Punjabi Geet : Kuldeep Sirsa

ਪੰਜਾਬੀ ਗੀਤ : ਕੁਲਦੀਪ ਸਿਰਸਾ


ਗੀਤ

ਕੰਨਾਂ ਦੇ ਵਿੱਚ ਭਗਤ ਸਿੰਹਾਂ ਤੇਰੇ ਬੋਲ ਗੂੰਜਦੇ ਨੇ। ਹਵਾ ਦੇ ਵਿੱਚ ਖਿਆਲ ਤੇਰੇ ਅਨਮੋਲ ਗੂੰਜਦੇ ਨੇ। ਆਖਿਆ ਸੀ ਤੂੰ ਗੋਰੇ ਇਕ ਦਿਨ ਚਲੇ ਹੀ ਜਾਵਣਗੇ। ਕਾਲੇ ਪਾਪੀ ਆਕੇ ਇਥੇ ਜੁਲਮ ਕਮਾਵਣਗੇ। ਕੱਲੇ ਕੱਲੇ ਲਫ਼ਜ਼ ਵਾਂਗਰਾਂ ਢੋਲ ਗੂੰਜਦੇ ਨੇ। ਇੰਕਲਾਬ ਨਾ ਜਿੰਨੀ ਦੇਰ ਲਿਆਉਣਾ ਕਮੇਰਿਆਂ ਨੇ। ਕਿਰਤ ਸਾਡੀ ਨੂੰ ਲੁੱਟਣਾ ਓਨੀ ਦੇਰ ਲੁਟੇਰਿਆਂ ਨੇ। ਲੋਟੂਆਂ ਦੇ ਸੁਣ ਸ਼ਬਦ ਕ੍ਰਾਂਤੀ ਹੌਲ ਗੂੰਜਦੇ ਨੇ। ਫਾਂਸੀ ਚੜ੍ਹਨ ਤੋਂ ਪਹਿਲਾਂ ਜਿਹੜਾ ਪੇਜ ਮੋੜਿਆ ਸੀ। ਆਉਣ ਵਾਲੀਆਂ ਨਸਲਾਂ ਨੂੰ ਕ੍ਰਾਂਤੀ ਵੱਲ ਤੋਰਿਆ ਸੀ। ਨਾਲ ਅਦਾਲਤਾਂ ਕੀਤੇ ਜਿਹੜੇ ਕਲੋਲ ਗੂੰਜਦੇ ਨੇ। ਕਰਦੈਂ ਜੋ ਅਰਦਾਸਾਂ ਕੰਮ ਤੇਰੇ ਆਉਣ ਜੋਗੀਆਂ ਨਹੀਂ । ਗਰਮੀ-ਸਰਦੀ ਤੋਂ ਵੀ ਤੈਨੂੰ ਬਚਾਉਣ ਜੋਗੀਆਂ ਨਹੀਂ । ਨਾਸਤਿਕ ਬਣਕੇ ਖੋਲ੍ਹੇ ਜਿਹੜੇ ਪੋਲ ਗੂੰਜਦੇ ਨੇ।

ਗੀਤ-ਥੋਡੇ ਕੋਲ਼ ਬੰਦੂਕਾਂ

ਥੋਡੇ ਕੋਲ ਬੰਦੂਕਾਂ, ਸਾਡੇ ਕੋਲ਼ੇ ਸੀਨੇ ਐ ਥੋਡੇ ਕੋਲ਼ ਸਿਆਸਤ ,ਸਾਡੇ ਕੋਲ਼ ਪਸੀਨੇ ਐ ਥੋਨੂੰ ਮਿਲੀ ਵਜ਼ੀਰੀ, ਸਾਨੂੰ ਧੱਕੇ ਮਿਲਦੇ ਰਹੇ ਥੋਡੇ ਕੋਲੇ ਬਾਦਸ਼ਾਹ, ਸਾਨੂੰ ਯੱਕੇ ਮਿਲਦੇ ਰਹੇ ਥੋਡੀ ਜਾਤ ਗਦਾਰੀ, ਸਾਡੇ ਸਿਰੜੀ ਦੀਨੇ ਐ ਤੁਸੀਂ ਵੰਡੀਆਂ ਪਾਉਂਦੇ ,ਅਸੀਂ ਏਕਾ ਕਰਦੇ ਰਹੇ ਤੁਸੀਂ ਗਵਾਹੀਆਂ ਦਿੰਦੇ, ਅਸੀਂ ਫਾਂਸੀ ਚੜਦੇ ਰਹੇ ਤੁਸੀਂ ਜੋੜਦੇ ਕਾਲਖ਼, ਸਾਡੇ ਕੋਲ ਨਗੀਨੇ ਐ ਥੋਨੂੰ ਕੁਰਸੀ ਪਿਆਰੀ,ਸਾਨੂੰ ਰਿਜ਼ਕ ਪਿਆਰਾ ਏ ਥੋਨੂੰ ਚਮਚੀ ਪਿਆਰੀ,ਸਾਨੂੰ ਸਿਦਕ ਪਿਆਰਾ ਏ ਤੁਸੀਂ ਥਾਲੀ ਦੇ ਲੱਡੂ, ਸਾਡੇ ਪੱਕੇ ਕਰੀਨੇ ਐ

ਗੀਤ-ਸਾਡੇ ਘਰ ਪੁੱਤ ਜੰਮਦੇ

ਸਾਡੇ ਘਰ ਪੁੱਤ ਜੰਮਦੇ ਨੇ ਸਰਹੱਦਾਂ ਲਈ ਥੋਡੇ ਘਰ ਪੁੱਤ ਜੰਮਦੇ ਪੱਬ-ਕਲੱਬਾਂ ਲਈ। ਥੋਡੇ ਬਾਰ 'ਚ ਨੱਚਦੇ, ਸਾਡੇ ਹੱਦਾਂ 'ਤੇ ਲੜਦੇ ਨੇ। ਥੋਡੇ ਮਖ਼ਮਲ ਉੱਤੇ ਸੌਂਦੇ,ਸਾਡੇ ਰਾਖੀਆਂ ਕਰਦੇ ਨੇ। ਸਾਡੇ ਭੋਲ਼ੇ ਪੁੱਤਰ ਮਰਦੇ, ਥੋਡੇ ਸਲੱਗਾਂ ਲਈ। ਸਾਡੇ ਘਰ ਸੱਥਰ ਵਿਛਦੇ,ਥੋਡੀ ਰਿਆਸਤ ਫਲਦੀ ਹੈ ਸਾਡੇ ਘਰ ਚੂੜੇ ਟੁੱਟਦੇ,ਥੋਡੀ ਸਿਆਸਤ ਚਲਦੀ ਹੈ ਸਾਡੇ ਭੁੱਖੇ ਜਾਨਾਂ ਵਾਰਦੇ, ਥੋਡੇ ਠੱਗਾਂ ਲਈ। ਥੋਡੇ ਹਥਿਆਰ ਵੇਚਦੇ,ਸਾਡੇ ਹਥਿਆਰ ਚਲਾਉਂਦੇ ਨੇ ਥੋਡੇ ਪੁੱਤ ਨਫ਼ਾ ਕਮਾਉਂਦੇ,ਸਾਡੇ ਜਾਨ ਗਵਾਉਂਦੇ ਨੇ। ਅਸੀਂ ਬਾਲਣ ਬਣਦੇ ਆਏ, ਥੋਡੀਆਂ ਅੱਗਾਂ ਲਈ।

ਗੀਤ-ਦੇਸ਼ ਦੇ ਚਰਖੇ

ਰੋਜ-ਰੋਜ ਦੇ ਜੁਮਲੇ ਸੁਣ-ਸੁਣ ਹੋ ਗਿਆ ਮੰਦੜਾ ਹਾਲ। ਜਾਲਮਾ ਦੇ ਪੰਜੇ ਦੇਖਕੇ ਆਉਂਦੇ ਬੁਰੇ ਖਿਆਲ। ਫੁੱਟ ਪਾਉ ਤੇ ਰਾਜ ਕਰੋ ਚਲਦੇ ਨੀਤੀ ਨਾਲ। ਦੇਸ਼ ਦੇ ਚਰਖੇ ਦੀ ਢਿੱਲੀ ਕਰਤੀ ਮਾਲ੍ਹ। ਕਿਰਤੀ-ਕਾਮੇ ਰੁਲਦੇ ਫਿਰਦੇ ਜੀਓ ਮਾਲੋਮਾਲ। ਬੰਦਾ ਇੱਥੇ ਸਸਤਾ ਹੋਇਆ ਮਹਿੰਗੀ ਹੋਗੀ ਦਾਲ। ਪੰਜ ਸਾਲਾਂ ਤੋਂ ਅਥਰੂ ਪੂੰਝਣ ਆ ਗਏ ਘਰੇ ਰੁਮਾਲ। ਸੱਚੀਆਂ-ਸੁੱਚੀਆਂ ਕਲਮਾਂ ਨੂੰ ਇਹ ਜਾਂਦੇ ਕਰੀ ਹਲਾਲ। ਭਗਵੇ ਰੰਗ ਨੇ ਧਰਤੀ ਨੂੰ ਕਰ ਦਿੱਤਾ ਲਾਲੋ-ਲਾਲ। ਗੋਦੀ ਦੇ ਵਿੱਚ ਬੈਠਾ ਮੀਡੀਆ ਗਾਵੇ ਤਾਲ-ਬੇਤਾਲ। ਚਿੱਟੇ ਰੰਗ ਦਾ ਚੋਲਾ ਪਾਕੇ ਚਲਦੇ ਕਾਲੀ ਚਾਲ। ਰੱਬ ਦਾ ਘਰ ਸੋਨੇ ਦਾ ਹੋਇਆ ਕਿਰਤੀ ਹੋਏ ਕੰਗਾਲ। ਨਾਮ ਜਪੋ ਭਾਈ ਨਾਮ ਜਪੋ ਧਰਮ ਲੁਟੇਰਿਆਂ ਨਾਲ। ਜੋਕਾਂ ਇੱਥੇ ਖੂਨ ਪੀਂਦੀਆਂ ਸੱਤਾ ਬਣੀ ਦਲਾਲ। ਸਾਡੇ ਚੁੱਲੇ ਠੰਡੇ ਹੋ ਗਏ ਸ਼ੇਅਰ ਵਿੱਚ ਉਛਾਲ | ਕੁਲਦੀਪ ਕਮਲਿਆ ਗਾ-ਗਾ ਕੇ ਤੂੰ ਕਰਦਾ ਰਹੀਂ ਸਵਾਲ।

ਗੀਤ-ੳ ਅ ੲ

ੳ ਅ ੲ ਅਨਮੋਲ ਭੋਲ਼ਿਆ । ਬੋਲ ਤੂੰ ਪੰਜਾਬੀ ਮੁੱਖੋਂ ਬੋਲ ਭੋਲ਼ਿਆ। ਮਾਂ-ਬੋਲੀ ਜਿਹੜੇ ਲੋਕ ਭੁੱਲ ਜਾਂਦੇ ਨੇ । ਗਲ਼ੀਆਂ ਦੇ ਕੱਖਾਂ ਵਾਂਗੂੰ ਰੁਲ਼ ਜਾਂਦੇ ਨੇ। ਭੁੱਲ ਜਾਂਦੇ ਆਪਣਾ ਉਹ ਵਿਰਸਾ ਮਹਾਨ। ਜੱਗ ਵਿੱਚ ਮੁੱਕ ਜਾਂਦੀ ਉਨ੍ਹਾਂ ਦੀ ਪਛਾਣ। ਹੀਰਾ ਮਾਂ-ਬੋਲੀ ਦਾ ਨਾ ਰੋਲ਼ ਭੋਲ਼ਿਆ। ਜਿਹੜੇ ਬਾਲ ਮਾਂ-ਬੋਲੀ ਵਿੱਚ ਪੜਦੇ। ਕਲਾ ਦੀਆਂ ਰਮਝਾਂ ਨੂੰ ਉਹੀ ਫੜਦੇ । ਸੱਥਰਾਂ ਤੇ ਗਿੱਧਿਆਂ 'ਚ ਇਹੀ ਬੋਲਦੀ। ਦੂਜੀਆਂ ਭਾਸ਼ਾਂਵਾਂ ਦੇ ਦੁਆਰ ਖੋਲਦੀ। ਕੀਮਤੀ ਖ਼ਜ਼ਾਨਾ ਤੇਰੇ ਕੋਲ਼ ਭੋਲ਼ਿਆ। ਵੇਖ ਲੈ ਤੂੰ ਚੀਨ ਚਾਹੇ ਵੇਖ ਲੈ ਜਾਪਾਨ। ਮਾਂ-ਬੋਲੀ ਸਿਰਤੇ ਹੀ ਬਣ ਗਏ ਮਹਾਨ। ਅੱਜ ਸਾਰੀ ਦੁਨੀਆਂ ਵਪਾਰ ਹੋ ਗਈ। ਮਾਂ-ਬੋਲੀ ਮੰਡੀ ਦਾ ਸ਼ਿਕਾਰ ਹੋ ਗਈ। ਉੱਠ ਜਰਾ ਉੱਠ ਅੱਖਾਂ ਖੋਲ਼ ਭੋਲ਼ਿਆ । ਐਵੇਂ ਹੋਇਆ ਫਿਰੇਂ ਡਾਵਾਂ-ਡੋਲ ਭੋਲਿਆ।

ਗੀਤ-ਬੱਚੇ ਤੰਗ ਨਹੀਂ ਕਰਦੇ

ਫੁੱਲਾਂ ਉੱਤੇ ਭਾਰ ਜਿਹੜੇ, ਸੱਧਰਾਂ ਦਾ ਧਰਦੇ ਨੇ। ਬੱਚੇ ਤੰਗ ਨਹੀਂ ਕਰਦੇ, ਤੰਗ ਤਾਂ ਮਾਪੇ ਕਰਦੇ ਨੇ। ਜਿਹਨਾਂ ਘਰਾਂ ਦੇ ਵਿੱਚ ਜਮਹੂਰੀ ਕਦਰਾਂ ਹੁੰਦੀਆਂ ਨੇ ਸੂਝ-ਬੂਝ ਨਾਲ ਭਰੀਆਂ ਉੱਥੇ, ਲਗਰਾਂ ਹੁੰਦੀਆਂ ਨੇ ਬੂਟੇ ਫਲ ਨ ਦਿੰਦੇ, ਜਿਹੜੇ ਡਰ ਨਾਲ ਪਲਦੇ ਨੇ ਗੱਲ-ਗੱਲ ਉੱਤੇ ਮਿਲਦੀ ਜਿਹੜੀ ਘੂਰ ਮਾਪਿਆਂ ਤੋਂ ਹੌਲੀ ਹੌਲੀ ਕਰ ਦਿੰਦੀ ਮਨ ਦੂਰ ਮਾਪਿਆਂ ਤੋਂ ਫੁਲ ਗੁਲਾਬ ਦੇ ਗੁੱਸੇ ਵਿੱਚ ਗੋਲੇ ਬਣ ਵਰ੍ਹਦੇ ਨੇ ਬੱਚਿਆਂ ਦੇ ਨਾਲ ਹੱਸਣਾ ਖੇਡਣਾਂ ਗਾਉਣਾ ਚਾਹੀਦਾ ਗਲਤੀ ਹੋਣ 'ਤੇ ਭਾਸ਼ਣ ਨਹੀਂ, ਸੁਣਾਉਣਾ ਚਾਹੀਦਾ ਸਿਆਣੇ ਮਾਪੇ ਸਦਾ ਹੀ, ਬਾਲ-ਮਨਾਂ ਨੂੰ ਪੜ੍ਹਦੇ ਨੇ ਜਾਨਵਰ-ਪੰਛੀ ਰਾਜੇ-ਰਾਣੀ ਪਰੀ ਦੀਆਂ ਬਾਤਾਂ ਨੂੰ ਬੁੱਕਲ ਵਿੱਚ ਬੈਠਾਕੇ ਭਾਈ ਸੁਣਾਈਏ ਰਾਤਾਂ ਨੂੰ ਸੋਚਾਂ ਨੂੰ ਖੰਭ ਲਗਦੇ, ਬੱਚੇ ਉਡਾਰੀਆਂ ਭਰਦੇ ਨੇ ਕੁਲਦੀਪ ਦਾ ਲਿਖਿਆ ਥੋਨੂੰ ਬੱਚੇ ਗੀਤ ਸੁਨਾਵਣਗੇ ਸਮਝ ਲਿਓ ਭਾਈ ਜਿਹੜੀ ਥੋਨੂੰ ਗੱਲ ਸਮਝਾਵਣਗੇ ਮੇਚਾ ਇਕ ਹੋ ਜਾਵੇ ਫੇਰ ਨ ਰਹਿੰਦੇ ਪਰਦੇ ਨੇ

ਗੀਤ-ਫਾਸੀਵਾਦ ਵੋਟਾਂ ਨਾਲ

ਦੱਸੇ ਇਤਿਹਾਸ ਨੁਕਤਾ ਵਿਚਾਰ ਦਾ ਫਾਸੀਵਾਦ ਵੋਟਾਂ ਨਾਲ ਨਹੀਂਉ ਹਾਰਦਾ ਮਨੁੱਖਤਾ ਦੇ ਧਾਗੇ ਵਿੱਚ ਪਾਉਂਦਾ ਗੰਢੀਆਂ ਬੀਜਦਾ ਹੈ ਨਫਰਤ ਪਾਉਂਦਾ ਵੰਡੀਆਂ ਫੁੱਟ ਪਾਉ ਰਾਜ ਕਰੋ ਹਥਿਆਰ ਦਾ ਪੂੰਜੀ ਦਾ ਦਲਾਲ ਲੋਕਾਂ ਨੂੰ ਨਿਚੋੜਦਾ ਕਿਰਤੀਆਂ-ਕਾਮਿਆਂ ਦੇ ਹੱਡ ਤੋੜਦਾ ਚੱਲ ਦਾ ਨਾ ਸੱਚ ਤਾਹੀਓਂ ਝੂਠ ਮਾਰਦਾ ਹਾਰ ਸਾਂਝੀਵਾਲਤਾ ਕਦੇ ਨਾ ਮੰਨਦੀ ਲੋਕ-ਏਕਤਾ ਹੀ ਇਹਦਾ ਮੂੰਹ ਭੰਨਦੀ ਫੇਰ ਹੁੰਦਾ ਫੈਸਲਾ ਹੈ ਆਰ-ਪਾਰ ਦਾ

ਗੀਤ-ਠੇਕਿਆਂ ਤੇ ਹੁੰਦੇ ਨੇ

ਠੇਕਿਆਂ ਤੇ ਹੁੰਦੇ ਨੇ ਬਿਮਾਰ ਪੈਦਾ ਜੀ ਕਿਤਾਬਾਂ ਨਾਲ ਹੁੰਦੇ ਨੇ ਵਿਚਾਰ ਪੈਦਾ ਜੀ ਨਸ਼ਾ ਮਾਰੇ ਮੱਤ, ਗਿਆਨ ਦੇਵੇ ਰੰਦ ਬਈ ਤਾਂਹੀਂਉ ਠੇਕੇ ਖੁਲ੍ਹਦੇ, ਸਕੂਲ ਬੰਦ ਬਈ। ਧਰਮਾਂ ਦੀ ਅੱਖਾਂ ਉੱਤੇ ਬੰਨ੍ਹ ਪੱਟੀ ਬਈ ਰੱਬ ਦੀ ਦੁਕਾਨ ਵਿੱਚ ਖੂਬ ਖੱਟੀ ਬਈ ਲੋਕ ਚੇਤਨਾ ਨੂੰ ਇਹ ਪਾਉਂਦੇ ਮੰਦ ਬਈ ਤਾਂਹੀਂਉ ਡੇਰੇ ਖੁੱਲ੍ਹਦੇ, ਸਕੂਲ਼ ਬੰਦ ਬਈ। ਹਕੂਮਤਾਂ ਨੂੰ ਅਕਲਾਂ ਤੋਂ ਨੰਗ ਚਾਹੀਦੇ ਹੱਕਾਂ ਤੋਂ ਅਵੇਸਲੇ ਮਲੰਗ ਚਾਹੀਦੇ ਸੂਰਜ ਨਾ ਹੋਣ ਬੱਸ ਹੋਣ ਚੰਦ ਬਈ ਤਾਂਹੀਂਉ ਹੋਣ ਰੈਲੀਆਂ, ਸਕੂਲ ਬੰਦ ਬਈ।

ਗੀਤ-ਗੋਦੀ ਜਿੱਤਿਆ

ਗੋਦੀ ਜਿੱਤਿਆ ਤੇ ਮਿਲਣ ਵਧਾਈਆਂ ਅੱਜਕਲ੍ਹ ਦੇਸ਼ ਵੇਚਦਾ ਲੋਕੋ ਫੁੱਟ ਪਾਕੇ ਰਾਜ ਕਰਦਾ ਇਹਨੂੰ ਰੋਕੋ ਲਾਈਨਾਂ ਲੱਗੀਆਂ ਤੇ ਨੋਟਬੰਦੀ ਹੋ ਗਈ ਸਾਡੇ ਰੋਜਗਾਰ ਖੁੱਸ ਗਏ ਬੱਲਿਆ ਮੀਡੀਆ ਦੇ ਸੰਗ ਰਲਕੇ ਝੂਠ ਚੱਲਿਆ ਫਕੀਰ ਬਣਦਾ ਤੇ ਸੂਟ ਅੱਠ ਲੱਖ ਦਾ ਦੇਸ਼ ਨੂੰ ਲੁੱਟ ਖਾ ਗਿਆ ਹਾਣੀਆਂ ਆਖਰਾਂ ਨੂੰ ਠੱਲ੍ਹ ਪਾਈ ਪੰਜਾਂ ਪਾਣੀਆਂ ਬਾਤਾਂ ਮਨ ਦੀਆਂ ਪਾਉਂਦਾ ਸਾਡੀ ਸੁਣੇ ਨਾ ਸੱਤ ਸੌ ਦੀ ਮੌਤ ਹੋ ਗਈ ਪੂਰਨਾ ਕਿਸਾਨਾਂ ਨੇ ਅੱਗੇ ਲਾ ਲਿਆ ਵੱਡਾ ਸੂਰਮਾ

ਗੀਤ-ਤੁਸੀਂ ਜ਼ਮੀਰਾਂ ਵੇਚਦੇ

ਤੁਸੀਂ ਜ਼ਮੀਰਾਂ ਵੇਚਦੇ, ਅਸੀਂ ਪਸੀਨਾ ਵੇਚਦੇ ਹਾਂ ਤੁਸੀਂ ਫਾਸਲ਼ੇ ਪਾਉਂਦੇ, ਅਸੀਂ ਲਕੀਰਾਂ ਮੇਟਦੇ ਹਾਂ। ਤੁਸੀਂ ਮਾਫੀਆਂ ਮੰਗੀਆਂ, ਅਸੀਂ ਜਾਨਾਂ ਵਾਰਦੇ ਰਹੇ ਤੁਸੀਂ ਦੇਸ਼ ਨੂੰ ਲੁੱਟਦੇ, ਅਸੀਂ ਕਰਜ਼ ਉਤਾਰਦੇ ਰਹੇ। ਤੁਸੀਂ ਜਾਮ ਟਕਰਾਉਂਦੇ, ਅਸੀਂ ਲਾਂਬੂ ਸੇਕਦੇ ਹਾਂ। ਥੋਡੇ ਥੱਲੇ ਮਖ਼ਮਲ , ਅਸੀਂ ਕੰਡਿਆਂ 'ਤੇ ਸੌਂਦੇ ਰਹੇ ਥੋਡੇ ਖੂਨ ਵਿੱਚ ਗਦਾਰੀ,ਅਸੀਂ ਵਫਾ ਨਿਭਾਉਂਦੇ ਰਹੇ। ਤੁਸੀਂ ਦਿੱਲੀ ਦੇ ਰਾਜੇ , ਅਸੀਂ ਯੋਧੇ ਬੇਟ ਦੇ ਹਾਂ। ਥੋਡੇ ਕੋਲ ਚਤੁਰਾਈਆਂ, ਸਾਡੇ ਕੋਲ ਦਲੇਰੀ ਸੀ ਗੈਰਤ ਥੋਡੀ ਮਰ ਗਈ, ਸਾਡੇ ਕੋਲ ਬਥੇਰੀ ਸੀ। ਤੁਸੀਂ ਫਾਂਸੀਆਂ ਲਾਉਂਦੇ, ਅਸੀਂ ਚੜ੍ਹਕੇ ਵੇਖਦੇ ਹਾਂ। ਸਾਡੀ ਕੀਮਤ ਕੋਈ ਨਾ, ਤੁਸੀਂ ਹਮੇਸ਼ਾ ਵਿੱਕਦੇ ਰਹੇ ਥੋਡੇ ਕਫ਼ਨ ਵਿੱਕਦੇ ਰਹੇ ਤੇ ਸਾਡੇ ਸੱਥਰ ਵਿੱਛਦੇ ਰਹੇ। ਤੁਸੀਂ ਅੱਗਾਂ ਦੇ ਦਰਿਆ, ਅਸੀਂ ਤਰਕੇ ਵੇਖਦੇ ਹਾਂ । ਤੁਸੀਂ ਗਵਾਹੀਆਂ ਦਿੰਦੇ ,ਅਸੀਂ ਲੜਕੇ ਦੇਖਦੇ ਹਾਂ

ਗੀਤ-ਬਾਬਲ ਮੇਰਾ ਹਿੱਸਾ

ਬਾਬਲ ਮੇਰਾ ਹਿੱਸਾ ਤੇਰੇ ਘਰ ਰਹਿ ਗਿਆ ਤੂੰ ਲਿਖੀ ਜਦੋਂ ਵਸੀਅਤ ਪੱਖ ਵੀਰੇ ਦਾ ਲੈ ਗਿਆ। ਵੀਰ ਜੰਮੇ ਤੋਂ ਖੁਸ਼ੀ ਮਨਾਈ ਮੈਂ ਜੰਮੀ ਤਾਂ ਰੋਇਆ ਫਿਰ ਵੀ ਤੇਰੀ ਪੱਗ ਦਾ ਬਾਬਲਾ ਭਾਰ ਅਸਾਂ ਨੇ ਢੋਇਆ ਡਰ ਤੇਰੀ ਪਗੜੀ ਦਾ ਸਾਡੀ ਸੋਚ ਤੇ ਭਾਰੀ ਪੈ ਗਿਆ। ਝੂਠੀ ਅਣਖ ਤੇ ਗੈਰਤ ਦਾ ਤੂੰ ਪੱਲਾ ਬਾਬਲਾ ਫੜਿਆ ਧੀ ਦੇ ਹੱਕ ਲਈ ਲੜਨਾਂ ਸੀ ਪਰ ਤੂੰ ਰਸਮਾਂ ਤੋਂ ਡਰਿਆ ਅਰਸ਼ਾਂ ਉਤੇ ਉੱਡਣ ਦਾ ਸੁਪਨਾ ਦਿਲ ਵਿੱਚ ਰਹਿ ਗਿਆ। ਦਿਲ ਦੀਆਂ ਸੱਧਰਾਂ ਬਾਬਲਾ ਅਸੀਂ ਦਿਲ ਦੇ ਵਿੱਚ ਲਕੋਈਆਂ ਖੁੱਲ੍ਹੇ ਹਾਸੇ ਕਦੇ ਨਾ ਹੱਸੀਆਂ ਕੱਲੀਆਂ ਬਹਿ ਬਹਿ ਰੋਈਆਂ ਧੀਆਂ ਨਾਲ ਵਿਤਕਰੇ ਵਾਲੇ ਤੂੰ ਵੀ ਕੁਰਾਹੇ ਪੈ ਗਿਆ। ਮੈਂ ਵੀ ਤੇਰੇ ਨਾਲ ਬਾਬਲਾ ਖੇਤੋਂ ਪੱਠੇ ਲਿਆਉਂਦੀ ਸਾਂ ਰੋਟੀ-ਟੁੱਕਰ ਭਾਂਡਾ-ਟੀਂਡਾ ਸਾਰੇ ਕੰਮ ਕਰਾਂਉਦੀ ਸਾਂ ਤੇਰੀ ਪਿੱਤਰ ਸੋਚ ਤੇ ਵੀਰਾ ਕਬਜ਼ਾ ਕਰਕੇ ਬਹਿ ਗਿਆ

ਗੀਤ-ਸਾਰਾ ਦਿਨ ਪੋਚੇ ਲਾਉਂਦੀ ਹਾਂ

ਸਾਰਾ ਦਿਨ ਪੋਚੇ ਲਾਉਂਦੀ ਹਾਂ ਮੈਂ ਸ਼ਾਹੂਕਾਰਾਂ ਦੇ ਬਾਪੂ ਪੜ੍ਹਨ ਸਕੂਲੇ ਪਾ ਦੇ ਮੰਦੜੇ ਹਾਲ ਗਵਾਰਾਂ ਦੇ ਖੇਤਾਂ ਦੇ ਵਿਚ ਵੀਰਾ ਦੇਹੋਂ ਟੁੱਟਿਆ ਰਹਿੰਦਾ ਹੈ ਪਸ਼ੂਆਂ ਦੇ ਵਿਚ ਪਸ਼ੂਆਂ ਵਾਂਗੂੰ ਜੁੱਟਿਆ ਰਹਿੰਦਾ ਹੈ ਕੋਲੇ ਬੈਠੇ ਦੁੱਧ ਪੀਂਦੇ ਲਾਣੇ ਸਰਦਾਰਾਂ ਦੇ ਮਾਂ ਮੇਰੀ ਵੀ ਗੋਹਾ ਸੁੱਟਦੀ ਬੁੱਢੀ ਹੋ ਗਈ ਹੈ ਚੌਧਰੀਆਂ ਦੀਆਂ ਫਰਸ਼ਾਂ ਧੋਂਦੀ ਕੁੱਬੀ ਹੋ ਗਈ ਹੈ ਕੀਹਨੂੰ ਜਖਮ ਦਿਖਾਵਾਂ ਸੀਨੇ ਫਿਰਦੀਆਂ ਆਰਾਂ ਦੇ ਤੂੰ ਵੀ ਬਾਪੂ ਸਾਰਾ ਦਿਨ ਦੇ ਖੇਤਾਂ ਵਿੱਚ ਖੱਪਦਾ ਏਂ ਉਹਨਾਂ ਮਹਿਲ ਉਸਾਰ ਲਏ ਤੂੰ ਇੱਟਾਂ ਥੱਪਦਾ ਏਂ ਪੜ੍ਹ-ਲਿਖ ਕੇ ਮੁੰਹ ਮੋੜਾਂਗੇ ਇਹਨਾਂ ਬਦਕਾਰਾਂ ਦੇ ਜੁਲਮ ਤੇ ਧੱਕਾ ਸਾਰੀ ਜਿੰਦਗੀ ਆਪਾਂ ਸਹਿੰਦੇ ਹਾਂ ਡੰਗਰਾਂ ਤੋਂ ਵੀ ਮਾੜੀਆਂ ਥਾਵਾਂ ਤੇ ਰਹਿੰਦੇ ਹਾਂ ਸਾਰੀ ਜਿੰਦਗੀ ਤੁਰਦੇ ਹਾਂ ਨੰਗੀਆਂ ਤਲਵਾਰਾਂ ਤੇ

ਜੇ ਦੁਨੀਆਂ ਤੇ ਰੱਬ ਨ ਹੁੰਦਾ

ਜੇ ਦੁਨੀਆਂ ਤੇ ਰੱਬ ਨਾ ਹੁੰਦਾ ਬੰਦਾ ਲਾਈ-ਲੱਗ ਨਾ ਹੁੰਦਾ। ਸੁਭਾ-ਸਵੇਰੇ ਠੰਡ 'ਚ ਨਹਾ ਕੇ ਨਾਮ ਜਪਣ ਦਾ ਜੱਭ ਨਾ ਹੁੰਦਾ। ਨਾ ਹੀ ਹੁੰਦੇ ਰੱਬ-ਦੁਆਰੇ ਨਾ ਚੀਕ-ਚਿਹਾੜਾ ਪਾਉਂਦੇ ਸਾਰੇ। ਨਾ ਨਰਕਾਂ ਦਾ ਭੈਅ ਕੋਈ ਹੁੰਦਾ ਨਾ ਸੁਰਗਾਂ ਦੇ ਹੁੰਦੇ ਲਾਰੇ। ਜਿਹੜਾ ਸਾਨੂੰ ਨਾਮ ਜਪਾਉਂਦਾ ਏਦਾਂ ਦਾ ਕੋਈ ਠੱਗ ਨਾ ਹੁੰਦਾ। ਆਪਾਂ ਸਾਰੇ ਬੰਦੇ ਹੁੰਦੇ ਨਾ ਦੁਨੀਆਂ ਵਿੱਚ ਦੰਗੇ ਹੁੰਦੇ। ਪੁੱਠਾ-ਸਿੱਧਾ ਬਾਣਾਂ ਪਾਕੇ ਨਾ ਆਪਸ ਵਿੱਚ ਵੰਡੇ ਹੁੰਦੇ। ਨੰਗੇ-ਗੰਜੇ ਪਗੜੀਧਾਰੀ ਝੂਠ ਦਾ ਐਨਾ ਫਲੱਡ ਨਾ ਹੁੰਦਾ। ਟੀਵੀ ਉੱਤੇ ਪਖੰਡ ਨਾ ਆਉਂਦੇ। ਤੋਤਾ-ਰਟਣ ਨਾ ਰੋਜ਼ ਚਲਾਉਂਦੇ। ਬੱਚਿਆਂ ਦਾ ਨਾ ਸਾਹ ਕੋਈ ਘੁੱਟਦਾ ਮਨਮਰਜ਼ੀ ਦਾ ਰੌਲਾ ਪਾਉਂਦੇ। ਬੇਬੇ ਦੀ ਬਿਰਤੀ ਨ ਟੁੱਟਦੀ ਬਾਪੂ ਅੱਖਾਂ ਕੱਢ ਨਾ ਹੁੰਦਾ। ਕੱਟੜਪੰਥੀ ਭਾਈ-ਭਾਈ ਦੋਨੋਂ ਪਾਸੇ ਜਹਿਰ ਫੈਲਾਈ। ਗਰੀਬ,ਔਰਤਾਂ,ਬੱਚੇ ਮਰਦੇ ਇਨ੍ਹਾਂ ਨੂੰ ਕਦੇ ਆਂਚ ਨਾ ਆਈ। ਨਫਰਤ ਵਾਲਾ ਹਲਕ ਨਾ ਉਠਦਾ ਕੋਈ ਕਿਸੇ ਨੂੰ ਵੱਢ ਨਾ ਹੁੰਦਾ।

ਦਲਾਲ ਪੂੰਜੀ ਦਾ

ਇਹ ਮਦਾਰੀ ਵੋਟਾਂ ਦਾ ਇਹ ਦਲਾਲ ਹੈ ਪੂੰਜੀ ਦਾ ਤੋੜਕੇ ਲੋਕ-ਏਕਤਾ ਨੂੰ ਰੱਖਦਾ ਖਿਆਲ ਹੈ ਪੂੰਜੀ ਦਾ ਲਾਸ਼ਾਂ ਨਾਲ ਖੇਡਣ ਦੇ ਇਹ ਤਰੀਕੇ ਜਾਣਦਾ ਏ ਕਬਰਾਂ ਵਿੱਚ ਨੱਚਣ ਦੇ ਇਹ ਸਲੀਕੇ ਜਾਣਦਾ ਏ ਪੂੰਜੀ ਆਦਮਖੋਰੀ ਹੈ ਇਹ ਤਾਂ ਬਾਲ ਹੈ ਪੂੰਜੀ ਦਾ ਨਾਗਪੁਰੀ ਜ਼ਹਿਰ ਵਾਲਾ ਇਹ ਤਾਂ ਇੱਕ ਚਾਤਰ ਹੈ ਨਾਟਕ ਕੋਈ ਹੋਰ ਲਿਖੇ ਇਹ ਤਾਂ ਇੱਕ ਪਾਤਰ ਹੈ ਮਛੇਰਾ ਕਿਤੇ ਹੋਰ ਬੈਠਾ ਇਹ ਤਾਂ ਜਾਲ਼ ਹੈ ਪੂੰਜੀ ਦਾ ਇਹਦੀ ਧਿਰ ਹੀ ਵੱਖਰੀ ਹੈ ਤੁਸੀਂ ਕੋਈ ਆਸ ਨ ਕਰਿਓ ਇਹ ਸੱਪ ਹੈ ਬੁੱਕਲ ਦਾ ਐਵੇਂ ਧਰਵਾਸ ਨ ਧਰਿਓ ਕਾੜ੍ਹਾ ਕਿਤੇ ਹੋਰ ਬਣੇ ਇਹ ਤਾਂ ਨਾਲ਼ ਹੈ ਪੂੰਜੀ ਦਾ

ਮੈਂ ਗੋਦੀ ਦਾ ਫੈਨ ਹੋ ਗਿਆ

ਮੈਂ ਗੋਦੀ ਦਾ ਫੈਨ ਹੋ ਗਿਆ ਲੋਕੀਂ ਪਾਗਲ ਕਹਿਣ ਹੋ ਗਿਆ। ਪੰਦਰਾਂ ਲੱਖ ਮੇਰੇ ਖਾਤੇ ਆਇਆ ਸਮਾਰਟ ਸਿਟੀ ਵਿੱਚ ਘਰ ਮੈਂ ਪਾਇਆ। ਆਮਦਨ ਮੇਰੀ ਹੋ ਗਈ ਦੁੱਗਣੀ ਰੋਜਗਾਰ ਮੈਨੂੰ ਪੱਕਾ ਥਿਆਇਆ। ਦਿਲ ਮੇਰੇ ਨੂੰ ਚੈਨ ਹੋ ਗਿਆ। ਵਿਰੋਧੀ-ਪਾਰਟੀ ਹੋ ਗਈ ਖਸਤਾ ਗੈਸ-ਤੇਲ ਵੀ ਹੋ ਗਿਆ ਸਸਤਾ। ਕਰੋਨਾ ਨਾਲ ਖ਼ੂਬ ਕਰੀ ਲੜਾਈ ਦੀਵੇ ਜਗਾਏ ਕਦੇ ਥਾਲੀ ਵਜਾਈ। ਬੰਜਰ ਦਿਲ 'ਤੇ ਰੈਨ ਹੋ ਗਿਆ। ਅੱਤਵਾਦ ਨੂੰ ਜੜ੍ਹੋਂ ਮੁਕ਼ਾਤਾ ਪਕਿਸਤਾਨ ਨਕਸ਼ੇ ਤੋਂ ਮਿਟਾਤਾ। ਜਦੋਂ ਰਫੇਲ੍ਹ 'ਤੇ ਨਿੰਬੂ ਟੰਗਿਆ ਮੁੜਕੇ ਕਦੇ ਚੀਨ ਨਾ ਖੰਘਿਆ। ਟਿਕਟੋਕ ਉਹਦਾ ਬੈਨ ਹੋ ਗਿਆ।

