Punjabi Poetry : Baljinder Sangha

ਪੰਜਾਬੀ ਕਵਿਤਾਵਾਂ : ਬਲਜਿੰਦਰ ਸੰਘਾ



1. ਮਜ਼ਦੂਰ

ਅਸੀਂ 'ਸਨ ਬਾਥ' ਨਹੀਂ ਕਰਦੇ ਬਲਕਿ ਹਰ ਸਮੇਂ ਕੰਮ ਕਰਦਿਆਂ ਧੁੱਪ ਤੋਂ ਬਚਣ ਲਈ ਸਾਡੇ ਪਾਟੇ ਕੁੜ੍ਹਤੇ 'ਤੇ ਇਕ ਟਾਕੀ ਹੋਰ ਵਧ ਜਾਂਦੀ ਹੈ। ਸਾਡੇ 'ਬਲੱਡ ਪਰੈਸ਼ਰ' ਕਦੇ ਵੀ ਹਾਈ ਨਹੀਂ ਹੁੰਦੇ ਬਲਕਿ 'ਪਿੱਤ ਦੇ ਫੋੜੇ' ਹੀ ਨਿਕਲਦੇ ਹਨ, ਜੋ ਮੱਛੀ ਦੇ ਪੱਥਰ ਨਾਲ ਟਕਰਾਉਣ ਵਾਂਗ ਆਪਣੇ-ਆਪ ਹਰ ਜਾਂਦੇ ਨੇ। ਸਾਡੇ ਬੱਚੇ 'ਵੀਡੀਓ ਗੇਮ, ਨਹੀਂ ਬਲਕਿ ਭੁੱਖ ਨਾਲ ਖੇਡਦੇ ਹਨ 'ਤੇ ਇਸੇ ਖੇਡ ਰਹੇ ਹਨ ਕਈ ਸਦੀਆਂ ਬੀਤ ਗਈਆਂ ਨੇ ਸਾਡੇ ਘਰਾਂ ਵਿਚ 'ਫੈਮਲੀ ਡਾਕਟਰ' ਨਹੀਂ ਆਉਂਦੇ ਹਰ ਹਫ਼ਤੇ 'ਹਾਰਟ ਬੀਟ' ਚੈਕ ਕਰਨ ਲਈ ਬਲਕਿ ਪੰਜ ਸਾਲਾਂ ਬਾਅਦ ਮੰਗਤੇ ਆਉਂਦੇ ਨੇ 'ਤੇ ਵੋਟਾਂ ਲੈ ਕੇ ਵਾਪਸ ਚਲੇ ਜਾਂਦੇ ਨੇ। ਅਸੀਂ 'ਬਲੈਕ ਮਨੀ' ਨਾਲ ਐਸ਼ ਨਹੀਂ ਕਰਦੇ ਬਲਕਿ ਮਾਣ ਮਹਿਸੂਸ ਕਦੇ ਹਾਂ ਆਪਣੇ ਹੱਥਾਂ 'ਤੇ ਜੋ ਕਰਦੇ ਨੇ ਸੱਚੀ-ਸੁੱਚੀ ਕਿਰਤ ਬਾਬੇ ਨਾਨਕ ਵਾਲੀ ਕਿਰਤ

2. ਮੀਡੀਆ

ਦੰਗੇ ਹੁੰਦੇ ਰਹਿੰਦੇ ਨੇ ਖ਼ਬਰਾਂ ਸੁਣਦੇ ਹਾਂ ਖ਼ਬਰਾਂ ਪੜ੍ਹਦੇ ਹਾਂ ਹਰ ਇਕ ਦੂਸਰੇ ਤੋਂ ਵਧ-ਚੜ੍ਹ ਕੇ ਆਖਦਾ ਹੈ ਕਿ ਮੁਸਲਮਾਨਾਂ ਨੇ ਹਿੰਦੂ ਮਾਰ ਦਿੱਤੇ ਕਿ ਹਿੰਦੂਆਂ ਨੇ ਮੁਸਲਮਾਨ ਮਾਰ ਦਿੱਤੇ ਕਿ ਸਿੱਖਾਂ ਨੇ ਹਿੰਦੂ ਮਾਰ ਦਿੱਤੇ ਕਿ ਹਿੰਦੂਆਂ ਨੇ ਸਿੱਖ ਮਾਰ ਦਿੱਤੇ ਪਰ ਕੋਈ ਨਹੀਂ ਕਹਿੰਦਾ ਕਿ ਮਨੁੱਖਾਂ ਨੇ ਮਨੁੱਖ ਮਾਰ ਦਿੱਤੇ 'ਤੇ ਸ਼ਾਇਦ ਇਸੇ ਕਰਕੇ ਦੰਗੇ ਹੁੰਦੇ ਰਹਿੰਦੇ ਨੇ…

