Punjabi Poetry : Ahmed Saleem
ਪੰਜਾਬੀ ਕਵਿਤਾ : ਅਹਿਮਦ ਸਲੀਮ
ਲੋਰੀ
(ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੀ ਨਜ਼ਰ) ਸੁੰਝੀਆਂ ਰਾਹਾਂ ਉੱਤੇ ਤੁਰਦੇ ਤੁਰਦੇ ਮੈਨੂੰ ਗੀਤਾਂ ਦੀ ਇੱਕ ਮਾਲਾ ਲੱਭੀ ਮੁੜ ਸੁੰਝੀਆਂ ਰਾਹਾਂ ਸੁੰਝੀਆਂ ਨਾ ਰਹੀਆਂ ਮੁੜ ਅੱਖਾਂ ਦੇ ਮੋਤੀ ਚਾਨਣ ਦੇ ਫੁੱਲ ਬਣ ਗਏ ਮੁੜ ਇੱਕ ਨਾਰ ਦੀ ਸੂਹੀ ਚੁੰਨੀ ਹੰਝੂਆਂ ਦੇ ਸਾਗਰ ਵਿਚ ਤਰਦੀ ਤਰਦੀ ਜਦ ਕੰਢੇ ਤੇ ਆਈ ਆਪਣੇ ਹੱਕ ਲਈ ਉੱਠੀਆਂ ਬਾਹਾਂ ਸੰਗ ਲਹਿਰਾਈ । ਗੀਤਾਂ ਦੀ ਇਹ ਸੁੰਦਰ ਮਾਲਾ ਮੇਰੇ ਸਾਰੇ ਦੁੱਖੜੇ ਵੰਡੇ ਵੇਖ ਨਾ ਸਕੇ ਮੇਰੇ ਪੈਰੀਂ ਕੰਡੇ ਜਿਉਂ ਮਾਂ ਦੀ ਲੋਰੀ ਆਪਣੇ ਹੱਕ ਵਿਚ ਉੱਠੀਆਂ ਬਾਹਾਂ ਹੋਰ ਵੀ ਉੱਚੀਆਂ ਹੋ ਗਈਆਂ ਨੇ ।
ਕੰਧ
ਮੁੜ ਧਰਤੀ ਰੋ ਰੋ ਆਖਦੀ ਤੁਸੀਂ ਸੱਭੇ ਮੇਰੇ ਲਾਲ ਕਿਉਂ ਲਹੂ ਦੀਆਂ ਸਾਂਝਾ ਤੋੜ ਕੇ ਲਾਈਆਂ ਜੇ ਗ਼ੈਰਾਂ ਨਾਲ । ਜਦ ਭਾਈਆਂ ਬਾਝ ਨਾ ਮਜਲਸਾਂ, ਜਦ ਯਾਰਾਂ ਬਾਝ ਨਾ ਪਿਆਰ ਕੀ ਸੋਚ ਕੇ ਤੋੜੇ ਸਾਕ ਜੇ ਕਿਉਂ ਖਿੱਚੀ ਨੇ ਤਲਵਾਰ । ਮੂੰਹ ਮੋੜ ਖੜਾ ਮਹੀਵਾਲ ਵੇ ਲਈ ਮਿਰਜ਼ੇ ਖਿੱਚ ਕਮਾਨ । ਇਕ ਪਾਸੇ ਵਰਕੇ ਗ੍ਰੰਥ ਦੇ ਇਕ ਪਾਸੇ ਪਾਕ ਕੁਰਾਨ । ਅਜੇ ਸੋਹਣੀ ਤਰਸੇ ਪਿਆਰ ਨੂੰ ਅਜੇ ਹੀਰਾਂ ਲੁਕ ਲੁਕ ਰੋਣ ਕਿਉਂ ਐਨੀਆਂ ਭੀੜਾਂ ਪੈਣ ਵੇ ਜੇ ਦੁੱਖ ਸੁੱਖ ਸਾਂਝੇ ਹੋਣ ।
ਲੈਨਿਨ
ਰਾਹਾਂ ਦੇ ਸੌਦਾਗਰ ਲੱਦ ਚੱਲੇ ਮੋਢਿਆਂ ਉੱਤੇ ਮੰਜ਼ਿਲਾਂ ਦੇ ਇਸ਼ਕ ਦਾ ਭਾਰ ਪੈਰਾਂ ਦੀ ਗਰਦਿਸ਼ ਕਰਦੀ ਇਕਰਾਰ ਕੰਬਦਾ ਮਹਿਲਾਂ ਮਾੜੀਆਂ ਦਾ ਝੂਠ ਮੰਦੇ ਪੈਂਦੇ ਸਭੇ ਕੂੜ ਵਪਾਰ । ਰਾਹਾਂ ਦੇ ਸੌਦਾਗਰ ਲੱਦ ਚੱਲੇ ਪੈਰਾਂ ਵਿਚ ਸੰਗਲਾਂ ਦਾ ਗੀਤ ਅੱਖਾਂ ਵਿਚ ਕਰੋੜਾਂ ਅੱਖਾਂ ਦੀ ਪ੍ਰੀਤ ਹੋਠਾਂ ਉੱਤੇ ਅਣਗਿਣਤ ਹੋਠਾਂ ਦਾ ਜਖ਼ਮੀਂ ਰਾਗ ਸੂਹੇ ਦਿਨਾਂ ਦਾ ਵਿਰਾਗ ਇੱਕ ਕੂਕ, ਇੱਕ ਪੁਕਾਰ ਤੇ ਪੜਾਅ ਸੂਲੀਆਂ, ਗੋਲੀਆਂ, ਉੱਖੜੇ ਸਾਹ ਤੇ ਪੜਾਅ ਔਖੀਆਂ ਰਾਹਾਂ ਦੀ ਦਰਗਾਹ । ਇਥੇ ਕੁਰਬਾਨ ਕਰੋ ਇਕਰਾਰਾਂ ਦੀ ਜੀਉਂਦੀ ਜਾਗਦੀ ਕਿਤਾਬ ਇਥੇ ਕੁਰਬਾਨ ਕਰੋ ਉਮਰਾਂ ਦੀ ਕਮਾਈ ਦਾ ਹਿਸਾਬ ਤੇ ਵੰਡੋ ਨਜ਼ਮ ਦੀ ਹਵਾ ਨਾਲ ਵਹਿੰਦੀ ਸੁਗੰਧ ਬਾਗ਼ੀ ਜਵਾਨੀਆਂ ਦੀ ਤੇ ਜੰਗ ਕੋਲੋਂ ਖੋਹ ਕੇ ਮੋੜ ਦਿਓ ਮਾਵਾਂ ਦੀਆਂ ਛਾਤੀਆਂ ਨੂੰ ਭਰਾਵਾਂ ਦੀਆਂ ਬਾਹਵਾਂ ਨੂੰ ਉਹਨਾਂ ਦੀਆਂ ਦੋਸਤੀਆਂ ਉਹਨਾਂ ਦਾ ਪਿਆਰ ਮੰਜ਼ਿਲਾਂ ਦੇ ਇਸ਼ਕ ਦਾ ਭਾਰ ਇੱਕ ਸਾਜ਼ ਤੇ ਆਵਾਜ਼ ਜਿਵੇਂ ਉਹਦੇ ਦੁਖਦੇ ਹੋਂਠ ਦਰਦ ਦੀਆਂ ਮਿਸ਼ਾਲਾਂ ਦਾ ਗੀਤ ਛੂੰਹਦੇ ਤੇ ਉਹਦੀਆਂ ਜਾਗਦੀਆਂ ਅੱਖਾਂ ਵਿਚ ਧਰਤੀ ਮਾਂ ਦੇ ਮਿਹਰ ਦੀ ਅੱਗ ਭੜਕਦੀ ਤੇ ਇਸ ਅੱਗ ਦਾ ਗੀਤ ਅੱਜ ਸਾਰੇ ਜੱਗ ਦਾ ਗੀਤ ਰਾਹੀਆ ਵੇ! ਜੀਉਂਦਾ ਰਹਿਸੀ ਤੇਰਾ ਪਿਆਰ ਤੂੰ ਪੂਰੇ ਕੀਤੇ ਸੱਭੇ ਕੌਲ-ਕਰਾਰ ਮਾਹੀਆ ਵੇ ।
ਇੱਕ ਅਧੂਰਾ ਗੀਤ
ਸਾਡੇ ਕੋਲੋਂ ਖੋਹ ਕੇ, ਸਾਰੇ ਹੱਕ ਇਬਾਦਤ ਵਾਲੇ ਚੰਨ ਜੀ, ਬੁੱਤ ਤੁਹਾਡਾ ਕਾਹਨੂੰ ਓਹਲੇ ਹੋਇਆ । ਸ਼ੀਸ਼ੇ ਵਿਚ ਤਰੇੜ ਪਵੇ ਤਾਂ ਸ਼ੀਸ਼ਾ ਵੇਖਣ ਵਾਲਾ ਆਪਣਾ ਚਿਹਰਾ ਟੁੱਟਿਆ ਹੋਇਆ ਵੇਖੇ ਹੱਥ ਤੁਹਾਡੇ ਮੇਰੇ ਟੁੱਟੇ ਚਿਹਰੇ ਦੀ ਤਕਦੀਰ ਏ ਚੰਨ ਜੀ ਹੱਥ ਅਸਾਡੇ, ਕੰਡੇ, ਸੂਲਾਂ, ਛਾਲੇ । ਥੱਕੇ ਹੋਵਣ ਪੈਰ ਤਾਂ ਡੋਲ ਵੀ ਜਾਂਦੇ ਬੇਖ਼ਬਰੀ ਵਿਚ ਆਪੇ, ਆਪਣੀਆਂ ਸੱਧਰਾਂ ਰੋਲ ਵੀ ਜਾਂਦੇ ਅੱਜ ਉਹਨਾਂ ਨੂੰ ਫਿਰ ਤੁਹਾਡੀ ਮਿਹਰ ਦੀ ਲੋੜ ਏ ਫਿਰ ਹਨ੍ਹੇਰੇ ਦੀ ਛਾਤੀ ਚਾਨਣ ਦੀ ਗੋਰੀ ਮਹਿਕ ਨੂੰ ਤਰਸੇ ਹੁਣ ਇਹੋ ਦਿਲ ਮੰਗੇ ਸ਼ਾਲਾ ਸੁਖੀ ਵੱਸਣ ਗੋਰੇ ਚਾਨਣ ਵਾਲੇ, ਦੁੱਖਾਂ ਦੇ ਪੱਥਰਾਂ ਨਾਲ ਮੱਥਾ ਭੰਨਦੀ ਅਜੇ ਤਾਂ ਖ਼ਲਕਤ ਭੁੱਖ ਦੀ ਕਾਲਖ ਦੇ ਸਾਗਰ ਵਿਚ ਡੁੱਬਦੀ ਅਜੇ ਤਾਂ ਖ਼ਲਕਤ ਨੰਗੇ ਪਿੰਜਰ, ਠਰਦੇ ਪਿੰਡੇ ਅਜੇ ਤਾਂ ਰੋਟੀ ਕੱਪੜੇ ਦੇ ਚਾਨਣ ਨੂੰ ਸਹਿਕਣ ਹੱਥ ਤੁਹਾਡੇ ਇਹਨਾਂ ਦੀ ਤਕਦੀਰ ਚੰਨ ਜੀ ਹੱਥ ਅਸਾਡੇ ਕੀ ਏ? ਆਪਣੇ ਘਰ ਹਨ੍ਹੇਰਾ ਹੋਵੇ ਕੋਈ ਕਿਉਂ ਰਾਹਵਾਂ ਦੇ ਵਿਚ ਦੀਵੇ ਬਾਲੇ ।
ਕੁੜੀਆਂ ਬਾਰੇ
