Punjabi Poetry : Azeem Shekhar

ਪੰਜਾਬੀ ਕਵਿਤਾਵਾਂ : ਅਜ਼ੀਮ ਸ਼ੇਖ਼ਰ



1. (ਗ਼ਜ਼ਲ)-ਰਿਸ਼ਤਿਆਂ ਦੇ ਜ਼ਿਕਰ ਵਿੱਚੋਂ

ਰਿਸ਼ਤਿਆਂ ਦੇ ਜ਼ਿਕਰ ਵਿੱਚੋਂ ਤਾਜ਼ਗੀ ਕਿੱਧਰ ਗਈ । ਜ਼ਿੰਦਗੀ ‘ਚੋਂ ਪਿੰਡ ਵਰਗੀ ਸਾਦਗੀ ਕਿੱਧਰ ਗਈ । ਭੀੜ ਹੈ ਸੜਕਾਂ ‘ਤੇ ਪਰ ਮਾਤਮ ਦਿਲਾਂ ਅੰਦਰ ਬੜਾ, ਹਰ ਕੋਈ ਲੱਭਦਾ ਫਿਰੇ ਹੁਣ ਜ਼ਿੰਦਗੀ ਕਿੱਧਰ ਗਈ । ਸਾਰਿਆਂ ਜ਼ਖ਼ਮਾਂ ਦੇ ਉੱਪਰ ਠੋਕਰਾਂ ਦੇ ਸੀ ਪਤੇ, ਪਰ ਪਤਾ ਕਿਧਰੋਂ ਨਾਂ ਮਿਲਿਆ ਕਿ ਖੁਸ਼ੀ ਕਿੱਧਰ ਗਈ । ਜ਼ਿੰਦਗੀ ਦਾ ਗੀਤ ਜਿਸ ਪਲ ਗਾਉਣ ਦੀ ਫੁਰਸਤ ਮਿਲੇ, ਫੇਰ ਮੈਂ ਲੱਭਦਾ ਹਾਂ ਮੇਰੀ ਬਾਂਸੁਰੀ ਕਿੱਧਰ ਗਈ । ਪਾਣੀ ‘ਤੇ ਹਾਲੇ ਬਣਾਉਣੇ ਸੀ ਹਵਾ ਨੇ ਹਾਸ਼ੀਏ, ਹਾਏ ! ਪਰ ਉਹ ਨੇੜਿਉਂ ਵਗਦੀ ਨਦੀ ਕਿੱਧਰ ਗਈ । ਉਮਰ ਦੇ ਸਾਰੇ ਚੌਰਾਹੇ ਬਣ ਗਏ ਖੰਡਰ ‘ਅਜ਼ੀਮ’, ਰਾਤ ਵੀ ਪੁੱਛਦੀ ਨਹੀਂ ਹੁਣ ਰੌਸ਼ਨੀ ਕਿੱਧਰ ਗਈ ।

2. (ਗ਼ਜ਼ਲ)-ਸੁਰਾਂ ਜਿੰਨਾਂ ਦੀਆਂ ਕਰਕੇ ਸੀ

ਸੁਰਾਂ ਜਿੰਨਾਂ ਦੀਆਂ ਕਰਕੇ ਸੀ ਵੱਸਣਾ ਸ਼ਹਿਰ ਖ਼ਾਬਾਂ ਦਾ । ਬੜਾ ਹੀ ਦਰਦ ਦਿੰਦਾ ਹੈ ਜ਼ਿਕਰ ਉਹਨਾਂ ਰਬਾਬਾਂ ਦਾ । ਦਫ਼ਨ ਇੱਕ ਵਿੱਚ ਹੈ ਮਿੱਟੀ ਤੇ ਇੱਕ ਵਿੱਚ ਖ਼ਾਬ ਮਿੱਟੀ ਦੇ , ਤਦੇ ਰੁਤਬਾ ਉਚੇਰਾ ਹੈ ਏਹ ਕਬਰਾਂ ਤੇ ਕਿਤਾਬਾਂ ਦਾ । ਜੁਦਾ ਹੋਵੇਂ ਤਾਂ ਇੰਜ ਤਰਸੀਂ ਕਿ ਸਭ ਕੁੱਝ ਯਾਦ ਰਹਿ ਜਾਵੇ, ਤੇ ਰਿਸ਼ਤਾ ਵੀ ਰਹੇ ਬਣਿਆ ਹੈ ਜਿਉਂ ਦੋਹਾਂ ਪੰਜਾਬਾਂ ਦਾ । ਉਦੋਂ ਹੱਥੋਂ ਸ਼ਿਕਾਰੀ ਦੇ ਨੇ ਡਿੱਗਦੇ ਪਿੰਜਰੇ ਦਿਸਣੇ, ਜਦੋਂ ਵੀ ਸਾਹਮਣਾ ਹੋਇਆ ਕਿਤੇ ਜ਼ਖ਼ਮੀਂ ਉਕਾਬਾਂ ਦਾ । ਨੇ ਜਿਸਦੇ ਕੱਪੜੇ ਮੈਲੇ ਤੇ ਜੰਮੀ ਧੂੜ ਵੀ ਉਸਦੇ , ਹੈ ਪੈਰੀਂ ਡਿੱਗਣਾ ਸ਼ਮਲਾ ਕਦੇ ਵੇਹਲੜ ਨਵਾਬਾਂ ਦਾ । ਮਿਟੇ ਨਾਂ ਪਿਆਸ ਵੀ ਇਸ ਤੋਂ ਨਾਂ ਲੋਕਾਂ ਦੀ ਨਾਂ ਖੇਤਾਂ ਦੀ, ਰਿਹੈ ਬੱਸ ਖ਼ੂਨ ਹੀ ਧੋਂਦਾ ਏਹ ਪਾਣੀ ਪੰਜ-ਆਬਾਂ ਦਾ ।