3. ਡਰੱਗ ਡੀਲਰਾਂ ਦੇ ਨਾਂ

ਜਿਸ ਤਰ੍ਹਾਂ ਨਕਲਾਂ ਮਾਰ ਕੇ ਕੀਤੀ ਪੜ੍ਹਾਈ ਪੜ੍ਹਾਈ ਨਹੀਂ ਹੁੰਦੀ। ਉਸੇ ਤਰ੍ਹਾਂ ਜ਼ਿੰਦਗੀਆਂ ਗਾਲ ਕੇ ਕੀਤੀ ਕਮਾਈ ਕਮਾਈ ਨਹੀਂ ਹੁੰਦੀ। ਕਿਸੇ ਮਾਂ ਦੇ ਇਕਲੌਤੇ ਪੁੱਤ ਨੂੰ ਗੁੰਮਰਾਹ ਕਰਕੇ ਨਸ਼ੇ ਤੇ ਲਾ ਦੇਣਾ। ਤੇ ਉਸਨੂੰ ਇਸ ਦਾ ਗੁਲਾਮ ਬਣਾਕੇ ਹੋਰ ਜ਼ਿੰਦਗੀਆਂ ਤਬਾਹ ਕਰਨਾ। ਇਕ ਇਨਸਾਨ ਦਾ ਕੰਮ ਨਹੀਂ ਹੋ ਸਕਦਾ। ਤੁਹਾਡੇ ਨਾਲੋ ਤਾਂ ਉਹ ਸਿਖ਼ਰ ਦੁਪਹਿਰੇ ਬੱਜਰੀ ਕੁੱਟਦੀਆਂ ਪੈਰਾਂ ਤੋ ਨੰਗੀਆਂ ਬਜ਼ੁਰਗ ਔਰਤਾਂ ਚੰਗੀਆ ਨੇ। ਜੋ ਸਿਰਫ਼ ਢਿੱਡ ਭਰਨ ਜੋਗੇ ਪੈਸੇ ਲੈ ਕੇ ਕਿਸੇ ਲਈ ਰਾਹ ਬਣਾਉਂਦੀਆਂ ਨੇ। ਅੱਗੇ ਵੱਲ ਵੱਧਣ ਦਾ ਰਾਹ। 'ਤੇ ਤੁਸੀਂ ਕਿਸੇ ਮਾਪਿਆਂ ਦੇ ਰਾਹ ਨੂੰ ਬੰਦ ਕਰਕੇ ਉਸ ਵਿਚ ਕੰਡੇ ਖਿਲਾਰਦੇ ਹੋ। ਤੁਸੀਂ ਇਨਸਾਨ ਨਹੀਂ ਹੋ ਸਕਦੇ 'ਤੇ ਤੁਹਡੀ ਕਮਾਈ ਕਮਾਈ ਨਹੀ ਹੋ ਸਕਦੀ। ਤੁਸੀਂ ਇਨਸਾਨ ਨਹੀ ਹੋ ਸਕਦੇ 'ਤੇ ਤੁਹਾਡੀ ਕਮਾਈ ਕਮਾਈ ਨਹੀਂ ਹੋ ਸਕਦੀ।

4. ਮੈਂ ਤੇ ਉਹ

ਮੈਂ ਤੇ ਉਹ ਇਕੱਠੇ ਤੁਰੇ ਸਾਂ ਇਕੋ ਜਗ੍ਹਾ ਤੋਂ ਇਕੋ ਸਮੇਂ ਉਸਦਾ ਮੂੰਹ ਹਨੇਰਿਆਂ ਵੱਲ ਸੀ ਤੇ ਮੇਰਾ ਮੂੰਹ ਚਾਨਣਾਂ ਵੱਲ ਉਹ ਜਿਧਰੋਂ ਵੀ ਲੰਘਿਆਂ ਲੋਕਾਂ ਦਾ ਹਜੂਮ ਉਸ ਨਾਲ ਜੁੜਦਾ ਗਿਆ ਮੈਂ ਜਿਧਰੋਂ ਵੀ ਲੰਘਿਆ ਇਕੱਲਾ ਹੀ ਤੁਰਦਾ ਗਿਆ ਅੱਜ ਉਹ ਕੁਰਸੀ ਉੱਪਰ ਬਿਰਾਜਮਾਨ ਸੀ ਤੇ ਮੈਂ ਕਾਲ-ਕੋਠੜੀ ਵਿਚ……

