Punjabi Kaida : Charan Puadhi

ਪੰਜਾਬੀ ਕੈਦਾ : ਚਰਨ ਪੁਆਧੀ

ਊਠ

ਊੜਾ - ਊਠ ਜੋ ਚਰੇ ਗੁਆਰ।
ਖਾ ਲੈਂਦਾ ਕੰਡਿਆਲੀ ਵਾੜ।

ਗੁਆਰ ਖਾਣ ਦਾ ਬੜਾ ਸ਼ੁਕੀਨ।
ਰਹਿੰਦਾ ਆਪਣੇ ਕੰਮ 'ਚ ਲੀਨ।

ਰੇਤੇ ਦੇ ਵਿੱਚ ਭੱਜਦਾ ਤੇਜ।
ਕਰਨ ਸਵਾਰੀ ਆ ਅੰਗਰੇਜ਼।

ਕਾਇਆ ਇਸਦੀ ਹੈ ਨਾਸਾਜ।
ਮਾਰੂਥਲ ਦਾ ਇਹੇ ਜਹਾਜ਼।

ਆਜੜੀ

ਆੜਾ - ਆਜੜੀ ਇੱਜੜ ਨਾਲ਼।
ਰਿਹਾ ਬੱਕਰੀਆਂ ਭੇਡਾਂ ਚਾਰ।

ਖੁੱਲ੍ਹੇ ਥਾਂ ਵਲ ਲੈਂਦਾ ਮੋੜ।
ਫਸਲ ਬਚਾਵੇ ਰੱਖੇ ਹੋੜ।

ਮੋਢੇ ਉੱਤੇ ਰੱਖੀ ਬਾਂਗ।
ਉੱਚੇ ਰੁੱਖ ਨੂੰ ਦਿੰਦਾ ਛਾਂਗ।

ਤਰ੍ਹਾਂ ਤਰ੍ਹਾਂ ਦੇ ਕੱਢੇ ਬੋਲ।
ਸਮਝਣ ਭੇਡਾਂ ਗੋਲ ਮਟੋਲ।

ਇੰਜਣ

ਈੜੀ - ਇੰਜਣ ਬੜਾ ਕਮਾਲ।
ਚਲਦਾ ਹੈ ਜੋ ਡੀਜਲ ਨਾਲ।

ਹੈਂਡਲ ਦੇ ਨਾਲ ਹੋਵੇ ਸਟਾਟ।
ਚੱਲਕੇ ਦਿੰਦਾ ਬੰਨ੍ਹ ਘੁੰਗਾਟ।

ਧੂੰਆਂ ਛੱਡੇ ਘੁੰਮਣ ਵੀਲ੍ਹ।
ਪੱਖਾ ਘੁੰਮੇ ਬਣੇ ਛਬੀਲ।

ਭਰੇ ਚੁਬੱਚਾ ਪਾਣੀ ਨਾਲ।
ਕਿਸਾਨ ਰੱਖਦਾ ਇਸਦਾ ਖਿਆਲ।

ਸੂਈ

ਸੱਸਾ- ਸੂਈ ਨਿੱਕੀ ਹੈ।
ਹੈ ਨਿੱਕੀ ਪਰ ਤਿੱਖੀ ਹੈ।

ਹੈ ਤਿੱਖੀ ਪਰ ਪਿਆਰੀ ਹੈ।
ਹੈ ਪਿਆਰੀ ਗੁਣਕਾਰੀ ਹੈ।

ਹੈ ਗੁਣਕਾਰੀ, ਕੰਮ ਕਰੇ।
ਕਰੇ ਕੰਮ ਹਰ ਇੱਕ ਘਰੇ।

ਘਰੇ ਇਸ ਦੀ ਲੋੜ ਬੜੀ।
ਬੜੀ ਲੋੜ ਹੈ ਘੜੀ ਘੜੀ।

ਹਾਰਾ

ਹਾਹਾ - ਹਾਰਾ ਚੁੱਲੇ ਕੋਲ਼।
ਥੱਲਿਓਂ ਤਾਹਾਂ ਤੱਕ ਜੋ ਗੋਲ਼।

ਬਣਿਆ ਹੈ ਇਹ ਗਾਰੇ ਨਾਲ਼।
ਰੱਖੀ ਇਸ ਵਿਚ ਪਾਥੀ ਬਾਲ਼।

