Punjabi Ghazals : Diwan Singh Mehram

ਪੰਜਾਬੀ ਗ਼ਜ਼ਲਾਂ : ਦੀਵਾਨ ਸਿੰਘ ਮਹਿਰਮਭਰਿਆ ਮੇਲਾ ਛਡਨ ਵੇਲੇ ਹਰ ਵੇਲੇ ਤਯਾਰ ਰਹੋ

ਭਰਿਆ ਮੇਲਾ ਛਡਨ ਵੇਲੇ ਹਰ ਵੇਲੇ ਤਯਾਰ ਰਹੋ। ਰੌਣਕ ਰੋਣੇ ਹਾਸੇ ਹੰਝੂ ਸਭਨਾਂ ਤੇ ਅਸਵਾਰ ਰਹੋ। ਮੋਹ ਦੀਆਂ ਵਾਹੀਆਂ ਦੁੱਖ ਦੀਆਂ ਪੰਡਾਂ, ਰੀਝਾਂ ਮਨ ਦੇ ਗੋਤੇ ਨੇ, ਉਡਣ ਲਈ ਆਕਾਸ਼ਾਂ ਅੰਦਰ ਸਦਾ ਹੀ ਹੌਲੇ ਭਾਰ ਰਹੋ। ਉਦਮ ਪੁਰਸ਼ਾਰਥ ਕਰਤੱਵ ਹੈ, ਯਤਨ ਬਚਾ ਕੇ ਰੱਖੋ ਕਿਉਂ, ਬੇ ਪ੍ਰਵਾਹ ਨਤੀਜੇ ਵੱਲੋਂ ਸਦਾ ਬਰਖੁਰਦਾਰ ਰਹੋ। ਇਸ ਦੁਨੀਆ ਦੇ ਪਰਲੇ ਪਾਸੇ ਹੋਰ ਸੁਨਹਿਰੀ ਦੁਨੀਆ ਇਕ, ਨਵੀਆਂ ਥਾਵਾਂ ਨਵੀਆਂ ਛਾਂਵਾਂ ਵੇਖਣ ਲਈ ਹੁਸ਼ਿਆਰ ਰਹੋ। ਪਤਾ ਨਹੀਂ ਕੀ ਗਤੀ ਸਮੇਂ ਦੀ ਕਲ ਨੂੰ ਕੀ ਦਿਖਲਾ ਦੇਵੇ, ਅੱਜ ਸੂਰੇ ਵਰਿਆਮਾਂ ਵਾਂਗੂੰ ਰਣ ਭੂਮੀ ਦੇ ਯਾਰ ਰਹੋ। ਕੀ ਲੈਣਾ ਹੈ ਪਾਰ ਪਹੁੰਚ ਕੇ ਰਾਹ ਦੀਆਂ ਖਿੱਚਾਂ ਛਡ ਦੇ, ਤੂਫਾਨਾਂ ਦੇ ਮਜ਼ੇ ਲੈਣ ਲਈ, ਫਸਿਆ ਵਿੱਚ ਮੰਝਧਾਰ ਰਹੋ। ਜਿਵੇਂ ਆਕਾਸ਼ਾਂ ਉੱਤੇ ਸੂਰਜ ਚੰਨ ਪਏ ਚਮਕ ਵਿਖਾਂਦੇ ਨੇ, ਆਪਣੀ ਕਰਨੀ ਕਰਕੇ ਧਰਤੀ ਉੱਤੇ ਬਣ ਸਰਦਾਰ ਰਹੋ। ਇਸ਼ਕ ਦੀਆਂ ਦਰਗਾਹਵਾਂ ਅੰਦਰ ਪਤ ਰਹਿ ਜਾਵੇ ਮਹਿਰਮ ਜੀ, ਜਗਤ ਦੀਆਂ ਨਜ਼ਰਾਂ ਵਿੱਚ ਬਣਕੇ ਬੇਸ਼ੱਕ ਔਗੁਣਹਾਰ ਰਹੋ।