3. (ਗ਼ਜ਼ਲ)-ਕੋਈ ਮਨ ਦੇ ਬੰਦ ਬੂਹੇ

ਕੋਈ ਮਨ ਦੇ ਬੰਦ ਬੂਹੇ ਖੋਲ੍ਹ ਕੇ ਆਉਂਦਾ ਹੈ ਰੋਜ਼ । ਚੁੱਪ ਦੀ ਕੋਰੀ ਕਬਰ ਨੂੰ ਆ ਕੇ ਰੁਸ਼ਨਾਉਂਦਾ ਹੈ ਰੋਜ਼ । ਵਾਅਦੇ ਕਰਕੇ ਪਰਤੀਆਂ ਨਾ ਸੀ ਹਵਾਵਾਂ ਇਸ ਲਈ ਬਿਰਖ ਅਪਣੇ ਪੱਤਿਆਂ ‘ਤੇ ਨਾਮ ਲਿਖਵਾਉਂਦਾ ਹੈ ਰੋਜ਼ । ਚੁੱਪ ਹਾਂ ਜਾਂ ਲਿਖ ਰਿਹਾਂ ਕੁੱਝ ਉਸਨੂੰ ਹੈ ਇਹ ਵੀ ਗਿਲਾ ਕਿ ਕਿਉਂ ਕੋਈ ਯਾਦ ਕਰਕੇ ਉਸਨੂੰ ਤੜਪਾਉਂਦਾ ਹੈ ਰੋਜ਼ । ਪਾਰਦਰਸ਼ੀ ਹੋ ਗਈ ਹੈ ਜ਼ਿੰਦਗੀ ਦੀ ਹਰ ਦੀਵਾਰ , ਦਿਸੇ ਬੰਦਾ ਪਰ ਸੁਣੇ ਨਾ ਗੀਤ ਜੋ ਗਾਉਂਦਾ ਹੈ ਰੋਜ਼ । ਮੈਂ ਕਿਹਾ ਮੇਰੇ ਖ਼ੁਦਾ ਇੱਕ ਵਾਰ ਤਾਂ ਉਸਨੂੰ ਮਿਲਾ , ਕਹਿਣ ਲੱਗਾ ਕੌਣ ਪਾਗ਼ਲ ਏਦਾਂ ਮਿਲਵਾਉਂਦਾ ਹੈ ਰੋਜ਼ । ਹੁਣ ਪੁਲ਼ਾਂ ਬਿਨ ਮਾਣਦਾ ਲਹਿਰਾਂ ਕਿਨਾਰੇ ‘ਤੇ ’ਅਜ਼ੀਮ’, ਗ਼ੈਰਹਾਜ਼ਿਰ ਬੇੜੀਆਂ ਦੀ ਹਾਜ਼ਰੀ ਲਾਉਂਦਾ ਹੈ ਰੋਜ਼ ।

4. (ਗ਼ਜ਼ਲ)-ਹੋਇਆ ਆਖਿਰ ਓਹੀ ਜਿਸਨੂੰ

ਹੋਇਆ ਆਖਿਰ ਓਹੀ ਜਿਸਨੂੰ ਮੈਂ ਮੁੱਦਤ ਤੋਂ ਟਾਲ਼ ਰਿਹਾ ਸਾਂ । ਪਰਤੇ ਅਪਣੇ ਦਸਤਕ ਦੇ ਕੇ ਜਦ ਮੈਂ ਖ਼ੁਦ ਨੂੰ ਭਾਲ਼ ਰਿਹਾ ਸਾਂ । ਤੁਰਨੋਂ ਪਹਿਲਾਂ ਹੀ ਸਭ ਰਸਤੇ ਸਾਗਰ ਵੱਲ ਨੂੰ ਦੌੜ ਗਏ ਸਨ ਮਨ ਅੰਦਰ ਹੀ ਪੈਰਾਂ ਥੱਲੇ ਮੈਂ ਹਾਲੇ ਅੱਗ ਬਾਲ਼ ਰਿਹਾ ਸਾਂ । ਜੋ ਹੌਲ਼ਾ ਸੀ ਲਾਹ ਕੇ ਸੁੱਟਿਆ ਰੱਖ ਲਈ ਰੇਤ ਨਿਤਾਰਨ ਲਈ, ਜ਼ਿੰਦਗੀ ਦੇ ਦਰਪਣ ਦਾ ਪਾਣੀ ਖਿਝ ਕੇ ਜਦੋਂ ਹੰਘਾਲ਼ ਰਿਹਾ ਸਾਂ । ਬੀਤੇ ਪਲ ਦਾ ਹਰ ਹੌਂਕਾ ਹੀ ਅਣਸੁਣਿਆ ਕਰ ਬੈਠਾ ਮੈਂ , ਇੱਕ ਸਾਂਚੇ ‘ਚੋਂ ਚੁੱਕ ਕੇ ਖ਼ੁਦ ਨੂੰ ਜਦ ਦੂਜੇ ਵਿੱਚ ਢਾਲ਼ ਰਿਹਾ ਸਾਂ । ਮੈਂ ਹਾਜ਼ਰ ਸਾਂ ਜ਼ਿੰਦਗੀ ਕੋਲ਼ੇ ਫਿਰ ਵੀ ਸਭ ਕੁੱਝ ਲੱਗਿਆ ਜਿਓਂ ਸਫ਼ਰ ਤਸੱਵਰ ਕਰਕੇ ਹੀ ਮੈਂ ਅਪਣਾ ਆਪ ਉਧਾਲ਼ ਰਿਹਾ ਸਾਂ ।

