Punjabi Poetry : Dharam Kammeyana

ਗੀਤ ਤੇ ਕਵਿਤਾਵਾਂ : ਧਰਮ ਕੰਮੇਆਣਾ


ਅਜੀਤ-ਜੁਝਾਰ

ਅਜਿਤ ਹੈ ਅਜੀਤ ਸਿੰਘ, ਜੂਝਣਾ ਜੁਝਾਰ ਨੇ। ਪੰਜ ਦਰਿਆਵਾਂ ਦੇ ਇਹ ਦੂਲੇ ਸਰਦਾਰ ਨੇ। ਵੱਡੇ ਨੇ ਇਰਾਦੇ ਭਾਵੇਂ ਉਮਰਾਂ ਨੇ ਛੋਟੀਆਂ ਇੱਕੋ ਵਾਰ ਨਾਲ ਲਾਹ ਦਿੰਦੇ ਨੇ ਧੋਣਾਂ ਮੋਟੀਆਂ ਚੰਡੀ ਬਣ ਗੱਜਣਾ ਹੈ ਅੱਜ ਤਲਵਾਰ ਨੇ। ਗੁਰੂ ਪਿਤਾ ਸੱਚ ਵਾਲੀ ਜਾਗ ਲਾਈ ਹੋਈ ਏ ਅਣਖਾਂ ਦੀ ਲੋਰੀ ਦਾਦੀ ਨੇ ਸੁਣਾਈ ਹੋਈ ਏ ਜ਼ਾਲਮਾਂ ਦੇ ਵੈਰੀ ਮਜ਼ਲੂਮਾਂ ਦੇ ਇਹ ਯਾਰ ਨੇ। ਸੁਣ ਕੇ ਜੈਕਾਰਿਆਂ ਨੂੰ ਬਲ ਪੈਣਾ ਝੱਲ ਏ ਮੌਤ ਇਨ੍ਹਾਂ ਯੋਧਿਆਂ ਲਈ ਨਿੱਕੀ ਜਹੀ ਗੱਲ ਏ ਇਨ੍ਹਾਂ ਅੱਗੇ ਮੂਧੇ ਮੂੰਹ ਹੈ ਡਿੱਗਣਾ ਹੰਕਾਰ ਨੇ। ਚਮਕੂ ਗੀ ਚਮਕੌਰ ਪੈਰ ਸੁੱਚੇ ਪੈਣ ਗੇ ਕੰਮੇਆਣਾ ਸ਼ਾਇਰ ਸਦਾ ਜਸ ਗਾਉਂਦੇ ਰਹਿਣ ਗੇ ਸੁੱਤੀ ਹੋਈ ਕੌਮ ਲਈ ਇਹ ਜਾਗਦੀ ਵੰਗਾਰ ਨੇ।

ਸੋਚ

(ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ) ਜਿਹੜੇ ਭਗਤ ਸਿੰਘ ਹੁੰਦੇ, ਉਹ ਕਦੇ ਹਰਿਆ ਨਹੀਂ ਕਰਦੇ। ਜਿਨ੍ਹਾਂ ਦੀ ਸੋਚ ਜਿਉਂਦੀ ਹੈ ਉਹ ਕਦੇ ਮਰਿਆ ਨਹੀਂ ਕਰਦੇ। ਦਾਬੇ ਸਮਰਾਜੀਆਂ ਦੇ, ਜੇਲ੍ਹਾਂ ਤੇ ਹੱਥਕੜ੍ਹੀਆਂ, ਨਾ ਮੰਨਦੇ ਅਣਖ ਵਾਲੇ, ਜ਼ਾਬਰ ਦੀਆਂ ਤੜੀਆਂ। ਪੱਲੇ ਸੱਚ ਜਿਨ੍ਹਾਂ ਦੇ ਕਦੇ ਡਰਿਆ ਨਹੀਂ ਕਰਦੇ। ਉਹ ਸੁੱਚੀਆਂ ਕਰਤਾਂ ਦੇ ਸਦਾ ਪਹਿਰੇਦਾਰ ਹੁੰਦੇ। ਉਹ ਰਾਖੇ ਇੱਜ਼ਤਾਂ ਦੇ, ਅਣਖੀ ਸਰਦਾਰ ਹੁੰਦੇ। ਉਹ ਮਘਦੇ ਸੂਰਜ ਨੇ ਕਦੇ ਠਰਿਆ ਨਹੀਂ ਕਰਦੇ। ਪੱਗ ਬੰਨ੍ਹ ਬਸੰਤੀ ਹੀ ਭਗਤ ਸਿੰਘ ਬਣਿਆਂ ਨਹੀਂ ਜਾਂਦਾ, ਜਿੰਨਾ ਚਿਰ ਜ਼ੁਲਮ ਵਿਰੁੱਧ ਇਹ ਮੁੱਕਾ ਤਣਿਆ ਨਹੀਂ ਜਾਂਦਾ। “ਕੰਮੇਆਣਾ” ਅਣਖ ਵਾਲੇ ਧੱਕਾ ਜ਼ਰਿਆ ਨਹੀਂ ਕਰਦੇ। ਜਿਹੜੇ ਭਗਤ ਸਿੰਘ ਹੁੰਦੇ…

