ਪੰਜਾਬੀ ਕਵਿਤਾਵਾਂ : ਕਾਮਰੇਡ ਮੁਲਖ ਰਾਜ

Punjabi Poetry : Comrade Mulkh Raj


ਐ ਵੀਰੋ ਪੰਜਾਬੀਓ

ਐ ਵੀਰੋ ਪੰਜਾਬੀਓ,ਗੀਤ ਗਾਵੋ ਪਿਆਰ ਦੇ, ਮੁਸਕਰਾਂਦੀ ਜਿੰਦਗੀ,ਆਉਣ ਵਾਲੀ ਬਹਾਰ ਦੇ। ਐ ਵੀਰੋ ਪੰਜਾਬੀਓ............... ਸਦੀਆਂ ਤੋਂ ਜੋ ਖੂਨ ਤੇਰਾ ਪੀ ਕੇ ਮੁਸਕਰਾ ਰਿਹਾ, ਆਪਣੀ ਕਮਾਈ ਵਾਸਤੇ,ਮਜ੍ਹਬਾਂ ਦੇ ਪਾੜੇ ਪਾ ਰਿਹਾ, ਲੋਕਾਂ ਨੂੰ ਪਾੜਦਾ,ਦੁਸ਼ਮਣ ਹੈ ਸਾਡੇ ਪਿਆਰ ਦਾ, ਲੋਕਤਾ ਦੇ ਵੈਰੀਆਂ ਨੂੰ, ਦੇਸ਼ ਚੋਂ ਦੁਰਕਾਰ ਦੇ, ਐ ਵੀਰੋ ਪੰਜਾਬੀਓ............. ਵੇਦ ਗ੍ਰੰਥ ਸਾਂਝੇ ਸਾਡੇ,ਸਾਂਝੇ ਹੀ ਅਵਤਾਰ ਨੇ, ਸ਼ਿਵਾ ਜੀ ਪ੍ਰਤਾਪ ਸਾਡੇ ਅਜੀਤ ਤੇ ਜੁਝਾਰ ਨੇ, ਜੱਲਿਆਂ ਵਾਲੇ ਬਾਗ ਦੀ,ਭਗਤ ਸਿੰਘ ਦੀ ਯਾਦ ਦੀ, ਜੋ ਏਕਤਾ ਲਈ ਜੱਗ ਉੱਤੋਂ,ਜਾਨ ਆਪਣੀ ਵਾਰ ਗਏ, ਐ ਵੀਰੋ ਪੰਜਾਬੀਓ ......... ਵੈਰੀਆਂ ਨੇ ਦੇਸ਼ ਅੰਦਰ ਫਿਰਕੂ, ਅੱਗਾਂ ਬਾਲੀਆਂ, ਇਨਸਾਨੀਅਤ ਮਿਟ ਗਈ,ਸ਼ੈਤਾਨ ਮਾਰਣ ਤਾਲੀਆਂ, ਦੇਸ਼ ਦੇ ਗੱਦਾਰ ਨੇ ਜੋ ਕਾਤਲਾਂ ਦੇ ਯਾਰ ਨੇਂ, “ਕਾਮਰੇਡ” ਜਿੰਦਗੀ ਨੂੰ,ਏਕਤਾ ਤੋਂ ਵਾਰ ਦੇ, ਐ ਵੀਰੋ ਪੰਜਾਬੀਓ .........