5. ਜ਼ਿੰਦਗੀ

ਲਹਿਰਾਂ ਸੰਗ ਗੋਤੇ ਖਾਣ ਦਾ ਨਾ ਜ਼ਿੰਦਗੀ ਹੈ ਫੁੱਲਾਂ ਵਾਂਗ ਕੰਡਿਆਂ ਵਿਚ ਮੁਸਕਾਣ ਦਾ ਨਾ ਜ਼ਿੰਦਗੀ ਹੈ ਡਿੱਗਣ ਦੇ ਡਰੋਂ ਪੌੜੀ ਨਾ ਚੜ੍ਹਨਾ ਜ਼ਿੰਦਗੀ ਨਹੀਂ ਹੁੰਦਾ ਡੁੱਬਣ ਦੇ ਡਰੋਂ ਕਿਨਾਰੇ ਤੇ ਖੜ੍ਹਨਾ ਜ਼ਿੰਦਗੀ ਨਹੀਂ ਹੁੰਦਾ ਨਾ ਹੀ ਜ਼ਿੰਦਗੀ ਹੁੰਦਾ ਹੈ ਪਾਣੀ ਵਾਂਗ ਸਮਤਲ ਵਹਿਣਾ 'ਤੇ ਨਾ ਹੀ ਜ਼ਿੰਦਗੀ ਹੁੰਦਾ ਹੈ ਸਿਰਫ਼ ਆਪਣੇ ਲਈ ਜੀਂਦੇ ਰਹਿਣਾ

6. ਐ ਕਵੀ

ਉਸ ਦਾਦੀ ਦਾ ਸਬਰ ਧੰਨ ਹੈ ਜੋ ਠੰਡੇ ਬੁਰਜ਼ ਵਿਚ ਕੈਦ ਆਪ ਭੁੱਖ਼ੀ ਤੇ ਭੁੱਖ਼ੇ ਬੱਚਿਆਂ ਨੂੰ ਸ਼ਹੀਦੀ ਤੇ ਈਨ ਮੰਨਣ ਦਾ ਫ਼ਰਕ ਦੱਸਦੀ ਰਹੀ। ਉਸ ਪਿਤਾ ਦਾ ਸਬਰ ਧੰਨ ਹੈ ਜੋ ਚਾਰ ਪੁੱਤ ਵਾਰ ਕੇ 'ਯਾਰੜ੍ਹੇ ਦਾ ਸਾਨੂੰ ਸੱਥਰ ਚੰਗਾ' ਗੁਣਗਣਾਉਂਦਾ ਹੈ। …………… ਦੁਨੀਆਂ ਦੀ ਸਭ ਤੋਂ ਲੰਬੀ ਭੁੱਖ ਹੜਤਾਲ ਕਰਨ ਵਾਲਾ ਭਗਤ ਸਿੰਘ 116ਵੇਂ ਦਿਨ ਵੀ ਸਬਰ ਵਿਚ ਰਿਹਾ। ਪਰ ਜੇਕਰ ਕਿਸੇ ਸਮੇਂ ਕਵਿਤਾ ਕਹਿਣ ਦਾ ਸਮਾਂ ਨਾ ਮਿਲਣ ਤੇ ਤੇਰਾ ਸਬਰ ਟੁੱਟ ਜਾਂਦਾ ਹੈ ਤਾਂ ਐ ਕਵੀ ਤੈਨੂੰ ਕੋਈ ਹੱਕ ਨਹੀਂ ਇਹਨਾਂ ਬਾਰੇ ਕਵਿਤਾ ਲਿਖਣ ਦਾ। ਕਵਿਤਾ ਬੋਲਣ ਦਾ।