ਦੁੱਧ-ਦਧੌੜੀ ਦੁੱਧ ਨਾਲ ਡੱਕੋ-ਡੁੱਕ।
ਕੜ੍ਹਦੀ ਰਹਿੰਦੀ ਆਥਣ ਤੱਕ।

ਖੱਟੀ ਲੱਸੀ ਦਾ ਹੈ ਲਗਦਾ ਜਾਗ।
ਤੜਕੇ ਘਰ ਨੂੰ ਲਗਦੇ ਭਾਗ।

ਕੁੱਤਾ

ਕੱਕਾ- ਕੁੱਤਾ ਕਾਲ਼ਾ ਸਿਆਹ।
ਮੋਤੀ ਕਰਦਾ ਨਾ ਪਰਵਾਹ।

ਘਰ ਦੀ ਰੱਖੇ ਪੂਰੀ ਗੌਰ।
ਵੜਨ ਦੇਵੇ ਨਾ ਅੰਦਰ ਚੋਰ।

ਦਿਨ ਨੂੰ ਸੌਂਦਾ ਰਾਤੀਂ ਜਾਗ।
ਸੌਣ ਨਾ ਦਿੰਦਾ ਸਾਡੇ ਭਾਗ।

ਕੁੱਤਾ ਹੈ ਬੰਦੇ ਦਾ ਯਾਰ।
ਕਦਰਦਾਨ ਤੇ ਵਫ਼ਾਦਾਰ।

ਖੁਰਲੀ

ਖੱਖਾ- ਖੁਰਲੀ ਵਾੜੇ ਵਿੱਚ।
ਡੰਗਰਾਂ ਦੇ ਗਲਿਆਰੇ ਵਿੱਚ।

ਸਾਫ-ਸਫ਼ਾਈ ਸੌਖੀ ਕਰ।
ਮਿੱਟੀ ਘੱਟੇ ਦਾ ਨਾ ਡਰ।

ਵਿੱਚ ਏਸਦੇ ਪੈਂਦੇ ਕੱਖ।
ਤੂੜੀ ਵੰਡ-ਵੜੇਵੇਂ ਰੱਖ।

ਬਾਹਰ ਗਿਰੇ ਨਾ ਕੋਈ ਤਿਣਕਾ।
ਪਸ਼ੂ ਜੁਗਾਲੀ ਕਰਦੇ ਖਾ।

ਗੰਗਾ

ਗੱਗਾ- ਗੰਗਾ ਨਦੀ ਮਹਾਨ।
ਜਾਣੇ ਇਸ ਨੂੰ ਕੁੱਲ ਜਹਾਨ।

ਬੜਾ ਹੀ ਪਾਵਨ ਇਸਦਾ ਜਲ।
ਤਨ ਮਨ ਕਰਦਾ ਹੈ ਨਿਰਮਲ।

ਇਸ ਦੇ ਕੰਢੇ ਵੱਡੇ ਹੀ ਧਾਮ।
ਵੱਡੇ ਵੱਡੇ ਸ਼ਹਿਰ ਗ੍ਰਾਮ।

ਭਗਤ ਏਸਦਾ ਧਿਆਉਂਦੇ ਨਾਂ।
ਸੁੱਖ ਵਰਤਾਈਂ ਗੰਗਾ ਮਾਂ।

ਘੱਗਰ

ਘੱਗਾ- ਘੱਗਰ ਹੈ ਦਰਿਆ।
ਸਦਾ ਰਹੇ ਨਾ ਇਹ ਭਰਿਆ।

ਸਾਰਾ ਸਾਲ ਹੀ ਉਡਦੀ ਰੇਤ।
ਬਰਸਾਤਾਂ ਵਿੱਚ ਡੋਬੇ ਖੇਤ।

ਪੰਜਾਬ ਹਰਿਆਣੇ 'ਚ ਇਸਦੀ ਢਾਲ਼।
ਜਾਂਦਾ ਹੱਦ ਦੇ ਨਾਲ਼ੋ-ਨਾਲ਼।

ਹੈਨ ਇਰਾਦੇ ਇਸਦੇ ਨੇਕ।
ਘੱਗਰ ਤੇਰੇ ਨਾਮ ਅਨੇਕ।

ਙਿਆਨੀ

ਙੰਙਾ- ਙਿਆਨੀ ਪੜ੍ਹੇ ਗ੍ਰੰਥ।
ਸੰਥਿਆ ਕਰੇ ਸੰਵਾਰੇ ਪੰਥ।

ਸ਼ਬਦ ਗੁਰੂ ਨੂੰ ਕਰੇ ਪਿਆਰ।