ਵੀਰ ਬੁਲੇਟ ਦੇ ਪਟਾਕੇ

ਵੀਰ ਬੁਲੇਟ ਦੇ ਪਟਾਕੇ ਫਿਰੇ ਪਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਪੀਂਦਾ ਦਾਰੂ, ਖੰਡਾ ਗੱਡੀ 'ਤੇ ਬਣਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਵੀਰ ਮੋਟਰ 'ਤੇ ਮਹਿਫਲਾਂ ਸਜਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਗੈਲਰੀ ਫੋਨ ਦੀ ਨੂੰ ਪਾਸਵਰਡ ਲਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਲੰਡੀ ਜੀਪ ਉੱਤੇ ਪੀਜੀ ਦੇ ਗੇੜੇ ਲਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਵੀਰ ਚਿੱਟਾ ਖਾਕੇ ਜਾਨ ਗਵਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਖੁੱਲੇ ਸਾਹਨ ਵਾਂਗੂੰ ਫਿਰੇ ਖੌਰੂ ਪਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਲੰਘਦੀਆਂ ਕੁੜੀਆਂ ਨੂੰ ਪੁਰਜੇ ਬੁਲਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਵੀਰ ਗਲੀ ਵਿੱਚ ਬੂਫਰ ਵਜਾਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ। ਐਸਾ ਦੋਗਲਾ ਪੰਜਾਬ ਵਿੱਚ ਜਿਉਂਦਾ ਭੈਣਾਂ ਨੂੰ ਕਹਿੰਦਾ ਰੱਖੋ ਚੁੰਨੀ ਸਿਰ 'ਤੇ।

ਗੀਤ-ਵੇ ਮੈਂ ਗਿਰਗਿਟ ਵਰਗੀ

ਟੈਕਸ ਲਾਕੇ ਖੂਨ ਨਿਚੋੜਾਂ, ਨਾਂ ਮੇਰਾ ਸਰਕਾਰ। 'ਪਾੜੋ ਤੇ ਰਾਜ ਕਰੋ' ਦਾ, ਕੋਲ ਮੇਰੇ ਹਥਿਆਰ। ਦੁਸ਼ਮਣ ਮੇਰੇ ਕਿਰਤੀ-ਕਾਮੇ, ਲੋਟੂ ਮੇਰੇ ਯਾਰ। ਸੱਚ ਦੀ ਮੈਂ ਸੰਘੀ ਘੁੱਟਾਂ, ਝੂਠ ਨੂੰ ਕਰਾਂ ਪਿਆਰ। ਹਾਥੀ ਵਾਂਗੂੰ ਮੇਰੇ ਕੋਲੇ ਦੋ ਤਰਾਂ ਦੇ ਦੰਦ। ਵੇ ਮੈਂ ਗਿਰਗਿਟ ਵਰਗੀ ਨਵੇਂ ਨਵੇਂ ਮੇਰੇ ਰੰਗ। ਸੋਨੇ ਵਰਗੇ ਪੁੱਤ ਮਾਂਵਾਂ ਦੇ, ਮੈਂ ਹੱਦਾਂ ‘ਤੇ ਝੋਕਾਂ। ਮੇਰੇ ਸਿਰ ਤੇ ਲੈਣ ਨਜਾਰੇ, ਖੂਨ ਪੀਣੀਆਂ ਜੋਕਾਂ। ਦੰਗੇ ਮੇਰਾ ਸ਼ੁਗਲ ਪੁਰਾਣਾ, ਕ੍ਰਾਂਤੀ ਹੋਣ ਤੋਂ ਰੋਕਾਂ। ਥੋਡੇ ਕੋਲੋਂ ਲਵਾਂ ਸਹਿਮਤੀ, ਪੰਜ ਸਾਲਾਂ ਤੋਂ ਵੋਟਾਂ। ਜਿਹੜੇ ਮੈਨੂੰ ਉਂਗਲ ਕਰਦੇ, ਸੂਲੀ ਦੇਵਾਂ ਟੰਗ। ਪੂੰਜੀ ਦੀ ਮੈਂ ਕਰਾਂ ਦਲਾਲੀ, ਲੈਂਦੀ ਫਿਰਾਂ ਨਜ਼ਾਰੇ। ਧਰਮ-ਬਾਬੇ-ਮੀਡੀਆ ਸਭ, ਮੇਰੇ ਯਾਰ ਪਿਆਰੇ। ਥੰਮ ਜੋ ਮੇਰੀ ਰਾਖੀ ਕਰਦੇ, ਲੋਕਰਾਜ ਦੇ ਚਾਰੇ। ਲੋਕਾਂ ਦੇ ਜੋ ਸੱਚੇ ਦਰਦੀ, ਮੈਂ ਜੇਲ੍ਹਾਂ ਵਿੱਚ ਤਾੜੇ। ਮਾਲਦਾਰ ਮਲਾਈ ਖਾਂਦੇ, ਲੋਕ ਟਪਾਉਂਦੇ ਡੰਗ।

ਗੀਤ-ਗਰਮ ਹਵਾਵਾਂ

ਖੂਨ ਪੀਣੀਆਂ ਨਸਲਾਂ ਦੇ ਵਿੱਚ ਸਾਹਵਾਂ ਚੱਲੀਆਂ ਨੇ। ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ। ਗਲੀਆਂ ਹੋਗੀਆਂ ਸੁੰਨੀਆਂ ਰੌਣਕ ਹੋਗੀ ਕਬਰਾਂ 'ਚ। ਲਾਸ਼ਾਂ 'ਤੇ ਸਾਜ਼ ਵਜਾਉਂਦਾ ਨੀਰੋ ਦਿਸਦਾ ਖ਼ਬਰਾਂ 'ਚ। ਕਾਂਵਾਂ ਨੇ ਬਸ ਲੋਥੜਿਆਂ ‘ਤੇ ਦਾਵਾਂ ਚੱਲੀਆਂ ਨੇ। ਅੱਗਾਂ ਸੇਕਣ ਵਾਲਿਆਂ ਦੇ ਹੱਥਾਂ ਵਿੱਚ ਆਰੀ ਐ। ਛਾਂਵਾਂ ਵੰਡ ਦੇ ਰੁੱਖਾਂ ਨੂੰ ਵੱਢਣ ਦੀ ਤਿਆਰੀ ਐ। ਚਿੜੀਆਂ ਬਾਜਾਂ ਕੋਲੇ ਕਰਨ ਦੁਆਵਾਂ ਚੱਲੀਆਂ ਨੇ। ਦੇਖ ਢਲਦੀਆਂ ਸ਼ਾਮਾਂ ਉੱਲੂ ਜਸ਼ਨ ਮਨਾਉਂਦੇ ਨੇ। ਬੀਂਡੇ ਵੀ ਖੁਸ਼ ਹੁੰਦੇ ਮਾਰੂ ਰਾਗ ਸੁਣਾਉਂਦੇ ਨੇ। ਗਿਰਝਾਂ ਨੇ ਜਾ ਮੜ੍ਹੀਆਂ ਦੇ ਵਿੱਚ ਥਾਂਵਾਂ ਮੱਲੀਆਂ ਨੇ। ਚੋਗਾ ਮੰਗਦੇ ਬੋਟਾਂ 'ਤੇ ਇਹ ਕਹਿਰ ਕਮਾਉਂਦੇ ਨੇ। ਦੁਖ ਵੰਡਾਉਂਦੀਆਂ ਕਲਮਾਂ ਨੂੰ ਇਹ ਮਾਰ ਮੁਕਾਉਂਦੇ ਨੇ। ਮਹਿਕਾਂ ਵੰਡਦੇ ਫੁੱਲਾਂ ਉੱਤੇ ਬਲਾਵਾਂ ਚੱਲੀਆਂ ਨੇ। ਜਦ ਰੁੱਖ ਤੇ ਪੰਛੀ ‘ਕੱਠੇ ਹੋਕੇ ਗੱਲ ਵਿਚਾਰਦੇ ਨੇ। ਦਫ਼ਨ ਮਿੱਟੀ ਵਿੱਚ ਹੁੰਦੇ ਜਿਹੜੇ ਅੱਗਾਂ ਬਾਲਦੇ ਨੇ। ਕੁਲਦੀਪ ਹੌਂਸਲਾ ਰੱਖ ਤੂੰ ਕਾਤੋਂ ਹਾਵਾਂ ਚੱਲੀਆ ਨੇ।

ਗੀਤ-ਦੇਸ਼ ਦੇ ਸੱਤਾ ਧਾਰੀਓ

ਮੇਰੇ ਦੇਸ਼ ਦੇ ਸੱਤਾਧਾਰੀਓ ਉਹ ਕੁਰਸੀ ਦੇ ਪੁਜਾਰੀਓ ਮਨੁੱਖਤਾ ਦੇ ਸ਼ਿਕਾਰੀਓ ਥੋੜਾ ਜਿਹਾ ਕਰਜ਼ ਉਤਾਰ ਦਿਓ ਕੋਈ 'ਹਾਅ ਦਾ ਨਾਅਰਾ' ਮਾਰ ਦਿਓ ਕੋਈ ਟੁੱਟਿਆ ਦਿਲ ਧਰਵਾਸ ਦਿਓ ਕਿਸੇ ਰੋਂਦੀ ਅੱਖ ਨੂੰ ਆਸ ਦਿਓ ਕੁੱਝ ਚੰਗੇ ਬਚਨ ਬਿਲਾਸ ਦਿਓ ਸਾਡਾ ਤੱਪਦਾ ਸੀਨਾ ਠਾਰ ਦਿਓ ਕੋਈ...... ਇਹ ਜੋ ਥੋਡੇ ਹੱਥ ਵਿੱਚ ਡੋਰੀਆਂ ਨੇ ਤੁਸੀਂ ਕੀਤੀਆਂ ਸੀਨਾ-ਜੋਰੀਆਂ ਨੇ ਉਂਝ ਸਾਡੀਆਂ ਹੀ ਕਮਜ਼ੋਰੀਆਂ ਨੇ ਕਦੇ ਲੁੱਟ ਦਾ ਖਿਆਲ ਵਿਸਾਰ ਦਿਓ ਕੋਈ ...........

ਗੀਤ-ਜਾਗਣ ਦੀ ਰੁੱਤ

ਖੇਤਾਂ ਵਿੱਚ ਕਿਸਾਨ ਨੇ ਮਰਦੇ ਹੱਦਾਂ ਉੱਤੇ ਸਿਪਾਈ। ਕਿਰਤੀ ਸੜਕਾਂ ਉੱਤੇ ਆ ਗਏ ਸੱਤਾ ਵਿੱਚ ਕਸਾਈ। ਜਾਗਣ ਦੀ ਰੁੱਤ ਆਈ ਵੇ ਲੋਕੋ! ਜਾਗਣ ਦੀ ਰੁੱਤ ਆਈ। ਚਰਾਗ ਘਰਾਂ ਚੋਂ ਬੁੱਝਦੇ ਜਾਂਦੇ ਕਬਰਾਂ ਵਿੱਚ ਰੁਸ਼ਨਾਈ। ਗਲੀਏ-ਗਲੀਏ ਮਾਤਮ ਹੋਇਆ ਨੀਰੋ ਹੱਥ ਸ਼ਹਿਨਾਈ। ਜਾਗਣ........ ਜੇਲ੍ਹਾਂ ਦੇ ਮੂੰਹ ਖੁਲ੍ਹੇ ਹੋ ਗਏ ਬੰਦ ਹੋਈ ਸੁਣਵਾਈ। ਰੋਜੀ-ਰੋਟੀ ਔਖੀ ਜੁੜਦੀ ਰੁਲਦੀ ਫਿਰੇ ਲੁਕਾਈ। ਜਾਗਣ ......... ਕਿਰਤੀ-ਕਾਮੇ ਭੁੱਖੇ ਸੌਂਦੇ ਲੋਟੂਆਂ ਲੁੱਟ ਮਚਾਈ। ਹੱਥ ਜਿੰਨ੍ਹਾਂ ਦੇ ਭੌਰੀਆਂ ਵਾਲੇ 'ਕੱਠੇ ਹੋ ਜਾਉ ਭਾਈ। ਜਾਗਣ .......

ਗੀਤ- ਸਾਹ ਹੋਣਗੇ ਬਜਾਰ ਦੇ

ਸਾਹ ਹੋਣਗੇ ਬਜਾਰ ਦੇ ਹਵਾਲੇ ਦੋਸਤੋ ਆਉਣ ਵਾਲੇ ਦਿਨ ਬੜੇ ਕਾਲੇ ਦੋਸਤੋ ਇੱਕ ਪਾਸੇ ਪੂੰਜੀ ਦੇ ਅੰਬਾਰ ਹੋਣਗੇ ਦੂਜੇ ਪਾਸੇ ਲੋਕੀਂ ਬੇ-ਕਾਰ ਹੋਣਗੇ ਉਹਨਾਂ ਕੋਲ ਚਾਬੀ ਸਾਡੇ ਤਾਲੇ ਦੋਸਤੋ ਵੱਡੀ ਪੂੰਜੀ ਹੁੰਦੀ ਹੈ ਬੜੀ ਕਰੂਰ ਜੀ ਲੁੱਟ ਕੇ ਵੀ ਕੱਢਦੀ ਸਾਡਾ ਕਸੂਰ ਜੀ ਫਸ ਜਾਂਦੇ ਲੋਕ ਭੋਲੇ-ਭਾਲੇ ਦੋਸਤੋ ਮਾਲ ਹੋਊ ਬੜਾ ਕੋਈ ਖਰੀਦ ਹੋਣਾ ਨੀ ਦੂਰੋਂ ਦੇਖ ਲਾਂਗੇ ਜਾ ਕਰੀਬ ਹੋਣਾ ਨੀ ਮਹਿਲਾਂ ਨਾਲ ਖਹਿਣਗੇ ਮੁਨਾਰੇ ਦੋਸਤੋ।

ਸਾਡੇ ਦੇਸ਼ ਦੀ ਸਚਾਈ

ਕਾਮਿਆਂ ਨੇ ਚਮੜੀ ਲੁਹਾਈ ਮਿੱਤਰਾ ਲੋਟੂਆਂ ਨੇ ਖਾ ਲਈ ਮਲਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਮਾੜੇ ਬੰਦੇ ਦੀ ਨਾ ਹੁੰਦੀ ਸੁਣਵਾਈ ਮਿੱਤਰਾ ਜਿੱਦ ਤਕੜੇ ਨੇ ਹਰ ਥਾਂ ਪੁਗਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਜਿਹੜੇ ਕਰਦੇ ਨੇ ਸਾਡੀ ਅਗਵਾਈ ਮਿੱਤਰਾ ਅੱਗ ਘਰ-ਘਰ ਵਿੱਚ ਉਨ੍ਹਾਂ ਲਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਜੀਹਨੇ ਹਵਾ ਵਿੱਚ ਝੂਠ ਟਿਕਾਈ ਮਿੱਤਰਾ ਉਸ ਧਰਮ ਵਿੱਚ ਪੂਰੀ ਹੈ ਕਮਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਸੱਤਾ, ਪੂੰਜੀ ਨੇ ਜੇਭ ਵਿੱਚ ਪਾਈ ਮਿੱਤਰਾ ਮੁਨਾਫੇ ਨੇ ਬਣਾਤੇ ਕਈ ਕਸਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ ਜਦੋਂ ਸੜਕਾਂ 'ਤੇ ਆਊਗੀ ਲੁਕਾਈ ਮਿੱਤਰਾ ਬੱਸ ਉਸੇ ਦਿਨ ਹੋਵੇਗੀ ਸਫਾਈ ਮਿੱਤਰਾ ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ

ਗੀਤ-ਰਾਜ ਦਿੱਲੀ ਦਾ

ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਦੁੱਖ ਘੁੱਗੀਆਂ-ਤੋਤੇ ਜਰਦੇ ਨੇ ਨਿੱਤ ਤਿੱਤਰ-ਬਟੇਰੇ ਮਰਦੇ ਨੇ ਹੱਕ ਚਿੜੀਆਂ ਨੂੰ ਵੀ ਪੂਰੇ ਨੇ ਇੱਥੇ ਬਾਜ ਰਾਖੀਆਂ ਕਰਦੇ ਨੇ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਇੱਥੇ ਉੱਲੂ ਰਾਜ ਚਲਾਉਂਦੇ ਨੇ ਫਿਰ ਬੀਂਡੇ ਜਸ਼ਨ ਮਨਾਉਂਦੇ ਨੇ ਬਿਜੜਿਆਂ ਦੇ ਆਲ੍ਹਣਿਆਂ ਨੂੰ ਨਿੱਤ ਹੀ ਬਾਂਦਰ ਢਹਾਉਂਦੇ ਨੇ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਗਿੱਦੜ ਨੇ ਪਾ ਲਈ ਮਾਲਾ ਏ ਮੱਕੜੀ ਦਾ ਬੁਣਿਆ ਜਾਲਾ ਏ ਇੱਥੇ ਬਗਲੇ ਸੰਗਤਾਂ ਲਾਉਂਦੇ ਨੇ ਸੱਪ, ਡੱਡੂਆਂ ਦਾ ਰਖਵਾਲਾ ਏ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ ਕੋਇਲਾਂ ਨੂੰ ਪਿੰਜਰੇ ਪਾਇਆ ਏ ਕਨਫੋੜਿਆਂ ਸ਼ੋਰ ਮਚਾਇਆ ਏ ਮਗਰਮੱਛ ਹੰਝੂ ਵਹਾਉਂਦੇ ਨੇ ਗਿਰਗਿਟ ਨੇ ਰੰਗ ਵਟਾਇਆ ਏ ਦੇਖੋ ਰਾਜ ਬਈ ਦਿੱਲੀ ਦਾ ਲੂੰਬੜ ਦਾ ਕਦੇ ਬਿੱਲੀ ਦਾ

ਗੀਤ-ਦੇਸ਼ ਨੂੰ ਪੈ ਗਏ ਚੋਰ

ਝੂਠਾਂ ਦੇ ਇੱਥੇ ਪੱਕਣ ਪਕੌੜੇ ਜੁਮਲਿਆਂ ਦੀ ਤਰਕਾਰੀ। ਅੱਛੇ ਦਿਨਾਂ ਨੇ ਕੰਮ ਖੋਹ ਲਏ ਵੱਧ ਗਈ ਬੇਰੁਜਗਾਰੀ। ਬੰਦਾ ਇੱਥੇ ਹੌਲਾ ਹੋ ਗਿਆ,ਧਰਮ ਹੋ ਗਿਆ ਭਾਰੀ। ਮੁਲਕ ਤਰੱਕੀ ਦੇ ਰਾਹ ਤੁਰਿਆ,ਚੈਨਲ ਹੋਏ ਦਰਬਾਰੀ। ਕਿਰਤੀ-ਕਾਮੇ ਲੋਕੀਂ ਦਿੱਤੇ ਨਿੰਬੂ ਵਾਂਗ ਨਿਚੋੜ ਓਇ। ਮੇਰੇ ਦੇਸ਼ ਨੂੰ ਪੈ ਗਏ ,ਦੇਸ਼ ਨੂੰ ਪੈ ਗਏ ਚੋਰ ਓਇ। ਧਰਤੀ ਮਾਂ ਦੇ ਟੁਕੜੇ ਕਰਕੇ,ਟੁੱਕੜ-ਬਾਜਾਂ ਕਾਵਾਂ। ਭਾਰਤ ਮਾਤਾ ਪਾਕ ਮਾਤਾ,ਕਈ ਬਣਾਤੀਆਂ ਮਾਵਾਂ। ਰੋਟੀ ਦੇ ਲਈ ਹੱਦਾਂ ਉੱਤੇ ਜਾਂਦੇ ਜਾਨ ਗਵਾਈ। ਦੋਨੇਂ ਪਾਸੇ ਗਰੀਬ ਨੇ ਮਰਦੇ ਕਾਹਦੀ ਏਹੇ ਲੜਾਈ। ਲਾਸ਼ਾਂ ਉੱਤੇ ਰਾਜ ਪਏ ਕਰਦੇ ਦਿੱਲੀ ਅਤੇ ਲਹੌਰ ਓਇ। ਪੁੱਠਾ-ਸਿੱਧਾ ਬਾਣਾ ਪਾਕੇ,ਧਰਮ ਦੀ ਹੱਟੀ ਪਾਈ। ਲੋਕ-ਚੇਤਨਾ ਕੁੰਢੀ ਕਰਕੇ, ਕੀਤੀ ਬੜੀ ਕਮਾਈ। ਐਤਵਾਰ ਨੂੰ ਸੇਵਾ ਹੁੰਦੀ, ਭੱਜੀ ਫਿਰੇ ਲੋਕਾਈ। ਏਸੀ ਗੁਫਾ ਦੀਆਂ ਖਬਰਾਂ ਆਈਆਂ,ਹੁੰਦੀ ਰਾਸ ਰਚਾਈ। ਭੋਲੀ ਸੰਗਤ ਭੁੱਖੀ ਸੌਂਦੀ,ਰੱਬ ਦੀ ਸ਼ਾਹੀ ਟੌਹਰ ਓਇ। ਪੰਜ ਸਾਲਾਂ ਤੋਂ ਉੱਨ ਲਹੁਣ ਦੀ,ਬਦਲ ਜਾਂਦੀ ਐ ਵਾਰੀ। ਸਿਆਸਤ ਦੇ ਵਿੱਚ ਗੁੰਡਾ-ਗਰਦੀ,ਹੋਵੇ ਕਾਲਾ-ਬਜਾਰੀ। ਬੋਲੀ ਉੱਤੇ ਵਿੱਕਣ ਲੱਗੀਆਂ ਥਾਪੇ-ਬਾਲ ਦੀਆਂ ਟੀਮਾਂ। ਛੋਟੇ ਪਊਚ ਦੇ ਵੱਡੇ ਫਾਇਦੇ ਕੰਪਨੀ ਦੀਆਂ ਸਕੀਮਾਂ। ਕਾਲਾ ਪਾਣੀ ਪੀਂਦੇ ਲੋਕੀਂ,ਦਿਲ ਮਾਂਗੇ ਮੋਰ ਓਇ।

ਗੀਤ-ਸਾਈਕਲ ਦੀ ਕਾਠੀ

ਸਾਈਕਲ ਦੀ ਕਾਠੀ ਤਾਂ ਗਰੀਬਾਂ ਲਈ ਜਹਾਜ਼ ਹੈ। ਹੱਥ ਪਾ ਲੈ ਘੁੱਟ ਕੇ ਚੋਰਾਂ ਦਾ ਬਿੱਲੋ ਰਾਜ ਹੈ। ਅਸੀਂ ਮਰ ਜਾਈਏ ਤਾਂ ਖ਼ਬਰ ਵੀ ਨਾ ਬਣਦੀ। ਸਾਡੀ ਕਦੋਂ ਸੁਣਦਾ ਜੋ ਸੁਣਾਉਂਦਾ ਫਿਰੇ ਮਨ ਦੀ। ਲੋਕ ਹੁਣ ਚਿੜੀਆਂ ਇਹਨਾਂ ਦੇ ਕੋਲ ਬਾਜ ਹੈ। ਹੱਥ........ ਜੀਹਦਾ ਲੱਗੇ ਦਾਅ ਇੱਥੇ ਉਹੀ ਜਾਂਦਾ ਲੁੱਟੀ ਨੀਂ। ਹੋ ਜਾਈਏ ਬਿਮਾਰ ਔਖੀ ਮਿਲਦੀ ਹੈ ਛੁੱਟੀ ਨੀਂ। ਨਕਲੀ ਦਵਾਈਆਂ ਬੜਾ ਮਹਿੰਗਾ ਇਲਾਜ਼ ਹੈ। ਹੱਥ ...... ਧਰਮਾਂ ਦੇ ਨਾਮ 'ਤੇ ਜੋ ਲੋਕਾਂ ਨੂੰ ਲੜਾਉਂਦੇ ਨੀਂ। ਰੋਟੀ ਰੁਜਗਾਰ ਦੀ ਇਹ ਬਾਤ ਵੀ ਨਾ ਪਉਂਦੇ ਨੀਂ। ਮੀਡੀਆ ਦਲਾਲ ਸਾਡਾ ਬੜਾ ਚਾਲਬਾਜ ਹੈ। ਹੱਥ....... ਕਿਹੜੀ ਗੱਲੋਂ ਲੱਗ ਪਈ ਰੱਬ-ਰੱਬ ਕਹਿਣ ਨੀਂ। ਕੀੜੀਆਂ ਦੀ ਦੱਸ ਕਦੋਂ ਸੁਣਦਾ ਨਰਾਇਣ ਨੀਂ। ਝੂਠ ਦਾ ਪੁਲੰਦਾ ਸਾਰਾ ਨਾਮ ਦਾ ਜਹਾਜ ਹੈ। ਹੱਥ.....

ਦਿਨ ਆ ਗਏ ਚੰਗੇ

ਦੇਖੋ ਬਈ ਦਿਨ ਆ ਗਏ ਚੰਗੇ। ਦੇਸ਼ ਮੇਰੇ ਵਿੱਚ ਹੋ ਗਏ ਦੰਗੇ । ਜਿੱਧਰ ਦੇਖੋ ਅੱਗਾਂ ਲੱਗੀਆਂ । ਹਵਾਵਾਂ ਖੂਨ-ਪੀਣੀਆਂ ਵਗੀਆਂ। ਭਾਈ ਤੇ ਭਾਈ-ਜਾਨ 'ਚ ਦੰਗੇ। ਬਗਲੇ-ਭਗਤ ਕਈ ਹੋਗੇ ਨੰਗੇ। ਕਈ ਮਰਗੇ ਕਈ ਜਾ ਗੁਆਚੇ। ਕੋਈ ਬੱਚੇ ਲੱਭਦਾ ਤੇ ਕੋਈ ਮਾਪੇ। ਅੱਗਾਂ ਲਾਉਣ ਵਾਲੇ ਤਾਂ ਤਰਗੇ। ਕਿਰਤੀ-ਕਾਮੇ ਫਿਰ ਤੋਂ ਮਰਗੇ। ਦਾਗਦਾਰ ਹੋ ਗਈ ਹੈ ਖਾਕੀ । ਨਿਆਂ-ਪ੍ਰਣਾਲੀ ਰਹੀ ਨਾ ਬਾਕੀ। ਸਦੀਆਂ ਦਾ ਇਹ ਛੱਡੋ ਭੁਲੇਖਾ। ਧਰਮ ਦੇ ਹੁੰਦੇ, ਨਾ ਹੋਣਾ ਏਕਾ।

ਦੇਸ਼ ਮੇਰੇ ਦਾ ਪਾਣੀ

ਦੇਸ਼ ਮੇਰੇ ਦਾ ਪਾਣੀ ਹੁਣ ਜਹਿਰੀਲਾ ਹੈ। ਨਾ ਰੋਟੀ ਰੁਜਗਾਰ ਨਾ ਕੋਈ ਵਸੀਲਾ ਹੈ। ਕਾਂ ਦੀਆਂ ਨਜਰਾਂ ਕਈ ਦਿਨਾਂ ਤੋਂ ਵੇਖਦੀਆਂ ਘੁੱਗੀ ਜੋੜੀ ਜਾਂਦੀ ਤੀਲਾ ਤੀਲਾ ਹੈ‍‍। ਪੈਰਾਂ ਦੇ ਵਿਚ ਛਾਲੇ ਹੋ ਗਏ ਕਈਆਂ ਦੇ ਰਾਹ ਇਨਸਾਫ਼ ਦਾ ਹੋਇਆ ਪਿਆ ਕੰਡੀਲਾ ਹੈ ਲੁੱਟਣ ਵਾਲਿਆਂ ਲੁੱਟਕੇ ਮਹਿਲ ਉਸਾਰ ਲਏ ਕਾਮਿਆਂ ਦਾ ਤਾਂ ਖਾਲੀ ਹੋਇਆ ਪਤੀਲਾ ਹੈ। ਜੋਰਾਵਰਾਂ ਦੇ ਹੱਥ ‘ਚ ਆਕੇ ਮੁੜ ਜਾਂਦਾ ਧੋਣ ਕੋਲੋਂ ਸੰਵਿਧਾਨ ਜਰਾ ਲਚਕੀਲਾ ਹੈ। ਹੱਕ ਲਈ ਲੜਦੇ ਲੋਕਾਂ ਦੇ ਸੱਥਰ ਵਿੱਛ ਜਾਂਦੇ ਲੋਟੂਆਂ ਦਾ ਤਾਂ ਜੀਵਨ ਰੰਗ-ਰੰਗੀਲਾ ਹੈ। ਉਹ ਵੀ ਰੱਬ ਦੇ ਘਰ ਲਈ ਚੰਦਾ ਮੰਗਦੇ ਨੇ ਜਿਹੜੇ ਕਹਿੰਦੇ ਦੁਨੀਆਂ ਰੱਬ ਦੀ ਲੀਲਾ ਹੈ। ਕਿਰਤੀ ਧਰਮਾਂ-ਭਰਮਾਂ ਵਿਚ ਨੇ ਵੰਡ ਦਿੱਤੇ ਲੁੱਟਣ ਵਾਲਿਆਂ ਦਾ ਤਾਂ ਇਕ ਕਬੀਲਾ ਹੈ। ‘ਕੱਲੇ-‘ਕੱਲੇ ਲੜਦੇ ਆਪਾਂ ਮਰਜਾਂਗੇ ‘ਕੱਠੇ ਹੋਕੇ ਕਰਨਾ ਪੈਣਾ ਹੀਲਾ ਹੈ। ਬਸੰਤੀ ਰੰਗ ਦਾ ਝੰਡਾ ਜੇਕਰ ਝੁੱਲਿਆ ਨਾ ਭਗਵੇ ਰੰਗ ਨੇ ਹੋ ਜਾਣਾ ਭੜਕੀਲਾ ਹੈ।

ਇੱਕ ਕਵੀ ਕਵਿਤਾ ਬਚਾ ਗਿਆ

ਇੱਕ ਕਵੀ ਕਵਿਤਾ ਬਚਾ ਗਿਆ ਜਿੰਦ ਵਾਰ ਕੇ ਦੂਜਾ ਕਵੀ ਬਚ ਗਿਆ ਕਵਿਤਾ ਨੂੰ ਮਾਰ ਕੇ। ਪਹਿਲਾ ਕਵੀ ਮਰ ਕੇ ਵੀ ਮਰਿਆ ਨਹੀਂ ਦੂਜਾ ਕਵੀ ਬਚਕੇ ਵੀ ਬਚਿਆ ਨਹੀਂ। ਜਿੱਥੇ ਕਵੀ ਬਚ ਜਾਵੇ ਉੱਥੇ ਕਵਿਤਾ ਨਹੀਂਓ ਬਚਦੀ ਜਿੱਥੇ ਕਵੀ ਮਰ ਜਾਵੇ ਉੱਥੇ ਕਵਿਤਾ ਨਹੀਂਓ ਮਰਦੀ। ਖੂਨ ਦੇ ਰੰਗਾਂ ਤੋਂ ਜੋ ਅਣਜਾਣ ਕਵੀ ਜੀ ਹੁੰਦੇ ਨਹੀਂਓ ਕਦੇ ਉਹ ਮਹਾਨ ਕਵੀ ਜੀ ਜਿਹੜੀ ਰਾਜ-ਦਰਬਾਰਾਂ ਵਿੱਚ ਗਾਉਂਦੀ ਕਵਿਤਾ ਬਹੁਤਾ ਚਿਰ ਨਹੀਂਓ ਉਹ ਜਿਉਂਦੀ ਕਵਿਤਾ। ਜੋ ਜ਼ਾਲਮਾਂ ਦੀ ਨੀਂਦ ਨੂੰ ਉਡਾਉਂਦੀ ਕਵਿਤਾ ਜੁੱਗਾਂ-ਜੁੱਗਾਂ ਤੱਕ ਉਹ ਜਿਉਂਦੀ ਕਵਿਤਾ। ਵੇਲਣੇ 'ਚ ਪਾਕੇ ਜਿਹੜੀ ਪਿੰਜੀ ਕਵਿਤਾ ਖੂਨ ਨਾਲ ਜਾਵੇ ਜਿਹੜੀ ਸਿੰਜੀ ਕਵਿਤਾ ਫਾਂਸੀ ਦੀਆਂ ਫ਼ੰਦਿਆਂ 'ਤੇ ਗਾਉਂਦੀ ਕਵਿਤਾ ਜੁੱਗਾਂ-ਜੁੱਗਾਂ ਤੱਕ ਉਹ..... ਖੂਨ ਦੀਆਂ ਨਦੀਆਂ 'ਚ ਨਹਾਉਂਦੀ ਕਵਿਤਾ ਹਨ੍ਹੇਰਿਆਂ ਰਾਹਾਂ ਨੂੰ ਰੁਸ਼ਨਾਉਂਦੀ ਕਵਿਤਾ ਅੱਗ ਦੇ ਲਿਬਾਸ ਜਿਹੜੀ ਪਾਉਂਦੀ ਕਵਿਤਾ ਜੁੱਗਾਂ-ਜੁੱਗਾਂ...... ਬੱਚਿਆਂ ਦਾ ਮਨ ਪਰਚਾਉਂਦੀ ਕਵਿਤਾ ਦਾਦੀ ਦੀਆਂ ਲੋਰੀਆਂ ਸੁਣਾਉਂਦੀ ਕਵਿਤਾ ਜਿਹੜੀ ਬਾਲਾਂ ਦੇ ਸੁਪਨੇ 'ਚ ਆਉਂਦੀ ਕਵਿਤਾ ਜੁੱਗਾਂ-ਜੁੱਗਾਂ...... ਮਿਹਨਤਾਂ ਦਾ ਮੁੱਲ ਜਿਹੜੀ ਪਾਉਂਦੀ ਕਵਿਤਾ ਕਾਮਿਆਂ ਦੇ ਬੁੱਲ੍ਹਾਂ ਉੱਤੇ ਜਿਉਂਦੀ ਕਵਿਤਾ ਜੋ ਖੇਤਾਂ ਦੇ ਵਿੱਚ ਲਹਿਰਾਉਂਦੀ ਕਵਿਤਾ ਜੁੱਗਾਂ-ਜੁੱਗਾਂ...... ਵਿਛੜੀਆਂ ਰੂਹਾਂ ਨੂੰ ਮਿਲਾਉਂਦੀ ਕਵਿਤਾ ਮਿਲਦਿਆਂ 'ਤੇ ਫੁਲ ਵਰ੍ਹਸਾਉਂਦੀ ਕਵਿਤਾ ਪਿਆਰਿਆਂ ਲਈ ਸੇਜ ਬਣਾਉਂਦੀ ਕਵਿਤਾ ਜੁੱਗਾਂ-ਜੁੱਗਾਂ...... ਵੇਖ-ਵੇਖ ਰੰਗ ਨਸ਼ਿਆਉਂਦੀ ਕਵਿਤਾ ਸਾਰਿਆਂ ਰੰਗਾਂ ਨੂੰ ਜਿਹੜੀ ਚਾਹੁੰਦੀ ਕਵਿਤਾ ਮੇਲ ਰੰਗਾਂ ਨੂੰ ਰੰਗ ਜੋ ਬਣਾਉਂਦੀ ਕਵਿਤਾ ਜੁੱਗਾਂ-ਜੁੱਗਾਂ.......

ਸਾਡੇ ਖੇਤਾਂ ਵਿੱਚ ਲਹੂ ਸਾਡਾ

ਸਾਡੇ ਖੇਤਾਂ ਵਿੱਚ ਲਹੂ ਸਾਡਾ ਡੁੱਲ੍ਹਿਆ ਸਾਇਲੋ 'ਚ ਜਾਕੇ ਸੋਨਾ ਹੋ ਗਿਆ ਸ਼ਾਪਿੰਗ ਮਾਲ ਵਿੱਚ ਅੱਖਾਂ ਸਾਨੂੰ ਕੱਢਦਾ ਬਰਾਂਡਿਡ ਪ੍ਰਾਹੁਣਾ ਹੋ ਗਿਆ ਸਾਡੇ ਖੇਤਾਂ ਵਿਚ ਪਾਟੇ ਤੇਰੇ ਲੱਤੜੇ ਹਾੜ੍ਹ ਦੀਆਂ ਧੁੱਪਾਂ ਜਰਦਾ ਅੱਜ ਪੈਕੇਟਾਂ ਦੇ ਵਿੱਚ ਬੰਦ ਹੋ ਗਿਆ ਨਖਰੇ ਕਲੋਲਾਂ ਕਰਦਾ ਰਾਤਾਂ ਵਾਣ ਦੀ ਮੰਜੀ ਦੇ ਪੈਕੇ ਕੱਟਦਾ ਚਾਂਦੀ ਦਾ ਵਿਛੌਣਾ ਹੋ ਗਿਆ ਸਾਇਲੋ ਵਾਲਿਆਂ ਦੇ ਕਾਰਾਂ ਤੇ ਜਹਾਜ ਨੇ ਸੁਰਗਾਂ ਦੇ ਝੂਟੇ ਲੈਂਦੇ ਨੇ ਸਾਡੇ ਵਿਹੜਿਆਂ ਦੇ ਵਿੱਚ ਮੌਤ ਨੱਚਦੀ ਇਲਾਜ ਖੁਣੋਂ ਮਰੇ ਰਹਿੰਦੇ ਨੇ ਗੱਲ ਸੁਣੇ ਨ ਉਹ ਹੁਣ ਭੁੱਖੇ ਢਿੱਡ ਦੀ ਰੱਜੇ ਦਾ ਪਰਚਾਉਣਾ ਹੋ ਗਿਆ।

ਨਿੱਕੇ-ਨਿੱਕੇ ਬੱਚੇ

ਨਿੱਕੇ-ਨਿੱਕੇ ਬੱਚੇ , ਵੱਡੇ ਵੱਡੇ ਬਸਤੇ ਨਿੱਕੀਆਂ-ਨਿੱਕੀਆਂ ਜਿੰਦਾ,ਟੇਢੇ-ਮੇਢੇ ਰਸਤੇ ਕਸਾਈਆਂ ਦੇ ਵੱਸ ਪੈਗੇ, ਮੁਰਗਿਆਂ ਵਾਂਗੂ ਤਾੜੇ ਗਲਤੀ ਨ ਕੋਈ ਹੋਜੇ, ਡਰਦੇ ਰਹਿਣ ਵਿਚਾਰੇ ਵਿੱਚ ਜ਼ਾਬਤੇ ਨੂੜੇ, ਟਾਈ-ਬੂਟ ਨਾਲ ਕਸਤੇ ਨਿੱਕੇ-ਨਿੱਕੇ......... ਨਿਯਮਾਂ ਦੇ ਵਿੱਚ ਬੱਝੇ, ਮੂੰਹ ਨ ਐਵੇਂ ਖੋਲ੍ਹਣ ਜਦੋਂ ਇਸ਼ਾਰਾ ਹੋ ਜਾਏ, ਬਸ ਤੋਤੇ ਵਾਂਗੂ ਬੋਲਣ ਇਛਾਵਾਂ ਹੇਠਾਂ ਦੱਬੇ, ਭੋਰਾ ਵੀ ਨ ਮਸਤੇ ਨਿੱਕੇ-ਨਿੱਕੇ......... ਅੱਧ-ਨੀਂਦੇ ਹੀ ਉੱਠੇ, ਧੱਕੇ ਦੇ ਨਾਲ ਘੱਲੇ ਆਰੇ ਹੇਠੋਂ ਨਿਕਲੇ, ਟਿਊਸ਼ਨ ਦੀ ਚੱਕੀ ਥੱਲੇ ਮਾਲ ਮੰਡੀ ਦਾ ਸਾਰੇ, ਕੁੱਝ ਮਹਿੰਗੇ ਕੁੱਝ ਸਸਤੇ ਨਿੱਕੇ-ਨਿੱਕੇ.........