ਮਾਂ

ਸਾਰੇ ਰਿਸ਼ਤੇ ਪਿਆਰੇ ਜੱਗ ‘ਤੇ, ਦਿਲ ਅੰਬਰ ਦੇ ਤਾਰੇ ਜੱਗ ‘ਤੇ। ਹੁੰਦਾ ਨਹੀਂ ਕੋਈ ਮਾਂ ਵਰਗਾ, ਪਿੱਪਲਾਂ ਦੀ ਠੰਡੀ ਛਾਂ ਵਰਗਾ। ਇੱਕ ਰਿਸ਼ਤਾ ਰੱਖੜੀ ਦੀਆਂ ਤੰਦਾਂ, ਰੱਬ ਤੋਂ ਮੰਗੇ ਇਹੋ ਮੰਗਾਂ। ਵੱਸਦਾ ਰਹੇ ਬਾਬਲ ਦਾ ਖੇੜਾ, ਗੁੱਡੀਆਂ ਪਟੋਲਿਆਂ ਵਾਲਾ ਵਿਹੜਾ, ਵੀਰਾ ਪਿੰਡ ਗਰਾਂ ਵਰਗਾ। ਬਹੁਤੇ ਰਿਸ਼ਤੇ ਮਤਲਬ ਮਾਰੇ, ਬੱਚੇ ਸਭ ਨੂੰ ਲੱਗਣ ਪਿਆਰੇ। ਕਾਲਾ ਬੱਦਲ ਛਾ ਜਾਂਦਾ ਕੁਝ, ਰਿਸ਼ਤਿਆਂ ਵਿੱਚ ਜਦ ਆ ਜਾਂਦਾ ਕੁਝ, ਜਾਇਦਾਦ ਦੇ ਨਾਂ ਵਰਗਾ। ਵੀਰ ਤਾਂ ਸੱਜੀਆਂ ਖੱਬੀਆਂ ਬਾਂਹਵਾਂ, ਟੁੱਟ ਜਾਂਦਾ ਪਰ ਮਾਣ ਭਰਾਵਾਂ। “ਕੰਮੇਆਣਾ” ਕੋਈ ਦਿਲ ਦਾ ਮਹਿਰਮ, ਨਾਲ ਨਸੀਬਾਂ ਮਿਲਦਾ ਮਹਿਰਮ, ਹੁੰਦਾ ਹੈ ਧੁੱਪ-ਛਾਂ ਵਰਗਾ। ਪਿੱਪਲਾਂ ਦੀ …........।

ਅਸੀਂ ਪਾਣੀਆਂ 'ਚ ਡੁੱਬ ਕੇ ਵੀ

ਲੱਖਾਂ ਆਫ਼ਤਾਂ ਸਿਰਾਂ ਤੋਂ ਸਾਡੇ ਆ ਕੇ ਲੰਘ ਗਈਆਂ, ਇਹਨਾਂ ਆਫ਼ਤਾਂ ਤਾਈਂ ਵੀ ਕਰ ਸਰ ਜਾਵਾਂਗੇ। ਸਾਡੇ ਦਿਲਾਂ ਵਿੱਚ ਮਘਦੀ ਏ ਜ਼ਿੰਦਗੀ ਦੀ ਰੀਝ, ਅਸੀਂ ਪਾਣੀਆਂ 'ਚ ਡੁੱਬ ਕੇ ਵੀ ਤਰ ਜਾਵਾਂਗੇ। ਇਹਨਾਂ ਪਾਣੀਆਂ ਦੀ ਸਾਡੇ ਨਾਲ ਸਾਂਝ ਏ ਪੁਰਾਣੀ, ਇਸ ਪਾਣੀ ਦੀ ਕਹਾਣੀ ਸਾਡੀ ਆਪਣੀ ਕਹਾਣੀ। ਇਹਨਾਂ ਉੱਚਿਆਂ ਪਹਾੜਾਂ ਤੋਂ ਸਿਦਕ ਸਾਡਾ ਪੱਕਾ, ਅਸੀਂ ਕੱਚੇ ਨਹੀਂ ਜੋ ਪਾਣੀਆਂ 'ਚ ਖਰ ਜਾਵਾਂਗੇ। ਡੁੱਬੇ ਉਮਰ ਬਲੂਰ ਵਿੱਚ ਨਰਮੇ ਕਪਾਹਾਂ, ਡੁੱਬੇ ਝੋਨੇ ਪਾਏ ਬਿਨ ਮੁੰਜਰਾਂ ਦੇ ਗਲ ਬਾਹਾਂ। ਡੁੱਬ ਗਏ ਨੇ ਘਰ-ਬਾਰ ਪਰ ਸਾਡਾ ਵਿਸ਼ਵਾਸ, ਇੱਕ ਦਿਨ ਮੁੜ ਆਪਣੇ ਹੀ ਘਰ ਜਾਵਾਂਗੇ। ਮੋਏ ਮਿੱਤਰਾਂ ਦਾ ਗਮ ਦੁੱਖੀ ਕਰੂ ਤਾਂ ਜਰੂਰ, ਹੌਲੀ ਹੌਲੀ ਆਪੇ ਜ਼ਖ਼ਮਾਂ ਉੱਤੇ ਆਜੂਗਾ ਅੰਗੂਰ। ਸੇਕ ਹਉਕਿਆਂ ਦੀ ਅੱਗ, ਪੀ ਕੇ ਸਬਰਾਂ ਦੇ ਘੁੱਟ, “ਕੰਮੇਆਣਾ” ਅਨਹੋਣੀਆਂ ਨੂੰ ਜਰ ਜਾਵਾਂਗੇ।