ਪੜ੍ਹਕੇ ਅੱਖਰ ਕਰੇ ਵਿਚਾਰ।

ਲਾ ਕੇ ਮਨ ਚਿਤ ਦੇਵੇ ਧਿਆਨ।
ਦੁਖ-ਸੁਖ ਜਾਣੇ ਇੱਕ ਸਮਾਨ।

ਕਰਦੈ ਕਿਰਤ ਗਰੀਬੀ ਵੇਸ।
ਸਭ ਦਾ ਮੰਗੇ ਭਲਾ ਹਮੇਸ਼।

ਚੱਕੀ

ਚੱਚਾ- ਚੱਕੀ ਟਹਿਕ ਰਹੀ।
ਮਨ ਭਾਉਂਦੀ ਆ ਮਹਿਕ ਰਹੀ।

ਚਰਖੋ ਚਾਚੀ ਝੋ ਰਹੀ।
ਗਾਉਂਦੀ ਹੋਈ ਖੁਸ਼ ਹੋ ਰਹੀ।

ਹੱਥ ਚ ਹੱਥੀ ਸ਼ੂਕ ਰਹੀ।
ਰੁਕਦੀ ਨਾਹੀਂ ਰੋਕ ਰਹੀ।

ਦਲ ਦਲ ਦਲ ਦਲ ਗੂੰਜ ਰਹੀ।
ਦਾਲ਼ ਨੂੰ ਦਲ਼ਕੇ ਹੂੰਝ ਰਹੀ।

ਛਾਬਾ

ਛੱਛਾ- ਛਾਬਾ ਰੋਟੀਆਂ ਦਾ।
ਪਤਲੀਆਂ ਦਾ ਤੇ ਮੋਟੀਆਂ ਦਾ।

ਪਾਣੀ ਹੱਥੀ ਗੁੱਲੀਆਂ ਦਾ।
ਨਾਲ ਸੇਕ ਦੇ ਫੁੱਲੀਆਂ ਦਾ।

ਅੱਧ ਕੱਚੀਆਂ ਪੱਕੀਆਂ ਦਾ।
ਕਣਕ ਬਾਜਰੇ ਮੱਕੀਆਂ ਦਾ।

ਲੂਣ ਖਮੀਰੀ ਮਿੱਠੀਆਂ ਦਾ।
ਮੰਨੀ ਪਰੌਂਠੇ ਮਿੱਸੀਆਂ ਦਾ।

ਜੁੱਤੀ

ਜੱਜਾ- ਜੁੱਤੀ ਧੌੜੀ ਦੀ।
ਪੱਕੀ ਬਾਬੇ ਬੋਹੜੀ ਦੀ।

ਪੈਰੀਂ ਪਾ ਕੇ ਰੱਖਦਾ ਏ।
ਤੁਰਦਾ ਨਾ ਫਿਰ ਥੱਕਦਾ ਏ।

ਨਾ ਰੁਕਦਾ, ਨਾ ਅੜਦਾ ਏ।
ਲੰਮੀਆਂ ਵਾਟਾਂ ਕੱਢਦਾ ਏ।

ਧੰਨ-ਧੰਨ ਸਾਰੇ ਕਹਿੰਦੇ ਨੇ।
ਦਹਿਸੇਰ ਛੋਲੇ ਪੈਂਦੇ ਨੇ।

ਝਾੜੂ

ਝੱਝਾ- ਝਾੜੂ ਸੀਲ੍ਹਾਂ ਦਾ।
ਪੰਨ੍ਹੀ ਦੀਆਂ ਤੀਲ੍ਹਾਂ ਦਾ।

ਮਿੱਟੀ ਧੂੜ ਭਜਾਉਂਦਾ ਏ।
ਵਿਹੜਾ ਘਰ ਚਮਕਾਉਂਦਾ ਏ।

ਸਿਰੇ ਬਾਂਸ ਦੇ ਬੰਨ੍ਹ ਲਵੋ।
ਜਾਲ਼ੇ ਇਸ ਨਾਲ਼ ਝਾੜ ਲਵੋ।

ਮਿਹਨਤ ਖਾਸ ਨਾ ਲੈਂਦਾ ਹੈ।
ਬਿਲਕੁਲ ਸਸਤਾ ਪੈਂਦਾ ਹੈ।

ਞਿੰਆਣਾ

ਞੰਞਾ- ਞਿੰਆਣਾ ਨਿੱਕਾ ਹੈ।
ਐਪਰ ਬੜਾ ਹੀ ਤਿੱਖਾ ਹੈ।