ਅੰਦੋਲਨਾਂ 'ਤੇ ਡੋਰੀਆਂ

ਲੋਕ-ਏਕਤਾ ਹੀ ਰੋਕੇ ਸੀਨਾ-ਜੋਰੀਆਂ। ਮਿੱਤਰੋ ਅੰਦੋਲਨਾਂ ਤੇ ਰੱਖੋ ਡੋਰੀਆਂ। ਫਾਸੀਵਾਦ ਵੋਟਾਂ ਨਾਲ ਨਹੀਓਂ ਹਾਰਦਾ। ਕਿਰਤੀਆਂ-ਕਾਮਿਆਂ ਦੇ ਹੱਕ ਮਾਰਦਾ। ਧਰਮ ਦੇ ਨਾਮ 'ਤੇ ਸੁਣਾਕੇ ਲੋਰੀਆਂ। ਲੰਬੀ ਹੈ ਲੜਾਈ ਏਦਾਂ ਨਹੀਓਂ ਮੁੱਕਣੀ। ਚੇਤਨਾ ਦੀ ਪੈਣੀ ਏ ਮਸ਼ਾਲ ਚੁੱਕਣੀ। ਸਾਂਝੀਵਾਲਤਾ ਨੇ ਸਦਾ ਨਾਸਾਂ ਭੋਰੀਆਂ। ਸੋਚਾਂ ਵਾਲੀ ਤਿੱਖੀ ਤਲਵਾਰ ਕਰ ਲਓ। ਹੱਥਾਂ ਵਿੱਚ ਕਲਮ ਕਟਾਰ ਫਡ਼ ਲਓ। ਸੂਝ ਨਾਲ ਬੰਦ ਹੋਣ ਚੋਰ-ਮੋਰੀਆਂ।

ਨਿੰਬੂ

ਨਿੰਬੂ ਆਇਆ, ਨਿੰਬੂ ਆਇਆ। ਗੱਡੇ ਭਰਕੇ ਖੁਸ਼ੀਆਂ ਲਿਆਇਆ। ਫਰਿਜ 'ਚ ਰੱਖਿਆ ਤਾਲਾ ਲਾਕੇ ਸੀਸੀ ਟੀਵੀ ਕੈਮਰਾ ਲਾਇਆ। ਗੇੜਾ ਮਾਰਨ ਜੱਕੇ-ਤੱਕੇ। ਫਿਰਨ ਸ਼ਰੀਕੇ ਹੱਕੇ ਬੱਕੇ। ਆਨੇ-ਬਹਾਨੇ ਪੁੱਛਦੇ ਫਿਰਦੇ ਬੁੱਢਾ-ਬੁੱਢੀ ਚਾਚਾ-ਤਾਇਆ। ਸਾਰੇ ਪਿੰਡ 'ਚ ਹੋ ਗਈ ਚਰਚਾ। ਪੁੱਛਣ ਵਾਲਿਆਂ ਨੇ ਘਰ ਭਰਤਾ। ਸਾਰੀ ਰਾਤ ਨੀਂਦ ਨਾ ਆਈ ਵਾਰੀ-ਵਾਰੀ ਪਹਿਰਾ ਲਾਇਆ। ਸੁਭਾ ਸਵੇਰੇ ਡੁੱਬਦੇ ਤਾਰੇ। ਰਿਸ਼ਤੇਦਾਰ ਪਹੁੰਚ ਗਏ ਸਾਰੇ। ਦੋ ਕਿੱਲਿਆਂ ਦੀ ਕਣਕ ਪੱਟਕੇ ਵੱਡਾ ਸਾਰਾ ਟੈਂਟ ਲਗਾਇਆ। ਸੁਰਗਾਂ ਦਾ ਪੁੰਨ ਸਭ ਨੇ ਖੱਟਿਆ। ਥੋੜਾ ਥੋੜਾ ਸਭ ਨੇ ਚੱਟਿਆ। ਫੁੱਫੜ ਨੇ ਦੋ ਵਾਰੀ ਚੱਟ ਲਿਆ ਮਾਮੇ ਨੂੰ ਫਿਰ ਗੁੱਸਾ ਆਇਆ। ਦੋ ਧੜਿਆਂ ਵਿੱਚ ਲੋਕੀਂ ਵੰਡੇ। ਚੱਲ ਪਏ ਉੱਥੇ ਰਫਲਾਂ ਡੰਡੇ। ਭੱਜ ਗਿਆ ਮੈਂ ਨਿੰਬੂ ਲੈਕੇ ਠਾਣੇ ਜਾਕੇ ਜਮ੍ਹਾਂ ਕਰਾਇਆ। ਪੁਲਿਸ ਵਾਲੇ ਧਮਕਾਵਣ ਲੱਗੇ। ਕੇਸ ਮੇਰੇ ਤੇ ਪਾਵਣ ਲੱਗੇ। ਨਿੰਬੂ ਰਿਸ਼ਵਤ ਦੇ ਵਿਚ ਦਿੱਤਾ ਫਿਰ ਜਾਕੇ ਪਿੱਛਾ ਛੁਡਵਾਇਆ।

ਜਥੇਬੰਦੀ ਦਾ ਕਿਲ੍ਹਾ

ਜਥੇਬੰਦੀ ਹੁੰਦੀ ਹੈ ਬਈ ਕਿਲ੍ਹੇ ਵਰਗੀ ਵਿਚਾਰ ਸਾਡੇ ਕੋਲ ਹਥਿਆਰ ਹੁੰਦੇ ਨੇ। ਲੋਕਾਂ ਵਿੱਚ ਏਕਤਾ ਬਰੂਦ ਹੁੰਦੀ ਐ, ਸਬਰ ਤੇ ਜੇਰਾ ਤਲਵਾਰ ਹੁੰਦੇ ਨੇ। ਧੱਕੇ ਨਾਲ ਚੁੱਪ ਨਹੀਂ ਕਰਾਉਣਾ ਚਾਹੀਦਾ। ਧੱਕੇ ਅੱਗੇ ਚੁੱਪ ਵੀ ਨਹੀਂ ਹੋਣਾ ਚਾਹੀਦਾ। ਮੁੜ੍ਹਕੇ 'ਤੇ ਜਾਤ ਦੀਆਂ ਲੀਕਾਂ ਵਾਹੁੰਦੇ ਜੋ, ਕਾਮਿਆਂ ਦੇ ਦੋਖੀ ਉਹ ਗਦਾਰ ਹੁੰਦੇ ਨੇ। ਕਿਤਾਬ ਸਾਨੂੰ ਜਿਉਣ ਦੇ ਤਰੀਕੇ ਦੱਸਦੀ। ਸਾਂਝੇ ਮੋਰਚੇ ਬਣਾਉਣ ਦੇ ਸਲੀਕੇ ਦੱਸਦੀ। ਅਖਬਾਰ ਤੇ ਰਸਾਲੇ ਸਾਡੀ ਸੋਚ ਚੰਡਦੇ, ਫੜੇ ਹੱਥਾਂ ਵਿੱਚ ਕਲਮ-ਕਟਾਰ ਹੁੰਦੇ ਨੇ। ਵੋਟਾਂ ਦੀ ਰੁੱਤ ਤਾਂ ਖਿਲਾਰੇ ਪਾਉਂਦੀ ਹੈ। ਜਥੇਬੰਦੀ ਸਦਾ ਬੇੜੇ ਪਾਰ ਲਾਉਂਦੀ ਹੈ। ਲੱਗਜੇ ਪਸੀਨੇ ਵਿਚੋਂ ਮਹਿਕ ਆਉਣ ਜੇ, ਫਿਰ ਧਰਮਾਂ ਦੇ ਝਗੜੇ ਬੇਕਾਰ ਹੁੰਦੇ ਨੇ। ਹੋਣ ਮੈਦਾਨ-ਏ-ਜੰਗ 'ਚ ਸੈਨਿਕ ਦੋ ਪ੍ਰਕਾਰ। ਭੱਜਣ ਵਾਲਾ ਰਾਹ ਦੇਖਦਾ ਲੜਨ ਵਾਲਾ ਤਲਵਾਰ

ਲੜੇ ਬਿਨਾਂ ਹੱਕ ਨਹੀਓਂ ਮਿਲਦੇ

ਜ਼ੁਲਮਾਂ ਤੇ ਕਲਮ ਚਲਾਉਣੀ ਬਈ ਖੌਫ ਦੇ ਮੱਥੇ ਦੇ ਉੱਤੇ ਲਿਖਣਾਂ। ਜਦੋਂ ਬੂੰਦ-ਬੂੰਦ ਮੰਗੇ ਇਨਸਾਫ ਬਈ ਫੇਰ ਆਉਂਦਾ ਏ ਮੈਦਾਨ ਵਿੱਚ ਟਿਕਣਾਂ। ਪੰਜ ਸਾਲ ਸਾਡੇ ਲੱਤਾਂ ਮਾਰਦੀ ਪੰਜ ਦਿਨ ਸਾਡੀ ਸਹਿਜ਼ਾਦੀ ਬਈ। ਲੜੇ ਬਿਨਾਂ ਹੱਕ ਨਹੀਓ ਮਿਲਦੇ ਭੀਖ ਵਿੱਚ ਮਿਲੇ ਨਾ ਆਜ਼ਾਦੀ ਬਈ। ਬੰਦੂਕ ਚੋਂ ਵਿਚਾਰ ਉਦੋਂ ਨਿਕਲੇ ਖਿਆਲਾਂ ਵਿੱਚ ਹੋਵੇ ਜਦੋਂ ਅੱਗ ਬਈ। ਤਾਨਾਸ਼ਾਹੀ ਗਲੀਆਂ 'ਚੋਂ ਭੱਜਦੀ ਪਿੱਛੇ ਭੱਜ ਜਾਂਦੇ ਸਾਰੇ ਲਾਈਲੱਗ ਬਈ। ਸਾਡੀਆਂ ਨਿਆਮਤਾਂ ਤੇ ਪਲ਼ਦੀ ਕਰਦੇ ਜੋ ਸਾਡੀ ਬਰਬਾਦੀ ਬਈ। ਉਂਝ ਉਹ ਲੋਕ ਬੜੇ ਸਾਊ ਨੇ ਕਰੀਂ ਨਾ ਤੂੰ ਗੱਲ ਬਈ ਜ਼ਮੀਰਾਂ ਦੀ। ਤੇਰੇ ਲੇਖਾਂ ਵਿੱਚ ਮੌਤ ਲਿਖ ਦੇਣਗੇ ਉਂਝ ਜੁੰਡਲੀ ਹੈ ਰੱਬ ਦੇ ਫਕੀਰਾਂ ਦੀ। ਅੰਦਰੋਂ ਉਹ ਸਾਰੇ ਕਾਲੇ ਭੌਰ ਨੇ ਬਾਹਰੋਂ ਪਰ ਦਿਸਦੇ ਗੁਲਾਬੀ ਬਈ। ਉਹ ਕਾਤਲਾਂ ਨੂੰ ਦਿੰਦੇ ਨੇ ਇਨਾਮ ਬਈ ਵਹਿੰਦਾ ਲਹੂ ਉਹਨਾਂ ਲਈ ਦਲੇਰੀ ਹੈ। ਦਹਿਸ਼ਤ ਖਿਲਾਫ ਗੀਤ ਲਿਖਣੇ ਕੁਲਦੀਪ ਸਿਆਂ ਜਿੰਮੇਵਾਰੀ ਤੇਰੀ ਹੈ। ਵੱਡੀਆਂ ਲੜਾਈਆਂ ਨਹੀਂਉ ਲੜਦੀ ਸੋਚ ਜਿਹੜੀ ਹੁੰਦੀ ਹੈ ਸਲਾਬੀ ਬਈ।

ਵੋਟਾਂ ਨਾਲ ਆਵੇ ਨ ਕ੍ਰਾਂਤੀ

ਪਾਲ ਕੇ ਨਾ ਬੈਠਜੀਂ ਭ੍ਰਾਂਤੀ ਦੋਸਤਾ। ਵੋਟਾਂ ਨਾਲ ਆਵੇ ਨਾ ਕ੍ਰਾਂਤੀ ਦੋਸਤਾ। ਜਿਹੜਾ ਕੰਮ ਏਕੇ ਦੀ ਚੋਟ ਕਰਦੀ। ਉਹ ਕੰਮ ਕਦੇ ਵੀ ਨਾ ਵੋਟ ਕਰਦੀ। ਕਿਰਤੀ ਤੇ ਕਾਮੇ ਸਾਰੇ ਕਰ ਲੈ ਇਕੱਠੇ ਜਥੇਬੰਦੀ ਸਾਰੇ ਕੰਮ ਲੋਟ ਕਰਦੀ। ਸੋਚਾਂ ਵਾਲੀ ਚੰਡ ਲੈ ਦਰਾਂਤੀ ਦੋਸਤਾ। ਤਕੜੇ ਨੂੰ ਕਦੇ ਨਾ ਹਰਾਉਂਦੀ ਵੋਟ ਜੀ। ਮਾੜੇ ਨੂੰ ਹੀ ਸਦਾ ਭਰਮਾਉਂਦੀ ਵੋਟ ਜੀ। ਤਕੜੇ ਦੇ ਬੂਹੇ ਅੱਗੇ ਮੱਥਾ ਟੇਕ ਕੇ ਉਂਗਲਾਂ ਤੇ ਮਾੜੇ ਨੂੰ ਨਚਾਉਂਦੀ ਵੋਟ ਜੀ। ਵਹਿਮ ਵਾਲੀ ਚੜ੍ਹਜੀਂ ਨਾ ਫਾਂਸੀ ਦੋਸਤਾ। ਸ਼ਾਂਤੀ ਸਬਰ ਨਾਲ ਜੇਰਾ ਰੱਖੀਂ ਤੂੰ। ਏਕਤਾ ਦੀ ਡਾਂਗ ਉੱਤੇ ਡੇਰਾ ਰੱਖੀਂ ਤੂੰ। ਧਰਮਾਂ ਤੇ ਜਾਤਾਂ ਨੂੰ ਪਾਸੇ ਰੱਖ ਦੇਈਂ ਸੋਚਾਂ ਵਿੱਚ ਰੌਸ਼ਨ ਸਵੇਰਾ ਰੱਖੀਂ ਤੂੰ। ਇਹ ਤਾਂ ਚਾਰ ਦਿਨ ਦੀ ਫੈਂਟੇਸੀ ਦੋਸਤਾ।

ਹੱਕਾਂ ਦੀ ਲੜਾਈ ਲੜਦੇ

ਜੇ ਅਸੀਂ ਹੱਕਾਂ ਦੀ ਲੜਾਈ ਲੜਦੇ ਬੱਚੇ ਸਾਡੇ ਕਦੇ ਨ ਜਹਾਜ ਚੜਦੇ। ਘਰ ਵਿੱਚ ਹੁੰਦੀਆਂ ਨ ਝਾੜ-ਬੂਟੀਆਂ ਬੂਟਿਆਂ ਦੇ ਫਲ ਸਾਡੀ ਗੋਦੀ ਪਲ਼ਦੇ। ਪੱਟ ਦਿੱਤੇ ਮਾਪੇ ਇਸ ਚੂਹਾ-ਦੌੜ ਨੇ ਜਿੱਤ ਕੇ ਵੀ ਝੁੱਗੇ ਹੋਈ ਜਾਂਦੇ ਚੌੜ ਨੇ। ਸਾਂਝੀਵਾਲਤਾ ਦਾ ਅਸੀਂ ਰਾਹ ਭੁੱਲ ਗਏ 'ਕੱਲੇ-'ਕੱਲੇ ਲੁੱਟ ਲਏ ਕਾਲੇ ਭੌਰ ਨੇ। ਹੌਲੀ-ਹੌਲੀ ਅਸੀਂ ਸਾਰੇ ਜਾਂਦੇ ਡੁੱਬਦੇ ਵੇਖਣ ਨੂੰ ਲੱਗਦਾ ਪਾਣੀ 'ਤੇ ਤਰਦੇ। ਹੌਲੀ-ਹੌਲੀ ਕਮਰ ਵੀ ਝੁੱਕ ਜਾਂਦੀ ਐ ਇੱਕ ਦਿਨ ਨਬਜ਼ ਵੀ ਰੁੱਕ ਜਾਂਦੀ ਐ। ਫਰਿਜ਼ ਵਿੱਚ ਪਾਕੇ ਜਦੋਂ ਲਾਸ਼ ਰੱਖਦੇ ਆਖਰੀ ਉਮੀਦ ਉਦੋਂ ਮੁੱਕ ਜਾਂਦੀ ਐ। ਉਂਝ ਅਸੀਂ ਬੜੇ ਚਿੱਟੇ ਹਾਥੀ ਪਾਲ ਲ਼ਏ ਖੋਲ੍ਹੇ ਨਾ ਸਕੂਲ ਜਿੱਥੇ ਬਾਲ ਪੜ੍ਹਦੇ।

ਘਰ-ਘਰ ਵੈਣ ਪੈਣ ਲੱਗ ਪਏ

ਘਰ-ਘਰ ਵੈਣ ਪੈਣ ਲੱਗ ਪਏ ਧੀਆਂ-ਭੈਣਾਂ ਹੋ ਗਈਆਂ ਨੇ ਬੁੱਚੀਆਂ ਚੁੱਲ੍ਹਿਆਂ ਦੇ ਵਿੱਚ ਅੱਗ ਬੁੱਝ ਗਈ ਸਿਵਿਆਂ ਦੇ ਵਿੱਚ ਲਾਟਾਂ ਉੱਚੀਆਂ ਗੈਂਗਵਾਰ ਗੁੰਡਾਟੱਚ ਆ ਗਿਆ ਪੰਜਾਬ ਦੀ ਜਵਾਨੀ ਮਾਰੇ ਥਾਪੀਆਂ ਅਸਲੇ ਦੇ ਹੋ ਗਏ ਨੇ ਸ਼ੁਕੀਨ ਬਈ ਭੁੱਲ ਗਏ ਕਿਤਾਬਾਂ ਅਤੇ ਕਾਪੀਆਂ ਰੱਖਦੇ ਨੇ ਲਾਂਬੂ ਉਹ ਬਾਲਕੇ ਲਾਸ਼ਾਂ ਵਿੱਚ ਜਿੰਨ੍ਹਾਂ ਦੀਆਂ ਰੁਚੀਆਂ ਗੱਡੀ ਉੱਤੇ ਫੋਟੋ ਹੈ ਸ਼ਹੀਦਾਂ ਦੀ ਉਹ ਵੀ ਦਿੰਦੇ ਮੁੱਛਾਂ ਨੂੰ ਵੱਟ ਬਈ ਜਿੱਥੇ ਹੈ ਪਬੰਧੀ ਹਥਿਆਰ ਦੀ ਉੱਥੇ ਜਾਕੇ ਫਾਇਰ ਕਰੇ ਜੱਟ ਬਈ ਲਾਸ਼ਾਂ ਵਾਲਾ ਖੂਹ ਬਣ ਜਾਣੀਆਂ ਮਾਰਦੇ ਜੋ ਅੱਜ-ਕੱਲ੍ਹ ਟੁੱਚੀਆਂ ਹੋਸਟਲ ਵਿੱਚ ਦਾਰੂ ਪੀਣੀ ਐ ਤੈਨੂੰ ਅੱਥਰੀ ਜਵਾਨੀ ਗਈ ਚੜ੍ਹ ਨੀਂ ਜੇ ਅੜੀਆਂ ਕਰੇਂਗੀ ਲੈਜੂੰ ਖਿੱਚਕੇ ਚੌਥਾ ਪੈਗ ਲਾਕੇ ਬਾਂਹ ਫੜਨੀ ਬਾਜ਼ਾਰਵਾਦ ਫੁਕਰੀਆਂ ਵੇਚਦਾ ਖੁੱਡੇ ਲਾਈਨ ਕਲਮਾਂ ਨੇ ਸੁੱਚੀਆਂ

ਕੁੜੀਏ ਨੀ ਯਾਰ ਤੇਰਾ

ਕੁੜੀਏ ਨੀਂ ਯਾਰ ਤੇਰਾ ਫੁਕਰਾ ਤੇਰੀ ਜਿੰਦਗੀ ਨੂੰ ਕਰਦੂ ਤਬਾਹ ਨੀਂ। ਤੂੰ ਵੀ ਅਸਲੇ-ਨਸ਼ੇ ਦੇ ਗਾਣੇ ਸੁਣਦੀ ਗਈ ਹੋਛੀਆਂ ਗੱਲਾਂ ਦੇ ਵਿੱਚ ਆ ਨੀਂ। ਜੀਹਨੂੰ ਪਿੰਡ 'ਚ ਉਧਾਰ ਨਈਂ ਮਿਲਦਾ ਕਹਿੰਦਾ ਡਾਲਰਾਂ ਦੇ ਵਾਂਗੂੰ ਚੱਲੇ ਨਾਂ । ਉਹਦੇ ਡੱਬ ਵਿੱਚ ਪਿਸਟਲ ਦੇਖ ਕੇ ਗਾਲ੍ਹਾਂ ਮਨ ਵਿੱਚ ਕੱਢਦਾ ਗਰਾਂ । ਉਹ ਗੰਦਗੀ ਦੇ ਢੇਰ ਜਿਹਾ ਹੋ ਗਿਆ ਲੋਕ ਲੰਘਦੇ ਨੇ ਕਰਕੇ ਬਚਾਅ ਨੀਂ। ਯਾਰ ਤੇਰਾ...... ਟੱਲੀ ਯਾਰਾਂ ਨਾਲ ਮੋਟਰਾਂ ਤੇ ਹੁੰਦਾ ਏ ਖੱਬੀ ਸੀਟ ਉੱਤੇ ਰੱਖਦਾ ਬੰਦੂਕ ਨੀਂ। ਐਂਵੇ ਚੌੜਾ ਜਿਹਾ ਹੋ ਹੋ ਕੇ ਤੁਰਦਾ ਅੱਖ ਲਾਲ ਰਹਿੰਦੀ ਭੈੜਾ ਏ ਸਲੂਕ ਨੀਂ। ਲੈਗੇ ਠਾਣੇ ਵਾਲੇ ਜ਼ਾਮਨੀ ਸੀ ਮੰਗਦੇ ਕੋਈ ਪਿੰਡ 'ਚੋਂ ਨ ਬਣਿਆ ਗਵਾਹ ਨੀਂ। ਯਾਰ ਤੇਰਾ..... ਜੇ ਤੂੰ ਅੜੀਆਂ ਕਰੇਂਗੀ ਲੈਜੂੰ ਖਿੱਚਕੇ ਲੰਘੇ ਗਲੀਆਂ ਚੋਂ ਬੁਫਰ ਵਜਾਉਂਦਾ ਨੀਂ। ਮਾਪਿਆਂ ਦੀ ਇੱਕ ਵੀ ਨਹੀਂ ਮੰਨਦਾ ਉਂਝ ਟੈਟੂ 'ਬੇਬੇ-ਬਾਪੂ' ਦੇ ਬਣਾਉਂਦਾ ਨੀਂ। ਸਾਦੀ ਜਿੰਦਗੀ ਵਿਚਾਰ ਉੱਚੇ ਲੱਭ ਲੈ ਰੋਜ-ਰੋਜ ਹੁੰਦਾ ਨਾ ਵਿਆਹ ਨੀ। ਯਾਰ ਤੇਰਾ.......

ਬੀਜਾਂ ਵਰਗੇ ਗੀਤ

ਗੀਤ ਹੁੰਦੇ ਮਿਤਰੋ ਓ ਬੀਜਾਂ ਵਰਗੇ ਕਲਾਕਾਰ ਬੀਜਦੇ ਜਵਾਨੀ ਵੱਢਦੀ। ਫਲ ਖਾ ਜਾਂਦਾ ਇਹ ਬਾਜ਼ਾਰਵਾਦ ਬਈ ਮਾਪਿਆਂ ਦੀ ਜਿੰਦ ਰਹਿੰਦੀ ਹਾੜੇ ਕੱਢਦੀ। ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ। ਚੌਥਾ ਪੈਗ ਲਾਕੇ ਬਾਂਹ ਫੜਦੇ ਜਨਾਬ। ਨਸ਼ਿਆਂ ਨੂੰ ਕਰੋਂਗੇ ਗਲੋਰੀਫਾਈ ਜੇ ਲਾਸ਼ ਮਿਲੂ ਗਲੀ ਵਿੱਚ ਟੀਕੇ ਗੱਡਦੀ। ਉਹਨੂੰ ਦੇਸ਼ ਦੀ ਜਵਾਨੀ ਉਸਤਾਦ ਮੰਨਦੀ। ਗਾਉਂਦਾ ਗੈਂਗਵਾਰ-ਗੁੰਡਾਟੱਚ ਮੋਢੇ ਗੰਨ ਜੀ। ਅੱਲੜ੍ਹ ਜਵਾਨੀ ਉਹਨੂੰ ਫੋਲੋ ਕਰਦੀ ਲੰਘਦੀ ਹੈ ਗਲੀਆਂ ਚੋਂ ਰੇਸਾਂ ਛੱਡਦੀ। ਡਾਲਰਾਂ ਦੇ ਵਾਂਗੂੰ ਸਾਡਾ ਚੱਲੇ ਨਾਮ ਨੀਂ। 'ਠਾਰਵੇਂ 'ਚ ਮੁੰਡਾ ਹੋਇਆ ਬਦਨਾਮ ਨੀਂ। ਵੈਲਪੁਣੇ ਦੀਆਂ ਮੁੰਡਾ ਲੈਂਦਾ ਫੀਲਿੰਗਾਂ ਮਾਂ ਫਿਰੇ ਝੋਨੇ ਵਿਚੋਂ ਘਾਹ ਕੱਢਦੀ।

ਦਿਨ ਆ ਗਏ ਚੰਗੇ(2)

ਬਿਜਲੀ ਦੇ ਕੱਟ ਲੰਬੇ-ਲੰਬੇ ਦੰਦੀਆਂ ਕੱਢਦੇ ਦੇਖਕੇ ਖੰਭੇ ਲੋਕੀਂ ਰੌਲਾ ਪਾ-ਪਾ ਹੰਭੇ ਵੇਖੋ ਬਈ ਦਿਨ ਆ ਗਏ ਚੰਗੇ ਹੱਕ ਮੰਗਣ ਤੇ ਪੈਂਦੇ ਡੰਡੇ ਹਰੇ, ਨੀਲੇ ਭਗਵੇ ਝੰਡੇ ਸੱਤਾ ਰੋਜ ਕਰਾਉਂਦੀ ਦੰਗੇ ਵੇਖੋ ਬਈ ਦਿਨ ਆ ਗਏ ਚੰਗੇ। ਤੜੀਪਾਰ 'ਤੇ ਨੰਗ-ਮਲੰਗੇ 'ਕੱਠੇ ਹੋ ਗਏ ਰੋਡੇ-ਗੰਜੇ ਲੁੱਟ ਕੇ ਖਾ ਗਏ ਬਿੱਲੇ-ਰੰਗੇ ਵੇਖੋ ਬਈ ਦਿਨ ਆ ਗਏ ਚੰਗੇ ਗੈਸ-ਤੇਲ ਨੇ ਸੂਲੀ ਟੰਗੇ ਖਤਮ ਹੋ ਗਏ ਸਾਰੇ ਧੰਦੇ ਚੰਗਾ ਖਾਂਦੇ ਬੋਲਣ ਮੰਦੇ ਵੇਖੋ ਬਈ ਦਿਨ ਆ ਗਏ ਚੰਗੇ ਸ੍ਰੀ ਲੰਕਾ ਨੇ ਜਿੱਦਾਂ ਝੰਬੇ ਤੁਸੀਂ ਵੀ ਸਾਰੇ ਚੁੱਕ ਲੋ ਟੰਬੇ 'ਮਨ ਕੀ ਬਾਤ' ਸੁੱਕਾ ਨ ਲੰਘੇ ਵੇਖੋ ਬਈ ਦਿਨ ਆ ਗਏ ਚੰਗੇ

ਮਾੜੇ ਦਿਨ ਵੀ ਮਿੱਤਰਾ

ਮਾੜੇ ਦਿਨ ਵੀ ਮਿੱਤਰਾ ਸਭ ਤੋਂ ਚੰਗੇ ਹੁੰਦੇ ਨੇ। ਆਸ ਉਮੀਦਾਂ ਰੌਸ਼ਨੀਆਂ ਸੰਗ ਰੰਗੇ ਹੁੰਦੇ ਨੇ। ਜਿੰਦਗੀ ਵਿੱਚ ਬੇਗੈਰਤ ਵੀ ਸਵੀਕਾਰ ਨਹੀਂ ਹੁੰਦੀ। ਮਨ ਦੀਆਂ ਜੇਤੂ ਕੌਮਾਂ ਦੀ ਕਦੇ ਹਾਰ ਨਹੀਂ ਹੁੰਦੀ। ਕਦੇ ਹੱਥਾਂ ਵਿੱਚ ਦਾਤੀ ਤੇ ਕਦੇ ਝੰਡੇ ਹੁੰਦੇ ਨੇ। ਜਿਹੜੇ ਮਾਨਵਜਾਤੀ 'ਤੇ ਇਤਬਾਰ ਕਰੇਂਦੇ ਨੇ। ਰਾਹਾਂ ਵਾਲੇ ਕੰਢੇ ਹੱਸ ਹੱਸ ਪਾਰ ਕਰੇਂਦੇ ਨੇ। ਸੂਲੀ ਨੂੰ ਕਰਨ ਮਖੌਲਾਂ ਮੌਤ ਨਾ ਮੰਗੇ ਹੁੰਦੇ ਨੇ। ਸੰਗ ਆਫ਼ਤਾਂ ਖਹਿੰਦੇ ਜੋ ਇਤਿਹਾਸ ਬਣਾਉਂਦੇ ਨੇ। ਖੋਜੀ ਬਿਰਤੀ ਵਾਲੇ ਹੀ ਕੁੱਝ ਖਾਸ ਬਣਾਉਂਦੇ ਨੇ। ਜ਼ਹਿਰ ਵੀ ਬਣਦੀ ਤਾਕਤ ਜਿਸਨਾ ਡੰਗੇ ਹੁੰਦੇ ਨੇ।

ਆਖਰ ਨੂੰ ਹਥਿਆਰ

ਆਖਰ ਨੂੰ ਹਥਿਆਰ ਚਲਾਉਣਾ ਕ੍ਰਾਂਤੀ ਹੁੰਦੀ ਏ। ਮੋਢੇ ਰੱਖਕੇ ਗੇੜੇ ਲਾਉਣਾ ਫੁਕਰ-ਪੰਥੀ ਹੁੰਦੀ ਏ। ਗੱਲ ਕਰਨ ਤੋਂ ਪਹਿਲਾਂ, ਅਸਲਾ ਲਹਿਰਾਉਂਦੇ ਜੋ। ਡੱਬ ਚ ਪਿਸਟਲ ਲੈਕੇ, ਪੰਚਾਇਤ ਚ ਆਉਂਦੇ ਜੋ। ਅਸਲੇ ਵਾਲੇ ਮਸਲੇ ਨੂੰ ਕਦੇ ਹੱਲ ਕਰ ਸਕਦੇ ਨਾ। ਗੱਲਬਾਤ ਦੇ ਟੇਬਲ ਤੇ ਉਹ ਗੱਲ ਕਰ ਸਕਦੇ ਨਾ। ਤੀਰ ਤਰਕ ਦੇ ਬਰਛਿਆਂ ਨੂੰ ਵੀ ਛਿੱਥਾ ਪਾ ਦਿੰਦੇ ਲਹਿ ਜਾਂਦੀ ਜੋ ਸਿਰ 'ਤੇ ਚੜੀ ਫੈਂਟੇਸੀ ਹੁੰਦੀ ਏ। ਆਖਰ ਨੂੰ ਹਥਿਆਰ.... ਨਾਬਰ ਅਤੇ ਜਾਬਰ ਵਿੱਚ ਜੋ ਭੇਦ ਪਛਾਣੇ ਨਾ ਜੰਗ ਵਿਚਾਰਾਂ ਵਾਲੀ ਜਿਹੜਾ ਲੜਨਾ ਜਾਣੇ ਨਾ। ਤਲਵਾਰ ਤੇ ਕ੍ਰਿਪਾਨ ਵਿੱਚ ਨਾ ਫਰਕ ਕਰਦੇ ਜੋ। ਤਾਲੀਮ ਵਿਹੂਣੇ ਫੁਕਰੇ ਬੇੜਾ ਗਰਕ ਕਰਦੇ ਜੋ। ਦਿੱਲੀ ਅਤੇ ਲਾਹੌਰ ਤਾਂ ਉਹਨਾਂ ਕੋਲੇ ਹੋਣਾ ਕੀ ਨਾ ਸਿਰਸਾ ਤੇ ਅੰਬਾਲਾ ਤੇ ਨਾ ਹਾਂਸੀ ਹੁੰਦੀ ਏ। ਆਖਰ ਨੂੰ ਹਥਿਆਰ.....

ਰੱਬ ਦੀ ਤੌਹੀਨ

ਸ਼ਰਧਾ 'ਤੇ ਜ਼ੁਲਮ ਸੰਗੀਨ ਕਰਦੀ। ਹਰ ਖੋਜ ਰੱਬ ਦੀ ਤੌਹੀਨ ਕਰਦੀ । ਪੋਲਿਓ ਹਲਕ ਅਤੇ ਚੇਚਕ ਵਿਗਿਆਨ ਨੇ ਆ ਜੜ੍ਹਾਂ ਵਿੱਚੋਂ ਵੱਢੀਆਂ। ਉਹ ਅਰਸ਼ਾਂ 'ਚ ਬੜਾ ਕੁੱਝ ਦੱਸ ਗਏ ਦੱਸ ਸਕੇ ਨਾ ਸਰੀਰ ਵਿੱਚ ਹੱਡੀਆਂ। ਵਿਗਿਆਨ ਦੀ ਬਣਾਈ ਹਰ ਚੀਜ਼ ਹੀ ਰੱਬ ਦਿਆਂ ਘਰਾਂ ਨੂੰ ਹੁਸੀਨ ਕਰਦੀ। ਜੀਹਨੂੰ ਕਹਿੰਦੇ ਸੀ ਮਰਨ ਲਈ ਭੇਜਿਆ ਮੱਲਾਂ ਮਾਰੀਆਂ ਨੇ ਉਸ ਇਨਸਾਨ ਨੇ। ਜਾਣੀ-ਜਾਣ ਏਨਾ ਹੀ ਸੀ ਜਾਣਦੇ ਬਾਕੀ ਜਾਣਿਆ ਏ ਸਾਰਾ ਵਿਗਿਆਨ ਨੇ। ਪੂਜਾ-ਪਾਠ ਦਿੰਦੇ ਰਹੇ ਤਸੱਲੀਆਂ ਜੀਵਨ ਸੁਖੱਲਾ ਤਾਂ ਮਸ਼ੀਨ ਕਰਦੀ। ਜੀਹਨੂੰ ਪੂਜਦੇ ਉਸੇ ਨੂੰ ਵੇਚ ਦਿੰਦੇ ਨੇ ਮਿੱਠਾ ਬੋਲੜੇ ਤੇ ਗੁੰਡਾ ਇਖਲਾਕ ਬਈ ਕਹਿੰਦੇ ਮਰਜੀ ਬਿਨਾਂ ਨ ਪੱਤਾ ਹਿੱਲਦਾ ਦੇਖੇ ਹਿੱਲਦੇ ਮੈਂ ਇਹਨਾਂ ਦੇ ਦਿਮਾਗ ਬਈ ਲੱਗੇ ਕੈਮਰੇ ਹੀ ਸਭਨਾਂ ਦੇ ਰਾਖੇ ਨੇ ਲੱਗੀ ਦੀਪਮਾਲਾ ਅੰਦਰ ਰੰਗੀਨ ਕਰਦੀ। ਕਾਪਰ,ਬਰੂਨੋ ਤੇ ਗਲੀਲੀਓ ਖੋਜ ਦਾ ਵਿਰੋਧ ਇਤਿਹਾਸ ਇਹਨਾਂ ਦਾ। ਨਰਕਾਂ ਤੇ ਸੁਰਗਾਂ ਦੇ ਕਿੱਸੇ ਸੁਣ ਲਓ ਮਨਪ੍ਰਚਾਵੇ ਮਿਥਿਹਾਸ ਇਹਨਾਂ ਦਾ। ਭਗਤੀ ਨਾ ਢਿੱਡ ਨਹੀਓਂ ਭਰਦਾ ਰੋਟੀ ਦਾ ਜੁਗਾੜ ਤਾਂ ਜ਼ਮੀਨ ਕਰਦੀ।

ਪਾਸ਼ ਅਤੇ ਉਦਾਸੀ

ਪਾਸ਼ ਵੀ ਜੇ ਲਿਖ ਦਿੰਦਾ ਫੁਕਰੇ ਜੇ ਗਾਣੇ ਬਜਾਰ ਵਿੱਚ ਉਸਦੀ ਚੜਾਈ ਹੋਣੀ ਸੀ। ਉਦਾਸੀ ਜੇ ਮੁੰਡੀਰ੍ਹ ਨੂੰ ਛਕਾ ਦਿੰਦਾ ਫੂਕਾਂ ਕਿੱਲਾ ਸਵਾ ਸੌ ਜਮੀਨ ਬਣਾਈ ਹੋਣੀ ਸੀ ਜੱਟ ਚੱਕ ਕੇ ਲਿਜਾਂਦਾ ਏ ਸ਼ਰੇਆਮ ਨੀਂ ਜੱਟ ਸਾਨ੍ਹ ਵਰਗਾ ਲਿਆਉਂਦਾ ਨ੍ਹੇਰੀਆਂ। ਜੱਟ ਖੱਬੀ ਖਾਨ ਪੀਂਦਾ ਪਹਿਲੇ ਤੋੜ ਦੀ ਬੋਤਲਾਂ ਬਰਾਂਡੀ ਦੀਆਂ ਅੱਖਾਂ ਤੇਰੀਆਂ। ਗਲੀਆਂ 'ਚ ਦਿਨ ਰਾਤ ਵਜਣੇ ਸੀ ਡੀਜੇ ਹੋਛੀਆਂ ਗੱਲਾਂ ਦੀ ਲੋਰ ਆਈ ਹੋਣੀ ਸੀ। ਪਾਸ਼ ਵੀ ਜੇ...... ਜੱਟ ਕਰਕੇ ਕਤਲ ਪਾਉਂਦਾ ਫੇਸਬੁੱਕ 'ਤੇ ਬਾਂਹ ਦੇਦੂੰ ਥੋਡਾ ਮੈਂ ਪ੍ਰਾਹੁਣਾ ਸਾਲਿਓ। ਕਿਤਾਬ ਦੀ ਥਾਂ ਜੱਟ ਕੋਲ ਗੰਨ ਹੁੰਦੀ ਹੈ ਆਈ ਲਵ ਮਾਈ ਵਿਰਸਾ ਸੰਭਾਲਿਓ। ਨਾਲੇ ਉਹ ਬਣ ਜਾਂਦਾ ਧਰਮ ਹਿਤੈਸ਼ੀ ਫੋਟੋ ਉਹਦੀ ਗੱਡੀਆਂ 'ਤੇ ਲਾਈ ਹੋਣੀ ਸੀ। ਪਾਸ਼ ਵੀ ਜੇ...... ਪੰਜ ਤਾਰਾ ਹੋਟਲਾਂ 'ਚ ਚਿੱਲ ਕਰਦਾ ਮਹਿੰਗੇ ਤੇਰੀ ਫੀਸ ਨਾਲੋਂ ਬੂਟ ਜੱਟ ਦੇ ਉੱਠਕੇ ਸਵੇਰੇ ਜੱਟ ਖਾਂਦਾ ਨਾਗਣੀ ਔਡੀ ਥਾਰ ਲਿਮੋਜ਼ੀਨ ਰੂਟ ਜੱਟ ਦੇ। ਦੇਸ਼ ਦੀ ਜਵਾਨੀ ਉਸਤਾਦ ਮੰਨਦੀ ਗਿਣਤੀ ਸਟਾਰਾਂ ਵਿੱਚ ਆਈ ਹੋਣੀ ਸੀ। ਪਾਸ਼ ਵੀ ਜੇ......

