਿਚ ਜੜ੍ਹੀਏ ਇਹ ਵੇਲਾ ਕੋਈ ਸੁਗੰਧ ਬਣਾਈਏ ਹਰ ਦਿਨ ਰਾਤ ਦੀ ਅੱਖ ਚ ਪਾਈਏ ਕਣ 2 ਤਾਰੇ ਹੋਰ ਸਜਾਈਏ ਚੁੱਪ ਹਵਾਵਾਂ ਮਹਿਕ ਬਣ ਜਾਈਏ ਤੂੰ ਮੇਰੀ ਤਾਰੀਖ਼ ਨਾ ਖੋਲੀਂ ਐਵੈਂ ਕੁੱਖ ਦੇ ਦੁੱਖ ਨਾ ਫ਼ੋਲੀਂ ਹੌਲੀ ਬੋਲ ਉੱਚਾ ਨਾ ਬੋਲੀਂ ਸੱਚ ਜੇ ਹੋਟੀਂ ਘੱਟ ਨਾ ਤੋਲੀਂ ਏਦਾਂ ਹੀ ਹੁਣ ਵਕਤ ਹੈ ਕਹਿੰਦਾ ਚੰਨ ਜੇ ਪੱਲੇ ਜ਼ਬਰ ਵੀ ਸਹਿੰਦਾ ਵਿਚ ਦਰਿਆਵੀਂ ਕੂੜ ਸੱਭ ਵਹਿੰਦਾ ਅੰਬਰ ਤਾਂਹੀਂ ਝੜ੍ਹਦਾ ਰਹਿੰਦਾ ਚੰਨ ਕੋਲ ਤੇਰੇ ਨਾ ਬਹਿੰਦਾ

ਮੁੱਦਤ ਬਾਅਦ

ਮੁੱਦਤ ਬਾਅਦ ਫੁੱਲ ਪੱਤੀਆਂ ਨੇ ਅੰਬਰ ਬੂਹੇ ਖੋਲ੍ਹੇ ਅਸਮਾਨ ਨੂੰ ਮਸਾਂ ਸਾਹ ਆਇਆ ਰੰਗ ਬਦਲ ਮੁਦਰਾਵਾਂ ਆਈਆਂ ਪਾਣੀ ਟਿਕੇ ਤੁਰੇ ਮੂੰਹ ਤੱਕੇ ਅਰਸ਼ ਨੇ ਸਾਗਰ ਦੇ ਸ਼ੀਸ਼ੇ ਚੋਂ ਚੰਗਾ ਹੁੰਦਾ ਮੈਲੇ ਮਨ ਵੀ ਜਰਾ ਜਾਂਦੇ ਧੋਤੇ ਦਾਗ਼ ਨਾ ਰਹਿੰਦੇ ਕੈਦੀ ਦੀਆਂ ਲੱਤਾਂ ਤੇ ਤੇਰੀਆਂ ਬੇੜੀਆਂ ਦੇ ਉਹਦਾ ਤਾਂ ਗੀਤ ਸੁਰ ਵੀ ਬੇੜੀਆਂ ਸਲਾਖਾਂ ਪਿੱਛੇ ਅਸਮਾਨ ਉਹਦਾ ਸਾਰਾ ਕੀ ਫਰਕ ਪੈਣਾ ਹੈ ਉਹਨੂੰ ਤੇਰੇ ਖੋਲ੍ਹੇ ਕਰਫਿਊ ਦਾ ਉਡਣ ਲਈ ਅਸਮਾਨ ਨਾ ਅਜੇ ਉਹਦਾ ਕਰੋੜਾਂ ਖੁਰ ਗਏ ਮੇਰੇ ਰੰਗ ਕੌਣ ਮੋੜੇਗਾ ਲਾਡਲਿਆਂ ਦੇ ਟੁੱਟੇ ਖਿਲੌਣੇ ਗੁਆਚੀਆਂ ਖੇਡਾਂ ਕਿੰਜ਼ ਪਰਤਣਗੀਆਂ ਰੁੱਖ ਹੋਏ ਨਿਰਮੋਹੇ ਭੁੱਖਾਂ ਤਰਸਦੀਆਂ ਸਾਗਰ ਪਿਆਸੇ ਸੁੱਕੀਆਂ ਨਦੀਆਂ ਵਹਿਣ ਉਡੀਕਣ ਡਰਨ ਪੁੱਤ ਮਾਵਾਂ ਤੋਂ ਕੁੱਖਾਂ ਮੋਹ ਨਾ ਕਸ਼ੀਦਣ ਨੀਰ ਮਿਲਣ ਤਾਂ ਪਿਆਸਾਂ ਲੈ ਕੇ ਕਬਰਾਂ ਦੇ ਮੂੰਹ ਹੋਏ ਵੱਡੇ ਮਹਿਬੂਬ ਦੀ ਘੁੱਟ ਗਲਵੱਕੜੀ ਨੂੰ ਤਰਸੀ ਧਰਤੀ ਮੁੱਖ ਤੱਕਣ ਨੂੰ ਸ਼ੀਸ਼ੇ