ਸ਼ਬਦ ਤੋਤਲੇ ਕਹਿੰਦਾ ਹੈ।
ਨਚਦਾ ਟਪਦਾ ਰਹਿੰਦਾ ਹੈ।

ਜੋ ਵੀ ਬਾਹਾਂ ਕਰਦਾ ਹੈ।
ਭੱਜ ਕੇ ਗੋਦੀ ਚੜ੍ਹਦਾ ਹੈ।

ਹਸਦਾ ਅਤੇ ਹਸਾਉਂਦਾ ਹੈ।
ਸਭ ਦਾ ਮਨ ਪ੍ਰਚਾਉਂਦਾ ਹੈ।

ਟਿੱਬਾ

ਟੈਂਕਾ- ਟਿੱਬਾ ਉੱਚਾ ਹੈ।
ਕਈ ਮੀਲਾਂ ਵਿੱਚ ਉੱਚਾ ਹੈ।

ਮੀਂਹ ਤੇ ਨਿਰਭਰ ਰਹਿੰਦਾ ਹੈ।
ਬੜੇ ਹੀ ਮੇਵੇ ਦਿੰਦਾ ਹੈ।

ਫੁੱਟ ਭੰਬੋਲ ਮਤੀਰੇ ਨੇ।
ਚਿੱਭੜ ਖੱਖੜੀ ਖੀਰੇ ਨੇ।

ਟਿੱਬੇ ਤੇ ਚੜ੍ਹ ਬਹਿਣ ਦਿਓ।
ਨਾ ਕਰਾਹਿਓ ਰਹਿਣ ਦਿਓ।

ਠਾਕੁਰਦੁਆਰਾ

ਠੱਠਾ- ਠਾਕੁਰਦੁਆਰਾ ਨਿਆਰਾ ਹੈ।
ਭਗਤਾਂ ਜਨਾਂ ਨੂੰ ਪਿਆਰਾ ਹੈ।

ਸੰਗਤ ਜਦ ਉਠ ਖੜ੍ਹਦੀ ਹੈ।
ਧਿਆਨ ਏਸ ਦਾ ਧਰਦੀ ਹੈ।

ਚਾਲੇ ਇਸ ਵੱਲ ਪਾਉਂਦੀ ਹੈ।
ਰਾਮ ਨਾਮ ਗੁਣ ਗਾਉਂਦੀ ਹੈ।

ਸਭ ਦੇ ਲਈ ਸਹਾਰਾ ਹੈ।
ਸ਼ਾਂਤੀ ਦਾ ਇਹ ਦੁਆਰਾ ਹੈ।

ਡੰਗਰਵਾੜਾ

ਡੱਡਾ-ਡੰਗਰਵਾੜਾ ਹੈ।
ਦੇਖੋ ! ਨਾ ਕੋਈ ਭਾੜਾ ਹੈ।

ਤਕੜਾ ਮਾਝਾ ਗੋਕਾ ਹੈ।
ਹੇਠ ਬਥੇਰਾ ਡੋਕਾ ਹੈ।

ਡੰਗਰ ਭਾਰੀ ਮੁੱਲ ਦੇ ਨੇ।
ਬੜੇ ਸੀਲ ਨਾ ਹਿੱਲਦੇ ਨੇ।

ਨਾਲ ਕੱਖਾਂ ਦੇ ਰੱਜੇ ਨੇ।
ਖੁਰਲੀ ਉੱਤੇ ਬੱਝੇ ਨੇ।

ਢਾਰਾ

ਢੱਡਾ- ਢਾਰਾ ਮਿੱਟੀ ਦਾ।
ਮਿਹਨਤਕਸ਼ ਗੁਰਦਿੱਤੀ ਦਾ।

ਡਲ਼ਿਆਂ ਨਾਲ ਬਣਾਇਆ ਹੈ।
ਗਾਰੇ ਨਾਲ ਚਿਣਾਇਆ ਹੈ।

ਸਹੀ ਸ਼ਤੀਰ ਟਿਕਾਏ ਨੇ।
ਕੜੀਆਂ ਬਾਲੇ ਪਾਏ ਨੇ।

ਉੱਪਰ ਦੱਭ ਸੁਰਕੜਾ ਹੈ।
ਨਿਰਾ ਸੁਰਗ ਦਾ ਟੁਕੜਾ ਹੈ।

ਣਾਣਾ- ਮਾਣਾ

ਣਾਣਾ- ਮਾਣਾ ਸਕੇ ਭਰਾ।
ਸੌਦਾ ਤੋਲਣ ਖਰਾ-ਖਰਾ।

