Punjabi Poetry : Bhushan Dhianpuri

ਪੰਜਾਬੀ ਕਵਿਤਾ : ਭੂਸ਼ਨ ਧਿਆਨਪੁਰੀ



1. ਮਿੱਟੀ ਕਿਸੇ ਦੀ ਲੱਭੀ, ਦੱਬੀ ਸੋਨੇ 'ਚੋਂ

ਮਿੱਟੀ ਕਿਸੇ ਦੀ ਲੱਭੀ, ਦੱਬੀ ਸੋਨੇ 'ਚੋਂ ! ਘਰ ਦੇ ਪਿਛਲੇ ਪਾਸੇ ਉੱਜੜੇ ਕੋਨੇ 'ਚੋਂ ! ਸ਼ਾਇਰ ਲਈ ਉੱਜਲੇ ਦੰਦਾਂ ਦੀ ਬੀੜ੍ਹ ਬਣੀ, ਤੌੜੀ ਮਾਰ ਉਡਾਇਆ ਬਗਲਾ ਝੋਨੇ 'ਚੋਂ ! ਹੁਨਰ ਬਕਾਇਆ ਮੁੜ ਓਨੇ ਦਾ ਓਨਾ ਹੈ, ਕਿੰਨੀ ਵਾਰ ਕਢਾਇਆ ਓਨਾ ਓਨੇ 'ਚੋਂ ! ਗੀਤ ਧਰੇਕਾਂ ਦੇ ਵਿੱਚ ਕਦੇ ਗੁਆਚਾ ਸੀ, ਕਾਫ਼ਰ ਤੋਤਾ ਢੂੰਡ ਰਿਹਾ ਧਰਕੋਨੇ 'ਚੋਂ ! ਗੌਰ ਵਰਣ ਇੱਕ ਚਿਹਰਾ ਪੁੱਛੇ ਦਰਪਣ 'ਤੋਂ, ਰਾਧਾ ਕੀ ਲੱਭਦੀ ਸੀ ਸ਼ਾਮ ਸਲੋਨੇ 'ਚੋਂ ! ਗੁੜ ਵੀ ਗੋਬਰ ਅਤੇ ਗਣੇਸ਼ ਵੀ ਗੋਬਰ ਹੈ, ਸੂਰਾਂ ਨੂੰ ਕੀ ਲੱਭਣੈ "ਭੂਸ਼ਨ" ਪੋਨੇ 'ਚੋਂ ...!!

2. ਸਾਹਾਂ ਦੇ ਸੰਗਮ 'ਤੇ ਹੋਇਆ ਹਾਦਸਾ

ਸਾਹਾਂ ਦੇ ਸੰਗਮ 'ਤੇ ਹੋਇਆ ਹਾਦਸਾ ! ਦੋ ਜਿਸਮ ਹਾਲੇ ਤਲਕ ਵੀ ਲਾਪਤਾ ! ਕਿਸ ਜਗ੍ਹਾ ਲਾਵਾਂ ਮੈਂ ਹਾਸਿਲ ਦੋਸਤੋ, ਬਹੁਤ ਸੌੜਾ ਹੈ ਉਮਰ ਦਾ ਹਾਸ਼ੀਆ ! ਜ਼ਿੰਦਗੀ ਮਹਿਮਾਨ ਬਣਕੇ ਬਹਿ ਰਹੀ, ਬੀਤ ਚੱਿਲਆ ਹਾਂ ਮੈਂ ਇਸਨੂੰ ਸਾਂਭਦਾ ! ਹੰਝੂਆਂ ਵਿੱਚ ਡੁੱਬਿਆ ਭੂਸ਼ਨ ਫਿਰੇ, ਗੂੰਜਦੈ ਖਵਰੇ ਇਹ ਕਿਸਦਾ ਕਹਿਕਹਾ ..!!!

3. ਜਾਗ ਉੱਠੀ ਰੀਝ ਯੁਗ ਪਲਟਾਣ ਦੀ

ਜਾਗ ਉੱਠੀ ਰੀਝ ਯੁਗ ਪਲਟਾਣ ਦੀ ! ਅੱਜ ਦੀ ਹਰ ਪੀੜ ਮੇਰੇ ਹਾਣ ਦੀ !! ਕੰਮ ਹੈ ਮੇਰੀ ਇਬਾਦਤ ਦੋਸਤੋ, ਲੋੜ ਕਾਹਦੀ ਹੋਰ ਹੁਣ ਵਰਦਾਨ ਦੀ ! ਟੋਕਰੀ ਨੂੰ ਸਮਝਦਾਂ ਮੈਂ ਕਾਮਧੇਨ, ਕਲਪ ਦੀ ਵੀ ਮਾਂ ਕਹੀ ਕਿਰਸਾਣ ਦੀ ! ਕਿਉਂ ਦਿਆਂ ਪਾਣੀ ਮੈਂ ਤੈਨੂੰ ਸੂਰਜਾ, ਹੈ ਪਿਆਸੀ ਢੇਮ ਮੇਰੇ ਵਾਹਣ ਦੀ ! ਕਰ ਰਿਹਾ ਨੰਗੀ ਦੁਸ਼ਾਸਨ ਭੁੱਖ ਦਾ, ਦ੍ਰੋਪਦੀ ਮਾਨਵ ਦੇ ਸਵੈ-ਅਭਿਮਾਨ ਦੀ! ਜਾਨਸ਼ੀਂ ਰਾਵਣ ਦੇ ਜ਼ਿੰਦਾ ਨੇ ਅਜੇ, ਫੇਰ ਆ ਗਈ ਰੁੱਤ ਲੰਕਾ ਢਾਣ੍ਹ ਦੀ । ਪੋਥੀਆਂ, ਬੀੜਾਂ, ਕੁਰਾਨਾਂ ਕੀ ਕਰਾਂ, ਰੁਲ ਰਹੀ ਜਦ ਪ੍ਰਗਟ ਦੇਹ ਇਨਸਾਨ ਦੀ । ਵੱਖਰਾ ਅਵਤਾਰ ਕੋਈ ਨਈਂ ਜੰਮਣਾ, ਆਸ ਛੱਡੋ ਹੁਣ ਕਿਸੇ ਦੇ ਆਣ ਦੀ ! ਆਪ ਬਣ 'ਭੂਸ਼ਨ' ਵਿਧਾਤਾ ਆਪਣਾ, ਢੂੰਡ ਬੂਟੀ ਆਪਣੇ ਕਲਿਆਣ ਦੀ !!

4. ਅੱਜ ਬਲਵਾਨ ਕਲਪਣਾ ਦੇ ਪਰ ਮੈਨੂੰ ਭਾਰੇ ਭਾਰੇ ਲੱਗੇ

ਅੱਜ ਬਲਵਾਨ ਕਲਪਣਾ ਦੇ ਪਰ ਮੈਨੂੰ ਭਾਰੇ ਭਾਰੇ ਲੱਗੇ ! ਸੋਚਾਂ ਦੇ ਮਿੱਠੇ ਸਾਗਰ ਦੇ ਪਾਣੀ ਖਾਰੇ ਖਾਰੇ ਲੱਗੇ !! ਜਾਂ ਤਾਂ ਉਹ ਮਜ਼ਦੂਰ ਨਹੀਂ ਸਨ ;ਜਾਂ ਫਿਰ ਉਹ ਮਜਬੂਰ ਹੋਣਗੇ, ਵੇਖਾ ਵੇਖੀ ਪੈਰ ਪੁਟੀਂਦੇ ਪੱਥਰ ਦੇ ਬੁੱਤ ਸਾਰੇ ਲੱਗੇ ! ਊਠਾਂ ਦੇ ਬੁੱਲ੍ਹ ਲਟਕ ਰਹੇ ਨੇ ;ਹੁਣ ਵੀ ਡਿੱਗੇ ;ਹੁਣ ਵੀ ਡਿੱਗੇ, ਇਹੀਓ ਬਾਤ ਵਿਚਾਰ ਕੇ ਖਵਰੇ ਕਿੰਨੇ ਮਗਰ ਵਿਚਾਰੇ ਲੱਗੇ ! ਸਿਰ ਮੇਰਾ ਸੂਰਜ ਨੇ ਖਾਧਾ ਸੜਕਾਂ ਪੈਰਾਂ ਨੂੰ ਖਾ ਗਈਆਂ, ਕੰਨ ਵਿਚਾਰੇ ਕੱਚੇ ਕੱਚੇ ;ਬੁੱਲ੍ਹ ਵੀ ਹਾਰੇ ਹਾਰੇ ਲੱਗੇ ! ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ ;ਇਹ ਤਾਂ ਮੌਸਮ ਦੇ ਸਿਰ ਸਿਹਰਾ, ਜੇ ਮੇਰੇ ਗੁਲਦਸਤੇ ਵਿਚਲੇ ਤੈਨੂੰ ਫੁੱਲ ਪਿਆਰੇ ਲੱਗੇ !

5. ਮੈਂ ਕਵਿਤਾ ਕੋਲ ਰੁਕਣਾ ਹੈ, ਜੇ ਜਾਂਦੀ ਹੈ ਬਹਿਰ ਜਾਏ

ਮੈਂ ਕਵਿਤਾ ਕੋਲ ਰੁਕਣਾ ਹੈ, ਜੇ ਜਾਂਦੀ ਹੈ ਬਹਿਰ ਜਾਏ । ਨਦੀ ਦੀ ਹੋਂਦ ਕਿੱਥੇ ਹੈ, ਅਗਰ ਪਾਣੀ ਠਹਿਰ ਜਾਏ । ਇਹ ਨਾ ਤਾਂ ਝੱਗ ਹੈ, ਨਾ ਬੁਲਬੁਲਾ, ਨਾ ਜਵਾਰਭਾਟਾ ਹੈ, ਇਹ ਤਲ ਸਾਗਰ ਦਾ ਹੈ ਪਿਆਰੇ, ਲਹਿਰ ਆਏ ਲਹਿਰ ਜਾਏ । ਸ਼ਹਿਰ ਨੂੰ ਹੱਸਦਾ ਤੱਕਣੈ ਤਾਂ ਉਸਨੂੰ ਪਿੰਡ ਵੱਲ ਤੋਰੋ, ਜੇ ਪਿੰਡ ਨੂੰ ਤੜਫਦਾ ਤੱਕਣੈ, ਕਹੋ ਉਸਨੂੰ ਸ਼ਹਿਰ ਜਾਏ । ਨਾ ਚੰਨ ਪਾਣੀ 'ਚ ਤਰਦਾ ਹੈ, ਨਾ ਸੱਪ ਰੱਸੀ 'ਚ ਰਹਿੰਦਾ ਹੈ, ਕਦੇ ਤਾਂ ਖੇਡਦਾ ਬੱਚਾ, ਕਦੇ ਬੱਚਾ ਇਹ ਡਰ ਜਾਏ । ਹਾਂ, ਏਸੇ ਹੀ ਤਰ੍ਹਾਂ ਕਰਦੇ ਰਹੋ ਸੰਵਿਧਾਨ ਵਿੱਚ ਸੋਧਾਂ, ਬਹੁਤ ਮੁਮਕਿਨ ਹੈ ਇਕ ਦਿਨ ਆਪਣਾ ਭੂਸ਼ਨ ਸੁਧਰ ਜਾਏ ।

6. ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ

ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ । ਸਾਰਾ ਝਗੜਾ ਯਾਰ ਕਿਤਾਬਾਂ ਪਿੱਛੇ ਹੈ । ਬਿਨਾਂ ਕਿਤਾਬਾਂ ਤੋਂ ਕੁੱਝ ਨਜ਼ਰ ਨਹੀਂ ਆਉਂਦਾ, ਕਿੱਥੇ ਹੈ ਬੀਮਾਰ ? ਕਿਤਾਬਾਂ ਪਿੱਛੇ ਹੈ । ਕੋਈ ਕਿਸੇ ਤੋਂ ਚਾਰ ਕਮੀਜ਼ਾਂ ਅੱਗੇ ਹੈ, ਕੋਈ ਕਿਸੇ ਤੋਂ ਚਾਰ ਕਿਤਾਬਾਂ ਪਿੱਛੇ ਹੈ । ਨਾਂ ਰੱਦੀ ਅਖਬਾਰ ਦਾ ਲੈਂਦਾ ਹੈ ਭਾਵੇਂ, ਫਿਰਦਾ ਗਲੀ ਬਜ਼ਾਰ ਕਿਤਾਬਾਂ ਪਿੱਛੇ ਹੈ । ਘਰ ਦੀ ਦਾਰੂ ਵਾਂਗ ਲੁਕਾਉਂਦੇ ਫਿਰਦੇ ਹਾਂ, ਇੰਜ ਪਈ ਸਰਕਾਰ ਕਿਤਾਬਾਂ ਪਿੱਛੇ ਹੈ । ਕੀ ਲੈਣੈ ' ਭੂਸ਼ਨ ' ਨੇ ਜੀਅ ਕੇ ਦੁਨੀਆਂ ਤੋਂ, ਚੁੱਕੀ ਫਿਰਦਾ ਭਾਰ ਕਿਤਾਬਾਂ ਪਿੱਛੇ ਹੈ ।