ਕੁੜੀਆਂ ਪਿਆਰ ਕਰਦੀਆਂ ਨੇ ਤੇ ਸਾਰੇ ਸਵਾਲ ਭੁੱਲ ਜਾਂਦੀਆਂ ਨੇ ਸਿਰਫ਼ ਏਨਾ ਯਾਦ ਰੱਖਦੀਆਂ ਨੇ ਕਿ ਉਹ ਨਹੀਂ ਹਨ... ਮਜਬੂਰ ਹੋ ਜਾਣ, ਤੇ ਜ਼ਹਿਰ ਖਾ ਲੈਂਦੀਆਂ ਨੇ ਹੋਰ ਮਜਬੂਰ ਹੋ ਜਾਣ - ਤਾਂ ਨਜ਼ਮਾਂ ਲਿਖਦੀਆਂ ਨੇ ਮਰਨ ਜੋਗੀਆਂ ਬਹਾਦਰੀ ਨਾਲ... ਕੁੜੀਆਂ ਮੂਰਖ ਹੁੰਦੀਆਂ ਨੇ - ਦਿਮਾਗ਼ ਵਿਚ ਨਹੀਂ ਸਿਰਫ਼ ਦਿਲ ਵਿਚ ‘ਆਗ ਕਾ ਦਰਿਆ' ਲਿਖਦੀਆਂ ਨੇ ਪਰ ਉਹਨੂੰ ਝਾਗਣ ਵੀ ਲੱਗ ਪੈਂਦੀਆਂ ਨੇ... ਉਹ ਭਖਦੇ ਕੋਲਿਆਂ ਉੱਤੇ ਟੁਰ ਕੇ - ''ਦਸਤਾਵੇਜ਼'' ਲਿਖਦੀਆਂ ਨੇ ਉੱਤੇ ''ਰਸੀਦੀ ਟਿਕਟ'' ਲਾ ਕੇ ਪਰ ਫੇਰ ਕਰਜ਼ੇ ਦੇ ਸਾਰੇ ਕਾਗ਼ਜ਼ ਭੁੱਲ ਜਾਂਦੀਆਂ ਹਨ... ਮੈਂ ਇਕ ਕੁੜੀ ਨੂੰ ਵੇਖਿਆ - ਉਹ ਯਾਰ ਦੀਆਂ ਬੇਈਮਾਨੀਆਂ 'ਤੇ ਵੀ ਚੁੱਪ ਰਹੀ ਹੁਣ ਨਜ਼ਮਾਂ ਲਿਖਦੀ ਏ... ਤੇ ਦੀਦਾਰ ਮੰਗਦੀ ਏ ਜਿਊਂਣ ਜੋਗੀ ਉਸ ਝੱਲੀ ਨੂੰ ਕੌਣ ਦੱਸੇ ਕਿ ਦੀਦਾਰ ਦੀ ਸਿੱਕ ਖ਼ਰੀਦਣੀ ਪੈਂਦੀ ਏ ਜ਼ਿੱਲਤ ਤੇ ਗ਼ੁਲਾਮੀ ਦੇ ਸਿੱਕਿਆਂ ਨਾਲ ਤੇ ਇਹ ਸਿੱਕੇ ਉਹਦੇ ਪੱਲੇ ਨਹੀਂ ਬੱਝ ਸਕੇ ਕਿ ਉਹ ਦਿਲ ਝੁਕਾ ਸਕਦੀ ਏ, ਸਿਰ ਨਹੀਂ... ਕਿ ਬਹਾਦਰੀ ਤੇ ਹੁਸਨ ਦਾ ਏਹੋ ਅੰਜਾਮ ਹੁੰਦਾ ਏ ਤੇ ਕੁੜੀਆਂ ਸੋਹਣੀਆਂ ਹੁੰਦੀਆਂ ਨੇ ਕੁੜੀਆਂ ਬਹਾਦਰ ਹੁੰਦੀਆਂ ਨੇ ਪਰ ਬਹਾਦਰੀ ਨੂੰ ਕਦੀ-ਕਦੀ ਨੀਂਦਰ ਦੀਆਂ ਗੋਲੀਆਂ ਵੀ ਖਾਣੀਆਂ ਪੈਂਦੀਆਂ ਕਦੀ-ਕਦੀ ਹੁਸਨ ਨੂੰ ਜ਼ਹਿਰ ਵੀ ਫੱਕਣਾ ਪੈਂਦਾ... ਹੁਣ ਉਹਨਾਂ ਦੇ ਮੂੰਹ ਸ਼ਰਮ ਨਾਲ ਲਾਲ ਨਹੀਂ ਹੁੰਦੇ ਦਰਦ ਨਾਲ ਤਰਾਮਾ ਹੋ ਜਾਂਦੇ ਨੇ ਸ਼ਰਮ ਇਕ ਵਾਧੂ ਦੀ ਕਦਰ ਏ ਤੇ ਬੇਸ਼ਰਮੀ ਦੇ ਕੋਈ ਮਾਅਨੇ ਹੀ ਨਹੀਂ ਕੁੜੀਆਂ ਦੇ ਦਿਲ ਵੱਡੇ ਹੁੰਦੇ ਨੇ ਉਹਨਾਂ ਵਿਚ ਉਹ ਕਿੰਨਾ ਕੁਝ ਸਾਂਭ ਕੇ ਰੱਖਦੀਆਂ ਨੇ ਮਹਿਬੂਬ ਦੀ ਯਾਦ, ਮੋਮਬੱਤੀਆਂ ਦੇ ਟੋਟੇ, ਤੇ ਰਾਖ... ਤੇ ਲੋਕਾਂ ਦੇ ਵਾਸਤੇ ਮਿਹਰਬਾਨੀ ਨਰਮ ਤੱਕਣੀ, ਮਿੱਠੇ ਬੋਲ ਤੇ ਇਕ ਜਿਊਂਦਾ ਹਾਸਾ ਤੇ ਇਕ ਬਰਛੀ ਵੀ - ਜਿਹੜੀ ਕਈ ਵਾਰ ਉਹਨਾਂ ਦੇ ਆਪਣੇ ਹੀ ਦਿਲ ਵਿਚ ਉਤਰ ਜਾਂਦੀ ਏ... ਉਹਨਾਂ ਦੇ ਦਿਲ ਸੋਹਣੇ ਹੁੰਦੇ ਨੇ ਪਰ ਉਹਨਾਂ ਦਿਲਾਂ ਦੇ ਜ਼ਖ਼ਮ ਕੋਈ ਨਹੀਂ ਧੋਂਦਾ ਪੱਟੀ ਕੋਈ ਨਹੀਂ ਬੰਨ੍ਹਦਾ (ਮੈਂ ਲਾਲ ਝੰਡਾ ਪਾੜ ਕੇ ਇਕ ਸੋਹਣੇ ਦਿਲ ਨੂੰ ਪੱਟੀ ਬੰਨ੍ਹੀ ਸੀ) ਕਿ ਉਹ ਦਿਲ ਮੇਰੇ ਵਾਸਤੇ ਵੀ ਲੜਿਆ ਸੀ ਕਿ ਉਹ ਇਕ ਬਹਾਦਰ ਕੁੜੀ ਦਾ ਦਿਲ ਸੀ ਤੇ ਕੁੜੀਆਂ ਬਹਾਦਰ ਹੁੰਦੀਆਂ ਨੇ ਕੁੜੀਆਂ ਸੋਹਣੀਆਂ ਹੁੰਦੀਆਂ ਨੇ...