ਹੱਟੀ ਰੱਖਦੇ ਭਰੀ-ਭਰੀ।
ਕਹਿੰਦੇ ਰਹਿੰਦੇ ਹਰੀ ਹਰੀ।

ਪਾਪ ਕਰਮ ਤੋਂ ਠਰੇ-ਠਰੇ।
ਬੇਈਮਾਨੇ ਤੋਂ ਪਰੇ-ਪਰੇ।

ਦੂਰ ਇਹਨਾਂ ਤੋਂ ਲੜੂੰ-ਲਤੂੰ।
ਕਰਦੇ ਨਾ ਇਹ ਸੜੂੰ-ਸੜੂੰ ।

ਤੂੰਬੀ

ਤੱਤਾ- ਤੂੰਬੀ ਵਜਦੀ ਹੈ।
ਮੰਚ ਦੇ ਉੱਤੇ ਗੱਜਦੀ ਹੈ।

ਗਾਇਕ ਇਹਨੂੰ ਵਜਾਉਂਦਾ ਹੈ।
ਨਾਲ ਗੀਤ ਵੀ ਗਾਉਂਦਾ ਹੈ।

ਦੂਰ ਗੁੰਜਾਰਾਂ ਪਾਉਂਦੀ ਹੈ।
ਸਭ ਨੂੰ ਝੂਮਣ ਲਾਉਂਦੀ ਹੈ।

ਕੰਨਾਂ ਵਿੱਚ ਰਸ ਘੋਲ਼ਦੀ ਹੈ।
ਤੁਣ-ਤੁਣ, ਤੁਣ ਤੁਣ ਬੋਲਦੀ ਹੈ।

ਥਾਪੀ

ਥੱਥਾ- ਥਾਪੀ ਲੱਕੜ ਦੀ।
ਕੱਪੜਿਆਂ ਤੇ ਆਕੜਦੀ।

ਕੱਪੜੇ ਪਾਣੀ ਘਚੱਲੋ ਬਈ।
ਸਾਬਣ ਲਾ-ਲਾ ਥੱਲੋ ਬਈ।

ਏਹਦੇ ਅੱਗੇ ਧਰ ਦੇਵੋ।
ਵਿਦਾ ਮੈਲ ਨੂੰ ਕਰ ਦੇਵੋ।

ਘੋਰ ਨਾਲ ਜੋ ਝੁਲਕੇ ਨੇ।
ਹੁੰਦੇ ਹਲਕੇ-ਫੁਲਕੇ ਨੇ।

ਦਾਤੀ

ਦੱਦਾ- ਦਾਤੀ ਹਾਲੇ ਦੀ।
ਬਣੀ ਹੋਈ ਪਟਿਆਲ਼ੇ ਦੀ।

ਵੱਲ ਏਸਦਾ ਭਾਬੀ ਨੂੰ।
ਚੀਰੇ ਸਬਜ਼ੀ ਭਾਜੀ ਨੂੰ।

ਵਿੱਚ ਰਸੋਈ ਪਈ ਰਹੇ।
ਲੋੜ ਪੈਣ ਤੇ ਕੰਮ ਦਵੇ।

ਸਾਗ-ਚੀਰਨੀ ਕਹਿੰਦੇ ਨੇ।
ਹੋਰ ਵੀ ਕਈ ਨਾਂ ਲੈਂਦੇ ਨੇ।

ਧਰਤੀ

ਧੱਦਾ- ਧਰਤੀ ਤੇ ਅਸਮਾਨ।
ਸ਼ਬਦ ਵਿਰੋਧੀ ਸਮਝੇ ਜਾਣ।

ਧਰਤੀ ਉੱਤੇ ਪਰਬਤ ਸਾਗਰ।
ਟਿੱਬਾ ਟੋਭਾ ਥੱਲੇ ਉੱਪਰ।

ਪੁਰਾ ਪੱਛੋਂ ਦੱਖਣ ਉੱਤਰ।
ਅਗਨੀ, ਪਾਣੀ, ਕਿਤੇ ਡੋਬੂ ਤਰ।

ਕਿਤੇ ਤਪਣੇ, ਕਿਧਰੇ ਠਰਣੇ।
ਹੱਸਣੇ-ਰੋਣੇ, ਜਿਊਣੇ ਮਰਨੇ।

ਨਸੁਕੜਾ

ਨੰਨਾ- ਨਸੁਕੜਾ ਹੈ ਰੁੱਖੜਾ।