7. ਅਖੰਡ - ਕਾਵਿ

ਦੇਸਾਂ ਵਾਲਿਉ ! ਰਾਹੀਆਂ ਦਾ ਰੱਬ ਰਾਖਾ ; ਸਾਨੂੰ ਹੁਕਮ ਹੋਇਆ ਚਾਲੇ ਪਾਵਣੇ ਦਾ । ਕਿਹੜੇ ਨਾਥ ਦੇ ਟਿੱਲੇ ਦਾ ਰਾਹ ਫੜੀਏ, ਦੱਸੇ ਵੱਲ ਜੋ ਯਾਰ ਮਨਾਵਣੇ ਦਾ । ਪਾਣੀ ਫਿਰ ਗਿਆ ਸਾਡੀਆਂ ਔਂਸੀਆਂ 'ਤੇ, ਮੁੜਿਆ ਮੁੱਲ ਨਾ ਕਾਗ ਉਡਾਵਣੇ ਦਾ । ਵੱਸਦੇ - ਰੱਸਦੇ ਰਹੋ ਧਿਆਨਪੁਰੀਓ ! ਸਾਡਾ ਵਕਤ ਆਇਆ ਉੱਜੜ ਜਾਵਣੇ ਦਾ ।। *********** ਕਦੇ ਪਾਥੀਆਂ ਢਾਹਿਆਂ ਨਾ ਵੈਰ ਮੁੱਕਣ, ਡਾਂਗ ਨਾਲ ਨਾ ਪਾਣੀ ਨੂੰ ਕੱਖ ਹੁੰਦਾ । ਪਹਿਲਾਂ ਅੱਖੀਆਂ ਸਾਡੀਆਂ ਕੱਢ ਦੇਵੋ, ਅੱਖੀਂ ਵੇਖ ਕੇ ਮਹੁਰਾ ਨਾ ਚੱਖ ਹੁੰਦਾ । ਲੋੜ ਝੂਠ ਨੂੰ ਹੁੰਦੀ ਮੁਖੌਟਿਆਂ ਦੀ, ਸੱਚ ਸੂਰਜਾਂ ਵਾਂਙ ਪਰਤੱਖ ਹੁੰਦਾ । ਭਾਵੇਂ ਨਾਲ ਜਮੂਰਾਂ ਦੇ ਖਿੱਚ ਵੇਖੋ, ਮਾਸ ਨਹੁਆਂ ਦੇ ਨਾਲੋਂ ਨਾ ਵੱਖ ਹੁੰਦਾ । *********** ਮੌਤੇ! ਨੱਚ ਲੈ, ਤੂੰ ਵੀ ਕੀ ਯਾਦ ਕਰਸੇਂ, ਅਸਾਂ ਧਰਤ ਨੂੰ ਕਲੀ ਕਰਾ ਦਿੱਤਾ । ਜੀਂਦੇ ਆਦਮੀ ਲਈ ਬਚਿਆ ਕੰਮ ਐਨਾ, ਮਰਿਆ ਆਦਮੀ, ਪਾਠ ਧਰਾ ਦਿੱਤਾ । ਵੇਖੀ ਜਦੋਂ ਮਨਾਹੀਆਂ ਦੀ ਝੜੀ ਲੱਗੀ, ਜੁਮਲਾ ਕਿਸੇ ਦਰਵੇਸ਼ ਦੁਹਰਾ ਦਿੱਤਾ । 'ਵੇਖੀਂ ਬਾਂਦਰਾ! ਅੱਗ ਨਾ ਲਾਈਂ ਕਿਧਰੇ,' "ਚੰਗਾ ਹੋਇਆ,ਤੂੰ ਯਾਦ ਕਰਾ ਦਿੱਤਾ ।।" *********** ਕਰਕੇ ਪੂਣੀ ਦਰਿਆਵਾਂ ਦੀ ਪੱਗ ਵਾਂਗੂੰ, ਅਸੀਂ ਸਿਰਾਂ 'ਤੇ ਬੰਨਣਾ ਲੋਚਦੇ ਹਾਂ । ਦੇ ਕੇ ਬਲੀਆਂ ਬਜ਼ੁਰਗਾਂ ਜੋ ਬਿਰਖ ਬੀਜੇ, ਟਾਹਣੇ ਛਾਂਗਦੇ, ਜੜ੍ਹਾਂ ਖਰੋਚਦੇ ਹਾਂ । ਜਦੋਂ ਕਦੇ ਵੀ ਰਤਾ ਂਉਡਾਰ ਹੋਈਏ, ਸੁੱਤੇ ਪੰਛੀਆਂ ਦੇ ਖੰਭ ਨੋਚਦੇ ਹਾਂ । ਜਿੱਦਾਂ ਸੋਚਦੇ ਸਾਂ, ਓਦਾਂ ਨਹੀਂ ਹੋਇਆ, ਓਦਾਂ ਨਹੀਂ ਹੋਣਾ, ਜਿੱਦਾਂ ਸੋਚਦੇ ਹਾਂ ।। ************ ਕਰੀਏ ਕਿੰਞ ਇਲਾਜ ਆਲੋਚਕਾਂ ਦਾ, ਕਲਮਾਂ ਵਿੱਚੋਂ ਜਿੰਨ੍ਹਾਂ ਨੂੰ ਹੋ ਬੋਅ ਆਉਂਦੀ । 'ਧੂਆਂ' ਸਦਾ ਦਿਮਾਗ ਨੂੰ ਰਹੇ ਚੜ੍ਹਦਾ, ਲਾਗੇ ਇਹਨਾਂ ਦੇ ਕਦੇ ਨਾ 'ਲੋਅ' ਆਉਂਦੀ। ਚਿੱਚੜ ਸਦਾ ਹਵਾਨੇ 'ਚੋਂ ਲਹੂ ਲੱਭਣ, ਕਦੇ ਦੁੱਧ ਦੀ ਨਹੀਂ ਕਨਸੋਅ ਆਉਂਦੀ । ਬਣਦੀ ਨਹੀਂ ਗੁਲਾਬ ਦੀ, ਕਹਿਣ: ਸਬਜ਼ੀ, ਸਾਨੂੰ ਗੋਭੀ 'ਚੋਂ ਨਹੀਂ ਖੁਸ਼ਬੋ ਆਉਂਦੀ ।। ********* ਸਾਨੂੰ ਕਦੇ ਨਾ ਧੁੱਪ ਨਸੀਬ ਹੋਈ, ਜਾਂ ਤਾਂ ਘੁਸਮੁਸਾ ਹੈ,ਜਾਂ ਫਿਰ ਸਾਜ੍ਹਰਾ ਹੈ। ਸਾਡੇ ਨਾਲ ਹੈ ਵਕਤ ਨੇ ਭਲੀ ਕੀਤੀ, ਬੀਜੀ ਕਣਕ ਤੇ ਉੱਗਿਆ ਬਾਜਰਾ ਹੈ । ਕਦੇ ਟੁੱਟਦੀ ਨਾ ਸਾਂਝ ਪਾਗ਼ਲਾਂ ਦੀ, ਅੰਬਰਸਰੋਂ ਭਾਵੇਂ ਕਿੰਨਾ ਆਗਰਾ ਹੈ । ਚੰਦ ਬੰਦਿਆਂ ਨੇ ਏਨਾ ਗੰਦ ਪਾਇਆ, ਤੂੰ ਹੀ ਬੋਲ ਸਾਈਆਂ, ਇਹ ਕੀ ਮਾਜਰਾ ਹੈ !।

8. ਦੋਸਤਾ,ਤੇਰੀ ਸਿਆਹੀ ਦਾ ਕਿਹਾ ਦਸਤੂਰ ਹੈ

ਦੋਸਤਾ,ਤੇਰੀ ਸਿਆਹੀ ਦਾ ਕਿਹਾ ਦਸਤੂਰ ਹੈ? ਏਸ ਵਿੱਚੋਂ ਉਪਜਿਆ ਹਰ ਹਰਫ਼ ਹੀ ਮਗ਼ਰੂਰ ਹੈ !! ਮੇਰੇ ਸ਼ਿਕਵੇ ਨਾਲ ਹਮਦਰਦੀ ਕਰੀਂ ਜਾਂ ਨਾ ਕਰੀਂ, ਮੇਰੇ ਹਰ ਵਰਕੇ ਨੂੰ ਤੇਰੀ; ਹਰ ਸ਼ਰਤ ਮੰਨਜ਼ੂਰ ਹੈ !! ਫੇਰ ਸ਼ਾਇਦ ਜੀਣ ਬਗਲੀ ਨੂੰ ਨਗੰਦੇ ਪਾ ਲਵਾਂ, ਝਾੜ-ਝੰਬ ਕੇ ਪੋਤੜੇ ਇੱਕ ਵੇਰ ਕੰਧੇ ਪਾ ਲਵਾਂ, ਜੇ ਤੂੰ ਦੋ ਪਲ ਮੇਲ ਦਾ ਵਾਅਦਾ ਕਰੇਂ ਓ ਦੁਸ਼ਮਣਾ - ਆਸ ਦੀ ਖੇਸੀ ਪੁਰਾਣੀ ਫੇਰ ਅੰਦੇ ਪਾ ਲਵਾਂ !! ਓਸ ਦਿਨ ਤੱਕ ਜ਼ਿੰਦਗ਼ੀ ਜੇ ਬਰਫ਼ ਜਾਵੇ ਨਾ ਕਿਤੇ, ਹਾਂ ਵਫ਼ਾ ਦੇ ਨਾਮ 'ਤੇ ਕੋਈ ਹਰਫ਼ ਆਵੇ ਨਾ ਕਿਤੇ, ਤੇਰੇ ਚਿਹਰੇ ਦੀ ਇਨਾਇਤ; ਤੇਰੀਆਂ ਨਜ਼ਰਾਂ ਦੀ ਸਹੁੰ, ਆਖ ਦਾਂ'ਗਾ ਨਜ਼ਰ ਨੂੰ ਉਸ ਤਰਫ਼ ਜਾਵੇ ਨਾ ਕਿਤੇ .......!!!! (ਇੱਕ ਮਸੀਹਾ ਹੋਰ)

9. ਔਹ ਦੁਮਾਹਲਾ ਖੂਹ ਜੋ ਗਿੜਦਾ ਦਰਦ ਦਾ

ਔਹ ਦੁਮਾਹਲਾ ਖੂਹ ਜੋ ਗਿੜਦਾ ਦਰਦ ਦਾ, ਔਹ ਦਿਸੇ ਜੋ ਚੁੱਪ ਦੀ ਕੁੱਬੀ ਨਿਸਾਰ, ਔਲੂਆਂ ਦਾ ਬਾਰਦਾਨਾਂ ਟੱਪ ਕੇ, ਆਡ ਹੰਝੂਆਂ ਦੀ ਹੈ ਵਗਦੀ ਬੇਮੁਹਾਰ ! ਆਡ ਦੇ ਬੰਨੇ 'ਤੇ ਬੈਠੀ ਚਾਨਣੀ, ਚਾਨਣਾ ਤੂੰਬਾ ਨਿਚੋੜੇ ਤੇਲ ਦਾ, (ਯਾਦ ਦਾ ਤੂੰਬਾ ਤੇ ਗ਼ਮ ਦਾ ਤੇਲ ਹੈ ) ਆ ਗਏ ਉੱਲੂਆਂ ਦੇ ਜੋੜੇ ਆ ਗਏ, ਆ ਗਏ ਡੱਡੂ ਤੇ ਘੋੜੇ ਆ ਗਏ, ਊਠ ਨੇ, ਊਠੀਂ ਚੜ੍ਹੇ ਅਸਵਾਰ ਨੇ, ਆਦਮੀਂ ਨੇ, ਗਲ ਸਿਰਾਂ ਦੇ ਹਾਰ ਨੇ, ਰੇਤ ਹੈ, ਰੋਂਦੀ ਪਈ ਕੋਈ ਕੁੜੀ, ਔਹ ਕੋਈ ਸੋਹਣੀ ਹੈ ਮਰ ਕੇ ਤਰ ਗਈ, ਔਹ ਕਿਸੇ ਲੂਥਰ ਦਾ ਝਾਉਲਾ ਪੈ ਰਿਹੈ, ਆਹ ਖ਼ਰੇ ਸੁਕਰਾਤ ਹੈ ਜੋ ਬਹਿ ਰਿਹੈ ! ਇਸ਼ਕ ਦੀ ਅੱਖੀ 'ਚ ਫੋਲਾ ਪੈ ਗਿਐ, ਹੁਸਨ ਨੂੰ ਸਗਨਾਂ ਦਾ ਚੋਲਾ ਪੈ ਗਿਐ......!

10. ਸਰਸਾਮ - ਨਜ਼ਮ

ਮੈਂ ਸਾਂ ਸੁਣਦਾ ਆ ਰਿਹਾ ਮੁੱਦਤ ਤੋਂ ਪਤਲੀ ਛਮਕ ਹੈਂ ਤੂੰ, ਦਰਅਸਲ ਪਰ ਸੋਚ ਦੇ ਪਿੰਡੇ ‘ਤੇ ਉੱਬਰੀ ਲਾਸ ਹੈਂ ਤੂੰ । ਤੂੰ ਵਕੀਲਾਂ, ਜਾਂ ਅਪੀਲਾਂ, ਜਾਂ ਦਲੀਲਾਂ ਦਾ ਦਮਨ ਹੈਂ, ਸੱਚ ਦਾ, ਜਾਂ ਸੁੱਚ ਦਾ, ਜਾਂ ਸਬਰ ਦਾ ਉਪਹਾਸ ਹੈਂ ਤੂੰ । ਹੋਂਦ ਤੇਰੀ ‘ਚੋਂ ਗੁਲਾਬਾਂ ਦਾ ਜਣੇਪਾ ਚਿਤਵਿਆ ਸੀ, ਪਰ ਜੋ ਸੁੰਘਣ ਸ਼ਕਤਿ ਨੂੰ ਹੀ ਮਾਰ ਦੇਵੇ ਬਾਸ ਹੈਂ ਤੂੰ । ਸਾੜ ਕੇ ਇੱਕ ਨੂੰ ਸਵਾਹ ਮਲਦੀ ਹੈਂ ਦੂਜੇ ਮੱਥਿਆਂ ‘ਤੇ, ਤੂੰ ਹੈਂ ਜਿਸਨੂੰ ਸਮਝਦੀ ਨਰ ਬਸ ਓਸੇ ਦੀ ਰਾਸ ਹੈਂ ਤੂੰ । ਏਸ ਤੋਂ ਅੱਗੇ ਭਲਾ ਮੈਂ ਹੋਰ ਕੀ ਆਖਾਂਗਾ ਤੈਨੂੰ, ਰਾਖ ਹੈਂ ਤੂੰ, ਖ਼ਾਕ ਹੈਂ ਤੂੰ, ਬਸ ਨਿਰੀ ਬਕਵਾਸ ਹੈਂ ਤੂੰ । ਦੇ ਲਵੀਂ ਇਲਜ਼ਾਮ ਮੈਨੂੰ, ਕਰ ਲਵੀਂ ਬਦਨਾਮ ਮੈਨੂੰ, ਦੋਸਤੋ ! ਮੇਰਾ ਵੀ ਕੋਠਾ ਜੇ ਕਿਤੇ ਦੁਨੀਆਂ ‘ਚ ਹੁੰਦਾ ਕੋਠੇ ਚੜ੍ਹਕੇ ਆਖਦਾ ਮੈਂ ਹੋਗਿਆ ‘ਸਰਸਾਮ’ ਮੈਨੂੰ ...।।

11. ਜਿੰਨਾ ਸੂਰਜ ਚੀਰ ਲਿਆ ਉਹ ਤੇਰਾ ਹੈ

ਜਿੰਨਾ ਸੂਰਜ ਚੀਰ ਲਿਆ ਉਹ ਤੇਰਾ ਹੈ । ਬਾਕੀ ਦਾ ਜੋ ਵੀ ਬਚਿਆ ਉਹ ਮੇਰਾ ਹੈ । ਤੇਰੇ ਘਰ ਵਿੱਚ ਸੂਰਜ ਦਾ ਪਰਛਾਵਾਂ ਹੈ, ਮੇਰੇ ਘਰ ਵਿੱਚ ਪਰਛਾਵੇਂ ਦਾ ਨੇਰ੍ਹਾ ਹੈ । ਯਾਰ ਮੇਰੀ ਤਸਵੀਰ ਬਣਾਇਓ ਕੰਧਾਂ ‘ਤੇ, ਕਾਗ਼ਜ਼ ਨਾਲੋਂ ਮੇਰਾ ਕੱਦ ਲਮੇਰਾ ਹੈ ।

12. ਵਾਦ - ਵਿਵਾਦ ਤੋਂ ਵਿਹਲੇ ਹੋ ਕੇ ਜੇ ਕਿਧਰੇ ਸੰਵਾਦ ਕਰਨਗੇ

ਵਾਦ - ਵਿਵਾਦ ਤੋਂ ਵਿਹਲੇ ਹੋ ਕੇ ਜੇ ਕਿਧਰੇ ਸੰਵਾਦ ਕਰਨਗੇ, ਹੌਲੀ-ਹੌਲੀ ਗੱਲ ਤੁਰੇਗੀ ਲੋਕੀਂ ਤੈਨੂੰ ਯਾਦ ਕਰਨਗੇ । ਕੋਸ਼ਿਸ਼ ਕਰੀਂ ਕਿ ਪੁਸਤਕ ਤੇਰੀ ਕੋਰਸ ਦੇ ਵਿੱਚ ਲੱਗੇ ਨਾ, ਰੂਹ ਤੇਰੀ ਤੋਂ ਸਹਿ ਨਹੀਂ ਹੋਣਾ ਜੋ ਹਾਲਤ ਉਸਤਾਦ ਕਰਨਗੇ । ਵੀ.ਸੀ.ਆਰ ਹੈ ਕਾਰ ‘ਚ ਲੱਗਿਆ, ਜੀਅ ਲੱਗਿਆ ਹੈ ਸੜਕਾਂ ‘ਤੇ, ਫੇਰ ਕਿਤਾਬਾਂ ਪੜ੍ਹ-ਪੜ੍ਹ ਕਾਕੇ ਕਿਉਂ ਵੇਲਾ ਬਰਬਾਦ ਕਰਨਗੇ । ਨਾ ਬੰਸੀ ; ਨਾ ਬੰਸੀ ਵਾਲਾ, ਗੀਤਾ ਨਹੀਂ, ਵਿਆਸ ਵੀ ਨਾ, ਬੁੱਧੀਜੀਵੀ ਕੈਸਟ ਲਾ ਕੇ ਤੂਤਕ ਦਾ ਅਨੁਵਾਦ ਕਰਨਗੇ । ਕੀ ਹੋਇਆ ਜੇ ਤੇਰੀ ਖ਼ਾਤਿਰ ਕਿਸੇ ਨੇ ਕੁਝ ਵੀ ਕੀਤਾ ਨਾ, ਤੇਰੇ ਬੀਵੀ - ਬੱਚਿਆਂ ਦੀ ਤਾਂ ਕੁਝ ਨਾ ਕੁਝ ਇਮਦਾਦ ਕਰਨਗੇ। ਵੇਲਾ ਆਉਣੈ ਸਾਡੇ ਬੱਚੇ ਹੱਥ ਲਿਖਤਾਂ ਨੂੰ ਸਹਿਕਣਗੇ, ਖ਼ਤ ਦਾ ਚਿਹਰਾ ਵੇਖਣ ਖ਼ਾਤਿਰ ਫ਼ੋਨਾਂ ‘ਤੇ ਫ਼ਰਿਆਦ ਕਰਨਗੇ । ਤੇਰੇ ਮਗਰੋਂ ਇਸ ਦੁਨੀਆਂ ਦਾ ਕੀ ਹੋਵੇਗਾ ਇਹ ਨਾ ਸੋਚ, ਤੇਰੇ ਹੁੰਦਿਆਂ ਕੀ ਨਹੀਂ ਹੋਇਆ, ਜੋ ਤੇਰੇ ਤੋਂ ਬਾਅਦ ਕਰਨਗੇ ।।