ਜੇ ਤੂੰ ਪਾਤਰ, ਉਦਾਸੀ, ਪਾਸ਼ ਪੜ੍ਹਦਾ

ਜੇ ਤੂੰ ਪਾਤਰ,ਉਦਾਸੀ, ਪਾਸ਼ ਪੜ੍ਹਦਾ ਨਸ਼ੇ-ਅਸਲੇ ਦੇ ਗੀਤ ਨਹੀਂ ਗਾਉਣੇ ਸੀ। ਪਾਟੇ ਲੱਤੜੇ ਜੇ ਕਾਮਿਆਂ ਦੇ ਦੇਖਦਾ ਤੂੰ ਆ ਫੁਕਰੇ ਜੇ ਵਾਜੇ ਨਹੀਂ ਵਜਾਉਣੇ ਸੀ। ਬੈਠਾ ਘੋੜੀ 'ਤੇ ਦੁਨਾਲੀ ਮੋਢੇ ਰੱਖਕੇ ਮੈਨੂੰ ਅੱਜ ਤੱਕ ਜੱਟ ਨਹੀਂਓ ਲੱਭਿਆ। ਖੱਬੀ ਸੀਟ 'ਤੇ ਬੰਦੂਕ ਕਿਥੋਂ ਰੱਖ ਲਊ ਜਿਹੜਾ ਕਰਜੇ ਦੇ ਭਾਰ ਥੱਲੇ ਦੱਬਿਆ। ਸਾਹਿਬ ਸਿੰਘ ਦੇ ਨਾਟਕ ਜੇ ਤੂੰ ਦੇਖਦਾ ਬਰਬੈਰੀ ਵਾਲੇ ਰਾਉਂਦ ਨਹੀਂ ਚਲਾਉਣੇ ਸੀ। ਕੋਈ ਡੀਸੀ ਨਾ ਸਲੂਟ ਸਾਨੂੰ ਮਾਰਦਾ ਨਾ ਹੀ ਡਾਲਰਾਂ ਦੇ ਵਾਂਗੂ ਨਾਮ ਚਲਦਾ। ਬੈਂਕ ਵਾਲਿਆਂ ਨੂੰ ਦੇਖ ਲੁੱਕ ਜਾਨੇ ਆਂ ਫਾਹਾ ਲੈ ਲੀਏ ਪਤਾ ਨਹੀਂ ਸਾਡਾ ਕੱਲ੍ਹ ਦਾ। ਪੁੱਤ ਹੁੰਦਾ ਏ ਟਰੈਕਟਰ ਜੱਟ ਦਾ ਜੇ ਤੂੰ ਜਾਣਦਾ ਤਾਂ ਟੋਚਨ ਨਹੀਂ ਪਾਉਣੇ ਸੀ। ਨਾ ਹੀ ਅਸੀਂ ਪੁੱਤ ਡਾਕੂਆਂ ਦੇ ਆਂ ਨਾ ਮੰਗਦੇ ਤੇ ਨਾ ਹੀ ਅਸੀਂ ਖੋਂਹਦੇ ਹਾਂ। ਬਾਬੇ ਨਾਨਕ ਨੇ ਕਿਰਤ ਸਿਖਾਈ ਹੈ ਆਪ ਖਾਂਦੇ ਹਾਂ ਤੇ ਲੰਗਰ ਵੀ ਲਾਉਂਦੇ ਹਾਂ। ਧੀ ਤੇਰੀ ਵੀ ਜਾਂਦੀ ਜੇ ਕਿਤੇ ਪੜ੍ਹਨੇ ਤੂੰ ਬੰਬੂਕਾਟ ਦੇ ਪਟਾਕੇ ਨਹੀਂ ਪਾਉਣੇ ਸੀ।

ਬੰਦ ਨਸ਼ਿਆਂ ਦੀ ਕਰੀਏ ਦੁਕਾਨ

ਕਿਤਾਬਾਂ ਪੜ੍ਹਕੇ ਜੋ ਘੋਲਾਂ ਵਿੱਚ ਨਿੱਤਰੇ ਕਦੇ ਚਿੱਟੇ ਦੀ ਨਾ ਜਾਂਦੇ ਉਹ ਮਕਾਣ ਜੀ। ਆਓ ਪਿੰਡਾਂ ਵਿੱਚ ਲਾਇਬਰੇਰੀ ਖੋਲ੍ਹੀਏ ਬੰਦ ਨਸ਼ਿਆਂ ਦੀ ਕਰੀਏ ਦੁਕਾਨ ਜੀ। ਨਾ ਹੀ ਟੋਚਨਾਂ ਦੀ ਖੇਡ ਉਹ ਖੇਡਦੇ ਨਾ ਬੋਲਟਾਂ ਦੇ ਪਾਉਂਦੇ ਉਹ ਪਟਾਕੇ ਜੀ। ਨਾ ਮੋਟਰਾਂ 'ਤੇ ਬੈਠ ਦਾਰੂ ਪੀਂਦੇ ਉਹ ਨਾ ਹੀ ਮੋੜਾਂ ਉੱਤੇ ਲਾਉਂਦੇ ਖੜ੍ਹ ਨਾਕੇ ਜੀ। ਪਾਸ਼ ਪਾਤਰ ਉਦਾਸੀ ਜਿਹੜੇ ਪੜ੍ਹਦੇ ਸੋਚ ਹੋ ਜਾਂਦੀ ਉਹਨਾਂ ਦੀ ਮਹਾਨ ਜੀ। ਨਾ ਅਸਲੇ ਨਸ਼ੇ ਦੇ ਗਾਣੇ ਸੁਣਦੇ ਨ ਲੰਡੂ ਸਿੰਗਰਾਂ ਨੂੰ ਕਹਿੰਦੇ ਉਸਤਾਦ ਜੀ। ਨਾ ਗੱਡੀ ਉੱਤੇ ਗੋਤ ਉਹ ਲਿਖਾਉਂਦੇ ਐ ਨਾ ਹੀ ਕਰਦੇ ਪਸੰਦ ਜੱਟਵਾਦ ਜੀ। ਸਾਦੀ ਜਿੰਦਗੀ ਵਿਚਾਰ ਉੱਚੇ ਰੱਖਦੇ ਉੱਚਾ ਰੱਖਦੇ ਨੇ ਆਪਣਾ ਇਮਾਨ ਜੀ। ਵਿਰੋਧੀਆਂ ਨੂੰ ਪਿਆਰ ਨਾਲ ਸੁਣਦੇ ਕਦੇ ਘੁੰਮਦੇ ਨਾ ਲੈਕੇ ਹਥਿਆਰ ਜੀ। ਪੱਖ ਤਰਕ ਦਲੀਲਾਂ ਨਾਲ ਰੱਖਦੇ ਜੰਗ ਜਿੱਤ ਲੈਂਦੀ ਸੋਚਾਂ ਦੀ ਕਟਾਰ ਜੀ। ਸਹੀ ਸਮੇਂ ਉੱਤੇ ਸਹੀ ਗੱਲ ਕਰਕੇ ਉਹ ਲੋਕਾਂ ਦਾ ਖਿੱਚਦੇ ਧਿਆਨ ਜੀ।

ਸਕੂਲ ਵਾਲੀ ਵੈਨ

ਸਕੂਲ ਵਾਲੀ ਵੈਨ ਮਾਏ ਮੇਰੀਏ ਮਾਡਲ ਪੁਰਾਣਾ ਤੇ ਕਬਾੜ ਨੀਂ। ਜੀਹਦੇ ਵਿੱਚ ਮੈਨੂੰ ਨੀਂ ਤੂੰ ਭੇਜਦੀ ਧੱਕੇ ਨਾਲ ਚੱਲਦਾ ਜੁਗਾੜ ਨੀਂ। ਕਈ ਵਾਰੀ ਦੇਖਿਆ ਡਰਾਈਵਰ ਸੜਕਾਂ 'ਤੇ ਧੱਜੀਆਂ ਉਡਾਉਂਦਾ ਨੀਂ। ਨਾ ਮੋੜ ਤੇ ਇਸ਼ਾਰਾ ਕੋਈ ਕਰਦਾ ਰਾਹ 'ਚ ਮੋਬਾਈਲ ਚਲਾਉਂਦਾ ਨੀਂ। ਫਿਰ ਅੱਖਾਂ 'ਚ ਘਸੁੰਨ ਦੇਕੇ ਰੋਵੇਂਗੀ ਜਦੋਂ ਹਾਦਸੇ ਦਾ ਹੋਗੇ ਸ਼ਿਕਾਰ ਨੀਂ। ਘੱਟ ਸੀਟਾਂ 'ਤੇ ਬੱਚੇ ਵੱਧ ਹੁੰਦੇ ਨੇ ਹੋਵੇ ਲੋੜ ਨਾਲੋਂ ਵੱਧ ਭਾਰ ਲੱਦਿਆ। ਕਨੂੰਨੀ ਵਰਕੇ ਵੀ ਪੂਰੇ ਨਹੀਂ ਕਰਦਾ ਲੱਗੇ ਮੌਤ ਨੂੰ ਬੁਲਾਵਾ ਦੇਕੇ ਸੱਦਿਆ। ਮਾਏ ਸਸਤੇ ਦੇ ਚੱਕਰਾਂ 'ਚ ਪੈ ਗਈ ਸਾਡੀ ਜਿੰਦਗੀ ਨਾ ਹੋਵੇ ਖਿਲਵਾੜ ਨੀਂ। ਸਾਂਝੀ ਹੋਵੇ ਦੇਸ਼ ਵਿੱਚ ਵਿਦਿਆ ਹੋਣ ਸਭ ਲਈ ਇੱਕ ਹੀ ਅਸੂਲ ਨੀਂ। ਰੋਜ ਸੜਕਾਂ 'ਤੇ ਧੱਕੇ ਖਾਣੇ ਪੈਣ ਨਾ ਅਸੀਂ ਜਾਈਏ ਸਾਡੇ ਨੇੜਲੇ ਸਕੂਲ ਨੀਂ। ਸਾਡੇ ਮਾਪੇ ਧਿਆਨ ਨਹੀਂਓ ਕਰਦੇ ਨਾਹੀਂ ਕਰਦੀ ਧਿਆਨ ਸਰਕਾਰ ਨੀਂ।

ਸਾਡੇ ਮੌਰਾਂ ਉੱਤੇ ਡੰਡੇ ਦੇ ਨਿਸ਼ਾਨ

ਸਾਡੇ ਮੌਰਾਂ ਉੱਤੇ ਡੰਡੇ ਦੇ ਨਿਸ਼ਾਨ ਨੇ ਉਹਦੀ ਪਿੱਠ ਉੱਤੇ ਮੋਹਰ ਸਰਕਾਰੀ ਐ। ਜਦੋਂ ਸਾਡੇ ਹਿੱਸੇ ਫਾਂਸੀਆਂ ਦੇ ਰੱਸੇ ਸੀ ਉਸ ਸਮੇਂ ਤੋਂ ਉਹਨਾਂ ਦੀ ਸਰਦਾਰੀ ਐ। ਉਹ ਹੱਡੀਆਂ ਦਾ ਚੂਰਨ ਬਣਾਉਂਦੇ ਨੇ ਰੱਤ ਕਾਮਿਆਂ ਦੀ ਰੱਖਦੇ ਨਿਚੋੜ ਕੇ। ਕਰ ਪੈਕਿੰਗਾਂ ਬਜਾਰ ਵਿੱਚ ਵੇਚਦੇ ਖੁਸ਼ ਹੁੰਦੇ ਰਹਿੰਦੇ ਦਮੜੀਆਂ ਜੋੜਕੇ। ਸਾਡੇ ਹੱਥਾਂ ਦੀਆਂ ਭੌਰੀਆਂ ਗਵਾਹ ਨੇ ਉਹਦੇ ਪਿਲਪਿਲੇ ਢਿੱਡ 'ਚ ਮਕਾਰੀ ਹੈ। ਟੁੱਕ ਜਦੋਂ ਵੀ ਹਿੱਸੇ ਦਾ ਅਸੀਂ ਮੰਗਿਆ ਦੌਰਾ ਧਰਮਾਂ ਨੂੰ ਦੰਗਿਆਂ ਦਾ ਪੈ ਗਿਆ। ਸਾਡੇ ਬੱਚਿਆਂ ਦੇ ਸੁਪਨੇ ਵੀ ਖੁਰ ਗਏ ਬਾਜ ਹੱਥਾਂ ਵਾਲਾ ਟੁਕੜਾ ਵੀ ਲੈ ਗਿਆ। ਤੀਰ ਵੋਟਾਂ ਵਾਲਾ ਜਦੋਂ ਵੀ ਚਲਾਇਆ ਏ ਸੀਨਾ ਹੋ ਗਿਆ ਸਾਡਾ ਹੀ ਦੋਫਾੜੀ ਐ। ਉਹ ਧੁਰ ਤੋਂ ਹੀ ਆਏ ਰਾਜ ਕਰਦੇ ਅਸੀਂ ਧੁਰ ਤੋਂ ਹੀ ਕੀਤੀਆਂ ਬਗਾਵਤਾਂ। ਉਹ ਮਰਕੇ ਵੀ ਸੁਰਗਾਂ ਨੂੰ ਜਾਂਦੇ ਨੇ ਅਸੀਂ ਜੰਮਦੇ ਹੀ ਕਰੀਏ ਖਿਲਾਫਤਾਂ। ਸਾਡੇ ਹੱਥ ਵਿੱਚ ਦਾਤੀਆਂ ਤੇ ਰੰਬੇ ਨੇ ਉਹਦੀ ਰਾਜੇ ਦੇ ਕਮਾਂਡਰਾਂ ਨਾ ਯਾਰੀ ਐ।

ਬਾਜਾਂ ਨੇ ਕਰ ਲਿਆ ਫੈਸਲਾ

ਬਾਜਾਂ ਨੇ ਕਰ ਲਿਆ ਫੈਸਲਾ ਕੁੱਝ ਦਿਨ ਨਰਮੀ ਦਿਖਾਉਣਗੇ। ਵੋਟਾਂ ਦੀਆਂ ਰੁੱਤਾਂ ਨੇੜੇ ਆਗੀਆਂ ਚਿੜੀਆਂ ਦਾ ਮਨ ਪਰਚਾਉਣਗੇ। ਐਂਬੂਲੈਂਸ ਨੂੰ ਰਾਹ ਦਿੱਤਾ ਜਾਊਗਾ ਪਾਪੀਆਂ ਨੂੰ ਪੈਣਗੀਆਂ ਲਾਹਨਤਾਂ। ਭਗਤਾਂ ਦੇ ਚਿਹਰਿਆਂ 'ਤੇ ਖੁਸ਼ੀਆਂ ਬਲਾਤਕਾਰੀ ਸਾਧਾਂ ਲਈ ਜ਼ਮਾਨਤਾਂ। ਜਿਹੜੇ ਮੂੰਹਾਂ ਵਿਚੋਂ ਅੱਗ ਰਹੀ ਵਰਦੀ ਉਹ ਮੂੰਹ ਥੋਨੂੰ ਲੋਰੀਆਂ ਸੁਣਾਉਣਗੇ। ਅਰਥੀ ਨੂੰ ਮੋਢੇ ਦਿੱਤੇ ਜਾਣਗੇ ਤਾਨਾਸ਼ਾਹੀ ਅਥਰੂ ਵਹਾਏਗੀ। ਦੰਗੇ-ਪੀੜਤ ਮੁਹੱਲਿਆਂ 'ਚ ਜਾਕੇ ਭਾਈਚਾਰੇ ਦਾ ਸੁਨੇਹਾ ਸੁਣਾਏਗੀ। ਕਰਦੇ ਜ਼ੁਲਮ ਉਹ ਵੀ ਅੱਕ ਗਏ ਹੁਣ ਤਰਸ ਦੇ ਨਾਟਕ ਰਚਾਉਣਗੇ। ਹੁਕਮ ਪਿਆਦਿਆਂ ਨੂੰ ਹੋ ਗਿਆ ਡੰਡਾ-ਕੁੱਟ ਕਰ ਦਿਓ ਬੰਦ ਜੀ। ਅੱਲ੍ਹੇ ਜਖਮਾਂ ਦੇ ਭਰ ਜਾਣ ਲਈ ਮਿੱਠੇ ਬਚਨਾਂ ਦਾ ਕਰੋ ਪ੍ਰਬੰਧ ਜੀ। ਸਾਡੀ ਹਿੱਕ ਉੱਤੇ ਕਦੇ ਸੀ ਜੋ ਨੱਚਦੇ ਬੁਲਡੋਜ਼ਰ ਭਾਲ਼ੇ ਨਹੀਂ ਥਿਆਉਣਗੇ।

ਸਾਡੀ ਸੁਣ ਲਓ ਅਰਜ ਸਰਕਾਰ ਜੀ

ਸਾਡੀ ਸੁਣ ਲਓ ਅਰਜ ਸਰਕਾਰ ਜੀ ਲੋਨ ਸਾਡਾ ਵੀ ਬੱਟੇ ਖਾਤੇ ਪਾ ਦਿਓ। ਹੱਕ ਮੰਗਦੇ ਗਦਾਰ ਅਸੀਂ ਹੋ ਗਏ ਦੇਸ਼ ਭਗਤਾਂ ਦੀ ਜੁੰਡੀ 'ਚ ਰਲਾ ਦਿਓ। ਸਾਰੇ ਦੇਸ਼ ਦੇ ਗੋਦਾਮ ਅਸੀਂ ਭਰਤੇ ਸਾਡਾ ਲਿਬੜੇ ਲੋਕਾਂ ਦਾ ਯੋਗਦਾਨ ਹੈ। ਪੁੱਤ ਸਾਡੇ ਹੀ ਹੱਦਾਂ ਉੱਤੇ ਮਰਦੇ ਅੱਜ ਕਹਿੰਦੇ ਅਸੀਂ ਭਾਰਤ ਮਹਾਨ ਐ। ਧੰਨਿਆਂ ਨਾ ਭਾਵੇਂ ਥੋਡੀ ਯਾਰੀ ਐ ਵਫਾ ਦੇਸ਼ ਨਾਲ ਥੋੜੀ ਜਿਹੀ ਨਿਭਾ ਦਿਓ। ਚੀਰ ਧਰਤੀ ਪਸੀਨਾ ਅਸੀਂ ਬੀਜਦੇ ਫਿਰ ਖੇਤਾਂ ਵਿਚ ਫੁੱਲ ਲਹਿਰਾਉਂਦੇ ਨੇ। ਸਾਰੀ ਦੁਨੀਆਂ ਦਾ ਢਿੱਡ ਅਸੀਂ ਭਰਦੇ ਬੱਚੇ ਸਾਡੇ ਤਾਂ ਬੇਸ਼ਕ ਭੁੱਖੇ ਸੌਂਦੇ ਨੇ। ਅਸੀਂ ਰੋਜ ਥੋਡੇ ਮਨ ਦੀਆਂ ਸੁਣਦੇ ਸਾਡੇ ਮਨ ਦੀ ਵੀ ਕਦੇ ਕੋਈ ਸੁਣਾ ਦਿਓ। ਇਹ ਥੋਡੀ ਸਰਕਾਰ ਦੇ ਨੇ ਅੰਕੜੇ ਕਹਿੰਦੇ ਤਿੰਨ ਲੱਖ ਫਾਂਸੀਆਂ ਨੇ ਖਾ ਗਏ। ਜਦੋਂ ਭੁੱਖੇ ਰੋਂਦੇ ਬਾਲ ਝੱਲੇ ਗਏ ਨਾ ਫਿਰ ਸਾਂਝ ਮੌਤ ਚੰਦਰੀ ਨਾ ਪਾ ਗਏ। ਜਿਹੜੇ ਤੁਰ ਗਏ ਬੇਸ਼ਕ ਨਹੀਂਓ ਮੁੜਦੇ ਜਿਹੜੇ ਬੈਠੇ ਨੇ ਉਹਨਾਂ ਨੂੰ ਬਚਾ ਦਿਓ।

ਪੜ੍ਹ ਲਿਆ ਜਿਸਨੇ ਭਗਤ ਸਿੰਘ

ਪੜ੍ਹ ਲਿਆ ਜਿਸਨੇ ਭਗਤ ਸਿੰਘ ਦੇ ਮੋੜੇ ਵਰਕੇ ਤੋਂ। ਫੇਰ ਕਦੇ ਨਾ ਡਰਦਾ ਉਹ ਗਿੱਦੜਾਂ ਦੇ ਦੜਕੇ ਤੋਂ। ਜਾਤ ਪਖੰਡਾਂ ਧਰਮਾਂ ਤੋਂ ਉਹ ਉੱਚਾ ਸੋਚੇਗਾ। ਕਿਰਤੀਆਂ ਤੇ ਕਾਮਿਆਂ ਦਾ ਭਲਾ ਹੀ ਲੋਚੇਗਾ। ਪੈਰ ਪਿਛੇ ਨਾ ਕਰਦਾ ਉਹ ਜਾਲਮ ਦੇ ਖੜਕੇ ਤੋਂ। ਮਾਲ ਅਤੇ ਮੁਨਾਫੇ ਦੀ ਫੜ ਲੈਂਦਾ ਘੁੰਡੀ ਜੀ। ਪੂੰਜੀ ਦੇ ਨਾਲ ਸੱਤਾ ਦੀ ਕਿੰਝ ਚਲਦੀ ਜੁੰਡੀ ਜੀ। ਜੇਤੂ ਜਿੰਦਗੀ ਜਾਲਮ ਦੇ ਅੱਖਾਂ ਵਿੱਚ ਰੜਕੇ ਤੋਂ। ਹੋਕੇ ਕੈਦ ਆਜ਼ਾਦੀ ਦਾ ਪੈਗਾਮ ਹੀ ਘੱਲੇਗਾ। ਜਾਗਦੀਆਂ ਜ਼ਮੀਰਾਂ ਨੂੰ ਸਲਾਮ ਹੀ ਘੱਲੇਗਾ। ਹਨੇਰੇ ਡਰਦੇ ਰਹਿੰਦੇ ਨੇ ਚਾਨਣ ਦੇ ਫੜਕੇ ਤੋਂ।

ਸਕੂਲਾਂ 'ਚ ਕਿਤਾਬਾਂ ਹਾਲੇ ਆਈਆਂ ਨ

ਸਕੂਲਾਂ 'ਚ ਕਿਤਾਬਾਂ ਹਾਲੇ ਆਈਆਂ ਨ ਪੈਰੋਲ ਪਾਪੀਆਂ ਦੀ ਹੋ ਗਈ ਕਬੂਲ ਜੀ। ਸ਼ਰਾਬੀਆਂ ਲਈ ਠੇਕੇ ਨਵੇਂ ਖੁੱਲ ਗਏ ਬੰਦ ਬੱਚਿਆਂ ਦੇ ਹੋ ਗਏ ਨੇ ਸਕੂਲ ਜੀ। ਨਾਅਰੇ ਬੇਟੀਆਂ ਪੜ੍ਹਾਉਣ ਦੇ ਨੇ ਲੱਗਦੇ ਸਕੂਲ ਬੇਟੀਆਂ ਦੇ ਕਰ ਦਿੱਤੇ ਬੰਦ ਜੀ। ਧੱਕੇ ਖਾਂਦੀਆਂ ਪੜ੍ਹਨ ਦੂਰ ਜਾਂਦੀਆਂ ਕੰਢੇ ਰਾਹਾਂ ਵਿੱਚ ਔਖਾ ਬੜਾ ਪੰਧ ਜੀ। ਵੋਟਾਂ ਧਰਮਾਂ ਦੇ ਨਾਂ 'ਤੇ ਮਿਲ ਜਾਂਦੀਆਂ ਤਾਂਹੀਓਂ ਸਮਝਦੇ ਵਿੱਦਿਆ ਫਜੂਲ ਜੀ। ਚਿੱਟਾ ਇੱਥੇ ਥਾਂ ਥਾਂ ਤੇ ਮਿਲਦਾ ਸਿਲੇਬਸਾਂ ਦੀ ਮਿਲੇ ਨ ਕਿਤਾਬ ਜੀ। ਇੱਥੇ ਗੁੰਡਿਆਂ ਨੂੰ ਮਿਲਦੀ ਸੁਰੱਖਿਆ ਬਾਕੀ ਤੁਸੀਂ ਲਾ ਲਾਓ ਹਿਸਾਬ ਜੀ। ਇੱਥੇ ਅਨਪੜ੍ਹ ਟੋਲੇ ਰਾਜ ਕਰਦੇ ਪੜ੍ਹੇ-ਲਿਖਿਆ ਲਈ ਘੜਦੇ ਅਸੂਲ ਜੀ। ਸੱਚ ਬੋਲੀਏ ਧਰਾਵਾਂ ਲੱਗ ਜਾਂਦੀਆਂ ਹੱਕ ਮੰਗਣ ਤੇ ਆਖਦੇ ਗਦਾਰ ਨੇ। ਅਸੀਂ ਮੂਰਤੀਆਂ ਉੱਚੀਆਂ ਬਣਾਲੀਆਂ ਪਰ ਬੱਚੇ ਸਾਡੇ ਭੁੱਖ ਦਾ ਸ਼ਿਕਾਰ ਨੇ। ਧੰਨਾ ਸੇਠਾਂ ਨੂੰ ਗੱਫੇ ਵੰਡ ਦਿੰਦੇ ਨੇ ਗਰੀਬਾਂ ਵੇਲੇ ਢਿੱਲੀ ਹੋ ਜੇ ਚੂਲ ਜੀ।

ਕੋਈ ਧਰਮ ਨਾ ਦੂਜੇ ਦਾ ਗੁਲਾਮ ਜੀ

ਕੋਈ ਧਰਮ ਨਾ ਦੂਜੇ ਦਾ ਗੁਲਾਮ ਜੀ ਇਹ ਕਮੇਰੇ ਤੇ ਲੁਟੇਰੇ ਦੀ ਲੜਾਈ ਐ ਇੱਥੇ ਮਲਕ ਭਾਗੋ ਤਾਂ ਰਹਿੰਦੇ ਲੁੱਟਦੇ ਭਾਈ ਲਾਲੋ ਦੀ ਨਾ ਕਿਤੇ ਸੁਣਵਾਈ ਐ। ਧਰਮਾਂ ਦਾ ਝੰਡਾ ਜਿੱਥੇ ਝੁੱਲਿਆ ਝੰਡਾ ਝੁੱਲ ਗਿਆ ਨਾਲ ਮੰਦਹਾਲੀ ਦਾ। ਉੱਥੇ ਤਰਕ ਦਲੀਲ ਗੋਲੀ ਮਾਰਤੇ ਰਾਜ ਫੈਲ ਗਿਆ ਸੋਚ ਕੰਗਾਲੀ ਦਾ। ਘਰਾਂ ਵਿਚ ਕੈਦ ਹੋਈਆਂ ਔਰਤਾਂ ਬੰਦ ਹੋ ਗਈ ਉਹਨਾਂ ਦੀ ਪੜ੍ਹਾਈ ਐ। ਕੋਈ ਧਰਮ... ਹੱਥ ਫਿਰਕੂ ਟੋਲੇ ਦੇ ਹਥਿਆਰ ਜੀ ਨਿੱਤ ਕਰਦੇ ਮਨੁੱਖਤਾ ਜਲੀਲ ਨੇ। ਅਪੀਲ ਨ ਦਲੀਲ ਕੋਈ ਸੁਣਦੇ ਆਪ ਜੱਜ ਅਤੇ ਆਪ ਹੀ ਵਕੀਲ ਨੇ। ਬਾਣਾ ਧਰਮੀ ਤੇ ਵਿੱਚ ਗੁੰਡਾ ਤੱਤ ਜੀ ਦੋਵੇਂ ਮਿਲਕੇ ਹੀ ਬਣਦਾ ਕਸਾਈ ਐ। ਕੋਈ ਧਰਮ... ਥਾਂ-ਥਾਂ ਤੇ ਅੱਗਾਂ ਰਹਿਣ ਲੱਗੀਆਂ ਨਾ ਚੁੱਲ੍ਹਿਆਂ ਦੇ ਵਿੱਚ ਅੱਗ ਰਹਿੰਦੀ ਐ। ਘੱਟ ਗਿਣਤੀ ਦੇ ਉੱਤੇ ਕਹਿਰ ਵਰ੍ਹਦਾ ਵੱਧ ਗਿਣਤੀ ਵੀ ਦੁੱਖੜੇ ਹੀ ਸਹਿੰਦੀ ਐ। ਕਈ ਵਸਦੇ ਘਰਾਂ ਦੇ ਦੀਵੇ ਬੁਝਦੇ ਫਿਰ ਮੁੜਕੇ ਨਾ ਹੁੰਦੀ ਭਰਪਾਈ ਐ।

ਸੁੱਤਿਆਂ ਦੇ ਮੋਢੇ ਬੈਗ ਟੰਗ ਕੇ

ਸੁੱਤਿਆਂ ਦੇ ਮੋਢੇ ਬੈਗ ਟੰਗ ਕੇ ਦਿੱਤੇ ਪੀਲੀਆਂ ਬੱਸਾਂ ਦੇ ਵਿੱਚ ਠੁੱਸ ਜੀ। ਜੇ ਬੱਚਿਆਂ ਦੀ ਨੀਂਦ ਪੂਰੀ ਹੋਵੇ ਨਾ ਕਦੇ ਬਣਦੇ ਨਾ ਵਧੀਆ ਮਨੁੱਖ ਜੀ। ਫੁੱਲਾਂ ਨੂੰ ਨਾ ਕਰਦੇ ਪਿਆਰ ਜੋ ਤਿਤਲੀਆਂ ਸੰਗ ਗਾਣੇ ਗਾਉਂਦੇ ਨਾ। ਬੱਦਲਾਂ ਨੂੰ ਵੇਖਕੇ ਨ ਨੱਚਦੇ ਕਾਗਜਾਂ ਦੇ ਮੋਰ ਵੀ ਬਣਾਉਂਦੇ ਨਾ। ਡੂੰਘੀਆਂ ਜੜਾਂ ਨਾ ਕਦੇ ਫੜਦੇ ਗਮਲੇ 'ਚ ਲੱਗੇ ਹੋਏ ਰੁੱਖ ਜੀ। ਜੇ ਬੱਚਿਆਂ.... ਜਿੰਦਗੀ ਦੇ ਰੰਗਾਂ ਤੋਂ ਬੇਰੰਗ ਉਹ ਡਰ ਡਰ ਜਿੰਦਗੀ ਲੰਘਾਉਂਦੇ ਨੇ। ਵਫ਼ਾ ਤੇ ਮੁਹੱਬਤ ਕੀ ਹੁੰਦੀ ਹੈ ਕਦੇ ਵੀ ਉਹ ਸਮਝ ਨ ਪਾਉਂਦੇ ਨੇ। ਭਾਵਨਾ ਦੇ ਸੈੱਲ ਮਰ ਜਾਂਦੇ ਨੇ ਛੋਟੀ ਉਮਰਾਂ 'ਚ ਮਿਲੇ ਦੁੱਖ ਜੀ। ਜੇ ਬੱਚਿਆਂ.... ਜਿੰਦਗੀ ਚ ਹੋਣ ਜੇ ਉਦਾਸੀਆਂ ਫਿਰ ਨਸ਼ਿਆ ਚੋਂ ਲੱਭਦੇ ਅਨੰਦ ਜੀ। ਕਦੇ ਉਹ ਸੂਰਜ ਨਹੀਂ ਬਣਦੇ ਨਾਹੀਂ ਖੋਜਦੇ ਨਵੇਕਲਾ ਕੋਈ ਪੰਧ ਜੀ। ਨਕਲੀ ਫੁੱਲਾਂ ਚੋਂ ਮਹਿਕਾਂ ਲੱਭਦੇ ਮਿਲੇ ਨਾ ਜੇ ਬਾਲ-ਵਰ੍ਹੇ ਸੁੱਖ ਜੀ। ਜੇ ਬੱਚਿਆਂ....

ਵਿਸ਼ਵਗੁਰੂ ਦੇ ਗੁਰੂ ਜੀ ਹੋ ਗਏ

ਵਿਸ਼ਵਗੁਰੂ ਦੇ ਗੁਰੂ ਜੀ ਹੋ ਗਏ ਦੇਸ਼-ਧ੍ਰੋਹੀ ਜੀ ਬੱਚਿਆਂ ਦੇ ਲਈ ਕਰਦੇ ਸੀ ਜੋ ਮੰਗ ਸਕੂਲਾਂ ਦੀ। ਰਾਜ-ਧ੍ਰੋਹ ਦਾ ਪਰਚਾ ਪਾਕੇ ਅੰਦਰ ਠੋਕ ਦਿੱਤੇ ਖੋਲ੍ਹਣ ਦੀ ਗੱਲ ਕਰਦੇ ਸੀ ਜੋ ਬੰਦ ਸਕੂਲਾਂ ਦੀ। ਨੂਰ ਜ਼ਮੀਰਾਂ ਵਾਲੇ ਦੱਸੋ ਕਿੱਦਾਂ ਜਰ ਲੈਂਦੇ ਅੱਖਾਂ ਸਾਹਵੇਂ ਟੁਟਦੀ ਹੋਈ ਤੰਦ ਸਕੂਲਾਂ ਦੀ। ਲੋਕੀਂ ਮੰਦਰ-ਮਸਜਿਦ ਪਿੱਛੇ ਲੜਦੇ ਫਿਰਦੇ ਨੇ ਧੰਨੇ ਫਿਰਦੇ ਲੁੱਟਣ ਲਈ ਪਤੰਗ ਸਕੂਲਾਂ ਦੀ। ਜਿਹੜੀ ਥਾਂ 'ਤੇ ਫੁੱਲ ਤੇ ਬੱਚੇ ਰੌਣਕ ਵੰਡਦੇ ਸੀ ਉਹ ਫੁਲਵਾੜੀ ਕਰ ਦਿੱਤੀ ਬੇਰੰਗ ਸਕੂਲਾਂ ਦੀ। ਲੋਟੂ ਇੱਥੇ ਕਾਮਿਆਂ ਨੂੰ ਲੁੱਟਣਾ ਚਾਹੁੰਦੇ ਨੇ ਨ੍ਹੇਰੇ ਘੁੱਟਣਾ ਚਾਹੁੰਦਾ ਇੱਥੇ ਸੰਘ ਸਕੂਲਾਂ ਦੀ। ਵਿੱਦਿਆ ਦੀ ਚਾਬੀ ਨਾਲ ਖੁੱਲ੍ਹਦੇ ਤਾਲੇ ਅਕਲਾਂ ਦੇ ਸਾਰ ਕੀ ਜਾਨਣ ਬੇ-ਅੱਖਰੇ ਮਲੰਗ ਸਕੂਲਾਂ ਦੀ। 'ਕੱਲਾ-'ਕੱਲਾ ਚਾਰ-ਚਾਰ ਵੀ ਵਿਸ਼ੇ ਪੜ੍ਹਾਉਂਦਾ ਏ ਅਨਪੜ੍ਹ ਖਿੱਚਦੇ ਰਹਿੰਦੇ ਇੱਥੇ ਟੰਗ ਸਕੂਲਾਂ ਦੀ। 'ਫੁੱਟ ਪਾਓ ਅਤੇ ਰਾਜ ਕਰੋ' ਦੇ ਟੋਲੇ ਨਹੀਂ ਲੱਭਣੇ ਜਿੱਦਣ ਲੋਕਾਂ ਛੇੜ ਦਿੱਤੀ ਭਾਈ ਜੰਗ ਸਕੂਲਾਂ ਦੀ।

ਅੱਜ ਹੋਣ ਭਾਵੇਂ ਹੋਣ ਕੱਲ੍ਹ ਮਸਲੇ

ਅੱਜ ਹੋਣ ਭਾਵੇਂ ਹੋਣ ਕੱਲ੍ਹ ਮਸਲੇ। ਲੋਕ ਲਾਮਬੰਦੀ ਕਰੂ ਹੱਲ ਮਸਲੇ। ਨਿੱਤ ਜਿਹੜੇ ਗਿੱਦੜ ਕਲੋਲਾਂ ਕਰਦੇ। ਲੁੱਟ-ਖਾਣੇ ਟੋਲੇ ਜੋ ਮਖੌਲਾਂ ਕਰਦੇ। ਸੀਨਿਆਂ 'ਚ ਕਰਦੇ ਜੋ ਸੱਲ ਮਸਲੇ। ਲੋਕ ਲਾਮਬੰਦੀ..... ਮੰਗ ਦਾ ਹੈ ਲਹੂ ਸਾਡਾ ਕਾਲਾ ਦੌਰ ਜੀ। ਤਿਤਲੀਆਂ ਸੁੱਟ ਲੈਣਾ ਕਾਲਾ ਭੌਰ ਜੀ। ਸੁਣਦੇ ਨਾ ਸਾਡੀ ਅੱਜ ਗੱਲ ਮਸਲੇ। ਲੋਕ ਲਾਮਬੰਦੀ..... ਹਲੇ ਚੇਤਨਾ ਨੇ ਲੈਣੀ ਅੰਗੜਾਈ ਭਰਕੇ। ਬਿੱਜੂਆਂ ਨੇ ਵੜ ਜਾਣਾ ਖੁੱਡੇ ਡਰਕੇ। ਏਕਤਾ ਨੇ ਦੇਣੇ ਸਾਰੇ ਠੱਲ੍ਹ ਮਸਲੇ। ਲੋਕ ਲਾਮਬੰਦੀ.....