ਹਰ ਦਰਦ ਲਈ ਇੱਕ ਮੌਸਮ ਹੈ

ਹਰ ਦਰਦ ਲਈ ਇੱਕ ਮੌਸਮ ਹੈ, ਹਰ ਪੀੜ ਦਾ ਖਾਸ ਜ਼ਮਾਨਾ ਹੈ। ਜਿੰਨ੍ਹੂ ਲੋਕ ਮੁਹੱਬਤ ਕਹਿੰਦੇ ਨੇ, ਦੋ ਦਿਨ ਦਾ ਇੱਕ ਅਫਸਾਨਾ ਹੈ। ਹੈ ਪਿਆਰ ਸੁਗੰਧੀ ਅੱਤ ਮਹਿੰਗੀ, ਇਹਨੂੰ ਥਾਂ ਥਾਂ ਵੰਡਦਾ ਕੌਣ ਫਿਰੇ, ਸਿਰ ਦੇਣੇ ਪੈਂਦੇ ਸਾਈਆਂ ਵਿੱਚ, ਇਹਦਾ ਹੋਰ ਨਾ ਕੁੱਝ ਨਜ਼ਰਾਨਾ ਹੈ। ਮਰਜਾਣਾ ਰੋ ਕੇ ਮਰਦਾ ਨਾ, ਜੇ ਸਾਥੀ ਸਾਥ ਨਿਭਾ ਜਾਂਦਾ, ਕੱਲਿਆਂ ਦੀ ਮੌਤ ਤਾਂ ਮਹਿਰਮ ਜੀ, ਇਕ ਖ਼ੌਫ਼ਨਾਕ ਹਰਜਾਨਾ ਹੈ।

ਮੇਰੇ ਦਿਲ ਦੀ ਮੀਟੀ ਮੁੱਠੀ ਵਿਚ

ਮੇਰੇ ਦਿਲ ਦੀ ਮੀਟੀ ਮੁੱਠੀ ਵਿਚ, ਨਕਸ਼ੇ ਕਈ ਤਾਜ ਮਹੱਲਾਂ ਦੇ, ਜ਼ਿੰਦਗੀ ਦੀਆਂ ਸੁੰਦਰ ਰੀਝਾਂ ਦੀ, ਤਸਵੀਰ ਬਣਾਉਂਦਾ ਰਹਿੰਦਾ ਹਾਂ। ਪੱਥਰਾਂ ਦੀ ਪੂਜਾ ਵਿੱਚੋਂ ਵੀ, ਪਰਮੇਸ਼ਰ ਪਰਗਟ ਹੋ ਸਕਦਾ, ਅਖੀਆਂ ਵਿੱਚ ਰੱਖਿਆਂ ਪੱਥਰਾਂ ਨੂੰ ਮੈਂ ਨੀਰ ਬਣਾਉਂਦਾ ਰਹਿੰਦਾ ਹਾਂ। ਤਾਕਤ ਤਾਂ ਹਿੰਮਤ ਵੱਡੀ ਹੈ, ਹਿੰਮਤ ਵਿੱਚ ਹਠ ਦੀ ਲੋੜ ਬੜੀ, ਜੋ ਠੁਕਦੇ ਤੀਰ ਨਿਸ਼ਾਨੇ ਤੇ, ਉਹ ਤੀਰ ਬਣਾਉਂਦਾ ਰਹਿੰਦਾ ਹਾਂ। ਹਰ ਸਮੇਂ ਮੁੱਹਬਤ ਦੀ ਗਰਮੀ ਇਕ ਵਰਗੀ ਮੂਲ ਨਾ ਰਹਿੰਦੀ ਏ, ਇਹ ਘਾਟੇ ਦਸ ਦਸ ਮਹਰਿਮ ਨੂੰ ਦਿਲਗੀਰ ਬਣਾਉਂਦਾ ਰਹਿੰਦਾ ਹਾਂ।