13. ਬੰਦਾ ਬੇਰੁਜ਼ਗਾਰ ਹੈ, ਜੋ ਹੱਸ ਨਹੀਂ ਸਕਦਾ

ਬੰਦਾ ਬੇਰੁਜ਼ਗਾਰ ਹੈ, ਜੋ ਹੱਸ ਨਹੀਂ ਸਕਦਾ । ਜਾਂ ਬਾਹਲਾ ਖ਼ੁਦ-ਦਾਰ ਹੈ, ਜੋ ਹੱਸ ਨਹੀਂ ਸਕਦਾ । ਮਾਲਕ ਦਾ ਅਧਿਕਾਰ ਹੈ ਨੌਕਰ ‘ਤੇ ਹੱਸੇ, ਉਸਦਾ ਸ਼ਿਸ਼ਟਾਚਾਰ ਹੈ, ਜੋ ਹੱਸ ਨਹੀਂ ਸਕਦਾ । ਮਾਰ ਕੇ ਡੰਗ ਵਿਅੰਗ ਦਾ ਬੀਵੀ ‘ਤੇ ਹੱਸੋ, ਉਹ ਮਾਸੂਮ ਸ਼ਿਕਾਰ ਹੈ, ਜੋ ਹੱਸ ਨਹੀਂ ਸਕਦਾ । ਦਾਸ ਕਬੀਰ ਫਕੀਰ ਹੈ ਹੱਸ - ਹੁੱਸ ਲੈਂਦਾ ਹੈ, ਗੌਤਮ ਰਾਜਕੁਮਾਰ ਹੈ, ਜੋ ਹੱਸ ਨਹੀਂ ਸਕਦਾ । ਜਾਂ ਤਾਂ ਕੋਈ ਵਜ਼ੀਰ ਹੈ ਜਾਂ ਅਫਸਰ ਵੱਡਾ, ਜਾਂ ਉਹਨਾਂ ਦਾ ਯਾਰ ਹੈ, ਜੋ ਹੱਸ ਨਹੀਂ ਸਕਦਾ । ਜਾਂ ਫਿਰ ਉਹ ਬੇਹੋਸ਼ ਹੈ ਜਾਂ ਮਚਲਾ ਹੋਇਆ, ਜਾਂ ਸਿਰ ‘ਤੇ ਤਲਵਾਰ ਹੈ, ਜੋ ਹੱਸ ਨਹੀਂ ਸਕਦਾ । ਹੱਸਦਾ ਹੱਸਦਾ ਮਰ ਗਿਆ, ਮਰ ਕੇ ਬੁੱਤ ਬਣਿਆਂ, ਬੁੱਤ ਦੇ ਗਲ ਵਿੱਚ ਹਾਰ ਹੈ, ਜੋ ਹੱਸ ਨਹੀਂ ਸਕਦਾ । ਢਿੱਡੀਂ ਪੀੜਾਂ ਪਾ ਗਿਆ ਸਰਕਸ ਦਾ ਜੋਕਰ, ਖ਼ੁਦ ਕਿੰਨਾਂ ਲਾਚਾਰ ਹੈ, ਜੋ ਹੱਸ ਨਹੀਂ ਸਕਦਾ । ਉਸਦੇ ਨੇੜੇ ਜਾਣ ਤੋਂ ਭੂਸ਼ਨ ਨੂੰ ਵਰਜ੍ਹੋ, ਉਹ ਬੰਦਾ ਬੀਮਾਰ ਹੈ, ਜੋ ਹੱਸ ਨਹੀਂ ਸਕਦਾ ।

14. ਬਹੁਤ ਪਹਿਲਾਂ ਗਤੀ ਨਾਲੋਂ, ਅਵਾਜ਼ਾਂ ‘ਤੋਂ ਬਹੁਤ ਪਹਿਲਾਂ

ਬਹੁਤ ਪਹਿਲਾਂ ਗਤੀ ਨਾਲੋਂ, ਅਵਾਜ਼ਾਂ ‘ਤੋਂ ਬਹੁਤ ਪਹਿਲਾਂ, ਇਹ ਪੰਛੀ ਉੱਡਦਾ ਆਇਆ, ਜਹਾਜ਼ਾਂ ‘ਤੋਂ ਬਹੁਤ ਪਹਿਲਾਂ । ਜਿਨ੍ਹਾਂ ‘ਚਿੜੀਆਂ ਦੇ ਘਰ’ ਵਿੱਚ ਸ਼ੇਰ ਦਾ ਅੱਜ-ਕੱਲ੍ਹ ਵਸੇਬਾ ਹੈ, ਉਨ੍ਹਾਂ ਨੇ ਉਡਣਾ ਸਿੱਖਿਆ ਸੀ ਬਾਜ਼ਾਂ ‘ਤੋਂ, ਬਹੁਤ ਪਹਿਲਾਂ ।।

15. ਪੰਡਿਤੋ ਵੇ ਹੁਣ ਡੁੱਬਿਆ ਤਾਰਾ ਕਦ ਚੜ੍ਹਨਾਂ ਏਂ

ਪੰਡਿਤੋ ਵੇ ਹੁਣ ਡੁੱਬਿਆ ਤਾਰਾ ਕਦ ਚੜ੍ਹਨਾਂ ਏਂ ? ਧਰਤ ਕੁੜੀ ਦੇ ਲਗਨ-ਸੁਆਰਥ ਵੇਖਣ ਖਾਤਰ, ਗਗਨਾਂ ਦੀ ਪੱਤਰੀ ਦੇ ਵਰਕੇ ਕੌਣ ਪੜ੍ਹੇਗਾ? ! ਬਾਗਾਂ ਦੇ ਠੇਕੇ ਦੀ ਮੋਹਲਤ ਪੁੱਗ ਚੁਕੀ ਏ, ਫੁੱਲਾਂ ਨੂੰ ਹੁਣ ਰੰਗਤ ਸਾਫ਼ ਨਕਾਰ ਗਈ ਏ, ਫੁੱਲਾਂ 'ਤੇ ਹੁਣ ਰੰਗਾਂ ਦੀ ਥਾਂ ਕੌਣ ਚੜ੍ਹੇਗਾ ?! ਮੈਂ ਅੰਨਾ ਹਾਂ, ਮੈਂ ਬੋਲਾ ਹਾਂ, ਮੈਂ ਕੋੜ੍ਹੀ ਹਾਂ । ਪਰ ਦੁਨੀਆਂ ਦਿਆ ਲੋਕਾ ਮੈਂ ਤੇਰਾ ਰੱਬ ਲਗਦਾ ਹਾਂ, ਮੇਰੀ ਤਲੀ ‘ਤੇ ਇੱਕ- ਅੱਧ ਪੈਸਾ ਕੌਣ ਧਰੇਗਾ ?! ਆਪਣੀ ਧੁੱਪ ਦੀ ਛਾਵੇਂ ਬਹਿ ਕੇ ਦਿਨ ਪੁੱਛਦਾ ਏ, ਸੂਰਜ-ਸੂਰਜ ਕੂਕ ਰਹੇ ਦਰਿਆਵਾਂ ਕੋਲੋਂ, ਸੂਰਜ ਦੇ ਛਾਲੇ ਦੀ ਪੁਲਸਟ ਕੌਣ ਬਣੇਗਾ ?! ਧਰਤੀ ਦੇ ਜਾਇਓ ਇਹ ਪੂਜਾ ਅਜੇ ਅਧੂਰੀ, ਧਰਤੀ ਦੇ ਪੈਰਾਂ ਦੀ ਧੂੜੀ ਚੱਟ ਰਹੇ ਓ, ਧਰਤੀ ਦੇ ਪੈਰਾਂ ਦਾ ਮੇਚਾ ਕੌਣ ਲਵੇਗਾ ?!

16. ਪਰ ਫਿਰ ਵੀ ਸੰਪੂਰਨ

1. ਮੌਸਮਾਂ ‘ਚ ਠੰਡ ਏ ਤੇ ਦਿਲਾਂ ਵਿੱਚ ਅੱਗ ਏ ਬੰਦੇ ਦੀ ਪਛਾਣ ਏਥੇ ਬੱਸ ਦਾੜ੍ਹੀ-ਪੱਗ ਏ ਚੰਦਰਾ ਗੁਆਂਢ, ਘਰ ਵਾਲਾ ਲਾਈ-ਲੱਗ ਏ ਅੱਖਰਾਂ ‘ਚ ਅੱਥਰੂ ਨੇ, ਖ਼ਬਰਾਂ ‘ਚ ਖੂਨ ਏ ਕੁੱਕੜਾਂ ਦੇ ਖੁੱਡਿਆਂ ‘ਚ ਦੁਬਕਿਆ ਕਨੂੰਨ ਏ ਦਿਲਾਂ ‘ਚ ਕੀਨੇ-ਸਾੜੇ, ਸਿਰਾਂ ‘ਚ ਜਨੂੰਨ ਏ ਵੇਖੀਂ ਜ਼ਰਾ ਸੁਰਖੀ ਕੀ ਛਪੀ ਅਖ਼ਬਾਰ ‘ਤੇ ਡਿੱਗ ਪਈ ਚਬੂਤਰੇ ਤੋਂ, ਗੁੱਸਾ ਚੌਕੀਦਾਰ ‘ਤੇ ਕਿੰਨੇ ਸਾਰੇ ਬੰਦੇ ਇੱਕ ਬੱਸ ‘ਚੋਂ ਉਤਾਰ ‘ਤੇ ਬੱਸ ਤੋਂ ਉਤਾਰ ਕੇ ਤੇ ਲਾਈਨ ‘ਚ ਖਲ੍ਹਾਰ ‘ਤੇ ਬਿਨਾਂ ਕਿਸੇ ਗੱਲ ਤੋਂ ਮਸੂਮ ਬੰਦੇ ਮਾਰ ‘ਤੇ ਗੜਿਆਂ ਦੀ ਮਾਰ ਪੈਂਦੀ ਪੰਖੀਆਂ ਦੀ ਡਾਰ ‘ਤੇ ‘ਸੀਤ ਪਰਸਾਦ’ ਮਿਲੇ ਗੁਰੂ ਦੇ ਦੁਆਰ ‘ਤੇ ਦੀਦੀ! ਇੰਜ ਰੋਜ਼ ਈ ਬੇਦੋਸ਼ ਜਿੰਦਾਂ ਮਰਦੀਆਂ ਉੱਬਲੇ ‘ਵੇ ਪਾਣੀ ਵਿੱਚ ਮੱਛੀਆਂ ਨੇ ਤਰਦੀਆਂ ਸੜਕਾਂ ‘ਤੇ ਪਲਟਣਾਂ ਪਰੇਟ ਪਈਆਂ ਕਰਦੀਆਂ ਪਤਾ ਨਹੀਂ, ਸਾਨੂੰ ਲੜੀ ਕਿਹੋ ਜਿਹੀ ਪ੍ਰੀਤ ਐ ਗੀਤ ਜ਼ਹਿਰੀ ਲੱਗਦੇ ਨੇ, ਡਸਦਾ ਸੰਗੀਤ ਐ ਅਸੀਂ ਜਿਊਂਦੇ ਜਾਗਦੇ ਆਂ, ਮਰ ਗਿਆ ਸੁਮੀਤ ਐ ਬਾਕੀ ਸਭ ਠੀਕ ਐ, ਬਾਕੀ ਸਭ ਠੀਕ ਐ !! 2. ਪਿੱਛੇ ਹੀਰ ਬਿਠਾ ਕਿ ਰਵਾਂ ਹੋਇਆ । ਮੋਟਰਸਾਈਕਲ ਚਲਾਉਣ ਚ ਤਾਕ ਰਾਂਝਾ । ਹੀਰ ਅੱਧ ਗਲਵਕੜੀ ਪਾਈ ਬੈਠੀ, ਜਾਂਦਾ ਮੌਤ ਨੂੰ ਕਰੀ ਮਜਾਕ ਰਾਂਝਾ । ਪੁਲ ਤੇ ਘੇਰਿਆ ਸੀ ਨਾਕੇ ਵਾਲਿਆਂ ਨੇ, ਬਿੱਟ ਬਿੱਟ ਵੇਖਦਾ ਖੜਾ ਅਵਾਕ ਰਾਂਝਾ । ਖਬਰ ਛਪੀ ਕਿ ਕਥਿਤ ਮੁਕਾਬਲੇ ਚ, ਬੀਤੀ ਰਾਤ ਹੋ ਗਿਆ ਹਲਾਕ ਰਾਂਝਾ ।।

17. ਕਾਰਾ ਕੀਤਾ ਹੈ ਬਾਜ਼ਾਂ ਅਚਿੰਤਿਆਂ ਨੇ

ਕਾਰਾ ਕੀਤਾ ਹੈ ਬਾਜ਼ਾਂ ਅਚਿੰਤਿਆਂ ਨੇ, ਕਿਸੇ ਗਲੀ ਦੇ ਮੋੜ ‘ਤੇ ਫ਼ਾਇਰ ਹੋਇਆ । ਤਾਇਨਾਤ ਹੋਇਆ ਛਾਣਬੀਨ ਖ਼ਾਤਿਰ, ਕਿਸੇ ਕੋਰਟ ਦਾ ਜੱਜ ਰਿਟਾਇਰ ਹੋਇਆ । ਅਕਲਾਂ ਵਾਲਿਆਂ ਨੂੰ ਕੁਝ ਨਾ ਸਮਝ ਪੈਂਦੀ, ਅਜਬ ਕਿਸਮ ਦਾ ਮਾਮਲਾ ਦਾਇਰ ਹੋਇਆ । ਗੋਲੀ ਕਿਸੇ ਨੂੰ ਵੱਜੀ ਤੇ ਕੋਈ ਮਰਿਆ, ਘਾਇਲ ਕਿਸ ਤਰ੍ਹਾਂ ਇਹ ਕਮਲਾ ਸ਼ਾਇਰ ਹੋਇਆ ?!

