Punjabi Poetry : Amandeep Kaur Joga

ਪੰਜਾਬੀ ਕਵਿਤਾ : ਅਮਨਦੀਪ ਕੌਰ ਜੋਗਾ


ਜਦੋਂ ਸੀ ਜੱਗ 'ਤੇ ਕੂੜ ਦਾ ਪਸਾਰਾ

ਜਦੋਂ ਸੀ ਜੱਗ 'ਤੇ ਕੂੜ ਦਾ ਪਸਾਰਾ ਸੱਚ ਝੂਠ ਦਾ ਨਹੀਂ ਸੀ ਹੁੰਦਾ ਨਿਤਾਰਾ ਚਹੁੰਕੁਟਾ 'ਚ ਸੀ ਚਾਨਣ ਆਇਆ ਧੰਨ ਗੁਰੂ ਨਾਨਕ ਨੇ ਪੈਰ ਸੀ ਪਾਇਆ ਵੇਖੋ ਕੁਦਰਤ ਦਾ ਸੀ ਅਜਬ ਨਜ਼ਾਰਾ ਵਹਿਮ ਭਰਮ ਉੱਡੇ ਹੋਇਆ ਤਰਕ ਦਾ ਪਸਾਰਾ ਸਮਾਜਿਕ ਕੁਰੀਤੀਆਂ ਨੇ ਸੀ ਖ਼ੌਰੂ ਪਾਇਆ ਔਰਤ ਨੀਚ ਜਾਤ ਦਾ ਸੀ ਭਰਮ ਫੈਲਾਇਆ ਕਣ ਕਣ ਵਿੱਚ ਉਨ੍ਹਾਂ ਦੱਸਿਆ ਪ੍ਰਭੂ ਦਾ ਨਜ਼ਾਰਾ ਲੋੜ ਨਾ ਜੰਗਲ ਬੇਲੇ ਦੀ ਛੱਡ ਭਰਮ ਵਿਚਾਰਾਂ ਵੇਖੋ ਸਤਿਗੁਰ ਦੀ ਲੀਲਾ ਦਾ ਗਜ਼ਬ ਨਜ਼ਾਰਾ ਆਖ ਕੇ ਜੱਗ ਜਨਨੀ ਦਿੱਤਾ ਸਾਨੂੰ ਮਾਣ ਬੇਸ਼ੁਮਾਰਾ

ਆ ਬਾਬਾ ਨਾਨਕ

ਆ ਬਾਬਾ ਨਾਨਕ ਤੂੰ ਫਿਰ ਤੋਂ ਆ ਨ੍ਹੇਰੀ ਨਗਰੀ ਚੌਪਟ ਰਾਜਾ ਝੂਠ ਦਾ ਜਿੱਥੇ ਵੱਜਦਾ ਵਾਜਾ ਸੱਚ ਹਰ ਗਿਆ ਝੂਠ ਜਿੱਤ ਗਿਆ ਮਜ਼ਲੂਮਾਂ ਦੀ ਤੂੰ ਤੱਕ ਦਸ਼ਾ ਆ ਬਾਬਾ..... ਕਿਰਤੀ ਮਿਹਨਤਕਸ਼ ਸੜਕਾਂ 'ਤੇ ਆਏ ਉਨਾਂ ਦੀਆਂ ਮਿਹਨਤਾਂ ਦਾ ਕੋਈ ਮੁੱਲ ਨਾ ਪਾਏ ਔਰਤ ਵੀ ਇੱਥੇ ਖੜੀ ਪਸੀਜੀ ਜੰਮਣ ਤੋਂ ਪਹਿਲਾਂ ਵੇਖੇ ਦੁਨੀਆਂ ਦੂਜੀ ਇੱਜ਼ਤ ਆਪਣੀ ਕਿਸ ਤੋਂ ਬਚਾਏ ਵਾੜ ਖੇਤ ਨੂੰ ਜਦ ਖਾਏ ਗੱਭਰੂ ਜਾਵਣ ਚਿੱਟਾ ਖਾਈ ਲੁਕਦੀ ਫਿਰਦੀ ਸਾਰੀ ਲੁਕਾਈ ਮੇਰਾ ਸੋਹਣਾ ਦੇਸ ਮੁਕਾਤਾਂ ਨੌਜਵਾਨ ਸਾਰਾ ਵਿਦੇਸ਼ ਜਾਣ ਲਾਤਾਂ ਹੰਝੂ, ਹਉਂਕੇ ,ਕਲਮਾਂ ਦੇਣ ਦੁਹਾਈ ਆ ਬਾਬਾ ਨਾਨਕ ਤੂੰ ਫਿਰ ਤੋਂ ਆਈ।