5. (ਗ਼ਜ਼ਲ)-ਤੂੰ ਕਰ ਤਕਸੀਮ ਦੇ ਜ਼ਰਬ੍ਹਾਂ

ਤੂੰ ਕਰ ਤਕਸੀਮ ਦੇ ਜ਼ਰਬ੍ਹਾਂ ਤੇ ਲੈ ਭਾਵੇਂ ਘਟਾ ਮੈਨੂੰ । ਪਰ ਅਪਣੀ ਹੋਂਦ ਦਾ ਇੱਕ ਵਾਰ ਲੈ ਹਿੱਸਾ ਬਣਾ ਮੈਨੂੰ । ਪਿਆ ਹਾਂ ਬਿਰਖ ਦੀ ਜੂਨੀ ਤੇ ਖ਼ੁਦ ਨੂੰ ਛਾਂ ਨਹੀਂ ਕਰਦਾ, ਕਰਾਵੇ ਯਾਦ ਇਹ ਛੋਹ ਕੇ ਕਿਉਂ ਤਪਦੀ ਹਵਾ ਮੈਨੂੰ । ਜਿਵੇਂ ਨਿੱਤ ਘੁੰਮਦੀ ਧਰਤੀ 'ਤੇ ਮੈਂ ਬੇ-ਫਿਕਰ ਹੋ ਤੁਰਦਾਂ, ਜ਼ਰਾ ਹੁਣ ਜ਼ਿੰਦਗੀ ਅਹਿਸਾਸ ਵੀ ਏਦਾਂ ਕਰਾ ਮੈਨੂੰ । ਲਿਖੀ ਜਾਵੇ ਮੁਹੱਬਤ ਦੀ ਇਬਾਰਤ ਜੇ ਕਦੀ ਤੈਥੋਂ, ਮਿਲਾ ਕੇ ਨਜ਼ਰ ਬਿਨ ਬੋਲੇ ਹੀ ਤੂੰ ਦੇਵੀਂ ਸੁਣਾ ਮੈਨੂੰ । ਤੇਰੀ ਜ਼ਿੱਦ ਦੀ ਜਦੋਂ ਵੀ ਬਰਫ਼ ਪਿਘਲੀ ਤਾਂ ਕਦੀ ਵੇਖੀਂ, ਕਿ ਦੇਣੈ ਔੜ ਵਰਗੇ ਨੂੰ ਵੀ ਤੂੰ ਦਰਿਆ ਬਣਾ ਮੈਨੂੰ । ਕਿਵੇਂ ਹੈ ਭੀੜ ਵਿੱਚ ਰਹਿਕੇ ਵੀ ਜੀਣਾ ਹੈ ਜੁਦਾ ਇਸ ਤੋਂ , ਨਗਰ ਦੀ ਬੇ-ਰੁਖੀ ਅੰਦਾਜ਼ ਇਹ ਦੇਵੇ ਸਿਖਾ ਮੈਨੂੰ ।

6. (ਗ਼ਜ਼ਲ)-ਕਦੇ ਜੋ ਚਾਦਰਾਂ ਉੱਪਰ

ਕਦੇ ਜੋ ਚਾਦਰਾਂ ਉੱਪਰ ਜਾਂ ਬਣੀਆਂ ਰੇਤਿਆਂ ਉੱਤੇ । ਉਹੀ ਹੁਣ ਸਿਲਵਟਾਂ ਪਈਆਂ ਨੇ ਸਾਡੇ ਮੱਥਿਆਂ ਉੱਤੇ । ਉਸੇ ਦਿਨ ਤੋਂ ਸ਼ੁਰੂ ਹੋਈ ਹੈ ਬੁਝਣੀ ਅੱਗ ਛਟੀਆਂ ਦੀ, ਜਦੋਂ ਤੋਂ ਛਾਂ ਜਹਾਜਾਂ ਦੀ ਹੈ ਪੈ ਗਈ ਚੁੱਲਿ੍ਆਂ ਉਤੇ । ਨਹੀਂ ਹੈ ਲਾਜ਼ਮੀ ਕਿ ਹੁਣ ਮੈਂ ਤੈਨੂੰ ਆਪਣਾਂ ਆਖਾਂ, ਤੇਰੇ ਤੋਂ ਬਿਰਖ ਨੇ ਚੰਗੇ ਮਿਲਣ ਜੋ ਰਸਤਿਆਂ ਉੱਤੇ । ਜੋ ਤਾਰੇ ਅੰਬਰੋਂ ਟੁੱਟਣ ਉਹੀ ਹੈ ਵੇਖਦੀ ਦੁਨੀਆਂ, ਨਾਂ ਤੱਕੇ ਪਰ ਕਦੇ ਅੰਬਰ ਜੋ ਟੁੱਟਣ ਤਾਰਿਆਂ ਉੱਤੇ । ਮਿਲਾਕੇ ਹੱਥ ਵੀ ਹੁਣ ਤਾਂ ਨੇ ਗਿਣਦੇ ਉਂਗਲਾਂ ਲੋਕੀਂ, ਰਿਹੈ ਇਤਬਾਰ ਹੁਣ ਕਿੱਥੇ ਦਿਲਾਂ ਨੂੰ ਰਿਸ਼ਤਿਆਂ ਉੱਤੇ । ਅਸੀਂ ਥੱਕੇ ਜਦੋਂ ਸੁੱਤੇ ਤਾਂ ਬਣ ਗਏ ਖ਼ਾਬ ਵੀ ਸੂਲੀ, ਤੇ ਕਹਿੰਦਾ ਵਕਤ ਫਿਰ ਸਾਨੂੰ ਕਿ ਨੱਚੋ ਕੰਡਿਆਂ ਉੱਤੇ ।