ਬਿਖਰੇ ਪਏ ਨੇ

ਬਿਖਰੇ ਪਏ ਨੇ ਮਾਂ ਬਾਪ ਵਿਹੜੇ ਬੂਹੇ ਘਰਾਂ ਦੇ ਉਦਾਸ ਓਦਰੀਆਂ ਪਈਆਂ ਨੇ ਬਰੂਹਾਂ ਹੱਥੀਂ ਤੋਰ ਕੇ ਆਪਣੇ ਲਾਡਲਿਆਂ ਨੂੰ ਤੇ ਕਈ ਟੋਰਨ ਨੂੰ ਕਾਹਲੇ ਹੋਏ ਪਏ ਨੇ ਚੰਨਾਂ ਨੂੰ ਰਾਤਾਂ ਸੌ ੨ ਢੰਗ ਭਾਲਦੀਆਂ ਆਪ ਅਲਵਿਦਾ ਕੀਤੇ ਪਲ ਕਦ ਭੁੱਲਦੇ ਨੇ ਕਦ ਸੁੱਕਦੇ ਨੇ ਅੱਥਰੂ ਵਿਯੋਗਾਂ ਦੇ ਖਾਬਾਂ ਨੂੰ ਤਿੜਕਾ ਦੇਣ ਹਾਉਕਿਆਂ ਨੂੰ ਧੁਖਾ ਦੇਣ ਇਹ ਦੂਰੀਆਂ ਹਾਉਕੇ ਸੌਣ ਨਾ ਦੇਣ ਰੋਣ ਵੀ ਨਾ ਦਿੰਦੇ ਵੇਚ ਰਹੇ ਨੇ ਮਿੱਟੀ ਦੇ ਟੋਟੇ ਜ਼ਮੀਨ ਦੀਆਂ ਰੀਝਾਂ ਫਸਲਾਂ ਦੇ ਗੀਤ ਪਛਤਾਵੇ ਨੂੰ ਗਲ ਲਾਉਂਣ ਲਈ ਹੁਣ ਕੋਈ ਨੇੜੇ ਨਹੀਂ ਬਹਿੰਦਾ ਸਾਹ ਕਿਹਨੂੰ ਪੁੱਛਾਂ ਕਿੱਥੋਂ ਆਇਆਂ ਕਿੱਦਾਂ ਰਿਹਾ ਤੇਰਾ ਦਿਨ ਪੁੱਤ ਕਦੋਂ ਜਾਣਾ ਕਾਲਜ ਕਦੋਂ ਆਵੇੰਗਾ ਵਾਪਸ ਚੰਬਾ ਆਪ ਆਪਣੇ ਹੱਥੀਂ ਉਜਾੜਿਆ ਕਦ ਸਜਦਾ ਹੈ ਮੁੜ ਕੇ ਮੀਢੀਆਂ ਕੱਦ ਬਣਦੀਆਂ ਨ਼ੇ ਬਿਨ ਗੁੰਦਣ ਤੋਂ -ਪੋਟਿਆਂ ਦੀ ਛੁਹ ਜੂੜਾ ਕਰਾਂ ਤਾਂ ਕਿਹਦਾ ! ਨਾ ਵਿਹੜਾ ਗੱਲ ਕਰਦਾ ਹੈ ਨਾ ਉਹਦਾ ਬਾਪੂ ਜਨਮ ਉਹਦਾ ਕੱਲੇ ਕਿੱਦਾਂ ਮਨਾਈਏ ਯਾਦਾਂ ਚ ਕਦ ਲੋਅ ਆਉਂਦੀ ਹੈ ਮੋਮਬੱਤੀਆਂ ਨਾਲ ਕਦ ਰੰਗ ਭਰਦੇ ਨੇ ਝੰਡੀਆਂ ਚ ਚਾਹ ਦੇ ਘੁੱਟਾਂ ਚ ਵੀ ਮਿੱਠਤ ਨਹੀਂ ਰਹੀ ਸੁਪਨੇ ਜੇ ਆਉਂਦੇ ਹਨ ਤਾਂ ਕੁੱਝ ਬੋਲਦੇ ਨਹੀਂ ਗੱਲ ਵੀ ਨਹੀਂ ਕਰਦੇ ਬਾਹਾਂ ਚ ਘੁੱਟੇ ਪੁੱਤ ਪਰਦੇਸ ਆਪ ਟੋਰਿਆ ਆਪਣੇ ਹੱਥੀਂ ਉਹਦੇ ਕੱਪੜੇ ਖਰੀਦੇ ਹੁਣ ਉਹਦੀਆਂ ਰਹਿ ਗਈਆਂ ਕਿੱਲੀਆਂ ਤੇ ਕਮੀਜ਼ਾਂ ਹਿੱਕ ਨਾਲ ਲਾ ਯਾਦ ਕਰ ਲੈਨੀ ਆਂ ਬਾਪ ਤਾਂ ਉਹਦਾ ਘੁੱਟ ਲਾ ਕੇ ਸਾਰ ਲੈਂਦਾ ਹੈ ਹੰਝੂ ਵੀ ਨਹੀਂ ਵਿਖਾਉਂਦਾ ਵਿਯੋਗੇ ਦੂਰ ਗਿਆਂ ਲਾਡਲਿਆਂ ਦੇ ਹੰਝੂ ਵੀ ਕਿਹੜੇ ਸੁੱਕਦੇ ਨੇ ਰਾਤਾਂ ਵੀ ਨਿਮਾਣੀਆਂ ਕਦ ਸਾਉਂਦੀਆਂ ਨੇ ਬਹੁਤ ਖੁਸ਼ੀ ਸੀ ਜਾਣ ਦੀ ਉਹਨੂੰ ਤਸੱਲੀਆਂ ਬਥੇਰੀਆਂ ਟੰਗ ਗਿਆ ਦੀਵਾਰ 'ਤੇ ਧਰਵਾਸ ਰੱਖ ਗਿਆ ਸਰਾਹਣਿਆਂ ਹੇਠ

ਏਦਾਂ ਕੌਣ ਜਾਂਦਾ ਹੈ ਘਰੋਂ

ਏਦਾਂ ਕੌਣ ਜਾਂਦਾ ਹੈ ਘਰੋਂ ਬਿਨਾਂ ਦੱਸੇ ਨਾ ਕੋਈ ਸਿਰਨਾਵਾਂ ਨਾ ਆਉਣ ਜਾਣ ਦਾ ਪਤਾ ਇਹ ਤਾਂ ਦੱਸਦਾ ਏਨੀ ਕਾਹਲੀ ਕਾਹਦੀ ਸੀ ਯਾਰਾ ਯਕੀਨ ਨਹੀਂ ਆ ਰਿਹਾ ਤੇਰੇ ਬੇਵਕਤ ਤੁਰ ਜਾਣ ਤੇ ਮੰਨਣ ਚ ਵੀ ਨਹੀਂ ਆ ਰਿਹਾ ਕਿ ਤੂੰ ਤਾਂ ਕਿਤੇ ਜਾ ਚੰਦ ਬਣ ਗਿਆ ਏੰ ਤੂੰ ਪੰਜਾਬੀ ਅਧਿਐਨ ਦੀ ਸੇਧ ਪ੍ਬੁੱਧਤਾ ਸੁਹਿਰਦਤਾ ਆਲੋਚਨਾ ਚੜ੍ਹਦੀ ਉਮਰ ਦਾ ਵਹਿਣ ਹਰਫ਼ ਹਰਫ਼ ਚੁਣਦਾ ਜੜਦਾ ਅੰਬਰ ਤੇ ਇੰਜ ਮਨ ਉਦਾਸ ਕਰ ਕੇ ਕੌਣ ਜਾਂਦਾ ਹੈ ਭਲਾ ਬੱਚਿਆਂ ਨੂੰ ਕੀ ਕਹਾਂ ਭਾਬੋ ਰਾਣੀ ਨੂੰ ਕਿਹੜਾ ਦਲਾਸਾ ਦੇਵਾਂ ਓਦਣ ਦਾ ਨਾ ਘਰ ਕੋਈ ਬੋਲਿਆ ਹੈ ਨਾ ਦਫ਼ਤਰ ਕੋਈ ਵੜਿਆ ਹੈ ਸਲਾਹ ਮਸ਼ਵਰਾ ਲੈਣ ਅਜੇ ਤਾਂ ਪੰਜਾਬੀ ਸਾਹਿਤ ਅਤੇ ਲੋਕਧਾਰਾ ਚ ਤੈੰ ਹੋਰ ਸਫ਼ੇ ਫਰੇਮ ਕਰਨੇ ਸਨ ਇੰਜ ਅਚਾਨਕ ਘਰੋਂ ਤੁਰ ਜਾਣਾ ਕਾਨਫਰੰਸਾਂ ਚੋਂ ਗੁੰਮ ਹੋ ਜਾਣਾ ਯਾਰੀ ਨਹੀਂ ਹੁੰਦੀ ਦੋਸਤ ! ਸਾਦਗੀ ਤੇ ਸੰਜਮ ਪੱਲੇ ਬੰਨ੍ਹ ਪੈਂਟ ਨਾਲ ਬੰਗਾਲੀ ਕੁੜਤਾ, ਤੇ ਓਸੇ ਰੰਗ ਦੀ ਪੱਗ, ਗੰਭੀਰਤਾ ਤੇ ਵਿਦਵਤਾ ਜੇਬ 'ਚ ਪਹਿਲੀ ਵਾਰ ਦੇਖਣ ਤੋਂ ਲੱਗਦਾ ਹੀ ਨਹੀਂ ਸੀ ਕਿ ਤੂੰ ਏਡਾ ਕਵੀ, ਖੋਜ਼ੀ ਤੇ ਵਿਦਵਾਨ ਵੀ ਹੋਵੇਂਗਾ ਮੈਂ ਤਾਂ ਅਜੇ ਕਹਿਣਾ ਸੀ ਏਡੀ ਕੁਰਸੀ ਤੇ ਇਹ ਝੱਗਾ ਪਜ਼ਾਮਾ ਜੇਹਾ ਨਹੀਂ ਸਜਦਾ ਵਧੀਆ ਸੂਟ ਪਾ ਕੇ ਰੱਖਿਆ ਕਰ ਮਨ ਬਹੁਤ ਉਦਾਸ ਕਰ ਤੁਰ ਗਿਆ ਏਂ ਸਾਰੇ ਦੋਸਤਾਂ ਦਾ ਦਰਿਆ ਤਾਂ ਵਗਦੇ ਸੁਣੀੰਦੇ ਸਨ ਧਰਤੀਆਂ ਸਿੰਜਦੇ ਤੂੰ ਕਿਹੜੇ ਸਮੁੰਦਰ ਚ ਜਾ ਰਲਿਆਂ ਏੰ ਫਿਰ ਏਨੀ ਛੇਤੀ ਕਿਉਂ ਕਿਨਾਰਾ ਕਰ ਲਿਆ ਵਹਿਣ ਤੋਂ ਤੂੰ ਤਾਂ ਜ਼ਹੀਨ, ਸਾਊ ਮਿਹਨਤੀ ਤੇ ਧਰਤੀ ਤੋਂ ਉੱਠ ਕੇ ਤੁਰਿਆ ਬੰਦਾ ਸੀ ਏਨੀ ਕਾਹਲੀ ਕਿਉਂ ਕਰ ਗਿਆ ਸਦਾ ਲਈ ਵਿਛੜਨ ਦੀ ਆਪਾਂ ਤਾਂ ਅਜੇ ਫੋਨ ਤੇ ਹੀ ਗੱਲਾਂ ਕੀਤੀਆਂ ਸਨ ਅਜੇ ਤਾਂ ਰਲ ਬੈਠ ਚਾਹ ਦੀਆਂ ਚੁੱਸਕੀਆਂ ਲੈਣੀਆਂ ਸਨ ਤੂੰ ਤਾਂ ਕਮਰੇ ਦੇ ਬਾਹਰ ਲੱਗੀ ਨੇਮ ਪਲੇਟ ਵੀ ਪੁੱਟ ਕੇ ਲੈ ਗਿਆਂ ਏੰ ਨਾਲ ਅਲਵਿਦਾ ਡਾ: ਦਰਿਆ ਵਗਦਾ ਰਹੀੰ ਜਿਹੜੀ ਵੀ ਧਰਤੀ ਤੇ ਹੋਵੇਂ