ਹਰੀ ਪੱਤੀ

ਹਾਲ਼ੇ ਤਾਂ ਹਰੀ ਪੱਤੀ ਹਾਂ ਇੰਝ ਨਾ ਤੂੰ ਝਾੜ ਸਾਨੂੰ ਹੋ ਗਈ ਜ਼ਰਦ ਤਾਂ ਖ਼ੁਦ-ਬ-ਖ਼ੁਦ ਮੇਰੇ ਪੱਤੇ ਝੜਨਗੇ ਕਿੰਨਾ ਧੂੰਆਂ ਸੱਥਰ ਕੀਤਾ ਜੰਮ ਪਈ ਹਾਂ ਦਰ ਤੇਰੇ 'ਤੇ ਜਦ ਖੜੀ ਮੈਂ ਪੈਰਾਂ 'ਤੇ ਇਹ ਲੋਕੀ ਨਾਲ ਮੇਰੇ ਖੜਨਗੇ ਸੁੰਨਸਾਨ ਨੇ ਇਹ ਰਾਹਵਾਂ ਇਕੱਲੀ ਹੀ ਤੁਰ ਪਈ ਹਾਂ ਮੈਂ ਬਣੀ ਜਦ ਪੱਕਾ ਰਾਹ ਲੋਕੀ ਅੱਗੇ ਨਿਕਲਣ ਲਈ ਲੜਨਗੇ ਤਿਤਲੀਆਂ ਨੂੰ ਫੜਨਾ ਤੇ ਮਿੱਟੀਆ 'ਚ ਰੁਲਣਾ ਆਦਤ ਮੇਰੀ ਕੀ ਪਤਾ ਸੀ ਤਿਤਲੀਆਂ 'ਤੇ ਇਲਜ਼ਾਮ ਲੋਕੀ ਮੜਨਗੇ ਜਿਉਂਦੇ ਜੀਅ ਜਿਨ੍ਹਾਂ ਚੋਭਾਂ ਨਾਲ ਮੜ ਦਿੱਤਾ ਤੈਨੂੰ ਵੇਖੀ ਇੱਕ ਦਿਨ ਕਦਰ ਤੇਰੀ ਉਹੀ ਲੋਕੀ ਹੀ ਕਰਨਗੇ।

ਸਮਰੱਥ ਕਲਮ

ਐ ਬੁਰਜੂਆ ਤੂੰ ਖ਼ੌਫ ਦੀਆਂ ਲਕੀਰਾਂ ਖਿੱਚ ਕੇ ਚੁੱਪ 'ਤੇ ਪੈਂਤੜੇ ਨਾ ਅਜ਼ਮਾ ਤੂੰ ਨਹੀਂ ਜਾਣਦਾ ਹਨ੍ਹੇਰਾ ਹੋਰ ਡੂੰਘਾ ਹੋ ਜਾਂਦਾ ਤੇ ਚੁੱਪ ਦਾ ਸ਼ੋਰ ਵੀ ਬੜਾ ਖ਼ੌਫ਼ਨਾਕ ਹੁੰਦਾ ਦਿਲ-ਓ ਦਿਮਾਗ ਦੀ ਲੋਅ ਲਟ ਲਟ ਬਲਦੀ ਆ ਕਦਰਾਂ ਕੀਮਤਾਂ ਦੀ ਹਿਫਾਜ਼ਤ ਕਰਨ ਦਾ ਜਜ਼ਬਾ ਮੁੱਢ ਕਦੀਮਾਂ ਤੋਂ ਹੀ ਹੈ ਸਾਡੇ ਖੂਨ ਅੰਦਰ ਤੇ ਸਮਰੱਥ ਕਲਮ ਸਦਾ ਉਮੀਦ ਨੂੰ ਰੱਖਦੀ ਏ ਜ਼ਿੰਦਾ ਤੇ ਲਗਾਤਾਰ ਸੰਘਰਸ਼ ਦੇ ਰਾਹੇ ਤੋਰਦੀ ਆ।

ਸਾਡੇ ਵੱਲ ਹੋਜਾ

ਸੱਜਣਾ ਤੂੰ ਸਾਡੇ ਵੱਲ ਹੋਜਾ ਮੁਸ਼ਕਿਲ ਦਾ ਕੋਈ ਹੱਲ ਹੋਜਾ ਜਿਸ ਸਦਕੇ ਖਿੜ ਜਾਵੇ ਰੂਹ ਤੂੰ ਐਸੀ ਕੋਈ ਗੱਲ ਹੋਜਾ ਤਪਦੀ ਰੇਤ ਤਰਸਦੀ ਬੂੰਦਾਂ ਨੂੰ ਕਰ ਕ੍ਰਿਪਾ ਜਲ ਥਲ ਹੋਜਾ ਇੱਕ ਵਾਰ ਤੂੰ ਦਰ ਆ ਸਾਡੇ ਫਿਰ ਵੇਖੀ ਮੈਂ ਦਲਦਲ ਹੋਜਾ ਮੈਂ ਤਾਂ ਤੇਰੀ ਅਜ਼ਲਾਂ ਤੋਂ ਤੂੰ ਅੱਜ ਹੋਜਾ ਜਾਂ ਕੱਲ੍ਹ ਹੋਜਾ