18. ਮੈਨੀਫੈਸਟੋ ਆਪਣਾ ਡੰਕੇ ਉੱਤੇ ਚੋਟ

ਮੈਨੀਫੈਸਟੋ ਆਪਣਾ ਡੰਕੇ ਉੱਤੇ ਚੋਟ । ਵੋਟ ਦਿਆਂਗੇ ਓਸਨੂੰ ਜਿਹੜਾ ਦੇਵੇ ਨੋਟ । ਚੰਗਾ ਉਸਨੇ ਰੱਖਿਆ ਚੁਣ ਕੇ ਚੋਣ ਨਿਸ਼ਾਨ, ਊਠ ਖਲੋਤਾ ਚੌਂਕ ਵਿੱਚ ਝੂਲੇ ਦੋਵੇਂ ਲੋਟ । ਕਾਮਯਾਬ ਨਾ ਹੋ ਸਕੇ ਰਾਮ-ਰਾਜ ਇਸ ਵਾਰ, ਨੇਤਾ ਜੀ ਨੇ ਸੁੱਖਿਆ ਹਨੂੰਮਾਨ ਦੇ ਰੋਟ । ਸਾਈਕਲ ਵਾਲਾ ਬਚ ਗਿਆ ਆਪਣੀ ਹਿੰਮਤ ਨਾਲ, ਟਰੱਕ ਵਾਲਾ ਸੀ ਕਹਿ ਰਿਹਾ ਸਤਿਗੁਰ ਤੇਰੀ ਓਟ । ਪਿੰਜਰੇ ਦੇ ਵਿੱਚ ਆਲ੍ਹਣਾ ਕਰਦਾ ਰਿਹਾ ਉਡੀਕ, ਮੀਂਹ ਵਿੱਚ ਭਿੱਜੇ ਰਾਤ ਭਰ ਦੋ ਚਿੜੀਆਂ ਇੱਕ ਬੋਟ । ਕਵਿਤਾ ਦਾ ਯੁੱਗ ਬੀਤਿਆਂ ਬੀਤੇ ਨੇ ਕਈ ਸਾਲ, ਅਜੇ ਵੀ ਸ਼ਾਇਰ ਘੁੰਮਦੇ ਪਹਿਣ ਕੇ ਓਵਰਕੋਟ । ਆਪੋ ਆਪਣੇ ਨਾਮ ਦੇ ਅੱਖਰ ਲਿਉ ਉਤਾਰ, ਭੂਸ਼ਨ ਲਿਖ ਕੇ ਦੇ ਰਿਹੈ ਆ ਚੱਕੋ ਪਰਨੋਟ ।।

19. ਇੱਕ ਬਾਬੂ ਦਾ ਕੌਮੀ ਤਰਾਨਾ

ਅਸੀਂ ਹਰ-ਹਰ ਨਹੀਂ ਕਰਦੇ ਅਸੀਂ ਹਰ ਤੋਂ ਨਹੀਂ ਡਰਦੇ ਅਸੀਂ ਸਰ-ਸਰ ਕਰਦੇ ਹਾਂ ਸਰਕਾਰ ਤੋਂ ਡਰਦੇ ਹਾਂ । ਨੋਟਾਂ, ਪਰਨੋਟਾਂ ਵਿੱਚ ਟੇਬਲ ਦੀਆਂ ਓਟਾਂ ਵਿੱਚ ਮਨ ਕੈਦ ਨੇ ਮਿਸਲਾਂ ਵਿੱਚ ਤਨ ਕੈਦ ਨੇ ਕੋਟਾਂ ਵਿੱਚ ਜਣਤੰਤਰ ਵਿਕਦਾ ਹੈ ਨੋਟਾਂ ਵਿੱਚ, ਵੋਟਾਂ ਵਿੱਚ । ਜਨ-ਗਨ-ਮਨ-ਤਨ-ਮਨ-ਧਨ ਅਨੁਕੂਲ ਹੈ ਵਾਤਾਵਰਣ ਅਸੀਂ ਕੌਮੀ ਝੰਡੇ ਹਾਂ ਪਰ ਫਰ-ਫਰ ਨਹੀਂ ਕਰਦੇ । ਅਸੀਂ ਸਰ-ਸਰ ਕਰਦੇ ਹਾਂ, ਸਰਕਾਰ ਤੋਂ ਡਰਦੇ ਹਾਂ ।।

20. ਤੁਰ ਗਿਆ ਗਿਰਧਰ ਨੀ ਸਾਨੂੰ ਛੱਡ ਗਿਆ ਕੱਲ-ਮਕੱਲੇ

(ਬਚਪਨ ਵਿੱਚ ਸਕੂਲ ਪੜ੍ਹਦਿਆਂ ਲਿਖਿਆ ਹੋਇਆ ਇੱਕ ਗੀਤ) ਤੁਰ ਗਿਆ ਗਿਰਧਰ ਨੀ ਸਾਨੂੰ ਛੱਡ ਗਿਆ ਕੱਲ-ਮਕੱਲੇ । ਔਂਸੀਆਂ ਪਾਉਂਦੀ ਦੇ ਸਾਡੇ ਪੋਟੇ ਵੀ ਘਸ ਚੱਲੇ । ਦੁਆਰਕਾ ਦੇ ਮਹਾਂਰਾਜਿਆ ਕਦੇ ਸਾਗ਼ ਤੂੰ ਅਲੂਣਾ ਖਾਵੇਂ, ਹਾਥੀ ਦੀ ਪੁਕਾਰ ਸੁਣ ਕੇ ਨੰਗੇ ਪੈਰੀਂ ਉੱਠ ਦੌੜਾ ਆਵੇਂ, ਹੁਣ ਦਸ ਕਦੋਂ ਆਵੇਂਗਾ ਅਸਾਂ ਰਸਤੇ ਚਰੋਕਣੇ ਮੱਲੇ । ਤੁਰ ਗਿਆ ਗਿਰਧਰ ਨੀ ਸਾਨੂੰ ਛੱਡ ਗਿਆ ਕੱਲ - ਮਕੱਲੇ । ਔਂਸੀਆਂ ਪਾਉਂਦੀ ਦੇ ਸਾਡੇ ਪੋਟੇ ਵੀ ਘਸ ਚੱਲੇ । ਉੱਡ-ਪੁੱਡ ਜਾਓ ਚਿੜੀਓ ਕਿਤੇ ਹੋਰ ਥੀਂ ਲਾ ਲਵੋ ਡੇਰਾ, ਜਦੋਂ ਤੁਸੀਂ ਚੂਕਦੀਆਂ ਸਾਨੂੰ ਆਉਂਦਾ ਯਾਦ ਸਵੇਰਾ, ਲੋੜ ਨਾ ਸਵੇਰੇ ਦੀ ਅਸੀਂ ਸ਼ਾਮ ਦੀ ਉਡੀਕ ਵਿੱਚ ਖੱਲੇ । ਤੁਰ ਗਿਆ ਗਿਰਧਰ ਨੀ ਸਾਨੂੰ ਛੱਡ ਗਿਆ ਕੱਲ - ਮਕੱਲੇ । ਔਂਸੀਆਂ ਪਾਉਂਦੀ ਦੇ ਸਾਡੇ ਪੋਟੇ ਵੀ ਘਸ ਚੱਲੇ ।।

21. ਗਲੀ ਗਲੀ ਵਣਜਾਰਾ ਫਿਰਦਾ

ਗਲੀ ਗਲੀ ਵਣਜਾਰਾ ਫਿਰਦਾ, ਫੜ ਪ੍ਰੀਤਾਂ ਦਾ ਜਾਲ ਓ ਯਾਰ। ਜੈ ਇੰਦਰਾ ਜੈ ਇੰਦਰਾ ਕੂਕੇ, ਹੱਥ ਵਿੱਚ ਝੰਡਾ ਲਾਲ ਓ ਯਾਰ। ਪੱਗ ਪੋਚਵੀਂ ਬੀਬੀ ਸੂਰਤ ਲੈ ਕੇ ਬਹਿ ਗਈ ਆਰਸੀਆਂ, ਚਿਹਰੇ ਤੇ ਅਭਿਨੰਦਨ ਰੇਖਾ, ਜੇਬਾਂ ਦੇ ਵਿੱਚ ਮਾਲ ਓ ਯਾਰ। ਇੱਕ ਕੁੜੀ ਨੇ ਇੱਛਿਆਧਾਰੀ ਸੱਪਣੀ ਵੱਸ ਵਿੱਚ ਕੀਤੀ ਏ, ਵਰਮੀ ਦੇ ਚੌਗਿਰਦੇ ਬੈਠੇ, ਜੋਗੀ ਪਾਲੋ ਪਾਲ ਓ ਯਾਰ। ਕਾਗ਼ਜ਼ ਉੱਤੇ ਬੰਬਾਂ ਵਾਂਗੂੰ ਪਾਏ ਧਮਾਕੇ ਸ਼ਬਦਾਂ ਦੇ ਸ਼ਬਦ ਜਦੋਂ ਲੋਹੇ ਵਿੱਚ ਢਲ ਗਏ, ਦਿੱਤੀ ਕੰਡ ਵਿਖਾਲ ਓ ਯਾਰ। ਵਿੱਚ ਲਕੀਰਾਂ ਘਿਰਿਆ ਹੋਇਆ ਇੱਕ ਨਿਮਾਜ਼ੀ ਤੱਕਿਆ ਮੈਂ, ਸਾਹਿੱਤ ਵਿੱਚ ਸ਼ਖਸੀਅਤ ਉਹਦੀ ਹੋ ਗਈ ਘਾਲਾਮਾਲ ਓ ਯਾਰ।

22. ਕਿਰਣੋਂ ਨੀ ਕਰਿਓ ਫੈਸਲਾ

(ਪੂਰਵ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਜੀ ਦੀ ਮੌਤ ‘ਤੇ ਲਿਖੀ ਕਵਿਤਾ) ਕਿਰਣੋਂ ਨੀ ਕਰਿਓ ਫੈਸਲਾ, ਸੀ ਉਹ ਆਦਮੀ ਜਾਂ ਕਿ ਦੇਵਤਾ । ਨੀ ਉਹ ਬਾਦਸ਼ਾਹ ਮੇਰੇ ਦੇਸ਼ ਦਾ, ਸੁਣਿਆ ਹੈ ਕਿ ਅੱਜ ਮਰ ਗਿਆ, ਆਲਮ ਨੂੰ ਸੋਗੀ ਕਰ ਗਿਆ । ਉਹਦੇ ਜਾਣ ਦੀ ਗੱਲ ਸੋਚ ਕੇ ਮੇਰੀ ਸੋਚ ਦਾ ਦਿਲ ਡਰ ਗਿਆ, ਮੇਰੀ ਕਲਮ ਦੀ ਅੱਖ ਚੋਅ ਪਈ, ਮੇਰੇ ਗੀਤ ਦਾ ਗਲ ਭਰ ਗਿਆ । ਕੋਈ ਰਹੀ ਨਾ ਹੋਸ਼ ਰਦੀਫ਼ ਨੂੰ, ਪਿਆ ਲੜਖੜਾਵੇ ਕਾਫ਼ੀਆ, ਨੀ ਇਹ ਕਿਸ ਤਰ੍ਹਾਂ ਦੀ ਖ਼ਬਰ ਹੈ, ਨੀ ਇਹ ਕਿਸ ਤਰ੍ਹਾਂ ਦਾ ਹਾਦਸਾ । ਉਸਦੀ ਸੁਨਹਿਰੀ ਪੈੜ ਨੂੰ ਰਿਸ਼ਮੋਂ ਨੀਂ ਚੁੰਮਿਓ ਆਣ ਕੇ, ਸਾਂਭੋ ਨੀ ਉਸਦੀ ਯਾਦ ਨੂੰ ਸਾਹਾਂ ਦੇ ਤੰਬੂ ਤਾਣ ਕੇ, ਚਾਨਣ ਖਿਲਾਰਨ ਵਾਲੜਾ ਕਿਤੇ ਲੁਕ ਗਿਆ ਜੇ ਜਾਣਕੇ । ਇਹ ਸੱਚ ਮੰਨਣ ਵਾਸਤੇ ਮੇਰੀ ਸੋਚ ਨੇ ਸਿਰ ਫੇਰਤਾ, ਕਿਰਣੋਂ ਨੀ ਕਰਿਓ ਫੈਸਲਾ, ਸੀ ਉਹ ਆਦਮੀ ਜਾਂ ਕਿ ਦੇਵਤਾ । ਕਰਿਓ ਨੀ ਕਰਿਓ ਫੈਸਲਾ, _ _ _ _ _ ।।

23. ਔਰਤ ਨੂੰ

ਨੀ ਫੂਕ ਪਰ੍ਹਾਂ ਹੁਣ ਕੰਘੀ ਨੂੰ, ਤਲਵਾਰ ਫੜ੍ਹਨ ਦਾ ਵੇਲਾ ਈ । ਸੁਰਖ਼ੀ ਦੀ ਥਾਂ ‘ਤੇ ਵੈਰੀ ਦਾ ਲਹੂ ਪੀ-ਪੀ ਕੇ ਬੁੱਲ੍ਹ ਲਾਲ ਕਰੀਂ । ਤੂੰ ਕੁੰਡਿਆਂ ਨੂੰ ਸਧਿਆਉਣਾਂ ਏ, ਐਵੇਂ ਨਾ ਕੁੰਡੇ ਵਾਲ ਕਰੀਂ । ਤੂੰ ਬੀਰ ਸਪੁੱਤਰੀ ਬਣਜਾ ਨੀ, ਮਾਤਾ ਦਾ ਨਮਕ ਹਲਾਲ ਕਰੀਂ । ਉਹ ਹਾਲ ਪਾਹਰਿਆ ਕਰ ਉੱਠੇ ਵੈਰੀ ਦਾ ਐਸਾ ਹਾਲ ਕਰੀਂ । ਤੂੰ ਚੰਡੀ ਏਂ, ਮਹਾਂਕਾਲੀ ਏਂ, ਕਦੀ ਵਾਂਗ ਜਵਾਲਾ ਮੱਚੀ ਏਂ, ਗਿੱਧਿਆਂ ਵਿੱਚ ਨੱਚਣ ਵਾਲੀਏ ਨੀ ਕਦੇ ਤਲਵਾਰਾਂ ‘ਤੇ ਨੱਚੀ ਏਂ । ਤੂੰ ਸੀਤਾ ਏਂ, ਸਤਵੰਤੀ ਏਂ ਰਾਵਣ ਦੇ ਆਹੂ ਲਾਹ ਮੁੜ੍ਹਕੇ, ਹੱਥ ਮਲਦਾ ਰਹਿ ਜਾਵੇ ਭੂਸ਼ਨ, ਤੂੰ ਐਸੇ ਹੱਥ ਵਿਖਾ ਮੁੜ੍ਹਕੇ । ਨੀ ਸ਼ੇਰਨੀਏ ਹੁਣ ਦੁਸ਼ਮਣ ਦੀ ਛਾਤੀ ‘ਤੇ ਚੜ੍ਹਨ ਦਾ ਵੇਲਾ ਈ, ਨੀ ਫੂਕ ਪਰ੍ਹਾਂ ਹੁਣ ਕੰਘੀ ਨੂੰ, ਤਲਵਾਰ ਫੜ੍ਹਨ ਦਾ ਵੇਲਾ ਈ ।।

24. ਕਤਲੇਆਮ

ਇੱਕ ਫ਼ਿਕਰਾ ਅਖ਼ਬਾਰ ਹੋ ਗਿਆ। ਕਾਤਿਲ ਫੇਰ, ਫਰਾਰ ਹੋ ਗਿਆ।। ਹਿਜ਼ਰਾਂ, ਖ਼ੁਦਕਸ਼ੀਆਂ ਕਰ ਲਈਆਂ, ਰਾਤਾਂ ਦਾ ਨਾਂ ਵਸਲ ਹੋ ਗਿਆ। ਹੁਣੇ-ਹੁਣੇ ਅਫ਼ਵਾਹ ਉੱਡੀ ਏ ਫਿਰ ਚਿੱਟੇ ਦਿਨ ਕਤਲ ਹੋ ਗਿਆ... ਸੂਰਜ ਦਵੇ ਠੀਕਰੀ ਪਹਿਰਾ, ਫਿਰ ਚਿੱਟੇ ਦਿਨ ਕਤਲ ਹੋ ਗਿਆ?? ਇਸ਼ਤਿਹਾਰ ਇੱਕ ਛਪਦਾ ਤੱਕਿਆ, ਇਨਸਾਨਾਂ ਦੀ ਮੰਡੀ ਹੈ ਕੱਲੵ ਪਾਰ ਲਕੀਰੋਂ ਜੋ ਆਏ ਨੇ- ਖ਼ਬਰ ਉਹਨਾਂ ਨੇ ਵੰਡੀ ਹੈ ਕੱਲੵ। ਇੱਕ ਕਤਲ, ਇੱਕ ਦਸ ਦੀ ਪਰਚੀ, ਇੱਕ ਡੰਗ ਦਾ ਚਾਰਾ ਨਈਂ ਹੈ। ਬੰਨ੍ਹ ਲਵੋ ਸਾਮਾਨ ਸਾਥੀਓ, ਏਥੇ ਹੋਰ ਗ਼ੁਜ਼ਾਰਾ ਨਈਂ ਹੈ। ਤੋਲ ਤੋਲ ਇਨਸਾਨ ਵਿਕਣਗੇ, ਦੇਹੀਆਂ ਦੀ ਹੋਸੀ ਨੀਲਾਮੀਂ। ਜ਼ਿੰਦਾ-ਮੁਰਦਾ ਮਾਸ ਮਿਲੇਗਾ ਏਸ ਮੁਹੱਲੇ ਵਿੱਚ ਕੱਲੵ ਸ਼ਾਮੀਂ। ਕਤਲ ਲਫ਼ਜ਼ ਤੋਂ ਕਿਉਂ ਡਰਦੇ ਹੋ, ਕਤਲ ਲਫ਼ਜ਼ ਹੁਣ ਆਮ ਹੋਏਗਾ। ਬਦਬੂ ਭਰੀ ਫ਼ਿਜ਼ਾ ਦੇ ਅੰਦਰ, ਕੱਲੵ ਨੂੰ ਕਤਲੇਆਮ ਹੋਏਗਾ .....!!!!