ਦਿਲ ਤਾਂ ਕਰਦਾ ਹੈ

ਦਿਲ ਤਾਂ ਕਰਦਾ ਹੈ ਤੈਨੂੰ ਜੰਗਲ 'ਚ ਗੁਆਚਾ ਵੀ ਘਰ ਨੂੰ ਜਾਂਦੀਆਂ ਡੰਡੀਆਂ ਤੇ ਰਾਹਾਂ ਵਾਂਗ ਲੱਭਾਂ ਡੁੱਬਦਾ ਤਰਦਾ ਸਾਗਰਾਂ ਚ ਸਾਹਾਂ ਵਾਂਗ ਯਾਦ ਕਰਾਂ ਹਵਾਵਾਂ ਦੇ ਬੁੱਲਿਆਂ ਚ ਰਾਗਾਂ ਦੀ ਤਰਾਂ ਵਿਚਰਾਂ ਰਾਤਾਂ ਚ ਸੁਪਨੇ ਸਜਾ ਸਵੇਰਿਆਂ ਦੀਆਂ ਸਾਰੀਆਂ ਦਿਸ਼ਾਵਾਂ 'ਚ ਰੱਖਾਂ ਕਿ ਵਿਹੜਿਆਂ ਚ ਖਿਲਾਰ ਦੇਵਾਂ ਮੁਹੱਬਤ ਦੇ ਫੁੱਲਾਂ ਦੇ ਬੀਅ ਦਿਲ ਤਾਂ ਬਹੁਤ ਕਰਦਾ ਹੈ ਕਿ ਮਾਵਾਂ ਨੂੰ ਉਠਾ ਕੇ ਘਰ ਲੈ ਆਵਾਂ ਕਬਰਾਂ 'ਚੋਂ ਬਾਪੂ ਨੂੰ ਪੁੱਛਾਂ ਕਿ ਤੂੰ ਕਿੱਥੇ ਟੁਰ ਗਿਆ ਸੀ ਘਰ ਸੁੰਨਾ ਛੱਡ ਕੇ ਚੁੱਪ ਡਿਉੜੀਆਂ ਨੂੰ ਕਹਾਂ ਕਿ ਉਹ ਗੁਆਚੀਆਂ ਮੰਜੀਆਂ ਡੰਗੋਰੀਆਂ ਲੱਭਣ ਬੰਦ ਪਏ ਘਰਾਂ ਨੂੰ ਪੁੱਛਾਂ ਕਿ ਉਹ ਬੋਲਦੇ ਕਿਉਂ ਨਹੀਂ ਹੁਣ ਮੇਰੇ ਕਦੇ ਆਏ ਤੇ ਬਨੇਰੇ ਸੁੰਨੇ ਕਿਉਂ ਕਰ ਗਏ ਹਨ ਸੁਨੇਹੇ ਲੈ ਕੇ ਆਉਂਦੇ ਜਾਂਦੇ ਕਾਲੇ ਕਾਲੇ ਕਾਂ ਕਿ ਕੋਇਲਾਂ ਨੂੰ ਕਿਉਂ ਨਹੀਂ ਯਾਦ ਆ ਰਹੇ ਓਹੀ ਅੰਬਾਂ ਨੂੰ ਬੂਰ ਪੈਣ ਵੇਲੇ ਦੇ ਗੀਤ ਰਾਹਾਂ ਦੀ ਧੁੱਦਲ 'ਚੋਂ ਪਹਿਲੇ ਛਰਾਟੇ ਦੀਆਂ ਮਹਿਕਾਂ ਫੜਾਂ ਕਿ ਹਰੇ ਹਰੇ ਘਾਹ ਤੇ ਨੰਗੇ ਪੈਰੀਂ ਨੱਚਾਂ ਚੰਨ ਨੂੰ ਕਹਾਂ ਕਿ ਤੇਰੇ ਮੱਥੇ ਦਾ ਟਿੱਕਾ ਬਣ ਜਾਵੇ ਤੇ ਸਾਰੇ ਸਿਤਾਰੇ ਤੇਰੀ ਚੁੰਨੀ ਤੇ ਆ ਕੇ ਲੱਗ ਜਾਵਣ ਦਿਲ ਤਾਂ ਬਹੁਤ ਕਰਦਾ ਹੈ