7. (ਗ਼ਜ਼ਲ)-ਰਹੇ ਖ਼ਾਮੋਸ਼ ਹੀ ਅਕਸਰ ਅਸੀਂ

ਰਹੇ ਖ਼ਾਮੋਸ਼ ਹੀ ਅਕਸਰ ਅਸੀਂ ਜੇ ਅਰਜ਼ੀਆਂ ਬਣਕੇ । ਤਾਂ ਰਹਿਣੈ ਮਸਤਿਆ ਹਾਕਮ ਹਮੇਸ਼ਾ ਕੁਰਸੀਆਂ ਬਣਕੇ । ਉਹਦੀ ਆਦਤ ਜ਼ਮੀਨਾਂ ਦੀ ਹੈ ਲਾਉਂਦੀ ਭਾਅ ਜ਼ਮੀਰਾਂ ਦੇ, ਮੇਰਾ ਪਿੰਡ ਵੀ ਸ਼ਹਿਰ ਵਾਂਗਰ ਹੈ ਜਿਉਂਦਾ ਬਾਣੀਆਂ ਬਣਕੇ । ਨੱਚਾਵਣ ਉਂਗਲਾਂ 'ਤੇ ਜੋ ਦਿਸੇ ਜਦ ਹੱਥ ਉਹ ਸਾਨੂੰ, ਤਾਂ ਦੱਸਾਂਗੇ ਹੈ ਨੱਚੀਦਾ ਕਿਵੇਂ ਕੱਠ-ਪੁਤਲੀਆਂ ਬਣਕੇ । ਗਏ ਸਨ ਰੁੱਖ ਜੋ ਚੀਰੇ ਨਾਂ ਹੋਏ ਫਿਰ ਹਰੇ ਐਪਰ, ਘਰਾਂ ਵਿੱਚ ਵੀ ਬੜਾ ਤੜਪੇ ਉਹ ਬੂਹੇ-ਬਾਰੀਆਂ ਬਣਕੇ । ਹੈ ਜੇਕਰ ਪਰਖਣਾ ਮੈਨੂੰ ਤਾਂ ਐਨਕ ਤੋੜ ਹਉਮੈਂ ਦੀ, ਹਵਾ ਨੂੰ ਕਿਉਂ ਰਹੇਂ ਮਿਣਦਾ ਤੂੰ ਐਵੇਂ ਰੱਸੀਆਂ ਬਣਕੇ । ਇਹ ਸਭ ਹਾਲਾਤ ਕਰਦੇ ਨੇ ਨਹੀਂ ਤਾਂ ਕੌਣ ਹੈ ਚਾਹੁੰਦਾ, ਕਿ ਤਰੀਏ ਖ਼ੂਨ ਦਾ ਸਾਗਰ ਜਾਂ ਡੁੱਬੀਏ ਮੱਛੀਆਂ ਬਣਕੇ । ਕਿਤੇ ਉਹ ਭਿੱਜ ਨਾਂ ਜਾਵੇ ਜਾਂ ਸੜਦੇ ਪੈਰ ਨਾਂ ਹੋਵਣ, ਰਹੇ ਹਰ ਖਿਆਲ ਹੀ ਮੇਰਾ ਕਿਸੇ ਲਈ ਛਤਰੀਆਂ ਬਣਕੇ ।

8. (ਗ਼ਜ਼ਲ)-ਕਿਹਾ ਸੀ ਤਰਸਕੇ ਜਿਸਨੇ

ਕਿਹਾ ਸੀ ਤਰਸਕੇ ਜਿਸਨੇ ਕਿ ਪਿਆਰ ਦੇ ਮੈਨੂੰ। ਉਸੇ ਦੀ ਚੁੱਪ ਹੁਣ ਆਖੇ ਵਿਸਾਰ ਦੇ ਮੈਨੂੰ । ਰਹਾਂਗੇ ਹਮਸਫ਼ਰ ਬਣਕੇ ਸੀ ਜਿਸਦੀ ਜ਼ਿੱਦ ਓਹੀ, ਅਚਾਨਕ ਰਾਹ ਵਿੱਚ ਕਹਿੰਦਾ ਉਤਾਰ ਦੇ ਮੈਨੂੰ । ਮੁਹੱਬਤ ਪਾਕ ਮੰਗਦਾਂ ਜਿਉਂ ਖਿਡਾਉਣਾ ਮੰਗਦੈ ਬੱਚਾ, ਨਹੀਂ ਖ਼ਾਹਿਸ਼ ਕਿ ਤੂੰ ਸਾਰਾ ਬਾਜ਼ਾਰ ਦੇ ਮੈਨੂੰ । ਅਧੂਰੇ ਜੀਣ ਨਾਲ਼ੋਂ ਆ ਕਦੇ ਹੁਣ ਸੁਰਖੁਰੂ ਹੋਈਏ, ਮੁਕੰਮਲ ਹਾਰ ਜਾ ਮੈਥੋਂ ਜਾਂ ਹਾਰ ਦੇ ਮੈਨੂੰ । ਇਸਤੋਂ ਪਹਿਲਾਂ ਕਿ ਮੈਂ ਆਪਣੇ ਸਮੇਂ ਨੂੰ ਗੁਜ਼ਰਿਆ ਵੇਖਾਂ, ਗੁਜ਼ਾਰਿਸ਼ ਵਕਤ ਨੂੰ ਹੈ ਕਿ ਗੁਜ਼ਾਰ ਦੇ ਮੈਨੂੰ । ਮੇਰਾ ਵਾਅਦਾ ਹੈ ਕਿ ਤੇਰਾ ਤਸੱਵਰ ਮੋੜ ਦੇਵਾਂਗਾ, ਕਰੀਂ ਵਿਸ਼ਵਾਸ਼ ਤੂੰ ਥੋੜਾ ਉਧਾਰ ਦੇ ਮੈਨੂੰ । ਜਸ਼ਨ ਜਿਸਦਾ ਰਹੇ ਹੁੰਦਾ ਸਦੀਵੀ ਜਾਣ ਪਿੱਛੋਂ ਵੀ ਕੋਈ ਹੈ ਜ਼ਿੰਦਗੀ ਤਾਂ ਉਹ ਤਿਉਹਾਰ ਦੇ ਮੈਨੂੰ ।