ਹਾਰਟ ਅਟੈਕ
ਮੇਰੀ ਘੜੀ ਦੀ ਚੇਨ ਟੁੱਟੀ ਹੋਈ ਏ ਤੇ ਮੈਂ ਉਹਨੂੰ ਖੱਬੇ ਬੋਝੇ ਵਿਚ ਰੱਖਦਾ ਵਾਂ ਦਿਲ ਦੇ ਠੀਕ ਉੱਤੇ ਤੇ ਉਹ ਟਿਕ ਟਿਕ ਟਿਕ ਟਿਕ ਸਾਹ ਲੈਂਦੀ ਏ ਹੁਣ ਕਦੀ ਦਿਲ ਟਿਕ ਟਿਕ ਕਰਦਾ ਏ ਕਦੀ ਘੜੀ ਧੱਕ ਧੱਕ ਤੇ ਸਭ ਕੁਝ ਗੱਡ ਮੱਡ ਹੋ ਜਾਂਦਾ ਏ ਇਕ ਵਾਰ ਮੇਰੇ ਦਿਲ ਦੀ ਹਰਕਤ ਬੰਦ ਹੋ ਗਈ ਪਰ ਮੈਂ ਜਿਊਂਦਾ ਰਿਹਾ ਮੈਨੂੰ ਯਕੀਨ ਸੀ ਮੈਂ ਨਹੀਂ ਮਰਿਆ ਘੜੀ ਬੰਦ ਹੋ ਗਈ ਏ।
ਅਦਾਕਾਰ ਫ਼ਲਾਪ ਹੋ ਜਾਂਦੇ ਨੇਂ
ਅਦਾਕਾਰ ਫ਼ਲਾਪ ਹੋ ਜਾਂਦੇ ਨੇਂ ਉਹ ਅਦਾਕਾਰੀ ਕਰਦੇ ਨੇ ਤੇ ਫੜੇ ਜਾਂਦੇ ਨੇਂ ਉਨ੍ਹਾਂ ਦਾ ਸਾਹ ਉੱਖੜ ਜਾਂਦਾ ਏ ਤੇ ਉਹ ਫੜੇ ਜਾਂਦੇ ਨੇਂ ਸੀਨੇ ਵਿਚ ਪੀੜ ਲਹਿਰ ਆਉਂਦੀ ਏ ਤੇ ਹੰਝੂਆਂ ਦੀ ਕੰਧ ਡਿੱਗਦੀ ਏ ਚਿੱਥੀਆਂ ਹੋਈਆਂ ਉਂਗਲਾਂ ਉੱਤੇ ਜਦੋਂ ਵਸਾਹ ਦੀ ਜੋਤ ਬੁੱਝ ਜਾਂਦੀ ਏ ਸੱਜਣ ਦਿਆਂ ਨੈਣਾਂ ਵਿਚ ਉਹ ਫੜੇ ਜਾਂਦੇ ਨੇ ਉਹ ਵਧੀਆ ਅਦਾਕਾਰ ਹੁੰਦੇ ਨੇਂ ਉਹ ਹੰਝੂ ਕੇਰਦੇ ਨੇਂ, ਬਿਨਾਂ ਗਲੈਸਰੀਨ ਦੇ ਤੇ ਐਕਟ ਕਰਦੇ ਨੇਂ, ਸੱਜਣ ਦੀ ਪੀੜ ਨੂੰ ਜਿਵੇਂ ਸੱਚੀ ਮੁੱਚੀਂ ਦਾ ਨਿੱਜ ਹੀ ਹੋਵੇ ਤਰੇਹ ਨਾਲ਼ ਉਨ੍ਹਾਂ ਦੇ ਹੋਠ ਪਾਟ ਜਾਂਦੇ ਪਰ ਉਹ ਫੜੇ ਜਾਂਦੇ ਨੇ। ਫ਼ਿਰ ਇਕ ਦਿਨ , ਉਹ ਹੱਸਦੇ ਤੇ ਹਸਾਉਂਦੇ ਨੇ ਪਰ ਫੜੇ ਨਹੀਂ ਜਾਂਦੇ ਉਨ੍ਹਾਂ ਦੇ ਅੰਦਰ ਵੱਜਦੇ ਨੇਂ ਕੱਚ ਦੇ ਘੁੰਗਰੂ ਤੇ ਟੋਟੇ ਟੋਟੇ ਕਰ ਜਾਂਦੇ ਨੇ ਦਿਲ ਨੂੰ ਪਰ ਉਹ ਹੱਸਦੇ ਹੀ ਰਹਿੰਦੇ ਨੇ ਖ਼ੌਰੇ ਹਯਾਤੀ ਦੀ ਫ਼ਲਾਪ ਫ਼ਿਲਮ ਦੇ ਇਹ ਐਕਟਰ ਅਸਲ ਵਿਚ ਮਖੌਲੀਏ ਹੁੰਦੇ ਨੇ ਕਿਉਂ ਜੇ ਕਾਮੇਡੀ ਦੇ ਰੋਲ਼ ਵਿਚ ਕੋਈ ਨਹੀਂ ਵੇਖ ਸਕਦਾ ਉਨ੍ਹਾਂ ਦੇ ਦਿਲ ਵਿਚੋਂ ਵਗਦੇ ਲਹੂ ਨੂੰ ਤੇ ਟੋਟੇ ਟੋਟੇ ਹੁੰਦੇ ਦਿਲ ਨੂੰ।
ਗੁਰੂ ਨਾਨਕ
ਸੁੰਝੀਆਂ ਰਾਹਵਾਂ ਉਤੇ ਟੁਰਦੇ ਰਾਹੀ ਭਟਕ ਰਹੇ ਸਨ ਰਾਹ ਦੱਸਣ ਨੂੰ ਅੰਬਰੋਂ ਕੋਈ ਨਾ ਲੱਥਾ ਲੇਖਾਂ ਸੜਿਆ ਮੱਥਾ ਪਿੱਟ ਪਿੱਟ ਮੋਈਆਂ ਰੱਬੀ ਨੂਰ ਦਾ ਬਾਗ਼ ਕਿਤੇ ਨਾ ਖਿੜਿਆ ਅੰਬਰਾਂ ਤੇ ਰੌਲ਼ਾ ਮਚਿਆ ਸਾਡੇ ਚਾਨਣ ਬਾਝੋਂ ਧਰਤੀ ਸੁੰਝ ਮਸੁੰਝੀ ਸਾਡੀ ਰਹਿਮਤ ਬਾਝੋਂ ਪਿਆਰ ਦੇ ਸਾਰੇ ਬੂਟੇ ਸੁੱਕੇ ਜਾਣੇ। ਸੁੰਝੀਆਂ ਰਾਹਵਾਂ ਉਤੇ ਟੁਰਦੇ ਰਾਹੀ ਭਟਕ ਰਹੇ ਨੇਂ ਅੰਬਰਾਂ ਦੀ ਗੱਲ ਸਾਨੂੰ ਮੰਦੀ ਲੱਗੀ ਜਿਸ ਨੂੰ ਪਿਆਰ ਤੇ ਚਾਨਣ ਦੇ ਫੁੱਲ ਸਾਥੋਂ ਅੱਗੇ ਉਹ ਸਾਡਾ ਕੀ ਲੱਗੇ ਜਿਸਦੇ ਨਰਕ ਸਵਰਗ ਵੀ ਖੁੱਲ੍ਹੀ ਸੌਦੇਬਾਜ਼ੀ ਇਕ ਦਿਨ ਅੰਬਰਾਂ ਦਾ ਇਹ ਹਾਸਾ ਸਾਡੀ ਧਰਤੀ ਮਾਂ ਦੇ ਕੰਨੀਂ ਵੱਜਿਆ ਮੇਰੇ ਪੰਜ ਦਰਿਆ, ਪੰਜ ਨੈਣ ਨੀ ਮੇਰੇ ਮੇਰੇ ਬੱਚਿਆਂ ਨੂੰ ਚਾਨਣ ਦੀ ਥੋੜ ਨਾ ਕੋਈ ਜਿਸ ਮਿੱਟੀ ਨੂੰ ਅੰਬਰੀ ਧੂੜ ਦੀ ਲੋੜ ਨਾ ਕੋਈ ਨਰਕ ਸੁਵਰਗ ਦੇ ਝੇੜੇ ਕਿਹੜਾ ਪਾਲੇ ਪਿਆਰ ਦਾ ਸੱਚਾ ਸੌਦਾ ਸਭ ਤੋਂ ਚੰਗਾ ਅੰਬਰਾਂ ਦੇ ਭੀੜੇ ਬੂਹੇ ਨੂੰ ਕਿਹੜਾ ਛੋਹੇ ਦਿਲ ਦਾ ਖੁੱਲ੍ਹਾ ਡੁੱਲ੍ਹਾ ਬੂਹਾ ਸਭ ਤੋਂ ਚੰਗਾ ਦੁਖੀਆ ਸਭ ਸੰਸਾਰ, ਦੀ ਰਾਹੇ ਪੈ ਕੇ ਦੁੱਖ ਦੇ ਕੰਡੇ ਚੁਣੀਏ ਓੜਕ ਸੱਚ ਰਹੇ, ਦੀ ਸਾਂਝੀ ਵੰਝਲੀ ਇਕ ਦੂਜੇ ਤੋਂ ਸੁਣੀਏ ਰਾਣੀ ਮਾਂ ਦੀ ਪਾਟੀ ਹਿੱਕੜੀ ਨਾਨਕ ਨਾਨਕ ਕੂਕ ਰਹੀ ਏ।
ਸ਼ਾਇਰ
ਆ ਪਿਆਰ ਕਰੀਏ ਫੁੱਲਾਂ ਨੂੰ ਮਾਂ ਦੀਆਂ ਦੁੱਧਲ ਛਾਤੀਆਂ ਨੂੰ ਕਿ ਬੰਦੇ ਦੀ ਹਯਾਤੀ, ਇਨ੍ਹਾਂ ਚਸ਼ਮਿਆਂ ਦੇ ਰਸ ਨਾਲ਼ ਜੁੜੀ ਹੋਈ ਕੂਲੀਆ ਜਵਾਨ ਬਾਹਾਂ ਨੂੰ ਬਾਲ ਦੇ ਕੂਲੇ ਰੇਸ਼ਮੀ ਹੱਥਾਂ ਨੂੰ ਕਣਕ ਦੇ ਜਵਾਨ ਸਿੱਟਿਆਂ ਨੂੰ ਆ ਪਿਆਰ ਕਰੀਏ ਥਾਂ ਥਾਂ ਪਾਟੀ ਹੋਈ, ਲੂਸੀ ਹੋਈ, ਵੰਡੀ ਹੋਈ ਧਰਤੀ ਨੂੰ ਅਮਨ ਦੀ ਕਿਤਾਬ ਨੂੰ ਜਿਹੜੀ ਵਰਕਾ ਵਰਕਾ ਉੱਧੜਦੀ ਪਈ ਨਾਰੀ ਦੇ ਸਾਗਰ ਪਿੰਡੇ ਨੂੰ ਵੈਰਾਗ ਨੂੰ, ਰਾਗ ਨੂੰ ਸਮੁੰਦਰ ਦੇ ਝੱਲ ਪੁਣੇ ਨੂੰ ਸੱਚ ਦੇ ਕਾਲੇ ਚਿਹਰੇ ਨੂੰ ਹੋਂਠਾਂ ਦੇ ਪਾਟੇ ਕਾਗਤ ਨੂੰ ਕਲਮ ਦੀ ਤਿੱਖੀ ਮੁਸਕਾਨ ਨੂੰ ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ ਏ ਤੇ ਉਹ ਆਪਣੀ ਸੱਜਰੀ ਕਵਿਤਾ ਗੁਣਗੁਣਾ ਰਿਹਾ ਗਾ ਰਿਹਾ, ਗਾਈ ਜਾ ਰਿਹਾ।
ਮਾਸੀ ਜੰਨਤੇ
ਮਾਸੀ ਜੰਨਤੇ ਲੁਕ ਲੁਕ ਕੇ ਤੂੰ ਗ੍ਰੰਥ ਦਾ ਪਾਠ ਕਰੇਂਦੀ ਬੁੱਢੀ ਹੋ ਗਈ ਏਂ ਐ ਹਨ੍ਹੇਰੀ ਕੋਠੜੀ ਤੇਰੀ ਕਬਰ ਏ ਜਾਂ ਗੁਰਦੁਆਰਾ ਮਾਸੀ ਮੈਂ ਇਕ ਮੁਸਲੇ ਦੇ ਘਰ ਜੰਮਿਆ ਆ ਤੇਰੀ ਪੀੜ ਲਿਖਾਂ ਛੋਹਰਾ ਇਥੇ ਇਕ ਗਰਾਂ ਗੋਬਿੰਦਪੁਰਾ ਵਸਦਾ ਸੀ ਹੁਣ ਉਹ ਛੱਬੀ ਚੱਕ ਇਸਲਾਮਾਬਾਦ ਸਦੀਂਦਾ ਦੋ ਕੋਹ ਨਾਲ ਨਿਆਣਾ ਗੋਂਦਲ ਇਕ ਹੋਰ ਲੋਕ ਸਦੀਂਦਾ ਜਿੱਥੇ ਤੇਰਾ ਦਾਦਾ ਮੀਆਂ ਫਜ਼ਲ ਕਰੀਮ ਬਜਾਜੀ ਵਾਲਾ ਰਹਿੰਦਾ ਸੀ ਉਹ ਬੜਾ ਸਾਊ ਮਰਦ ਸੀ ਗ੍ਰੰਥ ਕੁਰਾਨ ਦੇ ਵਿਤਕਿਰਆਂ ਤੋਂ ਭੱਜਦਾ ਪੰਜ ਵਕਤ ਨਮਾਜ਼ੀ ਬੜਾ ਸਾਊ ਬੰਦਾ ਸੀ ਉਹ ਜਿਸ ਦਿੰਹ ਤੇਰੇ ਦਾਦੇ ਅੱਖੀਂ ਨੂਟੀਆਂ ਡਾਢੀ ਕਹਿਰਾਂ ਦੀ ਹਨ੍ਹੇਰੀ ਝੁੱਲੀ ਅਸਮਾਨਾਂ ਤੋਂ ਲਹੂ ਦੇ ਬੱਦਲ ਵੱਸੇ ਜ਼ਿੰਮੀ ਲਾਸ਼ਾਂ ਜੰਮੀਆਂ ਤੇ ਵਿਹੰਦਿਆਂ ਵਿਹੰਦਿਆਂ ਗੋਬਿੰਦਪੁਰਾ ਛੱਬੀ ਚੱਕ ਇਸਲਾਮਾਬਾਦ ਬਣ ਗਿਆ ਤੇ ਛੋਹਰਾ ਮੈਂ ਆਪਣੀ ਭੋਇੰ ਨਾਲ ਬੱਧੀ ਹੋਈ ਰਾਜ ਕੌਰ ਤੋਂ ਜੰਨਤ ਬੀਬੀ ਹੋ ਗਈ ਪਰ ਢਿੱਡੋਂ ਸਿੱਖ ਸਿਦਕ ਛੋੜ ਨਾ ਸੱਕੀ ਮੇਰਾ ਪੁੱਤਰ ਈਸ਼ਰ ਸਿੰਆਂ ਤੋਂ ਇਲਮਦੀਨ ਬਣਿਆ ਤੇ ਅੱਜ ਇਲਮੇ ਦੀ ਧੀ ਮੇਰੀ ਪੋਤਰੀ ਆਂਹਦੀ ਏ ਦਾਦੀ ਮੈਂ ਕੋਈ ਨੀ ਸਰਦਾਰਾਂ ਬੀਬੀ ਬਣ ਕੇ ਰਹਿਣਾ ਮੈਨੂੰ ਗੁਰਦੁਆਰੇ ਜਾ ਕੇ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਪੁੱਤਰਾ ਤੂੰ ਈ ਝੱਲੀ ਕੁੜੀ ਨੂੰ ਸਮਝਾ ਭੈੜੀ ਕਿਹੋ ਜਿਹੀ ਗੱਲਾਂ ਪਈ ਕਰਦੀ ਏ ਹੁਣ ਗੁਰਦੁਆਰਾ ਕਾਈਂ ਦਾ ਤੇ ਪੈਂਦਾ ਅੱਜ ਉਥੇ ਪਾਰੋਂ ਆਏ ਮੁਸਲਮਾਨਾਂ ਦੇ ਟੱਬਰ ਰਹਿੰਦੇ ਵਿਚੇ ਮੱਝੀਂ ਗਾਈ ਹੱਗਦੀਆਂ-ਮੂਤਦੀਆਂ ਭੈਣੇ ਚੱਲ ਇਕ ਨਵੀਂ ਇਬਾਦਤਗਾਹ ਬਣਾਈਏ ਤੇਰਾ ਭਰਾ ਅਹਿਮਦ ਇਕ ਮੁਸਲੇ ਖੋਜੇ ਮੁਹੰਮਦ ਸ਼ਰੀਫ਼ ਦਾ ਪੁੱਤਰ ਮੀਏਂ ਫਜ਼ਲ ਕਰੀਮ ਦਾ ਪੋਤਰਾ ਅੱਜ ਆਪਣੇ ਲਹੂ ਦੇ ਮਿੱਟੀ ਗਾਰੇ ਨਾਲ ਨਵੇਂ ਇਬਾਦਤਗਾਹ ਦੀ ਉਸਾਰੀ ਕਰਸੀ ਸੋਹਣੇ ਰੱਬ ਦਾ ਦਿਲ ਜਿਤੇਸੀ ਸਿੱਖ ਕੁੜੀ ਆਪਣੇ ਮੁਸਲਮਾਨ ਭਰਾ ਦੀ ਛਾਤੀ 'ਤੇ ਸਿਰ ਰੱਖ ਕੇ ਕੁਰਲਾ ਪਈ ਮੇਰਾ ਰੱਬ ਤੇਰੇ ਅੰਦਰ ਪਿਆ ਵਸਦਾ ਵੀਰਾ ਮੇਰਾ ਗੁਰਦੁਆਰਾ ਤੇਰੀ ਨਿੱਘੀ ਛਾਤੀ ਮੈਨੂੰ ਹੋਰ ਕਿਸੇ ਗੁਰਦੁਆਰੇ ਦੀ ਲੋੜ ਨਹੀਓਂ ਭਰਾਵਾ ਤੇ ਅਹਿਮਦ ਆਂਹਦਾ ਪਾਰ ਜੇ ਕਿਸੇ ਸਿੰਘ ਦੀ ਛਾਤੀ ਵਿਚ ਕਿਸੇ ਸਕੀਨਾ ਦਾ ਰੱਬ ਵੱਸਣ ਲੱਗ ਜਾਵੇ ਤਾਂ...! ਲਿੱਪੀਅੰਤਰ: ਸੁਰਿੰਦਰ ਸੋਹਲ
ਅੰਮ੍ਰਿਤਾ ਪ੍ਰੀਤਮ ਵਾਸਤੇ
ਚੋਲਾ ਦਿਲਾਂ ਦਾ ਲੀਰੋ ਲੀਰ ਐਧਰ ਓਸ ਪਾਸੇ ਵੀ ਜਿੰਦ ਬੇਹਾਲ ਫਿਰਦੀ। ਸੂਹੇ ਜੋੜੇ ਨੂੰ ਓਥੇ ਵੀ ਤਾਪ ਚੜ੍ਹਦਾ ਕੋਈ ਐਥੇ ਵੀ ਖੋਲ੍ਹ ਕੇ ਵਾਲ ਫਿਰਦੀ ਤੇਰੇ ਪਿੰਡ ਵੀ ਚੂੜੀਆਂ ਟੁੱਟਦੀਆਂ ਨੇ ਮੇਰੇ ਚੱਕ ਵੀ ਹੋਠਾਂ ਦੇ ਫੁੱਲ ਵਿਕਦੇ। ਓਸ ਨਗਰ ਵੀ ਰੁਲਦਾ ਏ ਪਿਆਰ ਤੇਰਾ ਮੇਰੇ ਸਾਹ ਇਸ ਨਗਰ ਵੀ ਮੁੱਲ ਵਿਕਦੇ। ਸੀਤੇ ਜਾਂਦੇ ਨੇ ਐਥੇ ਵੀ ਬੁੱਲ੍ਹ ਕਿੰਨੇ ਕਿੰਨੇ ਸੂਲੀ ਨੂੰ ਓਥੇ ਵੀ ਚੁੰਮ ਲੈਂਦੇ। ਮੇਰੇ ਮਨ ਦੀ ਸੱਸੀ ਵੀ ਰੋਜ਼ ਮਰਦੀ ਤੇਰੇ ਪੁੰਨਣ ਵੀ ਨਿੱਤ ਕਫ਼ਨ ਪੈਂਦੇ। ਕਦੋਂ ਵਿੱਥਾਂ ਨੂੰ ਇਸ਼ਕ ਦੀ ਸਾਰ ਹੁੰਦੀ ਕਿਸੇ ਕੰਧ ਨੂੰ ਹੁਸਨ ਦੀ ਪੀੜ ਕਿੱਥੇ ! ਪਾਟੀ ਚੁੰਨੀ ਦੇ ਵਾਂਗ ਹੈ ਦੁੱਖ ਸਾਡਾ ਇਕ ਲੀਰ ਕਿੱਥੇ, ਦੂਜੀ ਲੀਰ ਕਿੱਥੇ ! ਲਿੱਪੀਅੰਤਰ: ਸੁਰਿੰਦਰ ਸੋਹਲ