ਜਾਰੀ ਰਹੇਗਾ ਸਾਡਾ ਸੰਘਰਸ਼

ਜਾਰੀ ਰਹੇਗਾ ਸਾਡਾ ਸੰਘਰਸ਼ ਜਦ ਤੱਕ ਸੂਰਜ ਚ ਲੋਅ ਰਹੇਗੀ ਤਾਰੇ ਰਹਿਣਗੇ ਟਿਮਟਿਮਾਉਂਦੇ ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ ਜਾਰੀ ਰਹੇਗਾ ਸੰਘਰਸ਼ ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ ਬੇੜੀਆਂ ਨਹੀਂ ਟੁੱਟ ਕੇ ਡਿੱਗਦੀਆਂ ਪੈਰਾਂ ਚੋਂ ਕਿਰਤ ਕਰਨ ਵਾਲੇ ਹੱਥਾਂ ਵਿੱਚੋਂ ਗ਼ੁਲਾਮੀ ਨਹੀਂ ਝੜਦੀ ਰੁੱਤਾਂ ਚੋਂ ਨਹੀਂ ਜਾਂਦੇ ਉਦਾਸ ਪਹਿਰ ਚਾਵਾਂ ਤੇ ਨਹੀਂ ਪੈੰਦੀ ਕਿਣਮਿਣ ਬਹਾਰ ਦੇ ਮੌਸਮ ਦੀ ਸੰਘਰਸ਼ ਜਾਰੀ ਰਹੇਗਾ ਜਦ ਤੱਕ ਸਿਆੜਾਂ ਚ ਕਿਰੇ ਪਸੀਨੇ ਦੇ ਤੁਪਕਿਆਂ ਨੂੰ ਸਿੱਟੇ ਨਹੀਂ ਲਗਦੇ ਝੋਨੇ ਦੀ ਮਹਿਕ ਦਾ ਮੁੱਲ ਨਹੀਂ ਮਿਲਦਾ ਝੁਕੀਆਂ ਪਿੱਠਾਂ ਨੂੰ ਕਪਾਹ ਦੀਆਂ ਫੁੱਟੀਆਂ ਦੇ ਮੁੱਖ ਤੇ ਮੁਸਕਰਾਹਟ ਨਹੀਂ ਉੱਗਦੀ ਮਖਮਲੀ ਸੰਘਰਸ਼ ਜਾਰੀ ਰਹੇਗਾ ਜਦ ਤੱਕ ਅਰਮਾਨ ਕਤਲ ਹੋਣੋੰ ਨਹੀਂ ਬਚਦੇ ਬਾਪੂ ਦੀਆਂ ਅੱਖਾਂ ਚ ਲੋਅ ਨਹੀਂ ਜਗਦੀ ਦੀਪਕ ਵਰਗੀ ਮਿਹਨਤ ਦੀਆਂ ਲਕੀਰਾਂ ਚ ਤਕਦੀਰਾਂ ਨਹੀਂ ਫੁੱਟਦੀਆਂ ਨਵੀਂ ਰੀਝ ਵਰਗੀਆਂ ਜਾਗ ਨਹੀਂ ਲਗਦੇ ਸਿਤਾਰਿਆਂ ਦੇ ਲੋਕ ਗੀਤਾਂ ਨੂੰ ਸੂਰਜਾਂ ਨੂੰ ਛੂਹਣਾ ਨਹੀਂ ਸਿੱਖਦੇ ਉੱਠਦੇ ਨਾਹਰੇ ਹੱਥਾਂ ਦੇ ਸੰਘਰਸ਼ ਜਾਰੀ ਰਹੇਗਾ ਜਦ ਤੱਕ ਮੰਡੀਆਂ ਚੋਂ ਕਣਕਾਂ ਦੇ ਸੋਨ ਰੰਗੇ ਸੁਪਨੇ ਭੰਗੜੇ ਪਾਉਂਦੇ ਨਹੀਂ ਘਰੀੰ ਪਰਤਦੇ ਬੱਚਿਆਂ ਲਈ ਨਵੇਂ ਖਿਡਾਉਣੇ ਲਿਆ ਬਾਪੂ ਵਿਹੜੇ ਚ ਆ ਕੇ ਨਹੀਂ ਮੁਸਕਰਾਉੰਦਾ ਸਰ੍ਹੋਂ ਦੇ ਖੇਤਾਂ ਚ ਰੌਣਕਾਂ ਨਹੀਂ ਖਿੜਦੀਆਂ ਗੁਲਾਬ ਵਰਗੀਆਂ ਪੰਛੀ ਨਹੀਂ ਪਰਤਦੇ ਘਰਾਂ ਨੂੰ ਚੋਗਾ ਲੈ ਕੇ ਮੋਤੀਆਂ ਦਾ ਸੰਘਰਸ਼ ਜਾਰੀ ਰਹੇਗਾ ਜਦ ਤੱਕ ਅਦਾਲਤਾਂ ਨਹੀਂ ਸਿੱਖਦੀਆਂ ਨਿਆਂ ਕਰਨੇ ਮੁੱਦਤਾਂ ਦੇ ਪਏ ਫਾਈਲਾਂ ਚ ਸਹਿਕਦੇ ਕਚਹਿਰੀਆਂ ਦੇ ਰੁੱਖਾਂ ਹੇਠ ਛਾਂਵਾਂ ਨਹੀਂ ਮੁੜਦੀਆਂ ਉਮੀਦਾਂ ਬਣ ਕੇ ਪੂੰਝੇ ਨਹੀਂ ਜਾਂਦੇ ਹਨੇਰੇ ਵਿਹੜਿਆਂ ਚੋਂ ਥਾਣਿਆਂ ਚ ਬੇਪਤ ਹੋਣੋੰ ਨਹੀਂ ਹਟਦੀਆਂ ਬੱਗੀਆਂ ਦਾੜ੍ਹੀਆਂ ਸਾਡਾ ਸੰਘਰਸ਼ ਜਾਰੀ ਰਹੇਗਾ ਜਦ ਤੱਕ ਹਾਕਮ ਪਰਿਆ ਚ ਆ ਕੇ ਗ਼ਲਤੀਆਂ ਦੀ ਮੁਆਫ਼ੀ ਨਹੀਂ ਮੰਗਦਾ ਮਨਮਾਨੀਆਂ ਕਰਨੋ ਨਹੀਂ ਹਟਦਾ ਕਾਨੂੰਨਾਂ ਨੂੰ ਮੜ੍ਹ ਕੇ ਗਲਾਂ ਚੋਂ ਨਹੀਂ ਟੁੱਟਦੇ ਕਰਜ਼ਿਆਂ ਦੇ ਫੰਦੇ ਨਹੀਂ ਮਰਦੀਆਂ ਭ੍ਰਿਸ਼ਟਾਚਾਰ ਹਵਾਵਾਂ ਦਫਤਰਾਂ ਦੀਆਂ ਖਿੜਕੀਆਂ 'ਚੋਂ ਸੰਘਰਸ਼ ਜਾਰੀ ਰਹੇਗਾ ਜਦ ਤੱਕ ਲੜਨ ਦੀ ਰੀਝ ਨਾ ਮਰੀ ਜ਼ਖ਼ਮੀ ਹੋ ਹਫ ਕੇ ਨਾ ਡਿੱਗੇ ਅਰਮਾਨ ਝੁੱਗੀ ਦੇ ਅੰਬਰ ਤੇ ਦੀਵਾ ਨਾ ਜਗਿਆ ਚੰਦ ਵਰਗਾ ਤਾਰਿਆਂ ਨੂੰ ਨਾ ਫੜਾਇਆ ਖੇਡਣ ਲਈ ਨੰਨਿਆਂ ਦੇ ਹੱਥਾਂ ਚ ਸੰਘਰਸ਼ ਜਾਰੀ ਰਹੇਗਾ ਜਦ ਤੱਕ ਗੰਧਲਾ ਅਸਮਾਨ ਰਿਹਾ ਸੁਪਨੇ ਮਰਦੇ ਰਹੇ ਜਦੋਂ ਤੱਕ ਕਿਰ ਕਿਰ ਕੇ ਤਲਵਾਰ ਰਹੀ ਸੁੱਤੀ ਜਦ ਤੱਕ ਨਾਲ ਯਾਰੜੇ ਦੇ ਸੱਥਰ 'ਤੇ