25. ਸ਼ਹਿਰ ਨੂੰ ਹੱਸਦਾ ਤੱਕਣੈ

ਸ਼ਹਿਰ ਨੂੰ ਹੱਸਦਾ ਤੱਕਣੈ ਤਾਂ ਉਸਨੂੰ ਪਿੰਡ ਵੱਲ ਤੋਰੋ, ਜੇ ਪਿੰਡ ਨੂੰ ਤੜਫਦਾ ਤੱਕਣੈ, ਕਹੋ ਉਸਨੂੰ ਸ਼ਹਿਰ ਜਾਏ । ਹਾਂ, ਏਸੇ ਹੀ ਤਰ੍ਹਾਂ ਕਰਦੇ ਰਹੋ ਸੰਵਿਧਾਨ ਵਿੱਚ ਸੋਧਾਂ, ਬਹੁਤ ਮੁਮਕਿਨ ਹੈ ਇੱਕ ਦਿਨ ਆਪਣਾ ਭੂਸ਼ਨ ਸੁਧਰ ਜਾਏ ।।

26. ਇੰਜਣ ਲੱਖ ਚਾਹੇ, ਨਹੀਉਂ ਖਿੱਚ ਸਕਦਾ

ਇੰਜਣ ਲੱਖ ਚਾਹੇ, ਨਹੀਉਂ ਖਿੱਚ ਸਕਦਾ, ਜਿਹੜੇ ਵੱਖ ਹੋ ਗਏ ਡੱਬੇ ਰੇਲ ਦੇ ਨੇ । ਕਦਰਾਂ ਡਿੱਗੀਆਂ ਇੰਜ ਬਜ਼ਾਰ ਅੰਦਰ, ਜਗ੍ਹਾ ਜਗ੍ਹਾ ਲੱਗੇ ਫੱਟੇ ‘ਸੇਲ’ ਦੇ ਨੇ । ਭਲਾ ਉਹਨਾਂ ਨੂੰ ਕੌਣ ਸੁਮੱਤ ਬਖ਼ਸ਼ੇ, ਰੋਟੀ ਲਈ ਜਿਹੜੇ ਪਾਪੜ ਵੇਲਦੇ ਨੇ । ਬੰਦ ਪਏ ਸਕੂਲ ਤਾਂ ਕੀ ਹੋਇਆ ?- ਅੱਠੇ ਪਹਿਰ ਖੁੱਲ੍ਹੇ ਬੂਹੇ ਜੇਲ੍ਹ ਦੇ ਨੇ ।।

27. ਏਸ ਗਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ

ਏਸ ਗਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ, ਏਸ ਗਰਾਂ ਵਿੱਚ ਵੀ ਕੋਈ ਸ਼ਾਇਰ ਰਹਿੰਦਾ ਸੀ ! ਆਓ ਯਾਰੋ ਭੂਸ਼ਨ ਕੇ ਘਰ ਹੋ ਆਈਏ, ਆਪਣੇ ਨਾਲ ਵੀ ਚੰਦਰਾ ਉੱਠਦਾ-ਬਹਿੰਦਾ ਸੀ !!

28. ਆਤਮ-ਸੰਵਾਦ

ਕਦੇ ਮੈਂ ਖ਼ੁਸ਼ ਹੋ ਕੇ ਲਿਖਦਾ ਸਾਂ ਲਿਖਕੇ ਖ਼ੁਸ਼ੀ ਹੁੰਦੀ ਸੀ ਹੁਣ ਮੈਂ ਖ਼ੁਸ਼ ਹੋ ਕੇ ਪੜ੍ਹਦਾ ਹਾਂ ਹੁਣ ਮੈਂ ਖ਼ੁਸ਼ ਹੋ ਕੇ ਸੁਣਦਾ ਹਾਂ ਹੁਣ ਮੈਂ ਪੜ੍ਹ ਕੇ ਖ਼ੁਸ਼ ਹੁੰਦਾ ਹਾਂ ਹੁਣ ਮੈਂ ਸੁਣ ਕੇ ਖ਼ੁਸ਼ ਹੁੰਦਾ ਹਾਂ ਮੈਂ ਖ਼ੁਸ਼ ਹਾਂ ਕਿ ਹੁਣ ਮੈਂ ਅਧਿਆਪਕ ਨਹੀਂ ਖੋਜਾਰਥੀ ਨਹੀਂ ਵਿਦਿਆਰਥੀ ਨਹੀਂ ਲੇਖਕ ? ਉਹ ਤਾਂ ਮੈਂ ਕਦੇ ਵੀ ਨਹੀਂ ਸਾਂ ਲੇਖਕ ਤਾਂ ਪੈਗ਼ੰਬਰ ਹੁੰਦਾ ਹੈ ਰਿਸ਼ੀ ਹੁੰਦਾ ਹੈ ਗੁਰੂ ਹੁੰਦਾ ਹੈ ਲੇਖਕ ਤਾਂ ਉਹ ਹੁੰਦਾ ਹੈ ਜਿਸਨੂੰ ਅਸੀਂ ਲੋਕ ਪੜ੍ਹਦੇ ਹਾਂ, ਪੜ੍ਹਾਉਂਦੇ ਹਾਂ ਸੁਣਦੇ ਹਾਂ, ਸੁਣਾਉਂਦੇ ਹਾਂ ਜਿਸ ਬਾਰੇ ਅਸੀਂ ਲੋਕ ਲਿਖਦੇ ਹਾਂ, ਲਿਖਾਉਂਦੇ ਹਾਂ ਜਿਸ ਦੇ ਨਾਂ ‘ਤੇ ਕਾਰੋਬਾਰ ਚਲਾਉਂਦੇ ਹਾਂ ਅਖਾਉਤੀ ਪ੍ਰਤਿਭਾ ਦੇ ਜੌਹਰ ਵਿਖਾਉਂਦੇ ਹਾਂ ਜਿਸਦੇ ਬਹਾਨੇ ਖ਼ੁਦ ਨੂੰ ਵਡਿਆਉਂਦੇ ਹਾਂ ਜਿਸਦਾ ਨਾਂ ਲੈ ਕੇ ਆਪਣਾ ਜਸ ਗਾਉਂਦੇ ਹਾਂ ਜਿਸਦੇ ਢੋਲ ‘ਤੇ ਆਪਣਾ ਡਗਾ ਲਾਉਂਦੇ ਹਾਂ ਜਿਸਦੇ ਮੋਢਿਆਂ ‘ਤੇ ਚੜ੍ਹਕੇ ਆਪਣਾ ਕੱਦ ਵਧਾਉਂਦੇ ਹਾਂ । ਹਾਂ, ਲੇਖਕ ਤਾਂ ਮੈਂ ਕਦੇ ਵੀ ਨਹੀਂ ਸਾਂ । ਬਸ, ਜੋ ਹਾਂ ਸੋ ਹਾਂ । ਆਖਰ ਮੈਂ ਹਾਂ ਕੀ ? ਉਹੀ ਹੈ ਜੋ ਕਰਦਾ ਹਾਂ । ਕਰਦਾ ਕੀ ਹਾਂ ? ਕੁਝ ਵੀ ਨਹੀਂ । ਸੱਚ, ਮੈਂ ਕੁਝ ਵੀ ਨਹੀਂ । ਇਹ ਹੋ ਕੀ ਰਿਹਾ ਹੈ ? ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ ਚਿੱਤਰਕੂਟ ਦੀ ਘਾਟ ‘ਤੇ ਸੰਤਾਂ ਦਾ ਜਮਘਟ ਹੈ ਤੁਲਸੀ ਚੰਦਨ ਘਸਾ ਰਿਹਾ ਹੈ ਰਘੂਬੀਰ ਤਿਲਕ ਲਗਾ ਰਿਹਾ ਹੈ ਨਾ ਮੇਰੀ ਖ਼ੁਸ਼ੀ ਲਈ ਕੁਝ ਹੋ ਰਿਹਾ ਹੈ ਨਾ ਕਿਸੇ ਦੀ ਖ਼ੁਸ਼ੀ ਲਈ ਮੈਂ ਕੁਝ ਕਰ ਰਿਹਾ ਹਾਂ ਬੰਧਨ ਟੁੱਟਦੇ ਜਾ ਰਹੇ ਨੇ ਰਿਸ਼ਤੇ ਛੁੱਟਦੇ ਜਾ ਰਹੇ ਨੇ ਕਾਫ਼ਲੇ ਵਾਲੇ ਤੰਬੂ ਪੁੱਟਦੇ ਜਾ ਰਹੇ ਨੇ ਬੱਚੇ ਖਿਡਾਉਣੇ ਸੁੱਟਦੇ ਜਾ ਰਹੇ ਨੇ ਰੇਤੇ ਵਿੱਚ ਅੰਕੁਰ ਫੁੱਟਦੇ ਜਾ ਰਹੇ ਨੇ ਮੈਂ ਵੇਖ ਰਿਹਾ ਹਾਂ ਖ਼ੁਸ਼ ਹੋ ਕੇ ਵੇਖ ਰਿਹਾ ਹਾਂ ਵੇਖਕੇ ਖ਼ੁਸ਼ ਹੋ ਰਿਹਾ ਹਾਂ ਅਸ਼ਬਦਾ ਸ਼ਬਦ ਹੈ ਅਜਪਾ ਜਾਪ ਹੈ ਆਪ ਹੀ ਆਪ ਹੈ ਏਹੋ ਸਵ-ਧਰਮ ਹੈ ਅਕਰਮਾ ਕਰਮ ਹੈ ਦੁਬਿਧਾ ਦੀ ਮੌਤ ਹੈ, ਅਦਵੈਤ ਦਾ ਜਲਮ ਹੈ । ਨਾ ਕੁਝ ਖੁੱਲ੍ਹਾ ਹੈ, ਨਾ ਕੁਝ ਬੰਦ ਹੈ । ਅਨੰਦ ਹੀ ਅਨੰਦ ਹੈ । ਮੈਂ ਜਿਸ ਹਾਲ ਵਿੱਚ ਹਾਂ, ਰਹਿਣ ਦਿਉ । ਪਲੀਜ਼ ! ਟੋਕੋ ਨਾ, ਕਹਿਣ ਦਿਉ । ਅਨੰਦ ਲਉ, ਅਨੰਦ ਲੈਣ ਦਿਉ । ਇਸ ਪਿਆਰੀ ਅਵਸਥਾ ਨੂੰ ਸਸਤੀ ਨਾ ਕਰੋ । ਪਲੀਜ਼ ! ਜ਼ਬਰਦਸਤੀ ਨਾ ਕਰੋ । ਕਲਮ ਦੀ ਅਜ਼ਮਾਇਸ਼ ਨਾ ਕਰੋ । ਬੈਠੋ, ਵੇਖੋ - ਮਾਣੋ ਫ਼ਰਮਾਇਸ਼ ਨਾ ਕਰੋ । ਨਜ਼ਮ ਬਸ ਨਜ਼ਮ ਹੁੰਦੀ ਹੈ, ਲਫ਼ਜ਼ਾਂ ਦੀ ਹੇਰਾਫੇਰੀ ਨਹੀਂ ਹੁੰਦੀ । ਖ਼ੁਸ਼ੀ ਬਸ ਖ਼ੁਸ਼ੀ ਹੁੰਦੀ ਹੈ, ਤੇਰੀ ਜਾਂ ਮੇਰੀ ਨਹੀਂ ਹੁੰਦੀ । ਮਹਿਜ਼ ਕਰਤਬ ਦਿਖਾਉਣ ਲਈ ਫ਼ਿਕਰੇਬਾਜ਼ੀ ਨਾ ਕਰੀਏ । ਸਾਕਸ਼ੀ ਬਣੀਏ, ਦਖ਼ਲਅੰਦਾਜ਼ੀ ਨਾ ਕਰੀਏ । ਲਿਖਣਾ ਮਜ਼ਬੂਰੀ ਨਹੀਂ ਲਿਖਣਾ ਜ਼ਰੂਰੀ ਵੀ ਨਹੀਂ ਆਉ ਖ਼ੁਸ਼ ਹੋ ਕੇ ਪੜ੍ਹੀਏ ਖ਼ੁਸ਼ ਹੋ ਕੇ ਸੁਣੀਏ ਸੁਣ ਕੇ ਖ਼ੁਸ਼ ਹੋਈਏ ਪੜ੍ਹ ਕੇ ਖ਼ੁਸ਼ ਹੋਈਏ ਗਰਵ ਸੇ ਕਹੋ: ਹਮ ਪਾਠਕ ਹੈਂ ਗਰਵ ਸੇ ਕਹੋ: ਹਮ ਸਰੋਤਾ ਹੈਂ ਇਹੋ ਜੀਣ ਦੀ ਕਲਾ ਹੈ । ਏਸੇ ਕਲਾ ਵਿੱਚ ਸਰਬੱਤ ਦਾ ਭਲਾ ਹੈ । ਇੱਕ ਓਅੰਕਾਰ ਹੈ ! ਸ਼ੇਸ਼ ਅਹੰਕਾਰ ਹੈ !! ਪਾਣੀ ‘ਚ ਪਾਣੀ ਹੋ ਜਾ । ਅੱਗ ‘ਚ ਅੱਗ ਹੋ ਜਾ । ਅਰਜੁਨ ! ਕੁਛ ਨਾ ਕਰ, ਬਸ ਸਥਿੱਤਪ੍ਰੱਗ ਹੋ ਜਾ । ਕੁਝ ਵੀ ਖੋਹਣ-ਖਿੱਚਣ ਦੀ ਹੋੜ ਨਹੀਂ ਕੁਝ ਵੀ ਸਿੱਧ ਕਰਨ ਦੀ ਲੋੜ ਨਹੀਂ । ਸ਼ੌਕੀਆ ਸਵਾਲ-ਜਵਾਬ ਨਾ ਕਰ । ਵਕਤ ਵੇਖਣ ਵਿੱਚ ਵਕਤ ਖ਼ਰਾਬ ਨਾ ਕਰ । ਇਹੋ ਜਿਹੀ ਘੜੀ ਮੁਸ਼ਕਿਲ ਨਾਲ ਆਉਂਦੀ ਹੈ ਘੜੀ-ਮੁੜੀ ਨਹੀਂ ਆਉਂਦੀ ਵਕਤ ਵਰਦਾਨ ਲੈ ਕੇ ਬਹੁੜਿਆ ਹੈ ਗ਼ੁਲਾਮੀ ਦੀ ਛੱਟ ਲਾਹ ਸੁੱਟ । ਦੁਬਿਧਾ ਦੀ ਜੜ੍ਹ ਪੁੱਟ । ਨਾ ਕਲਮ ਦਾ ਮਜ਼ਦੂਰ ਬਣ । ਨਾ ਕਲਮ ਦਾ ਸਿਪਾਹੀ ਬਣ । ਆਪੇ ਰਾਹ ਬਣ, ਆਪੇ ਰਾਹੀ ਬਣ । ਨਾ ਗਰੰਥਾਂ ਕੁਝ ਸਾਰਨਾ, ਨਾ ਕੰਮ ਆਉਣਾ ਭੇਖ । ਜੇ ਜੀਵਨ ਨੂੰ ਜਾਨਣਾ, ਮੁਰਦਾ ਬਣ ਕੇ ਵੇਖ ।। ਅਧਿਆਪਕ ਨਾ ਬਣ । ਵਿਦਿਆਰਥੀ ਨਾ ਬਣ । ਖੋਜਾਰਥੀ ਨਾ ਬਣ । ਖੋਤਾ ਬਣ ਨਾ ਤੋਤਾ ਬਣ । ਪਾਠਕ ਬਣ, ਸਰੋਤਾ ਬਣ ।। ਨਾ ਭੁੱਲਣ ਦੀ ਲੋੜ ਹੈ, ਨਾ ਕੁਝ ਰੱਖਣਾ ਯਾਦ । ਨਾ ਸਿਧਾਂਤ ਦਾ ਵਾਦ ਇਹ, ਇਹ ਆਤਮ-ਸੰਵਾਦ ।। ਜਦੋਂ ਨਾ ਲਿਖਿਆ ਜਾਏ ਤਾਂ ਨਹੀਂ ਲਿਖਣਾ ਚਾਹੀਦਾ । ਲਿਖਣ ਤੋਂ ਇਲਾਵਾ ਵੀ ਸਾਹਿਤ ਨਾਲ ਜੁੜੇ ਰਹਿਣ ਦੇ ਕਈ ਹੋਰ ਢੰਗ ਹਨ । ਪਿਆਰਿਉ ! ਲਿਖੋ । ਖ਼ੂਬ ਲਿਖੋ । ਛਪੋ । ਖ਼ੂਬ ਛਪੋ । ਮੈਂ ਤੁਹਾਡਾ ਪਾਠਕ ਹਾਂ । ਸਰੋਤਾ ਹਾਂ । ਤੁਹਾਡੀ ਲਿਖਤ ਦੀ ਉਡੀਕ ਵਿੱਚ ਖਲੋਤਾ ਹਾਂ । ਮੈਂ ਖ਼ੁਸ਼ ਹਾਂ ਅਤੇ ਤੁਹਾਡੀ ਖ਼ੁਸ਼ੀ ਮਾਈ ਸੁਰੱਸਤੀ ਤੋਂ ਹਮੇਸ਼ਾ ਚਾਹੁੰਦਾ ਹਾਂ । ਬਸ, ਇਹੀ ਚਾਹੁੰਦਾ ਹਾਂ ।।