9. (ਕਵਿਤਾ)-‘ਨਾਫ਼ਰਮਾਨੀ’

ਤੈਅ ਕਰੋਗੇ ਤੁਸੀਂ? ਕਿ ਗਾਈਏ ਕਿਹੜਾ ਗੀਤ ਅਸੀਂ !! ਤੈਅ ਕਰੋਗੇ ਤੁਸੀਂ ? ਕਿ ਮੰਨੀਏ ਕਿਹੜੀ ਰੀਤ ਅਸੀਂ !! ਤੈਅ ਕਰੋਗੇ ਤੁਸੀਂ ? ਕਿ ਸੁੱਚੇ ਹਾਂ ਜਾਂ ਪਲੀਤ ਅਸੀਂ !! ਹਰ ਵਾਰੀ ਗੱਲ ਝੂਠੀ ਥੋਡੀ ਚੜ੍ਹਣੀ ਪੂਰ ਨਹੀਂ । ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ ਤੁਸੀਂ ? ਕਿ ਬੱਦਲ਼ ਵਰ੍ਹਨੇ ਨੇ ਕਿੱਥੇ !! ਤੈਅ ਕਰੋਗੇ ਤੁਸੀਂ ? ਕਿ ਡਿੱਗਣੇ ਝਰਨੇ ਨੇ ਕਿੱਥੇ !! ਤੈਅ ਕਰੋਗੇ ਤੁਸੀਂ ? ਕਿ ਤਾਰੇ ਚੜ੍ਹਣੇ ਨੇ ਕਿੱਥੇ !! ਸ਼ਹਿਰ ਮੇਰੇ ਵਿੱਚ ਚੱਲਣੇ ਜੰਗਲ਼ ਦੇ ਦਸਤੂਰ ਨਹੀਂ , ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ ਤੁਸੀਂ ? ਕਿ ਸਾਹ ਕਿੰਜ ਲੈਣਾਂ ਲੋਕਾਂ ਨੇ !! ਤੈਅ ਕਰੋਗੇ ਤੁਸੀਂ ? ਕਿ ਕੀ ਹੈ ਕਹਿਣਾਂ ਲੋਕਾਂ ਨੇ !! ਤੈਅ ਕਰੋਗੇ ਤੁਸੀਂ ? ਕਿ ਹੈ ਕਿੰਜ ਰਹਿਣਾਂ ਲੋਕਾਂ ਨੇ !! ਭੁਗਤਣ ਸਜ਼ਾ ਉਹ ਜਿੰਨਾਂ ਦਾ ਕਿ ਕੋਈ ਕਸੂਰ ਨਹੀਂ , ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ ਤੁਸੀਂ ? ਕਿ ਸਾਡੀ ਹਸਤੀ ਕੀ ਹੋਵੇ !! ਤੈਅ ਕਰੋਗੇ ਤੁਸੀਂ ? ਕਿ ਵਤਨ-ਪ੍ਰਸਤੀ ਕੀ ਹੋਵੇ !! ਤੈਅ ਕਰੋਗੇ ਤੁਸੀਂ ? ਕਿ ਦਿਲ ਦੀ ਮਸਤੀ ਕੀ ਹੋਵੇ !! ਇਹ ਨਾ ਸਮਝਿਓ ਮਾਂਵਾਂ ਜੰਮਦੀਆਂ ਹੁਣ ਮਨਸੂਰ ਨਹੀਂ , ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ ਤੁਸੀਂ ? ਕਿ ਸਾਡਾ ਚੁੱਲ੍ਹਾ ਬਲ਼ੇ ਕਦੋਂ!! ਤੈਅ ਕਰੋਗੇ ਤੁਸੀਂ ? ਕਿ ਚੜ੍ਹਕੇ ਸੂਰਜ ਢਲ਼ੇ ਕਦੋਂ !! ਤੈਅ ਕਰੋਗੇ ਤੁਸੀਂ ? ਕਿ ਖ਼ੁਸ਼ਬੋ ਹਵਾ ‘ਚ ਰਲ਼ੇ ਕਦੋਂ !! ਖ਼ਾਬ ਅਸਾਡੇ ਪਰ ਕੋਈ ਕਰ ਸਕਦਾ ਚੂਰ ਨਹੀਂ , ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ ਤੁਸੀਂ ? ਕਿ ਹੱਸਣਾ ਕਦ ਹੈ ਬਾਲਾਂ ਨੇ !! ਤੈਅ ਕਰੋਗੇ ਤੁਸੀਂ ? ਕਿ ਉੱਠਣੈ ਕਦੋਂ ਸਵਾਲਾਂ ਨੇ !! ਤੈਅ ਕਰੋਗੇ ਤੁਸੀਂ ? ਕਿ ਮਘਣੈ ਕਦੋਂ ਖ਼ਿਆਲਾਂ ਨੇ !! ਭਰਮ ਹੈ ਥੋਨੂੰ ਟੁੱਟਣਾ ਥੋਡਾ ਕਦੇ ਗ਼ਰੂਰ ਨਹੀਂ, ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰਾਂਗੇ ਅਸੀਂ, ਕਿ ਜੀਵਨ-ਆਸ਼ਾ ਕੀ ਹੋਵੇ, ਤੈਅ ਕਰਾਂਗੇ ਅਸੀਂ, ਕਿ ਸਾਡੀ ਭਾਸ਼ਾ ਕੀ ਹੋਵੇ, ਤੈਅ ਕਰਾਂਗੇ ਅਸੀਂ, ਕਿ ਜਗਤ-ਤਮਾਸ਼ਾ ਕੀ ਹੋਵੇ, ਚੱਲਦਾ ਰਹੇ ‘ਅਜ਼ੀਮ’ ਕਾਫਲਾ ਮੰਜ਼ਲ ਦੂਰ ਨਹੀਂ , ਨਾਦਰਸ਼ਾਹੀ ਪਰ ਫੁਰਮਾਨ ਕਦੇ ਮਨਜ਼ੂਰ ਨਹੀਂ ।