ਬਾਪੂ ਸਾਡਾ ਹੋ ਗਿਆ ਸਕੂਲ ਬੰਦ ਵੇ

ਬਾਪੂ ਸਾਡਾ ਹੋ ਗਿਆ ਸਕੂਲ ਬੰਦ ਵੇ ਪਿੰਡ ਵਿਚ ਠੇਕੇ ਦੇਖ ਦੋ ਖੁਲ੍ਹ ਗਏ। ਬੱਚਿਆਂ ਦੇ ਹੱਥਾਂ ਵਿਚੋਂ ਕਾਇਦੇ ਖੋ ਲਏ ਆਸਾਂ ਤੇ ਉਮੀਦਾਂ ਦੇ ਅੱਖਰ ਡੁੱਲ੍ਹ ਗਏ। ਕਹਿੰਦੇ ਤਨਖਾਹਾਂ ਨਹੀਂਓ ਦੇ ਸਕਦੇ ਅਡਾਨੀਆਂ ਦੇ ਮਾਫ ਕਰ ਦਿੱਤੇ ਕਰਜੇ। ਲੰਘ ਜਾਵੇ ਸਾਲ ਨਾ ਕਿਤਾਬਾਂ ਆਉਂਦੀਆਂ ਪਾਟੀਆਂ ਨੂੰ ਜੋੜ-ਜੋੜ ਰਹਿੰਦੇ ਪੜ੍ਹਦੇ। ਪਹਿਲਾਂ ਹੀ ਸਕੂਲ ਸਾਡਾ ਸੀ ਗਰੀਬੜਾ ਗਰੀਬਾਂ ਉੱਤੇ ਦੁੱਖਾਂ ਦੇ ਪਹਾੜ ਝੁੱਲ੍ਹ ਗਏ। ਜਿਹੜੀ ਥਾਂ ਤੇ ਬੱਚੇ ਕਦੇ ਗਾਉਂਦੇ ਸੀ ਪਹਾੜੇ ਉਸੇ ਥਾਂ 'ਤੇ ਸਾਡੀ ਤਕਦੀਰ ਮਰ ਗਈ। ਪਿੰਡ ਦਿਆਂ ਲੋਕਾਂ ਨੇ ਵਿਰੋਧ ਵੀ ਨੀਂ ਕੀਤਾ ਮੈਨੂੰ ਲੱਗੇ ਸਾਰੇ ਪਿੰਡ ਦੀ ਜ਼ਮੀਰ ਮਰ ਗਈ। ਅਨਪੜ੍ਹ ਟੋਲੇ ਸਾਡੇ ਰਾਜ ਕਰਦੇ ਜਿੰਦਗੀ 'ਚ ਸਿੱਖਿਆ ਦਾ ਮੁੱਲ ਭੁੱਲ ਗਏ। ਅਸੀਂ ਕਰਕੇ ਦਿਹਾੜੀਆਂ ਗੁਜ਼ਾਰਾ ਕਰਦੇ ਸਾਡੀ ਬਸਤੀ ਚ ਦੁੱਖਾਂ ਵਾਲੇ ਢੇਰ ਬਾਪੂ ਜੀ। ਪੈਸੇ ਵਾਲੇ ਵਿਦਿਆ ਖਰੀਦ ਲੈਣਗੇ ਸਾਡੇ ਘਰਾਂ ਵਿੱਚ ਹੋਵੇਗਾ ਹਨੇਰ ਬਾਪੂ ਜੀ। ਵਿਦਿਆ ਨੂੰ ਕਹਿੰਦੇ ਲੋਕ ਅੱਖ ਤੀਸਰੀ ਬਿਨਾਂ ਵਿਦਿਆ ਤੋਂ ਸਾਡੇ ਖਾਨਦਾਨ ਰੁਲ਼ ਗਏ।

ਅੰਨ੍ਹੀ ਦੇਸ਼ ਭਗਤੀ 'ਚ ਅੰਨ੍ਹੇ ਹੋ ਗਏ

ਅੰਨ੍ਹੀ ਦੇਸ਼ ਭਗਤੀ 'ਚ ਅੰਨ੍ਹੇ ਹੋ ਗਏ। ਨੰਗ ਤੇ ਮਲੰਗ ਚਾਰੋਂ ਬੰਨੇ ਹੋ ਗਏ। ਨਿੱਤ ਮਹਿੰਗਾਈ ਮੂੰਹਾਂ ਉੱਤੇ ਥੁੱਕਦੀ। ਭੁੱਖ ਤੇ ਗਰੀਬੀ ਛਾਤੀ ਉੱਤੇ ਬੁੱਕਦੀ। ਬਹੁਤੇ ਹੋਗੇ ਕੰਗਾਲ, ਕੁੱਝ ਧੰਨੇ ਹੋ ਗਏ। ਅੰਨ੍ਹੀ ਦੇਸ਼..... ਫਿਰੇ ਬੇਰੁਜ਼ਗਾਰੀ ਵੀ ਮਖੌਲ ਕਰਦੀ। ਨਾਲ ਰਲ ਕੇ ਸਿਆਸਤ ਕਲੋਲ ਕਰਦੀ। ਪੜ੍ਹ-ਪੜ੍ਹ ਕੇ ਕਿਤਾਬਾਂ ਅਸੀਂ ਪੰਨੇ ਹੋ ਗਏ। ਅੰਨ੍ਹੀ ਦੇਸ਼..... ਦੇਸ਼ ਦੀ ਲਕਾਈ ਵੇਖੋ ਝੱਲੀ ਹੋ ਗਈ। ਧਰਮਾਂ ਦੇ ਨਸ਼ੇ ਵਿੱਚ ਟੱਲੀ ਹੋ ਗਈ। ਜਿਵੇ ਅੱਖਰਾਂ ਤੋਂ ਬਿਨਾਂ ਲਗਾਂ-ਕੰਨੇ ਹੋ ਗਏ। ਅੰਨ੍ਹੀ ਦੇਸ਼.....

ਹੱਸ ਹੱਸ ਕੇ ਨੀ ਫਾਂਸੀ ਵਾਲਾ

ਹੱਸ ਹੱਸ ਕੇ ਨੀ ਫਾਂਸੀ ਵਾਲਾ ਰੱਸਾ ਗਲ ਵਿੱਚ ਪਾਇਆ। ਵੀਰ ਸਰਾਭੇ ਨੇ ਦੇਸ਼ ਆਜ਼ਾਦ ਕਰਾਇਆ। ----- ਬਾਰੀ ਬਰਸੀ ਖੱਟਣ ਗਿਆ ਸੀ ਖਟ ਕੇ ਲਿਆਂਦੀ ਸਿਆਹੀ ਵੀਰ ਸਰਾਭੇ ਨੇ ਲਾੜੀ ਮੌਤ ਵਿਆਹੀ। ---- ਆਰੀ ਆਰੀ ਆਰੀ। ਵੀਰ ਸਰਾਭੇ ਨੇ ਲਾ ਲਈ ਮੌਤ ਨਾਲ ਯਾਰੀ। ---- ਦੇਸ਼ ਕੌਮ ਲਈ ਜਾਨ ਵਾਰ ਗਏ ਬਾਬੇ ਸਾਡੇ ਲੜ ਕੇ। ਗੂੰਜਾਂ ਗਦਰ ਦੀਆਂ ਦੇਖ ਜਵਾਨਾਂ ਪੜ੍ਹ ਕੇ। ---- ਭਾਵੇਂ ਨੱਚਿਆ ਕਰੋ ਭਾਵੇਂ ਗਾਇਆ ਕਰੋ ਬਾਤਾਂ ਭਗਤ ਸਰਾਭੇ ਦੀਆਂ ਪਾਇਆ ਕਰੋ। ----- ਭਗਤ ਸਿੰਘ ਨੇ ਅਰਸ਼ਾਂ ਦੇ ਵਿੱਚ ਤਾਰੇ ਵਾਂਗੂ ਚੜ੍ਹਨਾ। ਪਾਪੀਓ ਟਲ ਜਾਉ ਵੇ ਭਗਤ ਸਿੰਘ ਨਹੀਂ ਮਰਨਾ। ---- ਰਾਜਗੁਰੂ ਸੁਖਦੇਵ ਭਗਤ ਸਿੰਘ ਤਿਨੋਂ ਵੀਰ ਪਿਆਰੇ। ਜਿਗਰੇ ਮਾਂਵਾਂ ਨੇ ਦੇਸ਼ ਕੌਮ ਤੋਂ ਵਾਰੇ। ----- ਰਾਜਗੁਰੂ ਸੁਖਦੇਵ ਭਗਤ ਸਿੰਘ ਭਾਰਤ ਮਾਂ ਦਾ ਗਹਿਣਾ। ਰਹਿੰਦੀ ਦੁਨੀਆਂ ਦੇ ਨਾਮ ਵੀਰਾਂ ਦਾ ਰਹਿਣਾ। ---- ਗਦਰੀ ਬਾਬੇ ਜਾਨ ਵਾਰ ਕੇ ਐਸਾ ਬੂਟਾ ਲਾਇਆ। ਲਹੂ ਕ੍ਰਾਂਤੀ ਦਾ ਭਗਤ ਸਿੰਘ ਨੇ ਪਾਇਆ। ----- ਇੰਕਲਾਬ ਦੇ ਨਾਅਰੇ ਲਾਕੇ ਜਾਨ ਦੇਸ਼ ਤੋਂ ਵਾਰੀ। ਸੋਚ ਕ੍ਰਾਂਤੀ ਦੀ ਭਗਤ ਸਿੰਘ ਨੂੰ ਪਿਆਰੀ। ---- ਕਦੇ ਦੋ ਕੁੰਜੀਆਂ। ਕਦੇ ਚਾਰ ਕੁੰਜੀਆਂ। ਊਧਮ ਸਿੰਘ ਦੀਆਂ ਸੱਥਾਂ ਵਿੱਚ ਗੱਲਾਂ ਹੁੰਦੀਆਂ। ---- ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਮੈਨਾ। ਕੁੜੀਓ ਪੜ੍ਹ ਲਾਓ ਨੀ ਵਿਦਿਆ ਸਾਡਾ ਗਹਿਣਾ।

ਭਗਤ ਸਿੰਘ ਤਾਂ ਮਿੱਤਰਾ ਹੈ ਤਲਵਾਰ

ਭਗਤ ਸਿੰਘ ਤਾਂ ਮਿੱਤਰਾ ਹੈ ਤਲਵਾਰ ਵਿਚਾਰਾਂ ਦੀ ਮੈਦਾਨੇ-ਜੰਗ 'ਚ ਸਾਨੂੰ ਇਸਦੀ ਲੋੜ ਹੀ ਰਹਿਣੀ ਹੈ। ਘਰ-ਘਰ ਦੇ ਵਿਚ ਇਨਕਲਾਬ ਦੇ ਨਾਅਰੇ ਗੂੰਜਣਗੇ, ਹੱਕ ਦੇ ਯੁੱਧ ਵਿੱਚ ਭਗਤ ਸਿੰਘ ਦੀ ਟਹੁਰ ਹੀ ਰਹਿਣੀ ਹੈ। ਭਗਤ ਸਿੰਘ..... ਜਦੋਂ ਕਿਸੇ ਨੂੰ ਹੱਕ ਆਪਣੇ ਲਈ ਲੜਨਾ ਪੈਣਾ ਏ। ਸਮਝ ਲਵੋ ਕੇ ਭਗਤ ਸਿੰਘ ਨੂੰ ਪੜ੍ਹਨਾ ਪੈਣਾ ਏ। ਪੜ੍ਹਨ ਲਿਖਦੇ ਸਿੱਖ ਜਾਂਦੇ ਨੇ ਤਰਕ ਦਲੀਲਾਂ ਬਈ, ਭੇਡ-ਚਾਲ ਤੋਂ ਵੱਖ ਉਹਨਾਂ ਦੀ ਤੋਰ ਹੀ ਰਹਿਣੀ ਹੈ ਭਗਤ ਸਿੰਘ.... ਭਗਤ ਸਿੰਘ ਉਹ ਮਾਰਗ ਜੋ ਕੰਮੀਆਂ ਨੂੰ ਤਾਰੇਗਾ। ਭਗਤ ਸਿੰਘ ਉਹ ਚਾਨਣ ਜੋ ਨ੍ਹੇਰਿਆਂ ਨੂੰ ਮਾਰੇਗਾ। ਇਹ ਲੱਕੜਬੱਘੇ ਮੂੰਹ ਦੀ ਖਾ ਕੇ ਤੁਰਦੇ ਰਹਿਣੇ ਨੇ, ਅਰਸ਼ਾਂ-ਦੇ ਸੂਰਜ ਦੀ ਗੱਲ ਤਾਂ ਹੋਰ ਹੀ ਰਹਿਣੀ ਹੈ। ਭਗਤ ਸਿੰਘ.....

ਕਿਉਂ ਢਿੱਡ ਨਹੀਂ ਭਰਦਾ ਤੇਰਾ

ਕਿਉਂ ਢਿੱਡ ਨਹੀਂ ਭਰਦਾ ਤੇਰਾ ਓ ਧਨਵਾਨ ਸਿਆਂ। ਸਭ ਧਰਤੀ-ਅੰਬਰ ਖਾ ਲਿਆ ਤੂੰ ਬੇਈਮਾਨ ਸਿਆਂ। ਤੇਰੇ ਬੱਚੇ ਬੇਸ਼ਕ ਥੱਲੇ ਨੋਟ ਵਿਛਾਉਂਦੇ ਨੇ। ਲੱਖਾਂ ਲੋਕੀਂ ਤੇਰੇ ਕਰਕੇ ਭੁੱਖੇ ਸੌਂਦੇ ਨੇ। ਦੌਲਤ-ਦੌਲਤ ਕਰਦਾ ਫਿਰੇ ਸ਼ੈਤਾਨ ਸਿਆਂ। ਕਿਉਂ...... ਤੇਰੇ ਅੱਗੇ ਕੁਦਰਤ ਵੀ ਮਜਬੂਰ ਹੋਈ। ਮਾਨਵਜਾਤੀ ਲਾਲਚ ਅੱਗੇ ਚੂਰ ਹੋਈ। ਕਿਉਂ ਅੰਨ੍ਹਾ ਹੋਇਆ ਫਿਰਦਾਂ ਏਂ ਅਗਿਆਨ ਸਿਆਂ। ਕਿਉਂ...... ਮੁਨਾਫੇ ਵਾਲਾ ਤਿਲਸਮ ਤੇਰਾ ਤੋੜਨਾਂ ਪੈਣਾ ਏ। ਤਵਾਰੀਖ ਦੇ ਖੂੰਜੇ ਵਿੱਚ ਇਹਨੂੰ ਰੋੜਨਾਂ ਪੈਣਾ ਏ। ਏਕਾ ਕਰਨਾ ਪੈਣਾ ਕਿਰਤੀ-ਕਿਸਾਨ ਸਿਆਂ। ਕਿਉਂ......

ਮਹਿੰਗੇ ਮੁੱਲ ਦੀ ਗੱਡੀ ਹੋਵੇ

ਮਹਿੰਗੇ ਮੁੱਲ ਦੀ ਗੱਡੀ ਹੋਵੇ। ਫੁੱਲ ਸਪੀਡ 'ਤੇ ਛੱਡੀ ਹੋਵੇ। ਨਾਲ ਬੈਠੀ ਇੱਕ ਨੱਢੀ ਹੋਵੇ। ਬੀਅਰ 'ਤੇ ਦੰਦੀ ਵੱਢੀ ਹੋਵੇ। ਘਰਵਾਲੀ ਪੇਕੇ ਛੱਡੀ ਹੋਵੇ। ਫੁੱਟਪਾਥ ਵਿੱਚ ਠੋਕਾਂ,ਤੇ ਜਾਨ ਗਵਾਵਾਂ ਜੀ। ਮੇਰਾ ਵੀ ਦਿਲ ਕਰਦਾ, ਸ਼ਹੀਦ ਹੋ ਜਾਵਾਂ ਜੀ। ਫੁਕਰਪੰਥੀ ਦੇ ਗਾਣੇ ਗਾਵਾਂ ਤਰ੍ਹਾਂ-ਤਰ੍ਹਾਂ ਦਾ ਬਾਣਾ ਪਾਵਾਂ ਭਾਂਤ ਭਾਂਤ ਦਾ ਖਾਣਾ ਖਾਵਾਂ ਦੋ ਸੌ ਕਿਲ੍ਹਾ ਜਮੀਨ ਬਣਾਵਾਂ ਦੁਸ਼ਟਾਂ ਦੇ ਨਾਲ ਯਾਰੀ ਲਾਵਾਂ ਟੁੱਚੇ ਕਾਰੇ ਕਰਦਾ, ਮੈਂ ਗੋਲੀਆਂ ਖਾਵਾਂ ਜੀ। ਮੇਰਾ ਵੀ ਦਿਲ...... ਧਰਮਾਂ ਦਾ ਮੈਂ ਹੋਵਾਂ ਰਾਖਾ। ਹੁੰਦਾ ਹੋਵਾਂ ਲੋਹਾ-ਲਾਖਾ। ਖਾਂਦਾ ਹੋਵਾਂ ਕਾਜੂ-ਦਾਖਾਂ। ਸੂਰੇ ਨੂੰ ਅੱਤਵਾਦੀ ਆਖਾਂ। ਸੈਨਤ ਮਾਰਾਂ ਟੇਢਾ ਝਾਕਾਂ। ਕੁਰਸੀ ਦੇਖਕੇ ਧਰਮ ਨੂੰ, ਮੈਂ ਪਰ੍ਹੇ ਵਗ੍ਹਾਵਾਂ ਜੀ। ਮੇਰਾ ਵੀ ਦਿਲ......

ਪਾਸ਼ ਵੀ ਜੇ ਲਿਖ ਦਿੰਦਾ

ਪਾਸ਼ ਵੀ ਜੇ ਲਿਖ ਦਿੰਦਾ ਫੁਕਰੇ ਜੇ ਗਾਣੇ ਬਜਾਰ ਵਿੱਚ ਉਸਦੀ ਚੜਾਈ ਹੋਣੀ ਸੀ। ਉਦਾਸੀ ਜੇ ਮੁੰਡੀਰ੍ਹ ਨੂੰ ਛਕਾ ਦਿੰਦਾ ਫੂਕਾਂ ਕਿੱਲਾ ਸਵਾ ਸੌ ਜਮੀਨ ਬਣਾਈ ਹੋਣੀ ਸੀ ਜੱਟ ਚੱਕ ਕੇ ਲਿਜਾਂਦਾ ਏ ਸ਼ਰੇਆਮ ਨੀਂ ਜੱਟ ਸਾਨ੍ਹ ਵਰਗਾ ਲਿਆਉਂਦਾ ਨ੍ਹੇਰੀਆਂ। ਜੱਟ ਖੱਬੀ ਖਾਨ ਪੀਂਦਾ ਪਹਿਲੇ ਤੋੜ ਦੀ ਬੋਤਲਾਂ ਬਰਾਂਡੀ ਦੀਆਂ ਅੱਖਾਂ ਤੇਰੀਆਂ। ਗਲੀਆਂ 'ਚ ਦਿਨ ਰਾਤ ਵਜਣੇ ਸੀ ਡੀਜੇ ਹੋਛੀਆਂ ਗੱਲਾਂ ਦੀ ਲੋਰ ਆਈ ਹੋਣੀ ਸੀ। ਪਾਸ਼ ਵੀ ਜੇ...... ਜੱਟ ਕਰਕੇ ਕਤਲ ਪਾਉਂਦਾ ਫੇਸਬੁੱਕ 'ਤੇ ਬਾਂਹ ਦੇਦੂੰ ਥੋਡਾ ਮੈਂ ਪ੍ਰਾਹੁਣਾ ਸਾਲਿਓ। ਕਿਤਾਬ ਦੀ ਥਾਂ ਜੱਟ ਕੋਲ ਗੰਨ ਹੁੰਦੀ ਹੈ ਆਈ ਲਵ ਮਾਈ ਵਿਰਸਾ ਸੰਭਾਲਿਓ। ਨਾਲੇ ਉਹ ਬਣ ਜਾਂਦਾ ਧਰਮ ਹਿਤੈਸ਼ੀ ਫੋਟੋ ਉਹਦੀ ਗੱਡੀ 'ਤੇ ਲਾਈ ਹੋਣੀ ਸੀ। ਪਾਸ਼ ਵੀ ਜੇ...... ਪੰਜ ਤਾਰਾ ਹੋਟਲਾਂ 'ਚ ਚਿੱਲ ਕਰਦਾ ਮਹਿੰਗੇ ਤੇਰੀ ਫੀਸ ਨਾਲੋਂ ਬੂਟ ਜੱਟ ਦੇ ਉੱਠਕੇ ਸਵੇਰੇ ਜੱਟ ਖਾਂਦਾ ਨਾਗਣੀ ਔਡੀ ਥਾਰ ਲਿਮੋਜ਼ੀਨ ਰੂਟ ਜੱਟ ਦੇ। ਦੇਸ਼ ਦੀ ਜਵਾਨੀ ਉਸਤਾਦ ਮੰਨਦੀ ਗਿਣਤੀ ਸਟਾਰਾਂ ਵਿੱਚ ਆਈ ਹੋਣੀ ਸੀ। ਪਾਸ਼ ਵੀ ਜੇ......

ਤੇਰਾ ਨਿਕਲੂ ਜਨਾਜ਼ਾ

ਤੇਰਾ ਨਿਕਲੂ ਜਨਾਜ਼ਾ ਸ਼ਾਨ ਨਾਲ ਬਈ ਜੇ ਤੂੰ ਅਸਲੇ-ਨਸ਼ੇ ਦੇ ਗੀਤ ਗਾਵੇਂਗਾ। ਜਿੰਦ ਵਾਰੇਂਗਾ ਜੇ ਵਤਨ ਪਿਆਰੇ ਲਈ ਇੱਥੇ ਅੱਤਵਾਦੀ ਮਿੱਤਰਾ ਕਹਾਵੇਂਗਾ। ਬੜੀ ਹੋਸਟਲ ਵਿੱਚ ਦਾਰੂ ਪੀਤੀ ਐ ਛੋਟੀ ਉਮਰ ਦੇ ਵਿੱਚ ਮੱਲਾਂ ਮਾਰੀਆਂ। ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ ਜੱਟ ਦੀਆਂ ਭੈੜੀਆਂ ਗਰਾਰੀਆਂ। ਬਾਜ਼ਾਰਵਾਦ ਦੀ ਡਿਮਾਂਡ ਉੱਤੇ ਨੱਚੇਂਗਾ ਹਵਾ ਜੱਟਾਂ ਦੀ ਮੁੰਡੀਰ ਨੂੰ ਛਕਾਵੇਂਗਾ। ਤੇਰਾ ਨਿਕਲੂ ਜਨਾਜ਼ਾ..... ਜੱਟ ਚੁੱਕ ਕੇ ਲੈ ਜਾਂਦਾ ਬਜ਼ਾਰ ਚੋਂ ਜੱਟ ਡੱਬ ਵਿੱਚ ਰੱਖਦਾ ਏ ਗੰਨ ਨੀ। ਜੱਟ ਦੁਨੀਆਂ ਨੂੰ ਜੁੱਤੀ ਥੱਲੇ ਰੱਖਦਾ ਖੱਬੀ ਸੀਟ 'ਤੇ ਦਮੂਹੀਂ ਰੱਖੇ ਰੰਨ ਨੀਂ। ਗੈਂਗਵਾਰ ਵਿੱਚ ਗੋਲੀਆਂ ਨਾ ਮਰੇਂਗਾ ਫਿਰ ਮਿੱਤਰਾ ਸ਼ਹੀਦ ਬਣ ਜਾਏਂਗਾ। ਤੇਰਾ ਨਿਕਲੂ ਜਨਾਜ਼ਾ.... 'ਕੁਲਦੀਪ' ਤੇਰੇ ਨਾਨਕੇ ਗਰੀਬ ਨੇ ਉਹਦੇ ਨਾਨੇ ਦੀ ਡਾਇਰ ਨਾਲ ਯਾਰੀ ਐ। ਤੇਰੇ ਦਾਦੇ ਨੇ ਹਵਾਲਤਾਂ ਕੱਟੀਆਂ ਉਹਦੇ ਖੂਨ ਵਿੱਚ ਭਰੀ ਹੋਈ ਗਦਾਰੀ ਐ। ਉਹ ਤਾਂ ਲਾਸ਼ਾਂ ਤੇ ਰੋਟੀਆਂ ਨੇ ਸੇਕਦੇ ਤੂੰ ਰੋਟੀਆਂ ਲਈ ਲਾਸ਼ ਬਣ ਜਾਵੇਂਗਾ। ਤੇਰਾ ਨਿਕਲੂ ਜਨਾਜ਼ਾ.....

ਘਰ-ਘਰ ਵੈਣ ਪੈਣ ਲੱਗ ਪਏ

ਘਰ-ਘਰ ਵੈਣ ਪੈਣ ਲੱਗ ਪਏ ਧੀਆਂ-ਭੈਣਾਂ ਹੋ ਗਈਆਂ ਨੇ ਬੁੱਚੀਆਂ ਚੁੱਲ੍ਹਿਆਂ ਦੇ ਵਿੱਚ ਅੱਗ ਬੁੱਝ ਗਈ ਸਿਵਿਆਂ ਦੇ ਵਿੱਚ ਲਾਟਾਂ ਉੱਚੀਆਂ ਗੈਂਗਵਾਰ ਗੁੰਡਾਟੱਚ ਆ ਗਿਆ ਪੰਜਾਬ ਦੀ ਜਵਾਨੀ ਮਾਰੇ ਥਾਪੀਆਂ ਅਸਲੇ ਦੇ ਹੋ ਗਏ ਨੇ ਸ਼ੁਕੀਨ ਬਈ ਭੁੱਲ ਗਏ ਕਿਤਾਬਾਂ ਅਤੇ ਕਾਪੀਆਂ ਰੱਖਦੇ ਨੇ ਲਾਂਬੂ ਉਹ ਬਾਲਕੇ ਲਾਸ਼ਾਂ ਵਿੱਚ ਜਿੰਨ੍ਹਾਂ ਦੀਆਂ ਰੁਚੀਆਂ ਗੱਡੀ ਉੱਤੇ ਫੋਟੋ ਹੈ ਸ਼ਹੀਦਾਂ ਦੀ ਉਹ ਵੀ ਦਿੰਦੇ ਮੁੱਛਾਂ ਨੂੰ ਵੱਟ ਬਈ ਜਿੱਥੇ ਹੈ ਪਬੰਧੀ ਹਥਿਆਰ ਦੀ ਉੱਥੇ ਜਾਕੇ ਫਾਇਰ ਕਰੇ ਜੱਟ ਬਈ ਲਾਸ਼ਾਂ ਵਾਲਾ ਖੂਹ ਬਣ ਜਾਣੀਆਂ ਮਾਰਦੇ ਜੋ ਅੱਜ-ਕੱਲ੍ਹ ਟੁੱਚੀਆਂ ਹੋਸਟਲ ਵਿੱਚ ਦਾਰੂ ਪੀਣੀ ਐ ਤੈਨੂੰ ਅੱਥਰੀ ਜਵਾਨੀ ਗਈ ਚੜ੍ਹ ਨੀਂ ਜੇ ਅੜੀਆਂ ਕਰੇਂਗੀ ਲੈਜੂੰ ਖਿੱਚਕੇ ਚੌਥਾ ਪੈਗ ਲਾਕੇ ਬਾਂਹ ਫੜਨੀ ਬਾਜ਼ਾਰਵਾਦ ਫੁਕਰੀਆਂ ਵੇਚਦਾ ਖੁੱਡੇ ਲਾਈਨ ਕਲਮਾਂ ਨੇ ਸੁੱਚੀਆਂ

ਸੋਚਾਂ ਦੀਆਂ ਤਿੱਖੀਆਂ ਕਰਲੋ

ਸੋਚਾਂ ਦੀਆਂ ਤਿੱਖੀਆਂ ਕਰਲੋ ਮਿੱਤਰੋ ਹੁਣ ਤਲਵਾਰਾਂ ਨੂੰ ਸਬਕ ਸਿਖਾਉਣਾਂ ਪੈਣਾਂ ਏ ਜਾਲਮ ਸਰਕਾਰਾਂ ਨੂੰ। ਬਿਨਾਂ ਤਰਕ-ਦਲੀਲਾਂ ਕਦੇ ਵੀ ਲੜਿਆ ਨਹੀਂ ਜਾਂਦਾ ਮੈਦਾਨੇ ਜੰਗ ਵਿਚਾਰਾਂ ਦੀ ਵਿੱਚ ਅੜਿਆ ਨਹੀਂ ਜਾਂਦਾ ਕਾਗਜ ਉੱਤੇ ਵਹੁਣਾ ਸਿੱਖ ਲਓ ਕਲਮ-ਕਟਾਰਾਂ ਨੂੰ। ਲੋਕ-ਏਕਤਾ ਵਾਲੇ ਫੜ ਲਓ ਹੱਥਾਂ 'ਚ ਝੰਡੇ ਬਈ ਧਰਮਾਂ ਜਾਤਾਂ ਵਾਲੇ ਪਾਸੇ ਰੱਖ ਦਿਓ ਡੰਡੇ ਬਈ ਏਕਤਾ ਹੀ ਠੱਲ੍ਹ ਸਕਦੀ ਹੈ ਇਹਨਾਂ ਲੋਕ-ਗਦਾਰਾਂ ਨੂੰ ਤਾਸ਼ ਦੇ ਪੱਤਿਆਂ ਵਾਂਗੂੰ ਸੁੱਟਤਾ ਤਖਤਾਂ-ਤਾਜਾਂ ਨੂੰ ਚਿੜੀਆਂ ਨੇ ਕਈ ਵਾਰੀ ਢਾਹਿਆ ਕਾਵਾਂ-ਬਾਜ਼ਾਂ ਨੂੰ। ਜਿੱਤਾਂ ਦੇ ਵਿੱਚ ਬਦਲਿਆ ਕਈ-ਕਈ ਵਾਰੀ ਹਾਰਾਂ ਨੂੰ

ਗੋਦੀ ਦੇ ਮੋਢੇ ਰੱਖ ਕੇ

ਗੋਦੀ ਦੇ ਮੋਢੇ ਰੱਖ ਕੇ ਜੀਓ ਦੇਸ਼ ਲੁੱਟਣ ਨੂੰ ਫਿਰਦਾ ਲੋਕਾਂ ਵਿੱਚ ਹੋ ਗਈ ਏਕਤਾ ਫੁੱਟ ਪਾਉਣੇ ਨੂੰ ਨੀਂਦ ਨਾ ਆਈ ਕਿਸਾਨਾਂ ਨੂੰ ਭਾਅ ਨ ਮਿਲੇ ਵਪਾਰੀ ਨੋਟਬੰਦੀ ਨੇ ਨੰਗ ਕਰਤੇ ਮਾਲਾ ਫੇਰੇ ਗਾਂਧੀ ਦੀ ਕਛਹਿਰਾ ਗੋਡਸੇ ਰੰਗ ਦਾ ਪਾਇਆ ਧਰਮਾਂ ਦੀ ਅੱਗ ਬਾਲ ਕੇ ਚੰਦਰਾ ਵੋਟਾਂ ਦੀਆਂ ਰੋਟੀਆਂ ਪਕਾਉਂਦਾ ਦੇਸ਼ ਦੀ ਤਰੱਕੀ ਹੋ ਗਈ ਠੇਕੇ ਖੁਲ੍ਹ ਗਏ ਸਕੂਲ ਬੰਦ ਕਰਤੇ ਨੌਕਰੀ ਦੀ ਉਮਰ ਗਈ ਪੜ੍ਹਾਕੂ ਡਿਗਰੀਆਂ ਦੇਖ-ਦੇਖ ਰੋਇਆ ਪੜ੍ਹ ਕੇ ਜਵਾਨੀ ਦੇਸ਼ ਦੀ ਅਨਪੜ੍ਹ ਮੰਤਰੀ ਦੇ ਅੱਗੇ ਹੱਥ ਜੋੜੇ ਕਿਰਤੀ ਦੀ ਚੋਵੇ ਛੱਪਰੀ ਘਰ ਰੱਬ ਦਾ ਸੋਨੇ ਦੇ ਨਾਲ ਲਿੱਪਿਆ ਰੱਬ ਨੂੰ ਜੰਗਾਲ ਪੈ ਗਈ ਸਾਡੇ ਘੁਣ ਧਰਮਾਂ ਨੂੰ ਲੱਗਿਆ

ਭਗਤ ਸਿੰਘ ਸਾਡਾ ਭਗਤ ਨਹੀਂ ਸੀ

ਭਗਤ ਸਿੰਘ ਸਾਡਾ ਭਗਤ ਨਹੀਂ ਸੀ ਤਰਕ ਸੀ ਉਹਦੇ ਕੋਲੇ ਕਲਮ ਬੰਦੂਕਾਂ ਵਾਂਗ ਚਲਾਈ ਲੋਟੂਆਂ ਦੇ ਪੱਜ ਖੋਲ੍ਹੇ ਨਾਲ ਮੌਤ ਦੇ ਮਸ਼ਕਰੀ ਕੀਤੀ ਰੱਤੀ ਭਰ ਨਾ ਡੋਲੇ ਸਭਾ ਵਿੱਚ ਬੰਬ ਸੁੱਟਕੇ ਬੋਲਿਆਂ ਦੇ ਕੰਨ ਖੋਲ੍ਹੇ। ਨਾ ਭਗਤ ਸਿੰਘ ਦੇ ਮੁੱਛਾਂ ਕੁੰਢੀਆਂ ਨਾ ਹੀ ਵੱਟ ਚੜਾਏ ਨਾ ਟਰੈਕਟਰ ਤੇ ਬੂਫਰ ਲਾਇਆ ਨਾ ਪਟਾਕੇ ਬੋਲਟ ਦੇ ਪਾਏ ਨ ਭਗਤ ਸਿੰਘ ਨੇ ਫੁਕਰੀ ਮਾਰੀ ਨਾ ਚੱਕਵੇਂ ਗਾਣੇ ਗਾਏ ਕ੍ਰਾਂਤੀਕਾਰੀ ਦੁਨੀਆਂ ਦਾ ਉਹਨੇ ਕੱਲ੍ਹਾ-ਕੱਲ੍ਹਾ ਪੜਿਆ ਜੰਗ ਵਿਚਾਰਾਂ ਦੀ ਵਿਚਾਰਾਂ ਦੇ ਨਾਲ ਲੜਿਆ ਪੱਗ ਤੇਰੀ ਹੈ ਭਗਤ ਸਿੰਘ ਦੀ ਪਰ ਸੋਚ ਹਾਲੇ ਤੇਰੀ ਨਿੱਕੀ ਭਗਤ ਸਿੰਘ ਵਾਂਗ ਕਿਤਾਬਾਂ ਪੜ੍ਹ ਕੇ ਸੋਚ ਨੂੰ ਕਰ ਲੈ ਤਿੱਖੀ ਭਗਤ ਸਿੰਘ ਕੋਈ ਫੈਸ਼ਨ ਨਹੀਂ ਸੀ ਨਾ ਪਗੜੀ ਨਾ ਟੋਪ ਭਗਤ ਸਿੰਘ ਸੀ ਮਿੱਤਰਾ ਇਨਕਲਾਬ ਦੀ ਸੋਚ ਭਗਤ ਸਿੰਘ ਸਾਨੂੰ ਅੱਜ ਵੀ ਮਿਲਜੂ ਲਾਇਬਰੇਰੀ ਜਾਂ ਧਰਨੇ ਪੀੜਤ ਧਿਰ ਦੇ ਨਾਲ ਖੜੋਂਦਾ ਹੱਕਾਂ ਲਈ ਜਾਂਦਾ ਲੜਨੇ ਕ੍ਰਾਂਤੀਕਾਰੀ ਗੀਤ ਗਾਉਂਦਾ ਤੇ ਲੋਕਾਂ ਨੂੰ ਲਾਉਂਦਾ ਪੜ੍ਹਨੇ ਭਗਤ ਸਿੰਘ ਤਾਂ ਅੱਜ ਵੀ ਮਿੱਤਰਾ ਜ਼ੁਲਮਾਂ ਦੇ ਨਾਲ ਖਹਿੰਦਾ ਡਾਂਗਾਂ ਪੁਲਸ ਦੀਆਂ ਮੌਰਾਂ ਉੱਤੇ ਸਹਿੰਦਾ ਨਾ ਤਾਂ ਗੋਰੇ ਖੰਘੇ ਸੀ ਨਾ ਸੂਲੀ ਉੱਤੇ ਟੰਗੇ ਸੀ ਬਸਤੀਵਾਦ ਸੀ ਲੁੱਟ ਕਰੇਂਦਾ ਕਿਰਤੀਆਂ ਨੇ ਹੱਕ ਮੰਗੇ ਸੀ ਨਾ ਭਗਤ ਸਿੰਘ ਕਾਤਲ ਸੀ ਨ ਕਤਲ ਹੋਣਾ ਚਾਹੁੰਦਾ ਸੀ ਉਹ ਤਾਂ ਵਰਗ ਕਮੇਰੇ ਦਾ ਰਾਜ ਲਿਆਉਣਾ ਚਾਹੁੰਦਾ ਸੀ ਵਿਚਾਰਾਂ ਵਿੱਚ ਕ੍ਰਾਂਤੀ ਕਲਮਾਂ ਵਿੱਚ ਉਸਦੇ ਸਿਆਹੀ ਸੀ ਭਗਤ ਸਿੰਘ ਤਾਂ ਮਿੱਤਰਾ ਇਨਕਲਾਬ ਦਾ ਰਾਹੀ ਸੀ

ਧਰਮ ਤਾਂ ਇੱਕ ਦੁਕਾਨ ਹੈ

ਧਰਮ ਤਾਂ ਇੱਕ ਦੁਕਾਨ ਹੈ। ਮਹਿੰਗਾ ਇਹਦਾ ਸਮਾਨ ਹੈ। ਵੇਖਣ ਨੂੰ ਲਗਦਾ ਸਸਤਾ ਹੈ। ਕਰ ਦਿੰਦਾ ਹਾਲਤ ਖਸਤਾ ਹੈ। ਬੰਦੇ ਨੂੰ ਬੌਣਾ ਬਣਾ ਦੇਵੇ। ਉਹਨੂੰ ਚਰਨਾਂ ਵਿੱਚ ਝੁਕਾ ਦੇਵੇ। ਫਿਰ ਭੇਸ ਬਣਾਉਂਦਾ ਵੱਖਰਾ ਹੈ। ਪਰ ਹੁੰਦਾ ਬਲੀ ਦਾ ਬਕਰਾ ਹੈ। ਸਮਝਦਾ ਬੜਾ ਮਹਾਨ ਹੈ। ਧਰਮ ਤਾਂ ਇੱਕ ਦੁਕਾਨ ਹੈ। ਇਹਨੂੰ ਸੱਤਾ ਕਰਦੀ ਛਾਂ ਹੈ। ਅਧਿਆਤਮ ਇਸਦੀ ਮਾਂ ਹੈ। 'ਕਚਰਾ' ਇਹਦੀ ਖੁਰਾਕ ਨੇ। ਸਰਕਾਰਾਂ ਇਸਦੀਆਂ ਬਾਪ ਨੇ। ਜਿੰਨ੍ਹੇ ਵੀ ਧਰਮ-ਸਥਾਨ ਨੇ। ਸਾਰੇ ਹੀ ਇਹਦੀ ਸੰਤਾਨ ਨੇ। ਗਰੀਬੀ ਇਹਦਾ ਥੰਮ ਹੈ। ਕਾਮਿਆਂ ਦਾ ਪੁੱਟਦਾ ਚੰਮ ਹੈ। ਫਿਰ ਲੁੱਟ 'ਚੋਂ ਕਰਦਾ ਦਾਨ ਹੈ। ਧਰਮ ਤਾਂ ਇੱਕ ਦੁਕਾਨ ਹੈ। ਬੰਦੇ ਨੂੰ ਚਿੰਬੜੀ ਜੋਕ ਹੈ। ਚਿੰਤਨ ਤੇ ਲੱਗੀ ਰੋਕ ਹੈ। ਮੱਕੜੀ ਦਾ ਬੁਣਿਆ ਜਾਲ਼ਾ ਹੈ। ਅਕਲਾਂ ਨੂੰ ਲੱਗਿਆ ਤਾਲ਼ਾ ਹੈ। ਇਹ ਚਿੱਕੜ ਹੈ ਇਹ ਗਾਰਾ ਹੈ। ਇਹ ਡੁੱਬਿਆ ਹੋਇਆ ਤਾਰਾ ਹੈ। ਇਹ ਮਾਫੀਆ ਹੈ ਇਹ ਡਾੱਨ ਹੈ। ਧਰਮ ਤਾਂ ਇੱਕ ਦੁਕਾਨ ਹੈ।