ਚੱਲ ਮਿਰੇ ਨਾਲ

ਇੱਕ ਦਿਨ ਉਹ ਮੈਨੂੰ ਆਖਦੀ ਚੱਲ ਮਿਰੇ ਨਾਲ ਤੁਰਿਆ ਆ ਮੇਰੇ ਪਿੱਛੇ ਪਿੱਛੇ ਮੈਂ ਤੁਰ ਪਿਆ ਤੇ ਪੁੱਛਿਆ ਹੋਰ ਕਿੰਨਾ ਕੁ ਅਗਾਂਹ? ਬੱਸ ਤੁਰਿਆ ਹੀ ਆ ਮੈਂ ਤੁਰਦਾ ਰਿਹਾ ਨਾਲ ਨਾਲ ਫੇਰ ਪੁੱਛਿਆ ਕਿੰਨਾ ਕੁ ਹੋਰ ਰਾਹ? ਓਹ ਆਖਦੀ ਜਿੰਨੀ ਦੇਰ ਵਗਦੇ ਨੇ ਸਾਹ ਬੱਸ ਓਨਾ ਕੁ ਅਗਾਂਹ !!

ਇੱਕ ਦਿਨ

ਤੂੰ ਬੀਜ ਕੋਈ ਸੋਖ਼ ਰੰਗ ਮੁਹੱਬਤਾਂ ਦਾ ਮੈਂ ਬਣ ਕਰੂੰਬਲ ਉਗਮ ਆਵਾਂਗੀ ਇੱਕ ਦਿਨ ਤੂੰ ਖੇਡ ਕੋਈ ਬਾਜੀ ਸੁੱਟ ਕੋਈ ਪੱਤਾ ਮੈਂ ਆਪਣੀ ਵਾਰੀ ਪੁੱਗ ਆਵਾਂਗੀ ਇੱਕ ਦਿਨ ਤੂੰ ਲਾ ਕੋਈ ਸੇਕ ਭਾਂਬੜ ਬਣਾ ਦੇ ਮੈਂ ਬਣ ਚਿੰਗਾਰੀ ਸੁਲਗ ਆਵਾਂਗੀ ਇੱਕ ਦਿਨ ਤੂੰ ਥਾਂ ਭਾਵੇਂ ਬੰਜਰਾਂ 'ਚ ਹੀ ਦੇਦੇ ਮੈਂ ਉੱਥੇ ਵੀ ਉਗਮ ਆਵਾਂਗੀ ਇੱਕ ਦਿਨ ਤੂੰ ਮੇਰੇ ਤਸੱਵਰ 'ਤੇ ਲੀਕ ਤਾਂ ਵਾਹ ਮੈਂ ਬੇਰੰਗਿਆਂ ਨੂੰ ਰੰਗ ਆਵਾਂਗੀ ਇੱਕ ਦਿਨ।

ਜੋ ਤੂੰ ਏ

ਜੋ ਤੂੰ ਏ ਉਹ ਤੂੰ ਹੀ ਏ ਤੇਰਾ ਬਦਲ ਵੀ ਤੂੰ ਏ ਤੇਰੇ ਗਰਾਂ ਦੀ ਜੋ ਜੂਹ ਏ ਉੱਥੇ ਵਸੇ ਸੱਜਣਾ ਸਾਡੀ ਰੂਹ ਏ ਵੇਖ ਕਿੰਝ ਖਿੜੀਆਂ ਨੇ ਕਲੀਆਂ ਬਾਗਾਂ ਨੂੰ ਤੇਰੇ ਆਵਣ ਦੀ ਸੂਹ ਏ ਕਦੇ ਹਾਸਿਆਂ ਦੀ ਕਿਲਕਾਰੀ ਫੁੱਟੇ ਨਾ ਕਿਸ ਤਰ੍ਹਾਂ ਬਣਿਆ ਸਾਡਾ ਮੂੰਹ ਏ ਇਸ ਜਨਮ ਰਹਿਣਾ ਪਊ ਰਾਹਾਂ 'ਤੇ ਫਿਰ ਵੀ ਨਾ ਸਮਝੇ ਕੇਹੀ ਸਾਡੀ ਰੂਹ ਏ।