10. (ਗੀਤ)-ਏਹ ਕੇਹੇ ਦਰਦ ਨੀ ਮਾਏ

ਏਹ ਕੇਹੇ ਦਰਦ ਨੀ ਮਾਏ ਏਹ ਕੇਹੀ ਪੀੜ ਨੀ ਭੈਣੇ, ਮਿਲੇ ਜੋ ਜਨਮ ਤੋਂ ਸਾਨੂੰ ਪਏ ਨੇ ਉਮਰ ਭਰ ਸਹਿਣੇ, ਏਹ ਕੇਹੇ ਦਰਦ ਨੀ ਮਾਏ ਏਹ ਕੇਹੀ ਪੀੜ ਨੀ ਭੈਣੇ....। ਮੇਰੇ ਕੱਫਨ ਦਾ ਮੈਨੂੰ ਹੀ ਜੋ ਲਿਖਕੇ ਮੇਚ ਦਿੰਦੇ ਨੇ, ਮੇਰੇ ਸੁੱਤੇ ਪਿਆਂ ਅਕਸਰ ਜੋ ਮੈਨੂੰ ਵੇਚ ਦਿੰਦੇ ਨੇ, ਏਹ ਬੌਣੀ ਸੋਚ ਦੇ ਪੁਤਲੇ ਮੇਰੇ ਹੀ ਸ਼ਹਿਰ ਰਹਿੰਦੇ ਨੇ, ਮੇਰੇ ਗੀਤਾਂ ਦੇ ਕਲਸਾਂ ‘ਤੇ ਜੋ ਬਣਕੇ ਕਾਗ ਬਹਿੰਦੇ ਨੇ, ਨਹੀਂ ਸਹਿੰਦੇ ਇਹ ਜਦ ਲਿਸ਼ਕਣ ਮੇਰੇ ਜਜ਼ਬਾਤ ਦੇ ਗਹਿਣੇ, ਏਹ ਕੇਹੇ ਦਰਦ ਨੀ ਮਾਏ ਏਹ ਕੇਹੀ ਪੀੜ ਨੀ ਭੈਣੇ...। ਰੋਟੀ ਕੋਧਰੇ ਦੀ ਜਦ ਮੇਰੇ ਹੌਂਕੇ ‘ਤੇ ਪੱਕਦੀ ਹੈ, ਤਾਂ ਢਾਣੀ ਲਾਲੋਆਂ ਦੀ ਫਿਰ ਖੜੀ ਹੈਰਾਨ ਤੱਕਦੀ ਹੈ, ਨਜ਼ਰ ਮੇਰੀ ‘ਚ ਧੁਖਦੀ ਹੈ ਚੁਰਾਸੀ ਦੀ ਕਹਾਣੀ ਵੀ, ਹੈ ਸੁੱਕੇ ਖੇਤ ਤੱਕ ਜਾਂਦਾ ਮੇਰੇ ਨੈਣਾਂ ਦਾ ਪਾਣੀ ਵੀ, ਕਿਉਂ ਜਾਪੇ ਉਮਰ ਦੀ ਚਾਦਰ ‘ਤੇ ਫੁੱਲ ਰੀਝਾਂ ਦੇ ਨਈਂ ਪੈਣੇ, ਏਹ ਕੇਹੇ ਦਰਦ ਨੀ ਮਾਏ ਏਹ ਕੇਹੀ ਪੀੜ ਨੀ ਭੈਣੇ....। ਮੇਰੀ ਰੂਹ ਤੋਂ ਲਿਖੀ ਗੱਲ ਨੂੰ ਸਮੇਂ ਦਾ ਸੱਚ ਪੁੱਗਦਾ ਹੈ, ਏਹ ਸੁਣਕੇ ਪਰ ਕਈਆਂ ਦੀ ਜੀਭ ‘ਤੇ ਕਿਉਂ ਕੱਚ ਉੱਗਦਾ ਹੈ, ਮੈਂ ਮਨ ਦਾ ਗੇਰੂਆ ਚੋਲ਼ਾ ਵੀ ਅਕਸਰ ਲਾਲ ਰੰਗਦਾ ਹਾਂ, ਅਜਨਮੇ ਸ਼ਬਦ ਦੀ ਤਸਵੀਰ ਨੂੰ ਪੌਣਾਂ ‘ਤੇ ਟੰਗਦਾ ਹਾਂ, ਅਸੀਂ ਹਾਂ ਉਹ ਰਵੀ ਛਿਪਕੇ ਵੀ ਜੋ ਅੰਬਰ ਤੋਂ ਨਈਂ ਲਹਿਣੇ, ਏਹ ਕੇਹੇ ਦਰਦ ਨੀ ਮਾਏ ਏਹ ਕੇਹੀ ਪੀੜ ਨੀ ਭੈਣੇ..। ਇਹਨਾਂ ਪੀੜਾਂ ਦੇ ਮੁੱਕਣ ਦੀ ਨਈਂ ਮੁੱਕੀ ਆਸ ਵੀ ਹਾਲੇ, ਖੜਾਵਾਂ ਨਾਲ ਬੱਝਾ ਹੈ ਮੇਰਾ ਪਰਵਾਸ ਵੀ ਹਾਲੇ, ਮੇਰੇ ਪੈਰਾਂ ਨੇ ਹਾਲੇ ਠੋਕਰਾਂ ਨੂੰ ਮਾਤ ਦੇਣੀ ਹੈ, ਤੇ ਮੈਨੂੰ ਜ਼ਿੰਦਗੀ ਨੇ ਜੀਣ ਦੀ ਸੌਗ਼ਾਤ ਦੇਣੀ ਹੈ, ਜਦੋਂ ਹਾਲਾਤ ਮੰਨਣਗੇ ਅਸਾਡੇ ਸਿਦਕ ਦੇ ਕਹਿਣੇ, ਤਾਂ ਮੁੱਕਣੇ ਦਰਦ ਨੇ ਮਾਏ ਤੇ ਮੁੱਕਣੀ ਪੀੜ ਵੀ ਭੈਣੇ ।

