ਪੰਜਾਬੀ ਕਵਿਤਾਵਾਂ : ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ

Punjabi Poetry : Principal Avtar Singh Sidhu


ਡੁਬਦਾ ਸੂਰਜ, ਟੁੱਟਦੇ ਤਾਰੇ

ਡੁਬਦਾ ਸੂਰਜ, ਟੁੱਟਦੇ ਤਾਰੇ, ਸਾਨੂੰ ਨਾ ਦਿਖਲਾਇਆ ਕਰ। ਆਇਆ ਕਰ ਤੂੰ ਦਿਲ ਵਿੱਚ ਸਾਡੇ, ਏਦਾਂ ਨਾ ਪਰ ਆਇਆ ਕਰ। ਹਿਜਰ ਤੇਰੇ ਦੀ ਧੁੱਪੇ ਸੜਦੇ, ਸ਼ਾਮ ਉਮਰ ਦੀ ਹੋ ਗਈ ਹੈ, ਕਰ ਸਕਦੈਂ ਤਾਂ ਮੂੰਹ ਤੇ ਸਾਡੇ,ਆਪਣੀ ਜੁਲਫ ਦਾ ਸਾਇਆ ਕਰ। ਅੱਗ ਹੈਂ ਜੇ ਤਾਂ ਸਾੜ ਸੁਆਹ ਕਰ, ਅੱਗ ਦਾ ਧਰਮ ਨਿਭਾ ਦੇ ਤੂੰ, ਪਾਣੀ ਹੈਂ ਤਾਂ, ਤ੍ਰਿਹਾਏ ਨੂੰ, ਹੋਰ ਨਾ ਤੂੰ ਤ੍ਰਿਹਾਇਆ ਕਰ। ਲੱਖ ਵਾਰੀ ਮੈਂ ਆਖ ਰਿਹਾ ਹਾਂ, ਸਾਨੂੰ ਸਾਡੇ ਹਾਲ ਤੇ ਛੱਡ, ਸਿਰ ਫਿਰਿਆਂ ਨੂੰ ਐਵੇਂ ਦੁਨੀਆਦਾਰੀ ਨਾ ਸਮਝਾਇਆ ਕਰ। ਚੰਨ ਜਹੇ ਮੂੰਹ ਤੇ ਚੁੰਨੀ ਲੈ ਕੇ, ਮੱਸਿਆ ਵਰਗੀ ਰਾਤ ਜਹੀ, ਮੂਸਾ ਵਰਗੇ ਕਮਜ਼ਰਫਾਂ ਨੂੰ, ਜਲਵਾ ਨਾ ਦਿਖਲਾਇਆ ਕਰ। ਬੇਆਬਾਦ ਵਰਮੀਆਂ ਵਿੱਚ, ਸ਼ੂਕਣ ਲਗ ਪੈਂਦੇ ਹਨ ਨਾਗ, ਰਾਹੇ ਰਾਹੇ ਲੰਘ ਜਾਇਆ ਕਰ, ਤੂੰ ਵੰਗਾਂ ਲਾ ਛਣਕਾਇਆ ਕਰ। ਦਿਲ ਤੇਰੇ ਤੇ ਨਕਸ਼ ਹੈ ਜੇ, ਫਿਰ ਕਿਉਂ ਭਲਾ ਨਮਾਇਸ਼ ਇਹ, ਆਪਣੀ ਗੋਰੀ ਬਾਂਹ ਤੇ ਸਾਡਾ ਨਾਂ ਨਾ ਤੂੰ ਲਿਖਵਾਇਆ ਕਰ।

ਇਕ ਨਾ ਇਕ ਦਿਨ ਰਾਜਿਆ

ਇਕ ਨਾ ਇਕ ਦਿਨ ਰਾਜਿਆ ਏਦਾਂ ਹੋਣੀ ਹੈ। ਸਾਰੀ ਖਲਕਤ ਕੱਠਿਆਂ ਉੱਠ ਖਲੋਣੀ ਹੈ। ਤੂੰ ਜੋ ਬਣਿਆ ਫਿਰਦੈਂ ਕਾਤਬ ਕਿਸਮਤ ਦਾ, ਤੇਰੀ ਲਿਖੀ ਇਬਾਰਤ ਇਕ ਦਿਨ ਧੋਣੀ ਹੈ। ਸਿਰ ਤੇਰੇ ਤੇ ਮੁਕਟ ਬਣੀ, ਜੋ ਸੋਭ ਰਹੀ, ਗਾਗਰ ਮੇਰੇ ਹੱਕਾਂ ਦੀ, ਮੈਂ ਖੋਹਣੀ ਹੈ। ਘਰ ਸਾਡੇ ਜਦ ਆਵੇਂ,ਦੱਸ ਕੇ ਆਵੀਂ ਤੂੰ, ਸਰਦਲ ਉੱਤੇ ਰੱਤ ਜਿਗਰ ਦੀ ਚੋਣੀ ਹੈ। ਕਲਮ ਜੋ ਕਾਲੇ ਲੇਖ ਹੈ ਲਿਖਦੀ, ਮੁਫਲਿਸ ਦੇ, ਤਦਬੀਰਾਂ ਨੇ, ਤਕਦੀਰ ਦੇ ਹੱਥੋਂ ਖੋਹਣੀ ਹੈ।