ਜ਼ੁਲਮਾਂ ਦੇ ਗੀਤ ਧੁੰਨ ਪੀੜਾਂ ਦੀ

ਜ਼ੁਲਮਾਂ ਦੇ ਗੀਤ ਧੁੰਨ ਪੀੜਾਂ ਦੀ ਰੰਗ ਜਾਲਮਾਂ ਦਾ ਉੱਡੇ ਲੋਕ ਨੱਚਦੇ। ਵੇਦੀ ਤਾਕਤਾਂ ਦੀ ਖੂਨ ਜਦੋਂ ਮੰਗਦੀ ਇੱਕ ਦੂਜੇ ਤੋਂ ਮੂਹਰੇ ਸਿਰ ਰੱਖਦੇ। ਰੱਸਾ ਫਾਂਸੀ ਦਾ ਲੱਗਦਾ ਏ ਮੰਗਣੀ ਮੌਤ ਲਗਦੀ ਏ ਚੜ੍ਹਨਾਂ ਬਰਾਤ ਜੀ, ਬੱਸ ਆਖਰੀ ਪੰਨੇ ਤਾਂ ਪੜ੍ਹ ਲੈਣ ਦੇ ਜਿਹੜੇ ਜੇਲ੍ਹਰਾ ਕਿਤਾਬ ਵਿੱਚ ਬਚਦੇ। ਜੇਲ੍ਹਾਂ ਬਣ ਜਾਣ ਲਾਇਬਰੇਰੀਆਂ ਫਿਰ ਕਲਮਾਂ ਦੇ ਹੁੰਦੇ ਹਥਿਆਰ ਜੀ, ਵਿਚਾਰਾਂ 'ਚ ਤਰਕ ਜਦੋਂ ਗੂੰਜਦਾ ਫਿਰ ਜਾਲਮਾਂ ਦੇ ਕਿਲ੍ਹੇ ਨਹੀਂ ਬੱਚਦੇ। ਦੁੱਖਾਂ ਨੂੰ ਜੋ ਕਰੇ ਸਵੀਕਾਰ ਬਈ ਉਹੀ ਲੜਦੇ ਨੇ ਜੰਗ ਦੇ ਮੈਦਾਨ 'ਚ, ਪੂਰੀ ਸੰਕਟਾਂ 'ਚ ਹੁੰਦੀ ਹੈ ਸੰਭਾਵਨਾਂ ਲੋਕ-ਮਸਲੇ ਲੋਕਾਂ 'ਚ ਹੋਣ ਭਖਦੇ।

ਵਾਟਰ ਕੈਨਨ ਤੇ ਬੁਲਡੋਜ਼ਰ

ਵਾਟਰ ਕੈਨਨ ਤੇ ਬੁਲਡੋਜ਼ਰ ਹੁਣ ਸਾਡੇ 'ਤੇ ਆ ਗਏ। ਧਰਮ ਦਾ ਚੋਲਾ ਪਾਕੇ ਪਾਪੀ ਆਪਣੇ ਨਹੁੰ ਵਧਾ ਗਏ। ਧੰਨਿਆ ਨੂੰ ਤਾਂ ਗੱਫੇ ਮਿਲਦੇ ਮਿਹਨਤਕਸ਼ ਨੂੰ ਡਾਂਗਾਂ ਪਹਿਲਾਂ ਸਾਡੀ ਪੈਂਸ਼ਨ ਖਾਧੀ ਹੁਣ ਰੁਜ਼ਗਾਰ ਵੀ ਖਾ ਗਏ। ਲੋਕਾਂ ਨੇ ਜਦ ਰੋਟੀ ਮੰਗੀ ਧਰਮ ਨੂੰ ਹੋ ਗਿਆ ਖਤਰਾ ਸਾਂਝ ਦੇ ਖੇਤਾਂ ਉੱਤੇ ਬੱਦਲ ਨਫਰਤ ਵਾਲੇ ਛਾ ਗਏ। ਕੱਟੜਪੰਥੀ ਯਾਰ ਸੱਤਾ ਦੇ ਮਿੱਤ ਨ ਕਿਸੇ ਦੇ ਹੋਏ ਫੁੱਲਾਂ ਦੇ ਇਹ ਰਾਖੇ ਬਣਕੇ ਰੁੱਖ ਨੂੰ ਜੜੋਂ ਮੁਕਾ ਗਏ। ਮੂਰਖਤਾ ਸੜਕਾਂ 'ਤੇ ਨੱਚਦੀ ਸੋਝੀ ਲੁੱਕਦੀ ਫਿਰਦੀ ਤਰਕ ਦਲੀਲ ਵਿਵੇਕ ਸੋਚ ਨੂੰ ਡੰਡੇ ਆ ਧਮਕਾ ਗਏ। ਹਰ ਵਾਰੀ ਵੋਟਾਂ ਦੀ ਰੁੱਤੇ ਫਸਲ ਖੂਨ ਦੀ ਬੀਜੀ ਦੇ ਕੇ ਬਲੀ ਮਨੁੱਖਤਾ ਦੀ ਨ੍ਹੇਰੇ ਜੜਾਂ ਜਮਾ ਗਏ।

ਪੰਜਾਬੀਓ ਪੰਜਾਬੀ ਨਾਲ ਧੋਖਾ ਨ ਕਮਾਇਓ

ਪੰਜਾਬੀਓ ਪੰਜਾਬੀ ਨਾਲ ਧੋਖਾ ਨ ਕਮਾਇਓ। ਮਾਂ ਬੋਲੀ ਆਪਣੀ ਪੰਜਾਬੀ ਹੀ ਲਿਖਾਇਓ। ਮਾਂ ਬੋਲੀ ਬੋਲੜਾ ਹੀ ਦਿਲ ਲੁੱਟਦਾ। ਬੋਲਦਾ ਵਿਦੇਸ਼ੀ ਲੱਗੇ ਗਲ਼ ਘੁੱਟਦਾ। ਰੂਹਾਂ ਵਾਲਾ ਗੀਤ ਬੋਲੀ ਆਪਣੀ 'ਚ ਗਾਇਓ। ਬੋਲੀ ਅਤੇ ਪਾਣੀ ਤੇ ਲਕੀਰ ਨਹੀਂਓ ਹੁੰਦੀ। ਮਾਂ ਬੋਲੀ ਕਿਸੇ ਦੀ ਜੰਗੀਰ ਨਹੀਂਓ ਹੁੰਦੀ। ਵੰਡ ਪਾਉਣੇ ਲੋਕਾਂ ਦੀਆਂ ਗੱਲਾਂ ਚ 'ਨ ਆਇਓ। ਦੁਨੀਆਂ ਦੇ ਦੇਸ਼ ਉਹੀ ਕਰ ਗਏ ਤਰੱਕੀ। ਮਾਂ ਬੋਲੀ ਨਾਲ ਜਿਹਨਾਂ ਸਾਂਝ ਪਾਕੇ ਰੱਖੀ। ਮੰਡੀ ਦੀ ਚਮਕ ਵਿੱਚ ਜੜ੍ਹਾਂ ਨ ਗਵਾਇਓ। ਟਾਹਣੀਆਂ ਤੋਂ ਟੁੱਟੇ ਕੁਮਲਾ ਜਾਂਦੇ ਨੇ। ਹੌਲ਼ੀ-ਹੌਲ਼ੀ ਖੁਸ਼ਬੂ ਗਵਾ ਜਾਂਦੇ ਨੇ। ਭੁੱਲਗੇ ਜੋ ਰਾਹ ਮੋੜ ਉਹਨਾਂ ਨੂੰ ਲਿਆਇਓ। ਵਿਰਾਸਤ ਦਾ ਸਾਡੇ 'ਤੇ ਉਧਾਰ ਹੁੰਦਾ ਏ। ਕਿੱਥੇ ਰਹਿਮਤਾਂ ਦਾ ਕਰਜ ਉਤਾਰ ਹੁੰਦਾ ਏ। ਡਾਲਰ ਕਮਾਉਣ ਗਏ ਲੁੱਟੇ ਹੀ ਨਾ ਜਾਇਓ।

ਬਚ ਵੀ ਗਈ ਤੇ ਬੇਟੀ ਪੜ੍ਹ ਵੀ ਗਈ

ਬਚ ਵੀ ਗਈ ਤੇ ਬੇਟੀ ਪੜ੍ਹ ਵੀ ਗਈ ਹੁਣ ਸੜਕਾਂ 'ਤੇ ਬੈਠੀ ਇਨਸਾਫ ਮੰਗਦੀ। ਕਿੱਥੇ ਗਏ ਓ ਬੇਟੀਆਂ ਬਚਾਉਣ ਵਾਲਿਓ ਹੁਣ ਥੋਡੀ ਜੀਭ ਹੋ ਗਈ ਕਾਲੇ ਰੰਗ ਦੀ। ਕਈਆਂ ਨੂੰ ਲੱਗੇ ਲੋਥੜਾ ਏ ਮਾਸ ਦਾ ਜਦੋਂ ਕਦੇ ਬੇਟੀਆਂ ਜਵਾਨ ਹੁੰਦੀਆਂ ਗੁੰਡੇ ਤੇ ਮਵਾਲੀ ਇੱਥੇ ਰਾਜ ਕਰਦੇ ਪੈਰ-ਪੈਰ ਉੱਤੇ ਅਪਮਾਨ ਹੁੰਦੀਆਂ। ਰਾਹਾਂ ਵਿੱਚ ਕੰਡੇ ਮੰਜ਼ਿਲਾ ਨੇ ਔਖੀਆਂ ਤਿਲਕਣੇ ਮੋੜ ਬੋਚ-ਬੋਚ ਲੰਘਦੀ। ਗਾਉਣ ਵਾਲੇ ਕੁੜੀਆਂ ਨੂੰ ਬੰਬ ਆਖਦੇ ਕੋਈ ਆਖੇ ਨਾਗਣ ਕੋਈ ਮਾਲ ਆਖਦਾ। ਹਰ ਕੋਈ ਫਿਰਦਾ ਏ ਦਾਅ ਲਾਉਣ ਨੂੰ ਕੋਈ ਆਖੇ ਹੌਟ ਕੋਈ ਕਮਾਲ ਆਖਦਾ। ਇੱਜਤਾਂ ਦਾ ਡਰ, ਧੀਆਂ ਦੜ ਵੱਟ ਲਈ ਕੀਤੀ ਨ ਸ਼ਿਕਾਇਤ ਟੁੱਟ ਗਈ ਵੰਗ ਦੀ। ਧੀਆਂ ਨੇ ਮੈਦਾਨ ਇੱਥੇ ਕਈ ਜਿੱਤ ਲਏ ਰਸਮਾਂ ਦੇ ਅੱਗੇ ਕਈ ਵਾਰੀ ਹਾਰੀਆਂ। ਮਾਵਾਂ ਦੀਆਂ ਕੁੱਖਾਂ ਵਿਚੋਂ ਬਚ ਆਈਆਂ ਜੋ ਜਿਉਂਦੀਆਂ ਤੰਦੂਰਾਂ ਵਿਚ ਗਈਆਂ ਸਾੜੀਆਂ। ਬੀਤ ਗਿਆ ਯੁੱਗ, ਜ਼ੁਲਮਾਂ ਨੂੰ ਸਹਿੰਦਿਆ ਧੀਆਂ ਨੂੰ ਲੋੜ ਹੈ ਐਲਾਨੇ ਜੰਗ ਦੀ।

ਰੱਬ ਹੋ ਗਿਆ ਪਾਗਲ ਲੋਕੋ

ਰੱਬ ਹੋ ਗਿਆ ਪਾਗਲ ਲੋਕੋ ਭੁੱਖਾ ਸਿਮਰਨ ਦਾ ਸਾਰਾ ਦਿਨ ਹੀ ਕਹਿੰਦਾ ਮੇਰਾ ਨਾਮ ਧਿਆਉਂਦੇ ਰਹੋ। ਲੋਕੀਂ ਭੁੱਖੇ-ਨੰਗੇ ਫਿਰਦੇ ਸੌਂਦੇ ਸੜਕਾਂ 'ਤੇ ਪਾਕੇ ਰੋਜ ਪੁਸ਼ਾਕਾਂ ਇਹਨੂੰ ਦੁੱਧ ਚੜ੍ਹਾਉਂਦੇ ਰਹੋ। ਕਹਿੰਦੇ ਬੰਦੇ ਅੰਦਰ ਬੈਠਾ ਦਿਖਦਾ ਕਾਹਤੋਂ ਨਹੀਂ ਐਕਸਰੇ ਤੇ ਸਿਟੀ ਸਕੈਨ ਵੀ ਕਰ ਲਏ ਸਾਰੇ ਜੀ। ਸਭ ਲੁੱਚੇ-ਲੰਡੇ ਲੋਫਰ ਇਹਦੇ ਡੀਲਰ ਬਣਦੇ ਨੇ ਕਿਉਂ ਸਿੱਧੇ-ਸਾਧੇ ਲੋਕੀਂ ਇੱਥੇ ਰੁਲਣ ਵਿਚਾਰੇ ਜੀ। ਸ਼ਰਧਾ ਦੇ ਵਿਚ ਉਲੂ ਤੇ ਸ਼ਰਧਾਲੂ ਬਣ ਜਾਓ ਜੀ ਅੰਨ੍ਹੇ ਗੂੰਗੇ ਬੋਲੇ ਅੱਗੇ ਦੁੱਖ ਸੁਣਾਉਂਦੇ ਰਹੋ। ਕਿਰਤੀ ਤੇ ਕਾਮਿਆਂ ਦਾ ਮੁਢੋਂ ਵੈਰੀ ਇਹ ਲੋਟੂਆਂ ਬਿਨਾਂ ਲਾਇਸੰਸੋਂ ਇਹਦੀ ਖੋਲ੍ਹੀ ਹੱਟੀ ਜੀ। ਮਾਲਾ ਫੇਰਨੀ ਛੱਡ ਦਿੱਤੀ ਬਈ ਜਿਹਨਾਂ ਲੋਕਾਂ ਨੇ ਜਾਕੇ ਦੇਖੋ ਉਹਨਾਂ ਦੇਸ਼ਾਂ ਕਰੀ ਤਰੱਕੀ ਜੀ। ਲੋੜ ਪੈਣ'ਤੇ ਕਦੇ ਵੀ ਸਾਡੇ ਕੰਮ ਨ ਆਉਂਦਾ ਏ ਫੇਰ ਵੀ ਕਰੋ ਤਰੀਫਾਂ ਨਾਲੇ ਨੱਕ ਘਸਾਉਂਦੇ ਰਹੋ।

ਇੱਕ ਦੇਸ਼ ਬਣਾਇਆ ਨਵਾਂ ਬੰਗਲਾ

ਇੱਕ ਦੇਸ਼ ਬਣਾਇਆ ਨਵਾਂ ਬੰਗਲਾ ਉਥੇ ਲੋਟੂਆਂ ਦੇ ਹੋਣਗੇ ਨਜ਼ਾਰੇ ਜੀ। ਲੋਕਰਾਜ ਦਾ ਕਤਲ ਜਿਹੜੇ ਕਰਦੇ ਦੇ ਕੇ ਕੁਰਸੀਆਂ ਜਾਣਗੇ ਸ਼ਿੰਗਾਰੇ ਜੀ। ਗੇਟ ਪਾਸ ਉਸੇ ਦਾ ਹੀ ਬਣਨਾ ਹੋਵੇ ਗੁੰਡਾ ਬਦਮਾਸ਼ ਜਾਂ ਮਵਾਲੀ ਜੀ। ਹੋਵੇ ਸ਼ਹਿਰ ਵਿਚ ਨਫਰਤਾਂ ਬੀਜਦਾ ਜਾਂ ਬਲਾਤਕਾਰੀ ਸਾਧ ਦਾ ਭਿਆਲੀ ਜੀ। ਧੀਆਂ-ਧਿਆਣੀਆਂ ਦੀ ਪੱਤ ਨਾਲ ਖੇਡਦੇ ਉੱਥੇ ਬੈਠਣਗੇ ਮੱਲ ਕੇ ਚੁਬਾਰੇ ਜੀ। ਦੈਂਤ ਰੋਕੜਾਂ ਦਾ ਕਰੂ ਮਨ ਆਈਆਂ ਸਾਡੇ ਮੁੜ੍ਹਕੇ ਦੀ ਹੋਣੀ ਕੀ ਔਕਾਤ ਜੀ। ਝੁੰਡ ਬਾਜਾਂ ਦੇ ਦਰਦ ਵੰਡਾਉਣਗੇ ਮੌਤ ਚਿੜੀਆਂ ਦੀ ਬਣੂਗੀ ਮਜਾਕ ਜੀ। ਸਭ ਸਹਿਮਤੀ 'ਚ ਤਾੜੀਆਂ ਵਜਾਉਣਗੇ ਦੇਣੇ ਧੰਨਿਆਂ ਨੂੰ ਗੱਫੇ ਭਾਰੇ ਭਾਰੇ ਜੀ। ਜਿਹੜਾ ਬੋਲੇਗਾ ਧੌਣ ਵੱਢੀ ਜਾਵੇਗੀ ਜਿਹੜਾ ਚੀਕੇਗਾ ਹੋਵੇਗਾ ਗਦਾਰ ਜੀ। ਨੰਗੇ ਰਾਜੇ ਨੂੰ ਵਾਹ-ਵਾਹ ਕਹਿਣਗੇ ਸਾਰੇ ਕੌਲੀ ਚੱਟ ਹੋਣੇ ਵਫ਼ਾਦਾਰ ਜੀ। ਉਥੇ ਵਿਹਲੜਾਂ ਦੇ ਢਿੱਡ ਭਰੇ ਜਾਣਗੇ ਹਿੱਸੇ ਕਾਮਿਆਂ ਦੇ ਜੁਮਲੇ ਤੇ ਲਾਰੇ ਜੀ।

ਲੋਕ ਲਾਜ ਵਾਲਾ ਪਾਠ ਧੀਏ ਪੜ੍ਹ ਲੈ

ਲੋਕ ਲਾਜ ਵਾਲਾ ਪਾਠ ਧੀਏ ਪੜ੍ਹ ਲੈ ਫਿਰ ਬੰਧਨਾਂ ਦੇ ਵਿਚ ਜਾਈਂ ਜਕੜੀ। ਸਿਰ ਰਸਮਾਂ ਦੀ ਚੱਕੀ ਹੇਠਾਂ ਪੀਸ ਲੈ ਚੰਗੀ ਲਗਦੀ ਨਾ ਤੇਰੀ ਸੋਚ ਵੱਖਰੀ। ਧੀਏ ਤੇਰਾ ਕੋਈ ਨਾ ਘਰਾਣਾ ਨੀ ਘਰਾਣਿਆਂ ਨੂੰ ਭਾਵੇਂ ਪੈਦਾ ਕਰਦੀ। ਧੀਆਂ ਨੂੰ ਸ਼ਹੀਦ ਨਾ ਕੋਈ ਮੰਨਦਾ ਸਦੀਆਂ ਤੋਂ ਰਹੀ ਭਾਵੇਂ ਮਰਦੀ। ਉਸ ਵੀਰ ਦੀ ਵੀ ਪੱਤ ਤੂੰ ਹੀਂ ਰੱਖਦੀ ਜੀਹਦੀ ਗੁੰਡਿਆਂ ਤੇ ਲੋਫਰਾਂ 'ਨ ਸੱਥਰੀ। ਧੀਏ ਤੇਰਾ ਦੇਸ਼ ਨਾ ਕੋਈ ਲੱਭਦਾ ਹਰ ਸ਼ਹਿਰ ਵਿਚ ਲੱਭ ਜਾਂਦੀ ਮੰਡੀ ਨੀ। ਬੜੇ ਸਾਲ ਸਤੀ ਹੁੰਦੀ ਰਹੀ ਤੂੰ ਜਦੋਂ ਬਚਗੀ ਤੇ ਲੋਕਾਂ ਕਿਹਾ 'ਰੰਡੀ' ਨੀ। ਮਾਲ, ਪੁਰਜਾ,ਪਟੋਲਾ ਤੈਨੂੰ ਆਖਦੇ ਮਾਪੇ ਜੰਮਦੀ ਨੂੰ ਆਖਦੇ ਨੇ 'ਪੱਥਰੀ'। ਇੱਕੋ ਅੰਗ ਤੇਰੀ ਹੈ ਪਛਾਣ ਨੀ ਬੰਦਾ ਲੜਦਾ ਤਾਂ ਕਹੇ ਤੈਨੂੰ 'ਜੂਠੀਏ'। ਜਦੋਂ ਵੀ ਤੂੰ ਸੱਚ ਕਦੇ ਬੋਲਿਆ ਪੈਜੇ ਟੁੱਟ ਕੇ ਜਹਾਨ ਕਹੇ 'ਝੂਠੀਏ'। ਨਿੱਤ ਦਾਰੂ ਪੀਕੇ ਬਾਪੂ ਮੱਤਾਂ ਦਿੰਦਾ ਏ ਐਵੇਂ ਨੱਚਦੀ ਨਾ ਫਿਰ ਬਣ ਅੱਥਰੀ। ਧੀਆਂ-ਪੁੱਤਾਂ ਲਈ ਪੈਮਾਨੇ ਵੱਖ ਵੱਖ ਨੇ ਬੜਾ ਚੰਦਰਾ ਇਹ ਸਾਡਾ ਸਮਾਜ ਨੀਂ। ਪੁੱਤ ਚਿੱਕੜ 'ਚ ਲੇਟਦਾ ਨ ਲਿੱਬੜੇ ਧੀ ਪੈਰ ਧਰੇ ਲੱਗ ਜਾਂਦਾ ਦਾਗ ਨੀ। ਸਾਰੇ ਦੁੱਖੜੇ ਹੀ ਤੇਰੇ ਮੁੱਕ ਜਾਣੇ ਸੀ ਅੱਗੋਂ ਸਿੱਧੀ ਹੋਕੇ ਹੁੰਦੀ ਜੇ ਤੂੰ ਟੱਕਰੀ।

ਜੱਟਵਾਦ

ਜੱਟ ਖੱਬੀ ਖਾਨ ਪੀਂਦਾ ਪਹਿਲੇ ਤੋੜ ਦੀ ਜੱਟ ਰੱਖਦਾ ਏ ਭਰ ਕੇ ਨੀਂ ਬਾਰਾਂ ਬੋਰ ਦੀ ਜੱਟ ਸੀਨੇ ਵਿੱਚ ਮਾਰਕੇ ਨੀ ਖੂਨ ਚੱਟਦਾ ਲਾਵਾਂ ਮੌਤ ਨਾਲ ਲੈਣੀਆਂ ਹੀ ਏਮ ਜੱਟ ਦਾ ਜੱਟ ਜਿੰਨਾ ਗਾਹ ਕੋਈ ਪਾ ਨਹੀਂ ਸਕਦਾ ਜੱਟ ਫੜ ਲਵੇ ਬਾਂਹ ਕੋਈ ਛੁਡਾ ਨਹੀਂ ਸਕਦਾ। ਜੱਟ ਥਾਰ ਵਿੱਚ ਯਾਰਾਂ ਨਾਲ ਚਿੱਲ ਕਰਦਾ ਜੱਟ ਫਾਇਰ ਉੱਥੇ ਕਰੇ ਜਿੱਥੇ ਦਿੱਲ ਕਰਦਾ ਜੱਟ ਚੁੱਕ ਕੇ ਲੈ ਜਾਂਦਾ ਏ ਬਜ਼ਾਰ ਵਿਚੋਂ ਨੀਂ ਜੱਟ ਗੋਲੀ ਮਾਰ ਦਿੰਦਾ ਤਲਵਾਰ ਵਿਚੋਂ ਨੀ। ਜੱਟ ਸੀਨੇ ਉੱਤੇ ਬਹਿ ਕੇ ਛਾਤੀ ਪਾੜ ਦਿੰਦਾ ਨੀਂ ਜੱਟ ਜਦੋਂ ਦਿਲ ਕਰੇ ਬੰਦਾ ਮਾਰ ਦਿੰਦਾ ਨੀ ਜੱਟ ਲੰਘੇ ਵੈਰੀਆਂ ਦੇ ਮੂੰਹ 'ਤੇ ਥੁੱਕ ਕੇ ਜੱਟ ਕਰਕੇ ਕਤਲ ਪਾਵੇ ਫੇਸਬੁੱਕ ਤੇ ਸਾਲੇ ਮੇਰੇ ਤਾਂਹੀਂਉ ਤਾਂ ਟੰਗੇ ਰਹਿੰਦੇ ਨੇ ਮੇਰੇ ਸਾਲੇ ਜੀਜੇ ਨਾਲ ਪੰਗੇ ਲੈਂਦੇ ਨੇ ਜੱਟ ਮੋਟਰ 'ਤੇ ਕੱਢਦੇ ਡਰੰਮ ਸੋਹਣੀਏ। ਜੱਟ ਦੇ ਜੁਗਾੜੀ ਹੁੰਦੇ ਕੰਮ ਸੋਹਣੀਏ। ਜੱਟ ਲੱਲੀ-ਖੰਧੀ ਕਲਾਕਾਰ ਫਿਰੇ ਹੂੰਝਦਾ ਅੱਜਕਲ੍ਹ ਡੀਜੇ ਉੱਤੇ ਜੱਟ ਗੂੰਜਦਾ। ਮੌਤ ਜੱਟ ਨੇ ਨੀਂ ਪਾਵੇ ਨਾਲ ਬੰਨੀ ਹੋਈ ਹੈ ਜੱਟ ਦੀ ਚੜਾਈ ਸਾਰੇ ਮੰਨੀ ਹੋਈ ਐ ਜੱਟ ਕਾਲਜ ਨੂੰ ਜਾਂਦਾ ਜੰਬੂਆ ਨੀ ਟੰਗ ਕੇ ਜੱਟ ਕੋਲੋਂ ਲੰਘਦਾ ਨ ਕੋਈ ਖੰਘ ਕੇ। ਜੱਟ ਨਾਲ ਵੈਲੀਆਂ ਦੀ ਜੰਨ ਹੁੰਦੀ ਹੈ ਕਿਤਾਬ ਦੀ ਥਾਂ ਜੱਟ ਕੋਲ ਗੰਨ ਹੁੰਦੀ ਹੈ ਸੋਲਵੇਂ 'ਚ ਜੱਟ ਨੇ ਕਮਾਈ ਖੱਟ ਲਈ ਬਾਪੂ ਦੀ ਮਸ਼ੂਕ ਦੀ,ਮੈਂ ਧੀ ਪੱਟ ਲਈ ਜੱਟ ਸੀਗਾ ਨਾਨਕੇ,ਉਹ ਭੂਆ ਕੋਲ ਸੀ ਅੱਖ ਭੂਆ ਤੋਂ ਬੱਚਾਕੇ,ਕਰਦੀ ਕਲੋਲ ਸੀ ਜੱਟ ਕੇ ਐਫ ਸੀ ਦੇ ਖਾਂਦਾ ਲੈੱਗ ਸੋਹਣੀਏ ਡੀਸੀ ਜੱਟ ਨੂੰ ਬਣਾਕੇ ਦਿੰਦਾ ਪੈੱਗ ਸੋਹਣੀਏ। ਜੱਟ ਜਿੱਥੋਂ ਲੰਘਦਾ ਸਲੂਟ ਸੁੱਟ ਦੇ ਇਹ ਮਾਮੇ ਸਾਲੇ ਜੱਟ ਦੀਆਂ ਲੱਤਾਂ ਘੁੱਟਦੇ ਬਿੱਲੋ ਜੱਟ ਕੋਲੋਂ ਡਰਦੀ ਹਨੇਰ ਗਰਦੀ ਮਾਮੇ ਜੱਟ ਕੋਲੋਂ ਪੁੱਛ ਕੇ ਹੀ ਪਾਉਂਦੇ ਵਰਦੀ। ਗਾਣੇ ਉੱਚੀ-ਉੱਚੀ ਲਾਉਂਦੀ ਬੋਤਲਾਂ ਨੂੰ ਭੰਨਦੀ ਮੈਨੂੰ ਜੱਟਾਂ ਦੀ ਮੰਡੀਰ ਨੀ ਸਟਾਰ ਮੰਨਦੀ। ਬਾਪੂ ਸਾਡਾ ਪਿਸਟਲ ਬੇਬੇ ਕਰਤੂਤ ਐ। ਭੂਆ ਗਰਨੇਡ ਸਾਡੀ ਕੱਢਦੀ ਜਲੂਸ ਐ। ਜੱਟ ਤਾਏ ਕੋਲੋਂ ਸਿੱਖਿਆ ਚਪੇੜ ਛੱਡਣੀ। ਚਾਚੇ ਨੇ ਸਿਖਾਈ ਮੈਨੂੰ ਗਾਲ੍ਹ ਕੱਢਣੀ। ਨਾਗਣੀ ਦਾ ਭੋਰਾ ਜੱਟੀ ਲਾਉਣਾ ਨੂੰ ਫਿਰੇ ਜੱਟੀ ਅਮਲੀ ਨਾ ਵਿਆਹ ਕਰਵਾਉਣ ਫਿਰੇ ਗਾਲ ਧੀ ਦੀ ਜੁਬਾਨ ਉੱਤੇ ਜੱਟ ਰੱਖਦਾ ਜੱਟ ਇੱਕ-ਅੱਧਾ ਸੀਨੇ ਉੱਤੇ ਫੱਟ ਰੱਖਦਾ ਸ਼ਾਨ ਜੱਟ ਦੀ ਹੈ ਖੂਨ ਖਰਾਬੇ ਵਾਂਗ ਨੀ ਜੱਟ ਮਰੂਗਾ ਜਵਾਨੀ 'ਚ ਸਰਾਭੇ ਵਾਂਗ ਨੀ ਹਰ ਕੁੜੀ ਜੱਟ ਨੂੰ ਸ਼ਬਾਬ ਦਿਸਦੀ ਤੇਰੇ ਨੈਣਾਂ ਵਿੱਚ ਜੱਟ ਨੂੰ ਸ਼ਰਾਬ ਦਿਸਦੀ ਇਹ ਬੁੱਧੀਜੀਵੀ ਸਾਲੇ ਜੱਟ ਤੋਂ ਨੇ ਚਿੜਦੇ ਚਾਰ ਪੜ੍ਹਕੇ ਕਿਤਾਬਾਂ ਜੀਜੇ ਨਾਲ ਭਿੜਦੇ

ਇਹ ਡਫਲੀ ਨ ਇੰਝ ਬੰਦ ਹੋਣੀ ਜੀ

ਇਹ ਡਫਲੀ ਨ ਇੰਝ ਬੰਦ ਹੋਣੀ ਜੀ ਇਹ ਤਾਂ ਸੁੱਤੀਆਂ ਜ਼ਮੀਰਾਂ ਨੂੰ ਜਗਾਉਗੀ। ਜਿੱਥੇ-ਜਿੱਥੇ ਵੀ ਤੂੰ ਜ਼ੁਲਮ ਕਮਾਏਗਾ ਇਹ ਤਾਂ ਉੱਥੇ ਉੱਥੇ ਰੌਣਕਾਂ ਲਗਾਉਗੀ। ਗੀਤਾਂ ਦੀਆਂ ਕਬਰਾਂ ਨਹੀਂ ਹੁੰਦੀਆਂ। ਮੌਤ ਕਦੇ ਹੁੰਦੀ ਨਾ ਵਿਚਾਰਾਂ ਦੀ। ਧੁੱਪ 'ਤੇ ਝਰੀਟਾਂ ਨਹੀਂਓ ਪੈਂਦੀਆਂ ਕੀ ਸ਼ਬਦਾਂ ਨੂੰ ਲੋੜ ਹਥਿਆਰਾਂ ਦੀ। ਨੇਰਿਆਂ ਦਿਲਾਂ 'ਚ ਕਰੂ ਰੌਸ਼ਨੀ ਨਾ ਲੋਟੂਆਂ ਨੂੰ ਲੋਰੀਆਂ ਸੁਣਾਉਗੀ। ਕੁਰਸੀ ਨ ਦਿਲ ਕੋਈ ਰੱਖਦੀ ਕੋਈ ਸਿਆਸਤ ਰੱਖਦੀ ਈਮਾਨ ਜੀ। ਹਕੂਮਤਾਂ ਦਾ ਨਸ਼ਾ ਬੜਾ ਚੰਦਰਾ ਭੁੱਖ ਕਰ ਦਿੰਦੀ ਬੇਈਮਾਨ ਜੀ। ਤੇਰੇ ਕਿਲ੍ਹੇ ਦੀਆਂ ਕੰਧਾਂ ਕੰਬ ਜਾਣੀਆਂ ਇਹ ਤਾਂ ਝੁੱਗੀਆਂ ਨੂੰ ਲੜਨਾ ਸਿਖਾਊਗੀ। ਹੱਕ ਸੱਚ ਦੀ ਸੁਗੰਧ ਜਦੋਂ ਫੈਲਣੀ ਤੇਰੇ ਝੂਠ ਨੂੰ ਆਉਣੀਆਂ ਤਰੇਲੀਆਂ। ਜਦੋਂ ਮੁੜ੍ਹਕੇ ਨੇ ਵਹੀ ਖਾਤਾ ਖੋਲ੍ਹਿਆ ਵੇਖੀਂ ਲੁੱਟਦੀਆਂ ਤੇਰੀਆਂ ਹਵੇਲੀਆਂ। ਅਸੀਂ ਤਾਰਿਆਂ ਦੇ ਥੱਲੇ ਬੈਠ ਸੋਚ ਦੇ ਉਹੀ ਤਾਰੇ ਤੈਨੂੰ ਦਿਨ 'ਚ ਦਿਖਾਉਗੀ।

ਬਲਾਤਕਾਰੀ ਕੁੱਤੇ ਮਾਸ ਨੋਚਦੇ

ਬਲਾਤਕਾਰੀ ਕੁੱਤੇ ਮਾਸ ਨੋਚਦੇ ਨੰਗੀ ਦੇਖੀ ਨ ਗਈ ਰੂਹ ਤੇਰੀ ਨੀ। ਤੈਨੂੰ ਦੱਸ ਕਿਥੋਂ ਇਨਸਾਫ ਦੇਣਗੇ ਜਿਹੜੇ ਗੁੰਡਿਆਂ ਨੂੰ ਦਿੰਦੇ ਹੱਲਾਸ਼ੇਰੀ ਨੀ। ਹੱਥ ਜੋੜ-ਜੋੜ ਫਰਿਆਦ ਕਰਦੀ 'ਕੱਲੀ ਹਿਰਨੀ ਤੇ ਕਈ ਬਗਿਆੜ ਸੀ। ਸ਼ਿਕਾਰ ਔਰਤਾਂ ਤੇ ਬੱਚਿਆਂ ਦਾ ਲੱਭਦੀ ਭੀੜ ਧਰਮਾਂ ਦੇ ਰੱਥ 'ਤੇ ਸਵਾਰ ਸੀ। ਤੇਰੀ ਆਤਮਾ ਦੀ ਚੀਕ ਨਾ ਉਹ ਸੁਣਦੇ ਉਹ ਤਾਂ ਅੱਗ ਲਾਕੇ ਭੇਜਦੇ ਹਨੇਰੀ ਨੀ। ਸੱਤਾ ਜਿੱਥੇ ਪਾਪੀਆਂ ਨੂੰ ਪਾਲਦੀ ਦੁਰਾਚਾਰੀਆਂ ਦਾ ਹੁੰਦਾ ਸਨਮਾਨ ਨੀ। ਜਿੱਥੇ ਮਰਦ ਤਾਂ ਮਾਰਦੇ ਨੇ ਥਾਪੀਆਂ ਜਿੱਥੇ ਔਰਤਾਂ ਦਾ ਜਿਸਮ ਮੈਦਾਨ ਨੀ। ਜਿੱਥੇ ਸੁਰਗਾਂ 'ਚ ਲੋਕ ਹੂਰਾਂ ਲੱਭਦੇ ਰੱਬ ਦਾਸੀਆਂ ਨਾ ਕਰੇ ਹੇਰਾ ਫੇਰੀ ਨੀ।

ਰੋਟੀ ਗਈ ਰੁਜ਼ਗਾਰ ਗਿਆ

ਰੋਟੀ ਗਈ ਰੁਜ਼ਗਾਰ ਗਿਆ। ਪੈਨਸ਼ਨ ਗਈ ਵਪਾਰ ਗਿਆ। ਸਭ ਕੁੱਝ ਮਹਿੰਗਾ ਮਾਰ ਗਿਆ। ਆ ਗਏ ਨੇ ਦਿਨ ਚੰਗੇ। ਦੰਗੇ ਲੈ ਲਓ ਦੰਗੇ। ਨੇਤਾ ਜੀ ਗੇੜਾ ਮਾਰ ਗਏ। ਵੋਟਾਂ ਦਾ ਚਾਰਾ ਚਾਰ ਗਏ। ਧਰਮਾਂ ਦੀ ਅੱਗ ਖਿਲਾਰ ਗਏ। ਬਿਨ ਸੱਦਿਆਂ ਬਿਨ ਮੰਗੇ। ਮਾਨਵਜਾਤੀ ਖੂਨ 'ਚ ਰੰਗੀ। ਗੈਰਤ ਨੇਜ਼ੇ ਉੱਤੇ ਟੰਗੀ। 'ਕੱਲੀ ਕੂੰਜ ਨੂੰ ਕਰਕੇ ਨੰਗੀ। ਬਗਲੇ ਹੋ ਗਏ ਨੰਗੇ। ਏਅਰਪੋਰਟ ਤੇ ਰੇਲ ਗਈ। ਗੈਸ ਗਈ ਤੇ ਤੇਲ ਗਈ। ਟੈਲੀਕੌਮ ਤੇ ਭੇਲ ਗਈ। ਖਾ ਗਈ ਬਿੱਲੇ ਰੰਗੇ।

ਅਸੀਂ ਬੀਜਦੇ ਤੇ ਅਸੀਂ ਹੀ ਹਾਂ ਵੱਢਦੇ

ਅਸੀਂ ਬੀਜਦੇ ਤੇ ਅਸੀਂ ਹੀ ਹਾਂ ਵੱਢਦੇ ਹਰ ਚੀਜ਼ ਅਸੀਂ ਹੀ ਬਣਾਈ ਹੈ। ਸਾਨੂੰ ਮੁੜ੍ਹਕੇ ਦਾ ਮੁੱਲ ਨਹੀਓ ਮਿਲਿਆ ਸਾਡੀ ਨਾ ਆਜ਼ਾਦੀ ਹਾਲੇ ਆਈ ਐ। ਥੋਡੇ ਘਰ ਵਿੱਚ ਜਿੰਨੀ ਖੂਬਸੂਰਤੀ ਉੱਤੇ ਲੱਗਿਆ ਹੈ ਸਾਡਾ ਹੀ ਪਸੀਨਾ ਜੀ। ਸਾਡਿਆਂ ਸਿਰਾਂ 'ਤੇ ਹਨ ਚਲਦੇ ਜਮੀਨ ਕਾਰਖਾਨੇ ਤੇ ਮਸ਼ੀਨਾਂ ਜੀ। ਕਹਿਰ ਸਭ ਸਾਡੇ ਉੱਤੇ ਵਰ੍ਹਦੇ ਨਾ ਹੁੰਦੀ ਕੀਤੇ ਸਾਡੀ ਸੁਣਵਾਈ ਐ। ਭਾਵੇਂ ਜਾਂਚ ਕਿਸੇ ਲੈਬ 'ਚ ਕਰਾ ਲਵੋ ਹਰ ਸ਼ੈ ਵਿਚ ਮਿਲੂ ਸਾਡਾ ਖੂਨ ਜੀ। ਅਸੀਂ ਸੁੱਖ ਤੇ ਸਹੂਲਤਾਂ ਬਣਾਤੀਆਂ ਸਾਡੀ ਜ਼ਿੰਦਗੀ 'ਚ ਪਲ ਨਾ ਸਕੂਨ ਜੀ। ਨਿੱਤ ਸੂਰਜ ਦੇ ਵਾਂਗ ਅਸੀਂ ਬਲਦੇ ਪਰ ਦੂਰ ਸਾਡੇ ਕੋਲੋਂ ਰੁਸ਼ਨਾਈ ਐ। ਸਾਡੇ ਹੀ ਘਰਾਂ 'ਚ ਭੂਤ ਨੱਚਦੇ ਅੱਗ ਦੰਗਿਆਂ ਦੀ ਸਾਡਾ ਘਰ ਫੂਕਦੀ। ਹੱਦਾਂ ਉੱਤੇ ਜਦੋਂ ਗੋਲੀ ਚਲਦੀ ਉਹ ਵੀ ਸਾਡੇ ਹੀ ਘਰਾਂ ਨੂੰ ਆਉਂਦੀ ਸ਼ੂਕਦੀ। ਅਸੀਂ ਹੀ ਤਿਲਾਂ 'ਚੋਂ ਤੇਲ ਕੱਢਦੇ ਪਰ ਮਿਲਦੀ ਨਾ ਸਾਨੂੰ ਥਿੰਦਿਆਈ ਐ।

ਪੁੱਤ! ਕਰ ਲੈ ਕਿਤਾਬਾਂ ਨਾਲ ਦੋਸਤੀ

ਪੁੱਤ! ਕਰ ਲੈ ਕਿਤਾਬਾਂ ਨਾਲ ਦੋਸਤੀ ਅੱਖਰਾਂ 'ਨਾ ਮਨ ਪਰਚਾ ਲੈ ਓਇ। ਲਿਖਤਾਂ 'ਚੋਂ ਲੱਭ ਲੈ ਸਕੀਰੀਆਂ ਸ਼ਬਦਾਂ ਮੁਹੱਲੇ ਘਰ ਪਾ ਲੈ ਓਇ। ਢਿੱਡ ਨ ਕਿਤਾਬ ਭਾਵੇਂ ਭਰਦੀ ਢਿੱਡ ਭਰਦਾ ਏ ਕਿੱਦਾਂ ਦੱਸ ਦਿੰਦੀ ਏ। ਲਿਆਕਤ ਨਾ ਤੁਰਨਾ ਸਿਖਾਉਂਦੀ ਐ ਮੁਸੀਬਤਾਂ ਦੇ ਅੱਗੇ ਹੱਸ ਦਿੰਦੀ ਏ। ਸਾਦੀ ਜਿੰਦਗੀ ਵਿਚਾਰ ਉੱਚੇ ਹੋਣਗੇ ਚੇਤਨਾ ਦਾ ਦੀਪਕ ਜਗਾ ਲੈ ਓਇ ਇੱਕ ਵਾਰ ਮਸਾਂ ਕੰਮ ਆਉਂਦੇ ਨੇ ਜੇ ਮੋਢੇ ਉੱਤੇ ਰੱਖੇਂ ਹਥਿਆਰ ਬਈ। ਇੱਕ ਵਾਰ ਹੀ ਤਾਂ ਲਿਖੀ ਜਾਂਦੀ ਐ ਪੜੀ ਜਾਂਦੀ ਕਿਤਾਬ ਵਾਰ-ਵਾਰ ਬਈ। ਕੁੱਝ ਨਾਟਕ ਤੇ ਨਾਵਲ ਕਹਾਣੀਆਂ ਕੁੱਝ ਫਲਸਫੇ ਨਾ ਸਾਂਝ ਪਾ ਲੈ ਓਇ। ਜਿੰਦਗੀ ਦੇ ਰੰਗ ਉਹੀ ਮਾਣਦਾ ਜੀਹਨੂੰ ਅੱਖਰਾਂ 'ਚੋਂ ਲੱਭਜੇ ਅਨੰਦ ਜੀ। ਸਾਗਰਾਂ 'ਚ ਸੋਚ ਲਾਉਂਦੀ ਤਾਰੀਆਂ ਉੱਚੀ ਉਡਦੀ ਖਿਆਲਾਂ ਦੀ ਪਤੰਗ ਜੀ। ਜਦੋਂ ਦਿਲ ਵਿੱਚ ਗੀਤ ਤੇਰੇ ਨੱਚਦੇ ਖਿੜਕੀ ਦੀ ਢੋਲਕੀ ਬਣਾ ਲੈ ਓਇ

ਲੋਕ ਲਹਿਰ ਪੱਟੂ ਨਸ਼ਿਆਂ ਦੇ ਕੋਹੜ ਨੂੰ

'ਕੱਠੇ ਹੋਣਾ ਪੈਣਾ ਬਈ ਸਮੇਂ ਦੀ ਲੋੜ ਨੂੰ। ਲੋਕ ਲਹਿਰ ਪੱਟੂ ਨਸ਼ਿਆਂ ਦੇ ਕੋਹੜ ਨੂੰ। ਏਕੇ ਦੀ ਮੋਢੇ ਉੱਤੇ ਡਾਂਗ ਰਖਿਓ। ਵਾਧੂ ਦੀਆਂ ਲਗਰਾਂ ਨੂੰ ਛਾਂਗ ਰਖਿਓ। ਗੰਦਾ ਨਾਲਾ ਪੈਜੇ ਨਾ ਸਾਫ ਜੋਹੜ ਨੂੰ। ਅਸਲੇ ਤੇ ਨਸ਼ਿਆਂ ਦੇ ਗਾਉਂਦੇ ਗਾਣੇ ਬਈ ਇਹ ਵੀ ਸਾਨੂੰ ਲਾਉਣੇ ਪੈਣੇ ਆ ਟਿਕਾਣੇ ਬਈ। ਟੋਚਨਾਂ 'ਤੇ ਲਾਉਂਦੇ ਜਿਹੜੇ ਸਾਡੇ ਫੋਹੜ ਨੂੰ। ਪਿੰਡਾਂ ਵਿੱਚ ਹੁੰਦੇ ਜੋ ਘੜੰਮ ਚੌਧਰੀ। ਸੁੱਟ ਲਓ ਥੱਲੇ ਬਈ ਧੜੰਮ ਚੌਧਰੀ। ਕਿੱਕਰਾਂ ਦੀ ਥਾਵੇਂ ਲਾਉਣਾ ਪੈਣਾ ਬੋਹੜ ਨੂੰ।

ਚੋਣਾਂ ਵਾਲੇ ਰਾਹ 'ਤੇ ਛਿੱਟੇ ਖੂਨ ਦੇ

ਚੋਣਾਂ ਵਾਲੇ ਰਾਹ 'ਤੇ ਛਿੱਟੇ ਖੂਨ ਦੇ ਫੁੱਟਪਾਥਾਂ ਉੱਤੇ ਧਰਮਾਂ ਦੇ ਝੰਡੇ ਜੀ। ਲਾਸ਼ਾਂ ਦੀ ਪਛਾਣ ਹਾਲੇ ਜਾਰੀ ਐ ਗਏ ਜਿੱਤ ਦੀ ਖੁਸ਼ੀ 'ਚ ਲੱਡੂ ਵੰਡੇ ਜੀ। ਸਿਵਾ ਬਲਦਾ ਤੇ ਲਾਟ ਉੱਚੀ ਉੱਠਦੀ ਵਿਚ ਦੱਬੇ ਗਏ ਸਾਡੇ ਕਈ ਸਵਾਲ ਸੀ। 'ਕੱਲੀ ਭੱਜੀ ਉਹ ਬਚਾਕੇ ਪੱਤ ਆਪਣੀ ਜਿਹੜੀ ਟੱਬਰ ਨੂੰ ਲੈਕੇ ਗਈ ਨਾਲ ਸੀ। ਲੋਕਰਾਜ ਦੇ ਨਾਅਰੇ ਜਿਹੜੇ ਲਾਉਂਦੇ ਸੀ ਸਭ ਕੁਰਸੀ ਦੀ ਸਿਆਸਤ ਦੇ ਚੰਡੇ ਸੀ। ਕੁੱਝ ਧਰਮਾਂ ਦੇ ਨਾਂ ਤੇ ਦੇਸ਼ ਮੰਗਦੇ ਕੁੱਝ ਬੱਚਿਆਂ ਦੀ ਮੰਗਦੇ ਸੀ ਖੈਰ ਬਈ। ਕੁੱਝ ਖੇਤਾਂ ਵਿੱਚ ਫੁਲ ਰਹੇ ਬੀਜਦੇ ਕੁੱਝ ਪਾਣੀ ਵਿੱਚ ਘੋਲਦੇ ਸੀ ਜ਼ਹਿਰ ਬਈ। ਜਿਹੜੇ ਕਿੱਕਰਾਂ ਨੂੰ ਗੋਡੀ ਰਹੇ ਕਰਦੇ ਅੱਜ ਦੇਖੇ ਮੈਂ ਚੁਗਦੇ ਉਹ ਕੰਡੇ ਜੀ।

ਹੋਰ ਨਾ ਮੈਂ ਤੈਥੋਂ ਕੁੱਝ ਮੰਗਦੀ

ਹੋਰ ਨਾ ਮੈਂ ਤੈਥੋਂ ਕੁੱਝ ਮੰਗਦੀ ਇੱਕ ਗੱਲ ਮੰਨ ਲੈ ਤੂੰ ਮੇਰੀ ਵੇ। ਉਸ ਘਰ ਵਿੱਚ ਤੋਰੀਂ ਮੈਨੂੰ ਬਾਬਲਾ ਜਿਸ ਘਰ ਵਿੱਚ ਹੋਵੇ ਲਾਇਬ੍ਰੇਰੀ ਵੇ। ਮੈਨੂੰ ਇਹੋ ਜਿਹਾ ਜੱਟ ਨਹੀਓਂ ਚਾਹੀਦਾ ਖੱਬੀ ਸੀਟ ਉੱਤੇ ਰੱਖਦਾ ਬੰਦੂਕ ਜੋ। ਜੇ ਤੂੰ ਅੜੀਆਂ ਕਰੇਂਗੀ ਲੈਜੂੰ ਖਿੱਚਕੇ ਕਰੇ ਗੁੰਡਿਆਂ ਦਾ ਵਰਗਾ ਸਲੂਕ ਜੋ। ਜਿੱਥੇ ਹੁੰਦੀ ਹੈ ਪਾਬੰਦੀ ਫਾਇਰ ਕਰਦਾ ਲਾਕੇ ਚੌਥਾ ਪੈੱਗ ਫੜੇ ਬਾਂਹ ਮੇਰੀ ਵੇ। ਨਾ ਟੋਚਨਾਂ ਦੇ ਮੇਲੇ ਹੋਵੇ ਦੇਖਦਾ ਨਾ ਕਬੂਤਰ ਤੇ ਕੁੱਤੇ ਹੋਵੇ ਪਾਲਦਾ। ਨਾ ਲੰਡੀ ਜੀਪ ਉੱਤੇ ਲਾਵੇ ਗੇੜੀਆਂ ਨਾ ਮੁੱਛਾਂ ਨੂੰ ਵੱਟ ਹੋਵੇ ਚਾੜ੍ਹਦਾ। ਪਾਸ਼ ਸ਼ਿਵ ਤੇ ਉਦਾਸੀ ਹੋਵੇ ਪੜਦਾ ਏਨੀ ਖੁਸ਼ੀ ਮੇਰੇ ਲਈ ਬਥੇਰੀ ਵੇ ਜਿੱਥੇ ਅੱਖਰਾਂ ਤੇ ਸ਼ਬਦਾਂ ਦੇ ਰੰਗ ਨੇ ਉਸ ਘਰ ਵਿੱਚ ਹੁੰਦੀਆਂ ਨਜਾਕਤਾਂ। ਉਹ ਜਦੋਂ ਬੋਲਦੇ ਸਲੀਕੇ ਨਾਲ ਬੋਲਦੇ ਅਤੇ ਤੋਰ ਵਿੱਚ ਹੁੰਦੀਆਂ ਲਿਆਕਤਾਂ। ਸਾਦੀ ਜਿੰਦਗੀ ਵਿਚਾਰ ਉੱਚੇ ਰੱਖਦੇ ਨਾਲ ਸਿਆਣਪ ਦੇ ਰੱਖਦੇ ਦਲੇਰੀ ਵੇ।

ਜੇ ਬਾਬਾ ਰੱਬ ਤਾਕਤਵਰ ਤੇ ਬੜਾ ਦਿਆਲੂ ਏ

ਜੇ ਬਾਬਾ ਰੱਬ ਤਾਕਤਵਰ ਤੇ ਬੜਾ ਦਿਆਲੂ ਏ ਫਿਰ ਹੁੰਦੀ ਰੋਜ ਦਰਿੰਦਗੀ ਦੱਸੋ ਰੋਕਦਾ ਕਾਤੋਂ ਨਹੀਂ। ਟਕੇ-ਟਕੇ 'ਤੇ ਠੱਗ ਇਸਨੂੰ ਵੇਚ ਕੇ ਖਾਂਦੇ ਨੇ ਕਿਉਂ ਸੱਚ ਨਾਲ ਖੜਦਾ,ਝੂਠ ਨੂੰ ਟੋਕਦਾ ਕਾਤੋਂ ਨਹੀਂ। ਸਾਡੇ ਸਾਹਮਣੇ ਜ਼ੁਲਮ ਜੇ ਹੋਵੇ ਸੀਨਾ ਫੱਟ ਜਾਂਦਾ ਓ ਦੰਗਿਆਂ ਦੇ ਵਿੱਚ ਲਗਦੀਆਂ ਅੱਗਾਂ ਸੇਕ ਕਿਵੇਂ ਲੈਂਦਾ। ਹੱਦਾਂ ਉੱਤੇ ਚਲਦੀ ਗੋਲ਼ੀ ਰੋਕਦਾ ਕਾਹਤੋਂ ਨਹੀਂ ਉਹ ਕੁੱਖਾਂ ਦੇ ਵਿੱਚ ਮਰਦੀਆਂ ਧੀਆਂ ਦੇਖ ਕਿਵੇਂ ਲੈਂਦਾ। ਜੇ ਇਹੀ ਰੱਬ ਦੀ ਲੀਲ੍ਹਾ, ਮੈਂ ਫਿਰ ਰੱਬ ਤੋਂ ਬਾਗੀ ਹਾਂ ਸੜਕ 'ਤੇ ਘੁੰਮਦੇ ਪਾਪੀ, ਜੇਲ੍ਹ 'ਚ ਠੋਕਦਾ ਕਾਤੋਂ ਨਹੀਂ ਚੋਰ ਉੱਚਕੇ ਲੁਕਦੇ ਹੁੰਦੇ, ਉਹ ਕਿਉਂ ਲੁਕਦਾ ਹੈ ਸੱਚੇ ਬੰਦਿਆਂ ਵਾਂਗੂ ਸਾਹਮਣੇ ਆਉਂਦਾ ਕਾਤੋਂ ਨਹੀਂ। ਰੱਬ ਦੇ ਘਰ ਦੇਰ ਦੇ ਨਾਲ ਹਨੇਰ ਫੈਲਦਾ ਏ ਉਹ ਕਰਕੇ ਛੇਤੀ ਫੈਸਲਾ ਜੱਭ ਮੁਕਾਉਂਦਾ ਕਾਹਤੋਂ ਨਹੀਂ। ਕਿਉਂ ਅੰਨ੍ਹਾ ਗੂੰਗਾ ਬਣ ਕੇ ਬੈਠਾ ਸੇਫ ਜ਼ੋਨ ਵਿੱਚ ਉਹ ਵਿੱਚ ਮੈਦਾਨੇ ਆਕੇ ਜਿੰਦਗੀ ਝੋਕਦਾ ਕਾਹਤੋਂ ਨਹੀਂ।

ਆਰੀ ਆਰੀ ਆਰੀ

ਆਰੀ ਆਰੀ ਆਰੀ। ਜਾਲਮਾਂ ਦੇ ਨਹੁੰ ਵੱਧ ਗਏ ਨਾਲ ਵੱਧ ਗਈ ਬੇਰੁਜ਼ਗਾਰੀ। ਗੈਸ ਤੇਲ ਮਹਿੰਗੇ ਹੋ ਗਏ ਮਹਿੰਗੀ ਹੋ ਗਈ ਕਬੀਲੇਦਾਰੀ। ਧੰਨਿਆਂ ਨੇ ਦੇਸ਼ ਲੁੱਟਿਆ ਬਾਕੀ ਲੁੱਟਦੇ ਸਾਹਣ ਸਰਕਾਰੀ। ਹੱਦਾਂ ਉੱਤੇ ਵੀਰ ਮਰਦੇ ਵੀਰ ਮਰਦੇ ਵਰਦੀਧਾਰੀ। ਉਹ ਜੇਲ੍ਹਾਂ ਵਿੱਚ ਬੰਦ ਕਰਤੇ ਚੀਕ ਜਿਹਨਾਂ ਨੇ ਮਾਰੀਂ। ਮੋਦਨ ਕਾਉਂਕਿਆਂ ਦਾ ਸੋਚ ਰੱਖਦਾ ਕ੍ਰਾਂਤੀਕਾਰੀ ਰਾਜੇ ਦੀ ਸਭਾ 'ਚ ਵੜਕੇ ਉਹਨੇ ਮਾਰੀ ਇੱਕ ਕਿਲਕਾਰੀ। ਧੰਨ ਕੁਰ ਦੌਧਰ ਦੀ ਨਾਲ ਨਾਅਰੇ ਜਾਵੇ ਮਾਰੀ ਦਿੱਲੀ ਦੀਆਂ ਕੰਧਾਂ ਕੰਬੀਆਂ ਕੰਬ ਗਏ ਸਭ ਦਰਬਾਰੀ। ਪਰਲੋ ਆ ਜਾਂਦੀ ਜੇ ਉੱਠਦੀ ਜਨਤਾ ਸਾਰੀ।

ਇਹ ਮਹੀਨਾ 'ਹਾਅ ਦੇ ਨਾਅਰੇ' ਦਾ

ਇਹ ਮਹੀਨਾ 'ਹਾਅ ਦੇ ਨਾਅਰੇ' ਦਾ ਕੋਈ 'ਹਾਅ' ਦਾ ਨਾਅਰਾ ਮਾਰ ਦਿਉ। ਸਾਡੀ ਚੁੱਪ 'ਤੇ ਜਾਲਮ ਨੱਚਦਾ ਏ ਚੁੱਪ ਤੋੜਕੇ ਜਰਾ ਦਹਾੜ ਦਿਉ। ਇੱਥੇ ਰੋਜ ਬੇਅਦਬੀ ਹੁੰਦੀ ਏ ਹੱਕ ਮੰਗਣ ਗਏ ਹੱਕਦਾਰਾਂ ਦੀ। ਵੋਟਾਂ ਪਿੱਛੋਂ ਬੇਦਾਵਾ ਲਿਖ ਦਿੰਦੀ ਜੁੰਡੀ ਚੁਣੀ ਗਈ ਸਰਕਾਰਾਂ ਦੀ। ਹਾਲੇ ਵੀ ਜ਼ੁਲਮ ਜਿਉਂਦਾ ਏ ਨਾ ਚੇਤਿਆਂ ਵਿਚੋਂ ਵਿਸਾਰ ਦਿਉ। ਅੱਜ ਵੀ ਰਾਜਾ ਹੱਸਦਾ ਤਾਂ ਥੋਨੂੰ ਦੰਦਾਂ ਦੇ ਵਿਚ ਖੂਨ ਦਿਸੂ। ਆਸੇ-ਪਾਸੇ ਥੋਨੂੰ ਗੰਗੂ ਦਿਸੂ ਸੁੱਚਾ ਨੰਦ ਕਨੂੰਨ ਦਿਸੂ। 'ਕੱਠੀਆ ਕਰਕੇ ਚਿੜੀਆਂ ਨੂੰ ਪੱਤ ਗੈਰਤ ਦੀ ਚਾੜ੍ਹ ਦਿਉ। ਹਾਲੇ ਕੱਲ੍ਹ ਦੀਆਂ ਗੱਲਾਂ ਨੇ ਸੱਤ ਸੌ ਸਾਡੇ ਕਿਸਾਨ ਗਏ। ਧੀਆਂ ਦੀ ਪੱਤ ਰੋਲੀ ਗਈ ਹੱਦਾਂ ਉੱਤੇ ਜਵਾਨ ਗਏ। ਚਮਕੌਰ ਗਡ਼ੀ ਵਿੱਚ ਲੜਦਿਆਂ ਨੂੰ ਕੋਈ ਏਕੇ ਦੀ ਤਲਵਾਰ ਦਿਉ

ਮੌਮ ਡੈਡ ਪੁੱਛਦੇ ਮੁੰਡੇ ਦੀ ਡਿਗਰੀ

ਮੌਮ ਡੈਡ ਪੁੱਛਦੇ ਮੁੰਡੇ ਦੀ ਡਿਗਰੀ ਦੱਸਦੀ ਸੀ ਖੁਸ਼ ਹੋਕੇ ਅੱਠ ਪਰਚੇ। ਫਿਰਦੀ ਕਚਹਿਰੀਆਂ 'ਚ ਧੱਕੇ ਖਾਂਦੀ ਉਹ ਹੁਣ ਉਹ ਕਚਹਿਰੀਆਂ 'ਚ ਧੱਕੇ ਖਾਂਦੀ ਐ ਘਟ ਗਈ ਕਮਾਈ ਵੱਧ ਗਏ ਖਰਚੇ। ਵੱਡੇ-ਵੱਡੇ ਵੈਲੀ ਜਿਹੜੇ ਰੱਖੇ ਜੇਬਾਂ 'ਚ 'ਕੱਲੀ ਵੇਖ ਅੱਜ ਉਹੀ ਅੱਖ ਰੱਖਦੇ। ਜੀਹਦੇ ਕੋਲ ਦੁਖੜਾ ਸੁਣਾਉਂਦੀ ਆਪਣਾ ਬਹਾਨੇ ਨਾਲ ਹੱਥ ਉੱਤੇ ਹੱਥ ਰੱਖਦੇ ਚੱਕਵੇਂ ਜਿਹੇ ਗਾਣਿਆਂ ਨੇ ਮੱਤ ਮਾਰਤੀ ਰੋਂਦੀ ਅੱਜ ਬੀਤ ਗਏ ਫਰੋਲ ਵਰਕੇ। ਚੰਡੀਗੜ੍ਹ ਘੁੰਮਦੀ ਸੀ ਥਾਰ ਜਿਸਦੀ ਫਿਰਦਾ ਸੀ ਲੋਕਾਂ ਦੇ ਸਿਰ ਪਾੜਦਾ। ਉਵੇਂ-ਉਵੇਂ ਬਾਪੂ ਦੀ ਜਮੀਨ ਵਿੱਕਦੀ ਜਿਵੇਂ ਜਿਵੇਂ ਮੁੱਛਾਂ ਨੂੰ ਸੀ ਵੱਟ ਚਾੜ੍ਹਦਾ। ਵਿਕ ਗਏ ਜਦੋਂ ਸਾਰੇ ਭਾਂਡੇ ਘਰਦੇ ਫੇਰ ਨਾ ਕਿਸੇ ਦੇ ਕਦੇ ਡੌਲੇ ਫਰਕੇ। ਗੀਤਕਾਰਾ-ਕਲਾਕਾਰਾ ਤੇਰੀ ਧੀ ਲਈ 26 ਲੱਗੀ ਵਾਲਾ ਕੋਈ ਜਵਾਈ ਲੱਭ ਜੇ ਖੂਨ ਨਾਲ ਚਿੱਟਾ ਜੋ ਲਬੇੜੇ ਕੁੜਤਾ ਰੱਬ ਨਾ ਕਰੇ ਕੋਈ ਕਸਾਈ ਲੱਭ ਜੇ। ਕੀ ਤੈਨੂੰ ਦੱਸ ਭਾਈ ਖੁਸ਼ੀ ਹੋਊਗੀ ਕੀ ਤੈਨੂੰ ਚੰਗੇ ਲੱਗਣੇ ਐ ਚਰਚੇ।

ਤੂੰ ਟੀਚਰ ਹੈਂ ਕੋਈ ਜੇਲ੍ਹਰ ਨਹੀਂ

ਤੂੰ ਟੀਚਰ ਹੈਂ ਕੋਈ ਜੇਲ੍ਹਰ ਨਹੀਂ ਕਿਉਂ ਬੱਚਿਆਂ ਨੂੰ ਧਮਕਾਉਂਦਾਂ ਏਂ। ਇਹ ਅੱਖਰ ਫੁੱਲਾਂ ਵਰਗੇ ਨੇ ਕਿਉਂ ਕੰਡਿਆਂ ਵਾਂਗ ਬਣਾਉਂਦਾ ਏਂ। ਬੱਚਿਆਂ ਦੇ ਮਨ ਕੋਮਲ ਨੇ ਉਹ ਡਰਦੇ-ਡਰਦੇ ਡਰ ਜਾਂਦੇ। ਦੁੱਖ ਹੁੰਦਾ ਖਬਰਾਂ ਪੜ੍ਹ ਪੜ੍ਹ ਕੇ ਕਈ ਆਤਮ ਹੱਤਿਆ ਕਰ ਜਾਂਦੇ। ਉਹ ਮਾਂ ਪਿਉ ਵੀ ਤਾਂ ਦੋਸ਼ੀ ਹੈ ਜੋ ਕੁੱਟਣ ਲਈ ਉਕਸਾਉਂਦਾ ਏ। ਬੱਚਿਆਂ ਦੇ ਤਰਕ-ਦਲੀਲਾਂ ਨੂੰ ਤੂੰ ਬਚਨਾਂ ਵਾਂਗੂੰ ਸੁਣਿਆ ਕਰ। ਗਿਆਨ-ਮਸਾਲਾ ਰੱਖਿਆ ਕਰ ਸ਼ਬਦਾਂ ਦੀ ਬੁਣਤੀ ਬੁਣਿਆ ਕਰ। ਇਹ ਸਕੂਲ ਹੈ ਕੋਈ ਜੇਲ੍ਹ ਨਹੀਂ ਜੋ ਡੰਡਿਆਂ ਨਾਲ ਡਰਾਉਂਦਾ ਏਂ। ਵਹਿਮ-ਭਰਮ ਤੇ ਜਾਤ-ਪਾਤ ਮਿੱਤਰਾ ਸਿਰ ਤੋਂ ਜਾਲ਼ੇ ਲਾਹ। ਜੇ ਜਿੱਤਣਾ ਏ ਦਿਲ ਬਾਲਾਂ ਦਾ ਤਾਂ ਬਾਲਕ-ਹਿਰਦਾ ਪੜ੍ਹਕੇ ਆ। ਬੱਚਿਆਂ ਨੂੰ ਰੱਬ ਮੰਨਿਆ ਕਰ ਕਿਉਂ ਥਾਂ-ਥਾਂ ਨੱਕ ਘਸਾਉਂਦਾ ਏਂ। ਟੀਚਰ ਜੋ ਖੁਦ ਪੜ੍ਹਦੇ ਨੇ ਬੱਚਿਆਂ ਨੂੰ ਪੜ੍ਹਨੇ ਲਾਅ ਦਿੰਦੇ। ਜੋ ਆਪ ਲੜਾਈਆਂ ਲੜਦੇ ਨੇ ਬੱਚਿਆਂ ਨੂੰ ਲੜਨੇ ਲਾਅ ਦਿੰਦੇ। ਗਿਆਨ ਦਾ ਸਾਗਰ ਬਣ ਮਿੱਤਰਾ ਜਿੱਥੇ ਬਾਲਕ ਤਾਰੀਆਂ ਲਾਉਂਦਾ ਏ।

ਨਾ ਕਿਤਾਬ ਨਾ ਰਸਾਲਾ ਕੋਈ ਰੱਖਦਾ

ਨਾ ਕਿਤਾਬ ਨਾ ਰਸਾਲਾ ਕੋਈ ਰੱਖਦਾ ਬ੍ਰਾਂਡ ਰੱਖਦਾ ਸ਼ਰਾਬ ਦੇ ਜਰੂਰ ਉਹ। ਵਰ ਬਾਬਲਾ ਜੋ ਮੇਰੇ ਲਈ ਤੂੰ ਟੋਲ਼ਿਆ ਮੈਨੂੰ ਲਗਦਾ ਸਿਆਣਪਾ ਤੋਂ ਦੂਰ ਉਹ। ਦਾਜ ਵਾਲੀ ਗੱਡੀ ਦੇ ਫਰੰਟ 'ਤੇ ਦੇਖ ਲੈ ਬਣਾਈਆਂ ਮੁੱਛਾਂ ਕੁੰਢੀਆਂ। ਗਾਉਣ ਵਾਲੇ ਦੀ ਫੋਟੋ ਥੱਲੇ ਲਿਖਿਆ ਜੱਟਾਂ ਦੀਆਂ ਗੱਲਾਂ ਤਾਹੀਓਂ ਬਿੱਲੋ ਹੁੰਦੀਆਂ। ਫਿਰੇ ਲੀਡਰਾਂ ਦੇ ਅੱਗੇ-ਪਿੱਛੇ ਘੁੰਮਦਾ ਗੱਲਾਂ ਕਰਦਾ ਹੈ ਬੜੀਆਂ ਫਤੂਰ ਉਹ। 'ਮੇਰਾ ਸਾਲਾ' ਉਹਦਾ ਤਕੀਆ-ਕਲਾਮ ਐ ਦੇਖ ਪੁਲਿਸ ਨੂੰ ਮਾਮੇ-ਮਾਮੇ ਆਖਦਾ। ਬੜੇ ਹੌਰਨ 'ਤੇ ਹੌਰਨ ਵਜਾਉਂਦਾ ਉਹ ਰਾਹ ਜਾਂਦਿਆਂ ਨੂੰ ਟੇਢਾ-ਟੇਢਾ ਝਾਕਦਾ। ਝੰਡੇ ਗੱਡ 'ਤੇ ਕਨੇਡਾ 'ਚ ਪੰਜਾਬੀਆਂ ਬਈਏ ਆਖਦਾ ਪੰਜਾਬ 'ਚ ਨਸੂਰ ਉਹ। ਨਾ 'ਗਦਰ ਦੀ ਗੂੰਜ' ਉਹ ਜਾਣਦਾ ਨਾ ਹੀ ਜਾਣਦਾ ਉਹ 'ਰੂਸ ਦੀ ਕ੍ਰਾਂਤੀ' ਨੂੰ। ਨਾ ਹਿਟਲਰ ਮੁਸੋਲਿਨੀ ਪੜ੍ਹਿਆ ਨਾ ਹੀ ਪੜ੍ਹਦਾ ਉਹ ਰੰਗਤ ਬਸੰਤੀ ਨੂੰ ਪਾਸ਼ ਪਾਤਰ ਉਦਾਸੀ ਵਸੋਂ ਬਾਹਰ ਨੇ 'ਲੂਣਾ' ਜਾਣਦਾ ਨਾ ਕਾਸਤੋਂ ਮਸ਼ਹੂਰ ਉਹ।

ਦੇਸ਼ ਦੀਆਂ ਲੱਤਾਂ

ਅਸੀਂ ਦੇਸ਼ ਦੀਆਂ ਲੱਤਾਂ ਰਹੇ ਘੁੱਟਦੇ ਲੁੱਟ ਘੁੱਟਦੀ ਸੀ ਸਾਡੀਆਂ ਹੀ ਸੰਘੀਆਂ। ਅਸੀਂ ਖੇਤਾਂ ਵਿੱਚ ਬੀਜਦੇ ਹਾਂ ਰੋਟੀਆਂ ਉਹ ਰਾਹਾਂ ਵਿੱਚ ਬੀਜਦੇ ਬਰੰਜੀਆਂ। ਗੋਗੜਾਂ ਨੂੰ ਗੱਫੇ ਹੋ ਗਏ ਮਾਫ ਨੇ ਪਸੀਨੇ ਵਾਰੀ ਆਕੇ ਮੌਤ ਪੈ ਗਈ। ਵੋਟ ਸਾਡੀ ਧੋਖੇਬਾਜ਼ ਨਿਕਲੀ ਧੰਨਿਆਂ ਦੀ ਗੋਦੀ ਵਿਚ ਬਹਿ ਗਈ। ਪੁੱਤ ਸਾਡੇ ਜਾਨ ਦੇਕੇ ਰੋਕਦੇ ਹੱਦਾਂ ਉਤੋਂ ਗੋਲੀਆਂ ਜੋ ਲੰਘੀਆਂ। ਹੱਕ ਮੰਗਿਆ 'ਤੇ ਵਖਵਾਦੀ ਹੋ ਗਏ ਬਲਾਤਕਾਰੀ ਇਨ੍ਹਾਂ ਲਈ ਫਕੀਰ ਨੇ। ਇਹ ਧਰਮਾਂ ਦੇ ਨਾਮ 'ਤੇ ਲੜਾਉਂਦੇ ਨੇ ਮਰੇ ਹੋਏ ਇਹਨਾਂ ਦੇ ਜਮੀਰ ਨੇ। ਮੂੰਹੋ ਰਾਮ 'ਤੇ ਬਗਲ ਵਿਚ ਛੁਰੀਆਂ ਇਹ ਗੈਰਤਾਂ ਨੂੰ ਕਰਦੇ ਨੇ ਨੰਗੀਆਂ। ਸਾਡੇ ਕੋਲ ਸਬਰ ਤੇ ਜੇਰਾ ਏ ਉਹਨਾਂ ਕੋਲ ਖੂਨੀ ਹਥਿਆਰ ਨੇ। ਉਹਨਾਂ ਨੇ ਨਿਸ਼ਾਨੇ ਸਿੰਨ ਰੱਖੇ ਨੇ ਸਾਡੀਆਂ ਵੀ ਛਾਤੀਆਂ ਤਿਆਰ ਨੇ। ਸਾਡਾ ਇਤਿਹਾਸ ਲੜੇ ਮਰੇ ਆਂ ਉਹਨਾਂ ਸਦਾ ਮਾਫੀਆਂ ਹੀ ਮੰਗੀਆਂ।

ਲੋਕ-ਲਹਿਰਾਂ ਵਿਚ ਹੁੰਦਾ ਪੁੱਤ ਜਾਬਤਾ

ਲੋਕ-ਲਹਿਰਾਂ ਵਿਚ ਹੁੰਦਾ ਪੁੱਤ ਜਾਬਤਾ ਹੁੱਲੜਬਾਜ਼ੀ ਨਾ ਕੰਮ ਆਉਂਦੀ ਐ। ਤੁਸੀਂ ਆਜੋ ਘਰਾਂ 'ਚੋਂ ਡਾਂਗਾਂ ਚੁੱਕ ਕੇ ਬੰਦੂਕ ਦੀ ਗੋਲੀ ਵੀ ਇਹੋ ਚਾਹੁੰਦੀ ਐ। ਫਤਿਹ ਪੁੱਤ ਉਸਦੀ ਹੀ ਹੁੰਦੀ ਹੈ ਫੈਲ ਜਾਂਦਾ ਜਿਸਦਾ ਵਿਚਾਰ ਬਈ। ਜਦੋਂ 'ਕੱਲਿਆਂ ਤੋਂ ਬਣ ਜਾਂਦੇ ਕਾਫਲ਼ੇ ਤਾਂ ਝੁੱਕ ਜਾਂਦੇ ਸਾਰੇ ਹਥਿਆਰ ਬਈ। ਜਦੋਂ ਵਰਦੀ ਭਰਾਵਾਂ ਨਾਲ ਖੜਦੀ ਸੱਤਾ ਸੁਸਰੀ ਦੇ ਵਾਂਗ ਉਦੋਂ ਸੌਂਦੀ ਐ। ਸਵਾਲਾਂ ਤੋਂ ਕਦੀ ਨਹੀਂਓ ਭੱਜੀ ਦਾ ਜਵਾਬ ਦੇਈਏ ਸਲੀਕੇ ਠੋਕ ਕੇ। ਜਦੋਂ ਬੋਲੀਏ ਸਬੂਤਾਂ ਨਾਲ ਬੋਲੀਏ ਸਾਹ ਵੈਰੀ ਵੀ ਖੜ੍ਹ ਜਾਣ ਰੋਕ ਕੇ। ਉਸ ਭੀੜ ਪਿੱਛੇ ਕਦੇ ਵੀ ਨ ਲੱਗੀਏ ਖੌਰੂ ਪਾਕੇ ਜੋ ਭਾਲੀ ਨ ਥਿਆਉਂਦੀ ਐ। ਕਿਤਾਬਾਂ ਤੇ ਦਲੀਲ ਕੋਲ ਰੱਖ ਕੇ ਸਿੱਖ ਕੈਡਰ ਨੂੰ ਕਰਨਾ ਤਿਆਰ ਓਇ। ਉਗਰਾਹਾਂ ਵਾਲਿਆਂ ਤੋਂ ਕੁੱਝ ਸਿੱਖ ਲਈਂ ਕਿਵੇਂ ਕਰਦੇ ਠਰੰਮੇ ਨਾਲ ਵਾਰ ਓਇ। ਜੇ ਏਕਤਾ 'ਚ ਹੋਣ ਕਮਜ਼ੋਰੀਆਂ ਸੱਤਾ ਬੱਕਰੇ ਦੇ ਵਾਂਗ ਝਟਕਾਉਂਦੀ ਐ।