ਚਲਾ ਚਲ ਪੜਾਂਵਾਂ ਅਜੇ ਹੋਰ ਵੀ ਨੇ

ਚਲਾ ਚਲ ਪੜਾਂਵਾਂ ਅਜੇ ਹੋਰ ਵੀ ਨੇ, ਕਿ ਠਹਿਰਣ ਲਈ ਥਾਂਵਾਂ ਅਜੇ ਹੋਰ ਵੀ ਨੇ। ਤੂੰ ਜੰਡਾਂ ਕਰੀਰਾਂ ’ਚ ਫਸ ਕੇ ਨਾ ਰਹਿ ਜਾ, ਇਦੋਂ ਵਧ ਕੇ ਛਾਂਵਾਂ ਅਜੇ ਹੋਰ ਵੀ ਨੇ। ਤੂੰ ਸੀਖਾਂ ਤੋਂ ਡਰ ਗੁਲਾਮੀ ਨਾ ਮੰਨ ਬਹੀਂ, ਕਿ ਆਜ਼ਾਦ ਰਾਹਵਾਂ ਅਜੇ ਹੋਰ ਵੀ ਨੇ। ਜਿਨ੍ਹਾਂ ਵਿਚ ਘੁਲੀ ਹੈ ਭਵਿਖਤ ਦੀ ਹੋਣੀ, ਉਹ ਰੁਕੀਆਂ ਹਵਾਵਾਂ ਅਜੇ ਹੋਰ ਵੀ ਨੇ। ਜਿਨ੍ਹਾਂ ਪਾਲਿਆ ਜ਼ਿੰਦਗਾਨੀ ਨੂੰ ਹੁਣ ਤੱਕ, ਉਹ ਸੁੱਤੀਆਂ ਬਲਾਵਾਂ ਅਜੇ ਹੋਰ ਵੀ ਨੇ। ਜ਼ਰਾ ਠਹਿਰ ਮੌਤੇ ਤੂੰ ਕਾਹਲੀ ਨਾ ਕਰ ਇਉਂ, ਮੇਰੇ ਦਿਲ ਸਲਾਹਵਾਂ ਅਜੇ ਹੋਰ ਵੀ ਨੇ। ਮੁਹੱਬਤ ਦਾ ਮਹਿਰਮ ਗੁਨਹਾਗਾਰ ਹਾਂ ਮੈਂ, ਮੇਰੇ ਲਈ ਸਜ਼ਾਵਾਂ ਅਜੇ ਹੋਰ ਵੀ ਨੇ।

ਜ਼ਿੰਦਗੀ ਮੁਸ਼ੱਕਤਾਂ ਦਾ ਨਾਮ ਹੈ

ਜ਼ਿੰਦਗੀ ਮੁਸ਼ੱਕਤਾਂ ਦਾ ਨਾਮ ਹੈ। ਹੌਕਿਆਂ ਤੇ ਹੰਝੂਆਂ ਦਾ ਜਾਮ ਹੈ। ਹਰ ਘੜੀ ਹਰ ਕਦਮ ਤੇ ਘੋਲ ਇਕ, ਪੈ ਰਹੀ ਇਹ ਛਿੰਝ ਸੁਬ੍ਹਾ ਸ਼ਾਮ ਹੈ। ਵੱਜਦਾ ਏ ਢੋਲ ਹਰ ਸਵਾਸ ਤੇ, ਜਗਤ ਚਲੋ ਚਲੀ ਦਾ ਪੈਗਾਮ ਹੈ। ਉੱਦਮਾਂ ’ਚ ਬਰਕਤਾਂ ਬਹੁਤੇਰੀਆਂ, ਘਾਟਿਆਂ ਦਾ ਵਣਜ ਇਕ ਅਰਾਮ ਹੈ। ਸੰਕਟਾਂ ਨੂੰ ਵੇਖ ਕਦਮ ਤੇਜ਼ ਕਰ, ਸੂਰਮੇ ਨੂੰ ਭੱਜਣਾ ਹਰਾਮ ਹੈ। ਤਰਲਿਆਂ ਤੂਫ਼ਾਨ ਨੂੰ ਕੀ ਰੋਕਣਾ, ਹਿੱਕ ਦਾ ਉਭਾਰ ਰੋਕ ਥਾਮ ਹੈ। ਕੰਡਿਆਂ ‘ਚ ਫੁੱਲ ਦੀ ਹੈ ਜ਼ਿੰਦਗੀ, ਨਰਮ ਸੇਜ ਮੌਤ ਦਾ ਪੈਗਾਮ ਹੈ।