29. ਸੱਚ ਦੇ ਬਿਰਤਾਂਤ ਨਾਲ

ਸੱਚ ਦੇ ਬਿਰਤਾਂਤ ਨਾਲ, ਪਤਾ ਨਹੀਂ ਕਿਉਂ ਪਹੁੰਚਦੀ ਸਾਡੇ ਅਹੰ ਨੂੰ ਚੋਟ ਹੈ । ਸੱਚ ਓਹਲੇ ਖੇਡਣ ਦੀ ਹਰ ਕਿਸੇ ਨੂੰ ਛੋਟ ਹੈ । ਓਹਲਾ ਤਾਂ ਆਸਰਾ ਹੈ, ਓਹਲਾ ਤਾਂ ਓਟ ਹੈ । ਵੇਖੋ ਵਾਰਿਸ ਸ਼ਾਹ ਕੀ ਆਂਹਦਾ ਹੈ: ਉਹ ਤਾਂ ਆਪਣਾ ਗੁੜ ਵੀ ਜੱਗ ਤੋਂ ਲੁਕਾ ਕੇ ਖਾਂਦਾ ਹੈ । ਮੋਰ ਪੈਲ ਪਾਉਣ ਲਈ ਮੰਚ ਦੀ ਖ਼ਾਹਿਸ਼ ਨਹੀਂ ਕਰਦਾ । ਪ੍ਰੇਮੀ ਪ੍ਰੇਮ ਕਰਦਾ ਹੈ, ਨੁਮਾਇਸ਼ ਨਹੀਂ ਕਰਦਾ । ਤੁਮ ਪੂਛਤੇ ਹੋ ਓਹਲਾ ਕਿਆ ਹੈ? ਯਹ ਲਾਜ ਹੈ, ਸ਼ਰਮ ਹੈ, ਹਯਾ ਹੈ । ਦੁਨੀਆ ਕੀ ਨਜ਼ਰ ਤੋਂ ਮੈਲੀ ਹੈ, ਓਹਲਾ ਹੀ ਜੀਵਨ ਸ਼ੈਲੀ ਹੈ । ਸ਼ੈਲੀ ਕੀ ਹੈ? ਪਾਠਕ ਨੂੰ ਉਲਝਾਉਣ ਦੀ ਲੇਖਕ ਦੁਆਰਾ ਅਪਣਾਈ ਗਈ ਚਾਲ ਹੈ । ਦੁਸ਼ਿੰਅਤ ਦੁਆਰਾ ਸ਼ਕੁੰਤਲਾ ਨੂੰ ਦਿੱਤੀ ਗਈ ਮੁੰਦਰੀ ਹੈ । ਸ਼ਕੁੰਤਲਾ ਦੁਆਰਾ ਹਵਾ ਵਿੱਚ ਹਿਲਾਇਆ ਗਿਆ ਰੁਮਾਲ ਹੈ । ਕਈਆਂ ਲਈ ਇਹ ਜਿਉਣ-ਸ਼ੈਲੀ ਹੁਨਰ ਦਾ ਕਮਾਲ ਹੈ । ਕਈਆਂ ਲਈ ਇਹ ਵਿਅਰਥ ਐਵੇਂ ਜਿੰਦ ਦਾ ਜੰਜਾਲ ਹੈ । ਇਹ ਜੋ ਸੁਰ,ਛੰਦ,ਗਤੀ,ਲੈਅ,ਬਹਿਰ,ਤਾਲ ਹੈ । ਸੱਚ ਨੂੰ ਲੁਕਾਉਣ ਦੇ ਲਈ ਓਹਲਿਆਂ ਦਾ ਜਾਲ ਹੈ । ਵੱਡੇ ਵੀਰ! ਇਹ ਤਾਂ ਆਪੋ-ਆਪਣਾ ਖਿਆਲ ਹੈ । ਮੇਰੇ ਲਈ ਸ਼ਲੋਕ ਹੈ ਜੋ ਤੇਰੇ ਲਈ ਉਹ ਗਾਲ੍ਹ ਹੈ । ਮਨ ਨਾ ਮਿਲੇ ਤਾਂ ਕਦੇ ਗਲਦੀ ਨਾ ਦਾਲ ਹੈ । ਕਿਸੇ ‘ਤੇ ਜਲਾਲ ਕਿਸੇ ਚਿਹਰੇ ‘ਤੇ ਮਲਾਲ ਹੈ । ਭਿੱਖੂਆਂ ਦੇ ਭੇਖ ਵਿੱਚ ਗੌਤਮਾਂ ਦਾ ਟੋਲਾ ਹੈ, ਤੈਨੂੰ ਤਾਂ ਦਿਗੰਬਰਾਂ! ਦਿਸ਼ਾਵਾਂ ਦਾ ਹੀ ਓਹਲਾ ਹੈ । ਜਿਸਦੇ ਜਿਸਮ ਦਾ ਜਿੰਨਾਂ ਹਿੱਸਾ ਨੰਗਾ ਹੈ । ਉਸਦੇ ਜਿਸਮ ਦਾ ਉਨ੍ਹਾਂ ਹਿੱਸਾ ਚੰਗਾ ਹੈ । ਉਸੇ ਦੀ ਉਮੀਦ ‘ਤੇ ਫਿਰਦਾ ਹੈ ਪਾਣੀ, ਜਿਸਦੇ ਵਿਹੜੇ ਦੇ ਵਿੱਚ ਵਗਦੀ ਗੰਗਾ ਹੈ । ਉੱਪਰ-ਹੇਠਾਂ ਤਿੰਨ ਟਾਕੀਆਂ ਲਾਈਆਂ ਨੇ, ਇਹ ਨਾ ਸਮਝਿਉ ਮੇਰਾ ਇਸ਼ਟ ਤਿਰੰਗਾ ਹੈ । ਨੰਗੀ ਨਹਾ ਕੇ ਕਿਹੜੀ ਚੀਜ਼ ਨਿਚੋੜੇਗੀ । ਇਹ ਤਾਂ ਵਸਤਰਵਾਨਾਂ ਦੇ ਲਈ ਪੰਗਾ ਹੈ । ਪਰਮ ਹੰਸ ਜਿਹੀ ਪਦਵੀ ਹੁੰਦੀ ਬਾਲਕ ਦੀ, ਹੱਸਦਾ ਨੱਚਦਾ ਫਿਰਦਾ ਨੰਗ-ਮੁਨੰਗਾ ਹੈ ।

30. ਤੂੰ ਮੇਰਾ ਮੈਂ ਤੇਰਾ ਓਹਲਾ

ਤੂੰ ਮੇਰਾ ਮੈਂ ਤੇਰਾ ਓਹਲਾ । ਦੋਹਾਂ ਕੋਲ ਬਥੇਰਾ ਓਹਲਾ । ਘਰ ਦੇ ਕੋਲ ਨੇ ਕੰਧਾਂ ਕੌਲੇ । ਛੱਤਾਂ ਕੋਲ ਬਨੇਰਾ ਓਹਲਾ । ਜਦ ਤੋਂ ਅੱਖੀਆਂ ਚਾਰ ਹੋ ਗਈਆਂ, ਕਰ ਨਾ ਸਕੇ ਹਨੇਰਾ ਓਹਲਾ । ਕੀ ਦੱਸਾਂ ਆਪਣੀ ਵਡਿਆਈ, ਮੈਥੋਂ ਕਿਤੇ ਵਡੇਰਾ ਓਹਲਾ ।।

