Punjabi Kavita
  

Punjabi Poetry Ajit Singh Gobindgarhia

ਪੰਜਾਬੀ ਗੀਤ ਕਵਿਤਾਵਾਂ ਅਜੀਤ ਸਿੰਘ ਗੋਬਿੰਦਗੜ੍ਹੀਆ

1. ਸ਼ਮਸ਼ੀਰ

(ਕੋਈ ਕਰਿਸ਼ਮਾ ਸੀ ਕਲਗੀਧਾਰ ਦਾ ਜੋ ਸਿੰਘ ਸਰਦਾਰ ਸਜਾ ਗਿਆ
ਜਿਨ੍ਹਾਂ ਦੇਖਿਆ ਨਾ ਨੰਗੀ ਸ਼ਮਸ਼ੀਰ ਨੂੰ ਹੌਸਲਾ ਭਰ ਹੱਥਾਂ 'ਚ ਤੇਗ਼ ਫੜਾ ਗਿਆ
ਜੋ ਜਿਉਂਦੇ ਸੀ ਮੌਤ ਕੋਲੋਂ ਡਰ ਡਰ ਕੇ ਲਾੜੀ ਮੌਤ ਨੂੰ ਵਿਆਹੁਣਾ ਸਿਖਾ ਗਿਆ
ਘੇਰਾ ਪਾਇਆ ਜਾ ਫੌਜਾਂ ਗੜ੍ਹੀ ਚਮਕੌਰ ਤਾਈਂ ਤਾਂ ਲੱਖਾਂ ਨਾਲ ਚਾਲ਼ੀਆਂ ਨੂੰ ਲੜਾ ਗਿਆ)

ਕੱਚੀ ਗੜ੍ਹੀ ਗੁਰਾਂ ਦੇ ਡੇਰੇ
ਪੈ ਗਿਆ ਘੇਰਾ ਚਾਰ ਚੁਫੇਰੇ
ਪਹਾੜੀ ਰਾਜੇ ਤੁਰਕ ਘਨੇਰੇ
ਘੱਤ ਕੇ ਆਏ ਬਹੀਰਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ
ਸਿੰਘ ਟੁੱਟਪੇ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

ਬਾਈ ਧਾਰ ਦਿਆਂ ਵੈਰ ਕਮਾਇਆ
ਨਾਲ ਵਜੀਦੇ ਹੱਥ ਮਿਲਾਇਆ
ਔਰੰਗੇ ਦਾ ਵੀ ਥਾਪੜਾ ਪਾਇਆ
ਮਾਣ ਲਸ਼ਕਰੀ ਅਮੀਰਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

ਪੌੜੀ ਲਾ ਕੇ ਹੱਥੀਂ ਫੜਨੇ
ਗੁਰੂ ਸਿੱਖਾਂ ਦੇ ਦਿੱਲੀ ਖੜਨੇ
ਗੁਰਾਂ ਪਾਤਾ ਨਾਰ੍ਹ ਖਾਂ ਪੜ੍ਹਨੇ
ਇਨਾਮੀ ਭਾਲੇ ਜਗੀਰਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

ਖਿਜਰ ਖਵਾਜਾ ਗਨੀ ਖਾਂ ਵਰਗੇ
ਜਹਾਨ ਛੱਡਗੇ ਕਈ ਖੁੱਡੇ ਵੜਗੇ
ਤੀਰ ਕਮਾਨੀਂ ਗੋਬਿੰਦ ਦੇ ਚੜ੍ਹਗੇ
ਮੌਤ ਦੀਆਂ ਖਿੱਚਣ ਲਕੀਰਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

(ਪੂੰਛ ਲੱਤਾਂ 'ਚ ਦੇ ਕੇ ਭੱਜਣ ਕੁੱਤੇ ਇੱਕੋ ਦਹਾੜ ਸ਼ੇਰ ਦੀ ਮਾਰਿਆਂ ਤੇ
ਫ਼ਿਤਰਤ ਆ ਵਗਦੇ ਦਰਿਆ ਰੋਕਣੇ ਦੀ ਸਿੰਘ ਬੈਠਦੇ ਨਾ ਟਿਕ ਕੇ ਕਿਨਾਰਿਆਂ ਤੇ
ਤੇਗ਼ਾਂ ਖਿੱਚ ਮਿਆਨੋਂ ਜਾ ਮੈਦਾਨ ਵੜਦੇ ਭਾਰੀ ਪੈਣ ਬਿੱਪਰ ਤੁਰਕਾਂ ਸਾਰਿਆਂ ਤੇ
ਟੁੱਟ ਜਾਣ ਸ਼ਮਸ਼ੀਰਾਂ ਹੌਸਲੇ ਟੁੱਟਦੇ ਨਹੀਂ ਪੰਥ ਨੂੰ ਮਾਣ ਆ ਸਿੰਘਾਂ ਪਿਆਰਿਆਂ ਤੇ)