ਮੇਰੇ ਅਮੀਰ ਦਿਲ ਨੂੰ ਕੋਈ ਘਾਟ ਨਹੀਂ ਸੁਖਾਂਦੀ

ਮੇਰੇ ਅਮੀਰ ਦਿਲ ਨੂੰ ਕੋਈ ਘਾਟ ਨਹੀਂ ਸੁਖਾਂਦੀ। ਬਿਰਹੀਂ ਪਤੰਗਿਆਂ ਨੂੰ ਜਿਉਂ ਲਾਟ ਨਹੀਂ ਸੁਖਾਂਦੀ। ਪੱਥਰ ਨੂੰ ਪੀੜ ਕੀ ਏ, ਲੋਹੇ ਨੂੰ ਸੱਟ ਕਾਹਦੀ, ਗਾਜ਼ੀ ਮਰਦ ਨੂੰ ਹਰਗਿਜ਼ ਕੁਰਲਾਟ ਨਹੀਂ ਸੁਖਾਂਦੀ। ਗ਼ਮ ਨਾਲ ਮੇਰਾ ਵਾਹ ਏ ਬਿਪਤਾ ਮੇਰੀ ਸਹੇਲੀ, ਚਿੰਤਾ ਦੀ ਚੋਗ ਬਾਝੋਂ ਕੋਈ ਚਾਟ ਨਹੀਂ ਸੁਖਾਂਦੀ। ਮਨ ਦੇ ਲਹਾ ਚੜ੍ਹਾ ’ਚੋਂ ਦੁਖ ਸੁਖ ਦੇ ਫਰਕ ਸਿੰਮਦੇ, ਜੀਵਣ ਦੇ ਜਾਮ ਨੂੰ ਕੋਈ ਕਾਟ ਨਹੀਂ ਸੁਖਾਂਦੀ। ਕੁਦਰਤ ਦੇ ਨਕਸ਼ ਕੁਝ ਤਾਂ ਬਦਲ ਦਿਆਂਗਾ ‘ਮਹਿਰਮ’, ਜੁਗਾਂ ਜੁਗਾਂ ਪੁਰਾਣੀ ਇਹ ਡਾਟ ਨਹੀਂ ਸੁਖਾਂਦੀ।

ਮੁਹੱਬਤ ਦੇ ਮੌਸਮ ਦਾ ਨਾਂ ਹੈ ਜਵਾਨੀ

ਮੁਹੱਬਤ ਦੇ ਮੌਸਮ ਦਾ ਨਾਂ ਹੈ ਜਵਾਨੀ। ਪਿਆਰਾਂ ਦੇ ਬਾਗਾਂ ਦੀ ਛਾਂ ਹੈ ਜਵਾਨੀ। ਜਵਾਨੀ ਦੇ ਦਿਨ ਜ਼ਿੰਦਗਾਨੀ ਦੀ ਪੂੰਜੀ, ਇਹ ਜ਼ਿੰਦਾ ਦਿਲੀ ਦੀ ਪੜਾ ਹੈ ਜਵਾਨੀ। ਬਦੀ ਨੇਕੀਆਂ ਤੋਂ ਵਧੇਰੇ ਪਿਆਰੀ, ਗੁਨ੍ਹਾਗਾਰੀਆਂ ਦੀ ਸਰਾਂ ਹੈ ਜਵਾਨੀ। ਪਿਲਾਓ ਜਵਾਨੀ ਨੂੰ ਭਰ ਭਰ ਪਿਆਲੇ, ਕਿ ਇਨਕਾਰ ਜਾਨੇ ਨਾ ਹਾਂ ਹੈ ਜਵਾਨੀ। ਜਵਾਨੀ ਦੇ ਸਿਰ ਹੀ ਸਫਲਤਾ ਦੇ ਸਿਹਰੇ, ਸੰਜੋਗਾਂ ਤੇ ਭੋਗਾਂ ਦੀ ਲਾਂ ਹੈ ਜਵਾਨੀ। ਜਵਾਨੀ ਨੂੰ ਸਾਲਾਂ ਥੀਂ ਮਿਨਣਾ ਗੁਨਾਹ ਹੈ, ਖਿਆਲੀ ਥੀਂ ਬਣਦੀ ਮਹਾਂ ਹੈ ਜਵਾਨੀ। ਜੋ ਸਰ ਸਬਜ਼ ਕਰ ਦਏ ਇਸ਼ਕ ਦੀ ਕਿਆਰੀ, ਸਫਲ ‘ਮਹਿਰਮਾ’, ਤੇਰੀ ਤਾਂ ਹੈ ਜਵਾਨੀ।