ਜੇ ਸੋਚ ਤੇਰੀ ਨਾ ਲੋਕਾਂ ਨੂੰ

ਜੇ ਸੋਚ ਤੇਰੀ ਨਾ ਲੋਕਾਂ ਨੂੰ ਸਵੀਕਾਰ ਮੂਰਖਾ ਓਇ। ਲੱਖ ਚੱਕੀ ਫਿਰ ਤੂੰ ਮੋਢੇ 'ਤੇ ਹਥਿਆਰ ਮੂਰਖਾ ਓਇ। ਬਿਨਾਂ ਤਰਕ ਦਲੀਲ ਕਰੇਂ ਤਕਰਾਰ ਮੂਰਖਾ ਓਇ ਧੌਣ ਵੱਢ ਕੇ ਖਤਮ ਨਾ ਹੋਣ ਵਿਚਾਰ ਮੂਰਖਾ ਓਇ। ਕੁਰਬਾਨੀ ਤੇਰੀ ਜਾਊਗੀ ਬੇਕਾਰ ਮੂਰਖਾ ਓਇ। ਜੇ ਨਸਲਾਂ ਨੂੰ ਕੀਤਾ ਨਾ ਤੂੰ ਤਿਆਰ ਮੂਰਖਾ ਓਇ। ਬੀਤ ਗਿਆ ਜਦ ਚਲਦੀ ਸੀ ਤਲਵਾਰ ਮੂਰਖਾ ਓਇ। ਅੱਜਕਲ੍ਹ ਚਲਦੇ ਕਲਮ ਅਤੇ ਅਖਬਾਰ ਮੂਰਖਾ ਓਇ।

ਅੱਖਰਾਂ ਨੂੰ ਲੱਤਾਂ ਜਿਹੜੇ ਮਾਰਦੇ

ਅੱਖਰਾਂ ਨੂੰ ਲੱਤਾਂ ਜਿਹੜੇ ਮਾਰਦੇ ਜਿੰਦਗੀ 'ਚ ਖਾਂਦੇ ਓ ਦੁਲੱਤੀਆਂ। ਮਾਪਿਆਂ ਦੀ ਆਖਰੀ ਉਮੀਦ ਨੇ ਜਿਹਨਾਂ ਨੇ ਕਿਤਾਬਾਂ ਸਾਂਭ ਰੱਖੀਆਂ। ਪੁੱਤਰਾ ਕਿਤਾਬਾਂ ਹਥਿਆਰ ਨੇ ਸਿਲੇਬਸ ਤੋਂ ਬਾਹਰ ਗੇੜਾ ਮਾਰ ਲੈ। ਲਾਇਬ੍ਰੇਰੀ ਨਾਲ ਪਾਲੈ ਦੋਸਤੀ ਕਰਮਾਂ ਦੀ ਖੇਤੀ ਨੂੰ ਸੰਵਾਰ ਲੈ। ਵਿੱਦਿਆ ਦੀ ਅੱਖ ਅੱਖਾਂ ਖੋਲ੍ਹਦੀ ਜਗਣ ਦਿਮਾਗ ਦੀਆਂ ਬੱਤੀਆਂ। ਵੇਲ਼ਾ ਤੇ ਵੱਤਰ ਜਿਨਾਂ ਸਾਂਭਿਆ ਬੀਜ ਲਈਆਂ ਕਲਮ ਕਿਆਰੀਆਂ। ਨਖਰਾ ਅਤੇ ਆਕੜ ਤਾਂ ਪੁੱਤਰਾ ਪੱਲੇ ਪਾਉਂਦੀਆਂ ਨੇ ਦੁਸ਼ਵਾਰੀਆਂ। ਇੱਕ ਦਿਨ ਮਿਹਨਤਾਂ ਦੇ ਰੁੱਖ ਨੂੰ ਲੱਗਣ ਉਮੀਦਾਂ ਦੀਆਂ ਪੱਤੀਆਂ। ਅਰਥਾਂ ਨੇ ਘੋੜਾ ਜਦੋਂ ਬੀੜਿਆ ਸ਼ਬਦਾਂ ਨੇ ਮਾਰੀਆਂ ਉਡਾਰੀਆਂ। ਖਿਆਲਾਂ ਵਿਚ ਹਲਚਲ ਹੋ ਗਈ ਸੋਚਾਂ ਵਿੱਚ ਹੋਈਆਂ ਕਲਾਕਾਰੀਆਂ। ਚੇਤਨਾ ਨੂੰ ਪੁੱਤਰਾ ਸ਼ਿੰਗਾਰ ਲੈ ਛੱਡ ਦੇ ਤੂੰ ਕੰਨਾਂ ਵਿਚ ਨੱਤੀਆਂ।

ਜਿੱਥੇ ਹੁੰਦੀ ਹੈ ਪਬੰਦੀ ਹਥਿਆਰ ਦੀ

ਜਿੱਥੇ ਹੁੰਦੀ ਹੈ ਪਬੰਦੀ ਹਥਿਆਰ ਦੀ ਨੀ ਉੱਥੇ ਜੱਟ ਫਾਇਰ ਕਰਦਾ। ਜੱਟ ਹੋਸਟਲ ਵਿੱਚ ਦਾਰੂ ਪੀਂਦਾ ਪੈੱਗ ਲਾਕੇ ਬਾਂਹ ਫੜਦਾ। ਜੱਟ ਅਠਾਰਵੇ 'ਚ ਹੁੰਦਾ ਬਦਨਾਮ ਨੀ ਗਾਣਿਆਂ 'ਚ ਸਾਲਾ ਬੋਲਦਾ। ਹੁਣ ਜੱਟ ਨੂੰ ਬਿਮਾਰੀ ਨਵੀਂ ਲੱਗ ਗਈ ਉਹ ਲਹਿੰਗੇ 'ਤੇ ਸ਼ਰਾਬ ਡੋਲਦਾ। ਜੱਟ ਦੇ ਨੀ ਸੀਨੇ ਵਿੱਚੋਂ ਸੇਕ ਮਾਰਦਾ। ਜੱਟ ਸੜਕ ਵਿਚਾਲੇ ਨੀ ਬਰੇਕ ਮਾਰਦਾ। ਜੱਟ ਕੋਲੋਂ ਲੰਘਦਾ ਨੀ ਫੇਟ ਮਾਰਦਾ। ਜੱਟ ਚੱਕ ਕੇ ਗੁਆਂਢੀਆਂ ਦਾ ਗੇਟ ਮਾਰਦਾ। ਡੱਬ ਵਿੱਚ ਜੱਟ ਨੀ ਮਸ਼ੂਕ ਰੱਖਦਾ। ਜੱਟ ਜਿਉਣੇ ਮੌੜ ਵਰਗੀ ਬੰਦੂਕ ਰੱਖਦਾ। ਜੱਟ ਦੀ ਗੰਡਾਸੀ ਧੂੜਾਂ ਪੱਟਦੀ ਪੈਰਾਂ ਵਿਚ ਡੀਸੀ ਰੋਲਦਾ।

ਭੱਠੀ ਵਿਚ ਸੁੱਟੇ ਤਿਲ

ਭੱਠੀ ਵਿਚ ਸੁੱਟੇ ਤਿਲ ਉਗਦੇ ਨਹੀਂ ਕਾਗਜਾਂ ਦੇ ਬਿਰਖਾਂ ਨੂੰ ਪੈਂਦਾ ਬੂਰ ਨਾ। ਚੋਰਾਂ ਅਤੇ ਗੁੰਡਿਆਂ ਦੇ ਫਿੱਟ ਬੈਠਦਾ ਸ਼ਰਧਾ 'ਚ ਅੰਨ੍ਹੇ ਹੋਕੇ ਪੱਖ ਪੂਰਨਾ। ਚੇਲਿਆਂ ਦੀ ਜਿੰਦਗੀ ਤਾਂ ਲੱਸੀ ਹੋ ਗਈ ਸਾਧ ਬਈ ਬੂਬਣੇ ਮਲਾਈਆਂ ਖਾਂਦੇ ਨੇ। ਭਗਤਾਂ ਦੇ ਭਾਂਡੇ ਵੀ ਜਾਣ ਵਿਕਦੇ ਗੁੰਡੇ ਹਵਾ ਖਾਣ ਲਈ ਵਿਦੇਸ਼ ਜਾਂਦੇ ਨੇ। ਧੁੱਪ ਵਿਚ ਦੁਖੀ ਰਾਮ ਸੇਵਾ ਕਰਦਾ ਏਸੀ ਵਿੱਚ ਬੈਠਾ ਸਾਧ ਖਾਵੇ ਚੂਰਮਾ। ਗੰਦਲੀ ਸਿਆਸਤ ਤਾਂ ਮਾਰੇ ਮੁਸ਼ਕਾਂ ਮਰ ਗਈ ਜਮੀਰ ਨੂੰ ਤਰੱਕੀ ਲਗਦੀ। ਅੱਖਾਂ ਉੱਤੇ ਜਦੋਂ ਲੱਗ ਜਾਂਦੇ ਖੋਪੜੇ ਮੂਰਖਾਂ ਨੂੰ ਖੱਚਰ ਵੀ ਬੱਕੀ ਲਗਦੀ। ਹਕੂਮਤ ਦੀ ਗੋਦ ਵਿਚ ਮਾਰੇ ਥਾਪੀਆਂ ਲੱਗੇ ਲਾਈਲੱਗਾਂ ਨੂੰ ਏ ਬੜਾ ਸੂਰਮਾ। ਭਗਤਾਂ ਲਈ ਥਾਂ ਥਾਂ ਤੇ ਟੱਲ ਬੰਨ੍ਹ ਤੇ ਖੁਸ਼ੀ ਵਿੱਚ ਖੀਵੇ ਹੋ ਵਜਾਈ ਜਾਂਦੇ ਨੇ। ਇਹਨਾਂ ਨੇ ਕਿਹੜਾ ਹੁੰਦੇ ਹੱਕ ਮੰਗਣੇ ਸੁਰਗਾਂ ਦੇ ਸੁਪਨੇ ਸਜਾਈ ਜਾਂਦੇ ਨੇ। ਕੁੰਢੀ ਹੋਈ ਸੋਚ ਕੋਲ ਕੱਖ ਨਾ ਰਿਹਾ ਖੁੱਡ ਵਿੱਚ ਵੜ ਜਾਂਦਾ ਇੱਕੋ ਘੂਰ ਨਾ

ਤੈਨੂੰ ਰੱਬਾ ਜੇ ਭਜਨ ਸੁਣ ਜਾਂਦੇ ਨੇ

ਤੈਨੂੰ ਰੱਬਾ ਜੇ ਭਜਨ ਸੁਣ ਜਾਂਦੇ ਨੇ ਫਿਰ ਬੇਟੀਆਂ ਦੀ ਚੀਕ ਕਿਉਂ ਨਹੀਂ ਸੁਣਦੀ। ਕੋਈ ਦੈਂਤ ਜਦੋਂ ਕਰਦਾ ਦਰਿੰਦਗੀ ਮੰਗੀ ਜਿੰਦਗੀ ਦੀ ਭੀਖ ਕਿਉਂ ਨਹੀਂ ਸੁਣਦੀ। ਤੇਰੇ ਭਗਤਾਂ ਨੇ ਦੋ ਹੀ ਗੱਲਾਂ ਸਿੱਖੀਆਂ ਤੀਰ ਰੱਖਦੇ ਕਮਾਨ ਵਿਚ ਕਸਿਆ। ਜੇ ਕੋਈ ਮਰਜੇ ਤਾਂ ਬੱਸ ਇਹਦੀ ਲਿਖੀ ਸੀ ਜੇ ਕੋਈ ਬਚ ਜੇ ਤਾਂ ਹੱਥ ਦੇਕੇ ਰੱਖਿਆ। ਤੇਰੇ ਟੱਲੀਆਂ ਵਜਾਉਣੇ ਲਾਈਲੱਗ ਨੇ ਗੱਲ ਇਹਨਾਂ ਨੂੰ ਵੀ ਠੀਕ ਕਿਉਂ ਨਹੀਂ ਸੁਣਦੀ। ਅੱਜ ਤੱਕ ਕਦੇ ਕਿਸੇ ਵੀ ਨਾ ਦੇਖਿਆ ਕੋਈ ਕੀਤਾ ਹੋਵੇ ਖਰਾ ਇਨਸਾਫ ਤੂੰ। ਅਸੀਂ ਚੌਵੀ ਘੰਟੇ ਰਾਖੀ ਤੇਰੀ ਕਰਦੇ ਨਾਲੇ ਭਾਲਦਾ ਏਂ ਸੁਭਾ-ਸ਼ਾਮ ਜਾਪ ਤੂੰ। ਸੁੱਖ ਮੁੰਡਾ ਹੋਣ ਵਾਲੀ ਸੁਣ ਜਾਂਦੀ ਏ ਵੱਢੀ ਕੁੱਖ 'ਚ ਬਰੀਕ ਕਿਉਂ ਨਹੀਂ ਸੁਣਦੀ। ਤੇਰੇ ਨਾਂ 'ਤੇ ਦੁਕਾਨਾਂ ਖੋਲ੍ਹ ਲੁੱਟਦੇ ਕਦੇ ਦੇਖਿਆ ਨਾ ਤੇਰਾ ਇਤਰਾਜ਼ ਬਈ। ਕਥਾ-ਵਾਰਤਾ ਦੇ ਵਿਚ ਜਿਹੜਾ ਸੁਣਦੇ ਕਿੱਥੇ ਜਾਂਦਾ ਤੇਰਾ ਤਾਰਨਾ ਜਹਾਜ ਬਈ। ਜੇ ਤੂੰ ਕਣ-ਕਣ ਵਿਚ ਹੈਂ ਵਿਰਾਜਦਾ ਵੱਜੀ ਕਣਾਂ 'ਤੇ ਝਰੀਟ ਕਿਉਂ ਨਹੀਂ ਸੁਣਦੀ।

ਧੀਏ ਸਾਡਾ ਦੋਗਲਾ ਸਮਾਜ ਨੀ

ਧੀਏ ਸਾਡਾ ਦੋਗਲਾ ਸਮਾਜ ਨੀ ਧੀਏ ਸਾਡੇ ਚੰਦਰੇ ਰਿਵਾਜ ਨੀ। ਪੁੱਤਾਂ ਕੋਲੋਂ ਗਲਤੀ ਹੋ ਜਾਂਦੀ ਐ ਧੀਆਂ ਕੋਲੋਂ ਹੁੰਦੇ ਅਪਰਾਧ ਨੀ। ਉੱਚਾ ਰੁਤਬਾ ਏ ਮਰਦ ਦੀ ਮੁੱਛ ਦਾ ਤੇਰੀ ਗੁੱਤ ਦੀ ਤਾਂ ਦੱਸ ਕੀ ਮਜਾਲ ਨੀ। ਜੇ ਤੂੰ ਕਰਦੇਂ ਸ਼ਿਕਾਇਤ ਕਿਤੇ ਭੁੱਲ ਕੇ ਪਹਿਲਾਂ ਤੇਰੇ 'ਤੇ ਹੀ ਉਠਦੇ ਸਵਾਲ ਨੀਂ। ਧੀ ਬਾਬਲ ਦੀ ਪੱਗ ਨਾਲ ਨੂੜ 'ਤੀ ਪੁੱਤ ਅੰਮੜੀ ਦੀ ਚੁੰਨੀ ਤੋਂ ਆਜ਼ਾਦ ਨੀ। ਜਦੋਂ ਕੱਢਣਾ ਕਸੂਰ ਤੇਰਾ ਹੋਵੇ ਨੀ ਕਹਿੰਦੇ ਤਾੜੀ ਦੋਹਾਂ ਹੱਥਾਂ ਨਾਲ ਵਜਦੀ। ਉਂਝ ਮੁੰਡੇ ਨੂੰ ਕਦੇ ਨ ਕਹਿੰਦੇ ਭੱਜ ਗਿਆ ਮਿਹਣਾ ਧੀਆਂ ਨੂੰ ਹੀ ਮਿਲਦਾ ਏ ਭੱਜਗੀ। ਪੁੱਤ ਚਿੱਕੜ 'ਚ ਲੇਟਕੇ ਨਾ ਲਿੱਬੜੇ ਧੀ ਹੱਸ ਪਵੇ ਲੱਥ ਦੇ ਨਾ ਦਾਗ ਨੀ। ਤੇਰੀ ਚੁੱਪ 'ਤੇ ਪਖੰਡ ਸਾਰੇ ਨੱਚਦੇ ਤੇਰੀ ਲਾਜ 'ਤੇ ਹੀ ਨੱਚਣ ਵਧੀਕੀਆਂ। ਕੁੱਝ ਝੰਡੇ ਤੂੰ ਬਣਾ ਲੈ ਚੁੰਨੀ ਪਾੜ ਕੇ ਸਭ ਮੱਥੇ ਉਤੋਂ ਪੂੰਝ ਦੇ ਕੁਰੀਤੀਆਂ। ਸੋਚ ਧੀਆਂ ਨੂੰ ਜੋ ਬੰਧਨਾਂ 'ਚ ਰੱਖਦੀ ਉਹਦੀ ਪਿਲਪਿਲੀ ਹੁੰਦੀ ਬੁਨਿਆਦ ਨੀ।

ਕੋਈ ਤੇਰੇ ਲਹਿੰਗੇ ਤੇ ਸ਼ਰਾਬ ਡੋਲਦੈ

ਕੋਈ ਤੇਰੇ ਲਹਿੰਗੇ ਤੇ ਸ਼ਰਾਬ ਡੋਲਦੈ। ਕੋਈ ਤੇਰੇ ਚਿਹਰੇ ਤੇ ਤੇਜ਼ਾਬ ਡੋਲਦੈ। ਕਈਆਂ ਨੂੰ ਲੱਗੇ ਲੋਥੜਾ ਤੂੰ ਮਾਸ ਦਾ ਕੋਈ ਤੇਰੇ ਮਿੱਟੀ 'ਚ ਖਵਾਬ ਰੋਲਦੈ। ਕੋਈ ਤੈਨੂੰ ਜੰਮਣ ਤੋਂ ਪਹਿਲਾਂ ਮਾਰਦੈ ਕੋਈ ਤੈਨੂੰ ਸਾੜਦਾ ਤੰਦੂਰ ਵਿਚ ਨੀ। ਗਾਲ੍ਹਾਂ ਸਭ ਬਣੀਆਂ ਨੇ ਤੇਰੇ ਵਾਸਤੇ ਕੱਢਦੇ ਨੇ ਮਰਦ ਗਰੂਰ ਵਿਚ ਨੀ। ਹਰ ਵਾਰ ਹੁੰਦਾ ਏ ਕਸੂਰ ਤੇਰਾ ਨੀ ਕੋਈ ਚਾਲ-ਚਲਣ ਖਰਾਬ ਬੋਲਦੈ। ਰੂਹ ਤੇਰੀ ਭੀੜ ਅੱਗੇ ਨੰਗੀ ਚੀਕਦੀ ਦੰਗਿਆਂ 'ਚ ਤੇਰਾ ਹੀ ਸ਼ਿਕਾਰ ਹੁੰਦਾ ਏ। ਪਾਉਂਦੇ ਨੇ ਧਰਮਾਂ 'ਚ ਉੱਚਾ ਰੁਤਬਾ ਬਲਾਤਕਾਰੀਆਂ ਦਾ ਸਤਿਕਾਰ ਹੁੰਦਾ ਏ। ਦੁਰਾਚਾਰੀ ਸਾਧਾਂ ਨੂੰ ਪੈਰੋਲ ਮਿਲਦੀ ਕੋਈ ਤੇਰੀ ਜਿੰਦਗੀ 'ਚ ਜ਼ਹਿਰ ਘੋਲਦਾ। ਕੋਈ ਤੈਨੂੰ ਗੁੰਨ੍ਹਦਾ ਏ ਆਟੇ ਵਾਂਗ ਨੀ ਕੋਈ ਬੰਬੂਕਾਟ ਦੇ ਪਟਾਕੇ ਪਾਉਂਦਾ ਏ ਕੋਈ ਤੇਰੀ ਨੱਚਦੀ ਦੀ ਬਾਂਹ ਫੜਦਾ। ਕੋਈ ਧੱਕੇ ਨਾਲ ਲੈ ਬਰਾਤ ਆਉਂਦਾ ਏ। ਕੋਈ ਤੈਨੂੰ ਨਾਗਣ ਕੋਈ ਬੰਬ ਆਖਦਾ ਕੋਈ ਤੈਨੂੰ ਪੁਰਜਾ ਕੋਈ ਮਾਲ਼ ਬੋਲਦੈ।

ਜੇ ਅਸੀਂ ਰੋਟੀ ਦੀ ਲੜਾਈ ਲੜਦੇ

ਜੇ ਅਸੀਂ ਰੋਟੀ ਦੀ ਲੜਾਈ ਲੜਦੇ। ਬੱਚੇ ਸਾਡੇ ਕਦੇ ਨ ਜਹਾਜ ਚੜਦੇ। ਰੋਂਦੀਆਂ ਨਾਂ ਸਾਡੀਆਂ ਉਦਾਸ ਸੱਧਰਾਂ ਖਾਰੇ ਹੰਝੂ ਲੈਕੇ ਨਾ ਅੰਦਰ ਵੜਦੇ। ਸੱਤਾ ਨੂੰ ਸਵਾਲ ਕਦੇ ਪੁੱਛਿਆ ਨਹੀਂ ਹੱਥ ਜੋੜ-ਜੋੜ ਰਹੇ ਭਾਣੇ ਮੰਨਦੇ। ਝੂਠੀਆਂ ਤਸੱਲੀਆਂ 'ਚ ਜਿਉਂਦੇ ਰਹੇ ਰੱਬ ਦੇ ਖਿਲਾਰੇ ਹੋਏ ਦਾਣੇ ਮੰਨਦੇ। ਬੜਾ ਕੁੱਝ ਸੀਨੇ 'ਚ ਲਕੋਈ ਰੱਖਦੇ ਹੱਸ-ਹੱਸ ਜਖ਼ਮਾਂ 'ਤੇ ਪਾਉਂਦੇ ਪੜਦੇ। ਬੜਾ ਅਸੀਂ ਡਰਦੇ ਸੀ ਜੇਲ੍ਹ ਜਾਣ ਤੋਂ ਘਰ ਸਾਡੇ ਹੋ ਗਏ ਹਵਾਲਾਤ ਵਰਗੇ। ਵਿਛੋੜਿਆਂ ਦੀ ਲਗਦਾ ਏ ਕੈਦ ਕੱਟਦੇ ਮਿਲਣੇ ਵੀ ਸਾਡੇ ਮੁਲਾਕਾਤ ਵਰਗੇ। ਸਜਾ ਸਾਨੂੰ ਮਿਲੀ ਸਾਡੇ ਚੁੱਪ ਰਹਿਣ ਦੀ ਬੋਲਣ ਦੀ ਰੁੱਤੇ ਸੀ ਅੰਦਰ ਵੜਦੇ। ਸ਼ਰੀਕੇਬਾਜੀ ਵਿਚ ਅਸੀਂ ਬੜੇ ਸੂਰਮੇ ਗੱਲ ਗੱਲ ਉੱਤੇ ਅਸੀਂ ਗਾਲ੍ਹ ਕੱਢਦੇ। ਦੋ ਪੈੱਗ ਲਾਕੇ ਲਲਕਾਰੇ ਮਾਰਦੇ। ਧਰਮਾਂ ਦੀ ਰਾਖੀ ਲਈ ਜੈਕਾਰੇ ਛੱਡਦੇ। ਸਾਂਝੀਆਂ ਲੜਾਈਆਂ ਤੋਂ ਪਾਸਾ ਵੱਟਿਆ ਆਂਢੀਆਂ-ਗੁਆਂਢੀਆਂ ਤੋਂ ਰਹੇ ਸੜਦੇ।

ਤੇਰੇ ਪਿੰਡ 'ਚ ਬਲੈਕੀਆਂ ਦੀ ਚਲਦੀ

ਤੇਰੇ ਪਿੰਡ 'ਚ ਬਲੈਕੀਆਂ ਦੀ ਚਲਦੀ ਸਾਡੇ ਪਿੰਡ ਵਿੱਚ ਚੱਲੇ ਲਾਇਬਰੇਰੀ ਵੇ। ਤੇਰੇ ਪਿੰਡ 'ਚ ਸ਼ਰੀਕੇਬਾਜ਼ੀ ਮਿਲਦੀ ਸਾਡੇ ਪਿੰਡ ਵਿੱਚ ਮਿਲੇ ਹੱਲਾਸ਼ੇਰੀ ਵੇ। ਥੋਡੇ ਟੋਚਣਾਂ ਦੇ ਮੇਲੇ ਰਹਿਣ ਲਗਦੇ ਸਾਡੇ ਲਗਦੀ ਕਿਤਾਬਾਂ ਦੀ ਸਟਾਲ ਵੇ। ਥੋਡੇ ਗੱਲ-ਗੱਲ ਉਤੇ ਗਾਲ੍ਹ ਕੱਢਦੇ ਸਾਡੇ ਬੋਲਦੇ ਲਿਆਕਤਾਂ ਦੇ ਨਾਲ ਵੇ। ਸਰਪੰਚੀ 'ਚ ਕਰੋੜ ਥੋਡੇ ਲਗਦਾ ਸਾਡੇ ਲੱਡੂਆਂ ਦੀ ਲਗਦੀ ਪਸੇਰੀ ਵੇ। ਥੋਡੇ ਸਿਰ ਵਿੱਚ ਜੱਟਵਾਦ ਨੱਚਦਾ ਲੈਕੇ ਕਰਜਾ ਬਣਾਉਂਦੇ ਤੁਸੀਂ ਠਾਠ ਵੇ। ਥੋਡੇ ਫਤਵੇ ਸਪੀਕਰਾਂ ਚੋਂ ਆਉਂਦੇ ਨੇ ਵਿਹੜੇ ਵਾਲਿਆਂ ਦਾ ਹੁੰਦਾ ਬਾਈਕਾਟ ਵੇ। ਸਾਂਝੀਵਾਲਤਾ ਨਾ ਥੋਡੇ ਪਿੰਡ ਲੱਭਦੀ ਸਾਡੇ ਪਿੰਡ ਵਿਚ ਲੱਭ ਜੂ ਬਥੇਰੀ ਵੇ। ਜਦੋਂ ਦਿੱਲੀ ਵਿਚ ਲੱਗਿਆ ਸੀ ਮੋਰਚਾ ਸਾਡੇ ਪਿੰਡ ਨੇ ਹੀ ਕੀਤੀ ਅਗਵਾਈ ਸੀ। ਨਾਲ ਸਬਰ ਦੇ ਤੇਰਾਂ ਮਹੀਨੇ ਬੈਠਕੇ ਠੱਲ੍ਹ ਜਾਬਰਾਂ ਦੇ ਜ਼ੁਲਮਾਂ ਨੂੰ ਪਾਈ ਸੀ। ਤੇਰੇ ਪਿੰਡ 'ਚ ਲੜਾਈ ਮੁੱਲ ਮਿਲਦੀ ਸਾਡੇ ਸਿਆਣਪਾਂ ਦੇ ਨਾਲ ਦਲੇਰੀ ਵੇ।

ਸਿਆਸਤ ਨੂੰ ਸੱਤਾ ਦੀ ਹਵਸ ਹੋ ਗਈ

ਸਿਆਸਤ ਨੂੰ ਸੱਤਾ ਦੀ ਹਵਸ ਹੋ ਗਈ ਚੇਤਨਾ ਨੂੰ ਲੋਭ ਦਾ ਗ੍ਰਹਿਣ ਲੱਗਿਆ। ਬੇਇਨਸਾਫ਼ੀਆਂ ਨੇ ਮੱਲੀ ਕੁਰਸੀ ਖੂਨ ਗੰਗਾ ਜਲ ਵਾਂਗੂ ਵਹਿਣ ਲੱਗਿਆ। ਮੁੜ੍ਹਕੇ ਨੂੰ ਦਰਦਾ ਦੇ ਮੋਤੀ ਮਿਲਦੇ ਕਲਮਾਂ ਦੀ ਸੋਚ ਵੀ ਕੰਗਾਲ ਹੋ ਗਈ। ਅੱਖਾਂ ਵਿਚ ਸੁਪਨੇ ਸੁਨਹਿਰੀ ਡੁੱਬ ਗਏ ਵਿਚਾਰਾਂ ਦੀ ਕਟਾਰ ਨੂੰ ਜੰਗਾਲ ਹੋ ਗਈ ਮੌਕਾਪ੍ਰਸਤੀ ਨੇ ਬੰਨ੍ਹੀ ਰੱਖੜੀ ਫਿਰਕੂਪੁਣੇ ਨੂੰ ਭੈਣ ਕਹਿਣ ਲੱਗਿਆ। ਰੂਹਾਂ ਵਾਲੇ ਬਲਦੇ ਚਿਰਾਗ ਬੁੱਝ ਗਏ ਲੋਕ ਮੱਤ ਉੱਤੇ ਬਈ ਘਟਾਵਾਂ ਛਾ ਗਈਆਂ। ਵਿਹੜਿਆਂ ਦਾ ਚਾਨਣ ਗਵਾਚਿਆ ਫਿਰੇ ਚੰਦਰੀਆਂ ਕਿਥੋਂ ਇਹ ਬਲਾਵਾਂ ਆ ਗਈਆਂ। ਔਖੀ ਹੋ ਗਈ ਰੰਗਾਂ ਨੂੰ ਪਛਾਣ ਦਸਣੀ ਇੱਕ ਰੰਗ ਮੂਹਰੇ ਹੋਕੇ ਬਹਿਣ ਲੱਗਿਆ। ਤੱਤਾਂ ਦੀ ਤਾਸੀਰ ਨੂੰ ਪਛਾਣਨਾ ਪਾਊ ਫਿਰ ਹੀ ਹਨੇਰਿਆਂ 'ਤੇ ਵਾਰ ਹੋਊਗਾ। ਧਾਰੀ ਬੰਨ੍ਹ ਏਕਤਾ ਨੇ ਪਾਇਆ ਸੁਰਮਾ ਜਾਲਮਾਂ ਨੂੰ ਉਦਣ ਬੁਖਾਰ ਹੋਊਗਾ। ਦੇਖੀਂ ਤੂੰ ਸਿੰਘਾਸਨ ਦੇ ਪਾਵੇ ਹਿਲਦੇ ਅੱਖਾਂ ਮੂਹਰੇ ਮੱਲ ਜਦੋ ਢਹਿਣ ਲੱਗਿਆ

ਅੱਜ ਕਰਨ ਗਏ ਨੇ ਜੋ ਦਿਹਾੜੀਆਂ

ਅੱਜ ਕਰਨ ਗਏ ਨੇ ਜੋ ਦਿਹਾੜੀਆਂ। ਉਹਨਾਂ ਦੀਆਂ ਕਾਹਦੀਆਂ ਦੀਵਾਲੀਆਂ। ਬਾਪੂ ਆਊਗਾ ਮਿਠਾਈ ਵੀ ਲਿਆਉਗਾ ਉਡੀਕਦੀਆਂ ਸੱਧਰਾਂ ਕੁਆਰੀਆਂ। ਦਿਲ ਕਰਦਾ ਸੀ ਛੁੱਟੀ ਅੱਜ ਮਾਰਲਾਂ ਪਰ ਕੋਠੀਆਂ 'ਚ ਪੋਚੇ ਵੀ ਤਾਂ ਲਾਉਂਣੇ ਨੇ। ਮੈਂ ਵੀ ਰਿਕਸ਼ੇ ਦੇ ਚਾਰ ਗੇੜੇ ਲਾ ਲਵਾਂ ਕੁੱਝ ਠੰਡ ਵਾਲੇ ਕਪੜੇ ਲਿਆਉਣੇ ਨੇ। ਮੀਆਂ ਬੀਵੀ ਦੁਖ-ਸੁਖ ਫੋਲਦੇ ਬੈਠੇ ਝੁੱਗੀ ਵਿਚ ਬੂਹਾ ਨ ਕੋਈ ਬਾਰੀਆਂ। ਮੰਡੀ 'ਚ ਕਿਸਾਨ ਬੈਠਾ ਤਾਰੇ ਵੇਖਦਾ ਪੈਰਾਂ ਵਿੱਚ ਰੁਲਣ ਜਵਾਨ ਫਸਲਾਂ। ਧਰਨਾਂ ਜੇ ਲਈਏ ਲੋਕ ਗਾਲ੍ਹਾਂ ਕੱਢਦੇ ਚਿੱਟੇ ਉੱਤੇ ਲੱਗੀਆਂ ਨਦਾਨ ਨਸਲਾਂ। ਕਿਰਤੀ ਤੇ ਕਾਮੇ ਵੱਖੋ ਵੱਖ ਨੇ ਸ਼ਾਹਾਂ ਦੀਆਂ ਸੱਤਾ ਨਾਲ ਯਾਰੀਆਂ। ਕਰਜੇ ਉਹਨਾਂ ਦੇ ਮਾਫ ਹੋ ਗਏ ਜੋ ਕਾਮਿਆਂ ਦਾ ਖੂਨ ਨੇ ਨਿਚੋੜਦੇ। ਕੁਝ ਧੰਨਿਆਂ ਦੇ ਵਿਆਹਾਂ ਵਿਚ ਨੱਚਦੇ ਕੁੱਝ ਧਰਮਾਂ ਦੇ ਨਾਂ ਟੇ ਦੇਸ਼ ਤੋੜਦੇ। ਹਰ ਦਿਨ ਉਹਨਾਂ ਦੀ ਦੀਵਾਲੀ ਐ ਸਾਡੇ ਪੱਲੇ ਪੈਂਦੀਆਂ ਖੁਆਰੀਆਂ।

ਤੇਰਾ ਨਿਕਲੂ ਜਨਾਜ਼ਾ ਸ਼ਾਨ ਨਾਲ ਬਈ

ਤੇਰਾ ਨਿਕਲੂ ਜਨਾਜ਼ਾ ਸ਼ਾਨ ਨਾਲ ਬਈ ਜੇ ਤੂੰ ਫੁਕਰਾ-ਪੰਥੀ ਦੇ ਗੀਤ ਗਾਵੇਂਗਾ। ਰੀਸ ਕਰੇਂਗਾ ਜੇ ਮਿੱਤਰਾ ਉਦਾਸੀ ਦੀ ਘਾਹ ਖੋਤਦਾ ਵੱਟਾਂ ਤੋਂ ਮਰ ਜਾਵੇਂਗਾ। ਸਾਡੇ ਨਹੀਂ ਜਨਾਨੀਆਂ ਦੀ ਸੁਣਦੇ ਇਹ ਗਿੱਚੀ ਪਿੱਛੇ ਰੱਖਦੀਆਂ ਮੱਤ ਬਈ। ਹੱਸ ਹੱਸ ਲਾਉਂਦੀਆਂ ਇਹ ਯਾਰੀਆਂ ਫਿਰ ਰੋ ਰੋ ਕੇ ਦਿੰਦੀਆਂ ਨੇ ਦੱਸ ਬਈ। ਲਹਿੰਗੇ ਉੱਤੇ ਡੋਲ੍ਹ ਕੇ ਸ਼ਰਾਬ ਤੂੰ ਕੰਡੇ ਕੁੜੀਆਂ ਦੇ ਰਾਹਾਂ 'ਚ ਵਿਛਾਵੇਂਗਾ। ਜੱਟ ਜੇਬ ਵਿੱਚ ਰੱਖਦਾ ਕਨੂੰਨ ਨੀ ਜੱਟ ਸੀਟ ਉੱਤੇ ਰੱਖਦਾ ਏ ਗੰਨ ਨੀ। ਜੱਟ ਦੁਨੀਆਂ ਨੂੰ ਜੁੱਤੀ ਥੱਲੇ ਰੱਖਦਾ ਜੱਟ ਲੈਕੇ ਆਊ ਤੇਰੇ ਬੂਹੇ ਜੰਨ ਨੀਂ। ਆਕੇ ਕੈਮਰੇ ਦੇ ਅੱਗੇ ਮਾਰੀਂ ਥਾਪੀਆਂ ਗੱਲਾਂ ਹੋਛੀਆਂ 'ਤੇ ਫ਼ਿਲਮਾਂ ਬਣਾਵੇਂਗਾ। ਜੱਟ ਹੋਸਟਲ ਵਿਚ ਦਾਰੂ ਪੀਂਦਾ ਨੀ ਜੱਟ ਸੱਥ ਵਿਚ ਮਾਰੇ ਲਲਕਾਰੇ ਨੀ। ਜੱਟ ਭੈਣ ਦੀ ਟਿਕਾਕੇ ਗਾਲ੍ਹ ਕੱਢਦਾ ਜੱਟ ਵਿਗੜਿਆ ਪੁੱਠੇ ਕਰੇ ਕਾਰੇ ਨੀ। ਭੋਲੇ ਜੱਟ ਦਾ ਤੂੰ ਅਕਸ ਵਿਗਾੜ ਕੇ ਫੂਕ ਚਾਂਭਲੀ ਮੁੰਡੀਰ ਨੂੰ ਛਕਾਵੇਂਗਾ।

ਮੈਨੂੰ ਲਿਖਣਾ ਸਿਖਾ ਦੇ ਮਾਂ

ਮੈਨੂੰ ਲਿਖਣਾ ਸਿਖਾ ਦੇ ਮਾਂ ਨੀਂ ਮੈਂ ਮੇਰੀ ਕਿਸਮਤ ਲਿਖਣੀ ਐ। ਧੀਆਂ ਨੂੰ ਜਗਾਵੇ ਜੋ ਨੀਂ ਮੈਂ ਉਹ ਬੋਲੀ ਸਿੱਖਣੀ ਐ। ਲੁੱਕ ਲੁੱਕ ਕੇ ਜਿਉਣਾ ਨਹੀਂ ਝੁੱਕ ਝੁੱਕ ਕੇ ਮੁੜਨਾ ਨਹੀਂ। ਧੁਖ ਧੁਖ ਕੇ ਰਹਿਣਾ ਨਹੀਂ ਰੁੱਕ ਰੁੱਕ ਕੇ ਤੁਰਨਾ ਨਹੀਂ। ਸਭ ਖੇਤ ਮੈਂ ਵਾਹ ਦੇਣੇਂ ਜੀਹਦੀ ਵੱਟ ਤਿਲਕਣੀ ਐ। ਰਸਮਾਂ ਦੀਆਂ ਝਾਂਜਰਾਂ ਮਾਂ ਮੇਰੇ ਪੈਰੀਂ ਪਾਵੀਂ ਨਾ। ਬੰਧਨਾਂ ਦੀ ਮਹਿੰਦੀ ਮਾਂ ਮੱਰ ਹੱਥਾਂ 'ਤੇ ਲਾਵੀਂ ਨਾ। ਵੰਗਾਂ ਹੱਥਕੜੀਆਂ ਨੇ ਹਰ ਰੀਝ ਤਿੜਕਣੀ ਐ। ਨ੍ਹੇਰੇ ਦੀਆਂ ਅੱਖਾਂ 'ਚ ਮੈਂ ਅੱਖਾਂ ਪਾਉਣੀਆਂ ਨੇ। ਮੇਰੇ ਰਾਹ ਨੂੰ ਰੋਕਦੀਆਂ ਸਭ ਕੰਧਾਂ ਢਾਹੁਣੀਆਂ ਨੇ। ਮੇਰੇ ਖ਼ਾਬਾਂ ਦੀ ਡੋਲੀ ਨਾ ਹੁਣ ਹੋਰ ਵਿਲਕਣੀ ਐਂ।

  • ਮੁੱਖ ਪੰਨਾ : ਕੁਲਦੀਪ ਸਿਰਸਾ, ਪੰਜਾਬੀ ਕਵਿਤਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