31. ਉੱਨ੍ਹੀ ਸੌ ਕੱਤੀ ਈਸਵੀ

(ਇਹ ਕਵਿਤਾ ਮੈਂ ਕਿਤੇ ਕਦੇ ਨਹੀਂ ਸੁਣਾਈ । ਕਿਤਾਬ ਵਿੱਚ ਵੀ ਸ਼ਾਮਲ ਨਹੀਂ ਸੀ ਕੀਤੀ । ਕਾਵਿ-ਗੁਣਾਂ ਦੇ ਪਾਰਖੂ ਭੱਦਰ ਲੋਕ ਸ਼ਾਇਦ ਇਹਦੇ ਵਿੱਚ ਕੋਈ ਕਾਵਿਕਤਾ ਵੀ ਨਾ ਵੇਖਣ । ਪਰ ਮੈਂ ਕਵਿਤਾ ਦੀ ਨਹੀਂ, ਭਗਤ ਸਿੰਘ ਦੀ ਗੱਲ ਕਰ ਰਿਹਾਂ । ਕਵਿਤਾ ਕਰਕੇ ਨਹੀਂ ਭਗਤ ਸਿੰਘ ਕਰਕੇ ਇਹ ਸਤਰਾਂ ਮੁੜ ਕਾਗ਼ਜ਼ 'ਤੇ ਉਤਾਰ ਰਿਹਾਂ-ਭੂਸ਼ਨ) ਉੱਨ੍ਹੀ ਸੌ ਕੱਤੀ ਈਸਵੀ । ਮਾਰਚ ਦੀ ਤੇਈ ਤਾਰੀਖ਼ ਸੀ ।। ਵਕਤ ਹੈ ਸੀ ਸ਼ਾਮ ਦਾ । ਸੌਣ ਦੇ ਆਰਾਮ ਦਾ ।। ਲਾਹੌਰ ਵੱਡੀ ਜੇਲ੍ਹ ਦੇ । ਉਸ ਡਰਾਵਣੇ ਬੂਹੇ ਅੱਗੇ ।। ਲੋਕੀਂ ਸੀ ਕੱਠੇ ਹੋ ਰਹੇ । ਕਿਸਮਤ ਦੇ ਤਾਈਂ ਰੋ ਰਹੇ ।। ***** ਬੂਹੇ ‘ਤੇ ਅੱਖੀਆਂ ਗੱਡੀਆਂ । ਵਿੰਹਦੇ ਸੀ ਚੁੱਕ-ਚੁੱਕ ਅੱਡੀਆਂ ।। ਮਾਸਾ ਜੇ ਬੂਹਾ ਖੜਕਦਾ । ਰੂਹ ਕੰਬਦੀ ਦਿਲ ਧੜਕਦਾ ।। ਸਾਰੇ ਹੀ ਹੋ ਜਾਂਦੇ ਖੜ੍ਹੇ । ਸ਼ਾਇਦ ਕੋਈ ਬਾਹਰ ਨਿਕਲੇ ।। ਸਭੇ ਬੜੇ ਬੇਦਾਰ ਸਨ । ਮਾਯੂਸ ਸਨ, ਲਾਚਾਰ ਸਨ ।। ***** ਰਲ ਕੇ ਸਭੇ ਹੱਥ ਜੋੜਦੇ । ਰੱਬਾ! ਇਹ ਬੂਹਾ ਤੋੜਦੇ ।। ਵੀਰਾਂ ਦੇ ਦਰਸ਼ਨ ਕਰ ਲਈਏ । ਤੱਕ-ਤੱਕ ਕੇ ਨਜ਼ਰਾਂ ਭਰ ਲਈਏ ।। ਬਹਿ ਕੇ ਗੁਜ਼ਾਰੀ ਰਾਤ ਏ । ਹੁਣ ਹੋ ਚੱਲੀ ਪ੍ਰਭਾਤ ਏ ।। ਭਈ ਦਰੋਗਾ ! ਕਿਉਂ ਨਹੀਂ ਬੋਲਦਾ । ਤੂੰ ਬੂਹਾ ਕਿਉਂ ਨਹੀਂ ਖੋਲ੍ਹਦਾ ? ***** ਲੋਕਾਂ ਦਾ ਤਾਂ ਇਹ ਹਾਲ ਸੀ । ਓਧਰ ਵੀ ਚੱਲ ਗਈ ਚਾਲ ਸੀ ।। ਚੋਰਾਂ ਨੇ ਮੌਕਾ ਤਾੜਿਆ । ਕੰਧ ਮਗਰਲੀ ਨੂੰ ਪਾੜਿਆ ।। ਲੈ ਗਏ ਤਿੰਨਾਂ ਨੂੰ ਕੱਢ ਕੇ । ਸਭਨਾਂ ਨੂੰ ਰੋਂਦੇ ਛੱਡ ਕੇ ।। ਅੱਖਾਂ ਦਾ ਪਾਣੀ ਚੋ ਗਿਆ । ਰੋਂਦੇ ਸਵੇਰਾ ਹੋ ਗਿਆ ।। ***** ਅਹੁ ਧਿਆਨ ਪਿੱਛੇ ਪੈ ਗਿਆ । ਗੋਰੇ ਦਾ ਭੱਠਾ ਬਹਿ ਗਿਆ ।। ਬਸ ਹੌਸਲੇ ਸਭ ਢਹਿ ਗਏ । ਮੱਥੇ ਨੂੰ ਫੜ ਕੇ ਬਹਿ ਗਏ ।। ਬੱਝੇ ਕਿਸੇ ਦੇ ਪਿਆਰ ਦੇ । ਰੋਂਦੇ ਤੇ ਢਾਹੀਂ ਮਾਰਦੇ ।। ਉੱਠ ਕੇ ਘਰਾਂ ਨੂੰ ਆ ਗਏ । ਵੀਰੇ ਜੁਦਾਈਆਂ ਪਾ ਗਏ ।। ***** ਕਹਿੰਦੇ ਸ਼ੇਰਾਂ ਦੇ ਮਾਂ-ਪਿਉ । ਲਾਸ਼ਾਂ ਤਾਂ ਸਾਨੂੰ ਦੇ ਦਿਉ ।। ਲੱਖਾਂ ਹੀ ਪਾਏ ਵਾਸਤੇ । ਪਰ ਫਿਰਿਆ ਪਾਣੀ ਆਸ ‘ਤੇ ।। ਮੰਨੀ ਨਾ ਚੰਦਰੇ ਇਕ ਵੀ । ਸੁੱਕ ਗਈ ਦਰਸ ਦੀ ਸਿੱਕ ਵੀ ।। ਕੀ ਹਾਲ ਮਾਈ ਬਾਪ ਦੇ । ਭਾਈ ਸ਼ੁਦਾਈ ਜਾਪਦੇ ।। ***** ਸਾਰੇ ਪਏ ਬੁੱਲ੍ਹ ਵੱਢਦੇ । ਤੇ ਲਾਲ ਅੱਖਾਂ ਕੱਢਦੇ ।। ਪਰ ਜਾਪਦੇ ਬਲਹੀਨ ਸਨ । ਕਰਦੇ ਵੀ ਕੀ ਪਰਾਧੀਨ ਸਨ ।। ਮਸ਼ਹੂਰ ਇਹ ਅਖੌਤ ਹੈ । ਗੁਲਾਮੀ ਤੋਂ ਚੰਗੀ ਮੌਤ ਹੈ ।। ***** ਆਖਰ ਕੰਢੇ ਸਤਲੁਜ ਦੇ । ਲਾਸ਼ਾਂ ਨੂੰ ਲੈ ਕੇ ਪੁੱਜਦੇ ।। ਰੋਂਦੇ ਨੇ ਰਾਹ ਤੇ ਗਲੀਆਂ । ਮੋਇਆਂ ‘ਤੇ ਛੁਰੀਆਂ ਚੱਲੀਆਂ ।। ਵਗੀਆਂ ਜਾਂ ਖ਼ੂਨੀ ਧਾਰੀਆਂ । ਸਤਲੁਜ ਨੇ ਢਾਹੀਂ ਮਾਰੀਆਂ ।। ਗੁੱਸੇ ‘ਚ ਲਹਿਰਾਂ ਉੱਠੀਆਂ । ਹੋ ਹੋ ਕੇ ਸਿੱਧੀਆਂ ਪੁੱਠੀਆਂ ।। ***** ਆਖੇ ਮੈਂ ਕੰਢੇ ਤੋੜ ਕੇ । ਜ਼ਾਲਮ ਨੂੰ ਲੈ ਜਾਂ ਰੋੜ੍ਹ ਕੇ ।। ਮੈਂ ਜ਼ੁਲਮ ਦੇ ਨਾਲ ਖਹਿ ਲਵਾਂ । ਵੀਰਾਂ ਦਾ ਬਦਲਾ ਲੈ ਲਵਾਂ ।। ਰੱਬਾ ! ਮੈਂ ਹੁੰਦਾ ਮਰਦ ਜੇ । ਸੀਨਾ ਨਾ ਹੁੰਦਾ ਸਰਦ ਜੇ ।। ਜੇ ਕੰਮ ਹੁੰਦਾ ਵੱਸ ਦਾ । ਕੁਝ ਕਰਕੇ ਮੈਂ ਵੀ ਦੱਸਦਾ ।। ਮੇਰਾ ਨਾ ਕੋਈ ਦੋਸ਼ ਜੇ । ਮੈਂ ਹਿੰਦੀਓ ! ਨਿਰਦੋਸ਼ ਜੇ ।। ਮੈਨੂੰ ਨਾ ਮਿਹਣੇ ਮਾਰਿਉ । ਬਾਜ਼ੀ ਨਾ ਜਿੱਤੀ ਹਾਰਿਉ ।। ਨਿਰਮਲ ਤੁਸਾਂ ਦਾ ਚਿੱਤ ਜੇ । ਆਖਰ ਤੁਹਾਡੀ ਜਿੱਤ ਜੇ ।। ਇਹ ਕਹਿੰਦਿਆਂ ਗਲ ਭਰ ਗਿਆ । ਲਾਚਾਰ ਹੁਣ ਚੁੱਪ ਕਰ ਗਿਆ ।। ਝੋਲੀ ‘ਚ ਟੁਕੜੇ ਪਾ ਲਏ । ਸੀਨੇ ਦੇ ਨਾਲ ਗ਼ਮ ਲਾ ਲਏ ।। ਤੁਰਿਆ ਹੀ ਤੁਰਿਆ ਜਾ ਰਿਹਾ । ਰੌਲੀ ਕਦੋਂ ਦਾ ਪਾ ਰਿਹਾ ।। ‘ ਹਿੰਦੀਉ ! ਕਦਮ ਨਾ ਰੋਕਿਉ । ਗੁਲਾਮੀ ‘ਚ ਹਿੰਦ ਨਾ ਝੋਕਿਉ ।। ਮੁਸ਼ਕਲ ਤੋਂ ਨਹੀਂ ਘਬਰਾਵਣਾ । ਤੁਰਿਆ ਹੀ ਤੁਰਿਆ ਜਾਵਣਾ ।। ਰੱਖਣਾ ਜੇ ਹਿੰਦ ਆਬਾਦ ਤੂੰ । ਕੁਰਬਾਨੀਆਂ ਕਰ ਯਾਦ ਤੂੰ ।। ਸਭ ਤਿਆਗ ਮਮਤਾ ਜਿੰਦ ਦੀ । ਜੈ ਬੋਲ ‘ਭੂਸ਼ਨ’ ਹਿੰਦ ਦੀ ।।

32. ਕਾਲੀਆਂ ਇੱਟਾਂ, ਰੋੜ ਵੀ ਕਾਲੇ

ਕਾਲੀਆਂ ਇੱਟਾਂ, ਰੋੜ ਵੀ ਕਾਲੇ, ਮਰ ਕੇ ਅਸਾਂ ਉਸਾਰੀ ਕੰਧ। ਦੰਦ ਕਰੀਚੇ, ਮਿਹਣੇ ਮਾਰੇ ਸੰਗਮਰਮਰ ਦੀ ਭਾਰੀ ਕੰਧ। ਹਰ ਇੱਕ ਇੱਟ 'ਤੇ ਨਾਂ ਲਿਖਿਆ ਹੈ, ਦਸਤਾਵੇਜ਼ ਹੈ ਸਾਰੀ ਕੰਧ, ਜਿਸਦੀ ਛਾਵੇਂ ਦੋ ਪਲ ਕੱਟੇ, ਬਣ ਗਈ ਚਾਰ ਦਿਵਾਰੀ ਕੰਧ। ਮੈਂ ਕੁਰਸੀ ਵਿੱਚ ਚਿਣਿਆਂ ਹੋਇਆ, ਨੀਹਾਂ ਬਾਰੇ ਸੋਚ ਰਿਹਾਂ, ਮੇਰੀ ਸੋਚ 'ਤੇ ਆ ਡਿੱਗੀ ਹੈ, ਇੱਟ-ਇੱਟ ਕਰਕੇ ਸਾਰੀ ਕੰਧ।

33. ਨ੍ਹੇਰੇ ਵਿੱਚ ਹੀ ਦੂਰ ਦੀ ਸੁੱਝਦੀ ਏ

ਨ੍ਹੇਰੇ ਵਿੱਚ ਹੀ ਦੂਰ ਦੀ ਸੁੱਝਦੀ ਏ, ਇਹਨਾਂ ਅਦਬ ਦੇ ਮੌਸਮੀ ਆਸ਼ਕਾਂ ਨੂੰ । ਪੁਰਸਕਾਰ ਸ਼ਿਰੋਮਣੀ ਰਾਖ਼ਵਾਂ ਹੈ - ਸੁੱਝੀ ਸਮੇਂ ‘ਤੇ, ਸਮੇਂ ਦੇ ਸ਼ਾਸਕਾਂ ਨੂੰ । ਪਾਠਕ ਲੱਗਦਾ ਨਾ, ਦੀਮਕ ਲੱਗ ਜਾਂਦੀ - ਭਾਵੇਂ ਲੱਖ ਵਰਤੋ ਕੀਟ-ਨਾਸ਼ਕਾਂ ਨੂੰ । ਕਾਹਨੂੰ ਛਾਪਣੀ ਮੁਫ਼ਤ ਕਿਤਾਬ ਉਹਨਾਂ, ਮਿਲਦੇ ਪੌਂਡ ਨੇ ਜਿਨ੍ਹਾਂ ਪਰਕਾਸ਼ਕਾਂ ਨੂੰ ।।

34. ਮੈਂ ਸ਼ਬਦਾਂ ਦੇ ਘਰ ਜਾਇਆ ਹਾਂ

ਮੈਂ ਸ਼ਬਦਾਂ ਦੇ ਘਰ ਜਾਇਆ ਹਾਂ, ਮੈਂ ਹਰਫ਼ਾਂ ਦਾ ਹਮਸਾਇਆ ਹਾਂ, ਮੇਰੇ ਬੱਚਿਉ ! ਜੇ ਹੁਕਮ ਕਰੋ, ਕੁਝ ਸ਼ੇਅਰ ਤੁਸਾਂ ਲਈ ਜੋੜ ਦਿਆਂ । ਤੂੰ ਬਹੁਤਾ ਪੁੱਛ ਕੇ ਕੀ ਲੈਣੈ ? ਮੈਂ ਇਕ ਬੇ-ਗਰਜ਼ਾ ਬੰਦਾ ਹਾਂ - ਜੋ ਦਿਲ ਆਏ ਸੋ ਕਰਦਾ ਹਾਂ, ਜੋ ਮੂੰਹ ਆਏ ਸੋ ਬੋਲ ਦਿਆਂ ।।

35. ਜਿਸ ‘ਸ਼ਖ਼ਸ’ ਨੇ ਪਹਿਲੀ ਵਾਰੀ

(ਖ਼ੂਬੀ ਇਹ ਹੈ ਕਿ ਨਜ਼ਮ ਸਵਾਲ ਨਹੀਂ ਕਰਦੀ, ਸਿਰਫ਼ ਜਾਇਜ਼ਾ ਲੈਂਦੀ ਹੈ । ਆਪਣੀ ਗੱਲ ਕਹਿੰਦੀ ਹੈ ਤੇ ਤੁਰੀ ਰਹਿੰਦੀ ਹੈ :) ਜਿਸ ‘ਸ਼ਖ਼ਸ’ ਨੇ ਪਹਿਲੀ ਵਾਰੀ ‘ਬੋਲ’ ਕਹਿਆ ਹੋਏਗਾ ਜਿਸ ਸ਼ਖ਼ਸ ਨੇ ਬੋਲ ਨੂੰ ਫਿਰ ‘ਸ਼ਬਦ’ ਕਹਿਆ ਹੋਏਗਾ ਜਿਸ ਸ਼ਖ਼ਸ ਨੇ ਸ਼ਬਦ ਨੂੰ ਫਿਰ ‘ਕਾਵਿ’ ਕਹਿਆ ਹੋਏਗਾ ਉਹ ‘ਬੋਲ’ ਕੇਹਾ ਹੋਏਗਾ, ਉਹ ‘ਸ਼ਬਦ’ ਕੇਹਾ ਹੋਏਗਾ ਉਹ ‘ਕਾਵਿ’ ਕੇਹਾ ਹੋਏਗਾ, ਉਹ ‘ਸ਼ਖ਼ਸ’ ਕੇਹਾ ਹੋਏਗਾ ਜਿਸ ਕਿਸੇ ਨੇ ਵਸਤੂਆਂ ਦੇ ਨਾਮ ਰੱਖੇ ਹੋਣਗੇ ਪਹਿਲੀ ਵਾਰੀ ਵਸਤੂਆਂ ਦੇ ਸਵਾਦ ਚੱਖੇ ਹੋਣਗੇ ਤੇ ਜਿਨ੍ਹਾਂ ਨੇ ਹੋਰਨਾਂ ਨੂੰ ਨਾਮ ਦੱਸੇ ਹੋਣਗੇ ਤੇ ਸਵਾਦ ਦੱਸੇ ਹੋਣਗੇ, ਉਹ ਸ਼ਖ਼ਸ ਕੇਹੇ ਹੋਣਗੇ ਸਭ ਤੋਂ ਪਹਿਲਾਂ ਜਿਸ ਕਿਸੇ ਨੇ, ਰੱਬ ਘੜਿਆ ਹੋਏਗਾ ਸਭ ਤੋਂ ਪਹਿਲਾਂ ਜਿਸਨੇ ਉਸਦਾ, ਪੱਲਾ ਫੜਿਆ ਹੋਏਗਾ ਉਸਦਾ ਨਾਂ ਲੈ ਕੇ ਜਿਹੜਾ, ਤੋੜ ਚੜ੍ਹਿਆ ਹੋਏਗਾ ਉਹ ਸ਼ਖ਼ਸ ਕੇਹਾ ਹੋਏਗਾ ਜਿਸ ਕਿਸੇ ਨੇ ਸਭ ਤੋਂ ਪਹਿਲਾਂ, ਸ਼ਬਦ ਵਾਹਿਆ ਹੋਏਗਾ ਸਭ ਤੋਂ ਪਹਿਲਾਂ ਖੰਭ ਨੂੰ, ਕਾਨੀ ਬਣਾਇਆ ਹੋਏਗਾ ਜਿਸ ਕਿਸੇ ਨੇ ਸ਼ਬਦ ਉਹ, ਪੜ੍ਹ ਕੇ ਸੁਣਾਇਆ ਹੋਏਗਾ ਉਹ ਸ਼ਖ਼ਸ ਕੇਹਾ ਹੋਏਗਾ, ਉਹ ਸ਼ਬਦ ਕੇਹਾ ਹੋਏਗਾ ।। ( ਲੰਬੀ ਨਜ਼ਮ ‘ਚੋਂ ਕੁਝ ਸਤਰਾਂ )