ਯਾਦ ਤਾਂ ਜਰੂਰ ਆਉਂਦੀ ਹੋਵੇਗੀ

ਯਾਦ ਤਾਂ ਜਰੂਰ ਆਉਂਦੀ ਹੋਵੇਗੀ ਜਦ ਕਦੇ ਕੱਲੀ ਬੈਠੀ ਕਿਤਾਬ ਪੜ੍ਹ ਰਹੀ ਹੁੰਦੀ ਹੋਵੇੰਗੀ ਸੁੱਕੇ ਗੁਲਾਬ ਨੂੰ ਮੁੜ ਮੁੜ ਸੁੰਘਦਿਆਂ ਤੇ ਹਿੱਕ ਨੂੰ ਛੁਹਾਉੰਦਿਆਂ ਡਰ ਤਾਂ ਜਰੂਰ ਲਗਦਾ ਹੋਵੇਗਾ ਜਦ ਕਦੇ ਉਹਨਾਂ ਰੁੱਖਾਂ ਚੋਂ ਇਕੱਲੀ ਲੰਘਦੀ ਹੋਵੇੰਗੀ ਜਿਥੋਂ ਦੀ ਆਪਾਂ ਦੋਨੋਂ ਗੱਲਾਂ ਕਰਦੇ ਹੌਲੀ ਹੌਲੀ ਪੱਬ ਰੱਖਦੇ ਗੁਜਰਦੇ ਹੁੰਦੇ ਸਾਂ ਸੂਈ ਪੁੜਦੀ ਤਾਂ ਹੋਵੇਗੀ ਜਰੂਰ ਪੋਟੇ ਚ ਫੁੱਲ ਪਾਉਂਦੀ ਹੋੰਵੇਗੀ ਜਦ ਚਾਦਰ ਤੇ ਵਿਯੋਗ ਦੇ ਸੁਪਨੇ ਯਾਦਾਂ ਚ ਡੁੱਬਦੇ ਤਾਂ ਹੋਣਗੇ ਅੱਧੀ ਰਾਤੇ ਜਦ ਕਦੇ ਉੱਠ ਉੱਠ ਬੈਠਦੀ ਹੋੰਵੇਗੀ ਸੂਹੇ ਬੁਲ੍ਹ ਫਰਕਦੇ ਤਾਂ ਹੋਣਗੇ ਜਰੂਰ ਜਦ ਕਦੇ ਮਿਲਣ ਲਈ ਗੀਤ ਕੋਈ ਛੂੰਹਦੀ ਹੋੰਵੇਗੀ ਸ਼ੀਸ਼ੇ ਮੂਹਰੇ ਖੜ੍ਹੀ ਵਾਲ ਵਾਉੰਦੀ ਧੁਖਦੀ ਤਾਂ ਹੋਵੇਗੀ ਚਾਹਤ ਦੀ ਹਿੱਕ ਜਦ ਕਦੇ ਲਾਉਂਦੀ ਹੋਵੇਗੀ ਮਹਿੰਦੀ ਕੁਆਰੀਆਂ ਤਲੀਆਂ ਤੇ ਅੰਗ ਪੁੱਛਦੇ ਤਾਂ ਹੋਣਗੇ ਕਿ ਕਦ ਆਉਣੀ ਹੈ ਰੁੱਤ ਵਟਣੇ ਦੀ ਲੂੰ ਲੂੰ ਚ ਨਵੇਂ ਖਿੜੇ ਚਾਵਾਂ ਨੂੰ ਵਿਰਾਉਣ ਲਈ ਰਾਹ ਤੱਕਦੇ ਤਾਂ ਹੋਣਗੇ ਕਿ ਕਦ ਕੋਈ ਲਵੇਗਾ ਸਾਰ ਹਿੱਕ ਤੇ ਲਟਕਦੀਆਂ ਸਜਰੀਆਂ ਰੀਝਾਂ ਦੀ ਯਾਦ ਆਉਂਦੀ ਤਾਂ ਹੋਵੇਗੀ ਹਰੇ ਘਾਹ ਤੇ ਪਈਆਂ ਰਹਿ ਗਈਆਂ ਸਿਸਕਦੀਆਂ ਲਾਰੇ ਕਸ਼ੀਦਦੀਆਂ ਰੁਮਕਦੀਆਂ ਪੌਣਾਂ ਦੀ ਸਾਹ ਰੁਕਦਾ ਤਾਂ ਹੋਵੇਗਾ ਤਰਿੜਾਂ ਤੋੜ ਤੋੜ ਮੁਸਕਰਾਉੰਦੇ ਪਲਾਂ ਦੇ ਇਤਹਾਸ ਲਈ