ਮੈਨੂੰ ਜਿੰਦ ਵੀ ਪਿਆਰੀ ਮੈਨੂੰ ਇਸ਼ਕ ਵੀ ਪਿਆਰਾ

ਮੈਨੂੰ ਜਿੰਦ ਵੀ ਪਿਆਰੀ ਮੈਨੂੰ ਇਸ਼ਕ ਵੀ ਪਿਆਰਾ, ਡੁੱਬ ਜਾਣ ਜੋਗੇ ਨੂੰ ਦੋਹਾਂ ਦਾ ਹੈ ਸਹਾਰਾ। ਲੈ ਜਾ ਸ਼ਿੰਗਾਰ ਆਪਣਾ ਉਹ ਨੀਲੇ ਅਸਮਾਨਾਂ, ਤੇਰੇ ਸਿਤਾਰਿਆਂ ਵਿੱਚ ਮੇਰਾ ਨਹੀਂ ਸਿਤਾਰਾ। ਹਰ ਵੇਲੇ ਨੀਤ ਭੁੱਖੀ ਮੈਂ ਹਰ ਸਮੇਂ ਪਿਆਸਾ, ਪੱਲੇ ਮੇਰੇ ਪੈ ਗਿਆ ਹੈ, ਉਮਰਾਂ ਦਾ ਖਸਾਰਾ । ਰੀਝਾਂ ਦੇ ਨਾਲ ਕਿਹੜਾ ਕੋਈ ਇਸ਼ਕ ਪਾਲ ਸਕਦਾ, ਘਰ ਫੂਕ ਕੇ ਤਮਾਸ਼ਾ ਵਿਹੰਦਾ ਕੋਈ ਨਕਾਰਾ। ਘਿਰਣਾ ਪਿਆਰ ਦੀ ਇਕ ਵਿਗੜੀ ਹੋਈ ਸ਼ਕਲ ਏ, ਰੱਬ ਜਾਣੇ ਕਿਸ ਤਰ੍ਹਾਂ ਦਾ ਇਹ ਰੋਗ ਹੈਂਸਿਆਰਾ। ਮੰਜ਼ਲਾਂ ਦਾ ਮੁਕ ਜਾਣਾ ਰੀਝਾਂ ਦੀ ਮੌਤ ਤਾਂ ਨਹੀਂ, ਕੁਝ ਪਰਖ ਹਿੰਮਤਾਂ ਦੀ ਜੇ ਦੂਰ ਹੈ ਕਿਨਾਰਾ। ਪਾਬੰਦੀਆਂ ਨੇ ‘ਮਹਿਰਮ’, ਪਾਂਧੀ ਨੂੰ ਰਾਹ ਵਿਖਾਇਆ, ਉਹ ਲਗ ਗਿਆ ਟਿਕਾਣੇ ਜੋ ਹੋ ਗਿਆ ਆਵਾਰਾ।

ਕਿਸ ਕਿਸ ਉੱਤੇ ਨਹੀਂ ਆਏ ਮੁਹੱਬਤ ਦੇ ਚਾਰ ਦਿਨ

ਕਿਸ ਕਿਸ ਉੱਤੇ ਨਹੀਂ ਆਏ ਮੁਹੱਬਤ ਦੇ ਚਾਰ ਦਿਨ। ਹਰ ਇੱਕ ਦੇ ਦਿਲ ਨੂੰ ਭਾਏ ਮੁਹੱਬਤ ਦੇ ਚਾਰ ਦਿਨ। ਹਰ ਸਾਲ ਪਰਤ ਪਰਤ ਕੇ ਆਉਂਦੀ ਬਸੰਤ ਰੁੱਤ, ਪਰਤੇ ਨਾ ਵੇਖੇ ਹਾਏ ਮੁਹੱਬਤ ਦੇ ਚਾਰ ਦਿਨ। ਪ੍ਰਗਟੀ ਉਨ੍ਹਾਂ ਦੇ ਹਿਰਦਿਆਂ ’ਚ ਅਮਰ ਰੌਸ਼ਨੀ, ਦੀਵੇ ਜਿਨ੍ਹਾਂ ਜਗਾਏ ਮੁਹੱਬਤ ਦੇ ਚਾਰ ਦਿਨ। ਦਿਲ ਠੰਡਾ ਰੱਖ ਕੇ, ਤਪਦੀਆਂ ਰੇਤਾਂ ਨੂੰ ਗਾਹ ਗਏ, ਛਾਏ ਜਿਨ੍ਹਾਂ ਤੇ ਸਾਏ ਮੁਹੱਬਤ ਦੇ ਚਾਰ ਦਿਨ। ਇਕ ਦਿਲ ਇੱਕੋ ਨਾਲ ਹੀ ਬਸ ਪ੍ਰੀਤ-ਰੀਤ ਹੈ, ‘ਮਹਿਰਮ’ ਨੇ ਵੀ ਹੰਢਾਏ, ਮੁਹੱਬਤ ਦੇ ਚਾਰ ਦਿਨ।