11. (ਗੀਤ)-ਏਹ ਧੀਆਂ ਕੇਹੜੇ ਦੇਸੋਂ ਆਈਆਂ

ਜਿੰਨਾਂ ਦੇ ਸੁਪਨੇ ਹੰਝੂਆਂ ਰੰਗੇ, ਦੁਨੀਆਂ ਹੱਸਣ ਦਾ ਮੁੱਲ ਮੰਗੇ, ਪਰੀਆਂ ਕਲੀਆਂ ਨਦੀਆਂ ਕਹਿ ਕਹਿ ਲੋਕਾਂ ਜੋ ਵਡਿਆਈਆਂ, ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ ਏਹ ਧੀਆਂ ਕੇਹੜੇ ਦੇਸੋਂ ਆਈਆਂ । ਜਦ ਮੁਸਕਾਈਆਂ ਤਾਂ ਪੌਣਾਂ ਨੂੰ ਵਗਣਾ ਚੇਤੇ ਆਇਆ, ਏਹਨਾ ਦੇ ਮੋਹ ਸਦਕਾ ਮਹਿਕੇ ਹਰ ਰਿਸ਼ਤੇ ਦਾ ਸਾਇਆ, ਕਦੇ ਇਹ ਮਾਂਵਾਂ ਕਦੇ ਇਹ ਭੈਣਾਂ ਕਦੇ ਬਣਨ ਭਰਜਾਈਆਂ, ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ ਏਹ ਧੀਆਂ ਕੇਹੜੇ ਦੇਸੋਂ ਆਈਆਂ । ਜਿਉਂ ਕਿੱਲੀ ‘ਤੇ ਟੰਗੀਆਂ ਤਰਸਣ ਉੱਡਣ ਲਈ ਪਤੰਗਾਂ, ਇੱਕ ਹਾਉਂਕੇ ਦੇ ਵਿੱਚ ਲਪੇਟਣ ਇਹ ਵੀ ਲੱਖ ਉਮੰਗਾਂ, ਬਿਨ ਮਾਣੇ ਰੁੱਤਾਂ ਵੀ ਜਿੰਨਾਂ ਸੁਪਨੇ ਵਾਂਗ ਹੰਢਾਈਆਂ, ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ ਏਹ ਧੀਆਂ ਕੇਹੜੇ ਦੇਸੋਂ ਆਈਆਂ । ਦਸਦਾ ਹੈ ਇਤਿਹਾਸ ਕਿ ਇਹ ਨਹੀਂ ਘੱਟ ਕਿਸੇ ਵੀ ਗੱਲੋਂ , ਇਨਕਲਾਬ ਦੇ ਝੰਡੇ ਵੀ ਨੇ ਝੂਲੇ ਏਹਨਾ ਵੱਲੋਂ , ਨ੍ਹੇਰੀ ਰਾਤ ‘ਚ ਸਰਘੀ ਬਣੀਆਂ ਇਹ ਸੂਰਜ ਦੀਆਂ ਜਾਈਆਂ, ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ ਏਹ ਧੀਆਂ ਕੇਹੜੇ ਦੇਸੋਂ ਆਈਆਂ । ਕੁਦਰਤ ਵਾਂਗ ਇਹਨਾ ਦੀ ਪੂਰੀ ਕਿਸੇ ਨਾ ਲਿਖੀ ਕਹਾਣੀ, ਇਸ ਮਿੱਟੀ ਨੂੰ ਧੋਵਣ ਦੇ ਲਈ ਨਈਂ ਬਣਿਆਂ ਕੋਈ ਪਾਣੀ, ਨੈਣੀਂ ਨੀਰ ਸ਼ੀਰ ਵਿੱਚ ਸੀਨੇ ਫਿਰ ਵੀ ਜੋ ਤਿਰਹਾਈਆਂ, ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ ਏਹ ਧੀਆਂ ਕੇਹੜੇ ਦੇਸੋਂ ਆਈਆਂ । ਨੂਰ ਵੰਡ ਕੇ ਵੀ ਔਰਤ ਨਾ ਕਿਸੇ ਜਨਮ ਵਿੱਚ ਥੱਕੇ, ਇਹ ਦੁਨੀਆਂ ਧੀਆਂ ਦਾ ਕਰਜ਼ਾ ਮੋੜ ਕਦੇ ਨਾ ਸਕੇ, ਰਹਿਣ ‘ਅਜ਼ੀਮ’ ਇਹਨਾਂ ਦੀਆਂ ਰਾਹਾਂ ਹਰ ਯੁੱਗ ਵਿੱਚ ਰੁਸ਼ਨਾਈਆਂ, ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ ਏਹ ਧੀਆਂ ਕੇਹੜੇ ਦੇਸੋਂ ਆਈਆਂ ।