ਸੁਣ ਲੋ ਏਹਦਾ ਵੀ ਦੁੱਖੜਾ।

ਵਿੱਚ ਕਮਾਦੀ ਏਹਦਾ ਬਾਗ।
ਚੀਰਨ ਆਰਿਆਂ ਵਰਗੇ ਆਗ।

ਜਦੋਂ ਇਹ ਵੀਰੋ ਜਾਵੇ ਪੱਕ।
ਵੱਢ-ਟੁੱਕਕੇ ਲੱਗਣ ਪੱਛ।

ਟੋਭੇ ਦੱਬੋ ਗਾਲ਼ੋ ਜਾਣ।
ਧੋ ਸੁਕਾ ਕੇ ਵੱਟੋ ਬਾਣ।

ਪਲੰਘ

ਪੱਪਾ- ਪਲੰਘ ਹੈ ਬੜਾ ਵਿਸ਼ਾਲ।
ਡਾਹਿਆ ਬੈਠਕ ਦੇ ਵਿਚਕਾਰ।

ਸਾਲ਼ ਦੇ ਸੇਰੂ ਪਾਏ ਵੀਰ।
ਪਲੰਘ ਨਮਾਰੀ ਬੁਣਿਆ ਧੀਰ।

ਨਿੱਗਰ ਸੋਹਣਾ ਤੇ ਮਜਬੂਤ।
ਜਿੱਥੇ ਧਰੀਏ ਆ ਜੇ ਸੂਤ।

ਹੋਰ ਨਾ ਕੋਈ ਇਸ ਦਾ ਤੋੜ।
ਆਏ ਗਏ ਤੇ ਪੈਂਦੀ ਲੋੜ।

ਫੁੱਲ

ਫੱਫਾ- ਫੁੱਲ ਫੁਲਵਾੜੀ ਹੈ।
ਲਗਦੀ ਸਭ ਨੂੰ ਪਿਆਰੀ ਹੈ।

ਵਾਅ ਨੂੰ ਸ਼ੁੱਧ ਬਣਾਉਂਦੇ ਨੇ।
ਖੁਸ਼ੀਆਂ ਖੇੜੇ ਲਿਆਉਂਦੇ ਨੇ।

ਚੰਗੇ ਨੇਮ ਬਣਾਇਓ ਜੀ।
ਬੂਟੇ ਫੁੱਲ ਉਗਾਇਓ ਜੀ।

ਜੰਗਲ ਮੰਗਲ ਕਰ ਦਿਓ ਜੀ।
ਖੁਸ਼ੀ ਮਨਾਂ ਵਿੱਚ ਭਰ ਦਿਓ ਜੀ।

ਬੱਤਖ

ਬੱਬਾ- ਬੱਤਖ ਤੈਰ ਰਹੀ।
ਕਰ ਪਾਣੀ ਦੀ ਸੈਰ ਰਹੀ।

ਅੱਗੇ ਵਧਦੀ ਝੂੰਮ ਰਹੀ।
ਏਧਰ-ਓਧਰ ਘੁੰਮ ਰਹੀ।

ਚੁੰਝ ਪਾਣੀ ਵਿੱਚ ਮਾਰ ਰਹੀ।
ਕੁਆਂਕ-ਕੁਆਂਕ ਉਚਾਰ ਰਹੀ।

ਕਰ ਬੱਚਿਆਂ ਦਾ ਖਿਆਲ ਰਹੀ।
ਜੀਵਨ ਜਾਚ ਸਿਖਾਲ ਰਹੀ।

ਭੇਲੀ

ਭੱਬਾ- ਭੇਲੀ ਗੁੜ ਦੀ ਹੈ।
ਜੇ ਰੋੜ੍ਹੋ ਤਾਂ ਰੁੜ੍ਹਦੀ ਹੈ।

ਸ਼ਕਲ ਏਸਦੀ ਚੱਕੇ ਦੀ।
ਹੈ ਪੰਸੇਰੀ ਪੱਕੇ ਦੀ ।

ਗੰਨਾ ਰਸ 'ਚੋਂ ਬਣਦੀ ਹੈ।
ਆਠੀ ਪੂਰੇ ਮਣ ਦੀ ਹੈ।

ਭੈਣ ਹੈ ਪਥਨੇ ਪੇਸੀ ਦੀ।
ਜਾਂ ਸੱਕਰ ਗੁੜ ਦੇਸੀ ਦੀ।

ਮੰਜਾ

ਮੱਮਾ- ਮੰਜਾ ਡਿੱਠਾ ਹੈ।
ਉੱਪਰ ਬਾਬਾ ਬੈਠਾ ਹੈ।