ਸਆਦਤ ਹਸਨ ਮੰਟੋ ਦੇ ਨਾਂ
ਮੈਨੂੰ ਮੇਰਾ ਅੱਖਰ ਅੱਖਰ ਮੋੜ ਦਿਓ ਨਫ਼ਰਤ ਦੇ ਮੁੱਲ ਮੈਂ ਜੋ ਸੱਚ ਦਾ ਸੌਦਾ ਕੀਤਾ ਉਹ ਮੈਨੂੰ ਮਨਜ਼ੂਰ ਨਹੀਂ ਸੱਚ ਨਾਲੀ ਵਿਚ ਡਿਗਿਆ ਕੋਈ ਸ਼ਰਾਬੀ ਹੋ ਸਕਦਾ ਏ ਤੇ ਸੂਲੀ ਤੇ ਟੰਗਿਆ ਮਾਹੀ ਪਲ ਵੀ ਤੇ ਵਿਕਦੇ ਹੋਏ ਮਾਸ ਦਾ ਜ਼ਖ਼ਮੀ ਪਰਛਾਵਾਂ ਵੀ ਤੇ ਜਦ ਕੋਈ ਮਰਦ ਕਿਸੇ ਔਰਤ ਦਾ ਮੁੱਲ ਭਰਦਾ ਏ ਰਿਸ਼ਤੇ ਨਾਲੀ ਵਿਚ ਮੂੰਹ ਪਰਨੇ ਡਿੱਗ ਪੈਂਦੇ ਨੇ ਮੈਥੋਂ ਆਪਣੀ ਨਫ਼ਰਤ ਲੈ ਲਓ ਤੇ ਮੇਰਾ ਸੱਚ ਮੈਨੂੰ ਮੋੜ ਦਿਓ ਮੈਂ ਗਾਲੀ ਦਿੱਤੀ ਨਹੀਂ ਸੁਣੀ ਏਂ ਮੈਂ ਜਿਸਮਾਂ ਦੀ ਭੁਰਦੀ ਕੰਧ 'ਚੋਂ ਸਿੰਮਦੇ ਲਹੂ ਨੂੰ ਪੀਤਾ ਨਹੀਂ ਲਿਖਿਆ ਏ...! ਲਿੱਪੀਅੰਤਰ: ਸੁਰਿੰਦਰ ਸੋਹਲ
ਜਦੋਂ ਕਵਿਤਾ ਲਿਖਣਾ ਨਾਮੁਮਕਿਨ ਹੁੰਦਾ ਏ
ਜਦ ਯਾਰ ਦੀ ਤਲ਼ੀ ਉੱਤੇ ਤੁਹਾਡਾ ਨਾਂ ਬਚ ਜਾਵੇ ਸੁਆਹ ਹੋਣ ਤੋਂ ਵੀ ਇਸ ਵੇਲੇ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ ਬੰਦਾ ਫੁੱਲ ਦੀ ਮੌਤ ਤੇ ਕਵਿਤਾ ਲਿਖ ਸਕਦਾ ਏ ਪਰ ਜਦੋਂ ਗੁਲਾਬ ਨੂੰ ਮਧੋਲ਼ ਕੇ ਸੁੱਟ ਦਿੱਤਾ ਜਾਵੇ ਤੇ ਉਹਦੇ ਵਿਚੋਂ ਲਹੂ ਵੀ ਨਾ ਵਗੇ ਉਹਨਾਂ ਕਾਤਲ ਪਲਾਂ ਵਿਚ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ ਬੰਦਾ ਕਵਿਤਾ ਲਿਖ ਸਕਦਾ ਏ ਜਦ ਸਮਾਜੀ ਇਨਸਾਫ਼ ਦਾ ਜੰਗ ਹਾਰਿਆ ਜਾਵੇ ਪਰ ਜਦੋਂ ਦਿਲ ਤੋਂ ਦੁਨੀਆ ਤਾਈਂ ਕੋਈ ਜੰਗ ਹੀ ਨਾ ਹੋਵੇ ਇਸ ਵੇਲੇ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ ਬੰਦਾ ਕਵਿਤਾ ਲਿਖਦਾ ਏ ਜਦੋਂ ਯਾਰ ਬੇਵਫ਼ਾਈ ਕਰੇ ਯਾਂ ਕੋਈ ਦਿਲ ਦੀ ਸੰਝ ਨੂੰ ਹੰਝੂਆਂ ਨਾਲ਼ ਭਰੇ ਪਰ ਜਦ ਯਾਰ ਸੱਚਾ ਹੋਵੇ ਤੇ ਅਪਣਾ ਨਾਂ ਪੱਥਰ ਰੱਖ ਲਵੇ ਬੱਸ ਆਪਣੇ ਦਿਲ ਦੀ ਸੰਝ ਵਿਚ ਕਲਾ ਮਰੇ ਉਨ੍ਹਾਂ ਬੇਦਰਦ ਪਲਾਂ ਵਿਚ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ ਅਸਾਂ ਅਣਗਿਣਤ ਗੀਤ ਲਿਖੇ ਦਰਦ ਦੇ, ਬੇਦਰਦੀ ਦੇ, ਮੌਤ ਦੇ ਪਰ ਜਦ ਕੁੱਝ ਵੀ ਬਾਕੀ ਨਾ ਰਵੇ ਤਾਂ ਕਵਿਤਾ ਲਿਖਣਾ ਨਾ ਮੁਮਕਿਨ ਹੁੰਦਾ ਏ
ਤੇਰੇ ਹੱਥਾਂ ਲਈ ਇਕ ਗਾਵਣ