7. ਅਸੀਂ ਜਾਗਾਂਗੇ

(ਦੁਨੀਆਂ ਭਰ ਦੇ ਬੰਧੂਆਂ ਮਜ਼ਦੂਰਾਂ ਦੇ ਨਾਮ) ਹਾਂ ਇਕ ਦਿਨ ਆਵੇਗਾ ਅਸੀਂ ਜਾਗਾਂਗੇ ਸਾਰੇ ਦੇ ਸਾਰੇ ਦੁਨੀਆਂ ਦੇ ਇਕ ਕੋਨੇ ਤੋਂ ਦੂਸਰੇ ਕੋਨੇ ਤੱਕ ਫਿਰ ਸੂਰਜ ਵੀ ਸਾਡਾ ਕਹਿਣਾ ਮੰਨੇਗਾ 'ਤੇ ਸਾਡੀਆਂ ਯੁੱਗਾਂ ਤੋ ਸਲ੍ਹਾਬੀਆਂ ਝੁੱਗੀਆਂ ਉੱਤੇ ਨਿੱਘੀ ਧੁੱਪ ਸਿੱਟੇਗਾ ਤੁਸੀਂ ਘਬਰਾਕੇ ਸਾਨੂੰ ਜੇਲ੍ਹਾਂ ਵਿਚ ਡੱਕੋਗੇ ਅਸੀਂ ਸਲਾਖਾਂ ਨੂੰ ਅਗਰਬੱਤੀ ਦੇ ਤੀਲਿਆਂ ਵਾਂਗ ਮਰੋੜ ਦੇਵਾਂਗੇ