36. ਜਿਸਦੇ ਜਿਸਮ ਦਾ ਜਿੰਨਾਂ ਹਿੱਸਾ ਨੰਗਾ ਹੈ

ਜਿਸਦੇ ਜਿਸਮ ਦਾ ਜਿੰਨਾਂ ਹਿੱਸਾ ਨੰਗਾ ਹੈ । ਉਸਦੇ ਜਿਸਮ ਦਾ ਉਨ੍ਹਾਂ ਹਿੱਸਾ ਚੰਗਾ ਹੈ । ਉਸੇ ਦੀ ਉਮੀਦ ‘ਤੇ ਫਿਰਦਾ ਹੈ ਪਾਣੀ । ਜਿਸਦੇ ਵਿਹੜੇ ਦੇ ਵਿੱਚ ਵਗਦੀ ਗੰਗਾ ਹੈ । ਉੱਪਰ-ਹੇਠਾਂ ਤਿੰਨ ਟਾਕੀਆਂ ਲਾਈਆਂ ਨੇ, ਇਹ ਨਾ ਸਮਝਿਉ ਮੇਰਾ ਇਸ਼ਟ ਤਿਰੰਗਾ ਹੈ । ਨੰਗੀ ਨਹਾ ਕੇ ਕਿਹੜੀ ਚੀਜ਼ ਨਿਚੋੜੇਗੀ, ਇਹ ਤਾਂ ਵਸਤਰਵਾਨਾਂ ਦੇ ਲਈ ਪੰਗਾ ਹੈ । ਪਰਮ ਹੰਸ ਜਿਹੀ ਪਦਵੀ ਹੁੰਦੀ ਬਾਲਕ ਦੀ, ਹੱਸਦਾ ਨੱਚਦਾ ਫਿਰਦਾ ਨੰਗ-ਮੁਨੰਗਾ ਹੈ ।।

37. ਬਾਹਰੋਂ ਡਰ ਕੇ ਆ ਵੜਦੇ ਹਾਂ ਘਰ ਦੇ ਵਿੱਚ

ਬਾਹਰੋਂ ਡਰ ਕੇ ਆ ਵੜਦੇ ਹਾਂ ਘਰ ਦੇ ਵਿੱਚ । ਘਰ ਦੇ ਵਿੱਚ ਵੀ ਕੰਮ ਕਰਦੇ ਹਾਂ ਪਰਦੇ ਵਿੱਚ । ਚਾਨਣ ਵਿੱਚ ਜੋ ਸੱਚ ਛੁਪਾ ਕੇ ਰੱਖਦੇ ਹਾਂ । ਨ੍ਹੇਰੇ ਦੇ ਵਿੱਚ ਸਵਾਦ ਉਸੇ ਦਾ ਚੱਖਦੇ ਹਾਂ । ਖੁੱਲ੍ਹੇ ਬੂਹਿਆਂ ਵੱਲ ਤਾਂ ਪਿੱਠ ਕਰ ਬਹਿੰਦੇ ਹਾਂ । ਝੀਥਾਂ ਥਾਣੀਂ ਝਾਤ ਮਾਰਦੇ ਰਹਿੰਦੇ ਹਾਂ । ਪੜ੍ਹਿਆ ਸੁਣਿਆ ਨਹੀਂ ਸੀ ਅੱਖੀਂ ਡਿੱਠਾ ਹੈ । ਕਿਸੇ ਵੀ ਸ਼ੈਅ ਤੋਂ ਚੋਰੀ ਦਾ ਗੁੜ ਮਿੱਠਾ ਹੈ ।।

38. ਭੂਸ਼ਨ ਦੀ ਬਰਸੀ

ਕਿਰਣੋਂ ਨੀ ਕਰਿਓ ਫੈਸਲਾ, ਸੀ ਉਹ ਆਦਮੀ ਜਾਂ ਕਿ ਦੇਵਤਾ । ਨੀ ਉਹ ਬਾਦਸ਼ਾਹ ਮੇਰੇ ਦੇਸ਼ ਦਾ, ਸੁਣਿਆ ਹੈ ਕਿ ਅੱਜ ਮਰ ਗਿਆ, ਆਲਮ ਨੂੰ ਸੋਗੀ ਕਰ ਗਿਆ । ਉਹਦੇ ਜਾਣ ਦੀ ਗੱਲ ਸੋਚ ਕੇ ਮੇਰੀ ਸੋਚ ਦਾ ਦਿਲ ਡਰ ਗਿਆ, ਮੇਰੀ ਕਲਮ ਦੀ ਅੱਖ ਚੋਅ ਪਈ, ਮੇਰੇ ਗੀਤ ਦਾ ਗਲ ਭਰ ਗਿਆ । ਕੋਈ ਰਹੀ ਨਾ ਹੋਸ਼ ਰਦੀਫ਼ ਨੂੰ, ਪਿਆ ਲੜਖੜਾਵੇ ਕਾਫ਼ੀਆ, ਨੀ ਇਹ ਕਿਸ ਤਰ੍ਹਾਂ ਦੀ ਖ਼ਬਰ ਹੈ, ਨੀ ਇਹ ਕਿਸ ਤਰ੍ਹਾਂ ਦਾ ਹਾਦਸਾ । ਉਸਦੀ ਸੁਨਹਿਰੀ ਪੈੜ ਨੂੰ ਰਿਸ਼ਮੋਂ ਨੀਂ ਚੁੰਮਿਓ ਆਣ ਕੇ, ਸਾਂਭੋ ਨੀ ਉਸਦੀ ਯਾਦ ਨੂੰ ਸਾਹਾਂ ਦੇ ਤੰਬੂ ਤਾਣ ਕੇ, ਚਾਨਣ ਖਿਲਾਰਨ ਵਾਲੜਾ ਕਿਤੇ ਲੁਕ ਗਿਆ ਜੇ ਜਾਣਕੇ । ਇਹ ਸੱਚ ਮੰਨਣ ਵਾਸਤੇ ਮੇਰੀ ਸੋਚ ਨੇ ਸਿਰ ਫੇਰਤਾ, ਕਿਰਣੋਂ ਨੀ ਕਰਿਓ ਫੈਸਲਾ, ਸੀ ਉਹ ਆਦਮੀ ਜਾਂ ਕਿ ਦੇਵਤਾ । ਕਰਿਓ ਨੀ ਕਰਿਓ ਫੈਸਲਾ, _ _ _ _ _ ।।

39. ਮੈਂ ਕਿਸੇ ਫੈਸ਼ਨ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ

ਮੈਂ ਕਿਸੇ ਫੈਸ਼ਨ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ, ਮੈਂ ਸਗੋਂ ਕਹਿਨਾਂ ਕਿ ਬਸਤਰ ਪਹਿਨ ਕੇ ਨੰਗੇ ਰਹੋ । ਇੰਝ ਨਾ ਹੋਵੇ ਤੁਹਾਨੂੰ ਇਸ਼ਟ ਮੰਨ ਬੈਠੇ ਸਮਾਂ, ਤੇ ਤੁਸੀਂ ਸਾਰੀ ਉਮਰ ਦੀਵਾਰ 'ਤੇ ਟੰਗੇ ਰਹੋ ।

40. ਏਸ ਗਰਾਂ ਦੀ ਪੌਣ ਬੜੀ ਜ਼ਹਿਰੀਲੀ ਹੈ

ਏਸ ਗਰਾਂ ਦੀ ਪੌਣ ਬੜੀ ਜ਼ਹਿਰੀਲੀ ਹੈ, ਏਸ ਗਰਾਂ ਵਿੱਚ ਵੀ ਕੋਈ ਸ਼ਾਇਰ ਰਹਿੰਦਾ ਸੀ ! ਆਓ ਯਾਰੋ ਭੂਸ਼ਨ ਦੇ ਘਰ ਹੋ ਆਈਏ, ਆਪਣੇ ਨਾਲ ਵੀ ਚੰਦਰਾ ਉੱਠਦਾ-ਬਹਿੰਦਾ ਸੀ ..!!!

41. ਗਲੀਏ ਗਲੀਏ ਫਿਰਦੇ ਪੰਜ ਹਜ਼ਾਰੀ ਹੁਣ

ਗਲੀਏ ਗਲੀਏ ਫਿਰਦੇ ਪੰਜ ਹਜ਼ਾਰੀ ਹੁਣ। ਲੱਭਿਆਂ ਵੀ ਨਾ ਲੱਭਦੇ ਲੋਕ ਲਿਖਾਰੀ ਹੁਣ। ਯਾਨੀ ਕਿ ਨੂੰ ਜਾਣੀ ਦੀ ਜੋ ਲਿਖਦੇ ਨੇ, ਸਾਹਿੱਤ ਦੇ ਵਿੱਚ ਉਨ੍ਹਾਂ ਦੀ ਸਰਦਾਰੀ ਹੁਣ। ਇੱਕ ਮਸੀਹਾ ਹੋਰ ਚੜ੍ਹਾ ਕੇ ਸੂਲੀ ਤੇ, ਰੋਂਦੇ ਫਿਰਦੇ ਸਾਹਿੱਤ ਦੇ ਪਟਵਾਰੀ ਹੁਣ।

42. ਜ਼ਿਕਰ ਤੇਰਾ ਹੈ ਜਦੋਂ ਰੂਹ ਛੇੜਦੀ

ਜ਼ਿਕਰ ਤੇਰਾ ਹੈ ਜਦੋਂ ਰੂਹ ਛੇੜਦੀ, ਰੁਮਕਦਾ ਮੱਠਾ ਜਿਹਾ ਸੰਗੀਤ ਹੈ ! ਬੱਸ ਇਹੋ ਪੂੰਜੀ ਹੈ ਮੇਰੀ ਦੋਸਤਾ, ਇਹ ਹੀ ਮੇਰੀ ਨਜ਼ਮ - ਮੇਰਾ ਗੀਤ ਹੈ !!

43. ਤੇਰੇ ਨੂਰੀ ਨਕਸ਼ਾਂ ਵਰਗਾ

ਤੇਰੇ ਨੂਰੀ ਨਕਸ਼ਾਂ ਵਰਗਾ ਉਸ ਕੋਲੋਂ ਸ਼ਾਹਕਾਰ ਬਣੇ ਨਾ, ਹੋ ਸਕਦਾ ਹੈ ਏਸ ਜਨਮ ਵਿੱਚ ਭੂਸ਼ਨ ਚਿੱਤਰਕਾਰ ਬਣੇ ਨਾ !

44. ਬਹੁਤ ਤਕਲੀਫ਼-ਦੇਹ ਹੁੰਦਾ ਹੈ

ਬਹੁਤ ਤਕਲੀਫ਼-ਦੇਹ ਹੁੰਦਾ ਹੈ, ਕੁਝ ਵੀ ਨਾ ਲਿਖਣਾ ਨਾ ਲਿਖ ਸਕਣਾ ਨਾ ਲਿਖਿਆ ਜਾਣਾ ਜਦੋਂ ਕਿ ਹਜ਼ਾਰ ਮੌਕੇ ਹੋਣ ਕਈ ਹਜ਼ਾਰ ਬਹਾਨੇ ਹੋਣ ਮੁਕੰਮਲ ਵਿਹਲ ਹੋਵੇ ਹਾਲਾਤ ਸਾਜ਼ਗਾਰ ਹੋਣ ਦੋਸਤਾਂ ਦੇ ਤਕਾਜ਼ੇ ਹੋਣ ਤੇ ਨਾ ਲਿਖ ਸਕਣ ਦਾ ਕੋਈ ਮੰਨਣਯੋਗ ਬਹਾਨਾ ਘੜ ਸਕਣਾ ਨਾ-ਮੁਮਕਿਨ ਹੋਵੇ ਸੱਚੀਂ ਬਹੁਤ ਹੀ ਤਕਲੀਫ-ਦੇਹ ਹੁੰਦਾ ਹੈ ! ਜਦੋਂ ਸੋਚੀਦਾ ਹੈ ਕੀ ਲਿਖਿਆ ਜਾਏ ? ਕਿਉਂ ਲਿਖਿਆ ਜਾਏ ? ਕੀਹਦੇ ਲਈ ਲਿਖਿਆ ਜਾਏ ? ਪਹਿਲਾਂ ਲਿਖੇ ਦਾ ਕੀ ਬਣਿਆ ਹੈ ? ਜਿਹੜੇ ਲਿਖ ਰਹੇ ਹਨ, ਉਹ ਕੀ ਲਿਖ ਰਹੇ ਹਨ ? ਕੀ ਉਹ ਲਿਖ ਰਹੇ ਹਨ ? ਬਹੁਤ ਤਕਲੀਫ-ਦੇਹ ਹੁੰਦਾ ਹੈ ਧਰਮ ਅਰਥ ਕਾਮ ਮੋਕਸ਼ ਦੇ ਤਕਾਜ਼ਿਆਂ ਤੋਂ ਪਾਰ ਜਾ ਕੇ ਮੁਕੰਮਲ ਤੌਰ ‘ਤੇ ਸਹਿਜ ਹੋਣਾ, ਆਪਣੇ ਆਪ ਵਿਚ ਮਹਿਜ਼ ਹੋਣਾ, ਬਣਨਾ ਕੁਛ ਨਾ ਤੇ ਹੋਣ ਦੇਣਾ ਜੋ ਹੁੰਦਾ ਹੈ ਬੱਸ ਇਹੋ ਹੁੰਦਾ ਹੈ ਉਹ ਆਲਮ ਜਦੋਂ ਲਿਖਿਆ ਨਹੀਂ ਜਾਂਦਾ ਲਿਖ ਹੋ ਜਾਂਦਾ ਹੈ ਹੋ ਜਾਂਦਾ ਹੈ ਜਾਂਦਾ ਹੈ ਹੈ ਦ੍ਰਿਸ਼ ਦ੍ਰਿਸ਼ਟੀ ਦ੍ਰਸ਼ਟਾ ਤੇ ਦਰਸ਼ਨ, ਅੱਖੀਏ ! ਰੋ - ਤੇ ਵੇਖ । ਕੋਸ਼ਿਸ਼ ਕਰਕੇ ਕੁਝ ਨਾ ਬਣ ਤੂੰ – ਬੱਸ ਤੂੰ ‘ਹੋ’ - ਤੇ ਵੇਖ ॥ (ਸੰਖ (Jul-Aug 2001))

45. ਬਾਬੂ ਦਾ ਕੌਮੀ ਤਰਾਨਾ

ਅਸੀਂ ਹਰ ਹਰ ਨਹੀਂ ਕਰਦੇ ਅਸੀਂ ਹਰ ਤੋਂ ਨਹੀਂ ਡਰਦੇ ਅਸੀਂ ਸਰ ਸਰ ਕਰਦੇ ਹਾਂ ਸਰਕਾਰ ਤੋਂ ਡਰਦੇ ਹਾਂ । ਨੋਟਾਂ ਪਰਨੋਟਾਂ ਵਿੱਚ ਟੇਬਲ ਦੀਆਂ ਓਟਾਂ ਵਿੱਚ ਮਨ ਕੈਦ ਨੇ ਮਿਸਲਾਂ ਵਿੱਚ - ਤਨ ਕੈਦ ਨੇ ਕੋਟਾਂ ਵਿੱਚ . ਜਨਤੰਤਰ ਵਿਕਦਾ ਹੈ - ਚੋਣਾਂ ਵਿੱਚ , ਵੋਟਾਂ ਵਿੱਚ . ਜਨ ਗਨ ਮਨ - ਤਨ ਮਨ ਧਨ ਅਨੁਕੂਲ ਹੈ - ਵਾਤਾਵਰਨ ਅਸੀਂ ਕੌਮੀ ਝੰਡੇ ਹਾਂ ਜੋ ਫਰ ਫਰ ਨਹੀਂ ਕਰਦੇ . ਅਸੀਂ ਹਰ ਹਰ ਨਹੀਂ ਕਰਦੇ ਅਸੀਂ ਹਰ ਤੋਂ ਨਹੀਂ ਡਰਦੇ ਅਸੀਂ ਸਰ ਸਰ ਕਰਦੇ ਹਾਂ ਸਰਕਾਰ ਤੋਂ ਡਰਦੇ ਹਾਂ ।।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