ਸਿੰਘ ਨਿਕਲੇ ਬਣਾ ਕੇ ਜੱਥੇ
ਧੋਤੀ ਦਲ ਦੇ ਉਡਾਉਂਦੇ ਛੱਕੇ
ਤੁਰਕ ਖਲਾਰਤੇ ਵਾਂਗਰਾਂ ਪੱਤੇ
ਹੁਣ ਤੌਬਾ ਕਰਦੇ ਪੀਰਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

ਅਜੀਤ ਜੁਝਾਰ ਵਾਰਗੇ ਜਾਨਾਂ
ਬਣਾਕੇ ਹੱਡਾਂ-ਰੋੜੀ ਮੁਗਲਾਨਾਂ
ਚਲੀਸੇ ਪੜ੍ਹਣ ਤੇ ਹਿੰਦੂ ਪੁਰਾਨਾਂ
ਕਿ ਰਾਹ ਨਾ ਲੱਭੇ ਕਤੀੜਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

ਖਾਲਸੇ ਜੂਝੇ ਵਾਂਗ ਜੁਝਾਰੂ
ਬਣ ਵਰ੍ਹ ਗਏ ਕਿਆਮਤ ਭਾਰੂ
ਨਾ 'ਗੋਬਿੰਦਗੜ੍ਹੀਆ' ਕਦੇ ਵਿਸਾਰੂ
ਝੁਕਾਵਣ ਜੋ ਤਕਦੀਰਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

ਗੋਬਿੰਦ ਸਿੰਘ ਫੜਨਾ ਕਦੋਂ ਸੁਖਾਲਾ
ਜੋਰ ਆਪਣਾ ਵੈਰੀਆ ਲਾ ਲਾ
ਅਜੀਤ ਸਿੰਘਾ ਫਿਰੇ ਕੱਢਣ ਦਿਵਾਲਾ
ਲਲਕਾਰੇ ਜੋ ਬਲਵੀਰਾਂ ਨੂੰ

ਸਿੰਘ ਜੂਝਣ ਵਿੱਚ ਮੈਦਾਨੇ
ਹੱਥਾਂ ਵਿੱਚ ਲੈ ਸ਼ਮਸ਼ੀਰਾਂ ਨੂੰ

(ਜ਼ੱਰਾ ਜ਼ੱਰਾ ਬਗ਼ਾਵਤ ਦੇ ਨਾਲ ਗੂੰਜੂ ਜਦ ਤਕ ਖਾਲਸੇ 'ਚ ਮੇਰਾ ਜਲਾਲ ਰਹਿਣਾ
ਨਿਕਲ ਜਾਣਗੇ ਚੀਰ ਤੂਫ਼ਾਨਾਂ ਨੂੰ ਤੇ ਜਾਬਰਾਂ ਨੂੰ ਖਾਲਸੇ ਦਾ ਸਵਾਲ ਰਹਿਣਾ)

2. ਸਰਦਾਰਾਂ ਵਾਲੀ ਗੱਲ

(ਜਦੋਂ ਭੀੜ ਕੌਮ ਤੇ ਬਣ ਆਵੇ ਸਿਰ ਤਲੀ ਟਿਕਾ ਹੈ ਹੱਲ ਕਰਦਾ
ਫੇਰ ਰਣ 'ਚ ਤੇਗ਼ਾਂ ਵਾਹ ਵਾਹ ਕੇ ਕਾਲ਼ ਨੂੰ ਵੈਰੀਆਂ ਵੱਲ ਕਰਦਾ
ਪੁੱਤ ਦਸਮੇਸ਼ ਦਾ ਕੋਈ ਬਣੇ ਬਿਰਲਾ ਜੋ ਗੁਰੂਬਚਨਾਂ ਤੇ ਅਮਲ ਕਰਦਾ
ਅਸਲੀ ਸਰਦਾਰ ਤਾਂ ਓਹੀ ਹੈ ਜੋ ਸਰਦਾਰਾਂ ਵਾਲੀ ਗੱਲ ਕਰਦਾ)

ਗੁੜ੍ਹਤੀ ਗੋਬਿੰਦ ਸਿੰਘ ਦੇ ਕੇ ਵੱਖਰੀ ਕੌਮ ਸਜਾ ਦਿੱਤੀ
ਹੱਕ ਸੱਚ ਲਈ ਲੜਣ ਵਾਲੀ ਤਲਵਾਰ ਬਣਾ ਦਿੱਤੀ
ਡਰ ਕੇ ਸੀ ਜੋ ਜਿਉਂਦੇ ਓ ਹੁਣ ਹੱਸ ਕੇ ਮਰਦੇ ਨੇ
ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ

ਥਾਪੜਾ ਲੈ ਕੇ ਸਿੰਘ ਬਚਿੱਤਰ ਹਾਥੀ ਡੱਕਦਾ ਏ
ਮੂੰਹ ਸ਼ੇਰ ਦਾ ਨਲਵਾ ਹੱਥੀਂ ਪਾੜ ਕੇ ਰੱਖਦਾ ਏ
ਸ਼ਾਮ ਸਿੰਘ ਸਭਰਾਂਵਾਂ ਸਿੱਖ ਰਾਜ ਲਈ ਲੜਦੇ ਨੇ
ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ

ਮੁੱਠੀ ਛੋਲੇ ਖਾ ਘੋੜਿਆਂ ਦੀ ਕਾਠੀ ਸੌਂਦੇ ਨੇ
ਹੱਥ ਸਿੰਘਾਂ ਦੇ ਦੇਖ ਕੇ ਨਾਦਰ ਸ਼ਾਹ ਜਿਹੇ ਰੋਂਦੇ ਨੇ
ਦੁੱਰਾਨੀ ਉੱਤੇ ਚੜ੍ਹਤ ਸਿੰਘ ਜੱਸਾ ਸਿੰਘ ਵਰ੍ਹਦੇ ਨੇ
ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ

(ਸਿੰਘ ਬਾਜ ਨੇ ਬਾਜਾਂ ਵਾਲੇ ਦੇ ਬਣ ਸੂਰਜ ਹਨੇਰੇ 'ਚ ਮੱਘ ਜਾਂਦੇ
ਓ ਚੱਟਾਨਾਂ ਪਤਾਸਿਆਂ ਵਾਂਗੂ ਭੋਰ ਦਿੰਦੇ ਜਦੋਂ ਹੱਥ ਸਰਦਾਰਾਂ ਦੇ ਲੱਗ ਜਾਂਦੇ)

ਸਿੰਘ ਅਕਾਲੀ ਫੂਲਾ ਲਾਵੇ ਖਾਨਾਂ ਦਾ ਰਗੜਾ
ਭੜਥੂ ਸੁਹਾਣੇ ਪਾਉਂਦਾ ਬਾਬਾ ਹਨੂਮਾਨ ਤਗੜਾ
ਚਰਖੜੀਆਂ ਤੇ ਸੁਬੇਗ ਸਿੰਘ ਤੇ ਸ਼ਾਹਬਾਜ ਚੜ੍ਹਦੇ ਨੇ
ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ

ਦਿੱਤੀ ਗੁਰੂ ਦੀ ਸਿੱਖਿਆ ਨੂੰ ਇਹ ਤੋੜ ਨਿਭਾਉਂਦੇ ਨੇ
ਵਰਦੇ ਗੋਲ਼ਿਆਂ ਦੇ ਵਿੱਚ ਜਾ ਕੇ ਲੰਗਰ ਲਾਉਂਦੇ ਨੇ
ਜਿੱਥੇ ਕੋਈ ਨਹੀਂ ਖੜਦਾ ਉੱਥੇ ਸਿੰਘ ਹੀ ਖੜਦੇ ਨੇ
ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ

ਪਾਲਿਤ ਜ਼ੋਰਾਵਰ ਕਲਗੀਧਰ ਦਾ ਸਰਸੇ ਲੜਦਾ ਏ
ਚਿਤੌੜਗੜ੍ਹ ਵਿੱਚ ਸਿੱਖੀ ਸ਼ਾਨ ਲਈ ਜੂਝ ਕੇ ਮਰਦਾ ਏ
ਵਾਰਾਂ ਵਿਸਰੇ ਯੋਧਿਆਂ ਦੀਆਂ ਅਜੀਤ ਸਿੰਘ ਘੜਦੇ ਨੇ
ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ

3. ਬਦਲਾ (Revenge) ਸਰਦਾਰ ਊਧਮ ਸਿੰਘ

ਇੱਕੀ ਵਰ੍ਹੇ ਪਿੱਛੇ ਸੀ ਸਬੱਬ ਬਣਿਆ ਫਲ ਭੁਗਤਾਉਣ ਦਾ
ਖੂਨੀ ਕਾਂਡ ਜੱਲਿਆਂ ਦੇ ਬਾਗ਼ ਹੋਏ ਦਾ ਬਦਲਾ ਚੁਕਾਉਣ ਦਾ

ਬੁੱਕ ਵਿੱਚ ਮੌਤ ਖੜੀ ਓ ਡਵਾਇਰ ਦੀ ਸਿਪਾਹੀਆਂ ਕੋਲੋਂ ਬੱਚ ਗਈ
ਜਦੋਂ ਠੋਕਤਾ ਲੰਡਨ ਓ ਡਵਾਇਰ ਸ਼ੇਰ ਨੇ ਹਾਹਾਕਾਰ ਮੱਚ ਗਈ
ਠੋਕਤਾ ਲੰਡਨ ਓ ਡਵਾਇਰ ਸਿੰਘ ਨੇ ਹਾਹਾ ਕਾਰ ਮੱਚ ਗਈ

ਮੌਕਾ ਤਾੜ ਕੋਟ ਵਿੱਚੋਂ ਗਨ ਕੱਢ ਕੇ ਝੱਟ ਫੈਰ ਖੋਲਿਆ
ਚੁੱਕ ਚੁੱਕ ਮਾਰੇ ਕੱਲੀ ਕੱਲੀ ਗੋਲੀ ਨੇ ਉਹਦਾ ਭਾਰ ਤੋਲਿਆ
ਕੈਕਸਟਨ ਹਾਲ ਜਦੋਂ ਫੈਰ ਗੂੰਜ ਗਏ ਓ ਤਰਥੱਲੀ ਮੱਚ ਗਈ
ਜਦੋਂ ਠੋਕਤਾ ਲੰਡਨ ਓ ਡਵਾਇਰ ਸ਼ੇਰ ਨੇ ਹਾਹਾਕਾਰ ਮੱਚ ਗਈ

ਹੈਡਲਾਈਨ ਪੇਪਰਾਂ ਦੀ ਮੁੱਖ ਬਣਗੀ ਫੋਟੋ ਪਹਿਲੇ ਪੰਨੇ ਤੇ
ਅੱਗ ਵਾਂਗੂ ਫੈਲਗੀ ਸੀ ਗੱਲ ਜੱਗ 'ਚ 'ਡਵਾਇਰ ਲੱਗਾ ਬੰਨੇ ਤੇ
ਤਰੇਲੀਆਂ ਲਿਆਤੀਆਂ ਸੀ ਇੰਗਲੈਂਡ ਨੂੰ ਡਰਾ ਕੇ ਰਾਣੀ ਰੱਖਤੀ
ਜਦੋਂ ਠੋਕਤਾ ਲੰਡਨ ਓ ਡਵਾਇਰ ਸ਼ੇਰ ਨੇ

4. ਮੈਨੂੰ ਨਹੀਂ ਗਵਾਰਾ

ਮੈਨੂੰ ਨਹੀਂ ਗਵਾਰਾ,
ਸ਼ਰੀਕੀ ਉਹਨਾਂ ਮਹਿਫ਼ਲਾਂ ਦੀ,
ਜਿੱਥੇ ਮੇਜ਼ਬਾਨ ਰੁਤਬੇ ਤੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਅਜਿਹੇ ਹਮਰਾਜ ਜਿਹੜੇ,
ਜਾ ਪਰਦੇ ਦੁਸ਼ਮਣਾਂ ਕੋਲ ਫੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਨਾਤੇ-ਰਿਸ਼ਤੇ ਨਕਾਬਪੋਸ਼ੀ,
ਜੋ ਮੱਕਾਰੀ ਲਈ ਮੌਕੇ ਟੋਹਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਹੋਣਾ ਮਜ਼ਹਬੀ ਗ਼ੁਲਾਮ,
ਰੱਬ ਦੇ ਡਰਾਵੇ ਜਿੰਦ ਰੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਜ਼ੋਰ ਕੱਟੜਪੰਥੀਆਂ ਦਾ,
ਮਾੜਿਆਂ ਤੇ ਹੱਲਾ ਜਿਹੜੇ ਬੋਲਦੇ ਹੋਣ...

5. ਗੀਤ

(ਬਣ ਸੈਲਾਬ ਸਿੰਘ ਉਭਰਦੇ ਨੇ ਉਦੋਂ, ਪੱਗਾਂ ਸਿੱਖਾਂ ਦੀਆਂ ਗਈਆਂ ਜਦੋਂ ਕਿਤੇ ਰੋਲੀਆਂ...
ਦਮ ਸਦਾ ਭਰਿਆ ਏ ਅਣਖਾਂ ਦਾ ਸੀਨੇ, ਬਹਾਦਰੀ ਤੇ ਹੌਸਲੇ ਨਾਲ ਰੱਖੀ ਹਮਜੋਲੀਆਂ...
ਫ਼ਨਾਹ ਹੁੰਦੇ ਰਹਿਣਗੇ ਅਜਾਦੀ ਖਾਤਰ ਸੂਰਮੇ...ਕੱਲੇ ਕੱਲੇ ਨਾਲ ਤੇ ਬਣਾ ਬਣਾ ਕੇ ਟੋਲੀਆਂ...
ਮੌਤ ਢੁੱਕ ਆਵੇ ਜਿਵੇਂ ਸੱਤੇ ਬੂਹੇ ਪਾੜ ਕੇ...ਲੱਭ ਲੱਭ ਵੈਰੀ ਭੁੰਨੇ ਸਿੰਘਾਂ ਦੀਆਂ ਗੋਲ਼ੀਆਂ...)

ਵੈਰੀ ਅੜਦੇ ਜਦੋਂ ਸ਼ਿਕੰਜੇ...
ਧੌਣੋਂ ਨੱਪਦੇ ਸਿੰਘਾਂ ਦੇ ਪੰਜੇ...
ਕਾਲ ਦੁਸ਼ਟਾਂ ਲਈ ਮੁੱਢੋਂ ਰਾਸ਼ੀ ਫੋਲੀ ਸਿੰਘਾਂ ਦੀ...
ਵੈਰੀ ਲੱਭ ਲੱਭ ਭੁੰਨਦੀ ਆ ਬਈ ਗੋਲੀ ਸਿੰਘਾਂ ਦੀ...

ਗੜਗੱਜ ਬੱਬਰ ਗੱਜ ਉਠਿਆ...
ਝੋਲੀ ਚੁੱਕਾਂ ਦਾ ਕਿੱਲਾ ਪੁਟਿਆ...
ਹਰ ਪੰਨੇ ਸ਼ਹੀਦੀ ਮਿਲਦੀ ਸਾਖੀ ਖੋਲ੍ਹੀ ਸਿੰਘਾਂ ਦੀ...

(ਸ਼ੇਅਰ
ਗੱਜੇ ਵੈਰੀਆਂ ਦੇ ਗੜ੍ਹ ਗੜ੍ਹ ਜਾ ਕੇ ਗੜਗੱਜ ਬੱਬਰ ਅਕਾਲੀ ਸੂਰਾ...
ਗ਼ੱਦਾਰਾਂ ਗੋਰਿਆਂ ਨੂੰ ਜਾ ਬੁੜਕਾਵੇ ਕੌਮੀ ਕਾਜ ਕਰੇ ਰਤਨ ਪੂਰਾ...)

ਕਾਲੇ ਪਾਣੀ ਬਗ਼ਾਵਤਾਂ ਗੰਢਦੇ...
ਜੇਲਰ ਰਤਨ ਬੱਬਰ ਤੋਂ ਕੰਬਦੇ...
ਜੋਸ਼ ਸੀਨੇ ਵਿੱਚ ਭਰਦੀ ਐਸੀ ਬੋਲੀ ਸਿੰਘਾਂ ਦੀ...

ਅਜੀਤ ਸਿੰਘਾ ਸੂਰਮੇ ਗੱਜਦੇ...
ਪਾਪੀ ਕਫ਼ਨਾਂ ਦੇ ਨਾਲ ਕੱਜਦੇ...
ਨਾਲ ਮੌਤ ਦੇ ਰਹਿੰਦੀ ਅੱਖ ਮਚੋਲੀ ਸਿੰਘਾਂ ਦੀ...