ਮਾਣ -ਏ-ਗੁਰੂ

ਜਦੋਂ ਗਲਤੀ ਨਾਲ ਮੇਰੀ ਸੱਤ ਸਾਲ ਦੀ ਬੱਚੀ ਦੀ ਕਾਪੀ 'ਤੇ ਉਸਦੀ ਅਧਿਆਪਿਕਾ ਤੋਂ ਗਲਤੀਆਂ ਦੀ ਸੁਧਾਈ ਨਾ ਹੋਈ ਮੈਂ ਉਸਨੂੰ ਕਿਹਾ, "ਬੇਟਾ ਇੰਝ ਨਹੀਂ, ਇੰਝ ਕਰ।" ਉਸਨੇ ਉੱਤਰ ਦਿੱਤਾ ਨਹੀਂ, ਮੰਮੀ ਜੀ। ਮੇਰੇ ਮੈਡਮ ਗਲਤ ਨਹੀਂ ਲਿਖਾਉਂਦੇ। ਸੱਚ ਜਾਣਿਉ ਮੈਨੂੰ ਮੇਰੇ ਗੁਰੂ ਹੋਣ 'ਤੇ ਬੜਾ ਮਾਣ ਮਹਿਸੂਸ ਹੋਇਆ ਮੇਰਾ ਅਧਿਆਪਿਕਾ ਹੁੰਦੇ ਹੋਏ ਵੀ ਉਸ ਨੇ ਆਪਣੀ ਅਧਿਆਪਿਕਾ ਦੀ ਗੱਲ ਨੂੰ ਦਰੁਸਤ ਕਿਹਾ।

ਸੁਣ ਕੁੜੀਏ ਨੀ

ਸੁਣ ਕੁੜੀਏ ਨੀ,ਪੁੰਗਰਦੀ ਕਰੂੰਬਲੇ ਨੀ ਤੂੰ ਅੰਬਰਾਂ 'ਤੇ ਕਿੱਕਲੀ ਪਾ ਇਹ ਸਾਰਾ ਹੀ ਜ਼ਮਾਨਾ ਬਣਿਆ ਤੇਰਾ ਹੀ ਦੀਵਾਨਾ ਮੈਂ ਰੂਪ ਦੀ ਮਲਿਕਾ ਨਹੀਂ ਅਕਲਾਂ ਦੀ ਵੀ ਹਾਂ ਵਾਰਿਸ ਤੂੰ ਇਨ੍ਹਾਂ ਨੂੰ ਵਿਖਾ ਸੁਣ ਕੁੜੀਏ ਨੀ ਵੇਖ ਏਸ ਜੱਗ ਦੀ ਹੈ ਰੀਤ ਤੇਰੇ ਜੰਮਣ 'ਤੇ ਮਾਰੇ ਚੀਕ ਨਿਭਾਂਵਦੀ ਏ ਭਾਵੇਂ ਤੂੰ ਆਪਣੇ ਫਰਜ਼ ਮਾਂ,ਭੈਣ,ਪਤਨੀ ਤੇ ਧੀ ਦੇ ਰੂਪ 'ਚ ਫਿਰ ਵੀ ਇਨ੍ਹਾਂ ਨੂੰ ਤਾਂ ਅਸਲੀ ਵਾਰਿਸ ਦੀ ਉਡੀਕ, ਮਾਰਨ ਤੇਰੇ 'ਤੇ ਲੀਕ ਇਨ੍ਹਾਂ ਨੂੰ ਤੂੰ ਆਪਣੀ ਹੈਸੀਅਤ ਵਿਖਾ ਸੁਣ ਕੁੜੀਏ ਨੀ ਨੀ ਤੂੰ ਸਦਾ ਹੱਸਦੀ ਵੀ ਰਹਿ ਆਪਣਿਆਂ ਦੇ ਵਿਹੜੇ ਵੱਸਦੀ ਵੀ ਰਹਿ ਸਮਝਣ ਜੋ ਤੈਨੂੰ ਲੋੜ ਦਾ ਸਮਾਨ ਉਨ੍ਹਾਂ ਨੂੰ ਤੂੰ ਉਨ੍ਹਾਂ ਦੀ ਉਕਾਤ ਵਿਖਾ ਕਦਮਾਂ ਨਾਲ ਕਦਮ ਮਿਲਾ ਕੇ ਬਰਾਬਰਤਾ ਦਾ ਹੱਕ ਜਿਤਾ ਸੁਣ ਕੁੜੀਏ ਨੀ