8. ਭਗਤ ਸਿੰਘ ਨੂੰ

ਜਦੋਂ ਵੀ 23 ਮਾਰਚ ਦਾ ਦਿਨ ਆਉਂਦਾ ਹੈ ਤਾਂ ਇਕ ਦਮ ਯਾਦ ਆ ਜਾਂਦੀ ਹੈ ਤੇਰੀ ਜਵਾਨੀ ਜੋ ਹੱਸਕੇ ਮੌਤ ਨੂੰ ਗਲੇ ਲਗਾ ਗਈ ਆਪਣਾ ਦੇਸ ਅਜ਼ਾਦ ਕਰਵਾਉਣ ਲਈ ਦੇਸ ਅਜ਼ਾਦ ਤਾਂ ਹੋਇਆ ਪਰ ਉਹ ਸੁਪਨੇ ਅਜੇ ਵੀ ਅਧੂਰੇ ਹਨ ਜੋ ਤੂੰ ਦੇਖੇ ਸਨ, ਭਾਰਤ ਦੇਸ ਲਈ, ਗਰੀਬੀ ਨਾਲ ਘੁਲਦੀ ਜਨਤਾ ਲਈ ਨਿਆ ਪ੍ਰਣਾਲੀ ਲਈ ਤੇ ਸੁਚੱਜੇ ਅਤੇ ਇਮਾਨਦਾਰ ਰਾਜ-ਭਾਗ ਲਈ ਤੇਰੀ ਸੋਚ ਵੱਲ ਦੇਖੀਏ ਤਾਂ ਦੇਸ ਅਜੇ ਵੀ ਗੁਲਾਮ ਹੈ ਕਿਉਂਕਿ ਹੱਥੀ ਕੰਮ ਕਰਨ ਵਾਲੇ ਅੱਜ ਵੀ ਭੁੱਖੇ ਸਾਉਂਦੇ ਨੇ ‘ਤੇ ਉਹਨਾਂ ਦੀ ਕਮਾਈ ਦਫਤਰਾਂ ਵਿਚ ਕੰਮ ਲਟਕਾਉਣ ਵਾਲੇ ਤੇ ਸਾਰਾਂ ਦਿਨ ਉਬਾਸੀਆਂ ਮਾਰਨ ਵਾਲੇ ਅਫਸਰਾਂ ਦੇ ਬੈਕ ਖਾਤੇ ਸਮੇਟ ਲੈਂਦੇ ਹਨ ਦੇਸ ਦੀ ਤਰੱਕੀ ਏਨੀ ਹੋ ਗਈ ਹੈ ਕਿ ਸਾਡੀਆਂ ਸਰਕਾਰਾਂ ਅੱਜ ਵੀ ਅੰਗਰੇਜਾਂ ਦੇ ਬਣਾਏ ਪੁਲਾਂ ਤੇ ਹੀ ਸਪੀਡ ਬਰੇਕਰ ਲਾ ਰਹੀਆਂ ਨੇ ਦੇਸ ਦਾ ਸੋਨਾ ਜੋ ਕਿ ਕਿਸੇ ਦੇਸ ਦੀ ਮੁਦਰਾ ਦਾ ਅਹਿਮ ਅੰਗ ਹੈ ਦੇਸ ਦੇ ਗੁਰਦਵਾਰਿਆਂ ਤੇ ਮੰਦਰਾਂ ਦੇ ਗੁੰਬਦਾਂ ਤੇ ਲੇਪਿਆ ਸਾਰਾ ਦਿਨ ਧੁੱਪ ਸੇਕਦਾ ਰਹਿੰਦਾ ਹੈ ‘ਤੇ ਤੇਰੀ ਸੋਚ ਦੀ ਰਤਾ ਵੀ ਪਰਵਾਹ ਨਹੀਂ ਕਰਦਾ ਤੇ ਇਸਦੇ ਅਸਲੀ ਹੱਕਦਾਰ ਅੱਜ ਵੀ ਹੱਥਾਂ ਵਿਚ ਪਿੱਤਲ ਦੇ ਕੜ੍ਹੇ ਪਾਕੇ ਘੋੜੀ ਚੜ੍ਹਦੇ ਹਨ ਉਹ ਜਵਾਨੀ ਜਿਸਨੂੰ ਕਦੇ ਤੂੰ ਦੇਸ਼ ਦੀ ਤਾਕਤ ਆਖਦਾ ਸੀ ਸਮੇਂ ਦੀ ਸਰਕਾਰ ਸਿਰਫ ਵੋਟਾਂ ਲੈਣ ਲਈ ਨਸ਼ੇ ਵੱਲ ਧੱਕ ਰਹੀ ਹੈ ਦੇਸ਼ ਗਰੀਬੀ ਵੱਲ ਵੱਧ ਰਿਹਾ ਹੈ ਤੇ ਇਹ ਤੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਧਰਮ ਹਮੇਸ਼ਾਂ ਗਰੀਬੀ ਵਿਚ ਹੀ ਪਲਦੇ ਹਨ ਇਸੇ ਕਰਕੇ ਸਵੇਰ ਵੇਲੇ ਸੈਕੜੇ ਟੀ.ਵੀ. ਚੈਨਲ ਮਿਹਨਤ ਦੀ ਥਾਂ ਮੁਕਤੀ ਦਾ ਰਾਹ ਦੱਸਦੇ ਹਨ ਨੇਤਾ ਲਾਲਚੀ ਬਿਰਤੀ ਵਿਚ ਗ੍ਰਸਤ ਹਨ ਤੇ ਸਿਰਾਂ ਤੇ ਪੈਸੇ ਦੀਆਂ ਪੰਡਾਂ ਚੁੱਕੀ ਬੈਕਾਂ ਵੱਲ ਭੱਜ ਰਹੇ ਹਨ ਜਨਤਾਂ ਨੂੰ ਅਰਦਾਸਾਂ ਕਰਨ ਤੇ ਰੱਬ ਅੱਗੇ ਹੱਡ-ਗੋਡੇ ਰਗੜਨ ਤੋਂ ਵਿਹਲ ਨਹੀਂ ਹੜਤਾਲਾਂ, ਘੁਟਾਲਿਆਂ, ਚੁੰਗੀਆਂ ਤੇ ਸਪੀਡ ਬਰੇਕਰਾਂ ਨੇ ਦੇਸ ਦੀ ਰਫਤਾਰ ਬਿਲਕੁਲ ਰੋਕ ਦਿੱਤੀ ਹੈ ‘ਤੇ ਇਸੇ ਕਰਕੇ ਤੇਰੀ ਲੋੜ ਅੱਜ ਵੀ ਹੈ ਦੇਸ ਦੀ ਵਾਗਡੋਰ ਸੰਭਾਲਣ ਲਈ ਕਿਉਕਿ ਦੇਸ਼ ਦੇ ਰਖਵਾਲੇ ਹੁਣ ਆਪਣੇ ਘਰਾਂ ਦੀ ਵਾਗਡੋਰ ਸਭਾਲਣਾਂ ਹੀ ਆਪਣਾ ਫਰਜ਼ ਸਮਝਦੇ ਹਨ

9. ਲੋੜ

ਹੁਣ ਮੈਨੂੰ ਲੋੜ ਨਹੀਂ ਕੁੱਲੀ, ਗੁੱਲੀ ਤੇ ਜੁੱਲੀ ਦੀ ਕਿਉਂਕਿ ਮੈਂ ਸਿੱਖ ਚੁੱਕਾ ਹਾਂ ਅਸਮਾਨ ਦੀ ਛੱਤ ਥੱਲੇ ਭੁੱਖੇ ਪੇਟ ਤੇ ਨੰਗੇ ਧੜ ਰਹਿਣਾ ਹੁਣ ਤਾਂ ਮੈਂਨੂੰ ਲੋੜ ਹੈ ਇੱਕ ਤਿੰਨ ਮੂੰਹੇ ਖੰਜਰ ਦੀ ਜੋ ਤੁਹਾਡੀ ਛੱਤ, ਸੱਤਾ ਤੇ ਥਾਲੀ ਇੱਕੋ ਸਮੇਂ ਪਾੜ ਸਕੇ ਤੇ ਅਜ਼ਾਦੀ ਨੂੰ ਮੈਂ ਖੁਦ ਸਭ ਦੇ ਘਰ ਦਾ ਬੂਹਾ ਦਿਖਾਵਾ

10. ਇਨਸਾਨ

ਨਿੱਜੀ ਤੌਰ 'ਤੇ ਚਾਹੇ ਸਿੱਖ ਹਿੰਦੂ ਜਾਂ ਮੁਸਲਮਾਨ ਰਹੀਏ ਪਰ ਹਮੇਸ਼ਾ ਇਨਸਾਨ ਰਹੀਏ ਖ਼ੂਨ ਦਾ ਰੰਗ ਤਾਂ ਇੱਕੋ ਹੈ ਕਿਉਂ ਨਾਂ ਇੱਕ ਜਾਨ ਰਹੀਏ

11. ਜਾਗਣ ਦੀ ਲੋੜ

ਤੇਰੀ ਪੈਦਾ ਕੀਤੀ ਹੋਈ ਕਣਕ ਦਾ ਆਟਾ ਅਸਮਾਨ ਛੂਹ ਰਿਹਾ ਹੈ ਆਪਣੇ ਮੁੱਲ ਨਾਲ ਪਰ ਤੇਰੀ ਮੰਡੀ ਵਿਚ ਪਈ ਕਣਕ ਆੜ੍ਹਤੀਏ ਦਾ ਪਿਛਲਾ ਹਿਸਾਬ ਵੀ ਬਰਾਬਰ ਨਹੀਂ ਕਰਦੀ ਤੇਰੀਆਂ ਪੈਦਾ ਕੀਤੀਆਂ ਦਾਲਾਂ ਤੇ ਸਬਜ਼ੀਆਂ ਬੇਸ਼ਮਾਰ ਪਈਆਂ ਨੇ ਸਬਜ਼ੀ ਮੰਡੀਆਂ ਵਿਚ ਪਰ ਤੂੰ ਨੀਵੀਂ ਪਾਕੇ ਲੰਘਦਾ ਏ ਇਹਨਾਂ ਬਜ਼ਾਰਾਂ ਵਿਚੋਂ ਖ਼ਾਲੀ ਖੀਸੇ ਵਿਚ ਹੱਥ ਪਾਈ ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾ ਅੱਜ ਵੀ ਨੇ, ਪਰ ਰੀਸੋ-ਰੀਸੀ ਤੇਰੀਆਂ ਬਰਾਤਾਂ ਵੀ 'ਮੈਰਿਜ਼ ਪੈਲਿਸਾਂ' ਵੱਲ ਹੀ ਜਾਂਦੀਆਂ ਨੇ 'ਤੇ ਫੋਕੀ ਸ਼ੋਹਰਤ ਦੇ ਖਰਚੇ ਥੱਲੇ ਦੱਬਿਆਂ ਤੂੰ ਕਈ ਵਾਰ ਸਾਰੀ ਜ਼ਿੰਦਗੀ ਨਹੀਂ ਨਿਕਲਦਾ ਲੋੜ ਹੈ ਤੇਰੇ ਜਾਗਣ ਦੀ ਕਿਉਂਕਿ ਇਹ ਵੇਲਾ ਨਹੀਂ 'ਜੱਟਾਂ ਨੇ ਪੀਣੀ ਦਾਰੂ' ਜਿਹੇ ਫੂਕ ਛਕਾਉਣੇ ਗਾਣਿਆਂ ਤੇ ਲਲਕਾਰੇ ਮਾਰਨ, ਬੱਕਰੇ ਬਲਾਉਣ ਤੇ ਸੌਂ ਜਾਣ ਦਾ…