ਤੇਰੇ ਹੱਥਾਂ ਦੇ ਕੋਰੇ ਕਾਗਤ ਉੱਤੇ ਮੈਂ ਦਸਤਖ਼ਤ ਕੀਤੇ ਤੇ ਜ਼ੁਲਮ ਦੇ ਹੱਥੋਂ ਸਾਹ ਹਾਰਦੇ ਹਰ ਬੰਦੇ ਨੂੰ ਦਿਲ ਦਾ ਕਫ਼ਨ ਦਿੱਤਾ ਤੇਰੀ ਤਲ਼ੀ ਉੱਤੇ ਮੇਰੀਆਂ ਅੱਖਾਂ ਦੀਵੇ ਬਣ ਗਈਆਂ ਤੇ ਜਿਵੇਂ ਹਨੇਰਾ ਮੁੱਕ ਗਿਆ ਹੋਵੇ ਗ਼ਰੀਬ ਬਸਤੀਆਂ ਦੇ ਕਾਲੇ ਪਲਾਂ ਦਾ ਮੈਂ ਤੇਰਾ ਹੱਥ ਫੜ ਕੇ ਟੁਰਿਆ ਤੇ ਇਕ ਭੁੱਖ ਮਰਿਆ ਬਾਲ ਮੁਸਕਰਾਇਆ ਆਪਣੀ ਮਾਂ ਦੀ ਝੋਲ਼ੀ ਵਿਚ ਤੇਰਾ ਪਿਆਰ ਮਨਸ਼ੂਰ ਏ ਹਾਰੇ ਦਿਲਾਂ ਦਾ ਤੇ ਤੇਰਾ ਪਿਆਰ ਇਕ ਗਾਵਣ ਏ ਮਰਦੇ ਹੋਂਠਾਂ ਦਾ ਤੇ ਤੇਰਾ ਪਿਆਰ ਇਕ ਤਾਰਾ ਏ ਹਨੇਰੀਆਂ ਰਾਤਾਂ ਅੰਦਰ ਭਟਕ ਜਾਣ ਵਾਲੇ ਪੈਰਾਂ ਲਈ ਤੇ ਤੇਰਾ ਪਿਆਰ ਇਕ ਬਾਰੀ ਬੰਦੀ ਖ਼ਾਨੇ ਦੇ ਇਕਲਾਪੇ ਵਿਚ ਪਏ ਸੰਗੀਆਂ ਲਈ ਤੇਰਾ ਪਿਆਰ , ਦਰਦਮੰਦੀ ਸਾਰੀ ਇਨਸਾਨ ਜ਼ਾਤ ਲਈ ਤੇ ਤੇਰੇ ਹੱਥਾਂ ਦੇ ਕੋਰੇ ਕਾਗਤ ਉੱਤੇ ਛੂਹ ਮੇਰੇ ਹੱਥ ਦੀ ਤੇ ਛੂਹ ਸਾਰੇ ਜੱਗ ਦੀ
ਸਜ਼ਾ
ਸਾਡੀ ਦੋਸਤੀ ਦੀ ਲਾਸ਼ ਦੋ ਦੇਸਾਂ ਦੀ ਸਰਹੱਦ ਤੇ ਇਕ ਨੰਗਾ ਨਾਚ ਨੱਚਦੀ ਪਈ ਏਸ ਲਾਸ਼ ਦਾ ਸੋਨੇ ਵਿੰਨ੍ਹਾ ਪਿੰਡਾ ਸੈਂਸਰ ਦੀਆਂ ਭੁੱਖੀਆਂ ਨਜ਼ਰਾਂ ਨਾਲ਼ ਵਿੰਨ੍ਹਿਆ ਜਾ ਰਿਹਾ ਹਵਾ ਦੇ ਵੈਣ ਇਧਰ ਉਧਰ ਕਰ ਲਾਰ ਹੈ ਤੇ ਕੋਈ ਚੈਕ ਹਵਾ ਦੇ ਹੋਂਠਾਂ ਤੋਂ ਤਿਲਕ ਤਿਲਕ ਪੈਂਦੀ ਤੂੰ ਲਿਖਿਆ ਸੀ: ਮੈਂ ਤੁਹਾਡੀ ਆਪਣੀ ਮੈਂ ਲਿਖਿਆ ਸੀ: ਤੂੰ ਮੇਰਾ ਚੰਨ ਤੇ ਧਰਮ ਉਹ ਪਾਲ਼ਤੂ ਜਨੌਰ ਜਿਹੜਾ ਲੁਟੇਰਿਆਂ ਦੇ ਘਰ ਦੀ ਰਾਖੀ ਕਰਦਾ ਤੇ ਪਿਆਰ ਕਰਨ ਵਾਲਿਆਂ ਦੇ ਜਿਸਮਾਂ ਤੇ ਪਲਦਾ ਅੱਧਾ ਪੰਜਾਬ ਮੇਰੀਆਂ ਅੱਖਾਂ ਵਿਚ ਰੋਂਦਾ ਅੱਧਾ ਪੰਜਾਬ ਤੇਰੇ ਹੋਂਠਾਂ ਤੇ ਵਿਲਕਦਾ ਤੇ ਹੰਝੂ ਗੀਤਾਂ ਵਿਚ ਵਿਚਰਦੇ ਤੇ ਗੀਤ ਹੰਝੂ ਬਣਦੇ ਇਹ ਖ਼ਤ, ਇਕ ਸਜ਼ਾ ਮੇਰੇ ਇਨ੍ਹਾਂ ਕੀਤੇ ਗੁਨਾਹਵਾਂ ਦੀ ਨਹੀਂ, ਇਹ ਖ਼ਤ ਮੇਰਾ ਅਸਲੋਂ ਨਵਾਂ ਗੁਨਾਹ ਜਿਹਦੀ ਸਜ਼ਾ ਤੂੰ ਭੁਗਤ ਰਹੀ ਕਿ ਸਾਡੇ ਸਮਾਜ ਵਿਚ ਮਰਦ ਦੇ ਹਰ ਗੁਨਾਹ ਦੀ ਸਜ਼ਾ ਸਿਰਫ਼ ਔਰਤ ਭੁਗਤਦੀ। (੧੯੬੯)
ਗੁਜਰਾਤ
ਵੇਖ ਕੇ ਫੱਟ ਸੀਨੇ ਦੇ ਚੰਨਾਂ ਤੂੰ ਵੀ ਹੱਸਦੇ ਫੁੱਲਾਂ ਦੀ ਗੱਲ ਸੋਚੀ ਹੋਂਠਾਂ ਉੱਤੇ ਹੋਈਆਂ ਕੂਕਾਂ ਤੂੰ ਵੀ ਆਪਣੇ ਕੰਨੀਂ ਸੁਣੀਆਂ ਸੜਕਾਂ ਉੱਤੇ ਸੱਧਰਾਂ ਦੇ ਜ਼ਖ਼ਮੀ ਪਰਛਾਵੇਂ ਤੂੰ ਵੀ ਆਪਣੀ ਅੱਖੀਂ ਡਿਠੇ ਹੰਝੂ ਹੰਝੂ ਸਾਗਰ ਤੋਂ ਵੀ ਤਾਰੂ ਬਣਿਆਂ ਤੇਰੇ ਹੱਥਾਂ ਦੇ ਵਿਚ ਵੀ ਮੈਂ ਖੁੱਲ੍ਹੀ ਵੇਖੀ ਸੱਚ ਦੀ ਬਾਣੀ ਮੁੜ ਪਲ ਦੋ ਪਲ ਮਗਰੋਂ ਚੰਨਾਂ ਤੂੰ ਚਾ ਪੀਤਾ ਮੌਤ ਕੁੜੀ ਦੇ ਹੱਥੋਂ ਪਾਣੀ ਮੈਨੂੰ ਮੁੜ ਮੁੜ ਪੁੱਛੇ ਵੇ ਤੇਰੀ ਮਾਂ ਰਾਣੀ ਨੀ ਦੱਸ ਕਿੱਥੇ ਮੇਰੇ ਇੱਜ਼ਤ ਬੈਗ ਨੇ ਜਾ ਕੇ ਡੇਰਾ ਲਾਇਆ ਨੀ ਤੇਰੇ ਮਹੀਂਵਾਲ ਦੇ ਜੀਵਨ ਸ਼ਹਿਰ ਨੂੰ ਕੁੜੀਏ ਕਿਹੜੀ ਗੱਡੀ ਜਾਨੀ