ਤੂੰ ਜੇ ਸਾਡਾ ਦਰਦ ਬਖਾਣੇਂ

ਤੂੰ ਜੇ ਸਾਡਾ ਦਰਦ ਬਖਾਣੇਂ। ਤੇਰੇ ਮੂੰਹ ਵਿੱਚ ਖੰਡ ਮਖਾਣੇ। ਯਾਰ ਜਿਨ੍ਹਾਂ ਦੀ ਬੁੱਕਲ ਦੇ ਵਿੱਚ, ਰੱਖ ਕੇ ਸੁੱਤੇ ਬਾਂਹ ਸਰ੍ਹਾਣੇ। ਦਿਲ ਵਾਲੇ ਰਹਿ ਜਾਣੇ ਬਾਕੀ, ਅਕਲਾਂ ਵਾਲੇ ਮਰ ਮੁਕ ਜਾਣੇ। ਸਭ ਕੁਝ ਹੈ ਮਨਜੂਰ ਅਸਾਂ ਨੂੰ, ਜੀਣਾ ਮਰਨਾ ਤੇਰੇ ਭਾਣੇ। ਹੁਕਮ ਤੇਰੇ ਵਿੱਚ ਬੱਝੇ ਜੀਵਣ, ਆਸ਼ਕ ਨੇਂ ਕਿੱਡੇ ਮਰ ਜਾਣੇ। ਚਾਕ ਗਰੇਬਾਂ, ਲੀਰਾਂ ਪਗੜੀ, ਆਪਾਂ ਸਿਰ ਤੇ ਅੰਬਰ ਤਾਣੇ।

ਬਾਬਾ ਤਾਰੀ ਬੋਲਿਆ

ਬਾਬਾ ਤਾਰੀ ਬੋਲਿਆ, ਦਿੱਤਾ ਸੱਚ ਨਿਤਾਰ, ਅਕਲਾਂ ਸੌਦੇ ਕਰਦੀਆਂ, ਦਿਲ ਕਰਦੇ ਨੇ ਪਿਆਰ। ਇਸ਼ਕ ਦੇ ਵਿਹੜੇ ਖੇਡਦੇ, ਹੱਕ ਦੇ ਦਾਅਵੇ ਦਾਰ, ਦਿਲ ਨੇ ਬਾਜੀ ਜਿੱਤ ਲਈ,ਅਕਲਾਂ ਗਈਆਂ ਹਾਰ। ਇੱਕੋ ਫਿਕਰੇ ਮੁੱਕਦੀ, ਝੂਠੇ ਸਭ ਵਿਸਥਾਰ, ਜਾਨ ਤਲੀ ਤੇ ਰੱਖ ਲੈ, ਫੇਰ ਮਿਲੇਗਾ ਯਾਰ। ਧਾਰਮਿਕਾਂ ਦੀ ਭੀੜ ਹੈ, ਹਰ ਥਾਂ ਬੇਸ਼ੁਮਾਰ, ਧਰਮੀ ਕੋਈ ਨਾ ਲੱਭਦਾ, ਫਿਰ ਵੇਖੋ ਸੰਸਾਰ। ਗੌਤਮ ਜਿਸ ਨੂੰ ਭਾਲਦਾ, ਛੱਡ ਗਿਆ ਘਰਬਾਰ। ਬਾਬੇ ਨਾਨਕ ਪਾ ਲਿਆ, ਟੱਬਰ ਦੇ ਵਿਚਕਾਰ।

ਜੇ ਕਰ ਲੋਕੋ ਢਹਿ ਗਈ

ਜੇ ਕਰ ਲੋਕੋ ਢਹਿ ਗਈ, ਬਰਲਣ ਦੀ ਦੀਵਾਰ, ਠਹਿਰੇ ਗੀ ਫਿਰ ਕਿਸ ਤਰ੍ਹਾਂ, ਇਹ ਕੰਡਿਆਲੀ ਤਾਰ। ਪੁੱਠੇ ਪੈਰੀਂ, ਤੁਰ ਗਿਆ, ਦਰ ਤੇ ਆ ਕੇ ਯਾਰ, ਕਿਸਮਤ ਟੂਣੇ ਹਾਰੀਏ, ਕਿੱਥੇ ਦਿੱਤੀ ਹਾਰ। ਮੈਂ ਮੁਨਕਰ ਨਹੀਂ ਯਾਰੀਉਂ, ਸੁਣ ਮੇਰੇ ਦਿਲਦਾਰ, ਯਾਰ ਕਹੋ ਤੇ ਰੱਖ ਦਿਓ, ਮੇਰੇ ਸਿਰ ਤੇ ਭਾਰ। ਜੇ ਤੂੰ ਹੀਰ ਹੈਂ ਕਿਤੇ, ਲੈ ਰਾਂਝੇ ਦੀ ਸਾਰ, ਵੰਝਲੀ ਚੀਕਾਂ ਮਾਰਦੀ, ਸੁਣ ਬੇਲੇ ਵਿਚਕਾਰ। ਇਕ ਇਕੱਲੀ ਕਿਰਣ ਦਾ, ਵੇਖੋ ਕੀ ਕਿਰਦਾਰ, ਦਿੱਤੇ ਸਾਡੀ ਝੋਲ ਵਿੱਚ, ਸੱਤੇ ਰੰਗ ਖਿਲਾਰ। ਜਿਸਮ ਦੇ ਜੂਹੋਂ ਲੰਘ ਕੇ, ਕਰ ਰੂਹ ਦੇ ਦੀਦਾਰ, ਜੀਵਣ ਜੋਗਾ ਹੋ ਗਿਆ, ਮਰ ਜਾਣਾ ‘ਅਵਤਾਰ’ । (“ਬੇਆਬਾਦ ਵਰਮੀਆਂ” ਵਿੱਚੋਂ)