ਮੁਦਤਾਂ ਪਿੱਛੋਂ ਵਿਛੜੇ ਸਜਨ ਆਣ ਮਿਲੇ

ਮੁਦਤਾਂ ਪਿੱਛੋਂ ਵਿਛੜੇ ਸਜਨ ਆਣ ਮਿਲੇ, ਲੋਥ ਨਿਮਾਣੀ ਅਚਾਣਕ ਪ੍ਰਾਣ ਮਿਲੇ। ਦੋ ਤਨ, ਦੋ ਮਨ, ਤੇ ਦੋ ਰੂਹਾਂ ਇਕ ਹੋਈਆਂ, ਇਕ ਦੂਜੇ ਦੇ ਭਗਤ ਮਿਲੇ ਭਗਵਾਨ ਮਿਲੇ। ਕੌਣ ਆਖਦਾ ਦੁਨੀਆ ਰੋਗਾਂ, ਸੋਗਾਂ ਦੀ, ਮਿਲੇ ਮਸੀਹ, ਮਹਿਬੂਬ ਮਿਲੇ ਲੁਕਮਾਨ ਮਿਲੇ। ਪਾਰਸ ਕਿਸ ਨੂੰ ਕਹਿੰਦੇ, ਚੰਨਣ ਕੀ ਹੁੰਦਾ, ਰੱਬ ਤੁਠਾ ਕਿ ਮਨ ਭਾਉਂਦੇ ਮਹਿਮਾਨ ਮਿਲੇ। ਇਉਂ ਲੱਗਾ ਕਿ ਅਸੀਂ ਕਦੇ ਵਿਛੜੇ ਹੀ ਨਹੀਂ, ਸਮੇਂ ਦੀਆਂ ਹੱਦਾਂ ਤੇ ਹੋ ਬਲਵਾਨ ਮਿਲੇ। ਗੰਗ, ਜਮਨ ਤੇ ਤੀਰਥ ਨ੍ਹਾਤੇ ਕੀ ਹੁੰਦਾ, ਮੁਕਤ ਪਦਾਰਥ ਸਜਨਾਂ ਦੀ ਮੁਸਕਾਨ ਮਿਲੇ। ਪਿਆਰ ਵਿਛੋੜੇ ਨਾਲ ਚਮਕਦਾ ‘ਮਹਿਰਮ’ ਜੀ, ਭਲੇ ਭਾਗ ਕੋਈ ਦਿਲ ਕੁੱਠਾ ਇਨਸਾਨ ਮਿਲੇ।

ਵਕਤ ਬੜਾ ਬਲਵਾਨ ਹੈ

ਵਕਤ ਬੜਾ ਬਲਵਾਨ ਹੈ, ‘ਮਹਿਰਮ’ ਵਕਤ ਬੜਾ ਕੁੱਝ ਕਰ ਜਾਂਦਾ। ਵਕਤ ਨਾਲ ਹੀ ਜੀਉਂਦਾ ਬੰਦਾ ਵਕਤ ਨਾਲ ਹੀ ਮਰ ਜਾਂਦਾ। ਵਕਤ ਦੀ ਰਚਨਾ ਵਕਤ ਦੀ ਲੀਲਾ ਵਕਤ ਦੇ ਹੀ ਸਭ ਕੌਤਕ ਨੇ, ਵਕਤ ਕਿਸੇ ਨੂੰ ਸੱਖਣਾ ਕਰਦਾ ਵਕਤ ਕਿਸੇ ਨੂੰ ਭਰ ਜਾਂਦਾ। ਅਸੀਂ ਤਮਾਮ ਵਕਤ ਦੇ ਗੋਲੇ ਵਕਤ ਚਲਾਵੇ ਚਲਦੇ ਹਾਂ, ਵਕਤ ਸੁਵਾਰੇ ਜਿਸ ਪੁਰਜ਼ੇ ਨੂੰ ਉਸ ਦਾ ਕਾਰਜ ਸਰ ਜਾਂਦਾ। ਵਕਤ ਬਹਾਰਾਂ ਪੈਦਾ ਕਰਦਾ ਪਤਝੜ ਵਕਤ ਲਿਆਉਂਦਾ ਏ, ਵਕਤ ਕਿਸੇ ਨੂੰ ਸਿਹਰਾ ਲਾਕੇ, ਆਪ ਸਫਲਤਾ ਵਰ ਜਾਂਦਾ। ਵਕਤ ਕਦੇ ਨਾ ਇਕ ਵਰਗਾ ਸਦਾ ਬਦਲਦਾ ਰਹਿੰਦਾ ਏ, ਗਮੀਆਂ ਤੇ ਖੁਸ਼ੀਆਂ ਉਹ ਮਾਣੇ, ਜੋ ਸੰਕਟ ਨੂੰ ਜਰ ਜਾਂਦਾ। ਕੌਣ ਹੈ ਯੋਧਾ ਜੋ ਸਮਿਆਂ ਦੀ ਗਤੀ ਹਲੂਣ ਕੇ ਰੱਖ ਦੇਵੇ, ਕਾਲ, ਅਕਾਲ ਨੂੰ ਸਮਝੇ ਜੋ, ਉਹ ਅਮਰ ਨਿਸ਼ਾਨਾ ਧਰ ਜਾਂਦਾ।