12. (ਗੀਤ)-ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ

ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ, ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, ਬਲ਼ਣ ਨਾ ਦਿੱਤਾ ਹੁਣ ਵੀ ਜੇਕਰ ਸੂਰਜ ਮੱਥੇ ਦਾ, ਨੱਚਦੇ ਰਹਿਣਗੇ ਸਾਡੇ ਸਿਰ ‘ਤੇ ਸਦਾ ਹਨੇਰੇ । ਟਿਕੀਆਂ ਦੁਸ਼ਮਣ ਦੀਆਂ ਨੇ ਅੱਖਾਂ ਹੋਂਦ ਅਸਾਡੀ ‘ਤੇ, ਨਾਗ ਬਣਾਉਣ ਵਰਮੀਆਂ ਸਾਡੀਆਂ ਛਾਵਾਂ ਥੱਲੇ, ਗਹਿਣੇ ਪਏ ਪੈਰਾਂ ਵੱਲ ਤੱਕਣ ਰਸਤੇ ਮੰਜ਼ਿਲ ਦੇ, ਪਰਤਣ ਅੱਧ ‘ਚੋਂ ਨਾ ਰਥ ਜੋ ਰਣ ਵਿੱਚ ਨੇ ਘੱਲੇ, ਜਿਹੜੇ ਘਰ ਦੀ ਨੀਂਹ ਵਿੱਚ ਸਾਂਭੀ ਅਜ਼ਮਤ ਸਦੀਆਂ ‘ਤੋਂ ਪਹਿਲੇ ਮੀਂਹ ਵਿੱਚ ਖੁਰ ਕੇ ਢਹਿ ਨਾ ਜਾਣ ਬਨੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ । ਉੱਠੇ ਹੱਥ ਨਾ ਜੇਕਰ ਭੀੜ ‘ਚੋਂ ਗ਼ੈਰਤਮੰਦਾਂ ਦੇ, ਕਾਲ਼ੇ ਸਮਿਆਂ ‘ਤੇ ਨਹੀਂ ਕਾਟੇ ਜਾਣੇ ਮਾਰੇ, ਠਾਕੀ ਜੀਭ ਰਹੀ ਜੇ ਬੋਲ਼ਣ ਵੇਲ਼ੇ ਲੋਕਾਂ ਦੀ, ਜ਼ਾਲਿਮ ਕਿਸੇ ਦੌਰ ਫਿਰ ਨਈਂ ਜਾਣੇ ਲਲਕਾਰੇ, ਜਮਨਾ ਪਾਰੋਂ ਹੁਕਮ ਚਲਾਉਂਦੀਆਂ ਕਾਲ਼ੀਆਂ ਜੀਭਾਂ ਨੂੰ ਗੂੰਗਾ ਕਰਨਗੇ ਜੂਹ ਤੋਂ ਬਾਹਰ ਸਾਡੇ ਜੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ, ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ । ਦਿੰਦੀਐਂ ਮਾਤ ਸਿਆਸੀ ਚਾਲਾਂ ਬਾਗ਼ੀ ਸੋਚਾਂ ਨੂੰ, ਰੰਗਣੋਂ ਰਹਿ ਜਾਵਣ ਹਰ ਵਾਰ ਬਸੰਤੀ ਚੋਲ਼ੇ, ਰਹਿ ਗਈ ਰੋਟੀ ਜਿੰਨੀ ਧਰਤੀ ਸਾਡੇ ਹਿੱਸੇ ਦੀ, ਸਾਡੇ ਰੰਗਲੇ ਸੁਪਨੇ ਹਰ ਹਾਕਮ ਨੇ ਰੋਲ਼ੇ, ਘੜਣੀ ਵਰਤਮਾਨ ਨੇ ਹੋਣੀ ਆਉਂਦੇ ਸਮਿਆਂ ਦੀ ਜਿੱਤਣੈ ਅਸੀਂ ‘ਅਜ਼ੀਮ’ ਜੇ ਹੁਣ ਵੈਰੀ ਜਾ ਘੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ, ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ ।