Punjabi Poetry : Anujit Iqbal

ਪੰਜਾਬੀ ਕਵਿਤਾਵਾਂ : ਅਨੁਜੀਤ ਇਕਬਾਲ


ਯਾਤਰਾ

ਯਾਦ ਨਹੀਂ ਪਰ ਇਹ ਅਣਗਿਣਤ ਯੁਗਾਂ ਦੀ ਗੱਲ ਸੀ ਵਿਸਰੀਆਂ ਯਾਦਾਂ ਵਿੱਚ ਤੇਰੇ ਹੱਥਾਂ ਤੋਂ ਇੱਕ ਭਿੱਖਿਆ ਕਟੋਰਾ ਲੈ ਕੇ ਸ਼ੁਰੂ ਹੋਈ ਲੰਮੀ ਯਾਤਰਾ ਯਾਦ ਆਉਂਦੀ ਹੈ ਉਮਰਾਂ ਤੱਕ ਭੀਖ ਮੰਗਦੀ ਰਹੀ ਸੰਸਾਰ ਭਰਦਾ ਰਿਹਾ ਗੱਚ ਭਰੀ ਨਾਪਸੰਦੀ, ਨਫ਼ਰਤ, ਸੋਗ ਆਨੰਦ, ਦਿਆਲਤਾ, ਪਿਆਰ ਦਾ ਭੋਜਨ ਪਰ ਜਦੋਂ ਮੈਂ ਮੁੜ ਕੇ ਤੈਨੂੰ ਵੇਖਦੀ ਤੇਰੀ ਝੁਕੀ ਹੋਈ ਨਜ਼ਰ ਮੈਨੂੰ ਵੀਤਰਾਗੀ ਕਰ ਦੇਂਦੀ ਤੇਰੇ ਤੱਕ ਦੁਬਾਰਾ ਪਹੁੰਚਣ ਦੀ ਤਾਂਘ ਵਿੱਚ ਮੈਂ ਸਦਾ ਇੰਤਜ਼ਾਰ 'ਚ ਬੈਠੀ ਰਹੀ ਪਲਕ ਝਪਕਣ ਤੱਕ ਦੀ ਵਿਘਨ ਨਾ ਆਉਣ ਦਿੱਤੀ ਤੇ ਜੇ ਕਦੀ ਅੱਖ ਲੱਗ ਜਾਂਦੀ ਤਾਂ ਸੁਪਨੇ 'ਚ ਪੁੱਠਾ ਵਹਿੰਦਾ ਝਰਨਾ ਨਜ਼ਰ ਆਉਂਦਾ ਸ਼ਾਮ ਦੇ ਬਾਅਦ ,ਦੂਰ ਅਸਮਾਨ ਤੋਂ ਹੋਲੀ ਹੋਲੀ ਆਉਂਦੀ ਪਖਾਵਜ ਦੀ ਆਵਾਜ਼ ਤੇ ਮੇਰੀਆਂ ਅੱਖਾਂ ਅੱਗੇ ਤੇਰੇ ਨਾਲ ਭੋਗੇ ਅਤੀਤ ਦੇ ਪਲ ਨੱਚਣ ਲੱਗ ਜਾਂਦੇ ਸਰੀਰ ਦਾ ਆਪਣਾ ਧਰਮ ਪਰ, ਮਨ ਦਾ ਸਿਮਰਨ "ਤੇਰੇ" ਵਿੱਚ ਲੀਨ

ਉਮਰਾਂ ਤੋਂ ਸ਼ਰਾਪੀ ਹੋਈ

ਉਮਰਾਂ ਤੋਂ ਸ਼ਰਾਪੀ ਹੋਈ ਮੇਰੇ ਆਜ਼ਾਦ ਦਿਲ ਦੀ ਇੱਛਾ ਵਿਸਥਾਪਿਤ ਹੋ ਸੂਰਜ ਬਣੀ ਜਿਸਦੀ ਗਰਮੀ ਤੋਂ ਮੇਰੇ ਸਾਰੇ ਦੁਸ਼ਟ ਸੁਪਨਿਆਂ ਦੇ ਬੀਜ ਬੇਅੰਤ ਪਸਾਰ ਪਾ ਗਏ ਤੇ ਫਿਰ ਤੇਰੇ ਅਨਬੋਲੇ ਪਿਆਰ ਦੇ ਪਾਣੀ ਨਾਲ ਰੱਤੇ ਰੰਗ ਦੇ ਫੁੱਲ ਖਿੜ ਗਏ ਮੇਰਾ ਬੋਧੀਸਤਵ ਪਿਆਰ ਤੂੰ ਆਵੀਂ ਆਪਣੇ ਸ਼ਿਖਰ ਤੇ ਮੇਰੇ ਊਰਜਾ ਕੇਂਦਰਾਂ ਨੂੰ ਜਗਾਉਣ ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਰੱਬ ਤੋਂ ਇਨਕਾਰੀ ਹੋ ਜਾਵੇਂ ਅਤੇ ਮੇਰੇ ਜਨੂੰਨ ਨੂੰ ਪਾਗਲਪਨ ਵਿੱਚ ਬਦਲ ਦੇਵੇਂ ਠੀਕ ਉਵੇਂ ਹੀ ਜਿਵੇਂ ਕੁਦਰਤ ਉਸਾਰੀ ਨੂੰ ਵਿਨਾਸ਼ ਵਿੱਚ ਬਦਲਦੀ ਹੈ ਅਤੇ ਫਿਰ ਆਉਂਦੀ ਹੈ ਅੰਤਮ ਸਥਿਰਤਾ ਤੇਰੇ ਹੱਥ ਦੀ ਕੰਬਣੀ ਮੇਰੀ ਅਦੇਹ ਭਾਸ਼ਾ ਸਮਝਦੀ ਹੈ

ਸਵੈ ਨਿਰਭਰ

ਸੰਸਾਰ ਵਿਅਰਥ ਅਭਿਆਸਾਂ ਵਿੱਚ ਕੈਦ ਦੂਰ-ਦੁਰਾਡੇ ਤੀਰਥਾਂ ਵਿੱਚ ਤੈਨੂੰ ਲੱਭਦਾ ਅਤੇ ਮੈਂ ਲਿਖਦੀ ਹਾਂ ਤੇਰੀ ਚੌੜੀ ਹਥੇਲੀ 'ਤੇ ਉਹ ਸਾਰੇ ਪਿਆਰ ਦੇ ਗੀਤ ਜੋ ਮੇਰਾ ਦਿਲ ਗਾਉਂਦਾ ਹੈ ਸੰਸਾਰ ਅਰਥਹੀਣ ਵਿਖਾਵੇ ਵਿੱਚ ਮਾਤਹਿਤ ਬੇਜਾਨ ਪੱਥਰਾਂ ਵਿੱਚ ਤੈਨੂੰ ਲੱਭਦਾ ਅਤੇ ਮੈਂ ਉਤਸ਼ਾਹਿਤ ਹੋ ਜਾਂਦੀ ਹਾਂ ਦਿਲ ਦੇ ਓਸ ਕਿਨਾਰੇ 'ਤੇ ਜਿੱਥੇ ਬਰਫ਼ ਪਿਘਲ ਕੇ ਗੰਗਾ ਬਣ ਜਾਂਦੀ ਹੈ ਸੰਸਾਰ ਝੂਠੀ ਪੂਜਾ ਦੁਆਰਾ ਮੋਹਿਤ ਇੱਕ ਸਨਕੀ ਰੌਲੇ ਵਿੱਚ ਤੈਨੂੰ ਪੁਕਾਰਦਾ ਅਤੇ ਮੈਂ ਮਲਹਾਰ ਗਾਉਂਦੀ ਹਾਂ ਅੰਦਰਲੇ ਉਸ ਸਭਾ ਮੰਡਲ ਵਿੱਚ ਜਿੱਥੇ ਗਰਜ ਕੇ ਜੀਵਨ ਸਵੈ-ਨਿਰਭਰ ਹੋ ਜਾਂਦਾ ਹੈ

ਕਿੰਨਾ ਅਲੌਕਿਕ ਸੀ ਤੂੰ

ਕਿੰਨਾ ਅਲੌਕਿਕ ਸੀ ਤੂੰ ਧੰਮਪਦ ਦੇ ਸੂਤਰਾਂ ਮੁਤਾਬਕ ਸ਼ਾਂਤ, ਚੁੱਪ ਅਤੇ ਗੰਭੀਰ ਬਿਨਾ ਕਿਸੇ ਕਾਹਲ, ਜਲਦਬਾਜ਼ੀ ਅਤੇ ਗਤੀ ਦੇ ਜੋ ਪ੍ਰਤੱਖ ਤੇ ਜਾਹਰ ਨਾ ਹੋਣ ਦੇ ਬਾਵਜੂਦ ਵੀ ਮੇਰੀ ਹਰ ਅਵਸਥਾ ਤੇ ਦ੍ਰਿਸ਼ਟੀਕੋਣ ਨੂੰ ਬਦਲਣ ਵਿਚ ਸਮਰੱਥ ਸੀ ਅੰਦਰੂਨੀ ਅਤੇ ਬਾਹਰੀ ਸੰਸਾਰ ਦੇ ਵਿਚਕਾਰ ਇੱਕ ਸਮ ਬਿੰਦੂ 'ਤੇ ਤੂੰ ਸੁਸ਼ੋਭਿਤ ਪਦਮਪਾਣੀ ਬੋਧਿਸਤਵ ਵਾਂਗ ਜੋ ਕਾਮਨਾ ਨੂੰ ਹੀ ਦੁੱਖ ਦਾ ਮੂਲ ਕਾਰਨ ਦੱਸਦਾ ਰਿਹਾ ਪਰ ਮੇਰਾ ਨਿਰਛਲ ਮਨ ਦੀ ਅਭਿਲਾਖਾ ਹੈ ਮੈਂ ਤੇਰੇ ਹੱਥਾਂ ਵਿੱਚ ਬਿਰਾਜਿਤ ਹੋਵਾਂ ਇੱਕ ਉੱਜਲ ਪੁੰਦ੍ਰਿਕ ਦੇ ਵਾਂਗ

ਮਾਯੋਸੋਟਿਸ ਦੇ ਫੁੱਲ

ਅੰਬਰ 'ਤੇ ਧੂੰਏਂ ਦੇ ਫੁੱਲ ਹਰ ਪਾਸੇ ਖਿੰਡ ਰਹੇ ਹਨ ਅਤੇ ਅਸੀਮ ਪੀੜ ਹੈ ਜਿਸ ਨੂੰ ਬਰਸ ਕੇ ਖਾਲੀ ਹੋਣਾ ਹੈ ਸਾਹਮਣੇ ਪਹਾੜ ਦੇ ਬਾਦਬਾਨ ਪਿੱਛੇ ਢੁੱਕਿਆ ਹੈ ਸੂਰਜ ਜੋ ਦਿਨ ਨੂੰ ਖਤਮ ਕਰ ਗਿਆ ਹੈ ਆਪਣੇ ਸੁਨਹਿਰੀ ਅਸ਼ਤਰ ਨਾਲ ਅਤੇ ਹੁਣ ਮੈਨੂੰ ਨਜ਼ਰ ਆ ਰਹੀ ਹੈ ਆਸਮਾਨ 'ਚ ਉਲਟੀ ਵਹਿੰਦੀ ਹੋਈ ਇੱਕ ਨਦੀ ਹਰਿਆਲੀ ਰਹਿਤ ਖੜੀ ਪਹਾੜੀਆਂ ਅਤੇ ਬਰਫ਼ ਭਰੇ ਖੁਸ਼ਕ ਜੰਗਲਾਂ ਦੀ ਇਕੱਲ ਭੋਗ ਰਹੀ ਹਾਂ ਮੈਂ ਬੇਆਬਾਦ ਦੇਵਤਿਆਂ ਦੁਆਰਾ ਸ਼ਰਾਪਿਤ ਹਾਂ ਨਿਮਰਤਾ ਨਾਲ ਸਵੀਕਾਰ ਕਰਨ ਦੇ ਕਿ ਮਾਯੋਸੋਟਿਸ ਦੇ ਰਹੱਸ ਭਰੇ ਲਾਸਾਨੀ ਨੀਲੇ ਫੁੱਲ ਤੇਰੀ ਯਾਦ ਦਵਾਉਂਦੇ ਹਨ

  • ਮੁੱਖ ਪੰਨਾ : ਅਨੁਜੀਤ ਇਕਬਾਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