ਸਾਨੂੰ ਪਿਆਰ ਦੇਹ

ਜੀਵਣ ਲਈ ਰੁਜ਼ਗਾਰ ਦੇਹ, ਓ ਸਾਈਆਂ ਸਾਨੂੰ ਪਿਆਰ ਦੇਹ, ਘਰ ਵਿੱਚ ਵਿਹਲੇ ਬਹਿਣ ਨਹੀਂ ਹੁੰਦਾ,ਰੋਜ਼ ਸਤਾਂਦੇ ਮਾਪੇ, ਚੰਡੀਗੜ੍ਹ ਦੀਆਂ ਸੜਕਾਂ ਉੱਤੇ ਹੁੰਦੇ ਰੋਜ਼ ਸਿਆਪੇ, ਸਾਨੂੰ ਪਿਆਰ ਦੇਹ.......... ਡਿਗਰੀਆਂ ਦੀ ਪੰਡ ਬੰਨ੍ਹ ਕੇ ਫਿਰਦੇ ਵਾਂਗ ਫਕੀਰਾਂ, ਸੜਕਾਂ ਉੱਤੇ ਰੋੜੀ ਕੁੱਟਣ ਦੇਸ਼ ਮੇਰੇ ਦੀਆਂ ਹੀਰਾਂ, ਸਾਨੂੰ ਪਿਆਰ ਦੇਹ.............. ਕੁੜੀਆਂ ਨੂੰ ਬੀ.ਐਡ ਕਰਾ ਕੇ, ਘਰ ਦਾ ਕਰ ਲਿਆ ਕੂੰਡਾ, ਮਾਂ ਨੇ ਇਕ ਦਿਨ,ਗੁੱਸੇ ਦੇ ਵਿੱਚ ਆ ਕੇ ਧੀ ਦਾ ਫੜ ਲਿਆ ਚੂੰਡਾ, ਸਾਨੂੰ ਪਿਆਰ ਦੇਹ............. ਜੇ ਕੋਈ ਸੱਦਾ ਪੱਤਰ ਆਵੇ, ਮੁਕਦੀ ਗੱਲ ਹਜਾਰੀਂ, ਪਹਿਲਾਂ ਆਪਣੇ ਪੁੱਤ ਭਤੀਜੇ ,ਫੇਰ ਕਿਸੇ ਦੀ ਵਾਰੀ, ਸਾਨੂੰ ਪਿਆਰ ਦੇਹ....................... ਬੀ ਏ. ਐਮ,ਏ ਕਰਕੇ ਲੋਕੋ,ਹੁਣ ਕਿਧਰ ਨੂੰ ਜਾਈਏ, ਵੇਹਲੇ ਰਹਿਕੇ ਝੱਟ ਨਹੀਂ ਲੰਘਦੋ,ਜੱਥੇ ਬੰਦੀ ਬਣਾਈਏ, ਸਾਨੂੰ ਪਿਆਰ ਦੇਹ..................

ਸਿਰ ਝੁਕਾਉਂਦੇ ਹਾਂ

ਸਿਰ ਝੁਕਾਉਂਦੇ ਹਾਂ ਤੇਰੀ ਤਸਵੀਰ ਨੂੰ। ਕਲਮ ਤਰੀ ਨੂੰ ਤੇਰੀ ਸ਼ਮਸ਼ੀਰ ਨੂੰ। ਫਿਰ ਗ੍ਰੰਥਾਂ ਦੇ ਬਣਾ ਕੇ ਕਾਫ਼ਲੇ, ਰਹਿਣ ਨਹੀਂ ਦੇਣਾ ਅਸਾਂ ਬੇਪੀਰ ਨੂੰ। ਫਿਰ ਤੁਸਾਂ ਦੇ ਖ਼ਾਬ ਪੂਰੇ ਹੋਣਗੇ, ਲੋਕ ਪੂਜਣਗੇ ਕਿਸੇ ਦਿਲਗੀਰ ਨੂੰ। ਅਜ ਕਰੋ ਇਕਰਾਰ ਕਲਮਾਂ ਵਾਲਿਉ, ਬਦਲ ਦੇਵਾਂਗੇ ਅਸੀਂ ਤਕਦੀਰ ਨੂੰ । ਸੜਕਾਂ ਤੇ ਰੁਲਦੇ ਲੋਕ ਇਕ ਦਿਨ ਕਹਿਣਗੇ, ਅਸੀਂ ਵਾਰਸ ਹਾਂ ਤੇਰੇ ਆਖੀਰ ਨੂੰ । ਤੁਸੀਂ ਕੱਟੀ ਜ਼ਿੰਦਗੀ ਲਾਲੋ ਦੇ ਵਾਂਗ ਤਕਿਆ ਨ ਭਾਗੋਆਂ ਦੀ ਖੀਰ ਨੂੰ। ਕਸਮਾਂ ਖਾਂਦੇ ਹਾਂ ਤੁਸਾਂ ਦੇ ਜਨਮ ਤੇ, ਤੋੜ ਦੇਣਾਂ ਜੁਲਮ ਦੀ ਜੰਜੀਰ ਨੂੰ। ਸਿਰ ਝੁਕਾਉਂਦੇ ਹਾਂ । 1993

ਗਾ ਗੀਤ ਜ਼ਿੰਦਗੀ ਦੇ

ਗਾ ਗੀਤ ਜ਼ਿੰਦਗੀ ਦੇ, ਹੁਣ ਛੇੜ ਦੇ ਤਰਾਨਾ ਮਜ਼ਦੂਰ ਤੇ ਕਿਸਾਨਾਂ, ਹੁਣ ਬਦਲ ਦੇ ਜ਼ਮਾਨਾਂ ਤੇਰੇ ਹੀ ਚਾਰੇ ਪਾਸੇ, ਭੁੱਖ ਨੰਗ ਤੇ ਬੀਮਾਰੀ ਤੇਰੀ ਮਿਹਨਤਾਂ ਨੂੰ ਲੁੱਟਦੀ ਸ਼ੈਤਾਨ ਬਿਸਵੇ ਦਾਰੀ ਹਰ ਚੀਜ਼ ਤੇਰੀ ਅਪਣੀ ਤੂੰ ਦੇਸ਼ ਦਾ ਖਜ਼ਾਨਾ ਗਾ ਗੀਤ ਜ਼ਿੰਦਗੀ ਦੇ ...। ਕੰਬ ਜਾਣ ਸੁਣ ਕੇ ਵੈਰੀ ਲਹੂ ਪੀਣਿਆਂ ਦੇ ਢਾਣੇ ਗਾ ਗੀਤ ਇਨਕਲਾਬੀ ਹੁਣ ਛੋੜ ਦੇ ਮੈ-ਖਾਣੇ ਇਹ ਰੀਤ ਜ਼ਿੰਦਗੀ ਦੀ, ਹੁਣ ਬਦਲ ਦੇ ਜਵਾਨਾਂ ਗਾ ਗੀਤ ਜ਼ਿੰਦਗੀ ਦੇ ...। ਤੂੰ ਪਰਬਤਾਂ ਦੀ ਹਿੱਕ ਤੇ ਕਈ ਡੈਮ ਨੇ ਉਸਾਰੇ ਇਹ ਧਰਤ ਸਾਗਰ ਤੇਰੇ , ਇਹ ਚੰਨ ਤੇ ਸਤਾਰੇ ਤੇਰੀ ਮਿਹਨਤਾਂ ਦੇ ਸਦਕੇ ਜੱਗ ਹੋ ਰਿਹਾ ਦੀਵਾਨਾ ਗਾ ਗੀਤ ਜ਼ਿੰਦਗੀ ਦੇ ...। ਧਰਤੀ ਪਹਾੜ ਜੰਗਲ ਤੂੰ ਆਸਮਾਂ ਹਿਲਾ ਦੇ ਗੂੰਗੀ ਜ਼ਬਾਨ ਨੂੰ ਵੀ ਹੁਣ ਬੋਲਣਾ ਸਖਾ ਦੇ ਤੇਰੀ ਫਤਹਿ ਦਾ ਹਰ ਦਿਲ, ਬਣਦਾ ਰਹੇ ਨਿਸ਼ਾਨਾ ਗਾ ਗੀਤ ਜ਼ਿੰਦਗੀ ਦੇ ...। 1994