ਕੌਣ ਨੇ ਇਹ

ਕੌਣ ਨੇ ਇਹ ਲੱਗਦਾ ਹੈ ਅਰਸ਼ ਤੋਂ ਸਿਤਾਰੇ ਨੀਵੇਂ ਹੋ ਧਰਤ ਤੇ ਆਏ ਨੇ ਬਾਬਾ ਨਾਨਕ ਆਪ ਕਣਕ ਬੀਜ ਝੋਨਾ ਵੇਚ ਲੰਗਰ ਛਕਾ ਰਿਹਾ ਹੈ ਭੁੱਖੀਆਂ ਸੰਗਤਾਂ ਨੂੰ ਹਰਫ਼ਾਂ ਬੋਲਾਂ ਵਾਲੇ ਬਿਨ ਕਹੇ ਸੁਰਾਂ ਕਲਾਵਾਂ ਵਾਲੇ ਹੁੰਮ ਹੁੰਮਾ ਆਪਣੇ ਆਪ ਅੰਬਰ ਹੇਠ ਚੰਦ ਨਾਲ ਬਾਤਾਂ ਪਾਉਣ ਸੱਤਾ ਦੇ ਘਰ ਨੇੜੇ ਕੁੱਝ ਸਮੇਂ ਲਈ ਕੱਕਰੀਆਂ ਰਾਤਾਂ ਚ ਕਿੰਜ ਰਹੀਦਾ ਦੱਸਣ ਆਏ ਨੇ ਕਿੰਜ ਮੰਗੀਦੇ ਨੇ ਹੱਕ ਡੰਡਿਆਂ ਤੇ ਲਹਿਰਾ ਅਧਿਕਾਰ ਕਿੰਜ ਉਡਾਈਦੀਆਂ ਨੀਂਦਰਾਂ ਜ਼ਰਵਾਣਿਆਂ ਦੀਆਂ ਉਹਨਾਂ ਦੀ ਹੀ ਗਲੀ ਚ ਹੀ ਬਹਿ ਫਸਲਾਂ ਨੂੰ ਨਾਲ ਲੈ ਕੇ ਪਵਨ ਗੁਰੂ ਪਾਣੀ ਪਿਤਾ ਵੀ ਨਾਲ ਬੱਚਿਆਂ ਨੂੰ ਧਰਤੀ ਮਾਂ ਲੰਗਰ ਬਣਾ ਖਵਾਵੇ ਬਾਅਦ ਚ ਖਾਵੇ ਨਾਲ ਆਈਆਂ ਨੇ ਹੌਸਲੇ ਤੇ ਹਿੰਮਤਾਂ ਵੰਗਾਰਾਂ ਤੇ ਜ਼ਮੀਰਾਂ ਵੀ ਨਾਲ ਇਤਿਹਾਸ ਸਾਡੀਆਂ ਯਾਦਾਂ ਦੇ ਵਿਚ ਪੱਗਾਂ ਦੇ ਲੜੀੰ ਗੋਬਿੰਦ ਦੀ ਲ਼ਲਕਾਰ ਜੇਬਾਂ ਵਿਚ ਆਸ ਉਮੀਦ ਸਬਰ ਸੰਤੋਖ ਤੇ ਵੰਗਾਰ ਸੁਭਾ ਸਵੇਰੇ ਸ਼ਬਦ ਰਾਗ ਵੀ ਬਾਬਾ ਤੇ ਮਰਦਾਨਾ ਵੀ ਰਬਾਬ ਕਰੇ ਕਾਇਨਾਤ ਤਰੰਗਿਤ ਅਰਦਾਸ ਹੋਵੇ ਲੋਕਾਈ ਦੇ ਭਲੇ ਦੀ ਏਥੇ ਸਾਰੇ ਧਰਮ ਮਜਹਬ ਰਲਮਿਲ਼ ਚਾਹਾਂ ਪੀਣ ਪਰਸ਼ਾਦੇ ਛਕਣ ਮੋਹ ਪਿਆਰ ਮਿਲ ਗੱਲਾਂ ਕਰਨ ਕਿਤੇ ਵੀ ਨਫ਼ਰਤ ਨਾ ਦਿਸਦੀ ਕੰਬਲਾਂ ਚ ਬੈਠੇ ਦੁੱਧ ਬਦਾਮਾਂ ਲੱਦੇ ਅਲਸੀ ਦੀਆਂ ਪਿੰਨੀਆਂ ਲੱਦੀਆਂ ਟਰਾਲੀਆਂ ਦੁੱਧ ਦੇ ਟੈੰਕਰ ਪਰੌੰਠੇ ਗੋਭੀ ਆਲੂਆਂ ਦੇ ਇਲਾਚੀਆਂ ਦੀਆਂ ਮਹਿਕਾਂ ਭਰੀਆਂ ਚਾਹਾਂ ਪਤਾ ਨਾ ਲੱਗੇ ਕਿੱਥੋਂ ਟੁਰੇ ਆਉਣ ਦਵਾਈਆਂ ਕੰਬਲ ਤੇ ਗਰਾਸਰੀ ਪੁਕਾਰਾਂ ਤੇ ਵੰਗਾਰਾਂ ਰੇਲਾਂ ਟੋਲ ਪਲਾਜ਼ਿਆਂ ਤੋਂ ਉੱਠ ਆਈਆਂ ਪੱਥਰਾਂ ਨੂੰ ਕਿੱਕਾਂ ਮਾਰਦੇ ਬੁੱਕਾਂ ਨਾਲ ਟੋਏ ਭਰਦੇ ਅੱਥਰੂ ਗੈਸ ਦੇ ਗੋਲਿਆਂ ਨਾਲ ਖੇਡਦੇ ਬੁਛਾੜਾਂ ਨਾਲ ਨਾਹੁੰਦੇ ਜੈਕਾਰੇ ਮਾਰਦੇ ਅੰਨ ਪਾਣੀ ਲੱਦ ਆ ਬੈਠੇ ਨੇ ਸੀਨੇ ਤਾਣ ਫਸਲਾਂ ਸੜਕਾਂ ਤੇ ਆ ਗਈਆਂ ਹਨ ਖੇਤਾਂ ਨੇ ਹਿੱਕ ਤੇ ਆ ਨੱਚਣਾ ਸ਼ੁਰੂ ਕਰ ਦਿੱਤਾ ਹੈ ਰੁੱਖ ਵੀ ਟੁਰ ਪਏ ਹਨ ਨਾਲ ਨਗਾਰਿਆਂ ਦੀ ਚੋਟ ਤੇ ਗੋਬਿੰਦ ਦੀ ਫੌਜ ਨੇ ਘੋੜਿਆਂ ਤੇ ਟੱਪ ਜਾਣਾ ਹੈ ਹਵਾ ਬਣ ਕੇ ਦਿੱਲੀ ਦੇ ਬਾਡਰ ਨੂੰ ਲਹਿਰਾਂ ਤੇ ਲੋਕ ਵਹਿਣ ਸੰਘਰਸ਼ ਦੀਆਂ ਮੰਜ਼ਿਲ ਵੱਲ ਟੁਰੀਆਂ ਪੈੜਾਂ ਦੇ ਪਰਚਮ ਇੰਜ ਲਹਿਰਦੇ ਨੇ ਏਦਾਂ ਜਗਦੇ ਨੇ ਰੋਹ ਦਰਦ ਦੀ ਚੀਖ ਇੰਜ ਬਾਤ ਪਾਉਂਦੀ ਹੈ ਇਤਿਹਾਸ ਦੇ ਪੰਨੇ ਇੰਜ ਲਿਖੇ ਜਾਂਦੇ ਹਨ ਸਮਾਂ ਦੱਸਿਆ ਕਰੇਗਾ ਜਦ ਬੱਚੇ ਪੁੱਛਿਆ ਕਰਨਗੇ ਸਵਾਲ ਕਿ ਸਿਆੜਾਂ ਚ ਕਿੰਜ ਸੁਪਨੇ ਬੀਜੀ ਦੇ ਨੇ ਏਥੇ ਸੰਗਤ ਤੇ ਰੂਹਦਾਰੀਆਂ ਦੀ ਪੰਗਤ ਵਿਚ ਨਾਨਕ ਸ਼ਬਦ ਦੀ ਰੰਗਤ ਹੈ ਇਹ ਨੰਦਪੁਰੋੰ ਆਏ ਗੁਰੂ ਗੋਬਿੰਦ ਦੇ ਕਾਫ਼ਿਲੇ ਨੇ ਕਰਤਾਰਪੁਰ ਤੋਂ ਨੱਕੇ ਮੋੜਦਾ ਸ਼ਾਇਰ ਨਾਨਕ ਦਿੰਦਾ ਫਿਰੇ ਦਲੀਲ਼ਾਂ ਬਾਬਰ ਨੂੰ ਲ਼ਲਕਾਰਨ ਆਇਆ ਜਹਾਨ ਸਿਰ ਹਾਜ਼ਰ ਕਰਨ ਆਏ ਤੇਗ਼ ਬਹਾਦੁਰ ਨੀਂਹਾਂ ਢਾਉਣ ਆਏ ਸੂਰਜ ਪਟਨੇ ਦੇ ਵਿਚ ਫੱਕਰ ਸੂਫ਼ੀ ਸਾਰੇ ਬੈਠੇ ਸਬਕ ਲੈ ਕੇ ਆਏ ਮਹਾਂ ਕੋਸ਼ਾਂ 'ਚੋਂ ਸਫ਼ੇ ਸੁਨਹਿਰੀ ਮੁੱਦਤਾਂ ਬਾਅਦ ਲਿਖੇ ਜਾ ਰਹੇ ਹਨ ਇਹੋ ਜਿਹੇ ਸਫ਼ਿਆਂ ਦੀਆਂ ਕਹਾਣੀਆਂ ਕਦੇ ਮਿਟਦੀਆਂ ਨਹੀਂ ਹੁੰਦੀਆਂ ਹੱਕਾਂ ਲਈ ਉੱਠੇ ਹੱਥਾਂ ਦੇ ਰੋਹ ਖੁਰਦੇ ਨਹੀਂ ਕਦੇ ਬੱਚਿਆਂ ਦੇ ਹੱਥਾਂ ਚੋਂ ਖਿਡੌਣੇ ਖੋਹਣ ਵਾਲਿਆਂ ਨੂੰ ਕਦੇ ਵਕਤ ਬਖਸ਼ਦਾ ਨਹੀਂ ਹੁੰਦਾ ਦੁੱਧ ਪੀ ਕੇ ਸੁੱਤੇ ਬਾਲਾਂ ਦੇ ਜੇ ਸੁਪਨੇ ਤਿੜਕ ਜਾਣ ਤਾਂ ਕਰਬਲਾ ਆ ਜਾਂਦੀ ਹੈ ਬਰੂਹਾਂ ਚ ਸਦੀਆਂ ਨੂੰ ਪੁੱਛਿਆ ਕਰਨਗੇ ਸਵੇਰੇ ਕਿ ਖੇਤਾਂ ਚ ਸਿਤਾਰੇ ਬੀਜਣ ਵਾਲਿਆਂ ਨੂੰ ਬੇਚੈਨ ਕਰਨ ਵਾਲੇ ਉਹ ਕੌਣ ਸਨ ਜਿੰਨਾਂ ਨੇ ਕਣਕ ਦੇ ਗੀਤਾਂ ਨੂੰ ਬੇਸੁਰ ਕੀਤਾ ਬਾਸਮਤੀ ਦੀ ਮਹਿਕ ਪਲੀਤ ਕੀਤੀ ਤਾਰੀਖ਼ ਸਵਾਲ ਕਰਿਆ ਕਰੇਗੀ ਸਫ਼ੇ ਮੋੜ ਕੇ ਰੱਖਿਆ ਕਰਨਗੇ ਪਹਿਰ ਸੱਚ ਕਦੇ ਹਰਦੇ ਨਹੀਂ ਹੁੰਦੇ ਦੁਆਵਾਂ ਕਦੇ ਕਿਰਦੀਆਂ ਨਹੀਂ ਹੁੰਦੀਆਂ ਜਨੂੰਨ ਸੁੱਚੀ ਸੋਚ ਵਹਿਣ ਚ ਨਹੀਂ ਰੁੜ੍ਹਦੀ ਮਿਹਨਤ ਤਦਬੀਰ ਬਣ ਕੇ ਪਰਤੇਗੀ ਪਿੰਡਾਂ ਸ਼ਹਿਰੀ ਨੂੰ ਜਿੱਤ ਕੇ ਆਈ ਮਿੱਟੀ ਦੀ ਤਕਦੀਰ ਨੂੰ ਰਾਹ ਤੇਲ ਚੋਣਗੇ ਖੇਤ ਗਲ ਲੱਗਣਗੇ ਕਣਕਾਂ ਵਿਛਣਗੀਆਂ ਪੱਬਾਂ ਹੇਠ