ਹਰ ਕਹਾਣੀ ਜ਼ਿੰਦਗੀ ਨੂੰ ਆਸਰਾ ਦੇਂਦੀ ਗਈ

ਹਰ ਕਹਾਣੀ ਜ਼ਿੰਦਗੀ ਨੂੰ ਆਸਰਾ ਦੇਂਦੀ ਗਈ, ਹਰ ਪੜਾ ਰਾਹੀ ਨੂੰ ਮੰਜ਼ਿਲ ਦਾ ਪਤਾ ਦੇਂਦੀ ਗਈ। ਅਪਨੇ ਮਨ ਦੀ ਮੂਰਤੀ ਦੀ ਭਾਲ ਵਿੱਚ ਰਹਿੰਦਾ ਹਾਂ ਮੈਂ, ਦਿਲ ਨੂੰ ਜੋ ਤਸਵੀਰ ਭਾਉਂਦੀ ਗਈ ਖੁਦਾ ਦੇਂਦੀ ਗਈ। ਹੋਣ ਗੇ ਕੁੱਝ ਯਤਨ ਮੇਰੇ ਪਰ ਅਗੰਮੀ ਸ਼ਕਤੀ ਕੋਈ, ਮੇਰੀ ਹੋਣੀ ਨੂੰ ਸਫਲ ਹੋਣ ਦਾ, ਦਾਅ ਦੇਂਦੀ ਗਈ। ਮੈਂ ਬਹੁਤੇਰਾ ਜੀਭ ਨੂੰ ਜੰਦੇ ਲਗਾ ਕੇ ਦੇਖਿਆ, ਮੇਰੀ ਸ਼ੁਹਰਤ ਇਸ਼ਕ ਮੇਰੇ ਨੂੰ ਹਵਾ ਦੇਂਦੀ ਗਈ। ਮਨ ਕਿਸੇ ਵਿਰਲੇ ਹੀ ਮਨ ਦੇ ਨਾਲ ਮਿਲਦਾ ਵੇਖਿਆ, ਬੇ-ਮੁਹੱਬਤ ਸਾਂਝ ਉਮਰਾਂ ਦੀ ਸਜ਼ਾ ਵੇਖੀ ਗਈ। ਮਨ, ਦੀ ਮਜ਼ਬੂਤੀ, ਅਕਲ ਦੀ ਪੁਖਤਗੀ, ਧੀਰਜ, ਲਗਨ, ਆਦਮੀ ਦੀ ਹਰ ਬੀਮਾਰੀ ਨੂੰ ਸ਼ਫਾ ਦੇਂਦੀ ਗਈ। ਕਿਹੜੇ ਤੂਫਾਨਾਂ ਤੋਂ ‘ਮਹਿਰਮ’ ਨੂੰ ਡਰਾਉਂਦੇ ਹੋ ਭਲਾ, ਇਕ ਅਨੋਖੀ ਹਰ ਬਲਾ ਹੱਲਾ ਸ਼ੇਰੀ ਦੇਂਦੀ ਗਈ।