12. ਆਤਮਘਾਤੀ

ਆਤਮਘਾਤੀ ਬੰਬ ਚੱਲ ਗਿਆ ਕਿਸੇ ਦੇ ਮਾਪੇ ਕਿਸੇ ਦੀ ਡਗੋਰੀ ਕਿਸੇ ਦੀ ਭੈਣ ਕਿਸੇ ਦੀ ਰੱਖੜੀ 'ਤੇ ਕਿਸੇ ਦਾ ਸਭ ਕੁਝ ਲੁੱਟ ਗਿਆ ਇਹ ਹਤਿਆਰੇ ਤਾਂ ਏਦਾਂ ਹੀ ਕਰਦੇ ਨੇ ਪਰ ਮਰਿਆ ਦੇ ਸੰਗ ਤਾਂ ਕਾਇਰ ਮਰਦੇ ਨੇ ਚੱਲੋ ਉੱਠੋ ਹੋਰਾਂ ਦਾ ਭਲਾ ਲੋਚੀਏ 'ਤੇ ਕੱਲ੍ਹ ਬਾਰੇ ਇਕੱਠੇ ਹੋਕੇ ਕੁਝ ਚੰਗਾ ਸੋਚੀਏ ਕਿਉਂਕਿ ਸੂਰਜ ਫਿਰ ਨਿਕਲਣ ਵਾਲਾ ਹੈ ਪੂਰੇ ਜੋਬਨ ਦੇ ਨਾਲ…

13. ਪੰਜਾਬਣ

ਤੂੰ ਉਹ ਨਹੀਂ ਜਿਸਦੇ ਬਾਰੇ ਇੱਕ ਗੀਤ ਕਹਿੰਦਾ ਹੈ 'ਲੱਕ ਹਿੱਲੇ ਮਜਾਜਣ ਜਾਂਦੀ ਦਾ' ਕਿਉਂਕਿ ਦੋ-ਦੋ ਸ਼ਿਫ਼ਟਾਂ ਦਾ ਝੰਬਿਆ ਤੇਰਾ ਲੱਕ ਹਿੱਲ ਨਹੀਂ ਸਕਦਾ ਤੇ ਫੈਮਲੀ ਡਾਕਟਰ ਦੀ ਵੀ ਤੈਨੂੰ ਸਖ਼ਤ ਹਦਾਇਤ ਹੈ ਕਿ ਇਸਨੂੰ ਹਿਲਾਉਣਾ ਨਹੀਂ ਬਲਕਿ ਟਿਕਾਉਣਾ ਹੈ ਤੂੰ ਉਹ ਨਹੀਂ ਜਿਸਦੇ ਬਾਰੇ ਇਕ ਗੀਤ ਕਹਿੰਦਾ ਹੈ 'ਤੇਰੇ ਟੂਣੇਹਾਰੇ ਨੈਣ ਕੁੜੇ' ਕਿਉਂਕਿ ਉਨੀਂਦਰੇ ਦੇ ਭੰਨੇ ਹੋਏ ਤੇਰੇ ਨੈਣ ਮਟਕ ਨਹੀਂ ਸਕਦੇ ਤੇ ਸੁੱਜੀਆਂ ਹੋਈਆਂ ਪਲਕਾਂ ਦੀ ਵੀ ਤੈਨੂੰ ਸਖ਼ਤ ਹਦਾਇਤ ਹੈ ਕਿ ਇਹਨਾਂ ਨੂੰ ਮਟਕਾਉਣਾ ਨਹੀਂ ਬਲਕਿ ਸਵਾਉਣਾ ਹੈ ਤੂੰ ਉਹ ਨਹੀਂ ਜਿਸਦੇ ਬਾਰੇ ਇਕ ਗੀਤ ਕਹਿੰਦਾ ਹੈ 'ਤੇਰੀ ਗੁੱਤ ਗਿੱਟਿਆ ਵਿਚ ਵੱਜਦੀ' ਕਿਉਂਕਿ ਮੌਰਗੇਜ਼ਾਂ ਵਿਚ ਉਲਝੇ ਤੇਰੇ ਵਾਲ ਲੰਬੀ ਗੁੱਤ ਵਿਚ ਨਹੀਂ ਬਦਲ ਸਕਦੇ 'ਤੇ ਪੱਛਮੀ ਸੱਭਿਅਤਾ ਦੀ ਵੀ ਤੈਨੂੰ ਗੁੱਝੀ ਹਦਾਇਤ ਹੈ ਕਿ ਇਹਨਾਂ ਨੂੰ ਵਧਾਉਣਾਂ ਨਹੀਂ ਬਲਕਿ ਕਟਾਉਣਾ ਹੈ ਸ਼ਾਇਦ ਇਹ ਫ਼ਰਕ ਇਸੇ ਕਰਕੇ ਹੈ ਕਿਉਂਕਿ ਤੂੰ ਪੰਜਾਬ ਦੇ ਕਿਸੇ ਖੁੱਲ੍ਹੇ ਪਿੰਡ ਦੀ ਨਹੀਂ ਬਲਕਿ ਕੈਨੇਡਾ ਦੀ ਵਸਨੀਕ ਹੈ ਜਿੱਥੇ ਮਨੁੱਖ ਤੇ ਮਸ਼ੀਨ ਇੱਕ ਹੀ ਸ਼ੈਅ ਦਾ ਨਾਮ ਹੈ…