ਭਗਤੀ

(25 ਜਨਵਰੀ ਸਾਡੇ ਲਈ ਉਹ ਦਿਨ ਸੀ ਸਾਰੀ ਇੱਕ ਕਾਇਨਾਤ ਹੋਈ ਪਹਿਲੀ ਮੁਲਾਕਾਤ ਹੋਈ) ਭਗਤੀ ਕਰਾਂ ਤਾਂ ਤੇਰੀ ਮੁਹੱਬਤ ਜੇਹੀ ਹੋਵੇ ਸਿਮਰਨ ਕਰਾਂ ਤਾਂ ਤੇਰੇ ਨਾਂ ਵਰਗਾ ਤੈਨੂੰ ਯਾਦ ਕਰਾਂ ਜਿਵੇਂ ਬੱਚੇ ਦੇ ਮਨ ਵਿਚ ਸਦਾ ਨਵੇਂ ਖਿਲੌਣੇ ਦੀ ਰੀਝ ਹੁੰਦੀ ਹੈ ਭੁੱਖ ਪਿਆਸ ਰਹਿੰਦੀ ਹੈ ਦੁੱਧ ਵਰਗੀ ਉੱਡਾਂ ਕਿ ਖੰਭਾਂ ਦੀਆਂ ਭਰ ਲਵਾਂ ਗਲਵਕੜੀਆਂ ਤੇ ਤੇਰਾ ਗੋਰਾ ਗੁਦਗੁਦਾ ਨਰਮ ਗਰਮ ਜਿਸਮ ਹੋਵੇ ਬਾਹਾਂ ਦੀਆਂ ਆਹਾਂ ਚ ਸਾਹ ਲਵਾਂ ਤਾਂ ਹਰ ਸਾਹ ਤੇਰੇ ਚੁੰਮਣਾਂ ਵਰਗਾ ਹੋਵੇ ਉਡਾਰੀ ਭਰੀਏ ਤਾਂ ਆਪਣੀਆਂ ਪੁਰਾਣੀਆਂ ਮਿਲਣ ਵਾਲੀਆਂ ਥਾਵਾਂ ਤੇ ਮੰਡਰਾਈਏ ਥਾਵਾਂ ਕਿ ਜੋ ਗਵਾਹੀਆਂ ਹੁੰਦੀਆਂ ਨੇ ਇਤਿਹਾਸ ਦੀਆਂ ਰਾਹ ਤੇ ਮਕਸਦ ਹੁੰਦਾ ਹੈ ਜਿਉਣ ਦਾ ਜੇ ਮੰਜ਼ਿਲ ਆਵੇ ਤਾਂ ਵੰਗਾਂ ਲੱਦੀ ਟਹਿਣੀ ਤੇ ਬੈਠੀਏ ਜੇ ਵਿਯੋਗੀ ਪਲ ਹੋਣ ਤਾਂ ਸੂਹੇ ਸੂਹੇ ਬੁੱਲ੍ਹਾਂ ਨਾਲ ਚੁੂਸੀਏ ਰਾਤ ਹੋਵੇ ਕਿ ਵਟਣਾ ਮਲ ਸੁਗੰਧ ਬਣੇ ਰੌਸ਼ਨੀ ਹੋਵੇ ਕਿ ਮਹਿੰਦੀ ਰੰਗੇ ਪਲਾਂ ਵਰਗੀ ਜੇ ਪਿਆਸ ਲੱਗੇ ਤਾਂ ਇਕੱਠੇ ਸ਼ਰਬਤੀ ਝੀਲ ਚੋਂ ਇਕ ਦੂਸਰੇ ਦੇ ਮੂੰਹ ਚ ਇਸ਼ਕ ਨੀਰ ਦੀਆਂ ਚੁੰਝਾਂ ਪਾਈਏ ਤੇ ਫਿਰ ਅੰਬਰ ਉਡਾਰੀ ਲਾਈਏ ਭੁੱਖ ਲੱਗੇ ਤਾਂ ਤਾਰੇ ਚੁਗੀਏ ਨੀਂਦ ਆਵੇ ਤਾਂ ਇਕੱਠੇ ਚਾਨਣ ਚਾਦਰ ਵਿਛਾ ਨੀਲਾ ਅਰਸ਼ ਓੜ ਸੌਂ ਜਾਈਏ ਸੁਪਨੇ ਮਾਣੀਏ ਤਾਂ ਸੱਤਰੰਗੀ ਪੀਂਘ ਵਰਗੇ ਕਰਵਟਾਂ ਹੋਣ ਤਾਂ ਇਕਸਾਰ ਕਿਰਨ ਅਨੰਦਤ ਤਰੰਗਤ ਕਰਨ ਮਹਿਕਾਂ ਖਿੱਲਰਨ ਤਾਂ ਤੇਰੇ ਬਦਨ 'ਚੋਂ ਇੱਤਰ ਸਿੰਮਣ ਵਰਗੀਆਂ ਕਿਣਮਿਣ ਹੋਵੇ ਤਾਂ ਤੇਰੇ ਹਾਸਿਆਂ ਵਰਗੀ ਰੰਗ ਹੋਣ ਤਾਂ ਤੇਰੇ ਦੁਪੱਟੇ ਦੇ ਵੰਨ ਸੁਵੰਨੇ ਰੰਗਾਂ ਵਰਗੇ ਰੰਗ ਜੋ ਜੀਵਨ ਗਾਥਾ ਬਖਸ਼ਣ ਪੱਤਝੜ ਆਵੇ ਤਾਂ ਤੇਰੇ ਲਾਰਿਆਂ ਤੇ ਵੀ ਆਵੇ ਸਰਘੀ ਉੱਗੇ ਤਾਂ ਤੇਰੇ ਲਾਲ ਬੁੱਲ੍ਹਾਂ ਗੱਲਹਾਂ ਚੋਂ ਉਗਮੇ ਘਟਾਵਾਂ ਬਰਸਣ ਤਾਂ ਤੇਰੇ ਕਾਲੇ ਭਿੱਜੇ ਵਾਲਾਂ ਚੋਂ ਝਰਨੇ ਫੁੱਟਣ ਤਾਂ ਤੇਰੀ ਭਰਵੀਂ ਹਿੱਕ ਵੀ ਡੁੱਲ੍ਹੇ ਸ਼ਿੰਗਾਰ ਕਰੇਂ ਤਾਂ ਲੱਖ ਸ਼ੀਸ਼ੇ ਤਿੜਕਣ ਪੱਬ ਪੁੱਟੇਂ ਤਾਂ ਗ਼ਰੀਬਣੀ ਧਰਤ ਕੰਬੇ ਧਮਾਲਾਂ ਪਾਵੇਂ ਤਾਂ ਗੱਭਰੂ ਸਾਹ ਰੋਕਣ ਬੂਹੇ ਖੋਲ੍ਹ ਤੱਕੇਂ ਤਾਂ ਅਕਾਸ਼ ਵੀ ਨੀਵਾਂ ਹੋ ਜਾਵੇ ਕੋਈ ਜਵਾਲਾ ਨਦੀ ਵਗੇ ਤਾਂ ਤੇਰੀਆਂ ਅੰਗੜਾਈਆਂ ਚੋਂ ਫੁੱਟੇ ਸਿਮਟੇ ਤਾਂ ਮੇਰੀ ਹਿੱਕ ਠਰੇ