ਦੋ ਸੇਰੂ ਦੋ ਬਾਹੀਆਂ ਨੇ।
ਬਾਂਸ-ਬਰੇਲੀ ਜਾਈਆਂ ਨੇ।

ਵਧੀਆ ਬਾਣ-ਬੁਣਾਈ ਹੈ।
ਮੱਲ ’ਚ ਦੌਣ ਫਸਾਈ ਹੈ।

ਚਾਰ ਲਗਾਏ ਪਾਵੇ ਨੇ।
ਘੋਨੇ ਮੋਨੇ ਬਾਵੇ ਨੇ।

ਯੱਕਾ

ਯਈਆ- ਯੱਕਾ ਸਰਜੇ ਦਾ।
ਹੈਗਾ ਵਧੀਆ ਦਰਜੇ ਦਾ।

ਘੋੜਾ ਅੱਗੇ ਜੁੜਦਾ ਹੈ।
ਜਿੱਧਰ ਮੋੜੋ ਮੁੜਦਾ ਹੈ।

ਬੱਸ ਅੱਡੇ 'ਤੇ ਖੜ੍ਹਦਾ ਹੈ।
ਜਾਂਦਾ ਵਾਟਾਂ ਵੱਢਦਾ ਹੈ।

ਸਿਆਣੇ ਬੱਚੇ ਚੜ੍ਹਦੇ ਨੇ।
ਵਧੀਆ ਵਧੀਆ ਪੜ੍ਹਦੇ ਨੇ।

ਰਜਾਈ

ਰਾਰਾ- ਰਜਾਈ ਭਾਰੀ ਹੈ।
ਪੰਜ ਕਿੱਲੋ ਦੀ ਸਾਰੀ ਹੈ।

ਅੰਦਰ ਰੂੰ ਭਰਵਾਇਆ ਹੈ।
ਉੱਪਰ ਛਾੜ ਚੜ੍ਹਾਇਆ ਹੈ।

ਵਿੱਚ ਨਗੰਦੇ ਪਾਏ ਨੇ।
ਪੱਕੇ ਟਾਂਕੇ ਲਾਏ ਨੇ।

ਸਰਦੀ ਵਿੱਚ ਕੰਮ ਆਉਂਦੀ ਹੈ।
ਸਭ ਨੂੰ ਨਿੱਘ ਪੁਚਾਉਂਦੀ ਹੈ।

ਲੇਖਕ

ਲੱਲਾ- ਲੇਖਕ ਸੋਚ ਰਿਹਾ।
ਲੇਖ ਲਿਖਣ ਲਈ ਲੋਚ ਰਿਹਾ।

ਵਿੱਚ ਹੱਥ ਦੇ ਕਲਮ ਫੜੀ।
ਉਂਗਲ ਗੱਲ਼੍ਹ ਦੇ ਵਿੱਚ ਗੜੀ।

ਟੇਢੀ ਗਰਦਨ ਤਾਹਾਂ ਨਜ਼ਰ।
ਕੂਹਣੀ ਰੱਖੀ ਮੇਜ ਤੇ ਧਰ।

ਕਾਪੀ ਖੋਲ੍ਹੀਂ ਰੱਖਦਾ ਹੈ।
ਨਾ ਅਕਦਾ ਨਾ ਥਕਦਾ ਹੈ।

ਵਰਖਾ

ਵਾਵਾ- ਵਰਖਾ ਕਰੇ ਕਹਿਰ।
ਵਰਸੀ ਜਾਵੇ ਲਹਿਰ ਲਹਿਰ।

ਸ਼ੈੱਡ ਦੇ ਉੱਤੇ ਟਿੱਪ-ਟਿੱਪ-ਟਿੱਪ।
ਛਤਰੀ ਉੱਤੇ ਠਿਪ-ਠਿਪ- ਠਿਪ।

ਖੇਤਾਂ ਦੇ ਵਿੱਚ ਲਪ-ਲਪ-ਲਪ।
ਪਾਣੀ ਉੱਤੇ ਛਪ-ਛਪ-ਛਪ।

ਸੜਕਾਂ ਉੱਤੇ ਠਕ-ਠਕ-ਠਕ।
ਲਵੋ ਨਜ਼ਾਰਾ ਤਕ-ਤਕ-ਤਕ।

ੜਾੜਾ

ੜਾੜਾ-ੜੰਭਦੀ ਮੱਝ ਉੱਐਂਅ।
ਓ ਪਾਲ਼ੀ! ਨਹੀਂ ਚੋਣਾ ਤੈਂ?