14. ਅੱਗੇ-ਪਿੱਛੇ

ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ ਅਸੀਂ ਪਿੱਛੇ ਹਾਂ, ਅਸੀਂ ਪਿੱਛੇ ਹਾਂ ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ ਅਸੀਂ ਆਪ ਬੁਰਾਈਆਂ ਕਰਦੇ ਹਾਂ ਪਰ ਦੋਸ਼ ਹੋਰਾਂ ਸਿਰ ਧਰਦੇ ਹਾਂ ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ ਪਰ ਪਸ਼ੂਆਂ ਨਾਲੋਂ ਗੰਦੇ ਹਾਂ ਘਰ ਇਕ ਦੂਜੇ ਦਾ ਸਮਝ-ਸਮਝ ਕੇ ਢਾਹੁੰਣ ਮੰਦਿਰ-ਮਸਜਿਦਾ ਲੱਗੇ ਹਾਂ ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ ਸਾਡੀ ਬੁੱਧੀ ਘਾਇਲ ਹੈ ਧਰਮਾਂ ਦੀ ਸਾਡੀ ਹਾਰ ਕਾਇਲ ਹੈ ਕਰਮਾਂ ਦੀ ਜਦ ਹਾਰ ਜਾਈਏ ਕਿਸੇ ਰੁਸਤਮ ਨੂੰ ਦੋਸ਼ ਦਿੰਦੇ ਹਾਂ ਕਿਸਮਤ ਨੂੰ ਅਸੀਂ ਅੱਗੇ ਲਾਇਆ ਜਿਹਨਾਂ ਨੂੰ ਬੱਸ ਉਹਨਾਂ ਕੋਲੋ ਠੱਗੇ ਹਾਂ ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ ਸਾਨੂੰ ਨੇਤਾ ਪਾੜਕੇ ਬਹਿ ਜਾਂਦੇ ਨੇ 'ਤੇ ਆਪ ਕੁਰਸੀਆਂ ਲੈ ਜਾਂਦੇ ਨੇ ਉਹ ਇਕ ਦੂਜੇ ਤੇ ਵਰ੍ਹਦੇ ਨੇ ਬੱਸ ਕੁਰਸੀ ਖ਼ਾਤਿਰ ਲੜਦੇ ਨੇ ਅਸੀਂ ਭਾਸ਼ਣ ਸੁਣ ਝੋਲੀ ਚੁੱਕਾ ਦੇ ਬੱਸ ਰਲ ਜਾਂਦੇ ਫਿਰ ਸੱਗੇ ਹਾਂ ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ ਕੋਈ ਧਰਮ ਪਾੜਨਾ ਚਾਹੁੰਦਾ ਨਹੀਂ ਜੋ ਪਾੜੇ ਧਰਮ ਕਹਾਉਂਦਾ ਨਹੀਂ ਅਸੀਂ ਤੰਗ ਦਿਲਾਂ ਦੇ ਹੋ ਗਏ ਹਾਂ ਬੱਸ ਵਿਚ ਪਖੰਡਾਂ ਖੋਹ ਗਏ ਹਾਂ ਅਸੀਂ ਅੰਦਰੋਂ ਕਿਸੇ ਨੂੰ ਤੱਕਦੇ ਨਹੀਂ ਬੱਸ ਵਿਹਦੇ ਚੋਲੇ-ਝੱਗੇ ਹਾਂ ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ ਆਓ ਛੱਡੀਏ ਸਭ ਪਖੰਡਾਂ ਨੂੰ ਆਪਾਂ ਦੂਰ ਭਜਾਈਏ ਵੰਡਾਂ ਨੂੰ ਨਾ ਹੱਦਾਂ, ਨਾ ਰੱਖੀਏ ਅਸਲੇ ਬੰਬਾਂ ਕਦੇ ਨਾ ਨਿੱਠੇ ਮਸਲੇ ਸਾਨੂੰ ਵਹਿਸ਼ੀ ਅੱਗੇ ਲਾਈ ਫਿਰਦੇ ਕਿਉਂ ਬਣੇ ਉਹਨਾਂ ਦੇ ਢੱਗੇ ਹਾਂ ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ ਅਸੀਂ ਪਿੱਛੇ ਹਾਂ, ਅਸੀਂ ਪਿੱਛੇ ਹਾਂ ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਲਜਿੰਦਰ ਸੰਘਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