ਪਰੇਸ਼ਾਨ ਕਰਕੇ ਨਾ ਜਾ ਜਾਣ ਵਾਲੇ

ਪਰੇਸ਼ਾਨ ਕਰਕੇ ਨਾ ਜਾ ਜਾਣ ਵਾਲੇ, ਜ਼ਰਾ ਠਹਿਰ ਜਾ ਠਹਿਰ ਜਾਨ ਵਾਲੇ। ਵਸਾ ਲੈਣ ਦੇ ਆਲ੍ਹਣਾ ਹੋਰ ਦੋ ਦਿਨ, ਨਾ ਕਰ ਕਾਹਲੀਆਂ ਬਿਜਲੀਆਂ ਪਾਣ ਵਾਲੇ। ਮੁੱਹਬਤ ਕੀ ਕੀਤੀ ਗੁਨਾਹ ਕਰ ਲਿਆ ਏ, ਖਿਮਾ ਕਰ ਕਿਆਮਤ ਦੇ ਸਾਮਾਨ ਵਾਲੇ । ਤੇਰੇ ਬਾਝ ਬਾਗਾਂ ’ਚ, ਫੁੱਲਾਂ ਦੀ ਹਾਨੀ, ਰੁਸਾ ਨਾ ਬਹਾਰਾਂ ਉਹ ਮੁਸਕਾਨ ਵਾਲੇ। ਵਿਛੜਕੇ ਕਦੇ ਮਿਲਦਾ ਨਾ ਡਿੱਠਾ, ਇਹ ਮੌਸਮ ਨਾ ਵੇਖੇ ਪਰਤ ਆਣ ਵਾਲੇ। ਜਿਤ ਜਾਂਦੇ ਨੇ ਬਾਜ਼ੀਆਂ, ਸੰਗ੍ਰਾਮ ਵਾਲੇ। ਹਾਰਦੇ ਵੇਖੇ ਸਦਾ ਆਰਾਮ ਵਾਲੇ। ਵਸਾ ‘ਮਹਿਰਮਾ’, ਕੋਈ ਦੁਨੀਆ ਅਨੋਖੀ, ਕਿ ਧਰਤੀ ਤੇ ਆ ਜਾਣ ਅਸਮਾਨ ਵਾਲੇ।

ਝੂੰਮ ਉੱਠਦੀ ਏ ਜਵਾਨੀ ਮਸਤੀਆਂ ਵਿੱਚ

ਝੂੰਮ ਉੱਠਦੀ ਏ ਜਵਾਨੀ ਮਸਤੀਆਂ ਵਿੱਚ, ਯਾਦ ਆਉਂਦੇ ਜਦ ਨਸ਼ੀਲੇ ਜਾਮ ਵਾਲੇ। ਕਿਸ ਅਰਥ ਮੂੰਹ ਮੂੰਹ ਭਰੀਆਂ ਸੁਰਾਹੀਆਂ, ਸੁਣੋਂ ਕੀ ਕਹਿੰਦੇ ਨੇ ਖਾਲੀ ਜਾਮ ਵਾਲੇ। ਅੱਖੀਆਂ ਵਿੱਚ ਤਾਂਘ ਧਰਕੇ ਬਹਿ ਗਿਆ ਹਾਂ, ਪਤਾ ਨਹੀਂ ਕਿਧਰ ਗਏ ਪੈਗਾਮ ਵਾਲੇ। ਕੌਣ ਕਰਦਾ ਹੈ ਕਿਸ ਦੀ ਗਰਜ਼ ਪੂਰੀ, ਰੋਜ਼ ਮਿਲਦੇ ਨੇ ਕਈ ਪ੍ਰਨਾਮ ਵਾਲੇ। ਦੇ ਰਹੀ ਹੈ ਇੱਕ ਚਕਵੀ ਕਲ ਦਿਲਾਸਾ, ਸੁਬ੍ਹਾ ਨੂੰ ਮਿਲ ਪੈਣ, ਵਿੱਛੜੇ ਸ਼ਾਮ ਵਾਲੇ। ਹਰੇ ਰਹਿਸਣ ਜ਼ਿੰਦਗੀ ਦੇ ਖੇਤ, ‘ਮਹਿਰਮ’, ਟਿੱਲ ਲਾ ਰੱਖਣ ਬਿਸ਼ਕ ਲਾਮ ਵਾਲੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