ਗੀਤ ਕਦੇ ਵੀ ਮਰਦੇ ਨਹੀਂ ਹੁੰਦੇ

(ਹਾਉਕਿਆਂ ਨੂੰ ਕਈ ਵਾਰ ਹੰਝੂਆਂ ਦੀ ਤਕਦੀਰ ਲਗ ਜਾਂਦੀ ਹੈ -ਅਮਰਜੀਤ ਟਾਂਡਾ) ਗੀਤ ਕਦੇ ਵੀ ਮਰਦੇ ਨਹੀਂ ਹੁੰਦੇ ਤੇ ਨਾ ਹੀ ਗੀਤਾਂ ਦੇ ਸੁਦਾਗਰ ਸੁਰਾਂ ਹਵਾਵਾਂ ਚ ਸਦਾ ਹੀ ਗਾਉਂਦੀਆਂ ਰਹਿੰਦੀਆਂ ਹਨ ਪੰਛੀਆਂ ਦੇ ਨਾਲ ਮਿਲ ਕੇ ਤੂੰ ਵੀ ਤਾਂ ਇਕ ਗੀਤ ਹੀ ਸੀ ਦਿਲ ਦੇ ਵਿੱਚ ਲਹਿਰ ੨ ਬਣ ਜਾਣ ਵਾਲਾ ਇਸ ਮਿੱਟੀ ਦਾ ਮਿੱਟੀ ਚ ਮਿੱਟੀ ਹੋ ਜਾਣਾ ਹੀ ਗੀਤਾਂ ਦੀ ਰੀਤ ਹੁੰਦੀ ਹੈ ਕੁੱਝ ਗੀਤ ਤਾਰੇ ਬਣ ਜਗਦੇ ਨੇ ਤੇ ਕੁੱਝ ਸਾਜਾਂ ਦੀ ਛਣਕਾਰ ਬਾਕੀ ਕਈਆਂ ਦੇ ਸਾਹਾਂ ਦੀ ਧੜਕਣ ਤੇਰੇ ਬੋਲਾਂ ਚ ਪਰਵਾਜ ਦੀ ਚਾਹਤ ਸੀ ਜਾਂ ਕਿਸੇ ਪਜੇਬ ਦੀ ਛਣਕਾਰ ਦਾ ਹਾਉਕਾ ਤੇ ਹਾਂ ਹਾਉਕਿਆਂ ਨੂੰ ਕਈ ਵਾਰ ਹੰਝੂਆਂ ਦੀ ਤਕਦੀਰ ਲਗ ਜਾਂਦੀ ਹੈ ਬੱਦਲਾਂ ਚ ਜਦ ਘਟਾਵਾਂ ਬਣ ਸਜਦੀਆਂ ਨੇ ਵਿਚ ਤੇਰੇ ਬੋਲ ਘੋਲਦੀਆਂ ਨੇ ਹੁਣ ਜਦੋਂ ਕਦੇ ਕਿਣਮਿਣ ਹੋਇਆ ਕਰੇਗੀ ਤਾਂ ਤੇਰੇ ਗੀਤਾਂ ਦੀ ਸੁਰ ਵੀ ਨਾਲ ਕਿਰਿਆ ਕਰੇਗੀ ਸਰਦੂਲ ਤੇ ਧੁੱਦਲ਼ ਦੀ ਮਹਿਕ ਚੋਂ ਤੇਰੇ ਗੀਤ ਵੱਡੇ ਹੋ ਨੱਚਿਆ ਕਰਨਗੇ ਤੇਰੇ ਤੇ ਤੇਰੀ ਨੂਰੀ ਵਾਂਗ

ਤੂੰ ਅੱਖ ਖੋਲ੍ਹੀ

ਤੂੰ ਅੱਖ ਖੋਲ੍ਹੀ ਤਾਂ ਸਰਘੀ ਨੇ ਰੰਗ ਖਿਲਾਰਿਆ ਸੂਰਜ ਜਾਗਿਆ ਤੇਰੀ ਚੁੰਨੀ ਦੇ ਸਿਤਾਰਿਆਂ ਤੋਂ ਰਿਸ਼ਮਾਂ ਲੱਭਦਾ ਫਿਰੇ ਤੂੰ ਬੁੱਲ ਖੋਲ੍ਹੇ ਤਾਂ ਪੰਛੀਆਂ ਨੂੰ ਗੀਤ ਲੱਭੇ ਤੂੰ ਪੱਬ ਚੁੱਕਿਆ ਤਾਂ ਨਦੀ ਨੇ ਟੁਰਨਾ ਸਿੱਖਿਆ ਤੇਰੀ ਤੋਰ ਤੋਂ ਤੂੰ ਮੁਸਕਰਾਈ ਤਾਂ ਸਵੇਰ ਸਜੀ ਹੱਸੀ ਤਾਂ ਦੁਪਹਿਰ ਖਿੜੀ ਤੇਰਾ ਮੁੱਖ ਦੇਖ ਕੇ ਦਿਨਾਂ ਨੂੰ ਉਮਰਾਂ ਲੱਗਣ ਗੀਤ ਗਾਵੇੰ ਤਾਂ ਰੁੱਤਾਂ ਮੌਲਣ ਨਜ਼ਰਾਂ ਘੁੰਮਾਵੇੰ ਤਾਂ ਤਪੀਸਰਾਂ ਦੇ ਤਪ ਟੁੱਟਣ ਦੁਪੱਟਾ ਲਹਿਰਾਵੇੰ ਤਾਂ ਬਹਾਰ ਦਾ ਮੌਸਮ ਆਵੇ ਗੱਭਰੂਆਂ ਦੀਆਂ ਨੀਂਦਾਂ ਗੁਆਚਣ