ਤੜਕੇ ਦਾ ਕਿੱਥੇ ਟਿਕਿਐਂ?
ਪੱਠੇ ਪਾਉਂਦਾ ਮਸਤ ਰਿਹੈਂ।

ਪੁੱਛੀ ਨਾ ਤੂੰ ਬੋਤੀ ਗੈਂ।
ਕਰਦੇ ਜੋ ਕੜਬੈਂਅ ਕੜਬੈਂਅ।

ਕਰਕੇ ਮੇਰੀ ਸੇਵਾ ਹੈਂਅ?
ਕੀ ਗੱਲ ਮੈਨੂੰ ਭੁੱਲ ਗਿਐਂ।

ਸ਼ਹਿਰ

ਸ਼ੱਸ਼ਾ- ਸ਼ਹਿਰ ਦਾ ਵੇਖੋ ਹਾਲ।
ਜੀਣਾ ਕਿੰਨਾ ਹੋਇਆ ਮੁਹਾਲ।

ਅੱਖਾਂ ਅੱਗੇ ਧੂਆਂ ਧਾਰ।
ਦਿੱਤੇ ਕੰਨ ਆਵਾਜ਼ਾਂ ਪਾੜ।

ਸਾਹ ਲੈਣਾ ਵੀ ਨਹੀਂ ਅਸਾਨ।
ਵਿੱਚ ਕਬੱਡੀ ਆਈ ਜਾਨ।

ਵਿੱਚ ਸ਼ਹਿਰ ਤਾਂ ਕਹਿਰ ਓ ਕਹਿਰ!
ਘੁਲ਼ੀ ਜਾਨ ਵਿੱਚ ਜ਼ਹਿਰ ਓ ਜ਼ਹਿਰ।

ਖ਼ਰਗੋਸ਼

ਖ਼ੱਖਾ- ਖ਼ਰ ਕੰਨਾ ਖ਼ਰਗੋਸ਼।
ਜੋ ਭੱਜਦਾ ਏ ਪੂਰੇ ਜੋਸ਼।

ਖੁੱਡ ਬਣਾਵੇ ਧਰਤੀ ਪੁੱਟ।
ਮਿੱਟੀ ਦੇਵੇ ਬਾਤਰ ਸੁੱਟ।

ਕੱਠਾ ਕਰਦਾ ਕੋਮਲ ਘਾਸ।
ਬੱਚਿਆਂ ਦੇ ਸੰਗ ਕਰੇ ਨਿਵਾਸ।

ਪਲਾਂ 'ਚ ਹੁੰਦਾ ਇੱਕ ਦੋ ਤੀਨ।
ਗਾਜਰ ਖਾਣ ਦਾ ਸ਼ੁ਼ਕੀਨ।

ਪਲ ਵਿੱਚ ਹੁੰਦਾ ਇੱਕ ਦੋ ਤੀਨ।
ਗਾਜਰ, ਖਾਣਾ ਬੜਾ ਸ਼ੁਕੀਨ।

ਗ਼ੁਬਾਰਾ

ਗ਼ੱਗਾ- ਗ਼ੁਬਾਰਾ ਬੜਾ ਕਮਾਲ।
ਜੋ ਫੁੱਲਦਾ ਹੈ ਫੂਕਾਂ ਨਾਲ਼।

ਚਹੁੰ ਫੂਕਾਂ ਨਾਲ ਜਾਂਦਾ ਫੁੱਲ।
ਦੋ ਰੁਪਈਏ ਇਸਦਾ ਮੁੱਲ।

ਗਰਮੀ ਦੇ ਨਾਲ਼ ਜਾਂਦਾ ਫਟ।
ਕਰੇ ਧਮਾਕਾ ਕੱਢੇ ਵੱਟ।

ਨਿਆਣੇ ਇਸਨੂੰ ਕਰਨ ਪਿਆਰ।
ਰੋਜ ਭੰਨਦੇ ਦੋ ਤਿੰਨ ਚਾਰ।

ਜ਼ੰਜ਼ੀਰੀ

ਜ਼ੱਜ਼ਾ- ਜ਼ੰਜ਼ੀਰੀ ਚਮਕਦਾਰ।
ਜੋ ਹੈ ਗਲਦਾ ਬਣੀ ਸ਼ਿੰਗਾਰ।

ਸੋਨੇ ਦੀ ਦੇ ਸਭ ਇੱਛੁਕ।
ਨਾਲ ਏਸਦੇ ਬੱਝਦੀ ਠੁੱਕ।

ਕੜੀਆਂ ਜੁੜਕੇ ਬਣਦੀ ਇੱਕ।
ਦੇਵੇ ਸੰਦੇਸ਼ਾ ਪਾਓ ਨਾ ਫਿੱਕ।

ਪਾ ਕੇ ਰਹਿਣਾ ਪਊ ਹੁਸ਼ਿਆਰ।
ਕੋਈ ਝਪਟ ਨਾ ਜਾਵੇ ਮਾਰ।

ਫ਼ੁਹਾਰਾ

ਫ਼ੱਫ਼ਾ- ਫ਼ੁਹਾਰਾ ਚੌਂਕ ਦੇ ਵਿੱਚ।
ਧਿਆਨ ਲਵੇ ਜੋ ਸਭ ਦਾ ਖਿੱਚ।

ਲਿਆਵੇ ਗਰਮੀ ਵਿੱਚ ਬਹਾਰ।
ਕਰੇ ਚੁਪਾਸਾ ਠੰਢਾ ਠਾਰ।

ਰੰਗ-ਬਿਰੰਗੀਆਂ ਲਾਈਟਾਂ ਨਾਲ।
ਕਰਨ ਫ਼ੁਹਾਰਾਂ ਮਾਲੋ-ਮਾਲ।

ਰਾਤ ਨੂੰ ਹੁੰਦਾ ਵੇਖਣਯੋਗ।
ਅਜ਼ਬ ਨਜ਼ਾਰਾ ਮਾਨਣ ਲੋਗ।

ਲ਼ੱਲ਼ਾ

ਲ਼ੱਲ਼ਾ- ਬਿੰਦੀ ਲ਼ਅ ਖਾਲੀ ਹੈ।
ਕਲਾ ਇਸਦੀ ਨਿਰਾਲੀ ਹੈ।

ਬਿੰਦੀ ਲਗਜੇ ਅਰਥ ਹੋਰ ਹੈ।
ਨਾ ਲਗਜੇ ਤਾਂ ਅਰਥ ਹੋਰ ਹੈ।

ਜਿਵੇਂ ਗਰਮ ਜਲ ਹੱਥ ਜਲ਼ ਗਿਆ।
ਬਲਹੀਣੇ ਦਾ ਸੀਨਾ ਬਲ਼ ਗਿਆ।

ਹਾਲੀ ਖੇਤ ਗਏ ਨਾ ਹਾਲ਼ੀ।
ਪਾਲੀ ਨੇ ਹੈ ਝੋਲੀ ਪਾਲ਼ੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਪੁਆਧੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