ਸਾਨੂੰ ਸਾਡੇ ਖ਼ਤ ਮੋੜ ਦੇ

ਨੀ ਤੂੰ ਕੱਚੀਏ ਕਮਾ ਗਈ ਕੱਚ ਨੀ! ਮੁੱਛ ਮੋੜ ਗਈ ਮਿਲਾ ਕੇ ਅੱਖ ਨੀ! ਏਸੇ ਤਰ੍ਹਾਂ ਹੀ ਜੇ ਸਾਨੂੰ ਤੜਪਾਉਣਾ, ਤੇ ਲਾਰਾ ਲੱਪਾ ਲਾਉਣਾ, ਅਸੀਂ ਨੀ ਐਸਾ ਪਿਆਰ ਲੋੜਦੇ। ਆਹ ਲੈ ਛੱਲਾ ਤੇ ਰੁਮਾਲ ਫੜ੍ਹ ਆਪਣੇ ਨੀ ਸਾਨੂੰ ਸਾਡੇ ਖ਼ਤ ਮੋੜ ਦੇ। ਸਾਈਆਂ ਕਿਧਰੇ, ਵਧਾਈਆਂ ਕਿਧਰੇ, ਲਾਈਆਂ ਕਿਧਰੇ, ਨਿਭਾਈਆਂ ਕਿਧਰੇ। ਜਿਵੇਂ ਤੋੜ ਤੂੰ ਖਿਲੌਣੇ ਵਾਂਗੂੰ ਸਿੱਟ ਗੀ ਨੀ ਇੰਜ ਨਹੀਂ ਦਿਲ ਤੋੜਦੇ। ਸੀ ਤੂੰ ਬੰਨ੍ਹਦੀ ਪਹਾੜਾਂ ਜਿੱਡੇ ਦਾਈਏ ਨੀ! ਤੈਨੂੰ ਯਾਦ ਹੈ ਕਿ ਯਾਦ ਕਰਾਈਏ ਨੀ! ਅੱਜ ਕਰਨ ਘਟਾਓ ਲੱਗੀ ਕੱਢਦੀ ਕੱਲ੍ਹ ਸੀ ਸਵਾਲ ਜੋੜ ਦੇ। ਦਿੱਤੀ ਸਜ਼ਾ ਸਾਨੂੰ ਅੱਖੀਆਂ ਮਿਲਾਉਣ ਦੀ, ਸਾਨੂੰ ਭੁੱਲ ਗੀ ਹੈ ਜਾਚ ਮੁਸਕਾਉਣ ਦੀ। ਜਿਹੜੇ ਕਰਦੇ ਪਿਆਰ ਉਹ ਤਾਂ ਹਰ ਵੇਲੇ ਸੱਜਣਾ ਦੀ ਸੁੱਖ ਲੋੜਦੇ। “ਕੰਮੇਆਣੇ” ਦੀ ਗਈ ਫੁੱਟ ਤਕਦੀਰ ਨੀ! ਭੋਲਪਣ ਵਿੱਚ ਕਹਿ 'ਤਾ ਤੈਨੂੰ ਹੀਰ ਨੀ! ਉਸ ਕਿਸ਼ਤੀ ਕਿਨਾਰੇ 'ਤੇ ਕੀ ਲੱਗਣਾ ਨੀ ਹੱਥੀਂ ਜੇ ਮਲਾਹ ਰੋੜ੍ਹ ਦੇ।

  • ਮੁੱਖ ਪੰਨਾ : ਗੀਤ, ਕਵਿਤਾਵਾਂ ਤੇ ਹੋਰ ਰਚਨਾਵਾਂ : ਧਰਮ ਕੰਮੇਆਣਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